ਕਿਸਾਨਾਂ ਦੀਆਂ ਖੁਦਕੁਸ਼ੀਆਂ ਹਰੇ ਇਨਕਲਾਬ ਦੇ ਉਤਰ ਕਾਲ ਦਾ ਵਰਤਾਰਾ ਹੈ। ਮਜਬੂਰੀਆਂ ਦੇ ਚਕਰਵਿਊ ਵਿਚ ਘਿਰਿਆ ਜਾਂ ਮਾਨਸਿਕ ਪ੍ਰੇਸ਼ਾਨੀਆਂ ਦੀ ਜਿਲ੍ਹਣ ਵਿਚ ਫਸਿਆ ਮਨੁੱਖ ਜਦ ਬੇਵਸ ਹੋ ਜਾਂਦਾ ਹੈ ਤਾਂ ਉਹ ਜ਼ਿੰਦਗੀ ਦੀ ਥਾਂ ਖੁਦਕੁਸ਼ੀ ਦੇ ਰੂਪ ਵਿਚ ਮੌਤ ਨੂੰ ਗਲੇ ਲਾ ਲੈਂਦਾ ਹੈ। ਅਜਿਹਾ ਸਮਾਜ ਵਿਚ ਅਕਸਰ ਹੁੰਦਾ ਰਹਿੰਦਾ ਹੈ, ਪਰ ਜਿਸ ਗਿਣਤੀ ਵਿਚ ਸਾਡੇ ਦੇਸ਼ ਵਿਚ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਖੁਦਕੁਸ਼ੀਆਂ ਕੀਤੀਆਂ ਹਨ, ਉਹ ਪੇਚੀਦਾ ਸਮਾਜਕ, ਆਰਥਕ ਤੇ ਪ੍ਰਬੰਧਕੀ ਸਮੱਸਿਆਵਾਂ ਵੱਲ ਸੰਕੇਤ ਕਰਦੀਆਂ ਹਨ। ਇਹ ਅਜਿਹਾ ਮਸਲਾ ਹੈ ਜਿਸ ਦੀ ਗ੍ਰਿਫਤ ਵਿਚ ਕਿਸਾਨੀ ਪ੍ਰਧਾਨ ਪੰਜਾਬ ਦਾ ਸੂਬਾ ਸਭ ਤੋਂ ਵੱਧ ਆਇਆ ਹੈ। ਪਿਛਲੇ ਕਾਫੀ ਅਰਸੇ ਤੋਂ ਇਸ ਮਸਲੇ ਨਾਲ ਸਿਆਸੀ ਖਿੱਦੋ ਖੂੰਡੀ ਖੇਡੀ ਜਾ ਰਹੀ ਹੈ, ਪਰ ਇਸ ਦਾ ਹੱਲ ਹਾਲੇ ਕਿਸੇ ਪੱਖ ਤੋਂ ਨਹੀਂ ਲੱਭਿਆ ਗਿਆ। ਸਮਾਂ ਬੀਤਣ ਨਾਲ ਤੇ ਖੇਤੀ ਦੀ ਆਰਥਿਕਤਾ ਦੇ ਖੁੱਲ੍ਹੇ ਅਰਥਚਾਰੇ ਵਿਚ ਪੈਰੋਂ ਉਖੜ ਜਾਣ ਕਾਰਨ, ਇਹ ਮਸਲਾ ਹੋਰ ਵੀ ਉਲਝ ਗਿਆ ਹੈ।
ਡਾ. ਸੁਖਪਾਲ ਸਿੰਘ
ਉੱਥੇ ਦੁਰਖਾਇਮ ਇਸ ਘਟਨਾ ਨੂੰ ਸਮਾਜਿਕ ਤੱਤਾਂ ਨਾਲ ਜੋੜ ਕੇ ਵੇਖਦਾ ਹੈ। ਭਾਵੇਂ ਖੁਦਕੁਸ਼ੀ ਕਰਨਾ ਇਕ ਗੁੰਝਲਦਾਰ ਵਰਤਾਰਾ ਹੈ, ਪ੍ਰੰਤੂ ਭਾਰਤ ਦੇ ਦਿਹਾਤੀ ਖੇਤਰਾਂ ਵਿਚ ਹੋਈਆਂ ਖੁਦਕੁਸ਼ੀਆਂ ਸਬੰਧੀ ਤਿਆਰ ਕੀਤੀਆਂ ਖੋਜ ਰਿਪੋਰਟਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਇਨ੍ਹਾਂ ਖੁਦਕੁਸ਼ੀਆਂ ਪਿੱਛੇ ਮੁੱਖ ਰੂਪ ਵਿਚ ਆਰਥਿਕ ਤੱਤ ਹੀ ਹਾਵੀ ਹਨ। ਇਹ ਆਰਥਿਕ ਕਾਰਨ ਹੀ ਹਨ, ਜਿਹੜੇ ਖੁਦਕੁਸ਼ੀਆਂ ਦੇ ਮਨੋਵਿਗਿਆਨਕਾਂ ਅਤੇ ਸਮਾਜਿਕ ਤੱਤਾਂ ਨੂੰ ਹੱਲਾਸ਼ੇਰੀ ਦਿੰਦੇ ਹਨ।ਖੁਦਕੁਸ਼ੀ ਬਹੁਤ ਹੌਲਨਾਕ ਅਦੇ ਦੁਖਦਾਈ ਘਟਨਾ ਹੁੰਦੀ ਹੈ। ਕੋਈ ਵਿਅਕਤੀ ਆਪਣੀ ਜੀਵਨ-ਲੀਲਾ ਨੂੰ ਖਤਮ ਕਰਨ ਬਾਰੇ ਉਦੋਂ ਹੀ ਸੋਚਦਾ ਹੈ ਜਦੋਂ ਉਹ ਆਪਣੇ ਆਪ ਨੂੰ ਚਾਰੋਂ ਪਾਸਿਓਂ ਘਿਰਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਇਕ ਕਾਲੀ-ਬੋਲੀ ਰਾਤ ਵਿਚ ਗੁਆਚ ਗਈ ਪ੍ਰਤੀਤ ਹੁੰਦੀ ਹੈ, ਜਿਸ ਨੂੰ ਕਿਸੇ ਪਾਸਿਓਂ ਵੀ ਰੌਸ਼ਨੀ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ। ਖੁਦਕੁਸ਼ੀ ਦੇ ਵਰਤਾਰੇ ਬਾਰੇ ਸਮਾਜ-ਸ਼ਾਸਤਰ ਵਿਚ ਦੋ ਮੁੱਖ ਧਾਰਨਾਵਾਂ ਪ੍ਰਚਲਤ ਹਨ, ਜਿਹੜੀਆਂ ਸਿਗਮੰਡ ਫਰਾਇਡ ਅਤੇ ਦੁਰਖਾਇਮ ਵਲੋਂ ਦਿੱਤੀਆਂ ਗਈਆਂ ਹਨ। ਜਿੱਥੇ ਫਰਾਇਡ ਖੁਦਕੁਸ਼ੀ ਨੂੰ ਮਨੋਵਿਗਿਆਨਕ ਕਾਰਨਾਂ ਕਰਕੇ ਵਾਪਰਿਆ ਵਰਤਾਰਾ ਦੱਸਦਾ ਹੈ, ਭਾਰਤ ਵਿਚ ਕਿਸਾਨਾਂ ਦੁਆਰਾ ਕੀਤੀਆਂ ਖੁਦਕੁਸ਼ੀਆਂ ਦੀ ਗਿਣਤੀ ਵਿਕਸਤ ਦੇਸ਼ਾਂ ਦੇ ਕਿਸਾਨਾਂ ਦੁਆਰਾ ਦੀਆਂ ਖੁਦਕੁਸ਼ੀਆਂ ਤੋਂ ਕੋਈ ਘੱਟ ਨਹੀਂ ਹੈ। ਬਲਕਿ ਵੱਖ ਵੱਖ ਰਾਜਾਂ ਵਿਚ ਕੀਤੀਆਂ ਖੋਜ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਹ ਗਿਣਤੀ ਸਰਕਾਰੀ ਰਿਪੋਰਟਾਂ ਤੋਂ ਕਿਤੇ ਵੱਧ ਹੈ। ਸਮਾਜ ਵਿਚ ਇੱਕਾ ਦੁੱਕਾ ਖੁਦਕੁਸ਼ੀਆਂ ਕਰਨ ਦਾ ਇਤਿਹਾਸ ਤਾਂ ਕਾਫੀ ਪੁਰਾਣਾ ਹੈ। ਲੇਕਿਨ ਭਾਰਤ ਵਿਚ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਦਾ ਰੁਝਾਨ ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਤੋਂ ਬਾਅਦ 90ਵਿਆਂ ਦੇ ਅਖੀਰ ਵਿਚ ਹੀ ਵੇਖਣ ਨੂੰ ਮਿਲਦਾ ਹੈ। ਭਾਰਤ ਵਿਚ 1997 ਵਿਚ 95,829 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿਚੋਂ 13,622 (14.2 ਪ੍ਰਤੀਸ਼ਤ) ਕਿਸਾਨ ਸਨ। ਇਸੇ ਤਰ੍ਹਾਂ 1998 ਵਿਚ 1,04,713 ਵਿਅਕਤੀਆਂ ਨੇ, 1999 ਵਿਚ 11,05,87 ਵਿਅਕਤੀਆਂ ਨੇ 2000 ਵਿਚ 1,08,593 ਵਿਅਕਤੀਆਂ ਨੇ ਅਤੇ 2001 ਵਿਚ 1,08,506 ਵਿਅਕਤੀਆਂ ਨੇ ਖੁਦਕੁਸ਼ੀਆਂ ਕੀਤੀਆਂ। ਜਿਨ੍ਹਾਂ ਵਿਚੋਂ ਕਿਸਾਨਾਂ ਦੁਆਰਾ ਕੀਤੀਆਂ ਖੁਦਕੁਸ਼ੀਆਂ ਲਗਪਗ 15 ਪ੍ਰਤੀਸ਼ਤ ਸਨ। ਇਸ ਤੋਂ ਪਿੱਛੋਂ 2002 ਵਿਚ 1,10,417 ਵਿਅਕਤੀਆਂ ਨੇ, 2003 ਵਿਚ 1,10,851 ਵਿਅਕਤੀਆਂ ਨੇ, 2004 ਵਿਚ 1,13,967 ਵਿਅਕਤੀਆਂ ਨੇ, 2005 ਵਿਚ 1,13,914 ਵਿਅਕਤੀਆਂ ਨੇ ਅਤੇ 2006 ਵਿਚ 1,18,112 ਵਿਅਕਤੀਆਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿਚੋਂ ਲਗਪਗ 16 ਪ੍ਰਤੀਸ਼ਤ ਖੁਦਕੁਸ਼ੀਆਂ ਕਿਸਾਨਾਂ ਦੁਆਰਾ ਕੀਤੀਆਂ ਗਈਆਂ ਸਨ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ 1997 ਤੋਂ 2006 ਦੌਰਾਨ ਭਾਰਤ ਵਿਚ 10,95,219 ਵਿਅਕਤੀਆਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿਚ 1,66,304 ਕਿਸਾਨ ਸਨ। ਜੇਕਰ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਉਮਰ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਪ੍ਰਵਿਰਤੀ ਜ਼ਿਆਦਾਤਰ ਨੌਜਵਾਨਾਂ ਵਿਚ ਪਾਈ ਜਾਂਦੀ ਹੈ। ਭਾਰਤ ਵਿਚ 14 ਸਾਲ ਤੋਂ 44 ਸਾਲ ਦੇ ਨੌਜਵਾਨਾਂ ਦੁਆਰਾ ਕੀਤੀਆਂ ਖੁਦਕੁਸ਼ੀਆਂ 65 ਪ੍ਰਤੀਸ਼ਤ ਹਨ, ਜਦੋਂ ਕਿ 45 ਤੋਂ 59 ਸਾਲਾਂ ਦੇ ਵਿਅਕਤੀਆਂ ਵਿਚੋਂ 25 ਪ੍ਰਤੀਸ਼ਤ ਨੇ ਖੁਦਕੁਸ਼ੀ ਕੀਤੀ। ਕਿਸਾਨਾਂ ਵਿਚ ਖੁਦਕੁਸ਼ੀਆਂ ਦੀ ਦਰ ਬਾਕੀ ਵਸੋਂ ਨਾਲੋਂ ਕਿਤੇ ਵੱਧ ਹੈ, ਜਿੱਥੇ ਆਮ ਵਸੋਂ ਇਕ ਲੱਖ ਪਿੱਛੇ 10.6 ਵਿਅਕਤੀ ਖੁਦਕੁਸ਼ੀ ਕਰਦੇ ਹਨ, ਉੱਥੇ ਕਿਸਾਨਾਂ ਵਿਚ ਇਹ ਵਰਤਾਰਾ ਇਕ ਲੱਖ ਪਿੱਛੇ 15.8 ਖੁਦਕੁਸ਼ੀਆਂ ਦਾ ਹੈ। ਭਾਰਤ ਵਿਚ ਹਰ ਸਾਲ ਲਗਭਗ 17,000 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜਿੱਥੇ ਪਿਛਲੇ ਦਸ ਸਾਲਾਂ ਦੌਰਾਨ ਹਰ ਬੀਤੇ ਦਿਨ 47 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉੱਥੇ ਇਹ ਅੰਕੜਾ 2006 ਵਿਚ ਵਧ ਕੇ 52 ਹੋ ਗਿਆ ਹੈ। ਭਾਰਤ ਦੇ ਵੱਖ ਵੱਖ ਰਾਜਾਂ ਵਿਚ ਹੋਈਆਂ ਖੁਦਕੁਸ਼ੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਵਰਤਾਰਾ ਲਗਭਗ ਸਾਰੇ ਹੀ ਸੂਬਿਆਂ ਵਿਚ ਪਾਇਆ ਜਾਂਦਾ ਹੈ। ਸਾਲ 2001 ਦੌਰਾਨ ਹੋਈਆਂ ਖੁਦਕੁਸ਼ੀਆਂ ਦੇ ਅਸੀਂ ਇਨ੍ਹਾਂ ਰਾਜਾਂ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਹਾਂ। ਪਹਿਲੇ ਗਰੁੱਪ ਵਿਚ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਰਾਜ ਆਉਂਦੇ ਹਨ। ਸਾਰੀਆਂ ਖੁਦਕੁਸ਼ੀਆਂ ਦਾ ਲਗਭਗ 44.2 ਪ੍ਰਤੀਸ਼ਤ ਇਨ੍ਹਾਂ ਪੰਜ ਰਾਜਾਂ ਵਿਚ ਵਾਪਰਿਆ ਹੈ। ਦੂਸਰੇ ਗਰੁੱਪ ਵਿਚ ਕੇਰਲਾ, ਤਾਮਿਲਨਾਡੂ, ਗੋਆ, ਪਾਂਡੀਚਰੀ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਆਉਂਦੇ ਹਨ, ਜਿਹਨਾਂ ਵਿਚ ਕੁੱਲ ਖੁਦਕੁਸ਼ੀਆਂ ਦਾ 33.4 ਵਾਪਰਿਆ ਹੈ। ਇਸੇ ਤਰ੍ਹਾਂ ਤੀਸਰੇ ਗਰੁੱਪ ਵਿਚ ਆਸਾਮ, ਗੁਜਰਾਤ, ਹਰਿਆਣਾ ਅਤੇ ਉੜੀਸਾ ਆਉਂਦੇ ਹਨ, ਜਿਹਨਾਂ ਵਿਚੋਂ 12.4 ਪ੍ਰਤੀਸ਼ਤ ਖੁਦਕੁਸ਼ੀਆਂ ਹੋਈਆਂ ਹਨ। ਚੌਥੇ ਗਰੁੱਪ ਵਿਚ ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਮਸ਼ੀਰ, ਪੰਜਾਬ, ਰਾਜਸਥਾਨ, ਉਤਰਾਂਚਲ ਪ੍ਰਦੇਸ਼ ਅਤੇ ਉਤਰਾਖੰਡ ਆਉਂਦੇ ਹਨ, ਜਿੱਥੇ ਕੁੱਲ ਖੁਦਕੁਸ਼ੀਆਂ ਦਾ 8.3 ਪ੍ਰਤੀਸ਼ਤ ਵਾਪਰਿਆ ਹੈ। ਜਦੋਂ ਇਨ੍ਹਾਂ ਗਰੁੱਪਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਵੇਖਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਪਹਿਲਾ ਗਰੁੱਪ ਸਭ ਤੋਂ ਵੱਧ ਸੰਕਟ ਗ੍ਰਸਤ ਹੈ, ਜਿੱਥੇ ਕਿਸਾਨਾਂ ਦੀਆਂ ਕੁੱਲ ਖੁਦਕਸ਼ੀਆਂ ਵਿਚੋਂ 63.2 ਪ੍ਰਤੀਸ਼ਤ ਖੁਦਕੁਸ਼ੀਆਂ ਹੋਈਆਂ ਹਨ। ਇਸੇ ਤਰ੍ਹਾਂ ਦੂਜੇ ਗਰੁੱਪ ਵਿਚ 21.1 ਪ੍ਰਤੀਸ਼ਤ, ਤੀਜੇ ਗਰੁੱਪ ਵਿਚ 7.2 ਅਤੇ ਚੌਥੇ ਗਰੁੱਪ ਵਿਚ 8.4 ਪ੍ਰਤੀਸ਼ਤ ਕਿਸਾਨਾਂ ਨੇ ਮੌਤ ਨੂੰ ਆਪਣੇ ਗਲੇ ਲਗਾਇਆ ਹੈ। ਜੇਕਰ ਇਨ੍ਹਾਂ ਸੂਬਿਆਂ ਵਿਚ ਖੁਦਕੁਸ਼ੀਆਂ ਦੀ ਦਰ ਵੇਖੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਕ ਲੱਖ ਕਿਸਾਨਾਂ ਪਿੱਛੇ ਪਹਿਲੇ ਗਰੁੱਪ ਵਿਚ 29, ਦੂਜੇ ਗਰੁੱਪ ਵਿਚ 34, ਤੀਜੇ ਗਰੁੱਪ ਵਿਚ 8.9 ਅਤੇ ਚੌਥੇ ਗਰੁੱਪ ਵਿਚ 3.3 ਕਿਸਾਨਾਂ ਨੇ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲਏ। ਖੁਦਕੁਸ਼ੀਆਂ ਦੇ ਇਸ ਮਸਲੇ ਨੂੰ ਜੇਕਰ ਪਿਛਲੇ ਇਕ ਦਹਾਕੇ ਤੋਂ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਹਿਲੇ ਗਰੁੱਪ ਦੇ ਰਾਜਾਂ ਵਿਚ 1997 ਤੋਂ 2006 ਤੱਕ ਕੁੱਲ 4,75,427 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ, ਜਿਹਨਾਂ ਵਿਚ 1,01,000 (21.1 ਪ੍ਰਤੀਸ਼ਤ) ਕਿਸਾਨ ਸਨ। ਇਸ ਸਮੇਂ ਦੌਰਾਨ ਦੂਸਰੇ ਗਰੁੱਪ ਦੇ ਰਾਜਾਂ ਵਿਚ ਕੁੱਲ 3,63,955, ਤੀਜੇ ਗਰੁੱਪ ਵਿਚ 1,35,008 ਅਤੇ ਚੌਥੇ ਗਰੁੱਪ ਵਿਚ 1,02,633 ਖੁਦਕੁਸ਼ੀਆਂ ਹੋਈਆਂ, ਜਿਨ੍ਹਾਂ ਵਿਚੋਂ ਕ੍ਰਮਵਾਰ 10.3 ਪ੍ਰਤੀਸ਼ਤ, 9.4 ਪ੍ਰਤੀਸ਼ਤ ਅਤੇ 14 ਪ੍ਰਤੀਸ਼ਤ ਕਿਸਾਨ ਸਨ। ਇਹ ਸਾਰਾ ਵਿਸ਼ਲੇਸ਼ਣ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ 'ਤੇ ਅਧਾਰਿਤ ਕੀਤਾ ਗਿਆ ਹੈ ਕਿ ਜਦੋਂ ਕਿ ਯੂਨੀਵਰਸਿਟੀਆਂ ਅਤੇ ਹੋਰ ਖੋਜ ਸੰਸਥਾਵਾਂ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਵੱਖ ਵੱਖ ਰਾਜਾਂ ਵਿਚ ਖੁਦਕੁਸ਼ੀਆਂ ਦੀ ਗਿਣਤੀ ਇਸ ਨਾਲੋਂ ਕਿਤੇ ਵੱਧ ਹੈ, ਜਿਵੇਂ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਇਹ ਕਿਹਾ ਜਾਂਦਾ ਰਿਹਾ ਹੈ ਕਿ ਇੱਥੇ ਪਿਛਲੇ 15 ਸਾਲਾਂ ਵਿਚ 2,116 ਖੁਦਕੁਸ਼ੀਆਂ ਹੋਈਆਂ ਹਨ, ਜਦੋਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿੀ, ਲੁਧਿਆਣਾ ਦੁਆਰਾ ਕੀਤੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਸਿਰਫ ਦੋ ਜ਼ਿਲ੍ਹਿਆਂ ਵਿਚ ਹੀ ਪਿਛਲੇ 9 ਸਾਲਾਂ ਦੌਰਾਨ 1,757 ਕਿਸਾਨ ਅਤੇ 1,133 ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ। ਕਾਰਨ : ਭਾਰਤੀ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਰਸਤੇ ਪੈਣ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਹੈ ਖੇਤੀ ਦੀਆਂ ਲਾਗਤਾਂ ਵਿਚ ਵਾਧਾ ਹੋਣਾ ਅਤੇ ਇਸ ਦੇ ਮੁਕਾਬਲੇ ਫਸਲਾਂ ਦੀਆਂ ਕੀਮਤਾਂ ਵਿਚ ਖੜੋਤ ਆ ਜਾਣੀ। ਅੰਤਰਰਾਸ਼ਟਰੀ ਮੰਡੀ ਵਿਚ ਫਸਲਾਂ ਦੀਆਂ ਕੀਮਤਾਂ ਦੇ ਘਟਣ ਕਰਕੇ 2001 ਤੋਂ 2005 ਤੱਕ ਕਣਕ ਅਤੇ ਝੋਨੇ ਦੀਆਂ ਘੱਟੋ ਘੱਟ ਸਹਾਇਕ ਕੀਮਤਾਂ ਵਿਚ ਖੜੋਤ ਰਹੀ ਹੈ, ਜਿਸ ਨਾਲ ਕਣਕ ਦੀਆਂ ਕੀਮਤਾਂ ਵਿਚ ਵਾਧਾ ਸਿਰਫ 1.5 ਪ੍ਰਤੀਸ਼ਤ ਸਾਲਾਨਾ ਅਤੇ ਝੋਨੇ ਦੀਆਂ ਕੀਮਤਾਂ ਵਿਚ ਵਾਧਾ 2.5 ਪ੍ਰਤੀਸ਼ਤ ਸਲਾਨਾ ਹੋਇਆ, ਜਦੋਂ ਕਿ ਇਸੇ ਸਮੇਂ ਦੌਰਾਨ ਇਨ੍ਹਾਂ ਫਸਲਾਂ ਦੀਆਂ ਲਾਗਤਾਂ ਵਿਚ ਵਾਧਾ ਲਗਭਗ 9 ਪ੍ਰਤੀਸ਼ਤ ਸਾਲਾਨਾ ਹੋਇਆ। ਇਸ ਤੋਂ ਵੀ ਅੱਗੇ ਇਸ ਸਮੇਂ ਦੌਰਾਨ ਝੋਨੇ ਦੇ ਝਾੜ ਵਿਚ ਖੜੋਤ ਅਤੇ ਕਣਕ ਦੇ ਝਾੜ ਵਿਚ ਖੜੋਤ ਹੀ ਨਹੀਂ ਸਗੋਂ ਗਿਰਾਵ ਵੀ ਆਈ। ਨਰਮੇ ਦੀ ਫਸਲ ਅਮਰੀਕਨ ਸੁੰਡੀ ਅਤੇ ਬਿਮਾਰੀਆਂ ਦੇ ਹਮਲੇ ਨਾਲ 5-6 ਸਾਲ ਲਗਾਤਾਰ ਤਬਾਹ ਹੁੰਦੀ ਰਹੀ। ਨਕਲੀ ਦਵਾਈਆਂ ਅਤੇ ਘਟੀਆ ਬੀਜਾਂ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਦੂਜਾ ਕਾਰਨ ਹੈ ਖੇਤੀ ਸੈਕਟਰ ਵਿਚ ਮਿਲਣਵਾਲੇ ਰੁਜ਼ਗਾਰ ਦਾ ਘਟਣਾ। ਜਿਥੇ ਖੇਤੀਬਾੜੀ ਦਾ ਕੁੱਲ ਘਰੇਲੂ ਉਤਪਾਦਨ ਵਿਚ ਹਿੱਸਾ 1972-73 ਵਿਚ 41 ਪ੍ਰਤੀਸ਼ਤ ਅਤੇ 1993-94 ਵਿਚ 30 ਪ੍ਰਤੀਸ਼ਤ ਸੀ। ਹੁਣ ਉਹ ਘਟ ਕੇ ਸਿਰਫ਼ 18 ਪ੍ਰਤੀਸ਼ਤ ਹੀ ਰਹਿ ਗਿਆ। ਇਸੇ ਤਰ੍ਹਾਂ ਹੀ ਖੇਤੀਬਾੜੀ ਵਿਚੋਂ ਮਿਲਣ ਵਾਲਾ ਰੁਜ਼ਗਾਰ ਵੀ ਕਾਫੀ ਘਟ ਗਿਆ, ਜਿੱਥੇ 1972-73 ਵਿਚ ਇਹ ਸੈਕਟਰ 74 ਪ੍ਰਤੀਸ਼ਤ ਲੋਕਾਂ ਨੂੰ ਰੁਜ਼ਗਾਰ ਦਿੰਦਾ ਸੀ, ਉੱਥੇ 1993-94 ਵਿਚ 64 ਪ੍ਰਤੀਸ਼ਤ ਲੋਕਾਂ ਨੂੰ ਹੀ ਰੁਜ਼ਗਾਰ ਮੁਹੱਈਆ ਕਰਦਾ ਹੈ। ਇੱਥੇ ਹੀ ਬੱਸ ਨਹੀਂ ਖੇਤੀ ਕਾਮਿਆਂ ਦੀ ਉਤਪਾਦਕਤਾ ਦੂਜੇ ਸੈਕਟਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਉਤਪਾਦਕਤਾ ਨਾਲੋਂ ਕਾਫੀ ਘੱਟ ਹੈ। ਗੈਰ ਖੇਤੀਬਾੜੀ ਧੰਦਿਆਂ ਦੇ ਲੋਕਾਂ ਦੀ ਉਤਪਾਦਕਤਾ ਖੇਤੀ ਕਾਮਿਆਂ ਨਾਲੋਂ ਵੱਧ ਹੀ ਨਹੀਂ ਸਗੋਂ ਲਗਾਤਾਰ ਵਧ ਰਹੀ ਹੈ। ਜਿੱਥੇ ਇਹ ਉਤਪਾਦਕਤਾ 1972-73 ਵਿਚ 3.92 ਗੁਣਾ ਸੀ, ਉੱਥੇ ਮੌਜੂਦਾ ਸਮੇਂ ਵਿਚ ਵਧ ਕੇ 5.12 ਹੋ ਗਈ ਹੈ। ਤੀਜਾ ਕਾਰਨ ਹੈ ਖੇਤੀ ਸੈਕਟਰ ਦੇ ਵਿਕਾਸ ਦੀ ਦਰ ਅਤੇ ਰੁਜ਼ਗਾਰ ਦਾ ਘਟਣਾ। ਭਾਰਤੀ ਆਰਥਿਕਤਾ ਦੇ ਸਾਰੇ ਸੈਕਟਰਾਂ, ਜਿਨ੍ਹਾਂ ਵਿਚ ਖੇਤੀ, ਉਦਯੋਗ ਅਤੇ ਸੇਵਾਵਾਂ ਸ਼ਾਮਲ ਹਨ, ਦੀ ਵਿਕਾਸ ਦਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਖੇਤੀ ਸੈਕਟਰ ਦੇ ਵਿਕਾਸ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਾਫੀ ਕਮੀ ਆਈ ਹੈ। ਅੱਸੀਵਿਆਂ ਦੌਰਾਨ ਖੇਤੀ ਸੈਕਟਰ ਦੀ ਵਿਕਾਸ ਦਰ 3.08 ਸੀ ਜੋ ਘਟ ਕੇ ਨੱਬੇਵਿਆਂ ਦੌਰਾਨ 2.61 ਹੋ ਗਈ ਹੈ। ਜਦੋਂ ਕਿ 1992 ਤੋਂ ਬਾਅਦ ਇਹ ਵਿਕਾਸ ਦਰ ਸਿਰਫ 2.5 ਹੀ ਰਹਿ ਗਈ। ਇਸ ਦੇ ਉਲਟ ਉਦਯੋਗ ਸੈਕਟਰ ਦੀ ਵਿਕਾਸ ਦਰ ਅੱਸੀਵਿਆਂ ਦੌਰਾਨ 5.79, ਨੱਬੇਵਿਆਂ ਦੌਰਾਨ 5.82 ਅਤੇ 1992-93 ਤੋਂ ਬਾਅਦ ਇਹ ਦਰ ਵਧ ਕੇ 6.1 ਹੋ ਗਈ। ਇਸ ਤਰ੍ਹਾਂ ਇਸੇ ਸਮੇਂ ਦੌਰਾਨ ਸੇਵਾਵਾਂ ਦੇ ਖੇਤਰ ਵਿਚ ਵਿਕਾਸ ਦੀ ਦਰ 6.64 ਤੋਂ ਵਧ ਕੇ 7.72 ਰਹੀ ਹੈ। ਸਾਫ ਹੈ ਕਿ ਵਿਸ਼ਵੀਕਰਨ ਦੇ ਦੌਰ ਵਿਚ ਖੇਤੀਬਾੜੀ ਦੀ ਵਿਕਾਸ ਦਰ ਦੇ ਵਾਧੇ ਵਿਚ ਕਾਫੀ ਕਮੀ ਆਈ ਹੈ, ਜਿਸ ਨਾਲ ਖੇਤੀ 'ਤੇ ਨਿਰਭਰ ਵਸੋਂ ਦੀ ਸ਼ੁੱਧ ਆਮਦਨ ਦਾ ਘਟਣਾ ਲਾਜ਼ਮੀ ਸੀ। ਖੁਦਕੁਸ਼ੀਆਂ ਦਾ ਅਗਲਾ ਕਾਰਨ ਹੈ ਆਮਦਨ ਅਤੇ ਖਰਚ ਦੇ ਪਾੜੇ ਦਾ ਵਧਣਾ। ਭਾਰਤ ਵਿਚ ਛੋਟੇ ਕਿਸਾਨਾਂ ਦੀ ਆਮਦਨ ਉਨ੍ਹਾਂ ਦੇ ਖਰਚ ਨਾਲੋਂ ਕਾਫੀ ਘੱਟ ਹੈ। ਇਸ ਕਰਕੇ ਇਹ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ। ਨੈਸ਼ਨਲ ਸੈਂਪਲ ਸਰਵੇ ਸੰਗਠਨ (2005) ਦੇ ਅੰਕੜਿਆਂ ਅਨੁਸਾਰ ਸੀਮਾਂਤਕ ਕਿਸਾਨ (2.5 ਏਕੜ ਤੋਂ ਘੱਟ ਜ਼ਮੀਨ) ਦੀ ਆਮਦਨ 1617 ਰੁਪਏ ਮਹੀਨਾ ਹੈ, ਜਦੋਂ ਕਿ ਇਨ੍ਹਾਂ ਦਾ ਖਰਚਾ 2453 ਰੁਪਏ ਮਹੀਨਾ ਹੈ। ਇਸੇ ਤਰ੍ਹਾਂ ਛੋਟੇ ਕਿਸਾਨਾਂ (2.5 ਤੋਂ 5 ਏਕੜ) ਦੀ ਆਮਦਨ 2,493 ਰੁਪਏ ਮਹੀਨਾ ਹੈ ਜਦੋਂ ਕਿ ਇਨ੍ਹਾਂ ਦਾ ਖਰਚ 3,148 ਰੁਪਏ ਮਹੀਨਾ ਹੈ। ਇਥੋਂ ਤੱਕ ਕਿ ਦਰਮਿਆਨੇ ਕਿਸਾਨ ਦੀ ਆਮਦਨ ਦਾ ਪੱਧਰ ਉਹਨਾਂ ਦੇ ਖਰਚ ਨਾਲੋਂ ਕੁਝ ਘੱਟ ਹੈ। ਇਸ ਦੇ ਉਲਟ ਵੱਡੇ ਕਿਸਾਨਾਂ ਦੀ ਆਮਦਨ ਦਾ ਪੱਧਰ ਉਹਨਾਂ ਦੇ ਖਰਚ ਨਾਲੋਂ ਲਗਭਗ ਡੇਢਾ ਹੈ। ਜਿੱਥੇ 25 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਆਮਦਨ 9667 ਰੁਪਏ ਮਹੀਨਾ ਹੈ, ਉੱਥੇ ਇਹਨਾਂ ਦਾ ਖਰਚ ਸਿਰਫ 6418 ਰੁਪਏ ਮਹੀਨਾ ਹੈ। ਭਾਰਤ ਵਿਚ ਵੱਡੀ ਗਿਣਤੀ ਛੋਟੇ ਕਿਸਾਨਾਂ ਦੀ ਹੀ ਹੈ। ਇੱਥੇ 71 ਪ੍ਰਤੀਸ਼ਤ ਸੀਮਾਂਤਕ ਕਿਸਾਨ ਅਤੇ ਲਗਭਗ 17 ਪ੍ਰਤੀਸ਼ਤ ਛੋਟੇ ਕਿਸਾਨ ਹਨ, ਜਦੋਂ ਕਿ ਵੱਡੇ ਕਿਸਾਨਾਂ ਦੀ ਪ੍ਰਤੀਸ਼ਤਤਾ ਕਾਫੀ ਘੱਟ ਹੈ। ਸਪੱਸ਼ਟ ਹੈ ਕਿ ਸਮੁੱਚੀ ਕਿਸਾਨੀ ਘੱਟ ਆਮਦਨ ਕਰਕੇ ਕਰਜ਼ੇ ਦੇ ਕੁਚੱਕਰ ਵਿਚ ਫਸੀ ਹੋਈ ਹੈ। ਜ਼ਮੀਨ ਦੀ ਵੰਡ ਦਰ ਵੰਡ ਹੋਣ ਕਰਕੇ ਸਮੁੱਚੇ ਕਿਸਾਨ ਪਰਿਵਾਰਾਂ ਦੀ ਗਿਣਤੀ ਜਿੱਥੇ 1970-71 ਵਿਚ 5.7 ਕਰੋੜ ਸੀ। ਇਹ ਹੁਣ ਵਧ ਕੇ 10.2 ਕਰੋੜ ਹੋ ਗਈ। ਇਸੇ ਕਰਕੇ ਖੇਤ ਦਾ ਔਸਤਨ ਆਕਾਰ ਵੀ ਸਾਢੇ ਪੰਜ ਏਕੜ ਤੋਂ ਘਟ ਕੇ ਢਾਈ ਏਕੜ ਰਹਿ ਗਿਆ। ਇੰਨੀ ਛੋਟੀ ਜੋਤ ਦੇ ਆਕਾਰ 'ਤੇ ਕੀਤੀ ਮੁੱਖ ਫਸਲਾਂ ਦੀ ਖੇਤੀ ਪੁੱਗਣਯੋਗ ਹੀ ਨਹੀਂ। ਨੈਸ਼ਨਲ ਸੈਂਪਲ ਸਰਵੇ ਅਨੁਸਾਰ ਭਾਰਤ ਦੇ 49 ਪ੍ਰਤੀਸ਼ਤ ਕਿਸਾਨ ਕਰਜ਼ੇ ਥੱਲੇ ਹਨ ਅਤੇ 41 ਪ੍ਰਤੀਸ਼ਤ ਕਿਸਾਨਾਂ ਨੇ ਖੇਤੀ ਨੂੰ ਛੱਡਣ ਦੀ ਇੱਛਾ ਜ਼ਾਹਰ ਕੀਤੀ ਹੈ। ੁਪਰੋਕਤ ਕਾਰਨਾਂ ਤੋਂ ਇਲਾਵਾ ਸਿਹਤ ਸੇਵਾਵਾਂ, ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜੀਵਨ ਹਾਲਤਾਂ ਦੀ ਮਹਿੰਗਾਈ ਨੇ ਕਿਸਾਨਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਹੈ। ਕਿਸਾਨ ਅਤੇ ਉਸ ਦੇ ਬੱਚਿਆਂ ਨੂੰ ਮਹਿੰਗੀ ਵਿੱਦਿਆ ਦੇਣ ਦੇ ਬਾਵਜੂਦ ਵੀ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਕਿਸਾਨ ਅਤੇ ਹੋਰ ਪੇਂਡੂ ਲੋਕ ਬੇਵਸੀ ਦੀ ਹਾਲਤ ਵਿਚ ਧੱਕੇ ਗਏ। ਆੜ੍ਹਤੀਆਂ ਅਤੇ ਸੂਦਖੋਰਾਂ ਵਲੋਂ ਵਿਆਜ਼ ਦੀਆਂ ਉੱਚੀਆਂ ਦਰਾਂ ਅਤੇ ਸਖਤ ਸ਼ਰਤਾਂ ਅਧੀਨ ਲਏ ਕਰਜ਼ੇ ਦੀ ਵਾਪਸੀ ਕਰਨੀ ਕਿਸਾਨਾਂ ਲਈ ਬਹੁਤ ਔਖੀ ਹੈ। ਖੇਤੀ ਆਰਥਿਕਤਾ ਦੇ ਮੰਡੀਕਰਨ ਹੋਣ ਨਾਲ ਪੇਂਡੂ ਭਾਈਚਾਰੇ ਦੀਆਂ ਤੰਦਾਂ ਕਮਜ਼ੋਰ ਹੋ ਗਈਆਂ ਜਿਸ ਕਰਕੇ ਭਾਈਚਾਰਕ ਹਮਦਰਦੀ ਅਤੇ ਸਮਾਜਿਕ ਮਦਦ ਵਾਲਾ ਢਾਂਚਾ ਖੇਰੂੰ ਖੇਰੂੰ ਹੋ ਗਿਆ ਅਤੇ ਕਿਸਾਨ ਸਮਾਜ ਤੋਂ ਟੁੱਟਿਆ ਹੋਇਆ ਮਹਿਸੂਸ ਕਰਨ ਲੱਗ ਪਿਆ। ਇਨ੍ਹਾਂ ਹਾਲਤਾਂ ਨੇ ਸਮੁੱਚੇ ਭਾਰਤ ਅੰਦਰ ਕਿਸਾਨਾਂ ਨੂੰ ਖੁਦਕੁਸ਼ੀ ਦੇ ਰਸਤੇ 'ਤੇ ਚੱਲਣ ਲਈ ਮਜਬੂਰ ਕਰ ਦਿੱਤਾ।
ਆਰਥਿਕ ਮੰਦਹਾਲੀ
ਦਵਿੰਦਰ ਪਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਪੰਜਾਬ ਦੇ ਸਿਰਫ ਦੋ ਜ਼ਿਲ੍ਹਿਆਂ ਸੰਗਰੂਰ ਅਤੇ ਬਠਿੰਡਾ ਨੂੰ ਅਧਾਰ ਬਣਾ ਕੇ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਜੋ ਰਿਪੋਰਟ ਹਾਲ ਹੀ ਵਿਚ ਸਰਕਾਰ ਨੂੰ ਸੌਂਪੀ ਗਈ ਸੀ, ਉਸ ਵਿਚਲੇ ਕਿਸਾਨੀ ਆਤਮ ਹੱਤਿਆਵਾਂ ਦੇ ਅੰਕੜੇ ਦੇਖ ਕੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਜਿਹੜੇ ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ 'ਤੇ ਪੈਰਾਂ ਉੱਪਰ ਪਾਣੀ ਨਹੀਂ ਸੀ ਪੈਣ ਦੇ ਰਹੇ। ਇਨ੍ਹਾਂ ਦੋਹਾਂ ਜ਼ਿਲ੍ਹਿਆਂ ਵਿਚ ਪਿਛਲੇ ਅੱਠ ਸਾਲਾਂ ਦੌਰਾਨ 2890 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਖੇਤੀ ਮਾਹਿਰਾਂ ਦੇ ਇਸ ਸਰਵੇਖਣ ਮੁਤਾਬਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਭਾਵੇਂ ਹੋਰ ਵੀ ਕਈ ਘਰੇਲੂ ਕਾਰਨ ਹਨ, ਪਰ ਉਹ ਮਾਮਲੇ ਆਟੇ 'ਚ ਲੂਣ ਮਾਤਰ ਹਨ, ਜ਼ਿਆਦਾਤਰ ਮਾਮਲਿਆਂ ਵਿਚ ਆਰਥਿਕਤਾ ਮੂਲ ਕਾਰਨ ਹੈ। ਕਿਸਾਨ ਸੰਗਠਨ ਤੇ ਕੁਝ ਗੈਰ ਸਰਕਾਰੀ ਜਥੇਬੰਦੀਆਂ ਭਾਵੇਂ ਪਿਛਲੇ ਡੇਢ ਦਹਾਕੇ ਤੋਂ ਕਿਸਾਨਾਂ ਦੀ ਇਸ ਹੋਣੀ ਬਾਰੇ ਹਾਲ ਦੁਹਾਈ ਪਾ ਰਹੀਆਂ ਹਨ, ਪਰ ਕਿਸੇ ਨੇ ਇਸ ਗੱਲ ਵੱਲ ਕੰਨ ਨਹੀਂ ਧਰਿਆ। ਹੁਣ ਸਰਕਾਰ ਦੀ ਇਕ ਵੱਕਾਰੀ ਸੰਸਥਾ ਵਲੋਂ ਕੀਤੇ ਇਸ ਸਰਵੇਖਣ ਤੋਂ ਬਾਅਦ ਇਹ ਗੱਲ ਅਧਿਕਾਰਤ ਤੌਰ 'ਤੇ ਜੱਗ ਜ਼ਾਹਿਰ ਹੋ ਗਈ ਹੈ ਕਿ ਪੰਜਾਬ 'ਚ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ ਤੇ ਇਹ ਰੁਝਾਨ ਅੱਜ ਵੀ ਜਾਰੀ ਹੈ। ਪੀਏਯੂ ਦੀ ਇਸ ਰਿਪੋਰਟ ਮੁਤਾਬਕ ਸਾਲ 2000 ਤੋਂ 2003 ਤੱਕ ਸਿਰਫ ਦੋ ਜ਼ਿਲ੍ਹਿਆਂ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਕਰਜ਼ਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਔਸਤ 200 ਤੋਂ ਵੱਧ ਪ੍ਰਤੀ ਸਾਲ ਰਹੀ ਜਦੋਂ ਕਿ ਸਾਲ 2004 ਤੋਂ 2007 ਤੱਕ ਇਸ ਰੁਝਾਨ ਨੂੰ ਮਾਮੂਲੀ ਠੱਲ੍ਹ ਪਈ ਸੀ। 2000 ਤੋਂ 2008 ਤੱਕ ਦੇ ਸਮੇਂ ਦੌਰਾਨ ਉਕਤ ਦੋਹਾਂ ਜ਼ਿਲ੍ਹਿਆਂ 'ਚ 1757 ਕਿਸਾਨਾਂ ਅਤੇ 1133 ਖੇਤ ਮਜ਼ਦੂਰਾਂ ਨੇ ਮੌਤ ਨੂੰ ਗਲੇ ਲਾ ਲਿਆ। ਪੀਏਯੂ ਦੀ ਇਸ ਰਿਪੋਰਟ ਮੁਤਾਬਕ 1288 ਕਿਸਾਨਾਂ ਅਤੇ 671 ਖੇਤ ਮਜ਼ਦੂਰਾਂ ਨੇ ਸਿਰਫ ਕਰਜ਼ੇ ਦੀ ਭਾਰਤੀ ਪੰਡ ਕਾਰਨ ਹੀ ਖੁਦਕੁਸ਼ੀਆਂ ਕੀਤੀਆਂ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਚ 469 ਅਤੇ ਖੇਤ ਮਜ਼ਦੂਰਾਂ ਵਿਚ 462 ਅਜਿਹੇ ਮਾਮਲੇ ਦੇਖੇ ਗਏ, ਜਿੱਥੇ ਖੁਦਕੁਸ਼ੀ ਦਾ ਕਾਰਨ ਕਰਜ਼ੇ ਦੀ ਥਾਂ ਕੋਈ ਹੋਰ ਸੀ। ਪੀਏਯੂ ਦਾ ਇਹ ਸਰਵੇਖਣ ਕਿਸਾਨੀ ਖੁਦਕੁਸ਼ੀਆਂ ਦੇ ਮਾਮਲੇ 'ਤੇ ਪੰਜਾਬ ਦਾ ਕੇਂਦਰ ਸਰਕਾਰ ਕੋਲ ਪੱਖ ਮਜ਼ਬੂਤ ਕਰ 'ਚ ਬਹੁਤ ਜ਼ਿਆਦਾ ਲਾਹੇਵੰਦ ਸਿੱਧ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਵਿਚ ਕਰਜ਼ੇ ਕਾਰਨ ਖੁਦਕੁਸ਼ੀਆਂ ਦੀ ਗੱਲ ਮੰਨਣ ਨੂੰ ਇਸ ਕਰਕੇ ਤਿਆਰ ਨਹੀਂ ਕਿਉਂਕਿ ਪੰਜਾਬ ਸਰਕਾਰ ਕੋਲ ਕੋਈ ਠੋਸ ਤੱਥ ਅਤੇ ਸਰਵੇਖਣ ਰਿਪੋਰਟ ਨਹੀਂ ਸੀ ਜਦੋਂ ਕਿ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਸੂਬਿਆਂ ਵਿਚ ਅਜਿਹੇ ਪੀੜਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਵਲੋਂ ਵੀ ਅਜਿਹੇ ਪ੍ਰਭਾਵਿਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦਾ ਸਿਧਾਂਤਕ ਫੈਸਲਾ ਲਿਆ ਜਾ ਚੁੱਕਿਆ ਹੈ। ਪੀੜਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦਾ ਸਰਕਾਰੀ ਫੈਸਲਾ ਅਜਿਹੇ ਪਰਿਵਾਰਾਂ ਲਈ ਊਠ ਦਾ ਬੁੱਲ੍ਹ ਬਣਿਆ ਪਿਆ ਹੈ। ਪੰਜਾਬ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੇ ਭਾਵੇਂ ਦੇਸ਼ ਦੇ ਸਿਆਸਤਦਾਨਾਂ ਦੀ ਆਤਮਾ ਨੂੰ ਨਹੀਂ ਝੰਜੋੜਿਆ ਪਰ ਵਿਦੇਸ਼ਾਂ ਵਿਚ 'ਖੁਸ਼ਹਾਲ' ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜ਼ਰੂਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਾਲ ਹੀ ਵਿਚ ਦੁਨੀਆ ਦੀ ਪ੍ਰਸਿੱਧ ਯੂਨੀਵਰਸਿਟੀ 'ਹਾਵਰਡ' (ਅਮਰੀਕਾ) ਵਿਚ ਇਕੱਠੇ ਹੋਏ ਦਸ ਮੁਲਕਾਂ ਦੇ ਲੋਕਾਂ ਵਿਚ ਇਸ ਦੀ ਚਰਚਾ ਹੋਈ। ਪੰਜਾਬ ਦੇ ਕਿਸਾਨਾਂ ਦੀ ਇਸ ਹੋਣੀ ਦਾ ਅਧਿਐਨ ਕਰਨ ਲਈ ਹਾਵਰਡ ਯੂਨੀਵਰਸਿਟੀ ਨੇ ਆਪਣੀ ਇਕ ਖੋਜਾਰਥੀ ਮਲਿਕਾ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਭੇਜਿਆ ਹੈ। ਹਾਵਰਡ ਯੂਨੀਵਰਸਿਟੀ ਵਿਚ ਪੰਜਾਬ ਦੇ ਕਿਸਾਨਾਂ ਦੀ ਇਹ ਤਸਵੀਰ ਹਰਮਨ ਸ਼ਾਰਦਾ ਵਲੋਂ ਪੇਸ਼ ਕੀਤੀ ਗਈ ਸੀ। ਹਰਮਨ ਸ਼ਾਰਦਾ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਬੱਚਿਆਂ ਤੇ ਔਰਤਾਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦਾ ਜ਼ਰਾਇਤੀ ਖੇਤਰ ਪੂਰੀ ਤਰ੍ਹਾਂ ਸੰਕਟ ਗ੍ਰਸਤ ਹੈ। ਇਸ ਰਿਪੋਰਟ ਮੁਤਾਬਕ ਪੰਜਾਬ ਦੇ ਕਿਸਾਨਾਂ ਸਿਰ 24,000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਇਸ ਪੱਟੀ ਦੇ ਕੁੱਲ ਕਿਸਾਨਾਂ ਵਿਚੋਂ 93 ਫੀਸਦੀ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਲੋਂ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਕੀਤੀਆਂ ਖੁਦਕੁਸ਼ੀਆਂ ਦੇ ਰੁਝਾਨ ਬਾਰੇ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਇਸ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਜਿਨ੍ਹਾਂ ਪਿੰਡਾਂ ਵਿਚ ਕਿਸਾਨਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ, ਉਨ੍ਹਾਂ ਪਿੰਡਾਂ ਵਿਚ ਹੀ ਖੇਤ ਮਜ਼ਦੂਰਾਂ ਦੀ ਆਰਥਿਕ ਹਾਲਤ ਵੀ ਬੇਹੱਦ ਨਿੱਘਰੀ ਹੋਈ ਹੈ, ਜਿਹਨਾਂ ਪਿੰਡਾਂ ਵਿਚ ਬਹੁ ਗਿਣਤੀ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਉੱਥੇ ਹੀ ਖੁਦਕੁਸ਼ੀਆਂ ਕਰਨ ਵਾਲੇ ਖੇਤ ਮਜ਼ਦੂਰਾਂ ਦੀ ਬਹੁਤਾਤ ਹੈ। ਸਿਰਫ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਪਿੰਡਾਂ ਦਾ ਲੇਖਾ ਜੋਖਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਸੰਗਰੂਰ ਜ਼ਿਲ੍ਹੇ ਵਿਚ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਹਰ ਪਿੰਡ ਵਿਚ ਔਸਤਨ 3 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਬਠਿੰਡਾ ਜ਼ਿਲ੍ਹੇ ਵਿਚ ਇਹ ਔਸਤ 3.4 ਬਣਦੀ ਹੈ। ਦੋਹਾਂ ਜ਼ਿਲ੍ਹਿਆਂ ਦੇ ਸਮੁੱਚੇ 875 ਪਿੰਡਾਂ ਦੀ ਔਸਤ 2 ਆਤਮ ਹੱਤਿਆਵਾਂ ਪ੍ਰਤੀ ਪਿੰਡ ਬਣੀ ਹੈ। ਕਰਜ਼ਾਈ ਕਿਸਾਨਾਂ ਨੇ ਸੰਗਰੂਰ ਜ਼ਿਲ੍ਹੇ ਦੇ ਅਨਦਾਨਾ, ਸੁਨਾਮ, ਭਵਾਨੀਗੜ੍ਹ ਅਤੇ ਲਹਿਰਾਗਾਗਾ ਬਲਾਕਾਂ ਵਿਚ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਕੀਤੀਆਂ। ਪੰਜਾਬ ਵਿਚ ਇਹ ਤੱਥ ਪਹਿਲੀ ਵਾਰੀ ਉਭਰ ਕੇ ਸਾਹਮਣੇ ਆਇਆ ਹੈ ਕਿ ਕਿਸਾਨਾਂ ਦੀਆਂ ਪਤਨੀਆਂ ਨੇ ਵੀ ਕਰਜ਼ੇ ਦਾ ਭਾਰ ਨਾ ਸਹਿੰਦਿਆਂ ਖੁਦਕੁਸ਼ੀ ਕਰ ਲਈ। ਦੋਹਾਂ ਜ਼ਿਲ੍ਹਿਆਂ ਵਿਚ 100 ਦੇ ਕਰੀਬ ਔਰਤਾਂ ਨੇ ਵੀ ਕਰਜ਼ੇ ਦੇ ਬੋਝ ਕਾਰਨ ਹੀ ਖੁਦਕੁਸ਼ੀਆਂ ਕੀਤੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਬਲਾਕ ਰਾਮਪੁਰਾ ਅਤੇ ਤਲਵੰਡੀ ਸਾਬੋ ਖੁਦਕੁਸ਼ੀਆਂ ਤੋਂ ਵਧੇਰੇ ਪ੍ਰਭਾਵਿਤ ਬਲਾਕਾਂ ਵਿਚ ਹਨ। ਇਨ੍ਹਾਂ ਪਿੰਡਾਂ ਵਿਚ ਅੱਜ ਸ਼ਮਮਾਨ ਭੂਮੀ ਵਰਗੀ ਚੁੱਪ ਪਸਰੀ ਹੋਈ ਹੈ। ਅਨਦਾਨਾ ਦੇ 34 ਪਿੰਡਾਂ ਵਿਚ 132, ਭਵਾਨੀਗੜ੍ਹ ਦੇ 33 ਪਿੰਡਾਂ ਵਿਚ 105, ਲਹਿਰਾਗਾਗਾ ਦੇ 46 ਪਿੰਡਾਂ ਵਿਚ 202, ਸੁਨਾਮ ਦੇ 60 ਪਿੰਡਾਂ ਵਿਚ 200, ਮਾਲੇਰਕੋਟਲਾ 1 ਦੇ 42 ਪਿੰਡਾਂ ਵਿਚ 89 ਕਿਸਾਨਾਂ ਨੇ ਪਿਛਲੇ 9 ਸਾਲਾਂ ਦੌਰਾਨ ਮੌਤ ਨੂੰ ਗਲੇ ਲਾ ਲਿਆ। ਬਠਿੰਡਾ ਜ਼ਿਲ੍ਹੇ ਦੇ ਬਲਾਕ ਰਾਮਪੁਰਾ ਵਿਚ 176 ਤੇ ਤਲਵੰਡੀ ਸਾਬੋ ਵਿਚ 103 ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ, ਬਠਿੰਡਾ ਬਲਾਕ ਦੇ 35 ਪਿੰਡਾਂ ਵਿਚ 95 ਕਿਸਾਨਾਂ ਤੇ ਮੌੜ ਮੰਡੀ ਦੇ 26 ਪਿੰਡਾਂ ਵਿਚ 81 ਕਿਸਾਨਾਂ ਨੇ ਆਤਮ ਹੱਤਿਆ ਕੀਤੀ। ਲਹਿਰਾਗਾਗਾ ਬਲਾਕ ਦੇ 40 ਪਿੰਡਾਂ ਵਿਚ 127 ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ। ਇਸੇ ਤਰ੍ਹਾਂ ਸੁਨਾਮ ਬਲਾਕ ਦੇ 59 ਪਿੰਡਾਂ ਵਿਚ 144 ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਹੈ। ਅਨਦਾਨਾ ਬਲਾਕ ਦੇ 34 ਪਿੰਡਾਂ ਵਿਚ 87 ਤੇ ਮਾਲੇਰਕੋਟਲਾ 1 ਤੇ 43 ਪਿੰਡਾਂ ਵਿਚ 79 ਖੇਤ ਮਜ਼ਦੂਰਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ। ਬਠਿੰਡਾ ਜ਼ਿਲ੍ਹ੍ਰੇ ਦੇ ਬਲਾਕ ਤਲਵੰਡੀ ਸਾਬੋ ਦੇ 39 ਪਿੰਡਾਂ ਵਿਚ 95, ਰਾਮਪੁਰਾ ਬਲਾਕ ਦੇ 22 ਪਿੰਡਾਂ ਵਿਚ 74, ਫੂਲ ਬਲਾਕ ਦੇ 22 ਪਿੰਡਾਂ ਵਿਚ 58, ਨਥਾਣਾ ਦੇ 13 ਪਿੰਡਾਂ ਵਿਚ 35, ਬਠਿੰਡਾ ਬਲਾਕ ਦੇ 24 ਪਿੰਡਾਂ ਵਿਚ 57, ਭਗਤਾ ਭਾਈਕਾ ਦੇ 22 ਪਿੰਡਾਂ ਵਿਚ 43 ਵਿਅਕਤੀ, ਜਿਨ੍ਹਾਂ ਵਿਚ ਇਨ੍ਹਾਂ 'ਚ 6 ਔਰਤਾਂ ਵੀ ਸ਼ਾਮਲ ਹਨ, ਨੇ ਖੁਦਕੁਸ਼ੀਆਂ ਕੀਤੀਆਂ। ਸੰਗਤ ਬਲਾਕ ਦੇ 25 ਪਿੰਡਾਂ ਵਿਚ 64 ਖੇਤ ਮਜ਼ਦੂਰਾਂ ਨੇ ਆਤਮ ਹੱਤਿਆਵਾਂ ਕੀਤੀਆਂ। ਸਰਵੇਖਣ ਰਿਪੋਰਟ ਵਿਚਲੇ ਤੱਥਾਂ ਮੁਤਾਬਕ ਦੋਹਾਂ ਜ਼ਿਲ੍ਹਿਆਂ ਦੇ ਦੋ ਦਰਜਨ ਤੋਂ ਵੱਧ ਪਿੰਡ ਅਜਿਹੇ ਹਨ, ਜਿੱਥੇ ਵੱਡੀ ਗਿਣਤੀ ਕਿਸਾਨਾਂ ਨੇ ਖੁਦਕੁਸ਼ੀਆ ਕੀਤੀਆਂ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਵਿਚ 18, ਮੰਡੀ ਕਲਾਂ ਵਿਚ 18, ਬਾਲਿਆਂਵਾਲੀ, ਢਪਾਲੀ ਤੇ ਬੱਲ੍ਹੋ ਦੋਹਾਂ ਪਿੰਡਾਂ ਵਿਚ 12-12, ਪਿੱਥੋ 'ਚ 14, ਗੰਗਾ 'ਚ 10, ਜੋਧਪੁਰ ਪਾਖਰ ਤੇ ਰਾਈਆ ਵਿਚ 11-11, ਡਿੱਖ, ਢੱਡੇ, ਘੁੜੈਲਾ, ਖੋਖਰ, ਨਥਾਣਾ ਤੇ ਜੇਠੂਕੇ ਪਿੰਡਾਂ ਵਿਚ 8-8 ਕਿਸਾਨਾਂ ਨੇ ਮੌਤ ਨੂੰ ਗਲੇ ਲਾ ਲਿਆ। ਸੰਗਰੂਰ ਜ਼ਿਲ੍ਹੇ ਦੇ ਅਨਦਾਨਾ ਪਿੰਡ ਵਿਚ ਇਸ ਸਮੇਂ ਦੌਰਾਨ 18 ਕਿਸਾਨਾਂ ਨੇ ਆਤਮ ਹੱਤਿਆ ਕੀਤੀ। ਇਸੇ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਚ 14, ਲੇਹਲ ਕਲਾਂ, ਹਥਨ, ਫੱਗੂਵਾਲਾ, ਬਖਤੜੀਵਾਲਾ ਪਿੰਡਾਂ ਵਿਚ 11-11 ਕਿਸਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਸੁਖਦੇਵ ਸਿੰਘ ਢੀਂਡਸਾ ਦੇ ਜੱਦੀ ਪਿੰਡ ਉਭਾਵਾਲ 'ਚ 7, ਖੇੜੀ ਕਲਾਂ ਵਿਚ 7 ਧਲੇਰ ਕਲਾਂ ਵਿਚ 10 ਝੁਨੇਰ ਵਿਚ 8 ਤੇ ਨਾਗਰਾ ਵਿਚ 10, ਸਧਹੇੜੀ ਵਿਚ 12, ਸੰਗਤਪੁਰਾ 'ਚ 9 ਤੇ ਗਿਦੜਿਆਨੀ 'ਚ ਵੀ 9 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਬਠਿੰਡਾ ਜ਼ਿਲ੍ਹੇ ਦੇ ਨਰੂਆਣਾ ਵਿਚ 8, ਚੱਕ ਅਤਰ ਸਿੰਘ ਵਾਲਾ 8, ਅਕਲੀਆ ਕਲਾਂ 'ਚ 8, ਸੰਗਤ ਬਲਾਕ ਦੇ ਭਵਾਨੀਗੜ੍ਹ 'ਚ 7, ਰਾਮਪੁਰਾ ਬਲਾਕ ਦੇ ਗਿੱਲ ਖੁਰਦ ਤੇ ਕਰਾੜਵਾਲਾ ਵਿਚ 6-6, ਭਾਈਰੂਪਾ ਵਿਚ 8 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਸੰਗਰੂਰ ਜ਼ਿਲ੍ਹੇ ਵਿਚ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਸਬੰਧਤ 30 ਔਰਤਾਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿਚੋਂ 15 ਦਾ ਕਾਰਨ ਨਿਰੋਲ ਕਰਜ਼ਾ ਹੀ ਦੱਸਿਆ ਗਿਆ ਹੈ। ਇਸੇ ਜ਼ਿਲ੍ਹੇ ਦਾ ਲਹਿਰਾਗਾਗਾ ਬਲਾਕ ਇਸ ਅਣਹੋਣੀ ਤੋਂ ਵੱਧ ਪ੍ਰਭਾਵਿਤ ਮੰਨਿਆ ਜਾਂਦਾ ਹੈ। ਇਸ ਜ਼ਿਲ੍ਹੇ 'ਚ ਕਿਸਾਨ ਪਰਿਵਾਰਾਂ ਦੀਆਂ 17 ਔਰਤਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ। ਭਵਾਨੀਗੜ੍ਹ ਬਲਾਕ ਵਿਚ ਖੁਦਕੁਸ਼ੀਆਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ 7 ਹੈ। ਜਿਹੜੇ ਪਿੰਡ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੋਂ ਜ਼ਿਆਦਾ ਪ੍ਰਭਾਵਿਤ ਹਨ, ਉਹਨਾਂ ਵਿਚ ਲਹਿਰਾਗਾਗਾ ਬਲਾਕ ਦੇ ਲੇਹਲ ਕਲਾਂ ਵਿਚ 9, ਰਾਮਗੜ੍ਹ ਸੰਧੂਆਂ ਵਿਚ 8, ਬੱਲਰਾਂ ਵਿਚ 8, ਚੂਲੜ ਕਲਾਂ 'ਚ 8, ਖੰਡੇਬਾਦ 'ਚ 6, ਕਾਲੀਆ 'ਚ 7 ਤੇ ਹਰਿਆਉ 'ਚ 5, ਧੂਰੀ ਬਲਾਕ ਦੇ ਪਿੰਡ ਬੁੱਗਰਾਂ 'ਚ 5, ਸ਼ੇਰਪੁਰ ਦੇ ਘਨੌਰ ਕਲਾਂ ਵਿਚ 11, ਸੁਨਾਮ ਬਲਾਕ ਦੇ ਢੰਡੋਲੀ ਕਲਾਂ 'ਚ 8, ਗੰਢੂਆਂ 'ਚ 8, ਛਾਜਲੀ ਵਿਚ 6 ਤੇ ਸ਼ੇਰੋਂ ਵਿਚ 7, ਮਾਲੇਰਕੋਟਲਾ ਬਲਾਕ ਦੇ ਬਮਾਲ ਵਿਚ 6, ਬੰਗਾ ਵਿਚ 6, ਅਨਦਾਨਾ ਦੇ ਡੂਡੀਆਂ 'ਚ 7 ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ। ਉਕਤ ਚੋਣਵੇਂ ਪਿੰਡਾਂ ਦੇ ਅੰਕੜੇ ਸਿਰਫ਼ 8 ਸਾਲਾਂ ਦੇ ਹਨ, ਜਿਹਨਾਂ ਨੂੰ ਸਰਕਾਰੀ ਪੱਧਰ 'ਤੇ ਅਧਿਕਾਰਤ ਮੰਨਿਆ ਜਾ ਸਕਦਾ ਹੈ। ਕੇਂਦਰੀ ਯੂਪੀਏ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਵੀ ਪੰਜਾਬ ਦੇ ਕਿਸਾਨਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਰੋਕ ਨਹੀਂ ਸਕੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਜੋ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਗਈ ਹੈ ਉਸ ਮੁਤਾਬਕ ਸਾਲ 2008 ਵਿਚ ਪੰਜਾਬ ਦੇ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਕਰਜ਼ੇ ਦੇ ਭਾਰ ਥੱਲੇ ਦੱਬੇ 227 ਕਿਸਾਨਾਂ ਨੇ ਮੌਤ ਨੂੰ ਗਲ ਲਾ ਲਿਆ। ਸਰਕਾਰ ਦੀ ਇਹ ਰਿਪੋਰਟ ਇਸ ਤੱਥ 'ਤੇ ਵੀ ਚਾਨਣਾ ਪਾਉਂਦੀ ਹੈ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਲੋਂ ਫਸਲਾਂ ਦੇ ਸਮਰਥਨ ਮੁੱਲ ਨੂੰ ਫਰੀਜ਼ ਕਰਨਾ ਪੰਜਾਬ 'ਚ ਕਰਜ਼ਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਇਕ ਵੱਡਾ ਕਾਰਨ ਬਣਿਆ ਹੈ। ਖੇਤੀ 'ਵਰਸਿਟੀ ਦੇ ਇਸ ਸਰਵੇਖਣ ਨਾਲ ਜੁੜੇ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਖੁਦਕੁਸ਼ੀਆਂ ਦਾ ਰੁਝਾਨ ਦੋਹਾਂ ਜ਼ਿਲ੍ਹਿਆਂ ਵਿਚ ਦੇਖਿਆ ਗਿਆ ਹੈ, ਉਸ ਤੋਂ ਇਹ ਗੱਲ ਸਾਫ ਹੈ ਕਿ ਪੰਜਾਬ ਵਿਚ ਪਿਛਲੇ 9 ਸਾਲਾਂ ਦੌਰਾਨ ਘੱਟੋ ਘੱਟ 15,000 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਸਿਰਫ ਕਰਜ਼ੇ ਦੇ ਭਾਰਤ ਕਾਰਨ ਹੀ ਖੁਦਕੁਸ਼ੀ ਕਰ ਲਈ। ਦੇਸ਼ ਦੇ ਉੱਤਰੀ ਖੇਤਰ ਵਿਚੋਂ ਪੰਜਾਬੀਆਂ ਨੇ ਤਾਂ ਆਪਣੀ ਮਿਹਨਤ, ਲਗਨ ਅਤੇ ਸਿਰੜ ਨਾਲ ਖੇਤੀਬਾੜੀ ਰਾਹੀਂ ਦੁਨੀਆ ਭਰ ਵਿਚ ਨਾਂ ਕਮਾਇਆ ਹੈ। ਪੰਜਾਬ ਦਾ ਸਮੁੱਚਾ ਸਭਿਆਚਾਰ ਹੀ ਖੇਤੀ ਕਿੱਤੇ ਦੁਆਲੇ ਘੁੰਮਦਾ ਹੈ। ਅੱਜ ਕਿਸਾਨ ਦੀ ਤਰਸਯੋਗ ਹਾਲਤ ਮੌਜੂਦਾ ਹਾਕਮਾਂ ਸਮੇਤ ਸਭ ਜਾਣਦੇ ਹਨ। ਇਸ ਪਤਲੀ ਹਾਲਤ ਦਾ ਇਕ ਅਤਿ ਨਿਰਾਸ਼ਾਜਨਕ ਤੇ ਘਾਤਕ ਵਰਤਾਰਾ ਕਿਸਾਨਾਂ ਵਲੋਂ ਖੁਦਕੁਸ਼ੀਆਂ ਦੇ ਰੂਪ ਵਿਚ ਸਾਹਮਣੇ ਆਇਆ ਹੈ। ਕਿਸਾਨੀ ਦੀ ਮੰਦੀ ਹਾਲਤ ਨੂੰ ਕੁਝ ਲੋਕ ਜੱਟਾਂ ਵਲੋਂ ਕੀਤੀ ਜਾਂਦੀ ਕਥਿਤ ਫਜੂਲ ਖਰਚੀ, ਨਸ਼ੇ, ਵਿਖਾਵਾ, ਰੀਸੋ ਰੀਸ ਖਰੀਦੀ ਮਹਿੰਗੀ ਮਸ਼ੀਨਰੀ ਆਦਿ ਸਿਰ ਜ਼ਿੰਮੇਵਾਰੀ ਮੜ੍ਹ ਕੇ ਇਸ ਨੂੰ ਪਰਦੇ ਹੇਠ ਢਕਣ ਅਤੇ ਅਸਲੀ ਮੁੱਦੇ ਤੋਂ ਪਰ੍ਹੇ ਜਾਣ ਦੀ ਕੋਸ਼ਿਸ਼ ਕਰਦੇ ਹਨ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਕਿਸਾਨੀ ਨੂੰ ਸਰਕਾਰੀ ਨੀਤੀਆਂ ਘੁਣ ਵਾਂਗ ਖਾ ਚੁੱਕੀਆਂ ਹਨ। ਰਹਿੰਦੀ ਖੂੰਹਦੀ ਕਸਰ ਹੁਣ ਵਿਸ਼ਵ ਵਪਾਰ ਸੰਗਠਨ, ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ ਅਤੇ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਨਾਲ ਯਾਰੀ ਨੇ ਕੱਢ ਦੇਣੀ ਹੈ। ਜੱਟ ਦੀ ਸਵੈਮਾਣ ਭਰੀ ਜ਼ਿੰਦਗੀ ਦੀ ਨਿਰਮਲ ਧਾਰਾ, ਖੁਦਕੁਸ਼ੀਆਂ ਵਰਗੀ ਅਤਿ ਨਿਰਾਸ਼ਾ ਭਰੀ ਡੂੰਘੀ ਖਾਈ ਵੱਲ ਨੂੰ ਕਿਵੇ ਵਗ ਤੁਰੀ। ਬੈਂਕਾਂ ਤੇ ਸ਼ਾਹਾਂ ਦੇ ਕਰਜ਼ੇ ਪਰਬਤੋਂ ਭਾਰੀ ਹੋ ਗਏ। ਦੇਖਦੇ ਹੀ ਦੇਖਦੇ ਤੇਜ਼ ਹੋਇਆ ਖੁਦਕੁਸ਼ੀਆਂ ਦਾ ਸਿਲਸਿਲਾ ਵਾਵਰੋਲਾ ਬਣਦਾ ਜਾ ਰਿਹਾ ਹੈ। ਪੰਜਾਬ ਦੇ ਗੱਭਰੂ ਘੋੜੀ ਚੜ੍ਹਨ, ਸ਼ਗਨਾਂ ਵਾਲੇ ਗਾਨੇ ਬੰਨ੍ਹਣ ਦੀ ਬਜਾਏ ਨਸ਼ੇ ਦੀ ਘੋੜੀ 'ਤੇ ਸਵਾਰ ਹੋ ਰਹੇ ਹਨ ਜਾਂ ਫਿਰ ਕਿਵੇਂ ਵਤਨੋਂ ਦੂਰ ਉਡਾਰੀ ਭਰਨ ਜਾ ਰਹੇ ਹਨ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿਹੜੇ ਸੁੰਨੀਆਂ ਮੜ੍ਹੀਆਂ ਦਾ ਰੂਪ ਧਾਰਦੇ ਜਾ ਰਹੇ ਹਨ। ਪੰਜਾਬ ਦੇ ਗੌਰਵਮਈ ਇਤਿਹਾਸ 'ਤੇ ਪੰਛੀ ਝਾਤ ਮਾਰਦੇ ਹਾਂ ਅਤੇ ਅਜੋਕੀ ਤਰਾਸਦੀ ਨੂੰ ਗਹੁ ਨਾਲ ਵਾਚਦੇ ਹਾਂ ਤਾਂ ਹਰ ਜਾਗਦੇ ਮੱਥੇ ਅੰਦਰ ਅਜਿਹੇ ਤਿੱਖੇ ਸਵਾਲ ਸੁਲਘਦੇ ਹਨ। ਡੇਢ ਦਹਾਕਾ ਅੱਤਵਾਦ ਦੀ ਭੱਠੀ ਵਿਚ ਭੁੱਜਣ ਤੋਂ ਬਾਅਦ ਪੰਜਾਬ ਅੱਜ ਫਿਰ ਖਤਰਨਾਕ ਮੋੜ 'ਤੇ ਖੜ੍ਹਾ ਹੈ। ਕੁਦਰਤ ਦੀ ਅਜੀਬ ਹੋਣੀ ਦੇਖੋ ਕਿ ਜਿਹੜੀ ਕੌਮ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜ਼ਾਲਮਾਂ ਦੇ ਹਮਲਿਆਂ ਨੂੰ ਪਛਾੜਿਆ ਉਹ ਅੱਜ ਖੁਦ ਮੌਤ ਨੂੰ ਗਲੇ ਲਾ ਰਹੀ ਹੈ।
ਕਹਾਣੀ ਸੁਲਤਾਨਪੁਰ ਦੀ
ਬੀਰਬਲ ਰਿਸ਼ੀ ਖੇਤੀਬਾੜੀ ਦੇ ਕੰਮ ਵਿਚ ਫਸਲ ਦੀ ਲਾਗਤ ਦੇ ਮੁਤਾਬਕ ਜਿਣਸ ਦੇ ਭਾਅ ਨਾ ਮਿਲਣ ਕਾਰਨ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ। ਸ਼ੇਰਪੁਰ ਹਲਕੇ ਦੇ ਪਿੰਡ ਸੁਲਤਾਨਪੁਰ ਵਿਖੇ ਲਗਭਗ ਪਿਛਲੇ 10 ਸਾਲਾਂ ਵਿਚ 45 ਵਿਅਕਤੀਆਂ ਵਲੋਂ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਲੈਣ ਦੇ ਦਿਲ ਹਿਲਾਊ ਤੱਥ ਸਾਹਮਣੇ ਆਏ ਹਨ। ਇਨ੍ਹਾਂ ਵਿਚ 39 ਕਿਸਾਨ ਅਤੇ 6 ਖੇਤ ਮਜ਼ਦੂਰ ਸ਼ਾਮਲ ਸਨ। ਇਸੇ ਸਾਲ ਮਈ ਮਹੀਨੇ ਵਿਚ ਉਕਤ ਪਿੰਡ ਦੇ ਇਕ ਕਿਸਾਨ ਸੁਖਪਾਲ ਸਿੰਘ ਵਲੋਂ ਆਤਮ ਹੱਤਿਆ ਕਰ ਲਈ ਗਈ। ਇਨ੍ਹਾਂ ਮ੍ਰਿਤਕ ਕਿਸਾਨਾਂ ਵਿਚ ਕੁਝ ਛੋਟੀ ਉਮਰ ਦੇ ਅਜਿਹੇ ਕਿਸਾਨ ਵੀ ਸ਼ਾਮਲ ਸਨ, ਜਿਨ੍ਹਾਂ 'ਤੇ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਛੋਟੀ ਉਮਰੇ ਜ਼ਿੰਮੇਵਾਰੀਆਂ ਆ ਪਈਆਂ ਅਤੇ ਜੋ ਕਰਜ਼ੇ ਕਾਰਨ ਜ਼ਿੰਮੇਵਾਰੀਆਂ ਨਿਭਾਉਣੋਂ ਅਸਮਰਥ ਹੁੰਦੇ ਹੋਏ ਖੁਦਕੁਸ਼ੀ ਕਰ ਗਏ, ਪਰ ਅਫਸੋਸ ਇਸ ਗੱਲ ਦਾ ਹੈ ਕਿ ਪਿੰਡ ਦੇ ਕਿਸੇ ਵੀ ਪੀੜਤ ਕਿਸਾਨ ਦੇ ਪਰਿਵਾਰ ਦੀ ਕਿਸਾਨ ਪੱਖੀ ਹੋਣ ਦੇ ਦਾਅਵੇ ਕਰਨ ਵਾਲੀ ਕੇਂਦਰ ਜਾਂ ਸੂਬਾ ਸਰਕਾਰ ਵਲੋਂ ਕੋਈ ਆਰਥਿਕ ਮਦਦ ਨਹੀਂ ਕੀਤੀ ਗਈ। ਆਤਮ ਹੱਤਿਆਵਾਂ ਨੂੰ ਰੋਕਣ ਲਈ ਪਿੰਡ ਵਾਸੀ ਹੁਣ ਤੱਕ ਅਖੰਡ ਪਾਠ, ਹਵਨ ਪੂਜਾ ਕਰਵਾ ਚੁੱਕੇ ਹਨ ਪਰ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਪਿੰਡ ਸੁਲਤਾਨਪੁਰ ਦੇ ਲਗਭਗ 95 ਪ੍ਰਤੀਸ਼ਤ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਹਨ। ਪਿੰਡ ਦੀ ਜ਼ਮੀਨ ਕਰੀਬ 1 ਹਜ਼ਾਰ ਏਕੜ ਦੇ ਕਰੀਬ ਹੈ। ਪੜ੍ਹਾਈ ਪੱਖੋਂ ਪਿੰਡ ਵਿਚ ਸਿਰਫ 5-7 ਲੜਕੇ ਲੜਕੀਆਂ ਹਨ ਗਰੈਜੂਏਟ ਹਨ ਜਦੋਂ ਕਿ ਜ਼ਿਆਦਾਤਰ ਨੌਜਵਾਨ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨਾਲ ਹੀ ਜੁੜੇ ਹੋਏ ਹਨ। ਸਭ ਤੋਂ ਛੋਟੀ ਉਮਰ ਦੇ ਕਿਸਾਨ ਜਗਤਾਰ ਸਿੰਘ (18 ਸਾਲ) ਕੋਲ 3 ਏਕੜ ਜ਼ਮੀਨ ਸੀ। ਟਰੱਕ ਡਰਾਈਵਰ ਪਿਓ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਸਿਰ ਪੈ ਗਈ। ਜਿਸ ਕਰਕੇ ਉਸ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣੀ ਪਈ। ਦੋ ਭੈਣਾਂ ਦੇ ਇਸ ਭਰਾ ਨੇ ਕਰਜ਼ੇ ਦੇ ਦੈਂਤ ਅੱਗੇ ਆਪਣੀ ਹਾਰ ਕਬੂਲ ਕਰਦਿਆਂ ਕਥਿਤ ਤੌਰ 'ਤੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਅੱਜ ਵੀ ਇਸ ਕਿਸਾਨ ਦਾ ਪਰਿਵਾਰ ਭਾਰੀ ਆਰਥਿਕ ਤੰਗੀਆਂ ਵਿਚੋਂ ਗੁਜ਼ਰ ਰਿਹਾ ਹੈ। ਗੁਰਮੇਲ ਸਿੰਘ (45) ਕੋਲ 3 ਏਕੜ ਜ਼ਮੀਨ ਸੀ, ਜਿਸ ਵਿਚੋਂ ਕਰਜ਼ੇ ਕਾਰਨ 2 ਏਕੜ ਜ਼ਮੀਨ ਵਿਕ ਗਈ ਅਤੇ ਗੁਰਮੇਲ ਸਿੰਘ ਨੇ ਇਸ ਦੁੱਖ ਨੂੰ ਨਾ ਸਹਾਰਦਿਆਂ ਆਪਣੀ ਜਾਨ ਦੇ ਦਿੱਤੀ। ਪਿੱਛੇ ਪਰਿਵਾਰ ਵਿਚ ਲੜਕਾ ਲੜਕੀ ਅਤੇ ਪਤਨੀ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ। ਉਸਦਾ ਵੱਡਾ ਲੜਕਾ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਫੈਕਟਰੀਆਂ ਵਿਚ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਹੈ। ਰਮੇਸ਼ਵਰ (25) ਆਪਣੇ ਨਾਨਾ ਨਾਨੀ ਦੇ ਘਰ ਕੋਈ ਲੜਕਾ ਨਾ ਹੋਣ ਕਾਰਨ ਆਪਣੇ ਨਾਨਕ ਘਰ ਰਹਿੰਦਾ ਸੀ, ਜਿਸ ਦੀ ਜ਼ਮੀਨ ਕਰਜ਼ੇ ਕਾਰਨ ਵਿਕ ਗਈ ਅਤੇ ਰਮੇਸ਼ਵਰ ਨੇ ਆਪਣੇ ਜੀਵਨ ਦਾ ਅੰਤ ਕਰ ਲਿਆ। ਕੁਝ ਸਮੇਂ ਬਾਅਦ ਇਸ ਸਦਮੇ ਨੂੰ ਨਾ ਸਹਾਰਦੀ ਹੋਈ ਉਸ ਦੀ ਨਾਨੀ ਵੀ ਦਮ ਤੋੜ ਗਈ। ਨਿੱਕਾ ਸਿੰਘ (55) ਕੋਲ 45 ਵਿੱਘੇ ਜ਼ਮੀਨ ਸੀ, ਪਰ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰਦਾ ਹੋਇਆ ਉਹ ਵੀ ਮੌਤ ਦੇ ਮੂੰਹ ਵਿਚ ਜਾ ਪਿਆ। ਨਿਰਮਲ ਸਿੰਘ (42) ਕੋਲ 38 ਵਿੱਘੇ ਜ਼ਮੀਨ ਸੀ ਜੋ ਕਰਜ਼ੇ ਲਾਹੁੰਦੇ ਲਾਹੁੰਦੇ ਵਿਕ ਗਈ, ਪਰ ਕਰਜ਼ੇ ਨੇ ਪਿੱਛਾ ਨਹੀਂ ਛੱਡਿਆ ਜਿਸ ਤੋਂ ਤੰਗ ਆ ਕੇ ਨਿਰਮਲ ਸਿੰਘ ਨੇ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਗੁਰਦੇਵ ਸਿੰਘ ਹੋਰੀਂ ਚਾਰ ਭਰਾ ਸਨ, ਜਿਹਨਾਂ ਕੋਲ 60 ਵਿੱਘੇ ਜ਼ਮੀਨ ਸੀ। ਪਰਿਵਾਰ ਦੇ ਅਲੱਗ ਅਲੱਗ ਹੋਣ ਤੋਂ ਬਾਅਦ ਆਪਣੇ ਸਿਰ ਪਏ ਕਰਜ਼ੇ ਦਾ ਭਾਰ ਨਾ ਸਹਾਰਦੇ ਹੋਏ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੁਰਮੇਲ ਸਿੰਘ (25) ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਅਿਾਹ ਹੋਏ ਨੂੰ ਹਾਲੇ ਉਸ ਸਮੇਂ ਇਕ ਸਾਲ ਹੀ ਹੋਇਆ ਸੀ, ਜਦੋਂ ਉਸ ਨੇ ਕਰਜ਼ੇ ਪਿੱਛੇ ਆਪਣੀ ਜਾਨ ਦੇ ਦਿੱਤੀ। ਹਾਕਮ ਸਿੰਘ 20 ਕੁ ਸਾਲ ਦਾ ਅਣਵਿਆਹਿਆ ਕਿਸਾਨ ਸੀ, ਜਿਸ ਨੂੰ ਘਰ ਦੀਆਂ ਆਰਥਿਕ ਤੰਗੀਆਂ ਨੇ ਜਾਨ ਦੇਣ ਲਈ ਮਜਬੂਰ ਕਰ ਦਿੱਤਾ। ਜਸਵੰਤ ਸਿੰਘ (32) ਦੇ ਪਿਤਾ ਦੀ ਮੌਤ ਤੋਂ ਬਾਅਦ ਦੋ ਭੈਣਾਂ ਅਤੇ ਹੋਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ ਪੈ ਗਈਆਂ। 10 ਏਕੜ ਦੇ ਮਾਲਕ ਕੋਲੋਂ ਕਰਜ਼ਾ ਲਾਹੁੰਦੇ ਲਾਹੁੰਦੇ ਲਗਭਗ 2 ਏਕੜ ਜ਼ਮੀਨ ਵਿਕ ਗਈ। ਨੇਕ ਸਿੰਘ (65) ਜੋ 10 ਸਾਲ ਪਿੰਡ ਦਾ ਸਰਪੰਚ ਰਿਹਾ ਅਤੇ ਕੋਆਪਰੇਟਿਵ ਸੁਸਾਇਟੀ ਦਾ ਡਾਇਰੈਕਟਰ ਵੀ ਰਿਹਾ, ਕੋਲ 50 ਵਿੱਘੇ ਦੇ ਲਗਪਗ ਜ਼ਮੀਨ ਸੀ, ਜੋ ਵਿਕ ਗਈ, ਇਸੇ ਕਰਕੇ ਉਸ ਨੇ ਆਤਮ ਹੱਤਿਆ ਕਰ ਲਈ। ਇਸੇ ਕਿਸਾਨ ਦੇ ਪੁੱਤਰ ਨੰਬਰਦਾਰ ਰੂਪ ਸਿੰਘ ਨੇ ਵੀ ਪਰਿਵਾਰ ਦੀ ਕਰਜ਼ਈ ਅਵਸਥਾ ਵੇਖ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਬਹਾਦਰ ਸਿੰਘ ਕੋਲ ਇਕ ਏਕੜ ਜ਼ਮੀਨ ਸੀ, ਜਿਸ ਨੇ ਖੁਦਕੁਸ਼ੀ ਕਰ ਲਈ। ਹਾਕਮ ਸਿੰਘ ਪੁੱਤਰ ਕਰਨੈਲ ਸਿੰਘ ਕੋਲ ਸੁਲਤਾਨਪੁਰ ਅਤੇ ਸੇਖੇ ਵਿਚ ਲਗਭਗ 10 ਏਕੜ ਜ਼ਮੀਨ ਵਿਣ ਕਾਰਨ ਕਿਸਾਨ ਨੇ ਖੂਹੀ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਚੰਦ ਸਿੰਘ (24) ਨੂੰ ਵੀ ਕਰਜ਼ੇ ਦੀ ਮਾਰ ਪੈ ਗਈ, ਜਿਸ ਨੇ ਆਪਣੇ ਜੀਵਨ ਦਾ ਅੰਤ ਕਰ ਲਿਆ। ਲੱਖਾ ਸਿੰਘ ਪੁੱਤਰ ਸਰੂਪ ਸਿੰਘ (40) ਦੀ ਸੁਲਤਾਨਪੁਰ ਅਤੇ ਰੰਗੀਆਂ ਵਿਚ ਤਿੰਨ ਭਰਾਵਾਂ ਦੀ ਖੇਤੀ ਸੀ, 60 ਵਿੱਘੇ ਜੱਦੀ ਜ਼ਮੀਨ 'ਚੋਂ ਮੂਲੋਵਾਲ ਵਾਲੀ ਜ਼ਮੀਨ ਵਿਕਣ ਦੇ ਬਾਵਜੂਦ ਕਰਜ਼ੇ ਦੀ ਪੰਡ ਫਿਰ ਹੌਲੀ ਨਾ ਹੁੰਦੀ ਵੇਖ ਕੇ ਇਸ ਕਿਸਾਨ ਨੇ ਵੀ ਆਤਮ ਹੱਤਿਆ ਕਰ ਲਈ। ਮੱਖਣ ਸਿੰਘ ਪੁੱਤਰ ਜਰਨੈਲ ਸਿੰਘ, ਬਹਾਦਰ ਸਿੰਘ ਬੱਲੀ, ਮੱਖਣ ਸਿੰਘ, ਗੁਰਬਚਨ ਸਿੰਘ, ਪਰਮਜੀਤ ਸਿੰਘ ਪੰਮੀ, ਗੋਗਾ ਖਾਂ (ਸਾਰੇ ਖੇਤ ਮਜ਼ਦੂਰ) ਵੀ ਆਰਥਿਕ ਤੰਗੀਆਂ ਦਾ ਸ਼ਿਕਾਰ ਹੋ ਕੇ ਇਸੇ ਰਾਹੇ ਤੁਰ ਗਏ। ਭਗਤ ਸਿੰਘ (50) ਜਿਸ ਨੇ ਸਾਰੀ ਉਮਰ ਖੇਤੀਬਾੜੀ ਕੀਤੀ, ਸਿਰ ਬੇਸ਼ੁਮਾਰ ਕਰਜ਼ਾ ਚੜ੍ਹ ਗਿਆ। ਉਸ ਨੇ ਪੁੱਤਾਂ ਤੋਂ ਪਿਆਰੀ ਜ਼ਮੀਨ ਨੂੰ ਕਰਜ਼ੇ ਕਾਰਨ ਵੇਚਣ ਦੀ ਬਜਾਏ ਆਤਮ ਹੱਤਿਆ ਕਰਨ ਨੂੰ ਤਰਜੀਹ ਦਿੱਤੀ। ਇਸੇ ਕਿਸਾਨ ਦੇ ਪੁੱਤਰ ਦਰਸ਼ਨ ਸਿੰਘ (25) ਨੇ ਆਪਣੇ ਹਿੱਸੇ ਆਉਂਦੀ ਦੋ ਏਕੜ ਜ਼ਮੀਨ ਵਿਕਣ ਕਾਰਨ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਰੂਪ ਸਿੰਘ ਦੇ ਤਿੰਨ ਭਰਾਵਾਂ ਵਿਚੋਂ ਦੋ ਖੇਤੀਬਾੜੀ ਕਰਦੇ ਸਨ ਅਤੇ ਇਕ ਟਰਾਂਸਪੋਰਟ ਦਾ ਕੰਮ ਕਰਦਾ ਸੀ, ਪਰ ਖੇਤੀਬਾੜੀ ਵਿਚੋਂ ਕੁਝ ਪੱਲੇ ਨਾ ਪੈਣ ਕਰਕੇ ਉਹਨਾਂ ਦੀ ਸਾਰੀ ਜ਼ਮੀਨ ਵਿਕ ਗਈ ਅਤੇ ਅੰਤ ਰੂਪ ਸਿੰਘ ਨੇ ਮੌਤ ਨੂੰ ਗਲ ਲਾ ਲਿਆ। ਮਿੱਠੂ ਸਿੰਘ ਫੌਜ ਵਿਚੋਂ ਰਿਟਾਇਰ ਹੋਣ ਉਪਰੰਤ ਖੇਤੀਬਾੜੀ ਦੇ ਧੰਦੇ ਲੱਗਿਆ। ਇਸੇ ਤਰ੍ਹਾਂ ਅਜੀਤ ਸਿੰਘ, ਜੋ ਕਿ ਪਿੰਡ ਵਿਚ ਸਭ ਤੋਂ ਸ਼ਾਇਦ ਪਹਿਲਾ ਗਰੈਜੂਏਟ ਹੋਵੇਗਾ, ਨੂੰ ਵੀ ਇਸ ਧੰਦੇ ਨੇ ਵਫਾ ਨਹੀਂ ਕੀਤਾ। ਉਕਤ ਮਰਹੂਮ ਮਿੱਠੂ ਸਿੰਘ ਦਾ ਭਰਾ ਸੁਖਪਾਲ ਸਿੰਘ, ਜਿਸ ਨੂੰ ਡੇਢ ਏਕੜ ਜ਼ਮੀਨ ਆਉਂਦੀ ਸੀ, ਉਹ ਵੀ ਕਰਜ਼ੇ ਦੀ ਮਾਰ ਕਾਰਨ ਵਿਕ ਗਈ, ਜਿਸ ਕਰਕੇ ਉਸਨੇ ਆਪਣੇ ਜੀਵਨ ਦਾ ਅੰਤ ਕਰ ਲਿਆ। ਦਰਸ਼ਨ ਸਿੰਘ ਪੁੱਤਰ ਬਾਬੂ ਸਿੰਘ 10 ਏਕੜ ਜ਼ਮੀਨ ਦਾ ਮਾਲਕ ਸੀ, ਜਿਸ ਵਿਚੋਂ ਸਾਢੇ ਪੰਜ ਏਕੜ ਜ਼ਮੀਨ ਵਿਕ ਗਈ, ਮਿੱਠੂ ਸਿੰਘ ਤੇ ਸਵਰਨ ਸਿੰਘ ਇਸੇ ਰੋਗ ਦੇ ਮਾਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਰਣਜੀਤ ਸਿੰਘ (35) ਜੋ ਖੇਤੀਬਾੜੀ ਅਤੇ ਡੇਅਰੀ ਦਾ ਸਹਾਇਕ ਧੰਦਾ ਵੀ ਕਰਦਾ ਸੀ ਕੋਲ ਤਿੰਨ ਏਕੜ ਜ਼ਮੀਨ ਸੀ। ਉਸ ਨੂੰ ਵੀ ਇਸ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ। ਉਕਤ ਕਿਸਾਨਾਂ ਤੋਂ ਇਲਾਵਾ ਪਿੰਡ ਦੇ ਕਈ ਪਰਿਵਾਰਾਂ ਨੇ ਆਪਣੇ ਉੱਤੇ ਕੋਈ ਉਲਟਾ ਕਾਨੂੰਨੀ ਚੱਕਰ ਪੈਣ ਦੇ ਡਰੋਂ ਮੀਡੀਆ ਸਾਹਮਣੇ ਅਸਲੀਅਤ ਨਸ਼ਰ ਕਰਨ ਤੋਂ ਗੁਰੇਜ਼ ਕਰਨਾ ਹੀ ਬਿਹਤਰ ਸਮਝਿਆ। ਵਰਨਣਯੋਗ ਹੈ ਕਿ ਉਕਤ ਪਰਿਵਾਰਾਂ ਦੇ ਨਜ਼ਦੀਕੀਆਂ ਦੀਆਂ ਖੁਦਕੁਸ਼ੀਆਂ ਉਪਰੰਤ ਜਿੱਥੇ ਉਹਨਾਂ ਦੇ ਬੱਚੇ ਆਪਣੇ ਪਿਤਾ ਤੋਂ ਵਾਂਝੇ ਹੋ ਗਏ ਹਨ, ਉੱਥੇ ਇਕਾ ਦੁੱਕਾ ਪਰਿਵਾਰਾਂ ਨੂੰ ਛੱਡ ਕੇ ਸਮੂਹ ਪੀੜਤ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪੀੜਤ ਪਰਿਵਾਰਾਂ ਦੀ ਸਾਰ ਲਵੇ।
ਕੌਮਾਂਤਰੀ ਵਰਤਾਰਾ
ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿਚ ਪਾਇਆ ਜਾਂਦਾ ਹੈ। ਭਾਵੇਂ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਖੇਤੀ ਸੈਕਟਰ ਨੂੰ ਵੱਡੀ ਪੱਧਰ 'ਤੇ ਸਬਸਿਡੀਆਂ ਦੇ ਰਹੀਆਂ ਹਨ, ਪਰ ਅਜੇ ਵੀ ਵਿਸ਼ਵ ਪੱਧਰ 'ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਦਰ ਗੈਰ-ਕਿਸਾਨੀ ਧੰਦਿਆਂ ਨਾਲ ਸਬੰਧਤ ਵਸੋਂ ਵਿਚ ਖੁਦਕੁਸ਼ੀਆਂ ਦੀ ਦਰ ਨਾਲੋਂ ਕਿਤੇ ਵੱਧ ਹੈ। ਵਿਕਸਤ ਦੇਸ਼ਾਂ ਵਿਚ ਸਭ ਤੋਂ ਵੱਧ ਖੁਦਕੁਸ਼ੀਆਂ ਫਿਨਲੈਂਡ ਵਿਚ ਹੋ ਰਹੀਆਂ ਹਨ, ਜਿੱਥੇ ਇਕ ਲੱਖ ਲੋਕਾਂ ਪਿੱਛੇ 22.5 ਲੋਕ ਸਲਾਨਾ ਖੁਦਕੁਸ਼ੀ ਕਰ ਰਹੇ ਹਨ। ਇਹ ਦਰ ਜਰਮਨੀ ਵਿਚ 13.5, ਆਸਟਰੇਲੀਆ ਵਿਚ 12.5, ਅਮਰੀਕਾ ਵਿਚ 10.8, ਭਾਰਤ ਵਿਚ 10.6 ਅਤੇ ਬਰਤਾਨੀਆ ਵਿਚ 7.5 ਹੈ। ਇਨ੍ਹਾਂ ਦੇਸ਼ਾਂ ਦੀ ਖੇਤੀ ਖੇਤਰਾਂ ਵਿਚ ਹੋਈਆਂ ਖੁਦਕੁਸ਼ੀਆਂ ਕੀਤੀਆਂ ਹਨ। ਮੱਧ ਪੱਛਮ ਅਮਰੀਕਾ ਦੇ ਕਿਸਾਨਾਂ ਦੁਆਰਾ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਗਿਣਤੀ ਉਥੋਂ ਦੀ ਦੂਸਰੀ ਵਸੋਂ ਦੁਆਰਾ ਕੀਤੀਆਂ ਖੁਦਕੁਸ਼ੀਆਂ ਨਾਲੋਂ ਦੁੱਗਣੀ ਹੈ। ਬਰਤਾਨੀਆ ਵਿਚ ਹਰ ਹਫਤੇ ਇਕ ਕਿਸਾਨ ਖੁਦਕੁਸ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਕੈਨੇਡਾ ਅਤੇ ਆਸਟਰੇਲੀਆ ਵਿਚ ਖੁਦਕੁਸ਼ੀਆਂ ਕਰਨ ਦੀ ਦਰ ਇਕ ਲੱਖ ਪਿੱਛੇ ਕ੍ਰਮਵਾਰ 29.2 ਅਤੇ 33.9 ਸਲਾਨਾ ਹੈ। ਦਰਅਸਲ ਵਿਸ਼ਵ ਪੱਧਰ 'ਤੇ ਹੀ ਖੇਤੀ ਕੋਈ ਮੁਨਾਫੇਯੋਗ ਧੰਦਾ ਨਹੀਂ ਅਤੇ ਸਮੁੱਚੀ ਦੁਨੀਆ ਦੀ ਕਿਸਾਨੀ ਗੰਭੀਰ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੀ ਹੈ। ਰੌਸ਼ਨੀ ਦੀ ਕਿਰਨ ਕਿਸਾਨ ਪਰਿਵਾਰ ਦੇ ਮੁਖੀ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕੀ ਦੁਰਦਸ਼ਾ ਹੁੰਦੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਥੁੜ੍ਹਾਂ ਮਾਰੇ ਇਨ੍ਹਾਂ ਪਰਿਵਾਰਾਂ ਲਈ ਇੰਦਰਜੀਤ ਸਿੰਘ ਜੇਜੀ ਮਸੀਹਾ ਬਣ ਕੇ ਬਹੁੜੇ ਹਨ। ਉਹਨਾਂ ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਦਾ ਗਠਨ ਕੀਤਾ ਤਾਂ ਜੋ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਔਰਤਾਂ ਤੇ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਸ੍ਰੀ ਜੇਜੀ ਦਾ ਯਤਨ ਹੈ ਕਿ ਅਜਿਹੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਯਤੀਮਖਾਨੇ ਅਤੇ ਬਜ਼ੁਰਗਾਂ ਨੂੰ ਬਿਰਧ ਘਰਾਂ 'ਚ ਜਾਣ ਤੋਂ ਬਚਾਇਆ ਜਾਵੇ। ਉਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੂੜਲ ਦੇ ਵਾਸੀ ਹਨ। ਇਸ ਜ਼ਿਲ੍ਹੇ ਦੀਆਂ ਮੂਨਕ ਤੇ ਲਹਿਰਾਗਾਗਾ ਤਹਿਸੀਲਾਂ ਕਿਸਾਨ ਖੁਦਕੁਸ਼ੀਆਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਸ੍ਰੀ ਜੇਜੀ ਵਲੋਂ 70 ਅਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਘਰਾਂ ਦੇ ਮਰਦ ਮੈਂਬਰ ਖੁਦਕੁਸ਼ੀਆਂ ਕਰ ਗਏ ਹਨ ਅਤੇ ਘਰ ਵਿਚ ਔਰਤਾਂ ਤੇ ਬੱਚੇ ਹੀ ਬਾਕੀ ਬਚੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਜ਼ਿੰਮਾ ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਨੇ ਸੰਭਾਲਿਆ ਹੋਇਆ ਹੈ। ਇਨ੍ਹਾਂ ਪਰਿਵਾਰਾਂ ਨੂੰ 1000 ਰੁਪਏ ਤੋਂ 1500 ਰੁਪਏ ਪ੍ਰਤੀ ਮਹੀਨਾ ਬੱਚਿਆਂ ਦੀ ਪੜ੍ਹਾਈ ਲਈ ਦਿੱਤੇ ਜਾਂਤੇ ਹਨ। ਨਵੀਂ ਦਿੱਲੀ ਦੀ ਇਕ ਹੋਰ ਸੰਸਥਾ ਹੈ ਜੋ ਅਜਿਹੇ ਬੱਚਿਆਂ ਨੂੰ ਨਵੇਂ ਕੱਪੜੇ ਲੈ ਕੇ ਦਿੰਦੀ ਹੈ। ਇਨ੍ਹਾਂ ਬੱਚਿਆਂ ਨੂੰ ਕਾਲਜ ਤੱਕ ਜਾਂ ਫਿਰ ਕਿੱਤਾ ਮੁਖੀ ਕੋਰਸਾਂ ਦੀ ਪੜ੍ਹਾਈ ਲਈ ਸੰਸਥਾ ਵਲੋਂ ਮਾਲੀ ਮੱਦਦ ਦਿੱਤੀ ਜਾਂਦੀ ਹੈ। ਸ੍ਰੀ ਜੇਜੀ ਦਾ ਦਾਅਵਾ ਹੈ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਿਰਫ ਦੋ ਤਹਿਸੀਲਾਂ ਮੂਨਕ ਤੇ ਲਹਿਰਾਗਾਗਾ ਵਿਚ ਹੀ ਹੁਣ ਤੱਕ 1630 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਇਸ ਇਲਾਕੇ ਵਿਚ 150 ਤੋਂ 200 ਤੱਕ ਪਰਿਵਾਰ ਅਜਿਹੇ ਹਨ, ਜਿਹਨਾਂ ਘਰਾਂ ਵਿਚ ਇਕ ਤੋਂ ਵੱਧ ਖੁਦਕੁਸ਼ੀਆਂ ਵੀ ਹੋਈਆਂ ਹਨ। |
Saturday, 12 October 2013
ਕਿਸਾਨ ਖੁਦਕੁਸ਼ੀਆਂ
Subscribe to:
Post Comments (Atom)
No comments:
Post a Comment