Saturday, 12 October 2013

ਫ਼ਿਲਮੀ ਗੀਤਾਂ ਦਾ ਜਾਦੂਗਰ ਸਾਹਿਰ ਲੁਧੀਆਣਵੀ


ਸਾਹਿਰ ਲੁਧਿਆਣਵੀ (ਵਿਚਕਾਰ) ਦੀ ਇੱਕ ਯਾਦਗਾਰੀ ਫੋਟੋ

ਸਾਹਿਰ ਦਾ ਜਨਮ 8 ਮਾਰਚ 1921 ਨੂੰ ਲੁਧਿਆਣਾ ਵਿੱਚ ਹੋਇਆ। ਆਪਣੇ ਨਾਂ ਨਾਲ ਜੋੜ ਕੇ ਇਸ ਸ਼ਹਿਰ ਨੂੰ ਸਾਹਿਰ ਨੇ ਫ਼ਿਲਮ ਜਗਤ ਵਿੱਚ ਮਸ਼ਹੂਰ ਕਰ ਦਿੱਤਾ। ਸਾਹਿਰ ਦੇ ਫ਼ਿਲਮੀ ਗੀਤ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਉਹ ਕਈ ਦਹਾਕੇ ਪਹਿਲਾਂ ਸਨ। ਇਨ੍ਹਾਂ ਦੀ ਮਕਬੂਲੀਅਤ ਦੇ ਕਾਰਨ ਹਨ: ਸਰਲ ਭਾਸ਼ਾ, ਢੁਕਵੀਂ ਸ਼ਬਦਾਵਲੀ, ਸੰਗੀਤਕ ਵਿਸ਼ੇਸ਼ਤਾ, ਉੱਚਾ ਸਾਹਿਤਕ ਪੱਧਰ, ਇਨਸਾਨੀ ਅਹਿਸਾਸਾਂ ਦੀ ਸਹੀ ਤਰਜਮਾਨੀ, ਅਨੇਕਤਾ, ਆਮ ਲੋਕਾਂ ਦੀਆਂ ਲੋੜਾਂ ਦੀ ਤਰਜਮਾਨੀ, ਨਵੇਂ ਸਮਾਜ ਦੀ ਸਿਰਜਨਾ ਦੀ ਪ੍ਰੇਰਨਾ, ਜ਼ੁਲਮ ਅਤੇ ਵਿਤਕਰੇ     ਵਿਰੁੱਧ ਬਗ਼ਾਵਤ ਅਤੇ ਸਦੀਵੀ ਸੱਚਾਈਆਂ ਨੂੰ ਸਾਧਾਰਨ ਲੋਕਾਂ ਦੇ ਧਿਆਨ ਵਿੱਚ ਲਿਆਉਣਾ।

ਸਾਹਿਰ ਫ਼ਿਲਮੀ ਜਗਤ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸ਼ਾਇਰ ਵਜੋਂ ਜਾਣਿਆ ਜਾਂਦਾ ਸੀ। 1944 ਵਿੱਚ ਆਪਣੀ ਪਹਿਲੀ ਕਿਤਾਬ ‘ਤਲਖ਼ੀਆਂ’ ਨਾਲ ਹੀ 23 ਸਾਲ ਦੀ ਉਮਰ ਵਿੱਚ ਉਸ ਦੀ ਗਿਣਤੀ ਉੱਚ ਕੋਟੀ ਦੇ ਕਵੀਆਂ ਵਿੱਚ ਹੋਣ ਲੱਗੀ। ਇਸੇ ਤਰ੍ਹਾਂ 1950 ਵਿੱਚ ਰਿਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੇ ਸਦਾਬਹਾਰ ਗੀਤ ਲਿਖਣ ਨਾਲ ਉਸ ਦੀ ਧਾਕ ਫ਼ਿਲਮੀ ਜਗਤ ਵਿੱਚ ਬੈਠ ਗਈ। 50ਵਿਆਂ ਵਿੱਚ ਹੋਰ ਵੀ ਪ੍ਰਸਿੱਧ ਉਰਦੂ ਦੇ ਕਵੀ ਫ਼ਿਲਮੀ ਦੁਨੀਆਂ ਵਿੱਚ ਆਏ ਪਰ ਜੋ ਕਾਮਯਾਬੀ ਸਾਹਿਰ ਦੇ ਹਿੱਸੇ ਆਈ ਉਹ ਹੋਰ ਕਿਸੇ ਨੂੰ ਨਸੀਬ ਨਾ ਹੋਈ।

ਸਾਹਿਰ ਨੇ 30 ਸਾਲਾਂ ਵਿੱਚ 30 ਸੰਗੀਤਕਾਰਾਂ ਤੇ 100 ਫ਼ਿਲਮਾਂ ਲਈ ਗੀਤ ਲਿਖੇ। ਬਹੁਤੀਆਂ ਫ਼ਿਲਮਾਂ ਤਾਂ ਉਸ ਦੇ ਗੀਤਾਂ ਕਰਕੇ ਹੀ ਸਿਲਵਰ ਅਤੇ ਗੋਲਡਨ ਜੁਬਲੀ ਮਨਾ ਗਈਆਂ। ਉਸ ਦੀ ਫ਼ਿਲਮ ‘ਕਭੀ ਕਭੀ’ ਦੇ ਰਿਕਾਰਡਾਂ ਨੇ ਤਾਂ ਅਗਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਬੇਮਿਸਾਲ ਸਫ਼ਲਤਾ ਲਈ ਗਰਾਮੋਫੋਨ ਕੰਪਨੀ ਨੇ ਸਾਹਿਰ ਨੂੰ ਸੋਨੇ ਦੇ ਰਿਕਾਰਡ ਨਾਲ ਨਿਵਾਜਿਆ। ਇਸੇ ਤਰ੍ਹਾਂ 1956 ਵਿੱਚ ਬਣੀ ਫ਼ਿਲਮ ‘ਪਿਆਸਾ’ ਨੇ ਫ਼ਿਲਮੀ ਗੀਤਾਂ ਨੂੰ ਸਾਹਿਤਕ ਸ਼ਾਇਰੀ ਦੇ ਸਿਖਰ ਤਕ ਪਹੁੰਚਾ ਦਿੱਤਾ। ਇਸ ਫ਼ਿਲਮ ਦੇ ਸਾਰੇ ਹੀ ਗੀਤ ਹਿੱਟ ਹੋਏ। ਸਾਹਿਰ ਦੇ ਗੀਤਾਂ ਨੇ ਕਈ ਬੇਨਾਮ ਸੰਗੀਤਕਾਰਾਂ ਨੂੰ ਮਸ਼ਹੂਰ ਕਰ ਦਿੱਤਾ ਅਤੇ ਕਈ ਅਗਿਆਤ ਗਾਇਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ। ਸੁਧਾ ਮਲਹੋਤਰਾ ਅਤੇ ਖ਼ਿਆਮ ਇਸ ਦੀਆਂ ਉਦਾਹਰਣਾਂ ਹਨ।

ਸਾਹਿਰ ਬੜਾ ਖ਼ੁਦਦਾਰ ਇਨਸਾਨ ਸੀ। ਉਸ ਨੇ ਗਰਾਮੋਫੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਲੇਖਕ ਦਾ ਨਾਂ ਲਿਖਣ ਲਈ ਮਜਬੂਰ ਕੀਤਾ। ਉਨ੍ਹਾਂ ਲੇਖਕਾਂ ਨੂੰ ਰਾਇਲਟੀ ਦੇਣ ਲਈ ਵੀ ਮਨਵਾਇਆ। ਇਸੇ ਤਰ੍ਹਾਂ ਰੇਡੀਓ ਗਾਇਕ ਤੇ ਸੰਗੀਤ ਨਿਰਦੇਸ਼ਕ ਦੇ ਨਾਲ-ਨਾਲ ਲੇਖਕ ਦਾ ਨਾਂ ਨਸ਼ਰ ਕਰਨ ਲਈ ਰਜ਼ਾਮੰਦ ਕੀਤਾ।

ਸਾਹਿਰ ਦੇ ਗੀਤਾਂ ਵਿੱਚ ਲਫ਼ਜ਼ ਮੋਤੀਆਂ ਵਾਂਗ ਲੜੀਆਂ ਵਿੱਚ ਪਰੋਏ ਹੁੰਦੇ ਸਨ, ਜੋ ਫਿਲਮੀ ਪਾਤਰ ਦੀ ਸ਼ਖ਼ਸੀਅਤ ਨਾਲ ਪੂਰਾ ਮੇਲ ਖਾਂਦੇ ਸਨ। ਸਾਹਿਰ ਦੇ ਗੀਤਾਂ ਵਿੱਚ ਅਨੇਕਤਾ ਸੀ। ਇਹ ਰੁਮਾਂਟਿਕ ਹੀਰੋ-ਹੀਰੋਇਨਾਂ ਤੋਂ ਇਲਾਵਾ ਮੰਗਤਿਆਂ, ਮਜ਼ਦੂਰਾਂ, ਨੌਜਵਾਨਾਂ, ਤੇਲ ਮਾਲਸ਼ ਕਰਨ ਵਾਲਿਆਂ, ਨਚਾਰਾਂ, ਕਵਾਲਾਂ, ਮਛੇਰਿਆਂ, ਕਿਸਾਨਾਂ, ਬੱਚਿਆਂ, ਬੁੱਢਿਆਂ, ਗੱਭਰੂਆਂ, ਮੁਟਿਆਰਾਂ, ਚੋਰਾਂ, ਡਾਕੂਆਂ ਅਤੇ ਹੋਰ ਬਹੁਤ ਸਾਰੇ ਕਿਰਦਾਰਾਂ ’ਤੇ ਫਿਲਮਾਏ ਗਏ। ਇਨ੍ਹਾਂ ਵਿੱਚ ਦਰਦ ਭਰੇ, ਰਸਭਰੇ, ਚੁਲਬੁਲੇ, ਹਾਸਰਸ, ਦੇਸ਼ ਭਗਤੀ ਵਾਲੇ, ਭਜਨ, ਦੋਗਾਣੇ, ਕੋਰਸ, ਕੱਵਾਲੀਆਂ, ਬੋਲੀਆਂ, ਟੱਪੇ, ਲੋਕ ਰੰਗ, ਗੱਲ ਕੀ ਹਰ ਪ੍ਰਕਾਰ ਦੇ ਗੀਤ ਹਨ। ‘ਨਯਾ ਦੌਰ’ ਫ਼ਿਲਮ ਵਿੱਚ ਪਹਿਲੀ ਵਾਰ ਸਾਹਿਰ ਨੇ ਪੰਜਾਬੀ ਬੋਲੀ ਅਤੇ ਟੱਪੇ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੇ। ਫ਼ਿਲਮ ‘ਕਾਲਾ ਪੱਥਰ’ ਵਿੱਚ ਪ੍ਰੀਕਸ਼ਤ ਸਾਹਨੀ ’ਤੇ ਫ਼ਿਲਮਾਇਆ ਗੀਤ ‘ਇਸ਼ਕ ਔਰ ਮੁਸ਼ਕ ਕਦੇ ਨਾ ਛੁਪਦੇ ਚਾਹੇ ਲੱਖ ਛੁਪਾਈਏ’ ਅੱਜ ਵੀ ਸਰੋਤਿਆਂ ਦੇ ਮੂੰਹ ’ਤੇ ਚੜ੍ਹਿਆ ਹੋਇਆ ਹੈ। ਇਹ ਰਿਵਾਜ ਅੱਜ ਤਕ ਚੱਲ ਰਿਹਾ ਹੈ, ਜਦੋਂ ਹਰ ਕਾਮਯਾਬ ਫ਼ਿਲਮ ਵਿੱਚ ਘੱਟੋ-ਘੱਟ ਇੱਕ ਗੀਤ ਪੰਜਾਬੀ ਬੋਲਾਂ ਅਤੇ ਧੁਨਾਂ ਵਾਲਾ ਹੁੰਦਾ ਹੈ।

ਜਿਨ੍ਹਾਂ ਫ਼ਿਲਮਾਂ ਲਈ ਸਾਹਿਰ ਨੇ ਗੀਤ ਲਿਖੇ ਉਨ੍ਹਾਂ ਦੀ ਅੱਖਰ ਕ੍ਰਮਵਾਰ ਸੂਚੀ ਇਸ ਤਰ੍ਹਾਂ ਹੈ: ‘ਆਂਖੇਂ’, ‘ਅੰਗਾਰੇ’, ‘ਆਜ ਔਰ ਕੱਲ੍ਹ’, ‘ਆਦਮੀ ਔਰ ਇਨਸਾਨ’, ‘ਅਮਾਨਤ’, ‘ਅਰਮਾਨ’, ‘ਅਲਫ਼ ਲੈਲਾ’, ‘ਏਕ ਮਹਿਲ ਹੋ ਸਪਨੋਂ ਕਾ’, ‘ਇਨਸਾਫ਼ ਕਾ ਤਰਾਜ਼ੂ’, ‘ਇੱਜ਼ਤ’, ‘ਸਜ਼ਾ’, ‘ਸਮਾਜ ਕੋ ਬਦਲ ਡਾਲੋ’, ‘ਸਾਧਨਾ’, ‘ਸੋਨੇ ਕੀ ਚਿੜੀਆ’, ‘ਸ਼ੋਲੇ’, ‘ਸਕੂਨ’, ‘ਸ਼ਹਿਨਸ਼ਾਹ’, ‘ਹਮ ਹਿੰਦੁਸਤਾਨੀ’, ‘ਹਮ ਕਿਸੀ ਸੇ ਕਮ ਨਹੀਂ’, ‘ਹਮ ਤੇਰੇ ਆਸ਼ਕ ਹੈ’, ‘ਹਮ ਦੋਨੋਂ’, ‘ਹਮਰਾਜ਼’, ‘ਕਾਜਲ’, ‘ਕਭੀ ਕਭੀ’, ‘ਕਾਲਾ ਪੱਥਰ’, ‘ਗੰਗਾ ਤੇਰਾ ਪਾਣੀ ਅੰਮ੍ਰਿਤ’, ‘ਗ਼ਜ਼ਲ’, ‘ਗਰਲ ਫਰੈਂਡ’, ‘ਗੁਮਰਾਹ’, ‘ਘਰ ਨੰਬਰ 44’, ‘ਚਿੰਗਾਰੀ’, ‘ਚਿਤਰਲੇਖਾ’, ‘ਚਾਰ ਦਿਲ ਚਾਰ ਰਾਹੇਂ’, ‘ਚਾਂਦੀ ਕੀ ਦੀਵਾਰ’, ‘ਚੰਦਰਕਾਂਤਾ’, ‘ਚੰਬਲ ਕੀ ਕੁਈਨ’, ‘ਜਾਗ੍ਰਿਤੀ’, ‘ਜੋਸ਼ੀਲਾ’, ‘ਜ਼ਮੀਰ’, ‘ਜੋਰੂ ਕਾ ਭਾਈ’, ‘ਜਾਲ’, ‘36 ਘੰਟੇ’, ‘ਟੈਕਸੀ ਡਰਾਈਵਰ’, ‘ਤਾਜ ਮਹੱਲ’, ‘ਤ੍ਰਿਸ਼ੂਲ’, ‘ਦੋ ਕਲੀਆਂ’, ‘ਦਾਗ਼’, ‘ਦੂਜ ਕਾ ਚਾਂਦ’, ‘ਦਾਸਤਾਨ’, ‘ਦੀਦੀ’, ‘ਦਿ ਬਰਨਿੰਗ ਟਰੇਨ’, ‘ਦੋਰਾਹਾ’, ‘ਦੇਵਦਾਸ’, ‘ਦਿਲ ਹੀ ਤੋ ਹੈ’, ‘ਦੀਵਾਰ’, ‘ਦਿੱਲੀ ਕਾ ਡਾਕੂ’, ‘ਧੁੰਦ’, ‘ਧੂਲ ਕਾ ਫੁੂਲ’, ‘ਨਯਾ ਸੰਸਾਰ’, ‘ਨਯਾ ਦੌਰ’, ‘ਨਯਾ ਰਾਸਤਾ’, ‘ਨੌਜਵਾਨ’, ‘ਨਾਚ ਘਰ’, ‘ਨੰਨ੍ਹਾ ਫਰਿਸ਼ਤਾ’, ‘ਨੀਲ ਕਮਲ’, ‘ਨਵਾਬ ਸ਼ਾਹ’, ‘ਪਿਆਸਾ’, ‘ਪਿਆਰ ਕਾ ਬੰਧਨ’, ‘ਪੈਸਾ ਔਰ ਪਿਆਰ’, ‘ਪਿਆਰ ਕੀਆ ਤੋ ਡਰਨਾ ਕਯਾ’, ‘ਫੰਟੂਸ਼’, ‘ਫਿਰ ਸੁਬ੍ਹਾ ਹੋਗੀ’, ‘ਬਹੂ ਬੇਟੀ’, ‘ਬਹੂ ਰਾਣੀ’, ‘ਬਹੂ ਬੇਗ਼ਮ’, ‘ਬਾਜ਼ੀ’, ‘ਬਾਬਰ’, ‘ਬਾਬਲ’, ‘ਬਰਸਾਤ ਕੀ ਰਾਤ’, ‘ਬਲੈਕ ਕੈਟ’, ‘ਬੜੀ ਬਹੂ’, ‘ਭਾਈ ਬਹਿਨ’, ‘ਭੀਗੀ ਰਾਤ’, ‘ਮਹਿਮਾਨ’, ‘ਮੁਝੇ ਜੀਨੇ ਦੋ’, ‘ਮਾਸੂਮ’, ‘ਮੁਨੀਮ ਜੀ’, ‘ਮਨ ਕੀ ਆਖੇਂ’, ‘ਮਿਲਾਪ’, ‘ਮੈਰੀਨ ਡਰਾਈਵ’, ‘ਰੇਲਵੇ ਪਲੇਟਫਾਰਮ’, ‘ਲੂਟਮਾਰ’, ‘ਲਕਸ਼ਮੀ’, ‘ਲੈਲਾ ਮਜਨੂੰ’, ‘ਲਾਲ ਕੰਵਰ’, ‘ਲਾਈਟ ਹਾਊਸ’, ‘ਵਕਤ’ ਤੇ ‘ਵਾਸਨਾ’ ਆਦਿ।

ਸਾਹਿਰ ਦਾ ਮੰਤਵ ਫ਼ਿਲਮੀ ਗੀਤਾਂ ਵਿੱਚ ਮਹਿਜ਼ ਮਨਪਰਚਾਵਾ ਨਹੀਂ ਸੀ। ਇਸ ਸ਼ਕਤੀਸ਼ਾਲੀ ਮਾਧਿਆਮ ਨੂੰ ਉਸ ਨੇ ਸਮਾਜ ਦੀਆਂ ਕੁਰੀਤੀਆਂ ਅਤੇ ਕਰਤੂਤਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਤਿਆ ਤਾਂ ਕਿ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ, ਜਿਸ ਵਿੱਚ ਭੁੱਖ-ਨੰਗ, ਜ਼ੁਲਮ- ਜਬਰ, ਊਚ-ਨੀਚ ਲਈ ਕੋਈ ਥਾਂ ਨਾ ਹੋਵੇ। ਸਭ ਨੂੰ ਇਨਸਾਫ਼ ਅਤੇ ਆਪਣੀ ਮਿਹਨਤ ਦਾ ਸਹੀ ਇਵਜ਼ਾਨਾ ਮਿਲੇ। ਜਿਸ ਵਿੱਚ ਧਰਮ ਅਤੇ ਜਾਤ ਦੀ ਆੜ ਵਿੱਚ ਕਿਸੇ ਨਾਲ ਵਿਤਕਰਾ ਨਾ ਹੋਵੇ ਅਤੇ ਨਾ ਉਸ ਦਾ ਸ਼ੋਸ਼ਣ ਕੀਤਾ ਜਾਵੇ। ਸਾਹਿਰ ਨੇ ਆਪਣਾ ਸੁਨੇਹਾ ਬੜੇ ਸਪਸ਼ਟ ਸ਼ਬਦਾਂ ਵਿੱਚ ਨਿਡਰ ਹੋ ਕੇ ਦਿੱਤਾ। ਔਰਤਾਂ ਦੇ ਪੱਖ ਵਿੱਚ ਉਹ ਡਟ ਕੇ ਖੜ੍ਹਾ ਹੋਇਆ। ਕੁਝ ਉਦਾਹਰਣਾਂ ਹਨ:

ਫਾਕੋਂ ਕੀ ਚਿਤਾਓਂ ਪਰ ਜਿਸ ਦਿਨ 

ਇਨਸਾਨ ਨਾ ਜਲਾਏ ਜਾਏਂਗੇ

ਸੀਨੋ ਕੇ ਦਹਿਕਤੇ ਦੋਜ਼ਖ਼ ਮੇਂ 

ਅਰਮਾਂ ਨਾ ਜਲਾਏ ਜਾਏਂਗੇ

ਯਹ ਨਰਕ ਸੇ ਭੀ ਗੰਦੀ ਦੁਨੀਆਂ

ਜਬ ਸਵਰਗ ਬਣਾਈ ਜਾਏਗੀ

ਵੋਹ ਸੁਬ੍ਹਾ ਕਭੀ ਤੋ ਆਏਗੀ।

ਸਾਹਿਰ ਦੇ ਗੀਤਾਂ ਦੀਆਂ ਧੁਨਾਂ ਉਸ ਵੇਲੇ ਦੇ ਸਾਰੇ ਹੀ ਮਸ਼ਹੂਰ ਸੰਗੀਤਕਾਰਾਂ ਨੇ ਬਣਾਈਆਂ ਅਤੇ ਸਾਰੇ ਪ੍ਰਸਿੱਧ ਗਾਇਕਾਂ ਨੇ ਇਨ੍ਹਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗਾਇਆ। ਇਸ ਨਾਲ ਸੋਨੇ ’ਤੇ ਸੁਹਾਗੇ ਵਾਲਾ ਕੰਮ ਹੋਇਆ ਅਤੇ ਇਹ ਸਦਾਬਹਾਰ ਗੀਤ ਅਮਰ ਹੋ ਗਏ।

ਸਾਹਿਰ ਦੀ ਸਾਹਿਤਕ ਸ਼ਾਇਰੀ ਵਾਲੇ ਗੁਣ ਉਸ ਦੇ ਫ਼ਿਲਮੀ ਗੀਤਾਂ ਵਿੱਚ ਵੀ ਹਨ। ਇਹ ਰੁਮਾਂਚਕ ਅਹਿਸਾਸਾਂ ਅਤੇ ਅਗਾਂਹਵਧੂ ਵਿਚਾਰਾਂ ਦਾ ਵਡਮੁੱਲਾ ਖ਼ਜ਼ਾਨਾ ਹਨ। ਇਹ ਅਨਪੜ੍ਹ ਫ਼ਿਲਮ ਦਰਸ਼ਕਾਂ ਅਤੇ ਸੂਝਵਾਨ ਬੁੱਧੀਜੀਵੀਆਂ ਦੋਵਾਂ ਦੇ ਦਿਲਾਂ ਨੂੰ ਟੁੰਬਦੇ ਹਨ। ਸਾਹਿਰ ਨੂੰ ਇਸ ਦੁਨੀਆਂ ਤੋਂ ਗਿਆਂ ਕਈ ਵਰ੍ਹੇ ਹੋ ਗਏ ਹਨ ਪਰ ਉਸ ਦੇ ਗੀਤ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਮਨਾਂ ਨੂੰ ਆਪਣੇ ਜਾਦੂ ਦੀ ਜਕੜ ਵਿੱਚ ਬੰਨ੍ਹੀ ਰੱਖਣਗੇ।


-ਅਮਰਜੀਤ ਸਿੰਘ ਹੇਅਰ


No comments:

Post a Comment