ਕਿਸ਼ੋਰ ਕੁਮਾਰ
ਹਿੰਦੀ ਸਿਨਮਾ ਵਿੱਚ ਅਜਿਹੇ ਬਹੁਤ ਘੱਟ ਕਲਾਕਾਰ ਹੋਏ ਹਨ, ਜੋ ਇਸ ਖੇਤਰ ਵਿਚਲੀਆਂ ਵੱਖ-ਵੱਖ ਵੰਨਗੀਆਂ ਵਿੱਚ ਪ੍ਰਵੀਣ ਹੋਣ। ਅਜਿਹੇ ਕਲਾਕਾਰਾਂ ’ਚ ਕਿਸ਼ੋਰ ਕੁਮਾਰ ਦਾ ਨਾਂ ਵਿਸ਼ੇਸ਼ ਹੈ, ਜੋ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਕਿਸ਼ੋਰ ਕੁਮਾਰ ਨੇ ਫ਼ਿਲਮ ਸਨਅਤ ’ਚ ਇਕ ਗਾਇਕ ਅਤੇ ਅਦਾਕਾਰ ਤੋਂ ਇਲਾਵਾ ਫ਼ਿਲਮ-ਨਿਰਮਾਤਾ, ਨਿਰਦੇਸ਼ਕ, ਸੰਗੀਤਕਾਰ, ਗੀਤਕਾਰ ਅਤੇ ਪਟਕਥਾ-ਲੇਖਕ ਵਜੋਂ ਵੀ ਆਪਣੀ ਧਾਂਕ ਜਮਾਈ ਹੈ। ਦੇਖਿਆ ਜਾਏ ਤਾਂ ਕਿਸ਼ੋਰ ਕੁਮਾਰ ਨੇ ਕੋਈ ਰਸਮੀ ਵਿਦਿਆ ਲਏ ਬਿਨਾਂ ਹੀ ਇਨ੍ਹਾਂ ਸਾਰੇ ਖੇਤਰਾਂ ਵਿੱਚ ਮੱਲ ਮਾਰੀ।
ਮੱਧ ਪ੍ਰਦੇਸ਼ ਦੇ ਖੰਡਵਾ ਸ਼ਹਿਰ ਦੇ ਜੰਮਪਲ ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ,1929 ਨੂੰ ਹੋਇਆ। ਕਿਸ਼ੋਰ ਦਾ ਅਸਲ ਨਾਂ ‘ਅਭਾਸ ਕੁਮਾਰ ਗਾਂਗੁਲੀ’ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ‘ਕੁੰਜੀਲਾਲ ਗਾਂਗੁਲੀ’ ਅਤੇ ਦੋ ਵੱਡੇ ਭਰਾ ‘ਅਸ਼ੋਕ ਕੁਮਾਰ’ ਅਤੇ ‘ਅਨੂਪ ਕੁਮਾਰ’ ਸਨ। ਕਿਸ਼ੋਰ ਕੁਮਾਰ ਆਪਣਾ ਫ਼ਿਲਮੀ ਕਰੀਅਰ ਬਣਾਉਣ ਲਈ 1945 ਵਿੱਚ ਬੰਬਈ ਆਏ। ਇਥੇ ਆ ਕੇ ਸਭ ਤੋਂ ਪਹਿਲਾਂ ‘ਅਭਾਸ ਕੁਮਾਰ’ ਤੋਂ ‘ਕਿਸ਼ੋਰ ਕੁਮਾਰ’ ਹੋਏ। ਉਹ ਚਾਹੁੰਦਾ ਸੀ ਕਿ ਕਰੀਅਰ ਦੀ ਸ਼ੁਰੂਆਤ ਇਕ ਪਿਠਵਰਤੀ ਗਾਇਕ ਵਜੋਂ ਕਰੇ, ਪਰ ਫ਼ਿਲਮ ‘ਸ਼ਿਕਾਰੀ’(1946) ਵਿੱਚ ਇਨ੍ਹਾਂ ਨੂੰ ਪਹਿਲੀ ਵਾਰ ਅਦਾਕਾਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਗਾਇਕੀ ਦਾ ਸਫ਼ਰ ਕਿਸ਼ੋਰ ਨੇ ਫ਼ਿਲਮ ‘ਜ਼ਿੱਦੀ’ (1948) ਤੋਂ ਸ਼ੁਰੂ ਕੀਤਾ। 1951 ’ਚ ਆਈ ਫ਼ਿਲਮ ‘ਅੰਦੋਲਨ’ ਵਿੱਚ ਕਿਸ਼ੋਰ ਨੇ ਅਦਾਕਾਰ ਅਤੇ ਗਾਇਕ ਦੋਵੇਂ ਭੂਮਿਕਾਵਾਂ ਨਿਭਾਈਆਂ।
ਕਿਸ਼ੋਰ ਕੁਮਾਰ ਨੇ ਸ਼ੁਰੂਆਤ ਵਿੱਚ ਕੇ.ਐਲ. ਸਹਿਗਲ ਦੀ ਗਾਇਨ-ਸ਼ੈਲੀ ਦਾ ਅਨੁਸਰਨ ਕੀਤਾ ਜਿਸ ਦੀ ਵੱਡੀ ਮਿਸਾਲ ਫ਼ਿਲਮ ਜ਼ਿੱਦੀ(1948) ਦਾ ‘ਮਰਨੇ ਕੀ ਦੁਆਏਂ ਕਿਉਂ ਮਾਂਗੇ’ ਗੀਤ ਹੈ। ਮਗਰੋਂ ਕਿਸ਼ੋਰ ਨੇ ਸੰਗੀਤਕਾਰ ਐਸ.ਡੀ.ਬਰਮਨ ਦੀ ਸਲਾਹ ’ਤੇ ਆਪਣੇ ਸਮਕਾਲੀ ਗਾਇਕ ਮੁਹੰਮਦ ਰਫ਼ੀ, ਮੁਕੇਸ਼ ਕੁਮਾਰ, ਤਲਤ ਮਹਿਮੂਦ ਅਤੇ ਮੰਨਾ ਡੇ ਦੇ ਮੁਕਾਬਲੇ ਆਪਣੀ ਇਕ ਨਿਰੋਲ ਅਤੇ ਸੁਤੰਤਰ ਗਾਇਨ-ਸ਼ੈਲੀ ਸਥਾਪਿਤ ਕਰ ਲਈ। ਕਿਸ਼ੋਰ ਜਿਨ੍ਹਾਂ ਫ਼ਿਲਮਾਂ ਵਿੱਚ ਇਕ ਨਾਇਕ-ਗਾਇਕ ਵਜੋਂ ਸਰਗਰਮ ਰਹੇ ਉਨ੍ਹਾਂ ਵਿੱਚੋਂ ‘ਪੀਆ ਪੀਆ ਪੀਆ ਮੋਰਾ ਜੀਆ ਪੁਕਾਰੇ’ (ਬਾਪ ਰੇ ਬਾਪ), ‘ਹਮ ਤੋ ਮੁਹੱਬਤ ਕਰੇਗਾ’ (ਦਿੱਲੀ ਕਾ ਠੱਗ), ‘ਏਕ ਲੜਕੀ ਭੀਗੀ ਭਾਗੀ ਸੀ’(ਚਲਤੀ ਕਾ ਨਾਮ ਗਾੜੀ) ਆਦਿ ਮਨ ਭਾਉਂਦੇ ਗੀਤ ਹਨ। 60 ਦੇ ਦਹਾਕੇ ਵਿੱਚ ਇਨ੍ਹਾਂ ਦੇ ਗਾਏ ਕੁਝ ਵਿਸ਼ੇਸ਼ ਗੀਤਾਂ ਵਿਚੋਂ ‘ਮੇਰੇ ਮਹਿਬੂਬ ਕਯਾਮਤ ਹੋਗੀ’ (ਮਿਸਟਰ ਐਂਡ ਮਿਸ ਬੌਂਬੇ), ‘ਗਾਤਾ ਰਹੇ ਮੇਰੇ ਦਿਲ’ (ਗਾਈਡ), ‘ਯੇ ਦਿਲ ਨਾ ਹੋਤਾ ਬੇਚਾਰਾ’ (ਜਵੇਲ ਥੀਫ਼), ‘ਮੇਰੇ ਸਾਮਨੇ ਵਾਲੀ ਖਿੜਕੀ ਮੇਂ’ (ਪੜੋਸਨ) ਆਦਿ ਗੀਤ ਵਿਸ਼ੇਸ਼ ਹਨ।
ਕਿਸ਼ੋਰ ਕੁਮਾਰ ਦੀ ਸਫਲਤਾ ਦੀ ਦੂਸਰੀ ਪਾਰੀ ਫ਼ਿਲਮ ‘ਅਰਾਧਨਾ’ (1969) ਤੋਂ ਸ਼ੁਰੂ ਹੁੰਦੀ ਹੈ। ਫ਼ਿਲਮ ਦੇ ਗੀਤ ‘ਮੇਰੇ ਸਪਨੋਂ ਕੀ ਰਾਨੀ ਕਬ ਆਏਗੀ ਤੂੰ’ ਅਤੇ ‘ਰੂਪ ਤੇਰਾ ਮਸਤਾਨਾ’ ਨੇ ਜੋ ਧੂਮ ਮਚਾਈ ਉਸ ਦਾ ਹੁਣ ਤੱਕ ਕੋਈ ਸਾਨੀ ਨਹੀਂ। ਇਸ ਫ਼ਿਲਮ ਦੀ ਸਫਲਤਾ ਨੇ ਰਾਜੇਸ਼ ਖੰਨਾ ਅਤੇ ਕਿਸ਼ੋਰ ਕੁਮਾਰ ਦੀ ਜੋੜੀ ਦਾ ਇਕ ਨਵਾਂ ਯੁੱਗ ਆਰੰਭ ਕੀਤਾ, ਜਿਸ ਨੇ ਹਿੰਦੀ ਫ਼ਿਲਮ ਸਨਅਤ ’ਚ ਨਵੇਂ ਮੀਲ ਪੱਥਰ ਸਥਾਪਤ ਕੀਤੇ। ਕਿਸ਼ੋਰ ਨੇ ਦੇਵ ਆਨੰਦ, ਅਮਿਤਾਬ ਬੱਚਨ, ਧਰਮਿੰਦਰ, ਸ਼ਸ਼ੀ ਕਪੂਰ, ਜਤਿੰਦਰ, ਸੰਜੀਵ ਕੁਮਾਰ ਅਤੇ ਰਿਸ਼ੀ ਕਪੂਰ ਆਦਿ ਲਈ ਵੀ ਹਿੱਟ ਗੀਤ ਗਾਏ। ‘ਯੁਡਲਿੰਗ’ ਕਿਸ਼ੋਰ ਕੁਮਾਰ ਦੀ ਵਿਸ਼ੇਸ਼ ਗਾਇਨ-ਸ਼ੈਲੀ ਸੀ। ਇਸ ਸ਼ੈਲੀ ਵਿੱਚ ਗਾਉਣ ਦੀ ਸੋਚ ਉਨ੍ਹਾਂ ਨੂੰ ਪੱਛਮ ਦੇ ਗਾਇਕ ‘ਜਿੰਮੀ ਰੌਜਰ’ ਦੇ ਗੀਤਾਂ ਨੂੰ ਸੁਣ ਕੇ ਮਿਲੀ ਸੀ। ਇਸ ਸ਼ੈਲੀ ਦੀ ਵਰਤੋਂ ‘ਨਖ਼ਰੇ ਵਾਲੀ’ (ਨਈਂ ਦਿੱਲੀ), ‘ਮੈਂ ਹੂੰ ਝੁਮ ਝੁਮ ਝੁਮਰੂ’ (ਝੁਮਰੂ), ‘ਤੁਮ ਬਿਨ ਜਾਊਂ ਕਹਾਂ’ (ਪਿਆਰ ਕਾ ਮੌਸਮ) ਅਤੇ ‘ਜ਼ਿੰਦਗੀ ਇਕ ਸਫ਼ਰ ਹੈ ਸੁਹਾਨਾ’ (ਅੰਦਾਜ਼) ਆਦਿ ਗੀਤਾਂ ’ਚ ਕੀਤੀ। ਕਿਸ਼ੋਰ ਕੁਮਾਰ ਨੂੰ 8 ਵਾਰ ਫ਼ਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫ਼ਿਲਮੀ ਸਫ਼ਰ ਦੌਰਾਨ ਕਿਸ਼ੋਰ ਨੇ 1800 ਤੋਂ ਵੱਧ ਗੀਤ ਗਾਏ,72 ਫ਼ਿਲਮਾਂ ਦਾ ਸੰਗੀਤ ਤਿਆਰ ਕੀਤਾ ਅਤੇ 87 ਦੇ ਕਰੀਬ ਗੀਤ ਲਿਖੇ। ਇਸ ਤੋਂ ਬਿਨਾ ਕਿਸ਼ੋਰ ਨੇ 5 ਫ਼ਿਲਮਾਂ ਦਾ ਨਿਰਮਾਣ, 8 ਦਾ ਨਿਰਦੇਸ਼ਨ ਅਤੇ 4 ਦੀ ਪਟਕਥਾ ਵੀ ਲਿਖੀ। ਕਿਸ਼ੋਰ ਦਾ ਆਖਰੀ ਗੀਤ ‘ਗੁਰੂ ਗੁਰੂ’ (ਵਕਤ ਕੀ ਆਵਾਜ਼) ਸੀ। ਇਸ ਗੀਤ ਦੀ ਰਿਕਾਰਡਿੰਗ ਤੋਂ ਇਕ ਦਿਨ ਬਾਅਦ 13 ਅਕਤੂਬਰ,1987 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਹ ਮਹਾਨ ਕਲਾਕਾਰ ਹਿੰਦੀ ਸਿਨਮਾ ਨੂੰ ਅਲਵਿਦਾ ਕਹਿ ਗਿਆ।
- ਅਮਰਿੰਦਰ ਸਿੰਘ
ਸੰਪਰਕ: 98881-14583
No comments:
Post a Comment