‘‘ਯੱਕੂ…ਹਾ..ਹਾ..ਹਾ’, ਕੀ ਤੁਸੀਂ ਗੱਬਰ ਦੇ ਛੋਟੇ ਭਾਈ ਚੱਬਰ ਸਿੰਘ ਨੂੰ ਜਾਣਦੇ ਓ…।
ਯੇਹ ਹਮਾਰ ਸੇਠਾਣੀ ਹੋਤ ਹੈ, ਯੇ ਇਤਰ ਹਮ ਕਾਬੁਲ ਸੇ ਲਾਏ ਹੈਂ’’, ਗੜਕਵੀਂ ਆਵਾਜ਼ ਦੇ ਇਹ ਨਾਟਕੀ ਸੰਵਾਦ ਹੁਣ ਲੋਪ ਹੋ ਗਏ ਹਨ। ਭਾਵੇਂ ਅੱਜ ਦਾ ਬੰਦਾ ਪਲ-ਪਲ ਰੂਪ ਵਟਾਉਂਦਾ ਹੈ ਪਰ ਰੂਪ ਵਟਾਉਣ ਵਾਲੇ ਕਲਾਕਾਰ ਗ਼ਾਇਬ ਹੋ ਗਏ ਹਨ। ਕਦੇ ਡਾਕੂ, ਕਦੇ ਸੇਠ, ਗੱਬਰ ਸਿੰਘ, ਲੁਹਾਰ, ਵਣਜਾਰਾ ਤੇ ਹੋਰ ਪਤਾ ਨਹੀਂ ਕਿੰਨੇ ਹੀ ਕਿਰਦਾਰ। ਇਹ ਜਿੱਥੇ ਖੜੇ, ਉੱਥੇ ਈ ਤਮਾਸ਼ਾ, ਜਿੱਧਰ ਤੁਰੇ ਉੱਧਰ ਹੀ ਮਜ੍ਹਮਾ। ਇਨ੍ਹਾਂ ਦੇ ਮਜ੍ਹਮੇ ਵਿੱਚ ਤੁਰਦਾ ਫਿਰਦਾ ਜੀਵਤ ਨੁੱਕੜ ਨਾਟਕ। ਇਨ੍ਹਾਂ ਲਈ ਨਾ ਕੋਈ ਮੰਚ, ਨਾ ਸਾਊਂਡ, ਨਾ ਕੋਈ ਸਕਰਿਪਟ- ਸਿਰਫ਼ ਦਰਸ਼ਕ ਤੇ ਕਲਾਕਾਰ। ਫਿਰ ਵੀ ਕਮਾਲ ਦਾ ਨਾਟਕ, ਭਰਪੂਰ ਮਨੋਰੰਜਨ, ਸਿਆਣੀਆਂ ਗੱਲਾਂ। ਮਨੱੁਖ ਜੀਵਨ ਵਿੱਚ ਬਚਪਨ ਤੋਂ ਬੁਢਾਪੇ ਤਕ ਕਿੰਨੇ ਹੀ ਰੂਪ ਵਟਾਉਂਦਾ ਹੈ। ਸੁਆਰਥ ਨਾਲ ਗ੍ਰਸਤ ਗਿਰਗਟ ਵਾਂਗ ਭੇਸ ਵਟਾਉਂਦੇ ਅਜੋਕੇ ਮਨੱੁਖ ਦੇ ਰੂਪਾਂ ਦੀ ਗਿਣਤੀ ਦਾ ਹਰ ਹਿਸਾਬ ਜਾਣਦੇ ਨੇ ਇਹ ਬਹੁਰੂਪੀਏ ਅਤੇ ਇੱਥੋਂ ਹੀ ਲੱਭਦੇ ਨੇ ਕਲਾ ਦਾ ਸ਼ੂਕਦਾ ਦਰਿਆ। ਕਦੇ ਇਹ ਬਜ਼ਾਰ ਵਿੱਚ ਹਰ ਰਾਹਗੀਰ ਦਾ ਧਿਆਨ ਖਿੱਚਦੇ ਸਨ। ਰੋਜ਼ਾਨਾ ਨਵਾਂ ਰੂਪ ਵਟਾਉਣ ਵਾਲੇ ਬੱਚਿਆਂ ਦੇ ਹਰਮਨ-ਪਿਆਰੇ ਕਿਰਦਾਰ ਸਾਹਮਣੇ ਸਾਕਾਰ ਕਰਦੇ ਸਨ। ਤੂੜੀ ਵਰਗੇ ਟਰੱਕ ਜਿੱਡਾ ਢਿੱਡ ਲਈ ਫਿਰਦੇ ਸੇਠ ਨੂੰ ਵੇਖ ਕੇ ਮੱਲੋਮੱਲੀ ਹਾਸਾ ਖਿੱਲਰ ਜਾਂਦਾ ਹੈ। ਫੱਟੜ ਹੋਏ ਪਾਗਲ ਦਾ ਕਿਸੇ ਸਿਧਰੇ ਜਿਹੇ ਬੰਦੇ ਪਿੱਛੇ ਭੱਜਣ ਦਾ ਵੱਡਾ ਤਮਾਸ਼ਾ ਅਤੇ ਤਮਾਸ਼ਾ ਵੇਖਣ ਵਾਲਿਆਂ ਦਾ ਯਾਦਗਾਰੀ ਮਨੋਰੰਜਨ। ਤੁਰੰਤ ਜ਼ਬਾਨ ਦਾ ਰੂਪ ਤੇ ਰੰਗ ਬਦਲਣਾ ਵੀ ਜਾਣਦੇ ਨੇ ਇਹ ਚੁਸਤ ਜੀਭ ਦੇ ਜਾਦੂਗਰ। ਕਿਸੇ ਵੀ ਕਿਰਦਾਰ ਨੂੰ ਅਪਨਾਉਣ ਤੇ ਪੇਸ਼ ਕਰਨ ਵਿੱਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਔਰਤ ਰੂਪ ਦਾ ਮੇਕਅਪ ਕਰਨ ਵਿੱਚ ਇਹ ਪੇਸ਼ਾਵਰਾਂ ਨੂੰ ਵੀ ਮਾਤ ਪਾ ਦਿੰਦੇ ਸਨ। ਇਹ ਡਾਕੂ, ਲੁਹਾਰ, ਪਾਗਲ, ਲਾਲਾ-ਲਾਲੀ, ਵਪਾਰੀ, ਪਠਾਣ ਆਦਿ ਪਾਤਰਾਂ ਦੀਆਂ ਪੋਸ਼ਾਕਾਂ ਆਪਣੇ ਨਾਲ ਹੀ ਰੱਖਦੇ ਸਨ। ਬੱਚਿਆਂ ਲਈ ਲੰਗੂਰ, ਬਾਂਦਰ ਤੇ ਬਿਕਰਮ-ਬੇਤਾਲ ਆਦਿ ਪਾਤਰ ਉਸਾਰ ਲੈਂਦੇ ਸਨ। ਇਹ ਆਪਣੀ ਭਾਸ਼ਾ ਸ਼ੈਲੀ ਕਿਰਦਾਰ ਅਨੁਸਾਰ ਹੀ ਢਾਲ ਲੈਂਦੇ ਸਨ। ਇਨ੍ਹਾਂ ਦੇ ਸੰਵਾਦਾਂ ਵਿੱਚ ਟਿੱਚਰਾਂ, ਵਿਅੰਗ, ਪਤੀ-ਪਤਨੀ ਦੀ ਲੜਾਈ, ਮਸ਼ਹੂਰ ਫ਼ਿਲਮੀ ਡਾਇਲਾਗ, ਸ਼ੇਅਰੋ-ਸ਼ਾਇਰੀ ਆਦਿ ਦਾ ਪ੍ਰਯੋਗ ਹੁੰਦਾ ਸੀ। ਚੁਸਤ ਸੰਵਾਦ, ਛੋਟੇ ਵਾਕ ਇਨ੍ਹਾਂ ਦੀ ਖਾਸੀਅਤ ਸੀ।
ਇਹ 10-15 ਦਿਨਾਂ ਲਈ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਡੇਰਾ ਲਾਉਂਦੇ ਸਨ। ਔਰਤਾਂ ਨੂੰ ਘਰ ਛੱਡ ਕੇ ਮਰਦ ਹੀ ਰੂਪਾਂ ਦੀ ਮੰਡੀ ਵਿੱਚ ਜਾਂਦੇ ਸਨ। ਔਰਤ ਕਿਰਦਾਰਾਂ ਦਾ ਕੰਮ ਮਰਦਾਂ ਤੋਂ ਹੀ ਲਿਆ ਜਾਂਦਾ ਸੀ। ਬਹੁਰੂਪੀਏ ਸਵੇਰੇ ਇੱਕ ਵਿਸ਼ੇਸ਼ ਕਿਰਦਾਰ ਨੂੰ ਅਪਣਾ ਕੇ ਪੂਰਾ ਦਿਨ ਪਿੰਡ ਜਾਂ ਸ਼ਹਿਰ ਵਿੱਚ ਘੰੁਮਦੇ ਰਾਹਗੀਰਾਂ ਨੂੰ ਟਿੱਚਰਾਂ ਕਰਦੇ ਸਨ। ਕੋਈ ਗੁੱਸਾ ਨਹੀਂ ਸੀ ਕਰਦਾ। ਆਪਣੇ ਪੜਾਅ ਦੇ ਆਖਰੀ ਦਿਨ ਬਹੁਰੂਪੀਏ ਮੋਹ ਭਰੇ ਹੱਕ ਨਾਲ ਘਰ-ਘਰ ਜਾ ਕੇ ਉਗਰਾਹੀ ਕਰਦੇ ਸਨ।
ਜਿਵੇਂ ਪੰਜਾਬ ਵਿੱਚ ਭੰਡ ਮਰਾਸੀ ਬਿਰਾਦਰੀ ਕਲਾ ਦੀ ਪਿਤਾ ਪੁਰਖੀ ਰਵਾਇਤ ਨੂੰ ਅੱਗੇ ਤੋਰਦੀ ਹੈ, ਉਵੇਂ ਹੀ ਬਹੁਰੂਪੀਆਂ ਦੀ ਵੀ ਵਿਸ਼ੇਸ਼ ਜ਼ਾਤ ਹੁੰਦੀ ਹੈ। ਉੱਤਰ ਭਾਰਤ ਵਿੱਚ ਰਾਜਸਥਾਨ ਦੇ ਬਹੁਤ ਸਾਰੇ ਪਰਿਵਾਰ ਮਖੌਟਿਆਂ ਦੀ ਦੁਨੀਆਂ ਦੇ ਇਸ ਵਣਜ ਵਿੱਚ ਲੀਨ ਹਨ। ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਇਹ ਕਲਾਕਾਰ ਰਹਿੰਦੇ ਹਨ। ਇਨ੍ਹਾਂ ਦੇ ਹੁਣ ਪਰੰਪਰਾਗਤ ਵਾਰਿਸ ਨਹੀਂ ਰਹੇ। ਨਵੀਂ ਪੀੜ੍ਹੀ ਇਸ ਕਿੱਤੇ ਤੋਂ ਬੇਮੁਖ ਹੋ ਗਈ ਹੈ ਕਿਉਂਕਿ ਉਨ੍ਹਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਬਹੁਰੂਪੀਆਂ ਦੀ ਰਾਜਿਆਂ-ਮਹਾਰਾਜਿਆਂ ਸਮੇਂ ਰਾਜ ਮਹਿਲਾਂ ਵਿੱਚ ਚੰਗੀ ਖ਼ਾਤਰਦਾਰੀ ਹੁੰਦੀ ਹੈ। ਹੁਣ ਨਾ ਕੋਈ ਦਾਦ ਦੇਣ ਵਾਲਾ ਤੇ ਨਾ ਕੋਈ ਜਜਮਾਨ। ਪੈਸੇ ਦੀ ਦੌੜ ਵਿੱਚ ਅਸਲੀ ਚਿਹਰੇ ਨ੍ਹੀਂ ਸਾਂਭੇ ਜਾਂਦੇ, ਨਕਲੀ ਕੌਣ ਦੇਖੇ।
- ਰਮਨ ਮਿੱਤਲ
ਸੰਪਰਕ:97804-06991
ਸੰਪਰਕ:97804-06991
No comments:
Post a Comment