ਬਜ਼ੁਰਗ ਫ਼ਿਲਮ ਨਿਰਮਾਤਾ ਤੇ 'ਰੁਮਾਂਸ ਦੇ ਬਾਦਸ਼ਾਹ' ਵਜੋਂ ਮਸ਼ਹੂਰ ਯਸ਼ ਚੋਪੜਾ ਇਸ ਫਾਨੀ ਸੰਸਾਰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ 21 ਅਕਤੂਬਰ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।
ਸ੍ਰੀ ਚੋਪੜਾ ਨੇ 27 ਸਤੰਬਰ ਨੂੰ ਆਪਣਾ 80ਵਾਂ ਜਨਮ ਦਿਨ ਮਨਾਇਆ ਸੀ ਤੇ ਪਿਛਲੇ ਹਫਤੇ ਉਨ੍ਹਾਂ ਨੂੰ ਡੇਂਗੂ ਹੋ ਜਾਣ ਦੀ ਸ਼ਿਕਾਇਤ ਕਰਕੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਤਕਰੀਬਨ ਪੰਜ ਦਹਾਕੇ ਫ਼ਿਲਮ ਨਗਰੀ 'ਚ ਆਪਣਾ ਲੋਹਾ ਮੰਨਵਾਉਣ ਵਾਲੇ ਸ੍ਰੀ ਚੋਪੜਾ ਨੇ 'ਤ੍ਰਿਸ਼ੂਲ', 'ਦੀਵਾਰ', 'ਸਿਲਸਿਲਾ', 'ਚਾਂਦਨੀ' ਤੇ 'ਦਿਲ ਤੋ ਪਾਗਲ ਹੈ' ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਮਾਣ ਕੀਤਾ।
'ਜਬ ਤਕ ਹੈ ਜਾਨ' ਉਨ੍ਹਾਂ ਦੀ ਆਖ਼ਰੀ ਫ਼ਿਲਮ ਹੋਵੇਗੀ।ਸ੍ਰੀ ਚੋਪੜਾ ਨੇ ਪਿਛਲੇ ਮਹੀਨੇ ਆਪਣੇ ਜਨਮ ਦਿਹਾੜੇ ਮੌਕੇ ਐਲਾਨ ਕੀਤਾ ਸੀ ਕਿ ਸ੍ਰੀ ਚੋਪੜਾ ਆਪਣੇ ਪਿੱਛੇ ਪਤਨੀ ਤੇ ਦੋ ਬੇਟੇ ਫ਼ਿਲਮ ਨਿਰਮਾਤਾ ਅਦਿੱਤਿਆ ਚੋਪੜਾ ਤੇ ਅਦਾਕਾਰ ਨਿਰਮਾਤਾ ਉਦੇ ਚੋਪੜਾ ਛੱਡ ਗਏ ਹਨ। ਸ੍ਰੀ ਚੋਪੜਾ ਦਾ ਜਨਮ 27 ਸਤੰਬਰ, 1932 ਨੂੰ ਲਾਹੌਰ ਵਿਖੇ ਹੋਇਆ। ਉਨ੍ਹਾਂ ਆਪਣਾ ਕਰੀਅਰ ਆਪਣੇ ਵੱਡੇ ਭਰਾ ਬੀ.ਆਰ. ਚੋਪੜਾ ਦੇ ਨਾਲ ਸਹਾਇਕ ਨਿਰਦੇਸ਼ਕ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ 1959 'ਚ ਪਹਿਲੀ ਫ਼ਿਲਮ 'ਧੂਲ ਕਾ ਫੂਲ' ਦਾ ਨਿਰਦੇਸ਼ਨ ਕੀਤਾ। ਚੋਪੜਾ ਭਰਾਵਾਂ ਨੇ 50ਵੇਂ ਤੇ 60ਵੇਂ ਦਹਾਕੇ 'ਚ ਇਕੱਠਿਆਂ ਕਈ ਫ਼ਿਲਮਾਂ ਬਣਾਈਆਂ। ਸ੍ਰੀ ਚੋਪੜਾ 1965 'ਚ ਫ਼ਿਲਮ 'ਵਕਤ' ਨਾਲ ਵੱਡੀ ਪੱਧਰ 'ਤੇ ਚਰਚਾ 'ਚ ਆਏ। ਉਨ੍ਹਾਂ ਨੇ 1973 'ਚ ਆਪਣੀ ਫ਼ਿਲਮ ਨਿਰਮਾਣ ਕੰਪਨੀ 'ਯਸ਼ ਰਾਜ ਫਿਲਮਜ਼' ਬਣਾ ਲਈ, 50ਵਿਆਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਸਮੇਂ ਦੀ ਤਬਦੀਲੀ ਨਾਲ ਸ੍ਰੀ ਚੋਪੜਾ ਦਰਸ਼ਕਾਂ ਦੀ ਨਬਜ਼ ਖੂਬ ਪਛਾਣਦੇ ਰਹੇ ਤੇ ਉਨ੍ਹਾਂ ਦੀ ਹਰ ਫ਼ਿਲਮ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਰਹੀ। ਸ੍ਰੀ ਚੋਪੜਾ ਨੇ ਅਨੇਕਾਂ ਫ਼ਿਲਮ ਐਵਾਰਡ ਹਾਸਲ ਕੀਤੇ ਜਿਨ੍ਹਾਂ 'ਚ ਛੇ ਨੈਸ਼ਨਲ ਫ਼ਿਲਮ ਐਵਾਰਡ ਤੇ 11 ਫ਼ਿਲਮ ਫੇਅਰ ਐਵਾਰਡ ਸ਼ਾਮਲ ਹਨ। ਉਹ ਵੰਡ ਤੋਂ ਬਾਅਦ ਭਾਰਤ ਆ ਕੇ ਇੰਜੀਨੀਅਰਿੰਗ 'ਚ ਕਰੀਅਰ ਬਣਾਉਣਾ ਚਾਹੁੰਦੇ ਸਨ ਪਰ ਬਾਅਦ 'ਚ ਉਨ੍ਹਾਂ ਨੇ ਫ਼ਿਲਮਾਂ ਬਣਾਉਣ ਦਾ ਰਾਹ ਚੁਣ ਲਿਆ। ਉਨ੍ਹਾਂ ਦੀਆਂ ਕਈ ਫ਼ਿਲਮਾਂ ਅੱਜ ਵੀ ਬੜੇ ਸ਼ੌਕ ਨਾਲ ਵੇਖੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ 'ਦਾਗ: ਦੋ ਪੋਇਮ ਆਫ ਲਵ', 'ਮਸ਼ਾਲ', 'ਵਿਜੈ', 'ਚਾਂਦਨੀ', 'ਲਮਹੇਂ', 'ਦਿਲ ਤੋ ਪਾਗਲ ਹੈ', 'ਵੀਰ ਜ਼ਾਰਾ' ਸ਼ਾਮਲ ਹਨ। ਉਨ੍ਹਾਂ ਦੀ ਮੌਤ 'ਤੇ ਫ਼ਿਲਮੀ ਹਸਤੀਆਂ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੇਸ਼ ਦੀਆਂ ਹੋਰ ਅਹਿਮ ਹਸਤੀਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਨਮਾਨ ਅਤੇ ਪੁਰਸਕਾਰ : ਯਸ਼ ਚੋਪੜਾ ਨੂੰ ਹੁਣ ਤੱਕ 11ਵਾਰ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ 1964 ਵਿਚ ਪ੍ਰਦਰਸ਼ਿਤ ਫਿਲਮ 'ਵਕਤ' ਲਈ ਸਰਵਸ੍ਰੇਸ਼ਠ ਨਿਰਦੇਸ਼ਕ ਲਈ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਹ 1969 ਵਿਚ ਫਿਲਮ 'ਇਤੇਫਾਕ' ਸਰਵਸ੍ਰੇਸ਼ਟ ਨਿਰਦੇਸ਼ਕ, 1973 ਵਿਚ 'ਦਾਗ' ਸਰਵਸ਼੍ਰੇਸ਼ਟ ਨਿਰਦੇਸ਼ਕ, 1975 ਵਿਚ 'ਦੀਵਾਰ' ਸਰਵਸ਼੍ਰੇਸ਼ਟ ਨਿਰਦੇਸ਼ਕ, 1991 ਵਿਚ 'ਲਮਹੇ' ਸਰਵਸ੍ਰੇਸ਼ਟ ਨਿਰਮਾਤਾ, 1995 ਵਿਚ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਸਰਵਸ੍ਰੇਸ਼ਟ ਨਿਰਮਾਤਾ ਅਤੇ 2001 ਵਿਚ ਫਿਲਮ ਜਗਤ ਦੇ ਸਰਵਉੱਚ ਸਨਮਾਨ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤੇ ਗਏ। 2005 ਵਿਚ ਉਹਨਾਂ ਨੂੰ ਭਾਰਤ ਸਰਕਾਰ ਵਲੋਂ 'ਪਦਮ ਭੂਸ਼ਨ' ਨਾਲ ਵੀ ਸਨਮਾਨਿਤ ਕੀਤਾ ਗਿਆ। ਫਿਲਮ ਨਿਰਮਾਤਾ ਯਸ਼ ਚੋਪੜਾ ਨੂੰ ਭਾਰਤੀ ਸਿਨੇਮਾ ਵਿਚ ਉਹਨਾਂ ਦੇ ਯੋਗਦਾਨ ਲਈ ਫਰਾਂਸ ਦਾ ਸਰਵਉੱਚ ਆਫੀਸੀਅਰ ਡੀ ਲਾ ਲੇਜਨ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ। ਸਵਿਸ ਸਰਕਾਰ ਨੇ ਉਹਨਾਂ ਨੂੰ ਸਵਿਸ ਅੰਬੈਸਡਰਜ਼ ਐਵਾਰਡ 2010 ਨਾਲ ਸਨਮਾਨਿਤ ਕੀਤਾ ਹੈ। ਜੀਵਨ ਜਾਣ-ਪਛਾਣ : ਯਸ਼ ਚੋਪੜਾ ਦਾ ਜਨਮ 27 ਸਤੰਬਰ 1932 ਵਿਚ ਲਾਹੌਰ ਵਿਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿਚ ਹੈ। ਉਹਨਾਂ ਦੇ ਵੱਡੇ ਭਰਾ ਬੀ ਆਰ ਚੋਪੜਾ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਨਿਰਮਾਤਾ-ਨਿਰਦੇਸ਼ਕ ਸਨ। ਵੱਡੇ ਭਰਾ ਦੀ ਪ੍ਰੇਰਨਾ 'ਤੇ ਹੀ ਉਹਨਾਂ ਨੇ ਵੀ ਫਿਲਮਾਂ ਵਿਚ ਹੱਥ ਅਜ਼ਮਾਇਆ ਅਤੇ ਅੱਜ ਯਸ਼ ਚੋਪੜਾ ਦਾ ਪਰਿਵਾਰ ਬਾਲੀਵੁੱਡ ਦੇ ਵੱਕਾਰੀ ਬੈਨਰਾਂ ਵਿਚੋਂ ਇਕ ਹੈ। ਉਹਨਾਂ ਦੇ ਬੇਟੇ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਵੀ ਫਿਲਮਾਂ ਨਾਲ ਹੀ ਜੁੜੇ ਹੋਏ ਹਨ। ਯਸ਼ ਚੋਪੜਾ ਨੇ ਆਪਣੇ ਭਰਾ ਨਾਲ ਸਹਿ-ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਆਪਣੇ ਭਰਾ ਬੀ ਆਰ ਚੋਪੜਾ ਦੇ ਬੈਨਰ ਹੇਠ ਉਹਨਾਂ ਲਗਾਤਾਰ 5 ਫਿਲਮਾਂ ਨਿਰਦੇਸ਼ਤ ਕੀਤੀਆਂ। ਇਨ੍ਹਾਂ ਫਿਲਮਾਂ ਵਿਚ 'ਏਕ ਹੀ ਰਾਸਤਾ', 'ਸਾਧਨਾ' ਅਤੇ 'ਨਯਾ ਦੌਰ' ਸ਼ਾਮਲ ਹਨ। ਫਿਲਮੀ ਸਫਰ : ਯਸ਼ ਚੋਪੜਾ ਨੇ 1959 ਵਿਚ ਪਹਿਲੀ ਵਾਰ ਆਪਣੇ ਭਰਾ ਦੇ ਬੈਨਰ ਹੇਠ ਹੀ ਬਣੀ ਫਿਲਮ 'ਧੂਲ ਕਾ ਫੂਲ' ਦਾ ਨਿਰਦੇਸ਼ਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਭਰਾ ਦੇ ਹੀ ਬੈਨਰ ਹੇਠ 'ਧਰਮ ਪੁੱਤਰ' ਨੂੰ ਵੀ ਨਿਰਦੇਸ਼ਿਤ ਕੀਤਾ। ਦੋਵੇਂ ਹੀ ਫਿਲਮਾਂ ਔਸਤ ਕਾਮਯਾਬ ਰਹੀਆਂ ਪਰ ਇਸ ਵਿਚ ਯਸ਼ ਚੋਪੜਾ ਦੀ ਮਿਹਨਤ ਸਾਰਿਆਂ ਨੂੰ ਨਜ਼ਰ ਆਈ। ਸਾਲ 1956 ਵਿਚ ਆਈ ਫਿਲਮ 'ਵਕਤ' ਯਸ਼ ਚੋਪੜਾ ਦੀ ਪਹਿਲੀ ਹਿੱਟ ਫਿਲਮ ਸਾਬਤ ਹੋਈ। ਇਸ ਫਿਲਮ ਦਾ ਗੀਤ 'ਐ ਮੇਰੀ ਜ਼ੌਹਰਾ ਜਬੀਂ..' ਦਰਸ਼ਕਾਂ ਨੂੰ ਅੱਜ ਵੀ ਯਾਦ ਹੈ। ਫਿਲਮ 'ਇਤੇਫਾਕ' ਉਹਨਾਂ ਦੀਆਂ ਚੁਣੀਆਂ ਹੋਈਆਂ ਫਿਲਮਾਂ ਵਿਚੋਂ ਪਹਿਲੀ ਫਿਲਮ ਹੈ, ਜਿਸ ਵਿਚ ਉਹਨਾਂ ਨੇ ਕਾਮੇਡੀ ਅਤੇ ਰੋਮਾਂਸ ਤੋਂ ਇਲਾਵਾ ਥ੍ਰਿਲਰ 'ਤੇ ਵੀ ਕੰਮ ਕੀਤਾ ਸੀ। ਬਤੌਰ ਨਿਰਮਾਤਾ-ਨਿਰਦੇਸ਼ਕ ਪ੍ਰਸਿੱਧ ਫਿਲਮਾਂ : ਜਬ ਤੱਕ ਹੈ ਜਾਂ, ਵੀਰਜ਼ਾਰਾ, ਦਿਲ ਤੋ ਪਾਗਲ ਹੈ, ਡਰ, ਪਰੰਪਰਾ, ਲਮਹੇਂ, ਚਾਂਦਨੀ, ਵਿਜਯ, ਫਾਸਲੇ, ਮਸ਼ਾਲ, ਸਿਲਸਿਲਾ, ਕਾਲਾ ਪੱਥਰ, ਤ੍ਰਿਸ਼ੂਲ, ਕਭੀ-ਕਭੀ, ਦੀਵਾਰ, ਜੋਸ਼ੀਲਾ, ਦਾਗ, ਇਤੇਫਾਕ, ਆਦਮੀ, ਵਕਤ, ਧਰਮ ਪੁੱਤਰ, ਧੂਲ ਕਾ ਫੂਲ ਪੰਜਾਬ ਤੇ ਪੰਜਾਬੀਅਤ ਰਗ-ਰਗ ਵਿਚ ਵਸੀ ਸੀ : ਫਿਲਮ ਨਿਰਦੇਸ਼ਕ ਯਸ਼ ਚੋਪੜਾ ਦੇਸ਼ ਹੀ ਨਹੀਂ ਬਲਕਿ ਦੁਆਬਾ ਦੀ ਵੀ ਸ਼ਾਨ ਸਨ, 27 ਸਤੰਬਰ 1932 ਨੂੰ ਲਾਹੌਰ 'ਚ ਪੈਦਾ ਹੋਏ ਯਸ਼ ਚੋਪੜਾ 1945 ਵਿਚ ਜਲੰਧਰ ਸਥਿਤ ਗੋਬਿੰਦਗੜ੍ਹ ਮੁਹੱਲੇ ਵਿਚ ਆ ਗਏ ਸਨ। ਉਹਨਾਂ ਨੇ ਇੱਥੇ ਲਾਡੋਵਾਲੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸਕੂਲੀ ਸਿੱਖਿਆ ਹਾਸਲ ਕੀਤੀ। ਐਤਵਾਰ ਨੂੰ ਚੋਪੜਾ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ, 2005 ਵਿਚ ਤਤਕਾਲੀ ਪ੍ਰਿੰਸੀਪਲ ਆਰ ਪੀ ਭਾਰਦਵਾਜ ਦੇ ਸਮੇਂ ਉਹਨਾਂ ਨੂੰ ਦੁਆਬਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਕਾਲਜ ਦੇ ਵਿਕਾਸ ਲਈ ਇਕ ਲੱਖ ਰੁਪਏ ਦੀ ਰਾਸ਼ੀ ਭੇਜ ਰਹੇ ਸਨ। ਦੁਆਬਾ ਕਾਲਜ 'ਚ ਪੜ੍ਹਦੇ ਹੋਏ ਹੀ ਉਹਨਾਂ ਨੇ ਆਪਣੇ ਅੰਗਰੇਜ਼ੀ ਦੇ ਪ੍ਰੋਫੈਸਰ ਡੀ.ਡੀ. ਬਿਬਰਾ ਤੋਂ ਕਹਾਣੀ ਲੇਖਨ ਦੀ ਕਲਾ ਸਿੱਖੀ ਸੀ। ਦੁਆਬਾ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਨੇ ਕਿਹਾ ਕਿ ਯਸ਼ ਚੋਪੜਾ ਉਹਨਾਂ ਦੇ ਕਾਲਜ ਦੇ ਸਾਬਕਾ ਵਿਦਿਆਰਥੀ ਹੀ ਨਹੀਂ, ਪੂਰੇ ਕਾਲਜ ਦੇ ਨੂਰ ਸਨ। ਉਹਨਾਂ ਨੂੰ ਆਪਣੇ ਕਾਲਜ ਪ੍ਰਤੀ ਕਾਫੀ ਲਗਾਓ ਅਤੇ ਪ੍ਰੇਮ ਸੀ। ਉਹਨਾਂ ਕਿਹਾ ਕਿ ਉਹ ਹਰ ਸਾਲ ਕਾਲਜ ਨੂੰ ਇਕ ਲੱਖ ਰੁਪਏ ਬਿਨਾ ਮੰਗੇ ਹੀ ਭੇਜ ਦਿੰਦੇ ਸਨ। ਕਾਲਜ ਵਿਚ ਚੱਲ ਰਿਹਾ ਸਟੂਡੀਓ ਵੀ ਉਹਨਾਂ ਦੀ ਹੀ ਦੇਣ ਹੈ। ਉਹਨਾਂ ਦੇ ਅਕਾਲ ਚਲਾਣੇ ਨਾਲ ਕਾਲਜ ਪ੍ਰਬੰਧਨ ਸਮੇਤ ਸਟਾਫ ਅਤੇ ਵਿਦਿਆਰਥੀ ਸੋਗ ਗ੍ਰਸਤ ਹਨ। ਫਿਲਮਾਂ 'ਚ ਹੁੰਦੀ ਸੀ ਵਿਰਸੇ ਦੀ ਝਲਕ : ਦੀਪਕ ਜਲੰਧਰੀ ਦਾ ਕਹਿਣਾ ਹੈ ਕਿ ਯਸ਼ ਚੋਪੜਾ ਜਲੰਧਰ ਨਾਲ ਜੁੜੇ ਹੋਏ ਸਨ। ਵੱਡਾ ਭਰਾ ਧਰਮ ਚੋਪੜਾ ਫੋਟੋਗਰਾਫਰ ਸੀ। ਵੱਡੇ ਭਰਾ ਦੇ ਕਹਿਣ 'ਤੇ ਯਸ਼ ਚੋਪੜਾ ਮੁੰਬਈ ਚਲੇ ਗਏ ਸਨ। ਉਹਨਾਂ ਕਿਹਾ ਕਿ ਯਸ਼ ਚੋਪੜਾ ਦੀ ਉਹਨਾਂ ਨਾਲ ਮੁਲਾਕਾਤ ਭਤੀਜੇ ਲਲਿਤ ਚੋਪੜਾ ਦੇ ਦਿਹਾਂਤ 'ਤੇ ਸੋਗ ਸਭਾ ਵਿਚ ਹੋਈ ਸੀ। ਉਹਨਾਂ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਿਉਂ ਨਹੀਂ ਕਰਦੇ ਤਾਂ ਯਸ਼ ਚੋਪੜਾ ਨੇ ਕਿਹਾ ਕਿ ਮੇਰੀ ਜ਼ਿਆਦਾਤਰ ਫਿਲਮਾਂ ਵਿਚ ਪੰਜਾਬੀ ਸਭਿਆਚਾਰ ਦੀ ਝਲਕ ਮਿਲਦੀ ਹੈ। ੲ ੲ ੲ ਪੰਜਾਬੀ ਫਿਲਮ ਦਾ ਸੁਪਨਾ ਰਿਹਾ ਅਧੂਰਾ ਫਿਲਮ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਏ ਸਨ ਗਿਆਨੀ ਜ਼ੈਲ ਸਿੰਘ ਬਿਨਾ ਸ਼ੱਕ ਯਸ਼ ਚੋਪੜਾ ਵਿਸ਼ਵ ਪੱਧਰ ਦੀ ਸਖ਼ਸ਼ੀਅਤ ਸਨ ਅਤੇ ਉਹਨਾਂ ਦੀਆਂ ਫਿਲਮਾਂ ਦਾ ਹਰ ਵਰਗ ਕਾਇਲ ਸੀ ਪਰ ਪੰਜਾਬ ਅਤੇ ਪੰਜਾਬੀਅਤ ਨਾਲ ਉਹਨਾਂ ਦਾ ਖਾਸ ਮੋਹ ਸੀ। ਜੇਕਰ ਦੁਨੀਆ ਭਰ ਵਿਚ ਅੱਜ ਪੰਜਾਬ ਦੇ ਖਿੱਤੇ ਨੂੰ ਜਾਣਿਆ ਜਾਂਦਾ ਹੈ ਤਾਂ ਇਸ ਵਿਚ ਯਸ਼ ਚੋਪੜਾ ਦਾ ਬਹੁਤ ਵੱਡਾ ਯੋਗਦਾਨ ਸੀ। ਢਾਈ ਕੁ ਸਾਲ ਪਹਿਲਾਂ ਉਹ ਜਲੰਧਰ ਆਏ ਤਾਂ ਉਹਨਾਂ ਦੇ 'ਦਰਸ਼ਨ' ਕਰਨ ਲਈ ਲੋਕਾਂ ਦਾ ਸੈਲਾਬ ਜੁੜ ਗਿਆ। ਉਹਨਾਂ ਨੇ ਸ਼ੁੱਧ ਪੰਜਾਬੀ ਬੋਲ ਕੇ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਮੁਹੱਲਾ ਬਹਾਦਰਗੜ੍ਹ ਨੇੜੇ ਪੈਂਦੇ ਆਪਣੇ ਜੱਦੀ ਘਰ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹਨਾਂ ਭਾਵੁਕ ਹੁੰਦਿਆਂ ਆਖਿਆ ਕਿ ਮੈਂ ਇਸ ਗੱਲੋਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਪੰਜਾਬ ਦੀ ਧਰਤੀ 'ਤੇ ਜਨਮ ਲਿਆ। ਗੱਲ ਕੀ ਕਿ ਵਾਰ-ਵਾਰ ਉਹ ਪੰਜਾਬ ਦੀ ਸਰਜ਼ਮੀਂ ਨੂੰ ਸਿਜਦਾ ਕਰ ਰਹੇ ਸਨ। ਮੂਲ ਰੂਪ ਵਿਚ ਜਲੰਧਰ ਦੇ ਰਹਿਣ ਵਾਲੇ ਯਸ਼ ਚੋਪੜਾ ਨੇ ਬਿਨਾ ਸ਼ੱਕ ਹਿੰਦੀ ਫਿਲਮਾਂ ਵਿਚ ਜੋ ਕੰਮ ਕੀਤਾ, ਉਸ ਦੀ ਬਰਾਬਰਤਾ ਕਰਨ ਦੇ ਹਾਲੇ ਤੱਕ ਕੋਈ ਸੁਪਨਾ ਵੀ ਨਹੀਂ ਵੇਖਿਆ ਜਾ ਸਕਦਾ ਪਰ ਉਹ ਇਕ ਬਾਕਮਾਲ ਪੰਜਾਬੀ ਫਿਲਮ ਬਣਾਉਣਾ ਚਾਹੁੰਦੇ ਸਨ, ਜਿਸ ਦੀ ਸੱਧਰ ਉਹਨਾਂ ਦੇ ਦਿਲ ਵਿਚ ਹੀ ਰਹਿ ਗਈ। ਜਿਸ ਵੇਲੇ ਪੰਜਾਬੀ ਫਿਲਮਾਂ ਵਪਾਰਕ ਪੱਖੋਂ ਸਫਲ ਹੋ ਰਹੀਆਂ ਸਨ ਤਾਂ ਹਿੰਦੀ ਫਿਲਮਸਾਜ਼ ਵੀ ਇਸ ਖੇਤਰ ਵਿਚ ਹੱਥ ਅਜ਼ਮਾਉਣ ਲੱਗੇ। ਓਮ ਪ੍ਰਕਾਸ਼ ਨੇ ਤਾਂ ਮਿਹਰ ਮਿੱਤਲ ਨੂੰ ਲੈ ਕੇ ਫਿਲਮ ਬਣਾ ਵੀ ਦਿੱਤੀ ਸੀ ਅਤੇ ਯਸ਼ ਚੋਪੜਾ ਨੇ ਲੋਕ ਕਹਾਣੀ 'ਸੋਹਣੀ ਮਹੀਂਵਾਲ' ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ਇਸ ਫਿਲਮ ਦਾ ਬਕਾਇਦਾ 'ਕਲੈਪ' ਵੀ ਹੋ ਗਿਆ। ਫਿਲਮ ਵਿਚ ਪਹਿਲੇ ਸਟਾਰ ਰਾਜੇਸ਼ ਖੰਨਾ ਨੂੰ ਬਤੌਰ ਹੀਰੋ ਲੈ ਕੇ ਰੂਪ-ਰੇਖਾ ਬਣਾਉਣੀ ਸ਼ੁਰੂ ਕਰ ਦਿੱਤੀ ਗਈ। ਚੰਡੀਗੜ੍ਹ ਦੇ ਮਹਿੰਗੇ ਹੋਟਲ ਮਾਊਂਟ ਵਿਊ ਦੇ ਉਸ ਵੇਲੇ ਦੇ ਕਮਰਾ ਨੰ: 203 ਵਿਚ ਰਾਜੇਸ਼ ਖੰਨਾ ਨੂੰ ਠਹਿਰਾਇਆ ਗਿਆ। ਉਦਘਾਟਨ ਦੀ ਰਸਮ ਵਿਚ ਗਿਆਨੀ ਜ਼ੈਲ ਸਿੰਘ ਅਤੇ ਭਾਗ ਸਿੰਘ ਵੀ ਸ਼ਾਮਲ ਹੋਏ। ਉਸ ਤੋਂ ਬਾਅਦ ਜਦੋਂ ਹੋਟਲ ਵਿਚ ਫਿਲਮ ਦੀ ਪੂਰੀ ਕਹਾਣੀ ਰਾਜੇਸ਼ ਖੰਨਾ ਨੂੰ ਪਤਾ ਲੱਗੀ ਕਿ ਆਖਰ ਵਿਚ ਸੋਹਣੀ ਘੜੇ 'ਤੇ ਤੈਰ ਕੇ ਮਹੀਂਵਾਲ ਨੂੰ ਮਿਲਣ ਜਾਂਦੀ ਹੈ ਤਾਂ ਉਸ ਨੇ ਪੰਗਾ ਪਾ ਲਿਆ। ਉਹ ਕਹਿੰਦਾ ਕਿ ਕਹਾਣੀ ਵਿਚ ਇਹ ਤਬਦੀਲੀ ਕਰੋ ਕਿ ਸੋਹਣੀ ਦੀ ਜਗ੍ਹਾ ਮਹੀਂਵਾਲ ਘੜੇ 'ਤੇ ਤਰ ਕੇ ਜਾਵੇਗਾ। ਹਾਜ਼ਰ ਸ਼ਖ਼ਸੀਅਤਾਂ ਨੇ ਰਾਜੇਸ਼ ਖੰਨਾ ਨੂੰ ਤਰਕ ਦਿੱਤਾ ਕਿ ਇਹ ਲੋਕ ਗਾਥਾ ਹੈ, ਜਿਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ ਅਤੇ ਫਿਲਮ ਵਿਚ ਹੀਰੋ ਦੇ ਵੀ ਏਨੇ ਵੱਡੇ 'ਪੰਚ' ਹਨ, ਜੋ ਉਸ ਦੀ ਅਹਿਮੀਅਤ ਰਤਾ ਵੀ ਨਹੀਂ ਘੱਟ ਹੋਣ ਦਿੰਦੇ। ਪੱਟ ਦਾ ਮਾਸ ਖੁਆਉਣ ਅਤੇ ਹੋਰ ਵੀ ਕਈ ਦਲੀਲਾਂ ਦਿੱਤੀਆਂ ਪਰ ਸੁਪਰ ਸਟਾਰ ਨੇ ਕਿਸੇ ਦੀ ਨਾ ਸੁਣੀ ਅਤੇ ਫਿਲਮ ਸ਼ੁਰੂ ਹੀ ਨਾ ਹੋ ਸਕੀ। ਇਸ ਤਰ੍ਹਾਂ ਯਸ਼ ਚੋਪੜਾ ਦਾ ਇਹ ਫਿਲਮ ਬਣਾਉਣ ਦਾ ਸੁਪਨਾ ਨਾ ਪੂਰਾ ਹੋ ਸਕਿਆ। ਗਮ 'ਚ ਡੁੱਬਿਆ ਯਸ਼ ਚੋਪੜਾ ਦਾ ਜੱਦੀ ਸ਼ਹਿਰ ਜਲੰਧਰ ਪ੍ਰਸਿੱਧ ਫਿਲਮਸਾਜ਼ ਯਸ਼ ਚੋਪੜਾ ਦੀ ਅਚਾਨਕ ਮੌਤ ਦੀ ਖਬਰ ਸੁਣਦੇ ਹੀ ਉਹਨਾਂ ਦਾ ਜੱਦੀ ਸ਼ਹਿਰ ਜਲੰਧਰ ਸੋਗ 'ਚ ਡੁੱਬ ਗਿਆ ਤੇ ਉਹਨਾਂ ਦੀ ਮੁਹੱਲਾ ਗੋਬਿੰਦਗੜਖ਼ ਸਥਿਤ ਰਿਹਾਇਸ਼ 'ਤੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਹਾਲਾਂਕਿ ਦੇਸ਼ ਦੀ ਵੰਡ ਪਿੱਛੋਂ ਸ੍ਰੀ ਯਸ਼ ਚੋਪੜਾ ਮੁੰਬਈ ਜਾ ਵਸੇ ਸਨ ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਜੱਦੀ ਘਰ ਨਾਲ ਜੁੜੀਆਂ ਹੋਈਆਂ ਹਨ ਤੇ ਅਕਸਰ ਉਹ ਆਪਣੇ ਘਰ ਆਉਂਦੇ ਰਹਿੰਦੇ ਸਨ। ਜਦ ਵੀ ਉਹ ਇੱਥੇ ਆਉਂਦੇ ਆਪਣੇ ਯਾਰਾਂ ਦੋਸਤਾਂ ਨੂੰ ਮਿਲੇ ਬਗੈਰ ਵਾਪਸ ਨਹੀਂ ਸਨ ਜਾਂਦੇ ਤੇ ਅੱਜ ਵੀ ਉਹਨਾਂ ਨਾਲ ਨੇੜਤਾ ਰੱਖਣ ਵਾਲੇ ਲੋਕ ਉਹਨਾਂ ਦੀ ਸਾਦਗੀ, ਹਸਮੁੱਖ, ਮਿਲਾਪੜੇ ਅਤੇ ਦਾਨੀ ਸੁਭਾਅ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਰਹੇ ਸਨ। ਯਸ਼ ਚੋਪੜਾ ਆਪਣੇ 6 ਭਰਾਵਾਂ ਅਤੇ 1 ਭੈਣ ਵਿਚੋਂ ਸਭ ਤੋਂ ਛੋਟੇ ਸਨ। ਉਹਨਾਂ ਦੇ ਇਕ ਭਰਾ ਤੇ ਭੈਣ ਇਸ ਸਮੇਂ ਦਿੱਲੀ ਵਿਚ ਰਹਿ ਰਹੇ ਹਨ। ਯਸ਼ ਚੋਪੜਾ ਦੇ ਜੱਦੀ ਘਰ 'ਚ ਰਹਿ ਰਹੇ ਉਹਨਾਂ ਦੇ ਭਤੀਜੇ ਲਲਿਤ ਚੋਪੜਾ ਦੀ ਧਰਮ ਪਤਨੀ ਸੁਮਨ ਚੋਪੜਾ ਨੇ ਨਮ ਅੱਖਾਂ ਨਾਲ ਯਸ਼ ਚੋਪੜਾ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਆਪਣੇ ਘਰ ਨਾਲ ਹੀ ਲਗਾਅ ਨਹੀਂ ਸੀ ਸਗੋਂ ਉਹ ਸਮੁੱਚੇ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਜਦ ਵੀ ਉਹ ਇੱਥੇ ਆਉਂਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਤੋਂ ਇਲਾਵਾ ਉਹ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ, ਧਾਰਮਿਕ ਅਸਥਾਨਾਂ ਅਤੇ ਹੋਰਨਾਂ ਨੇੜਤਾ ਰੱਖਣ ਵਾਲੇ ਲੋਕਾਂ ਨੂੰ ਜ਼ਰੂਰ ਮਿਲਦੇ। ਉਹਨਾਂ ਦੱਸਿਆ ਕਿ ਯਸ਼ ਚੋਪੜਾ ਦਾ ਆਪਣੇ ਭਤੀਜੇ ਲਲਿਤ ਚੋਪੜਾ ਨਾਲ ਕਾਫੀ ਮੋਹ ਸੀ ਤੇ ਉਹ ਆਖਰੀ ਵਾਰ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਲਲਿਤ ਚੋਪੜਾ ਦੀ ਮੌਤ 'ਤੇ ਹੀ ਜਲੰਧਰ ਆਏ ਸਨ। ਲਲਿਤ ਚੋਪੜਾ ਦੀ ਬੇਟੀ ਭਗਤੀ ਮਹਿਤਾ ਅਤੇ ਵੱਡੇ ਭਤੀਜੇ ਸੁਰਿੰਦਰ ਚੋਪੜਾ ਦੀ ਬੇਟੀ ਭਾਵਨਾ ਕਪੂਰ ਨੇ ਦੱਸਿਆ ਕਿ ਯਸ਼ ਚੋਪੜਾ ਨੇ ਹਮੇਸ਼ਾ ਉਹਨਾਂ ਨੂੰ ਪਿਤਾ ਵਾਂਗ ਪਿਆਰ ਦਿੱਤਾ ਤੇ ਅਕਸਰ ਫੋਨ 'ਤੇ ਉਹਨਾਂ ਨਾਲ ਗੱਲ ਕਰਦੇ ਸਨ। ਸੁਮਨ ਚੋਪੜਾ ਨਾਲ ਤਾਂ ਉਹ ਹਰ ਐਤਵਾਰ ਗੱਲ ਕਰਿਆ ਕਰਦੇ ਸਨ। ਅਜੇ ਪਿਛਲੀ 27 ਸਤੰਬਰ ਨੂੰ ਉਹਨਾਂ ਦੇ ਜਨਮ ਦਿਨ 'ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨਾਲ ਗੱਲ ਕੀਤੀ ਤੇ ਆਖਰੀ ਵਾਰ ਉਹਨਾਂ ਦੇ ਡਰਾਈਵਰ ਨੇ ਉਹਨਾਂ ਦੀ ਸਿਹਤਯਾਬੀ ਦੀ ਖਬਰ ਦਿੱਤੀ ਸੀ ਪਰ ਇਸ ਤੋਂ ਬਾਅਦ ਇਹ ਖਬਰ ਸੁਣ ਕੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਹੋਇਆ। ਪੈਦਲ ਹੀ ਸ਼ਹਿਰ ਘੁੰਮਦੇ ਸਨ : ਯਸ਼ ਚੋਪੜਾ ਦੇ ਨਜ਼ਦੀਕੀ ਦੋਸਤ ਯਸ਼ ਮਲਹੋਤਰਾ ਨੇ ਦੱਸਿਆ ਕਿ ਯਸ਼ ਚੋਪੜਾ ਦਾ ਪਰਿਵਾਰ ਵੰਡ ਤੋਂ ਪਿੱਛੋਂ ਲਾਹੌਰ ਤੋਂ ਆ ਕੇ ਇੱਥੇ ਵਸਿਆ ਸੀ ਤੇ ਯਸ਼ ਚੋਪੜਾ ਨੇ ਇੱਥੇ ਹੀ ਆਪਣੀ ਪੜਖ਼ਾਈ ਪੂਰੀ ਕੀਤੀ। ਜਦ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਜਾਂ ਬਾਜ਼ਾਰ ਘੁੰਮਣ ਜਾਂਦੇ ਤਾਂ ਉਹ ਅਕਸਰ ਪੈਦਲ ਹੀ ਗਲੀਆਂ ਵਿਚੋਂ ਦੀ ਹੋ ਕੇ ਜਾਂਦੇ ਸਨ, ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਸਕਣ। ਕਦੇ ਟਾਈ ਨਹੀਂ ਪਹਿਨੀ : ਇਸੇ ਤਰਖ਼ਾਂ ਉਹਨਾਂ ਦੇ ਮਿੱਤਰ ਰਹੇ ਵਿਸ਼ਵਾ ਮਿੱਤਰ ਦੁੱਗਲ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅਤੇ ਯਸ਼ ਚੋਪੜਾ ਦੀ ਕਾਫੀ ਦੋਸਤੀ ਸੀ ਤੇ ਅਕਸਰ ਯਸ਼ ਚੋਪੜਾ ਉਹਨਾਂ ਦੇ ਘਰ ਸ਼ਤਰੰਜ ਖੇਡਣ ਵਾਲੇ ਲੋਕਾਂ ਨੂੰ ਮਿਲਣ ਲਈ ਆਇਆ ਕਰਦੇ ਸਨ। ਉਹਨਾਂ ਦੱਸਿਆ ਕਿ ਯਸ਼ ਚੋਪੜਾ ਸਦਗੀ ਦੇ ਇੰਨੇ ਮੁਰੀਦ ਸਨ ਕਿ ਉਹਨਾਂ ਆਪਣੀ ਜ਼ਿੰਦਗੀ ਵਿਚ ਕਦੇ ਟਾਈ ਤੱਕ ਨਹੀਂ ਲਾਈ। ਦੁਆਬਾ ਕਾਲਜ ਦੇ ਵਿਦਿਆਰਥੀ ਰਹੇ : ਦੁਆਬਾ ਕਾਲਜ ਦੇ ਪ੍ਰੋਫੈਸਰ ਸੰਦੀਪ ਚਾਹਲ ਨੇ ਯਸ਼ ਚੋਪੜਾ ਦੀਆਂ ਦੁਆਬਾ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਬੀ.ਏ. ਤੱਕ ਇੱਥੇ ਪੜਖ਼ੇ। ਸੰਨ 2004 05 ਵਿਚ ਉਹਨਾਂ ਨੂੰ ਪ੍ਰਿੰਸੀਪਲ ਆਰ.ਪੀ. ਭਾਰਦਵਾਜ ਵਲੋਂ ਦੁਆਬਾ ਐਵਾਰਡ ਨਾਲ ਨਿਵਾਜਿਆ ਗਿਆ ਤੇ ਉਸ ਪਿੱਛੋਂ ਉਹ ਹਰ ਸਾਲ ਦੁਆਬਾ ਕਾਲਜ ਨੂੰ ਇਕ ਇਕ ਲੱਖ ਰੁਪਏ ਭੇਜਦੇ ਰਹੇ ਹਨ। ਜਦੋਂ ਵੀਰ ਜ਼ਾਰਾ ਵੇਲੇ 7 ਦਿਨ ਰਹੇ ਅੰਮ੍ਰਿਤਸਰ ਅੰਮ੍ਰਿਤਸਰ ਨਾਲ ਰਿਹਾ ਖਾਸ ਰਿਸ਼ਤਾ, 2004 ਵਿਚ ਜੀਐਨਡੀਯੂ ਨੇ ਦਿੱਤੀ ਸੀ ਉਪਾਧੀ ਫਿਲਮਾਂ ਦੇ ਯਸ਼। ਯਸ਼ ਚੋਪੜਾ ਦਾ ਅੰਮ੍ਰਿਤਸਰ ਨਾਲ ਖਾਸ ਰਿਸ਼ਤਾ ਰਿਹਾ। ਜਿੱਥੇ ਉਹ ਕਈ ਵਾਰ ਫਿਲਮਾਂ ਦੀ ਸ਼ੂਟਿੰਗ ਦੌਰਾਨ ਗੁਰੂ ਨਗਰੀ ਆਏ, ਉਥੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 2004 ਵਿਚ ਡਾਕਟਰ ਆਫ ਫਿਲਾਸਫੀ ਦੀ ਉਪਾਧੀ ਨਾਲ ਨਿਵਾਜਿਆ ਗਿਆ। ਵੀਰ ਜ਼ਾਰਾ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਅੰਮ੍ਰਿਤਸਰ ਕਰੀਬ ਸੱਤ ਦਿਨ ਤੱਕ ਰਹੇ। ਉਹਨਾਂ ਦੇ ਨਾਲ ਕਰੀਬ ਚਾਲੀ ਤੋਂ ਵੱਧ ਫਿਲਮਾਂ ਕਰਨ ਵਾਲੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਮਨਮੋਹਨ ਸਿੰਘ ਦੋ ਟੁੱਕ ਸ਼ਬਦਾਂ ਵਿਚ ਕਹਿੰਦੇ ਹਨ ਕਿ ਬਾਲੀਵੁੱਡ ਦਾ ਯਸ਼ ਅੱਜ ਚਲਿਆ ਗਿਆ। ਮਨਮੋਹਨ ਸਿੰਘ ਨੇ ਯਸ਼ ਚੋਪੜਾ ਨਾਲ ਸਹਾਇਕ ਨਿਰਦੇਸ਼ਕ ਤੇ ਕੈਮਰਾ ਦੇ ਪਿੱਛੇ ਕਈ ਅਜਿਹੀਆਂ ਫਿਲਮਾਂ ਕੀਤੀਆਂ ਜੋ ਕਿ ਸੁਪਰ ਹਿੱਟ ਰਹੀਆਂ। ਪਿਛਲੇ ਦਸ ਸਾਲਾਂ ਤੋਂ ਮਨਮੋਹਨ ਸਿੰਘ ਦਾ ਪੰਜਾਬੀ ਸਿਨੇਮਾ ਵੱਲ ਝੁਕਾਅ ਵਧਿਆ ਤਾਂ ਉਹਨਾਂ ਨੇ ਬਾਲੀਵੁੱਡ ਫਿਲਮਾਂ ਤੋਂ ਥੋੜ੍ਹਾ ਜਿਹਾ ਕਿਨਾਰਾ ਕਰ ਲਿਆ। ਯਸ਼ ਚੋਪੜਾ ਨੂੰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੀਖਸ਼ਾਂਤ ਸਮਾਰੋਹ 14 ਫਰਵਰੀ 2004 ਨੂੰ ਜਦ ਦਸਮੇਸ਼ ਸਭਾਗਾਰ ਵਿਚ ਉਪਾਧੀ ਦਿੱਤੀ ਗਈ ਤਾਂ ਉਹਨਾਂ ਦੇ ਚਿਹਰੇ 'ਤੇ ਆਈ ਚਮਕ ਨਾਲ ਉਹਨਾਂ ਦੇ ਬੋਲੇ ਗਏ ਸ਼ਬਦਾਂ ਨੇ ਸਾਰਿਆਂ ਨੂੰ ਮੋਹ ਲਿਆ। ਉਹਨਾਂ ਨੇ ਦੋ ਟੁੱਕ ਸ਼ਬਦਾਂ ਨੂੰ ਪੰਜਾਬੀ ਭਾਸ਼ਾ ਵਿਚ ਕਿਹਾ ਕਿ ਉਹ ਅੱਜ ਜਿਸ ਮੁਕਾਮ ਵਿਚ ਹਨ, ਉਹਨਾਂ ਦੇ ਪਿੱਛੇ ਮਿਹਨਤ, ਪ੍ਰਤੀਬੱਧਤਾ, ਇਮਾਨਦਾਰੀ ਨੇ ਉਹਨਾਂ ਨੂੰ ਇਸ ਕਾਬਲ ਬਣਾਇਆ। ਉਹਨਾਂ ਨੂੰ ਮਾਣ ਹੈ ਕਿ ਉਹ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ। ਇਹ ਮਿਲਣ ਵਾਲਾ ਸਨਮਾਨ ਉਹਨਾਂ ਲਈ ਜ਼ਿੰਦਗੀ ਭਰ ਦਾ ਸਰਵੋਤਮ ਸਨਮਾਨ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਪੁੱਜੇ ਯਸ਼ ਚੋਪੜਾ ਨਾਲ ਬੇਬਾਕ ਗੱਲਬਾਤ ਕਰਨ ਵਾਲਾ ਐਸਜੀਪੀਸੀ ਦੇ ਸੂਚਨਾ ਅਧਿਕਾਰੀ ਜਸਵਿੰਦਰ ਜੱਸੀ ਕਹਿੰਦੇ ਹਨ ਕਿ ਯਸ਼ ਚੋਪੜਾ ਨੂੰ ਜਦ ਉਹ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਏਨੀ ਵੱਡੀ ਹਸਤੀ ਨੂੰ ਵੇਖਣ ਤੇ ਏਨੀ ਸਫਲਤਾ ਨਾਲ ਗੱਲਬਾਤ ਅਤੇ ਮਿਲਣਸਾਰ ਵਿਵਹਾਰ ਇਹ ਸਭ ਕੁਝ ਉਹਨਾਂ ਦੇ ਵਡੱਪਣ ਨੂੰ ਦਰਸਾਉਂਦਾ ਹੈ। ਪੰਜਾਬੀ ਫਿਲਮਾਂ ਦੇ ਪ੍ਰਮੋਟਰ ਨਵਤੇਜ ਸੰਧੂ ਦੱਸਦੇ ਹਨ ਕਿ ਉਹਨਾਂ ਨੂੰ ਕਈ ਵਾਰ ਯਸ਼ ਚੋਪੜਾ ਨੂੰ ਮਿਲਣ ਦਾ ਮੌਕਾ ਮਿਲਿਆ। ਖਾਸ ਗੱਲ ਇਹ ਸੀ ਕਿ ਉਹ ਖੁਦ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਜਾ ਕੇ ਦਰਸ਼ਕਾਂ ਦਰਮਿਆਨ ਆਮ ਇਨਸਾਨ ਦੀ ਤਰ੍ਹਾਂ ਇਹ ਜਾਣਨ ਦੀ ਕੋਸ਼ਿਸ਼ ਕਰਿਆ ਕਰਦੇ ਸਨ ਕਿ ਉਹ ਕਿਵੇਂ ਫਿਲਮਾਂ ਚਾਹੁੰਦੇ ਹਨ। ਯਸ਼ ਰਾਜ ਜੀ ਦੀ ਪੰਜਾਬੀ ਫਿਲਮ ... ਇਕ ਸਪਨਾ ਜੋ ਅਧੂਰਾ ਰਹਿ ਗਿਆ ਸਾਲ 1984 ਦੀ ਗੱਲ ਹੈ, ਤਦ ਮੋਬਾਇਲ ਨਹੀਂ ਹੁੰਦੇ ਸਨ। ਮੁੰਬਈ ਤੋਂ ਮੇਰੇ ਲੈਂਡਲਾਈਨ 'ਤੇ ਫੋਨ ਆਇਆ੩.. . ਮੈਂ ਯਸ਼ ਚੋਪੜਾ ਬੋਲ ਰਿਹਾ ਹਾਂ, ਤੁਹਾਡੀ ਬੇਤਾਬ ਅਤੇ ਸੌਤਨ ਫਿਲਮ ਦੇਖੀ ਹੈ। ਕੀ ਕੱਲ੍ਹ ਮੈਨੂੰ ਮਿਲਣ ਆ ਸਕਦੇ ਹੋ। ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੇਰੇ ਵਰਗੇ ਬੰਦੇ ਨੂੰ ਯਸ਼ ਚੋਪੜਾ ਵਰਗੀ ਹਸਤੀ ਨੇ ਖੁਦ ਫੋਨ ਕਰਕੇ ਬੁਲਾਇਆ ਹੋਵੇ। ਅਗਲੀ ਸਵੇਰ ਮੈਂ ਉਹਨਾਂ ਦੇ ਦਫਤਰ ਪਹੁੰਚ ਗਿਆ। ਉਥੇ ਮੁਲਾਕਾਤ ਹੋਈ। ਉਸ ਦਿਨ ਤੋਂ ਲੈ ਕੇ ਅੱਜ ਤੱਕ ਯਸ਼ ਚੋਪੜਾ ਦਾ ਮੇਰੇ 'ਤੇ ਅਸ਼ੀਰਵਾਦ ਬਣਿਆ ਰਿਹਾ। ਦੋ ਹਫਤੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਣ ਗਿਆ ਸੀ। ਮੈਨੂੰ ਕਹਿਣ ਲੱਗੇ.. . ਮਨਮੋਹਨ... ਹੁਣ ਤੂੰ ਮੇਰੇ ਲਈ ਇਕ ਪੰਜਾਬੀ ਫਿਲਮ ਬਣਾ। ਮੈਨੂੰ ਆਪਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਬਹੁਤ ਪਿਆਰ ਹੈ। ਮੈਂ ਉਹਨਾਂ ਦੀ ਇੱਛਾ ਨੂੰ ਪੂਰਾ ਕਰਨ ਦੀ ਹਾਮੀ ਭਰ ਦਿੱਤੀ। ਯਸ਼ ਜੀ ਦੀ ਫਿਲਮ ਦੇ ਲਈ ਵਿਸ਼ਾ ਤਲਾਸ਼ ਕਰ ਰਿਹਾ ਸਾਂ। ਹੁਣ ਇਹ ਭਾਲ ਆਪਣੇ ਆਪ ਮੁੱਕ ਗਈ। ਉਹਨਾਂ ਦੀ ਇਸ ਇੱਛਾ ਨੂੰ ਮੈਂ ਹੁਣ ਕਦੀ ਵੀ ਪੂਰਾ ਨਹੀਂ ਕਰ ਪਾਵਾਂਗਾ। ਮੈਨੂੰ ਉਹਨਾਂ ਦੇ ਨਾਲ ਕੀਤੀ ਗਈ ਆਪਣੀ ਇਕ ਇਕ ਫਿਲਮ ਯਾਦ ਹੈ। ਉਹ ਹਰ ਫਿਲਮ ਵਿਚ ਮੈਨੂੰ ਕੁਝ ਨਵਾਂ ਸਿਖਾਉਂਦੇ। 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ', 'ਮੁਹੱਬਤੇਂ', 'ਦਿਲ ਤੋ ਪਾਗਲ ਹੈ', 'ਚਾਂਦਨੀ', 'ਲਮਹੇਂ' ਅਤੇ 'ਡਰ' ਵਰਗੀਆਂ ਵੱਡੀਆਂ ਫਿਲਮਾਂ ਉਹਨਾਂ ਦੀ ਵੱਖਰੀ ਸੋਚ ਕਾਰਨ ਸੁਪਰ ਡੁਪਰ ਹਿੱਟ ਹੋਈਆਂ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਨ੍ਹਾਂ ਸਾਰੀਆਂ ਫਿਲਮਾਂ ਵਿਚ ਉਹਨਾਂ ਦੇ ਨਾਲ ਸੀ। ਬੱਸ ਮਨ ਉਦਾਸ ਹੈ ਹੋਰ ਗੱਲ ਨਹੀਂ ਹੁੰਦੀ। ਮਨਮੋਹਨ ਸਿੰਘ ਪੰਜਾਬੀ ਫਿਲਮ ਡਾਇਰੈਕਟਰ ਯਸ਼ ਹਮੇਸ਼ਾ ਮੇਰੇ ਨਾਲ ਰਹਿਣਗੇ : ਸ਼ਾਹਰੁਖ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਫਿਲਮ ਨਿਰਮਾਤਾ ਯਸ਼ ਚੋਪੜਾ ਦੇ ਦਿਹਾਂਤ 'ਤੇ ਬਹੁਤ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦਾ ਨਿੱਜੀ ਨੁਕਸਾਨ ਹੈ ਤੇ ਉਹ ਯਸ਼ ਚੋਪੜਾ ਨੂੰ ਹਮੇਸ਼ਾ ਆਪਣੇ ਦਿਲ 'ਚ ਰੱਖਣਗੇ। ਸ਼ਾਹਰੁਖ ਖਾਨ ਨੇ ਆਪਣੇ ਫੇਸ ਬੁੱਕ ਪੇਜ਼ 'ਤੇ ਲਿਖਿਆ ਜਦ ਉਨ੍ਹਾਂ ਦਾ ਕੋਈ ਪਿਆਰਾ ਇਸ ਦੁਨੀਆ ਤੋਂ ਵਿਦਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੇ ਨਾਲ ਉਨ੍ਹਾਂ ਦਾ ਇਕ ਹਿੱਸਾ ਵੀ ਚਲਾ ਗਿਆ ਹੈ। ਇਕ ਦਿਨ ਅਜਿਹਾ ਆਵੇਗਾ ਜਦ ਉਸ ਕੋਲ ਕੁਝ ਨਹੀਂ ਹੋਵੇਗਾ। ਫਿਰ ਵਿਚਾਰ ਆਉਂਦਾ ਹੈ ਕਿ ਹਰ ਵਾਰ ਉਹ ਉਸਦੇ ਕੁਝ ਹਿੱਸੇ ਨੂੰ ਆਪਣੇ ਨਾਲ ਅੰਤਿਮ ਯਾਤਰਾ 'ਤੇ ਲੈ ਜਾਂਦੇ ਹਨ। ਉਹ ਉਨ੍ਹਾਂ ਦਾ ਇਕ ਹਿੱਸਾ ਖੁਦ 'ਚ ਵੀ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਮੇਸ਼ਾਂ ਆਪਣੇ ਹਰਮਨ ਪਿਆਰਿਆਂ ਲਈ ਪਿਆਰ ਹੋਵੇਗਾ ਤੇ ਉਸ ਨੇ ਆਪਣੇ ਜਿਨ੍ਹਾਂ ਲੋਕਾਂ ਨੂੰ ਗੁਆਇਆ ਹੈ ਉਹ ਹਮੇਸ਼ਾਂ ਉਨ੍ਹਾਂ ਦੀ ਕਮੀ ਮਹਿਸੂਸ ਕਰਦੇ ਹਨ। 'ਯਸ਼ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ ਤੇ ਮੈਂ ਹਮੇਸ਼ਾਂ ਤੁਹਾਡੀ ਕਮੀ ਮਹਿਸੂਸ ਕਰਾਂਗਾ।' ਯਸ਼ ਨੇ ਸ਼ਾਹਰੁਖ ਦੀ ਡਰ, ਦਿਲ ਤੋ ਪਾਗਲ ਹੈ ਤੇ ਵੀਰਜ਼ਾਰਾ ਵਰਗੀਆਂ ਫਿਲਮਾਂ ਦਾ ਨਿਰਦੇਸ਼ਕ ਕੀਤਾ। |
Friday, 11 October 2013
ਰੁਮਾਂਟਿਕ ਫਿਲਮਾਂ ਦੇ ਬਾਦਸ਼ਾਹ ਯਸ਼ ਚੋਪੜਾ
Subscribe to:
Post Comments (Atom)
No comments:
Post a Comment