Saturday 28 September 2013

ਪੀੜਾਂ ਦਾ ਪਰਾਗਾ " ਸ਼ਿਵ ਕੁਮਾਰ ਬਟਾਲਵੀ "




ਮਿਰਚਾਂ ਦੇ ਪੱਤਰ
ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਏ ਵੇ
ਕਿਉਂ ਕੋਈ ਡਾਚੀ ਸਾਗਰ ਖ਼ਾਤਰ
ਮਾਰੂਥਲ ਛੱਡ ਜਾਏ ਵੇ ।
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜ੍ਹਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ 'ਤੇ ਲਾਏ ਵੇ ।
ਗ਼ਮ ਦਾ ਮੋਤੀਆ ਉਤਰ ਆਇਆ
ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ
ਜਿੰਦੜੀ ਕਿੰਜ ਮੁਕਾਏ ਵੇ ।
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ
ਹਰੀਅਲ ਆਣ ਉਡਾਏ ਵੇ ।
ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ ।
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਜ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ ।
ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ ਦੇ ਜ਼ੁਲਮੀ ਰਾਜੇ
ਬਿਰਹੋਂ ਬਾਣ ਚਲਾਏ ਵੇ ।
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ
'ਕੱਠੇ ਕਰ ਕਰ ਕੇ ਮੈਂ ਤੀਲ੍ਹੇ
ਬੁੱਕਲ ਵਿਚ ਧੁਖਾਏ ਵੇ ।
ਇਕ ਚੂਲੀ ਵੀ ਪੀ ਨਾ ਸਕੀ
ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਂਠ ਛੁਹਾਏ ਵੇ ।
ਸ਼ਰੀਂਹ ਦੇ ਫੁੱਲ
ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ ।
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ ।
ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਿਹੇ ਦੋ ਨੈਣ ਇਹ ।
ਥਲ ਹੋਏ ਦਿਲ 'ਚੋਂ ਗ਼ਮਾਂ ਦੇ ਕਾਫ਼ਲੇ,
ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।
ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ,
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੀ ਲੇਹ ।
ਰਤਨ ਖ਼ੁਸ਼ੀਆਂ ਦੇ ਮਣਾਂ ਮੂੰਹ ਪੀਹ ਲਏ,
ਇਕ ਪਰਾਗਾ ਰੋੜ ਪਰ ਹੋਏ ਨਾ ਪੀਹ ।
ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ ।
ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ,
ਹੁਣ ਸਹਾਰੇ ਖ਼ਿਜ਼ਰ ਦੇ ਦੀ ਲੋੜ ਕੀਹ ?
ਜਾਣਦੇ ਬੁਝਦੇ ਯਸੂ ਦੇ ਰਹਿਨੁਮਾ,
ਚਾੜ੍ਹ ਆਏ ਬੇ-ਗੁਨਾਹ ਸੂਲੀ ਮਸੀਹ ।
ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ ।
ਆਖ਼ਰੀ ਫੁੱਲ ਵੀ ਸ਼ਰੀਂਹ ਦਾ ਡਿੱਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ ।
ਚੰਨ ਦੀ ਰੋਟੀ ਪਕਾਈ ਤਾਰਿਆਂ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ ।
ਗੋਂਦਵੀਂ ਆਸਾਂ ਦੀ ਡੋਰੀ ਟੁੱਟ ਗਈ,
ਧਾਣ ਚਿੜੀਆਂ ਠੂੰਗ ਲਏ ਥੋਥੇ ਨੇ ਤੋਹ ।
ਪੈ ਗਈਆਂ ਫੁੱਲਾਂ ਦੇ ਮੂੰਹ 'ਤੇ ਝੁਰੜੀਆਂ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ ।
ਫੂਕ ਘੱਤੇ ਪਰ ਕਿਸੇ ਅੱਜ ਮੋਰ ਦੇ,
ਹਫ਼ ਗਏ ਕਿਸੇ ਭੌਰ ਦੇ ਉੱਡ-ਉੱਡ ਕੇ ਸਾਹ ।
ਵਗ ਰਹੀ ਹੈ ਓਪਰੀ ਜਿਹੀ ਅੱਜ ਹਵਾ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ ।
ਫੂਕ ਲੈਣੇ ਨੇ ਮੈਂ ਢਾਰੇ ਆਪਣੇ,
ਭੁੱਲ ਜਾਣੇ ਨੇ ਮੈਂ ਆਪਣੇ ਆਪ ਰਾਹ ।
ਦੂਰ ਹੋ ਕੇ ਬਹਿ ਦਿਲ ਦੀਏ ਹਸਰਤੇ,
ਛੂਹ ਨਾ ਪੀੜਾਂ ਮਾਰੀਏ ਮੈਨੂੰ ਨਾ ਛੂਹ ।
ਖਾਣ ਦੇ ਜਿੰਦੂ ਨੂੰ ਕੱਲਰ ਸੋਗ ਦੇ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ ।
ਥੱਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ,
ਨਰੜ ਕੇ ਬੰਨ੍ਹ ਲੈ ਮੇਰੀ ਬੇਚੈਨ ਰੂਹ ।
ਪੀਣ ਦੇ ਆਡਾਂ ਨੂੰ ਪਾਣੀ ਪੀਣ ਦੇ,
ਭਰ ਨਸਾਰਾਂ ਵਹਿਣ ਦੇ ਨੈਣਾਂ ਦੇ ਖੂਹ ।
ਕੰਡਿਆਲੀ ਥੋਰ੍ਹ
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।
ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ 'ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।
ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।
ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।
ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।
ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।
ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।
ਇਕ ਗੀਤ ਹਿਜਰ ਦਾ
ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ ।
ਮਾਰੀ ਨੀ ਕਿਸ ਮੁੱਖ ਮੇਰੇ 'ਤੇ ਮਾਰੀ ।
ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁਟ ਫੁਲਕਾਰੀ ।
ਰਹਿਣ ਦਿਓ ਨੀ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ ।
ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ ।
ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤਤੜੀ ਨੇ ਆਣ ਮਰੁੰਡੀਆਂ ਛਾਵਾਂ ।
ਕਿਸ ਖੂਹੇ ਬਹਿ ਧੋਵਾਂ ਦਾਗ਼ ਦਿਲੇ ਦੇ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ ।
ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ ।
ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ ।
ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ ।
ਲੱਖ ਸ਼ੁਦੈਣਾਂ ਔਂਸੀਆਂ ਪਾ ਪਾ ਮੋਈਆਂ,
ਵਾਤ ਨਾ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ ।
ਪਰਤ ਕਦੇ ਨਾ ਆਵੇ ਮਹਿਰਮ ਘਰ ਨੂੰ,
ਐਵੇਂ ਉਮਰਾਂ ਵਿਚ ਉਡੀਕ ਵਿਹਾਈਆਂ ।
ਆਖੋ ਸੂ, ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ ।
ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ,
ਇਹਨੀਂ ਮਹਿਲੀਂ ਹਤਿਆਰੇ ਨੇ ਵੱਸਦੇ ।
ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ ।
ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗ਼ੀਂ ਮੋਰ ਕਦੇ ਨਹੀਂ ਨੱਚਦੇ ।
ਅੜੀਓ ਨੀ ਮੈਂ ਘਰ ਬਿਰਹੋਂ ਦੇ ਜਾਈਆਂ,
ਰਹਿਣਗੇ ਹੋਂਠ ਹਸ਼ਰ ਤਕ ਹੰਝੂ ਚੱਟਦੇ ।
ਕੀਹ ਰੋਵਾਂ ਮੈਂ ਗਲ ਸੱਜਣਾ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ ।
ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ 'ਚੋਂ ਚੁਗਦੀ ਫਿਰਾਂ ਮੈਂ ਰੱਤੀਆਂ ।
ਕੀਹ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ ।
ਕੀਹ ਗਾਵਾਂ ਮੈਂ ਗੀਤ ਹਿਜਰ ਦੇ ਗੁੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ ।
ਤਿਤਲੀਆਂ
ਮੈਂ ਤਿਤਲੀਆਂ ਫੜਦੀ ਫਿਰਾਂ
ਮੈਂ ਤਿਤਲੀਆਂ ਫੜਦੀ ਫਿਰਾਂ
ਜ਼ਿੰਦਗੀ ਦੀ ਖ਼ੂਬਸੂਰਤ
ਪੁਸ਼ਪ-ਬਸਤੀ ਮਹਿਕਦੀ 'ਚੋਂ
ਸੋਨ ਰੰਗੀਆਂ, ਨੀਲੀਆਂ
ਚਮਕੀਲੀਆਂ ਤੇ ਪੀਲੀਆਂ
ਸੋਚਦੀ ਜਾਂ ਸਾਰੀਆਂ ਤੋਂ
ਵੰਨ-ਸੁਵੰਨੀ ਫੜ ਲਵਾਂ
ਤੇ ਤੋਤਲੇ ਜਹੇ ਖੰਭ ਉਸ ਦੇ
ਮੇਢੀਆਂ ਵਿਚ ਜੜ ਲਵਾਂ
ਪਰ ਜਦੋਂ ਮੈਂ ਫੜਨ ਲੱਗਾਂ
ਇਸ ਤਰ੍ਹਾਂ ਦਿਲ ਕੰਬ ਜਾਏ
ਜਿਸ ਤਰ੍ਹਾਂ ਕੋਈ ਸ਼ਾਖ਼ ਮਹਿੰਦੀ ਦੀ
ਵਿਚ ਹਵਾ ਦੇ ਥਰ-ਥਰਾਏ
ਦੂਰ ਤਿਤਲੀ ਉੱਡਦੀ ਜਾਏ ।
ਫੁੱਲ ਗੁਨਾਹ ਦੇ ਘੁੱਪ ਕਾਲੇ
ਸੁਪਨਿਆਂ ਵਿਚ ਖਿੜਨ ਲੱਗਣ
ਮਹਿਕ ਖਿੰਡੇ ਇਤਰ-ਭਿੰਨੀ
ਧੜਕਣਾਂ ਵਿਚ ਪਸਰ ਜਾਏ
ਉਡਦੀ ਉਡਦੀ ਤਿਤਲੀਆਂ ਦੀ
ਸੋਹਲ ਜਹੀ ਪਟਨਾਰ ਆਏ
ਫੁੱਲ ਗੁਨਾਹ ਦੇ ਵੇਖ ਟਹਿਕੇ
ਮਸਤ ਜਹੀ ਹੋ ਬੈਠ ਜਾਏ
ਮੈਂ ਅੰਞਾਣੀ ਫੁੱਲ ਸਾਰੇ
ਤੋੜ ਝੋਲੀ ਪਾ ਲਵਾਂ
ਪਰ ਜਦੋਂ ਮੈਂ ਟੁਰਨ ਲੱਗਾਂ
ਝੋਲ ਮੇਰੀ ਪਾਟ ਜਾਏ
ਤੇ ਦੂਰ ਤਿਤਲੀ ਉੱਡ ਜਾਏ ।
ਮੈਂ ਵਲੱਲੀ ਸੋਚਦੀ ਜਾਂ
ਕੀਹ ਫੜਾਂਗੀ ਤਿਤਲੀਆਂ
ਭਰ ਗ਼ਮਾਂ ਦੀ ਸਰਦ ਪੋਹ ਵਿਚ
ਫੁੱਲ ਖ਼ੁਸ਼ੀ ਦੇ ਸੜ ਗਏ
ਵੇਲ ਸਾਵੀ ਆਸ ਦੀ ਦੇ
ਪੱਤ ਨਰੋਏ ਝੜ ਗਏ
ਵੇਖ ਨੀ ਉਹ ਸ਼ਾਹ ਸਿਆਹੀਆਂ
ਵਾਦੀਆਂ ਵਿਚ ਢਿਲਕ ਆਈਆਂ
ਚੁਗਣ ਗਈਆਂ ਦੂਰ ਡਾਰਾਂ
ਹਸਰਤਾਂ ਦੀਆਂ ਪਰਤ ਆਈਆਂ
ਜ਼ਿੰਦਗੀ ਦੀ ਸ਼ਾਮ ਹੋਈ
ਕੰਵਲ ਦਿਲ ਦੇ ਸੌਂ ਗਏ
ਤ੍ਰੇਲ ਕਤਰੇ ਆਤਮਾ ਦੇ
ਡੁੱਲ੍ਹ ਗਏ ਕੁਝ ਪੀ ਗਈਆਂ
ਨੀ ਸਵਾਦ ਲਾ ਲਾ ਤਿਤਲੀਆਂ ।
ਜਦ ਕਦੇ ਵੀ ਰਾਤ ਬੀਤੂ
ਸੋਚਦੀ ਹਾਂ ਦਿਨ ਚੜ੍ਹੇਗਾ
ਮੁੜ ਭੁਲੇਖਾ ਕਾਲਖਾਂ ਦਾ
ਸੂਰਜਾਂ ਨੂੰ ਨਾ ਰਵ੍ਹੇਗਾ
ਸਾਂਝ ਦਾ ਕੋਈ ਕੰਵਲ ਦੂਧੀ
ਧਰਤੀਆਂ 'ਤੇ ਖਿੜ ਪਵੇਗਾ
ਆਸ ਹੈ ਕਿ ਫੇਰ ਅੜੀਏ
ਮਹਿਕਦੀ ਉਸ ਗੁਲਫ਼ਸ਼ਾਂ 'ਚੋਂ
ਤਿਤਲੀਆਂ ਮੈਂ ਫੜ ਸਕਾਂਗੀ ।
ਚੁੱਪ ਦੇ ਬਾਗ਼ੀਂ
ਨੈਣ ਨਿੱਤਰੇ ਕਿਉਂ ਅੱਜ ਹੋਏ ਗਹਿਰੇ,
ਨੀਝਾਂ ਗਈਆਂ ਕਿਉਂ ਅੱਜ ਘਚੋਲੀਆਂ ਵੇ ।
ਥੇਹ ਹੁਸਨ ਦੇ ਸੁੰਨ-ਮੁਸੰਨਿਆਂ ਤੋਂ,
ਕਿਨ੍ਹੇਂ ਠੀਕਰਾਂ ਆਣ ਫਰੋਲੀਆਂ ਵੇ ।
ਕਿਨ੍ਹੇਂ ਬਾਲ ਦੀਵੇ ਦੇਹਰੀ ਇਸ਼ਕ ਦੀ 'ਤੇ,
ਅੱਖਾਂ ਮੁੰਦੀਆਂ ਛਮ ਛਮ ਡੋਹਲੀਆਂ ਵੇ ।
ਹਾਰ ਹੁੱਟ ਕੇ ਕਿਉਂ ਅੱਜ ਕਾਲਖਾਂ ਨੇ,
ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ ।
ਕਿਨ੍ਹੇਂ ਆਣ ਗੇੜੇ ਖੂਹੇ ਕਾਲਖਾਂ ਦੇ,
ਰੋਹੀਆਂ ਵਿਚ ਕਿਉਂ ਰੋਣ ਟਟੀਰ੍ਹੀਆਂ ਵੇ ।
ਸੋਨ-ਤਿਤਲੀਆਂ ਦੇ ਕਿਨ੍ਹੇਂ ਖੰਭ ਤੋੜੇ,
ਵਿੰਨ੍ਹ ਲਈਆਂ ਕਿਸ ਸੂਲ ਭੰਬੀਰੀਆਂ ਵੇ ।
ਕਿਨ੍ਹੇਂ ਆਣ ਬੀਜੇ ਬੀ ਹੌਕਿਆਂ ਦੇ,
ਕਿਨ੍ਹੇਂ ਲਾਈਆਂ ਚਾ ਸੋਗ ਪਨੀਰੀਆਂ ਵੇ ।
ਕਾਹਨੂੰ ਜਿੰਦੁ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ,
ਮੰਗਦੀ ਫਿਰੇ ਕਿਉਂ ਨਿੱਤ ਫ਼ਕੀਰੀਆਂ ਵੇ ।
ਕਦੋਂ ਡਿੱਠੀ ਹੈ ਕਿਸੇ ਨੇ ਹੋਂਦ 'ਵਾ ਦੀ,
ਬਿਨਾਂ ਕੰਡਿਆਂ ਕਿੱਕਰਾਂ ਬੇਰੀਆਂ ਵੇ ।
ਦਾਖਾਂ ਪੈਣ ਨਾ ਕਦੇ ਵੀ ਨਿੰਮੜੀ ਨੂੰ,
ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ ।
ਛੱਲਾਂ ਉੱਠਦੀਆਂ ਸਦਾ ਨੇ ਸਾਗਰਾਂ 'ਚੋਂ,
ਮਾਰੂਥਲਾਂ 'ਚੋਂ ਸਦਾ ਹਨੇਰੀਆਂ ਵੇ ।
ਰੀਝਾਂ ਨਾਲ ਮੈਂ ਵਸਲ ਦੇ ਸੂਤ ਕੱਤੇ,
ਤੰਦਾਂ ਰਹੀਆਂ ਪਰ ਸਦਾ ਕਚੇਰੀਆਂ ਵੇ ।
ਤੱਤੀ ਮਾਣ ਕੀ ਕਰਾਂਗੀ ਜੱਗ ਅੰਦਰ,
ਤੇਰੇ ਲਾਰਿਆਂ ਦੀ ਮੋਈ ਮਾਰੀਆਂ ਵੇ ।
ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ,
ਰੰਗੀ ਇਕ ਨਾ ਲੀਰ ਲਲਾਰੀਆਂ ਵੇ ।
ਰਹੀ ਨੱਚਦੀ ਤੇਰੇ ਇਸ਼ਾਰਿਆ 'ਤੇ,
ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ ।
ਰਹੀਆਂ ਰੁਲਦੀਆਂ ਕਾਲੀਆਂ ਭੌਰ ਜ਼ੁਲਫ਼ਾਂ,
ਕਦੇ ਗੁੰਦ ਨਾ ਵੇਖੀਆਂ ਬਾਰੀਆਂ ਵੇ ।
ਪਾਣੀ ਗ਼ਮਾਂ ਦੀ ਬੌਲੀ 'ਚੋਂ ਰਹੇ ਮਿਲਦੇ,
ਰਹੀਆਂ ਖਿੜੀਆਂ ਆਸਾਂ ਦੀਆਂ ਕੱਮੀਆਂ ਵੇ ।
ਨਾ ਹੀ ਤਾਂਘ ਮੁੱਕੀ ਨਾ ਹੀ ਉਮਰ ਮੁੱਕੀ,
ਦੋਵੇਂ ਹੋ ਗਈਆਂ ਲੰਮ-ਸਲੰਮੀਆਂ ਵੇ ।
ਆ ਵੇ ਹਾਣੀਆਂ ਹੇਕ ਲਾ ਗੀਤ ਗਾਈਏ,
ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ ।
ਰਲ ਮਿਲ ਹੱਸੀਏ ਖਿੱਲੀਆਂ ਘੱਤੀਏ ਵੇ,
ਬਾਹਵਾਂ ਖੋਹਲੀਏ ਗਲੀਂ ਪਲੰਮੀਆਂ ਵੇ ।
ਹੰਝੂਆਂ ਦੀ ਛਬੀਲ
ਯਾਦ ਤੇਰੀ ਦੇ ਤਪਦੇ ਰਾਹੀਂ,
ਮੈਂ ਹੰਝੂਆਂ ਦੀ ਛਬੀਲ ਲਾਈ ।
ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ
ਰੋਜ਼ ਗ਼ਮ ਦੀ ਗਲੋ ਪਿਆਈ ।
ਮੇਰੇ ਗੀਤਾਂ ਦਾ ਹੰਸ ਜ਼ਖ਼ਮੀ
ਮੈਂ ਸੋਚਦੀ ਹਾਂ ਕਿ ਮਰ ਜਾਏਗਾ,
ਜੇ ਜੁਦਾਈ ਵਸਲ ਦੇ ਮੋਤੀ-
ਅੱਜ ਆਪ ਹੱਥੀਂ ਨਾ ਲੈ ਕੇ ਆਈ ।
ਵਰ੍ਹ ਰਹੀਆਂ ਬਦਲੋਟੀਆਂ 'ਤੇ
ਤਾਂ ਚਾਤ੍ਰਿਕ ਨੂੰ ਗਿਲਾ ਨਹੀਂ ਕੋਈ,
ਇਹ ਉਸ ਦੀ ਆਪਣੀ ਹੈ ਬਦਨਸੀਬੀ
ਕਿ ਜੀਭ ਉਹਦੀ ਰਹੀ ਤਿਹਾਈ ।
ਨਿੰਮੜੀ ਦੇ ਕਸੈਲੇ ਫੁੱਲਾਂ
ਦੇ ਵਿਚ ਵੀ ਸੱਜਣਾ ਵੇ ਸ਼ਹਿਦ ਹੁੰਦੈ
ਕਸਮ ਹੈ ਤੈਨੂੰ ਤੂੰ ਮੁੜ ਨਾ ਆਖੀਂ
ਵੇ ਭੌਰਿਆਂ ਨੂੰ ਕਦੇ ਸ਼ੁਦਾਈ ।
ਯਾਦ ਤੇਰੀ ਦੇ ਤਪਦੇ ਰਾਹੀਂ,
ਨੇ ਹਰ ਕਦਮ ਤੇ ਉਜਾੜ ਖੋਲੇ ।
ਬੇਚੈਨ ਹੋਏ ਜਿਹੇ ਉਡਦੇ ਫਿਰਦੇ
ਨੇ ਜਾਂ ਉਮੀਦਾਂ ਦੇ ਵਾਵਰੋਲੇ ।
ਇਹਨਾਂ ਰਾਹਾਂ ਤੋਂ ਗੁਜ਼ਰ ਜਾਂਦੀ
ਹੈ ਰੋਜ਼ ਪੁਨੂੰ ਨੂੰ ਰੋਂਦੀ ਕੋਈ,
ਕਦੇ ਕਦੇ ਜਾਂ ਗੁਜ਼ਰ ਨੇ ਜਾਂਦੇ
ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ ।
ਜਾਂ ਇਹਨਾਂ ਰਾਹਾਂ ਦੇ ਮੀਲ-ਪੱਥਰਾਂ
ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ,
ਜਾਂ ਮਾਸ ਖੋਰੀ ਕੋਈ ਡਾਰ ਗਿੱਧਾਂ ਦੀ
ਹੱਡੋ-ਰੋੜੇ ਪਈ ਟਟੋਲੇ ।
ਇਕ ਸਮਾਂ ਸੀ ਮੈਂ ਸਮਝਦੀ ਸਾਂ
ਵੇ ਪ੍ਰੀਤ-ਅਗਨੀ ਦਾ ਕੁੰਡ ਤੈਨੂੰ,
ਪਰ ਇਕ ਸਮਾਂ ਹੈ ਤੂੰ ਬੁਝ ਗਿਆ ਹੈਂ
ਵੇ ਵਾਂਗ ਧੁਖ਼ਦੇ ਬਿਆਰੀ ਕੋਲੇ ।
ਯਾਦ ਤੇਰੀ ਦੇ ਤਪਦੇ ਰਾਹੀਂ
ਵੇ ਹੋਰ ਮੈਥੋਂ ਨਾ ਟੁਰਿਆ ਜਾਏ ।
ਕੌਣ ਥੋਰ੍ਹਾਂ ਨੂੰ ਸਮਝ ਕਲੀਆਂ
ਵੇ ਜਾਣ ਬੁਝ ਕੇ ਗਲੇ ਲਗਾਏ ।
ਸੜ੍ਹੈਂਦ ਲੱਦੀ ਹਵਾ ਸਮੇਂ ਦੀ
'ਚ ਕੌਣ ਖ਼ੁਸ਼ੀਆਂ ਦਾ ਇਤਰ ਛਿੜਕੇ,
ਕੌਣ ਗਿਰਝਾਂ ਥਾਂ ਹਸਰਤਾਂ ਦੇ
ਵੇ ਧੁੰਧਲੇ ਅਰਸ਼ੀਂ ਹੁਮਾ ਉਡਾਏ ।
ਕੌਣ ਇਸ਼ਕੇ ਦੀ ਖ਼ੂਨੀ ਮਿੱਟੀ 'ਚ
ਸੁਪਨਿਆਂ ਦੇ ਵੇ ਬੀਜ ਬੀਜੇ,
ਕੌਣ ਦਿਲ ਦੀ ਵੀਰਾਨ ਧਰਤੀ
ਤੇ ਰੁੱਖ ਮੰਧਾਰੀ ਦੀ ਕਲਮ ਲਾਏ ।
ਕੌਣ ਜ਼ਖ਼ਮਾਂ 'ਚੋਂ ਪੀਕ ਸਿੰਮਦੀ
ਤੇ ਧੂੜੇ ਹੱਥੀਂ ਵੇ ਆਪ ਮਿਰਚਾਂ,
ਕੌਣ ਜ਼ੁਲਫ਼ਾਂ ਦੇ ਮਹਿਕੇ ਲੱਛਿਆਂ
'ਚ ਹੂੰਝ ਰਾਹਵਾਂ ਦੀ ਖੇਹ ਮਿਲਾਏ ।
ਯਾਦ ਤੇਰੀ ਦੇ ਤਪਦੇ ਰਾਹੀਂ
ਮੈਂ ਔਸੀਆਂ ਪਾ ਪਾ ਉਮਰ ਹੈ ਗਾਲੀ
ਇਕ ਮੇਲ ਤੇਰੇ ਦੀ ਮੈਲੀ ਖਿੰਦੜੀ
ਵੇ ਘੋਲ ਕੱਲਰ ਮੈਂ ਨਿੱਤ ਹੰਗਾਲੀ ।
ਨਿੱਤ ਉਡੀਕਾਂ ਦੀ ਅੱਗ ਪੀ ਪੀ ਕੇ
ਦਿਲ ਦਾ ਪਿੱਤਾ ਮੈਂ ਸਾੜ ਲੀਤਾ,
ਮੈਂ ਆਪ ਆਪਣੀ ਖ਼ੁਸ਼ੀ ਦੇ ਚੰਬੇ ਦੀ
ਛਾਂਗ ਸੁੱਟੀ ਹੈ ਡਾਲੀ ਡਾਲੀ ।
ਤੇਲ ਹੁੰਦਿਆਂ ਵੀ ਮੇਰੀ ਮਹਿਫ਼ਲ ਦੇ
ਸਾਰੇ ਦੀਵੇ ਕਿਉਂ ਬੁਝ ਗਏ ਨੇ,
ਪਤਾ ਨਹੀਂ ਮਾਲੀ ਤੋਂ ਹਰ ਲਗਰ ਨੂੰ
ਕਿਉਂ ਸੁਹਣਾ ਲੱਗਦਾ ਹੈ ਅੱਜ ਅਯਾਲੀ ?
ਠਹਿਰ ਮੌਤੇ ਨੀ ਲੈ ਜਾ ਮੈਨੂੰ-
ਨਿਰਾਸ ਹੋ ਕੇ ਕਿਉਂ ਮੁੜ ਚੱਲੀ ਏਂ,
ਖਾਲੀ ਮੋੜਨ ਨੂੰ ਜੀ ਨਹੀਂ ਕਰਦਾ
ਜਦੋਂ ਦਰ 'ਤੇ ਆਇਆ ਕੋਈ ਸਵਾਲੀ ।
ਮਨ ਮੰਦਰ
ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ ।
ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ ।
ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ,
ਆ ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ ।
ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ,
ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ ।
ਫ਼ਰ ਫ਼ਰ ਵਗਣ ਹਵਾਵਾਂ ਮਲ ਖ਼ੁਸ਼ਬੋਈਆਂ,
ਆ ਇਨ੍ਹਾਂ ਸੰਗ ਦੂਰ ਕਿਤੇ ਟੁਰ ਚੱਲੀਏ ।
ਔਹ ਵੇਖ ਨੀ ! ਬਦਲੀ ਲਾਲ ਬਿੰਬ ਜਿਹੀ ਉਡਦੀ
ਜਿਉਂ ਦੂਹਰਾ ਘੁੰਡ ਕੋਈ ਕੱਢ ਪੰਜਾਬਣ ਆਈ ।
ਤਕ ਦੂਰ ਦੁਮੇਲੀਂ ਧਰਤ ਅਰਸ਼ ਨੂੰ ਮਿਲ ਗਈ,
ਜਿਉਂ ਘੁਟਣੀ ਰਾਧਾ ਸੰਗ ਸਾਂਵਲੇ ਪਾਈ ।
ਔਹ ਵੇਖ ਨੀ ਕਾਹੀਆਂ ਕੱਢ ਲਏ ਬੁੰਬਲ ਲੈਰੇ,
ਹਾਏ ਵੇਖ ਸਾਉਣ ਦੀਆਂ ਝੜੀਆਂ ਧਰਤ ਨੁਹਾਈ ।
ਹਰ ਧੜਕਣ ਬਣ ਮਰਦੰਗ ਹੈ ਡਗਡਗ ਵੱਜਦੀ,
ਹਰ ਸਾਹ ਵਿਚ ਵੱਜਦੀ ਜਾਪੇ ਨੀ ਸ਼ਹਿਨਾਈ ।
ਅੱਜ ਫੇਰੇ ਕੀ ਕੋਈ ਅੜੀਏ ਮਨ ਦੇ ਮਣਕੇ
ਅੱਜ ਪ੍ਰਭੱਤਾ ਦੇ ਮਨ ਦੀ ਹੈ ਟੇਕ ਗੁਆਚੀ ।
ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾਂਡਵ,
ਅੱਜ ਭਾਰ ਜਿਹਾ ਦਿਸਦੀ ਹੈ ਪਾਕ ਹਯਾਤੀ ।
ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਣੀ,
ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ ਛਾਤੀ ।
ਅੱਜ ਰੋਟੀ ਹੈ ਬਸ ਜਗ ਦਾ ਇਸ਼ਟ-ਮੁਨਾਰਾ,
ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ ।
ਮੈਂ ਆਪੇ ਆਪਣੀ ਡੋਬ ਲੈਣੀ ਹੈ ਬੇੜੀ,
ਮੈਨੂੰ ਜਚਦੇ ਨਹੀਂ ਨੀ ਅੜੀਏ ਹੁਸਨ ਕਿਨਾਰੇ ।
ਮੇਰੇ ਰੱਥ ਤਾਂ ਉੱਡ ਸਕਦੇ ਸਨ ਤਾਰਾ-ਗਣ ਵਿਚ,
ਪਰ ਕੀ ਕਰਨੇ ਸਨ ਅੜੀਏ ਮੈਂ ਇਹ ਤਾਰੇ ।
ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ,
ਨਹੀਂ ਹੋ ਸਕਦੇ ਨੀ ਰੰਗ-ਪੁਰ ਕਦੇ ਹਜ਼ਾਰੇ ।
ਤੱਕ ਪ੍ਰੀਤ 'ਚ ਚਕਵੀ ਆਪੇ ਹੋ ਗਈ ਬੌਰੀ,
ਕਿਸੇ ਚੰਨ ਭੁਲੇਖੇ ਫੱਕਦੀ ਪਈ ਅੰਗਿਆਰੇ ।
ਜੀਣ ਜੀਣ ਕੋਈ ਆਖ਼ਰ ਕਦ ਤਕ ਲੋੜੇ,
ਮੌਤ ਮੌਤ ਵਿਚ ਵਟ ਜਾਵਣ ਜਦ ਸਾਹਾਂ ।
ਡੋਲ੍ਹ ਡੋਲ੍ਹ ਮੈਂ ਚੱਟਾਂ ਕਦ ਤਕ ਹੰਝੂ,
ਖੋਰ ਖੋਰ ਕੇ ਪੀਵਾਂ ਕਦ ਤਕ ਆਹਾਂ ।
ਸਾਥ ਵੀ ਦੇਂਦਾ ਕਦ ਤਕ ਮੇਰਾ ਸਾਥੀ,
ਅੱਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ ।
ਇਸ਼ਕ ਦੇ ਵਣਜੋਂ ਕੀਹ ਕੁਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ ।
ਅੰਬਰ ਲਿੱਸੇ ਲਿੱਸੇ
ਹਾਏ ਨੀ ! ਅੱਜ ਅੰਬਰ ਲਿੱਸੇ ਲਿੱਸੇ ।
ਹਾਏ ਨੀ ! ਅੱਜ ਤਾਰੇ ਹਿੱਸੇ ਹਿੱਸੇ ।
ਹਾਏ ਨੀ ! ਅੱਜ ਮੋਈਆਂ ਮੋਈਆਂ ਪੌਣਾਂ,
ਹਾਏ ਨੀ ! ਜੱਗ ਵੱਸਦਾ ਕਬਰਾਂ ਦਿੱਸੇ ।
ਹਾਏ ਨੀ ! ਅੱਜ ਪੱਥਰ ਹੋਈਆਂ ਜੀਭਾਂ,
ਹਾਏ ਨੀ ! ਦਿਲ ਭਰਿਆ ਪਲ ਪਲ ਫਿੱਸੇ ।
ਹਾਏ ਨੀ ! ਮੇਰੀ ਰੀਸ ਨਾ ਕਰਿਓ ਕੋਈ,
ਹਾਏ ਨੀ ! ਇਸ਼ਕੇ ਦੇ ਪਾਣੀ ਵਿੱਸੇ ।
ਹਾਏ ਨੀ ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ ! ਨਿਰੀਆਂ ਸੂਲਾਂ ਗਿੱਟੇ ਗਿੱਟੇ ।
ਹਾਏ ਨੀ ! ਏਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ ! ਏਥੇ ਮੌਤ ਨਾ ਆਉਂਦੀ ਹਿੱਸੇ ।
ਹਾਏ ਨੀ ! ਅੱਜ ਪ੍ਰੀਤ ਦੇ ਨਗਮੇ ਕੌੜੇ,
ਹਾਏ ਨੀ ! ਇਹ ਜ਼ਹਿਰ ਨੇ ਮਿੱਠੇ ਮਿੱਠੇ ।
ਚਾਂਦੀ ਦੀਆਂ ਗੋਲੀਆਂ
ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ
ਤਾਰੇ ਪਿਆ ਵੇਖਦਾਂ ।
ਦੂਰ ਅੱਜ ਪਿੰਡ ਤੋਂ-
ਮੈਂ ਡੰਡੀਆਂ 'ਤੇ ਖੜਾ ਖੜਾ,
ਮੰਦਰਾਂ ਦੇ ਕਲਸ 'ਤੇ
ਮੁਨਾਰੇ ਪਿਆ ਵੇਖਦਾਂ ।
ਹੌਲੀ-ਹੌਲੀ ਉੱਡ-ਉੱਡ
ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ
ਨਜ਼ਾਰੇ ਪਿਆ ਵੇਖਦਾਂ ।
ਮੈਂ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਆਪਣੇ
ਹਜ਼ਾਰੇ ਪਿਆ ਵੇਖਦਾਂ ।
ਪੌਣ ਦੇ ਫ਼ਰਾਟੇ-
ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ
ਦੇ ਰਹੇ ਨੇ ਅਲਾਹੁਣੀਆਂ ।
ਪਿੱਪਲੀ ਦਾ ਰੁੱਖ
ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲੀ ਕਿਸੇ
ਛਾਂਗ ਲਈਆਂ ਟਾਹਣੀਆਂ ।
ਗੋਲ੍ਹਾਂ ਖਾਣ ਘੁੱਗੀਆਂ
ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ
ਆਈਆਂ ਨਹੀਂ ਨਮਾਣੀਆਂ ।
ਧਰਤੀ ਦੀ ਹਿੱਕ 'ਤੇ
ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ
ਹਾਉਕਿਆਂ ਨੇ ਹਾਣੀਆਂ ।
ਇਹਦਾ ਉੱਕਾ ਦੁੱਖ ਨਹੀਂ
ਕਿ ਅੱਜ ਤੂੰ ਪਰਾਇਆ ਹੋਇਓਂ,
ਦੁੱਖ ਹੈ ਕਿ ਤੈਨੂੰ ਮੈਨੂੰ
ਕੌਡੀਆਂ ਨੇ ਪਿਆਰੀਆਂ ।
ਦੁੱਖ ਹੈ ਸ਼ਿਕਾਰੀ ਕਿਸੇ
ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲੀਆਂ
ਨਿਸ਼ਾਨੇ ਬੰਨ੍ਹ ਮਾਰੀਆਂ ।
ਦੁੱਖ ਨਹੀਂ ਕਿ ਤੇਰੇ ਨਾਲ
ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ
ਰੇਤ 'ਤੇ ਉਸਾਰੀਆਂ ।
ਦੁੱਖ ਨਹੀਂ ਕਿ ਰਾਹੀਆਂ ਪੈਰੀਂ
ਲੱਖਾਂ ਸੂਲਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ
ਨਖੁੱਟੀਆਂ ਵਿਚਾਰੀਆਂ ।
ਮੰਨਿਆ, ਪਿਆਰ ਭਾਵੇਂ
ਰੂਹਾਂ ਦਾ ਹੀ ਮੇਲ ਹੁੰਦੈ,
ਦੇਰ ਪਾ ਕੇ ਸਿਉਂਕ
ਲੱਗ ਜਾਂਦੀ ਹੈ ਸਰੀਰਾਂ ਨੂੰ ।
ਲੰਘਦੈ ਜਵਾਨੀਆਂ ਦਾ-
ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ
ਨੈਣਾਂ ਦਿਆਂ ਤੀਰਾਂ ਨੂੰ ।
ਪਰ ਨਹੀਂ ਵੇ ਹੁੰਦੇ ਸਿੱਪ
ਮੋਤੀਆਂ ਦੇ ਰੱਕੜਾਂ 'ਚ
ਇਕੋ ਜਹੇ ਨਹੀਂ ਪੱਤ ਪੈਂਦੇ
ਬੋਹੜਾਂ ਤੇ ਕਰੀਰਾਂ ਨੂੰ ।
ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ
ਸਿਉਂ ਕੇ ਵੀ ਲੀਰਾਂ ਨੂੰ ।
ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ ।
ਸੱਸੀ ਦਾ ਭੰਬੋਰ-
ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ,
ਨਹੀਂ ਡਾਚੀਆਂ ਦੇ ਧੰਦੇ ਦਾ ।
ਹੱਦਾਂ ਬੰਨੇ ਬੰਨ੍ਹ ਕੇ ਵੀ
ਗੋਰਿਆਂ ਤੇ ਕਾਲਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ
ਮਜ਼੍ਹਬਾਂ ਦੇ ਫੰਦੇ ਦਾ ।
ਲੂਣੇ ਪਾਣੀ ਅੱਖਾਂ ਦੇ ਦਾ
ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ
ਪਾਣੀ ਗੰਦੇ ਮੰਦੇ ਦਾ ।
ਰੱਬ ਜਾਣੇ ਕਿੰਨਾ ਅਜੇ
ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ
ਕੋਹ ਮੇਰੇ ਸਾਹਵਾਂ ਦੇ ।
ਕਿੰਨਾ ਚਿਰ ਹਾਲੇ ਹੋਰ
ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ
ਤੂਫ਼ਾਨ ਨਹੀਂ ਝਨਾਂਵਾਂ ਦੇ ।
ਕਿੰਨਾ ਚਿਰ ਪੀਲਕਾਂ ਨੇ
ਖੋਲ਼ਿਆਂ 'ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ
ਠੱਗਣੇ ਨੇ ਰਾਹਵਾਂ ਦੇ ।
ਕਿੰਨਾ ਚਿਰ ਡੋਲੀਆਂ
ਤੇ ਰੱਖਾਂ 'ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ
ਧੀਆਂ ਭੈਣਾਂ ਮਾਵਾਂ ਦੇ ।
ਪੰਛੀ ਹੋ ਜਾਵਾਂ
ਜੀ ਚਾਹੇ ਪੰਛੀ ਹੋ ਜਾਵਾਂ
ਉੱਡਦਾ ਜਾਵਾਂ, ਗਾਉਂਦਾ ਜਾਵਾਂ
ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ
ਇਸ ਦੁਨੀਆਂ ਦੀਆਂ ਰਾਹਵਾਂ ਭੁੱਲ ਕੇ
ਫੇਰ ਕਦੀ ਵਾਪਸ ਨਾ ਆਵਾਂ
ਜੀ ਚਾਹੇ ਪੰਛੀ ਹੋ ਜਾਵਾਂ ।
ਜਾ ਇਸ਼ਨਾਨ ਕਰਾਂ ਵਿਚ ਜ਼ਮ ਜ਼ਮ
ਲਾ ਡੀਕਾਂ ਪੀਆਂ ਡਾਨ ਦਾ ਪਾਣੀ
ਮਾਨ-ਸਰੋਵਰ ਦੇ ਬਹਿ ਕੰਢੇ
ਟੁੱਟਾ ਜਿਹਾ ਇਕ ਗੀਤ ਮੈਂ ਗਾਵਾਂ ।
ਜੀ ਚਾਹੇ ਪੰਛੀ ਹੋ ਜਾਵਾਂ ।
ਜਾ ਬੈਠਾਂ ਵਿਚ ਖਿੜੀਆਂ ਰੋਹੀਆਂ
ਫੱਕਾਂ ਪੌਣਾਂ ਇਤਰ ਸੰਜੋਈਆਂ
ਹਿੱਮ ਟੀਸੀਆਂ ਮੋਈਆਂ ਮੋਈਆਂ
ਯੁਗਾਂ ਯੁਗਾਂ ਤੋਂ ਕੱਕਰ ਹੋਈਆਂ
ਘੁੱਟ ਕਲੇਜੇ ਮੈਂ ਗਰਮਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।
ਹੋਏ ਆਲ੍ਹਣਾ ਵਿਚ ਸ਼ਤੂਤਾਂ
ਜਾਂ ਵਿਚ ਜੰਡ ਕਰੀਰ ਸਰੂਟਾਂ
ਆਉਣ ਪੁਰੇ ਦੇ ਸੀਤ ਫਰਾਟੇ
ਲਚਕਾਰੇ ਇਉਂ ਲੈਣ ਡਾਲੀਆਂ
ਜਿਉਂ ਕੋਈ ਡੋਲੀ ਖੇਡੇ ਜੁੜੀਆਂ
ਵਾਲ ਖਿਲਾਰੀ ਲੈ ਲੈ ਝੂਟਾਂ ।
ਇਕ ਦਿਨ ਐਸਾ ਝੱਖੜ ਝੁੱਲੇ
ਉੱਡ ਪੁੱਡ ਜਾਵਣ ਸੱਭੇ ਤੀਲੇ,
ਬੇ-ਘਰ ਬੇ-ਦਰ ਹੋ ਜਾਵਾਂ ।
ਸਾਰੀ ਉਮਰ ਪੀਆਂ ਰਸ ਗ਼ਮ ਦਾ
ਏਸ ਨਸ਼ੇ ਵਿਚ ਜਿੰਦ ਹੰਢਾਵਾਂ
ਜੀ ਚਾਹੇ ਪੰਛੀ ਹੋ ਜਾਵਾਂ ।
ਬਦ-ਅਸੀਸ
ਯਾਰੜਿਆ ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜੇ ਵੇ ।
ਨੈਣਾਂ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇ ।
ਯਾਦਾਂ ਦਾ ਇਕ ਛੰਭ ਮਟੀਲਾ
ਸਦਾ ਲਈ ਸੁੱਕ ਜਾਏ ਵੇ ।
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ
ਆ ਕੋਈ ਢੋਰ ਲਤੀੜੇ ਵੇ ।
ਬੰਨ੍ਹ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ ।
ਐਸਾ ਸਰਦ ਭਰਾਂ ਇਕ ਹਉਕਾ
ਟੁੱਟ ਜਾਵਣ ਮੇਰੇ ਬੀੜੇ ਵੇ ।
ਇਉਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ ।
ਜਿਉਂ ਗਿਰਝਾਂ ਦਾ ਟੋਲਾ ਕੋਈ
ਮੋਇਆ ਕਰੰਗ ਧਰੀੜੇ ਵੇ ।
ਲਾਲ ਬਿੰਬ ਹੋਠਾਂ ਦੀ ਜੋੜੀ
ਘੋਲ ਵਸਾਰਾਂ ਪੀਵੇ ਵੇ ।
ਬੱਬਰੀਆਂ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ ।
ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜ੍ਹੋਂ ਸੁੱਕ ਜਾਏ ਵੇ ।
ਡਾਰ ਸ਼ੌਕ ਦੇ ਟੋਟਰੂਆਂ ਦੀ
ਗੋਲ੍ਹਾਂ ਬਾਝ ਮਰੀਵੇ ਵੇ ।
ਮੇਰੇ ਦਿਲ ਦੀ ਹਰ ਇਕ ਹਸਰਤ
ਬਨਵਾਸੀਂ ਟੁਰ ਜਾਏ ਵੇ,
ਨਿੱਤ ਕੋਈ ਨਾਗ ਗ਼ਮਾਂ ਦਾ
ਮੇਰੀ ਹਿੱਕ 'ਤੇ ਕੁੰਜ ਲਹੀਵੇ ਵੇ ।
ਬੱਝੇ ਚੌਲ ਉਮਰ ਦੀ ਗੰਢੀਂ
ਸਾਹਵਾਂ ਦੇ ਡੁੱਲ੍ਹ ਜਾਵਣ ਵੇ ।
ਚਾੜ੍ਹ ਗ਼ਮਾਂ ਦੇ ਛੱਜੀਂ ਕਿਸਮਤ
ਰੋ ਰੋ ਰੋਜ਼ ਛਟੀਵੇ ਵੇ ।
ਐਸੀ ਪੀੜ ਰਚੇ ਮੇਰੇ ਹੱਡੀਂ
ਹੋ ਜਾਂ ਝੱਲ-ਵਲੱਲੀ ਵੇ,
ਤਾਅ ਕੱਕਰਾਂ 'ਚੋਂ ਭਾਲਣ ਦੀ
ਮੈਨੂੰ ਪੈ ਜਾਏ ਚਾਟ ਅਵੱਲੀ ਵੇ ।
ਭਾਸਣ ਰਾਤ ਦੀ ਹਿੱਕ ਤੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ,
ਦਿਸੇ ਬਦਲੀ ਦੀ ਟੁਕੜੀ
ਜਿਉਂ ਜ਼ਖ਼ਮੋਂ ਪੀਕ ਉਥੱਲੀ ਵੇ ।
ਸੱਜਣਾ ਤੇਰੀ ਭਾਲ 'ਚ ਅੜਿਆ
ਇਉਂ ਕਰ ਉਮਰ ਵੰਞਾਵਾਂ ਵੇ,
ਜਿਉਂ ਕੋਈ ਵਿਚ ਪਹਾੜਾਂ ਕਿਧਰੇ
ਵਗੇ ਕੂਲ ਇਕੱਲੀ ਵੇ ।
ਮੰਗਾਂ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿੱਖਿਆ ਵੇ ।
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ ।
ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਾਏ ਵੇ ।
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ ।
ਲੱਪ ਕੁ ਹੰਝੂ ਮੁੱਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ ।
ਜਿਉਂ ਜਿਉਂ ਕਰਾਂ ਉਮਰ 'ਚੋਂ ਮਨਫ਼ੀ
ਤਿਉਂ ਤਿਉਂ ਵਧਦੀ ਜਾਏ ਵੇ ।
ਜ਼ਿੰਦਗੀ ਦੀ ਰੋਹੀ ਵਿਚ ਸੱਜਣਾਂ.
ਵਧਦੀਆਂ ਜਾਣ ਉਜਾੜਾਂ ਵੇ ।
ਜਿਉਂ ਭਖੜੇ ਦਾ ਇਕ ਫੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ ।
ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆਂ ਪਰ ਸੱਜਣਾ ਵੇ ।
ਪਿਆਰ ਅਸਾਡੇ ਦੀ ਕੱਥ ਸੁੱਚੜੀ
ਆਲਮ ਕੁੱਲ ਸੁਣਾਏ ਵੇ ।
ਗ਼ਮਾਂ ਦੀ ਰਾਤ
ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ ।
ਨਾ ਭੈੜੀ ਰਾਤ ਮੁੱਕਦੀ ਏ,
ਨਾ ਮੇਰੇ ਗੀਤ ਮੁੱਕਦੇ ਨੇ ।
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ,
ਨਾ ਬਰਸਾਤਾਂ 'ਚ ਚੜ੍ਹਦੇ ਨੇ
ਤੇ ਨਾ ਔੜਾਂ 'ਚ ਸੁੱਕਦੇ ਨੇ ।
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸੜਦੇ
ਨਾ ਸੜਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ ।
ਇਹ ਫੱਟ ਹਨ ਇਸ਼ਕ ਦੇ ਯਾਰੋ
ਇਹਨਾਂ ਦੀ ਕੀ ਦਵਾ ਹੋਵੇ
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲ੍ਹਮ ਲਾਇਆਂ ਵੀ ਦੁਖਦੇ ਨੇ ।
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ 'ਚ ਲੁਕਦੇ ਨੇ ।
ਨੂਰਾਂ
ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ ।
ਬਾਲ ਕੇ ਦੀਵਾ ਮੁੜ ਜਾਇਆ ਕਰੇ ।
ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ ।
ਆਖਦੇ ਨੇ ਵਿਚ ਜਵਾਨੀ ਗਿਰਝ ਉਹ,
ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ ।
ਕੱਟਦੀ ਇਕ ਰਾਤ ਉਹ ਜਿਸ ਆਲ੍ਹਣੇ,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ ।
ਭੂਰੇ ਭੂਰੇ ਕੇਸ ਤੇ ਮੁਖੜੇ ਦਾ ਤਿਲ,
ਸਾਰੀ ਬਸਤੀ ਵੇਖ ਲਲਚਾਇਆ ਕਰੇ ।
ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,
ਹੇਕ ਲੰਮੀ ਲਾ ਕੇ ਜਦ ਗਾਇਆ ਕਰੇ ।
ਸੜ ਕੇ ਰਹਿ ਜਾਇਆ ਕਰੇ ਦੰਦਾਸੜਾ,
ਨਾਲ ਹੋਠਾਂ ਦੇ ਜਦੋਂ ਲਾਇਆ ਕਰੇ ।
ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ,
ਸ਼ਰਬਤੀ ਜਦ ਨੈਣ ਮਟਕਾਇਆ ਕਰੇ ।
ਆਖਦੇ ਨੇ ਨੌਜਵਾਂ ਇਕ ਮਨਚਲਾ,
ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ ।
ਜੋਕ ਬਣ ਕੇ ਪੀ ਗਿਆ ਉਸ ਦਾ ਲਹੂ,
ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ ।
ਜ਼ਖ਼ਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ,
ਡੋਲ੍ਹ ਕੇ ਕਿਤੇ ਟੁਰ ਗਿਆ ਘੋਲੀ ਹਿਨਾ ।
ਚਾਰਦੀ ਸੀ ਰੋਜ਼ ਜਿਸ ਨੂੰ ਦਿਲ ਦਾ ਮਾਸ,
ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ ।
ਯਾਦ ਆ ਜਾਂਦੀ ਜਦੋਂ ਉਸ ਦੀ ਨੁਹਾਰ,
ਆਦਰਾਂ ਵਿਚ ਰੜਕਦਾ ਉਹਦੇ ਸਰਕੜਾ ।
ਸੋਚਦੀ ਕਿ ਬੇ-ਵਫ਼ਾ ਹੈ ਆਦਮੀ,
ਬੇ-ਵਫ਼ਾਈ ਹੀ ਤਾਂ ਹੈ ਉਸ ਦਾ ਸ਼ਿਵਾ ।
ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ,
ਜਨਮ ਕਿਉਂ ਲੀਤਾ ਸੀ ਤਾਂ ਮਾਈ ਹੱਵਾ ।
ਠੀਕ ਹੈ ਹਰ ਚੀਜ਼ ਜਦ ਹੈ ਬੇ-ਵਫ਼ਾ,
ਉਸ ਦਾ ਹੱਕ ਸੀ ਉਹ ਵੀ ਹੋ ਜਾਏ ਬੇ-ਵਫ਼ਾ ।
ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ,
ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ ।
ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ,
ਲੇਖ ਉਹਦੇ ਰਾਤ ਨਾਲੋਂ ਵੀ ਸਿਆਹ ।
ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ,
ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ ।
ਰਾਤ ਹਰ ਲੱਭਦੀ ਨਵਾਂ ਤਾਰਾ ਕੋਈ,
ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦੀ ਰਾਹ ।
ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ,
ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ ।
ਬਣ ਨਾ ਸਕੀ ਕੁਰਬਲਾ ਸੀਨੇ ਦੀ ਪੀੜ,
ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ ।
ਹੌਕਿਆਂ ਦੀ ਉਹਦੇ ਘਰ ਆਈ ਬਰਾਤ,
ਹੰਝੂਆਂ ਸੰਗ ਹੋ ਗਿਆ ਉਸ ਦਾ ਨਿਕਾਹ ।
ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ,
ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ ।
ਸੱਦਿਆ ਉਸ ਨਾਮਵਰ ਇਕ ਚਿਤ੍ਰਕਾਰ,
ਯਾਰੜੇ ਦੀ ਓਸ ਨੂੰ ਦੱਸੀ ਨੁਹਾਰ ।
ਚਿਤ੍ਰ ਦੋ ਇਕ ਆਪਣਾ ਇਕ ਯਾਰ ਦਾ,
ਖ਼ੂਨ ਆਪਣੇ ਨਾਲ ਕਰਵਾਏ ਤਿਆਰ ।
ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ,
ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ ।
ਕਬਰ ਨੇੜੇ ਖੂਹ ਵੀ ਖੁਦਵਾਇਆ ਗਿਆ,
ਚਾਂਦੀ ਦੀ ਅੱਜ ਤੀਕ ਹੈ ਉਸ ਦੀ ਨਿਸਾਰ ।
ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ,
ਨ੍ਹਾਉਣ ਆਵੇ ਰੋਜ਼ ਇਕ ਪਰੀਆਂ ਦੀ ਡਾਰ ।
ਬਾਲਦੀ ਉਸ ਕਬਰ ਤੇ ਉਹ ਨਿੱਤ ਦੀਆ,
ਰੋਂਦੀ ਰਹਿੰਦੀ ਰਾਤ ਦਿਨ ਜ਼ੁਲਫ਼ਾਂ ਖਿਲਾਰ ।
ਓਸੇ ਰਾਹ ਜੋ ਵੀ ਰਾਹੀ ਲੰਘਦਾ,
ਝੱਲੀਆਂ ਵੱਤ ਪੁੱਛਦੀ ਉਸ ਨੂੰ ਖਲ੍ਹਾਰ ।
ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ,
ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ ?
ਆਖਦੇ ਨੇ ਸਾਲ ਕਈ ਹੁੰਦੇ ਚਲੇ ।
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।
ਜਦ ਕਦੇ ਵੀ ਤੇਜ਼ ਵਗਦੀ ਹੈ ਹਵਾ,
ਵਿਚ ਹਵਾਵਾਂ ਮਹਿਕ ਜਿਹੀ ਇਕ ਆ ਰਲੇ ।
ਹਿਚਕੀਆਂ ਦੀ ਅੱਜ ਵੀ ਆਵੇ ਆਵਾਜ਼,
ਕਬਰ ਨੇੜੇ ਜੋ ਕੋਈ ਆਸ਼ਕ ਖਲੇ ।
ਹਰ ਅਮਾਵਸ ਦੀ ਹਨੇਰੀ ਰਾਤ ਨੂੰ,
ਆ ਕੇ ਓਥੇ ਬੈਠਦੇ ਨੇ ਦਿਲ-ਜਲੇ ।
ਲੈ ਕੇ ਉਸ ਦੀਵੇ 'ਚੋਂ ਬੂੰਦ ਇਕ ਤੇਲ ਦੀ,
ਯਾਰ ਦੇ ਹੋਠਾਂ 'ਤੇ ਹਰ ਕੋਈ ਮਲੇ ।
ਰੋਂਦੇ ਲਾ ਕੇ ਢਾਸਣਾ ਉਸ ਕਬਰ ਨਾਲ,
ਹਿਜਰ ਦੀ ਲੂਣੀਂ ਜਿਨ੍ਹਾਂ ਦੇ ਹੱਡ ਗਲੇ ।
ਦੂਰ ਉਸ ਵਾਦੀ 'ਚ ਔਹ ਟਿੱਬਿਆਂ ਤੋਂ ਪਾਰ,
ਨਾਲ ਮੇਰੇ ਜੇ ਕੋਈ ਅੱਜ ਵੀ ਚਲੇ ।
ਲੁੜਛੇ ਪਈ ਅੱਜ ਤੀਕ ਵੀ ਨੂਰਾਂ ਦੀ ਰੂਹ,
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।
ਹੰਝੂਆਂ ਦਾ ਭਾੜਾ
ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ ਛਾਵਾਂ ਨੀ
ਬੇਲਿਆਂ 'ਚੋਂ ਮੁੜ ਗਈਆਂ
ਮੱਝੀਆਂ ਤੇ ਗਾਵਾਂ ਨੀ
ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਛੇਤੀ ਛੇਤੀ ਕਰੀਂ
ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀਹ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀ
ਕੱਚੇ ਕੱਚੇ ਰੱਖ ਨਾ ਨੀ
ਰੋੜ੍ਹ ਥੋੜ੍ਹੇ ਹੋਰ ਨੀ
ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਸੌਂ ਗਈਆਂ ਹਵਾਵਾਂ ਰੋ ਰੋ
ਕਰ ਵਿਰਲਾਪ ਨੀ
ਤਾਰਿਆਂ ਨੂੰ ਚੜ੍ਹ ਗਿਆ
ਮੱਠਾ ਮੱਠਾ ਤਾਪ ਨੀ
ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਹੈ ਰਾਤ ਕਿੰਨੀ ਕੁ ਦੇਰ ਹਾਲੇ
ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ ।
ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ ।
ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ ।
ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,
ਵੇ ਜਾਣ ਕਿਧਰੇ ਸੂ ਨਾ ਜੰਗਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਸਮੇਂ ਦੇ ਥੇਹ 'ਤੇ ਵੇਖ ਅੜਿਆ,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ ।
ਵੇ ਅਮਰ ਜੁਗਨੂੰ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ ।
ਬੇਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ ।
ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ਼ ਪਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਬਾਝ ਤੇਰੇ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ ।
ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,
ਹੈ ਪੱਬਾਂ ਦੀ ਬੇ-ਹਿੱਸ ਬਸਤੀ ।
ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,
ਵੇ ਪਾਣੀਆਂ ਦੀ ਹੈ ਖ਼ਾਕ ਹਸਤੀ ।
ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,
ਜੋ ਵਗ ਰਹੀ ਹੈ ਤੂਫ਼ਾਨ ਹੋਵੇ ।
ਜਾਂ ਹੋ ਵੀ ਸਕਦੈ ਕਿ ਮੇਰੇ ਘਰ
ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ ।
ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,
ਨਾ ਹੋਣ ਡਲਾਂ ਨਾ ਡਾਣ ਹੋਵੇ ।
ਜਾਂ ਗੋਰ ਅੰਦਰ ਹੋਣ ਕਿਧਰੇ
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ ।
ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ ।
ਯੁੱਗ ਵਿਹਾਏ ਨੇ ਬਾਲਦੀ ਨੂੰ
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ ।
ਪਰ ਨਾ ਹੀ ਬੀਤੀ ਇਹ ਰਾਤ ਕਾਲੀ
ਹੈ ਨਾ ਹੀ ਬਹੁੜੀ ਉਸ਼ੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਡਾਚੀ ਸਹਿਕਦੀ
ਜੇ ਡਾਚੀ ਸਹਿਕਦੀ ਸੱਸੀ ਨੂੰ
ਪੁਨੂੰ ਥੀਂ ਮਿਲਾ ਦੇਂਦੀ ।
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਰੁਲਾ ਦੇਂਦੀ ।
ਭਲੀ ਹੋਈ ਕਿ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ ।
ਮੈਂ ਅਕਸਰ ਵੇਖਿਐ-
ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ,
ਹਵਾ ਕਈ ਵਾਰ ਦਿਲ ਦੀ
ਮੌਜ ਖ਼ਾਤਰ ਹੈ ਬੁਝਾ ਦੇਂਦੀ ।
ਭੁਲੇਖਾ ਹੈ ਕਿ ਜ਼ਿੰਦਗੀ
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ
ਸੰਘਣੀ ਜੂਹ 'ਚੋਂ ਉਡਾ ਦੇਂਦੀ ।
ਹਕਕੀਤ ਇਸ਼ਕ ਦੀ
ਜੇ ਮਹਿਜ ਹੁੰਦੀ ਖੇਡ ਜਿਸਮਾਂ ਦੀ,
ਤਾਂ ਦੁਨੀਆਂ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ ।
ਮੈਂ ਬਿਨ ਸੂਲਾਂ ਦੇ ਰਾਹ 'ਤੇ
ਕੀ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ
ਕਿ ਹਰ ਕਲੀ ਓੜਕ ਦਗ਼ਾ ਦੇਂਦੀ ।
ਵਸਲ ਦਾ ਸਵਾਦ ਤਾਂ
ਇਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ,
ਜੁਦਾਈ ਹਸ਼ਰ ਤੀਕਣ
ਆਦਮੀ ਨੂੰ ਹੈ ਨਸ਼ਾ ਦੇਂਦੀ ।
ਹਯਾਤੀ ਨੂੰ
ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ 'ਚੋਂ ਮੋਤੀ ।
ਹੁਣ ਤਾਂ ਮਾਨਸਰਾਂ ਵਿਚ ਮੇਰਾ
ਦੋ ਦਿਨ ਹੋਰ ਬਸੇਰਾ ।
ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਅੜੀਓ ਕੁਝ ਸਾਂਝਾਂ
ਤਾਹੀਂਓਂ ਚਾਨਣੀਆਂ ਰਾਤਾਂ ਵਿਚ
ਜੀ ਨਹੀਂ ਲੱਗਦਾ ਮੇਰਾ ।
ਉਮਰ ਅਯਾਲਣ ਛਾਂਗ ਲੈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫ਼ੇਰਾ ।
ਫੂਕੋ ਨੀ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹੱਥੜਾਂ ਪਿੱਟੋ ਨੀ
ਹੁਣ ਮੇਰੇ ਮਰ ਗਏ ਹਾਣੀ ।
ਝੱਟ ਕਰੋ ਨੀ ਖਾ ਲਓ ਟੁੱਕਰ
ਹੱਥ ਵਿਚ ਹੈ ਜੋ ਫੜਿਆ
ਔਹ ਵੇਖੋ ਨੀ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ-ਖਾਣੀ ।
ਡਰੋ ਨਾ ਲੰਘ ਜਾਣ ਦਿਓ ਅੜੀਓ
ਕਾਂਗਾਂ ਨੂੰ ਕੰਢਿਆਂ ਤੋਂ
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ ।
ਰੀਝਾਂ ਦੀ ਜੇ ਸੰਝ ਹੋ ਗਈ
ਤਾਂ ਕੀ ਹੋਇਆ ਜਿੰਦੇ
ਹੋਰ ਲੰਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਵੇਂ ।
ਕਲਵਲ ਹੋਵੋ ਨਾ ਨੀ ਏਦਾਂ
ਵੇਖ ਲਗਦੀਆਂ ਲੋਆਂ
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉੱਗਦਾ ਹੈ ਛਾਵੇਂ ।
ਜਾਚ ਮੈਨੂੰ ਆ ਗਈ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,
ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।
ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।
ਪ੍ਰੀਤ ਲਹਿਰ
ਬਾਲ ਯਾਰ ਦੀਪ ਬਾਲ
ਸਾਗਰਾਂ ਦੇ ਦਿਲ ਹੰਗਾਲ
ਜ਼ਿੰਦਗੀ ਦੇ ਪੈਂਡਿਆਂ ਦਾ
ਮੇਟ ਕਹਿਰ ਤੇ ਹਨੇਰ
ਹਰ ਜਿਗਰ 'ਚ ਸਾਂਭ
ਹਸਰਤਾਂ ਦੇ ਖ਼ੂਨ ਦੀ ਉਸ਼ੇਰ
ਹਰ ਉਮੰਗ ਜ਼ਿੰਦਗੀ ਦੀ
ਕਰਬਲਾ ਦੇ ਵਾਂਗ ਲਾਲ
ਬਾਲ ਯਾਰ ਦੀਪ ਬਾਲ !
ਰੋਮ ਰੋਮ ਜ਼ਿੰਦਗੀ ਦਾ
ਦੋਜ਼ਖ਼ਾਂ ਦੀ ਹੈ ਅਗਨ
ਜਗਤ-ਨੇਤਰਾਂ 'ਚੋਂ
ਚੋ ਰਹੀ ਹੈ ਪੀੜ ਤੇ ਥਕਨ
ਸੋਹਲ ਬੁੱਲ੍ਹੀਆਂ ਤੇ
ਮੌਨ ਹੌਕਿਆਂ ਦੇ ਲੱਖ ਕਫ਼ਨ
ਨਫ਼ਰਤਾਂ 'ਚ ਚੂਰ
ਹੁਸਨਾਂ ਦੇ ਨੱਚ ਰਹੇ ਬਦਨ
ਰੋ ਰਹੀ ਹੈ ਰੂਹ ਮੇਰੀ ਦੀ
ਝੂਮ ਝੂਮ ਕੇ ਹਵਾ
ਵੀਰਾਨ ਆਤਮਾ ਦੇ
ਖੰਡਰਾਂ 'ਚੋਂ ਚੀਕਦੀ ਹਵਾ
ਬੇ-ਨੂਰ ਜ਼ਿੰਦਗੀ 'ਚੋਂ
ਸਿੰਮਦਾ ਹੈ ਸੋਗ ਦਾ ਗੁਲਾਲ
ਬਾਲ ਯਾਰ ਦੀਪ ਬਾਲ !
ਪੋਟਿਆਂ 'ਚੋਂ ਨਫ਼ਰਤਾਂ ਦੀ
ਸੂਲ ਜਿਹੀ ਹੈ ਪੁੜ ਗਈ
ਮਨੁੱਖਤਾ ਦੀ ਵਾਟ
ਰੇਤ ਰੇਤ ਹੋ ਕੇ ਖੁਰ ਗਈ
ਗੁਨਾਹ ਤੇ ਹਿਰਸ ਹਵਸ ਨੇ
ਜੋ ਮਾਰੀਆਂ ਉਡਾਰੀਆਂ
ਬੇਅੰਤ ਪਾਪ ਦੀ ਝਨਾਂ 'ਚ
ਸੋਹਣੀਆਂ ਸੰਘਾਰੀਆਂ
ਅਨੇਕ ਸੱਸੀਆਂ
ਸਮਾਜ ਰੇਤਿਆਂ ਨੇ ਸਾੜੀਆਂ
ਆ ਜ਼ਰਾ ਕੁ ਛੇੜ
ਜ਼ਿੰਦਗੀ ਦੇ ਬੇ-ਸੁਰੇ ਜਿਹੇ ਤਾਲ
ਅਲਾਪ ਮੌਤ ਦਾ ਖ਼ਿਆਲ !
ਕੁਟਲ ਧੋਖਿਆਂ ਦੀ ਨੈਂ
ਨਜ਼ਰ ਨਜ਼ਰ 'ਚ ਸ਼ੂਕਦੀ
ਹਜ਼ਾਰ ਮੰਦਰਾਂ 'ਚ ਜੋਤ
ਖ਼ੂਨ ਪਈ ਹੈ ਚੂਸਦੀ
ਆ ਨਸੀਬ ਨੂੰ ਉਠਾਲ
ਆਤਮਾ ਨੂੰ ਲੋਅ ਵਿਖਾਲ
ਇਸ਼ਕ ਨੂੰ ਵੀ ਕਰ ਹਲਾਲ
ਬਾਲ ਯਾਰ ਦੀਪ ਬਾਲ !
ਆਪਣੀ ਸਾਲ ਗਿਰ੍ਹਾ 'ਤੇ
ਬਿਰਹਣ ਜਿੰਦ ਮੇਰੀ ਨੀ ਸਈਓ
ਕੋਹ ਇਕ ਹੋਰ ਮੁਕਾਇਆ ਨੀ ।
ਪੱਕਾ ਮੀਲ ਮੌਤ ਦਾ ਨਜ਼ਰੀਂ
ਅਜੇ ਵੀ ਪਰ ਨਾ ਆਇਆ ਨੀ ।
ਵਰ੍ਹਿਆਂ ਨਾਲ ਉਮਰ ਦਾ ਪਾਸ਼ਾ
ਖੇਡਦਿਆਂ ਮੇਰੀ ਦੇਹੀ ਨੇ,
ਹੋਰ ਸਮੇਂ ਹੱਥ ਸਾਹਵਾਂ ਦਾ
ਇਕ ਸੰਦਲੀ ਨਰਦ ਹਰਾਇਆ ਨੀ ।
ਆਤਮ-ਹੱਤਿਆ ਦੇ ਰਥ ਉੱਤੇ
ਜੀ ਕਰਦੈ ਚੜ੍ਹ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ
ਪਰ ਕਿਥੋਂ ਦਿਆਂ ਕਿਰਾਇਆ ਨੀ ।
ਅੱਜ ਕਬਰਾਂ ਦੀ ਕੱਲਰੀ ਮਿੱਟੀ
ਲਾ ਮੇਰੇ ਮੱਥੇ ਮਾਏ ਨੀਂ
ਇਸ ਮਿੱਟੜੀ 'ਚੋਂ ਮਿੱਠੜੀ ਮਿੱਠੜੀ
ਅੱਜ ਖ਼ੁਸ਼ਬੋਈ ਆਏ ਨੀ ।
ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ ।
ਸਿਦਕ ਦੇ ਕੂਲੇ ਪਿੰਡੇ 'ਤੇ
ਅੱਜ ਪੈ ਗਈਆਂ ਇਉਂ ਲਾਸ਼ਾਂ ਨੀ
ਜਿਉਂ ਤੇਰੇ ਬੱਗੇ ਵਾਲੀਂ ਕੋਈ
ਕਾਲਾ ਨਜ਼ਰੀਂ ਆਏ ਨੀ ।
ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ
ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚੱਲਿਆ ਮੈਨੂੰ ਘੁੱਟ-ਘੁੱਟ ਕਰਕੇ
ਗ਼ਮ ਦਾ ਮਿਰਗ ਪਿਆਸਾ ਨੀ ।
ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀਓ
ਘਟਿਆ ਸੀਤ ਨਾ ਮਾਸਾ ਨੀ ।
ਤਾਪ ਤ੍ਰਈਏ ਫ਼ਿਕਰਾਂ ਦੇ ਨੀ
ਮਾਰ ਮੁਕਾਈ ਜਿੰਦੜੀ ਨੀ,
ਲੂਸ ਗਿਆ ਹਰ ਹਸਰਤ ਮੇਰੀ
ਲੱਗਿਆ ਹਿਜਰ ਚੁਮਾਸਾ ਨੀ ।
ਪੀੜਾਂ ਪਾ ਪਾ ਪੂਰ ਲਿਆ
ਮੈਂ ਦਿਲ ਦਾ ਖੂਹ ਖਾਰਾ ਨੀ ।
ਪਰ ਬਦਬਖਤ ਨਾ ਸੁੱਕਿਆ ਅੱਥਰਾ
ਇਹ ਕਰਮਾਂ ਦਾ ਮਾਰਾ ਨੀ ।
ਅੱਧੀ ਰਾਤੀਂ ਉੱਠ ਉੱਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ
ਮਾਰ ਦੁਹੱਥੜਾਂ ਪਿੱਟਾਂ ਜਦ ਮੈਂ
ਟੁੱਟ ਜਾਏ ਕੋਈ ਤਾਰਾ ਨੀ ।
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗ਼ਮਾਂ ਦੇ ਸੱਥਰ ਸੌਂ ਸੌਂ
ਜੋੜੀਂ ਬਹਿ ਗਿਆ ਪਾਰਾ ਨੀ ।
ਸਈਓ ਰੁੱਖ ਹਯਾਤੀ ਦੇ ਨੂੰ
ਕੀਹ ਪਾਵਾਂ ਮੈਂ ਪਾਣੀ ਨੀ ।
ਸਿਉਂਕ ਇਸ਼ਕ ਦੀ ਫੋਕੀ ਕਰ ਗਈ
ਇਹਦੀ ਹਰ ਇਕ ਟਾਹਣੀ ਨੀ ।
ਯਾਦਾਂ ਦਾ ਕਰ ਲੋਗੜ ਕੋਸਾ
ਕੀ ਮੈਂ ਕਰਾਂ ਟਕੋਰਾਂ ਨੀ ।
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਝ ਨਾ ਜਾਣੀ ਨੀ ।
ਡੋਲ੍ਹ ਇਤਰ ਮੇਰੀ ਜ਼ੁਲਫ਼ੀਂ ਮੈਨੂੰ
ਲੈ ਚੱਲੇ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ
ਚੰਬੜ ਜਾਵਣ ਹਾਣੀ ਨੀ ।
ਹੰਝੂਆਂ ਦੇ ਗਾਹ
ਤੇਰੀ ਯਾਦ ਦੀ ਰਸੌਂਦ ਦੇ ਕਟੋਰੇ ਭਰ ਭਰ
ਬਦੋ ਬਦੀ ਹਾਂ ਮੈਂ ਦਿਲੇ ਨੂੰ ਪਿਆਲਦੀ ਪਈ ।
ਪਿੱਤ-ਪਾਪੜੀ ਮੈਂ ਪੀੜਾਂ ਦੀ ਲੁੰਗ ਤੋੜ ਤੋੜ
ਕੱਢ ਲਿਲੀਆਂ ਹਾਂ ਜਿੰਦੂ ਨੂੰ ਖੁਆਲਦੀ ਪਈ ।
ਜੜੀ ਹੰਝੂਆਂ ਦੇ ਮੋਤੀ ਚੰਨਾ ਪੱਖੀ ਝੋਲ ਝੋਲ
ਦੇ ਦੇ ਲੋਰੀਆਂ ਮੈਂ ਦੀਦੇ ਹਾਂ ਸੁਆਲਦੀ ਪਈ ।
ਲੈ ਲੈ ਚਾਨਣੀ ਮੈਂ ਝੱਸਾਂ ਕਾਲੀ ਰਾਤੜੀ ਦੇ ਕੇਸ
ਮਲ ਮੱਖਣੀ ਮੈਂ ਜੀਝਾਂ ਹਾਂ ਨੁਹਾਲਦੀ ਪਈ ।
ਦੋਹਣੀ ਦਿਲੇ ਦੀ 'ਚੋਂ ਕੌੜਾ ਦੁੱਧ ਅੱਕ ਦਾ ਕੜ੍ਹਾਂਘਾ
ਅੱਖਾਂ ਮੀਚ ਕੇ ਮੈਂ ਹਾਣੀਆਂ ਵੇ ਸਾਰਾ ਪੀ ਲਿਆ ।
ਵੇ ਮੈਂ ਤੋੜਕੇ ਧਤੂਰੜੇ ਦਾ ਫੁੱਲ ਖਾ ਲਿਆ
ਵੇ ਮੈਂ ਜੀਭ ਉੱਤੇ ਪੋਹਲੀਏ ਦਾ ਪੱਤ ਸੀ ਲਿਆ ।
ਵੇ ਮੈਂ ਗ਼ਮਾਂ ਦੇ ਦੁਖੀਂਦੇ ਨੈਣੀਂ ਕੂੰਜ ਹੈ ਛੁਹਾਈ
ਮੈਥੋਂ ਮੱਸਿਆ ਨੇ ਕਾਲਖਾਂ ਦਾ ਮੁੱਲ ਬੀ ਲਿਆ ।
ਮੇਰੇ ਵਿਹੜੇ ਵਿਚ ਉੱਗੂ ਕਦੇ ਸੂਰਜ ਦਾ ਰੁੱਖ
ਏਸੇ ਆਸ ਦੇ ਸਹਾਰੇ ਅੱਜ ਤੀਕ ਜੀ ਲਿਆ ।
ਤੇਰੇ ਪਿਆਰ ਦੇ ਨਿਆਜ਼-ਬੋ ਦੀ ਮਿੱਠੜੀ ਸੁਗੰਧ
ਮੇਰੀ ਹਿੱਕੜੀ 'ਚ ਅਜੇ ਵੀ ਹੈ ਜਾਗਦੀ ਪਈ ।
ਭਾਵੇਂ ਘੁੱਗੀ ਮਾੜੀ ਜਿੰਦੜੀ ਦੇ ਟੁੱਟ ਗਏ ਨੇ ਪਰ
ਪਰ ਅਜੇ ਵੀ ਉਡਾਰੀਆਂ ਨੂੰ ਝਾਗਦੀ ਪਈ ।
ਮੈਂ ਉਹ ਚੰਦਰੀ ਹਾਂ ਜਿਦ੍ਹੀ ਪਹਿਲਾਂ ਸੈਂਤ ਹੋ ਗਈ
ਪਿੱਛੋਂ ਨੱਕ ਵਿਚ ਨੱਥ ਨਾ ਸੁਹਾਗ ਦੀ ਪਈ ।
ਮੇਰੇ ਲੇਖਾਂ ਦੇ ਸ਼ਤੂਤੀਂ ਭਾਵੇਂ ਲੱਗਿਆ ਮਖੀਰ
ਮੈਨੂੰ ਸਦਾ ਮੱਟੀ ਚੂਪਣੀ ਹੈ ਆਗ ਦੀ ਪਈ ।
ਜਿਨ੍ਹਾਂ ਖਿੱਤੀਆਂ 'ਚ ਬੀਜੇ ਸੀ ਮੈਂ ਤਾਰਿਆਂ ਦੇ ਬੀ
ਉਨ੍ਹਾਂ ਖਿੱਤੀਆਂ 'ਚ ਭੱਖੜਾ ਭੁਘਾਟ ਉੱਗਿਆ ।
ਜਹੀ ਲੜੀ ਮੇਰੇ ਕਾਲਜੇ ਤੋਂ ਬ੍ਰਿਹੋਂ ਦੀ ਧਮੂੜੀ
ਮੇਰੇ ਜੇਰਿਆਂ ਦਾ ਅਰਸ਼ ਤੇ ਪਤਾਲ ਸੁੱਜਿਆ ।
ਬੈਠੀ ਕੱਢ ਰਹੀ ਸਾਂ ਆਸ ਦਾ ਬਲ੍ਹੰਬਰੀ ਰੁਮਾਲ
ਤੇਜ਼ ਗ਼ਮਾਂ ਦੀ ਹਵਾ ਦੇ ਨਾਲ ਦੂਰ ਉੱਡਿਆ ।
ਮੈਨੂੰ ਦੁੱਖ ਹੈ ਕਿ ਡੁੱਬੀ ਮੇਰੀ ਰੱਕੜਾਂ ਦੀ ਬੇੜੀ
ਇਹ ਨਹੀਂ ਦੁੱਖ ਮੇਰਾ ਪੂਰ ਕਿਉਂ ਨਾ ਪਾਰ ਪੁੱਜਿਆ ।
ਮੈਨੂੰ ਜਦੋਂ ਮੇਰੇ ਦੁੱਖਾਂ ਦਾ ਖ਼ਿਆਲ ਆ ਗਿਆ
ਗੀਤਾਂ ਮੇਰਿਆਂ ਅੰਞਾਣਿਆਂ ਨੂੰ ਗਸ਼ ਪੈ ਗਈ ।
ਮੇਰੇ ਹਾਸਿਆਂ ਦੇ ਮੁੱਖ 'ਤੇ ਤ੍ਰੇਲੀ ਆ ਗਈ
ਮੇਰੀ ਸੋਚ ਮੇਨੂੰ ਤਾਰਿਆਂ ਤੋਂ ਪਾਰ ਲੈ ਗਈ ।
ਮੇਰੀ ਚੁੱਪ ਦੇ ਸਰੋਵਰਾਂ 'ਚ ਜੀਭ ਡੁੱਬ ਮੋਈ
ਗਾਹ ਗਾਹ ਹੰਝੂਆਂ ਦੇ ਗਾਹ ਮੇਰੀ ਅੱਖ ਚੈ ਗਈ ।
ਇਕ ਤੇਰੀ ਦੂਜੇ ਤੇਰੀ ਸਾਰੀ ਧਰਤੀ ਦੀ ਪੀੜ
ਤੇਰੀ ਥੁੜ ਮੇਰੇ ਨਾਂ ਅੱਜ ਕਰ ਬੈ ਗਈ ।
ਤੇਰੇ ਮੇਲ ਦੀ ਅਸਾਨੂੰ ਚੰਨਾ ਜਹੀ ਔੜ ਲੱਗੀ
ਮੇਰੇ ਸਾਹਾਂ ਦੀਆਂ ਮੁੰਜਰਾਂ 'ਚੋਂ ਦੁੱਧ ਸੁੱਕਿਆ ।
ਮੇਰੇ ਵਾਲਾਂ ਦੀਆਂ ਥੱਬੀਆਂ 'ਚ ਰਾਤ ਸੌਂ ਗਈ
ਮੇਰੇ ਨੈਣਾਂ ਦੀਆਂ ਬੌਲੀਆਂ 'ਚੋਂ ਨੀਰ ਮੁੱਕਿਆ ।
ਮੈਥੋਂ ਪੁੱਛੀ ਜਦੋਂ ਕਿਸੇ ਮੇਰੇ ਪਿਆਰ ਦੀ ਕਹਾਣੀ
ਗਿਆ ਫੁੱਲੀਂ ਬੈਠੇ ਭੌਰਿਆਂ ਦਾ ਬੁੱਲ੍ਹ ਟੁੱਕਿਆ ।
ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇਵੇਂ ਅੱਜ ਲੱਗੇ
ਜਿਵੇਂ ਚੀਚੀ ਉੱਤੇ ਗ਼ਮਾਂ ਦਾ ਪਹਾੜ ਚੁੱਕਿਆ ।
ਰੱਬ ਇਕ ਵਾਰੀ ਤੇਰਾ ਮੇਰਾ ਮੇਲ ਜੋ ਕਰਾਏ
ਸਹੁੰ ਤੇਰੀ ਸਾਰੇ ਥਲਾਂ ਦੀ ਭੜਾਸ ਸੀਕ ਲਾਂ ।
ਮੇਰੇ ਸਾਹਵੇਂ ਖੜ੍ਹੀ ਮੌਤ ਨੂੰ ਮੈਂ ਗੋਲੀ ਮਾਰਦਾਂ
ਬੁਝੀ ਲੇਖਾਂ ਦੀ ਲਕੀਰ ਚੰਨ ਆਪ ਲੀਕ ਲਾਂ ।
ਹੱਥੀਂ ਲਿੱਲਾਂ ਉੱਤੇ ਮਾਖਿਓਂ ਦੀ ਚਾਸ਼ਨੀ ਚੜ੍ਹਾਵਾਂ,
ਵੇ ਮੈਂ ਕੱਚੀਆਂ ਨਮੋਲੀਆਂ 'ਚੋਂ ਜ਼ਹਿਰ ਡੀਕ ਲਾਂ ।
ਇਕੋ ਛਾਲ ਮਾਰ ਟੱਪ ਜਾਂ ਸਮੁੰਦਰਾਂ ਤੋਂ ਪਾਰ
ਡੁੱਬ ਮਰਾਂ ਜੇ ਮੈਂ ਪਾਣੀਆਂ ਨੂੰ ਪੈਰ ਤੀਕ ਲਾਂ ।
ਯਾਰ ਦੀ ਮੜ੍ਹੀ 'ਤੇ
ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਣੀਆਂ,
ਝੱਲੀਆਂ ਤੇਰੀ ਯਾਦ ਨੂੰ ਮੈਂ ਚੌਰੀਆਂ ।
ਪੈ ਗਈਆਂ ਮੇਰੀ ਨੀਝ ਦੇ ਹੱਥ ਚੰਡੀਆਂ,
ਬਣ ਗਈਆਂ ਹੰਝੂਆਂ ਦੇ ਪੈਰੀਂ ਭੌਰੀਆਂ ।
ਰੋਜ਼ ਦਿਲ ਦੀਆਂ ਧੜਕਣਾਂ ਮੈਂ ਪੀਠੀਆਂ,
ਲੈ ਗ਼ਮਾਂ ਦੀਆਂ ਸ਼ਿੰਗਰਫ਼ੀ ਲੱਖ ਦੌਰੀਆਂ ।
ਕੂਚਦੀ ਮਰ ਗਈ ਹਿਜਰ ਦੀਆਂ ਅੱਡੀਆਂ,
ਪਰ ਨਾ ਗਈਆਂ ਇਹ ਬਿਆਈਆਂ ਖ਼ੌਹਰੀਆਂ ।
ਨਾਂ ਲਿਆਂ ਤੇਰਾ ਵੇ ਮੋਏ ਮਿੱਤਰਾ,
ਦਿਲ ਮੇਰਾ ਕੁਝ ਇਸ ਤਰ੍ਹਾਂ ਅੱਜ ਮੌਲਦੈ ।
ਜਿਸ ਤਰ੍ਹਾਂ ਪਰਭਾਤ ਵੇਲੇ ਚਾਨਣੀ,
ਵੇਖ ਕੇ ਗੁੱਲ੍ਹਰ ਦਾ ਫੁੱਲ ਅੱਖ ਖੋਲ੍ਹਦੈ ।
ਜਿਸ ਤਰ੍ਹਾਂ ਖੰਡਰਾਂ 'ਚੋਂ ਲੰਘਦੀ ਹੈ ਹਵਾ,
ਜਿਸ ਤਰ੍ਹਾਂ ਗੁੰਬਦ 'ਚ ਕੋਈ ਬੋਲਦੈ ।
ਜਿਸ ਤਰ੍ਹਾਂ ਕਿ ਸਾਉਣ ਦੀ ਪਹਿਲੀ ਘਟਾ,
ਵੇਖ ਕੇ ਬਗਲਾ ਪਰਾਂ ਨੂੰ ਤੋਲਦੈ ।
ਇਸ ਕਦਰ ਹੈ ਖ਼ੂਬਸੂਰਤ ਗ਼ਮ ਤੇਰਾ,
ਜਿਸ ਤਰ੍ਹਾਂ ਕਿ ਕੰਵਲ-ਪੱਤਿਆਂ 'ਤੇ ਤ੍ਰੇਲ ।
ਨ੍ਹਾਉਣ ਜਿਉਂ ਵਗਦੀ ਨਦੀ ਵਿਚ ਗੋਰੀਆਂ,
ਮਰਮਰ ਦੇਹੀਆਂ ਨੂੰ ਮਲ ਸੰਦਲ ਦਾ ਤੇਲ ।
ਪੂਰੇ ਚੰਨ ਦੀ ਚਾਨਣੀ ਥਲ ਦਾ ਸਫ਼ਰ,
ਡਾਚੀਆਂ ਦੇ ਗਲ ਜਿਵੇਂ ਛਣਕੇ ਹਮੇਲ ।
ਬਦਲੀਆਂ ਨੂੰ ਅੱਗ ਲੱਗ ਜਾਏ ਜਿਵੇਂ,
ਹੋ ਜਾਏ ਪੀਲਾ ਜਿਹਾ ਸਾਰਾ ਦੁਮੇਲ ।
ਅੱਜ ਮੈਂ ਤੇਰੀ ਮੜ੍ਹੀ 'ਤੇ ਹਾਣੀਆਂ,
ਪੂਰਾ ਕੋਤਰ-ਸੌ ਸੀ ਦੀਵਾ ਬਾਲਿਆ ।
ਪਰ ਵੇਖ ਲੈ ਹੁਣ ਤੀਕ ਬਸ ਇਕੋ ਬਲੇ,
ਬਾਕੀਆਂ ਨੂੰ ਹੈ ਹਵਾਵਾਂ ਖਾ ਲਿਆ ।
ਓਸ ਦੀ ਵੀ ਲਾਟ ਕੰਬਦੀ ਹੈ ਪਈ,
ਡਰਦਿਆਂ ਮੈਂ ਹੈ ਮੜ੍ਹੀ ਤੋਂ ਚਾ ਲਿਆ ।
ਵੇਲ਼ ਲੈ ਇਹ ਵੀ ਵਿਚਾਰਾ ਬੁਝ ਗਿਆ,
ਦੋਸ਼ ਕੀਹ ਕਿਸਮਤ ਦਾ ਕਰਮਾਂ ਵਾਲਿਆ ।
ਉਮਰ ਦੀ ਗੋਜੀ ਨੂੰ ਖਪਰਾ ਸਮੇਂ ਦਾ,
ਗ਼ਮ ਨਹੀਂ ਜੇ ਖਾ ਰਿਹੈ ਮੇਰੇ ਹਾਣੀਆ ।
ਗ਼ਮ ਨਹੀਂ ਸਣੇ ਬਾਦਬਾਂ ਤੇ ਬੇੜੀਆਂ,
ਰੁੜ੍ਹਦਾ ਪੱਤਣ ਜਾ ਰਿਹੈ ਮੇਰੇ ਹਾਣੀਆ ।
ਗ਼ਮ ਨਹੀਂ ਜੇਕਰ ਉਮੀਦਾਂ ਦਾ ਮਖੀਰ,
ਬਣਦਾ ਤੁੱਮਾ ਜਾ ਰਿਹੈ ਮੇਰੇ ਹਾਣੀਆ ।
ਠੀਕ ਹੈ ਕੱਲਰ ਹੈ ਤੇਰੇ ਬਾਝ ਦਿਲ,
ਪਰ ਮੈਂ ਪੀੜਾਂ ਦੇ ਕਿਉਂ ਪਾਲਾਂ ਸ਼ੇਸ਼ ਨਾਗ ।
ਕਿਸ ਲਈ ਫ਼ਿਕਰਾਂ ਦਾ ਫੱਕਾਂ ਸੰਖੀਆ,
ਕਿਸ ਲਈ ਨੈਣਾਂ ਨੂੰ ਲਾਂ ਹੰਝੂਆਂ ਦੀ ਜਾਗ ।
ਕਿਸ ਲਈ ਮੈਂ ਕੇਸ ਕਾਲੇ ਪੰਡ ਕੁ,
ਖੋਹਲ ਕੇ ਦੱਸਦੀ ਫਿਰਾਂ ਰੁਲਿਆ ਸੁਹਾਗ ।
ਸੁਹਣਿਆ ! ਮੈਨੂੰ ਸੱਲ ਹੈ ਤੇਰੇ ਮੇਲ ਦਾ,
ਪਰ ਨਹੀਂ ਤੇਰੀ ਮੌਤ ਦਾ ਸੀਨੇ 'ਚ ਦਾਗ਼ ।
ਹੈ ਗਿਲਾ ਮੈਨੂੰ ਤਾਂ ਬਸ ਇਹੋ ਹੀ ਹੈ,
ਮਰ ਗਿਆਂ ਦੀ ਯਾਦ ਕਿਉਂ ਮਰਦੀ ਨਹੀਂ ।
ਆਸ ਪੰਜ-ਫੂਲੀ ਦਾ ਜ਼ਹਿਰੀ ਬੂਟੜਾ,
ਸੋਚ ਦੀ ਹਿਰਨੀ ਕੋਈ ਚਰਦੀ ਨਹੀਂ ।
ਕਿਉਂ ਕੋਈ ਤਿਤਲੀ ਲੈ ਫੁੱਲਾਂ ਦੀ ਕਟਾਰ,
ਮਾਲੀਆਂ ਦੇ ਦਿਲ ਜ਼ਬ੍ਹਾ ਕਰਦੀ ਨਹੀਂ ।
ਕਿਉਂ ਹਿਜਰ ਦੇ ਆਜੜੀ ਦੀ ਬੰਸਰੀ,
ਗੀਤ ਖ਼ੁਸ਼ੀਆਂ ਦਾ ਕੋਈ ਝਰਦੀ ਨਹੀਂ ।
ਮਹਿਕ
ਅਸਾਂ ਚੁੰਮ ਲਏ ਅੱਜ ਫੇਰ ਕਿਸੇ ਦੇ ਬੋਦੇ ।
ਅਸਾਂ ਰਾਤ ਗੁਜ਼ਾਰੀ ਬੈਠ ਸੱਜਣ ਦੀ ਗੋਦੇ ।
ਅੱਜ ਸਾਹ 'ਚੋਂ ਆਵੇ ਮਹਿਕ ਗੁਲਾਬਾਜ਼ੀ ਦੀ,
ਅੱਜ ਕੌਣ ਪਿਆ ਪੁੱਠ-ਕੰਡਾ ਗ਼ਮ ਦਾ ਖੋਦੇ ।
ਅਸਾਂ ਪੀਤਾ ਨੀ ਉਹਦੇ ਹੰਝੂਆਂ ਦਾ ਚਰਨਾਮਤ,
ਅਸਾਂ ਬਿੰਦੇ ਨੀ ਉਹਦੇ ਪੈਰ ਨਿਵਾ ਕੇ ਗੋਡੇ ।
ਆਏ ਨਿਕਲ ਨੀ ਅੜੀਓ ਕਿੱਲ ਸਮੇਂ ਦੇ ਮੁੱਖ 'ਤੇ,
ਅਸਾਂ ਨੈਣ ਉਹਦੇ ਜਦ ਨੈਣਾਂ ਦੇ ਵਿਚ ਡੋਬੇ ।
ਖੁਲ੍ਹਿਆ ਨੀ ਉਹਦੀ ਦੀਦ ਦਾ ਰੋਜ਼ਾ ਖੁਲ੍ਹਿਆ,
ਪੜ੍ਹੀਆਂ ਨੀ ਅਸਾਂ ਦਿਲ ਦੀਆਂ ਆਇਤਾਂ ਪੜ੍ਹੀਆਂ ।
ਕਰੇ ਨਾਲ ਨਜ਼ਾਕਤ ਬਾਤੜੀਆਂ ਜਦ ਮਾਹੀ,
ਹੋ ਜਾਣ ਪੁਰੇ ਦੀਆਂ ਸੀਤ ਹਵਾਵਾਂ ਖੜੀਆਂ ।
ਓਹਦੇ ਮੁੱਖ ਦੀ ਲਏ ਪਰਦੱਖਣਾ ਚੰਨ ਸਰਘੀ ਦਾ,
ਉਹਦੇ ਨੈਣਾਂ ਦੇ ਵਿਚ ਰਾਤੜੀਆਂ ਡੁੱਬ ਮਰੀਆਂ ।
ਉਹਦੇ ਵਾਲਾਂ ਦੇ ਵਿਚ ਖੇਡੇ ਪੋਹ ਦੀ ਮੱਸਿਆ,
ਉਹਦੇ ਬੁਲ੍ਹੀਂ ਸੂਹੀਆਂ ਚੀਚ-ਵਹੁਟੀਆਂ ਖਰੀਆਂ ।
ਮੌਲੀ ਨੀ ਸਾਡੇ ਦਿਲ ਦੀ ਵੇਦਨ ਮੌਲੀ,
ਪੀਤੀ ਨੀ ਅਸਾਂ ਪੀੜ ਚੁਲੀ ਭਰ ਪੀਤੀ ।
ਪੈ ਗਈ ਨੀ ਮੇਰੇ ਡੋਲ ਕਲੇਜੇ ਪੈ ਗਈ,
ਅਸਾਂ ਤੋੜ ਕਲੀ ਸਤਬਰਗੇ ਦੀ ਅੱਜ ਲੀਤੀ ।
ਸੁੰਨ-ਮਸੁੰਨੀ ਸੰਘਣੀ ਦਿਲ ਦੀ ਝੰਗੀ,
ਕੂਕ ਕੂਕ ਅੱਜ ਮੋਰਾਂ ਬੌਰੀ ਕੀਤੀ ।
ਹੋਈ ਨੀ ਮੇਰੀ ਨੀਝ ਸ਼ਰਾਬਣ ਹੋਈ,
ਗਈ ਨੀ ਸਾਡੀ ਜੀਭ ਹਸ਼ਰ ਲਈ ਸੀਤੀ ।
ਜੁੜੀਆਂ ਨੀ ਯਾਦਾਂ ਦੇ ਪੱਤਣੀਂ ਛਿੰਝਾਂ,
ਪਈਆਂ ਨੀ ਮੇਰੇ ਦਿਲ ਦੇ ਥੇਹ 'ਤੇ ਰਾਸਾਂ ।
ਲਾਇਆ ਨੀ ਮੈਂ ਦਿਲ ਦੇ ਵਿਹੜੇ ਮਰੂਆ,
ਗੁੰਨ੍ਹੀ ਨੀ ਮੈਂ ਭਰ ਭਰ ਮਹਿਕ ਪਰਾਤਾਂ ।
ਮੇਰੇ ਸਾਹੀਂ ਕੂਲ ਵਗੇ ਨੀ ਅੱਜ ਨਸ਼ਿਆਂ ਦੀ,
ਪਿਆ ਮਾਰੇ ਨੀ ਦਰਿਆ ਮਦਿਰਾ ਦਾ ਠਾਠਾਂ ।
ਹੋਇਆ ਨੀ ਮੇਰੇ ਦਿਲ ਵਿਚ ਚਾਨਣ ਹੋਇਆ,
ਮੈਥੋਂ ਮੰਗਣ ਆਈਆਂ ਖ਼ੈਰ ਨੀ ਅੱਜ ਪਰਭਾਤਾਂ ।
ਥੱਬਾ ਕੁ ਜ਼ੁਲਫ਼ਾਂ ਵਾਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
ਔਹ ਮਾਰ ਲਹਿੰਦੇ ਵੱਲ ਨਿਗਾਹ ।
ਅੱਜ ਹੋ ਗਿਆ ਸੂਰਜ ਜ਼ਬ੍ਹਾ ।
ਏਕਮ ਦਾ ਚੰਨ ਫਿੱਕਾ ਜਿਹਾ,
ਅੱਜ ਬਦਲੀਆਂ ਨੇ ਖਾ ਲਿਆ ।
ਅਸਾਂ ਦੀਦਿਆਂ ਦੇ ਵਿਹਰੜੇ,
ਹੰਝੂਆਂ ਦਾ ਪੋਚਾ ਲਾ ਲਿਆ ।
ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਆਈਆਂ ਵੇ ਸਿਰ 'ਤੇ ਵਹਿੰਗੀਆਂ
ਰਾਤਾਂ ਅਜੇ ਨੇ ਰਹਿੰਦੀਆਂ ।
ਕਿਰਨਾਂ ਅਜੇ ਨੇ ਮਹਿੰਗੀਆਂ
ਫਿੱਕੀਆਂ ਅਜੇ ਨੇ ਮਹਿੰਦੀਆਂ ।
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗ਼ਮਾਂ ਦਾ ਲਾ ਲਿਆ ।
ਮਿੱਠਾ ਵੇ ਤੇਰਾ ਬਿਰਹੜਾ
ਗੀਤਾਂ ਨੇ ਕੁੱਛੜ ਚਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
ਸੱਜਣਾ ਵੇ ਦਿਲ ਦਿਆ ਕਾਲਿਆ,
ਅਸਾਂ ਰੋਗ ਦਿਲ ਨੂੰ ਲਾ ਲਿਆ,
ਤੇਰੇ ਜ਼ਹਿਰ-ਮੌਹਰੇ ਰੰਗ ਦਾ-
ਬਾਂਹ 'ਤੇ ਹੈ ਨਾਂ ਖੁਦਵਾ ਲਿਆ ।
ਉਸ ਬਾਂਹ ਦੁਆਲੇ ਮੋਤੀਏ ਦਾ,
ਹਾਰ ਹੈ ਅੱਜ ਪਾ ਲਿਆ ।
ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ 'ਤੇ ਰੋੜਾ ਪਾ ਲਿਆ ।
ਅਸਾਂ ਹਿਜਰ ਦੀ ਸੰਗਰਾਂਦ ਨੂੰ-
ਅੱਥਰੂ ਕੋਈ ਲੂਣਾ ਖਾ ਲਿਆ ।
ਕੋਈ ਗੀਤ ਤੇਰਾ ਗਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ
ਮੇਰੇ ਹਾਣੀਆ ਮੇਰੇ ਪਿਆਰਿਆ,
ਪੀੜਾਂ ਦੀ ਪਥਕਣ ਜੋੜ ਕੇ
ਗ੍ਹੀਰਾ ਅਸਾਂ ਬਣਵਾ ਲਿਆ,
ਹੱਡਾਂ ਦਾ ਬਾਲਣ ਬਾਲ ਕੇ
ਉਮਰਾਂ ਦਾ ਆਵਾ ਤਾ ਲਿਆ ।
ਕੱਚਾ ਪਿਆਲਾ ਇਸ਼ਕ ਦਾ-
ਅੱਜ ਸ਼ਿੰਗਰਫ਼ੀ ਰੰਗਵਾ ਲਿਆ ।
ਵਿਚ ਜ਼ਹਿਰ ਚੁੱਪ ਦਾ ਪਾ ਲਿਆ ।
ਜਿੰਦੂ ਨੇ ਬੁੱਲ੍ਹੀਂ ਲਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।

1 comment:

  1. ਕਲਵਲ ਦਾ ਮਤਲਬ ਕੀ ਹੁੰਦਾ ਹੈ?

    ReplyDelete