Saturday, 12 October 2013

ਘੱਗਰਾ ਨੌਂ ਗਜ਼ ਦਾ…


ਲਗਪਗ ਛੇ-ਸੱਤ ਦਹਾਕੇ ਪਹਿਲਾਂ ਪੰਜਾਬਣਾਂ ਵਿੱਚ ਘੱਗਰਾ ਪਾਉਣ, ਸਿਰ ਉੱਤੇ ਸੂਹੇ ਬਾਗ਼ ਅਤੇ ਫੁਲਕਾਰੀਆਂ ਲੈਣ ਦੀ ਪ੍ਰਥਾ ਸੀ। 

ਬਜ਼ੁਰਗਾਂ ਔਰਤਾਂ ਫਿੱਕੇ ਰੰਗ ਦੇ ਜਦੋਂਕਿ ਮੁਟਿਆਰਾਂ ਗੂੜ੍ਹੇ ਰੇਸ਼ਮੀ ਘੱਗਰੇ ਪਹਿਨਦੀਆਂ ਸਨ। ਪਿੰਡ ਦੇ 96 ਸਾਲਾ ਦਰਜ਼ੀ ਦੇ 

ਦੱਸਣ ਅਨੁਸਾਰ ਓਦੋਂ ਘੱਗਰੇ 8 ਜਾਂ 9 ਗਜ਼ ਦੇ ਬਣਾਏ ਜਾਂਦੇ ਸਨ। ਘੱਗਰੇ ਦੇ ਘੇਰੇ ’ਤੇ ਸੁਨਹਿਰੀ ਜਾਂ ਚਾਂਦੀ ਰੰਗਾ ਗੋਟਾ ਲਾਇਆ ਜਾਂਦਾ ਸੀ।

 ਘੱਗਰੇ ਦੇ ਉੱਪਰ ਗੋਟੇ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਤਾਸੇ ਦੀ ਤਰ੍ਹਾਂ ਗੋਲਾਈ ਵਿੱਚ ਲਾਏ ਜਾਂਦੇ ਸਨ। ਇਸ ਨਾਲ ਘੱਗਰਾ ਹੋਰ ਵੀ 

ਖ਼ੂਬਸੂਰਤ ਬਣ ਜਾਂਦਾ ਸੀ। ਘੱਗਰੇ ਦੇ ਨਾਲ ਕਾਲਰ ਵਾਲੀ ਕਮੀਜ਼ ਜਿਸ ਦੇ ਗਲੇ ’ਤੇ ਹਮੇਸ਼ਾਂ ਸੋਨੇ ਜਾਂ ਚਾਂਦੀ ਦੀ ਜ਼ੰਜੀਰੀ ਲਾਈ ਹੁੰਦੀ, ਪਾਇਆ ਜਾਂਦਾ ਸੀ, ਜਿਸ ਨੂੰ ਕੁੜਤੀ ਕਹਿੰਦੇ ਸਨ। ਕੁੜਤੀ ਗੋਲ ਜਾਂ ਚੌਰਸ ਘੇਰੇ ਵਾਲੀ ਹੁੰਦੀ।

ਜਦੋਂ ਕਿਸੇ ਸੱਜ-ਵਿਆਹੀ ਮੁਟਿਆਰ ਦੀ ਡੋਲੀ ਉਸ ਦੇ ਸਹੁਰੇ ਪਿੰਡ ਦੀ ਜੂਹ ਵਿੱਚ ਪੁੱਜਦੀ ਤਾਂ ਸਹੁਰਿਆਂ ਵੱਲੋਂ ਤਿਆਰ ਕਰਵਾਇਆ

 ਗੂੜ੍ਹਾ ਚਮਕਦਾਰ ਘੱਗਰਾ ਪਹਿਨਾਇਆ ਜਾਂਦਾ। ਜਦੋਂ ਕੋਈ ਮੁਟਿਆਰ ਆਪਣੇ ਪਤੀ ਨਾਲ ਸਹੁਰੇ ਘਰ ਆਉਂਦੀ ਤਾਂ ਉਹ ਪਿੰਡ

 ਦੀ ਫਿਰਨੀ ’ਤੇ ਹੀ ਬੈਠ ਜਾਂਦੀ ਅਤੇ ਉਸ ਦਾ ਪਤੀ ਘਰ ਆ ਜਾਂਦਾ ਤੇ ਘਰ ਜਾਂ ਸ਼ਰੀਕੇ ਦੀਆਂ ਦੋ-ਤਿੰਨ ਔਰਤਾਂ ਘੱਗਰਾ ਲੈ

 ਕੇ ਉਸ ਨੂੰ ਲੈਣ ਜਾਂਦੀਆਂ। ਫਿਰ ਉਹ ਮੁਟਿਆਰ ਘੱਗਰਾ ਪਾ ਕੇ ਘਰ ਆਉਂਦੀ ਕਿਉਂਕਿ ਨੂੰਹਾਂ ਲਈ ਘੱਗਰਾ ਪਹਿਨਣਾ ਜ਼ਰੂਰੀ ਸੀ।

 ਘੱਗਰੇ ਤੋਂ ਹੀ ਪਤਾ ਲੱਗਦਾ ਸੀ ਕਿ ਇਹ ਪਿੰਡ ਦੀ ਨੂੰਹ ਹੈ। ਉਦੋਂ ਕੁਆਰੀ ਕੁੜੀ ਨੂੰ ਘੱਗਰਾ ਪਾਉਣਾ ਵਰਜਿਤ ਸੀ।

ਜਦੋਂ ਰੰਗਲੇ ਪੰਜਾਬ ਦੀਆਂ ਅੱਲ੍ਹੜ ਮੁਟਿਆਰਾਂ, ਬਾਂਕੀਆਂ ਨਾਰਾਂ ਰੰਗਲੇ ਘੱਗਰੇ ਪਾ ਕੇ, ਸਿਰ ’ਤੇ ਸੱਗੀ ਫੁੱਲ ਅਤੇ ਝੁੰਬਰ

 ਸੂਈ ਲਾ ਕੇ ਅਤੇ ਗਲ਼ਾਂ ਵਿੱਚ ਰਾਣੀ ਹਾਰ ਪਾ ਕੇ ਨਾਨਕ ਛੱਕ ਜਾਂਦੀਆਂ ਤਾਂ ਉਨ੍ਹਾਂ ਦੀ ਟੌਹਰ ਦੇਖਣ ਵਾਲੀ ਹੁੰਦੀ।

 ਪੈਰਾਂ ਵਿੱਚ ਪੰਜੇਬਾਂ ਅਤੇ ਕੱਢਵੀਂ ਜੁੱਤੀ ਦੇ ਨਾਲ ਜਦੋਂ ਰੇਸ਼ਮੀ ਘੱਗਰੇ ਪਾ ਕੇ ਨੱਚਦੀਆਂ ਤਾਂ ਆਪਣੀ ਵਡਿਆਈ ਵਿੱਚ ਬੋਲੀ ਪਾਉਂਦੀਆਂ:

ਧਾਵੇ ਧਾਵੇ ਧਾਵੇ, ਘੱਗਰਾ ਨੌਂ ਗਜ਼ ਦਾ, ਧਰਤੀ ਸੰਬਰਦਾ ਜਾਵੇ।

ਤਿੰਨ ਕੁ ਦਹਾਕੇ ਪਹਿਲਾਂ ਇਸ ਦਾ ਰਿਵਾਜ ਘਟ ਗਿਆ। ਔਰਤਾਂ ਸਿਰਫ਼ ਦੀਵਾਲ਼ੀ ਜਾਂ ਵੱਡੇ-ਵਡੇਰਿਆਂ ਦੀ ਮਿੱਟੀ ਕੱਢਣ ਲੱਗੀਆਂ ਹੀ ਇਸ

 ਨੂੰ ਪਾਉਂਦੀਆਂ। ਘੱਗਰੇ ਦੀ ਥਾਂ ਔਰਤਾਂ ਬਾਹਰ-ਅੰਦਰ ਜਾਣ ਲੱਗੀਆਂ ਸਲਵਾਰ-ਕਮੀਜ਼ ਨੂੰ ਤਰਜੀਹ ਦੇਣ ਲੱਗੀਆਂ। 

ਪੰਜਾਬ ਦੇ ਕਈ ਪਿੰਡਾਂ ਵਿੱਚ ਹੁਣ ਵੀ ਨੂੰਹਾਂ ਮਿੱਟੀ ਕੱਢਣ ਲੱਗੀਆਂ ਘੱਗਰੇ ਪਾਉਂਦੀਆਂ ਹਨ। ਬੇਸ਼ੱਕ ਘੱਗਰੇ ਦਾ ਨਵਾਂ ਰੂਪ 

ਲਹਿੰਗਾ ਹੋਂਦ ਵਿੱਚ ਆ ਗਿਆ ਹੈ ਪਰ ਪੁਰਾਤਨ ਘੱਗਰੇ ਦੀ ਖ਼ਾਸ ਅਤੇ ਵਿਲੱਖਣ ਪਛਾਣ ਹਮੇਸ਼ਾਂ ਬਣੀ ਰਹੇਗੀ।

- ਸੰਦੀਪਪਾਲ ਕੌਰ ਬਹਾਦਰਪੁਰ

ਸੰਪਰਕ:94634-63875

No comments:

Post a Comment