ਵਿਆਹ ਦੇ ਰੀਤੀ ਮੂਲਕ ਗੀਤ ਰੂਪ ਵਿੱਚ ‘ਛੰਦ ਪਰਾਗੇ’ ਦਾ ਵਿਲੱਖਣ ਸਥਾਨ ਹੈ। ਛੰਦ ਪਰਾਗੇ ਗੀਤ ਰੂਪ ਵਿੱਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ। ਇਹ ਰੀਤ ਪੁਰਾਣੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਦੇ ਉਹਦੀ ਸੱਸ ਅਤੇ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ ਕਈ ਸ਼ਗਨ ਕਰਦੀਆਂ ਹਨ। ਇਨ੍ਹਾਂ ਸ਼ਗਨਾਂ ਤੋਂ ਪਹਿਲਾਂ ਲਾੜੇ ਦੀਆਂ ਸਾਲੀਆਂ ਵੱਲੋਂ ਹਾਸੇ-ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਲਾੜੇ ਦੇ ਨਾਲ ਆਏ ਇੱਕ ਦੋ ਮੁੰਡੇ ਅਤੇ ਸਰਬਾਲ੍ਹਾ ਉਸ ਨੂੰ ਸਾਲੀਆਂ ਦੀਆਂ ਖਰਮਸਤੀਆਂ ਤੋਂ ਬਚਾਉਣ ਦਾ ਯਤਨ ਕਰਦੇ ਹਨ ਤੇ ਉਸ ਨੂੰ ਗਾਹੇ-ਬਗਾਹੇ ਸੁਚੇਤ ਵੀ ਕਰਦੇ ਰਹਿੰਦੇ ਹਨ। ਚੁਸਤ ਤੇ ਬੁੱਧੀਮਾਨ ਲਾੜੇ ਇਸ ਮੌਕੇ ਲਈ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ ਹਨ। ਉਹ ਆਪਣੇ ਮਿੱਤਰਾਂ-ਬੇਲੀਆਂ ਪਾਸੋਂ ਛੰਦ ਸੁਣ ਕੇ ਕੰਠ ਕਰ ਲੈਂਦੇ ਹਨ ਤਾਂ ਜੋ ਉਨ੍ਹਾਂ ਨੂੰ ਸਾਲੀਆਂ ਸਾਹਮਣੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।
ਛੰਦ ਪਰਾਗੇ ਸੁਣਨ ਸਮੇਂ ਸਾਰਾ ਮਾਹੌਲ ਖ਼ੁਸ਼ਗਵਾਰ ਹੋਇਆ ਹੁੰਦਾ ਹੈ। ਇਸ ਰਸਮ ਦਾ ਮੁੱਖ ਮੰਤਵ ਲਾੜੇ ਦੀ ਅਕਲ ਅਤੇ ਹਾਜ਼ਰ-ਜਵਾਬੀ ਪਰਖਣ ਦਾ ਹੁੰਦਾ ਹੈ। ਇਸ ਲਈ ਸਾਲੀਆਂ ਉਸ ਨੂੰ ਛੰਦ ਸੁਣਾਉਣ ਲਈ ਆਖਦੀਆਂ ਹਨ। ਲਾੜਾ ਉਨ੍ਹਾਂ ਨਾਲ ਕਾਵਿ-ਸੰਵਾਦ ਰਚਾ ਕੇ ਆਪਣੀ ਵਿਦਵਤਾ ਅਤੇ ਹਾਜ਼ਰ ਜਵਾਬੀ ਦਾ ਪ੍ਰਗਟਾਵਾ ਕਰਦਾ ਹੈ। ਇਨ੍ਹਾਂ ਛੰਦਾਂ ਵਿੱਚ ਵਧੇਰੇ ਕਰਕੇ ਤੁਕਬੰਦੀ ਹੁੰਦੀ ਹੈ। ਕਈ ਹਾਜ਼ਰ ਜਵਾਬ ਤੇ ਚੁਸਤ ਲਾੜੇ ਤੁਰੰਤ ਹੀ ਕੋਈ ਛੰਦ ਜੋੜ ਲੈਂਦੇ ਹਨ। ਪਹਿਲਾਂ ਲਾੜਾ ਧੀਮੇ ਸੁਰ ਵਾਲੇ ਛੰਦ ਬੋਲਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਤੀਰ
ਤੁਸੀਂ ਮੇਰੀਆਂ ਭੈਣਾਂ ਲੱਗੀਆਂ
ਮੈਂ ਆਂ ਥੋਡਾ ਵੀਰ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲੀ
ਹੋਰ ਛੰਦ ਮੈਂ ਤਾਂ ਸੁਣਾਵਾਂ
ਜੇ ਹੱਥ ਜੋੜੇ ਸਾਲੀ
ਉਹ ਆਪਣੀਆਂ ਸਾਲੀਆਂ ਦਾ ਦਿਲ ਜਿੱਤਣ ਲਈ, ਉਨ੍ਹਾਂ ਦੀ ਭੈਣ ਨੂੰ ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗੱਲ ਕਰਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਭੈਣ ਥੋਡੀ ਨੂੰ ਇਉਂ ਰੱਖੂੰਗਾ
ਜਿਊਂ ਮੁੰਦਰੀ ਵਿੱਚ ਹੀਰਾ
ਫੇਰ ਉਹ ਹੌਲੀ-ਹੌਲੀ ਸੁਰ ਬਦਲਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸੋਟੀਆਂ
ਉਪਰੋਂ ਤਾਂ ਤੁਸੀਂ ਮਿੱਠੀਆਂ
ਦਿਲ ਦੇ ਵਿੱਚ ਖੋਟੀਆਂ
ਉਹ ਆਪਣੀ ਸੱਸ ਅਤੇ ਸਹੁਰੇ ਨੂੰ ਵੀ ਆਪਣੇ ਛੰਦਾਂ ਦੇ ਪਾਤਰ ਬਣਾ ਲੈਂਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਘਿਓ
ਸੱਸ ਲੱਗੀ ਮਾਂ ਮੇਰੀ
ਸਹੁਰਾ ਲੱਗਿਆ ਪਿਓ
ਸਾਲੀਆਂ ਨੂੰ ਹੱਸਦੀਆਂ ਵੇਖ ਉਹ ਜੇਤੂ ਦੇ ਰੂਪ ਵਿੱਚ ਅਗਲਾ ਛੰਦ ਬੋਲਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਗਹਿਣਾ
ਇੱਕ ਨੂੰ ਅਸੀਂ ਲੈ ਚੱਲੇ
ਇੱਕ ਸਾਕ ਹੋਰ ਹੈ ਲੈਣਾ
ਉਹ ਆਪਣੇ ਬਾਪੂ ਵੱਲੋਂ ਦਿੱਤੀ ਨਸੀਹਤ ਦਾ ਪ੍ਰਗਟਾਵਾ ਕਰਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਡੋਲਣਾ
ਬਾਪੂ ਜੀ ਨੇ ਆਖਿਆ ਸੀਗਾ
ਬਹੁਤਾ ਨਹੀਂ ਬੋਲਣਾ
ਇਸ ਉਪਰੰਤ ਉਹ ਆਪਣੇ ਵੱਲੋਂ ਸੁਣਾਏ ਛੰਦਾਂ ਬਦਲੇ ਆਪਣੀਆਂ ਸਾਲੀਆਂ ਪਾਸੋਂ ਭਲਾਮਾਣਸ ਲਾੜਾ ਬਣ ਕੇ ਖਿਮਾ ਯਾਚਨਾ ਵੀ ਕਰਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਦਾਤ
ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ
ਭੁਲ ਚੁੱਕ ਕਰਨੀ ਮੁਆਫ਼
ਛੰਦ ਸੁਣਨ ਮਗਰੋਂ ਲਾੜੇ ਪਾਸੋਂ ਬੁੱਝਣ ਲਈ ਬੁਝਾਰਤਾਂ ਦਾ ਸੰਵਾਦ ਰਚਾਇਆ ਜਾਂਦਾ ਹੈ। ਕੋਈ ਆਪਣੇ-ਆਪ ਨੂੰ ਬੁੱਧੀਮਾਨ ਅਖਵਾਉਣ ਵਾਲੀ ਸਾਲੀ ਲਾੜੇ ਦੀ ਅਕਲ ਪਰਖਣ ਲਈ ਉਸ ਪਾਸੋਂ ਬੁਝਾਰਤ ਪੁੱਛਦੀ ਹੈ:
ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜੇ ਤੰੂ ਐਨਾ ਚਤਰ ਐਂ
ਪਾਣੀ ਦੱਸ ਦੇ ਕਿੰਨੇ ਸੇਰ
ਚਤਰ ਲਾੜਾ ਝੱਟ ਬੁਝਾਰਤ ਬੁੱਝ ਕੇ ਉੱਤਰ ਮੋੜ ਦਿੰਦਾ ਹੈ:
ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜਿੰਨੇ ਪਿੱਪਲ ਦੇ ਪੱਤ ਨੇ
ਪਾਣੀ ਉਨੇ ਸੇਰ
ਕਮਾਲ ਦੀ ਹਾਜ਼ਰ ਜਵਾਬੀ ਹੈ- ਗਿਣੀ ਜਾਓ ਪਿੱਪਲ ਦੇ ਪੱਤ। ਅੱਗੋਂ ਸਾਲੀ ਕਿਹੜਾ ਘੱਟ ਬੁੱਧੀਮਾਨ ਹੈ। ਉਹ ਇੱਕ ਹੋਰ ਗੁੰਝਲਦਾਰ ਬੁਝਾਰਤ ਪੁੱਛਦੀ ਹੈ:
ਕੌਣ ਪਿੰਡ ਕੌਣ ਚੌਧਰੀ
ਕੌਣ ਹੈ ਵਿੱਚ ਦਲਾਲ
ਕੌਣ ਸੁਗੰਧੀ ਦੇ ਰਿਹਾ
ਕੌਣ ਪਰਖਦਾ ਲਾਲ
ਇਸ ਬੁਝਾਰਤ ਦਾ ਉੱਤਰ ਬੁੱਝ ਕੇ ਸੂਝਵਾਨ ਲਾੜਾ ਨਖਰੋ ਸਾਲੀ ਨੂੰ ਨਿਰਉੱਤਰ ਕਰ ਦਿੰਦਾ ਹੈ:
ਦੇਹ ਪਿੰਡ ਦਿਲ ਚੌਧਰੀ
ਜੀਭਾ ਵਿੱਚ ਦਲਾਲ
ਨੱਕ ਸੁਗੰਧੀ ਦੇ ਰਿਹਾ
ਨੈਣ ਪਰਖਦੇ ਲਾਲ
ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ ਦੀ ਰਸਮ ਕਰਦੀ ਹੈ। ਉਹ ਥਾਲ ਵਿੱਚ ਲੱਡੂ ਰੱਖ ਕੇ ਲਾੜੇ ਦੇ ਮੂੰਹ ਵਿੱਚ ਲੱਡੂਆਂ ਦੇ ਭੋਰੇ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਿਲਾਸ ਪੀਣ ਲਈ ਦਿੰਦੀ ਹੈ। ਲਾੜੀ ਦੀਆਂ ਚਾਚੀਆਂ, ਤਾਈਆਂ ਤੇ ਮਾਸੀਆਂ ਆਦਿ ਵੀ ਇਹ ਸ਼ਗਨ ਕਰਦੀਆਂ ਹਨ। ਇਨ੍ਹਾਂ ਸ਼ਗਨਾਂ ਮਗਰੋਂ ਲਾੜਾ ਸਰਬਾਲ੍ਹੇ ਸਮੇਤ ਜਨੇਤ ਦੇ ਡੇਰੇ ਪਰਤ ਆਉਂਦਾ ਹੈ। ਅੱਜ ਕੱਲ੍ਹ, ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹ ਸਮਾਗਮਾਂ ਕਾਰਨ ਛੰਦ ਸੁਣਨ ਦੀ ਰਸਮ ਸਮਾਪਤ ਹੋ ਗਈ ਹੈ ਤੇ ਬਸ ਯਾਦਾਂ ਹੀ ਪੱਲੇ ਰਹਿ ਗਈਆਂ ਹਨ।
- ਸੁਖਦੇਵ ਮਾਦਪੁਰੀਸੰਪਰਕ: 94630-34472
Tajinder Singh Saran: ਛੰਦ ਪਰਾਗੇ >>>>> Download Now
ReplyDelete>>>>> Download Full
Tajinder Singh Saran: ਛੰਦ ਪਰਾਗੇ >>>>> Download LINK
>>>>> Download Now
Tajinder Singh Saran: ਛੰਦ ਪਰਾਗੇ >>>>> Download Full
>>>>> Download LINK