Wednesday, 2 October 2013

ਪੀਰ ਬੁੱਧੂ ਸ਼ਾਹ ਜੀ


 

ਪਵਿੱਤਰ ਦਿਹਾੜੇ ’ਤੇ ਸਾਡੇ ਲਈ ਸਢੌਰੇ ਦੇ ਮਹਾਨ ਸੂਫੀ, ਸੰਤ, ਸੱਚੇ ਸੇਵਕ ਤੇ ਸ਼ਰਧਾਲੂ ਦੀ ਯਾਦ ਨੂੰ ਤਾਜ਼ਾ ਕਰਨਾ ਉਚਿਤ ਹੋਵੇਗਾ। ਜਿਸ ਨੇ ਸਮੇਂ ਦੀ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਕਲਗੀਆਂ ਵਾਲੇ ਪਾਤਸ਼ਾਹ ਦਾ ਦ੍ਰਿੜ੍ਹਤਾ ਅਤੇ ਸ਼ਰਧਾ ਨਾਲ ਸਾਥ ਦਿੱਤਾ। ਉਹ ਪੂਜਣ ਯੋਗ ਮਹਾਨ ਹਸਤੀ ਦਾ ਨਾਮ ਸਯਦ ਬਦਰੁਦੀਨ ਅਲਮਾਰੂਫ ਬੁੱਧੂ ਸ਼ਾਹ ਸੀ। ਜਿਨ੍ਹਾਂ ਦਾ ਜਨਮ 13 ਜੂਨ 1647 ਈਸਵੀ ਨੂੰ ਨਗਰ ਸਢੌਰੇ ਵਿਚ ਸਯਦ ਗੁਲਾਮ ਸ਼ਾਹ ਜੀ ਦੇ ਗ੍ਰਹਿ ਵਿਖੇ ਹੋਇਆ। ਜੋ ਕਿ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਹੋਏ। ਪੀਰ ਜੀ ਦਾ ਖਾਨਦਾਨ ਸਯਦ ਨਿਜ਼ਾਮੂਦੀਨ ਸ਼ਾਹ ਔਲੀਆ ਨਾਲ ਸੱਤਵੀਂ ਪੀੜੀ ਵਿਚ ਜੁੜਦਾ ਹੈ। ਦੱਸਿਆ ਜਾਂਦਾ ਹੈ ਕਿ ਪੀਰ ਦੇ ਵਡੇਰੇ (ਸਮਾਣਾ) ਤੋਂ ਆ ਕੇ ਇੱਥੇ ਵਸੇ। ਸੱਯਦਾਂ ਦੇ ਸਾਰੇ ਘਰ ਸਮਾਨੀਆਂ ਦੇ ਮਹੱਲੇ ਵਿੱਚ ਹਨ। ਸਢੌਰਾ ਤਿੰਨ ਸਦੀਆਂ ਤੋਂ ਵੀ ਪੁਰਾਣਾ ਸ਼ਹਿਰ ਹੈ। ਪੁਰਾਣੀਆਂ ਲਿਖਤਾਂ ਅਨੁਸਾਰ ਇਸ ਸ਼ਹਿਰ ਦਾ ਨਾਮ (ਸਾਧੂ ਰਾਹ) ਜਾਣਿ ਕਿ ਸਾਧੂ ਸੰਤਾਂ ਦਾ ਰਸਤਾ ਸੀ। ਬਾਅਦ ਵਿਚ ਸਢੌਰਾ ਪੈ ਗਿਆ। ਇਹ ਇਕ ਅਟੱਲ ਸਚਾਈ ਹੈ। ਰੱਬ ਦੇ ਪਿਆਰੇ ਸੰਸਾਰਕ ਵਸਤੂਆਂ ਦਾ ਮੋਹ ਨਹੀਂ ਕਰਦੇ ਅਤੇ ਆਮ ਨਿਗ੍ਹਾ ਇਸ ਮਹਾਨ ਸ਼ਖਸੀਅਤ ਨੂੰ ਪਛਾਣ ਨਹੀਂ ਸਕਦੀ। ਇਸ ਦੁਨੀਆਂ ਨੇ ਦੀਨ ਦੁਨੀ ਦੇ ਬਾਲੀ ਪਾਤਸ਼ਾਹ ਗੁਰੂ ਨਾਨਕ ਦੇਵ ਨੂੰ ਕੁਰਾਹੀਆਂ, ਦੀਵਾਨਾਂ, ਬੇਤਾਲਾ ਆਦਿ ਖ਼ਬਰੇ ਕੀ ਕੀ ਕਿਹਾ, ਮੀਰੀ ਪੀਰੀ ਦੇ ਮਾਲਕ ਦੇ ਫਰਜੰਦ ਸ੍ਰੀ ਤੇਗ ਬਹਾਦਰ ਜੀ ਨੂੰ ਬਾਬੇ ਬਕਾਲੇ ਵਿਚ (ਕਮਲਾ) ਕਹਿ ਕੇ ਪੁਕਾਰ ਦੇ ਰਹੇ। ਜਿਹੜੇ ਮਹਾਨ ਯੋਧੇ ਨੌਵੇਂ ਗੁਰੂ ਬਣੇ ਅਤੇ ਲਾਮਿਸਾਲ ਕੁਰਬਾਨੀ ਕੀਤੀ। ਜੋ ਕਿ ਮਨੁੱਖਤਾ ਕਦੇ ਵੀ ਭੁੱਲ ਨਹੀਂ ਸਕਦੀ। ਏਸੇ ਤਰ੍ਹਾਂ ਪੀਰ ਦਾ ਯਰਾਨਾ ਸੱਚੇ ਨਾਲ ਸੀ, ਲੋਕਾਂ ਨੇ ਬੁੱਧੂ ਕਹਿ ਕੇ ਮਖੌਲ ਉਡਾਇਆ। ਪਰ ਪੀਰ ਜੀ ਨੇ ਧਿਆਨ ਹੀ ਨਾ ਦਿੱਤਾ। ਪੀਰ ਜੀ ਦੀ ਸ਼ਾਦੀ ਅਠਾਰਾਂ ਸਾਲ ਦੀ ਉਮਰ ਵਿੱਚ ਬੜੇ ਚੰਗੇ ਘਰਾਣੇ, ਉਸ ਸਮੇਂ ਸਰਕਾਰੇ ਦਰਬਾਰੇ ਸਤਿਕਾਰੇ ਜਾਂਦੇ ਖਾਨਦਾਨ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਸੈਨਾਪਤੀ ਪ੍ਰਸਿੱਧ ਜਰਨੈਲ (ਸੱਯਦ ਖਾਂ) ਸੈਦਖਾਨ ਦੀ ਭੈਣ ਨਸੀਰਾ ਨਾਲ ਹੋਈ। ਨਸੀਰਾ ਸ਼ਰਧਾਵਾਨ ਆਗਿਆਕਾਰੀ ਸਾਊ ਪਵਿੱਤਰ ਸੁਭਾਅ ਦੀ ਇਸਤਰੀ ਸੀ।  ਗੁਰੂ ਜੀ ਨਾਲ ਮਿਲਾਪ- ਪੀਰ ਜੀ ਨੇ ਸੱਯਦ ਭੀਖਣ ਸ਼ਾਹ ਤੋਂ ਬਾਲ ਗੁਰੂ ਗੋਬਿੰਦ ਰਾਏ ਦੀ ਮਹਾਨਤਾ ਬਾਰੇ ਸੁਣਿਆ। ਪੀਰ ਜੀ ਦੀਨਦਾਰ ਮੁਸਲਮਾਨ ਅਤੇ ਖੁੱਲ੍ਹੇ ਸਹਿਨਸ਼ੀਲ ਵਿਚਾਰਾਂ ਦੇ ਧਾਰਨੀ ਸਨ। ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਲਈ ਤਾਂਘ ਜਾਗੀ।

ਵਿਦਵਾਨਾਂ ਅਨੁਸਾਰ ਬਾਲ ਗੁਰੂ ਜੀ ਦੇ ਦਰਸ਼ਨ (ਲਖਨੌਰ) ਵਿਖੇ ਹੋਏ। ਜਦੋਂ ਧੰਨ ਮਾਤਾ ਨਾਨਕੀ ਜੀ ਅਤੇ ਪਰਿਵਾਰ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆ ਰਿਹਾ ਸੀ। ਦਰਸ਼ਨ ਕਰਦੇ ਹੀ ਪੀਰ ਜੀ ਗੁਰੂ ਜੀ ਵੱਲ ਖਿੱਚੇ ਗਏ। ਮਨ ਵਿਚ ਸ਼ਰਧਾ ਤੇ ਸਤਿਕਾਰ ਵਧ ਗਿਆ। ਜਦੋਂ ਗੁਰੂ ਜੀ ਪਾਉਂਟਾ ਸਾਹਿਬ ਗਏ ਤਾਂ ਚਿਰਾਂ ਤੋਂ ਲੋਚਦੇ ਪੀਰ ਬੁੱਧੂ ਸ਼ਾਹ ਦੀ ਦਰਸ਼ਨਾਂ ਨਾਲ ਤ੍ਰਿਪਤੀ ਹੋ ਗਈ। ਪੀਰ ਜੀ ਦੇ ਕਹਿਣ ਉੱਤੇ ਗੁਰੂ ਜੀ ਨੇ ਔਰੰਗਜ਼ੇਬ ਵੱਲੋਂ ਨੌਕਰੀਓਂ ਕੱਢੇ 500 ਪਠਾਣਾਂ ਨੂੰ ਆਪਣੇ ਪਾਸ ਨੌਕਰ ਰੱਖਿਆ। ਭਾਵੇਂ ਇਹ ਬਹੁਤ ਵੱਡਾ ਸਰਕਾਰ ਦੀ ਨਾਰਾਜ਼ਗੀ ਲੈਣ ਵਾਲਾ ਕੰਮ ਸੀ। ਪਰ ਗਰੂ ਜੀ ਦੇ ਮਨ ਵਿੱਚ ਪੀਰ ਜੀ ਦਾ ਸਤਿਕਾਰ ਸੀ। ਪੀਰ ਜੀ ਉਸ ਸਮੇਂ ਜ਼ਿੰਦਗੀ ਵਿਚ ਪਹਿਲੀ ਵਾਰ ਦੁਖੀ ਤੇ ਬੇਚੈਨ ਹੋਏ ਜਦੋਂ ਪਤਾ ਲੱਗਾ ਕਿ ਪਠਾਣਾਂ ਵਿੱਚੋਂ 400 ਪਠਾਣ ਪਾਤਸ਼ਾਹ ਨਾਲ ਧੋਖਾ ਕਰ ਗਏ ਹਨ। ਇਸ ਕਲੰਕ ਦੇ ਦਾਗ਼ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਭੰਗਾਣੀ ਦੇ ਯੁੱਧ ਵਿਚ ਆਪਣੇ ਪਿਤਾ ਸੱਯਦ ਗੁਲਾਮ ਸ਼ਾਹ, ਦੋ ਪੁੱਤਰਾਂ ਮੁਹੰਮਦ ਸ਼ਾਹ ਤੇ ਸੱਯਦ ਅਸ਼ਰਫ, ਇੱਕ ਭਤੀਜੇ ਭੂਰੇ ਸ਼ਾਹ ਅਤੇ ਅਨੇਕਾਂ ਮਰੀਦਾਂ ਦੇ ਖ਼ੂਨ ਨਾਲ ਧੋ ਦਿੱਤਾ। ਪੀਰ ਜੀ ਦੀ ਸ਼ਰਧਾ ਤੇ ਕੁਰਬਾਨੀ ਨੇ ਗੁਰੂ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਗੁਰੂ ਜੀ ਨੇ ਬਹੁਤ ਪ੍ਰਸੰਸਾ ਤੇ ਸਤਿਕਾਰ ਦੀ ਪਦਵੀ ਬਖਸ਼ੀ। ਜਦੋਂ ਗਰੂ ਨਾਨਕ ਦੇ ਘਰੋਂ ਬਖਸ਼ਿਸ਼ ਦੀ ਗੱਲ ਹੋਈ, ਉਦੋਂ ਪੀਰ ਜੀ ਨੇ ਝੋਲੀ ਅੱਡ ਕੇ ਗੁਰੂ ਜੀ ਦੇ ਸਿਰ ਦੀ ਕੇਸਕੀ, ਕੰਘਾ ਸਮੇਤ ਕੁਝ ਕੇਸ ਮੰਗੇ। ਆਖਰ ਪਹਾੜੀ ਰਾਜਿਆਂ ਨੇ ਭੰਗਾਣੀ ਦੇ ਯੁੱਧ ਵਿਚ ਕਾਇਰਾਂ ਵਾਲੀ ਹਾਰ ਖਾਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਦੀ ਸ਼ਿਕਾਇਤ ਦਿੱਲੀ ਦਰਬਾਰ ਵਿਚ ਕਰ ਦਿੱਤੀ ਗਈ। ਜਦੋਂ ਸੂਬੇਦਾਰ ਸਢੌਰੇ ਅਸਮਾਨ ਖਾਨ ਜਿਸ ਨੇ ਚਮਕੌਰ ਦੀ ਜੰਗ ਵਿੱਚ ਹਿੱਸਾ ਲਿਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਖੀਂ ਵੇਖੀ ਸੀ, ਨੇ ਸਢੌਰੇ ਜਾ ਕੇ ਇੱਕ ਜੇਤੂ ਦਰਬਾਰ ਕੀਤਾ ਤੇ ਕਿਹਾ ਕਿ ਸਰਕਾਰ ਦਾ ਬਾਗ਼ੀ ਗੋਬਿੰਦ ਸਿੰਘ ਆਨੰਦਪੁਰ ਕਿਲ੍ਹੇ ਵਿੱਚੋਂ ਕੱਢ ਦਿੱਤਾ ਹੈ, ਸਾਰੇ ਸਿੱਖ ਮਾਰ ਦਿੱਤੇ ਹਨ, ਕੁਝ ਛੱਡ ਕੇ ਭੱਜ ਗਏ ਅਤੇ ਚਾਰ ਪੁੱਤਰ ਸਮੇਤ ਮਾਂ ਖਤਮ ਕਰ ਦਿੱਤੇ ਗਏ ਹਨ।

ਹੁਣ ਗੁਰੂ ਇਕੱਲਾ ਜੰਗਲਾਂ ਵਿੱਚ ਪਤਾ ਨਹੀਂ ਕਿੱਥੇ ਲੁਕ ਗਿਆ। ਸੁਣ ਕੇ ਪੀਰ ਜੀ ਬੜੇ ਦੁਖੀ ਹੋਏ ਤੇ ਅੰਨ ਪਾਣੀ ਤਿਆਗ ਦਿੱਤਾ। ਪੱਥਰ ਦੀ ਮੂਰਤ ਵਾਂਗ ਹੋ ਗਏ। ਹਕੂਮਤ ਨੂੰ ਬਦ ਅਸੀਸਾਂ ਦਿੱਤੀਆਂ। ਉਸਮਾਨ ਖਾਨ ਨੇ ਪੀਰ ਜੀ ਨੂੰ ਗ੍ਰਿਫਤਾਰ ਕਰ ਲਿਆ। ਆਖਰ 21 ਮਾਰਚ 1704 ਈਸਵੀ ਨੂੰ ਪੀਰ ਜੀ ਦੇ ਟੋਟੇ-ਟੋਟੇ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਪੀਰ ਜੀ ਦੇ ਘਰ ਚਾਰ ਪੁੱਤਰ ਸਨ। ਸੱਯਦ ਸ਼ਾਹ ਹੁਸੈਨ, ਸੱਯਦ ਮੁਹੰਮਦ ਬਖਸ਼ (ਜਿਸ ਨੇ ਗੁਰੂ ਜੀ ਖਾਤਰ ਆਪਣਾ ਖੂਨ ਦਿੱਤਾ), ਮੁਹੰਮਦ ਸ਼ਾਹ ਅਤੇ ਸਜ਼ਦ ਅਸ਼ਰਫ (ਦੋਨੋਂ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋਏ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਬੜੇ ਅਦਬ ਨਾਲ ਪਾਉਂਟਾ ਸਾਹਿਬ ਵਿਖੇ ਦਫਨਾਇਆ) ਉਸ ਦਰਵੇਸ਼ ਦੀ ਕੁਰਬਾਨੀ, ਘਾਲਣਾ ਅਤੇ ਉੱਚੇ ਆਚਰਣ ਨੂੰ ਮਨੁੱਖਤਾ ਹਮੇਸ਼ਾ ਹੀ ਸੀਸ ਝੁਕਾਉਂਦੀ ਰਹੇਗੀ।


ਢਾਡੀ ਗੁਰਬਖਸ਼ ਸਿੰਘ ਅਲਬੇਲਾ
ਸੰਪਰਕ: 98146-29581

No comments:

Post a Comment