Wednesday, 2 October 2013

ਮਹਾਨ ਸਿੱਖ-ਨਾਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ



ਸਰਦਾਰ ਜੱਸਾ ਸਿੰਘ ਦੇ ਪਰਿਵਾਰ ਦਾ ਅਸਲੀ ਚਿਹਰਾ-ਮੁਹਰਾ ਉਦੋਂ ਉਜਾਗਰ ਹੋਣਾ ਸ਼ੁਰੂ ਹੁੰਦਾ ਹੈ ਜਦੋਂ ਜੱਸਾ ਸਿੰਘ ਦੇ ਦਾਦਾ ਸਰਦਾਰ ਹਰਦਾਸ ਸਿੰਘ ਨੇ ਆਪਣੇ ਪਿੰਡ ਸੁਰ ਸਿੰਘ (ਅੱਜ-ਕੱਲ੍ਹ ਤਰਨ ਤਾਰਨ ਜ਼ਿਲ੍ਹਾ ਵਿੱਚ) ਵਿਖੇ ਖੇਤੀਬਾੜੀ ਦਾ ਕਿੱਤਾ ਤਿਆਗ ਕੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੀ ਸ਼ਰਨ ਵਿੱਚ ਜੀਣਾ ਮਨਜ਼ੂਰ ਕਰ ਲਿਆ ਸੀ। ਗਿਆਨੀ ਗਿਆਨ ਸਿੰਘ ਦੁਆਰਾ ਰਚੇ ਗਏ ਪੰਥ ਪ੍ਰਕਾਸ਼ ਵਿਚ ਗਿਆਨੀ ਹਰਦਾਸ ਸਿੰਘ ਦੇ ਪਰਿਵਾਰ ਦੀ ਧਰਮ-ਸਾਧਨਾ ਅਤੇ ਸਮਰਪਿਤ ਭਾਵਨਾ ਦੀ ਪੇਸ਼ਕਾਰੀ ਮਿਲਦੀ ਹੈ:

ਇਨ ਕਾ ਬੜਾ ਸਿੰਘ ਹਰਿ ਦਾਸ।

ਰਹਯੋ ਗੁਰੂ ਗੋਬਿੰਦ ਸਿੰਘ ਪਾਸ।

ਮਨ ਤਨ ਧਨ ਕਰ ਸੇਵ ਕਮਾਈ।

ਗੁਰੂ ਵਰ ਦੀਨੇ ਰਾਜ ਲੁਭਾਈ।

ਅਬਚਲ ਨਗਰ ਗੁਰੂ ਸੰਗ ਰਯੋ।

ਹਰਿਦਾਸ ਦੇ ਸਪੁੱਤਰ ਭਾਈ ਭਗਵਾਨ ਸਿੰਘ ਵੀ ਆਪਣੀ ਧਰਮ ਸਾਧਨਾ ਵਿਚ ਏਨੇ ਪਰਪੱਕ ਹੋ ਚੁੱਕੇ ਸਨ ਕਿ ਜਦੋਂ ਗੋਬਿੰਦ ਸਿੰਘ ਨੇ 1781 ਈਸਵੀ ਵਿਚ ਬੰਦੇ ਬਹਾਦਰ ਨੂੰ ਪੰਜਾਬ ਦੀ ਮੁਹਿੰਮ ਲਈ ਭੇਜਿਆ ਤਾਂ ਆਪ ਉਸ ਜਥੇ ਵਿਚ ਸ਼ਾਮਲ ਸਨ। ਪੰਜਾਬ ਵਿੱਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਭਾਈ ਬਿਨੈਦ ਸਿੰਘ ਦੀ ਕਮਾਨ ਹੇਠ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਤੋਂ ਬਾਅਦ ਉਹ ਕੁਝ ਸਮਾਂ ਅਬਦੁਲ ਸਮਦ ਖਾਂ ਦੇ ਨਾਲ ਵੀ ਰਹੇ। ਇਸੇ ਸਮੇਂ ਦੌਰਾਨ 1723 ਈਸਵੀ ਵਿੱਚ ਜਦੋਂ ਭਾਈ ਭਗਵਾਨ ਸਿੰਘ ਲਾਹੌਰ ਵਿਖੇ ਸਨ ਤਾਂ ਜੱਸਾ ਸਿੰਘ ਦਾ ਜਨਮ ਹੁੰਦਾ ਹੈ। ਜੱਸਾ ਸਿੰਘ ਦੇ ਚਾਰ ਭਰਾ ਵੀ ਸਨ, ਜਿਨ੍ਹਾਂ ਵਿਚ ਤਾਰਾ ਸਿੰਘ, ਮਾਲੀ ਸਿੰਘ, ਖੁਸ਼ਹਾਲ ਸਿੰਘ ਅਤੇ ਜੈ ਸਿੰਘ ਸਨ।

ਬਚਪਨ ਵਿਚ ਜੱਸਾ ਸਿੰਘ ਨੂੰ ਆਪਣੇ ਪਰਿਵਾਰ ਵਿਚੋਂ ਹੀ ਆਪਣੇ ਦਾਦਾ ਹਰਿਦਾਸ ਦੀਆਂ ਮਹਾਨ ਸੂਰਮਗਤੀ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹੀਆਂ, ਜਿਨ੍ਹਾਂ ਉਸ ਦੇ ਅੰਦਰ ਬਹਾਦਰੀ ਅਤੇ ਆਦਰਸ਼ਕਤਾ ਦੇ ਗੁਣ ਪੈਦਾ ਕੀਤੇ। ਇਸ ਸਦੀ ਵਿੱਚ ਲਗਾਤਾਰ ਚੱਲ ਰਹੀ ਰਾਜਸੀ ਹਨੇਰਗਰਦੀ ਕਰਕੇ ਉਨ੍ਹਾਂ ਨੂੰ ਪਰੰਪਰਕ ਤੌਰ ’ਤੇ ਪੜ੍ਹਾਈ ਕਰਨ ਦਾ ਮੌਕਾ ਨਾ ਮਿਲਿਆ ਪਰ ਸਰਦਾਰ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਗੁਰਮੁਖੀ ਦੀ ਵਿਸ਼ੇਸ਼ ਸਿੱਖਿਆ ਦਿੱਤੀ; ਜਿਸ ਕਰਕੇ ਉਹ ਬਚਪਨ ਵਿਚ ਹੀ ‘ਪੰਜ ਬਾਣੀਆਂ’ ਦਾ ਨਿਤਨੇਮ ਕਰਦੇ ਸਨ। ਗੁਰਮੁਖੀ ਦੀ ਸਿੱਖਿਆ ਦੇ ਨਾਲ-ਨਾਲ ਉਹ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ। ਜਦੋਂ ਨਾਦਰ ਸ਼ਾਹ ਨੇ 1738 ਈਸਵੀ ਵਿਚ ਪੰਜਾਬ ’ਤੇ ਹਮਲਾ ਕੀਤਾ ਤਾਂ ਜ਼ਕਰੀਆਂ ਖਾਂ ਨੇ ਸਿੱਖਾਂ ਨਾਲ ਸੰਧੀ ਕਰ ਲਈ ਅਤੇ ਇਕੱਠਿਆਂ ਨਾਦਰ ਸ਼ਾਹ ਦਾ ਮੁਕਾਬਲਾ ਕਰਨ ਦੀ ਯੋਜਨਾ ਬਣਾਈ। ਇਸ ਬਦਲੇ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਇਕ ਜਾਗੀਰ ਦੀ ਪੇਸ਼ਕਸ਼ ਕੀਤੀ। ਇਸ ਹਮਲੇ ਦੀ ਖ਼ਬਰ ਜਦ ਭਗਵਾਨ ਸਿੰਘ ਨੂੰ ਲੱਗੀ ਤਾਂ ਉਸ ਨੇ ਆਪਣੇ ਵੱਡੇ ਪੁੱਤਰ ਜੱਸਾ ਸਿੰਘ ਨੂੰ ਸਿੱਖ ਫ਼ੌਜ ਵਿਚ ਆਪਣੇ ਨਾਲ ਭਰਤੀ ਕਰ ਲਿਆ। ਨਾਦਰ ਸ਼ਾਹ ਦੀਆਂ ਫ਼ੌਜਾਂ ਅਤੇ ਸਿੱਖਾਂ ਦੀਆਂ ਫ਼ੌਜਾਂ ਦਾ ਟਕਰਾਅ 1738 ਈਸਵੀ ਨੂੰ ਵਜ਼ੀਰਾਬਾਦ (ਜ਼ਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਦੇ ਨਜ਼ਦੀਕ ਹੋਇਆ। ਇਸ ਸਮੁੱਚੀ ਲੜਾਈ ਵਿਚ ਜ਼ਕਰੀਆ ਖਾਂ ਦੇ ਮਨ ਉਪਰ ਜੱਸਾ ਸਿੰਘ ਦੇ ਪਰਿਵਾਰ ਦਾ ਗਹਿਰਾ ਬਹੁਤ ਪ੍ਰਭਾਵ ਪਿਆ। ਇਸ ਲੜਾਈ ਦੀ ਜਿੱਤ ਤੋਂ ਖ਼ੁਸ਼ ਹੋ ਕੇ ਜ਼ਕਰੀਆ ਖਾਂ ਨੇ ਭਗਵਾਨ ਸਿੰਘ ਨੂੰ ਪੰਜਾਂ ਪਿੰਡਾਂ (ਵੱਲਾ, ਵੇਰਕਾ, ਸੁਲਤਾਨਪਿੰਡ, ਤੁੰਗ, ਚੱਬਾ) ਦੀ ਜਾਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦਿੱਤੀ।

ਇਸ ਲੜਾਈ ਨਾਲ ਜੱਸਾ ਸਿੰਘ ਦੇ ਜੀਵਨ ਵਿਚ ਬਹੁਤ ਪਰਿਵਰਤਨ ਆਇਆ। ਇਹ ਲੜਾਈ ਉਸ ਦੇ ਜੀਵਨ ਦੀ ਸਭ ਤੋਂ ਖ਼ੂਬਸੂਰਤ ਘਟਨਾ ਸੀ। ਇਸ ਸਾਲ ਉਸ ਨੂੰ ‘ਵੱਲਾ’ ਪਿੰਡ ਦੀ ਜਾਗੀਰ ਦਾ ਮਾਲਕ ਬਣਾ ਦਿੱਤਾ ਗਿਆ। ਇਸ ਜਾਗੀਰ ਦਾ ਪ੍ਰਬੰਧ ਚਲਾਉਂਦੇ ਹੋਏ ਹੀ ਉਸ ਨੇ ਰਾਜ-ਪ੍ਰਬੰਧ ਚਲਾਉਣ ਦੀ ਜਾਚ ਸਿਖ ਲਈ। ਇਸ ਸਮੇਂ ਦੌਰਾਨ ਉਸ ਦੀ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਨਾਲ ਟੱਕਰ ਵੀ ਹੋਈ। ਇਸ ਟੱਕਰ ਦਾ ਕਾਰਨ ਹੱਦਾਂ ਦੀ ਸਰਹੱਦੀ ਵੰਡ ਸੀ। ਇਸੇ ਕਾਰਨ ਵੱਲਾ ਦੀ ਲੜਾਈ ਹੋਈ, ਜਿਸ ਵਿਚ ਜੱਸਾ ਸਿੰਘ ਨੇ ਅਦੀਨਾ ਬੇਗ ਨੂੰ ਕਰਾਰੀ ਹਾਰ ਦਿੱਤੀ। ਇਸ ਨਾਲ ਉਸ ਦੀ ਰਾਜਸੀ ਚੇਤਨਾ ਤੇ ਸੂਝ ਵਧੇਰੇ ਜਾਗਰੂਕ ਹੋਈ।

1745 ਈਸਵੀ ਵਿਚ ਜਦੋਂ ਜ਼ਕਰੀਆ ਖਾਂ ਚਲਾਣਾ ਕਰ ਗਿਆ ਤਾਂ ਉਸ ਦੇ ਪੁੱਤਰਾਂ ਨੇ ਰਾਜ  ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ। ਜੱਸਾ ਸਿੰਘ ਜੋ ਕਿ ਇਕ ਉਤਸ਼ਾਹੀ ਨੌਜਵਾਨ ਸੀ, ਉਸ ਨੇ ਵੀ ‘ਦਲ ਖ਼ਾਲਸਾ’ ਦਾ ਮੈਂਬਰ ਬਣਨਾ ਸਵੀਕਾਰ ਕਰ ਲਿਆ ਅਤੇ ਨੰਦ ਸਿੰਘ ਸੰਘਾਣੀਏ ਦੇ ਜਥੇ ਵਿੱਚ ਜਾ ਰਲਿਆ। ਹੁਣ ਸਿੱਖਾਂ ਨੇ ਆਪਣੇ ਤਿਉਹਾਰਾਂ ਨੂੰ ਦੁਬਾਰਾ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਇਸ ਸਮੇਂ ਉਨ੍ਹਾਂ ਨੂੰ ਆਪਣੀ ਰੱਖਿਆ ਵਾਸਤੇ ਕਿਲ੍ਹੇ ਬਣਾਉਣੇ ਚਾਹੀਦੇ ਹਨ। ਇਸ ਮੰਤਵ ਤਹਿਤ ਪਹਿਲਾ ਕਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਦੇ ਸਥਾਨ ’ਤੇ ‘ਰਾਮਰਾਉਣੀ’ ਬਣਾਇਆ ਗਿਆ। ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਕਿਲ੍ਹੇ ਨੂੰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

1748 ਈਸਵੀ ਵਿਚ ਮੀਰ ਮੰਨੂੰ ਨੇ ਅਬਦਾਲੀ ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਦਾ ਮਨ ਬਣਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੱਖ ਕਤਲ ਕੀਤੇ ਜਾਣ ਲੱਗੇ। ਦੂਸਰੇ ਪਾਸੇ ਅਦੀਨਾ ਬੇਗ ਸਿੱਖਾਂ ਦੀ ਤਾਕਤ ਨੂੰ ਜਾਣਦਾ ਸੀ ਉਸ ਨੇ ਸਿੱਖਾਂ ਨਾਲ ਸੰਧੀ ਕਰਨ ਬਾਰੇ ਸੋਚਿਆ ਤੇ ਆਪਣੇ ਨਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਭੇਜਿਆ ਸੀ ਪਰ ਉਸ ਨੇ ਇਹ ਸੱਦਾ ਮਨਜ਼ੂਰ ਨਾ ਕੀਤਾ। ਜੱਸਾ ਸਿੰਘ ਨੇ ਇਸ ਸੱਦੇ ਨੂੰ ਇਸ ਕਰਕੇ ਮਨਜ਼ੂਰ ਕਰ ਲਿਆ ਕਿਉਂਕਿ ਉਹ ਆਪਣੀ ਤਾਕਤ ਨੂੰ ਫੈਲਾਉਣਾ ਚਾਹੁੰਦਾ ਸੀ। ਅਦੀਨਾ ਬੇਗ ਅਧੀਨ ਜੱਸਾ ਸਿੰਘ ਨੂੰ ਇਕ ਉੱਘਾ ਜਰਨੈਲ ਗਿਣਿਆ ਜਾਣ ਲੱਗ ਪਿਆ ਸੀ। ਉਸ ਨੂੰ 150 ਸਿਪਾਹੀਆਂ ਦੀ ਪਲਟਨ ਵੀ ਦੇ ਦਿੱਤੀ ਗਈ। ਇਸ ਸਮੇਂ ਜੱਸਾ ਸਿੰਘ ਨੇ ਆਪਣੀ ਤਾਕਤ ਨੂੰ ਇਕੱਠਿਆਂ ਕਰਨ ਲਈ ਪੂਰੀ ਵਾਹ ਲਗਾਈ। ਅਦੀਨਾ ਬੇਗ ਨਾਲ ਜੱਸਾ ਸਿੰਘ ਦੀ ਇਸ ਸੰਧੀ ਕਰਕੇ ਉਸ ਨੂੰ ਸਿੱਖਾਂ ਨੇ ਪੰਥ ਵਿੱਚੋਂ ਵੀ ਛੇਕ ਦਿੱਤਾ ਸੀ।

1749 ਈਸਵੀ ਵਿਚ ਮੀਰ ਮੰਨੂੰ ਨੇ ਰਾਮਰੌਣੀ ਦਾ ਕਿਲ੍ਹਾ ਤਬਾਹ ਕਰਨ ਦੀ ਯੋਜਨਾ ਬਣਾਈ ਤੇ ਇਸ ਕੰਮ ਲਈ ਅਦੀਨਾ ਬੇਗ ਨੂੰ ਸੈਨਾ ਇਕੱਠੀ ਕਰਕੇ ਰਾਮਰੌਣੀ ਵੱਲ ਜਾਣ ਲਈ ਸੁਨੇਹਾ ਭੇਜਿਆ। ਅਦੀਨਾ ਬੇਗ ਨੇ ਜਿਹੜੀ ਸੈਨਾ ਰਾਮਰੌਣੀ ਵੱਲ ਭੇਜੀ ਉਸ ਵਿੱਚ ਜੱਸਾ ਸਿੰਘ ਨੂੰ ਮੁੱਖ ਸੈਨਾਪਤੀ ਦੇ ਰੂਪ ਵਿਚ ਭੇਜਿਆ। ਜਦੋਂ ਜੱਸਾ ਸਿੰਘ ਆਪਣੀ ਸੈਨਾ ਨਾਲ ਰਾਮਰੌਣੀ ਵਿਖੇ ਪਹੁੰਚਿਆਂ ਤਾਂ ਉਸ ਦੀ ਸਹਾਇਤਾ ਲਈ ਮੀਰ ਮੰਨੂੰ ਨੇ ਇਕ ਸੈਨਿਕ ਟੁਕੜੀ ਲਾਹੌਰ ਤੋਂ ਵੀ ਭੇਜ ਦਿੱਤੀ। ਇਸ ਤਰ੍ਹਾਂ ਮਿਲਵੀਂ ਫ਼ੌਜ ਨੇ ਰਾਮਰੌਣੀ ਦੇ ਕਿਲ੍ਹੇ ਨੂੰ ਘੇਰ ਲਿਆ। ਇਸ ਦੌਰਾਨ ਚਾਰ ਮਹੀਨੇ ਦੀ ਘੇਰਾਬੰਦੀ ਵਿੱਚ ਸਿੱਖਾਂ ਨਾਲ ਇਸ ਫ਼ੌਜ ਦੀਆਂ ਕਈ ਝੜਪਾਂ ਹੋਈਆ। ਜੱਸਾ ਸਿੰਘ ਇਨ੍ਹਾਂ ਝੜਪਾਂ ਕਾਰਨ ਖ਼ੁਦ ਪ੍ਰੇਸ਼ਾਨ ਰਹਿਣ ਲੱਗਾ। ਉਸ ਦੇ ਦਿਲ ਵਿੱਚ ਆਪਣੇ ਸਿੱਖ ਭਰਾਵਾਂ ਲਈ ਡੂੰਘਾ ਦਰਦ ਛੁਪਿਆ ਹੋਇਆ ਸੀ। ਆਖ਼ਰ ਉਸ ਨੇ ਸਿੱਖਾਂ ਦੀ ਸਹਾਇਤਾ ਕਰਨ ਲਈ ਆਪਣਾ ਮਨ ਬਣਾ ਲਿਆ। ਇਸ ਬਾਰੇ ਵਿਦਵਾਨਾਂ ਦੇ ਵੱਖਰੇ-ਵੱਖਰੇ ਮੱਤ ਹਨ ਕਿ ਕਿਸ ਤਰ੍ਹਾਂ ਉਸ ਨੇ ਸਿੱਖਾਂ ਦੀ ਸਹਾਇਤਾ ਕੀਤੀ। ਮੁਨਸ਼ੀ ਖ਼ੁਸ਼ਵੰਤ ਰਾਏ ਲਿਖਦਾ ਹੈ ਕਿ ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਜੱਸਾ ਸਿੰਘ ਨੂੰ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਜੱਸਾ ਸਿੰਘ ਨੂੰ ਮੁਸਲਮਾਨਾਂ ਦਾ ਹਮਾਇਤੀ ਗਰਦਾਨਿਆਂ ਤੇ ਇਹ ਲਫ਼ਜ਼ ਸਖ਼ਤੀ ਨਾਲ ਕਹੇ ਕਿ ਜੇਕਰ ਤੂੰ ਸਾਡੀ ਸਹਾਇਤਾ ਨਾ ਕੀਤੀ ਤਾਂ ਤੈਨੂੰ ਕਦੇ ਵੀ ਸਿੱਖ ਪੰਥ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜੱਸਾ ਸਿੰਘ ਇੱਕ ਅਣਖੀ ਯੋਧਾ ਸੀ ਤੇ ਆਪਣੇ ਸਿੱਖੀ ਕਰਤਵ ਤੋਂ ਭਲੀ-ਭਾਂਤ ਜਾਣੂੰ ਸੀ। ਸੋ, ਉਹ ਉਸੇ ਰਾਤ ਅਦੀਨਾ ਬੇਗ ਦਾ ਸਾਥ ਛੱਡ ਕੇ ਕਿਲ੍ਹੇ ਵਿੱਚ ਆਪਣੇ ਭਰਾਵਾਂ ਨਾਲ ਜਾ ਰਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਕਿਲ੍ਹੇ ਵਿਚ ਘਿਰੇ ਹੋਏ ਸਿੱਖਾਂ ਨੂੰ ਕਾਫ਼ੀ ਤਾਕਤ ਤੇ ਉਤਸ਼ਾਹ ਮਿਲ ਗਿਆ।

ਜੱਸਾ ਸਿੰਘ ਦੇ ਇਸ ਅਮਲ ਸਦਕਾ ਸਿੱਖ ਜਗਤ ਵਿਚ ਉਸ ਦੀ ਗੁਆਚੀ ਹੋਈ ਸ਼ਾਨ ਅਤੇ ਰੁਤਬਾ ਮੁੜ ਬਹਾਲ ਹੋ ਗਿਆ। ਰਾਮਰੌਣੀ ਦੀ ਵਾਗਡੋਰ ਜੱਸਾ ਸਿੰਘ ਦੇ ਸਪੁਰਦ ਕਰ ਦਿੱਤੀ ਗਈ। ਇਸ ਰਾਮਰੌਣੀ ਦਾ ਨਾਂ ਬਦਲ ਕੇ  ਰਾਮਗੜ੍ਹ ਰੱਖ ਦਿੱਤਾ ਗਿਆ। ਜੱਸਾ ਸਿੰਘ ਪਹਿਲਾਂ ਜੋ ਜੱਸਾ ਸਿੰਘ ‘ਠੋਕਾ’ ਕਰਕੇ ਜਾਣਿਆਂ ਜਾਂਦਾ ਸੀ ਅਤੇ ਪੰਥ ਵਿਚੋਂ ਛੇਕੇ ਹੋਣ ਕਰਕੇ ਸਿੱਖ ਉਸ ਪ੍ਰਤੀ ਗਿਲਾਨੀ ਦੀ ਭਾਵਨਾ ਵੀ ਰੱਖਦੇ ਸਨ, ਹੁਣ ਨਾ ਕੇਵਲ ਉਸ ਨੂੰ ਹੀ ਬਲਕਿ ਉਸ ਦੀ ਸਾਰੀ ਬਰਾਦਰੀ ਨੂੰ ਆਦਰ-ਸਤਿਕਾਰ ਨਾਲ ਰਾਮਗੜ੍ਹੀਆ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਹ ਇਤਿਹਾਸਕ ਵਾਕਿਆ ਲਗਪਗ 1750 ਈਸਵੀ ਦੇ ਆਸ ਪਾਸ ਦਾ ਹੈ। ਰਾਮਗੜ੍ਹ ਦੇ ਇਸ ਕਿਲ੍ਹੇ ਨੂੰ ਮੁਗ਼ਲਾਂ, ਪਠਾਣਾਂ ਦੇ ਵਾਰ-ਵਾਰ ਢਾਹੁਣ ’ਤੇ ਜੱਸਾ ਸਿੰਘ ਨੇ ਬੜੀ ਮਿਹਨਤ ਅਤੇ ਸਿਰੜ ਨਾਲ ਇਸ ਦੀ ਮੁੜ-ਮੁੜ ਕੇ ਉਸਾਰੀ ਕੀਤੀ। ਸੋ, ਇਸ ਕਰਕੇ ਇਸ ਕਿਲ੍ਹੇ ਦਾ ਨਾਮ ਜੱਸਾ ਸਿੰਘ ਦੇ ਨਾਮ ਨਾਲ ਅਨਿੱਖੜ ਰੂਪ ਵਿੱਚ ਜੁੜ ਗਿਆ।

ਅਹਿਮਦ ਸ਼ਾਹ ਅਬਦਾਲੀ ਦੇ ਤੀਸਰੇ ਹਮਲੇ ਸਮੇਂ 1758 ਈਸਵੀ ਵਿਚ ਇਕ ਪਾਸੇ ਸਿੱਖ ਮੀਰ ਮੰਨੂੰ ਦੇ ਜ਼ੁਲਮਾਂ ਨਾਲ ਘਿਰੇ ਹੋਏ ਸਨ ਅਤੇ ਦੂਜੇ ਪਾਸੇ ਸਿੱਖਾਂ ਦਾ ਰਹਿਨੁਮਾ ਦੀਵਾਨ ਕੌੜਾ ਮੱਲ ਮਾਰਿਆ ਜਾ ਚੁੱਕਾ ਸੀ। ਇਸ ਮਾਹੌਲ ਵਿਚ ਮੀਰ ਮੰਨੰੂ ਸਿੱਖਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇਸ ਵਾਰ ਫਿਰ ਸਿੱਖਾਂ ਦੇ ਮਸ਼ਹੂਰ ਕਿਲ੍ਹੇ ਰਾਮਗੜ੍ਹ ਉਪਰ ਹਮਲਾ ਕਰਨ ਲਈ ਲਾਹੌਰ ਤੋਂ ਸਰਕਾਰੀ ਫ਼ੌਜਾਂ ਭੇਜ ਦਿੱਤੀਆਂ। ਫੌਜਾਂ ਨੇ ਕਿਲ੍ਹੇ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਉਸ ਸਮੇਂ ਕਿਲ੍ਹੇ ਵਿਚ ਛੇ ਸੌ ਦੇ ਕਰੀਬ ਸਿੱਖ ਮੌਜੂਦ ਸਨ। ਸਿੱਖਾਂ ਦੀ ਕਮਾਨ ਇਸ ਵਾਰ ਵੀ ਜੱਸਾ ਸਿੰਘ ਦੇ ਹੱਥ ਵਿਚ ਸੀ। ਇਸ ਕਮਾਨ ਹੇਠ ਸਿੱਖਾਂ ਨੇ ਲਾਹੌਰ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਕੁਝ ਸਮੇਂ ਬਾਅਦ ਜੱਸਾ ਸਿੰਘ ਨੇ ਇਹ ਮਹਿਸੂਸ ਕੀਤਾ ਕਿ ਏਨੀ ਵੱਡੀ ਫ਼ੌਜ ਦਾ ਮੁਕਾਬਲਾ ਬਹੁਤੀ ਦੇਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕਿਲ੍ਹੇ ਨੂੰ ਛੱਡ ਦੇਣਾ ਹੀ ਮੁਨਾਸਿਬ ਹੈ। ਅਖ਼ੀਰ ਰਾਮਗੜ੍ਹ ਦਾ ਕਿਲ੍ਹਾ ਲਾਹੌਰ ਦੀਆਂ ਫ਼ੌਜਾਂ ਦੇ ਅਧੀਨ ਹੋ ਗਿਆ। ਸਿੱਖਾਂ ਨੂੰ ਦੁਬਾਰਾ ਜੰਗਲਾਂ ਵਿਚ ਸ਼ਰਨ ਲੈਣੀ ਪਈ। ਜੱਸਾ ਸਿੰਘ ਨੇ ਮੌਕੇ ਨੂੰ ਸਾਂਭ ਲਿਆ ਸੀ। ਉਹ ਦੁਸ਼ਮਣਾਂ ਵੱਲੋਂ ਢਾਹ-ਢੇਰੀ ਕੀਤੇ ਰਾਮਗੜ੍ਹ ਦੇ ਕਿਲ੍ਹੇ ਨੂੰ ਮੁੜ ਉਸਾਰਨ ਲਈ ਯੋਗ ਸਮੇਂ ਦੀ ਉਡੀਕ ਕਰਨ ਲੱਗਾ।

1753 ਈਸਵੀ ਵਿਚ ਮੀਰ ਮੰਨੂੰ ਦੀ ਮੌਤ ਉਪਰੰਤ ਉਸ ਦੀ ਪਤਨੀ ਮੁਗ਼ਲਾਣੀ ਬੇਗ਼ਮ ਨੇ ਆਪਣੇ ਨਾਬਾਲਗ ਪੁੱਤਰ ਮੁਹੰਮਦ ਅਮੀਨ ਦੇ ਨਾਂ ਹੇਠ ਪੰਜਾਬ ਵਿੱਚ ਇਕ ਕਮਜ਼ੋਰ ਜਿਹੀ ਹਕੂਮਤ ਕਾਇਮ ਕੀਤੀ। ਸਿੱਖਾਂ ਨੇ ਇਹ ਸੁਨਹਿਰੀ ਸਮਾਂ ਸਮਝ ਕੇ ਆਪਣੀ ਤਾਕਤ ਵਧਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਮੀਰ ਮੰਨੂੰ ਦੇ ਮਰਨ ਦੀ ਖ਼ਬਰ ਸੁਣ ਕੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ ਪੁੱਜਾ ਅਤੇ ਉਸ ਨੇ ਰਾਮਗੜ੍ਹ ਕਿਲ੍ਹੇ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਲਦੀ ਹੀ ਕਿਲ੍ਹੇ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਪਰ ਸਿੱਖਾਂ ਲਈ ਇਹ ਸਮਾਂ ਬਹੁਤੀ ਦੇਰ ਸੁਖਾਵਾਂ ਨਾ ਰਿਹਾ ਕਿਉਂਕਿ ਮੁਗ਼ਲਾਣੀ ਬੇਗ਼ਮ ਦੀ ਕਮਜ਼ੋਰੀ ਕਾਰਨ ਪੰਜਾਬ ਵਿਚ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ। ਮੁਗ਼ਲਾਣੀ ਨੇ ਇਸ ਹਾਰ ਦੇ ਵਜੋਂ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਸੱਦਾ ਭੇਜਿਆ। ਇਸੇ ਕਾਰਨ ਅਬਦਾਲੀ ਨੇ 1757 ਈਸਵੀ ਵਿਚ ਭਾਰਤ ਉਪਰ ਮੁੜ ਹਮਲਾ ਕੀਤਾ ਅਤੇ ਦਿੱਲੀ ਨੂੰ ਫਤਹਿ ਕਰਕੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇਥੋਂ ਦਾ ਗਵਰਨਰ ਨਿਯੁਕਤ ਕਰ ਦਿੱਤਾ। ਇਸ ਨਾਲ ਮੁਗ਼ਲਾਂ ਦੀ ਤਾਕਤ ਨੂੰ ਧੱਕਾ ਤਾਂ ਲੱਗਾ ਹੀ, ਪਰ ਸਿੱਖ ਵੀ ਇਸ ਤੋਂ ਬਚ ਨਾ ਸਕੇ। ਤੈਮੂਰ ਸ਼ਾਹ ਨੇ ਮੀਰ ਮੰਨੂੰ ਵਾਂਗ ਹੀ ਸਿੱਖਾਂ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਉਸ ਦੀ ਅੱਖ ਵਿਚ ਰਾਮਗੜ੍ਹ ਦਾ ਕਿਲ੍ਹਾ ਕੰਡੇ ਵਾਂਗ ਰੜਕਦਾ ਸੀ, ਕਿਉਂਕਿ ਇਹ ਕਿਲ੍ਹਾ ਹੁਣ ਸਿੱਖਾਂ ਦਾ ਆਦਰਸ਼ਕ ਸਥਾਨ ਬਣ ਚੁੱਕਾ ਸੀ। ਤੈਮੂਰ ਸ਼ਾਹ ਨੇ ਵੀ ਇਸ ਕਿਲ੍ਹੇ ਉਪਰ ਚੜ੍ਹਾਈ ਕਰ ਦਿੱਤੀ। ਇਸ ਵਾਰ ਵੀ ਕਿਲ੍ਹੇ ਦੀ ਕਮਾਨ ਜੱਸਾ ਸਿੰਘ ਦੇ ਹੱਥ ਵਿੱਚ ਹੀ ਸੀ। ਜੱਸਾ ਸਿੰਘ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਸਿੱਖਾਂ ਦੀ ਘੱਟ ਗਿਣਤੀ ਹੋਣ ਕਰਕੇ ਕਿਲ੍ਹਾ ਛੱਡ ਕੇ ਕੁਝ ਸਿੱਖਾਂ ਸਮੇਤ ਜੰਗਲਾਂ ਵਿਚ ਚਲਾ ਗਿਆ। ਪਠਾਣ  ਫੌਜਾਂ ਨੇ ਕਿਲ੍ਹੇ ਨੂੰ ਢਾਹ ਕੇ ਢੇਰੀ ਕਰ ਦਿਤਾ। ਸਿੱਖਾਂ ਨੇ ਆਪਣੀ ਤਾਕਤ ਨੂੰ ਜੰਗਲਾਂ ਵਿੱਚ ਰਹਿ ਕੇ ਹੀ ਦੁਬਾਰਾ ਸੰਗਠਤ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰਿਆਸਤ ਪਟਿਆਲਾ ਦੇ ਮਹਾਰਾਜਾ ਆਲਾ ਸਿੰਘ ਨਾਲ ਇਕ ਗ਼ੁਪਤ ਸੰਧੀ ਵੀ ਕੀਤੀ ਜਿਸ ਮੁਤਾਬਕ ਉਹ ਮਰਹੱਟਿਆਂ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਸੱਦਾ ਭੇਜੇ। ਇਸ ਵਿੱਚ ਸਿੱਖ ਉਸ ਦੀ ਪੂਰੀ ਤਰ੍ਹਾਂ ਮਦਦ ਕਰਨਗੇ। ਆਲਾ ਸਿੰਘ ਨੇ ਇਸ ਸੰਧੀ ਨੂੰ ਮਨਜ਼ੂਰ ਕਰਦੇ ਹੋਏ ਰਘੂਨਾਥ ਰਾਉ ਨੂੰ ਹਮਲਾ ਕਰਨ ਲਈ ਪੰਜਾਬ ਬੁਲਾ ਲਿਆ। ਮਰਹੱਟਿਆਂ ਅਤੇ ਸਿੱਖਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਅਫ਼ਗਾਨਾਂ ਨੂੰ ਪੰਜਾਬ ਤੋਂ ਇਕ ਵਾਰ ਫੇਰ ਭਜਾ ਦਿੱਤਾ। ਇਸ ਯੁੱਧ ਵਿਚ ਜੱਸਾ ਸਿੰਘ ਰਾਮਗੜ੍ਹੀਏ ਨੇ ਵਿਸ਼ੇਸ਼ ਬਹਾਦਰੀ ਦਿਖਾਈ ਅਤੇ ਯੁੱਧ ਤੋਂ ਬਾਅਦ ਫੇਰ ਰਾਮਗੜ੍ਹ ਦੇ ਕਿਲ੍ਹੇ ਦੀ ਉਸਾਰੀ ਕਰਾਉਣੀ ਸ਼ੁਰੂ ਕੀਤੀ, ਜਿਸ ਦਾ ਨਾਮ ‘ਕੱਟੜਾ ਰਾਮਗੜ੍ਹੀਆ’ ਰੱਖਿਆ ਗਿਆ। ਰਾਮਗੜ੍ਹ ਦੇ ਕਿਲ੍ਹੇ ਦੀ ਵਾਰ-ਵਾਰ ਉਸਾਰੀ ਕਰਨ ਕਰਕੇ ਲੋਕਾਂ ਵਿੱਚ ਜੱਸਾ ਸਿੰਘ ਪ੍ਰਤੀ ਬਹੁਤ ਸਤਿਕਾਰ ਵਧ ਗਿਆ ਸੀ। ਇਸ ਕਰਕੇ ਹੁਣ ਲੋਕਾਂ ਨੇ ਉਸ ਨੂੰ ‘ਠੋਕਾ’ ਜਾਂ ਤਰਖਾਣ ਕਹਿਣ ਦੀ ਬਜਾਏ ਆਦਰ ਸਤਿਕਾਰ ਨਾਲ ਰਾਮਗੜ੍ਹੀਆ ਕਹਿਣਾ ਸ਼ੁਰੂ ਕਰ ਦਿੱਤਾ ਸੀ। 1761 ਤੋਂ 1767 ਈਸਵੀ ਤਕ ਅਬਦਾਲੀ ਪੰਜਾਬ ਆਇਆ ਤਾਂ ਉਸ ਦਾ ਮੁਕਾਬਲਾ ਜੱਸਾ ਸਿੰਘ ਨੇ ਬੜੀ ਬਹਾਦਰੀ ਨਾਲ ਕੀਤਾ। ਸਿੱਖ ਬਹੁਤਾ ਕਰਕੇ ਜੰਗਲਾਂ ਵਿਚ ਹੀ ਰਹਿੰਦੇ ਸਨ ਅਤੇ ਲੋੜ ਪੈਣ ’ਤੇ ਹੀ ਜੰਗਲਾਂ ਵਿਚੋਂ ਬਾਹਰ ਆਉਂਦੇ ਸਨ। ਇਸੇ ਦੌਰਾਨ ‘ਵੱਡਾ ਘੱਲੂਘਾਰਾ’ ਵੀ 1767 ਈਸਵੀ ਵਿੱਚ ਵਾਪਰਿਆ, ਜਿਸ ਵਿੱਚ ਹਜ਼ਾਰਾਂ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ। ਜੱਸਾ ਸਿੰਘ ਨੇ ਇਨ੍ਹਾਂ ਸੱਤਾਂ ਸਾਲਾਂ ਵਿੱਚ ਹੋਰਨਾਂ ਸਰਦਾਰਾਂ ਨਾਲ ਰਲ ਕੇ ਅਫ਼ਗ਼ਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੀ ਸ਼ਕਤੀ ਨੂੰ ਪੁਨਰ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ।

ਉਸ ਨੇ ਜੈ ਸਿੰਘ ਘਨ੍ਹੱਈਏ ਨਾਲ ਮਿਲ ਕੇ ਬਟਾਲੇ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਪਰ ਅਦੀਨਾ ਬੇਗ ਨੇ ਪੰਜਾਬ ਦਾ ਗਵਰਨਰ ਬਣਦੇ ਸਾਰ ਹੀ ਇਹ ਇਲਾਕੇ ਉਸ ਕੋਲੋਂ ਖੋਹ ਲਏ। 1767 ਤੋਂ 1778 ਈਸਵੀ ਤਕ ਉਸ ਨੇ ਦੁਬਾਰਾ ਇਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਇਸ ਤੋਂ ਇਲਾਵਾ ਉਸ ਨੇ ਕਲਾਨੌਰ, ਦੀਨਾਨਗਰ, ਸ਼੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ, ਘੁੰਮਾਣ ਉਪਰ ਵੀ ਕਬਜ਼ਾ ਕਰ ਲਿਆ। ਇਨ੍ਹਾਂ ਇਲਾਕਿਆਂ ਉਪਰ ਕਬਜ਼ਾ ਕਰਨ ਨਾਲ ਜੱਸਾ ਸਿੰਘ ਆਰਥਿਕ ਪੱਖੋਂ ਕਾਫ਼ੀ ਮਜ਼ਬੂਤ ਹੋ ਗਿਆ। ਇਹ ਇਲਾਕੇ ਉਸ ਨੂੰ ਛੇ ਤੋਂ ਦੱਸ ਲੱਖ ਰੁਪਏ ਕਰ ਵਜੋਂ ਹਰ ਸਾਲ ਦਿੰਦੇ ਸਨ। ਇਨ੍ਹਾਂ ਇਲਾਕਿਆਂ ਦੀ ਜਿੱਤ ਸਦਕਾ ਉਸ ਦਾ ਹੌਸਲਾ ਬਹੁਤ ਵਧ ਗਿਆ ਅਤੇ ਉਸ ਸਮੇਂ ਬਾਅਦ ਹੀ ਵਾਲ, ਉੜਮੁੜ ਟਾਂਡਾ, ਸਰਹੀਂ, ਮੰਗੋਵਾਲ, ਮਿਆਣੀ, ਦੀਪਾਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਨੂੰ ਆਪਣੇ ਅਧੀਨ ਕਰ ਲਿਆ।   


 ਇਨ੍ਹਾਂ ਮੈਦਾਨੀ ਇਲਾਕਿਆਂ ਦੀ ਜਿੱਤ ਤੋਂ ਬਾਅਦ ਜੱਸਾ ਸਿੰਘ ਨੇ ਆਪਣਾ ਧਿਆਨ ਪਹਾੜੀ ਇਲਾਕਿਆਂ ਵੱਲ ਕੀਤਾ, ਜਿਸ ਵਿੱਚ ੳਸ ਨੇ ਕਾਂਗੜਾ, ਨੂਰਪੁਰ, ਕਲਾਨੌਰ, ਤਲਵਾੜਾ ਆਦਿ ਨੂੰ ਵੀ ਆਪਣੀ ਰਿਆਸਤ ਵਿਚ ਸ਼ਾਮਲ ਕਰ ਲਿਆ। ਇਨ੍ਹਾਂ ਸਾਰੇ ਇਲਾਕਿਆਂ ਦੀ ਜਿੱਤ ਨੇ ਜਿਥੇ ਜੱਸਾ ਸਿੰਘ ਦੇ ਮਾਣ-ਸਨਮਾਨ ਵਿਚ ਵਾਧਾ ਕੀਤਾ ਉਥੇ ਉਸ ਨੂੰ ਇਕ ਸ਼ਕਤੀਸ਼ਾਲੀ ਸਰਦਾਰ ਵੀ ਬਣਾ ਦਿੱਤਾ।

ਇਨ੍ਹਾਂ ਇਲਾਕਿਆਂ ਦੀ ਜਿੱਤ ਤੋਂ ਬਾਅਦ 1778 ਤੋਂ 1784 ਈਸਵੀ ਤੱਕ ਉਸ ਨੇ ਇਨ੍ਹਾਂ ਇਲਾਕਿਆਂ ਨੂੰ ਵਿਧੀਪੂਰਵਕ ਢੰਗ ਨਾਲ ਪ੍ਰਬੰਧ ਕਰਨ ਦਾ ਯਤਨ ਕੀਤਾ। ਇਸੇ ਸਮੇਂ ਦੌਰਾਨ ਉਸ ਦੀ ਟੱਕਰ ਕਈ ਮਿਸਲਾਂ ਦੇ ਸਰਦਾਰਾਂ ਨਾਲ ਹੋਈ ਜਿਸ ਵਿੱਚ ਘਨ੍ਹੱਈਆ, ਆਹਲੂਵਾਲੀਆਂ, ਭੰਗੀ ਮਿਸਲਾਂ ਸ਼ਾਮਲ ਸਨ। ਇਸ ਵਿਰੋਧਤਾ ਦੇ ਬਾਵਜੂਦ ਜੱਸਾ ਸਿੰਘ ਆਪਣੇ ਰਾਜ-ਪ੍ਰਬੰਧ ਨੂੰ ਠੀਕ ਤਰ੍ਹਾਂ ਚਲਾਉਂਦਾ ਰਿਹਾ ਅਤੇ ਉਸ ਨੇ ਇਨ੍ਹਾਂ ਰਾਜਾਂ ਦੇ ਪ੍ਰਬੰਧ ਨੂੰ ਗੰਭੀਰਤਾ ਨਾਲ ਹਰ ਪਾਸੇ ਤੋਂ ਬਚਾ ਕੇ ਰੱਖਿਆ। ਜੱਸਾ ਸਿੰਘ ਦੀ ਲਗਾਤਾਰ ਜਿੱਤ ਕਰਕੇ ਕਈ ਸਿੱਖ ਸਰਦਾਰ ਘਬਰਾ ਗਏ। ਉਨ੍ਹਾਂ ਨੇ ਇਹ ਭਾਂਪ ਲਿਆ ਸੀ ਕਿ ਰਾਮਗੜ੍ਹੀਆ ਸਰਦਾਰ ਆਹਲੂਵਾਲੀਆ, ਘਨ੍ਹੱਈਆ ਤੇ ਸ਼ੁੱਕਰਚੱਕੀਆ ਮਿਸਲਾਂ ਨੂੰ ਹਾਰ ਦੇ ਚੁੱਕਾ ਹੈ, ਇਸ ਲਈ ਇਨ੍ਹਾਂ ਤਿੰਨਾਂ ਮਿਸਲਾਂ ਨੇ ਰਲ ਕੇ ਜੱਸਾ ਸਿੰਘ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਮਿਸਲਾਂ ਨੇ ਮਿਲ ਕੇ ਰਾਮਗੜ੍ਹੀਆ ਦੇ ਇਲਾਕਿਆਂ ਉੱਤੇ ਹਮਲਾ ਬੋਲ ਦਿੱਤਾ। ਜੱਸਾ ਸਿੰਘ ਨੇ ਇਨ੍ਹਾਂ ਦਾ ਮੁਕਾਬਲਾ ਬੜੀ ਦਲੇਰੀ ਤੇ ਸੂਰਬੀਰਤਾ ਨਾਲ ਕੀਤਾ ਪਰ ਦੁਸ਼ਮਣਾਂ ਦੀਆਂ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਜੱਸਾ ਸਿੰਘ ਬਹੁਤੀ ਦੇਰ ਇਨ੍ਹਾਂ ਦਾ ਮੁਕਾਬਲਾ ਨਾ ਕਰ ਸਕਿਆ। ਇਨ੍ਹਾਂ ਮਿਸਲ ਸਰਦਾਰਾਂ ਨੇ ਪਹਿਲਾਂ ਸ੍ਰੀ ਹਰਗੋਬਿੰਦਪੁਰ, ਫਿਰ ਬਟਾਲਾ ਅਤੇ ਫਿਰ ਕਲਾਨੌਰ ਉਪਰ, ਅਧਿਕਾਰ ਕਰ ਲਿਆ। 1776 ਈਸਵੀ ਵਿਚ ਜੱਸਾ ਸਿੰਘ ਦੀ ਸਾਰੀ ਹਕੂਮਤ ਮੂਲੋਂ ਹੀ ਖ਼ਤਮ ਹੋ ਗਈ ਅਤੇ ਉਸ ਨੂੰ ਆਪਣੀ ਤਾਕਤ ਮੁੜ ਬਹਾਲ ਕਰਨ ਲਈ ਸਤਲੁਜ ਤੋਂ ਪਾਰ ਮਾਲਵੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਪਟਿਆਲੇ ਦੇ ਰਾਜਾ ਅਮਰ ਸਿੰਘ ਨਾਲ ਰਲ ਕੇ ਉਸ ਨੇ ਹਾਂਸੀ ਤੇ ਹਿਸਾਰ ਨੂੰ ਅਪਣੇ ਅਧੀਨ ਕਰ ਲਿਆ। ਅਮਰ ਸਿੰਘ ਨੂੰ ਆਪਣੇ ਰਾਜ ਦੇ ਖੁੱਸਣ ਦਾ ਵੀ ਡਰ ਲੱਗਾ ਹੋਇਆ ਸੀ। ਇਸ ਲਈ ਉਸ ਨੇ ਆਪਣੀ ਸਹਾਇਤਾ ਲਈ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੇ ਨਾਲ ਰਲਾ ਲਿਆ। ਜੱਸਾ ਸਿੰਘ ਨੇ ਅਮਰ ਸਿੰਘ ਦਾ ਕਈ ਲੜਾਈਆਂ ਵਿੱਚ ਸਾਥ ਦਿਤਾ। ਇਨ੍ਹਾਂ ਲੜਾਈਆਂ ਵਿੱਚ ਸਾਥ ਦੇਣ ਨਾਲ ਜੱਸਾ ਸਿੰਘ ਦੀ ਤਾਕਤ ਦਿਨੋ-ਦਿਨ ਵੱਧਣ ਲੱਗੀ। ਉਸ ਨੇ ਮੇਰਠ, ਚੰਦੋਸੀ ਉਤੇ ਹਮਲਾ ਕਰਕੇ ਇਥੋਂ ਲੱਖਾਂ ਰੁਪਈਆਂ ਹਾਸਲ ਕੀਤਾ। ਇਸ ਤੋਂ ਬਾਅਦ ਜੱਸਾ ਸਿੰਘ ਨੇ ਸਾਂਵਲ, ਕਾਸਗੰਜ, ਕੋਸੀਆ ਗੰਜ, ਖੁਰਜਾ, ਸਕੰਦਰਾ, ਦਾਰਾ ਨਗਰ ਆਦਿ ਇਲਾਕਿਆਂ ਨੂੰ ਲੁੱਟਿਆ ਅਤੇ ਇਥੋਂ ਦੇ ਸਰਦਾਰਾਂ ਨੂੰ ਭਾਂਜ ਦਿੱਤੀ।

ਮਾਰਚ, 1783 ਈਸਵੀ ਵਿੱਚ ਬਹੁਤ ਸਾਰੇ ਸਿੱਖ ਸਰਦਾਰਾਂ ਨੇ ਦਿੱਲੀ ਉੱਤੇ ਧਾਵਾ ਕਰਨ ਦਾ ਮਤਾ ਪਾਸ ਕੀਤਾ। ਜੱਸਾ ਸਿੰਘ ਵੀ ਇਨ੍ਹਾਂ ਨਾਲ ਭਰਤਪੁਰ ਦੇ ਸਥਾਨ ’ਤੇ ਮਿਲ ਗਿਆ।  ਭਰਤਪੁਰ ਦੇ ਜਾਟਾਂ ਤੋਂ ਜੱਸਾ ਸਿੰਘ ਨੇ ਇਕ ਲੱਖ ਰੁਪੱਈਆ ਵਸੂਲ ਕੀਤਾ। ਉਸ ਤੋਂ ਬਾਅਦ ਸਿੱਖ ਛੇਤੀ ਹੀ ਦਿੱਲੀ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਨੇ ਦਿੱਲੀ ਵਿੱਚ ਦਾਖ਼ਲ ਹੋ ਕੇ ਸ਼ਾਹ ਆਲਮ ਦੂਜੇ ਨੂੰ ਕਰਾਰੀ ਹਾਰ ਦਿੱਤੀ। ਜੱਸਾ ਸਿੰਘ ਸਿੱਖ ਸਰਦਾਰਾਂ ਤੋਂ ਵੱਖਰਾ ਹੋ ਕੇ ਵੀ ਲੜਦਾ ਰਿਹਾ। ਸਭ ਤੋਂ ਪਹਿਲਾਂ ਉਸ ਨੇ ਮੁਗ਼ਲਪੁਰਾ ਫਤਹਿ ਲਾਲ ਕਿਲ੍ਹੇ ਵਿਚੋਂ ਜੱਸਾ ਸਿੰਘ ਦੇ ਹੱਥ ਮੁਗ਼ਲਾਂ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਅਤੇ ਇਕ ਰੰਗ-ਬਰੰਗੇ ਪੱਥਰ ਨਾਲ ਬਣੀ ਹੋਈ ਸੁੰਦਰ ਸਿੱਲ੍ਹ ਮਿਲੀ। ਇਹ ਵੀ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਦ ਜੱਸਾ ਸਿੰਘ ਮੁਗ਼ਲ ਫ਼ੌਜਾਂ ਨੂੰ ਹਾਰ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਮਹਿਲਾਂ ਨੂੰ ਲੁੱਟ ਰਿਹਾ ਸੀ ਤਾਂ ਸ਼ਾਹ ਆਲਮ ਦੂਜੇ ਨੇ ਉਸ ਨੂੰ ਪੰਜ ਸੌ ਰੁਪਏ ਨਜ਼ਰਾਨੇ ਵਜੋਂ ਭੇਟ ਕੀਤੇ ਸਨ ਅਤੇ ਉਸ ਨੂੰ ਇਹ ਬੇਨਤੀ ਕੀਤੀ ਕਿ ਉਹ ਸ਼ਹਿਰ ਨੂੰ ਛੱਡ ਕੇ ਚਲਾ ਜਾਵੇ। ਸ਼ਾਹ ਆਲਮ ਦੂਜੇ ਦੇ ਕਹਿਣ ਉਪਰ ਜੱਸਾ ਸਿੰਘ ਦਿੱਲੀ ਤੋਂ ਵਾਪਸ ਮੁੜ ਆਇਆ ਅਤੇ ਉਸ ਨੇ ਆਪਣੇ ਨਾਲ ਲਿਆਂਦੀ ਪੱਥਰ ਦੀ ਸਿੱਲ ਨੂੰ ਰਾਮਗੜ੍ਹ ਦੇ ਕਿਲ੍ਹੇ ਵਿੱਚ ਲੁਆ ਦਿੱਤਾ। 1783 ਤੋਂ 1796 ਈਸਵੀ ਤਕ ਜੱਸਾ ਸਿੰਘ ਦਾ ਸੰਘਰਸ਼ ਸਿੱਖ ਮਿਸਲਾਂ ਨਾਲ ਲਗਾਤਾਰ ਚਲਦਾ ਰਿਹਾ। ਜਦੋਂ 1783 ਈਸਵੀ ਵਿੱਚ ਪੰਜਾਬ ਵਿਚ ਮਿਸਲਾਂ ਦੀ ਰਾਜਨੀਤਿਕ ਸ਼ਕਤੀ ਕਮਜ਼ੋਰ ਹੁੰਦੀ ਵਿਖਾਈ ਦਿੱਤੀ ਤਾਂ ਜੱਸਾ ਸਿੰਘ ਨੇ ਪੰਜਾਬ ਵੱਲ ਆਪਣਾ ਰੁਖ਼ ਕੀਤਾ। ਜੱਸਾ ਸਿੰਘ ਨੇ ਮਹਾਂ ਸਿੰਘ ਸ਼ੁੱਕਰਚੱਕੀਆ ਨੂੰ ਉਸ ਦਾ ਸਾਥ ਦੇਣ ਦੀ ਤਜਵੀਜ਼ ਭੇਜੀ। ਮਹਾਂ ਸਿੰਘ ਉਸ ਸਮੇਂ ਬਾਕੀ ਮਿਸਲਾਂ ਤੋਂ ਤੰਗ ਆਇਆ ਸੀ। ਮਹਾਂ ਸਿੰਘ ਨੇ ਇਸ ਤਜਵੀਜ਼ ਨੂੰ ਮੰਨ ਲਿਆ। ਜਦੋਂ ਜੱਸਾ ਸਿੰਘ ਤੇ ਮਹਾਂ ਸਿੰਘ ਦੀ ਸੰਧੀ ਦੀ ਖ਼ਬਰ ਦੂਸਰੇ ਮਿਸਲ ਸਰਦਾਰਾਂ ਤਕ ਪੁੱਜੀ ਤਾਂ ਉਹ ਵੀ ਚੇਤੰਨ ਹੋ ਗਏ। ਮਹਾਂ ਸਿੰਘ ਨੇ ਜੱਸਾ ਸਿੰਘ ਨੂੰ ਪੰਜਾਬ ਵਿਚ ਆਉਣ ਦਾ ਸੱਦਾ ਭੇਜਿਆ।

ਕਾਂਗੜੇ ਦੇ ਕਿਲ੍ਹੇ ਦੇ ਪ੍ਰਬੰਧ ਦਾ ਪ੍ਰਸ਼ਨ ਇਸ ਪੰਜਾਬ ਮੁਹਿੰਮ ਦਾ ਖ਼ਾਸ ਕਾਰਨ ਬਣਿਆ। ਕਾਂਗੜੇ ਦਾ ਕਿਲ੍ਹਾ ਜੋ ਕਿ ਜੈ ਸਿੰਘ ਘਨ੍ਹੱਈਆ ਦੇ ਅਧੀਨ ਸੀ। ਜੈ ਸਿੰਘ ਦਾ ਸਾਥ ਭੰਗੀ ਸਰਦਾਰ ਦੇ ਰਹੇ ਸਨ। ਸਤਲੁਜ ਨੂੰ ਪਾਰ ਕਰਕੇ ਜੱਸਾ ਸਿੰਘ ਪੰਜਾਬ ਵਿਚ ਦਾਖ਼ਲ ਹੋ ਗਿਆ ਅਤੇ ਇਕੱਲਾ ਹੀ ਕਾਂਗੜੇ ਵੱਲ ਵਧਣ ਲੱਗਾ। ਬਟਾਲੇ ਕੋਲ ਪਹੁੰਚ ਕੇ ਉਸ ਦੀ ਲੜਾਈ ਜੈ ਸਿੰਘ ਘਨ੍ਹੱਈਆ ਨਾਲ ਹੋ ਗਈ ਜਿਸ ਵਿੱਚ ਧਰਮ ਦਾਸ ਤੁਲੀ ਨੇ ਜੱਸਾ ਸਿੰਘ ਦੀ ਮਦਦ ਕੀਤੀ। ਜੱਸਾ ਸਿੰਘ ਦੀ ਮਦਦ ਹੁੰਦੀ ਦੇਖ ਕੇ ਘਨ੍ਹੱਈਆ ਸਰਦਾਰ ਦੀ ਫ਼ੌਜ ਖੇਰੂੰ-ਖੇਰੂੰ ਹੋ ਗਈ। ਜੈ ਸਿੰਘ ਨੂੰ ਇਸ ਲੜਾਈ ਵਿੱਚ ਭਾਰੀ ਹਾਰ ਹੋਈ। ਜੱਸਾ ਸਿੰਘ ਦੀਆਂ ਜੇਤੂ ਫੌਜਾਂ ਨੇ ਸ਼ਹਿਰ ਵਿਚ ਦਾਖਲ ਹੋ ਕੇ ਕਾਫ਼ੀ ਲੁੱਟ ਮਾਰ ਕਰਕੇ, ਕਲਾਨੌਰ ਵੱਲ ਕੂਚ ਕੀਤਾ। ਕਲਾਨੌਰ ਉਪਰ ਜੈ ਸਿੰਘ ਦਾ ਪੁੱਤਰ ਸਿੰਘ ਰਾਜ ਕਰ ਰਿਹਾ ਸੀ। ਮੰਗਲ ਸਿੰਘ ਵੀ ਬਹੁਤੀ ਦੇਰ ਤਕ ਜੱਸਾ ਸਿੰਘ ਦੀਆਂ ਫੌਜਾਂ ਅੱਗੇ ਨਾ ਟਿਕ ਸਕਿਆ। ਜਲਦੀ ਹੀ ਜੱਸਾ ਸਿੰਘ ਦਾ ਕਬਜ਼ਾ ਕਲਾਨੌਰ, ਸ੍ਰੀ ਹਰਗੋਬਿੰਦਪੁਰ, ਮੱਤੇਵਾਲ ਤੇ ਥਾਦੂਵਾਲ ਦੇ ਸਥਾਨਾਂ ਉਪਰ ਹੋ ਗਿਆ। ਇਸ ਤੋਂ ਪਿੱਛੋਂ ਘਨ੍ਹੱਈਆ ਸਰਦਾਰ ਵੀ ਕਿਤੇ ਟਿਕ ਕੇ ਨਾ ਬੈਠ ਸਕੇ। ਜੱਸਾ ਸਿੰਘ ਹੁਣ ਇਹ ਚਾਹੁੰਦਾ ਸੀ ਕਿ ਉਹ ਘਨ੍ਹੱਈਆ ਸਰਦਾਰਾਂ ਦੇ ਪਹਾੜੀ ਇਲਾਕਿਆਂ ਉਪਰ ਵੀ ਕਬਜ਼ਾ ਕਰ ਲਵੇ ਇਸ ਲਈ ਉਸ ਨੇ ਆਪਣਾ ਰੁਖ਼  ਕਾਂਗੜੇ ਵੱਲ ਨੂੰ ਕਰ ਲਿਆ। ਜੱਸਾ ਸਿੰਘ ਨੇ ਕਾਂਗੜੇ ਉਪਰ ਜਲਦੀ ਹੀ ਚੜ੍ਹਾਈ ਕਰ ਦਿੱਤੀ ਅਤੇ ਮੁਕੇਰੀਆਂ, ਹਾਜੀਪੁਰ ਤੇ ਹੋਰ ਇਲਾਕਿਆਂ ਨੂੰ ਵੀ ਆਪਣੇ ਅਧੀਨ ਕਰ ਲਿਆ। ਇਨ੍ਹਾਂ ਸਾਰੀਆਂ ਮੁਹਿੰਮਾਂ ਨੂੰ ਜੱਸਾ ਸਿੰਘ ਨੇ ਮਹਾਂ ਸਿੰਘ ਤੋਂ ਬਿਨਾਂ ਹੀ ਤੈਅ ਕਰ ਲਿਆ ਸੀ ਅਤੇ ਆਪਣੇ ਇਲਾਕੇ ਖੋਹ ਕੇ ਬਹਾਲ ਕਰ ਲਏ ਸਨ, ਇਸ ਲਈ ਉਸ ਦੀ ਸਥਿਤੀ ਫਿਰ ਤੋਂ ਪੰਜਾਬ ਵਿੱਚ ਕਾਇਮ ਹੋ ਗਈ ਅਤੇ ਉਸ ਦੇ ਮਾਣ ਵਿੱਚ ਵੀ ਵਾਧਾ ਹੋਇਆ।

ਆਪਣੇ ਖੁੱਸੇ ਹੋਏ ਇਲਾਕਿਆਂ ਨੂੰ ਦੁਬਾਰਾ ਪ੍ਰਾਪਤ ਕਰ ਲੈਣ ਉਪਰੰਤ ਜੱਸਾ ਸਿੰਘ ਨੂੰ ਸਭ ਤੋਂ ਪਹਿਲਾਂ ਭਾਗ ਸਿੰਘ ਆਹਲੂਵਾਲੀਆ ਨਾਲ ਟਾਕਰਾ ਕਰਨਾ ਪਿਆ, ਕਿਉਂਕਿ ਜਦੋਂ ਜੈ ਸਿੰਘ ਘਨ੍ਹੱਈਆ ਦੇ ਇਲਾਕਿਆਂ ਉਪਰ ਜੱਸਾ ਸਿੰਘ ਹਮਲਾ ਕਰ ਰਿਹਾ ਸੀ ਤਾਂ ਭਾਗ ਸਿੰਘ ਉਸ ਦਾ ਸਾਥ ਦੇ ਰਿਹਾ ਸੀ। ਭਾਗ ਸਿੰਘ ਨੇ ਕਈ ਰਾਮਗੜ੍ਹੀਆ ਸਰਦਾਰਾਂ ਨੂੰ ਗ੍ਰਿਫ਼ਤਾਰ ਕਰਕੇ ਕਰੜੇ ਦੰਡ ਦਿੱਤੇ ਸਨ। ਇਸ ਲਈ ਜੱਸਾ ਸਿੰਘ ਉਸ ਦੇ ਖ਼ਿਲਾਫ਼ ਸੀ। ਜੱਸਾ ਸਿੰਘ ਨੇ ਭਾਗ ਸਿੰਘ ਨੂੰ ਕਈ ਥਾਵਾਂ ’ਤੇ ਕਿਲ੍ਹਿਆਂ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕਿਲ੍ਹਿਆਂ ਨੂੰ ਉਸ ਨੇ ਪੂਰੇ ਸਿਰੜ ਤੇ ਮਿਹਨਤ ਨਾਲ ਤਿਆਰ ਕਰਵਾਇਆਂ ਜਿਸ ਵਿੱਚ ਕਿਲ੍ਹਾ ਦਰਸ਼ਨ ਸਿੰਘ, ਤਲਵਾੜੇ ਦਾ ਕਿਲ੍ਹਾ ਅਤੇ ਬਟਾਲੇ ਦਾ ਕਿਲ੍ਹਾ ਬਹੁਤ ਮਸ਼ਹੂਰ ਕਿਲ੍ਹੇ ਸਨ।

1796 ਤੋਂ 1803 ਈਸਵੀ ਤਕ ਜੱਸਾ ਸਿੰਘ ਦੇ ਲੰਮੇ ਜੀਵਨ ਘੋਲ ਦਾ ਅੰਤਿਮ ਸਮਾਂ ਸੀ। ਸ਼ੁੱਕਰਚੱਕੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ  ਛੋਟੇ-ਛੋਟੇ ਸਰਦਾਰਾਂ ਨੂੰ ਜਿੱਤ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਤਾਕਤਵਰ ਮਿਸਲਾਂ ਨਾਲ ਮਿੱਤਰਤਾਪੂਰਵਕ ਸਬੰਧ ਸਥਾਪਤ ਕਰ ਲਏ ਸਨ। ਜੱਸਾ ਸਿੰਘ ਨੂੰ ਇਹ ਡਰ ਸਤਾ ਰਿਹਾ ਸੀ ਕਿ ਜੇਕਰ ਰਣਜੀਤ ਸਿੰਘ ਉਸ ਉਪਰ ਹਮਲਾ ਕਰੇਗਾ ਤਾਂ ਉਸ ਦੇ ਇਲਾਕੇ ਉਸ ਦੇ ਅਧੀਨ ਹੋਣੇ ਕੁਦਰਤੀ ਹਨ। ਜੱਸਾ ਸਿੰਘ ਅੰਗਰੇਜ਼ਾਂ ਨਾਲ ਵੀ ਮਿੱਤਰਤਾ ਕਾਇਮ ਕਰਨ ਦਾ ਚਾਹਵਾਨ ਸੀ ਪਰ ਅੰਗਰੇਜ਼ਾਂ ਨੇ ਜੱਸਾ ਸਿੰਘ ਨਾਲ ਮਿੱਤਰਤਾ ਦੀ ਕੋਈ ਖ਼ਾਸ ਦਿਲਚਸਪੀ ਨਾ ਦਿਖਾਈ। ਉਧਰ ਰਣਜੀਤ ਸਿੰਘ ਦੀ ਤਾਕਤ ਪੰਜਾਬ ਵਿਚ ਲਗਾਤਾਰ ਵਧ ਰਹੀ ਸੀ। ਭੰਗੀ ਸਰਦਾਰ ਤੇ ਜੱਸਾ ਸਿੰਘ ਉਸ ਦੀ ਅਧੀਨਗੀ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਸਨ। ਜਦੋਂ ਰਣਜੀਤ ਸਿੰਘ ਨੇ 1799 ਈਸਵੀ ਵਿਚ ਲਾਹੌਰ ’ਤੇ ਕਬਜ਼ਾ ਕਰਨ ਸਬੰਧੀ ਮੁਹਿੰਮ ਚਲਾਈ ਤਾਂ ਉਸ ਸਮੇਂ ਜੱਸਾ ਸਿੰਘ ਦੀ ਉਮਰ 75 ਵਰ੍ਹੇ ਹੋ ਚੁੱਕੀ ਸੀ। ਬਿਰਧ ਹੋਣ ਕਰਕੇ ਉਹ ਹੁਣ ਬਿਮਾਰ ਰਹਿ ਰਿਹਾ ਸੀ। ਉਸ ਦੀ ਬਿਮਾਰੀ ਨੂੰ ਭਾਂਪਦੇ ਹੋਏ ਹੀ ਰਣਜੀਤ ਸਿੰਘ ਨੇ 1799 ਈਸਵੀ ਵਿੱਚ ਲਾਹੌਰ ’ਤੇ ਕਬਜ਼ਾ ਕਰ ਲਿਆ। ਕੁਝ ਸਮੇਂ ਬਾਅਦ ਤੰਦਰੁਸਤ ਹੋ ਕੇ ਜੱਸਾ ਸਿੰਘ ਨੇ ਮੁੜ ਭੰਗੀ ਸਰਦਾਰਾਂ ਨਾਲ ਮਿਲ ਕੇ ਰਣਜੀਤ ਸਿੰਘ ਦੇ ਖ਼ਿਲਾਫ਼ ਮੁਹਿੰਮ ਚਲਾਈ।

ਰਣਜੀਤ ਸਿੰਘ ਦੀਆਂ ਫੌਜਾਂ ਅਤੇ ਭੰਗੀ ਸਰਦਾਰਾਂ ਅਤੇ ਜੱਸਾ ਸਿੰਘ ਦੀਆਂ ਮਿਲਵੀਆਂ ਫੌਜਾਂ ਵਿਚਕਾਰ ਭਸੀਨ ਪਿੰਡ ਦੇ ਸਥਾਨ ’ਤੇ ਆਹਮੋ-ਸਾਹਮਣੀ ਲੜਾਈ ਹੋਈ। ਦੋਹਾਂ ਫੌਜਾਂ ਨੂੰ ਇਕ-ਦੂਸਰੇ ਦੀ ਤਾਕਤ ਦਾ ਠੀਕ ਅਨੁਮਾਨ ਨਹੀਂ ਸੀ ਇਸ ਲਈ ਲਗਪਗ ਦੋ ਮਹੀਨੇ ਤਕ ਦੋਵੇਂ ਫ਼ੌਜਾਂ ਇਕ ਦੂਸਰੇ ਦੇ ਸਾਹਮਣੇ ਖੜ੍ਹੀਆਂ ਰਹੀਆਂ। ਇਕ ਦਿਨ ਅਚਾਨਕ ਭੰਗੀ ਸਰਦਾਰ ਗੁਲਾਬ ਸਿੰਘ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ, ਜਿਸ ਕਾਰਨ ਜੱਸਾ ਸਿੰਘ ਦੀਆਂ ਫੌਜਾਂ ਦੇ ਹੌਸਲੇ ਵੀ ਟੁੱਟ ਗਏ ਅਤੇ ਉਹ ਬਿਨਾਂ ਲੜਾਈ ਕੀਤਿਆਂ ਹੀ ਵਾਪਸ ਪਰਤ ਗਈਆਂ। ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਹੌਸਲਾ ਬਹੁਤ ਵਧ ਗਿਆ ਅਤੇ ਉਸ ਨੇ ‘ਰਾਮਗੜ੍ਹੀਆ’ ਦੇ ਮਸ਼ਹੂਰ ਕਿਲ੍ਹੇ ਮਿਆਣੀ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਆਹਲੂਵਾਲੀਏ ਸਰਦਾਰਾਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ। ਜਲਦੀ ਹੀ ਕਿਲ੍ਹਾ ਰਣਜੀਤ ਸਿੰਘ ਦੇ ਅਧੀਨ ਹੋ ਗਿਆ। ਜੱਸਾ ਸਿੰਘ ਨੂੰ ਇਸ ਨਾਲ ਵੱਡਾ ਝਟਕਾ ਲੱਗਾ ਅਤੇ ਉਸ ਨੇ ਪਹਿਲਾਂ ਆਹਲੂਵਾਲੀਏ ਸਰਦਾਰਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ। ਉਸ ਨੇ ਆਹਲੂਵਾਲੀਏ ਸਰਦਾਰਾਂ ਨੂੰ ਫਗਵਾੜੇ ਦੇ ਸਥਾਨ ਉਪਰ ਭਾਰੀ ਹਾਰ ਦਿੱਤੀ। 1802 ਈਸਵੀ ਵਿਚ ਜੱਸਾ ਸਿੰਘ ਨੇ ਬਟਾਲੇ ਉਪਰ ਵੀ ਦੁਬਾਰਾ ਹਮਲਾ ਕੀਤਾ ਪਰ ਇਸ ਲੜਾਈ ਦਾ ਵੀ ਉਸ ਨੂੰ ਕੋਈ ਆਰਥਿਕ ਫਾਇਦਾ ਨਾ ਹੋਇਆ। ਆਖ਼ਰ 1803 ਈਸਵੀ ਵਿਚ 80 ਸਾਲ ਦੀ ਉਮਰ ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਪ੍ਰਾਣ ਤਿਆਗ ਗਿਆ। ਇਸ ਸਮੇਂ ਉਸ ਦੇ ਕਈ ਇਲਾਕੇ ਉਸ ਦੇ ਕਬਜ਼ੇ ਵਿਚ ਸਨ। ਸ. ਜੱਸਾ ਸਿੰਘ ਦੀ ਮੌਤ ਮਗਰੋਂ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਕਰਨ ਲਈ ਸਥਿਤੀ ਅਤਿ ਸਹਾਇਕ ਸਿੱਧ ਹੋਈ। ਜੱਸਾ ਸਿੰਘ ਦੇ ਪੁੱਤਰ ਜੋਧ ਸਿੰਘ ਨਾਲ ਰਣਜੀਤ ਸਿੰਘ ਨੇ ਸੰਧੀ ਕਰ ਲਈ ਤੇ ਉਸ ਦੇ ਮਰਨ ਤਕ ਭਾਵ 1816 ਈਸਵੀ ਤਕ ਕਦੀ ਵੀ ਰਾਮਗੜ੍ਹੀਆਂ ਦੇ ਖ਼ਿਲਾਫ਼ ਜੰਗ ਨਹੀਂ ਕੀਤੀ।

(ਸਮਾਪਤ)
ਪ੍ਰੋ. ਸੁਹਿੰਦਰ ਬੀਰ/ਅਮਰਜੀਤ ਸਿੰਘ

No comments:

Post a Comment