Sunday 20 October 2013

ਭਾਖੜਾ ਡੈਮ


ਸਮੁੱਚੇ ਉੱਤਰੀ ਭਾਰਤ ਲਈ ਵਰਦਾਨ ਸਾਬਿਤ ਹੋਇਆ ਭਾਖੜਾ ਡੈਮ ਮੁਲਕ ਨੂੰ ਸਮਰਪਿਤ ਕੀਤਿਆਂ 50 ਸਾਲ ਹੋ ਗਏ ਗਨ। ਅੱਜ ਇਹ ਪ੍ਰੋਜੈਕਟ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਲਈ ਬਿਜਲੀ ਦੀ ਮੰਗ ਪੂਰੀ ਕਰਨ ਦੇ ਨਾਲ-ਨਾਲ ਇਨ੍ਹਾਂ ਸੂਬਿਆਂ ਦੀਆਂ ਜ਼ਮੀਨਾਂ ਦੀ ਸਿੰਚਾਈ ਲਈ ਪਾਣੀ ਦੀ ਮੰਗ ਵੀ ਪੂਰੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਅਨਾਜ ਭੰਡਾਰਾਂ ਦਾ ਵੱਡਾ ਹਿੱਸਾ ਭਾਖੜਾ ਡੈਮ ’ਤੇ ਹੀ ਨਿਰਭਰ ਕਰਦਾ ਹੈ। ਆਓ ਇਸ ਮਹਾਨ ਪ੍ਰੋਜੈਕਟ ਦੀ ਨੀਂਹ ਰੱਖਣ ਤੋਂ ਲੈ ਕੇ ਇਸ ਨੂੰ ਲੋਕਾਈ ਨੂੰ ਸਮਰਪਿਤ ਕਰਨ ਤਕ ਦੇ ਇਤਿਹਾਸ ’ਤੇ ਝਾਤ ਮਾਰੀਏ।

ਅਸਲ ਵਿੱਚ ਭਾਖੜਾ ਪਿੰਡ ਦੀ ਜ਼ਮੀਨ ’ਤੇ ਬੰਨ੍ਹ ਬਣਾਉਣ ਦਾ ਖ਼ਿਆਲ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ, ਸਰ ਲੁਇਸ ਡੈਨ ਦਾ ਸੀ। ਇਹ ਗੱਲ ਉਦੋਂ ਦੀ ਹੈ ਜਦੋਂ 18 ਨਵੰਬਰ 1908 ਨੂੰ ਸਰ ਡੈਨ ਸ਼ਿਮਲਾ ਤੋਂ ਸਤਲੁਜ ਨਦੀ ਦੇ ਨਾਲ-ਨਾਲ ਬਿਲਾਸਪੁਰ ਹੁੰਦੇ ਹੋਏ ਰੂਪਨਗਰ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਭਾਖੜਾ ਪਹੁੰਚੇ ਤਾਂ ਉਨ੍ਹਾਂ (ਮੌਜੂਦਾ ਭਾਖੜਾ ਡੈਮ) ਸਤਲੁਜ ਨਦੀ ਪਾਰ ਕਰਨ ਲਈ ਇੱਕ ਚੀਤੇ ਨੂੰ ਛਲਾਂਗ ਲਾਉਂਦਿਆਂ ਵੇਖਿਆ। ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਕਿ ਜੇ ਇੱਥੇ ਕੋਈ ਡੈਮ ਬਣਾਇਆ ਜਾਵੇ ਤਾਂ ਇਸ ਦਾ ਕਾਫ਼ੀ ਲਾਭ ਹੋਵੇਗਾ। ਫਿਰ ਕੀ ਸੀ, ਹੌਲੀ-ਹੌਲੀ ਇਸ ਖ਼ਿਆਲ ਨੂੰ ਅਮਲੀਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਗਈ। ਤਕਰੀਬਨ ਇੱਕ ਸਾਲ ਬਾਅਦ ਨਵੰਬਰ 1909 ਵਿੱਚ ਚੀਫ਼ ਇੰਜਨੀਅਰ ਸ੍ਰੀ ਗੋਰਡਨ ਨੇ ਇਸ ਸਥਾਨ ਦਾ ਦੌਰਾ ਕੀਤਾ। ਡੈਮ ਬਣਾਉਣ ਲਈ ਇਸ ਥਾਂ ਨੂੰ ਢੱੁਕਵੀਂ ਮੰਨਦਿਆਂ ਉਨ੍ਹਾਂ ਨੇ ਇਸ ਦੀ ਅੰਦਾਜ਼ਨ ਲਾਗਤ 3.72 ਰੁਪਏ ਦੱਸੀ। ਉਸ ਤੋਂ ਬਾਅਦ ਸੰਨ 1916-17 ਵਿੱਚ ਨੌਜੁਆਨ ਇੰਜਨੀਅਰ ਏ ਐੱਨ ਖੋਸਲਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਇੱਥੋਂ ਦਾ ਸਰਵੇਖਣ ਕੀਤਾ। ਇੱਥੇ 120.4 ਮੀਟਰ ਉੱਚਾ ਬੰਨ੍ਹ ਬਣਾਉਣ ਦੀ ਯੋਜਨਾ ਉਲੀਕੀ ਗਈ ਪਰ ਇਸ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ।



ਤਕਰੀਬਨ ਇੱਕ ਦਹਾਕੇ ਤਕ ਇਹ ਪ੍ਰੋਜੈਕਟ ਠੰਢੇ ਬਸਤੇ ਵਿੱਚ ਪਿਆ ਰਿਹਾ। ਇਸ ਤੋਂ ਬਾਅਦ ਸੰਨ 1927 ਵਿੱਚ ਗਠਿਤ ਕਮੇਟੀ ’ਚ ਪ੍ਰਸਿੱਧ ਭੂ-ਵਿਗਿਆਨੀਆਂ ਅਤੇ ਇੰਜਨੀਅਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਕਮੇਟੀ ਨੇ ਤੈਅ ਕੀਤਾ ਕਿ ਇੱਥੇ 120.4 ਮੀਟਰ ਦੀ ਥਾਂ 152.4 ਮੀਟਰ ਉੱਚੇ ਡੈਮ ਦਾ ਨਿਰਮਾਣ ਕੀਤਾ ਜਾਵੇ। ਸੰਨ 1944 ਵਿੱਚ ਡਾ. ਜੇ ਐੱਲ ਸਾਬੋਜ਼, ਜੋ ਉਸ ਵੇਲੇ ਸੰਯੁਕਤ ਰਾਜ ਅਮਰੀਕਾ ਦੇ ਬਿਊਰੋ ਆਫ਼ ਰਿਕਲੇਮੇਸ਼ਨ ਦੇ ਚੀਫ਼ ਇੰਜਨੀਅਰ ਵੀ ਸਨ, ਨੇ ਇਸ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਮੁੰਦਰ ਦੇ ਤਲ ਤੋਂ 487.68 ਮੀਟਰ ਦੀ ਉਚਾਈ ਤਕ ਦਾ ਡੈਮ ਇੱਥੇ ਬਣਾਇਆ ਜਾ ਸਕਦਾ ਹੈ। ਤਕਨੀਕੀ ਆਧਾਰ ’ਤੇ ਡੈਮ ਦੀ ਉਚਾਈ 225.55 ਮੀਟਰ ਮਿੱਥੀ ਗਈ। ਇਸ ਤਰ੍ਹਾਂ ਆਜ਼ਾਦ ਭਾਰਤ ਵਿੱਚ ਸੰਨ 1948 ’ਚ ਪੰਜਾਬ ਦੀ ਧਰਤੀ ’ਤੇ ਪਾਣੀ, ਬਿਜਲੀ, ਸਿੰਚਾਈ ਅਤੇ ਹੜ੍ਹਾਂ ’ਤੇ ਕਾਬੂ ਪਾਉਣ ਲਈ ਲਾਭਦਾਇਕ ਸਿੱਧ ਹੋਣ ਵਾਲੇ ਇਸ ਡੈਮ ਦੇ ਨਿਰਮਾਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਪ੍ਰੋਜੈਕਟ ਦਾ ਨਾਂ ਮੌਜੂਦਾ ਡੈਮ ਵਾਲੀ ਥਾਂ ’ਤੇ ਸਥਿਤ ਪਿੰਡ ਭਾਖੜਾ ਦੇ ਨਾਂ ’ਤੇ ਹੀ ਰੱਖਿਆ ਗਿਆ। ਇਹ ਡੈਮ ਬਣਾਉਣ ਲਈ ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਊਨਾ, ਬਿਲਾਸਪੁਰ ਅਤੇ ਮੰਡੀ ਦੇ 371 ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ। ਇਸ ਜ਼ਮੀਨ ’ਤੇ ਹੀ ਭਾਖੜਾ ਡੈਮ ਅਤੇ ਗੋਬਿੰਦ ਸਾਗਰ ਝੀਲ ਬਣਾਈ ਗਈ। ਇੱਥੋਂ ਉਜਾੜੇ ਲੋਕ ਅਲਾਟ ਹੋਈਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹਾਲੇ ਤਕ ਵੀ ਨਾ ਹੋਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

15 ਅਗਸਤ 1947 ਨੂੰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਥਾਂ ’ਤੇ ਡੈਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਇਸ ਥਾਂ ਤੋਂ ਵਗਦੇ ਸਤਲੁਜ ਦਰਿਆ ਦੇ ਪਾਣੀ ਨੂੰ ਕਾਬੂ ਕਰਨ ਲਈ ਖੱਬੇ ਅਤੇ ਸੱਜੇ ਕਿਨਾਰਿਆਂ ’ਤੇ ਦੋ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਜਿਨ੍ਹਾਂ ਦੀ ਲੰਬਾਈ 805 ਮੀਟਰ ਅਤੇ  ਘੇਰਾ 15.24 ਮੀਟਰ ਸੀ। ਇਨ੍ਹਾਂ ਸੁਰੰਗਾਂ ਵਿੱਚੋਂ ਵੱਧ ਤੋਂ ਵੱਧ 5663 ਘਣ ਮੀਟਰ ਪ੍ਰਤੀ ਸਕਿੰਟ ਪਾਣੀ ਨਿਕਲ ਸਕਦਾ ਸੀ। ਸੁਰੰਗਾਂ ਬਣਾਉਣ ਤੋਂ ਬਾਅਦ ਡੈਮ ਦੇ ਉਪਰਲੇ ਅਤੇ ਹੇਠਲੇ ਪ੍ਰਵਾਹ ’ਤੇ ਕਾੱਫਰ ਡੈਮ ਬਣਾਇਆ ਗਿਆ। ਗੰਭੀਰ ਵਿਚਾਰ-ਚਰਚਾ ਅਤੇ ਖੋਜਾਂ ਤੋਂ ਬਾਅਦ ਭਾਖੜਾ ਡੈਮ ਦੀ ਨੀਂਹ ਲਈ ਖੁਦਾਈ ਦਾ ਕੰਮ 17 ਨਵੰਬਰ 1955 ਨੂੰ ਸ਼ੁਰੂ ਕੀਤਾ ਗਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਇਸ ਦੀ ਨੀਂਹ ਰੱਖੀ। ਇਸ ਮਗਰੋਂ ਲਗਾਤਾਰ ਦਿਨ-ਰਾਤ ਕੰਮ ਤੇਜ਼ੀ ਨਾਲ ਚੱਲਦਾ ਰਿਹਾ। ਡੈਮ ਬਣਾਉਣ ਲਈ ਵਿਸ਼ੇਸ਼ ਬਾਲਟੀਨੁਮਾ ਉਪਕਰਨ ਬਣਾਏ ਗਏ ਜਿਨ੍ਹਾਂ ਨਾਲ ਅੱਠ ਟਨ ਕੰਕਰੀਟ ਇੱਕ ਵਾਰ ਵਿੱਚ ਪੈ ਜਾਂਦਾ ਸੀ।


ਜ਼ਿਕਰਯੋਗ ਹੈ ਕਿ ਸ਼ੁਰੂਆਤੀ ਦੌਰ ਵਿੱਚ ਭਾਖੜਾ ਡੈਮ ਵਿਖੇ ਕੰਮ ਕਰਨਾ ਆਸਾਨ ਨਹੀਂ ਸੀ ਕਿਉਂਕਿ ਰੇਲ ਸੇਵਾ ਸਿਰਫ਼ ਰੂਪਨਗਰ ਤਕ ਹੀ ਸੀ, ਜੋ ਇੱਥੋਂ 60 ਕਿਲੋਮੀਟਰ ਦੂਰ ਹੈ। ਰੇਲ ਸੇਵਾ ਨੂੰ ਨੰਗਲ ਤਕ ਲਿਆਉਣ ਦਾ ਕੰਮ ਸੰਨ 1946 ਵਿੱਚ ਸ਼ੁਰੂ ਹੋਇਆ ਸੀ। ਇੱਥੇ ਹੀ ਬੱਸ ਨਹੀਂ, ਆਜ਼ਾਦੀ ਤੋਂ ਪਹਿਲਾਂ ਰੂਪਨਗਰ ਤੋਂ ਨੰਗਲ ਤਕ ਕੋਈ ਸੜਕ ਵੀ ਨਹੀਂ ਸੀ ਪਰ ਸੰਨ 1947 ਵਿੱਚ ਸੜਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਹੋਇਆ। ਲੋੜੀਂਦਾ ਢਾਂਚਾ ਸੰਨ 1948 ਤਕ ਲਗਪਗ ਤਿਆਰ ਹੋ ਚੁੱਕਿਆ ਸੀ। ਆਪਣੇ-ਆਪ ਵਿੱਚ ਨਿਵੇਕਲਾ ਪੰਜਾਹ ਬਿਸਤਰਿਆਂ ਦਾ ਹਸਪਤਾਲ ਸੰਨ 1951 ਵਿੱਚ ਨੰਗਲ ਵਿਖੇ ਸਥਾਪਿਤ ਕੀਤਾ ਗਿਆ। ਭਾਰਤੀ ਇੰਜਨੀਅਰਾਂ ਵੱਲੋਂ ਦੋ ਅਹਿਮ ਫ਼ੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਇੱਕ ਭਾਖੜਾ ਕੈਨਾਲ ਸਿਸਟਮ ਦਾ ਨਿਰਮਾਣ ਸੀ। ਇਹ ਨਿਰਮਾਣ ਕਾਰਜ ਸਿੰਚਾਈ ਵਿਭਾਗ ਦੇ ਇੰਜਨੀਅਰਿੰਗ ਵਿੰਗ ਨੂੰ ਦਿੱਤਾ ਗਿਆ ਜਦੋਂਕਿ ਸਮੁੱਚਾ ਨਿਰਮਾਣ ਕਾਰਜ ਅਪਰੈਲ 1952 ਵਿੱਚ ਸ਼ੁਰੂ ਹੋਇਆ ਜਦੋਂ ਮਿਸਟਰ ਐੱਮ ਹਾਰਵੇ ਸਲੋਕਮ ਆਪਣੀ ਟੀਮ ਸਮੇਤ ਅਮਰੀਕਾ ਤੋਂ ਇੱਥੇ ਪਹੁੰਚੇ ਸਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ 7 ਜੁਲਾਈ 1954 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਹੌਲੀ-ਹੌਲੀ ਕੰਮ ਆਪਣੇ ਪੜਾਅ ਵੱਲ ਵਧਦਾ ਗਿਆ। ਕਈ ਚੁਣੌਤੀਆਂ ਨੂੰ ਸਰ ਕਰ ਕੇ ਆਖਰ ਮੰਜ਼ਿਲ ਹਾਸਲ ਕਰ ਲਈ ਗਈ। ਇਹ ਪ੍ਰੋਜੈਕਟ ਮਰਹੂਮ ਪੰਡਿਤ ਜਵਹਾਰਲਾਲ ਨਹਿਰੂ ਦਾ ਸੁਪਨਾ ਸੀ ਅਤੇ ਉਨ੍ਹਾਂ ਦਸ ਵਾਰ ਇੱਥੋਂ ਦਾ ਦੌਰਾ ਕੀਤਾ। ਇਹੀ ਕਾਰਨ ਸੀ ਕਿ ਦੇਸ਼ ਨੂੰ ਭਾਖੜਾ ਡੈਮ ਸਮਰਪਿਤ ਕਰਦਿਆਂ 22 ਅਕਤੂਬਰ 1963 ਨੂੰ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਭਾਖੜਾ ਡੈਮ ਉੱਭਰਦੇ ਭਾਰਤ ਦਾ ਨਵਾਂ ਮੰਦਿਰ ਹੈ।ਭਾਖੜਾ ਡੈਮ ਦੇ ਤਕਨੀਕੀ ਵੇਰਵੇ: ਭਾਖੜਾ ਡੈਮ ਇੱਕ ਗਰੈਵਿਟੀ ਡੈਮ (ਗੁਰੂਤਾ ਆਕਰਸ਼ਣ ’ਤੇ ਆਧਾਰਿਤ ਕੰਕਰੀਟ ਡੈਮ) ਹੈ। ਇਸ ਦੀ ਕੁੱਲ ਉਚਾਈ 225.55 ਮੀਟਰ ਹੈ। ਡੈਮ ਦੀ ਨਦੀ ਦੇ ਤਲ ਤੋਂ ਉਚਾਈ 167.64 ਮੀਟਰ ਅਤੇ ਸਮੁੰਦਰ ਤਲ ਤੋਂ ਇਸ ਦੀ ਉਚਾਈ 518.16 ਮੀਟਰ ਹੈ। ਜਦੋਂਕਿ ਇਸ ਦੀ ਉੱਪਰਲੀ ਲੰਬਾਈ 518.16 ਮੀਟਰ ਅਤੇ ਚੌੜਾਈ 9.14 ਮੀਟਰ ਹੈ। ਹੇਠਲੇ ਤਲ ’ਤੇ ਇਸ ਦੀ ਲੰਬਾਈ 99 ਮੀਟਰ ਅਤੇ ਅਧਾਰ ਤਲ ’ਤੇ ਇਸ ਦੀ ਚੌੜਾਈ 190.50 ਮੀਟਰ ਹੈ। ਸੰਨ 1958 ਵਿੱਚ ਭਾਖੜਾ ਡੈਮ 420 ਮੀਟਰ ਤਕ ਬਣਾਇਆ ਗਿਆ ਅਤੇ ਇਸ ਪੱਧਰ ’ਤੇ ਅੱਠ ਸਿੰਚਾਈ ਗੇਟ ਬਣਾਏ ਗਏ ਜਿੱਥੋਂ ਪਹਿਲੀ ਵਾਰ ਸਤਲੁਜ ਨਦੀ ਵਿੱਚ ਪਾਣੀ ਛੱਡਿਆ ਗਿਆ। ਡੈਮ ’ਤੇ ਬਣੀ ਝੀਲ ਦਾ ਨਾਂ ਸਿੱਖਾਂ ਦੇ ਦਸਵੇਂ ਗੁਰੂ ਦੇ ਨਾਂ ’ਤੇ ‘ਗੋਬਿੰਦ ਸਾਗਰ’ ਰੱਖਿਆ ਗਿਆ, ਜਿਸ ਦਾ ਇੱਕ ਖ਼ਾਸ ਕਾਰਨ ਇਹ ਸੀ ਕਿ ਗੁਰੂ ਸਾਹਿਬ ਨੇ ਆਪਣਾ ਜ਼ਿਆਦਾਤਰ ਸਮਾਂ ਇਸੇ ਖਿੱਤੇ ਵਿੱਚ ਬਤੀਤ ਕੀਤਾ। ਭਾਖੜਾ ਡੈਮ ਤਕ ਸਤਲੁਜ ਨਦੀ ਦਾ ਕੁੱਲ ਕੈਚਮੈਂਟ ਖੇਤਰ 56,980 ਵਰਗ ਕਿਲੋਮੀਟਰ ਹੈ। ਇਸ ਵਿੱਚੋਂ 37,050 ਵਰਗ ਕਿਲੋਮੀਟਰ ਤਿੱਬਤ ਅਤੇ ਬਾਕੀ 19,930 ਵਰਗ ਕਿਲੋਮੀਟਰ ਭਾਰਤ ਵਿੱਚ ਹੈ। ਇਸ ਡੈਮ ਤਕ ਗਰਮੀਆਂ ਵਿੱਚ ਮਾਨਸਰੋਵਰ ਝੀਲ ਅਤੇ ਰਸਤੇ ਵਿੱਚ ਪਈ ਬਰਫ਼ ਦਾ ਪਾਣੀ ਪਿਘਲ ਕੇ ਆਉਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਕੈਚਮੈਂਟ ਖੇਤਰ ਵਿੱਚ ਹੋਈ ਬਰਸਾਤ ਦਾ ਪਾਣੀ ਇੱਥੇ ਆ ਜਾਂਦਾ ਹੈ। ਇਸ ਡੈਮ ਵਿੱਚ 50 ਤੋਂ 60 ਫ਼ੀਸਦੀ ਪਾਣੀ ਬਰਫ਼ ਪਿਘਲਣ ਸਦਕਾ ਹੀ ਆਉਂਦਾ ਹੈ। ਡੈਮ ਦੇ ਨਿਰਮਾਣ ਸਦਕਾ ਬਣੀ ਗੋਬਿੰਦ ਸਾਗਰ ਝੀਲ ਦਾ ਪੱਧਰ 512.06 ਮੀਟਰ ਭਾਵ 1680 ਫੁੱਟ ਹੈ। ਇਸ ਡੈਮ ਦੇ ਨਿਰਮਾਣ ਲਈ ਕੁੱਲ ਇੱਕ ਲੱਖ ਟਨ ਸਰੀਆ ਵਰਤਿਆ ਗਿਆ। ਇੱਥੇ ਵਰਤੇ ਗਏ ਕੰਕਰੀਟ ਨਾਲ ਧਰਤੀ ਦੀ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਹੀ ਨਹੀਂ ਇਸ ਦੀ ਖ਼ਾਸੀਅਤ ਇਹ ਵੀ ਹੈ ਕਿ ਭਾਖੜਾ ਡੈਮ ਦੀ ਉਚਾਈ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਕੁਤਬ ਮੀਨਾਰ ਦੀ ਉਚਾਈ ਨਾਲੋਂ ਤਿੰਨ ਗੁਣਾ ਵੱਧ ਹੈ। ਜਿਸ ਵੇਲੇ ਡੈਮ ਦਾ ਨਿਰਮਾਣ ਮੁਕੰਮਲ ਹੋਇਆ ਤਾਂ ਇਹ ਏਸ਼ੀਆ ਭਰ ਵਿੱਚ ਸਭ ਤੋਂ ਉੱਚਾ ਅਤੇ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਡੈਮ ਸੀ। ਡੈਮ ਦੇ ਨਿਰਮਾਣ ’ਤੇ ਕੁੱਲ ਲਾਗਤ 283.90 ਕਰੋੜ ਰੁਪਏ ਆਈ ਸੀ। ਇਸ ਡੈਮ ਦੇ ਨਿਰਮਾਣ ਲਈ 13,000 ਕਾਰੀਗਰਾਂ, 300 ਇੰਜਨੀਅਰਾਂ ਅਤੇ 30 ਵਿਦੇਸ਼ੀ ਮਾਹਿਰਾਂ ਨੇ ਦਿਨ-ਰਾਤ ਮਿਹਨਤ ਕਰ ਕੇ ਸਮਰਪਣ ਦੀ ਭਾਵਨਾ ਨਾਲ ਇਸ ਕਾਰਜ ਨੂੰ ਮੁਕੰਮਲ ਕੀਤਾ। ਇਸੇ ਦੌਰਾਨ ਕੰਮ ਕਰਦੇ ਹੋਏ 151 ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ।

ਭਾਖੜਾ ਡੈਮ ਦੇ ਖੱਬੇ ਅਤੇ ਸੱਜੇ ਪਾਸੇ ਦੋ ਪਣ ਬਿਜਲੀ ਘਰਾਂ ਦਾ ਨਿਰਮਾਣ ਕੀਤਾ ਗਿਆ। ਖੱਬੇ ਪਾਸੇ ਦੇ ਪਣ ਬਿਜਲੀ ਘਰ ਦਾ ਨਿਰਮਾਣ ਸੰਨ 1957 ਵਿੱਚ ਸ਼ੁਰੂ ਕਰ ਕੇ ਸੰਨ 1961 ਤਕ ਪੂਰਾ ਕਰ ਲਿਆ ਗਿਆ। ਇਸ ਵਿੱਚ ਛੇ ਮੰਜ਼ਿਲੇ ਭਵਨ ਤੋਂ ਇਲਾਵਾ 90 ਮੈਗਾਵਾਟ ਦੇ ਪੰਜ ਯੂਨਿਟ ਸਥਾਪਿਤ ਕੀਤੇ ਗਏ ਜਦੋਂਕਿ ਹੁਣ ਹਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 108 ਮੈਗਾਵਾਟ ਹੈ। ਇਸੇ ਤਰ੍ਹਾਂ ਸੱਜੇ ਪਾਸੇ ਦੇ ਪਣ ਬਿਜਲੀ ਘਰ ਦੀ ਸਮਰੱਥਾ 450 ਮੈਗਾਵਾਟ ਸੀ ਜਿਸ ਨੂੰ ਵਧਾ ਕੇ 540 ਮੈਗਾਵਾਟ ਕਰ ਦਿੱਤਾ ਗਿਆ ਹੈ। ਇਸ ਦਾ ਕੰਮ ਸੰਨ 1963 ਵਿੱਚ ਸ਼ੁਰੂ ਕਰ ਕੇ ਸੰਨ 1969 ਵਿੱਚ ਪੂਰਾ ਕੀਤਾ ਗਿਆ। ਇਸ ਪਣ ਬਿਜਲੀ ਘਰ ਵਿੱਚ 120 ਮੈਗਾਵਾਟ ਦੀ ਸਮਰੱਥਾ ਵਾਲੇ ਪੰਜ ਯੂਨਿਟ ਸਥਾਪਿਤ ਕੀਤੇ ਗਏ ਸਨ ਜਿਨ੍ਹਾਂ ਦੀ ਸਮਰੱਥਾ ਬਾਅਦ ਵਿੱਚ ਵਧਾ ਕੇ 157 ਮੈਗਾਵਾਟ ਕਰ ਦਿੱਤੀ ਗਈ।



ਬੀ.ਐਸ.ਚਾਨਾ

ਮੋਬਾਈਲ: 98767-14007

ਵਸੇਂ ਰਸੇਂ ਵੀਰਨਾ ਵੇ…


ਭੈਣ-ਭਰਾ ਦੇ ਰਿਸ਼ਤੇ ਸਬੰਧੀ ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਲੋਕ ਗੀਤ ਮਿਲਦੇ ਹਨ। ਇਨ੍ਹਾਂ ਨੂੰ ਪੜ੍ਹ-ਸੁਣ ਕੇ ਹਰ ਭੈਣ ਨੂੰ ਇੰਜ ਲੱਗਦਾ ਹੈ ਜਿਵੇਂ ਇਹ ਉਸ ਲਈ ਹੀ ਰਚੇ ਹੋਣ। ਚੰਨ ਭਾਵੇਂ ਨਿੱਤ ਚੜ੍ਹਦਾ ਹੋਵੇ ਅਤੇ ਮਾਪੇ ਵੀ ਸਲਾਮਤ ਹੋਣ ਪਰ ਜੇ ਭੈਣ ਦੇ ਵੀਰ ਨਾ ਹੋਵੇ ਤਾਂ ਉਸ ਨੂੰ ਸਾਰਾ ਜਗਤ ਸੁੰਨ੍ਹ-ਮਸਾਣ ਲੱਗਦਾ ਹੈ:

ਬਾਝੋਂ ਵੀਰਾਂ ਦੇ ਜਗਤ ਹਨੇਰਾ,


ਚੰਨ ਭਾਵੇਂ ਨਿੱਤ ਚੜ੍ਹਦਾ।

ਵੀਰ ਦੀ ਆਮਦ ’ਤੇ ਭੈਣ ਦੇ ਪੈਰ ਭੁੰਜੇ ਨਹੀਂ ਲੱਗਦੇ। ਵੀਰ ਦਾ ਚੰਨ ਵਰਗਾ ਮੁੱਖੜਾ ਵੇਖ ਉਹ ਸਹੇਲੀਆਂ ਨਾਲ ਕਿੱਕਲੀ ਪਾਉਣ ਵਿੱਚ ਮਸਤ ਹੋ ਜਾਂਦੀ ਹੈ:

ਕਿੱਕਲੀ ਪਾਣ ਆਈ ਆਂ,

ਬਦਾਮ ਖਾਣ ਆਈ ਆਂ

ਬਦਾਮ ਮੇਰਾ ਮਿੱਠਾ,

ਮੈਂ ਵੀਰ ਦਾ ਮੂੰਹ ਡਿੱਠਾ।

ਨਿੱਕੇ ਵੀਰ ਨੂੰ ਗੋਦੀ ਚੁੱਕ ਖਿਡਾਉਂਦਿਆਂ, ਖਵਾਉਂਦਿਆਂ, ਸਵਾਉਂਦਿਆਂ ਉਸ ਦੀ ਕਈ ਵਾਰ ਵੀਰ ਨਾਲ ਅਣਬਣ ਵੀ ਹੋ ਜਾਂਦੀ ਹੈ ਪਰ ਕੁਝ ਹੀ ਪਲਾਂ ਬਾਅਦ ਫੇਰ ਉਹੀ ਪਿਆਰ ਨਜ਼ਰ ਆਉਂਦਾ ਹੈ। ਵੀਰ ਕੁਝ ਵੱਡਾ ਹੋ ਜਾਂਦਾ ਤਾਂ ਉਹ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝਾ ਕਰਦੀ ਹੈ। ਆਪਣੇ ਵੀਰ ਦੀ ਹਰ ਚੀਜ਼ ਨਾਲ ਉਸ ਦਾ ਮੋਹ ਹੁੰਦਾ ਹੈ। ਉਹ ਆਪਣੇ ਵੀਰ ਦੀ ਸਹੇਲੀਆਂ ਕੋਲ ਇੰਜ ਸਿਫ਼ਤ ਕਰਦੀ ਹੈ:

ਕੰਨੀ ਨੱਤੀਆਂ, ਸੰਧੂਰੀ ਸਿਰ ਸਾਫਾ

ਉਹ ਮੇਰਾ ਵੀਰ ਕੁੜੀਓ।

ਜਦੋਂ ਮਾਪੇ ਧੀ ਲਈ ਵਰ ਦੀ ਭਾਲ ਕਰਦੇ ਹਨ ਤਾਂ ਉਹ ਮਾਪਿਆਂ ਤੋਂ ਸੰਗਦੀ ਵੀਰ ਨੂੰ ਵਰ ਦੀ ਨਿਰਖ-ਪਰਖ ਕਰਨ ਲਈ ਆਖਦੀ ਹੈ:

ਆਪਣੇ ਵੀਰ ਨੂੰ ਦਿਆਂਗੀ ਮੈਂ ਨਿਹੋਰਾ

ਵੀਰਾ ਪਰਖ ਲਈਂ ਵਰ ਗੋਰਾ।

ਵਰ ਦੀ ਚੋਣ ਤੋਂ ਬਾਅਦ ਉਸ ਦਾ ਵਿਆਹ ਧਰ ਲਿਆ ਜਾਂਦਾ ਹੈ। ਵੀਰ ਸਾਰੇ ਕੰਮ ਭੱਜ-ਭੱਜ ਕਰਦਾ ਹੈ। ਵਿਆਹ ਤੋਂ ਕਈ ਦਿਨ ਪਹਿਲਾਂ ਗੌਣ ਬਿਠਾ ਲਏ ਜਾਂਦੇ ਹਨ। ਜੇ ਸੁਹਾਗ ਗੀਤਾਂ ਵਿੱਚ ਧੀ ਦਾ ਬਾਬਾ ਜਾਂ ਬਾਬਲ ਨਿਵਦਾ ਨਜ਼ਰ ਆਉਂਦਾ ਹੈ ਤਾਂ ਵੀਰ ਵੀ ਨਿਵਦਾ ਹੈ:

ਵੀਰਾ ਕਿਉਂ ਨਿਵਿਆਂ,

ਧਰਮੀ ਕਿਉਂ ਨਿਵਿਆਂ

ਇਸ ਵੀਰੇ ਦੀ ਭੈਣਾਂ ਕੁਆਰੀ

ਵੀਰਾ ਧਰਮੀ ਤਾਂ ਨਿਵਿਆ।

ਪਰਦੇਸਣ ਹੋਣ ਸਮੇਂ ਕੂੰਜ ਵਾਂਗ ਕੁਰਲਾਉਂਦੀ ਭੈਣ ਵੀਰ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦਿੰਦੀ ਹੈ:

ਵੀਰ ਮੇਰੇ ਨੇ ਬਾਗ਼ ਲਵਾਇਆ,

ਬਾਗ ’ਚ ਸਭ ਨੂੰ ਢੋਈ।

ਵਸੇਂ ਰਸੇਂ ਵੀਰਨਾ ਵੇ,

ਮੈਂ ਪਰਦੇਸਣ ਹੋਈ।

ਛਲਕਦੀਆਂ ਅੱਖਾਂ ਨਾਲ ਵੀਰ, ਭੈਣ ਦੀ ਗੱਡੀ ਨੂੰ ਧੱਕਾ ਲਾ ਕੇ ਪਿੰਡ ਦੀ ਜੂਹ ਵਿੱਚੋਂ ਸਹੁਰੇ ਘਰ ਤੋਰ ਦਿੰਦਾ ਹੈ। ਬਾਬਲ ਦੀ ਦਹਿਲੀਜ਼ ਪਾਰ ਕਰਦਿਆਂ ਹੀ ਵੀਰ ਲਈ ਆਪਣੀ ਭੈਣ ਪਰਾਈ ਹੋ ਜਾਂਦੀ ਹੈ। ਵਿਦਾ ਹੁੰਦੀ ਭੈਣ ਵੀਰ ਨੂੰ ਆਪਣੇ ਵਿਹੜੇ ਪੁੰਨਿਆ ਦਾ ਚੰਦ ਬਣ ਕੇ ਆਉਣ ਲਈ ਆਖਦੀ ਹੈ। ਸਹੁਰੇ ਜਾ ਕੇ ਵੀਰ ਨੂੰ ਤੀਜ ਤਿਉਹਾਰ ’ਤੇ ਯਾਦ ਕਰਦੀ ਤੇ ਉਡੀਕਦੀ ਹੈ। ਵੀਰ ਦੇ ਆਉਣ ਦੀ ਖ਼ਬਰ ਕੰਨੀ ਪੈਂਦੀ ਹੈ ਤਾਂ ਉਸ ਨੂੰ ਗੋਡੇ ਗੋਡੇ ਚਾਅ ਚੜ੍ਹ ਜਾਂਦਾ ਹੈ। ਉਹ ਵਿਛੋੜੇ ਨੂੰ ਮੰਦਾ ਆਖਦਿਆਂ ਵਲਟੋਹੀ ’ਚ ਹੋਰ ਚੌਲ ਪਾਉਣ, ਰੱਤਾ ਪਲੰਘ ਡਾਹੁਣ, ਪਟ-ਦਰਿਆਈ ਵਿਛਾਉਣ, ਬੂਰੀ ਮੱਝ ਚੁਆਉਣ ਅਤੇ ਗਿਰੀ-ਛੁਹਾਰੇ ਖਵਾਉਣ ਦੀ ਗੱਲ ਕਰਦੀ ਹੋਈ  ਉਸ ਦੀ ਲੰਮੀ ਉਮਰ ਲਈ ਦੁਆ ਕਰਦੀ ਹੈ। ਪੇਕੇ ਆ ਕੇ ਉਸ ਦਾ ਮੁੜ ਸਹੁਰੇ ਜਾਣ ਨੂੰ ਚਿੱਤ ਨਹੀਂ ਕਰਦਾ। ਉਹ ਮਾਂ, ਬਾਬਲ ਤੇ ਵੀਰ ਤਿੰਨਾਂ ਅੱਗੇ ਉਸ ਨੂੰ ਦੂਰ ਦੇਸ ਤੋਰਨ ਦਾ ਰੋਸ ਜ਼ਾਹਰ ਕਰਦੀ ਹੈ ਪਰ ਗੱਲ ਲੇਖਾਂ ’ਤੇ ਜਾ ਮੁੱਕਦੀ ਹੈ। ਵੀਰ ਇੱਕ ਦਿਨ ਮਾਂ ਵੱਲੋਂ ਪਿੰਨੀਆਂ ਤਿਆਰ ਕਰਨ, ਦੂਜਾ ਦਿਨ ਸੂਹੀਆਂ ਚੁੰਨੀਆਂ ਰੰਗਾਉਣ ਤੇ ਤੀਜੇ ਦਿਨ ਉਸ ਕੋਲ ਪੁੱਜਣ ਦਾ ਵਾਅਦਾ ਕਰਦਾ ਹੈ। ਵਾਅਦੇ ਅਨੁਸਾਰ ਵੀਰ, ਭੈਣ ਕੋਲ ਪੁੱਜਦਾ ਹੈ। ਕੁਝ ਪਲਾਂ ਲਈ ਦੋਵੇਂ ਭਾਵੁਕ ਹੋ ਜਾਂਦੇ ਹਨ:

ਜਾਂਦਾ ਵਿਹੜੇ ਜਾ ਵੜਿਆ,

ਡੁੱਲ੍ਹ ਪਏ ਭੈਣਾਂ ਦੇ ਨੈਣ…ਮੈਂ ਵਾਰੀ.

ਸਿਰ ਦਾ ਚੀਰਾ ਪਾੜ ਕੇ,

ਪੂੰਝਾਂ ਭੈਣਾਂ ਦੇ ਨੈਣ…ਮੈਂ ਵਾਰੀ।

ਭੈਣ ਨੇ ਦੁੱਖ ਸੁੱਖ ਫੋਲਿਆ,

ਵੀਰ ਦੇ ਡੁੱਲ੍ਹੜੇ ਨੈਣ…ਮੈਂ ਵਾਰੀ।

ਵੀਰਾ ਵੇ ਨੈਣ ਡੁਲ੍ਹੇਂਦਿਆਂ,

ਤੇਰੀ ਵੇ ਰੋਵੇ ਬਲਾ…ਮੈਂ ਵਾਰੀ।

ਭੈਣ, ਵੀਰ ਦੇ ਵਿਆਹ ਲਈ ਨਿੱਤ ਅਰਦਾਸਾਂ ਕਰਦੀ ਹੈ ਅਤੇ ਜਦੋਂ ਵੀਰ ਦੇ ਵਿਆਹ ਦੀ ਤਾਰੀਖ਼ ਨਿਸ਼ਚਿਤ ਹੋ ਜਾਂਦੀ ਹੈ ਤਾਂ ਉਹ ਘੋੜੀਆਂ ਗਾਉਂਦੀ, ਨੱਚਦੀ-ਟੱਪਦੀ ਹਰ ਸ਼ਗਨ ਚਾਅ-ਲਾਡ ਨਾਲ ਕਰਦੀ ਹੈ:

ਘੋੜੀ ਚੜ੍ਹ ਕੇ ਵੀਰਾ ਜੀ,

ਲਪਟੈਣ (ਲੈਫਟੀਨੈਂਟ) ਹੋ ਗਿਆ,

ਭੈਣੇ ਸੱਚੀ-ਮੁੱਚੀਂ।

ਕਿਸ ਪਾਲਿਆ ਤੇ ਕਿਸ ਨੇ ਸ਼ਿੰਗਾਰਿਆ,

ਅੱਜ ਕਿਸ ਦੇ ਤੂੰ ਵਿਹੜੇ ਦਾ ਸ਼ਿੰਗਾਰ ਹੋ ਗਿਆ,

ਭੈਣੇ ਸੱਚੀ-ਮੁੱਚੀਂ।

ਮਾਂ ਨੇ ਪਾਲਿਆ ਤੇ ਪਿਤਾ ਨੇ ਸ਼ਿੰਗਾਰਿਆ,

ਅੱਜ ਸਹੁਰਿਆਂ ਦੇ ਵਿਹੜੇ ਦਾ ਸ਼ਿੰਗਾਰ ਹੋ ਗਿਆ,

ਭੈਣੇ ਸੱਚੀ-ਮੁੱਚੀਂ।

ਜਦੋਂ ਭਾਬੋ ਨੂੰ ਡੋਲੀਓਂ ਉਤਾਰ ਲਿਆ ਜਾਂਦਾ ਹੈ। ਮਾਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ। ਫਿਰ ਜੋੜੀ ਨੂੰ ਅੰਦਰ ਲਿਆ ਕੇ ਚੌਂਕੀ ’ਤੇ ਬਿਠਾਇਆ ਜਾਂਦਾ। ਭੈਣ ਹੇਅਰਾ ਲਾਉਂਦੀ ਹੈ:

ਚੰਦਨ ਚੌਂਕੀ ਮੈਂ ਡਾਹੀ ਭਾਬੋ!

ਕੋਈ ਚਾਰੇ ਪਾਵੇ ਕਰੀਰ

ਚੌਂਕੀ ’ਤੇ ਤੂੰ ਐਂ ਸਜੇਂ,

ਜਿਮੇਂ ਰਾਜੇ ਦੇ ਨਾਲ

ਨੀਂ ਭਾਬੋ ਪਿਆਰੀਏ ਨੀਂ ‘ਵਜੀਰ’।

ਸੋਹਣੀ ਭਾਬੋ ਨੂੰ ਛੱਡ ਕੇ ਉਸ ਨੂੰ ਸਹੁਰੀਂ ਜਾਣਾ ਹੀ ਪੈਂਦਾ ਹੈ। ਸਮਾਂ ਬੀਤਣ ’ਤੇ ਵੀਰ ਘਰ ਪੁੱਤ ਜੰਮਣ ਦੀ ਖ਼ਬਰ ਮਿਲਦੀ ਹੈ। ਇਹ ਖ਼ਬਰ ਵੀਰ ਆਪ ਆ ਕੇ ਉਸ ਨਾਲ ਸਾਂਝੀ ਕਰਦਾ ਹੈ:

ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ, ਨੀਂ ਭਤੀਜੜਾ ਜਾਇਆ

ਉੱਠਦੀ ਤੇ ਬਹਿੰਦੀ ਦੇਂਦੀ ਲੋਰੀਆਂ, ਰਾਮ।

ਵੀਰ ਕੋਲੋਂ ਐਨੀ ਵੱਡੀ ਖ਼ੁਸ਼ੀ ਦੀ ਖ਼ਬਰ ਸੁਣ ਕੇ ਚਾਵਾਂ ਲੱਦੀ ਭੈਣ ਆਪਣੇ ਭਤੀਜੇ ਨੂੰ ਲੋਰੀਆਂ ਦੇਣ ਦੀ ਉਮੰਗ ਇਸ ਤਰ੍ਹਾਂ ਉਜਾਗਰ ਕਰਦੀ ਹੈ:

ਚੱਲ ਵੇ ਵੀਰਾ, ਚੱਲੀਏ ਮਾਂ ਦੇ ਕੋਲ,

ਨਾਲੇ ਸਈਆਂ ਦੇ ਕੋਲ,

ਚੁੱਕ ਭਤੀਜਾ ਲੋਰੀ ਗਾਵਾਂਗੀ, ਰਾਮ।

ਭਤੀਜਾ ਦੇਖਣ ਗਈ ਨੂੰ ਵੀਰ ਵੱਲੋਂ ਵਧਾਈ ਵਜੋਂ ਨੌਂ ਮਣ ਸ਼ੱਕਰ ਦਿੱਤੀ ਜਾਂਦੀ ਹੈ। ਉਸ ਦਾ ਸਹੁਰੇ ਘਰ ਵਿੱਚ ਮਾਣ ਹੋਰ ਵਧ ਜਾਂਦਾ ਹੈ। ਉਹ ਖ਼ੁਸ਼ੀ ਵਿੱਚ ਫੁੱਲੀ ਨਾ ਸਮਾਉਂਦੀ ਸਭ ਨੂੰ ਦੱਸਦੀ ਹੈ:

ਮੁੰਡਾ ਮੇਰਾ ਉੱਕਰ-ਪੁੱਕਰ,

ਵੀਰ ਦੇ ਘਰ ਹੋਇਆ ਪੁੱਤਰ।

ਵੀਰ ਮੈਨੂੰ ਦਿੱਤੀ ਵਧਾਈ,

ਨੌਂ ਮਣ ਸ਼ੱਕਰ ਮੈਨੂੰ ਆਈ।

ਹੌਲੀ-ਹੌਲੀ ਉਸ ਨੂੰ ਵੀਰ ਤੇ ਭਾਬੀ ਦੇ ਪਿਆਰ ਦਾ ਫ਼ਰਕ ਪਤਾ ਲੱਗਦਾ ਹੈ ਤਾਂ ਉਸ ਦੇ ਅੰਦਰੋਂ ਇੱਕ ਚੀਸ ਨਿਕਲਦੀ ਹੈ, ਜਿਸ ਨੂੰ ਉਹ ਮਾਂ ਨਾਲ ਸਾਂਝਾ ਕਰਦੀ ਹੈ:

ਭਾਬੀਆਂ ਅੰਗ ਸਹੇਲੀਆਂ ਨੀਂ ਮਾਏ,

ਸਾਨੂੰ ਵੀਰਾਂ ਦੀ ਠੰਢੜੀ ਛਾਂ।

ਭਾਬੀਆਂ ਮਾਰਨ ਜੰਦਰੇ ਨੀਂ ਮਾਏ,

ਮੇਰਾ ਕੋਈ ਵੀ ਦਾਅਵਾ ਨਾ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕ ਗੀਤਾਂ ਦੀ ਪਟਾਰੀ ਭੈਣ-ਭਰਾ ਦੇ ਪਿਆਰ ਨਾਲ ਭਰੀ ਪਈ ਹੈ। ਇਨ੍ਹਾਂ ਲੋਕ ਗੀਤਾਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਵੀਰ-ਭੈਣ ਦੇ ਰਿਸ਼ਤੇ ਦੀ ਅਹਿਮੀਅਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।


ਅੱਜ ਸਮਾਂ ਬਦਲ ਰਿਹਾ ਹੈ। ਭਾਵੇਂ ਕੁੜੀਆਂ ਤੇ ਮੁੰਡਿਆਂ ਦੋਵਾਂ ਨੂੰ ਇੱਕੋ ਜਿਹਾ ਸਥਾਨ ਦੇਣ ਦੇ ਦਾਈਏ ਬੰਨ੍ਹੇ ਜਾ ਰਹੇ ਹਨ ਪਰ ਫੇਰ ਵੀ ਜਿਸ ਘਰ ਪੁੱਤ ਭਾਵ ਭੈਣ ਦਾ ਭਰਾ ਨਹੀਂ ਹੁੰਦਾ, ਉਸ ਘਰ ਦੇ ਜੀਆਂ ਅੰਦਰ ਇਹ ਚੀਸ ਦਬਵੇਂ ਰੂਪ ਵਿੱਚ ਵੇਖੀ ਜਾ ਸਕਦੀ ਹੈ। ਇਸ ਦੇ ਉਲਟ ਜਿਨ੍ਹਾਂ ਘਰਾਂ ਵਿੱਚ ਇੱਕ ਜਾਂ ਦੋ ਪੁੱਤ ਹੁੰਦੇ ਹਨ, ਉਨ੍ਹਾਂ ਵਿੱਚ ਇਹ ਚੀਸ ਨਹੀਂ ਦਿਖਦੀ ਕਿ ਉਨ੍ਹਾਂ ਦੇ ਧੀ ਕਿਉਂ ਨਹੀਂ ਜੰਮੀ? ਨਾ ਭਰਾ ਦੇ ਮਨ ਵਿੱਚ ਇਹ ਆਉਂਦਾ ਸੁਣਿਆ ਕਿ ਉਸ ਨੂੰ ਰੱਬ ਨੇ ਭੈਣ ਕਿਉਂ ਨਹੀਂ ਦਿੱਤੀ? ਸਗੋਂ ਅਸੀਂ ਤਾਂ ਧੀਆਂ-ਭੈਣਾਂ ਨੂੰ ਜਨਮ ਦੇਣ ਤੋਂ ਹੀ ਮੁਨਕਰ ਹੋਣ ਲੱਗ ਪਏ ਹਾਂ। ਇੱਕ ਲੋਕ ਗੀਤ ਵੀ ਅਜਿਹਾ ਨਹੀਂ ਮਿਲਦਾ ਜਿਸ ਵਿੱਚ ਵੀਰ ਨੇ ਰੱਬ ਕੋਲ ਭੈਣ ਦੇ ਜਨਮ ਲਈ ਦੁਆ ਕੀਤੀ ਹੋਵੇ। ਇਸ ਲਈ ਧੀਆਂ-ਭੈਣਾਂ ਪ੍ਰਤੀ ਉਸਾਰੂ ਸੋਚ ਤਾਂ ਹੀ ਫੈਲਾਈ ਜਾ ਸਕਦੀ ਹੈ ਜੇ ਅਸੀਂ ਕਥਨੀ ਤੇ ਕਰਨੀ ਵਿਚਲੇ ਅੰਤਰ ਨੂੰ ਖ਼ਤਮ ਕਰਾਂਗੇ।


- ਡਾ. ਰਾਜਵੰਤ ਕੌਰ ਪੰਜਾਬੀ

ਸੰਪਰਕ: 85678-86223



ਵਪਾਰਕ ਦੌੜ ’ਚ ਗੁਆਚਿਆ ਬਹੁਰੂਪੀਆ


‘ਯੱਕੂ…ਹਾ..ਹਾ..ਹਾ’, ਕੀ ਤੁਸੀਂ ਗੱਬਰ ਦੇ ਛੋਟੇ ਭਾਈ ਚੱਬਰ ਸਿੰਘ ਨੂੰ ਜਾਣਦੇ ਓ…।

 ਯੇਹ ਹਮਾਰ ਸੇਠਾਣੀ ਹੋਤ ਹੈ, ਯੇ ਇਤਰ ਹਮ ਕਾਬੁਲ ਸੇ ਲਾਏ ਹੈਂ’’, ਗੜਕਵੀਂ ਆਵਾਜ਼ ਦੇ ਇਹ ਨਾਟਕੀ ਸੰਵਾਦ ਹੁਣ ਲੋਪ ਹੋ ਗਏ ਹਨ। ਭਾਵੇਂ ਅੱਜ ਦਾ ਬੰਦਾ ਪਲ-ਪਲ ਰੂਪ ਵਟਾਉਂਦਾ ਹੈ ਪਰ ਰੂਪ ਵਟਾਉਣ ਵਾਲੇ ਕਲਾਕਾਰ ਗ਼ਾਇਬ ਹੋ ਗਏ ਹਨ। ਕਦੇ ਡਾਕੂ, ਕਦੇ ਸੇਠ, ਗੱਬਰ ਸਿੰਘ, ਲੁਹਾਰ, ਵਣਜਾਰਾ ਤੇ ਹੋਰ ਪਤਾ ਨਹੀਂ ਕਿੰਨੇ ਹੀ ਕਿਰਦਾਰ। ਇਹ ਜਿੱਥੇ ਖੜੇ, ਉੱਥੇ ਈ ਤਮਾਸ਼ਾ, ਜਿੱਧਰ ਤੁਰੇ ਉੱਧਰ ਹੀ ਮਜ੍ਹਮਾ। ਇਨ੍ਹਾਂ ਦੇ ਮਜ੍ਹਮੇ ਵਿੱਚ ਤੁਰਦਾ ਫਿਰਦਾ ਜੀਵਤ ਨੁੱਕੜ ਨਾਟਕ। ਇਨ੍ਹਾਂ ਲਈ ਨਾ ਕੋਈ ਮੰਚ, ਨਾ ਸਾਊਂਡ, ਨਾ ਕੋਈ ਸਕਰਿਪਟ- ਸਿਰਫ਼ ਦਰਸ਼ਕ ਤੇ ਕਲਾਕਾਰ। ਫਿਰ ਵੀ ਕਮਾਲ ਦਾ ਨਾਟਕ, ਭਰਪੂਰ ਮਨੋਰੰਜਨ, ਸਿਆਣੀਆਂ ਗੱਲਾਂ। ਮਨੱੁਖ ਜੀਵਨ ਵਿੱਚ ਬਚਪਨ ਤੋਂ ਬੁਢਾਪੇ ਤਕ ਕਿੰਨੇ ਹੀ ਰੂਪ ਵਟਾਉਂਦਾ ਹੈ।  ਸੁਆਰਥ ਨਾਲ ਗ੍ਰਸਤ ਗਿਰਗਟ ਵਾਂਗ ਭੇਸ ਵਟਾਉਂਦੇ ਅਜੋਕੇ ਮਨੱੁਖ ਦੇ ਰੂਪਾਂ ਦੀ ਗਿਣਤੀ ਦਾ ਹਰ ਹਿਸਾਬ ਜਾਣਦੇ ਨੇ ਇਹ ਬਹੁਰੂਪੀਏ ਅਤੇ ਇੱਥੋਂ ਹੀ ਲੱਭਦੇ ਨੇ ਕਲਾ ਦਾ ਸ਼ੂਕਦਾ ਦਰਿਆ। ਕਦੇ ਇਹ ਬਜ਼ਾਰ ਵਿੱਚ ਹਰ ਰਾਹਗੀਰ ਦਾ ਧਿਆਨ ਖਿੱਚਦੇ ਸਨ। ਰੋਜ਼ਾਨਾ ਨਵਾਂ ਰੂਪ ਵਟਾਉਣ ਵਾਲੇ ਬੱਚਿਆਂ ਦੇ ਹਰਮਨ-ਪਿਆਰੇ ਕਿਰਦਾਰ ਸਾਹਮਣੇ ਸਾਕਾਰ ਕਰਦੇ ਸਨ। ਤੂੜੀ ਵਰਗੇ ਟਰੱਕ ਜਿੱਡਾ ਢਿੱਡ ਲਈ ਫਿਰਦੇ ਸੇਠ ਨੂੰ ਵੇਖ ਕੇ ਮੱਲੋਮੱਲੀ ਹਾਸਾ ਖਿੱਲਰ ਜਾਂਦਾ ਹੈ। ਫੱਟੜ ਹੋਏ ਪਾਗਲ ਦਾ ਕਿਸੇ ਸਿਧਰੇ ਜਿਹੇ ਬੰਦੇ ਪਿੱਛੇ ਭੱਜਣ ਦਾ ਵੱਡਾ ਤਮਾਸ਼ਾ ਅਤੇ ਤਮਾਸ਼ਾ ਵੇਖਣ ਵਾਲਿਆਂ ਦਾ ਯਾਦਗਾਰੀ ਮਨੋਰੰਜਨ। ਤੁਰੰਤ ਜ਼ਬਾਨ ਦਾ ਰੂਪ ਤੇ ਰੰਗ ਬਦਲਣਾ ਵੀ ਜਾਣਦੇ ਨੇ ਇਹ ਚੁਸਤ ਜੀਭ ਦੇ ਜਾਦੂਗਰ। ਕਿਸੇ ਵੀ ਕਿਰਦਾਰ ਨੂੰ ਅਪਨਾਉਣ ਤੇ ਪੇਸ਼ ਕਰਨ ਵਿੱਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਔਰਤ ਰੂਪ ਦਾ ਮੇਕਅਪ ਕਰਨ ਵਿੱਚ ਇਹ ਪੇਸ਼ਾਵਰਾਂ ਨੂੰ ਵੀ ਮਾਤ ਪਾ ਦਿੰਦੇ ਸਨ। ਇਹ ਡਾਕੂ, ਲੁਹਾਰ, ਪਾਗਲ, ਲਾਲਾ-ਲਾਲੀ, ਵਪਾਰੀ, ਪਠਾਣ ਆਦਿ ਪਾਤਰਾਂ ਦੀਆਂ ਪੋਸ਼ਾਕਾਂ ਆਪਣੇ ਨਾਲ ਹੀ ਰੱਖਦੇ ਸਨ। ਬੱਚਿਆਂ ਲਈ ਲੰਗੂਰ, ਬਾਂਦਰ ਤੇ ਬਿਕਰਮ-ਬੇਤਾਲ ਆਦਿ ਪਾਤਰ ਉਸਾਰ ਲੈਂਦੇ ਸਨ। ਇਹ ਆਪਣੀ ਭਾਸ਼ਾ ਸ਼ੈਲੀ ਕਿਰਦਾਰ ਅਨੁਸਾਰ ਹੀ ਢਾਲ ਲੈਂਦੇ ਸਨ। ਇਨ੍ਹਾਂ ਦੇ ਸੰਵਾਦਾਂ ਵਿੱਚ ਟਿੱਚਰਾਂ, ਵਿਅੰਗ, ਪਤੀ-ਪਤਨੀ ਦੀ ਲੜਾਈ, ਮਸ਼ਹੂਰ ਫ਼ਿਲਮੀ ਡਾਇਲਾਗ, ਸ਼ੇਅਰੋ-ਸ਼ਾਇਰੀ ਆਦਿ ਦਾ ਪ੍ਰਯੋਗ ਹੁੰਦਾ ਸੀ। ਚੁਸਤ ਸੰਵਾਦ, ਛੋਟੇ ਵਾਕ ਇਨ੍ਹਾਂ ਦੀ ਖਾਸੀਅਤ ਸੀ।


ਇਹ 10-15 ਦਿਨਾਂ ਲਈ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਡੇਰਾ ਲਾਉਂਦੇ ਸਨ। ਔਰਤਾਂ ਨੂੰ ਘਰ ਛੱਡ ਕੇ ਮਰਦ ਹੀ ਰੂਪਾਂ ਦੀ ਮੰਡੀ ਵਿੱਚ ਜਾਂਦੇ ਸਨ। ਔਰਤ ਕਿਰਦਾਰਾਂ ਦਾ ਕੰਮ ਮਰਦਾਂ ਤੋਂ ਹੀ ਲਿਆ ਜਾਂਦਾ ਸੀ। ਬਹੁਰੂਪੀਏ ਸਵੇਰੇ ਇੱਕ ਵਿਸ਼ੇਸ਼ ਕਿਰਦਾਰ ਨੂੰ ਅਪਣਾ ਕੇ ਪੂਰਾ ਦਿਨ ਪਿੰਡ ਜਾਂ ਸ਼ਹਿਰ ਵਿੱਚ ਘੰੁਮਦੇ ਰਾਹਗੀਰਾਂ ਨੂੰ ਟਿੱਚਰਾਂ ਕਰਦੇ ਸਨ। ਕੋਈ ਗੁੱਸਾ ਨਹੀਂ ਸੀ ਕਰਦਾ। ਆਪਣੇ ਪੜਾਅ ਦੇ ਆਖਰੀ ਦਿਨ ਬਹੁਰੂਪੀਏ ਮੋਹ ਭਰੇ ਹੱਕ ਨਾਲ ਘਰ-ਘਰ ਜਾ ਕੇ ਉਗਰਾਹੀ ਕਰਦੇ ਸਨ।


ਜਿਵੇਂ ਪੰਜਾਬ ਵਿੱਚ ਭੰਡ ਮਰਾਸੀ ਬਿਰਾਦਰੀ ਕਲਾ ਦੀ ਪਿਤਾ ਪੁਰਖੀ ਰਵਾਇਤ ਨੂੰ ਅੱਗੇ ਤੋਰਦੀ ਹੈ, ਉਵੇਂ ਹੀ ਬਹੁਰੂਪੀਆਂ ਦੀ ਵੀ ਵਿਸ਼ੇਸ਼ ਜ਼ਾਤ ਹੁੰਦੀ ਹੈ। ਉੱਤਰ ਭਾਰਤ ਵਿੱਚ ਰਾਜਸਥਾਨ ਦੇ ਬਹੁਤ ਸਾਰੇ ਪਰਿਵਾਰ ਮਖੌਟਿਆਂ ਦੀ ਦੁਨੀਆਂ ਦੇ ਇਸ ਵਣਜ ਵਿੱਚ ਲੀਨ ਹਨ। ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਇਹ ਕਲਾਕਾਰ ਰਹਿੰਦੇ ਹਨ। ਇਨ੍ਹਾਂ ਦੇ ਹੁਣ ਪਰੰਪਰਾਗਤ ਵਾਰਿਸ ਨਹੀਂ ਰਹੇ। ਨਵੀਂ ਪੀੜ੍ਹੀ ਇਸ ਕਿੱਤੇ ਤੋਂ ਬੇਮੁਖ ਹੋ ਗਈ ਹੈ ਕਿਉਂਕਿ ਉਨ੍ਹਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਬਹੁਰੂਪੀਆਂ ਦੀ ਰਾਜਿਆਂ-ਮਹਾਰਾਜਿਆਂ ਸਮੇਂ ਰਾਜ ਮਹਿਲਾਂ ਵਿੱਚ ਚੰਗੀ ਖ਼ਾਤਰਦਾਰੀ ਹੁੰਦੀ ਹੈ।  ਹੁਣ ਨਾ ਕੋਈ ਦਾਦ ਦੇਣ ਵਾਲਾ ਤੇ ਨਾ ਕੋਈ ਜਜਮਾਨ। ਪੈਸੇ ਦੀ ਦੌੜ ਵਿੱਚ ਅਸਲੀ ਚਿਹਰੇ ਨ੍ਹੀਂ ਸਾਂਭੇ ਜਾਂਦੇ, ਨਕਲੀ ਕੌਣ ਦੇਖੇ।


- ਰਮਨ ਮਿੱਤਲ
ਸੰਪਰਕ:97804-06991

Sunday 13 October 2013

ਅਦਬ ਦਾ ਮੀਨਾਰ: ਸਆਦਤ ਹਸਨ ਮੰਟੋ

ਗੱਲ ਚਾਹੇ ਚੋਟੀ ਦੇ ਕਹਾਣੀਕਾਰਾਂ ਦੀ ਚੱਲੇ ਜਾਂ ਸਰਵੋਤਮ ਉਰਦੂ ਅਫਸਾਨਿਆਂ ਦੀ ਤਾਂ ਪਹਿਲਾ ਨਾਮ ਜੋ ਸਾਡੀ ਜ਼ਬਾਨ ਉੱਤੇ ਆਉਂਦਾ ਹੈ, ਉਹ ਹੈ ਮੰਟੋ। ਮੰਟੋ ਦਾ ਅਸਲ ਨਾਮ ਸਆਦਤ ਹਸਨ ਸੀ, ਪਰ ਆਮ ਤੌਰ ’ਤੇ ਉਸਨੂੰ ਮੰਟੋ ਦੇ ਉਪਨਾਮ ਨਾਲ ਜਾਣਿਆ ਜਾਂਦਾ ਹੈ। ਮੰਟੋ ਕਸ਼ਮੀਰ ਵਿੱਚ ਤਕੜੀ ਨੂੰ ਕਹਿੰਦੇ ਹਨ। ਆਪਣੇ ਨਾਮ ਬਾਰੇ ਮੰਟੋ ਦਾ ਕਹਿਣਾ ਸੀ ਕਿ ਕਸ਼ਮੀਰ ਵਿੱਚ ਸਾਡੇ ਬਜ਼ੁਰਗਾਂ ਦੇ ਦੌਲਤ  ਮੰਟੋ (ਤੱਕੜੀ) ਨਾਲ ਤੋਲੀ ਜਾਂਦੀ ਸੀ, ਇਸੇ ਰਿਵਾਇਤ ਨਾਲ ਅਸੀਂ ਮੰਟੋ ਅਖਵਾਉਂਦੇ ਹਾਂ। ਅਰਬ ਵਿੱਚ ਮੁੰਟੋ ਹੀਰੇ ਤੋਲਣ ਲਈ ਵਰਤੇ ਜਾਂਦੇ ਸਭ ਤੋਂ ਭਾਰੇ ਤੱਕੜੀ ਦੇ ਵੱਟੇ ਨੂੰ ਕਿਹਾ ਜਾਂਦਾ ਹੈ। ਇਸ ਸੰਦਰਭ ਵਿੱਚ ਵਿਚਾਰ ਕਰੀਏ ਤਾਂ ਇਹ ਵਿਸ਼ੇਸ਼ਣ ਵੀ ਮੰਟੋ ਉੱਪਰ ਪੂਰਾ ਫਿੱਟ ਬੈਠਦਾ ਹੈ ਕਿਉਂਕਿ ਉਹ ਨਿੱਗਰ ਅਤੇ ਵਜ਼ਨਦਾਰ ਸਾਹਿਤ ਦਾ ਰਚਿਆਰਾ ਸੀ। ਆਪਣੇ ਸਮੇਂ ਉਹ ਸਾਰੇ ਸਾਥੀ ਸਾਹਿਤਕਾਰਾਂ ’ਤੇ ਭਾਰਾ ਪਿਆ ਹੋਇਆ ਸੀ। 



ਸਆਦਤ ਹਸਨ ਮੰਟੋ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਚਰਚਿਤ ਅਫਸਾਨਾਨਿਗਾਰ ਹੋਇਆ ਹੈ। ਉਹਦੀ ਹਰ ਕਹਾਣੀ ਸੋਹਣੀ ਅਤੇ ਮਨਮੋਹਣੀ ਹੁੰਦੀ ਸੀ। ਉਸਦਾ ਪਿੱਛਾ ਕਸ਼ਮੀਰ ਦਾ ਸੀ। ਕਸ਼ਮੀਰੀ ਹੋਣ ਦਾ ਤਾਂ ਦੂਜਾ ਮਤਲਵ ਖੂਬਸੂਰਤ ਹੋਣਾ ਜਾਂ ਹੁਸਨ ਨਾਲ ਤਅੱਲਕ ਰੱਖਣਾ ਹੁੰਦਾ ਹੈ। ਫਿਰ ਮੰਟੋ ਦੀ ਲਿਖਤ ਹੁਸੀਨ ਹੁੰਦੀ ਵੀ ਕਿਉਂ ਨਾ? ਭਾਵੇਂ ਮੰਟੋ ਦਾ ਪਿਛੋਕੜ ਕਸ਼ਮੀਰੀ ਸੀ, ਲੇਕਿਨ ਉਹ ਪੰਜਾਬ ਦਾ ਜਮਪਲ ਸੀ। ਉਹ ਜ਼ਿਲ੍ਹਾ ਲੁਧਿਆਣੇ ਦੇ ਕਸਬੇ ਸਮਰਾਲਾ ਵਿਖੇ 11 ਮਈ 1912 ਨੂੰ ਜਨਮਿਆ ਸੀ ਅਤੇ ਵੱਡੇ ਹੋ ਕੇ ਉਸਨੇ ਆਪਣੀ ਵਿਦਿਆ ਅੰਮ੍ਰਿਤਸਰ ਅਤੇ ਅਲੀਗੜ੍ਹ ਤੋਂ ਪ੍ਰਾਪਤ ਕੀਤੀ। ਅੰਮ੍ਰਿਤਸਰ ਵਿੱਚ ਕੂਚਾਂ ਵਕੀਲਾਂ, ਮੰਟੋਆਂ ਦਾ ਮੁਹੱਲਾ ਹੁੰਦਾ ਸੀ।  ਮੰਟੋ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਅੰਮ੍ਰਿਤਸਰ, ਲੁਧਿਆਣੇ, ਅਲੀਗੜ੍ਹ, ਲਾਹੌਰ,

ਦਿੱਲੀ ਅਤੇ ਬੰਬਈ(ਮੁਬੰਈ) ਵਿੱਚ ਬਿਤਾਇਆ ਸੀ।

ਮੰਟੋ ਦੀ ਸਭ ਤੋਂ ਪਹਿਲੀ ਕਹਾਣੀ ਤਮਾਸ਼ਾ ਅੰਮ੍ਰਿਤਸਰ ਤੋਂ ਨਿਕਲਦੇ ਹਫਤਾਵਾਰੀ ਅਖਬਾਰ ਖਲਕ ਵਿੱਚ ਛਾਇਆ ਹੋਈ ਸੀ। ਉਸਤੋਂ ਉਪਰੰਤ ਉਸਦਾ ਪ੍ਰਿਥਮ ਕਥਾ ਸੰਗ੍ਰਹਿ ਚਿੰਗਾਰੀਆਂ 1935 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਮੰਟੋ ਰੋਜ਼ ਨੇਮ ਨਾਲ ਆਪਣੇ ਕਮਰੇ ਵਿੱਚ ਸੋਫੇ ਉੱਪਰ ਬੈਠ ਜਾਂਦਾ। ਕਾਗ਼ਜ਼ ਕਲਮ ਫੜਦਾ ਤੇ ਕਹਾਣੀ ਦਾ  ਬਿਸਮਿੱਲਾਹ ਕਰ ਦਿੰਦਾ। ਉਹਦੀਆਂ ਤਿੰਨੇ ਬੱਚੀਆਂ; ਨਕਹਤ, ਨਜ਼ਹਤ, ਨੁਸਰਤ  ਉਹਦੇ ਕੋਲ ਹੀ ਰੌਲਾ ਪਾ ਰਹੀਆਂ ਹੁੰਦੀਆਂ। ਉਹ ਉਹਨਾਂ ਨਾਲ ਗੱਲਾਂ ਵੀ ਕਰਦਾ। ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ। ਆਪਣੇ ਲਈ ਸਲਾਦ ਵੀ ਕੱਟਦਾ। ਕੋਈ ਮਿਲਣ ਵਾਲਾ ਆ ਜਾਂਦਾ ਤਾਂ ਉਸਦੀ ਖਾਤਰਦਾਰੀ ਵੀ ਕਰਦਾ। ਤੇ ਕਹਾਣੀ ਵੀ ਲਿਖ ਲੈਂਦਾ! 

ਕਹਾਣੀਕਾਰੀ ਦੀ ਉਹਨੂੰ ਸ਼ਰਾਬ ਵਾਂਗ ਆਦਤ ਪੈ ਗਈ ਸੀ। ਅਮਲ ਲੱਗ ਗਿਆ ਸੀ। ਉਸਨੂੰ ਲਿਖਣ ਦੀ ਅਡੀਕਟਸ਼ਨ ਹੋ ਗਈ ਸੀ। ਮੰਟੋ ਖੁਦ ਵੀ ਕਹਿੰਦਾ ਹੁੰਦਾ ਸੀ,  ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਕੱਪੜੇ ਨਹੀਂ ਪਹਿਨੇ ਜਾ ਮੈਂ ਨਾਤ੍ਹਾਂ ਨਹੀਂ। ਜਾਂ ਮੈਂ ਦਾਰੂ ਨਹੀਂ ਪੀਤੀ। 

ਮੰਟੋ ਕਹਾਣੀ ਨਹੀਂ ਲਿਖਦਾ ਸੀ। ਹਕੀਕਤ ਇਹ ਹੈ ਕਿ ਕਹਾਣੀ ਉਹਨੂੰ ਲਿਖਦੀ ਸੀ। ਕਹਾਣੀ ਉਹਦੇ ਦਿਮਾਗ ਵਿੱਚ ਨਹੀਂ ਸਗੋਂ ਉਹਦੀ ਜੇਬ ਵਿੱਚ ਹੁੰਦੀ ਸੀ, ਜਿਸਦੀ ਉਹਨੂੰ ਕੋਈ ਖਬਰ ਨਹੀਂ ਸੀ ਹੁੰਦੀ। ਉਹ ਆਪਣੇ ਦਿਮਾਗ ਉੱਪਰ ਜ਼ੋਰ ਪਾਉਂਦਾ ਰਹਿੰਦਾ ਕਿ ਕੋਈ ਕਹਾਣੀ ਨਿਕਲ ਆਵੇ, ਕਹਾਣੀਕਾਰ ਬੁਣਨ ਦਾ ਪ੍ਰਯਾਸ ਕਰਦਾ। ਸਿਗਰਟ ’ਤੇ ਸਿਗਰਟ ਫੂਕਦਾ। ਪਰ ਕਹਾਣੀ ਬਾਹਰ ਨਾ ਨਿਕਲਦੀ। ਆਖਰ ਥੱਕ ਹਾਰ ਕੇ ਬਾਂਝ ਤੀਵੀਂ ਵਾਂਗ ਲੇਟ ਜਾਂਦਾ। ਕਿਉਂਕਿ ਅਣਲਿੱਖੀ ਕਹਾਣੀ ਦੀ ਕੀਮਤ ਉਹ ਪੇਸ਼ਗੀ ਵਸੂਲ ਕਰ ਚੁੱਕਿਆ ਹੁੰਦਾ। ਇਸ ਲਈ ਉਹਨੂੰ ਅੱਚਵੀ ਲੱਗ ਜਾਂਦੀ। ਉਹ ਪਾਸੇ ਪਰਤਦਾ ਰਹਿੰਦਾ, ਉੱਠ ਕੇ ਆਪਣੀਆਂ ਚਿੱੜੀਆਂ ਨੂੰ ਦਾਣੇ ਪਾਉਂਦਾ, ਬੱਚੀਆਂ ਨੂੰ ਪੀਂਘ ਝੂਟਾਉਂਦਾ। ਘਰਦਾ ਕੂੜਾ ਕਰਕਟ ਸਾਫ਼ ਕਰਦਾ। ਘਰ ਵਿੱਚ ਥਾਂ ਪੁਰ ਥਾਂ ਖਿਲਰੀਆਂ ਪਈਆਂ ਜੁੱਤੀਆਂ ਨੂੰ ਚੁੱਕ ਕੇ ਇੱਕ ਥਾਂ ਰੱਖਦਾ। ਪਰ ਕੰਬਖਤ ਕਹਾਣੀ ਉਹਦੀ ਜੇਬ ਵਿੱਚੋਂ, ਉਹਦੇ ਜ਼ਿਹਨ ਵਿੱਚ ਨਾ ਜਾਂਦੀ ਅਤੇ ਉਹ ਤਿਲਮਲਾਉਂਦਾ ਰਹਿੰਦਾ। ਜਦ ਬਹੁਤ ਜ਼ਿਆਦਾ ਕੋਫਤ ਹੁੰਦੀ ਤਾਂ ਉਹ  ਬਾਥਰੂਮ ਵਿੱਚ ਚਲਾ ਜਾਂਦਾ। ਪਰ ਉਸਦੀ ਸੋਚ ਕੋਈ ਕੰਮ ਨਾ ਕਰਦੀ। ਉਹ ਬਾਹਰ ਆ ਜਾਂਦਾ। ਫਿਰ ਉਸਦੀ ਵਹੁਟੀ ਸੋਫੀਆ ਬੇਗਮ ਆਖਦੀ, ਤੁਸੀਂ ਸੋਚੋ ਨਾਂਹ, ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਉ ਜੀ। 

ਮੰਟੋ ਉਸਦੇ ਕਹਿਣ ’ਤੇ ਕਲਮ ਜਾਂ ਪੈਨਸਲ ਚੁੱਕਦਾ ਅਤੇ ਲਿਖਣਾ ਸ਼ੁਰੂ ਕਰ ਦਿੰਦਾ। ਜਾਂ ਆਪਣੀ ਟਾਈਪਰਾਇਟਰ ’ਤੇ ਕਾਗਜ਼ ਚਾੜ ਲੈਂਦਾ। ਮੰਟੋ ਅਕਸਰ ਸਿੱਧਾ ਹੀ ਟਾਈਪਰਾਇਟਰ ਉੱਤੇ ਕਹਾਣੀ ਲਿਖਦਾ ਸੀ। ਉਸਦਾ ਦਿਮਾਗ ਬਿਲਕੁੱਲ ਖਾਲੀ ਹੁੰਦਾ। ਐ ਪਰ ਜ਼ੇਬ ਭਰੀ ਹੁੰਦੀ। ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆਉਂਦੀ ਤੇ ਛੜੱਪਾ ਮਾਰ ਕੇ ਉਹਦੇ ਦਿਮਾਗ ਵਿੱਚ ਵੜ੍ਹ ਜਾਂਦੀ। ਮੰਟੋ ਦੇ ਹੱਥ ਅਤੇ ਜ਼ਿਹਨ ਜੋਟੀ ਪਾ ਕੇ ਚੱਲਦੇ ਦੌੜਦੇ ਜਾਂਦੇ। ਕੁੱਝ ਪਲਾਂ ਬਾਅਦ ਕਹਾਣੀ ਤਿਆਰ ਹੁੰਦੀ। ਇਸ ਲਿਹਾਜ਼ ਨਾਲ ਮੰਟੋ ਨੂੰ ਜੇਬ-ਕਤਰਾ ਵੀ ਆਖਿਆ ਜਾ ਸਕਦਾ ਹੈ। ਜੋ ਆਪਣੀ ਹੀ ਜੇਬ ਕੱਟ ਕੇ  ਅਦਬ ਦੀ ਝੋਲੀ ਭਰਦਾ ਸੀ। 

ਸਾਹਿਤਕ ਕ੍ਰਿਤ ਦੀ ਬੇਵਜਾ ਚੀਰ ਫਾੜ ਕਰਨ ਵਾਲਿਆਂ ਤੋਂ ਮੰਟੋ ਨੂੰ ਖਾਸ ਚਿੜ ਸੀ ਤੇ ਅਜਿਹੇ ਤਨਕੀਦ ਨਵੀਸਾਂ ਦੀ ਮੰਟੋ ਖੂਬ ਤਹਿ ਲਾਉਂਦਾ ਹੁੰਦਾ ਸੀ। ਉਹਦਾ ਆਖਣਾ ਸੀ, ਅਦਬ ਲਾਸ਼ ਨਹੀਂ, ਜਿਸਨੂੰ ਡਾਕਟਰ ਜਾਂ ਉਸਦੇ ਕੁੱਝ ਸ਼ਾਗਿਰਦ ਪੱਥਰ ਦੇ ਮੇਜ਼ ਉੱਪਰ ਲਿਟਾ ਕੇ ਪੋਸਟ ਮੌਰਟਮ ਸ਼ੁਰੂ ਕਰ ਦੇਣ। ਸਾਹਿਤ ਬਿਮਾਰੀ ਨਹੀਂ, ਸਗੋਂ ਬਿਮਾਰੀ ਦੀ ਪ੍ਰਤਿਕ੍ਰਿਆ ਹੈ। ਇਹ ਉਹ ਕੁੱਝ ਵੀ ਨਹੀਂ, ਜਿਸਦੀ ਵਰਤੋਂ ਲਈ ਸਮਾਂ ਅਤੇ ਮਾਤਰਾ ਦੀ ਪਾਬੰਦੀ ਨੀਯਤ ਕੀਤੀ ਜਾਂਦੀ ਹੈ। ਸਾਹਿਤ ਤਾਪਮਾਨ ਹੈ ਆਪਣੇ ਮੁਲਕ ਦਾ, ਆਪਣੀ ਕੌਮ ਦਾ -ਉਹ ਉਸਦੀ ਸਿਹਤ ਅਤੇ ਬਿਮਾਰੀ ਦੀ ਖਬਰ ਦਿੰਦਾ ਰਹਿੰਦਾ ਹੈ। -ਪੁਰਾਣੀ ਅਲਮਾਰੀ ਦੇ ਕਿਸੇ ਖਾਨੇ ਵਿੱਚੋਂ ਹੱਥ ਵਧਾ ਕੇ ਕੋਈ ਮਿੱਟੀ ਘੱਟੇ ਨਾਲ ਅੱਟੀ ਕਿਤਾਬ ਚੁੱਕੋ, ਬੀਤੇ ਹੋਏ ਜ਼ਮਾਨੇ ਦੀ ਨਬਜ਼ ਤੁਹਾਡੀਆਂ ਉਂਗਲਾਂ ਹੇਠਾਂ ਧੜਕਣ ਲੱਗੇਗੀ। ਮੈਨੂੰ ਅਖੌਤੀ ਆਲੋਚਕਾਂ ਵਿੱਚ ਕੋਈ ਦਿਲਚਸਪੀ ਨਹੀਂ। ਨੁਕਤਾਚੀਨੀਆਂ ਸਿਰਫ਼ ਪੱਤੀਆਂ ਨੋਚ ਮਰੁੰਡ ਕੇ ਬਿਖੇਰ ਸਕਦੀਆਂ ਹਨ, ਪਰ ਉਨ੍ਹਾਂ ਨੂੰ ਇਕੱਠਿਆਂ ਕਰਕੇ ਇੱਕ ਸਾਲਮ ਫੁੱਲ ਨਹੀਂ ਬਣਾ ਸਕਦੀਆਂ। ਫੁੱਲ  ਬਣਾਉਣ ਦਾ ਸਵਾਬ ਭਰਪੂਰ ਕੰਮ ਸਾਹਿਤਕਾਰ ਕਰਦਾ ਹੈ।

ਮੰਟੋ ਕਸ਼ਮੀਰ ਦੇ ਇੱਕ ਬਾਗੀ ਦੀ ਧੀ ਨਾਲ ਇਸ਼ਕ ਕਰਦਾ ਸੀ। ਇੱਕ ਵਾਰ ਭੇਡਾਂ ਚਾਰਦੀ ਦੀ ਉਹਦੀ ਕਿੱਧਰੇ ਨੰਗੀ ਕੂਹਣੀ ਮੰਟੋ ਨੂੰ ਦਿਸ ਗਈ। ਬਸ ਮੰਟੋ ਉਹਦੀ ਕੂਹਣੀ ਦੇਖ ਕੇ ਹੀ ਉਸ ਨਾਲ ਪਿਆਰ ਕਰ ਬੈਠਾ। ਰੋਜ਼ ਉਹ ਭੇਡਾਂ ਚਾਰਨ ਆਉਂਦੀ ਤੇ ਮੰਟੋ ਰੋਜ਼ ਉਹਨੂੰ ਦੂਰੋਂ ਇੱਕ ਪਹਾੜੀ ਤੋਂ ਲੇਟਿਆਂ ਹੋਇਆਂ ਤੱਕਦਾ ਰਹਿੰਦਾ। ਉਡਕਦਾ ਰਹਿੰਦਾ ਕਿ ਕਦੋਂ ਉਹ ਆਪਣੇ ਵਾਲਾਂ ਵਿੱਚ ਹੱਥ ਮਾਰੇ ਤੇ ਉਹਦਾ ਕਫ਼ ਪਰ੍ਹਾਂ ਹੋ ਕੇ ਉਸਦੀ ਕੂਹਣੀ ਨੂੰ ਫਿਰ ਨੰਗਾ ਕਰੇ। ਕੂਹਣੀ ਦੀ ਇੱਕ ਝਲਕ ਲਈ ਹੀ ਮੰਟੋ ਕਈ-ਕਈ ਘੰਟੇ ਉਹਨੂੰ ਨਿਹਾਰਦਾ ਰਹਿੰਦਾ। 

ਮੁਹੱਬਤ ਅਤੇ ਮੁਹੱਬਤ ਕਰਨ ਵਾਲਿਆਂ ਬਾਰੇ ਮੰਟੋ ਦੇ ਬਹੁਤ ਖੂਬਸੂਰਤ ਵਿਚਾਰ ਸਨ, ਇੰਨਸਾਨ ਔਰਤ ਨਾਲ ਮੁਹੱਬਤ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ। ਰੋਟੀ ਨਾਲ ਪ੍ਰੇਮ ਕਰਦਾ ਹੈ ਤਾਂ ਐਪੀਕਿਊਰਸ ਦਾ ਫਲਸਫਾ ਪੈਦਾ ਹੋ ਜਾਂਦਾ ਹੈ। ਤਖਤ ਨਾਲ ਇਸ਼ਕ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੁਰ ਬਣ ਜਾਂਦਾ ਹੈ। ਸੱਤਾ ਨਾਲ ਪਿਆਰ ਕਰਦਾ ਹੈ ਤਾਂ ਹਿਟਲਰ ਹੋ ਜਾਂਦਾ ਹੈ। ਦੀਨ ਨਾਲ ਉਲਫਤ ਕਰਦਾ ਹੈ ਤਾਂ ਔਰੰਗਜ਼ੇਬ ਬਣ ਜਾਂਦਾ ਹੈ ਅਤੇ ਜਦ ਖੁਦਾ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰ ਲੈਂਦਾ ਹੈ।

ਇਸਤਮ ਚੁਗਤਾਈ ਨੇ ਇੱਕ ਵਾਰ ਮੰਟੋ ਨੂੰ ਮੁਹੱਬਤ ਬਾਰੇ ਪੁੱਛ ਲਿਆ ਤਾਂ ਉਸਨੇ ਜੁਆਬ ਦਿੱਤਾ, “ਮੁਹੱਬਤ ਦਾ ਕੀ ਐ? ਮੈਨੂੰ ਆਪਣੀ ਜ਼ਰੀ ਦੀ ਜੁੱਤੀ ਨਾਲ ਮੁਹੱਬਤ ਹੈ।” 

ਵਾਕਈ ਮੰਟੋ ਨੂੰ ਆਪਣੀ ਜ਼ਰੀ ਦੀ ਜੁੱਤੀ ਨਾਲ ਇਸ਼ਕ ਸੀ। ਇਸੇ ਲਈ ਜੁੱਤੀ ਦਾ ਵਰਣਨ ਉਸਦੀਆਂ ਰਚਨਾਵਾਂ ਵਿੱਚ ਵਾਰ-ਵਾਰ ਆਇਆ ਹੈ। ਮਿਸਾਲ ਵਜੋਂ ਉਸਦੀਆਂ ਵੱਖ-ਵੱਖ ਕਹਾਣੀ ਵਿੱਚੋਂ ਕੁੱਝ ਸੱਤਰਾਂ ਹਾਜ਼ਰ ਹਨ:-

*ਕਾਲੀ ਸਲਵਾਰ*

-ਇਸ ਸਾੜੀ ਨਾਲ ਪਹਿਨਣ ਨੂੰ ਅਨਵਰੀ ਕਾਲੀ ਮਖਮਲ ਦੀ ਇਕ ਜੁੱਤੀ ਲਿਆਈ ਸੀ, ਜੋ ਬੜੀ ਨਾਜ਼ੁਕ ਸੀ। 

*ਆਖਰੀ ਰਾਤ*

-ਮੈਂ ਇੱਕ ਹੋਟਲ ਵਿੱਚ ਬੈਠਾ ਡਾਕ ਗੱਡੀ ਦੀ ਉਡੀਕ ਕਰ ਰਿਹਾ ਸੀ, ਜਿਸ ਵਿੱਚ ਮੇਰੇ ਜੁੱਤੇ ਆਉਣ ਵਾਲੇ ਸਨ।

-ਭਾਈ ਅਜ਼ੀਬ ਮੁਸੀਬਤ ਹੈ, ਜੁੱਤਾ ਮੁਜ਼ਰਾਬਾਦ ਵਿੱਚ ਫਟਿਆ ਤੇ ਮੁਰੰਮਤ ਲਈ ਉਸਨੂੰ ਰਾਵਲਪਿੰਡੀ ਭੇਜਣਾ ਪਿਆ ਹੈ। 

-ਅੱਜ ਮੈਂ ਆਪਣੇ ਮੁਰੰਮਤ ਕੀਤੇ ਹੋਏ ਜੁੱਤਿਆਂ ਦੇ ਲਈ ਤਿੰਨਾਂ ਘੰਟਿਆਂ ਤੋਂ ਇੰਤਜ਼ਾਰ ਵਿੱਚ ਬੈਠਾ ਹਾਂ ਤੇ ਨਾਮੁਰਾਦ ਡਾਕ ਗੱਡੀ ਵੀ ਅੱਜ ਹੀ ਲੇਟ ਹੋਈ ਹੈ।

*ਧੂੰਆਂ*

-ਮੌਸਮ ਕੁਝ ਅਜਿਹੀ ਹੀ ਕੈਫ਼ੀਅਤ ਲਾਏ ਹੋਏ ਸੀ, ਜੋ ਰਬੜ ਦੇ ਜੁੱਤੇ ਪਹਿਨ ਕੇ ਚੱਲਣ ਨਾਲ ਹੁੰਦੀ ਹੈ। 

ਮੰਟੋ ਦਾ ਹੁਲੀਆ ਬਿਆਨਦੇ ਹੋਈ ਬਲਵੰਤ ਗਾਰਗੀ ਜੀ ਲਿਖਦੇ ਹਨ, “ਪਤਲਾ ਲੰਮਾ ਜਿਸਮ ਜਿਸ ਵਿੱਚ ਬੈਂਤ ਵਰਗੀ ਲਚਕ ਸੀ, ਚੌੜਾ ਮੱਥਾ, ਕਸ਼ਮੀਰੀ ਤਿੱਖਾ ਨੱਕ ਤੇ ਤੇਜ਼ ਅੱਖਾਂ ਉੱਤੇ ਚਸ਼ਮਾ। ਉਸਨੇ ਸਫੈਦ ਕਮੀਜ਼, ਸ਼ੇਰਵਾਨੀ, ਲੱਠੇ ਦੀ ਸਲਵਾਰ ਤੇ ਜ਼ਰੀ ਦਾ ਜੁੱਤਾ ਪਹਿਨਿਆ ਹੋਇਆ ਸੀ।”

ਮੰਟੋ ਦੋ ਸਾਲ ਦਿੱਲੀ ਆਲ ਇੰਡੀਆ ਰੇਡਿਉ ’ਤੇ ਨੌਕਰੀ ਕਰਨ ਬਾਅਦ ਬੰਬਈ ਚਲਾ ਗਿਆ ਸੀ, ਜਿੱਥੇ ਉਸਨੇ ਇੰਪੀਰੀਅਲ ਫਿਲਮ ਕੰਪਨੀ ਵਿੱਚ ਡਾਇਲਾਗ ਰਾਇਟਰ ਵਜੋਂ ਵੀ ਕੰਮ ਕੀਤਾ। ਡਰਾਮੇ ਤੇ ਫੀਚਰ ਲਿਖੇ। ਕ੍ਰਿਸ਼ਨ ਚੰਦਰ, ਇਸਮਤ ਚੁਗਤਾਈ, ਰਾਜਿੰਦਰ ਸਿੰਘ ਬੇਦੀ ਤੇ ਅਹਿਮਦ ਨਦੀਮ ਦਾ ਮੰਟੋ ਦੇ ਖਾਸ ਦੋਸਤਾਂ ਵਿੱਚ ਸ਼ੁਮਾਰ ਹੁੰਦਾ  ਸੀ। 

ਮੰਟੋ ਨੂੰ ਆਪਣੀ ਕਲਾ ਉੱਤੇ ਫਖਰ ਅਤੇ ਕਹਿਰਾਂ ਦਾ ਸਵੈ-ਵਿਸ਼ਵਾਸ ਸੀ। ਜੇ ਕੋਈ ਉਸਨੂੰ ਕਹਿ ਦਿੰਦਾ ਕਿ ਆਹ ਮੇਜ਼ ਪਿਆ ਹੈ। ਇਸ ਬਾਰੇ ਕਹਾਣੀ ਲਿੱਖ? ਆਹ ਕੁਰਸੀ ਪਈ ਹੈ, ਇਸ ਉੱਤੇ ਹੁਣੇ ਹੀ ਇੱਥੇ ਹੀ ਕਹਾਣੀ ਲਿੱਖ ਕੇ ਦਿਖਾ? ਤਾਂ ਮੰਟੋ ਫੱਟ ਲਿੱਖ ਦਿੰਦਾ ਹੁੰਦਾ ਸੀ। ਉਸਨੇ ਸ਼ਰਤਾਂ ਲਾ ਕੇ ਕਈ ਡਰਾਮੇ ਅਤੇ ਕਹਾਣੀਆਂ ਲਿਖੀਆਂ ਸਨ। ਇਸੇ ਤਰ੍ਹਾਂ ਮੰਟੋ ਨੇ ਲੋਕਾਂ ਦੀਆਂ ਚੁਨੌਤੀਆਂ ਸਵਿਕਾਰ ਕੇ ਇੰਤਜ਼ਾਰ, ਕਿਆ ਮੈਂ ਅੰਦਰ ਆ ਸਕਤਾ ਹੂੰ? ਅਤੇ ਕਬੂਤਰੀ ਆਦਿ ਡਰਾਮੇ ਲਿਖ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ ਸੀ। 

ਕੁੱਝ ਤਨੱਜ਼ਲਪਸੰਦ ਲੋਕਾਂ ਨੇ ਮੰਟੋ ਵਰਗੇ ਪ੍ਰਗਤੀਸ਼ੀਲ ਕਲਮਕਾਰ ਉੱਤੇ ਫਾਹਸ (ਲੱਚਰ) ਸਾਹਿਤ ਰਚਣ ਦਾ ਦੋਸ਼ ਲਾਇਆ। ਮੰਟੋ ਦੀਆਂ ਛੇ ਕਹਾਣੀਆਂ, ਕਾਲੀ ਸਲਵਾਰ, ਬੂ, ਠੰਡਾ ਗੋਸ਼ਤ, ਧੂੰਆਂ, ਖੋਲ੍ਹ ਦੋ, ਉੱਪਰ ਨੀਚੇ ਔਰ ਦਰਮਿਆਨ, ਉੱਪਰ ਅਸ਼ਲੀਲਤਾ ਦਾ ਦੋਸ਼ ਲਗਾ ਕੇ ਮੁਕੱਦਮੇ ਚਲਾਏ ਗਏ। ਮੰਟੋ ਨੂੰ ਅਦਾਲਤਾਂ ਵਿੱਚ ਖੱਜਲ ਖੁਆਰ ਹੋਣਾ ਪਿਆ। ਮਜ਼ੇ ਦੀ ਗੱਲ ਇਹ ਹੈ ਕਿ ਮੰਟੋ ਛੇ ਦੇ ਛਿਆਂ ਮੁਕੱਦਿਮਿਆਂ ਵਿੱਚੋਂ ਬਾਇੱਜ਼ਤ ਬਰੀ ਹੋਇਆ ਸੀ। 

ਮੰਟੇ ਨੇ ਕਹਾਣੀਆਂ ਵਿੱਚ ਤਕਨੀਕੀ ਪੱਖੋਂ ਅਤੇ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਅਨੇਕਾਂ ਤਜ਼ਰਬੇ ਕੀਤੇ। ਮਸਲਨ ਕਥਾ ਵਿਧਾ ਵਿੱਚ ਪ੍ਰਚਲਤ ਅਤੇ ਮਕਬੂਲ ਤਕਨੀਕਾਂ ਨੂੰ ਤਿਲਾਜਲੀ ਦੇ ਕੇ ਤਸਵੀਰ ਕਹਾਣੀ ਨੂੰ ਬਿਰਤਾਂਤ ਵਿਧੀ  ਵਿੱਚ ਲਿਖਿਆ ਹੈ। ਸਿਰਫ਼ ਵਾਰਤਾਲਾਪ ਦੇ ਥਮਲਿਆਂ ਉੱਤੇ ਹੀ ਇਹ ਸਾਰੀ ਦੀ ਸਾਰੀ ਕਹਾਣੀ ਖੜ੍ਹੀ ਹੈ। ਉਸ ਵਿੱਚ ਕੋਈ ਵੀ ਹੋਰ ਵਰਣਨ ਜਾਂ ਵੇਰਵਾ ਨਹੀਂ ਹੈ। ਦੋ ਪਾਤਰਾਂ ਦੇ ਸੰਵਾਦ ਚਲਦੇ ਜਾਂਦੇ ਹਨ ਅਤੇ ਕਹਾਣੀ ਦੀਆਂ ਪਰਤਾਂ ਉਧੜਦੇ ਨੜੇ ਵਾਂਗ ਖੁੱਲ੍ਹਦੀਆਂ ਚਲਈਆਂ ਜਾਂਦੀਆਂ ਹਨ। 

ਪਾਤਰ ਦਾ ਸਵੈ-ਵਿਸ਼ਲੇਸ਼ਣ ਮੰਟੋ ਦੀ ਸਾਹਿਤਕ ਪ੍ਰਤਿਭਾ ਦੀ ਵਿਸ਼ੇਸ਼ਤਾ ਸੀ। ਮੰਟੋ ਨੇ ਗਲਪ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਦੀ ਪਿਰਤ ਪਾਈ। ਉਸਨੇ ਕਹਾਣੀ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਹਾਣੀ ਦਾ ਵਿਸ਼ਾ ਚੋਣ ਵੇਲੇ ਮੰਟੋ ਬੇਹੱਦ ਸਤਰਕ ਰਹਿੰਦਾ, ਉਹ ਜ਼ਿੰਦਗੀ ਦੇ ਸੂਖਮ ਭਾਵਾਂ ਨੂੰ ਕਹਾਣੀ ਵਿੱਚ ਇਉਂ ਪ੍ਰਭਾਸ਼ਿਤ ਕਰਦਾ ਕਿ ਚਾਹੇ ਉਹ ਅੱਲੜ ਦੀ ਦਸਾਤਾਨ ਹੁੰਦੀ ਜਾਂ ਪ੍ਰੋੜ ਵਿਅਕਤੀ ਦਾ ਅਫਸਾਨਾ ਹੁੰਦਾ, ਮੰਟੋ ਆਪਣੇ ਕਲਾਤਮਕ ਉਦੇਸ਼ ਦੀ ਪ੍ਰਾਪਤੀ ਪ੍ਰਤੀ ਲਾਪਰਵਾਹੀ ਦਾ ਅਪਰਾਧੀ ਨਹੀਂ ਸੀ ਬਣਦਾ। ਆਪਣੀ ਬਦਲ ਰਹੀ ਸ਼ਰੀਰਕ ਬਣਤਰ ਤੋਂ ਬੇਖਬਰ ਅਤੇ ਅਣਜਾਣ ਇੱਕ ਕਿਸ਼ੋਰ ਬਾਲਕ ਦੀ ਕੈਫ਼ੀਅਤ ਨੂੰ ਬੜੇ ਵਧੀਆ ਢੰਗ ਨਾਲ ਮੰਟੋ ਨੇ ਬਲਾਊਜ਼ ਕਹਾਣੀ ਵਿੱਚ ਚਿਤਰਿਆ ਹੈ। 

ਇੱਕ ਸੱਜਰੀ ਮੁਟੀਆਰ ਹੋ ਰਹੀ ਲੱੜਕੀ ਕਲਮੂਸ ਅੰਦਰ ਜਾਗਦੀ ਜਿਣਸੀ ਪਿਆਸ ਦੀ ਐਨੀ ਮਨਲੁਭਾਉਣੀ ਅਤੇ ਹੈਰਾਨੀਜ਼ਨਕ ਪੇਸ਼ਕਾਰੀ ਕੀਤੀ ਹੈ ਮੰਟੋ ਨੇ ਧੂੰਆਂ ਕਹਾਣੀ ਵਿੱਚ ਕਿ ਬਾਕੀ ਦੇ ਕਹਾਣੀਕਾਰਾਂ ਦਾ ਧੂੰਆਂ ਕੱਢ ਕੇ ਰੱਖ ਦਿੱਤਾ ਹੈ। ਕਹਾਣੀ ਦੇ ਅੰਤ ਵਿੱਚ ਕਲਮੂਸ ਅਤੇ ਉਸਦੀ ਸਹੇਲੀ ਬਿਮਲਾ ਨੂੰ ਕਲਮੂਸ ਦੇ ਭਰਾ ਮਸਊਦ  ਵੱਲੋਂ ਇੱਕੋ ਬਿਸਤਰੇ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜ੍ਹਨਾ ਕਹਾਣੀ ਨੂੰ ਹੋਰ ਵੀ ਜ਼ਬਰਦਸਤ ਬਣਾ ਦਿੰਦਾ ਹੈ। 

ਮੰਟੋ ਨੇ ਉਰਦੂ ਸਾਹਿਤ ਨੂੰ ਚਾਰ ਚੰਨ ਲਾਏ ਅਤੇ ਆਪਣੀ ਕਲਾ, ਪ੍ਰਤਿਭਾ ਨਾਲ ਅਮੀਰ ਕੀਤਾ। ਮੰਟੋ ਦੀਆਂ ਕਹਾਣੀਆਂ ਜਿੱਥੇ ਪਾਠਕ ਦਾ ਭਰਪੂਰ ਮੰਨੋਰੰਜਨ ਕਰਦੀਆਂ ਹਨ, ਉਥੇ ਪਾਠਕ ਨੂੰ ਹਲੂਣਦੀਆਂ ਅਥਵਾ ਝੰਜੋੜਦੀਆਂ ਵੀ ਹਨ। ਉਨ੍ਹਾਂ ਨੂੰ ਜੀਵਨ ਦੇ ਯਥਾਰਥ ਦੇ ਰੂ-ਬਾ-ਰੂ ਕਰਵਾਉਂਦੀਆਂ ਹਨ। ਉਸਦੀਆਂ ਕਹਾਣੀਆਂ ਸਮੁੱਚੇ ਸਮਾਜ ਦਾ ਅਕਸ ਹੋ ਨਿਭੜਦੀਆਂ ਹਨ। ਇੱਕ ਲੜਕੀ ਦੀਆਂ ਖਰਾਬ ਅੱਖਾਂ ਦੀ ਖੂਬਸੂਰਤੀ ਨੂੰ ਉਜਾਗਰ ਕਰਨ ਵਾਲੀ ਅੱਖਾਂ ਨਾਮੀ ਉੱਚ ਕੋਟੀ ਦੀ ਕਹਾਣੀ ਸਿਰਫ਼ ਮੰਟੋ ਹੀ ਲਿਖ ਸਕਦਾ ਸੀ। ਮੰਟੋ ਨੇ ਆਪਣੀ ਕਲਮ ਰਾਹੀਂ ਹਮੇਸ਼ਾਂ ਕੌੜੇ ਸੱਚ ਬਿਆਨ ਕੀਤੇ, ਜਿਨ੍ਹਾਂ ਬਦਲੇ ਉਹਨੂੰ ਅਨੇਕਾਂ ਪ੍ਰਕਾਰ ਦੇ ਸਿਤਮ ਸਹਿਣੇ ਪਏ।  

ਮੰਟੋ ਦੀ ਕਹਾਣੀ ਬਿਨਾਂ ਸੰਪਾਦਕ ਆਪਣੇ ਸਾਹਿਤਕ ਰਸਾਲਿਆਂ ਨੂੰ ਅਧੂਰਾ ਅਮੁਕੱਮਲ ਖਿਆਲ ਕਰਦੇ ਸਨ। ਮਕਤਬਾ ਉਰਦੂ ਦੇ ਸਰਪਰਸਤ ਚੌਧਰੀ ਨਜ਼ੀਰ ਅਹਿਮਦ ਵਰਗੇ ਮੰਟੋ ਨੂੰ ਚਿੱਠੀ ਲਿਖਦੇ, ਤਾਰਾਂ ਘੱਲਦੇ ਤੇ ਉਸਦੀ ਕਹਾਣੀ ਦੀ ਬੇਤਾਬੀ ਨਾਲ ਉਡੀਕ ਕਰਦੇ। ਉਸਨੂੰ ਕਹਾਣੀਆਂ ਦਾ ਮਿਹਨਤਾਨਾ ਦੂਜੇ ਲਿਖਾਰੀਆਂ ਨਾਲੋਂ ਦੁਗਣਾ ਅਤੇ ਕਈ-ਕਈ ਮਹਿਨੇ ਅਡਵਾਂਸ ਹੀ ਪਹੁੰਚਾ ਦਿੱਤਾ ਜਾਂਦਾ।

1947 ਦੀ ਚੰਦਰੀ ਭਾਰਤ-ਪਾਕ ਵੰਡ ਨੇ ਮੰਟੋ ਸਾਡੇ ਕੋਲੋਂ ਖੋਹ ਲਿਆ।  ਬੰਬਈ ਤੋਂ ਹਿਜ਼ਰਤ ਕਰਕੇ ਮੰਟੋ ਨੂੰ ਲਾਹੌਰ ਜਾਣਾ ਪੈ ਗਿਆ। ਭਾਰਤ ਨਾਲੋਂ ਟੁੱਟਣ ਦਾ ਮੰਟੋ ਨੇ ਵੀ ਬੁਰਾ ਮਨਾਇਆ ਸੀ। ਇਸ ਲਈ ਉਹ ਆਪਣੀ ਟੋਬਾ ਟੇਕ ਸਿੰਘ ਨਾਮਕ ਕਹਾਣੀ ਵਿੱਚ ਵਟਵਾਰੇ ਨੂੰ ਨਿੰਦਦਾ ਹੈ। ਪਾਕਿਸਤਾਨ ਜਾਣ ਤੋਂ ਬਾਅਦ ਮੰਟੋ ਦੀ ਕਲਮ ਨੇ ਨਵੀਂ ਕਰਵਟ ਲਿੱਤੀ। ਉਸਨੇ ਦੰਗਿਆ ਦੇ ਵਿਸ਼ੇ ਤੇ ਆਪਣੀ ਦ੍ਰਿਸ਼ਟੀ ਕੇਂਦ੍ਰਿਤ ਕਰਕੇ ਅਨੇਕਾਂ ਮਾਅਰਕੇ ਦੀਆਂ ਕਹਾਣੀ ਲਿਖੀਆਂ। ਉਸਨੇ ਸਿਆਹ ਹਾਸ਼ੀਏ, ਉਹ ਲੜਕੀ ਅਤੇ ਖੁਦਾ ਦੀ ਕਸਮ ਆਦਿਕ  ਵਿੱਚ ਫਿਰਕੂ ਫਸਾਦਾਂ ਦੀ ਦਰਿੰਦਗੀ ਦਾ ਦਿਲ ਸੱਲਵਾਂ ਵਰਣਨ ਕੀਤਾ ਹੈ। ਮੰਟੋ ਵਹਿਸ਼ੀਆਨਾ ਘਟਨਾਵਾਂ ਨੂੰ ਕਹਾਣੀਆਂ ਵਿੱਚ ਇਸ ਕਦਰ ਨੰਗਾ ਕਰਦਾ ਹੈ ਕਿ ਪਾਠਕ ਪੜ੍ਹ ਕੇ ਚੌਂਕ ਜਾਂਦੇ ਹਨ ਅਤੇ ਸੰਬੰਧਤ ਪਾਤਰ ਸ਼ਰਮਸਾਰ ਹੋ ਉਠਦੇ ਹਨ। 

ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਐਸ ਮੁਖਰਜੀ ਹਮੇਸ਼ਾਂ ਸਿੱਖਿਆਦਾਇਕ ਫਿਲਮਾਂ ਦਾ ਨਿਰਮਾਣ ਕਰਇਆ ਕਰਦਾ ਸੀ। ਹਰ ਫਿਲਮ ਬਣਾਉਣ ਤੋਂ ਪਹਿਲਾਂ ਕਹਾਣੀ ਚੁਣਨ ਲਈ ਉਹ ਅਨੇਕਾਂ ਕਹਾਣੀਕਾਰਾਂ ਨੂੰ ਵਾਰੋ-ਵਾਰੀ ਆਪਣੇ ਦਫ਼ਤਰ ਵਿੱਚ ਸੱਦ ਕੇ ਕਹਾਣੀ ਸੁਣਾਉਣ ਲਈ ਕਹਿੰਦਾ ਹੁੰਦਾ ਸੀ ਤੇ ਆਪ ਮੇਜ਼ ਉੱਤੇ ਲੱਤਾਂ ਰੱਖ ਕੇ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਇੱਕ ਪ੍ਰਸਿੱਧ ਕਹਾਣੀਕਾਰ ਉਸਨੂੰ ਆਪਣੀ ਕਹਾਣੀ ਸੁਣਾ ਕੇ ਹੱਟਿਆ ਤਾਂ ਮੁਖਰਜੀ ਸਾਹਿਬ ਨੇ ਉਸਨੂੰ ਆਖਿਆ ਕਿ  ਕਹਾਣੀ ਮੁੱਕ ਗਈ ਹੈ ਤਾਂ ਤੁਸੀਂ ਜਾ ਸਕਦੇ ਹੋ। ਕਹਾਣੀਕਾਰ ਸਮਝ ਗਿਆ ਕਿ ਉਸਦੀ ਕਹਾਣੀ ਰੱਦ ਕਰ ਦਿੱਤੀ ਗਈ ਹੈ। ਇਸ ਕਰਕੇ ਕਹਾਣੀਕਾਰ ਖਿੱਝ ਗਿਆ ਤੇ ਮੁਖਰਜੀ ਸਾਹਿਬ ਨੂੰ ਆਕੜ ਕੇ ਆਖਣ ਲੱਗਾ, ਤੁਸੀਂ ਮੇਰਾ ਸਮਾਂ ਖਰਾਬ ਕੀਤਾ ਹੈ। ਕਹਾਣੀ ਤੁਸੀਂ ਸਵਾਹ ਸੁਣੀ ਹੈ? ਤੁਸੀਂ ਤਾਂ ਬਦਤਮੀਜ਼ੀ ਨਾਲ ਮੇਜ ਉੱਤੇ ਲੱਤਾਂ ਰੱਖੀ ਆਪਣੀਆਂ ਅੱਖਾਂ ਬੰਦ ਕਰੀ ਬੈਠੇ ਸੀ। ਧਿਆਨ ਨਹੀਂ ਦੇਣਾ ਸੀ ਤਾਂ ਕਮ-ਅਜ਼-ਕਮ ਆਪਣੀਆਂ ਅੱਖਾਂ ਤਾਂ ਖੋਲ੍ਹ ਕੇ ਰੱਖਦੇ। 

ਮੁਖਰਜੀ ਸਾਹਿਬ ਨੇ ਅੱਗੋਂ ਉਸਨੂੰ ਬੜਾ ਦਿਲਚਸਪ ਜੁਆਬ ਦਿੰਦਿਆਂ ਕਿਹਾ, “ਭਾਈ ਕਹਾਣੀ ਮੈਂ ਅੱਖਾਂ ਨਾਲ ਨਹੀਂ ਕੰਨਾਂ ਨਾਲ ਸੁਣ ਰਿਹਾ ਸੀ। ਤੇ ਜਿਥੋਂ ਤੱਕ ਅੱਖਾਂ ਖੋਲ੍ਹਣ ਦਾ ਸਵਾਲ ਹੈ। ਇਹ ਤੇਰੀ ਕਹਾਣੀ ਵਿੱਚ ਹੀ ਦਮ ਹੋਣਾ ਚਾਹੀਦਾ ਹੈ ਕਿ ਉਹ ਮੇਰੀਆਂ ਬੰਦ ਅੱਖਾਂ ਖੋਲ੍ਹ ਦੇਵੇ। ਮੈਂ ਸਮਾਜਕ ਬਰਾਈਆਂ ਨੂੰ ਖਤਮ ਕਰਨ ਲਈ ਸਮਾਜ਼ ਦੇ ਭਲੇ ਲਈ ਸਿਰਫ਼ ਅਜਿਹੀਆਂ ਫਿਲਮਾਂ ਹੀ ਬਣਾਉਂਦਾ ਹਾਂ, ਜਿਨ੍ਹਾਂ ਨੂੰ ਦੇਖ ਕੇ ਦੁਨੀਆਂ ਦੀਆਂ ਅੱਖਾਂ ਖੁੱਲ੍ਹ ਜਾਣ। ਜੇ ਤੇਰੀ ਕਹਾਣੀ ਮੇਰੀਆਂ ਅੱਖਾਂ ਹੀ ਨਾ ਖੋਲ੍ਹ ਸਕੀ ਤਾਂ ਉਸ ਕਹਾਣੀ ਉੱਤੇ ਬਣਾਈ ਹੋਈ ਫਿਲਮ ਮੁਆਸ਼ਰੇ ਦੀਆਂ ਅੱਖਾਂ ਕਿਵੇਂ ਖੋਲ੍ਹ ਸਕਦੀ ਹੈ?” 

ਇਸ ਜੁਮਲੇ ਨੂੰ ਪੇਸ਼ ਕਰਨ ਦਾ ਮੇਰਾ ਤਾਤਪਰਜ਼ ਇਹ ਹੈ ਕਿ ਮੰਟੋ ਨੇ ਵੀ ਅਜਿਹੀਆਂ ਕਹਾਣੀਆਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਦੀਆਂ ਅੱਖਾਂ ਇੱਕਦਮ ਚੌਪਾਟ ਖੁੱਲ ਜਾਂਦੀਆਂ ਸਨ। 

ਮੰਟੋ ਦੀ ਕਹਾਣੀ ਖੋਲ੍ਹ ਦਿਉ ਦੇ ਪਾਤਰ ਸਰਾਜੁਦੀਨ ਦੀ 1947 ਦੇ ਦੰਗਿਆਂ ਵਿੱਚ ਹੁਸੀਨ ਪਤਨੀ ਬੇਇਜ਼ੱਤ ਕਰਕੇ ਮਾਰ ਦਿੱਤੀ ਜਾਂਦੀ ਹੈ। ਸਰਾਜੁਦੀਨ ਨੂੰ ਮਾਰਨ ਦੇ ਯਤਨ ਵਿੱਚ ਸੱਟ ਮਾਰ ਕੇ ਸਿੱਟ ਦਿੱਤਾ ਜਾਂਦਾ ਹੈ ਤੇ ਉਸਦੀ ਜਵਾਨ ਅਤੇ ਖੂਬਸੂਰਤ ਬੇਟੀ ਸਕੀਨਾ ਧਿੱਗੋਜ਼ੋਰੀ ਖੋਹ ਲਈ ਜਾਂਦੀ ਹੈ। ਪਰ ਸਰਾਜੁਦੀਨ ਮਰਦਾ ਨਹੀਂ ਤੇ ਬੇਹੋਸ਼ੀ ਦੀ ਹਾਲਤ ਵਿੱਚ ਅੰਮ੍ਰਿਤਸਰ ਤੋਂ ਰੇਲ ਰਾਹੀਂ ਮੁਗਲਪੁਰੇ ਪਾਕਿਸਤਾਨ ਪਹੁੰਚ ਜਾਂਦਾ ਹੈ। ਜਦੋਂ ਸੁਰਾਜੁਦੀਨ  ਨੂੰ ਹੋਸ਼ ਆਉਂਦੀ ਹੈ ਤਾਂ ਉਹ ਆਪਣੀ ਬੇਟੀ ਨੂੰ ਲੱਭਦਾ ਹੈ। ਬੇਟੀ ਉਸਨੂੰ ਕਿਧਰੋਂ ਨਹੀਂ ਮਿਲਦੀ। ਸਰਾਜੁਦੀਨ ਬੇਟੀ ਦੀ ਭਾਲ ਵਿੱਚ ਮਾਰਾ-ਮਾਰਾ ਫਿਰਦਾ ਹੈ ਤੇ ਜਣੇ-ਖਣੇ ਤੋਂ ਉਸਦੀ ਪੜਤਾਲ ਕਰਦਾ ਰਹਿੰਦਾ ਹੈ। ਕੁੱਝ ਮੁਸਲਮਾਨ ਸਵੈ-ਸੇਵਕ ਉਸਦੀ ਬੇਟੀ ਨੂੰ ਲੱਭਣ ਦਾ ਵਾਅਦਾ ਕਰਦੇ ਹਨ। ਸਰਾਜੁਦੀਨ ਉਹਨਾਂ ਨੂੰ ਆਪਣੀ ਬੇਟੀ ਦੀ ਸ਼ਨਾਖਤ ਦੱਸ ਦਿੰਦਾ ਹੈ। 

ਮੁਸਲਮਾਨ ਸਵੈ-ਸੇਵਕ ਸਕੀਨਾ ਨੂੰ ਲੱਭ ਕੇ ਕਈ ਦਿਨ ਉਸ ਨਾਲ ਜ਼ਬਰ-ਜਿਨਾਹ ਕਰਦੇ ਰਹਿੰਦੇ ਹਨ।  ਤੇ ਮਰਨ ਵਰਗੀ ਕਰਕੇ ਰੇਲਵੇ ਲਾਈਨ ’ਤੇ ਸੁੱਟ ਦਿੰਦੇ ਹਨ। ਉਥੋਂ ਤੜਫਦੀ ਸਕੀਨਾ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਜਾਂਦਾ ਹੈ। ਬੁੱਢਾ ਸਰਾਜੁਦੀਨ ਸਕੀਨਾ ਨੂੰ ਲੱਭਦਾ ਹੋਇਆ ਹਸਪਤਾਲ ਆ ਪਹੁੰਚਦਾ ਹੈ। ਸਕੀਨਾ ਦੇ ਸ਼ਰੀਰ ਵਿੱਚ ਹਰਕਤ ਹੁੰਦੀ ਹੈ। ਸਰਾਜੁਦੀਨ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਉਸਦੀ ਬੇਟੀ ਜ਼ਿੰਦਾ ਹੈ। ਉਹ ਸਕੀਨਾ-ਸਕੀਨਾ ਪੁਕਾਰਦਾ ਹੈ। ਸਟਰੈਚਰ ’ਤੇ ਲਾਸ਼  ਬਣੀ ਪਈ ਸਕੀਨਾ  ਦਾ ਮੁਆਇਨਾ ਕਰਨ ਵਾਲਾ ਡਾਕਟਰ ਸਕੀਨਾ ਕੋਲ ਆ ਕੇ ਬਦਬੋ ਅਤੇ ਗਰਮੀ ਤੋਂ ਨਿਜਾਤ ਪਾਉਣ ਦੇ ਮਕਸਦ ਨਾਲ ਨਰਸ ਨੂੰ ਬੂਹੇ ਅਤੇ ਬਾਰੀਆਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ, “ਖੋਲ੍ਹ ਦਿਉ।” 

ਸਕੀਨਾ ਆਪਣਾ ਨਾਲਾ ਖੋਲ੍ਹ ਦਿੰਦੀ ਹੈ ਤੇ ਆਪਣੀ ਸਲਵਾਰ ਹੇਠਾਂ ਨੂੰ ਸਰਕਾ ਦਿੰਦੀ ਹੈ। ਡਾਕਟਰ ਉਸਦੇ ਸਲਵਾਰ ਲਾਹੁਣ ਦੇ ਰਹੱਸ ਅਤੇ ਪ੍ਰਵਿਰਤੀ ਤੋਂ ਜਾਣੂ ਹੁੰਦਾ ਹੋਣ ਕਰਕੇ ਸ਼ਰਮ ਨਾਲ ਗਰਕ ਜਾਂਦਾ ਹੈ। ਬੇਸੁਰਤ ਸਕੀਨਾ ਦੇ ਡਾਕਟਰ ਦਾ ਖੋਲ੍ਹ ਦਿਉ ਵਾਲਾ ਹੁਕਮ ਸੁਣ ਕੇ ਡਾਕਟਰ ਅਤੇ ਬਾਪ ਅੱਗੇ ਸਲਵਾਰ ਲਾਹੁਣ ਦੇ ਕਾਰਜ਼ ਤੋਂ ਹੀ ਉਸ ਵੱਲੋਂ ਬੀਤੇ ਦਿਨਾਂ ਵਿੱਚ ਝੱਲਿਆ ਤਸ਼ੱਦਦ ਮੂਰਤੀਮਾਨ ਹੋ ਜਾਂਦਾ ਹੈ। ਕਈ ਦਿਨ ਬਲਵਾਈਆਂ ਦੇ ਸਿਲਸਲੇਬੱਧ  ਜ਼ੁਲਮ ਨੂੰ ਬਰਦਾਸ਼ਤ ਕਰਦਿਆਂ ਸਲਵਾਰ ਖੋਲ੍ਹਣਾ ਸਕੀਨਾ ਦੀ ਮਾਨਸਿਕਤਾ ਦਾ ਭਾਗ ਅਤੇ ਫਿਤਰਤ ਬਣ ਜਾਂਦਾ ਹੈ। ਇਉਂ ਮੰਟੋ ਇਸ ਕਹਾਣੀ ਰਾਹੀਂ ਸਮਾਜ਼ ਸੇਵਾ ਦੇ ਨਾਂ ਹੇਠ ਕੁਕਰਮ ਕਰ ਰਹੇ ਅਖੌਤੀ ਮੁਸਲਮਾਨ ਸੇਵਕਾਂ ਦਾ ਪਾਜ ਖੋਲ੍ਹਦਾ ਹੈ।   

ਮੰਟੋ ਦੀ ਕਹਾਣੀ ‘ਬੂ’ ਪੜ੍ਹਿਆਂ ਇਉਂ ਲੱਗਦਾ ਹੈ ਜਿਵੇਂ ਔਰਤ ਮਰਦ ਸੰਬੰਧਾਂ ਉੱਤੇ ਉਸਤੋਂ ਵੱਧੀਆ ਕਹਾਣੀ ਲਿਖੀ ਹੀ ਨਹੀਂ ਜਾ ਸਕਦੀ। ਇਸ ਕਹਾਣੀ ਨੂੰ ਪੜ੍ਹਿਆ ਹੋਣ ਕਰਕੇ ਅੱਜ ਵੀ ਮੰਟੋ ਦਾ ਨਾਮ ਲੈਂਦਾ ਹਾਂ ਤਾਂ ਅੰਦਰ ਅਹਿਸਾਸ-ਏ-ਕਮਤਰੀ ਦੇ ਭਾਵ ਪੈਦਾ ਹੋ ਜਾਂਦੇ ਹਨ। ਇਸੇ ਕਹਾਣੀ ਦੇ ਸੰਦਰਭ ਵਿੱਚ ਮੇਰੇ ਮਹਿਬੂਬ ਕਲਮਕਾਰ ਬਲਵੰਤ ਗਾਰਗੀ ਜੀ ਆਪਣਾ ਅਨੁਭਵ ਲਿਖਦੇ ਹਨ, “ਜਦ ਮੰਟੋ ਨੂੰ ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਮੈਂ ਇਹੋ ਜਿਹੀ ਕਹਾਣੀ ਨਹੀਂ ਲਿਖ ਸਕਦਾ। ਕਾਸ਼! ਮੈਂ ਅਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਲਿਖ ਸਕਦਾ ਹੁੰਦਾ। ਨਹੀਂ, ਮੈਂ ਇਤਨੀ ਮਹਾਨ ਕਹਾਣੀ ਕਦੇ ਵੀ ਨਹੀਂ ਲਿਖ ਸਕਦਾ।  ਮੈਂ ਬੂ ਕਹਾਣੀ ਪੜ੍ਹਨ ਲਗਾ ਤਾਂ ਇਕੋ ਰੌਅ ਵਿੱਚ ਸਾਰੀ ਕਹਾਣੀ ਪੜ੍ਹ ਗਿਆ। ਹਰ ਫਿਕਰਾ ਹੁਸੀਨ। ਕਹਾਣੀ ਦੇ ਪਾਤਰਾਂ ਦੇ ਮਾਨਸਿਕ ਤੇ ਸਰੀਰਕ ਰਿਸਤੇ ਬਹੁਤ ਸਪੱਸ਼ਟ  ਤੇ ਜਾਦੂ ਭਰੇ ਸਨ। ਕਹਾਣੀ ਵਿੱਚ ਜਿਸਮਾਨੀ ਖੇੜਾ ਸੀ, ਇੱਕ ਚਮਕ ਸੀ। ਮਾਨਸਿਕ ਤਜ਼ਰਬਾ ਤੇ ਲੱਜ਼ਤ ਸੀ। ਛੋਟੇ ਛੋਟੇ ਫਿਕਰਿਆਂ ਵਿੱਚ ਸਾਦਗੀ ਜੋ ਇੱਕ ਪੁਖਤਾ ਮੰਝੇ ਹੋਏ ਕਲਾਕਾਰ ਵਿੱਚ ਹੁੰਦੀ ਹੈ। ਇਸ ਕਹਾਣੀ ਨੂੰ ਪੜ੍ਹਨ ਪਿਛੋਂ ਮੈਂ ਪਹਿਲੀ ਵਾਰ ਨਵੇਂ ਉਰਦੂ ਸਾਹਿਤ ਬਾਰੇ ਨਵੇਂ ਢੰਗ ਨਾਲ ਸੋਚਿਆ।”

ਮੈਂ ਗਾਰਗੀ ਸਾਹਿਬ ਨਾਲ ਇੱਥੇ ਸੌ ਫਸਦੀ ਸਹਿਮਤ ਹਾਂ। ਵਾਕਈ ਮੰਟੋ ਦੀ ਇਸ ਕਹਾਣੀ ਦਾ ਇੱਕ-ਇੱਕ ਸ਼ਬਦ ਸਵਾ-ਸਵਾ ਲੱਖ ਦਾ ਹੈ। ਕਹਾਣੀ ਜੀਵਨ ਦੇ ਐਨੀ ਜ਼ਿਆਦਾ ਨਜ਼ਦੀਕ ਅਤੇ ਪਾਤਰ ਐਨੇ ਯਥਾਰਥਕ ਕੇ ਕਹਾਣੀ ਦਾ ਪਠਨ ਕਰਦਿਆਂ ਮੈਨੂੰ ਲੱਗਿਆ ਕਿ ਇਸ ਕਹਾਣੀ ਦਾ ਨਾਇਕ ਰਣਧੀਰ ਤਾਂ ਮੈਂ ਜਾਂ ਕੋਈ ਵੀ ਮੇਰੇ ਵਰਗਾ ਨੌਜਵਾਨ ਹੋ ਸਕਦਾ ਹੈ।

‘ਬੂ’ ਕਹਾਣੀ ਦਾ ਹੀਰੋ ਰਣਧੀਰ ਇੱਕ ਅਯਾਸ਼, ਵੁਮਿਨਾਇਜ਼ਰ, ਜਵਾਨ ਮਰਦ ਹੈ। ਉਹ ਅਨੇਕਾਂ ਕਹਿੰਦੀਆਂ-ਕਹਾਉਂਦੀਆਂ ਅਤੇ ਅਤਿ ਖੂਬਸੂਰਤ ਕ੍ਰਿਸਚੀਅਨ ਛੋਕਰੀਆਂ ਨਾਲ ਜਿਸਮਾਨੀ ਤਅੱਲਕਾਤ ਸਥਾਪਿਤ ਕਰ ਚੁੱਕਿਆ ਹੁੰਦਾ ਹੈ। ਸਿਰੇ ਦਾ ਤੀਵੀਬਾਜ਼ ਹੋਣ ਕਰਕੇ ਆਪਣਾ ਬਿਸਤਰਾ ਗਰਮ ਰੱਖਣ ਦਾ ਉਹ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਹੀਲਾ-ਵਸੀਲਾ ਕਰੀ ਰੱਖਦਾ ਹੈ। ਅੜੇ-ਥੁੜੇ ਵੇਲੇ ਜੇ ਕੋਈ ਸ਼ਿਕਾਰ ਹੱਥ ਨਾ ਲੱਗੇ ਤਾਂ ਉਹ ਆਪਣੀ ਜ਼ਰੂਰਤ ਪੂਰੀ ਕਰਨ ਲਈ ਬੰਬਈ  ਦੇ ਨਾਗਪਾੜਾ ਅਤੇ ਤਾਜ਼ ਮਹਿਲ ਹੋਟਲ ਦੀਆਂ ਨਰਤਕੀਆਂ ਸਸਤੇ ਮੁੱਲ ’ਤੇ ਵੀ ਲਿਆਉਣ ਤੋਂ ਗੁਰੇਜ਼ ਨਹੀਂ ਕਰਦਾ। ਜੰਗ ਤੋਂ ਪੂਰਬ ਉਸਦੀ ਹਰ ਰਾਤ ਰੰਗੀਨ ਹੁੰਦੀ ਹੈ। ਪਰੰਤੂ ਯੁੱਧ ਉਪਰੰਤ ਸਭ ਕ੍ਰਿਸਚੀਅਨ ਲੜਕੀਆਂ ਫੋਰਟ ਦੇ ਇਲਾਕੇ ਵੱਲ ਪ੍ਰਸਥਾਨ ਕਰ ਜਾਂਦੀਆਂ ਹਨ। ਉਥੇ ਉਹ ਆਪਣਾ ਤੋਰੀ-ਫੁੱਲਕਾ ਚਲਾਉਣ ਲਈ ਡਾਂਸ ਸਕੂਲ ਖੋਲ੍ਹ ਲੈਂਦੀਆਂ ਹਨ। ਉਸ ਇਲਾਕੇ ਵਿੱਚ ਸਿਰਫ਼ ਅੰਗਰੇਜ਼ ਹੀ ਜਾ ਸਕਦੇ ਹੁੰਦੇ ਹਨ ਤੇ ਭੂਰੇ, ਕਾਲੇ ਲੋਕਾਂ ਨੂੰ ਜਾਣ ਦੀ ਮਨਾਹੀ ਹੁੰਦੀ ਹੈ। 

ਰਣਧੀਰ ਗੋਰੇ ਫੌਜੀਆਂ ਦੇ ਮੁਕਾਬਲਤਨ ਵੱਧ ਸਿਆਣਾ, ਪੜ੍ਹਿਆ-ਲਿੱਖਿਆ, ਗੱਭਰੂ ਅਤੇ ਖੂਬਸੂਰਤ ਹੋਣ ਦੇ ਬਾਵਜੂਦ ਵੀ ਆਪਣੀ ਚਮੜੀ ਦੀ ਰੰਗਤ ਗੋਰੀ ਨਿਛੋਹ ਨਾ ਹੋਣ ਕਰਕੇ ਫੋਰਟ ਦੇ ਇਲਾਕੇ ਦੇ ਕਲੱਬਾਂ ਵਿੱਚ ਜਾਣ ਤੋਂ ਵਾਂਝਾ ਰਹਿ ਜਾਂਦਾ ਹੈ। ਜਿਸਦੇ ਕਾਰਨ ਉਸਦੀ ਸੇਜ ਸੁੰਨ੍ਹੀ ਹੋ ਜਾਂਦੀ ਹੈ ਤੇ ਕਈ-ਕਈ ਦਿਨ ਉਸਨੂੰ ਔਰਤ ਦੇ ਸਾਥ ਤੋਂ ਬਿਨਾਂ ਬਤੀਤ ਕਰਨੇ ਪੈਂਦੇ ਹਨ। ਕਾਮੁਕ ਚੇਸ਼ਟਾ ਉਸਨੂੰ ਸਤਾਉਂਦੀ ਰਹਿੰਦੀ ਹੈ। ਗੋਰਿਆਂ ਤੋਂ ਵੱਧ ਕਾਬਲ ਹੋਣ ਦੇ ਬਾਵਜੂਦ ਫੋਰਟ ਦੇ ਇਲਾਕੇ ਵਿੱਚ ਪ੍ਰਵੇਸ਼ ਨਾ ਕਰ ਸਕਣ ਦੇ ਰੰਗੀ ਵਿਤਕਰੇ ਦੀ ਘਟਨਾ ਉਸਦੇ ਜ਼ਿਹਨ ਵਿੱਚ ਡੂੰਘੀ ਉਤਰ ਜਾਂਦੀ ਹੈ ਤੇ ਇਸਦੇ ਸਿੱਟੇ ਵਜੋਂ ਅਵਚੇਤਨ ਤੌਰ ’ਤੇ ਉਹ ਗੋਰੇ ਰੰਗ ਨੂੰ ਨਫ਼ਰਤ ਅਤੇ ਕਾਲੇ ਰੰਗ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ।

  ਰਣਧੀਰ ਆਪਣੇ ਚੁਬਾਰੇ ਦੇ ਥੱਲੇ ਵਾਲੇ ਕਮਰੇ ਵਿੱਚ ਰਹਿਣ ਵਾਲੀ ਹੇਜ਼ਲ ਉੱਤੇ ਅਕਸਰ ਟਰਾਈਆਂ ਮਾਰਦਾ ਰਹਿੰਦਾ ਹੈ। ਪਰ ਉਹ ਆਕੜਕੰਨੀ ਹੇਜ਼ਲ ਉਸਨੂੰ ਨਖਰੇ ਦਿਖਾਉਂਦੀ ਹੁੰਦੀ ਹੈ। ਜਿਸਮਾਨੀ ਤੌਰ ’ਤੇ ਅਤ੍ਰਿਪਤ ਰਣਧੀਰ ਆਪਣੀ ਵਾਸਨਾ ਪੂਰਤੀ ਕਰਨ ਲਈ ਤਿਲਮਿਲਾ ਰਿਹਾ ਹੁੰਦਾ ਹੈ। ਕਾਮ ਭੁੱਖ ਉਸਨੂੰ ਸਤਾ ਰਹੀ ਹੁੰਦੀ ਹੈ।  ਕਿਉਂਕਿ ਉਸਦੇ ਕਈ ਦਿਹਾੜੇ ਸੁੱਕੇ ਲੰਘੇ ਹੁੰਦੇ ਹਨ। 

ਬੇਜ਼ਾਰ ਹੋਇਆ ਉਹ ਬਾਲਕੋਨੀ ਵਿੱਚ ਜਾ ਖੜਦਾ ਹੈ। ਬਾਰਿਸ਼ ਹੋ ਰਹੀ ਹੁੰਦੀ ਹੈ। ਸਾਹਮਣੇ ਸੜਕ ’ਤੇ ਇਮਲੀ ਦੇ ਦਰੱਖਤ ਥੱਲੇ ਇੱਕ ਪਹਾੜਨ ਕੁੜੀ, ਜੋ ਨੇੜੇ ਦੇ ਰੱਸੀਆਂ ਦੇ ਕਾਰਖਾਨੇ ਵਿੱਚ ਕੰਮ ਕਰਦੀ ਸੀ। ਮੀਂਹ ਤੋਂ ਬਚਣ ਲਈ ਖੜ੍ਹੀ ਹੁੰਦੀ ਹੈ। ਹੇਜਲ ਤੋਂ ਬਦਲਾ ਲੈਣ ਲਈ ਰਣਧੀਰ ਪਹਾੜਨ ਨੂੰ ਖੰਘੂਰੇ ਮਾਰ-ਮਾਰ ਉੱਪਰ ਬੁਲਾ ਲੈਂਦਾ ਹੈ। ਉਸਦੇ ਕੱਪੜੇ ਭਿੱਜੇ ਦੇਖ ਕੇ ਉਸਨੂੰ ਕੱਪੜੇ ਬਦਲਣ ਲਈ ਆਪਣੇ ਲੀੜੇ ਦੇ ਦਿੰਦਾ ਹੈ। ਉਹ ਲਹਿੰਗਾ ਉਤਾਰ ਕੇ ਰਣਧੀਰ ਦੀ ਧੋਤੀ ਪਹਿਨ ਲੈਂਦੀ ਹੈ। ਫਿਰ ਉਹ ਚੋਲੀ ਉਤਾਰਨ ਲਈ ਚੋਲੀ ਦੇ ਦੋ ਸਿਰਿਆਂ ਦੀ ਗੱਠ (ਜੋ ਉਸਨੇ ਆਪਣੀ ਛਾਤੀ ਉੱਤੇ ਦਿੱਤੀ ਹੁੰਦੀ ਹੈ) ਖੋਲ੍ਹਣ ਦਾ ਯਤਨ ਕਰਦੀ ਹੈ। ਪਰ ਉਸਤੋਂ ਗੱਠ ਨਹੀਂ ਖੁੱਲ੍ਹਦੀ। ਚੂੰਕਿ ਭਿੱਜਣ ਨਾਲ ਪਿੱਚੀ ਗਈ ਹੁੰਦੀ ਹੈ। ਉਹ ਮਦਦ ਲਈ ਰਣਧੀਰ ਨੂੰ ਆਖਦੀ ਹੈ। ਰਣਧੀਰ ਜ਼ੋਰਦਾਰ ਝਟਕਾ ਮਾਰ ਕੇ ਗੱਠ ਖੋਲ੍ਹ ਦਿੰਦਾ ਹੈ ਤੇ ਦੋ ਧੜਕਦੇ ਸੁਰਮੇ ਰੰਗੇ ਸਤਨ ਪ੍ਰਗਟ ਹੋ ਕੇ ਰਣਧੀਰ ਦੇ ਹੱਥਾਂ  ਵਿੱਚ ਆ ਜਾਂਦੇ ਹਨ। ਉਥੇ ਮੰਟੋ ਨੇ ਜੋ ਸੱਤਰਾਂ ਲਿੱਖੀਆਂ ਹਨ, ਉਹਨਾਂ ਦਾ ਅਨੁਵਾਦ ਕਾਬਲ-ਏ-ਗੌਰ ਹੈ:- ਪਲ ਭਰ ਦੇ ਲਈ ਰਣਧੀਰ ਨੇ ਸੋਚਿਆ ਕਿ ਉਸਦੇ ਆਪਣੇ ਹੱਥਾਂ ਨੇ ਉਸ ਘਾਟਨ ਲੌਂਡੀ ਦੇ ਸੀਨੇ ਉੱਤੇ ਨਰਮ ਨਰਮ ਗੁੰਨ੍ਹੀ ਹੋਈ ਮਿੱਟੀ ਨੂੰ ਬੁਹਾਰ ਕੇ ਘੁਮਿਆਰ ਦੀ ਤਰ੍ਹਾਂ ਦੋ ਪਿਆਲੀਆਂ ਦੀ ਸ਼ਕਲ ਬਣਾ ਦਿੱਤੀ। ਉਸਦੀਆਂ ਸਿਹਤਮੰਦ ਛਾਤੀਆਂ ਵਿੱਚ ਉਹੀ ਗੁਦਗਦਾਹਟ, ਉਹੀ ਧੜਕਣ, ਉਹੀ ਗੋਲਾਈ, ਉਹੀ ਗਰਮ-ਗਰਮ ਠੰਡਕ ਸੀ, ਜੋ ਘੁਮਿਆਰ ਦੇ ਹੱਥਾਂ ਚੋਂ, ਨਿਕਲੇ ਹੋਏ ਤਾਜ਼ੇ ਬਰਤਨਾਂ ਵਿੱਚ ਹੁੰਦੀ ਹੈ। 

ਜ਼ਰਾ ਗੌਰ ਫਰਮਾਉਣਾ? ਗਰਮ-ਗਰਮ ਠੰਡਕ! ਵਾਹ! ਕਿਆ ਖੂਬਸੂਰਤ ਤਸ਼ਬੀਹ ਹੈ। ਅੱਗੇ ਚੱਲ ਕੇ ਮੰਟੋ ਇੱਕ ਹੋਰ ਹੁਸੀਨ ਅਲੰਕਾਰ ਵਰਤਦਾ ਹੈ, ਉਸਦੇ ਸੀਨੇ ਉੱਤੇ ਇਹ ਉਭਾਰ ਦੋ ਦੀਵੇ ਮਾਲੂਮ ਹੁੰਦੇ ਸਨ। ਜੋ ਤਲਾਬ ਦੇ ਗੰਦਲੇ ਪਾਣੀ ਉੱਤੇ ਜਲ ਰਹੇ ਸਨ।

ਫਿਰ ਉਹ ਮੂੰਹੋਂ ਇੱਕ ਵੀ ਸ਼ਬਦ ਨਹੀਂ ਬੋਲਦੇ ਤੇ ਉਹਨਾਂ ਦੇ ਜਿਸਮ ਗੱਲਾਂ ਕਰਦੇ ਹਨ। ਦਿਨ ਭਰ ਪਹਾੜਨ ਲੜਕੀ ਅਤੇ ਰਣਧੀਰ ਇੱਕ ਦੂਜੇ ਵਿੱਚ ਗਡਮਡ ਹੋਏ ਰਹਿੰਦੇ ਹਨ। ਰਣਧੀਰ ਨੂੰ ਉਸਦੇ ਮਿਹਨਤਕਸ਼ ਜਿਸਮ ਦੀ ਬੂ ਵੀ ਇਤਰ ਦੀਆਂ ਖਸ਼ਬੋਆਂ ਤੋਂ ਬੇਹਤਰ ਜਾਪਦੀ ਹੈ। ਸਾਰਾ ਦਿਨ, ਸਾਰੀ ਰਾਤ ਉਹ ਪਹਾੜਨ ਨਾਲ ਚਿੰਬੜਿਆ ਰਹਿੰਦਾ ਹੈ ਤੇ ਬੂ ਨੂੰ ਮਾਣਦਾ ਰਹਿੰਦਾ ਹੈ। ਉਸ ਲੜਕੀ ਨਾਲ ਬਤੀਤ ਕੀਤੇ ਲਮਹੇ ਰਣਧੀਰ ਲਈ ਤਵਾਰਿਖੀ ਪਲ ਹੋ ਨਿਬੜਦੇ ਹਨ। 

ਉਸ ਦਿਨ ਤੋਂ ਮਗਰੋਂ ਰਣਧੀਰ ਅਨੇਕਾਂ ਹੁਸੀਨ ਤੋਂ ਹੁਸੀਨ ਅਤੇ ਗੋਰੀਆਂ ਲੜਕੀਆਂ ਨਾਲ ਹਮਬਿਸਤਰ ਹੁੰਦਾ ਹੈ। ਪਰ ਉਸਨੂੰ ਉਹਨਾਂ ਵਿੱਚ ਉਹ ਮਜ਼ਾ ਨਹੀਂ ਆਉਂਦਾ, ਜੋ ਪਹਾੜਨ ਉਸਨੂੰ ਦੇ ਕੇ ਗਈ ਹੁੰਦੀ ਹੈ। ਮੁੜ ਰਣਧੀਰ ਨੂੰ ਉਹ ਬੂ (ਸੈਕਸ ਸਮੈਲ) ਸੁੰਘਣ ਨੂੰ ਨਹੀਂ ਮਿਲਦੀ।

ਫਿਰ ਰਣਧੀਰ ਦਾ ਵਿਆਹ ਹੋ ਜਾਂਦਾ ਹੈ ਤੇ ਆਪਣੀ ਸੁਹਾਗਰਾਤ ਨੂੰ ਉਹ ਆਪਣੀ ਬੀ ਏ ਪਾਸ, ਅਮੀਰ ਤੇ ਖੂਬਸੂਰਤ ਪਤਨੀ ਦੇ ਮਹਿਕਦੇ ਸ਼ਰੀਰ ਚੋਂ ਬੂ ਤਲਾਸ਼ ਕਰਦਾ ਹੈ। ਪਰ ਉਹ ਬੂ ਉਸਨੂੰ ਨਹੀਂ ਲੱਭਦੀ। ਰਣਧੀਰ ਨੂੰ ਬੂ ਕਾਲੇ ਰੰਗ ਚੋਂ ਨਹੀਂ ਬਲਕਿ ਗੋਰੇ ਚੋਂ ਆਉਂਦੀ ਹੈ। 

ਕਹਾਣੀ ਵਿੱਚ ਮੰਟੋ ਨੇ ਰੁੱਖ ਦੇ ਪੱਤਿਆਂ ਤੇ ਬਾਰਿਸ਼ ਦੀਆਂ ਬੂੰਦਾਂ ਪੈਣ ਦਾ ਪ੍ਰਤੀਕ ਕਈ ਵਾਰ ਵਰਤਿਆਂ ਹੈ। ਇਸੇ ਪ੍ਰਤੀਕ ਤੋਂ ਹੀ ਕਹਾਣੀ ਦੀ ਇਬਤਦਾ ਹੁੰਦੀ ਹੈ। ਮੀਂਹ ਦੇ ਪਾਣੀ ਵਿੱਚ ਦਰੱਖਤ ਦੇ ਪੱਤਿਆਂ ਦੇ ਭਿੱਜਣ ਦਾ ਅਰਥ ਹੈ ਕਿ ਜ਼ਰੂਰੀ ਨਹੀਂ ਕਿ ਪਾਣੀ ਦੀ ਹਰ ਬੂੰਦ ਹਰ ਪੱਤੇ ਨੂੰ ਭਿਉਂ ਦੇਵੇ। ਕੁੱਝ ਪੱਤੇ ਮੋਹਲੇਧਾਰ ਮੀਂਹ ਪੈਣ ਦੇ ਬਾਵਜੂਦ ਵੀ ਸੁੱਕੇ ਰਹਿ ਜਾਂਦੇ ਹਨ। ਤੇ ਕੋਈ ਕੋਈ ਬੂੰਦ ਅਜਿਹੀ  ਹੁੰਦੀ ਹੈ ਜੋ ਇਕੱਲੀ ਹੀ ਪੱਤੇ ਨੂੰ ਗੱਚ ਕਰ ਜਾਂਦੀ ਹੈ। ਜਿਵੇਂ  ਕਿ ਰਣਧੀਰ ਦੀ ਜ਼ਿੰਦਗੀ ਵਿੱਚ ਆਈਆਂ ਤਮਾਮ ਔਰਤਾਂ ਉਸਦੇ ਮਨ ਨੂੰ ਛੁਹ ਨਹੀਂ ਸਕਦੀਆਂ ਦੇ ਪਹਾੜਨ ਉਸਦੀ ਆਤਮਾਂ ਨੂੰ ਨਾਗਵਲ ਮਾਰ ਜਾਂਦੀ ਹੈ।

ਇੰਝ ਮੰਟੋ ਇਸ ਉਪਰੋਕਤ ਕਹਾਣੀ ਜ਼ਰੀਏ ਇੰਨਸਾਨ ਦੀ ਨੈਗਿਟਵ ਸੋਚ ਨੂੰ ਕੇਵਲ ਪੌਜੇਟਿਵ ਵਿੱਚ ਤਬਦੀਲ ਕਰਨ ਦਾ ਯਤਨ ਹੀ ਨਹੀਂ ਕਰਦਾ, ਸਗੋਂ ਮਨੋਵਿਗਿਆਨਕ ਅਪਰੋਚ ਅਪਨਾਉਂਦਾ ਹੋਇਆ ਕਾਮ ਅਤੇ ਨਸਲਵਾਦ ਦੀ ਸਮੱਸਿਆ ਨਾਲ ਇੱਕੋ ਵੇਲੇ ਨਿਪਟਦਾ ਹੈ। ਇਸ ਕਹਾਣੀ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਮਹਿਜ਼ ਉਰਦੂ ਸ਼ਾਇਰੀ ਹੀ ਨਹੀਂ, ਬਲਕਿ ਉਰਦੂ ਗਲਪ ਵੀ ਸਾਡੇ ਪੰਜਾਬੀ ਸਾਹਿਤ ਨਾਲੋਂ ਕਈ ਕਦਮ ਅੱਗੇ ਹੈ।  ਇਸ ਸਾਹਿਤਕ ਸ਼ਾਹਕਾਰ ਕਹਾਣੀ ਨੂੰ ਪੜ੍ਹਣ ਬਾਅਦ ਮੰਟੋ ਦੀ ਕਹਾਣੀ ਕਲਾ ਦੀ ਬੂ (ਜੋ ਸਦੈਵ ਖੁਸ਼ਬੂ ਤੋਂ ਤੀਖਣ ਹੁੰਦੀ ਹੈ।) ਮੇਰੇ ਧੁਰ ਅੰਦਰ ਤੱਕ ਉਤਰ ਗਈ ਸੀ। ਜਿਸਦੇ ਪ੍ਰਣਾਮਸਰੂਪ ਮੈਂ ਇਸ  ਕਹਾਣੀ ਦਾ ਅਨੁਵਾਦ ਪੜ੍ਹਨ ਤੋਂ ਅਗਲੇ ਹੀ ਦਿਨ ਉਰਦੂ ਸਿਖਣੀ ਸ਼ੁਰੂ ਕਰ ਦਿੱਤੀ।

ਚੰਡੀਗੜ੍ਹ ਜਾਂ ਦਿੱਲੀ ਦੇ ਏ ਸੀ ਲੱਗੇ ਕਮਰਿਆਂ ਵਿੱਚ ਬੈਠ ਕੇ ਪੰਜਾਬ ਦੇ ਖੇਤਾਂ ਵਿੱਚ ਖੂਨ-ਪਸੀਨਾ ਵਹਾ ਰਹੇ ਕਾਮਿਆਂ ਦੀਆਂ ਕਹਾਣੀਆਂ ਲਿਖਣ ਵਾਲੇ ਅਡੰਬਰੀ ਅਤੇ ਕਾਗਜ਼ੀ ਲੇਖਕਾਂ ਵਰਗਾ ਨਹੀਂ ਸੀ ਮੰਟੋ। ਉਹ ਯਥਾਰਥਵਾਦੀ ਅਤੇ ਮਿਹਨਤੀ ਕਲਮਕਾਰ ਸੀ। ਉਹ ਕਹਾਣੀ ਲਿਖਣ ਲਈ ਆਪਣੇ ਪਾਤਰਾਂ ਵਿੱਚ ਵਿਚਰਦਾ ਅਤੇ ਉਹਨਾਂ ਦੇ ਅੰਗ-ਸੰਗ ਜਿਉਂਦਾ ਸੀ। ਕਾਲੀ ਸਲਵਾਰ ਵਰਗੀਆਂ ਵੇਸਵਾਂ ਦੇ ਜੀਵਨ ਉੱਤੇ ਅਧਾਰਤ ਕਹਾਣੀਆਂ ਲਿਖਣ ਲਈ ਉਹ ਲਾਹੌਰ ਦੀ ਹੀਰਾ ਮੰਡੀ ਦੀਆਂ ਰੰਡੀਆਂ, ਦਿੱਲੀ ਦੀਆਂ ਵੇਸਵਾਂ ਅਤੇ ਬੰਬਈ ਦੀਆਂ ਤਵਾਇਵਾਂ ਦੇ ਕੋਠਿਆਂ ਤੇ ਸ਼ਿਰਕਤਫਰਮਾਨ ਹੁੰਦਾ ਰਿਹਾ। ਕਈ-ਕਈ ਮਹੀਨੇ ਉਹਨਾਂ ਦੇ ਮੁਜ਼ਰੇ ਦੇਖਣ ਅਤੇ ਸੁਣਨ ਜਾਂਦਾ ਰਿਹਾ। ਉਹਨਾਂ ਦੇ ਚਕਲਿਆਂ, ਭੜੂਏਆਂ ਅਤੇ ਦਲਾਲ ਨਾਲ ਤਾਲਮੇਲ ਰੱਖਦਾ ਰਿਹਾ। ਕਾਲੀ ਸਲਵਾਰ ਦੀ ਨਾਇਕਾ ਸੁਲਤਾਨਾ ਦਿੱਲੀ ਦੇ ਅਜਮੇਰੀ ਗੇਟ ਦੇ ਬਾਹਰ ਜੀ ਬੀ ਰੋਡ ਉੱਤੇ ਇੱਕ ਕੋਠੇ ਵਿੱਚ ਰਹਿੰਦੀ ਇੱਕ ਵੇਸਵਾ ਸੀ। ਜਿਸ ਨਾਲ ਮੰਟੋ ਬਹੁਤ ਦੇਰ ਤੱਕ ਬਾਵਸਤਾ ਰਿਹਾ। ਇਸੇ ਲਈ ਕਾਲੀ ਸਲਵਾਰ ਕਹਾਣੀ ਵਿੱਚ ਉਹ ਵੇਸਵਾਂ ਦੇ ਜੀਵਨ ਦਾ ਸੰਜੀਵ ਚਿਤਰਣ ਕਰ ਸਕਣ ਵਿੱਚ ਕਾਮਯਾਬ ਹੋਇਆ ਹੈ। 

ਕਹਾਣੀ ਅਨੁਸਾਰ ਸੁਲਤਾਨਾ ਆਪਣੇ ਫੋਟੋਗਰਾਫਰ ਯਾਰ ਖੁਦਾਬਖਸ਼ ਨਾਲ ਅੰਬਾਲੇ ਰਹਿੰਦੀ ਹੁੰਦੀ ਹੈ। ਉਥੇ ਉਸ ਕੋਲ ਛਾਉਣੀ ਦੇ ਅੰਗਰੇਜ਼ ਗਾਹਕ ਆਉਂਦੇ ਰਹਿੰਦੇ ਹਨ ਅਤੇ ਉਸਦਾ ਧੰਦਾ ਖੂਬ ਚਲਦਾ ਹੈ। ਉਹ ਨੋਟਾਂ ਵਿੱਚ ਖੇਡਦੀ ਹੈ। ਫਿਰ ਖੁਦਾਬਖਸ਼ ਉਸਨੂੰ ਲੈ ਕੇ ਦਿੱਲੀ ਆ ਵਸਦਾ ਹੈ। ਜਿੱਥੇ ਆ ਕੇ ਉਸਦਾ ਧੰਦਾ ਢਿੱਲਾ ਪੈ ਜਾਂਦਾ ਹੈ। ਇਹਨਾਂ ਮੰਦਹਾਲੀ ਦੇ ਦਿਨ ਵਿੱਚ ਸੁਲਤਾਨਾ ਸ਼ੰਕਰ ਨਾਮ ਦੇ ਇੱਕ ਹੋਰ ਵਿਅਕਤੀ ਉੱਤੇ ਫਿਦਾ ਹੋ ਜਾਂਦੀ ਹੈ। ਮੁਹੱਰਮ ਨਜ਼ਦੀਕ ਆ ਰਹੀ ਹੁੰਦੀ ਹੈ। ਸੁਲਤਾਨਾ ਨੂੰ ਉਸ ਖਾਸ ਮੌਕੇ ਤੇ ਪਹਿਨਣ ਲਈ ਆਪਣੀ ਸਹੇਲੀ ਅਨਵਰੀ ਵਰਗੀ ਕਾਲੀ ਸਲਵਾਰ ਚਾਹੀਦੀ ਹੁੰਦੀ ਹੈ। ਪਰ ਉਹ ਖਰੀਦਣ ਤੋਂ ਅਸਮਰਥ ਹੁੰਦੀ ਹੈ। ਉਹ ਸ਼ੰਕਰ ਕੋਲ ਕਾਲੀ ਸਲਵਾਰ ਦੀ ਫਰਮਾਇਸ਼ ਕਰਦੀ ਹੈ। ਸ਼ੰਕਰ ਉਸਦੇ ਬੁੰਦੇ ਠੱਗ ਕੇ ਲੈ ਜਾਂਦਾ ਹੈ ਤੇ ਉਹ ਅਨਵਰੀ ਨੂੰ ਦੇ ਕੇ ਉਹਨਾਂ ਬਦਲੇ ਉਸਦੀ ਸਲਵਾਰ ਸੁਲਤਾਨਾ ਨੂੰ ਲਿਆ ਕੇ ਦੇ ਦਿੰਦਾ ਹੈ। ਅਨਵਰੀ ਨੂੰ ਬੁੰਦੇ ਚਾਹੀਦੇ ਹੁੰਦੇ ਹਨ ਤੇ ਸੁਲਤਾਨਾ ਨੂੰ ਸਲਵਾਰ। ਕਾਲੀ ਸਲਵਾਰ ਤਾਂ ਮਹਿਜ਼ ਇਸ ਕਹਾਣੀ ਵਿੱਚ ਇੱਕ ਪ੍ਰਤੀਕ ਹੈ। ਔਰਤ ਦੀਆਂ ਖੁਆਇਸ਼ਾਂ ਦਾ। ਔਰਤ ਦੀਆਂ ਸੱਧਰਾਂ ਦਾ ਅਤੇ ਉਸ ਦੀ ਚਾਹਤ ਅਤੇ ਹਸਰਤਾਂ ਦਾ। ਇਸ ਕਹਾਣੀ ਰਾਹੀਂ ਮੰਟੋ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਔਰਤ ਵੇਸਵਾਂ ਨਹੀਂ ਹੁੰਦੀ, ਮਗਰ ਹਰ ਵੇਸਵਾ ਇੱਕ ਔਰਤ ਹੁੰਦੀ ਹੈ। ਤੇ ਹਰ ਔਰਤ ਮਰਦ ਨਾਲ ਘਰ ਵਸਾਉਣਾ ਚਾਹੁੰਦੀ ਹੁੰਦੀ ਹੈ। ਕਾਲੀ ਸਲਵਾਰ ਇਸੇ ਦੀ ਸੂਚਕ ਹੈ।

ਠੰਡਾ ਗੋਸ਼ਤ ਕਥਾ ਦੇ ਨਾਇਕ ਈਸ਼ਰ ਸਿੰਘ ਦੇ ਕਲਵੰਤ ਕੌਰ ਨਾਲ ਦਹਿਕਦੇ ਸ਼ਰੀਰਕ ਸੰਬੰਧ ਹੁੰਦੇ ਹਨ। ਉਹ ਕਲਵੰਤ ਕੌਰ ਨਾਲ ਹੋਟਲ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿ ਰਿਹਾ ਹੁੰਦਾ ਹੈ। ਦੰਗਿਆਂ ਦੌਰਾਨ ਈਸਰ ਸਿੰਘ ਲੋਕਾਂ ਦੀ ਧਨ-ਸੰਪਤੀ ਲੁੱਟ ਕੇ ਲਿਆਉਂਦਾ ਹੁੰਦਾ ਹੈ। ਇੱਕ ਦਿਨ ਉਹ ਲੁੱਟ-ਖੋਹ ਕਰਨ ਗਿਆ ਕਾਫ਼ੀ ਦਿਨਾਂ ਦੇ ਵਕਫੇ ਬਾਅਦ ਕਲਵੰਤ ਕੌਰ ਨੂੰ ਮਿਲਦਾ ਹੈ। ਬਿਰਹਾਕੁਠੀ ਕਲਵੰਤ ਕੌਰ ਉਸਨੂੰ ਪਾਉਣ ਲਈ ਤੜਫੀ ਪਈ ਹੁੰਦੀ ਹੈ। ਉਹ ਵਾਰ-ਵਾਰ ਈਸ਼ਰ ਸਿੰਘ ਨੂੰ ਸੈਕਸ ਕਰਨ ਲਈ ਆਖਦੀ ਹੈ। ਉਕਸਾਉਂਦੀ ਹੈ। ਪਰ ਈਸ਼ਰ ਸਿੰਘ ਠੰਡਾ ਗੋਸ਼ਤ ਬਣਿਆ ਰਹਿੰਦਾ ਹੈ। ਉਸ ਤੋਂ ਗਰਮੀ ਨਹੀਂ ਫੜ੍ਹ ਹੁੰਦੀ। ਕਿਉਂਕਿ ਉਸਦਾ ਜ਼ਿਹਨ ਠਰ ਗਿਆ ਹੁੰਦਾ ਹੈ। ਸੁੰਨ੍ਹ ਹੋ ਗਿਆ ਹੁੰਦਾ ਹੈ। 

ਵਸਤਰ ਉਤਾਰੀ ਬੈਠੀ ਕਲਵੰਤ ਕੌਰ ਈਸਰ ਸਿੰਘ ਨੂੰ ਉਸਦੇ ਮੱਘਦੇ ਲਾਵੇ ਤੋਂ ਠੰਡਾ ਗੋਸ਼ਤ ਬਣਨ ਦਾ ਕਾਰਨ ਪੁੱਛਦੀ ਹੈ। ਉਹ ਦੱਸਦਾ ਹੈ ਕਿ ਉਸਨੇ ਇੱਕ ਮਕਾਨ ਉੱਪਰ ਧਾਵਾ ਬੋਲਿਆ। ਉਥੇ ਛੇ ਆਦਮੀ ਅਤੇ ਇੱਕ ਲੜਕੀ ਸੀ। ਆਦਮੀਆਂ ਨੂੰ ਉਸਨੇ ਕਿਰਪਾਨ ਨਾਲ ਵੱਢ ਦਿੱਤਾ। ਪਰ ਲੜਕੀ ਨੂੰ ਚੁੱਕ ਕੇ ਲੈ ਗਿਆ। ਲੜਕੀ ਜਵਾਨ ਅਤੇ ਸੋਹਣੀ ਸੀ। ਉਸਨੇ ਮਾਰਨ ਦੀ ਬਜਾਏ ਉਸ ਨਾਲ ਸੰਭੋਗ ਕਰਨ ਦੀ ਸੋਚੀ। ਈਸਰ ਸਿੰਘ ਉਸਨੂੰ ਝਾੜੀਆਂ ਵਿੱਚ ਲਿਟਾ ਕੇ ਆਪਣਾ ਪੱਤਾ ਸਿੱਟਦਾ ਹੈ! 

ਲੜਕੀ ਵੱਲੋਂ ਕੋਈ ਪ੍ਰਤਿਕ੍ਰਮ ਨਹੀਂ ਹੁੰਦਾ। ਉਸਦਾ ਜਿਸਮ ਬੇਹਰਕਤ ਹੁੰਦਾ ਹੈ।  ਉਹਦੀ ਸਾਹ ਰਗ ਬੰਦ ਅਤੇ ਉਸਦਾ ਗੋਸ਼ਤ ਠੰਡਾ ਹੋ ਚੁੱਕਿਆ  ਹੁੰਦਾ ਹੈ। 

ਜਿਨ੍ਹਾਂ ਛੇ ਆਦਮੀਆਂ ਨੂੰ ਈਸਰ ਸਿੰਘ ਨੇ  ਮੌਤ ਦੀ ਘਾਟ ਉਤਾਰਿਆ ਹੁੰਦਾ ਹੈ, ਉਹ ਅਸਲ ਵਿੱਚ ਮੁਸਲਮਾਨ ਦੰਗਾਕਾਰੀ ਹੁੰਦੇ ਹਨ ਅਤੇ ਲੜਕੀ ਸਿੱਖ। ਕਈ ਦਿਨ ਉਹਨਾਂ ਬਲਾਤਕਾਰੀਆਂ ਦੀ ਹਵਸ ਦਾ ਸ਼ਿਕਾਰ ਹੁੰਦੀ ਰਹਿਣ ਬਾਅਦ ਜਦੋਂ ਲੜਕੀ ਈਸਰ ਸਿੰਘ ਤੱਕ ਪਹੁੰਚਦੀ ਹੈ ਤਾਂ ਉਸਦੀ ਹਾਲਤ ਐਨੀ ਬਦਤਰ ਹੋ ਚੁੱਕੀ ਹੁੰਦੀ ਹੈ ਕਿ ਉਸ ਵਿੱਚ ਹੋਰ ਜਬਰ ਸਹਿਣ ਕਰਨ ਦੀ ਸਮਰੱਥਾ ਅਤੇ ਸ਼ਕਤੀ ਬਾਕੀ ਨਹੀਂ ਰਹਿੰਦੀ। ਉਹ ਅਸਹਿ ਸਦਮੇ ਨਾਲ ਪ੍ਰਾਣ ਤਿਆਗ ਦਿੰਦੀ ਹੈ। ਇਸ ਘਟਨਾ ਨੂੰ ਕਲਵੰਤ ਕੌਰ ਕੋਲ ਬਿਆਨ ਕਰਦਿਆਂ ਈਸਰ ਸਿੰਘ ਦਾ ਗੋਸ਼ਤ ਠੰਡਾ ਹੋ ਜਾਂਦਾ ਹੈ। ਇੱਥੇ ਹੀ ਬਸ ਨਹੀਂ ਇੰਨਸਾਨੀ ਹੈਵਾਨੀਅਤ ਨੂੰ ਨੰਗਾ ਕਰਦੀ ਇਸ ਕਹਾਣੀ ਦਾ ਅੰਤ ਪੜ੍ਹ ਕੇ ਪਾਠਕ ਵੀ ਠਰ ਜਾਂਦਾ ਹੈ। ਉਸਦਾ ਗੋਸ਼ਤ ਵੀ ਠੰਡਾ, ਇੱਕਦਮ ਯਖ ਹੋ ਜਾਂਦਾ ਹੈ।

ਠੰਡਾ ਗੋਸ਼ਤ ਵਰਗੀ ਸ਼ਸ਼ੱਕਤ ਕਹਾਣੀ ਨੂੰ ਪਾਕਸਤਾਨੀ ਕਾਨੂੰਨ ਨੇ ਉਸ ਵੇਲੇ ਤੱਕ ਦੀ ਸਭ ਤੋਂ ਅਸ਼ਲੀਲ ਕਹਾਣੀ ਗਰਦਾਨਿਆ ਸੀ।  ਇਸ ਕਹਾਣੀ ਦੀ ਸਿਰਜਣਾ ਕਰਨ ਦੇ ਦੋਸ਼ ਅਧੀਨ ਨਿੱਚਲੀ ਅਦਾਲਤ ਨੇ ਮੰਟੋ ਨੂੰ ਸਜ਼ਾ ਦਿੱਤੀ। ਸੈਸ਼ਨ ਕੋਰਨ ਨੇ ਉਹਨੂੰ ਬਰੀ ਕਰ ਦਿੱਤਾ। ਹਕੂਮਤ ਨੇ ਮੰਟੋ ਨੂੰ ਹਾਈ ਕੋਰਟ ਵਿਚ ਖਿੱਚ ਲਿਆ। ਹਾਈਕੋਰਟ ਨੇ ਥੱਲੜੀ ਅਦਾਲਤ ਵਾਲੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਮੰਟੋ ਦੀ ਸਜ਼ਾ ਵਿੱਚ ਵਾਧਾ ਕਰ ਦਿੱਤਾ। ਮਾਮਲਾ ਹੋਰ ਉੱਪਰ ਚਲਿਆ ਗਿਆ। ਠੰਡਾ ਗੋਸ਼ਤ ਵਿੱਚ ਮੰਟੋ ਕਲਵੰਤ ਕੌਰ ਦੇ ਨਕਸ਼ਾਂ ਅਤੇ ਅੰਗਾਂ ਦਾ ਵਰਣਨ ਕਰਕੇ ਉਸਦੀ ਸ਼ਖਸੀਅਤ ਨੂੰ ਉਭਾਰਦਾ ਹੈ। ਕਲਵੰਤ ਕੌਰ ਦੀ ਸ਼ਰੀਰਕ ਦਿੱਖ ਦਾ ਚਿਤਰਨ ਕਰਦਾ ਹੋਇਆ ਉਹ ਕਲਵੰਤ ਕੌਰ ਦੇ ਨਿਤੰਬਾਂ ਅਤੇ ਛਾਤੀ ਉੱਤੇ ਚੜ੍ਹੇ ਹੋਏ ਗੋਸ਼ਤ ਦਾ ਜ਼ਿਕਰ ਕਰਦਾ ਹੋਇਆ ਸਪਸ਼ਟ ਕਰਦਾ ਹੈ ਕਿ ਉਹ ਹੱਡਾਂ-ਪੈਰਾਂ ਦੀ ਖੁੱਲੀ, ਇੱਕ ਹੁੰਦੜ-ਹੇਲ ਜਨਾਨੀ ਸੀ। ਬਸ ਇੱਥੇ ਹੀ ਵਰਤੇ ਗਏ ਕੁੱਝ ਸ਼ਬਦਾਂ ਤੇ ਇਤਰਾਜ਼ ਉਠਣ ਤੇ ਮੰਟੋ ਨੇ ਦਲੀਲ ਦਿੱਤੀ ਕਿ ਅਸੀਂ ਕਹਾਣੀ ਵਿੱਚ ਔਰਤ ਦੀ ਛਾਤੀ ਦਾ ਜ਼ਿਕਰ ਕਰਨਾ ਹੈ। ਹੁਣ ਜੇ ਆਰੂਜ਼ ਲਈ ਬਣੇ ਅਸਲ ਸ਼ਬਦ ਨੂੰ ਨਾ ਵਰਤੀਏ ਤਾਂ ਕੀ ਉਸਦੀ ਜਗ੍ਹਾ ਔਰਤ ਦੇ ਸਤਨਾਂ ਨੂੰ ਮੇਜ਼ ਲਿੱਖਿਆ ਕਰੀਏ, ਕੁਰਸੀ ਜਾਂ ਮੁੰਗਫਲੀ ਦਾ ਢੇਰ? 

ਜੱਜ ਨਿਰਉੱਤਰ ਅਤੇ ਮੰਟੋ ਦੀ ਦਲੀਲ ਦਾ ਕਾਇਲ ਹੋ ਗਿਆ ਸੀ। ਉਸਨੇ ਮੰਟੋ ਨੂੰ ਨਿਰਦੋਸ਼ ਕਰਾਰ ਦਿੰਦਿਆਂ ਸਜਾ ਮੁਕਤ ਕਰ ਦਿੱਤਾ ਸੀ। ਮੰਟੋ ਦਾ ਰਚਿਆ ਸਾਹਿਤ ਅਸ਼ਲੀਲ ਲਿਖਣ ਵਾਲੇ ਤਮਾਮ ਲਿਖਾਰੀਆਂ ਵਿੱਚੋਂ ਸਭ ਨਾਲੋਂ ਸਾਫ਼-ਸੁਥਰਾ ਹੈ। ਉਹ ਅਤਿਸੰਵੇਦਨਸ਼ੀਲ, ਸੰਜੀਦਾ, ਵਿਲੱਖਣ ਅਤੇ ਮਾਨਵਵਾਦੀ ਸੁਰ ਦਾ ਸਾਹਿਤਕਾਰ ਸੀ। ਉਸਨੇ ਆਪਣੇ ਆਲੇ ਦੁਆਲੇ ਜੋ ਵੇਖਿਆ ਉਸਨੂੰ ਬੜੀ ਬੇਬਾਕੀ ਨਾਲ ਸਾਹਿਤ ਵਿੱਚ ਤਬਦੀਲ ਕੀਤਾ ਹੈ। ਉਹ ਮਨੋਵਿਗਿਆਨਕ ਕਥਾਕਾਰ ਸੀ ਤੇ ਉਸਨੇ ਆਪਣੀਆਂ ਕਹਾਣੀਆਂ ਵਿੱਚ ਕਿੱਧਰੇ ਵੀ ਦਿਮਾਗੀ ਸੋਸ਼ਣ(ਮਾਨਸਿਕ ਮੈਥੂਨ) ਦਾ ਪ੍ਰਦਰਸ਼ਨ ਨਹੀਂ ਕੀਤਾ। ਬਲਕਿ ਨਿਰੋਈਆਂ ਕਦਰਾਂ ਕੀਮਤਾਂ ਨੂੰ ਉਭਾਰਿਆ ਹੈ। 

ਦਿੱਲੀ, ਲਖਨਊ ਅਤੇ ਜਲੰਧਰ ਦੇ ਪ੍ਰਕਾਸ਼ਕ ਨਜਾਇਜ਼ ਢੰਗ ਨਾਲ ਮੰਟੋ ਦੀ ਇਜਾਜ਼ਤ ਤੋਂ ਬਿਨਾਂ ਉਸਦੀਆਂ ਕਿਤਾਬਾਂ ਛਾਪ-ਛਾਪ ਵੇਚਦੇ ਰਹੇ। ਦਿੱਲੀ ਦੇ ਇੱਕ  ਪਬਲੀਜ਼ਰ ਨੇ ਮੰਟੋ ਦੀ ਇੱਕ ਪੁਸਤਕ ਦਾ ਸਿਰਲੇਖ, ਮੰਟੋ ਕੇ ਫਾਹਸੀ ਅਫਸਾਨੇ। ਭਾਵ ਕਿ ਮੰਟੋ ਦੀਆਂ ਲੱਚਰ ਕਹਾਣੀਆਂ, ਰੱਖ ਕੇ ਬਹੁਤ ਪੈਸੇ ਕਮਾਏ ਸਨ।

ਮੰਟੋ ਹਿੱਪ-ਟੁੱਲਾ ਮਾਰਕਾ ਕਹਾਣੀਆਂ ਲਿਖਦਾ ਸੀ।1950 ਪਾਕਸਤਾਨੀ ਤਰੱਕੀ ਪਸੰਦ ਅਦੀਬਾਂ ਨੇ ਮੰਟੋ ਤੇ ਅਸ਼ਲੀਲ ਸਾਹਿਤਕਾਰ ਹੋਣ ਦਾ ਆਰੋਪ ਲਗਾ ਕੇ ਪਰਚਿਆਂ ਅਖਬਾਰਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਕਿ ਕੋਈ ਵੀ ਮੰਟੋ ਦੀ ਕਹਾਣੀ ਨਾ ਛਾਪੇ। ਇਹੀ ਸਰਕੂਲਰ ਦਿੱਲੀ ਵਿੱਚ ਵੀ ਘੁੰਮਿਆ। ਜਿਸ ਵਿੱਚ ਮੰਟੋ ਦੇ ਕੁੱਝ ਜਿਗਰੀ ਯਾਰ ਅਤੇ ਉਹ ਅਦੀਬ ਸਨ ਜੋ ਖੁਦ ਅਸ਼ਲੀਲ ਲਿਖਦੇ ਸਨ!

ਉਸ ਤੋਂ ਉਪਰੰਤ ਮੰਟੋ ਉੱਤੇ ਆਰਥਿਕ ਸੰਕਟ ਆ ਗਏ। ਉਹ ਸ਼ਰਾਬ ਦੀ ਬੋਤਲ ਬਦਲੇ ਕਹਾਣੀ ਲਿਖ ਕੇ ਦੇ ਦਿੰਦਾ। ਉਹ ਦਿਨ ਵਿੱਚ ਤਿੰਨ-ਤਿੰਨ ਚਾਰ-ਚਾਰ ਕਹਾਣੀਆਂ ਵੀ ਲਿਖ ਦਿੰਦਾ। ਸ਼ੇਵ ਕਰਦਾ-ਕਰਦਾ ਉਹ ਕਹਾਣੀ ਦਾ ਢਾਂਚਾ ਘੜ ਲੈਂਦਾ। ਮੰਟੋ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਚਲੀ ਗਈ। ਉਹ ਨੀਮ ਪਾਗਲ ਹੋ ਗਿਆ। ਇਲਾਜ਼ ਲਈ ਉਸਨੂੰ ਪਾਗਲਖਾਨੇ ਭਰਤੀ ਕਰਵਾਇਆ ਗਿਆ। ਪਰ ਫਿਰ ਵੀ ਉਸਦੇ ਅੰਦਰਲਾ ਕਹਾਣੀਕਾਰ ਨਹੀਂ ਮਰਿਆ। ਉਹਨੇ ਆਪਣੇ ਜਾਤੀ ਤਜ਼ਰਬਿਆਂ ਦੇ ਆਧਾਰ ਉੱਤੇ ਕਹਾਣੀ ਟੋਬਾ ਟੇਕ ਸਿੰਘ ਲਿਖੀ। ਜਿਸ ਵਿੱਚ ਉਸਨੇ ਸਿਆਸਤ ਉੱਤੇ ਤਿੱਖੇ-ਤਿੱਖੇ ਵਿਅੰਗ ਕੀਤੇ। ਪਾਗਲਾਂ ਦੀਆਂ ਗਤੀਵਿਧੀਆਂ ਅਤੇ ਹਰਕਤਾਂ ਰਾਹੀਂ ਕਪਟੀ ਰਾਜਨੀਤੀ ਉੱਤੇ ਬੜੇ ਹੀ ਚੋਭਮਈ ਡੰਗ ਚਲਾਏ ਹਨ। ਵਾਕ-ਵਾਕ ਤੇ ਕਟਾਖਸ਼ ਹੈ। ਕਹਾਣੀ ਵਿੱਚ ਪਾਤਰਾਂ ਦੀ ਨਿਮਨ ਚੇਤਨਾ ਧੁਨੀ ਮੰਤਰਾਂ ਰਾਹੀਂ ਉਘੜਦੀ ਹੈ। ਪਾਗਲਖਾਨੇ ਵਿੱਚ ਕੈਦ ਹਿੰਦੂ, ਸਿੱਖ ਅਤੇ ਮੁਸਲਮਾਨ ਪਾਤਰਾਂ ਨੂੰ ਪਾਕਿਸਤਾਨ ਬਣਨ ਤੇ ਹੈਰਤ ਹੁੰਦੀ ਹੈ। ਉਹ ਬਿਨਾਂ ਸਿਰ ਪੈਰ ਵਾਲੀਆਂ ਗੱਲਾਂ ਕਰਦੇ ਹੋਏ ਦਰੁਸਤ ਜ਼ਿਹਨ ਅਤੇ ਬੂਧੀਮਾਨ ਵਿਅਕਤੀਆਂ ਵਾਲਾ ਕਾਰ-ਵਿਹਾਰ ਕਰਦੇ ਹਨ। ਉਹਨਾਂ ਪਾਗਲਾਂ ਨੂੰ ਆਪਣੀ ਜੰਮਣ ਭੋਂ ਨਾਲ ਪਿਆਰ ਹੁੰਦਾ ਹੈ। ਮੰਟੋ ਵਿਸਫੋਟਕ ਅਤੇ ਕਰੁਣਾਮਈ ਕਲਾਇਮੈਕਸ ਦੇ ਕੇ ਅੰਤਮ ਸੱਤਰਾਂ ਚ ਬੜੀ ਹੁਨਰਮੰਦੀ ਨਾਲ ਕਹਾਣੀ ਨੂੰ ਸਮੇਟਦਾ ਹੈ ਤੇ ਲਿਖਦਾ ਹੈ, ਇੱਧਰ ਕੰਡੇਦਾਰ ਤਾਰਾਂ ਦੇ ਪਿੱਛੇ ਹਿੰਦੁਸਤਾਨ, ਉੱਧਰ ਉਹੋ ਜਿਹੀਆਂ ਹੀ ਕੰਡੇਦਾਰ ਤਾਰਾਂ ਦੇ ਪਿਛੇ ਪਾਕਿਸਤਾਨ। ਵਿਚਾਲੇ ਦੀ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਾਮ ਨਹੀਂ ਸੀ, ਟੋਭਾ ਟੇਕ ਸਿੰਘ ਪਿਆ ਸੀ। 

ਇਸ ਕਹਾਣੀ ਨੇ ਚਾਰੇ ਪਾਸੇ ਤਰਥੱਲੀ ਮਚਾ ਦਿੱਤੀ। ਦੰਗਿਆਂ ਦੇ ਵਿਸ਼ੇ ਉੱਪਰ ਲਿਖੀਆਂ ਗਈਆਂ ਤਮਾਮ ਕਹਾਣੀਆਂ ਦੀ ਭੀੜ ਤੋਂ ਜੁਦਾ  ਹੋਣ ਕਰਕੇ ਟੋਬਾ ਟੇਕ ਸਿੰਘ ਨੇ ਪਾਠਕਾਂ ਦੇ ਮਨਾ ਅੰਦਰ ਆਪਣੇ ਅਤੇ ਮੰਟੋ ਲਈ ਆਹਲਾ ਮੁਕਾਮ ਬਣਾ ਲਿਆ ਸੀ। ਮੰਟੋ ਦੰਗਿਆ ਦੇ ਵਿਸ਼ਿਆ ਉੱਤੇ ਲਿਖਣ ਵਾਲੇ ਹੋਰ ਤੁਅੱਸਬੀ ਲੇਖਕਾਂ ਵਾਂਗ ਆਪਣੀਆਂ ਕਹਾਣੀਆਂ ਉੱਤੇ ਭਾਵੁਕਤਾ ਭਾਰੀ ਨਹੀਂ ਸੀ ਹੋਣ ਦਿੰਦਾ। ਉਸਨੇ ਜੋ ਵੀ ਲਿਖਿਆ ਹੈ ਉਹ ਨਿਰਪੱਖ ਅਤੇ ਨਿਰਲੇਪ ਰਹਿ ਕੇ ਲਿਖਿਆ ਹੈ।  

ਮੰਟੋ ਨੇ ਅਫਸਾਨਾਨਿਗਾਰੀ ਤੋਂ ਇਲਾਵਾ ਵੀਰਾ, ਸਰਗੁਜ਼ਸਤੇ ਅਸੀਰ ਅਤੇ ਗੋਰਕੀ ਕੇ ਅਫਸਾਨੇ ਆਦਿ ਪੁਸਤਕਾਂ ਅਨੁਵਾਦਿਤ ਕੀਤੀਆਂ। ਜਿਨਾਹ, ਆਗਾ ਹਸ਼ਰ, ਅਖਤਰ ਸ਼ੀਗਾਨੀ, ਮੀਰਾਜੀ, ਇਸਮਤ ਚੁਗਤਾਈ, ਸਿਆਮ, ਨਸੀਮ, ਨਰਗਸ, ਡਿਸਾਈ ਤੇ ਬਾਬੂ ਰਾਮ ਪਟੇਲ ਦੇ ਰੇਖਾ ਚਿੱਤਰ ਵੀ ਲਿਖੇ। 

ਮੰਟੇ ਨੇ ਆਪਣੀਆਂ ਬੇਸ਼ੁਮਾਰ ਸ਼ਾਹਕਾਰ ਸਿਨਫਾਂ ਨਾਲ ਅਦਬ ਦੀ ਜੀਨਤ ਵਧਾਈ। ਉਸਦਾ ਸਿਰਜਿਆ ਢੇਰ ਸਾਰਾ ਸਾਹਿਤ ਅਨੇਕਾਂ ਪੁਸਤਕਾਂ ਵਿੱਚ ਸਾਂਭਿਆ ਪਿਆ ਹੈ ਜਿਨ੍ਹਾਂ ਵਿੱਚੋਂ ਕੁੱਝ ਦਾ ਵਰਣਨ ਕਰ ਰਿਹਾ ਹਾਂ:- ਮੰਟੋ ਕੇ ਅਫਸਾਨੇ, ਚੁਗਦ, ਖਾਲੀ ਬੋਤਲਾਂ ਖਾਲੀ ਡੱਬੇ, ਸਰਕੰਡਿਆਂ ਦੇ ਪਿਛੇ, ਜਨਾਜ਼ੇ, ਧੂੰਆਂ, ਸਿਆਹ ਹਾਸ਼ੀਏ, ਊਪਰ ਨੀਚੇ ਔਰ ਦਰਮਿਆਨ, ਆਉ, ਮੰਟੋ ਕੇ ਡਰਾਮੇ, ਯਜ਼ੀਦ, ਸੜਕ ਦੇ ਕਿਨਾਰੇ, ਬੁਰਕੇ, ਕਰਵਟ, ਲਜ਼ਤੇ ਸੰਗ ਤਲਖ ਤੁਰਸ਼ ਸ਼ੀਰੀ, ਫੁੰਦਨੇ, ਤਿੰਨ ਔਰਤਾਂ, ਅਫਸਾਨੇ ਤੇ ਡਰਾਮੇ, ਨਮਰੂਦ ਕੀ ਖੁਦਾਈ, ਠੰਡਾ ਗੋਸ਼ਤ, ਗੰਜੇ ਫਰਿਸ਼ਤੇ, ਸ਼ਿਕਾਰੀ ਔਰਤਾਂ ਆਦਿ।

18 ਜਨਵਰੀ 1955 ਨੂੰ ਮੰਟੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਸਦਾ ਲਈ ਖਾਮੋਸ਼ ਹੋ ਗਿਆ ਤੇ ਜਿਸ ਨਾਲ ਕਬੂਤਰ ਤੇ ਕਬੂਤਰੀ ਮੰਟੋ ਦੀ ਅੰਤਮ ਕਹਾਣੀ ਹੋ ਨਿਭੜੀ। ਮੰਟੋ ਨੂੰ ਲਾਹੌਰ ਦੇ ਮੀਆਂ ਸਾਹਿਬ ਕਬਰਸਤਾਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ ਸੀ। ਉਸਨੇ ਕਬਰ ਦੇ ਕੁਤਬੇ ਤੇ ਦਰਜ਼ ਹੈ, ਯਹਾਂ ਦਫਨ ਹੈ , ਸਆਦਤ ਹਸਨ ਮੰਟੋ ਔਰ ਉਸ ਕੇ ਸਾਥ ਲਿਖਨੇ ਕਾ ਫਨ।  

ਮੰਟੋ ਉਰਦੂ ਦਾ ਅਜ਼ੀਮ ਅਫਸ਼ਾਨਾਨਿਗਾਰ ਸੀ। ਮੰਟੋ ਦਾ ਨਾਮ ਅਦਬ ਵਿੱਚ ਕਿਆਮਤ ਤੱਕ ਜ਼ਿੰਦਾ ਰਹੇਗਾ। ਜਦ ਤੱਕ ਅਦਬ ਪੜ੍ਹਿਆ ਜਾਵੇਗਾ, ਪਾਠਕ ਮੰਟੋ ਨੂੰ ਯਾਦ ਕਰਦੇ ਰਹਿਣਗੇ। ਸੁਧੀਰ ਕੁਮਾਰ ਸੁਧੀਰ ਨੇ ਮੰਟੋ ਬਾਰੇ ਲਿਖਿਆ ਹੈ, ਕਹਿਣ ਨੂੰ ਮੰਟੋ ਇੱਕ ਆਦਮੀ ਸੀ ਪਰ ਉਹ ਇਕ ਸ਼ਕਤੀ, ਇਕ ਤਲਾਸ਼, ਇਕ ਨਜ਼ਰ, ਚਿੰਤਨ ਦੀ ਇਕ ਲਹਿਰ ਅਤੇ ਇਕ ਸੰਸਥਾ ਸੀ।

ਇੱਕ ਵਾਰ ਕੁੱਝ ਅਦੀਬ ਦੋਸਤਾਂ ਨਾਲ ਸਾਉਥਾਲ ਦੇ ਇੱਕ ਰੇਸਟੋਰੈਂਟ ਵਿੱਚ ਬੈਠਿਆਂ ਸਾਹਿਤ ਦੇ ਵਿਸ਼ੇ ਉੱਪਰ ਤਬਾਦਲਾ-ਏ-ਖਿਆਲਾਤ ਹੋ ਰਹੇ ਸਨ। ਗੱਲ ਬਰਤਾਨੀਵੀ ਪੰਜਾਬੀ ਕਹਾਣੀ ਦੀ ਚੱਲ ਪਈ ਤੇ ਘੁੰਮ ਕੇ ਮੇਰੀਆਂ ਕਹਾਣੀਆਂ ਵੱਲ ਆ ਗਈ। ਮੇਰੇ ਨਾਲ ਵਾਲੀ ਕੁਰਸੀ ਉੱਤੇ ਬਹਾਦਰ ਸਾਥੀ ਜੀ ਬੈਠੇ ਸਨ। ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਉਹਨਾਂ ਦਾ ਮੇਰੀਆਂ ਕਹਾਣੀਆਂ ਬਾਰੇ ਕੀ ਵਿਚਾਰ ਹੈ ਤਾਂ ਮੈਨੂੰ ਪੰਪ ਚਾੜ੍ਹਦੇ ਹੋਏ ਉਹ ਬੋਲੇ, ਬਈ ਸਾਡੇ ਇੰਗਲੈਂਡ ਦਾ ਮੰਟੋ ਐਂ ਤੂੰ।

ਇਹ ਗੱਲ ਸੁਣ ਕੇ ਮੈਂ ਫੁਲਕੇ ਵਾਂਗੂੰ ਫੁੱਲ ਗਿਆ। ਭਾਵੇਂ ਕਿ ਮੈਂ ਜਾਣਦਾ ਸੀ ਕਿ ਸਾਥੀ ਸਾਹਿਬ ਦੇ ਕਹਿਣ ਦਾ ਉਹ ਮਤਲਵ ਨਹੀਂ ਸੀ, ਉਹਨਾਂ ਨੇ ਇਹ ਅਲਫਾਜ਼ ਮੈਨੂੰ ਮੇਰੀ ਹੌਂਸਲਾ ਅਫਜ਼ਾਈ ਕਰਨ ਲਈ ਹੀ ਆਖੇ ਸਨ। ਪਰ ਫੇਰ ਵੀ ਮੇਰੇ ਵਰਗੇ ਕਹਾਣੀਕਾਰਾਂ ਨੂੰ ਸਧਾਰਨ ਗੁਫਤਗੂ ਦੌਰਾਨ ਮੰਟੋ ਦਾ ਖਿਤਾਬ ਮਿਲ ਜਾਣ ਦੇ ਖੁਸ਼ੀ ਭਰੇ ਅਹਿਸਾਸ ਤੋਂ ਹੀ ਤੁਸੀਂ ਮੰਟੋ ਦੀ ਮਹਾਨਤਾ ਦਾ ਅੰਦਾਜ਼ਾ ਲਾ ਸਕਦੇ ਹੋ। ਮੰਟੋ ਮੇਰਾ ਰੋਲ-ਮਾਡਲ, ਮੇਰਾ ਸਾਹਿਤਕ ਆਦਰਸ਼ ਹੈ। ਮੰਟੋ ਇੱਕ ਹੀ ਹੋਇਆ ਹੈ। ਤੇ ਇੱਕ ਹੀ ਰਹੇਗਾ। ਮੰਟੋ ਬਣਨਾ ਔਖਾ ਹੀ ਨਹੀਂ ਬਲਕਿ ਨਾਮੁਮਕਿਨ ਵੀ ਹੈ। ਹੋਰ ਕੋਈ ਨਾ ਤਾਂ ਮੰਟੋ ਵਰਗੀ ਕਹਾਣੀ ਲਿਖ ਸਕਦਾ ਹੈ। ਨਾ ਹੀ ਮੰਟੋ ਬਣ ਸਕਦਾ ਹੈ। ਮੰਟੋ ਸਾਹਿਤ ਦਾ ਮੀਨਾਰ ਸੀ। ਜੋ ਬਹੁਤ ਉੱਚਾ ਹੈ। ਕੋਈ ਵੀ ਉਸਦੀ ਉੱਚਾਈ ਦੇ ਹਾਣ ਦਾ ਨਹੀਂ ਹੋ ਸਕਦਾ। ਚਾਹੇ ਅਸੀਂ ਸਟੂਲ ਤੇ ਪੈਰ ਧਰੀਏ, ਪੌੜੀ ਤੇ ਚੜੀਏ ਜਾਂ ਕੋਠੇ ਤੇ ਖੜੀਏ, ਕਿਸੇ ਵੀ ਤਰ੍ਹਾਂ ਅਸੀਂ ਮੰਟੋ ਤੋਂ ਉੱਚੇ ਨਹੀਂ ਹੋ ਸਕਦੇ। ਮੰਟੋ ਦੀ ਟਿੱਸੀ ਵੱਲ ਦੇਖਣ ਲਈ ਸਾਨੂੰ ਆਪਣੇ ਸਿਰ ਉੱਤੇ ਹੱਥ ਰੱਖਣਾ ਪਵੇਗਾ, ਵਰਨਾ ਸਿਰ ਤੇ ਲਈ  ਹੋਈ ਟੋਪੀ ਭੁੰਜੇ ਡਿੱਗ ਪਵੇਗੀ! ਸਾਹਿਤ ਦੇ ਇਸ ਬੁਲੰਦ ਅਤੇ ਸਰਬਸਰੇਸ਼ਟ ਮੀਨਾਰ ਨੂੰ ਅਦਬ ਨਾਲ ਅਦਬੀ ਸਲਾਮ!

ਧੰਨਵਾਦ ਸਹਿਤ ਕੋਪੀ ..ਬਲਰਾਜ ਸਿੰਘ ਸਿਧੂ 

ਚਟਾਨ ਜਿਹੀ ਫੌਲਾਦੀ ਲਿਖਕਾ: ਤਸਲੀਮਾ ਨਸਰੀਨ


25 ਅਗਸਤ 1962 ਨੂੰ ਬੰਗਲਾਦੇਸ਼ ਦੀ ਰਾਜਧਾਨੀ ਡਾਕਾ ਦੇ ਨੇੜੇ ਪੈਂਦੇ ਸ਼ਹਿਰ ਮੈਮਨ ਸਿੰਘ ਵਿੱਚ ਜਨਮ ਹੋਇਆ ਸੀ ਤਸਲੀਮਾ ਨਸਰੀਨ ਦਾ। ਤਸਲੀਮਾ ਨਸਰੀਨ ਯਾਨੀ ਇੱਕ ਦਮਦਾਰ, ਨਿਡਰ ਅਤੇ ਸੱਚ ਉਘਲਦੀ ਕਲਮ। ਤਸਲੀਮਾ ਨਸਰੀਨ ਯਾਨੀ ਮਜ਼ਲੁਮਾ ਲਈ ਹਾਅ ਦਾ ਨਾਅਰਾ ਮਾਰਨ ਅਤੇ ਜ਼ਾਲਿਮ ਦੇ ਖਿਲਾਫ ਬੁਲੰਦ ਹੋਣ ਵਾਲੀ ਆਵਾਜ਼। ਤਸਲੀਮਾ ਨਸਰੀਨ ਯਾਨੀ ਧਾਰਮਿਕ ਜਨੂੰਨੀਆਂ ਵੱਲੋਂ ਦਰੜੀ ਜਾ ਰਹੀ ਮਨੁੱਖਤਾ ਦਾ ਦਰਦ ਮਹਿਸੂਸਣ ਵਾਲੀ ਆਤਮਾ। ਤਸਲੀਮਾ ਨਸਰੀਨ ਯਾਨੀ ਤਸਲੀਮਾ ਨਸਰੀਨ। ਸਵਾ ਲੱਖ। ਜੀਹਦੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ!

ਤਸਲੀਮਾ ਨਸਰੀਨ ਦੀ ਫੋਟੋ ਨੂੰ ਗਹੁ ਨਾਲ ਦੋਖੋ ਤਾਂ ਉਹਦੇ ਸਾਵਲੇ ਚਿਹਰੇ ਉੱਤੇ ਚਮਕਦੀਆਂ ਅੱਖਾਂ ਦੇਖਦੇ ਇਉਂ ਲੱਗਦਾ ਹੈ, ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਦੁਨੀਆਂ ਦਾ ਅੰਧਕਾਰ ਮਿਟਾ ਕੇ ਸਾਰੀ ਲੁਕਾਈ ਨੂੰ ਜਗਮਗ-ਜਗਮਗ ਕਰਨ ਲਾ ਦਿਆਂਗੀ। ਕੱਟ ਕੇ ਖੁੱਲ੍ਹੇ ਛੱਡੇ ਉਹਦੇ ਵਾਲ ਇਸਲਾਮੀ ਕੱਟੜਤਾ ਤੋਂ ਉਹਦੇ ਪਾਸਾ ਵੱਟਣ ਦੀ ਸ਼ਾਹਦੀ ਭਰਦੇ ਹਨ। ਗੋਲ-ਮਟੋਲ ਮੂੰਹ ਉੱਪਰ ਤਿੱਖਾ ਨੱਕ ਉਹਦੇ ਸਿੱਧੇ ਅਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਤੀਕ ਹੈ।

ਘਰ ਅਤੇ ਦੋਸਤਾਂ ਮਿਤਰਾਂ ਵੱਲੋਂ ਪਿਆਰ ਨਾਲ ਬੂਬੂ ਕਹਿ ਕੇ ਪੁਕਾਰੀ ਜਾਣ ਵਾਲੀ ਤਸਲੀਮਾ ਨਸਰੀਨ ਨੇ ਮੈਮਨ ਸਿੰਘ ਮੈਡੀਕਲ ਕਾਲਜ਼ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਕੁੱਝ ਵਰ੍ਹੇ ਡਾਕਟਰੀ ਦੀ ਸਰਕਾਰੀ ਨੌਕਰੀ ਕੀਤੀ। ਵਿਹਲੇ ਸਮੇਂ ਵਿੱਚ ਸ਼ੌਕ ਵਜੋਂ ਉਸਨੇ ਕਵਿਤਾ ਦੀ ਵਿਧਾ ਨੂੰ ਹੱਥ ਪਾਇਆ ਸੀ, ਪਰ ਉਸਦੀ ਲੇਖਣੀ ਦੇ ਪ੍ਰਤਿਕ੍ਰਮ ਵਿੱਚ ਪਾਠਕਾਂ ਵੱਲੋਂ ਮਿਲੇ ਭਰਪੂਰ ਹੂੰਗਾਰੇ ਸਦਕਾ ਉਹਨੂੰ ਮਜ਼ਬੂਰਨ ਵਾਰਤਕ ਦੇ ਖੇਤਰ ਵਿੱਚ ਵੀ ਠਿਲਣਾ ਪਿਆ। ਬਸ ਫੇਰ ਕੀ ਸੀ ਉਹਨੇ ਰੱਜ ਕੇ

ਨਿਰੰਤਰ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਅਣਗਿਣਤ ਲੇਖ ਅਤੇ ਕਾਲਮ ਲਿਖੇ। ਨਾਲ ਦੀ ਨਾਲ ਹੀ ਰਚੀਆਂ ਇਹ ਨਿਮਨ ਲਿਖਿਤ ਪੁਸਤਕਾਂ:-

                -SIKOREY BIPUL KHUDA 1986

                -NIRBASITO BAHIREY ANTOREY1989

                -AMAR KICHU JAI ASE NA 1991

                -BALIKA GOLLACHOOT 1991

                -NIRBACHITO 1991

                -JABO NA KENO JABO 1992

                -OPORPOKKHA 1992

                -SODH 1992

                -BEHULA EKA BHASIECHILO BHELA 1993

                -NIMONTRON 1993

                -BHRAMAR KOYO GIA 1993

                -PHERA 1993

                -NASHTO MEYER NASHTO GADYA 1993

                -LAJJA(SHAME) 1993

                -APARPAKSHA 1994

-ਛੋਟੇ ਛੋਟੇ ਦੁੱਖ ਕਥਾ 1994

                -AYA KASHTA JHENPE, JIBON DIBO MEPE 1994

           -ਔਰਤ ਕੇ ਹੱਕ ਮੇ (ਹਿੰਦੀ)1994

       -DUKHBATI MEYE 1995

-ਔਰਤ ਦੇ ਹੱਕ ਵਿੱਚ (ਪੰਜਾਬੀ)1997

                - FERO (ਗੁਜ਼ਰਾਤੀ) 1998


ਤਸਲੀਮਾ ਦੇ ਸਾਹਿਤਕ ਖੇਤਰ ਵਿੱਚ ਕੁੱਦਣ ਤੋਂ ਪੂਰਬ, ਬੰਗਾਲੀਆਂ ਦੀਆਂ ਦੋ ਚੀਜ਼ਾਂ ਜੱਗ ਵਿੱਚ ਮਸ਼ਹੂਰ ਸਨ। ਇੱਕ ਤਾਂ ਕਾਲਾ ਯਾਦੂ ਤੇ ਦੂਜਾ ਬੰਗਾਲੀ ਚੀਤੇ। ਤੇ ਹੁਣ ਉਨ੍ਹਾਂ ਕੋਲ ਜਿਹੜੀ ਤੀਜੀ ਜਗਤ ਪ੍ਰਸਿੱਧ ਸ਼ੈਅ ਹੋ ਗਈ ਹੈ, ਉਹ ਹੈ ਤਸਲੀਮਾ ਨਸਰੀਨ। 

ਤਸਲੀਮਾ ਦੀ ਕਲਮ ਵਿੱਚ ਵੀ ਕਾਲੇ ਜਾਦੂ ਵਰਗਾ ਅਸਰ ਹੈ। ਪਾਠਕ ਨੂੰ ਉਹ ਆਪਣੀ ਲਿਖਤ ਨਾਲ ਮੰਤਰ-ਮੁਗਧ ਕਰ ਲੈਂਦੀ ਹੈ। ਹਿਪਨੋਟਾਈਜ਼ ਕਰ ਲੈਂਦੀ ਹੈ। ਤਸਲੀਮ ਨਸਰੀਨ ਨੂੰ ਪੜ੍ਹਦਿਆਂ ਆਲੇ-ਦੁਆਲੇ ਦੀ ਸੁੱਧ-ਬੁੱਧ ਨਹੀਂ ਰਹਿੰਦੀ। ਇਕਾਗਰ ਹੋਈ ਬਿਰਤੀ ਉਹਦੀ ਰਚਨਾ ਦੇ ਅੱਖਰਾਂ ਵਿੱਚ ਗੁਆਚ ਕੇ ਰਹਿ ਜਾਂਦੀ ਹੈ। ਕਹਿੰਦੇ ਨੇ ਯਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਤਸਲੀਮਾ ਦੀ ਕਲਮ ਦਾ ਤਲਿਸਮ ਵੀ ਬੋਲਦਾ ਹੈ, ਸਿਰਫ਼ ਸਿਰ ਚੜ੍ਹ ਕੇ ਹੀ ਨਹੀਂ ਬਲਕਿ ਇੰਨਸਾਨ ਦੇ ਦਿਲ-ਓ-ਦਿਮਾਗ ਅਤੇ ਆਤਮਾ ’ਤੇ ਚੜ੍ਹਕੇ ਕੱਥਕ ਕਰਦਾ ਹੈ। 

ਤਸਲੀਮਾ ਨਸਰੀਨ ਦੀ ਲੇਖਣੀ ਵਿੱਚ ਚੀਤੇ ਵਾਲੀਆਂ ਖਸਲਤਾਂ ਵੀ ਮੌਜੂਦ ਹਨ। ਉਸਦੀ ਕਲਮ ਵਿੱਚ ਫਰਤੀਲਾਪਨ ਅਤੇ ਰੋਹਦਾਰ ਦਬਕਾ ਹੈ। ਦਹਾੜ ਹੈ। ਰੂਹ ਨੂੰ ਨਸ਼ਿਆ ਜਾਂਦੀ ਹੈ ਉਹਦੀ ਸਿਨਫ਼। ਤਸਲੀਮਾ ਦੀ ਲਿਖਤ ਦੇ ਪ੍ਰਭਾਵ ਬਾਰੇ ਗੱਲ ਕਰਨੀ ਹੋਵੇ ਤਾਂ ਮੈਂ ਕਹਾਂਗਾ ਉਹ ਏਵਲ ਦੇ ਟੀਕੇ ਵਰਗੀ ਹੈ। ਜਿਸਨੂੰ ਲਾਉਂਦਿਆਂ ਹੀ ਹਲਕੀ ਜਿਹੀ ਚੁੰਭਨ ਹੁੰਦੀ ਹੈ। ਬੰਦਾ ਚੌਕਸ ਹੋ ਕੇ ਬੈਠ ਜਾਂਦਾ ਹੈ। ਫਿਰ ਰਚਨਾ ਪੜ੍ਹ ਲੈਣ ਬਾਅਦ ਸਰਿੰਜ਼ ਦੇ ਮਾਸ ਚੋਂ ਨਿਕਲਣ ਵਰਗਾ ਸੁਖਦ ਜਿਹਾ ਅਨੁਭਵ ਹੁੰਦਾ ਹੈ। ਉਸ ਤੋਂ ਪੇਸ਼ਤਰ ਦਵਾਈ ਦਾ ਖੂਨ ਵਿੱਚ ਸੰਚਾਰ ਹੋਣ  ਨਾਲ ਮਿਚਦੀਆਂ ਅੱਖਾਂ ਵਾਂਗ ਪਾਠਕ ਦਾ ਧਿਆਨ ਰਚਨਾ ਵਿੱਚ ਹੀ ਅੜਕ ਕੇ ਰਹਿ ਜਾਂਦਾ ਹੈ ਤੇ ਬੇਹੋਸ਼ੀ ਦਾ ਆਲਮ ਤਾਰੀ ਹੋ ਜਾਂਦਾ ਹੈ। ਉਦੋਂ ਇੱਕ ਆਤਮਾ ਨੂੰ ਸ਼ਰਸਾਰ ਅਤੇ ਪ੍ਰਸੰਨ ਕਰ ਦੇਣ ਵਾਲੇ ਵਿਸਮਾਦ ਨੂੰ ਮਹਿਸੂਸਿਆ ਜਾ ਸਕਦਾ ਹੈ। ਰਚਨਾ ਵਿੱਚ ਗੜੂੰਦ ਰਹਿ ਕੇ ਪਾਠਕ ਜਦੋਂ ਰਚਨਾ ਦੇ ਅਰਥਾਂ ਦਾ ਗਿਆਨ ਗ੍ਰਹਿਣ ਕਰਦਾ ਹੈ ਤਾਂ ਝਟਕਾ ਖਾਹ ਉੱਠਦਾ ਹੈ। ਇਹ ਉਹ ਪਲ ਹੁੰਦੇ ਹਨ, ਜਦੋਂ ਪਾਠਕ ਨੋਟਿਸ ਕਰਦਾ ਹੈ ਕਿ ਉਸਦੀ ਬਿਮਾਰੀ (ਸਮਾਜਿਕ ਕੁਰੀਤੀ) ਦਾ ਬੇਹੋਸ਼ੀ ਦੇ ਪਲਾਂ ਦੌਰਾਨ ਇਲਾਜ਼ ਹੋ ਚੁੱਕਿਆ ਹੁੰਦਾ ਹੈ। ਉਸਦੀ ਮਾਨਸਿਕਤਾ ਵਿੱਚ ਬਦਲਾਉ ਆ ਚੁੱਕਾ ਹੁੰਦਾ ਹੈ। ਉਸਦੀ ਜ਼ਿਹਨੀਅਤ ਵਿੱਚ ਚੇਤਨਤਾ ਦਾ ਇੰਕਲਾਬ ਆ ਚੁੱਕਿਆ ਹੁੰਦਾ ਹੈ।

ਅਸਲ ਵਿੱਚ ਤਾਂ ਤਸਲੀਮਾ ਕਵਿਤਰੀ ਹੈ, ਸ਼ਾਇਦ ਇਸੇ ਕਰਕੇ ਉਸਦੀ ਵਾਰਤਕ ਵਿਚੋਂ ਵੀ ਕਾਵਿਕਤਾ ਦਾ ਝਲਕਾਰਾ ਪੈਂਦਾ ਹੈ।  ਤਸਲੀਮਾ ਦੀ ਰਚਨਾ ਵਿੱਚ ਕੋਹੀ ਜਾ ਰਹੀ ਸਮੱਸਤ ਮਨੁੱਖ ਜਾਤੀ ਦੇ ਦ੍ਰਿਸ਼ਾਂ ਦਾ ਵਿਵਰਣ ਪੜ੍ਹ ਕੇ ਪਾਠਕ ਦੀਆਂ ਅੱਖਾਂ ਸਿਲੀਆਂ ਹੋਣੋਂ ਨਹੀਂ ਰਹਿ ਸਕਦੀਆਂ। ਤਸਲੀਮਾ ਨੂੰ ਪੜ੍ਹਦਿਆਂ ਉਸਦੀ ਇੱਕ ਹੋਰ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਲੁੱਟਣ ਵਾਲੀ ਅਦਾ ਜੋ ਮੇਰੇ ਧਿਆਨ ਵਿੱਚ ਆਈ ਹੈ, ਉਹ ਹੈ ਕਿ ਤਸਲੀਮਾ ਆਪਣੇ ਕਹੇ ਹੋਏ ਇੱਕ-ਇੱਕ ਵਾਕ ਨੂੰ ਸਹੀ ਸਾਬਤ ਕਰਨ ਲਈ ਸੌ-ਸੌ ਤੱਥ, ਹਵਾਲੇ ਅਤੇ ਤਰਕਮਈ ਦਲੀਲਾਂ ਦਿੰਦੀ ਹੈ ਤੇ ਕਹੀ ਗਈ ਗੱਲ ਨੂੰ ਸਿੱਧ ਕਰਕੇ ਹੀ ਦਮ ਲੈਂਦੀ ਹੈ। ਉਹ ਦਲੀਲ ਵੀ ਐਨੀ ਵਜ਼ਨਦਾਰ ਦੇਵੇਗੀ ਕਿ ਜਿਸਨੂੰ ਤੋੜ ਸਕਣਾ ਅਸੰਭਵ ਨਹੀਂ ਤਾਂ ਅਤਿ-ਮੁਸ਼ਕਿਲ ਤਾਂ ਜ਼ਰੂਰ ਹੁੰਦਾ ਹੈ। ਵੱਡੇ-ਵੱਡੇ ਆਲਮਾਂ-ਫਾਜ਼ਲਾਂ ਦੇ ਛੱਕੇ ਛੁਡਾ ਕੇ ਰੱਖ ਦਿੰਦੀ ਹੈ। ਸਾਜ਼ਾਂ ਦੀ ਤਾਲ ਨਾਲ ਤਾਲ ਮਿਲਾ ਕੇ ਨੱਚਦੀ ਕਿਸੇ ਨਾਚੀ ਦੇ ਪੈਰੀਂ ਪਾਈਆਂ ਝਾਜ਼ਰਾਂ ਦੇ ਛਣਕਦੇ ਬੋਰਾਂ ਵਰਗਾ ਸੰਗੀਤ ਹੁੰਦਾ ਹੈ, ਤਸਲੀਮਾ ਦੀ ਕਲਮ ਤੁਆਰਾ ਉਲੀਕੇ ਗਏ ਸ਼ਬਦਾਂ ਵਿੱਚ। ਉਹਦੇ ਸਧਾਰਨ ਤੋਂ ਸਧਾਰਨ  ਵਾਕਾਂ ਵਿੱਚ ਵੀ ਲੋਕ ਗੀਤਾਂ ਵਰਗਾ ਰਿਦਮ ਹੈ ਤੇ ਆਪਣੇ ਕਾਵਿ ਵਿਚਲਾ ਰਵਾਨਗੀ ਵਾਲਾ ਗੁਣ ਉਹਨੇ ਬਚਪਨ ਵਿੱਚ ਬ੍ਰਹਮਪੁਤਰਾ ਦੀਆਂ ਧਾਰਾਵਾਂ ਨਾਲ ਖੇਡਦਿਆਂ ਉਨ੍ਹਾਂ ਤੋਂ ਗ੍ਰਹਿਣ ਕੀਤਾ ਹੈ।

ਤਸਲੀਮਾ ਦੇ ਹੋਸ਼ ਸੰਭਾਲਦਿਆਂ ਹੀ ਨਾਰੀ ਨਾਲ ਹੋ ਰਹੇ ਵਿਤਕਰੇ ਬਾਜ਼ੀ ਨੂੰ ਅਨੁਭਵ ਕੀਤਾ ਤੇ ਇਹੀ ਇੱਕ ਮਾਤਰ ਕਾਰਨ ਹੈ ਕਿ ਉਸਨੇ ਬਾਅਦ ਵਿੱਚ ਉਸ ਪ੍ਰਤਿ ਆਪਣਾ ਬਾਗੀ ਰੁੱਖ ਅਖਤਿਆਰ ਕਰ ਲਿਆ। ਸਮੇਂ-ਸਮੇਂ ਉਹਨੇ ਅਖਬਾਰਾਂ ਵਿੱਚ ਔਰਤ ਦੀ ਪੈਰਵਾਈ ਕਰਦੇ ਗਿਆਨਵਰਧਕ ਕਾਲਮ ਲਿਖ ਕੇ ਸਮਾਜ ਵਿੱਚ ਜਾਗਰਿਤੀ ਲਿਆਉਣ ਦੇ ਉਪਰਾਲੇ ਕੀਤੇ। ਉਸਦਾ ਕਥਨ ਹੈ ਕਿ ਮਰਦ ਵਿੱਚ ਪੰਜ ਗਿਆਨ ਇੰਦਰੀਆਂ ਅਤੇ ਔਰਤ ਵਿੱਚ ਛੇ ਹੁੰਦੀਆਂ ਹਨ। (ਛੇਵੀਂ ਜਿਸਦਾ ਔਰਤ ਮਰਦ ਨੂੰ ਸਮਝਣ ਲਈ ਪ੍ਰਯੋਗ ਕਰਦੀ ਹੈ!) ਇਸ ਲਈ ਔਰਤ ਮਰਦ ਤੋਂ ਨੀਵੀਂ ਨਹੀਂ ਬਲਕਿ ਸ੍ਰੇਸ਼ਟ ਹੈ। 

ਇੱਕ ਥਾਂ ਤਸਲੀਮਾ ਨੇ ਆਪਣੇ ਨਿਬੰਧ ਵਿੱਚ ਜ਼ਿਕਰ ਕੀਤਾ ਹੈ ਕਿ ਭਾਰਤ ਦਾ ਭਰਮਣ ਕਰਨ ਬਾਅਦ ਜਦੋਂ ਉਹ ਵਾਪਸ ਬੰਗਲਾਦੇਸ਼ ਗਈ ਤਾਂ ਉਹ ਭਾਰਤ ਦੀ ਸੈਰ ਅਤੇ ਤਜ਼ਰਬਿਆਂ ਬਾਰੇ ਦੱਸਣ ਲਈ ਉਤਾਵਲੀ ਸੀ। ਤਸਲੀਮਾ ਜਦੋਂ ਵੀ ਕਿਸੇ ਨੂੰ ਦੱਸਦੀ ਕਿ ਉਹ ਭਾਰਤ ਜਾ ਕੇ ਆਈ ਹੈ ਤਾਂ ਬਜਾਏ ਇਸਦੇ ਕਿ ਲੋਕ ਉਹਨੂੰ ਉਸਦੀ ਯਾਤਰਾ ਸੰਬੰਧੀ ਪ੍ਰਸ਼ਨ ਪੁੱਛਦੇ। ਹਰ ਕੋਈ ਇਹੀ ਕਹਿੰਦਾ ਕਿ ਉਹਦੇ ਨਾਲ ਕੌਣ ਗਿਆ ਸੀ? ਭਾਵ ਕਿ ਇੱਕ ਔਰਤ ਐਨੀ ਕਮਜ਼ੋਰ ਸਮਝੀ ਜਾਂਦੀ ਹੈ ਕਿ ਇਕੱਲੀ ਘੁੰਮਣ ਵੀ ਨਹੀਂ ਜਾ ਸਕਦੀ। ਉਸਨੂੰ ਆਪਣੀ ਰੱਖਿਆ ਵਾਸਤੇ ਨਾਲ ਕੋਈ ਨਾ ਕੋਈ ਮਰਦ ਖੜ੍ਹਨਾ ਪੈਂਦਾ ਹੈ। ਇਸ ਘਟਨਾ ਉਪਰੰਤ ਉਸਨੇ ਨਾਰੀ ਸੁਤੰਰਤਾ ਦੇ ਵਿਸ਼ੇ ਨੂੰ ਲੈ ਕੇ ਅਨੇਕਾਂ ਕੰਢੇ ਕੱਢ ਲੇਖ ਲਿਖੇ। ਉਸਨੇ ਵਾਰ-ਵਾਰ ਬੁਧੀਜੀਵੀਆਂ ਨੂੰ ਸਤੀ ਅਤੇ ਬਾਂਝ ਸ਼ਬਦ ਦੇ ਪੁਲਿੰਗਾਂ ਦੀ ਅਣਹੋਂਦ ਬਾਰੇ ਸੁਆਲ ਕੀਤੇ ਹਨ। ਤਸਲੀਮਾ ਸ਼ਾਇਦ ਇੱਕੋ ਇੱਕ ਅਤੇ ਪਹਿਲੀ ਲੇਖਿਕਾ ਹੈ ਜਿਸਨੇ ਅਕਸ਼ਤ ਸ਼ਬਦ ਉੱਤੇ ਇਤਰਾਜ਼ ਉਠਾਇਆ ਹੈ ਕਿਉਂਕਿ ਇਸ ਸ਼ਬਦ ਦਾ ਲੜਕੀ ਦੇ ਮਾਮਲੇ ਵਿੱਚ ਅਰਥ ਕੁਆਰੀ ਕੁੜੀ ਹੈ ਅਤੇ ਲੜਕੇ ਦੇ ਸੰਦਰਭ ਵਿੱਚ ਅਰਥ ਹੋਰ ਹੈ ਜਿਸਦਾ ਕਿ ਮਤਲਵ ਸਹੀ ਸਲਾਮਤ ਠੀਕ ਠਾਕ ਬਣਦਾ ਹੈ। ਇੰਝ ਤਸਲੀਮਾ ਦੇ ਸਮਾਜਿਕ ਚੇਤਨਾ ਦੀ ਤੋਰ ਨੂੰ ਤੇਜ਼ ਕਰਨ ਅਤੇ ਨਾਰੀ ਮੁਕਤੀ ਦਾ ਝੰਡਾ ਬਰਦਾਰ ਕਰਨ ਵਿੱਚ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ। 

ਪੱਛਮ ਵਿੱਚ ਔਰਤ ਦੀ ਸਥਿਤੀ ਬਾਰੇ ਅਨੇਕਾਂ ਕਲਮਕਾਰਾਂ ਨੇ ਕਲਮ ਵਾਹੀ ਹੈ ਜਿਨ੍ਹਾਂ ਵਿੱਚੋਂ ਕੈਥਰੀਨ ਕੁੱਕਸਨ ਤੇ ਸੈਮੋਨ-ਡੀ-ਬੈਵਰ ਆਦਿ ਅਨੇਕਾਂ ਨਾਮ ਵਰਣਨ ਕੀਤੇ ਜਾ ਸਕਦੇ ਹਨ। ਔਰਤ ਦੇ ਹੱਕ ਵਿੱਚ ਪੁਸਤਕ ਵਿਚਲੇ ਨਿਬੰਧਾਂ ਦਾ ਪਠਨ ਕਰਨ ਉਪਰੰਤ ਤਸਲੀਮਾ ਮੈਨੂੰ ਉਹਨਾਂ ਸਾਰੇ ਪੰਛਮੀ ਨਾਰੀਵਾਦੀ ਲੇਖਕਾਂ ਦੇ ਬਰਾਬਰ ਖੜ੍ਹੀ ਨਜ਼ਰ ਆਈ।

ਇੱਕ ਵਾਰ ਤਲਸੀਮਾਂ ਨੂੰ ਕੋਲ ਕੁੱਝ ਮੌਲਾਣੇ ਆਏ ਤੇ ਉਸਨੂੰ ਆਖਣ ਲੱਗੇ ਕਿ ਤੂੰ ਔਰਤ ਦੇ ਹੱਕਾਂ ਬਾਰੇ ਹੀ ਕਿਉਂ ਲਿਖੀ ਜਾ ਰਹੀ ਹੈਂ?  ਤਾਂ ਤਸਲੀਮਾ ਉਹਨਾਂ ਨੂੰ ਹੱਸਕੇ ਕਹਾਣੀ ਸੁਣਾਉਣ ਲੱਗ ਪਈ ਕਿ ਬਚਪਨ ਵਿੱਚ ਉਸਦੇ ਛੋਟੇ ਭਰਾ ਨੂੰ ਕੀੜੇ-ਮਕੌੜਿਆਂ ਨਾਲ ਖੇਡਣ ਦਾ ਸ਼ੌਕ ਸੀ ਦੇ ਇੱਕ ਦਿਨ ਉਸਦੇ ਭਰਾ ਨੇ  ਇੱਕ ਕਿਰਲੀ ਦੀ ਸੀਰੀ ’ਤੇ ਪੈਰ ਰੱਖ ਲਿਆ ਤੇ ਚੀਖ-ਚੀਖ ਕੇ ਆਖਣ ਲੱਗਾ, “ਆ ਦੇਖ ਬੂਬੂ? ਕਿਰਲੀ ਕਿੰਨੀ ਸ਼ੈਤਾਨ ਹੈ ਮੇਰੇ ਪੈਰ ਉੱਤੇ ਪੂਛ ਮਾਰੀ ਜਾ ਰਹੀ ਹੈ।” ਇਸ ’ਤੇ ਤਸਲੀਮਾ ਨੇ ਆਪਣੇ ਭਰਾ ਨੂੰ ਸਮਝਾਇਆ, “ਤੈਨੂੰ ਇਹ ਤਾਂ ਦਿਖਾਈ ਦੇ ਰਿਹਾ ਹੈ ਕਿ ਉਹ ਤੇਰੇ ਪੈਰ ’ਤੇ ਪੂਛ ਮਾਰ ਰਹੀ ਹੈ ਤੇ ਕੀ ਇਹ ਦਿਖਾਈ ਨਹੀਂ ਦਿੰਦਾ ਕਿ ਤੂੰ ਉਹਦੀ ਸੀਰੀ ਉੱਤੇ ਪੈਰ ਰੱਖਿਆ ਹੋਇਆ ਹੈ? ਉਹ ਮਰ ਰਹੀ ਹੈ। ਉਹਦਾ ਸਾਹ ਘੁੱਟਿਆ ਜਾ ਰਿਹਾ ਹੈ। ਇਸ ਲਈ ਉਹ ਤੜਫਦੀ ਹੋਈ ਆਪਣੇ ਬਚਾਅ ਖਾਤਰ ਪੂਛ ਮਾਰ ਰਹੀ ਹੈ। ਪੈਰ ਚੁੱਕ ਲੈ ’ਤੇ ਉਹ ਪੂਛ ਮਾਰਨੋਂ ਹੱਟ ਜਾਵੇਗੀ।” ਇਹ ਕਹਾਣੀ ਸੁਣਾ ਕੇ ਤਸਲੀਮਾ ਉਹਨਾਂ ਸੱਜਣਾ ਨੂੰ ਮੁਖਾਤਿਬ ਹੋ ਕੇ ਕਹਿਣ ਲੱਗੀ, “ਔਰਤ ਉੱਤੇ ਜ਼ੁਲਮ ਹੋ ਰਹੇ ਹਨ। ਇਸ ਲਈ ਮੈਂ ਉਸਦੇ ਹੱਕ ਵਿੱਚ ਆਵਾਜ਼ ਉੱਠਾ ਰਹੀ ਹਾਂ। ਤੁਸੀਂ ਜ਼ੁਲਮ ਕਰਨਾ ਛੱਡ ਦੇਵੋ। ਮੈਂ ਲਿਖਣਾ ਛੱਡ ਦੇਵਾਂਗੀ।” 

ਅੱਗੋਂ ਉਹਨਾਂ ਨੂੰ ਕੋਈ ਜੁਆਬ ਨਾ ਆਇਆ।

ਔਰਤ ਦੇ ਹਿੱਤਾਂ ਲਈ ਸਭ ਤੋਂ ਵੱਧ ਡੱਟ ਕੇ ਲਿਖਣ ਕਾਰਨ ਪ੍ਰਸਿਧੀ ਤਾਂ ਤਸਲੀਮਾ ਨੂੰ ਪਹਿਲਾਂ ਹੀ ਕਾਫ਼ੀ ਮਿਲ ਗਈ ਸੀ। ਪਰ ਉਸਦੀ ਚਰਚਾ ਸਿਰਫ਼ ਬੰਗਲਾਦੇਸ਼ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਸੀ। ਫਰਵਰੀ 1993 ਵਿੱਚ ਜਦੋਂ ਉਹਨੇ ਲੱਜਾ ਨਾਵਲ ਪ੍ਰਕਾਸ਼ਿਤ ਕਰਵਾਇਆ ਤਾਂ ਸਾਰੇ ਸੰਸਾਰ ਵਿੱਚ ਤਰਥਲੀ ਮੱਚ ਗਈ। ਛਪਣ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਹੀ ਇਹਦੀਆਂ 60,000 ਕਾਪੀਆਂ ਵਿੱਕ ਗਈਆਂ। ਇਸ ਨਾਵਲ ਦੀ ਚਰਚਾ ਦਿਨੋਂ ਦਿਨ ਸਾਰੇ ਵਿਸ਼ਵ ਵਿੱਚ ਜੰਗਲ ਦੀ ਅੱਗ ਵਾਂਗ ਫੈਲਦੀ ਚਲੀ ਗਈ। ਉਸੇ ਸਾਲ ਜੁਲਾਈ ਵਿੱਚ ਬੰਗਲਾਦੇਸ਼ ਸਰਕਾਰ ਨੇ ਇਸ ਨਾਵਲ ਉੱਤੇ ਦੇਸ਼ ਅਤੇ ਕੌਮ ਦਾ ਅਮਨ ਭੰਗ ਕਰਨ ਦਾ ਦੋਸ਼ ਲਾ ਕੇ ਪਾਬੰਧੀ ਲਾ ਦਿੱਤੀ। ਉਸ ਤੋਂ ਬਾਅਦ ਸਤੰਬਰ ਵਿੱਚ ਕੱਟੜਪੰਥੀਆਂ ਵੱਲੋਂ ਤਸਲੀਮਾ ਨਸਰੀਨ ਨੂੰ ਫਤਵਾ ਲਾ ਦਿੱਤਾ ਗਿਆ ਤੇ ਉਸਦੇ ਸਿਰ ’ਤੇ ਭਾਰੀ ਨਕਦ ਇਨਾਮ ਰੱਖ ਦਿੱਤਾ ਗਿਆ। ਜਿਸ ਕਾਰਨ ਤਸਲੀਮਾ ਨੂੰ ਪਰਿਵਾਰ ਸਮੇਤ ਰੂਪੋਸ਼ ਹੋਣਾ ਪਿਆ। ਡਾਕੇ ਦੀਆਂ ਗਲੀਆਂ ਬਜ਼ਾਰਾਂ ਵਿੱਚ ਤਸਲੀਮਾ ਦੇ ਖੂਨ ਦੇ ਪਿਆਸਿਆਂ ਵੱਲੋਂ ਉਹਦੇ ਵਿਰੁਧ ਰੋਸ ਵਿਖਾਵੇ ਕੀਤੇ ਗਏ ਅਤੇ ਉਸਦੇ ਪੁਤਲੇ ਸਾੜੇ ਗਏ। ਇਕ ਔਰਤ ਹੋਣ ਦੇ ਬਾਵਜੂਦ ਉਸਦਾ ਸਾਹਸ ਕਾਬਲ-ਏ-ਦਾਦ ਹੈ। ਉਸਨੇ ਹੌਂਸਲਾ ਨਹੀਂ ਛੱਡਿਆ। ਨਾ ਹੀ ਡਰੀ ਅਤੇ ਨਾ ਹੀ ਜਰਕੀ ਹੈ। ਸਗੋਂ ਪਹਿਲਾਂ ਵਾਂਗ ਆਪਣੇ ਅਕੀਦੇ ਉੱਤੇ ਦ੍ਰਿੜਤਾ ਨਾਲ ਡਟੀ ਹੋਈ ਹੈ ਤੇ ਮਾਣ ਨਾਲ ਸਿਰ ਉੱਚਾ ਕਰਕੇ ਕਹਿੰਦੀ ਹੈ, “...none of these things have shaken my determination to continue the battle against religious persecution, genocide and communalism.”  And “I am not afraid of any challenge or threat to my life.”   ਅਸ਼ਕੇ! ਵਾਰੇ-ਵਾਰੇ ਜਾਈਏ ਇਹੋ ਜਿਹੀ ਦਲੇਰੀ ’ਤੇ। 

ਲੱਜਾ ਦੀ ਮਸ਼ਹੂਰੀ ਤੋਂ ਬਾਅਦ ਤਸਲੀਮਾ ਦਾ ਜ਼ਿਕਰ ਸਾਰੇ ਹੱਦਾਂ-ਬੰਨ੍ਹੇ ਤੋੜ ਕੇ ਹੜ੍ਹਾਂ ਦੇ ਪਾਣੀ ਵਾਂਗ ਚਾਰੇ ਕੂੰਟੀ ਫੈਲ ਗਿਆ। ਅੱਜ ਬੱਚਾ-ਬੱਚਾ ਉਹਦੇ ਨਾਂ ਤੋਂ ਵਾਕਿਫ ਹੈ। ਹਾਲਾਂਕਿ  ਉਸਦਾ ਅਕਸ ਨਾਰੀਵਾਦੀ ਲੇਖਕਾਂ ਵਜੋਂ ਬਣਿਆ ਹੋਇਆ ਹੈ, ਪਰ ਉਹ ਦੇਸ਼, ਲਿੰਗ ਅਤੇ ਮਜ਼ਹਬ ਦੀਆਂ ਕੱਚ ਜੜੀਆਂ ਵਲਗਣਾਂ ਨੂੰ ਟੱਪ ਕੇ ਨਿਰੋਲ ਮਾਨਵਤਾ ਦੀ ਬਾਤ ਪਾਉਂਦੀ ਹੈ। ਤਸਲੀਮਾ ਮੁਤਾਬਕ ਧਰਮ ਇੱਕ ਸੰਸਥਾ ਦੇ ਰੂਪ ਵਿੱਚ ਔਰਤ ਨੂੰ ਦਬਾਅ ਕੇ ਰੱਖਦਾ ਹੈ ਤੇ ਉਸਦਾ ਸ਼ੋਸ਼ਣ ਕਰਦਾ ਹੈ। ਇਸ ਲਈ ਉਹ ਖੋਖਲੀਆਂ ਅਤੇ ਬੇਬੁਨੀਆਦ  ਗਲਤ ਧਾਰਮਿਕ ਰੀਤੀਆਂ ਅਤੇ ਰਿਵਾਜ਼ਾਂ ਦੀਆਂ ਖੂਬ ਧੱਜੀਆਂ ਉਡਾਉਂਦੀ ਹੈ। ਕੁਰਾਨ ਹਦੀਸ, ਤਿਰਮੀਜੀ ਹਦੀਸ ਅਤੇ ਮੁਸਲਿਮ ਕਿਤਾਬ ਮਕਸੂਦਲ- ਮੋਮੇਨੀਨ ਵਿਚਲੇ ਨਸੀਹਤ ਨਾਮਿਆਂ ਨੂੰ ਉਹ ਆੜੇ ਹੱਥੀਂ ਲੈਂਦੀ। ਮਾਮਲਾ ਇਹ ਨਹੀਂ ਹੈ ਕਿ ਉਹ ਖੁਦ ਮੁਸਲਮਾਨ ਹੋ ਕੇ  ਹਿੰਦੂਆਂ ਦਾ ਪੱਖ ਪੂਰਦੀ ਹੈ ਤੇ ਮੁਸਲਮਾਨਾਂ ਦੇ ਬਰਖਿਲਾਫ ਲਿਖਦੀ ਹੈ। ਨਹੀਂ! ਉਸਨੇ ਆਪਣੀ ਪੁਸਤਕ ਔਰਤ ਕੇ ਹੱਕ ਮੇਂ। ਵਿੱਚ ਹਿੰਦੂ ਸੰਪਰਦਾਇਕਤਾ ਦਾ ਵੀ ਡੱਟਵਾਂ ਵਿਰੋਧ ਕੀਤਾ ਹੈ। ਉਹ ਤਾਂ ਧਰਮਾਂ ਮਜ਼ਹਬਾਂ ਦੇ ਨਾਮ ਹੇਠ ਫੈਲ ਰਹੀਆਂ ਗਲਤ ਧਾਰਨਾਵਾਂ ਅਤੇ ਦੁਰਾਚਾਰ ਦੇ ਕੋਹੜ ਨੂੰ ਨਿਰਪੱਖਤਾ ਨਾਲ ਬਿਆਨ ਕਰਦੀ ਅਤੇ ਨਿੰਦਦੀ ਹੈ। ਜੇ ਮਹਾਂਭਾਰਤ ਵਰਗੇ ਗ੍ਰੰਥ ਦਾ ਸਲੋਕ ਕਹਿੰਦਾ ਹੈ ਕਿ, ਨਾ ਇਸਤਰੀ ਸਵਾਤੰਤਰਮਰਹਤੀ ਤਾਂ ਫਿਰ ਵੀ ਉਹ ਚੁੱਪ ਨਹੀਂ ਰਹਿੰਦੀ  ਤੇ ਹੱਥ ਖੜ੍ਹਾ ਕਰਕੇ ਪੁੱਛਦੀ ਹੈ ਕਿ ਕਿਉਂ? ਕਿਉਂ ਨਹੀਂ ਸਵੰਤਤਰਤਾ ਤੇ ਔਰਤ ਦਾ ਅਧਿਕਾਰ?

ਇਸੇ ਪ੍ਰਕਾਰ ਤਸਲੀਮਾ ਆਪਸਤੱਬ ਧਰਮਸੂਤਰ ਤੇ ਉਂਗਲ ਧਰਕੇ ਪੁੱਛਦੀ ਹੈ ਕਿ ਔਰਤ ਹੋਮ-ਹਵਨ ਕਿਉਂ ਨਹੀਂ ਕਰ ਸਕਦੀ? ਇੰਝ ਉਹ ਸਤਪਥ ਬ੍ਰਹਾਮਣ, ਬੋਧਾਯਿਨ ਧਰਮਸੂਤਰ, ਬ੍ਰਹਮਦਾਰਣਯਕ ਉਪਨਿਸ਼ਦ, ਮੈਤ੍ਰੈਯਣੀ ਸੰਹਿਤਾ, ਤੈਤਰੀਯ ਸੰਹਿਤਾ, ਏਤਰੇਯ ਬ੍ਰਾਹਮਣ, ਗ੍ਰਹਿ ਸੂਤਰ, ਵਸ਼ਿਸ਼ਠ ਧਰਮ ਸੂਤਰ ਆਦਿ ਗ੍ਰੰਥਾਂ ਤੇ ਵੀ ਨਿਝਿਜਕ ਹੋ ਕੇ ਉਂਗਲ ਰੱਖਦੀ ਹੈ।

2 ਫਰਵਰੀ 1968 ਨੂੰ ਸ਼ਾਰਦੀਯ ਦੇਸ਼ ਵਿੱਚ ਪ੍ਰਕਾਸ਼ਿਤ ਹੋਏ ਨਾਵਲਿਸਟ ਸਮਰੇਸ਼ ਬਸੂ ਦੇ ਨਾਵਲ ਪ੍ਰਜਾਪਤੀ ਉੱਤੇ ਦੂਜੇ ਲੇਖਕਾਂ ਦੇ ਕਹਿਣ ’ਤੇ ਅਸ਼ਲੀਲਤਾ ਦਾ ਦੋਸ਼ ਲਾ ਕੇ  ਰੋਕ ਲਾ ਦਿੱਤੀ ਤਾਂ ਤਸਲੀਮਾਂ ਨੇ ਸਮਰੇਸ਼ ਬਸੂ ਦੇ ਹੱਕ ਵਿੱਚ ਲਿਖਿਆ ਅਤੇ ਧਾਰਮਿਕ ਗ੍ਰੰਥਾਂ ਵਿਚੋਂ ਹਵਾਲੇ ਦੇ ਕੇ ਸਾਬਤ ਕੀਤਾ ਕਿ ਜੇ ਇਸਤਰੀ ਪੁਰਸ਼ ਮਿਲਨ ਗੰਦੀ ਗੱਲ ਹੈ ਤੇ ਉਸਦਾ ਬੇਬਾਕੀ ਨਾਲ ਚਿਤਰਣ ਕਰਨ ਵਾਲਾ ਸਾਹਿਤ ਅਸ਼ਲੀਲ ਹੈ ਤਾਂ ਸਾਰੇ ਧਾਰਮਿਕ ਗ੍ਰੰਥ ਵੀ ਉੱਤੋਂ ਕੁੱਝ ਕਹਿ ਰਹੇ ਹਨ ਅਤੇ ਉਨ੍ਹਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਇਸ ਲੇਖ ਵਿੱਚ ਉਸਨੇ, ਸੂਰਾ ਆ ਇਮਰਾਨ, ਸੂਰਾ ਬਕਾਰਾ, ਸੂਰਾ ਯੂਸਫ ਆਦਿ ਆਇਤਾਂ ਦੇ ਹਵਾਲੇ ਵੀ ਦਿੱਤੇ ਸਨ।

ਪੂਰਵਾਭਾਸ ਪੱਤ੍ਰਿਕਾ ਲਈ ਤਸਲੀਮਾ ਦੇ ਕਈ ਵਰ੍ਹੇ ਲਿਖਿਆ ਹੈ ਤੇ ਲੱਜਾ ਛਪੇ ਤੋਂ ਉਸੇ ਮੈਗਜ਼ੀਨ ਨੇ ਸਭ ਤੋਂ ਵੱਧ ਤਸਲੀਮਾ ਦੇ ਖਿਲਾਫ ਲਿਖਿਆ ਸੀ।  

  ਲੱਜਾ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੇ ਜੀਵਨ ਦੇ ਕੌੜੇ ਯਥਾਰਥ ਨੂੰ ਮੂਰਤੀਮਾਨ ਕਰਦੀ ਕਹਾਣੀ ਹੈ। ਵੱਡੀ ਮੱਛੀ ਦੇ ਛੋਟੀ ਮੱਛੀ ਨੂੰ ਖਾਣ ਦੇ ਸਿਧਾਂਤ ਅਨੁਸਾਰ ਬਹੁਗਿਣਤੀ ਕੌਮਾਂ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਕਿਵੇਂ ਮਧੋਲਿਆ ਅਤੇ ਮਸਲਿਆ ਜਾਂਦਾ ਹੈ। ਇੰਨਸਾਨਾਂ ਦੇ ਦਿਮਾਗ ਉੱਤੇ ਕਿਵੇਂ ਮਜ਼ਹਬੀ ਜਨੂੰਨ ਐਨਾ ਹਾਵੀ ਹੋ ਜਾਂਦਾ ਹੈ ਕਿ ਉਹ ਅੱਖਾਂ ਮੀਚ ਕੇ ਨਿਰਦੋਸ਼ ਜੀਵਾਂ ਦਾ ਘਾਣ ਕਰਨ ਲੱਗ ਜਾਂਦੇ ਹਨ। ਇੰਨਸਾਨ ਤੋਂ  ਜਦੋਂ ਬੰਦਾ ਹੈਵਾਨ ਬਣ ਜਾਂਦਾ ਹੈ ਤਾਂ ਉਹ ਸ਼ਰਮਨਾਕ ਗਤੀਵਿਧੀਆਂ ਵਿੱਚ ਸਰਗਰਮ ਹੋ ਜਾਂਦਾ ਹੈ ਤੇ ਐਸੇ-ਐਸੇ ਕਾਰੇ ਕਰਦਾ ਹੈ ਕਿ ਜਿਸ ਨਾਲ ਸਾਰੀ ਮਨੁੱਖਤਾ ਲੱਜਿਤ ਹੋ ਜਾਂਦੀ ਹੈ। ਇਸ ਸਭ ਕਾਸੇ ਦੀ ਮੂੰਹ ਬੋਲਦੀ ਤਸਵੀਰ ਲੱਜਾ ਵਿੱਚ ਪੇਸ਼ ਕਰੀ ਗਈ ਹੈ। 1992 ਵਿੱਚ ਬੰਗਲਾਦੇਸ਼ ਵਿੱਚ ਹੋਏ ਖੂਨੀ ਸਾਕੇ ਲਈ ਤਸਲੀਮਾ ਸਾਰੇ ਬੰਗਲਾਦੇਸ਼ ਦੇ ਵਾਸੀਆਂ ਨੂੰ ਦੋਸ਼ੀ ਠਹਿਰਾਉਂਦੀ ਹੋਈ ਲਾਹਨਤ ਪਾ ਕੇ ਆਖਦੀ ਹੈ, “All of us who love Bangladesh should feel ashamed that such a terrible thing could happen in our beautiful country. The riots that took place in 1992 in Bangladesh are the responsibility of us  all, and we are all to blame. Lajja is a docoment of our collective defeat.”  

ਅਕਤੂਬਰ 1990 ਵਿੱਚ ਜਦੋਂ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਨੂੰ ਭੰਨ੍ਹ ਕੇ ਮੰਦਰ ਉਸਾਰਨ ਦਾ ਮਾਮਲਾ ਖੜ੍ਹਾ ਹੋਇਆ ਸੀ ਤੇ ਵਿਸਵ ਮੀਡੀਏ(ਖਾਸ ਕਰ CNN) ਨੇ ਇਸਨੂੰ ਉਭਾਰਿਆ ਤਾਂ ਉਸ ਵਕਤ ਗੁੱਸੇ ਵਿੱਚ ਆ ਕੇ ਬੰਗਲਾਦੇਸ਼ ਦੇ ਕੱਟੜ ਮੁਸਲਮਾਨਾਂ ਵੱਲੋਂ ਮੰਦਰਾਂ ਦੀ ਤੋੜ੍ਹ-ਫੋੜ੍ਹ ਕੀਤੀ ਗਈ ਸੀ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤਹਿਸ-ਨਹਿਸ ਕੀਤੀਆਂ ਗਈਆਂ ਸਨ। ਮੁਲਖ ਦੇ ਹਿੰਦੂ ਬਾਸ਼ੀਦਿਆਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ। ਉਨ੍ਹਾਂ ਤੇ ਬੰਬ ਸਿੱਟੇ ਗਏ। ਅੱਗਾਂ ਲਾਈਆਂ ਗਈਆਂ। ਅਕਹਿ ਖੂਨ ਖਰਾਬਾ ਹੋਇਆ ਅਤੇ ਪੁਲੀਸ ਤਮਾਸ਼ਬੀਨ ਬਣ ਕੇ ਇਸ ਸਾਰੇ ਭਾਣੇ ਨੂੰ ਦੇਖਦੀ ਰਹੀ ਸੀ। ਉਸ ਵਕਤ ਬਹੁਤ ਸਾਰੇ ਨਿਰਦੋਸ਼ ਇਨ੍ਹਾਂ ਦੰਗਿਆਂ ਦੀ ਭੇਂਟ ਚੜ੍ਹ ਗਏ ਸਨ। ਕੁੱਝ ਕੁ ਨੇ ਇਸ ਤਨਾਉਪੂਰਬਕ ਸਥਿਤੀ ਵਿੱਚ ਚੰਗੇ ਮੁਸਲਿਮ ਲਿਹਾਜੀਆਂ ਦੇ ਘਰ ਸ਼ਰਨ ਲਈ ਸੀ। ਬਾਕੀ ਬਚੇ-ਖੁਚੇ ਹਿੰਦੂ ਬੰਗਲਾਦੇਸ਼ ਤੋਂ ਹਿਜ਼ਰਤ ਕਰਕੇ ਭਾਰਤ ਆ ਗਏ ਸਨ। ਹਾਲਾਤਾਂ ਵਿੱਚ ਆਇਆ ਉਬਾਲਾ ਕੁੱਝ ਦੇਰ ਲਈ ਟਲ੍ਹ ਗਿਆ ਸੀ।

ਉਸ ਤੋਂ ਬਾਅਦ ਭਾਰਤ ਵਿੱਚ 6 ਜੂਨ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਬਾਅਦ ਉਹੀ ਘਟਨਾਵਾਂ ਦੁਬਾਰਾ ਫਿਰ ਬੰਗਲਾਦੇਸ਼ ਵਿੱਚ ਵਾਪਰਦੀਆਂ ਹਨ। ਉਥੋਂ ਦੇ ਮੁਸਲਮਾਨ ਮੂਲਵਾਦੀ ਬਦਲੇ ਦੀ ਭਾਵਨਾ ਨਾਲ ਸਥਾਨਕ ਹਿੰਦੂਆਂ ਉੱਤੇ ਟੁੱਟ ਪੈਂਦੇ ਹਨ। ਤੇ ਫੇਰ ਉਹੀ ਕੁੱਝ ਹੁੰਦਾ ਹੈ ਜੋ 1947 ਵਿੱਚ ਭਾਰਤ ਪਾਕ ਵੰਡ ਵੇਲੇ ਹੋਇਆ ਸੀ ਜਾਂ 1984 ਵੇਲੇ ਦਿੱਲੀ ਦੰਗਿਆਂ ਵਿੱਚ। ਖੌਰੇ ਕਦੋਂ ਇੰਨਸਾਨ ਸਮਝੂਗਾ। ਵਾਰ-ਵਾਰ ਉਸੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਝੁੱਲਦੀ ਉਹ ਕਹਿਰ ਦੀ ਹਨੇਰੀ ਦੇਖ ਕੇ ਤਸਲੀਮਾ ਝੰਜੋੜੀ ਜਾਂਦੀ ਹੈ ਕਲਮ ਚੁੱਕ ਕੇ ਸੱਤਾਂ ਦਿਨਾਂ ਵਿੱਚ ਸ਼ਾਹਕਾਰ ਤੇ ਅਮਰ ਹੋ ਜਾਣ ਵਾਲੀ ਰਚਨਾ ਰਚ ਮਾਰਦੀ ਹੈ। ਨਾਵਲ ਵਿੱਚ ਦਰਸਾਇਆ ਗਿਆ ਜਦੋਂ ਇੰਨਸਾਨ ਇੰਸਾਨੀਅਤ ਤੋਂ ਗਿਰੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਤਾਂ ਇਸ ਸਾਰੇ ਕਾਰੇ ਨੂੰ ਦੇਖ ਕੇ ਹਰ ਸੰਵੇਦਨਾਸ਼ੀਲ ਹਿਰਦਾ ਲੱਜਿਤ! ਹੋ ਜਾਂਦਾ ਹੈ। ਬਸ ਉਸੇ ਵਹਿਸ਼ੀਅਤ ਦੇ ਤਾਡਵ ਨੂੰ ਨੰਗਾ ਕਰਕੇ ਨਸ਼ਰ ਕਰਨ ਦੀ ਗਾਥਾ ਹੈ ਇਹ ਲੱਜਾ। 

ਲੱਜਾ ਦੀ ਸਾਰੀ ਕਹਾਣੀ ਦੱਤ ਗੋਤ ਦੇ ਪਰਿਵਾਰ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਜੋ ਕਿ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਦੇਸ਼ ਬੰਗਲਾਦੇਸ਼ ਵਿੱਚ ਘੱਟਗਿਣਤੀ ਵਾਲੇ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਪਰਿਵਾਰ ਦੇ ਚਾਰ ਜੀਅ ਹਨ, ਸੁਧਾਮਯ, ਪਰਿਵਾਰ ਦਾ ਮੁੱਖੀ। ਕਿਰਨਮਈ ਉਸਦੀ ਪਤਨੀ। ਸੁਰਜਨ ਉਹਨਾਂ ਦਾ ਪੁੱਤਰ ਅਤੇ ਨੀਲਾਂਜਨਾ ਦੱਤ ਉਰਫ ਮਾਇਆ ਉਹਨਾਂ ਦੀ ਲੜਕੀ। ਸੁਧਾਮਯ ਨੇ ਬੰਗਲਾਦੇਸ਼ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਹਨ। ਪਾਕਸਤਾਨ ਤੋਂ ਬੰਗਲਾਦੇਸ਼ ਲੈਣ ਵਿੱਚ ਬੰਗਾਲੀਆਂ ਵੱਲੋਂ ਦਿੱਤੀਆਂ ਤਿੰਨ ਮੀਲੀਅਨ ਬਲੀਆਂ ਵਿੱਚੋਂ ਦੋ ਸੁਧਾਮਯ ਦੇ ਭਰਾਵਾਂ ਅਤੇ ਤਿੰਨ ਸਾਲਿਆਂ ਦੀਆਂ ਜਾਨਾਂ ਦਾ ਯੋਗਦਾਨ ਵੀ ਹੈ। ਇਸ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਪੈਰ-ਪੈਰ ’ਤੇ ਉਸ ਪਰਿਵਾਰ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਪਰਿਵਾਰ ਨੂੰ ਵੀ ਬਾਕੀ ਹੋਰ ਹਿੰਦੂ ਪਰਿਵਾਰਾਂ ਵਾਂਗ ਆਪਣੇ ਜੀਵਨ ਵਿੱਚ ਅਨੇਕਾਂ ਜ਼ੁਲਮ, ਅਨਿਆਏ ਅਤੇ ਧੱਕੇ ਸਹਿਣ ਕਰਨੇ ਪੈਂਦੇ ਹਨ। ਪਰ ਫਿਰ ਵੀ ਉਹ ਜਿਵੇਂ ਕਿਵੇਂ ਉਥੇ ਦਿਨ ਕਟੀ ਕਰੀ ਜਾ ਰਹੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਜੋ ਵੀ ਸਮਝੌਤੇ ਕਰਨੇ ਪੈਂਦੇ ਹਨ ਉਹ ਕਰੀ ਜਾ ਰਹੇ ਹਨ। ਮਸਲਨ, ਮਾਇਆ ਨੀਲਾਂਜਨਾ ਦੱਤ ਤੋਂ ਫਿਰੋਜਾ ਬੇਗਮ ਬਣ ਲਈ ਤਿਆਰ ਹੈ। ਸੁਧਾਮਯ 1975 ਤੋਂ ਧੋਤੀ ਲਾਹ ਕੇ ਪੰਜਾਮਾ ਪਹਿਨਣ ਲੱਗ ਪੈਂਦਾ ਹੈ ਤੇ ਕਿਰਨਮਈ ਨੇ 1971 ਤੋਂ ਹਿੰਦੂਤਵ ਦਾ ਸਬੂਤ ਸੁਹਾਗ ਦੀ ਸੰਖਾ ਅਤੇ ਸਿੰਧੂਰ ਪਾਉਣਾ ਛੱਡ ਦਿੱਤਾ ਸੀ, ਆਦਿ। 

ਸੁਰਜਨ ਬਹੁਤ ਹੀ ਪੜ੍ਹਿਆ ਲਿਖਿਆ ਹੈ। ਪਰ ਉਸਨੂੰ ਫਿਰ ਵੀ ਹਿੰਦੂ ਹੋਣ ਕਰਕੇ ਨੌਕਰੀ ਨਹੀਂ ਮਿਲਦੀ। ਉਸ ਨਾਲ ਹਰ ਪੜ੍ਹਾਅ ’ਤੇ ਵਿਤਕਰਾ ਕੀਤਾ ਜਾਂਦਾ ਹੈ। ਉਸ ਤੋਂ ਘੱਟਯੋਗਤਾ ਵਾਲੇ ਮੁਸਲਮਾਨ ਅਸਾਨੀ ਨਾਲ ਨੌਕਰੀ ਹਥਿਆ ਜਾਂਦੇ ਹਨ। 

ਮੂਲ ਰੂਪ ਵਿੱਚ ਇਹ ਦੰਗਿਆਂ ਦੌਰਾਨ ਦੱਤ ਪਰਿਵਾਰ ਵੱਲੋਂ ਬਿਤਾਏ ਉਨ੍ਹਾਂ ਸਹਿਮ ਭਰੇ ਪਲਾਂ ਦੀ ਹੀ ਦਾਸਤਾਨ ਹੈ ਪਰ ਤਸਲੀਮਾ ਨੇ ਇਸਨੂੰ ਕੁੱਝ ਦਹਿਸ਼ਤਵਾਦੀ ਦਿਨਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਫਲੈਂੱਸ਼ ਬੈਂੱਕ ਦੀ ਵਿਧੀ ਵਰਤ ਕੇ ਪਾਤਰਾਂ ਦੇ ਗੁਜ਼ਰੇ ਜੀਵਨ ਤੋਂ ਵੀ ਜਾਣੂ ਕਰਵਾਇਆ ਹੈ ਤੇ ਇਸਦੇ ਨਾਲ-ਨਾਲ ਹੀ ਨਾਵਲ ਦਾ ਘਟਨਾਕਾਲ 1906 ਮੁਸਲਿਮ ਲੀਗ ਦੇ ਜਨਮ ਵੇਲੇ ਤੱਕ ਪਸਾਰ ਕੇ ਸਮੱਸਿਆ ਦੀਆਂ ਜੜ੍ਹਾਂ ਨੂੰ ਵੀ ਜਾ ਹੱਥ ਪਾਇਆ ਹੈ। 

ਬਹੁਤ ਸਾਰੇ ਹਿੰਦੂ ਪਰਿਵਾਰ 1947 ਅਤੇ ਫਿਰ ਬੰਗਲਾਦੇਸ਼ ਬਣੇ ਤੋਂ ਮੁਲਖ ਛੱਡ ਕੇ ਹਿੰਦੁਸਤਾਨ ਵਿੱਚ ਆ ਵਸਦੇ ਸਨ। ਪਰ ਸੁਧਾਮਯ ਦੇ ਪਿਤਾ ਸੁਕੁਮਾਰ ਵਰਗੇ ਕੁੱਝ ਪਰਿਵਾਰ ਉੱਥੇ ਇਹ ਆਖ ਕੇ ਟਿਕੇ ਰਹਿੰਦੇ ਹਨ ਕਿ ਬੰਗਲਾਦੇਸ਼ ਉਹਨਾਂ ਦੀ ਮਾਤਰਭੂਮੀ ਹੈ। ਉਹ ਕਿਉਂ ਛੱਡਣ ਆਪਣੀ ਧਰਤੀ ਅਤੇ ਪੁਰਖਿਆ ਦੀ ਵਿਰਾਸਤ ਨੂੰ? ਸੁਕੁਮਾਰ ਨੂੰ ਜਦੋਂ ਉਜੜ ਕੇ ਜਾ ਰਹੇ ਹਿੰਦੂ ਭਰਾ ਇਹ ਆਖਦੇ ਹਨ ਕਿ, “ਚਲੋ, ਭਾਰਤ ਚੱਲੀਏ। ਇਹ ਮੁਸਲਮਾਨਾਂ ਦਾ ਹੋਮਲੈਂਡ। ਹਿੰਦੂ ਜ਼ਿੰਦਗੀ ਦੀ ਇੱਥੇ ਕੋਈ ਗਰੰਟੀ ਨਹੀਂ।”  ਤਾਂ ਅੱਗੋਂ ਸੁਕੁਮਾਰ ਉਨ੍ਹਾਂ ਲੋਕਾਂ ਨੂੰ ਕਾਵਰਡ (ਕਾਇਰ) ਦੇ ਵਿਸ਼ੇਸ਼ਨ ਨਾਲ ਸੰਬੋਧਨ ਕਰਕੇ ਝੱਟ ਜੁਆਬ ਦਿੰਦੇ ਹਨ, “ਗਰੰਟੀ ਤਾਂ ਕਿਤੇ ਵੀ ਨਹੀਂ। ਤੁਸੀਂ ਲੋਕ ਜਾਂਦੇ ਹੋ ਤਾਂ ਜਾਉ। ਮੈਂ ਆਪਣੇ ਪੁਰਖਿਆਂ ਦੀ ਭੂਮੀ ਨੂੰ ਨਹੀਂ ਛੱਡਾਂਗਾ।”  

ਸੁਕੁਮਾਰ ਵਾਲੇ ਇਹੀ ਸੰਸਕਾਰ ਅੱਗੋਂ ਉਸਦਾ ਪੁੱਤਰ ਸੁਧਾਮਯ ਅਪਨਾ ਲੈਂਦਾ ਹੈ।1952 ਵਿੱਚ ਜਦੋਂ ਮਹੁੰਮਦ ਅਲੀ ਜਿਨਾਹ ਨੇ ਨਾਹਰਾ ਲਾਇਆ ਕਿ ਉਰਦੂ ਹੀ ਪਾਕਿਸਤਾਨ ਦੀ ਰਾਸ਼ਟਰ ਭਾਸ਼ਾ ਹੋਵੇਗੀ ਤਾਂ ਬੰਗਾਲੀਆਂ ਦਾ ਖੂਨ ਖੌਲ ਉਠੀਆ ਸੀ। ਉਹਨਾਂ ਨੇ ਜੰਗ-ਏੇ-ਆਜ਼ਾਦ ਅਤੇ ਪਾਕਸਤਾਨ ਬਣਨ ਵਿੱਚ ਪਾਏ ਆਪਣੇ ਸ਼ਹਾਦਤਾਂ ਦੇ ਯੋਗਦਾਨ ਬਦਲੇ ਬਣਦਾ ਆਪਣਾ ਹਿੱਸਾ ਮੰਗਿਆ ਸੀ ਤੇ ਬੰਗਾਲੀ ਨੂੰ ਰਾਸ਼ਟਰ ਭਾਸ਼ਾ ਦਾ ਦਰਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਕਰ ਦਿੱਤਾ ਸੀ। ਸੁਧਾਮਯ ਉਦੋਂ ਉਨੀ-ਵੀਹ ਵਰ੍ਹਿਆਂ ਦੇ ਜਵਾਨ ਹੋਣ ਕਰਕੇ ਹਰ ਮੋਰਚੇ ਵਿੱਚ ਮੋਹਰੀ ਰਿਹਾ ਸੀ। ਜਲਸਿਆਂ-ਜਲੂਸਾਂ ਵਿੱਚ ਉਹ ਵੱਧ-ਚੜ੍ਹ ਕੇ ਸ਼ਿਰਕਤ ਕਰਦਾ ਰਿਹਾ ਸੀ। ਉਸਨੇ ਵੀ ਬਾਕੀ ਬੰਗਾਲੀਆਂ ਵਾਂਗ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਉੱਤੇ ਸਹਿਨ ਕੀਤਾ ਸੀ। ਆਪਣੇ ਸਾਥੀ ਰਫੀਕ, ਸਲੀਮ, ਬਰਕਤ ਤੇ ਜੱਬਾਰ ਨੂੰ ਗੋਲੀ ਲੱਗਣ ਵੇਲੇ ਵੀ ਉਨ੍ਹਾਂ ਦੇ ਮੋਡੇ ਨਾਲ ਮੋਡਾ ਲਾਈ ਖੜ੍ਹਾ ਸੀ। 

1969 ਦੇ ਅੰਦੋਲਨ ਵਿੱਚ ਵੀ ਪਿਛੇ ਨਹੀਂ ਸੀ ਰਿਹਾ। ਆਯੂਬ ਖਾਂ ਦੇ ਹੁਕਮ ਤੇ ਪੁਲੀਸ ਨੇ ਫਾਇਰਿੰਗ ਕਰਕੇ ਕੁੱਝ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਸੁਧਾਮਯ ਨੇ ਵੀ ਮੈਮਨ ਸਿੰਘ ਦੀਆਂ ਸੜਕਾਂ ਤੇ ਦੂਜੇ ਬੰਗਾਲੀਆਂ ਵਾਂਗ ਪਾਕਸਤਾਨੀ ਸੈਨਿਕਾਂ ਵਿਰੁੱਧ ਰੋਸ ਮੁਜਾਹਿਰਾ ਕੀਤਾ ਸੀ। 1952 ਭਾਸ਼ਾ ਅੰਦੋਲਨ 1954 ਦੀ ਸੰਯੁਕਤ ਫਰੰਟ ਚੋਣ, 1962 ਸਿੱਖਿਆ ਅੰਦੋਲਨ 1964 ਫੌਜੀ ਰਾਜ ਵਿਰੋਧੀ ਅੰਦੋਲਨ, 1966 ਦੇ ਅੰਦੋਲਨ 1970 ਦੀਆਂ ਚੋਣਾਂ, 1971 ਦਾ ਮੁਕਤੀ ਯੁੱਧ। ਗੱਲ  ਕੀ ਬੰਗਲਦੇਸ਼ ਦੀ ਬਿਹਤਰੀ ਵਾਲੀ ਕਿਸੇ ਵੀ ਮੁਹਿੰਮ ਵਿੱਚ ਸੁਧਾਮਯ ਫਾਡੀ ਨਹੀਂ ਸੀ ਰਿਹਾ। 

ਵਤਨ ਦੇ ਮੁਸਤੱਕਬਿਲ ਨੂੰ ਸੁਆਰਨ ਲਈ ਜਦੋ-ਜਹਿਦ ਕਰਦਿਆਂ 25 ਮਾਰਚ 1971 ਪਾਕਸਤਾਨੀ ਸੈਨਿਕਾਂ ਨੇ ਸੁਧਾਮਯ ਨੂੰ ਘੇਰ ਲਿਆ ਸੀ। ਗਿਰਫਤਾਰ ਹੋਇਆ ਪੁੱਛ-ਗਿਛ ਵੇਲੇ ਉਹ ਆਪਣੇ ਪਿਤਾ ਦਾ ਨਾਂ ਸੁਕੁਮਾਰ ਦੱਤ ਤੇ ਦਾਦੇ ਦਾ ਜੋਤੀਰਾਮਯ ਦੱਤ ਆਦਿ ਸਭ ਭੁੱਲ ਗਿਆ ਸੀ ਤੇ ਇਥੋਂ ਤੱਕ ਕਿ ਬਚਣ ਲਈ ਉਸਨੇ ਆਪਣਾ ਨਾਮ ਸਿਰਾਜੁਦੀਨ ਹੁਸੈਨ ਦੱਸਿਆ ਸੀ। ਪਾਕਸਤਾਨੀ ਸੈਨਿਕਾਂ ਨੂੰ ਸ਼ੱਕ ਹੋ ਗਿਆ ਸੀ ਤੇ ਉਹਨਾਂ ਨੇ ਉਸਦੀ ਲੂੰਗੀ ਖੁੱਲ੍ਹਵਾ ਲਿੱਤੀ ਸੀ। ਕਈ ਦਿਨ ਸੁਧਾਮਯ ਉੱਤੇ ਟਾਰਚਰ ਸੈਲ ਵਿੱਚ ਅੰਨ੍ਹਾ ਤਸ਼ੱਦਦ ਹੁੰਦਾ ਰਿਹਾ ਸੀ। ਪਾਣੀ ਮੰਗਣ ਉੱਤੇ ਸਿਪਾਹੀ ਸੁਧਾਮਯ ਦੇ ਮੂਹਰੇ ਪਿਸ਼ਾਬ ਕਰਕੇ ਉਸਨੂੰ ਪਿਲਾਉਂਣ ਦੀ ਕੋਸ਼ਿਸ਼ ਕਰਦੇ। ਫਿਰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਕੁੱਟਦੇ ਤੇ ਅੱਧ ਮੋਇਆ ਕਰ ਦਿੰਦੇ। ਇੱਥੇ ਲੱਜਾ ਨਾਵਲ ਵਿੱਚ ਬਿਲਕੁੱਲ ਅਲੇਕਸ ਹੈਲੀ ਦੇ ਨਾਵਲ ROOTS ਵਾਲੀ ਸਥਿਤੀ ਹੁੰਦੀ ਹੈ। ਜਿਵੇਂ ਉਸ ਵਿੱਚ ਹਬਸ਼ੀ ਮੁੰਡੇ ਕੁੰਟਾ-ਕੁੰਟੇ ਨੂੰ ਆਪਣਾ ਨਾਮ ਟੋਬੀ ਨਾ ਕਹਿਣ ਤੇ ਕੋੜੇ ਪੈਂਦੇ ਹਨ। ਉਵੇਂ ਸੁਧਾਮਯ ਨੂੰ ਮੁਸਲਮਾਨ ਬਣਨ ਲਈ ਕਿਹਾ ਜਾਂਦਾ ਹੈ। ਉਹ ਜਬਰੀ ਸਰਕਮਸ਼ਿਸਨ (ਸੁਨੱਤ) ਕਰਕੇ ਮੁਸਲਮਾਨ ਬਣਾਉਣ ਲਈ ਲਿੰਗ ਕੱਟ ਦਿੰਦੇ ਹਨ।- ਬੰਗਲਾਦੇਸ਼ ਆਜ਼ਾਦ ਮੁਲਖ ਬਣੇ ਤੋਂ ਜਖਮੀ ਹੋਇਆ ਸੁਧਾਮਯ ਗ਼ਮਗੀਨ ਪਿਆ ਹੁੰਦਾ ਹੈ ਤੇ ਲੋਕ ਖੁਸ਼ੀ ਵਿੱਚ ਜੈ ਬਾਂਗਲਾ ਆਮਰ ਬਾਂਗਲਾ ਦੇ ਜੈਕਾਰੇ ਲਾ ਰਹੇ ਹੁੰਦੇ ਹਨ।

ਸੁਧਾਮਯ ਦੀ 6 ਸਾਲ ਲੜਕੀ ਮਾਇਆ ਨੂੰ ਕੁੱਝ ਲੋਕ ਚੁੱਕ ਕੇ ਲੈ ਜਾਂਦੇ ਹਨ ਤੇ ਤਿੰਨ ਚਾਰ ਦਿਨ ਬਾਅਦ ਛੱਡ ਕੇ ਜਾਂਦੇ ਹੋਏ ਇਹ ਧਮਕੀ ਦੇ ਜਾਂਦੇ ਹਨ ਕਿ ਉਸਦੀ ਸਲਾਮਤੀ ਲਈ ਸੁਧਾਮਯ ਨੂੰ ਲਗਾਤਾਰ ਪੈਸੇ ਦਿੰਦੇ ਰਹਿਣਾ ਪਵੇਗਾ। 

ਉਸ ਤੋਂ ਵੱਧ ਕੇ ਉਹਨਾਂ ਨੂੰ ਗੁਆਂਡੀ ਸ਼ੌਕਤ ਅਲੀ ਤੰਗ ਕਰਦਾ ਹੈ ਜੋ ਕਿ ਉਨ੍ਹਾਂ ਦੇ ਘਰ ਤੇ ਕਬਜ਼ਾ ਕਰਨ ਲਈ ਜਾਅਲੀ ਕਾਗ਼ਜ਼ ਬਣਾਈ ਫਿਰਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਮਜ਼ਬੂਰਨ ਉਨ੍ਹਾਂ ਨੂੰ 10 ਲੱਖ ਦਾ ਮਕਾਨ ਦੋ ਲੱਖ ਵਿੱਚ ਰਈਸੁਦੀਨ ਕੋਲ ਵੇਚਣਾ ਪੈਂਦਾ ਹੈ ਤੇ ਆਪ ਉਹ ਢਾਕੇ ਜਾ ਕੇ ਕਿਰਾਏ ਦੇ ਮਕਾਨਾਂ ਵਿੱਚ ਰੁਲਦੇ ਹਨ।

ਉਥੇ ਦੇ ਮੁਸਲਿਮ ਪਰਿਵਾਰਾਂ ਵਿੱਚ ਹਿੰਦੂਆਂ ਪ੍ਰਤਿ ਐਨੀ ਨਫਰਤ ਹੁੰਦੀ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਬੱਚੇ ਹਿੰਦੂ ਬੱਚਿਆਂ ਨਾਲ ਦੁਰ-ਵਿਹਾਰ ਕਰਨ ਲੱਗ ਜਾਂਦੇ ਹਨ ਤੇ ਉਨ੍ਹਾਂ ਨੂੰ ਅਛੂਤ ਸਮਝਦੇ ਹਨ। ਇਸ ਤੱਥ ਦਾ ਲੱਜਾ ਨਾਵਲ ਦੇ ਸਫਾ 25 ਉੱਤੇ ਤਸਲੀਮਾ ਇੱਕ ਘਟਨਾ ਰਾਹੀਂ ਬਹੁਤ ਵਧੀਆ ਵਰਣਨ ਕਰਦੀ ਹੈ, “He had had an massive argument with boy named Khaled. When this argument had reached its peak the boys had abused each other with the worst obscenities they could summon up. It was then that Khaled had angrily refereed to him as a Hindu. Suranjan was sure that the word Hindu was a derogatory as swine or dog.”


ਸੁਰਜਨ ਤੀਜੀ ਚੌਥੀ ਜਮਾਤ ਵਿੱਚ ਪੜ੍ਹਦਾ ਹੁੰਦਾ ਹੈ ਤਾਂ ਉਸਦਾ ਖਾਲਿਦ ਨਾਮੀ ਇੱਕ ਮੁਸਲਮਾਨ ਸਹਿਪਾਠੀ ਨਾਲ ਝਗੜਾ ਹੋ ਜਾਂਦਾ ਹੈ। ਖਾਲਿਦ ਉਸਨੂੰ ਗਾਲ ਕੱਢਦਾ ਹੈ, ਤੂੰ ਕੁੱਤਾ। ਅੱਗੋਂ ਸੁਰਜਨ ਉਹਨੂੰ ਉਹੀ ਗਾਲ ਕੱਢਦਾ ਹੈ, ਤੂੰ ਕੁੱਤਾ। ਖਾਲਿਦ ਫੇਰ ਉਹਨੂੰ, ਹਰਾਮਜ਼ਾਦਾ ਆਖਦਾ ਹੈ ਤਾਂ ਸੁਰਜਨ ਉਸਨੂੰ, ਹਰਾਮਜ਼ਾਦਾ ਆਖ ਕੇ ਮੋੜਾ ਦਿੰਦਾ ਹੈ। ਇਸ ਤੋਂ ਖਾਲਿਦ ਹੋਰ ਖਿੱਝ ਜਾਂਦਾ ਹੈ ਤੇ ਚੀਖ ਕੇ ਸੁਰਜਨ ਨੂੰ ਆਖਦਾ ਹੈ, ਤੂੰ ਹਿੰਦੂ।  ਸੁਰਜਨ ਤੁਰੰਤ ਉਸਨੂੰ ਉੱਤਰ ਦਿੰਦਾ ਹੈ, ਤੂੰ ਹਿੰਦੂ। ਦੇਖੋ ਇਸ ਛੋਟੀ ਜਿਹੀ ਘਟਨਾ ਨਾਲ ਹੀ ਤਸਲੀਮਾ ਕਿੱਡਾ ਵੱਡਾ ਅਤੇ ਕਰੂਰ ਯਥਾਰਥ ਪਾਠਕ ਦੇ ਸਨਮੁੱਖ ਰੱਖ ਦਿੰਦੀ ਹੈ। ਉਹ ਬੱਚੇ ਐਨੇ ਭੋਲੇ ਅਤੇ ਨਾਸਮਝ ਹਨ ਕਿ ਉਹਨਾਂ ਨੂੰ ਤਾਂ ਹਿੰਦੂ ਜਾਂ ਮੁਸਲਮਾਨ ਜਿਹੇ ਸ਼ਬਦਾਂ ਦੇ ਅਰਥਾਂ ਦਾ ਵੀ ਗਿਆਨ ਨਹੀਂ ਹੈ। ਉਨ੍ਹਾਂ ਦੇ ਕੋਰੇ ਕਾਗ਼ਜ਼ ਜਿਹੇ ਬਾਲ ਮਨਾਂ ਉੱਤੇ ਫਿਰਕਾਪ੍ਰਸਤੀ ਦੇ ਹਰਫ ਉੱਕਰ ਦਿੱਤੇ ਜਾਂਦੇ ਹਨ। ਬਚਪਨ ਵਿੱਚ ਉਨ੍ਹਾਂ ਬੱਚਿਆਂ ਦੇ ਅੰਦਰ ਬੀਜਿਆ ਹੋਇਆ ਇਹ ਨਫਰਤ ਦਾ ਬੀਅ ਹੀ ਪੁੰਗਰ ਕੇ ਵੱਡੇ ਹੋਇਆਂ ਦੇ ਉਹਨਾਂ ਦੇ ਅੰਦਰ ਰੁੱਖ ਬਣ ਜਾਂਦਾ ਹੈ। 

ਦੂਜਾ ਪੱਖ ਇਸ ਉਪਰੋਕਤ ਘਟਨਾ ਦਾ ਇਹ ਉਭਰਦਾ ਹੈ ਕਿ ਮੁਸਲਿਮ ਕੱਟੜਪੰਥੀਆਂ ਵੱਲੋਂ ਹਿੰਦੂ ਨਾਗਰਿਕਾਂ ਨਾਲ ਨਿਹਾਇਤ ਹੀ ਘਟੀਆ ਸਲੂਕ ਕਰਕੇ ਉਹਨਾਂ ਦੇ ਨੱਕ ਵਿੱਚ ਇਸ ਕਦਰ ਤੱਕ ਦਮ ਲਿਆਂਦਾ ਜਾਂਦਾ ਹੈ ਕਿ ਉਹਨਾਂ  ਦੇ ਮਜ਼ਹਬ ਦਾ ਨਾਮ ਹਿੰਦੂ ਸ਼ਬਦ ਹੀ ਉਹਨਾਂ ਲਈ ਕੁੱਤਾ ਅਤੇ ਹਰਾਮਜ਼ਾਦਾ ਜਿਹੀ ਇੱਕ ਗਾਲ ਬਣ ਕੇ ਰਹਿ ਜਾਂਦਾ ਹੈ।

ਅੱਗੇ ਚੱਲ ਕੇ ਬੇਸ਼ੁਮਾਰ ਹੋਰ ਘਟਨਾਵਾਂ ਉਪਕਹਾਣੀਆਂ ਦੇ ਜ਼ਰੀਏ ਉਜਾਗਰ ਹੁੰਦੀਆਂ ਹਨ ਜਿਵੇਂ ਕਿ ਫਾਰੂਕ ਨਾਮ ਦਾ ਇੱਕ ਹੋਰ ਮੁੰਡਾ ਸੁਰਜਨ ਨੂੰ ਧੋਖੇ ਨਾਲ ਗਾਂ ਦਾ ਮਾਸ ਖੁਆ ਦਿੰਦਾ ਹੈ ਤੇ ਫਿਰ ਰੌਲਾ ਪਾਉਣ ਲੱਗ ਜਾਂਦਾ ਹੈ, “ਹਿੰਦੂ ਹਿੰਦੂ ਤੁਸਲੀ ਪੱਤਾ, ਹਿੰਦੂ ਖਾਂਦਾ ਗਾਂ ਦਾ ਮੱਥਾ।” 

ਮਾਇਆ ਨੂੰ ਸਕੂਲ ਵਿੱਚ ਅਕਸਰ ਹਿੰਦੂ ਹਿੰਦੂ ਆਖ ਕੇ ਛੇੜਿਆ ਜਾਂਦਾ ਹੈ ਤੇ ਇਸਲਾਮ ਦੀ ਪੜਾਈ ਵੇਲੇ ਅਧਿਆਪਕ ਕਲਾਸ ਤੋਂ ਬਾਹਰ ਕੱਢ ਕੇ ਖੜ੍ਹੀ ਕਰ ਦਿੰਦੇ ਹਨ। ਅਕਸਰ ਉਨ੍ਹਾਂ ਨੂੰ ਮਲਾਊਨ (ਨੀਚ ) ਆਦਿਕ ਫਿਕਰੇ ਕਸੇ ਜਾਂਦੇ ਹਨ।  

ਬਾਕੀ ਬੱਚੇ ਹਮੇਸ਼ਾਂ ਉਨ੍ਹਾਂ ਨੂੰ ਛੇੜਦੇ ਅਤੇ ਚੁੰਡੀਆਂ ਵੱਢ ਕੇ ਤੰਗ ਕਰਦੇ ਹਨ। ਸਰੁਜਨ ਦੀ ਪੈਂਟ ਵਿੱਚ ਤਿਲਚੱਟਾ(ਕਾਕਰੋਚ) ਮਾਰ ਕੇ ਪਾਉਂਦੇ ਹਨ। ਉਸਦਾ ਮਜ਼ਾਕ ਉਡਾਉਂਦੇ ਹਨ। ਇਸ ਪ੍ਰਕਾਰ ਹੋਰ ਬਹੁਤ ਸਾਰੇ ਛੋਟੇ ਛੋਟੇ ਵੇਰਵੇ ਹਨ ਜਿਨ੍ਹਾਂ ਤੋਂ ਹਿੰਦੂ ਨਾਗਰਿਕਾਂ ਦੀ ਬੰਗਲਾਦੇਸ਼ ਵਿੱਚ ਹੋਈ ਜਾਂ ਹੁੰਦੀ ਦੁਰ-ਦਸ਼ਾ ਦੇ ਸੰਕੇਤ ਮਿਲਦੇ ਹਨ।

ਮਾਇਆ ਜਹਾਂਗੀਰ ਨਾਮ ਦੇ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਹੁੰਦੀ ਹੈ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੁੰਦੀ ਹੈ। ਪਰ ਜਹਾਂਗੀਰ ਵਿਦੇਸ਼ ਜਾਣ ਦਾ ਬਹਾਨਾ ਲਾ ਕੇ ਉਸਨੂੰ ਕੋਈ ਲੜ੍ਹ ਸਿਰਾ ਨਹੀਂ ਫੜਾਉਂਦਾ।

6 ਜੂਨ 1992 ਵਿੱਚ ਆਯੋਧਿਆ (ਯੂ ਪੀ) ਵਿਖੇ ਇੱਕ ਅਹਿਮ ਘਟਨਾ ਘਟਦੀ ਹੈ। ਰਾਮ ਮੰਦਰ ਦੀ ਉਸਾਰੀ ਲਈ ਬਾਬਰੀ ਮਸਜਿਦ ਨੂੰ ਢਾਇਆ ਜਾਂਦਾ ਹੈ। ਭਾਵੇਂ ਕਿ ਇਹ ਘਟਨਾ ਭਾਰਤ ਵਿੱਚ ਘਟਦੀ ਹੈ ਪਰ ਇਸਦੇ ਪ੍ਰਕੋਪ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੁੰਦੀ ਹੈ। ਸੰਸਾਰ ਵਿੱਚ ਜਿੱਥੇ ਕਿਤੇ ਵੀ ਮੁਸਲਿਮ ਬਹੁਗਿਣਤੀ ਵਸਦੀ ਹੈ, ਉਹ ਹਿੰਦੂਆਂ ਤੇ ਅਤਿਆਚਾਰ ਕਰਦੇ ਹਨ। ਉਹਨਾਂ ਦੇ ਕਾਰੋਬਾਰ ਨਸ਼ਟ ਕਰਦੇ ਹਨ। ਮਕਾਨਾਂ ਅਤੇ ਦੁਕਾਨਾਂ ਨੂੰ ਅੱਗਾਂ  ਲਾਉਂਦੇ ਹਨ। ਕਤਲੋ-ਗਾਰਤ, ਲੁੱਟ ਮਾਰ ਹੁੰਦੀ ਹੈ। ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਦੱਤ ਪਰਿਵਾਰ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਦੰਗਿਆਂ ਵਾਲੇ ਚੰਦ ਕੁ ਦਿਨਾਂ ਵਿੱਚ ਉਹ ਪਰਿਵਾਰ ਕਿਨ੍ਹਾਂ-ਕਿਨ੍ਹਾਂ ਪ੍ਰਸਥਿਤੀਆਂ ਵਿੱਚੋਂ ਲੰਘਦਾ ਹੈ ਤੇ ਉਹਨਾਂ ਦੀ ਮਾਨਸਿਕ ਅਵੱਸਥਾ ਕੀ ਹੁੰਦੀ ਹੈ? ਇਸਨੂੰ ਬਹੁਤ ਹੀ ਸੂਝ, ਸਮਝ ਅਤੇ ਕਲਾ ਨਾਲ ਇਸ ਨਾਵਲ ਵਿੱਚ ਗੁੰਦਿਆਂ ਗਿਆ ਹੈ। ਸੁਧਾਮਯ ਦੀ ਇੱਕੀ ਵਰ੍ਹਿਆਂ ਦੀ ਭਰ ਜਵਾਨ ਕੁੜੀ ਮਾਇਆ ਨੂੰ ਦੰਗਾਕਾਰੀ ਸ਼ਰੇਆਮ ਘਰੋਂ ਚੁੱਕ ਕੇ ਲੈ ਜਾਂਦੇ ਹਨ ਤੇ ਮਗਰੋਂ ਉਸਦਾ ਕੁੱਝ ਪਤਾ ਨਹੀਂ ਚਲਦਾ। ਮਾਇਆ ਦੇ ਅਪਹਰਨ ਵੇਲੇ ਕਿਰਨਮਈ ਗਲੀ-ਮੁਹੱਲੇ ਵਾਲਿਆਂ ਨੂੰ ਮਦਦ ਲਈ ਪੁਕਾਰਦੀ ਹੈ ਪਰ ਸਭ ਬੁੱਤੇ ਬਣੇ ਖੜ੍ਹੇ ਰਹਿੰਦੇ ਹਨ ਤੇ ਕੋਈ ਵੀ ਉਸਦੀ ਮਦਦ ਲਈ ਨਹੀਂ ਬਹੁੜਦਾ। ਇਥੋਂ ਤੱਕ ਕਿ ਉਹ ਲੋਕ ਵੀ ਅੱਖਾਂ ਮੀਚ ਲੈਂਦੇ ਹਨ ਤੇ ਕੁੱਝ ਨਹੀਂ ਕਰਦੇ ਜਿਨ੍ਹਾਂ ਦਾ ਸੁਧਾਮਯ ਨੇ ਕਦੇ ਮੁਫਤ ਇਲਾਜ਼ ਕੀਤਾ ਹੁੰਦਾ ਹੈ, ਕਿਉਂਕਿ ਸੁਧਾਮਯ ਖੁਦ ਪੇਸ਼ੇ ਵਜੋਂ ਇੱਕ ਡਾਕਟਰ ਹੁੰਦੇ ਹਨ। 

ਸੁਰਜਨ ਦੀ ਵੀ ਮੁਸਲਿਮ ਕੁੜੀ ਪਰਵੀਨ ਨਾਲ ਅਸ਼ਨਾਈ ਹੁੰਦੀ ਹੈ। ਪਰਵੀਨ ਦੇ ਘਰ ਵਾਲੇ ਸੁਰਜਨ ਨੂੰ ਮਸੁਲਿਮ ਬਣ ਲਈ ਆਖਦੇ ਹਨ। ਜਦੋਂ ਆਪਣਾ ਧਰਮ ਛੱਡਣ ਲਈ ਨਹੀਂ ਮੰਨਦਾ ਤਾਂ ਉਹ ਪਰਵੀਨ ਦੀ ਕਿਸੇ ਬਿਜਨੈਸਮੈਨ ਨਾਲ ਸ਼ਾਦੀ ਕਰ ਦਿੰਦੇ ਹਨ। ਸੁਰਜਨ ਨੂੰ ਪਰਵੀਨ ਦੀ ਬੇਵਫਾਈ ਨਾਲ ਕਾਫ਼ੀ ਦੁੱਖ ਪਹੁੰਚਦਾ ਹੈ ਕਿਉਂਕਿ ਕਦੇ ਪਰਵੀਨ ਆਉਂਦੀ ਹੀ ਉਹਦੇ ਉੱਤੇ ਡਿੱਗ ਪੈਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ, ਤਮੀ ਅਮਾਰ ਸਭੋ ਕੁਛੋ। ਅਮੀ ਤਮਾਕੋ ਬਾਲੋ ਬਾਸ਼ੀ। (ਮੈਂ ਤੇਰੇ ਬਿਨਾਂ ਮਰ ਜਾਉਂਗੀ। ਤੂੰ ਮੇਰਾ ਸਭ ਕੁੱਝ ਹੈਂ। ਮੈਨੂੰ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ। ਸੁਰਜਨ ਨੂੰ ਉਸਦੇ ਚੁੱਪਚਾਪ ਨਿਕਾਹ ਕਰਵਾ ਲੈਣ ਤੇ ਹੈਰਤ ਹੁੰਦੀ ਹੈ। ਕੁੱਝ ਅਰਸੇ ਬਾਅਦ ਪਰਵੀਨ ਦਾ ਵਿਆਹ ਅਸਫਲ ਹੋ ਜਾਂਦਾ ਹੈ। ਇਸ ਦੇ ਦਰਮਿਆਨ ਸੁਰਜਨ ਰਤਨਾ ਨਾਮ ਦੀ ਇੱਕ ਹਿੰਦੂ ਕੰਨਿਆ ਦੇ ਸੰਪਰਕ ਵਿੱਚ ਆ ਜਾਂਦਾ ਹੈ ਤੇ ਇੱਕ ਦਿਨ ਰਤਨਾ ਵੀ ਹਿਮਾਯੂ ਨਾਮੀ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ। ਸੁਰਜਨ ਇਸ ਹਾਦਸੇ ਨਾਲ ਟੁੱਟ ਜਾਂਦਾ ਹੈ ਤੇ ਇਸ ਮੁਕਾਮ ਤੱਕ ਪਹੁੰਚ ਕੇ ਉਹ ਵੀ ਕਮਿਊਨਲ(ਫਿਰਕੂ)  ਹੋ ਜਾਂਦਾ ਹੈ। ਉਸ ਸੋਚਦਾ ਹੈ ਕਿ ਬੰਗਲਾਦੇਸ਼ ਵਿੱਚ ਦੋ ਕਰੋੜ ਹਿੰਦੂ ਹਨ। ਸਾਰੇ ਇਕੱਠੇ ਹੋ ਜਾਣ ਤੇ ਮਸੀਤਾਂ ਨੂੰ ਤੋੜਣ ਅਤੇ ਉਥੇ ਉਵੇਂ ਪਿਸ਼ਾਬ ਕਰਨ ਜਿਵੇਂ ਮੁਸਲਮਾਨ ਉਨ੍ਹਾਂ ਦੇ ਖੰਡਰਾਤ ਬਣੇ ਮੰਦਰ  ਵਿੱਚ ਕਰਦੇ ਹਨ। ਉਸਦੀ ਜ਼ਿਹਨੀਅਤ ਵਿੱਚ ਮੁਕੱਮਲ ਪਰਿਵਰਤਨ ਆ ਜਾਂਦਾ ਹੈ ਤੇ ਉਹ ਵੀ ਵਹਿਸ਼ੀ ਬਣ ਜਾਂਦਾ ਹੈ। ਉਹ ਬਾਰ ਕੌਂਸਲ ਦੇ ਇਲਾਕੇ ਵਿੱਚ ਸ਼ਮੀਮਾ ਨਾਮ ਦੀ ਵੇਸਵਾ ਕੋਲ ਜਾ ਕੇ ਉਸਦਾ ਅਤੇ ਉਸਦੇ ਪਿਤਾ ਦਾ ਨਾਮ ਪੁੱਛਦਾ ਹੈ। ਜਦੋਂ ਵੇਸਵਾ ਆਪਣਾ ਨਾਮ ਸ਼ਮੀਮਾ ਬੇਗਮ ਅਤੇ ਆਪਣੇ ਪਿਉ ਦਾ ਅਬਦੁੱਲ ਜਲੀਲ ਦੱਸਦੀ ਹੈ ਤਾਂ ਸੁਰਜਨ ਨੂੰ ਚਾਅ ਚੜ੍ਹ ਜਾਂਦਾ ਹੈ। ਉਹ ਉਸ ਨਾਲ ਬਿਨਾਂ ਭਾਅ ਤੈਅ ਕੀਤਿਆਂ ਉਸਨੂੰ ਆਪਣੇ ਘਰ ਲਿਆ ਕੇ ਉਸ ਨਾਲ ਬੜ੍ਹੇ ਖੂਨਖਾਰ ਢੰਗ ਅਤੇ ਦਰਿੰਦਗੀ ਨਾਲ ਬਲਾਤਕਾਰ ਕਰਦਾ ਹੈ। ਸੁਰਜਨ ਸ਼ਮੀਮਾ ਦੇ ਕੱਪੜੇ ਫਾੜ੍ਹਦਾ ਹੈ। ਉਸਦੇ ਨਿਤੰਬਾਂ ਨੂੰ ਨੋਚਦਾ ਹੈ। ਉਸਦੀ ਛਾਤੀ ਤੇ ਬੇਰਹਿਮੀ ਨਾਲ ਦੰਦੀਆਂ ਵੱਢਦਾ ਹੈ। ਉਸਨੂੰ ਜ਼ਾਲਮਾਨਾ ਤਰੀਕੇ ਨਾਲ ਮਸਲਦਾ, ਮਧੋਲਦਾ ਅਤੇ ਖੇਹ-ਖਰਾਬ ਕਰਕੇ ਭੋਗਦਾ ਹੈ। ਸੁਰਜਨ ਦੀ ਕੈਫੀਅਤ ਅਤੇ ਇਸ ਪ੍ਰਕਾਰ ਦੀ ਪ੍ਰਵਿਰਤੀ ਤੋਂ ਉਸਦੀ ਮਾਨਸਿਕ ਅਵਸਥਾ ਅਤੇ ਉਸ ਉੱਪਰ ਹੋਏ ਮੈਂਟਲਟਾਰਚਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਉਸਨੂੰ ਇਸ ਕਿਰਿਆ ਦੌਰਾਨ ਇੰਝ ਲੱਗ ਰਿਹਾ ਹੁੰਦਾ ਹੈ ਕਿ ਉਹ ਤਮਾਮ ਹਿੰਦੂ ਔਰਤਾਂ ਦੀ ਲੁੱਟੀ ਗਈ ਇੱਜ਼ਤ ਦਾ ਬਦਲਾ ਲੈ ਰਿਹਾ ਹੋਵੇ। ਜ਼ਬਰ-ਜਿਨਾਹ ਕਰਕੇ ਉਸਨੂੰ ਬੇਪਨਾਹ ਸਕੂਨ ਮਿਲਦਾ ਹੈ। ਉਹ ਖੁਸ਼ੀ ਦਾ ਮਾਰਾ ਗਾਉਂਦਾ ਹੈ, ਪ੍ਰਥਮ ਬਾਂਗਲਾ ਦੇਸ਼ ਮੇਰਾ , ਸ਼ੇਸ਼ ਬਾਂਗਲਾ ਦੇਸ਼, ਜੀਵਨ ਬਾਂਗਲਾ ਦੇਸ਼ ਮੇਰਾ, ਮਰਣ ਬਾਂਗਲਾ ਦੇਸ਼। ਉਸ ਤੋਂ ਮਗਰੋਂ ਦਸ ਰੁਪਏ ਮਿਹਨਤਾਨਾ ਲੈ ਕੇ ਜਾਂਦੀ ਹੋਈ ਸ਼ਮੀਮਾ ਸੁਰਜਨ ਦੇ ਅਨੋਖੇ ਵਰਤਾਉ ਬਾਰੇ ਹੈਰਾਨੀ ਨਾਲ ਸੋਚਦੀ ਹੈ ਕਿਉਂਕਿ ਉਸ ਲਈ ਸੰਭੋਗ ਅਤੇ ਬਲਾਤਕਾਰ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ।

ਬਲਾਤਕਾਰੀ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ। ਵਿਰੋਧੀ ਤੋਂ ਬਦਲਾ ਲੈਣ ਅਤੇ ਆਪਣੀ ਹਵਸ ਪੂਰੀ ਕਰਨ ਲਈ ਉਹ ਔਰਤ ਨੂੰ ਹੀ ਆਪਣੇ ਇਸ ਇਰਾਦੇ ਦਾ ਸ਼ਿਕਾਰ ਬਣਾਉਂਦੇ ਹਨ। 

ਕੱਟੜਵਾਦੀਆਂ ਵੱਲੋਂ ਨਾਅਰੇ ਲਾਏ ਜਾਂਦੇ ਹਨ, ਹਿੰਦੂਓ ਜੇ ਜੀਣਾ ਚਾਹੋ ਬਾਂਗਲਾ ਛੱਡ ਕੇ ਭਾਰਤ ਜਾਉ।

ਅੰਤ ਟੁੱਟ ਕੇ ਸੁਧਾਮਯ ਵੀ ਬਾਕੀ ਦੇ ਹਿੰਦੂਆਂ ਵਾਂਗ ਭਾਰਤ ਆਉਣ ਲਈ ਮਜ਼ਬੂਰ ਹੋ ਜਾਂਦੇ ਹਨ। ਜਦੋਂ ਸੁਧਾਮਯ ਆਪਣੇ ਪਰਿਵਾਰ ਨੂੰ ਥੱਕ-ਹਾਰ ਕੇ ਇੰਡੀਆ ਜਾਣ ਲਈ ਕਹਿੰਦਾ ਹੈ ਤਾਂ; ਆਉ ਹਿੰਦੁਸਤਾਨ ਚੱਲੀਏ ਕਹਿਣ ਵਿੱਚ ਉਸਨੂੰ ਲੱਜਾ ਆਉਂਦੀ ਹੈ।

ਇਸ ਨਾਵਲ ਵਿੱਚ ਇੱਕ ਐਸੀ ਅਤਿ ਵਿਸਫੋਟਕ ਸਥਿਤੀ ਆਉਂਦੀ ਹੈ ਜਿਸਦੇ ਉਲੇਖ ਨੂੰ ਪੜ੍ਹ ਕੇ ਪਾਠਕ ਦਾ ਸੀਨਾ ਦਹਿਲ ਜਾਂਦਾ ਹੈ। ਇਸ ਘਟਨਾ ਵਿੱਚ ਸੁਧਾਮਯ ਤੇ ਕਿਰਨਮਈ ਰਾਤ ਨੂੰ ਲੇਟੇ ਹੋਏ ਹੁੰਦੇ ਹਨ। ਉਹ ਕਿਰਨਮਈ ਅੰਦਰ ਮਘਦੀ ਮੱਠੀ-ਮੱਠੀ ਸੈਕਸ ਭੁੱਖ ਨੂੰ ਤਾੜਦਾ ਹੈ। ਕਿਰਨਮਈ ਉਸਲਵੱਟੇ ਲੈਂਦੀ ਹੈ। ਸੁਧਾਮਯ ਵੀ ਮਚਲਦਾ ਹੈ। ਪਰ ਲਾਚਾਰ ਹੈ। ਕੁੱਝ ਨਹੀਂ ਕਰ ਸਕਦਾ। ਜਦੋਂ ਉਹ ਕਿਰਨਮਈ ਅੰਦਰ ਸੁਲਘਦੀ ਕਾਮ ਦੀ ਅੱਗ ਨੂੰ ਦੇਖ ਕੇ ਆਖਦਾ ਹੈ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਅਰਥਾਤ ਆਪਣੀ ਵਾਸਨਾ ਕਿਸੇ ਹੋਰ ਨਾਲ ਜਾ ਕੇ ਪੂਰੀ ਕਰ ਲੈ।  ਇਹ ਕੁੱਝ ਬਿਆਨ ਕਰਨ ਬਾਅਦ ਤਸਲੀਮਾ ਇਸ ਪਿਛੇ ਛੁੱਪੇ ਰਹੱਸ ਨੂੰ ਅਗਰਭੂਮੀ ਤੇ ਲਿਆ ਕੇ ਦੱਸਦੀ ਹੈ ਕਿ ਜਨੂੰਨੀਆਂ ਦਾ ਅਤਿਆਚਾਰ ਹੱਦਾਂ ਤੋੜ ਕੇ ਐਨਾ ਲੰਘ ਚੁੱਕਿਆ ਹੁੰਦਾ ਹੈ ਕਿ ਉਹਨਾਂ ਨੇ ਮਰਦਾਂ ਦੇ ਲਿੰਗ ਕੱਟ ਕੇ ਉਨ੍ਹਾਂ ਦਾ ਜੀਵਨ ਮਰਿਆ ਨਾਲੋਂ ਵੀ ਬਦਤਰ ਬਣਾ ਦਿੱਤਾ ਹੁੰਦਾ ਹੈ। ਜਰ੍ਹਾਂ ਸੋਚੋ ਕਿ ਕੀ ਇਸ ਤੋਂ ਵੱਡੀ ਲਾਹਨਤ, ਗਾਲ ਜਾਂ ਸ਼ਰਮਨਾਕ ਚੀਜ਼ ਵੀ ਕੋਈ ਹੋ ਸਕਦੀ ਹੈ ਕਿ ਮਰਦ ਆਪਣੀ ਇਸਤਰੀ ਨੂੰ ਖੁਦ ਕਹੇ ਕਿ ਜਾਹ ਕਿਸੇ ਹੋਰ ਨਾਲ ਸੰਭੋਗ ਕਰ ਲੈ? ਇਉਂ ਇਸ ਨਾਵਲ ਵਿੱਚ ਨਾਵਲਕਾਰਾ ਜਗ੍ਹਾ-ਜਗ੍ਹਾ ਪਾਠਕ ਦੇ ਰੌਂਗਟੇ ਖੜ੍ਹੇ ਕਰਕੇ ਰੱਖ ਦਿੰਦੀ ਹੈ। 

ਤਸਲੀਮਾ ਨੇ ਇਸ ਨਾਵਲ ਰਾਹੀਂ ਨਾਵਲ ਦੇ ਪਹਿਲਾਂ ਤੋਂ ਬਣੇ ਆ ਰਹੇ ਵਿਧਾ-ਵਿਧਾਨ ਅਤੇ ਮਾਡਲ ਨੂੰ ਵੀ ਤੋੜਿਆ ਹੈ ਅਤੇ ਉਸਦੀ ਥਾਂ ਨਵਾਂ ਸਿਰਜਿਆ ਹੈ। ਉਸਨੇ ਅਨੇਕਾਂ ਹੀ ਨਵੇਂ ਕਲਾਤਮਿਕ ਤਜ਼ਰਬੇ ਕੀਤੇ ਹਨ। ਪ੍ਰੈਸ ਅੰਕੜੇ ਦੇ ਕੇ ਇਸਨੂੰ ਗਾਲਪਨਿਕ ਦੀ ਬਜਾਏ ਯਥਾਰਥਵਾਦੀ ਰੂਪ ਵੀ ਬਖਸ਼ ਦਿੱਤਾ ਹੈ। ਇਸ ਨਾਵਲ ਵਿੱਚ ਦਰਜ਼ ਵੇਰਵਿਆਂ ਨੂੰ ਪੜ੍ਹ ਕੇ ਭਵਿੱਖ  ਵਿੱਚ ਅਗਰ ਕੋਈ ਚਿੰਤਕ ਇਸ ਇਤਿਹਾਸਕ ਘਟਨਾ ਬਾਰੇ ਅਧਿਐਨ ਦਾ ਇਛੁਕ ਹੋਵੇਗਾ ਤਾਂ ਉਸ ਲਈ ਖੋਜ ਕਾਰਜ਼ ਵਿੱਚ ਤਸਲੀਮਾ ਨੇ ਬੜ੍ਹੀ ਸੌਖ ਕਰ ਦਿੱਤੀ ਹੈ। 

ਲੱਜਾ ਮੂਲਵਾਦੀਆਂ ਦੀਆਂ ਜ਼ਿਆਦਤੀਆਂ ਦੀ ਵਾਰਤਾ ਹੈ। ਕੱਟੜਪੰਥੀਆਂ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਵੱਲੋਂ ਮਚਾਈ ਗਈ ਹਨੇਰ ਗਰਦੀ ਦੀ ਕਹਾਣੀ ਹੈ। ਧਰਮ ਦੀ ਆੜ ਵਿੱਚ ਹੋ ਰਹੇ ਅਧਰਮੀ ਕਾਰਜ਼ਾਂ ਨੂੰ ਲਾਹਨਤਾਂ ਪਾ ਕੇ ਤਸਲੀਮਾ ਨੇ ਲੱਜਾ ਨਾਵਲ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਬੌਸਨੀਆ ਅਤੇ ਹਾਰਜੇਗੋਵੀਨੀਆ ਦੀ ਘਟਨਾ ਲਈ ਬੰਗਲਾਦੇਸ਼ ਦਾ ਕੋਈ ਇਸਾਈ ਸ਼ਹਿਰੀ ਇਲਜ਼ਾਮ ਦਾ ਹੱਕਦਾਰ ਨਹੀਂ। ਉਵੇਂ ਭਾਰਤ ਦੀ ਦੁਰਘਟਨਾ ਲਈ ਵੀ ਬੰਗਲਾਦੇਸ਼ ਦੇ ਹਿੰਦੂ ਜਿੰਮੇਵਾਰ ਨਹੀਂ ਹਨ। 

ਇਸ ਨਾਵਲ ਵਿੱਚ ਉਹ ਸਿਆਸਦਾਨਾਂ ਨੂੰ ਬੜ੍ਹੇ ਗੁੱਝੇ ਢੰਗ ਨਾਲ ਨੰਗਾ ਕਰਦੀ ਹੈ, ਮਿਸਾਲ ਦੇ ਤੌਰ ਤੇ ਲਾਰਡ ਮਾਉਂਟਬੈਟਨ ਵਲੋਂ ਪੰਜਾਬ ਅਤੇ ਬੰਗਾਲ ਸੂਬਿਆਂ ਵੰਡ ਦੇ ਸੰਦਰਭ ਵਿੱਚ ਮਸ਼ਵਰਾ ਕਰਨ ਤੇ ਜਿਨਾਹ ਦਾ ਇਹ ਕਹਿਣਾ ਕਿ “A man is Punjabi or Bengali before he is Hindu or Muslim. They share a common history, language, culture and economy. You must divide them. you will cause endless bloodshed and trouble.” ਅਤੇ ਬਾਬਰੀ ਮਸਜਿਦ ਕਾਂਡ ਵੇਲੇ ਚੋਟੀ ਦੇ ਅੱਠਾਂ ਨੇਤਾਵਾਂ ਦੇ ਚੁੱਪਚਪੀਤੇ ਗਿਰਫਤਾਰੀ ਦੇ ਕੇ ਅਰਾਮ ਨਾਲ ਜੇਲਾਂ ਵਿੱਚ ਬਹਿਣਾ ਤੇ ਬਾਹਰ ਹੋ ਰਹੇ ਖੂਨ-ਖਰਾਬੇ ਤੋਂ ਨਿਰਲੇਪ ਰਹਿਣ ਦਾ ਵਰਣਨ ਆਦਿ ਅਨੇਕਾਂ ਟਿਪਣੀ ਹਨ। ਇਥੇ ਉਹ ਪਾਤਰ ਵਿੱਚ ਦੀ ਲੁਪਤ ਰੂਪ ਵਿੱਚ ਇੱਕ ਪ੍ਰਸ਼ਨ ਕਰਕੇ ਉਸਨੂੰ ਬੜ੍ਹੀ ਚਲਾਕੀ ਨਾਲ ਹਾਈਲਾਈਟ ਕਰ ਜਾਂਦੀ ਹੈ। ਉਹ ਸਵਾਲ ਭਾਰਤ ਦੇ ਇਸ ਕਾਂਡ ਨਾਲ ਸੰਬੰਧਤ ਨੇਤਾਵਾਂ ਨੂੰ ਹੈ ਕਿ ਕੀ ਉਨ੍ਹਾਂ ਨੇ ਬਾਬਰੀ ਮਸਜਿਦ ਢਾਹੁੰਣ ਤੋਂ ਪਹਿਲਾਂ ਇਸਲਾਮੀ ਮੁਲਖਾਂ ਵਿੱਚ ਰਹਿੰਦੇ ਹੋਏ ਹਿੰਦੂਆਂ ਬਾਰੇ ਕੁੱਝ ਸੋਚਿਆ ਸੀ ਜਾਂ ਨਹੀਂ?

ਬੰਗਲਾਦੇਸ਼ ਦਾ ਕਾਨੂੰਨ ਵੀ ਕਿਵੇਂ ਹਿੰਦੂ ਨਾਗਰਿਕਾ ਨਾਲ ਧੱਕਾ ਕਰਦਾ ਹੈ ਤੇ ਉਨ੍ਹਾਂ ਦੀ ਮਲਕੀਅਤ ਸ਼ੱਤਰੂ ਸੰਪਤੀ (Enemy Property Act)  ਅਤੇ ਅਰਪਿਤ ਸੰਪਤੀ ਆਦਿ ਕਾਨੂੰਨ ਠੋਕ ਕੇ ਕਿਵੇਂ ਸਰਕਾਰ ਜ਼ਬਤ ਕਰ ਲੈਂਦੀ ਹੈ। ਇਸ ਸਭ ਦਾ ਪਰਦਾ ਫਾਸ਼ ਕਰਦਿਆਂ ਤਸਲੀਮਾ ਨੇ ਇਹਨਾਂ ਕਾਨੂੰਨਾਂ ਦੀ ਬਹਾਲੀ ਨੂੰ ਸੰਵਿਧਾਨ ਦੀ ਉਲੰਘਣਾ ਸਾਬਤ ਕੀਤਾ ਹੈ। ਉਦਾਰਣ ਵਜੋਂ ਸੰਨ 1988 ਦੇ ਅੱਠਵੇਂ ਸੰਸ਼ੋਧਨ ਤੋਂ ਮਗਰੋਂ ਬੰਗਲਾਦੇਸ਼ੀ ਸੰਵਿਧਾਨ ਵਿੱਚ ਦਰਜ਼ ਕੀਤਾ ਗਿਆ ਕਿ, “The state religion of the Republic is Islam but other religions may be practised in peace and harmony in the Republic.”


ਇਉਂ ਲੇਖਕਾਂ ਨੇ ਨੁਕਤਾ ਉਠਾਇਆ ਹੈ ਕਿ may be ਦੀ ਜਗ੍ਹਾ shall be ਕਿਉਂ ਨਹੀਂ?

1972 ਦੇ ਸੰਵਿਧਾਨ ਨੂੰ ਬਦਲ ਕੇ 1978 ਦੇ ਸੰਵਿਧਾਨ ਦੇ ਸ਼ੁਰੂ ਵਿੱਚ ਬਿਸਮਿੱਲਾਹਹਿਰ ਰਹਿਮਾਨਿ ਰਹੀਮ ਦਾ ਜੋੜ ਦਿੱਤਾ ਜਾਣਾ, ਜਦ ਕਿ ਇਸਦੀ Freedom of Religion ਦੀ ਧਾਰਾ ਦੇ ਦੋ ਸੈਕਸ਼ਨ ਇਸ ਦੀ ਮਨਾਹੀ ਕਰਦੇ ਹਨ। ਹਾਜਰ ਹਨ ਉਹ ਦੋਨੋਂ ਮਿਸਾਲਾਂ :-

(C) The abuse of religion for political purposes.

(D) Any discrimination against or persecution of persons practising a particular religion.

ਲੱਜਾ ਪੜ੍ਹਣ ਬਾਅਦ ਆਪ ਮੂਹਰੇ ਹੀ ਤਸਲੀਮਾ ਨੂੰ ਮੁਖਾਤਿਬ ਹੋ ਕੇ ਮੇਰੇ ਮੂੰਹੋਂ ਨਿਕਲ ਗਿਆ ਸੀ ਕਿ,  “ਬੂਬੂ!!! ਤੂੰ ਸਾਡੇ ਪੰਜਾਬ ’ਚ ਕਿਉਂ ਨਾ ਜੰਮੀ? ਬੰਗਾਲੀਆਂ ਨਾਲੋਂ ਜ਼ਿਆਦਾ ਤਾਂ ਸਾਨੂੰ ਪੰਜਾਬੀਆਂ ਨੂੰ ਤੇਰੀ ਲੋੜ੍ਹ ਸੀ!” 

ਕਾਸ਼ ਕਦੇ ਤਸਲੀਮਾ ਮੇਰੇ ਰੂ-ਬ-ਰੂ ਆ ਜਾਵੇ ਤਾਂ ਸਭ ਪਹਿਲਾਂ (ਆਦਾਬ ਅਰਜ਼ ਕਰਨ ਤੋਂ ਵੀ ਪਹਿਲਾਂ) ਮੈਂ ਉਸ ਤੋਂ ਉਹ ਮੁਬਾਰਕ ਕਲਮ ਮੰਗਾਗਾ ਜਿਸ ਨਾਲ ਉਸਨੇ ਲੱਜਾ ਨਾਵਲ ਲਿਖਿਆ ਹੈ।

ਸਰਕਾਰ ਨੇ ਇਸ ਨਾਵਲ ਤੇ ਪਾਬੰਦੀ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ। ਕੀ ਮਿਲਿਆ ਬੈਨ ਕਰਕੇ? ਅੱਗੇ ਤਾਂ ਇਹ ਨਾਵਲ ਸਿਰਫ਼ ਬੰਗਾਲੀ ਵਿੱਚ ਹੀ ਛੱਪਿਆ ਸੀ। ਹੁਣ  ਦੁਨੀਆਂ ਦੀਆਂ 43 ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਸਾਰੀ ਦੁਨੀਆਂ ਵਿੱਚ ਪਹੁੰਚ ਗਿਆ ਹੈ। ਜੀਹਨੇ ਨਹੀਂ ਵੀ ਪੜ੍ਹਨਾ ਸੀ ਉਹਨੇ ਵੀ ਪੜ੍ਹ ਲਿਆ ਹੈ। ਜਦੋਂ ਕਿਸੇ ਚੀਜ਼ ਦਾ ਵਿਰੋਧ ਹੋਵੇ ਤਾਂ ਉਸ ਚੀਜ਼ ਦੀ ਮੱਲੋਮੱਲੀ ਮੰਗ ਵੱਧ ਜਾਂਦੀ ਹੈ। ਪੰਛੀ ਨੂੰ ਹਵਾ ਪਵੇ ਤਾਂ ਉਹਦੇ ਖੰਭਾਂ ਵਿੱਚ ਤਾਕਤ ਆ ਜਾਂਦੀ ਹੈ ਤੇ ਉਹ ਹੋਰ ਜ਼ੋਰ ਨਾਲ ਉੱਡਦਾ ਹੋਇਆ ਆਪਣੀ ਮਜਿੰਲ-ਏ-ਮਕਸੂਦ ਵੱਲ ਵਧਦਾ ਹੈ। ਇਹ ਕਿੱਸਾ ਤਸਲੀਮਾ ਦਾ ਵੀ ਹੋਇਆ ਹੈ।

  ਮੈਂ ਇਸ ਨਾਵਲ ਦੇ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਅਨੁਵਾਦ ਕਈ ਕਈ ਵਾਰ ਪੜ੍ਹੇ ਹਨ। ਸੋਮਾ ਸਬਲੋਕ ਦੇ ਕਰੇ ਪੰਜਾਬੀ ਨਾਲੋਂ ਤੁਤਲ ਗੁਪਤਾ ਦੁਆਰਾ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਮੈਨੂੰ ਵਧੇਰੇ ਪ੍ਰਭਾਵਸ਼ਾਲੀ ਲੱਗਿਆ ਹੈ। ਪੰਜਾਬੀ ਨਾਵਲ ਵਿੱਚ ਛਪਣ ਸਮੇਂ ਸਿਰਫ਼ ਪਰੂਫ ਰੀਡਿੰਗ ਦੀਆਂ ਹੀ ਗਲਤੀਆਂ ਨਹੀਂ ਬਲਕਿ ਲੇਖਿਕਾਂ ਵੱਲੋਂ ਕਰੀ ਗਈ ਕਾਂਡ ਵੰਢ (ਜੋ ਅੰਗਰੇਜ਼ੀ ਵਿੱਚ ਮੌਜ਼ੂਦ ਹੈ) ਵੀ ਕਿਧਰੇ ਨਜ਼ਰ ਨਹੀਂ ਆਉਂਦੀ। 

ਸਮਝ ਨਹੀਂ ਆਉਂਦੀ ਕਿ ਇੱਕ ਛੋਟਾ ਜਿਹਾ ਨਾਵਲ ਲਿਖਣ ’ਤੇ ਹੀ ਐਡਾ ਵੱਡਾ ਤੂਫਾਨ ਕਿਉਂ ਖੜ੍ਹਾ ਕੀਤਾ ਜਾਂਦਾ ਹੈ? ਲੱਜਾ ਲਿਖ ਕੇ ਤਸਲੀਮਾ ਨੇ ਕੀ ਗੁਨਾਹ ਕੀਤਾ ਹੈ? ਕਲਮਕਾਰਾ ਹੋਣ ਦੇ ਨਾਤੇ ਇਹ ਤਾਂ ਉਸਦਾ ਫਰਜ਼ ਸੀ। ਉਸਨੇ ਤਾਂ ਸਿਰਫ਼ ਆਪਣੀ ਆਤਮਾ ਦੀ ਆਵਾਜ਼ ਨੂੰ ਕਾਗਜ਼ ਦੀ ਛਾਤੀ ਉੱਤੇ ਝਰੀਟਿਆ ਹੈ ਤੇ ਕੱਟੜਵਾਦੀਆਂ ਨੂੰ ਦੱਸਿਆ ਹੈ ਕਿ ਉਸ ਸਾਰੇ ਵਰਤਾਰੇ ਨੂੰ ਦੇਖ ਕੇ ਉਸਦੀ ਆਤਮਾਂ ਨੇ ਲੱਜਾ ਮਹਿਸੂਸ ਕੀਤੀ ਹੈ ਤੇ ਉਨ੍ਹਾਂ ਦੀ ਕਰਨੀ ਨੇ ਸਾਰੇ ਬੰਗਲਾਦੇਸ਼ ਨੂੰ ਲੱਜਿਤ ਕਰ ਦਿੱਤਾ ਹੈ।

ਇੱਥੇ ਲੱਜਾ ਨਾਵਲ ਦੀ ਪੰਜਾਬੀ ਅਨੁਵਾਦਿਕਾ ਸੋਮਾ ਸਬਲੋਕ ਦੀ ਤਰਕਸ਼ੀਲ ਟਿੱਪਣੀ ਖਾਸ ਮਹੱਤਵ ਰੱਖਦੀ ਹੈ, “ਮੈਂ ਸਮਝਦੀ ਹਾਂ ਕਿ ਕਿਸੇ ਦੇਸ਼ ਵਿੱਚ ਜਿਸ ਅਨੁਪਾਤ ਵਿੱਚ ਅਜਿਹੀ ਲੱਜਾ ਅਨੁਭਵ ਹੋਵੇਗੀ, ਉਸੇ ਅਨੁਪਾਤ ਵਿੱਚ ਉਸ ਦੇਸ਼ ਦੇ ਸਭਿਆਚਾਰ ਵਿੱਚ ਮਨੁੱਖੀ ਕਰਦਾਂ-ਕੀਮਤਾਂ ਦਾ ਸੰਚਾਰ ਹੋਵੇਗਾ।” 

ਮੁੜ-ਮੁੜ ਮੇਰੇ ਜ਼ਿਹਨ ਵਿੱਚ ਇਹ ਸੁਆਲ ਉੱਠ ਰਿਹਾ ਹੈ ਕਿ ਕਿਉਂ ਦੁਨੀਆਂ ਵਾਲੇ ਲੇਖਕ ਨੂੰ ਸਮੇਂ ਦਾ ਸੱਚ ਚਿਤਰਨ ਤੋਂ ਰੋਕਦੇ ਹਨ। ਅਗਰ ਉਹ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਲੇਖਕ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਉਸਦੇ ਮਕਾਬਲੇ ਵਿੱਚ ਹੋਰ ਉਸ ਤੋਂ ਵਧੀਆ ਨਾਵਲ ਲਿਖਣ ਤੇ ਆਪਣੀਆਂ ਦਲੀਲਾਂ ਦੁਆਰਾ ਆਪਣੇ ਵਿਚਾਰ ਪੇਸ਼ ਕਰਨ ਤਾਂ ਕਿ  ਉਹ ਲੇਖਕ ਜਿਸ ਉੱਤੇ ਉਹਨਾਂ ਨੂੰ ਇਤਰਾਜ਼ ਹੈ। ਉਹ ਵੀ ਤੁਹਾਡੇ ਤੋਂ ਮੁਤਾਸਿਰ ਹੋ ਕੇ ਤੁਹਾਡੇ ਨਾਲ ਰਲ੍ਹ ਜਾਵੇ। ਲੇਖਕਾਂ ਨੂੰ ਡਰਾ ਧਮਕਾ ਜਾਂ ਮਾਰ ਕੇ ਹਕੀਕਤ ਬਿਆਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਜੱਗ ਵਾਲਿਓ! ਇੱਕ ਤਸਲੀਮਾ ਨਸਰੀਨ ਨੂੰ ਮਾਰੋਂਗੇ ਸੌ ਹੋਰ ਪੈਦਾ ਹੋ ਜਾਣਗੀਆਂ। ਕਿੱਡੇ ਅਫਸੋਸ ਅਤੇ ਲੱਜਾ ਵਾਲੀ ਗੱਲ ਹੈ ਕਿ ਜੋ ਸਨਮਾਨ ਦੀ ਹੱਕਦਾਰ ਹੈ, ਉਹ ਮੂਲਵਾਦੀਆਂ ਵੱਲੋਂ ਦਿੱਤੇ ਤਸੀਹੇ ਝੱਲ ਰਹੀ, ਘਰੋਂ ਬੇਘਰ ਹੋ ਕੇ ਵਿਦੇਸ਼ਾਂ ਵਿੱਚ ਰੁਲ ਰਹੀ ਹੈ। ਤਸਲੀਮਾ ਦੀ ਕਿਤਾਬ ਔਰਤ ਦੇ ਹੱਕ ਵਿੱਚ ਦੀ ਪੰਜਾਬੀ ਅਨੁਵਾਦਿਕਾ ਡਾ: ਚਰਨਜੀਤ ਕੌਰ ਨੇ ਭੂਮਿਕਾ ਵਿੱਚ ਬਹੁਤ ਹੀ ਖੂਬਸੂਰਤ ਲਿਖਿਆ ਹੈ ਕਿ, “ਮੈਂ ਜਦੋਂ ਸੋਚਦੀ ਹਾਂ ਕਿ ਇਸ ਸੰਵੇਦਨਸ਼ੀਲ ਔਰਤ ਤਸਲੀਮਾ ਨੂੰ ਸਹਿਮ ਦੇ ਮਾਹੌਲ ਵਿੱਚ ਆਪਣਾ ਸ਼ਹਿਰ ਛੱਡ ਕੇ ਬਿਗਾਨੀ ਯੂਰਪ ਦੀ ਧਰਤੀ ’ਤੇ ਪਨਾਹ ਲੈਣੀ ਪਈ ਹੋਵੇਗੀ ਤਾਂ ਉਸਦੇ ਮਨ ’ਤੇ ਕੀ ਵਾਪਰੀ ਹੋਵੇਗੀ? ਇਹ ਸੋਚਦਿਆਂ ਭੁੱਬ ਮਾਰਨ ਨੂੰ ਜੀਅ ਕਰਦਾ ਹੈ।” 

ਇਹ ਗੱਲ ਡਾ: ਚਰਨਜੀਤ ਜੀ ਦੇ ਮੂੰਹੋਂ ਹੀ ਨਹੀਂ ਨਿਕਲਦੀ ਬਲਕਿ ਹਰ ਉਸ ਮੁਖਾਰਬਿੰਦ ਤੋਂ ਨਿਕਲਦੀ ਹੈ ਜੋ ਤਸਲੀਮਾ ਦਾ ਪ੍ਰਸੰਸਕ ਹੈ। ਤੇ ਹਰ ਉਹ ਵਿਅਕਤੀ ਤਸਲੀਮਾ ਦਾ ਪ੍ਰਸੰਸਕ ਬਣ ਜਾਂਦੈ ਜਿਸਨੇ ਉਸਨੂੰ ਪੜ੍ਹਿਆ ਹੈ, ਬਾਸ਼ਰਤ ਹੈ ਕਿ ਉਸਦੀ ਸੋਚ ਵਿੱਚ ਕੱਟੜਤਾ ਨਾ ਹੋਵੇ।

ਪਾਣੀ ਜਦੋਂ ਜ਼ੋਰ ਨਾਲ ਵਹਿੰਦਾ ਹੈ ਤਾਂ ਰੇਤਾ, ਕੰਕਰ, ਪੱਥਰ ਆਦਿ ਛੋਟੀਆਂ-ਮੋਟੀਆਂ ਚੀਜ਼ਾਂ ਖੁਦ-ਬਾ-ਖੁਦ ਉਸ ਨਾਲ ਵਹਿ ਕੇ ਰੁੜ ਜਾਂਦੀਆਂ ਹਨ। ਦੋ ਚਾਰ ਹੜ੍ਹ ਜਿਹੇ ਲਿਆ ਕੇ ਪਾਣੀ ਵਿੱਚ ਹੰਕਾਰ ਆ ਜਾਂਦਾ ਹੈ ਤੇ ਉਸਨੂੰ ਵਹਿਮ ਹੋ ਜਾਂਦਾ ਹੈ ਕਿ ਉਹ ਹਰ ਸ਼ੈਅ ਆਪਣੇ ਨਾਲ ਵਹਾ ਕੇ ਲਿਜਾ ਸਕਦਾ ਹੈ। ਲੇਕਿਨ ਪਾਣੀ ਨੂੰ ਇਹ ਨਹੀਂ ਪਤਾ ਕਿ ਉਹ ਵੱਡੀਆਂ ਅਤੇ ਮਜ਼ਬੂਤ ਚੱਟਾਨਾਂ ਨੂੰ ਜੜੋਂ ਨਹੀਂ ਹਿਲਾ ਸਕਦਾ। ਚੱਟਾਨਾਂ ਤਾਂ ਉਸਨੂੰ ਚੀਰ ਕੇ ਰੱਖ ਦਿੰਦੀਆਂ ਹਨ। ਜਦੋਂ ਚੱਟਾਨਾਂ ਮੂਹਰੇ ਆ ਜਾਣ ਤਾਂ ਪਾਣੀ ਨੂੰ ਆਪਣੀ ਦਿਸ਼ਾ ਬਦਲਣੀ ਪੈ ਜਾਂਦੀ ਹੈ। ਉਹ ਚੱਟਾਨ ਨਾਲ ਖਹਿ ਕੇ ਤਾਂ ਲੰਘ ਸਕਦਾ ਹੈ ਪਰ ਉਸਨੂੰ ਵਹਾ ਨਹੀਂ ਸਕਦਾ। ਚੱਟਾਨ ਵਰਗੀ ਇਸ ਫੌਲਾਦੀ, ਨਿੱਡਰ ਅਤੇ ਬੇਝਿਜਕ ਕਲਮ ਨੂੰ ਸੀਸ ਨਿਵਾ ਕੇ ਸਿਜਦਾ!

ਧੰਨਵਾਦ ਸਹਿਤ ਕੋਪੀ .ਬਲਰਾਜ ਸਿੰਘ ਸਿਧੂ