ਪਲੇਠੀ ਪੰਜਾਬੀ ਫ਼ਿਲਮ ਬਣਾਉਣ ਦਾ ਹੀਆ ਕੇ. ਡੀ. ਮਹਿਰਾ ਨੇ ਕੀਤਾ। ਇਹ ਪਹਿਲੀ ਟਾਕੀ ਫ਼ਿਲਮ ਸੀ। ਸ਼ੂਟਿੰਗ ਦੌਰਾਨ ਇਸ ਦਾ ਟਾਈਟਲ ਨਾਂ ‘ਸ਼ੀਲਾ’ ਸੀ, ਪਰ ਫ਼ਿਲਮ ਨੂੰ 1936 ਵਿੱਚ ‘ਪਿੰਡ ਦੀ ਕੁੜੀ’ ਦੇ ਨਾਂ ਨਾਲ ਰਿਲੀਜ਼ ਕੀਤਾ ਗਿਆ। ਨੂਰਜਹਾਂ ਨੇ ਪਹਿਲੀ ਵਾਰ ਗਾਇਕ ਤੇ ਅਦਾਕਾਰਾ ਦੋਵਾਂ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਕਸੂਰ (ਪਾਕਿਸਤਾਨ) ਦੀ ਜੰਮਪਲ ਨੂਰਜਹਾਂ ਦਾ ਗਾਇਆ ਗੀਤ ‘ਆਵਾਜ਼ ਦੇ ਕਹਾਂ ਹੈ, ਦੁਨੀਆਂ ਮੇਰੀ ਜਵਾਂ ਹੈ’ ਹੀ ਉਸ ਦੀ ਪਛਾਣ ਬਣਿਆ। ‘ਪਿੰਡ ਦੀ ਕੁੜੀ’ ਫ਼ਿਲਮ ਕਲਕੱਤੇ ਵਿੱਚ ਬਣੀ ਸੀ ਅਤੇ ਇਸ ਨੂੰ ਲਾਹੌਰ ਵਿੱਚ ਰਿਲੀਜ਼ ਕੀਤਾ ਗਿਆ। ਫ਼ਿਲਮ ਕਾਫੀ ਸਫਲ ਰਹੀ ਤੇ ਇਸੇ ਸਫਲਤਾ ਨੇ ਹੋਰਨਾਂ ਨਿਰਮਾਤਾਵਾਂ ਨੂੰ ਵੀ ਪੰਜਾਬੀ ਫ਼ਿਲਮਾਂ ਵੱਲ ਪ੍ਰੇਰਿਤ ਕੀਤਾ। ਕੇ.ਡੀ. ਮਹਿਰਾ ਨੇ 1938 ਵਿੱਚ ਐਮ.ਐਮ. ਬਿੱਲੂ ਮਹਿਰਾ ਦੇ ਸਹਿਯੋਗ ਨਾਲ ਦੂਜੀ ਪੰਜਾਬੀ ਫ਼ਿਲਮ ‘ਹੀਰ ਸਯਾਲ’ ਪੇਸ਼ ਕੀਤੀ। ਇਸ ਫ਼ਿਲਮ ਵਿੱਚ ਨੂਰਜਹਾਂ ਨੂੰ ਮੁੜ ਰਿਪੀਟ ਕੀਤਾ ਗਿਆ ਜਦਕਿ ਅਦਾਕਾਰ ਦੀ ਭੂਮਿਕਾ ਐਮ. ਇਸਮਾਈਲ ਨੇ ਨਿਭਾਈ। ਕਮਰਸ਼ਲ ਤੌਰ ’ਤੇ ਫ਼ਿਲਮ ਹਿੱਟ ਰਹੀ। ਲਾਹੌਰ ਉਸ ਸਮੇਂ ਪੰਜਾਬ ਦੀ ਰਾਜਧਾਨੀ ਹੋਣ ਤੇ ਇੱਥੇ ਪੰਜਾਬੀ ਪਰਿਵਾਰਾਂ ਦੀ ਬਹੁਤਾਤ ਸਦਕਾ, ਇਹ ਪੰਜਾਬੀ ਫ਼ਿਲਮ ਸਨਅਤ ਦਾ ਮੁੱਖ ਕੇਂਦਰ ਬਣ ਗਿਆ। ਖੁੱਲ੍ਹੇ-ਡੁੱਲ੍ਹੇ ਸਟੂਡੀਓ ਤੇ ਹੋਰਨਾਂ ਸਹੂਲਤਾਂ ਕਰਕੇ ਬੰਬੇ ਅਤੇ ਕਲਕੱਤਾ ਦੇ ਬਹੁਤ ਸਾਰੇ ਨਿਰਮਾਤਾ, ਨਿਰਦੇਸ਼ਕ, ਤਕਨੀਸ਼ਨ ਲਾਹੌਰ ਆ ਗਏ। ਇਨ੍ਹਾਂ ’ਚ ਸ਼ਾਂਤੀ ਅਪਟੇ, ਮੋਤੀ ਲਾਲ, ਚੰਦਰ ਮੋਹਨ, ਹੀਰਾ ਲਾਲ, ਨੂਰਜਹਾਂ, ਸ਼ਾਂਤੀ,ਵਲੀ ਸਈਅਦ, ਅਤਾਹਉੱਲ੍ਹਾ, ਕਰਿਸ਼ਨ ਕੁਮਾਰ, ਬਲਦੇਵ ਰਾਜ ਚੋਪੜਾ ਆਦਿ ਪ੍ਰਮੁੱਖ ਸਨ। ਬਲਦੇਵ ਰਾਜ ਚੋਪੜਾ, ਜਿਹੜੇ ਮਗਰੋਂ ਬੀ.ਆਰ. ਚੋਪੜਾ ਦੇ ਨਾਂ ਨਾਲ ਪ੍ਰਸਿੱਧ ਹੋਏ, ਨੇ ਹੀ ਫ਼ਿਲਮ ਸਨਅਤ ਲਾਹੌਰ ਸ਼ੁਰੂ ਕੀਤੀ। ਚੋਪੜਾ ਨੇ ਇੱਥੇ ਇੱਕ ‘ਸਿਨੇ ਹੈਰਾਲਡ’ ਨਾਂ ਦੀ ਮੈਗਜ਼ੀਨ ਵੀ ਚਲਾਈ। ਇਸ ਮੈਗਜ਼ੀਨ ਨੂੰ ਚਲਾਉਣ ’ਚ ਰਾਮਾਨੰਦ ਸਾਗਰ ਦਾ ਵੀ ਕਾਫੀ ਸਹਿਯੋਗ ਰਿਹਾ ਜਿਹੜਾ ਮਗਰੋਂ ਪ੍ਰਸਿੱਧ ਫ਼ਿਲਮਸਾਜ਼ ਬਣਿਆ। 1947 ਦੀ ਵੰਡ ਮਗਰੋਂ ਪੱਛਮੀ ਤੇ ਪੂਰਬੀ ਪੰਜਾਬ ਹੋਂਦ ਵਿੱਚ ਆਏ। ਮੁਸਲਿਮ ਅਦਾਕਾਰ ਤੇ ਨਿਰਦੇਸ਼ਕ ਪਾਕਿਸਤਾਨ ’ਚ ਰਹਿ ਗਏ ਤੇ ਫ਼ਿਲਮ ਸਨਅਤ ਨੂੰ ‘ਲੌਲੀਵੁੱਡ’ ਦਾ ਨਾਂ ਮਿਲਿਆ। ਉਧਰ ਫ਼ਿਲਮ ਸਨਅਤ ਨਾਲ ਜੁੜੇ ਹਿੰਦੂ-ਸਿੱਖਾਂ ਨੇ ਬੰਬਈ ਜਾ ਡੇਰੇ ਲਾਏ। ਬੰਬਈ ਵਿੱਚ ਫ਼ਿਲਮ ਦਾ ਨਿਰਮਾਣ 1950 ਦੇ ਲਗਪਗ ਸ਼ੁਰੂ ਹੋਇਆ। ਸ਼ੁਰੂਆਤ ਵਿੱਚ ‘ਪੋਸਤੀ’, ‘ਦੋ ਲੱਛੀਆਂ’, ‘ਭੰਗੜਾ’ ਸਫਲ ਫ਼ਿਲਮਾਂ ਬਣੀਆਂ ਤੇ ਇਨ੍ਹਾਂ ਦੇ ਗੀਤ ਵੀ ਰੇਡੀਓ ’ਤੇ ਕਾਫੀ ਮਕਬੂਲ ਹੋਏ। ਵੰਡ ਤੋਂ ਬਾਅਦ 1958 ’ਚ ਕਾਮੇਡੀਅਨ ਮੁਲਖ ਰਾਜ ਭਾਖੜੀ ਦੀ ਫ਼ਿਲਮ‘ਭੰਗੜਾ’ ਆਈ। ‘ਭੰਗੜਾ’ ਵਿੱਚ ਸੁੰਦਰ ਤੇ ਨਿਸ਼ੀ ਦੀਆਂ ਮੁੱਖ ਭੂਮਿਕਾਵਾਂ ਸਨ। 1980 ਵਿੱਚ ਬਤੌਰ ਨਿਰਦੇਸ਼ਕ ਮੋਹਨ ਭਾਖੜੀ ਨੇ ਮੇਹਰ ਮਿੱਤਲ ਤੇ ਅਰਪਨਾ ਚੌਧਰੀ ਨੂੰ ਲੈ ਕੇ ਇਸ ਨੂੰ ਮੁੜ ‘ਜੱਟੀ’ ਦੇ ਨਾਂ ਨਾਲ ਬਣਾਇਆ। ਇਸ ਫ਼ਿਲਮ ਦੇ ਗੀਤ ‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ, ਰਾਹ ਭੁੱਲ ਨਾ ਜਾਵੇ ਚੰਨ ਮੇਰਾ’ ਅਤੇ ‘ਚਿੱਟੇ ਦੰਦ ਹੱਸਣੋ ਨਹੀਂ ਰਹਿੰਦੇ, ਅੱਜ ਵੀ ਪਸੰਦ ਕੀਤੇ ਜਾਂਦੇ ਹਨ।
-ਰਾਜਾ ਬਰਨਾਲਾ
No comments:
Post a Comment