Thursday 22 August 2013

ਘੁਮਿਆਰ ਭੂੰਡ

ਮੈਂ ਘਰ ਵਿਚ ਬਿਲਕੁਲ ਇਕੱਲੀ ਤੇ ਵਿਹਲੀ ਸੀ। ਆਪਣੇ ਇਕੱਲਪੁਣੇ ਤੋਂ ਨਿਜਾਤ ਪਾਉਣ ਲਈ ਮੈਂ ਕੁਝ ਰਸਾਲੇ ਲੈ ਕੇ ਬਾਹਰ ਬਰਾਂਡੇ ਵਿਚ ਬੈਠ ਗਈ। ਥੋੜ੍ਹੀ ਜਿੰਨੀ ਦੇਰ ਬਾਅਦ ਮੇਰਾ ਧਿਆਨ ਇਕ ਭੂੰਡ ਵਰਗੇ ਕੀੜੇ ਨੇ ਆਪਣੇ ਵੱਲ ਖਿੱਚਿਆ ਜਿਹੜਾ ਵਾਰ ਵਾਰ ਖਿੜਕੀ ਦੀ ਇਕ ਨੁੱਕਰ ਵੱਲ ਆ ਜਾ ਰਿਹਾ ਸੀ। ਇਸ ਭੂੰਡ ਦੀ ਦਿੱਖ ਕੀੜੀ ਵਰਗੀ ਪਤਲੀ ਕਮਰ ਵਾਲੀ ਸੀ, ਪਰ ਇਸ ਦੀ ਕਮਰ ਕੀੜੀ ਨਾਲੋਂ ਬਹੁਤ ਲੰਬੀ ਸੀ। ਇਸ ਦਾ ਕੱਦ ਕਾਠ ਆਮ ਪੀਲੇ ਭੂੰਡ ਜਿੰਨਾ, ਪਰ ਉਸ ਤੋਂ ਥੋੜ੍ਹਾ ਪਤਲਾ ਸੀ। ਇਸ ਦੇ ਗੂੜ੍ਹੇ ਭੂਰੇ ਰੰਗ ਉੱਤੇ ਚਮਕੀਲੀਆਂ ਪੀਲੀਆਂ ਧਾਰੀਆਂ ਸਨ। ਇਹ ਦੇਖਣ ਲਈ ਕਿ ਇਹ ਭੂੰਡ ਖਿੜਕੀ ਦੇ ਉਸ ਖੂੰਜੇ ਵਿਚ ਕੀ ਕਰਨ ਜਾਂਦਾ ਹੈ, ਮੈਂ ਉਠ ਕੇ ਖਿੜਕੀ ਦੀ ਉਸ ਨੱੁਕਰ ਵੱਲ ਗਈ। ਉਸ ਨੂੰ ਉਥੇ ਦੇਖ ਕੇ  ਮੇਰਾ ਦਿਲ ਕੁਦਰਤ ਦੀਆਂ ਕਰਾਮਾਤਾਂ ਉੱਤੇ ਅਸ਼ ਅਸ਼ ਕਰ ਉਠਿਆ। ਖਿੜਕੀ ਦੀ ਉਸ ਨੁੱਕਰ ਵਿਚ ਕੋਈ ਇਕ ਇੰਚ ਦੀ ਗੁਲਾਈ ਵਾਲਾ ਬਹੁਤ ਹੀ ਸਲੀਕੇ ਅਤੇ ਕਾਰੀਗਰੀ ਨਾਲ ਬਣਾਇਆ ਹੋਈਆ ਮਿੱਟੀ ਦਾ ਘੜਾ ਪਿਆ ਸੀ, ਜਿਹੜਾ ਇਕ ਪਾਸਿਓਂ ਕੰਧ ਨਾਲ ਜੁੜਿਆ ਹੋਇਆ ਸੀ। ਮੈਨੂੰ ਯਾਦ ਆਇਆ ਕਿ ਛੋਟੇ ਹੁੰਦੇ ਅਸੀਂ ਇਸ ਭੂੰਡ ਨੂੰ ‘ਘੁਮਿਆਰ ਭੂੰਡ‘ ਕਹਿੰਦੇ ਹੁੰਦੇ ਸੀ ਅਤੇ ਅਸੀਂ ਸਾਰੇ ਬੱਚੇ ਹਮੇਸ਼ਾ ਹੀ ਇਹ ਦੇਖਣਾ ਚਾਹੁੰਦੇ ਹੁੰਦੇ ਸੀ ਕਿ ‘ਘੁਮਿਆਰ ਭੂੰਡ‘ ਇਸ ਘੜੇ ਵਿਚ  ਕੀ ਰੱਖ ਕੇ ਆਉਂਦਾ ਹੈ।

ਅੰਗਰੇਜ਼ੀ ਵਿਚ ‘ਘੁਮਿਆਰ ਭੂੰਡ‘ ਨੂੰ ‘ਪੌਟਰ ਵੈਸਪ‘ Potter wasp ਅਤੇ ‘ਮੈਸਨ ਵੈਸਪ‘ Mason wasp ਵਰਗੇ ਕਈ ਨਾਮ ਦਿਤੇ ਗਏ ਹਨ। ਜੇ ਇਨ੍ਹਾਂ ਦਾ ਪੰਜਾਬੀ ਵਿਚ ਅਰਥ ਕੀਤਾ ਜਾਵੇ ਤਾਂ ਉਹ ਵੀ ‘ਘੁਮਿਆਰ ਭੂੰਡ‘ ਹੀ ਬਣਦਾ ਹੈ। ਕਹਿੰਦੇ ਹਨ ਕਿ ਪੁਰਾਤਨ ਸਭਿਆਚਾਰਾਂ ਦੇ ਲੋਕਾਂ ਨੇ ਆਪੋ-ਆਪਣੇ ਇਲਾਕੇ ਦਿਆਂ ਇਨ੍ਹਾਂ ‘ਘੁਮਿਆਰ ਭੂੰਡਾਂ‘ ਤੋਂ ਹੀ ਮਿੱਟੀ ਦੇ ਘੜੇ, ਜੱਗ, ਕੁੱਜੇ, ਫੁੱਲਦਾਨ ਵਗੈਰਾ ਬਣਾਉਣਾ ਸਿੱਖਿਆ ਸੀ।

‘ਘੁਮਿਆਰ ਭੂੰਡ‘ ਅਤੇ ਇਸ ਦੇ ਨਾਲ ਦੇ ਪਤਲੀ ਕਮਰ ਵਾਲੇ 200 ਭੂੰਡਾਂ ਦੇ ਪਰਿਵਾਰ ਨੂੰ ‘ਇਯੂਮੀਨਿਡੇਈ‘  ਕਹਿੰਦੇ ਹਨ ਅਤੇ ਇਨ੍ਹਾਂ ਦੇ ਮਹਾਂ ਪਰਿਵਾਰ ਨੂੰ ‘ਵੈਸਪੋਆਈਡੀਆ‘ (ਛਚਬਕਗ  ੜਕਤਬਰਜਦਕ ਕਹਿੰਦੇ ਹਨ, ਜਿਸ ਵਿਚ ਮੋਟੀ ਕਮਰ ਵਾਲੇ ਪੀਲੇ ਭੂੰਡ ਵੀ ਸ਼ਾਮਲ ਹੁੰਦੇ ਹਨ। ਸ਼ਹਿਦ ਦੀਆਂ ਮੱਖੀਆਂ ਅਤੇ ਹੋਰ ਸਾਰੇ ਕਿਸਮਾਂ ਦੇ ਭੂੰਡ ਜਿਨ੍ਹਾਂ ਦੇ ਖੰਭ ਪਾਰਦਰਸ਼ੀ ਅਤੇ ਥੋੜ੍ਹੀਆਂ ਨਾੜੀਆਂ ਵਾਲੇ ਹੁੰਦੇ ਹਨ, ਉਨ੍ਹਾਂ ਦੀਆਂ 1,00,000 ਤੋਂ ਵੀ ਵੱਧ ਜਾਤੀਆਂ ਦੇ ਸਮੂਹ ਨੂੰ ‘ਹਾਈਮੀਨੋਪਟੈਰਾ‘ Hymenoptera ਕਹਿੰਦੇ ਹਨ। ‘ਹਾਈਮ‘ ਇਕ ਯੂਨਾਨੀ ਅੱਖਰ ਹੈ ਜਿਸ ਦਾ ਅਰਥ ਹੈ: ਬਹੁਤ ਪਤਲਾ ਝਿੱਲੀ ਵਰਗਾ ਅਤੇ ‘ਪਟੈਰਾ‘ ਦਾ ਅਰਥ ਹੈ: ਖੰਭ।

ਪਰ ਇਸ ਵੇਲੇ ਤੇ ਮੈਂ ਕੁਦਰਤ ਦੇ ਅਦਭੁੱੁਤ ਸ਼ਿਲਪਕਾਰ ‘ਘੁਮਿਆਰ ਭੂੰਡ‘ ਦੀ ਗੱਲ ਕਰ ਰਹੀ ਹਾਂ ਨਾ ਕਿ ਉਸ ਦੇ ਰਿਸ਼ਤੇਦਾਰਾਂ ਦੀ। ‘ਘੁਮਿਆਰ ਭੂੰਡ‘ ਆਮ ਤੌਰ ਤੇ ਕਾਲੇ ਜਾਂ ਗੂੜ੍ਹੇ ਭੂਰੇ ਰੰਗ ਉੱਤੇ ਪੀਲੀਆਂ, ਲਾਲ, ਸੰਗਤਰੀ ਜਾਂ ਚਿੱਟੀਆਂ ਧਾਰੀਆਂ ਵਾਲੇ ਹੁੰਦੇ ਹਨ। ਕਈ ਵਾਰ ਇਹ ਮੋਰ ਵਾਂਗ ਨੀਲੀ ਜਾਂ ਹਰੀ ਚਮਕੀਲੀ ਭਾਹ ਵਾਲੇ ਕਾਲੇ ਰੰਗ ਦੇ ਵੀ ਹੁੰਦੇ ਹਨ। ਇਨ੍ਹਾਂ ਦਾ ਕੱਦਕਾਠ ਮੱਧਮ ਵਰਗ ਵਾਲੇ ਕੀੜਿਆਂ ਵਿਚ ਕੋਈ 1/2 ਤੋਂ 4 ਸੈਂਟੀਮੀਟਰ ਤੱਕ ਹੁੰਦਾ ਹੈ, ਪਰ ਇਨ੍ਹਾਂ ਦੀ ਕਮਰ ਦੀ ਲੰਬਾਈ ਅਤੇ ਮੋਟਾਈ ਵੱਖਰੀ ਵੱਖਰੀ ਹੁੰਦੀ ਹੈ। ਇਨ੍ਹਾਂ ਦੇ ਪਤਲੇ, ਪਾਰਦਰਸ਼ੀ ਚਾਰ ਖੰਭ ਹੁੰਦੇ ਹਨ। ਉੱਡਣ ਵਕਤ ਪਹਿਲਾ ਜੋੜਾ ਖੰਭ, ਪਿਛਲੇ ਥੋੜ੍ਹੇ ਜਿੰਨੇ ਛੋਟੇ ਜੋੜੇ ਖੰਭਾਂ ਦੇ ਨਾਲ ਛੋਟੀਆਂ ਛੋਟੀਆਂ ਕੁੰਡੀਆਂ ਨਾਲ ਜੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਇਕ ਪਾਸੇ ਦੇ ਦੋਵੇਂ ਖੰਭ ਇਕੱਠੇ ਉਪਰ ਥੱਲੇ ਹਿਲਦੇ ਹਨ। ਜਿਸ ਵੇਲੇ ‘ਘੁਮਿਆਰ ਭੂੰਡ‘ ਬੈਠਦਾ ਹੈ ਤਾਂ ਇਹ ਆਪਣੇ ਖੰਭਾਂ ਨੂੰ ਲੰਬਾਈ ਰੁਖ ਤਹਿ ਲਗਾ ਕੇ ਆਪਣੀ ਪਿੱਠ ਉੱਤੇ ਰੱਖ ਲੈਂਦਾ ਹੈ।

ਆਮ ਭੂੰਡਾਂ ਤੋਂ ਵੱਖਰੇ ਇਹ ਮਸਤ ਮੌਲੇ ‘ਘੁਮਿਆਰ ਭੂੰਡ‘ ਇਕਦਮ ਇਕਲੇ ਹੀ ਘੁੰਮਦੇ ਰਹਿੰਦੇ ਹਨ। ਮਾਦਾ ‘ਘੁਮਿਆਰ ਭੂੰਡ‘ ਵਿਚ ਕੋਈ ਰਾਣੀ ਨਹੀਂ ਹੁੰਦੀ ਅਤੇ ਸਾਰੀਆਂ ਮਾਦਾ ਅੰਡੇ ਦੇ ਸਕਦੀਆਂ ਹਨ। ਇਹ ਆਪਣੀ ਜਾਤੀ ਦਿਆਂ ਹੋਰ ‘ਘੁਮਿਆਰ ਭੂੰਡਾਂ‘ ਨਾਲ ਸਹਿਵਾਸ ਤੋਂ ਇਲਾਵਾ ਹੋਰ ਕੋਈ ਵਾਸਤਾ ਨਹੀਂ ਰੱਖਦੀਆਂ ਅਤੇ ਨਾ ਹੀ ਆਪਣੀਆਂ ਧਾਗੇ ਵਰਗੀਆਂ ਲੰਬੀਆਂ ਟੋਹਣੀਆਂ ਜਾਂ ਲੱਤਾਂ ਇਕ ਦੂਜੇ ਨੂੰ ਲਗਾਉਂਦੇ ਹਨ। ਇਸੇ ਕਰਕੇ ਅੰਗ੍ਰੇਜ਼ੀ ਵਿਚ ‘ਘੁਮਿਆਰ ਭੂੰਡਾਂ‘ ਨੂੰ ‘ਸੋਲੀਟਰੀ ਵੈਸਪ‘ Solitary wasp ਵੀ ਕਹਿੰਦੇ ਹਨ।

ਇਸ ਪਰਿਵਾਰ ਦੀਆਂ ਬਹੁਤੀਆਂ ਮਾਦਾ ‘ਘੁਮਿਆਰ ਭੂੰਡ‘ ਸਹਿਵਾਸ ਮਗਰੋਂ ਇਕਲੀਆਂ ਹੀ ਆਪਣਾ ਘਰ (ਖੱਖਰ) ਮਿੱਟੀ ਨੂੰ ਆਪਣੇ ਥੁੱਕ ਵਿਚ ਗੁੰਨ੍ਹ ਕੇ ਬਣਾਉਂਦੀਆਂ ਹਨ। ਮਾਦਾ ਵਾਰ ਵਾਰ ਆਪਣੀ ਮੰਨ-ਪਸੰਦ ਦੀ ਥਾਂ ’ਤੇ ਥੁੱਕ ਵਿਚ ਗੁੰਨ੍ਹੀ ਹੋਈ ਮਿੱਟੀ ਲੈ ਕੇ ਜਾਂਦੀ ਹੈ। ਕਈ ਵਾਰ ਤੇ ਮਾਦਾ ਨੂੰ ਇਸ ਕੰਮ ਲਈ ਪਾਣੀ ਪੀਣ ਦੀ ਵੀ ਲੋੜ ਪੈ ਜਾਂਦੀ ਹੈ। ਪਰ ਖੱਖਰ ਦੀ ਸ਼ਕਲ, ਆਕਾਰ ਅਤੇ ਥਾਂ-ਟਿਕਾਣਾ ਹਰ ਇਕ ਜਾਤੀ ਦਾ ਵੱਖੋ ਵੱਖਰਾ ਹੁੰਦਾ ਹੈ। ਕੁਝ  ਖੱਖਰਾਂ ਦੀ ਸ਼ਕਲ ਘੜੇ, ਫੁੱਲਦਾਨ ਜਾਂ ਸਿਲੰਡਰ ਵਰਗੀ ਹੁੰਦੀ ਹੈ ਅਤੇ ਕਈ ਵਾਰ ਇਕ ਲਾਈਨ ਵਿਚ ਹੀ ਕਈ ਘੜੇ ਬਣੇ ਹੁੰਦੇ ਹਨ। ਕੁਝ ਆਪਣੀ ਖੱਖਰ ਸੁਕੀਆਂ ਟਾਹਣੀਆਂ ਦੀਆਂ ਮੋਰੀਆਂ ਵਿਚ, ਵੱਡੇ ਪੱਤਿਆਂ ਥੱਲੇ, ਜ਼ਮੀਨ ਵਿਚ, ਕੰਧਾਂ ਦੀਆਂ ਵਿਰਲਾਂ, ਆਦਿ ਵਿਚ ਬਣਾਉਂਦੀਆਂ ਹਨ। ਕਿਸੇ ਗਲਤ ਥਾਂ ਮੇਖ ਠੋਕਣ ਮਗਰੋਂ ਬਣੀ ਮੋਰੀ ਵਿਚ ਵੀ ਇਹ ਖੱਖਰ ਬਣਾ ਲੈਂਦੇ ਹਨ। ਇਕ ਖੱਖਰ ਵਿਚ ਇਕੋ ਜਾਂ ਫੇਰ ਕਈ ਖਾਨੇ ਹੋ ਸਕਦੇ ਹਨ। ਮਾਦਾ ਇਕ ਇਕ ਕਰਕੇ ਖੱਖਰ ਦੇ ਖਾਨਿਆਂ ਵਿਚ ਡੰਗ ਮਾਰ ਕੇ ਬੇਹੋਸ਼ ਕੀਤੀਆਂ ਹੋਈਆਂ ਤਿੱਤਲੀਆਂ ਅਤੇ ਬੀਟਲਸ ਜਾਂ ਮੱਕੜੀਆਂ ਭਰਦੀਆਂ ਰਹਿੰਦੀਆਂ ਹਨ।  ਖਾਨਾ ਭਰ ਜਾਣ ’ਤੇ ਇਹ ਛੱਤ ਵਾਲੇ ਪਾਸੇ ਲਮਕਦਾ ਹੋਈ ਇਕ ਅੰਡਾ ਦੇ ਦਿੰਦੀਆਂ ਹਨ ਅਤੇ ਖਾਨੇ ਦਾ ਮੂੰਹ ਬੰਦ ਕਰ ਦਿੰਦੀਆਂ ਹਨ। ਬਸ ਇਸ ਤੋਂ ਬਾਅਦ ਇਹ ਮਸਤ ਮੌਲੀਆਂ ਮਾਦਾ ‘ਘੁਮਿਆਰ ਭੂੰਡ‘ ਆਪਣੇ ਬੱਚੇ ਦਾ ਮੂੰਹ ਵੀ ਨਹੀਂ ਵੇਖਦੀਆਂ ਅਤੇ ਨਾ ਹੀ ਖੱਖਰ ਦੀ ਰਾਖੀ ਕਰਦੀਆਂ ਹਨ।

ਜਦੋਂ ਅੰਡਿਆਂ ਵਿਚੋਂ ਬੱਚੇ (ਸੁੰਡੀਆਂ) ਨਿਕਲਦੇ ਹਨ ਤਾਂ ਉਹ ਸਿੱਧੇ ਬੇਹੋਸ਼ ਕੀਤੀਆਂ ਹੋਈਆਂ ਬੀਟਲਸ ਅਤੇ ਤਿੱਤਲੀਆਂ ਦੀਆਂ ਸੁੰਡੀਆਂ ਜਾਂ ਮੱਕੜੀਆਂ ਉੱਤੇ ਡਿਗਦੇ ਹਨ ਅਤੇ ਉਨ੍ਹਾਂ ਨੂੰ ਖਾਣ ਲੱਗ ਪੈਂਦੇ ਹਨ। ਪ੍ਰੋੜ੍ਹ ਹੋਣ ’ਤੇ ਹੀ ਬੱਚੇ ਖੱਖਰ ਵਿਚੋਂ ਬਾਹਰ ਨਿਕਲਦੇ ਹਨ। ‘ਘੁਮਿਆਰ ਭੂੰਡ‘ ਆਪ ਤੇ ਫੁੱਲਾਂ ਦਾ ਰਸ ਹੀ ਪੀਂਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਫੁੱਲਾਂ ਦਾ ਪਰਾਗਣ ਵੀ ਕਰਦੇ ਹਨ ਅਤੇ ਛੇਤੀ ਕੀਤਿਆਂ ਇਹ ਕਿਸੇ ਨੂੰ ਡੰਗ ਨਹੀਂ ਮਾਰਦੇ। ਕਿਸਾਨ ਇਨ੍ਹਾਂ ਨੂੰ ਆਪਣਾ ਮਿੱਤਰ ਸਮਝਦੇ ਹਨ ਕਿਉਂਕਿ ਇਹ ਆਪਣੇ ਬੱਚਿਆਂ ਲਈ ਨੁਕਸਾਨ-ਦੇਹ ਸੁੰਡੀਆਂ ਖੇਤਾਂ ਵਿਚੋਂ ਚੁਗਦੇ ਹਨ। ਇਸ ਲਈ ਅਸੀਂ ਮੰਨ ਸਕਦੇ ਹਾਂ ਕਿ ਇਹ ਵਚਿੱਤਰ ਸ਼ਿਲਪਕਾਰ ਕੁਦਰਤ ਦਾ ਇਕ ਅਜੀਬ ਨਮੂਨਾ ਹਨ।

ਡਾ. ਪੁਸ਼ਪਿੰਦਰ ਜੈ ਰੂਪ


Wednesday 21 August 2013

ਪਸ਼ੂ, ਪੰਛੀ, ਰੁੱਖ ਤੇ ਮਨੁੱਖ


ਪੰਛੀ, ਪਸ਼ੂ, ਰੁੱਖ ਤੇ ਮਨੁੱਖ ਦਾ ਆਪਸ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਹੈ। ਇਹ ਰਿਸ਼ਤਾ ਆਦਿ ਮਨੁੱਖ ਦੇ ਜਨਮ ਤੋਂ ਵੀ ਪੁਰਾਣਾ ਹੈ। ਜਦੋਂ ਹਾਲੇ ਮਨੁੱਖੀ ਨਸਲ ਹੋਂਦ ਵਿੱਚ ਨਹੀਂ ਸੀ ਆਈ, ਪੰਛੀ, ਪਸ਼ੂ ਤੇ ਰੁੱਖ ਉਸ ਵੇਲੇ ਵੀ ਧਰਤੀ ਉੱਤੇ ਮੌਜੂਦ ਸਨ। ਘਣੇ ਜੰਗਲਾਂ ਵਿੱਚ ਦਰੱਖਤਾਂ ਉੱਤੇ ਪੰਛੀਆਂ ਦਾ ਬਸੇਰਾ ਸੀ।
ਹੁਣ ਧਰਤੀ ਉੱਤੇ ਮਨੁੱਖ ਵਧਦੇ ਜਾ ਰਹੇ ਹਨ-ਪਰ ਰੁੱਖ ਘਟਦੇ ਜਾ ਰਹੇ ਹਨ। ਨਿੱਜੀਕਰਨ, ਮੰਡੀਕਰਨ ਦਾ ਯੁੱਗ ਹੈ-ਪੂੰਜੀ ਵਿਕਾਸ ਹੋ ਰਿਹਾ ਹੈ ਪਰ ਰੁੱਖ ਕੱਟੇ ਜਾ ਰਹੇ ਹਨ। ਚੌੜੀਆਂ ਸੜਕਾਂ, ਹਵਾਈ ਅੱਡੇ, ਮੈਰਿਜ ਪੈਲੇਸ, ਡੇਰੇ, ਸ਼ਾਪਿੰਗ ਮਾਲ, ਕ੍ਰਿਕਟ-ਵਪਾਰ-ਮੈਦਾਨ, ਬਿਲਡਿੰਗ ਮਾਫ਼ੀਆ ਆਦਿ ਦਾ ਘੇਰਾ ਵਧਦਾ ਜਾ ਰਿਹਾ ਹੈ। ਨਾ ਰੁੱਖ ਰਹੇ ਹਨ- ਨਾ ਰੁੱਖਾਂ ਦੀਆਂ ਛਾਵਾਂ। ਨਾ ਸ਼ਤੀਰਾਂ, ਰੋਸ਼ਨਦਾਨਾਂ ਵਾਲੇ ਘਰ ਰਹੇ, ਨਾ ਰਹੀਆਂ ਪੰਛੀਆਂ ਦੇ ਆਲ੍ਹਣਾ ਬਣਾਉਣ ਲਈ ਥਾਵਾਂ।
ਠੰਢ ਦੀ ਰੁੱਤ ਸ਼ੁਰੂ ਹੁੰਦਿਆਂ ਬਰਫ਼ੀਲੇ ਪਹਾੜਾਂ, ਠੰਢੇ ਦੇਸ਼ਾਂ ਵਿੱਚੋਂ ਹਜ਼ਾਰਾਂ ਮੀਲ ਸਫ਼ਰ ਕਰਦਿਆਂ, ਪੰਛੀ ਪੰਜਾਬ ਵਰਗੇ ਨਿੱਘੇ ਖੇਤਰ ਵੱਲ ਉੱਡਦੇ ਆਉਂਦੇ ਹਨ। ਆਓ, ਇਨ੍ਹਾਂ ਪਰਵਾਸੀ ਪਰਾਹੁਣਿਆਂ ਲਈ ਕੁਝ ਝੀਲਾਂ, ਰੁੱਖਾਂ ਦੇ ਕੁਝ ਝੁੰਡ, ਬਚਾ ਲਈਏ।
ਪਸ਼ੂ-ਪੰਛੀ ਵਾਤਾਵਰਨ ਦੀ ਸੰਭਾਲ ਅਤੇ ਸਾਡੇ ਲਈ ਬਹੁਤ ਲਾਭਕਾਰੀ ਹਨ। ਪਸ਼ੂਆਂ, ਪੰਛੀਆਂ ਨੂੰ ਵੀ ਸਾਥ ਦੀ ਲੋੜ ਹੈ। ਜਿਵੇਂ ਸਮਾਜ ਤੋਂ ਅੱਡ ਰਹਿ ਕੇ ਮਨੁੱਖ ਉਦਾਸ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਵੱਗੋਂ ਵਿੱਛੜੀ ਮੱਝ, ਡਾਰੋਂ ਵਿੱਛੜੀ ਕੂੰਜ, ਉਦਾਸ ਹੋ ਜਾਂਦੀ ਹੈ। ਸਾਂਝੀ ਖੁਰਲੀ ਉੱਤੇ ਬੱਝੀਆਂ ਮੱਝਾਂ, ਗਾਵਾਂ, ਕੱਟੇ-ਕੱਟੀਆਂ, ਵੱਛੇ-ਵੱਛੀਆਂ ਦਾ ਆਪਸ ਵਿੱਚ ਏਨਾ ਪਿਆਰ ਹੁੰਦਾ ਹੈ ਕਿ ਜੇ ਇੱਕ ਨੂੰ ਉਨ੍ਹਾਂ ਵਿੱਚੋਂ ਅੱਡ ਕਰ ਦਿੱਤਾ ਜਾਵੇ ਤਾਂ ਦੂਜਾ ਉਦਾਸ ਹੋ ਜਾਂਦਾ ਹੈ।
ਪਤਾ ਨਹੀਂ ਪਸ਼ੂਆਂ ਨੂੰ ਮਨੁੱਖ ਪਾਸੋਂ ਕੋਈ ਲਾਭ ਹੈ ਜਾਂ ਨਹੀਂ ਪਰ ਇਹ ਤਾਂ ਹਰੇਕ ਨੂੰ ਪਤਾ ਹੈ ਕਿ ਪਸ਼ੂ, ਮਨੁੱਖਾਂ ਲਈ ਬਹੁਤ ਲਾਭਕਾਰੀ ਹਨ। ਜੇ ਪਸ਼ੂ ਨਾ ਹੁੰਦੇ ਤਾਂ ਮਨੁੱਖ ਦੀ ਨੁਹਾਰ ਹੀ ਕੁਝ ਹੋਰ ਹੋਣੀ ਸੀ। ਇਸ ਧਰਤੀ ਉੱਤੇ ਮੱਝਾਂ, ਗਾਵਾਂ, ਬੱਕਰੀਆਂ ਨਾ ਹੁੰਦੀਆਂ ਤਾਂ ਦੁੱਧ ਦੇ ਬਣੇ ਅਨੇਕਾਂ ਪਦਾਰਥ ਕਿੱਥੋਂ ਹੋਣੇ ਸਨ? ਘੋੜਾ-ਘੋੜੀ ਸਵਾਰੀ ਦੇ ਕੰਮ ਆਉਂਦੇ ਹਨ। ਭਾਵੇਂ ਸੜਕਾਂ ’ਤੇ ਮੋਟਰ ਗੱਡੀਆਂ ਆਦਿ ਨੇ ਘੋੜੇ ਦੀ ਵਰਤੋਂ ਲਗਪਗ ਖ਼ਤਮ ਕਰ ਦਿੱਤੀ ਹੈ ਪਰ ਹਾਲੇ ਵੀ ਸ਼ਹਿਰਾਂ ਵਿੱਚ ਘੋੜੀਆਂ ਲਾੜੇ ਲਈ ਸ਼ਗਨਾਂ ਦੀ ਸਵਾਰੀ ਬਣਦੀਆਂ ਹਨ। ਊਠ ਨੂੰ ਅੱਜ ਵੀ ‘ਮਾਰੂਥਲ ਦਾ ਜਹਾਜ਼’ ਕਿਹਾ ਜਾਂਦਾ ਹੈ। ਆਵਾਜਾਈ ਤੇ ਮਾਲ-ਢੁਆਈ ਲਈ ਥਲੀ ਇਲਾਕਿਆਂ ਵਿੱਚ ਅੱਜ ਵੀ ਇਸ ਦੀ ਵਰਤੋਂ ਹੁੰਦੀ ਹੈ। ਇੱਟਾਂ, ਮਿੱਟੀ ਆਦਿ ਦੀ ਢੁਆਈ ਲਈ ਅੱਜ ਵੀ ਪਿੰਡਾਂ-ਸ਼ਹਿਰਾਂ ਵਿੱਚ ਗਧਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਊਠ ਅਤੇ ਖੱਚਰ ਫ਼ੌਜ ਲਈ ਬਹੁਤ ਲਾਭਕਾਰੀ ਹਨ। ਥਲਾਂ ਅਤੇ ਪਹਾੜਾਂ ਵਿੱਚ ਫ਼ੌਜੀ ਸਾਮਾਨ ਤੇ ਹਥਿਆਰ ਆਦਿ ਢੋਣ ਦੇ ਕੰਮ ਆਉਂਦੇ ਹਨ। ਸੂਹੀਏ ਕੁੱਤੇ ਪੁਲੀਸ ਪ੍ਰਸ਼ਾਸਨ ਲਈ ਕੰਮ ਕਰਦੇ ਹਨ। ਕਤਲ, ਚੋਰੀ, ਡਾਕੇ ਦੇ ਠੀਕ ਟਿਕਾਣੇ ਤੇ ਲੁਕਣ ਥਾਵਾਂ ਦਾ ਪਤਾ ਦੱਸਦੇ ਹਨ। ਘਰੇਲੂ ਵਫ਼ਾਦਾਰ ਕੁੱਤੇ ਘਰਾਂ ਦੀ ਰਾਖੀ ਕਰਦੇ ਹਨ। ਕਿਸੇ ਓਪਰੇ ਬੰਦੇ ਨੂੰ ਘਰ ਦੇ ਨੇੜੇ ਨਹੀਂ ਫਟਕਣ ਦਿੰਦੇ।
ਪੰਛੀ ਅਤੇ ਜਾਨਵਰ ਭੂਚਾਲ, ਹੜ੍ਹਾਂ ਆਦਿ ਦੀ ਅਗੇਤੀ ਸੂਚਨਾ ਦਿੰਦੇ ਹਨ। ਹੜ੍ਹਾਂ ਦੀ ਬਿਪਤਾ ਵਾਪਰਨ ਵਾਲੀ ਹੋਵੇ ਤਾਂ ਕੀੜੀਆਂ ਪਹਿਲਾਂ ਹੀ ਸੁਰੱਖਿਅਤ ਥਾਵਾਂ ਵੱਲ ਤੁਰਨ ਲੱਗਦੀਆਂ ਹਨ ਤੇ ਆ ਰਹੀ ਸਮੱਸਿਆ ਬਾਰੇ ਲੋਕਾਂ ਨੂੰ ਸੁਚੇਤ ਕਰਦੀਆਂ ਹਨ। ਸੱਪ ਖੁੱਡਾਂ ਵਿੱਚੋਂ ਬਾਹਰ ਆ ਜਾਂਦੇ ਹਨ। ਕਾਂ, ਕਾਂ-ਕਾਂ ਕਰਕੇ ਰੌਲਾ ਪਾ ਕੇ ਸੁਚੇਤ ਕਰਦੇ ਹਨ। ਅਨੁਸ਼ਾਸਨ ਦਾ ਸਬਕ ਤਾਂ ਕੀੜੀਆਂ ਪਾਸੋਂ ਵੀ ਅਸੀਂ ਸਿੱਖ ਸਕਦੇ ਹਾਂ। ਕਤਾਰ ਵਿੱਚ ਜਾ ਰਹੀਆਂ ਕੀੜੀਆਂ ਤੇ ਬੱਸਾਂ, ਰੇਲਵੇ-ਸਟੇਸ਼ਨਾਂ ਅਤੇ ਸਿਨੇਮਾ-ਹਾਲਾਂ ਜਾਂ ਰਾਸ਼ਨ-ਡਿਪੂਆਂ ਸਾਹਮਣੇ ਲੱਗੀਆਂ ਮਨੁੱਖੀ ਕਤਾਰਾਂ ਨਾਲੋਂ ਕਿਤੇ ਵਧੇਰੇ ਅਨੁਸ਼ਾਸਨ ਤੇ ਸ਼ਾਂਤੀ ਵਿੱਚ ਹੁੰਦੀਆਂ ਹਨ। ਮਨੁੱਖ ਕਤਾਰਾਂ ਵਿੱਚ ਹੱਥੋ-ਪਾਈ ਹੋ ਰਹੇ ਹਨ। ਦੂਜੇ ਦੀ ਥਾਂ ਖੋਹਣ ਦਾ ਯਤਨ ਹਰ ਰਹੇ ਹਨ। ਕੀੜੀਆਂ ਬਾ-ਜ਼ਬਤ ਜਾ ਰਹੀਆਂ ਹਨ ਜਿਵੇਂ ਕੋਈ ਫ਼ੌਜੀ ਪਲਟਨ ਮਾਰਚ ਕਰ ਰਹੀ ਹੋਵੇ।
ਮਨੁੱਖ ਕਈ ਵਾਰ ਪਸ਼ੂਆਂ ਨਾਲ ਜ਼ਾਲਮਾਨਾ ਵਰਤਾਓ ਕਰਦਾ ਹੈ। ਗਰਮੀ ਵਿੱਚ ਸਿਖਰ ਦੁਪਹਿਰੇ ਸਾਮਾਨ ਨਾਲ ਲੱਦੇ ਰੇਹੜੇ ਅੱਗੇ ਜੁੱਪੇ ਬਲਦ ਜਾਂ ਘੋੜੇ ਨੂੰ ਛਾਂਟੇ ਮਾਰ-ਮਾਰ ਹੋਰ ਤੇਜ਼ ਦੌੜਨ ਲਈ ਮਜਬੂਰ ਕੀਤਾ ਜਾਂਦਾ ਹੈ। ਮਾਸੂਮ ਪੰਛੀਆਂ ਨੂੰ ਫੁੰਡਿਆ ਜਾਂਦਾ ਹੈ। ਤੋਤੇ ਨੂੰ ਪਿੰਜਰੇ ਵਿੱਚ ਬੰਦ ਰੱਖ ਕੇ ਉਸ ਪਾਸੋਂ ਗੀਤ ਗਵਾਏ ਜਾਂਦੇ ਹਨ। ਕੁੱਕੜਾਂ ਦੇ ਮੁਕਾਬਲੇ ਕਰਵਾ ਕੇ ਕੁੱਕੜ ਲਹੂ-ਲੁਹਾਣ ਕੀਤੇ ਜਾਂਦੇ ਹਨ। ਪਸ਼ੂਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ। ਬੇਜ਼ਬਾਨ ਪਸ਼ੂ ਕੋਈ ਰੋਸ ਵੀ ਤਾਂ ਨਹੀਂ ਕਰ ਸਕਦੇ।
ਪਸ਼ੂਆਂ ਵਾਂਗ ਪੰਛੀ ਵੀ ਮਨੁੱਖ ਦੀ ਸੇਵਾ ਲਈ ਸਦਾ ਹਾਜ਼ਰ ਰਹਿੰਦੇ ਹਨ। ਜਦੋਂ ਹਾਲੇ ਡਾਕ-ਤਾਰ ਦਾ ਪ੍ਰਬੰਧ ਨਹੀਂ ਸੀ ਹੁੰਦਾ, ਕਬੂਤਰ ਚਿੱਠੀਆਂ ਲਿਆਉਣ ਤੇ ਲਿਜਾਣ ਦਾ ਕੰਮ ਕਰਿਆ ਕਰਦੇ ਸਨ। ਅੱਜ ਵੀ ਜਦੋਂ ਬਨੇਰੇ ਉੱਤੇ ਕਾਂ ਬੋਲਦਾ ਹੈ ਤਾਂ ਅਸੀਂ ਕਿਸੇ ਦੇ ਆਉਣ ਦੀ ਆਸ ਲਾ ਲੈਂਦੇ ਹਾਂ। ਘੁੱਗੀ ਨੂੰ ਸੰਸਾਰ ਭਰ ਵਿੱਚ ਅਮਨ ਦਾ ਚਿੰਨ੍ਹ ਮੰਨਿਆ ਗਿਆ ਹੈ। ਸੰਸਾਰ ਦਾ ਸਾਹਿਤ ਮੋਰ ਦੀ ਸੁੰਦਰਤਾ ਨਾਲ ਭਰਿਆ ਪਿਆ ਹੈ। ਮਨਮੋਹਣੇ ਪੰਛੀਆਂ ਦੇ ਗੀਤ ਬੜੇ ਪਿਆਰੇ ਹਨ। ਕੋਇਲ ਆਪਣੀ ਆਵਾਜ਼ ਕਰਕੇ ਸਭ ਨੂੰ ਭਾਉਂਦੀ ਹੈ।
ਨਵੇਂ ਪੁਰਾਣੇ ਰੁੱਖ ਹੋਣ। ਰੁੱਖਾਂ ਦੀਆਂ ਖੁੰਢਾਂ ਵਿੱਚ ਪੰਛੀ ਘਰ ਬਣਾਉਣ। ਚਿੜੀਆਂ, ਤੋਤੇ, ਗੁਟਾਰਾਂ ਆਉਣ। ਇਨ੍ਹਾਂ ਘਰਾਂ ਵਿੱਚ ਚਹਿਚਹਾਉਣ, ਗਾਉਣ। ਰੁੱਖਾਂ ਦੀਆਂ ਹੋਣ ਝਿੜੀਆਂ, ਆਲ੍ਹਣਾ ਬਣਾਉਣ ਚਿੜੀਆਂ। ਛੰਭ, ਛੱਪੜ, ਸਰੋਵਰ ਹੋਣ, ਮੱਛੀਆਂ, ਬਗਲੇ, ਬੱਤਖ਼ਾਂ,  ਮੁਰਗਾਬੀਆਂ ਨਹਾਉਣ। ਚਰਾਂਦਾਂ ਹੋਣ ਮੱਝਾਂ, ਗਾਵਾਂ ਚਾਰਾ ਚੁਗਣ। ਦੁੱਧ ਦੇ ਗੜਵੇ ਭਰਨ। ਤੜਕੇ ਮਧਾਣੀ ਗਾਵੇ। ਚੰਨ ਵਰਗਾ ਮੱਖਣ ਆਵੇ। ਜੋ ਖਾਵੇ ਜਸ ਬਨਸਪਤੀ ਦਾ ਗਾਵੇ।
ਆਉ ਰੰਗਾਂ ਦਾ ਲਾਈਏ ਇੱਕ ਮੇਲਾ। ਜਿਥੇ ਗੋਕਾ, ਮਾਝਾ, ਝੱਗਦਾਰ ਦੁੱਧ ਹੋਵੇ-ਡੰਗਰਾਂ ਦੀ ਜੁਗਾਲੀ ਹੋਵੇ। ਬਾਰਾਂ ਸਿੰਗਿਆਂ ਦੀਆਂ ਚੁੰਗੀਆਂ ਹੋਣ-ਬੋਲੇ ਤੇ ਲਾਖੇ ਦੇ ਗਲ ਪੰਜਾਲੀ ਹੋਵੇ। ਚਿੜੀਆਂ, ਗੁਟਾਰਾਂ, ਲਾਲੀਆਂ ਦੀ ਕਿੱਕਲੀ ਹੋਣ। ਅਸਮਾਨੀ ਬੱਦਲਾਂ ਵਿੱਚ ਸਤਰੰਗੀ ਬਿਜਲੀ ਹੋਵੇ। ਬਿਰਖਾਂ ਦੀਆਂ ਹੋਣ ਮਾਂ ਵਰਗੀਆਂ ਛਾਵਾਂ, ਮਾਵਾਂ ਦੀ ਫੁਲਕਾਰੀ ਵਿੱਚ ਦੁਖੀਆਂ ਲਈ ਹੋਣ ਪਨਾਹਾਂ। ਆਉ,  ਖ਼ੈਰ ਮਨਾਈਏ ਪੰਛੀਆਂ, ਪਸ਼ੂਆਂ, ਰੁੱਖਾਂ ਅਤੇ ਮਨੁੱਖਾਂ ਦੀ। ਮਨੁੱਖਾਂ ਦਾ ਗੁੱਸਾ ਘਟੇ, ਧਰਤੀ ਦੀ ਤਪਸ਼ ਘੱਟ ਹੋਵੇ, ਕੁਦਰਤ ਮਿਹਰਬਾਨ ਹੋਵੇ। ਸ਼ੁੱਧ ਪਾਣੀ ਹੋਵੇ, ਘਣੇ ਜੰਗਲ ਹੋਣ।
ਜਲਿ ਥਲਿ ਮਹੀਅਲਿ ਪੁਰਿਆ
ਰਵਿਆ ਵਿਚਿ ਵਣਾ,
ਸੋ ਪ੍ਰਭੁ ਚਿਤਿ ਨਾ ਆਵਈ
ਕਿਤਨਾ ਦੁਖ ਗਣਾ। (ਮਹਲਾ 5, ਅੰਗ 133)

ਪ੍ਰੋ. ਹਮਦਰਦਵੀਰ ਨੌਸ਼ਹਿਰਵੀ
* ਸੰਪਰਕ: 94368-08697

ਵਿਰਸੇ ਦੀਆਂ ਬਾਤਾਂ ਲੈ ਦੇ ਸੁਰਮੇਦਾਨੀ ਨੀਂ ਮਾਏ...



ਸਮੇਂ ਦੇ ਬਦਲਾਅ ਨਾਲ ਜਿਵੇਂ ਪਰਾਂਦੀਆਂ, ਨਥਲੀਆਂ, ਸੱਗੀਆਂ ਤੇ ਸ਼ਿੰਗਾਰ ਨਾਲ ਜੁੜੀਆਂ ਹੋਰ ਚੀਜ਼ਾਂ ਦੂਰ ਜਾ ਰਹੀਆਂ ਨੇ,
ਬਿਲਕੁਲ ਉਵੇਂ ਹੀ ਅੱਖਾਂ ਦੀ ਖੂਬਸੂਰਤੀ ਵਧਾਉਣ ਵਾਲੇ ਸੁਰਮੇ ਨੂੰ ਜਮ੍ਹਾਂ ਰੱਖਣ ਵਾਲੀ ਸੁਰਮੇਦਾਨੀ ਵੀ ਇਕ ਤਰ੍ਹਾਂ ਨਾਲ ਅਲੋਪ ਜਿਹੀ ਹੁੰਦੀ ਜਾ ਰਹੀ ਏ |
ਇਕ ਵਕਤ ਅਜਿਹਾ ਵੀ ਸੀ, ਜਦੋਂ ਸੁਰਮੇਦਾਨੀ ਹਰ ਸੁਹਾਗਣ ਦੀ ਸੁਹਾਗ ਪਟਾਰੀ ਵਿਚ ਸ਼ਾਮਿਲ ਹੁੰਦੀ ਸੀ | 
ਨਵੇਂ ਪੋਚ ਦੇ ਬਹੁਤਿਆਂ ਨੂੰ ਸ਼ਾਇਦ ਸੁਹਾਗ ਪਟਾਰੀ ਬਾਰੇ ਵੀ ਨਾ ਪਤਾ ਹੋਵੇ ਪਰ ਮਾਲਵੇ ਦਾ ਇਹ ਪ੍ਰਚੱਲਤ ਸ਼ਬਦ ਹੈ, 
ਜਿਸ ਵਿਚ ਔਰਤਾਂ ਆਪਣੇ ਦਿਲਖਿੱਚਵੇਂ ਡੱਬੇਨੁਮਾ ਬਕਸੇ ਵਿਚ ਸ਼ਿੰਗਾਰ ਦੀਆਂ ਸਾਰੀਆਂ ਚੀਜ਼ਾਂ ਰੱਖਦੀਆਂ ਸਨ | 
ਪੰਜਾਬ ਦੇ ਹਰ ਪੱਖ ਤੇ ਪੰਜਾਬੀਆਂ ਦੀ ਹਰ ਆਮ-ਖਾਸ ਗੱਲ ਨਾਲ ਸਬੰਧਿਤ ਅਣਗਿਣਤ ਗੀਤ, ਬੋਲੀਆਂ, ਕਹਾਣੀਆਂ ਤੇ ਕਿੱਸੇ ਜੁੜੇ ਹੋਏ ਨੇ, ਉਵੇਂ ਹੀ ਪੂਛਾਂ ਵਾਲਾ ਸੁਰਮਾ ਪਾਉਣ ਵਾਲੇ/ਵਾਲੀਆਂ 'ਤੇ ਅਨੇਕਾਂ ਗੀਤ ਢੁੱਕਦੇ ਨੇ |
ਤਸਵੀਰ ਵਿਚਲੀ ਸੁਰਮੇਦਾਨੀ ਦੇਖ ਕੇ 20-25 ਸਾਲ ਪਹਿਲਾਂ ਵਾਲੇ ਸਾਰੇ ਦਿ੍ਸ਼ ਮੂਹਰੇ ਆ ਖਲੋਂਦੇ ਨੇ | ਮਾਮੇ-ਮਾਸੀਆਂ ਦੇ ਵਿਆਹਾਂ ਮੌਕੇ ਰਿਸ਼ਤੇਦਾਰ ਮੇਲਣਾਂ-ਗੇਲਣਾਂ ਨੂੰ ਤਿਆਰ ਹੋ ਕੇ ਸੁਰਮਾ ਪਾਉਣ ਦਾ ਏਨਾ ਚਾਅ ਸੀ,.....
ਕਿ ਸੁਰਮੇਦਾਨੀ ਇਕ ਤੋਂ ਦੂਜੇ ਹੱਥ ਤੱਕ ਘੁੰਮਦੀ ਰਹਿੰਦੀ ਸੀ | ਕੋਈ 'ਪਹਿਲਾਂ ਮੈਨੂੰ' ਕਹਿ ਰਿਹਾ ਸੀ ਤੇ ਕੋਈ 'ਹੁਣ ਨਹੀਂ ਮਿਲਣੀ' ਕਹਿ ਦੂਜਿਆਂ ਨੂੰ ਚਿੜਾ ਰਿਹਾ ਸੀ | ਗੱਲ ਕੀ ਸਭ ਔਰਤਾਂ ਇੰਜ ਸਮਝ ਰਹੀਆਂ ਸਨ, ਜਿਵੇਂ ਸੁਰਮਾ ਪਾਏ ਬਿਨਾਂ ਉਨ੍ਹਾਂ ਦਾ ਤਿਆਰ ਹੋਣਾ, ਸ਼ਿੰਗਾਰ ਕਰਨਾ ਅਧੂਰਾ ਰਹਿ ਜਾਏਗਾ |
ਵੱ ਖੋ-ਵੱਖਰੇ ਡਿਜ਼ਾਈਨ ਵਾਲੀਆਂ ਸੁਰਮੇਦਾਨੀਆਂ ਸਭ ਨੂੰ ਆਪਣੇ ਵੱਲ ਖਿੱਚਦੀਆਂ ਸਨ | ਮੇਲਿਆਂ ਵਿਚੋਂ ਸੁਰਮੇਦਾਨੀ ਲੈਣ ਵਾਲੀਆਂ ਕੁੜੀਆਂ ਦੀ ਘਾਟ ਨਹੀਂ ਸੀ ਹੁੰਦੀ ਤੇ ਵਿਆਹਾਂ ਮੌਕੇ ਤਾਂ ਬਜ਼ਾਰਾਂ ਵਿਚੋਂ ਜਿੱਥੇ ਹੋਰ ਚੀਜ਼ਾਂ ਦੀ ਖਰੀਦਦਾਰੀ ਹੁੰਦੀ, ਉਥੇ ਸੁਰਮੇਦਾਨੀ ਨੂੰ ਭੁੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ | 
ਅੱਜ ਸੁਰਮੇਦਾਨੀ ਕਿਸੇ-ਕਿਸੇ ਘਰ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸੁਰਮੇ ਵਾਲਾ ਰਿਵਾਜ ਬਹੁਤ ਹੱਦ ਤੱਕ ਘੱਟ ਗਿਆ ਹੈ | ਥਾਂ-ਥਾਂ ਸੁੰਦਰਤਾ ਵਧਾਉਣ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਤੇ ਉਥੇ ਜਾ ਕੇ ਨਵੇਂ ਦੌਰ ਦਾ ਮੇਕਅੱਪ ਹੋ ਜਾਂਦਾ ਏ | ਫਿਰ ਵੀ ਅਤੀਤ ਨੂੰ ਯਾਦ ਕਰਦਿਆਂ ਕਈ ਇਹੋ ਜਿਹੀਆਂ ਚੀਜ਼ਾਂ ਤੇ ਉਨ੍ਹਾਂ ਨਾਲ ਜੁੜੀਆਂ ਗੱਲਾਂ ਜ਼ਿਹਨ ਵਿਚ ਆਣ ਖਲੋਂਦੀਆਂ ਨੇ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਭੁੱਲਿਆ ਨਹੀਂ ਜਾ ਸਕਦਾ |

ਸਵਰਨ ਸਿੰਘ ਟਹਿਣਾ