Monday 30 September 2013

ਲੈ ਜਾ ਛੱਲੀਆਂ ਭੁਨਾ ਲਈਂ ਦਾਣੇ…



ਮੱਕੀ ਮੂਲ ਰੂਪ ਵਿੱਚ ਅਮਰੀਕੀ  ਫ਼ਸਲ ਹੈ। ਸਾਉਣੀ ਦੀ ਇਸ ਤਿੰਨ ਕੁ ਮਹੀਨੇ ਦੀ ਫ਼ਸਲ ਨੂੰ ਨਵੀਆਂ ਖੋਜਾਂ ਅਤੇ ਹਾਈਬ੍ਰਿਡ ਬੀਜਾਂ ਨੇ ਕਿਸੇ ਵੀ ਰੁੱਤ ਵਿੱਚ ਉਗਾਈ ਜਾ ਸਕਣ ਵਾਲੀ ਫ਼ਸਲ ਬਣਾ ਦਿੱਤਾ ਹੈ। ਮੱਕੀ ਸਾਡੇ ਸੱਭਿਆਚਾਰ ਦੀ ਰਗ-ਰਗ ਵਿੱਚ ਪਰੋਈ ਹੋਈ ਹੈ। ਮੌਜੂਦਾ ਮਸ਼ੀਨੀਕਰਨ ਦੇ ਦੌਰ ਤੋਂ ਕੁਝ ਦਹਾਕੇ ਪਹਿਲਾਂ ਬੀਜ-ਬਿਜਾਈ ਕਿਸਾਨ ਬਲਦਾਂ ਜਾਂ ਊਠਾਂ ਨਾਲ ਕਰਦਾ ਸੀ ਅਤੇ ਬਲਦ ਜੋੜ ਕੇ ਪੋਰ ਨਾਲ ਮੱਕੀ ਬੀਜੀ ਜਾਂਦੀ ਸੀ। ਉਸ ਸਮੇਂ ਦੀ ਤਸਵੀਰ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਵੇਖਣ ਨੂੰ ਮਿਲਦੀ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਲੱਲੀਆਂ।
ਉੱਥੋਂ ਦੇ ਦੋ ਬਲਦ ਸੁਣੀਂਦੇ, ਗਲ਼ ਉਨ੍ਹਾਂ ਦੇ ਟੱਲੀਆਂ।
ਨੱਠ ਨੱਠ ਕੇ ਉਹ ਮੱਕੀ ਬੀਜਦੇ, ਹੱਥ ਹੱਥ ਲੱਗੀਆਂ ਛੱਲੀਆਂ।
ਬੰਤੇ ਦੇ ਬੈਲਾਂ ਨੂੰ, ਪਾਵਾਂ ਗੁਆਰੇ ਦੀਆਂ ਫਲੀਆਂ।
ਕਿਸਾਨ ਕੋਲ ਉਸ ਸਮੇਂ ਭਾਵੇਂ ਬਹੁਤੇ ਸਾਧਨ ਨਹੀਂ ਸਨ ਪਰ ਉਹ ਖੇਤਾਂ ਦੀ ਗੁੱਡ-ਗੁਡਾਈ, ਵਹਾਈ ਅਤੇ ਬੀਜ-ਬਿਜਾਈ ਪੂਰੇ ਸ਼ੌਕ ਅਤੇ ਕਲਾ ਨਾਲ ਕਰਦਾ ਸੀ। ਸਾਡੀਆਂ ਪੰਜਾਬੀ ਲੋਕ ਕਾਵਿ ਵੰਨਗੀਆਂ ਵਿੱਚ ਮੱਕੀ ਦੇ ਕਿਆਰਿਆਂ ਦੇ ਸੁਹੱਪਣ ਦੀ ਤੁਲਨਾ ਔਰਤ ਦੀ ਸੁੰਦਰਤਾ ਨਾਲ ਇੰਜ ਕੀਤੀ ਹੋਈ ਹੈ:
ਮੱਥਾ ਤੇਰਾ ਚੌਰਸ ਖੂੰਜਾ,  ਜਿਉਂ ਮੱਕੀ ਦੇ ਕਿਆਰੇ।
ਉੱਠ ਖੜ੍ਹ ਸੋਹਣੀਏ ਨੀਂ, ਮਹੀਂਵਾਲ ਹਾਕਾਂ ਮਾਰੇ।
ਜਦੋਂ ਮੱਕੀ ਦੇ ਟਾਂਡੇ ਨੂੰ ਛੱਲੀਆਂ ਲੱਗਦੀਆਂ ਹਨ ਤਾਂ ਸ਼ੁਰੂ ਵਿੱਚ ਛੱਲੀਆਂ ਦੇ ਪਰਦਿਆਂ ਵਿੱਚੋਂ ਚਿੱਟੇ ਵਾਲ ਨਿਕਲਦੇ ਹਨ ਜਿਸ ਨੂੰ ‘ਤੰਦ ਕੱਢਣਾ’ ਜਾਂ ‘ਬੁੜ੍ਹੀ ਸੂਤ ਕੱਤਣ ਲੱਗ ਪਈ’ ਕਹਿੰਦੇ ਹਨ। ਮੱਕੀ ਦੇ ਬਾਬੂ ਨਿਕਲਣ ਅਤੇ ਦੋਧੇ ਤਿਆਰ ਹੋਣ ਸਬੰਧੀ ਬੁਝਾਰਤ  ਹੈ:
ਉਜਾੜ ਬੀਆਬਾਨ ਵਿੱਚ, ਬੁੜ੍ਹੀ ਸੂਤ ਕੱਤੇ।
ਸਾਡੇ ਪੁਰਖਿਆਂ ਨੇ ਸਾਨੂੰ ਕਿਰਤ ਦਾ ਸੱਭਿਆਚਾਰ ਦਿੱਤਾ। ਉਸ ਸਮੇਂ ਦੀ ਇਲਾਕਾਈ ਵੰਨ-ਸਵੰਨਤਾ ਲੋਕ ਕਾਵਿ ਵੰਨਗੀਆਂ ਰਾਹੀਂ ਇਹ ਵੀ ਦਰਸਾਉਂਦੀ ਹੈ ਕਿ ਜਿੱਥੇ ਮਾਲਵੇ ਵਿੱਚ ਔਰਤਾਂ ਖੇਤੀਬਾੜੀ ਦੇ ਕੰਮ ਵਿੱਚ ਕੰਮ ਹੱਥ ਨਹੀਂ ਵਟਾਉਂਦੀਆਂ, ਉੱਥੇ ਪੁਆਧ ਵਿੱਚ ਉਹ ਮਰਦਾਂ ਦੇ ਨਾਲ ਜਾਂ ਇਕੱਲੀਆਂ ਵੀ ਖੇਤੀਬਾੜੀ ਸੰਭਾਲਦੀਆਂ ਸਨ। ਜਦੋਂ ਕਦੇ ਮਾਲਵੇ ਦੀ ਜੰਮੀ ਜਾਈ ਪੁਆਧ ਵਿੱਚ ਵਿਆਹੀ ਜਾਂਦੀ ਹੈ ਤਾਂ ਉਹ ਨਿਵੇਕਲੇ ਰਿਵਾਜਾਂ ਅਤੇ ਮੱਕੀ ਗੁੱਡਣ  ਜਾਣ ਤੋਂ ਤਲਖ਼ੀ ਮਹਿਸੂਸ ਕਰਦੀ ਹੈ:
ਜੰਗਲ (ਮਾਲਵੇ) ਦੀ ਮੈਂ ਜੰਮੀ ਜਾਈ,  
ਚੰਦਰੇ ਪੁਆਧ ਵਿਆਹੀ।
ਹੱਥ ਵਿੱਚ ਖੁਰਪਾ ਮੋਢੇ ਚਾਦਰ, ਮੱਕੀ ਗੁੱਡਣ ਲਾਈ।
ਦੇਸੀ ਮੱਕੀ ਦੇ ਟਾਂਡੇ ਨੂੰ ਇੱਕ ਛੱਲੀ ਲੱਗਦੀ ਸੀ ਪਰ ਅੱਜ-ਕੱਲ੍ਹ ਨਵੇਂ ਬੀਜਾਂ  ਵਾਲੀ ਮੱਕੀ ਦੇ ਇੱਕ ਟਾਂਡੇ ਨੂੰ ਤਿੰਨ-ਤਿੰਨ ਛੱਲੀਆਂ ਲੱਗਦੀਆਂ ਹਨ। ਕੌਮਾਂਤਰੀ ਮੰਡੀ ਇੱਕ ਹੋਣ ਨਾਲ ਹੁਣ ਮੱਕੀ ਦੀ ਹੋਰ ਕਿਸਮ ‘ਬੇਬੀ ਕੌਰਨ’ ਵੀ ਉਗਾਈ ਜਾਣ ਲੱਗ ਪਈ ਹੈ। ਇਹ ਫ਼ਸਲ 60-62 ਦਿਨ ਦੀ ਹੈ। ਮੱਕੀ ਦੀ ਇਸ ਕਿਸਮ ਦਾ ਸਿਰਫ਼ ਕੱਚਾ ਦੋਧਾ ਹੀ ਤਿਆਰ ਕੀਤਾ ਜਾਂਦਾ ਹੈ ਜੋ 50-60 ਰੁਪਏ ਕਿਲੋ ਵਿਕਦਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਹੈ। ਇਹ ਦੋਧਾ ਭੁੰਨਣ ਦੀ ਥਾਂ ਕੱਚਾ ਹੀ ਖਾਧਾ ਜਾਂਦਾ ਹੈ।
ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਆਮ ਉਗਾਈ ਜਾਣ ਵਾਲੀ ਮੱਕੀ ਦਾ ਵੀ ਭਾਵੇਂ ਕੱਚਾ ਦੋਧਾ ਖਾਧਾ ਜਾ ਸਕਦਾ ਹੈ ਪਰ ਇਸ ਫ਼ਸਲ ਨੂੰ ਪਕਾਇਆ ਜਾਂਦਾ ਹੈ। ਸੁਨਹਿਰੀ ਦਾਣਿਆਂ ਨਾਲ  ਮੋਤੀਆਂ ਵਾਂਗ ਜੜੀ ਅਤੇ ਹਰੇ ਤੋਤੇ ਰੰਗੇ ਪਰਦਿਆਂ ਵਿੱਚ ਵਲ੍ਹੇਟੀ ਦੇਸੀ ਛੱਲੀ ਦੇ ਸੁਹੱਪਣ ਨੂੰ ਲੋਕ ਬੁਝਾਰਤ ਰਾਹੀਂ ਇੰਜ ਬਿਆਨ ਕੀਤਾ ਗਿਆ ਹੈ:
ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਜੜੀ ਸੀ।
ਬਾਬਾ ਜੀ ਦੇ ਖੇਤ ਵਿੱਚ, ਲੈ ਦੁਸ਼ਾਲਾ ਖੜ੍ਹੀ ਸੀ।
ਸਾਉਣੀ ਦੀਆਂ ਫ਼ਸਲਾਂ ਸਿਆਲ ਵਿੱਚ ਪੱਕਦੀਆਂ ਹਨ। ਪੁਰਾਣੇ ਵੇਲਿਆਂ ਵਿੱਚ ਜਾਨਵਰਾਂ, ਪਸ਼ੂਆਂ, ਪੰਛੀਆਂ ਤੋਂ ਮੱਕੀ ਦੀ ਰਾਖੀ ਲਈ ਖੇਤਾਂ ਵਿੱਚ ਮਣ੍ਹੇ ਗੱਡੇ ਜਾਂਦੇ ਸਨ। ਓਦੋਂ ਪੱਕਣ ਯੋਗ ਹੋਈ ਮੱਕੀ ਦੀ ਰਾਖੀ ਲਈ ਜੱਟ ਸਾਰੀ ਰਾਤ ਮਣ੍ਹੇ ’ਤੇ ਪਏ ਜੁੱਬੜਾਂ ਵਿੱਚ ਕੱਟਦਾ ਸੀ:
ਛੜੇ ਬਹਿਣਗੇ ਮੱਕੀ ਦੀ ਰਾਖੀ,  ਰੰਨਾਂ ਵਾਲੇ ਘਰ ਸੌਣਗੇ।
ਸਵੇਰ ਵੇਲੇ ਖੇਤੋਂ ਘਰ ਆਉਂਦਾ ਜੱਟ ਦੋਧੀਆਂ ਛੱਲੀਆਂ ਭੁੰਨ ਕੇ ਚੱਬਣ ਲਈ ਕੱਪੜੇ ਵਿੱਚ ਲਪੇਟ ਘਰ ਲੈ ਆਉਂਦਾ ਸੀ। ਰੁੱਤ ਦੇ ਮੇਵੇ ਨੂੰ ਲੋਕੀਂ ਚੁੱਲ੍ਹੇ ਵਿੱਚ ਅੱਗ ’ਤੇ ਭੁੰਨ ਕੇ ਚਾਈਂ-ਚਾਈਂ ਖਾਂਦੇ ਸਨ। ਛੱਲੀਆਂ ਦੀ ਰੁੱਤ ਵੇਲੇ ਆਏ ਰਿਸ਼ਤੇਦਾਰ ਨੂੰ ਵੀ ਝੋਲਾ ਛੱਲੀਆਂ ਦਾ ਭਰ ਦਿੱਤਾ ਜਾਂਦਾ ਸੀ। ਲੋਕੀਂ ਆਪਣੇ ਸੀਰੀ, ਪਾਲੀ, ਕਾਮੇ, ਅਤੇ ਲੈਣ-ਦੇਣ ਵਾਲੇ ਘਰ ਵੀ ਛੱਲੀਆਂ ਭੇਜਦੇ ਸਨ।
‘ਗੰਦਲਾਂ ਦਾ ਸਾਗ ਅਤੇ ਮੱਖਣ ਮਕੱਈ’ ਵਰਗੇ ਸ਼ਬਦ ਜਿੱਥੇ ਮੱਕੀ ਦੇ ਆਟੇ ਦੀ ਰੋਟੀ ਦਾ ਲੁਤਫ਼ ਬਿਆਨ ਕਰਦੇ ਹਨ, ਉੱਥੇ ਮੱਕੀ ਦੀ ਰੋਟੀ ਸਬੰਧੀ ਇਹ ਲੋਕ ਬੋਲੀ ਵੀ ਮਸ਼ਹੂਰ ਹੈ:
ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ, 
ਡੌਲ਼ੇ ਕੋਲੋਂ ਬਾਂਹ ਟੁੱਟ ਗਈ।
ਪੁਰਾਣੇ ਵੇਲਿਆਂ ’ਚ ਪੱਕ ਚੁੱਕੀ ਮੱਕੀ ਵੱਢ ਕੇ ਉਸ ਦੇ ਮੁਹਾਰੇ ਬਣਾ ਕੇ ਖੇਤਾਂ ਦੇ ਪਿੜ ਵਿੱਚ ਖੜ੍ਹੀ ਕਰ ਦਿੱਤੀ ਜਾਂਦੀ ਸੀ। ਫ਼ਸਲ ਸੁੱਕਣ ’ਤੇ ਛੱਲੀਆਂ ਦੇ ਪਰਦੇ ਲਾਹ ਕੇ ਛੱਲੀਆਂ ਨੂੰ ਕਿੱਕਰ ਦੇ ਜਾਤੂ ਨਾਲ ਕੁੱਟ ਕੇ ਦਾਣੇ ਕੱਢੇ ਜਾਂਦੇ ਸਨ। ਬਾਅਦ ਵਿੱਚ ਡਰੰਮੀਆਂ ਆ ਗਈਆਂ ਅਤੇ ਅੱਜ-ਕੱਲ੍ਹ ਤਾਂ ਕੰਬਾਈਨਾਂ ਖੜ੍ਹੀ ਫ਼ਸਲ ਕੱਟ ਕੇ ਦਾਣੇ ਅਤੇ ਵਾਧੂ ਪਦਾਰਥ ਵੱਖਰੋ-ਵੱਖਰੇ ਕਰ ਦਿੰਦੀਆਂ ਹਨ।
ਜਿੱਥੇ ਅੱਜ-ਕੱਲ੍ਹ ਦੀ ਪੀੜ੍ਹੀ ਹਾਨੀਕਾਰਕ ਕੁਰਕਰੇ, ਚਿਪਸ, ਪੀਜ਼ੇ, ਬਰਗਰ, ਬੰਦ ਬੋਤਲ ਜੂਸ ਅਤੇ ਕੁਲਚਿਆਂ ਵਰਗੀਆਂ ਚੀਜ਼ਾਂ ਖਾ ਕੇ ਬੀਮਾਰੀਆਂ ਸਹੇੜ ਰਹੀ ਹੈ, ਉੱਥੇ ਕੁਝ ਦਹਾਕੇ ਪਹਿਲਾਂ ਹੀ ਛੋਲੇ, ਹੋਲ਼ਾਂ, ਮੱਕੀ ਦੀਆਂ ਛੱਲੀਆਂ, ਖਿੱਲਾਂ, ਮੱਕੀ ਦੇ ਦਾਣੇ, ਗੁੜ ਪਾ ਕੇ ਤਿਆਰ ਕੀਤੇ ਮੱਕੀ ਦੇ ਭੂਤ ਪਿੰਨੇ, ਜੌਂਆਂ ਦੀ ਘਾਠ ਪੰਜਾਬੀਆਂ ਦੇ ਗੁਣਕਾਰੀ ਅਤੇ ਸੁਆਦਲੇ ਪਕਵਾਨ ਹੁੰਦੇ ਸਨ। ਸ਼ਾਮ ਦੇ ਚਾਰ ਵੱਜਣ ਨਾਲ ਹੀ ਬੱਚੇ ਦਾਨੇ ਲੈ ਕੇ ਭੱਠੀਆਂ ਵੱਲ  ਚੱਲ ਪੈਂਦੇ ਪਰ ਹੁਣ ਨਾ ਤਾਂ ਭੱਠੀਆਂ ਤੇ  ਭੱਠੀ ਵਾਲੀਆਂ ਰਹੀਆਂ ਹਨ ਅਤੇ ਨਾ ਹੀ ਕੁਦਰਤੀ ਖ਼ੁਰਾਕਾਂ। ਮੌਜੂਦਾ ਸਥਿਤੀ ਨੂੰ ਇਹ ਸਤਰਾਂ ਇੰਜ ਬਿਆਨ ਕਰਦੀਆਂ ਹਨ:
ਛੱਲੀਆਂ ਛੱਲੀਆਂ ਛੱਲੀਆਂ, ਮੱਕੀ ਦਾਣੇ ਵਿੱਸਰ ਗਏ,
ਭੱਠੀ ਵਾਲੀਆਂ ਕੈਨੇਡਾ ਚੱਲੀਆਂ।
ਮੱਕੀ ਵਿੱਚ ਨਾਈਟਰੋਜਨ, ਗੰਧਕ, ਫਾਸਫੋਰਸ, ਵਿਟਾਮਿਨ ਸੀ, ਵਿਟਾਮਿਨ ਬੀ ਕੰਪਲੈਕਸ, ਕਾਰਬੋਹਾਈਡਰੇਟਸ, ਵਿਟਾਮਿਨ ਈ ਅਤੇ ਪ੍ਰੋਟੀਨ ਚੋਖੀ ਮਾਤਰਾ ਵਿੱਚ ਮਿਲਦੇ ਹਨ। ਅੱਜ ਦੇ ਵਪਾਰੀਕਰਨ ਦੇ ਯੁੱਗ ਨੇ ਮੱਕੀ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ। ਅੱਜ ਮੱਕੀ ਦੀ ਬੀਅਰ ਤਿਆਰ ਹੋਣ ਲੱਗ ਪਈ ਹੈ। ਅੱਜ ਕੋਈ ਯਾਰ ਬੇਲੀ ਸੌਗਾਤ ਵਜੋਂ ਮੱਕੀ ਦੀਆਂ ਛੱਲੀਆਂ ਕਿਸੇ ਨੂੰ ਨਹੀਂ ਦਿੰਦਾ ਸਗੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੱਕੀ ਦੀਆਂ ਭੁੰਨੀਆਂ ਭੁਨਾਈਆਂ ਛੱਲੀਆਂ ਰੇਹੜੀਆਂ ’ਤੇ ਵਿਕਦੀਆਂ ਹਨ। ਖੇਤੋਂ ਲਿਆਂਦੇ ਦੇਸੀ ਮੱਕੀ ਦੇ ਦੋਧੇ ਇੱਕ ਅਭੁੱਲ ਯਾਦ ਬਣ ਕੇ ਰਹਿ ਗਏ ਹਨ। ਸਾਡੇ ਅਮੀਰ ਸੱਭਿਆਚਾਰ ਦਾ ਇਹ ਮਾਹੀਆ ਸਾਨੂੰ ਅਜਿਹਾ ਹੀ ਅਹਿਸਾਸ ਕਰਾਉਂਦਾ ਹੈ:
ਦਾਣੇ-ਦਾਣੇ ਦਾਣੇ, ਦੋਧੀਆਂ ਛੱਲੀਆਂ ਨੂੰ,
ਅੱਜ ਘਰ ਘਰ ਰੋਣ ਨਿਆਣੇ।
ਡਾ. ਲਖਵੀਰ ਸਿੰਘ ਨਾਮਧਾਰੀ
ਸੰਪਰਕ: 98768-50680

ਮਹਿੰਦੀ ਦਾ ਰੰਗ ਹੱਥਾਂ ’ਤੇ ਚੜ੍ਹਿਆ



ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਨੂੰ ਔਰਤਾਂ ਵੱਲੋਂ ਹਾਰ-ਸ਼ਿੰਗਾਰ ਕਰਨ ਲਈ ਰਵਾਇਤੀ ਤੇ ਦੇਸੀ ਸਮਗਰੀ ਵਾਲਾ ਸਾਦਾ ਢੰਗ-ਤਰੀਕਾ ਸਮਝਿਆ ਜਾਂਦਾ ਰਿਹਾ ਹੈ। ਮਹਿੰਦੀ ਇੱਕ ਬੂਟੇ ਦਾ ਨਾਂ ਹੈ, ਜਿਸ ਦੇ ਪੱਤਿਆਂ ਨੂੰ ਸੁਕਾਉਣ ਉਪਰੰਤ ਪੀਸ ਕੇ ਉਸ ਦਾ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਪਾਊਡਰ ਨੂੰ ਇਸ ਦੇ ਬੂਟੇ ਦੇ ਨਾਂ ਉੱਪਰ ਮਹਿੰਦੀ ਦਾ ਨਾਂ ਹੀ ਦਿੱਤਾ ਜਾਂਦਾ ਹੈ। ਮਹਿੰਦੀ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ, ਉਸ ਦਾ ਪੇਸਟ ਬਣਾ ਕੇ, ਹੱਥਾਂ-ਪੈਰਾਂ ’ਤੇ ਲਾਇਆ ਜਾਂਦਾ ਹੈ। ਮਹਿੰਦੀ ਪਾਊਡਰ ਵਿੱਚ ਕਈ ਵਾਰ ਮਹਿੰਦੀ ਦੇ ਰੰਗ ਨੂੰ ਗੂੜ੍ਹਿਆਂ ਕਰਨ ਲਈ ਕੋਈ ਕੈਮੀਕਲ, ਤੇਲ ਜਾਂ ਕਿਸੇ ਹੋਰ ਸਮਗਰੀ ਨੂੰ ਵੀ ਮਿਲਾ ਲਿਆ ਜਾਂਦਾ ਹੈ। ਲਾਈ ਗਈ ਮਹਿੰਦੀ ਨੂੰ ਕਈ ਘੰਟਿਆਂ ਤਕ ਹੱਥਾਂ-ਪੈਰਾਂ ਉੱਪਰ ਲੱਗੀ ਰਹਿਣ ਦਿੱਤਾ ਜਾਂਦਾ ਹੈ। ਕਈ ਵਾਰ ਕੁੜੀਆਂ ਰਾਤ ਭਰ ਲਈ ਮਹਿੰਦੀ ਲਾਈ ਰੱਖਦੀਆਂ ਹਨ ਤੇ ਸਵੇਰ ਹੋਣ ਉੱਤੇ ਜਦੋਂ ਹੱਥ-ਪੈਰ ਧੋਤੇ ਜਾਂਦੇ ਹਨ ਤਾਂ ਹਥੇਲੀਆਂ, ਪੈਰਾਂ ਅਤੇ ਬਾਹਾਂ ’ਤੇ ਮਹਿੰਦੀ ਦਾ ਚੜ੍ਹਿਆ ਲਾਲ ਸੁਰਖ ਰੰਗ ਵੇਖ ਕੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਅਤੇ ਉਹ ਹੋਰ ਮਹਿੰਦੀ ਲੈਣ ਦੀ ਮੰਗ ਕਰਦੀਆਂ ਹਨ:
ਨੀਂ ਲੈ ਦੇ ਮਾਏ,
ਕਾਲਿਆਂ ਬਾਗ਼ਾਂ ਦੀ ਮਹਿੰਦੀ
ਗਲੀ ਗਲੀ ਮੈਂ ਪੱਤਰ ਚੁਣਦੀ,
ਪੱਤਰ ਚੁਣਦੀ ਰਹਿੰਦੀ।
ਮਹਿੰਦੀ ਦਾ ਰੰਗ ਸੂਹਾ ਤੇ ਸਾਵਾ,
ਸੋਹਣੀ ਬਣ ਬਣ ਪੈਂਦੀ
ਘੋਲ ਮਹਿੰਦੀ ਮੈਂ ਹੱਥਾਂ ’ਤੇ ਲਾਈ,
ਵਹੁਟੀ ਬਣ ਬਣ ਬਹਿੰਦੀ
ਮਹਿੰਦੀ ਦਾ ਰੰਗ ਹੱਥਾਂ ’ਤੇ ਚੜ੍ਹਿਆ,
ਸੋਹਣੀ ਲੱਗ ਲੱਗ ਪੈਂਦੀ
ਜਿਨ੍ਹਾਂ ਦੇ ਕੰਤ ਧੀਏ ਨਿੱਤ ਪਰਦੇਸੀ,
ਉਨ੍ਹਾਂ ਨੂੰ ਮਹਿੰਦੀ ਕੀ ਕਹਿੰਦੀ।
ਮਹਿੰਦੀ ਲਾਉਣ ਦਾ ਰਿਵਾਜ ਅਰਬ ਦੇਸ਼ਾਂ ਵਿੱਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਮੁਸਲਮਾਨਾਂ ਦੇ ਭਾਰਤ ਵਿੱਚ ਆਉਣ ਨਾਲ ਇਸ ਦਾ ਚਲਨ ਇੱਥੇ ਵੀ ਹੁੰਦਾ ਗਿਆ ਤੇ ਕਈ ਸਮਾਜਿਕ-ਸੱਭਿਆਚਾਰਕ ਮੌਕਿਆਂ ਨਾਲ ਇਹ ਇਸ ਹੱਦ ਤਕ ਜੁੜ ਗਈ ਕਿ ਇਸ ਨੇ ਸ਼ਗਨ ਅਤੇ ਰਸਮ ਦਾ ਰੂਪ ਅਖ਼ਤਿਆਰ ਕਰ ਲਿਆ। ਵਿਆਹ ਦੇ ਦਿਨ ਤੋਂ ਪੂਰਬਲੀਆਂ ਕਈ ਰਾਤਾਂ ਨੂੰ ਵਿਆਹ ਵਾਲੇ ਘਰ ਵਿੱਚ ਗਾਉਣ ਬਿਠਾਉਣ ਦੀ ਰਸਮ ਨਿਭਾਈ ਜਾਂਦੀ ਸੀ, ਜਿਸ ਦੌਰਾਨ ਕੁੜੀ ਤੇ ਮੁੰਡੇ ਦੇ ਘਰ ਸੁਹਾਗ, ਘੋੜੀਆਂ ਆਦਿ ਗੀਤ ਗਾਏ ਜਾਂਦੇ ਸਨ। ਵਿਆਹ ਦੀ ਪੂਰਬਲੀ ਸ਼ਾਮ ਨੂੰ ਗੀਤ ਗਾਉਣ ਉਪਰੰਤ ਵਿਆਂਹਦੜ ਦੇ ਹੱਥਾਂ-ਪੈਰਾਂ ’ਤੇ ਸ਼ਗਨ ਵਜੋਂ ਰਸਮੀ ਤੌਰ ’ਤੇ ਮਹਿੰਦੀ ਲਾਈ ਜਾਂਦੀ ਸੀ ਤੇ ਨਾਲ-ਨਾਲ ਗੀਤ ਗਾਏ ਜਾਂਦੇ ਸਨ। ਇੱਕ ਲੋਕ ਵਿਸ਼ਵਾਸ ਅਨੁਸਾਰ ਕੁੜੀ ਦਾ ਮੂੰਹ ਪੂਰਬ ਦਿਸ਼ਾ ਵੱਲ ਕਰ ਕੇ, ਉਸ ਨੂੰ ਇੱਕ ਚੌਕੀ ’ਤੇ ਬਿਠਾ ਦਿੱਤਾ ਜਾਂਦਾ ਸੀ। ਵਿਆਹ ਦੇ ਦਿਨੀਂ ਘਰ ਵਿੱਚ ਕੰਮ ਕਰਨ ਆਉਣ ਵਾਲੀ ਲਾਗਣ ਜਾਂ ਕੁੜੀ ਦੀ ਭੈਣ ਜਾਂ ਸਹੇਲੀਆਂ ਵਿਆਹ ਦੇ ਗੀਤ ਗਾਉਂਦਿਆਂ-ਗਾਉਂਦਿਆਂ ਉਸ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਂਦੀਆਂ ਜਾਂਦੀਆਂ। ਪਹਿਲੇ ਸਮਿਆਂ ਵਿੱਚ ਕੁੜੀ ਮਹਿੰਦੀ ਲੱਗੇ ਦੋਵਾਂ ਹੱਥਾਂ ਨੂੰ ਪਿਛਲੇ ਪਾਸੇ ਵੱਲ ਨੂੰ ਕਰ ਕੇ ਦੀਵਾਰ ਉੱਤੇ ਮਹਿੰਦੀ ਦੇ ਥਾਪੇ ਲਾਉਂਦੀ ਜਾਂਦੀ ਸੀ। ਲੋਕ ਵਿਸ਼ਵਾਸ ਅਨੁਸਾਰ ਇਹ ਥਾਪੇ ਵਿਆਂਹਦੜ ਕੁੜੀ ਦੀ ਪ੍ਰੇਤ-ਰੂਹਾਂ ਤੋਂ ਰੱਖਿਆ ਕਰਨ ਵਿੱਚ ਸਹਾਈ ਹੁੰਦੇ ਸਨ। ਜਿਸ ਬਰਤਨ ਵਿੱਚ ਮਹਿੰਦੀ ਦਾ ਘੋਲ ਬਣਾਇਆ ਜਾਂਦਾ ਸੀ, ਉਸ ਵਿੱਚ ਔਰਤਾਂ ਸ਼ਗਨ ਵਜੋਂ ਪੈਸੇ ਟਕੇ ਤੇ ਸਿੱਕੇ ਪਾਉਂਦੀਆਂ ਸਨ। ਬਾਅਦ ਵਿੱਚ ਇਹ ਪੈਸੇ ਲਾਗੀ ਨੂੰ ਦੇ ਦਿੱਤੇ ਜਾਂਦੇ ਸਨ। ਵਿਆਹ ਵਾਲੀ ਕੁੜੀ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਪਿੱਛੋਂ ਬਾਕੀ ਹਾਜ਼ਰ ਕੁੜੀਆਂ ਵੀ ਮਹਿੰਦੀ ਲਾਉਂਦੀਆਂ ਸਨ। ਇਸ ਮੌਕੇ ’ਤੇ ਵਿਆਹ ਦੇ ਗੀਤਾਂ ਦੀ ਛਹਿਬਰ ਲੱਗਦੀ ਸੀ। ਇਸ ਨੂੰ ਮਹਿੰਦੀ ਵਾਲੀ ਰਾਤ ਕਿਹਾ ਜਾਂਦਾ ਸੀ। ਵਿਆਹ ਵਾਲੀ ਕੁੜੀ ਅਤੇ ਮੁੰਡੇ ਦੇ ਘਰ ਮਹਿੰਦੀ ਲਾਉਣ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਮਹਿੰਦੀ ਦੇ ਗੀਤ ਕਿਹਾ ਜਾਂਦਾ ਸੀ।
* ਮਹਿੰਦੀ ਮਹਿੰਦੀ ਸਭ ਜਗ ਕਹਿੰਦਾ, 
ਮੈਂ ਵੀ ਆਖ ਦਿਆਂ ਮਹਿੰਦੀ
ਬਾਗ਼ਾਂ ਦੇ ਵਿੱਚ ਸਸਤੀ ਵਿਕਦੀ,
ਵਿੱਚ ਹੱਟੀਆਂ ਦੇ ਮਹਿੰਗੀ
ਹੇਠਾਂ ਕੂੰਡੀ ਉੱਤੇ ਘੋਟਣਾ,
ਚੋਟ ਦੋਹਾਂ ਦੀ ਸਹਿੰਦੀ
ਘੋਟ ਘੋਟ ਕੇ ਹੱਥਾਂ ਨੂੰ ਲਾਈ,
ਫੋਲਕ ਬਣ ਬਣ ਲਹਿੰਦੀ
ਮਹਿੰਦੀ ਸ਼ਗਨਾਂ ਦੀ,
ਧੋਤਿਆਂ ਕਦੀ ਨਾ ਲਹਿੰਦੀ।
* ਮੌਲੀਏ ਨੀਂ ਰੰਗ ਰੱਤੀਏ! 
ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਮਹਿੰਦੀ ਨੂੰ ਪੁੱਛੋ।
ਮਹਿੰਦੀਏ ਨੀਂ ਰੰਗ ਰੱਤੀਏ! 
ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਪੰਸਾਰੀ ਨੂੰ ਪੁੱਛੋ।
ਵਿਆਹ ਵਾਲੇ ਮੁੰਡੇ ਨੂੰ ਵੀ ਸ਼ਗਨ ਵਜੋਂ ਮਹਿੰਦੀ ਲਾਈ ਜਾਂਦੀ ਹੈ:
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ, ਤੇਰੇ ਚਾਚੇ ਕੂ ਸਦਾਵਾਂ।
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ ਤੇਰੇ ਭਾਈਏ ਕੂ ਸਦਾਵਾਂ।
ਮੁੰਡੇ ਵਾਲਿਆਂ ਵੱਲੋਂ ਸ਼ਗਨ ਵਜੋਂ ਭੇਜੀ ਗਈ ਮਹਿੰਦੀ ਸਬੰਧੀ ਕੁੜੀ-ਪੱਖ ਦੀਆਂ ਔਰਤਾਂ ਮੁੰਡੇ-ਪੱਖ ਵਾਲਿਆਂ ਨੂੰ ਸਿੱਠਣੀਆਂ ਰਾਹੀਂ ਠਿੱਠ ਕਰਦੀਆਂ ਹਨ:
ਮਹਿੰਦੜੀ ਅਣਘੋਲ ਆਂਦੀ,
ਮੌਲੀ ਅਣਰੰਗ ਆਂਦੀ।
ਜੋੜਾ ਅਣਸੀਤਾ ਆਂਦਾ,
ਸੋਨਾ ਅਣਘੜਤ ਆਂਦਾ।
ਮੌਲੀ ਰੰਗਾ ਲਿਆਵਾਂ,
ਮਹਿੰਦੀ ਘੁਲਾ ਲਿਆਵਾਂ।
ਜੋੜਾ ਸਵਾ ਲਿਆਵਾਂ,
ਝਿੰਮੀ ਛੁਪੀ ਛੁਪਾ ਲਿਆਵਾਂ।
ਹੁਣ ਸਿੱਠਣੀਆਂ ਸੁਣਾਈਆਂ ਸੁਣੀਆਂ ਨਹੀਂ ਜਾਂਦੀਆਂ। ਸਮੇਂ ਦੇ ਬਦਲਣ ਨਾਲ ਵਿਆਹ ਸਮੇਂ ਗਾਉਣ ਬਿਠਾਉਣ ਦੀ ਰਸਮ ਹੁਣ ਮਹਿਜ਼ ‘ਲੇਡੀਜ਼ ਸੰਗੀਤ’ ਵਿੱਚ ਬਦਲ ਕੇ ਸਿਮਟ ਗਈ ਹੈ। ਮਹਿੰਦੀ ਹੱਥਾਂ, ਪੈਰਾਂ, ਬਾਹਾਂ ਦੇ ਨਾਲ-ਨਾਲ ਵਾਲਾਂ ਨੂੰ ਵੀ ਲਾਈ ਜਾਣ ਲੱਗੀ ਹੈ। ਮਹਿੰਦੀ ਲਾਉਣ ਵਾਲੀਆਂ ਕੁੜੀਆਂ ਨੇ ਇਸ ਨੂੰ ਕਿੱਤੇ ਵਜੋਂ ਅਪਣਾਅ ਕੇ ਪਾਰਲਰ ਖੋਲ੍ਹ ਲਏ ਹਨ। ਕੁੜੀ ਦੇ ਘਰ ਆ ਕੇ ਮਹਿੰਦੀ ਲਾਉਣ ਅਤੇ ਹਾਰ ਸ਼ਿੰਗਾਰ ਕਰਨ ਲਈ ਵੱਡੀਆਂ ਰਕਮਾਂ ਦਿੱਤੀਆਂ ਜਾਣ ਲੱਗ ਪਈਆਂ ਹਨ। ਵਿਆਹ, ਦਿਨ-ਤਿਉਹਾਰਾਂ, ਕਰਵਾ ਚੌਥ ਆਦਿ ਦੇ ਮੌਕੇ ’ਤੇ ਮਹਿੰਦੀ ਲਾਉਣ ਦੇ ਕਾਰੋਬਾਰ ਵਿੱਚ ਲੋਕ ਚੰਗੀ ਕਮਾਈ ਕਰਦੇ ਹਨ। ਮਹਿੰਦੀ ਦੇ ਭਾਂਤ-ਸੁਭਾਂਤੇ ਡਿਜ਼ਾਈਨ ਬਣਾਉਣ ਲਈ ਬਣੇ-ਬਣਾਏ ਸਾਂਚਿਆਂ ਦਾ ਪ੍ਰਯੋਗ ਕੀਤਾ ਜਾਣ ਲੱਗ ਪਿਆ ਹੈ।
ਸਮੇਂ ਦੇ ਫੇਰਬਦਲ ਨਾਲ ਮਹਿੰਦੀ ਲਾਉਣ ਦੀ ਕਲਾ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ। ਕਾਰੋਬਾਰੀ ਲੋਕ ਮਹਿੰਦੀ ਵਿੱਚ ਮਿਲਾਵਟ ਵੀ ਕਰਦੇ ਹਨ। ਵੱਖ-ਵੱਖ ਰੰਗਾਂ ਨੂੰ ਲਿਸ਼ਕਵੀਂ ਪੈਕਿੰਗ ਵਿੱਚ ਬੰਦ ਕਰ ਕੇ ਉਸ ਨੂੰ ਵੀ ਮਹਿੰਦੀ ਦਾ ਨਾਂ ਦਿੱਤਾ ਜਾਣ ਲੱਗਿਆ ਹੈ। ਮਹਿੰਦੀ ਦਾ ਸੁਭਾਅ ਤਾਂ ਠੰਢ ਪ੍ਰਦਾਨ ਕਰਨ ਵਾਲਾ ਹੈ। ਜਦੋਂ ਮਹਿੰਦੀ ਦੇ ਨਾਂ ਹੇਠ ਕਈ ਰੰਗ ਅਤੇ ਰਸਾਇਣ ਵੇਚੇ ਜਾਂਦੇ ਹਨ ਤਾਂ ਤਕਲੀਫ਼ ਹੁੰਦੀ ਹੈ। ਅਜਿਹੇ ਰਸਾਇਣ ਚਮੜੀ ਲਈ ਹਾਨੀਕਾਰਕ ਹੁੰਦੇ ਹਨ। ਮਹਿੰਦੀ ਦੇ ਅਮੋਲਵੇਂ ਕੁਦਰਤੀ ਪਦਾਰਥ ਦੀ ਸ਼ੁੱਧਤਾ ਬਣੀ ਰਹਿਣੀ ਚਾਹੀਦੀ ਹੈ ਅਤੇ ਇਸ ਨਾਲ ਜੁੜੀਆਂ ਰਸਮਾਂ ਨੂੰ ਸਿਮ੍ਰਿਤੀਆਂ ਵਿੱਚ ਵਸਾਈ ਰੱਖਣਾ ਚਾਹੀਦਾ ਹੈ। ਦੁਆ ਕਰਨੀ ਚਾਹੀਦੀ ਹੈ ਕਿ ਕਿਸੇ ਦੇ ਹੱਥਾਂ ’ਤੇ ਲੱਗੀ ਮਹਿੰਦੀ ਦਾ ਰੰਗ ਉਦਾਸ ਨਾ ਹੋਵੇ।
ਡਾ. ਪ੍ਰਿਤਪਾਲ ਸਿੰਘ ਮਹਿਰੋਕ
ਸੰਪਰਕ: 98885-10185

ਲੋਪ ਹੋ ਚੁੱਕੀ ਅਮੀਰ ਵਿਰਾਸਤ ਖੂਹ



ਖੂਹ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹੈ। ਕੋਈ ਸਮਾਂ ਸੀ ਜਦੋਂ ਖੂਹ ਦੇ ਦੁਆਲੇ ਭਰਵੀਂ ਰੌਣਕ ਹੁੰਦੀ ਸੀ। ਅਜਿਹਾ ਵੇਖ ਕੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਧਰੇ ਮੇਲਾ ਲੱਗਿਆ ਹੋਵੇ। ਖੂਹ ਨਾਲ ਲੋਕ ਸਾਂਝ ਜੁੜੀ ਹੁੰਦੀ ਸੀ। ਇੱਕ ਤਰ੍ਹਾਂ ਨਾਲ ਖੂਹ ਮਨੁੱਖੀ ਜੀਵਨ ਦਾ ਕੇਂਦਰੀ ਧੁਰਾ ਹੋਇਆ ਕਰਦਾ ਸੀ ਪਰ ਮਸ਼ੀਨੀ ਯੁੱਗ ਨੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸਾਡੇ ਕੋਲੋਂ ਖੋਹ ਲਿਆ ਹੈ ਅਤੇ ਖੂਹ ਖੰਡਰ ਬਣੇ ਨਜ਼ਰ ਆਉਂਦੇ ਹਨ। ਮਸ਼ੀਨੀਕਰਨ ਯੁੱਗ ਤੋਂ ਪਹਿਲਾਂ ਲੋਕ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਸੀਲੇ ਖ਼ੁਦ ਪੈਦਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖ ਨੇ ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ ਅਤੇ ਰਹਿਣ ਲਈ ਰੈਣ ਬਸੇਰੇ (ਘਰ) ਦੀ ਮੁਢਲੀ ਲੋੜ ਪੂਰੀ ਕਰ ਲਈ ਤਾਂ ਉਸ ਨੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਖ਼ੁਦ ਹੀ ਵਸੀਲੇ ਪੈਦਾ ਕੀਤੇ। ਇਸ ਲਈ ਮਨੁੱਖ ਨੇ ਖੂਹ ਖੁਦਵਾਏ। ਇਸ ਤੋਂ ਪਹਿਲਾਂ ਪਾਣੀ ਸਿਰਫ਼ ਨਦੀਆਂ ਤੇ ਦਰਿਆਵਾਂ ਤੋਂ ਹੀ ਮਿਲਦਾ ਸੀ। ਲੋਕ ਪਾਣੀ ਦੀ ਭਾਲ ਵਿੱਚ ਘੜੇ ਚੁੱਕੀ ਦੂਰ-ਦੂਰ ਚਲੇ ਜਾਂਦੇ ਸਨ ਅਤੇ ਇਸ ਦੀ ਬੜੇ ਸੰਜਮ ਨਾਲ ਵਰਤੋਂ ਕਰਦੇ ਸਨ।
ਫਿਰ ਮਨੁੱਖ ਨੇ ਖੂਹਾਂ ਦੀ ਖੁਦਵਾਈ ਕਰ ਕੇ ਜਿੱਥੇ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ, ਉੱਥੇ ਨਾਲ ਹੀ ਬੇਆਬਾਦ ਬੰਜਰ ਪਈ ਜ਼ਮੀਨ ਨੂੰ ਖੂਹਾਂ ਦੇ ਪਾਣੀ ਨਾਲ ਸਿੰਜ ਕੇ ਵਾਹੀ ਯੋਗ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਖੂਹ ਪੁਰਾਤਨ ਸਮੇਂ ਵਿੱਚ ਪਾਣੀ ਦਾ ਸਸਤਾ ਅਤੇ ਮਹੱਤਵਪੂਰਨ ਸਾਧਨ ਸਨ। ਖੂਹ ਤੋਂ ਭਾਵ ਧਰਤੀ ਵਿੱਚੋਂ ਪਾਣੀ ਕੱਢਣ ਲਈ ਪੁੱੱਟਿਆ ਗਿਆ ਡੂੰਘਾ ਟੋਆ। ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਪੰਜਾਬੀ ਵਿੱਚ ਖੂਹ ਤੇ ਇਸ ਦਾ ਛੋਟਾ ਰੂਪ ਖੂਹੀ (ਹਲਟ/ਹਲਟੀ), ਅੰਗਰੇਜ਼ੀ ਵਿਚ ਵੈੱਲ, ਹਿੰਦੀ ਵਿੱਚ ਕੂਆਂ, ਫ਼ਾਰਸੀ ਵਿੱਚ ਚਾਹ ਆਦਿ। ਖੂਹਾਂ ਦਾ ਇਤਿਹਾਸ ਵੀ ਮਨੁੱਖੀ ਇਤਿਹਾਸ ਜਿਨ੍ਹਾਂ ਹੀ ਪੁਰਾਣਾ ਹੈ। ਖੂਹ ਮਨੁੱਖ ਦੀਆਂ ਮੁਢਲੀਆਂ ਖੋਜਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਆਰੀਆਂ ਲੋਕਾਂ ਦੇ ਭਾਰਤ ਆਉਣ ’ਤੇ ਖੂਹਾਂ ਦੀ ਸਿਰਜਣਾ ਤੇ ਸਿੰਜਾਈ ਆਰੰਭ ਹੋਈ।

ਖੂਹ ਦੀ ਉਸਾਰੀ ਤੋਂ ਬਾਅਦ ਥੋੜ੍ਹੀ ਦੂਰੀ ’ਤੇ ਦੋ ਆਹਮੋ-ਸਾਹਮਣੇ ਕੰਧਾਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਚੰਨੇ ਕਿਹਾ ਜਾਂਦਾ ਸੀ। ਦੋਵਾਂ ਚੰਨਿਆਂ ਦੇ ਉੱਪਰ ਲੱਕੜ ਦੀ ਛਤੀਰੀ ਰੱਖੀ ਜਾਂਦੀ ਸੀ ਅਤੇ ਉਸ ਦੇ ਵਿਚਕਾਰ ਇੱਕ ਛੇਕ ਹੁੰਦਾ ਸੀ ਜਿਸ ਵਿੱਚ ਢੋਲ ਦਾ ਧੁਰਾ ਟਿਕਾਇਆ ਜਾਂਦਾ ਸੀ। ਸ਼ਤੀਰੀ ਦੇ ਹੇਠਾਂ ਇੱਕ ਵੱਡੀ ਗਰਾਰੀ ਹੁੰਦੀ ਸੀ। ਗਰਾਰੀ ਦੇ ਦੰਦੇ ਹੁੰਦੇ ਸਨ। ਇਸ ਦੇ ਇੱਕ ਪਾਸੇ ਲੋਹੇ ਦੀ ਵੱਡੀ ਗਰਾਰੀ ਹੁੰਦੀ ਸੀ ਜਿਸ ਨੂੰ ਚਵ੍ਹੱਕਲ਼ੀ ਕਿਹਾ ਜਾਂਦਾ ਸੀ। ਚਵ੍ਹੱਕਲ਼ੀ ਦੇ ਦੰਦੇ ਢੋਲ ਦੇ ਦੰਦਿਆਂ ਨਾਲ ਜੁੜੇ ਹੁੰਦੇ ਸਨ ਤੇ ਚਵ੍ਹੱਕਲ਼ੀ ਖੂਹ ਦੇ ਉੱਤੇ ਲੱਗੀ ਚਰਖੜੀ (ਬੈੜ) ਨਾਲ ਜੁੜੀ ਹੁੰਦੀ ਸੀ। ਬੈੜ ਦੇ ਉੱਤੇ ਮਾਲ ਦੇ ਰੂਪ ਵਿੱਚ ਟਿੰਡਾਂ ਖੂਹ ਵਿੱਚ ਲਟਕੀਆਂ ਸਨ। ਬੈੜ ਦੇ ਵਿਚਕਾਰ ਲੱਕੜ ਜਾਂ ਲੋਹੇ ਦਾ ਇੱਕ ਪਾੜਛਾ ਰੱਖਿਆ ਹੁੰਦਾ ਸੀ। ਬੈੜ, ਢੋਲ ਤੇ ਚਵ੍ਹੱਕਲ਼ੀ ਦੇ ਚੱਕਰਾਂ ਨੂੰ ਤੱਕਲ਼ੇ ਨਾਲ ਜੋੜ ਕੇ ਢੋਲ ਦੇ ਉੱਪਰਲੇ ਸਿਰੇ ਨਾਲ (ਵਿੰਗੀ ਲੱਕੜ) ਗਾਧੀ ਪਾ ਕੇ ਜੋ ਦੁਸਾਂਗੜ ਹੁੰਦੀ ਸੀ, ਅੱਗੇ ਬਲਦਾਂ ਨੂੰ ਜੋਤ ਕੇ ਖੂਹ ਗੇੜਿਆ ਜਾਂਦਾ ਸੀ। ਜਦੋਂ ਬਲਦ ਗਾਧੀ ਨੂੰ ਖਿੱਚ ਕੇ ਤੁਰਦੇ ਤਾਂ ਗਾਧੀ ਨਾਲ ਜੁੜੇ ਢੋਲ ਦੀਆਂ ਗਰਾਰੀਆਂ ਚਲਦੀਆਂ। ਢੋਲ ਦੇ ਨਾਲ ਚਵ੍ਹੱਕਲ਼ੀ ਚਲਦੀ ਅਤੇ ਉਸ ਦੇ ਚੱਲਣ ਨਾਲ ਲੱਠ ਘੁੰਮਦੀ ਤਾਂ ਬੈੜ ਘੁੰਮਦਾ ਜਿਸ ਉੱਪਰ ਫਸੀ ਟਿੰਡਾਂ ਦੀ ਮਾਲ੍ਹ ਘੁੰਮਦੀ। ਟਿੰਡਾਂ ਖੂਹ ਵਿੱਚ ਡੁੱਬਦੀਆਂ ਤੇ ਪਾਣੀ ਨਾਲ ਭਰ ਕੇ ਉਤਾਂਹ ਆਉਂਦੀਆਂ ਤੇ ਪਾਣੀ ਪਾੜਛੇ ਵਿੱਚ ਡਿੱਗਦਾ ਤੇ ਪਾੜਛੇ ਵਿਚਲਾ ਪਾਣੀ ਆਉਲ ਵਿੱਚ ਡਿੱਗਦਾ ਜਿੱÎਥੋਂ ਪਾਣੀ ਦੀ ਵਰਤੋਂ ਲਈ ਘੜੇ ਭਰੇ ਜਾਂਦੇ ਅਤੇ ਪਾਣੀ ਖਾਲ ਰਾਹੀਂ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾਂਦਾ ਸੀ। ਇਸ ਤਰ੍ਹਾਂ ਖੂਹ ਸਾਰਾ ਦਿਨ ਵਾਰੀ ਅਨੁਸਾਰ ਚਲਦਾ ਰਹਿੰਦਾ ਸੀ ਅਤੇ ਖੂਹ ਦੇ ਦੁਆਲੇ ਭੀੜ ਜੁੜੀ ਰਹਿੰਦੀ ਸੀ। ਬੱਚੇ, ਬੁੱਢੇ ਤੇ ਮੁਟਿਆਰਾਂ ਖੂਹ ਤੋਂ ਪਾਣੀ ਦੇ ਘੜੇ ਭਰਨ ਲਈ ਆਉਂਦੇ ਸਨ। ਪਿੰਡਾਂ ਵਿੱਚ ਸਿਰਫ਼ ਪੀਣ ਵਾਲੇ ਪਾਣੀ ਲਈ ਵੀ ਵੱਖਰੇ ਖੂਹ ਹੁੰਦੇ ਸਨ, ਜਿੱਥੇ ਮੁਟਿਆਰਾਂ ਹੱਥੀਂ ਬਾਲਟੀ ਰਾਹੀਂ ਘੜੇ ਭਰਦੀਆਂ ਸਨ। ਇਸ ਤਰ੍ਹਾਂ ਖੂਹ ਮੇਲ-ਜੋਲ ਦਾ ਸਥਾਨ ਹੁੰਦਾ ਸੀ। ਇੱਥੇ ਹੀ ਬਸ ਨਹੀਂ, ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ, ਸੁਹਾਗ, ਸਿੱਠਣੀਆਂ, ਘੋੜੀਆਂ, ਅਲਾਹੁਣੀਆਂ, ਟੱਪੇ, ਲੋਕ ਕਹਾਣੀਆਂ, ਲੋਕ-ਗਾਥਾਵਾਂ, ਬੁਝਾਰਤਾਂ, ਮੁਹਾਵਰੇ, ਅਖਾਣ ਆਦਿ ਵਿੱਚ ਵੀ ਖੂਹ ਦਾ ਵਰਣਨ ਮਿਲਦਾ ਹੈ।
ਗੀਤ
ਤੂਤਕ ਤੂਤਕ ਤੂਤਕ ਤੂਤੀਆਂ,
ਹਾਏ ਜਮਾਲੋ
ਆਜਾ ਤੂਤਾਂ ਵਾਲੇ ਖੂਹ ’ਤੇ, 
ਹਾਏ ਜਮਾਲੋ
ੳੱੁਥੇ ਗੱਲਾਂ ਕਰਾਂਗੇ ਮੂੰਹ ’ਤੇ, 
ਹਾਏ ਜਮਾਲੋ।
ਲੋਕ ਗਾਥਾ 
ਮੁਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ,
ਕੀਮਾ ਕੋਲ ਆ ਕੇ ਅਰਜ਼ ਗੁਜ਼ਾਰੇ।
ਛੰਨਾਂ ਪਾਣੀ ਦਾ ਇੱਕ ਦੇ ਦੇ ਨੀਂ ਮੁਟਿਆਰੇ।
ਟੱਪਾ
ਖੂਹ ਉੱਤੇ ਆ ਮਾਹੀਆ,
ਨਾਲੇ ਸਾਡੀ ਗੱਲ ਸੁਣਜਾ,
ਨਾਲੇ ਘੜਾ ਵੇ ਚੁਕਾ ਮਾਹੀਆ।
ਬੁਝਾਰਤ
ਰੜੇ ਮੈਦਾਨ ਵਿੱਚ ਡੱਬਾ
ਚੁੱਕਿਆ ਨਾ ਜਾਵੇ ਚੁਕਾਈਂ ਰੱਬਾ  (ਖੂਹ)
ਅਖਾਣ
ਖੂਹ ਪੁੱਟਦੇ ਨੂੰ ਖਾਤਾ ਤਿਆਰ
ਖੂਹ ਦੀ ਮਿੱਟੀ ਖੂਹ ਨੂੰ ਲੱਗਣਾ
ਮੁਹਾਵਰੇ
ਖੂਹ ਵਿੱਚ ਛਾਲ ਮਾਰਨਾ
ਖੂਹ ’ਤੇ ਗਏ ਪਿਆਸੇ ਆਏ
ਧਰਤੀ ਵਿੱਚੋਂ ਪਾਣੀ ਕੱਢਣ ਦੀਆਂ ਈਜਾਦ ਹੋਈਆਂ ਨਵੀਆਂ ਕਾਢਾਂ ਨੇ ਸਾਂਝੇ ਪੁਰਾਤਨ ਵਿਰਸੇ ਖੂਹ ਦੀ ਦੇਣ ਨੂੰ ਭੁਲਾ ਦਿੱਤਾ ਹੈ। ਦੂਜਾ ਜ਼ਿਆਦਾ ਵਰਤੋਂ ਕਾਰਨ ਪਾਣੀ ਦਾ ਪੱਧਰ ਹੇਠਾਂ ਚਲੇ ਜਾਣ ਨਾਲ ਖੂਹ ਵੀ ਪਾਣੀ ਦੇਣ ਤੋਂ ਜੁਆਬ ਦੇ ਗਏ ਹਨ। ਲੋਕਾਂ ਨੇ ਇਨ੍ਹਾਂ ਖੂਹਾਂ ਨੂੰ ਕੂੜਾਦਾਨ ਬਣਾ ਕੇ ਸਦਾ ਲਈ ਬੰਦ ਕਰ ਦਿੱਤਾ ਹੈ। ਕਦੇ ਪੰਜਾਬ ਦਾ ਅਮੀਰ ਵਿਰਸਾ ਰਿਹਾ ਖੂਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੁਝਾਰਤ ਬਣ ਕੇ ਰਹਿ ਜਾਵੇਗਾ। ਬੇਸ਼ੱਕ ਹੁਣ ਇਨ੍ਹਾਂ ਖੂਹਾਂ ਵਿੱਚੋਂ ਪਾਣੀ ਨਹੀਂ ਨਿਕਲਦਾ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੂਹ ਬਾਰੇ ਜਾਣੂ ਕਰਵਾਉਣ ਲਈ ਇਨ੍ਹਾਂ ਦੀ ਮੁਰੰਮਤ ਕਰ ਕੇ ਸਾਂਭ-ਸੰਭਾਲ ਤਾਂ ਕੀਤੀ ਜਾ ਸਕਦੀ ਹੈ।
ਦਿਲਬਾਗ ਸਿੰਘ ਗਿੱਲ

ਸੰਗੀਤ ਦਾ ਸ਼ਰਬਤੀ ਦਰਿਆ ਚਰਨਜੀਤ ਅਹੂਜਾ



ਲਗਪਗ 5 ਦਹਾਕਿਆਂ ਤੋਂ ਨਿਰੰਤਰ ਵਹਿੰਦੇ ਪੰਜਾਬੀ ਸੰਗੀਤ ਦੇ ਸ਼ਰਬਤੀ ਦਰਿਆ ਦਾ ਨਾਂ ਹੈ ਚਰਨਜੀਤ ਅਹੂਜਾ। ਚਰਨਜੀਤ ਅਹੂਜਾ ਨੇ ਪੰਜਾਬੀ ਸੰਗੀਤ ਨੂੰ ਸੁੰਦਰਤਾ ਬਖ਼ਸ਼ਣ ਅਤੇ ਨਿਖ਼ਾਰਨ ਦੇ ਨਾਲ-ਨਾਲ ਮਣਾਂਮੂੰਹੀਂ ਉਚਾਈ ਅਤੇ ਅਮੀਰੀ ਬਖ਼ਸ਼ੀ ਹੈ। ਸੁਰਾਂ ਦੇ ਇਸ ਜਾਦੂਗਰ ਨੇ ਜਿਸ ਵੀ ਗੀਤ ਨੂੰ ਹੱਥ ਲਾਇਆ, ਉਹ ਲੋਕ ਗੀਤ ਬਣ ਗਿਆ। ਜੋ ਤਰਜ਼ਾਂ ਸਿਰਜੀਆਂ ਉਹ ਲੋਕ ਧੁਨਾਂ ਬਣ ਗਈਆਂ। ਯਮਲੇ ਜੱਟ ਤੋਂ ਲੈ ਕੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੁਲਦੀਪ ਮਾਣਕ, ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ, ਏ.ਐਸ. ਕੰਗ, ਸੁਰਿੰਦਰ ਛਿੰਦਾ, ਜਗਮੋਹਨ ਕੌਰ, ਗੁਰਦਾਸ ਮਾਨ, ਹੰਸ ਰਾਜ ਹੰਸ, ਅਮਰ ਸਿੰਘ ਚਮਕੀਲਾ, ਸਰਦੂਲ ਸਿਕੰਦਰ, ਹਰਭਜਨ ਮਾਨ, ਕਮਲਜੀਤ ਨੀਰੂ ਤੋਂ ਇਲਾਵਾ ਕਿੰਨੀਆਂ ਹੀ ਹੋਰ ਆਵਾਜ਼ਾਂ ਨੂੰ ਆਪਣੀ ਸੰਗੀਤਕ ਤਪ ਸਾਧਨਾ ਨਾਲ ਪ੍ਰਚੰਡ ਕਰਕੇ ਸਦਾ ਲਈ ਅਮਰ ਕਰ ਦਿੱਤਾ। ਇੰਨੀਆਂ ਵੱਡੀਆਂ ਪ੍ਰਾਪਤੀਆਂ ਕੰਮ ਪ੍ਰਤੀ ਸ਼ੌਕ ਦੀ ਸਿਖ਼ਰ ਅਤੇ ਈਮਾਨਦਾਰੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀਆਂ।
ਨਗ਼ਮਿਆਂ ਦੇ ਨੈਣਾਂ ਵਿੱਚ ਕੋਹੇਤੁਰੀ ਸੁਰਮੇ ਦੀਆਂ ਧਾਰੀਆਂ ਪਾ ਕੇ ਉਨ੍ਹਾਂ ਨੂੰ ਮਟਕਾਉਣ ਦਾ ਸਲੀਕਾ ਸਿਰਫ਼ ਚਰਨਜੀਤ ਅਹੂਜਾ ਦੇ ਹਿੱਸੇ ਆਇਆ ਹੈ। ਚਰਨਜੀਤ ਅਹੂਜਾ ਦੀ ਸੰਗੀਤਕ ਸਰਦਲ ਕਲਾਕਾਰਾਂ ਲਈ ਗੋਰਖ਼ ਦੇ ਟਿੱਲੇ ਵਰਗੀ ਹੈ। ਇਹ ਟਿੱਲੇ ਤੋਂ ਇਸ ਫ਼ਕੀਰ ਸੰਗੀਤਕਾਰ ਨੇ ਜਿਸ ਵੀ ਆਪਣੇ ਚੇਲੇ ਦੇ ਕੰਨਾਂ ਵਿੱਚ ਬਲੌਰੀ ਮੁੰਦਰਾਂ ਪਾਈਆਂ, ਸ਼ੋਹਰਤ ਦੀ ਸੁੰਦਰੀ ਉਸ ਫ਼ਨਕਾਰ ਦੀ ਦੀਵਾਨੀ ਹੋ ਗਈ। ਇਸ ਕਲਾਤਮਕ ਉਂਗਲੀਆਂ ਦੇ ਸਿਰਜੇ ਰਸਮਈ ਸੰਗੀਤ ਵਿੱਚ ਪਰੋਏ ਸੁਪਰਹਿੱਟ ਗੀਤਾਂ ਦਾ ਗਿਣਤੀ ਵਿੱਚ ਜ਼ਿਕਰ ਕਰਨਾ ਅਸੰਭਵ ਵੀ ਹੈ ਅਤੇ ਠੀਕ ਵੀ ਨਹੀਂ। ਇਸ ਸੰਗੀਤਕਾਰ ਦੀ ਸਿਰਜਣਾਤਮਕਤਾ ਨੂੰ ਸਲਾਮ ਕਰਦਾ ਹੋਇਆ ਪੇਸ਼ ਕਰਦਾ ਹਾਂ, ਇਨ੍ਹਾਂ ਦੇ ਸੰਗੀਤਕ ਸਟੂਡੀਓ ਵਿੱਚ ਹੋਈ ਪਿਆਰੀ ਜਿਹੀ ਮੁਲਾਕਾਤ।
? ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ।
-ਮੇਰਾ ਜਨਮ ਰੋਹਤਕ ਵਿੱਚ ਹੋਇਆ। ਉਦੋਂ ਇਹ ਸਾਂਝੇ ਪੰਜਾਬ ਦਾ ਹਿੱਸਾ ਹੁੰਦਾ ਸੀ। ਮੇਰੇ ਪਿਤਾ ਜੀ ਬੀਰਭਾਨ ਅਹੂਜਾ ਅਤੇ ਮਾਤਾ ਸ੍ਰੀਮਤੀ ਸੁਮਿੱਤਰਾ ਦੇਵੀ ਤੋਂ ਇਲਾਵਾ ਮੇਰਾ ਭਰਾ ਗੁਲਸ਼ਨ ਅਹੂਜਾ ਅਤੇ ਭੈਣ ਸ੍ਰੀਮਤੀ ਉਰਮਿਲਾ ਦੇਵੀ ਮੇਰੇ ਮੁਢਲੇ ਪਰਿਵਾਰ ਦੇ ਮੈਂਬਰ ਸਨ।
? ਤੁਹਾਡਾ ਸੰਗੀਤ ਵੱਲ ਝੁਕਾਅ ਕਦੋਂ ਹੋਇਆ।
-ਮੇਰੀ ਮਾਂ ਦੱਸਦੀ ਸੀ ਕਿ ਜਦੋਂ ਮੈਂ ਚਾਰ ਕੁ ਵਰ੍ਹਿਆਂ ਦਾ ਸੀ ਤੇ ਮੈਨੂੰ ਬਚਪਨ ਤੋਂ ਹੀ ਸੰਗੀਤ ਦੀ ਖਿੱਚ ਸੀ। ਮੈਂ ਰੋਹਤਕ ਤੋਂ ਗਰੈਜੂਏਸ਼ਨ ਕੀਤੀ। ਫਿਰ ਦਿੱਲੀ ਆ ਕੇ ਬਾਕਾਇਦਾ ਤੌਰ ‘ਤੇ ਜਸਵੰਤ ਜੀ ਨਾਲ ਉਸਤਾਦੀ ਸ਼ਾਗਿਰਦੀ ਕੀਤੀ ਅਤੇ ਉਨ੍ਹਾਂ ਤੋਂ ਮੈਡੋਲੀਅਨ ਦੀ ਤਾਲੀਮ ਲਈ। ਦਿੱਲੀ ਆ ਕੇ ਕਾਫ਼ੀ ਸੰਘਰਸ਼ ਕਰਨਾ ਪਿਆ।
? ਕੋਈ ਯਾਦ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ।
-ਯਾਦਾਂ ਤਾਂ ਐਨੀਆਂ ਹਨ ਕਿ ਭਾਵੇਂ ਤੁਸੀਂ ਮਹਾਂਕਾਵਿ ਲਿਖ ਲਵੋ-ਮਿੱਠੀਆਂ, ਖੱਟੀਆਂ ਅਤੇ ਨਮਕੀਨ। ਹਾਂ ਇੱਕ ਵਾਰ ਮੈਂ ਤੂਤਕ-ਤੂਤਕ ਤੂਤੀਆਂ ਵਾਲੇ ਮਲਕੀਤ ਸਿੰਘ ਦੀ ਕੈਸੇਟ ਤਿਆਰ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਇੱਕ ਬਹੁਤ ਵਧੀਆ ਗੀਤ ਹੈ, ਦਵਿੰਦਰ ਖੰਨੇਵਾਲੇ ਦਾ, ਚਿੱਠੀਏ ਨੀਂ ਚਿੱਠੀਏ, ਮੈਂ ਇਹ ਗੀਤ ਤੇਰੇ ਲਈ ਰਿਕਾਰਡ ਕਰਨਾ ਚਾਹੁੰਦਾ ਹਾਂ। ਮੇਰੇ ਵਾਰ-ਵਾਰ ਕਹਿਣ ‘ਤੇ ਵੀ ਇਹ ਗੀਤ ਮਲਕੀਤ ਨੂੰ ਨਹੀਂ ਜਚਿਆ। ਕੁਝ ਦਿਨਾਂ ਬਾਅਦ ਮੈਂ ਇਹ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ ਰਿਕਾਰਡ ਕਰ ਦਿੱਤਾ। ਅਗਲੇ ਦਿਨ ਹੀ ਇਸ ਗੀਤ ਨਾਲ ਹਰਭਜਨ ਸਟਾਰ ਬਣ ਗਿਆ। ਮੇਰਾ ਖਿਆਲ ਹੈ, ਸ਼ਾਇਦ ਮਲਕੀਤ ਨੂੰ ਇਸ ਗੱਲ ਦਾ ਅੱਜ ਵੀ ਪਛਤਾਵਾ ਹੋਵੇਗਾ।
? ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਬੜੇ ਸਖ਼ਤ ਮਿਜ਼ਾਜ ਹੋ।
-ਨਹੀਂ, ਅਜਿਹਾ ਕੁਝ ਨਹੀਂ ਪਰ ਕਈ ਵਾਰ ਜਦੋਂ ਕਲਾਕਾਰ ਵਾਰ-ਵਾਰ ਕਹਿਣ ‘ਤੇ ਵੀ ਗੀਤ ਦੇ ਬੋਲ ਯਾਦ ਕਰਕੇ ਨਹੀਂ ਆਉਂਦਾ ਅਤੇ ਮਾਈਕ ‘ਤੇ ਖਲੋ ਕੇ ਵਾਰ-ਵਾਰ ਰੀਟੇਕ ਕਰਦਾ ਹਾਂ ਤਾਂ ਸਾਹਮਣੇ ਬੈਠੇ ਬੰਦੇ ਨੂੰ ਥੋੜ੍ਹਾ-ਮੋਟਾ ਗੁੱਸਾ ਆਉਣਾ ਸੁਭਾਵਿਕ ਹੈ ਅਤੇ ਇਹ ਗੁੱਸਾ ਕਲਾਕਾਰ ਦੀ ਭਲਾਈ ਵਾਸਤੇ ਹੀ ਹੁੰਦਾ ਹੈ।
? ਕੋਈ ਅਜਿਹਾ ਕਲਾਕਾਰ, ਜਿਸ ਨੇ ਗਾਇਕੀ ਤੋਂ ਇਲਾਵਾ ਇਨਸਾਨੀ ਕਦਰਾਂ-ਕੀਮਤਾਂ ਕਰਕੇ ਤੁਹਾਡੇ ਦਿਲ ਨੂੰ ਟੁੰਬਿਆ ਹੋਵੇ।
-ਇੱਥੇ ਮੈਂ ਦੋ ਕਲਾਕਾਰਾਂ ਦਾ ਜ਼ਿਕਰ ਕਰਨਾ ਚਾਹਾਂਗਾ, ਇੱਕ ਕਦੇ ਹੁੰਦਾ ਸੀ ਤੇ ਇੱਕ ਅੱਜ ਵੀ ਹੈ। ਜੋ ਹੁੰਦਾ ਸੀ ਉਸ ਦਾ ਨਾਂ ਹੈ ਅਮਰ ਸਿੰਘ ਚਮਕੀਲਾ ਅਤੇ ਜੋ ਅੱਜ ਵੀ ਹੈ ਉਸ ਦਾ ਨਾਂ ਹੈ ਸਤਵਿੰਦਰ ਬੁੱਗਾ।
? ਜਿਸ ਤਰ੍ਹਾਂ ਤੁਹਾਡੇ ਗੀਤਾਂ ਵਿੱਚ ਸੰਗੀਤ ਸਰੋਤਿਆਂ ਨੂੰ ਯਾਦ ਹੈ, ਅੱਜ-ਕੱਲ੍ਹ ਅਜਿਹੇ ਗੀਤ ਕਿਉਂ ਨਹੀਂ ਬਣਦੇ।
-ਕੁਝ ਚੰਗੇ ਨੌਜਵਾਨ ਸੰਗੀਤਕਾਰਾਂ ਨੂੰ ਛੱਡ ਕੇ ਬਾਕੀ ਦੇ ਜੋ ਆਪ-ਮੁਹਾਰੇ ਸੰਗੀਤ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ, ਉਹ ਸੰਗੀਤਕਾਰ ਨਹੀਂ, ਸਗੋਂ ਸੰਗੀਤ ਦੇ ਠੇਕੇਦਾਰ ਹਨ। ਕਲਾਕਾਰ ਤੋਂ ਗੀਤ ਦੀ ਤਰਜ਼ ਲਈ ਅਤੇ ਕਿਸੇ ਪ੍ਰੋਗਰਾਮਿੰਗ ਕਰਨ ਵਾਲੇ ਤੋਂ ਕੰਮ ਕਰਵਾ ਕੇ ਮਾਸਟਰ ਪੀਸ ਕੰਪਨੀ ਜਾਂ ਕਲਾਕਾਰ ਦੇ ਹਵਾਲੇ ਕਰ ਦਿੰਦੇ ਹਨ। ਕੋਈ ਮੈਟਰ ਸਿਲੈਕਸ਼ਨ ਦੀ ਜ਼ਿੰਮੇਵਾਰੀ ਨਹੀਂ, ਕੋਈ ਕੰਪੋਜ਼ੀਸ਼ਨ ਦਾ ਫ਼ਿਕਰ ਨਹੀਂ, ਕੋਈ ਡਬਿੰਗ ਦਾ ਖਿਆਲ ਨਹੀਂ, ਕੋਈ ਮਿਕਸਿੰਗ ਦੀ ਚਿੰਤਾ ਨਹੀਂ। ਸਭ ਕੁਝ ਰੈਡੀਮੇਡ ਤਿਆਰ ਕਰਕੇ ਮੰਡੀ ਵਿੱਚ ਭੇਜ ਰਹੇ ਹਨ। ਧਰਮ-ਈਮਾਨ ਸਿਰਫ਼ ਪੈਸਾ ਹੈ। ਅਜਿਹੇ ਗੀਤਾਂ ਵਿੱਚੋਂ ਮਹਿਕ ਜਾਂ ਸਕੂਨ ਕਿਸ ਤਰ੍ਹਾਂ ਮਿਲ ਸਕਦਾ ਹੈ ਜਾਂ ਅਜਿਹੇ ਗੀਤ ਯਾਦਗਾਰੀ ਕਿਵੇਂ ਬਣ ਸਕਦੇ ਹਨ।
? ਪੰਜਾਬੀ ਸੰਗੀਤ ਵਿੱਚ ਪਾਏ ਨਿੱਗਰ ਯੋਗਦਾਨ ਸਦਕਾ ਕਦੇ ਕਿਸੇ ਪੰਜਾਬ ਸਰਕਾਰ ਨੇ ਆਪ ਨੂੰ ਸਨਮਾਨਤ ਕੀਤਾ।
-ਕਿਸੇ ਸੰਗੀਤਕਾਰ ਨੂੰ ਸਨਮਾਨਤ ਕਰਕੇ ਸਰਕਾਰਾਂ ਨੂੰ ਕੀ ਮਿਲੇਗਾ। ਉਂਜ ਵੀ ਉਨ੍ਹਾਂ ਲੋਕਾਂ ਕੋਲ ਅਜਿਹੇ ਵਾਧੂ ਕੰਮਾਂ ਲਈ ਸਮਾਂ ਕਿੱਥੇ ਹੈ। ਮੈਨੂੰ ਆਪਣੇ ਸਰੋਤਿਆਂ ਦੇ ਸਨਮਾਨ ਤੋਂ ਤਸੱਲੀ ਹੈ, ਜਿਨ੍ਹਾਂ ਦੀਆਂ ਦੁਆਵਾਂ ਨੇ ਮੈਨੂੰ ਇੱਕ ਵੱਡੀ ਬੀਮਾਰੀ ਤੋਂ ਬਚਾ ਲਿਆ ਹੈ।
? ਪੰਜਾਬੀ ਸੰਗੀਤ ਖੇਤਰ ਵਿੱਚ ਇਸ ਮੁਕਾਮ ‘ਤੇ ਪਹੁੰਚਣ ਲਈ ਕਿਸ-ਕਿਸ ਦਾ ਸਾਥ ਰਿਹਾ।
-ਸਭ ਤੋਂ ਪਹਿਲਾਂ ਰੱਬ ਦਾ, ਫਿਰ ਮਾਪਿਆਂ ਦਾ ਤੇ ਉਸ ਤੋਂ ਬਾਅਦ ਉਸਤਾਦ ਜੀ ਦਾ, ਫਿਰ ਪਰਿਵਾਰ ਦਾ ਕਿਉਂਕਿ ਰਿਕਾਰਡਿੰਗ ਸਮੇਂ ਮੇਰਾ ਬਿਸਤਰਾ ਸਟੂਡੀਓ ਵਿੱਚ ਹੀ ਹੁੰਦਾ ਹੈ। ਉਨ੍ਹਾਂ ਨੇ ਮੈਨੂੰ ਘਰੇਲੂ ਜ਼ਿੰਮੇਵਾਰੀਆਂ ਤੋਂ ਫਾਰਗ ਰੱਖਿਆ ਤਾਂ ਹੀ ਮੈਂ ਸੰਗੀਤ ਵੱਲ ਪੂਰੀ ਤਵੱਜੋ ਦੇ ਸਕਿਆ। ਫਿਰ ਉਨ੍ਹਾਂ ਤਮਾਮ ਕਾਬਲ ਸਾਜ਼ਿੰਦਿਆਂ ਦਾ, ਜਿਨ੍ਹਾਂ ਨੇ ਵੱਖ-ਵੱਖ ਸਾਜ਼ਾਂ ਦੇ ਮਾਧਿਅਮ ਨਾਲ ਮੇਰੇ ਸੰਗੀਤ ਨੂੰ ਚਾਰ ਚੰਨ ਲਾਏ।
? ਤੁਹਾਡਾ ਬੇਟਾ ਸਚਿਨ ਅਹੂਜਾ ਨੌਜਵਾਨ ਪੀੜ੍ਹੀ ਦਾ ਸੰਗੀਤਕਾਰ ਹੈ, ਉਸ ਬਾਰੇ ਤੁਹਾਡਾ ਕੀ ਖਿਆਲ ਹੈ।
-ਮੈਂ ਹਮੇਸ਼ਾਂ ਸਚਿਨ ਨੂੰ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੱਤੀ ਹੈ। ਕੰਮਚੋਰ ਸੰਗੀਤਕਾਰ ਨੂੰ ਗੀਤਾਂ ਦੀਆਂ ਬਦ-ਦੁਆਵਾਂ ਲੱਗਦੀਆਂ ਹਨ। ਹਰ ਗੀਤ ਨੂੰ ਸ਼ੌਕ ਅਤੇ ਚੁਣੌਤੀ ਵਜੋਂ ਤਿਆਰ ਕਰਨਾ ਚਾਹੀਦਾ ਹੈ।
? ਕੋਈ ਹੋਰ ਦਿਲ ਦੀ ਗੱਲ।
-ਮੈਂ ਦੁਆ ਕਰਦਾ ਹਾਂ ਕਿ ਪੰਜਾਬ ਦੀਆਂ ਹਵਾਵਾਂ ਵਿੱਚ ਹਮੇਸ਼ਾਂ ਨਰੋਆ ਅਤੇ ਸਿਹਤਮੰਦ ਸੰਗੀਤ ਰਸ ਘੋਲ਼ਦਾ ਰਹੇ।
-ਬਚਨ ਬੇਦਿਲ ਬਡਰੁੱਖਾਂ
ਸੰਪਰਕ: 98186-75449

ਪੁਰਾਤਨ ਵਿਰਸੇ ਨੂੰ ਸੰਭਾਲੀ ਬੈਠਾ ਪਰਮਿੰਦਰ ਸਿੰਘ




ਅਜੋਕੇ ਦੌਰ ਵਿੱਚ ਜਦੋਂ ਹਰ ਵਿਅਕਤੀ ਨਵੀਂ ਕੋਠੀ , ਨਵੀਂ ਕਾਰ ਤੇ ਹੋਰ ਘਰੇਲੂ ਵਸਤੂਆਂ ਚਾਹੁੰਦਾ ਹੈ, ਉੱਥੇ ਸਾਡੇ ਪੁਰਾਤਨ ਵਿਰਸੇ ਦਾ ਮਾਣਮੱਤਾ ਇਤਿਹਾਸ ਅਤੇ ਉਹ ਵਸਤੂਆਂ ਜਿਹੜੀਆਂ ਘਰਾਂ ਵਿੱਚੋਂ ਗਾਇਬ ਹੋ ਗਈਆਂ ਹਨ, ਉਨ੍ਹਾਂ ਨੂੰ ਪਰਮਿੰਦਰ ਸਿੰਘ ਵਾਸੀ ਅਹਿਮਦਗੜ੍ਹ ਸੰਭਾਲੀ ਬੈਠਾ ਹੈ ਤੇ ਉਹ ਵੱਖ-ਵੱਖ ਮੇਲਿਆਂ ਤੇ ਸੈਮੀਨਾਰਾਂ ਵਿੱਚ ਜਾ ਕੇ ਇਸ ਦੀ ਪ੍ਰਦਰਸ਼ਨੀ ਲਾਉਂਦਾ ਹੈ ਤਾਂ ਵੇਖਣ ਵਾਲੇ ਹੈਰਾਨ ਹੋ ਜਾਂਦੇ ਹਨ ਤੇ ਪ੍ਰਦਰਸ਼ਨੀ ਵਿੱਚ ਪਈਆਂ ਵਸਤੂਆਂ ਨੂੰ ਰੀਝ ਤੇ ਨੀਝ ਨਾਲ ਵੇਖਦੇ ਹਨ। ਉਸ ਕੋਲ ਪੁਰਾਤਨ ਰੋਪੜੀ ਜਿੰਦਾ, ਨਿਉਲਾ ਜਿੰਦਾ, ਸਿੱਕਿਆਂ ਵਿੱਚ ਟੀਪੂ ਸੁਲਤਾਨ ਦਾ ਸਿੱਕਾ, ਬਲਬਨ ਬਾਦਸ਼ਾਹ ਦਾ ਸਿੱਕਾ (ਜਿਹੜਾ ਗਿਆਰਵੀਂ ਬਾਹਰਵੀਂ ਸਦੀ ਵਿੱਚ ਹੋਇਆ ਹੈ), ਮੁਗ਼ਲ ਰਾਜ ਦੇ ਸਿੱਕੇ, ਸ਼ਾਹ ਜਹਾਨ ਦੀ ਮੋਹਰ, ਮੁਗ਼ਲ ਸਲਤਨਤ ਵੇਲੇ ਦੇ ਜਹਾਂਗੀਰ ਦੇ ਦੌਰ ਦੇ ਸਿੱਕੇ ਤੇ ਈਸਟ ਇੰਡੀਆ ਕੰਪਨੀ ਦੇ ਉਹ ਸਿੱਕੇ ਹਨ ਜਿਹੜੇ ਅਜਾਇਬ ਘਰਾਂ ਵਿੱਚ ਤਾਂ ਵੇਖਣ ਨੂੰ ਮਿਲਦੇ ਹਨ ਪਰ ਕਿਸੇ ਪੇਂਡੂ ਬੰਦੇ ਕੋਲ ਨਹੀਂ ਹਨ। ਇਸੇ ਤਰ੍ਹਾਂ ਪੁਰਾਣੀਆਂ ਕੌਲੀਆਂ, ਡੋਲੂ, ਥਾਲ, ਗਿਲਾਸ, ਛੰਨੇ, ਗੜਵੀ, ਕਰਦ, ਪੱਖੀਆਂ, ਸੰਦੂਕ, ਚਰਖਾ, ਚੱਕੀ, ਬਿਗੜ ਵੱਢਣ ਵਾਲਾ ਦਾਤਰ, ਊਠ ਦੀ ਕਾਠੀ, ਛੋਟਾ ਗੰਡਾਸਾ, ਫਰਨਾਹੀ, ਬਾਂਸ ਦੀ ਨਾਲ਼, ਘੜਵੰਜੀ, ਨਾਨਕਸ਼ਾਹੀ ਇੱਟਾਂ ਤੋਂ ਇਲਾਵਾ ਵੱਖ-ਵੱਖ ਸਮਿਆਂ ਦੇ ਪੁਰਾਤਨ ਸਿੱਕੇ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਿੱਤੇ ਵਜੋਂ ਲੱਕੜੀ ਦਾ ਮਿਸਤਰੀ ਹੈ ਪਰ ਉਸ ਨੂੰ ਇਹ ਸ਼ੌਕ ਉਸ ਦੇ ਦਾਦਾ ਜੀ ਸ੍ਰੀ ਸ਼ਿਆਮ ਸਿੰਘ ਤੋਂ ਪਿਆ, ਉਹ ਵੀ ਪੁਰਾਣੀਆਂ ਚੀਜ਼ਾਂ ਸੰਭਾਲਣ ਵਿੱਚ ਸਦਾ ਸੁਹਿਰਦ ਰਹਿੰਦੇ ਸਨ ਤੇ ਹੁਣ ਜਦੋਂ ਉਹ ਇਨ੍ਹਾਂ ਸਿੱਕਿਆਂ ਅਤੇ ਪੁਰਾਤਨ ਵਸਤੂਆਂ ਦੀ ਪ੍ਰਦਰਸ਼ਨੀ ਲਾਉਂਦਾ ਹੈ ਤੇ ਲੋਕ ਬੜੀ ਦਿਲਚਸਪੀ ਦੇ ਨਾਲ ਇਨ੍ਹਾਂ ਵਸਤੂਆਂ ਨੂੰ ਵੇਖਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਤਾਂ ਇਨ੍ਹਾਂ ਵਸਤੂਆਂ ਦਾ ਪਤਾ ਹੀ ਨਹੀਂ। ਉਨ੍ਹਾਂ ਨੂੰ ਨਾਂ ਤਾਂ ਇਨ੍ਹਾਂ ਦੇ ਕਿੱਥੋਂ ਯਾਦ ਹੋਣੇ ਨੇ। ਉਹ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਹਿੱਤ ਹੁਣ ਤਕ ਬਹੁਤ ਸਾਰੇ ਕੈਂਪ ਲਾ ਚੁੱਕਾ ਹੈ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਸੁਸਾਇਟੀ ਬਣਾਈ ਹੋਈ ਹੈ। ਉਨ੍ਹਾਂ ਦਾ ਮੰਤਵ ਦਸਤਾਰ ਬਚਾਓ, ਸਿੱਖੀ ਬਚਾਓ, ਪੰਜਾਬੀ ਬਚਾਓ, ਪੰਜਾਬ ਬਚਾਓ ਹੈ। ਪਰਮਿੰਦਰ ਸਿੰਘ ਦਾ ਆਪਣੇ ਵਿਰਸੇ ਅਤੇ ਪੁਰਾਤਨ ਵਸਤੂਆਂ ਨੂੰ ਸੰਭਾਲਣ ਦਾ ਇਹ ਸ਼ੌਕ ਹੁਣ ਉਸ ਦਾ ਫ਼ਰਜ਼ ਬਣ ਗਿਆ ਹੈ ਤੇ ਉਹ ਇਸ ਦੌਰ ਵਿੱਚ ਆਪਣੇ ਵਿਰਸੇ ਨੂੰ ਸੰਭਾਲ ਕੇ ਹੀ ਨਹੀਂ ਰੱਖ ਰਿਹਾ ਬਲਕਿ ਨੌਜਵਾਨ ਪੀੜ੍ਹੀ ਲਈ ਇੱਕ ਮਾਰਗ ਦਰਸ਼ਕ ਵੀ ਹੈ। J
P


ਬੁੱਧ ਸਿੰਘ ਨੀਲੋਂ
ਸੰਪਰਕ: 94643-7082

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ,ਪੰਜਾਬੀ ਸੰਗੀਤ ਦੀ ਸੰਭਾਲ ਵਿੱਚ ਜੁਟਿਆ ਗੁਰਮੀਤ ਮਲੋਆ



ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਜਿਸ ਨੂੰ ਪੂਰਾ ਕਰਨ ਲਈ ਵਿਅਕਤੀ ਆਪਣੇ ਵਿੱਤ ਤੋਂ ਵੱਧ ਉਪਰਾਲੇ ਕਰਦਾ ਹੈ। ਕਈਆਂ ਦੇ ਸ਼ੌਕ ਵਿਅਕਤੀਗਤ ਹੁੰਦੇ ਹਨ ਪਰ ਕਈਆਂ ਦੇ ਸ਼ੌਕ ਨਿੱਜੀ ਹੁੰਦੇ ਹੋਏ ਵੀ ਸਮੂਹਿਕ ਹੋ ਨਿੱਬੜਦੇ ਹਨ। ਉਹ ਆਪਣੇ ਮਨ ਦੀ ਖ਼ੁਸ਼ੀ ਪੂਰੀ ਕਰਨ ਦੇ ਨਾਲ-ਨਾਲ ਅਚੇਤ ਜਾਂ ਸੁਚੇਤ ਆਪਣੇ ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਵਿਰਸੇ ਦੀ ਸੰਭਾਲ ਵੀ ਕਰ ਜਾਂਦੇ ਹਨ। ਅਜਿਹਾ ਹੀ ਇੱਕ ਸ਼ਖ਼ਸ ਹੈ ਗੁਰਮੀਤ ਸਿੰਘ ਮਲੋਆ, ਜੋ ਆਪਣੇ ਸ਼ੌਕ ਦੀ ਪੂਰਤੀ ਹਿੱਤ ਪੰਜਾਬੀ ਸੰਗੀਤ ਦਾ ਖ਼ਜ਼ਾਨਾ ਇਕੱਠਾ ਕਰ ਰਿਹਾ ਹੈ, ਜਿਸ ਨਾਲ ਅਚੇਤ ਹੀ ਉਸ ਵੱਲੋਂ ਸੰਗੀਤਕ ਵਿਰਸੇ ਦੀ ਸੰਭਾਲ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਪੁਰਾਣੇ ਦੀ ਥਾਂ ਨਵਾਂ ਲੈਂਦਾ ਰਹਿੰਦਾ ਹੈ। ਵਿਗਿਆਨਕ ਤਰੱਕੀ ਨਾਲ ਜਿੱਥੇ ਸਾਨੂੰ ਨਵੀਆਂ ਸੁੱਖ-ਸਹੂਲਤਾਂ ਮਿਲਦੀਆਂ ਹਨ, ੳੱੁਥੇ ਬਹੁਤ ਸਾਰੀਆਂ ਪੁਰਾਤਨ ਵਿਰਾਸਤੀ ਵਸਤਾਂ ਸਾਥੋਂ ਖੁਸ ਵੀ ਜਾਂਦੀਆਂ ਹਨ। ਸੈਂਕੜੇ ਸਾਲ ਪੁਰਾਣੀ ਸੰਗੀਤ ਦੀ ਪਰੰਪਰਾ ਜੋ ਸੀਨਾ-ਬ-ਸੀਨਾ ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹੀ ਹੈ, ਨੂੰ ਨੌਂ ਕੁ ਦਹਾਕੇ ਪਹਿਲਾਂ ਗ੍ਰਾਮੋਫੋਨ ਦੇ ਤਵਿਆਂ ਵਿੱਚ ਰਿਕਾਰਡ ਹੋ ਕੇ ਅਮਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸੰਗੀਤ ਦੇ ਤਵੇ ਰਿਕਾਰਡ ਹੋਏ। ਵੀਹਵੀਂ ਸਦੀ ਦੇ ਨੌਵੇਂ ਦਹਾਕੇ ਤਕ ਸੰਗੀਤ ਦੇ ਨਵੇਂ ਬਿਜਲਈ ਯੰਤਰਾਂ ਦੇ ਆਉਣ ਨਾਲ ਇਨ੍ਹਾਂ ਦਾ ਪ੍ਰਚਲਣ ਘਟ ਗਿਆ ਤੇ ਇਹ ਹੌਲੀ-ਹੌਲੀ ਲੋਪ ਹੋ ਗਏ। ਇਸ ਲੁਪਤ ਖ਼ਜ਼ਾਨੇ ਨੂੰ ਇਕੱਤਰ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਗੁਰਮੀਤ ਸਿੰਘ ਮਲੋਆ ਨੇ।
ਚੰਡੀਗੜ੍ਹ ਨੇੜਲੇ ਪਿੰਡ ਮਲੋਆ ਵਿਖੇ ਪਿਤਾ ਮਰਹੂਮ ਪ੍ਰੇਮ ਸਿੰਘ ਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਦੇ ਘਰ 15 ਮਾਰਚ, 1970 ਨੂੰ ਰਾਮਗੜ੍ਹੀਆ ਪਰਿਵਾਰ ਵਿੱਚ ਜਨਮੇ ਗੁਰਮੀਤ ਸਿੰਘ ਨੇ ਕੇਵਲ ਛੇਵੀਂ ਜਮਾਤ ਤਕ ਹੀ ਸਕੂਲੀ ਪੜ੍ਹਾਈ ਕੀਤੀ ਤੇ ਆਪਣੇ ਪਿਤਾ-ਪੁਰਖੀ ਕੰਮ ਵਿੱਚ ਪੈ ਗਿਆ। 1991-92 ਵਿੱਚ ਗੁਰਮੀਤ ਆਪਣੇ ਪਿਤਾ ਨਾਲ ਸਹਾਰਨਪੁਰ ਕੰਮ ਕਰਨ ਗਿਆ। ਉਸ ਘਰ ਵਿੱਚ ਤਵਿਆਂ ਵਾਲੀ ਮਸ਼ੀਨ ਸੀ। ਉਸ ਨੂੰ ਸੁਣ ਕੇ ਗੁਰਮੀਤ ਨੂੰ ਤਵੇ ਸੁਣਨ ਦਾ ਸ਼ੌਕ ਪੈ ਗਿਆ। ਉਹ ਉੱਥੋਂ ਪਿੰਡ ਵਾਪਸ ਆਉਣ ਸਮੇਂ ਇੱਕ ਮਸ਼ੀਨ ਤੇ ਕੁਝ ਤਵੇ ਖਰੀਦ ਲਿਆਇਆ। ਹੌਲੀ-ਹੌਲੀ ਉਸ ਦਾ ਇਹ ਸ਼ੌਕ ਵਧਦਾ ਗਿਆ ਤੇ ਜਨੂੰਨ ਦੀ ਹੱਦ ਤਕ ਪਹੁੰਚ ਗਿਆ। ਜਿੱਥੇ ਵੀ ਉਸ ਨੂੰ ਪੁਰਾਣੇ ਤਵਿਆਂ ਦਾ ਪਤਾ ਲੱਗਦਾ, ਉਹ ਪਹੁੰਚਦਾ ਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ। ਕਈ ਥਾਵਾਂ ਤੋਂ ਇਹ ਸਹਿਜੇ ਹੀ ਮਿਲ ਜਾਂਦੇ ਪਰ ਕਈ ਥਾਵਾਂ ਤੋਂ ਕਾਫ਼ੀ ਉਚੇਚ ਨਾਲ ਤੇ ਮਹਿੰਗੇ ਮਿਲਦੇ। ਪੁਰਾਣੀਆਂ ਗ੍ਰਾਮੋਫੋਨ ਮਸ਼ੀਨਾਂ ਤੋਂ ਲੈ ਕੇ ਬਿਜਲੀ ਨਾਲ ਚੱਲਣ ਵਾਲੀਆਂ ਕਈ ਮਸ਼ੀਨਾਂ ਵੀ ਉਸ ਨੇ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਕੀਤੀਆਂ।
ਹੁਣ ਉਸ ਦੇ ਭੰਡਾਰ ਵਿੱਚ ਅਨੇਕਾਂ ਪੱਥਰ (ਲਾਖ) ਦੇ ਤਵਿਆਂ ਦੇ ਨਾਲ- ਨਾਲ ਪਲਾਸਟਿਕ (ਫਾਈਬਰ) ਦੇ ਏ.ਪੀ., ਐਲ.ਪੀ. ਤਵੇ ਹਨ। ਇਨ੍ਹਾਂ ਵਿੱਚ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ.ਐਮ.ਵੀ. ਤੋਂ ਇਲਾਵਾ ਕੋਲੰਬੀਆ, ਰੀਗਲ, ਯੰਗ ਇੰਡੀਆ, ਦੀ ਟਵਿਨ, ਹਿੰਦੁਸਤਾਨ ਰਿਕਾਰਡਜ਼, ਕੋਹਿਨੂਰ ਰਿਕਾਰਡਜ਼, ਪਾਲੀਡੋਰ, ਜੀਨੋਫੋਨ ਆਦਿ ਕੰਪਨੀਆਂ ਦੇ ਤਵੇ ਸ਼ਾਮਲ ਹਨ। ਇਹ ਤਵੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਲੈ ਕੇ ਦੇਸ਼ ਵੰਡ ਤਕ ਸਾਂਝੇ ਪੰਜਾਬ ਦੇ ਗਾਇਕਾਂ ਦੀ ਗਾਇਕੀ ਦੇ ਰਿਕਾਰਡ ਹਨ, ਜਿਨ੍ਹਾਂ ਵਿੱਚ ਲੋਕ ਢਾਡੀ, ਤੂੰਬੇ ਅਲਗੋਜ਼ੇ ਵਾਲੇ ਗਵੰਤਰੀ, ਕੱਵਾਲ ਤੇ ਦੂਜੇ ਗਾਇਕ ਸ਼ਾਮਲ ਹਨ। ਲੋਕ ਢਾਡੀਆਂ ਵਿੱਚ ਦੀਦਾਰ ਸਿੰਘ ਰਟੈਂਡਾ, ਨਿਰੰਜਣ ਸਿੰਘ, ਅਮਰ ਸਿੰਘ ਸ਼ੌਂਕੀ, ਭੂਰਾ ਸਿੰਘ, ਨਾਜ਼ਰ ਸਿੰਘ, ਮੋਹਣ ਸਿੰਘ, ਪਾਲ ਸੰਘ ਪੰਛੀ, ਦਿਲਾਵਰ ਸਿੰਘ, ਗੰਗਾ ਸਿੰਘ ਦੀ ਢੇਰਾਂ ਰਿਕਾਰਡਿੰਗ ਹੈ। ਤੂੰਬੇ ਅਲਗੋਜ਼ੇ ਵਾਲੇ ਗਾਇਕਾਂ ਸਦੀਕ ਮੁਹੰਮਦ, ਫ਼ਜ਼ਲ ਮੁਹੰਮਦ, ਨਵਾਬ ਘੁਮਾਰ, ਮੁਹੰਮਦ ਆਲਮ ਲੁਹਾਰ ਦੇ ਤਵੇ ਹਨ। ਦੂਜੇ ਗਾਇਕਾਂ ਵਿੱਚ ਮਿਸ ਦੁਲਾਰੀ, ਮਿਸ ਬਾਲੀ, ਤਮਾਚਾ ਜਾਨ, ਰੂਪ ਕੁਮਾਰੀ, ਨਸੀਮ ਬਾਨੋ ਆਦਿ ਅਣਗਿਣਤ ਕਲਾਕਾਰ ਸ਼ਾਮਲ ਹਨ। ਇਨ੍ਹਾਂ ਵਿੱਚ ਉਹ ਤਵੇ ਸ਼ਾਮਲ ਹਨ ਜੋ ਬਹੁਤ ਘੱਟ ਮਿਲਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਹੋਈ ਰਿਕਾਰਡਿੰਗ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਮਹਿੰਦਰ ਕੌਰ, ਜਗਜੀਤ ਕੌਰ, ਯਮਲਾ ਜੱਟ, ਸ਼ਾਦੀ ਬਖਸ਼ੀ, ਚਾਂਦੀ ਰਾਮ ਸ਼ਾਂਤੀ ਦੇਵੀ, ਹਰਚਰਨ ਗਰੇਵਾਲ, ਹਜ਼ਾਰਾ ਸਿੰਘ ਰਮਤਾ, ਦਲੀਪ ਸਿੰਘ ਦੀਪ, ਜਗਤ ਸਿੰਘ ਜੱਗਾ, ਕਰਮਜੀਤ ਧੂਰੀ, ਮੁਹੰਮਦ ਸਦੀਕ, ਨਰਿੰਦਰ ਬੀਬਾ, ਸਵਰਨ ਲਤਾ, ਮੋਹਣੀ ਨਰੂਲਾ  ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਦੇ ਤਵੇ ਗੁਰਮੀਤ ਸਿੰਘ ਕੋਲ ਮੌਜੂਦ ਹਨ।
ਦਿਹਾੜੀ-ਦੱਪਾ ਕਰਦਾ ਹੋਇਆ ਉਹ ਬੜੀ ਲਗਨ ਨਾਲ ਆਪਣੇ ਕੰਮ ਵਿੱਚ ਜੁਟਿਆ ਹੋਇਆ ਹੈ। ਪੁਰਾਣੇ ਸੰਗੀਤ ਦੇ ਸ਼ੌਕੀਨ ਤੇ ਚਾਹਵਾਨ ਬੰਦੇ ਉਸ ਕੋਲ ਅਕਸਰ ਆਉਂਦੇ ਰਹਿੰਦੇ ਹਨ। ਉਹ ਹਰੇਕ ਨੂੰ ਖਿੜੇ ਮੱਥੇ ਮਿਲਦਾ ਹੈ ਤੇ ਹਰੇਕ ਦੀ ਫਰਮਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਰ-ਦੁਰਾਡੇ ਬੈਠੇ ਤੇ ਵਿਦੇਸ਼ੀਂ ਵਸਦੇ ਬਹੁਤ ਸਾਰੇ ਪੰਜਾਬੀ ਉਸ ਤੋਂ ਮੋਬਾਈਲ 98151-21475 ‘ਤੇ ਵੀ ਗੀਤ ਸੁਣ ਕੇ ਆਪਣਾ ਝੱਸ ਪੂਰਾ ਕਰ ਲੈਂਦੇ ਹਨ। ਪਰਮਾਤਮਾ ਉਸ ਨੂੰ ਤੰਦਰੁਸਤੀ ਬਖ਼ਸ਼ੇ ਤਾਂ ਕਿ ਉਹ ਆਪਣੇ ਸੰਗੀਤਕ ਭੰਡਾਰ ਨੂੰ ਪ੍ਰਫੁਲਤ ਕਰਦਾ ਰਹੇ।
-ਹਰਦਿਆਲ ਥੂਹੀ

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ,,ਸਦੀਆਂ ਪੁਰਾਣੇ ਗੀਤਾਂ ਨੂੰ ਸਾਂਭੀ ਬੈਠਾ ਜਸਪਾਲ



ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕਈ ਲੋਕ ਤਾਂ ਆਪਣੇ ਸ਼ੌਕ ਦੀ ਪੂਰਤੀ ਲਈ ‘ਘਰ ਫੂਕ ਤਮਾਸ਼ਾ ਵੇਖਣ’ ਵਾਲੀ ਗੱਲ ਵੀ ਕਰਦੇ ਹਨ ਪਰ ਅਜਿਹੇ ਮਿਹਨਤੀ-ਸਿਰੜੀ ਲੋਕਾਂ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਅਜਿਹੇ ਹੀ ਲੋਕਾਂ ’ਚੋਂ ਇੱਕ ਨਾਂ ਹੈ ਜਸਪਾਲ ਸਿੰਘ ਜੋ ਘਰੇਲੂ ਤੰਗੀਆਂ-ਤੁਰਸ਼ੀਆਂ ਦਾ ਮੁਕਾਬਲਾ ਕਰਦਾ ਹੋਇਆ ਵੀ ਆਪਣੇ ‘ਪੁਰਾਤਨ ਸੰਗੀਤ ਸੰਭਾਲ’ ਵਾਲੇ ਸ਼ੌਕ ਨੂੰ ਤਨ-ਮਨ-ਧਨ ਨਾਲ ਨਿਭਾਅ ਰਿਹਾ ਹੈ।
ਅਸੀਂ ਵੇਖਦੇ ਹਾਂ ਕਿ ਜਿਹੜਾ ਕੰਮ ਸਰਕਾਰਾਂ ਜਾਂ ਵਿਰਾਸਤੀ ਸੰਭਾਲ ਜਥੇਬੰਦੀਆਂ ਨੇ ਕਰਨਾ ਹੁੰਦਾ ਹੈ, ਉਹ ਆਮ ਵਿਅਕਤੀ ਹੀ ਕਰ ਜਾਂਦੇ ਹਨ ਜਦੋਂਕਿ ਸਰਕਾਰਾਂ ਅਜਿਹੇ ਕੰਮਾਂ ਬਾਰੇ ਵਿਸਥਾਰ ਰਿਪੋਰਟਾਂ ਬਣਾਉਣ ਤਕ ਹੀ ਰਹਿ ਜਾਂਦੀ ਹੈ। ਬੇਸ਼ੱਕ ਅੱਜ ਸੀਡੀ, ਪੈੱਨਡਰਾਈਵ, ਐਲਬਮ ਸੰਗੀਤ ਦਾ ਜ਼ਮਾਨਾ ਹੈ ਪਰ ਕਦੇ ਸੰਗੀਤਕ ਮਨੋਰੰਜਨ ਦਾ ਸਾਧਨ ਐਚ.ਐਮ.ਵੀ. ਤਵੇ ਤੇ ਮਸ਼ੀਨਾਂ ਵੀ ਹੋਇਆ ਕਰਦੀਆਂ ਸਨ। ਵਿਆਹ ਵਾਲੇ ਘਰ ਕਈ-ਕਈ ਦਿਨ ਪਹਿਲਾਂ ਹੀ ਸਪੀਕਰ ਵਾਲਾ ਆਪਣਾ ਸੰਦੂਕ ਤੇ ਹੋਰ ਸਾਧਨ ਲੈ ਪੁੱਜ ਜਾਂਦਾ ਸੀ ਤੇ ‘ਸਤਿਗੁਰੂ ਨਾਨਕ ਤੇਰੀ ਲੀਲਾ…’ ਨਾਲ ਪੂਰੇ ਪਿੰਡ ਨੂੰ ਧਾਰਮਿਕ, ਲੋਕ ਗਥਾਵਾਂ ਤੇ ਦੋਗਾਣਿਆਂ ਆਦਿ ਨਾਲ ਸੰਗੀਤਕ ਮਾਹੌਲ ਦਿੰਦਾ ਸੀ।
ਪਰ ਹੁਣ ਵਿਆਹ-ਜੰਝਾਂ ਵਿੱਚ ਆਰਕੈਸਟਰਾ ਦਾ ਨਾਚ ਹੁੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ’ਚੋਂ ਬਹੁਤਿਆਂ ਨੇ ਤਾਂ ਇਹ ਗਰਾਮੋਫੋਨ ਮਸ਼ੀਨਾਂ ਤੇ ਰਿਕਾਰਡ ਵੇਖੇ ਵੀ ਨਹੀਂ ਹੋਣੇ। ਰਾਜਪੁਰੇ ਨੇੜਲੇ ਪਿੰਡ ਕੁੱਥਾ ਖੇੜੀ ਦੇ ਜਸਪਾਲ ਸਿੰਘ ਨੇ ਇਹ ਸੰਗੀਤ ਵਿਰਾਸਤ ਸਾਂਭ ਕੇ ਰੱਖੀ ਹੈ। ਉਸ ਕੋਲ 4000 ਤੋਂ ਵੱਧ ਹਿੰਦੀ, ਪੰਜਾਬੀ, ਧਾਰਮਿਕ ਤੇ ਪਾਕਿਸਤਾਨੀ ਰਿਕਾਰਡਾਂ ਦੇ ਤਵੇ ਪਏ ਹਨ। ਜਸਪਾਲ ਸਿੰਘ ਲੱਕੜ ਦਾ ਕਾਰੀਗਰ ਹੈ ਤੇ ਮਹਾਂਵੀਰ ਮਕੈਨੀਕਲ ਰਾਜਪੁਰਾ ਵਿਖੇ ਠੇਕੇਦਾਰ ਕੋਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਅੱਠਵੀਂ ਜਮਾਤ ’ਚ ਪੜ੍ਹਦੇ ਹੀ ਉਸ ਨੂੰ ਇਹ ਸ਼ੌਕ ਪਿਆ। ਉਸ ਨੇ ਨੇੜੇ-ਤੇੜੇ ਦੇ ਪਿੰਡਾਂ ’ਚੋਂ ਤਵੇ ਅਤੇ ਮਸ਼ੀਨਾਂ ਦੇ ਵੱਖ-ਵੱਖ ਮਾਡਲ ਪ੍ਰਾਪਤ ਕੀਤੇ। ਉਸ ਕੋਲ ਸਾਂਭੇ ਰਿਕਾਰਡਾਂ ਵਿੱਚ ਉੱਘੇ ਢਾਡੀ ਬਿੱਕਰ ਸਿੰਘ ਪ੍ਰਦੇਸੀ, ਉਦੈ ਸਿੰਘ ਐਂਡ ਪਾਰਟੀ, ਮੋਹਨ ਸਿੰਘ ਸ਼ੌਕੀ, ਨਾਜ਼ਰ ਸਿੰਘ, ਦੀਦਾਰ ਸਿੰਘ ਰਟੈਂਡਾਂ, ਦਿਲਬਾਗ ਸਿੰਘ ਮਾਂਗਟ, ਭਾਈ ਗੋਪਾਲ ਸਿੰਘ ਰਾਗੀ, ਤਰਲੋਚਨ ਸਿੰਘ ਰਾਗੀ ਅਤੇ ਸੰਤਾ ਸਿੰਘ ਦੁਆਰਾ ਰਿਕਾਰਡ ਸ਼ਬਦਾਂ ਵਾਲੇ ਤਵੇ ਵੀ ਸ਼ਾਮਲ ਹਨ।
ਜਸਪਾਲ ਸਿੰਘ ਕੋਲ ਪੱਥਰ ਵਾਲੇ ਤਵੇ, ਪਲਾਸਟਿਕ ਅਤੇ ਲਾਖ ਵਾਲੇ ਤਵੇ ਵੀ ਹਨ। ਇਨ੍ਹਾਂ ਵਿੱਚ ਪਾਕਿਸਤਾਨੀ ਗਾਇਕਾ ਨੂਰਜਹਾਂ, ਰੇਸ਼ਮਾ, ਸ਼ਮਸ਼ਾਦ ਬੇਗਮ, ਜੁਬੈਦਾ ਖ਼ਾਨ, ਸ਼ੌਕਤ ਅਲੀ ਦੇ ਰਿਕਾਰਡ ਗੀਤਾਂ ਦੇ ਤਵੇ ਸ਼ਾਮਲ ਹਨ। ਪੰਜਾਬ ਦੇ ਸਾਰੇ ਹੀ ਨਾਮਵਰ ਗਾਇਕਾਂ, ਗ਼ਜ਼ਲ ਗਾਇਕਾਂ ਗੁਲਾਮ ਅਲੀ, ਜਗਜੀਤ ਸਿੰਘ ਦੇ ਰਿਕਾਰਡ, ਢਾਡੀ ਵਾਰਾਂ, ਕਵੀਸ਼ਰੀ ਆਦਿ ਦੇ ਈ.ਪੀ. ਅਤੇ ਐੱਲ.ਪੀ. ਸੁਪਰ ਸੈਵਨ ਤਵੇ ਹਨ।  ਇਨ੍ਹਾਂ ਤਵਿਆਂ ਤੋਂ ਇਲਾਵਾ ਇੱਕ 40 ਸਾਲ ਪੁਰਾਣਾ ਐਂਪਲੀਫਾਇਰ ਵੀ ਉਸ ਨੇ ਸਾਂਭਿਆ ਹੋਇਆ ਹੈ। ਉਸ ਕੋਲ ਇੰਗਲੈਂਡ ਦੀਆਂ ਬਣੀਆਂ ਦੋ ਗਰਾਮੋਫੋਨ ਮਸ਼ੀਨਾਂ ਵੀ ਪਈਆਂ ਹਨ।
ਜਸਪਾਲ ਸਿੰਘ ਦਾ ਇੱਕ ਉਪਰਾਲਾ ਹੋਰ ਹੈ ਕਿ ਪੰਜਾਬ ਦੇ ਮਰਹੂਮ ਗਾਇਕਾਂ ਅਮਰ ਸਿੰਘ ਚਮਕੀਲਾ, ਦੀਦਾਰ ਸੰਧੂ, ਨਰਿੰਦਰ ਬੀਬਾ ਦੇ ਸਾਲਾਨਾ ਬਰਸੀ ਸਮਾਗਮਾਂ ’ਤੇ ਉਹ ਆਪਣੀ ਸੰਗੀਤ ਲਾਇਬਰੇਰੀ ’ਚੋਂ ਸਬੰਧਤ ਗਾਇਕ ਦੇ ਰਿਕਾਰਡਾਂ ਦੀ ਪ੍ਰਦਰਸ਼ਨੀ ਲਾਉਂਦਾ ਹੈ। ਇਸ ਸਦਕਾ ਵੀ ਉਸ ਦੀ ਵੱਖਰੀ ਪਛਾਣ ਹੈ।
ਜਸਪਾਲ ਸਿੰਘ ਨੂੰ ਇਸ ਖੇਤਰ ਵਿੱਚ ਉਸ ਦੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ। ਉਸ ਦੇ ਘਰ ਗੀਤ ਸੁਣਨ ਤੇ ਲਾਇਬਰੇਰੀ ਵੇਖਣ ਵਾਲਿਆਂ ਦਾ ਆਉਣ-ਜਾਣ ਲੱਗਿਆ ਰਹਿੰਦਾ ਹੈ। ਅਨੇਕਾਂ ਪੁਰਾਣੇ ਗਾਇਕ ਸੁਚੇਤ ਬਾਲਾ, ਰਣਜੀਤ ਕੌਰ, ਲੱਖੀ ਬਨਜਾਰਾ, ਬਲਜੀਤ ਬੱਲੀ, ਕੇ. ਦੀਪ ਆਦਿ ਉਸ ਨਾਲ ਸੰਪਰਕ ਬਣਾ ਚੁੱਕੇ ਹਨ। ਇਸ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਉਸ ’ਤੇ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਗਈ ਹੈ। ਰਿਕਾਰਡ ਇਕੱਠੇ ਕਰਨ ਲਈ ਜਸਪਾਲ ਸਿੰਘ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦਾ ਪੰਜਾਬੀ ਇਲਾਕਾ ਘੁੰਮਿਆ ਹੈ। ਜਿੱਥੋਂ ਵੀ ਉਸ ਨੂੰ ਵਧੀਆ ਰਿਕਾਰਡ ਮਿਲਦੇ ਹਨ ਉਹ ਲੈ ਆਉਂਦਾ ਹੈ। ਇਸ ਮਾਮਲੇ ਵਿੱਚ ਉਸ ਦਾ ਠੇਕੇਦਾਰ ਕਰਮ ਸਿੰਘ ਤੇ ਅਮਿਤ ਕੁਮਾਰ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਪੰਜਾਬੀ ਸੰਗੀਤ ਦੀ ਖੁਰ ਰਹੀ ਇਸ ਵਿਰਾਸਤ ਨੂੰ ਸਾਂਭਣ ਸਦਕਾ ਅਨੇਕਾਂ ਸੰਸਥਾਵਾਂ ਨੇ ਜਸਪਾਲ ਸਿੰਘ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਮਿਹਨਤੀ ਵਿਅਕਤੀ ਨੂੰ ਹੌਸਲਾ ਦੇਣ ਲਈ ਅੱਗੇ ਆਵੇ ਤਾਂ ਜੋ ਉਹ ਹੋਰ ਮਿਹਨਤ ਨਾਲ ਇਸ ਮਿਸ਼ਨ ਨੂੰ ਨੇਪਰੇ ਚਾੜ੍ਹ ਸਕੇ।
- ਜਸ਼ਨਪ੍ਰੀਤ ਸਿੰਘ
*  ਸੰਪਰਕ: 98146-07737

‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ’ ਦਾ ਸਿਰਜਕ ਦੇਵ ਥਰੀਕਿਆਂ ਵਾਲਾ


ਹਰਦੇਵ ਸਿੰਘ ਉਰਫ਼ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਲੋਕ-ਗਾਥਾਵਾਂ ਦੀ ਸਿਰਜਣਾ ਰਾਹੀਂ ਉਨ੍ਹਾਂ ਮਾਂ-ਬੋਲੀ ਪੰਜਾਬੀ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਦਾ ਵਡਮੁੱਲਾ ਕਾਰਜ ਕੀਤਾ ਹੈ ਅਤੇ ਆਪਣੀ ਕਲਮ ਦੀ ਤਾਕਤ ਨਾਲ ਛੋਟੇ ਜਿਹੇ ਪਿੰਡ ‘ਥਰੀਕੇ’ ਨੂੰ ਵਿਸ਼ਵ ਦੇ ਨਕਸ਼ੇ ’ਤੇ ਲਿਆ ਦਿੱਤਾ ਹੈ। ਦੇਵ ਦੀ ਸਿਰਜਣਾ ਵਿੱਚ ਦਮ ਹੈ ਅਤੇ ਇਹ ਸਿਰਜਣਾ ਅਸ਼ਲੀਲਤਾ ਤੋਂ ਕੋਹਾਂ ਦੂਰ ਹੈ। ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਪ੍ਰਸਿੱਧੀ ਪਿੱਛੇ ਸਭ ਤੋਂ ਵਧੇਰੇ ਯੋਗਦਾਨ ਦੇਵ ਥਰੀਕਿਆਂ ਵਾਲੇ ਦਾ ਹੀ ਹੈ। ਜੇ ਕਹਿ ਲਿਆ ਜਾਵੇ ਕਿ ਮਾਣਕ ਨੂੰ ਦੇਵ ਨੇ ਉਂਗਲ ਲੜ ਕੇ ਸੰਗੀਤ ਦੇ ਰਾਹ ਤੋਰਿਆ ਤਾਂ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ। ਆਪਣੀ ਕਲਮ ਰਾਹੀਂ ਦੇਵ ਨੇ ਨਾ ਸਿਰਫ਼ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖੀ, ਸਗੋਂ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਨਵਾਂ-ਨਰੋਆ ਰੱਖਿਆ।
1976 ਵਿੱਚ ਦੇਵ ਥਰੀਕਿਆਂ ਵਾਲੇ ਦੀਆਂ ਸਿਰਜੀਆਂ ਲੋਕ-ਗਾਥਾਵਾਂ ਦੀ ਕੈਸਿਟ ‘ਤੇਰੀ ਖ਼ਾਤਰ ਹੀਰੇ’ ਜਦੋਂ ਮਾਣਕ ਦੀ ਆਵਾਜ਼ ਵਿੱਚ ਆਈ ਤਾਂ ਪੰਜਾਬੀ ਗਾਇਕੀ ਵਿੱਚ ਤਰਥੱਲੀ ਮੱਚ ਗਈ। ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਇੱਕ ਅਜਿਹੀ ਅਮਰ ਲੋਕ-ਗਾਥਾ ਹੋ ਨਿੱਬੜੀ, ਜੋ ਹਮੇਸ਼ਾ ਪੰਜਾਬੀਆਂ ਦੀ ਜ਼ਬਾਨ ’ਤੇ ਰਹੇਗੀ। ਸੈਂਕੜਿਆਂ ਦੀ ਤਾਦਾਦ ਵਿੱਚ ਜਨਾਬ ਕੁਲਦੀਪ ਮਾਣਕ ਨੇ ਦੇਵ ਦੇ ਗੀਤ ਗਾ ਕੇ ਦੇਸ਼-ਵਿਦੇਸ਼ ਵਿੱਚ ਪੰਜਾਬੀ ਲੋਕ-ਗਾਥਾਵਾਂ ਦਾ ਲੋਹਾ ਮਨਵਾਇਆ। ਕੁਲਦੀਪ ਮਾਣਕ ਤੋਂ ਇਲਾਵਾ ਸੁਰਿੰਦਰ ਕੌਰ, ਨਰਿੰਦਰ ਬੀਬਾ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਤੇ ਸੁਰਜੀਤ ਬਿੰਦਰੱਖੀਆ ਵੀ ਦੇਵ ਦੇ ਲਿਖੇ ਗੀਤ ਸਟੇਜਾਂ ’ਤੇ ਗਾ ਚੁੱਕੇ ਹਨ। ਬਦਲੇ ਵਿੱਚ ਥਰੀਕਿਆਂ ਵਾਲੇ ਦੇਵ ਨੂੰ ਸਰੋਤਿਆਂ ਵੱਲੋਂ ਅਥਾਹ ਪਿਆਰ ਤੇ ਸਤਿਕਾਰ ਮਿਲਿਆ ਹੈ। ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਵਰਗੇ ਯੂਰਪੀਨ ਮੁਲਕਾਂ ਵਿੱਚੋਂ ਦਰਜਨਾਂ ਵਾਰ ਮਾਣ-ਸਨਮਾਨ ਮਿਲਣਾ ਇਸ ਦੀ ਪ੍ਰਤੱਖ ਮਿਸਾਲ ਹੈ। 74 ਸਾਲਾ ਇਸ ਬਜ਼ੁਰਗ ਬਾਪੂ, ਜਿਨ੍ਹਾਂ ਆਪਣੇ ਲੋਕਾਂ, ਜ਼ਬਾਨ ਅਤੇ ਸੱਭਿਆਚਾਰ ਦੀ ਆਪਣੇ ਗੀਤਾਂ ਤੇ ਲੋਕ-ਗਾਥਾਵਾਂ ਦੁਆਰਾ ਅਣਥੱਕ ਸੇਵਾ ਕੀਤੀ ਵਰਗੇ ਸ਼ਖ਼ਸ, ਅਜੋਕੇ ਵਿਸ਼ਵੀਕਰਨ ਤੇ ਬਾਜ਼ਾਰੀਕਰਨ ਵਾਲੇ ਦੌਰ ਵਿੱਚ ਮਿਲਣੇ ਬੜੇ ਮੁਸ਼ਕਲ ਹਨ।
ਸਾਧਾਰਨ ਤੇ ਕਿਰਤੀ ਰਾਮਗੜ੍ਹੀਆ ਪਰਿਵਾਰ ਵਿੱਚ ਜੰਮਿਆ-ਪਲਿਆ ਦੇਵ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਹੈੇ। ਗੀਤਾਂ, ਲੋਕ-ਤੱਥਾਂ ਤੇ ਲੋਕ-ਗਾਥਾਵਾਂ ਦਾ ਬਾਬਾ ਬੋਹੜ ਹੋਣ ਦੇ ਨਾਲ-ਨਾਲ ਉਹ ਸਫ਼ਲ ਪਰਿਵਾਰਕ ਮੁਖੀ, ਚੰਗਾ ਪਤੀ, ਸੁਹਿਰਦ ਬਾਪ, ਸਾਢੇ ਚਾਰ ਦਰਜਨ ਤੋਂ ਉੱਪਰ ਮਿਆਰੀ ਕਹਾਣੀਆਂ ਲਿਖਣ ਵਾਲਾ ਤੀਖਣ ਬੁੱਧੀ ਵਾਲਾ ਸਥਾਪਤ ਕਹਾਣੀਕਾਰ ਅਤੇ ਇਨ੍ਹਾਂ ਸਾਰੀਆਂ ਖ਼ੂਬੀਆਂ ਤੋਂ ਉੱਪਰ ਯਾਰਾਂ ਦਾ ਯਾਰ ਹੈ। ਹੁਣ ਤਕ ਦੀ ਪੰਜਾਬੀ ਗੀਤਕਾਰੀ ਵਿੱਚੋਂ ਸ਼ਾਇਦ ਦੇਵ ਹੀ ਇੱਕ ਅਜਿਹਾ ਗੀਤਕਾਰ ਹੋਇਆ ਹੈ, ਜਿਸ ਦਾ ਲਿਖਿਆ ਗੀਤ ‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ’ ਦਸ ਤੋਂ ਵੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਹੈ। ਜੀਵਨ ਦੇ ਹਰ ਖੇਤਰ ਵਿੱਚ ਬੁਲੰਦੀਆਂ ਛੂਹਣ ਦੇ ਬਾਵਜੂਦ ਉਸ ਦੇ ਪੈਰ ਧਰਤੀ ’ਤੇ ਹੀ ਹਨ। ਹਉਮੈ ਰੋਗ ਉਸ ਤੋਂ ਹਜ਼ਾਰਾਂ ਕੋਹ ਦੂਰ ਹੈ। 74 ਸਾਲ ਦੀ ਉਮਰ ਵਿੱਚ ਵੀ ਦੇਵ ਹਮੇਸ਼ਾਂ ਤਰੋ-ਤਾਜ਼ਾ, ਹਰ ਪ੍ਰਕਾਰ ਦੀ ਮੇਰ-ਤੇਰ ਤੋਂ ਕੰਵਲ ਦੇ ਫੁੱਲ ਵਾਂਗੂੰ ਨਿਰਲੇਪ ਰਹਿੰਦਾ ਹੈ। ਇੰਗਲੈਂਡ ਵਰਗੇ ਵਿਕਸਤ ਮੁਲਕ ਵਿੱਚ ਉਸ ਦੇ ਨਾਂ ’ਤੇ ‘ਦੇਵ ਥਰੀਕੇ ਵਾਲਾ ਐਪਰੀਸੇਸ਼ਨ ਸੁਸਾਇਟੀ ਇੰਗਲੈਂਡ’ ਬਣੀ ਹੋਈ ਹੈ, ਜੋ ਬਰਤਾਨੀਆ ਸਰਕਾਰ ਵੱਲੋਂ ਬਾਕਾਇਦਾ ਰੂਪ ਵਿੱਚ ਰਜਿਸਟਰਡ ਹੈ। ਦੁਨੀਆਂ ਭਰ ਵਿੱਚ ਸਾਹਿਤ, ਕਲਾ ਤੇ ਗੀਤ-ਸੰਗੀਤ ਪ੍ਰੇਮੀ ਉਸ ਨੂੰ ਜਨੂੰੂਨ ਦੀ ਹੱਦ ਤਕ ਪਿਆਰ ਕਰਦੇ ਨੇ। ਇਸ ਦੀ ਉਦਾਹਰਨ ਸੁਖਦੇਵ ਸਿੰਘ ਉਰਫ਼ ਸੋਖਾ ਉਦੈਪੁਰੀਆ ਹੈ, ਜਿਸ ਨੇ ਇੰਗਲੈਂਡ ਦੇ ਡਰਬੀ ਸ਼ਹਿਰ ਦੇ ਬਾਹਰ-ਬਾਹਰ ਕਈ ਏਕੜ ਜ਼ਮੀਨ ਵਿੱਚ ਇੱਕ ਵੱਡਾ ਹਾਲ ਦੇਵ ਥਰੀਕਿਆਂ ਵਾਲੇ ਦੇ ਨਾਂ ’ਤੇ ਬਣਾਇਆ ਹੋਇਆ ਹੈ। ਉਸ ਨੇ ਦੇਵ ਦੇ ਹੁਣ ਤਕ ਦੇ ਸਾਰੇ ਪੁਰਾਣੇ ਗੀਤ, ਕਲੀਆਂ ਤੇ ਲੋਕ-ਗਾਥਾਵਾਂ ਇਸ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਹਨ। ਇਸ ਜਨੂੰਨ ਬਾਰੇ ਪੁੱਛੇ ਜਾਣ ’ਤੇ ਇਹ ਸਾਬਤ-ਸੂਰਤ ਸਰਦਾਰ ਬੜੀ ਹਲੀਮੀ ਨਾਲ ਜਵਾਬ ਦਿੰਦਾ ਹੈ ਕਿ ਵਿਦੇਸ਼ ਵਿੱਚ ਸਫ਼ਲ ਕਾਰੋਬਾਰੀ ਹੋਣ ਦੇ ਬਾਵਜੂਦ ਉਸ ਨੂੰ ਪੰਜਾਬੀਅਤ ਨਾਲ ਬੜਾ ਮੋਹ ਹੈ ਅਤੇ ਇਨ੍ਹਾਂ ਗੀਤਾਂ ਵਿੱਚੋਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਉਸ ਦੇ ਮਨ ਨੂੰ ਬਹੁਤ ਸਕੂਨ ਦਿੰਦੀ ਹੈ। ਦੇਵ ਦੀ ਜੀਵਨ ਘਾਲਣਾ ਤੋਂ ਪ੍ਰਭਾਵਤ ਹੋ ਕੇ ਸੋਖੇ ਨੇ ਦੇਵ ਥਰੀਕਿਆਂ ਵਾਲੇ ’ਤੇ ਇੱਕ ਟੈਲੀ ਫ਼ਿਲਮ ਵੀ ਬਣਾਈ ਹੈ।
ਦੇਵ ਨੇ ਆਪਣੀ ਕਲਮ ਨਾਲ ਅਜਿਹੀ ਪਾਕ ਮੁਹੱਬਤ ਪਾਈ ਹੈ, ਜਿਸ ਨੇ ਹਮੇਸ਼ਾ ਚੰਗੇ ਤੇ ਸਾਫ਼-ਸੁਥਰੇ ਸਮਾਜ ਲਈ ਦੁਆਵਾਂ ਕੀਤੀਆਂ ਹਨ। ਉਸ ਦੇ ਗੀਤਾਂ ਦੀ ਉਮਰ ਸਦੀਆਂ ਤਕ ਲਮੇਰੀ ਰਹੇਗੀ ਅਤੇ ਜਦੋਂ ਵੀ ਪੰਜਾਬੀ ਗੀਤਕਾਰੀ ਦੀ ਗੱਲ ਹੋਵੇਗੀ, ਥਰੀਕਿਆਂ ਵਾਲੇ ਦੇਵ ਦਾ ਨਾਂ ਬੜੇ ਮਾਣ ਤੇ ਸਤਿਕਾਰ ਨਾਲ ਲਿਆ ਜਾਵੇਗਾ। ਲੱਚਰਤਾ ਨੂੰ ਨਫ਼ਰਤ ਅਤੇ ਸਾਫ਼-ਸੁਥਰੀ ਗਾਇਕੀ ਨੂੰ ਪਿਆਰ ਕਰਨ ਵਾਲਾ ਪੰਜਾਬੀ ਜਗਤ ਇਸ ਬਜ਼ੁਰਗ ਬਾਪੂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੈ। ਪਰਮਾਤਮਾ ਕਰੇ ਦੇਵ ਸਾਹਬ ਤੰਦਰੁਸਤੀ ਵਾਲੀ ਲੰਮੀ ਉਮਰ ਜਿਊਣ ਅਤੇ ਉਨ੍ਹਾਂ ਦੀ ਕਲਮ ਦਾ ਸਫ਼ਰ ਨਿਰੰਤਰ ਚਲਦਾ ਰਹੇ।
- ਕੁਲਵੰਤ ਸਿੰਘ ਜੋਗਾ (ਡਾ.)
* ਸੰਪਰਕ: 94641-53862

ਬੀਨ ਵਿੱਚ ਪ੍ਰਬੀਨ ਪਰਮਜੀਤ ਪੱਡਾ



ਰਾਜਸਥਾਨ, ਪੰਜਾਬ ਅਤੇ ਹਰਿਆਣੇ ਦੇ ਖ਼ਾਨਾਬਦੋਸ਼ ਕਬੀਲਿਆਂ ਦੇ ਸਪੇਰਿਆਂ, ਕੰਨ ਪਾਟੇ ਜੋਗੀਆਂ ਅਤੇ ਨਾਥਾਂ ਵੱਲੋਂ ਈਜਾਦ ਕੀਤਾ ਗਿਆ, ਸੁਰੀਲੀ ਤਾਨ ਨਾਲ ਮੰਤਰ ਮੁਗਧ ਕਰਨ ਵਾਲਾ ਲੋਕ ਸਾਜ਼ ਬੀਨ, ਬੇਸ਼ੱਕ ਹੁਣ ਸੰਗੀਤ ਉਤਸਵਾਂ, ਲੋਕ ਮੇਲਿਆਂ ਅਤੇ ਕਾਲਜਾਂ ਯੂਨੀਵਰਸਿਟੀਆਂ ਦੇ ਸੱਭਿਆਚਾਰਕ ਤੇ ਯੁਵਕ ਮੇਲਿਆਂ ਦਾ ਹਿੱਸਾ ਬਣ ਚੁੱਕਾ ਹੈ ਪਰ ਫੂਕ ਨਾਲ ਵੱਜਣ ਵਾਲੇ ਇਸ ਸਾਜ਼ (ਵਿੰਡ ਇੰਸਟਰੂਮੈਂਟ) ਨੂੰ ਪੂਰੀ ਮੁਹਾਰਤ ਨਾਲ ਵਜਾਉਣ ਵਾਲੇ ਅਜੇ ਟਾਵੇਂ ਹੀ ਹਨ।
ਕਹਿੰਦੇ ਹਨ ਕਿ ਸ਼ੀਸ਼ੇ ਦੇ ਸੌਦਾਗਰਾਂ ਦੇ ਦਿਲ ਵੀ ਸ਼ੀਸ਼ੇ ਵਾਂਗ ਨਾਜ਼ਕ ਹੁੰਦੇ ਹਨ। ਸ਼ਾਇਦ ਇਸੇ ਲਈ ਪਰਮਜੀਤ ਪੱਡਾ ਨੇ ਬੀਨ ਵਰਗੇ ਨਾਜ਼ਕ ਮਿਜ਼ਾਜ ਸਾਜ਼ ਨਾਲ ਸੁਰ ਮਿਲਾਈ ਹੈ। ਚੰਡੀਗੜ੍ਹ ਦੇ ਸੈਕਟਰ-34 ਵਿੱਚ ਫਰਨੀਚਰ ਮਾਰਕੀਟ ਦੀ ਬਗਲ ਵਿੱਚ ਜਿਸ ਦੁਕਾਨ ਦੇ ਬਾਹਰ ਡੇਕਾਂ ਹੇਠ ਕੋਈ ਕੰਨ ਪਾਟਾ ਜੋਗੀ ਜਾਂ ਸਪੇਰਾ ਚਾਹ ਦੀਆਂ ਚੁਸਕੀਆਂ ਭਰਦਾ ਨਜ਼ਰ ਆਵੇ ਜਾਂ ਕੋਈ ਓਡ ਜਾਂ ਗਿੱਦੜ-ਕੱੁਟ ਕੋਈ ਬੀਨ, ਬੁਘਚੂ (ਬੁਘਦੂ) ਜਾਂ ਤੂੰਬੇ ਦਾ ਸਮਾਨ ਵਿਖਾ ਰਿਹਾ ਹੋਵੇ ਤਾਂ ਸਮਝੋ ਉਹੀ ਪਰਮਜੀਤ ਦਾ ਡੇਰਾ ਹੈ। ਪਰਮਜੀਤ ਦਾ ਇਹ ਅਵੱਲੜਾ ਸ਼ੌਕ ਕਿਵੇਂ ਇੱਕ ਕਲਾ ਅਤੇ ਫਿਰ ਮੁਹਾਰਤ ਵਿੱਚ ਤਬਦੀਲ ਹੋਇਆ ਇਸ ਪਿੱਛੇ ਵੀ ਅਜਬ ਕਹਾਣੀ ਹੈ। ਨਹਿਰੀ ਮਹਿਕਮੇ ਦੇ ਐਕਸੀਅਨ ਸ੍ਰੀ ਪਿਆਰਾ ਸਿੰਘ ਦਾ ਨਿੱਕਾ ਲਾਡਲਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਣ ਕੇ ਪੱਡਾ ਦਾ ਜੰਮਪਲ ਪਰਮਜੀਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਪੜ੍ਹਦਿਆਂ ਲੋਕ ਕਲਾਵਾਂ ਵੱਲ ਖਿੱਚਿਆ ਗਿਆ। ਉੱਥੇ ਭਾਵੇਂ ਇਹ ਹਸਰਤ ਪੂਰੀ ਨਹੀਂ ਹੋਈ ਪਰ ਜਦ ਚੰਡੀਗੜ੍ਹ ਆ ਕੇ ਸ਼ੀਸ਼ੇ ਦੇ ਕਾਰੋਬਾਰ ਵਿੱਚ ਪਿਆ, ਉਸ ਵਕਤ ਚੰਡੀਗੜ੍ਹ ਦੇ ਕਲਾ ਰਸੀਆਂ ਦੀ ਸੰਗਤ ਵਿੱਚ ਆ ਗਿਆ। ਮਰਹੂਮ ਸ੍ਰੀ ਭਾਗ ਸਿੰਘ ਦੀ ਰਹਿਨੁਮਾਈ ਹੇਠ ਭੰਗੜਾ, ਬੈਲੇ, ਲੋਕ ਨਾਚ ਨੱਚਦਾ-ਨੱਚਦਾ ਪਰਮਜੀਤ ਬੀਨ ਨੂੰ ਆਪਣਾ ਇਸ਼ਟ ਬਣਾ ਬੈਠਾ। ਬੀਨ ਸਿੱਖਣ ਵਾਸਤੇ ਜੋਗ ਲੈਣ ਲਈ ਪਤਾ ਨਹੀਂ ਕਿੰਨੇ ਕੁ ਬਾਲ ਨਾਥਾਂ ਤੇ ਗੋਰਖ ਨਾਥਾਂ ਦੇ ਟਿੱਲਿਆਂ ’ਤੇ ਗਿਆ। ਅਖੀਰ ਜੋਗੀ ਅਰਜਨ ਨਾਥ ਨੇ ਉਸ ਦੀ ਝੋਲੀ ਇਸ ਕਲਾ ਦਾ ਜੋਗ ਪਾਇਆ।
ਗੁਰੂ ਦੇ ਦੱਸੇ ਮੁਤਾਬਕ ਉਸ ਨੇ ਸਭ ਤੋਂ ਪਹਿਲਾਂ ਬੱਤਾ ਪੀਣ ਵਾਲੀ ਨਲਕੀ (ਸਟਰਾਅ) ’ਚ ਫੂਕਾਂ ਮਾਰ-ਮਾਰ ਕੇ ਸਾਹ ਉਲਟਾਉਣਾ ਸਿੱਖਿਆ ਤੇ ਫਿਰ ਬੀਨ ਦੀਆਂ ਸੁਰਾਂ ’ਤੇ ਉਸ ਦੇ ਪੋਟੇ ਅਠਖੇਲੀਆਂ ਕਰਨ ਲੱਗੇ। ਪਰਮਜੀਤ ਦੱਸਦਾ ਹੈ ਕਿ ਇਸ ਸਮੇਂ ਦੌਰਾਨ ਉਸ ਦਾ ਸੰਪਰਕ ਬਹੁਤ ਸਾਰੇ ਨਾਥ ਜੋਗੀਆਂ ਅਤੇ ਕਸਬੀ ਤੌਰ ’ਤੇ ਬੀਨ ਵਜਾਉਣ ਵਾਲੇ ਕਲਾਕਾਰਾਂ ਨਾਲ ਹੋਇਆ ਅਤੇ ਉਸ ਨੇ ਹਰੇਕ ਤੋਂ ਕੁਝ ਨਾ ਕੁਝ ਹਾਸਲ ਕੀਤਾ। ਪਰਮਜੀਤ ਨੇ ਬੀਨ ਵਜਾਉਣ ਦੇ ਨਾਲ ਖ਼ੁਦ ਬੀਨ ਬਣਾਉਣੀ ਅਤੇ ਸੁਰ ਕਰਨੀ ਵੀ ਸਿੱਖੀ। ਉਸ ਦਾ ਕਹਿਣਾ ਹੈ ਕਿ ਬੀਨ ਹੋਰਾਂ ਤਾਰ ਵਾਲੇ ਅਤੇ ਇੱਥੋਂ ਤਕ ਕਿ ਹਵਾ ਵਾਲੇ ਸਾਜ਼ਾਂ ਤੋਂ ਵੱਖਰੀ ਤਾਸੀਰ ਦਾ ਸਾਜ਼ ਹੈ। ਇਸ ਨੂੰ ਸੁਰਬੱਧ ਕਰਨ ਅਤੇ ਠੀਕ ਧੁਨ ਪੈਦਾ ਕਰਨ ਲਈ ਇਸ ਅੰਦਰਲੀ ਨਮੀ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ। ਇਹੋ ਕਾਰਨ ਹੈ ਕਿ ਸਪੇਰੇ ਜੋਗੀ ਹਰ ਵਕਤ ਸਿੱਲ੍ਹਾ ਕੱਪੜਾ ਆਪਣੇ ਨਾਲ ਰੱਖਦੇ ਹਨ। ਇਹ ਵੰਝਲੀ ਅਤੇ ਅਲਗੋਜ਼ੇ ਤੋਂ ਇਸ ਲਈ ਭਿੰਨ ਹੈ ਕਿ ਇਸ ਦੇ ਕੱਦੂ (ਮੋਟੇ ਗੋਲ ਹਿੱਸੇ) ਵਿੱਚ ਹਰ ਵਕਤ ਹਵਾ ਦਾ ਦਬਾਅ ਬਣਾ ਕੇ ਰੱਖਣਾ ਪੈਂਦਾ ਹੈ, ਇਸ ਲਈ ਇਸ ਨੂੰ ਵਜਾਉਣ ਵੇਲੇ ਸਾਜ਼ਿੰਦੇ ਦੀਆਂ ਗੱਲ੍ਹਾਂ ਫੁੱਲ ਜਾਂਦੀਆਂ ਹਨ। ਪਰਮਜੀਤ ਨੇ ਬੀਨ ਦੀਆਂ ਰਵਾਇਤੀ ਅਤੇ ਨਵੀਨ ਧੁਨਾਂ ਦੀ ਸਿਖਲਾਈ ਬਾਬਾ ਕਾਸ਼ੀ ਨਾਥ ਰਾਣੀਆ (ਸਿਰਸਾ) ਤੋਂ ਹਾਸਲ ਕੀਤੀ ਅਤੇ ਬਾਕਾਇਦਾ ਪੱਗ ਦੇ ਕੇ ਉਨ੍ਹਾਂ ਦਾ ਸ਼ਾਗਿਰਦ ਬਣਿਆ। ਅੱਜ ਸਪੇਰੇ ਜੋਗੀ ਵੀ ਉਸ ਕੋਲੋਂ ਬੀਨ ਦੇ ਗੁਰ ਸਿੱਖਣ ਆਉਂਦੇ ਹਨ। ਜੇ ਕਿਸੇ ਦਾ ਸਾਜ਼ ਵੀਹਰ ਜਾਵੇ ਤਾਂ ਉਸ ਨੂੰ ਸਿਧਾਉਣ ਲਈ ਉਹ ਪਰਮਜੀਤ ਦੇ ਡੇਰੇ ’ਤੇ ਫੇਰਾ ਪਾਉਂਦੇ ਹਨ।
ਪਰਮਜੀਤ ਨੇ ਆਪਣੇ ਇਸ ਸ਼ੌਕ ਅਤੇ ਕਲਾ ਦੇ ਨਾਲ ਸ਼ੀਸ਼ੇ ਦੇ ਕਸਬ ਵਿੱਚ ਵੀ ਮੁਹਾਰਤ ਹਾਸਲ ਕੀਤੀ। ਉਸ ਨੇ ਚੰਡੀਗੜ੍ਹ ਵਿੱਚ ਟੀ ਐਲ ਵਰਮਾ ਤੋਂ ਸ਼ੀਸ਼ੇ ਦੀ ਨਕਾਸ਼ੀ ਅਤੇ ਜੜਤ ਵਗੈਰਾ ਦਾ ਕੰਮ ਸਿੱਖਿਆ ਤੇ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
ਪਰਮਜੀਤ ਆਪਣੇ ਇਸ ਫ਼ਨ ਦਾ ਮੁਜ਼ਾਹਰਾ ਕਰਨ ਲਈ ਅਜੇ ਭਾਵੇਂ ਕੌਮੀ ਜਾਂ ਕੌਮਾਂਤਰੀ ਮੰਚਾਂ ’ਤੇ ਨਹੀਂ ਪਹੁੰਚਿਆ ਪਰ ਮੁਕਾਮੀ ਸਟੇਜਾਂ ਅਤੇ ਮਹਿਫ਼ਲਾਂ ਵਿੱਚ ਉਹ ਆਪਣੀ ਰਸ ਭਿੰਨੀ ਬੀਨ ਨਾਲ ਪਤਾ ਨਹੀਂ ਕਿੰਨੇ ਕੁ ਨਾਗਾਂ ਨੂੰ ਕੀਲ ਚੁੱਕਾ ਹੈ। ਪਰਮਜੀਤ ਜਦ ਬੀਨ ਦੀਆਂ ਰਵਾਇਤੀ ਲੋਕ ਧੁਨਾਂ ਦੇ ਨਾਲ-ਨਾਲ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਹੋਰ ਪੁਰਾਣੇ ਗਾਇਕਾਂ ਵੱਲੋਂ ਗਾਏ ਸ਼ਾਹਕਾਰ ਗੀਤਾਂ ਦੀਆਂ ਧੁਨਾਂ ਵਜਾਉਂਦਾ ਹੈ ਤਾਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਹੈ। ਉਹ ਬੀਨ ਤੋਂ ਇਲਾਵਾ ਵੰਝਲੀ, ਅਲਗੋਜ਼ਾ ਅਤੇ ਸਿੰਧੀ ਅਲਗੋਜ਼ਾ ਵੀ ਵਜਾ ਲੈਂਦਾ ਹੈ ਪਰ ਬੀਨ ਉਸ ਦਾ ਇਸ਼ਟ ਹੈ। ਲੋਕ ਨਾਚਾਂ ਦੇ ਖੇਤਰ ਵਿੱਚ ਉਹ ਮਰਹੂਮ ਭਾਗ ਸਿੰਘ, ਮਾਸਟਰ ਭਜਨ ਸਿੰਘ ਤੇ ਨਰਿੰਦਰ ਨਿੰਦੀ ਨਾਲ ਕੰਮ ਕਰ ਚੁੱਕਿਆ ਹੈ। ਉਹ ਚੰਡੀਗੜ੍ਹ ਲੇਕ ਕਲੱਬ ਦਾ ਬਹੁਤ ਪੁਰਾਣਾ ਮੈਂਬਰ ਹੈ ਅਤੇ ਵਾਟਰ ਸਕੀਇੰਗ ਤੇ ਘੋੜ ਸਵਾਰੀ ਦਾ ਸ਼ੌਕੀਨ ਹੈ। ਘੰਟਿਆਂਬੱਧੀ ਬੀਨ ਦਾ ਰਿਆਜ਼ ਕਰਨਾ, ਨਾਥ ਜੋਗੀਆਂ ਦੀਆਂ ਮਜਲਸਾਂ ਵਿੱਚ ਸ਼ਾਮਲ ਹੋਣਾ ਤੇ ਸ਼ੀਸ਼ੇ ਦਾ ਕੰਮ ਕਰਨਾ ਇਹ ਸਾਰੇ ਹੀ ਸੰਵੇਦਨਸ਼ੀਲ ਕਾਰਜ ਪਰਮਜੀਤ ਦੇ ਹਿੱਸੇ ਆਏ ਹਨ। ਉਹ ਆਪਣੀ ਜੀਵਨ ਸਾਥਣ ਇੰਦਰਜੀਤ ਕੌਰ, ਪੁੱਤ, ਨੂੰਹ ਅਤੇ ਧੀ ਦੇ ਸਹਿਯੋਗ ਤੋਂ ਬਹੁਤ ਸੰਤੁਸ਼ਟ ਅਤੇ ਖ਼ੁਸ਼ ਹੈ ਜੋ ਉਸ ਦੀ ਇਸ ਕਲਾ ਨੂੰ ਨਿਖਾਰਨ ਵਿੱਚ ਹਮੇਸ਼ਾਂ ਸਾਥ ਦਿੰਦੇ ਹਨ।
ਪ੍ਰੀਤਮ ਰੁਪਾਲ
ਸੰਪਰਕ: 94171-92623

ਪੰਜਾਬੀਅਤ ਦਾ ਮੁਦੱਈ ਪੰਮੀ ਬਾਈ



ਪੰਮੀ ਬਾਈ ਦਾ ਨਾਂ ਲੈਂਦਿਆਂ ਪੰਜਾਬੀ ਜਵਾਨ ਦੀ ਤਸਵੀਰ ਸਾਖ਼ਸ਼ਾਤ ਹੋ ਜਾਂਦੀ ਹੈ। ਮੂਲ ਪੰਜਾਬੀ ਪਹਿਰਾਵੇ, ਖੜ੍ਹਵੀਂ ਮੁੱਛ, ਤੋਰ ਵਿੱਚ ਮੜ੍ਹਕ-ਬੜ੍ਹਕ ਪੰਮੀ ਬਾਈ ਦੀ ਪਛਾਣ ਹਨ। ਉਹ ਹਰੇਕ ਨੂੰ ਆਪਣੀ ਪੇਸ਼ਕਾਰੀ ਨਾਲ ਕੀਲ ਲੈਂਦਾ ਹੈ। ਉਸ ਨੇ ਪੰਜਾਬੀ ਸੱਭਿਆਚਾਰ ਦੀ ਭੰਗੜੇ ਅਤੇ ਗਾਇਕੀ ਨਾਲ ਪੇਸ਼ਕਾਰੀ ਕਰ ਕੇ ਹਰ ਵਰਗ ਦੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ ਹੈ। ਭੰਗੜੇ ਵਿੱਚ ਹੇਠਲੀ ਕਤਾਰ ਦੇ ਕਲਾਕਾਰਾਂ ਵਿੱਚੋਂ ਉੱਠ ਕੇ ਉਹ ਪਹਿਲੀ ਕਤਾਰ ਦੇ ਭੰਗੜਚੀਆਂ ਦਾ ਮੋਢੀ ਬਣਿਆ ਤੇ ਭੰਗੜਾ ਪਾਉਂਦਿਆਂ ਹੀ ਗਾਇਕੀ ਦਾ ਸ਼ੌਕ ਬਰਕਰਾਰ ਰੱਖਿਆ। ਪੰਮੀ ਬਾਈ ਦੀ ਗਾਇਕੀ ਨਾਲੋਂ ਪੇਸ਼ਕਾਰੀ ਨੇ ਸੱਭਿਆਚਾਰਕ ਖੇਤਰ ਵਿੱਚ ਅਜਿਹੀ ਹਲਚਲ ਮਚਾਈ ਕਿ ਅੱਜ ਹਜ਼ਾਰਾਂ ਗਰੁੱਪ ਕਾਇਮ ਹੋ ਗਏ। ਪੰਮੀ ਬਾਈ ਦਾ ਆਪਣਾ ਅੰਦਾਜ਼ ਹੈ। ਉਹ ਕਦੇ ਕਿਸੇ ਦੀ ਨਕਲ ਨਹੀਂ ਕਰਦਾ। ਉਸ ਨੇ ‘ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ’, ‘ਦੋ  ਚੀਜ਼ਾਂ ਜੱਟ ਮੰਗਦਾ’, ‘ਮਿਰਜ਼ਾ’, ‘ਫੱਤੂ’, ‘ਪੱਗ’ ਤੇ ‘ਲੰਘ ਆ ਜਾ ਪੱਤਣ ਝਨਾ ਦਾ ਯਾਰ’  ਵਰਗੇ ਅਮਰ ਗੀਤ ਪੰਜਾਬੀਆਂ ਦੀ ਝੋਲੀ ਪਾਏ। ਪਹਿਲੀ ਮੁਲਾਕਾਤ ਵਿੱਚ ਆਪਣਾ ਬਣਾ ਲੈਣ ਵਾਲੇ ਪੰਮੀ ਬਾਈ ਨਾਲ ਮੁਲਾਕਾਤ ਪਾਠਕਾਂ ਦੇ ਸਨਮੁੱਖ ਹੈ:
? ਸਭ ਤੋਂ ਪਹਿਲਾਂ ਜਨਮ ਤੇ ਪਰਿਵਾਰ ਬਾਰੇ ਦੱਸੋ।
- ਮੇਰਾ ਜਨਮ ਤਹਿਸੀਲ ਸੁਨਾਮ ਦੇ ਪਿੰਡ ਜਖੇਪਲ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਤੇ ਮੇਰਾ ਸਾਰਾ ਬਚਪਨ ਉੱਥੇ ਹੀ ਬੀਤਿਆ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਪਤਨੀ ਹਰਪਾਲ ਕੌਰ, ਧੀ ਮਨਪਰਮਪਾਲ ਕੌਰ ਅਤੇ ਪੁੱਤ ਪਰਮਪ੍ਰਤਾਪ ਸਿੰਘ ਸਿੱਧੂ ਹਨ। ਇਹ ਹੈ ਮਰਹੂਮ ਪ੍ਰਤਾਪ ਸਿੰਘ ਬਾਗੀ ਦੀ ਫੁਲਵਾੜੀ।
? ਤੁਹਾਡੀ ਪੜ੍ਹਾਈ ਬਾਰੇ ਦੱਸੋ।
-ਪੜ੍ਹਾਈ ਮੈਂ ਐਮ.ਏ. (ਪੰਜਾਬੀ ਲਿਟਰੇਚਰ ਅਤੇ ਲੋਕ ਪ੍ਰਸ਼ਾਸਨ) ਐਲ.ਐਲ.ਬੀ. ਤੇ ਲੋਕ ਪ੍ਰਸ਼ਾਸਨ ਵਿੱਚ ਡਿਪਲੋਮਾ ਕੀਤਾ ਹੈ।
? ਤੁਸੀਂ ਗਾਇਕੀ ਦੀ ਸਿੱਖਿਆ ਕਿਨ੍ਹਾਂ ਕੋਲੋਂ ਲਈ।
-ਮੈਂ ਛੋਟੀ ਉਮਰ ਵਿੱਚ ਆਪਣਾ ਉਸਤਾਦ ਮਰਹੂਮ ਸ੍ਰੀ ਭਾਨਾ ਰਾਮ ਜੀ ਨੂੰ ਧਾਰਿਆ। ਉਨ੍ਹਾਂ ਕੋਲੋਂ ਹੀ ਕਲਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਂਜ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ-ਕਾਲਜ ਸਮੇਂ ਗਾਉਣ ਦਾ ਮੌਕਾ ਮਿਲਦਾ ਰਹਿੰਦਾ ਸੀ ਤੇ ਫਿਰ ਉਸਤਾਦ ਭਾਨਾ ਜੀ ਦੇ ਲੜ ਲੱਗ ਕੇ ਬਸ ਗਾਉਂਦੇ-ਗਾਉਂਦੇ ਅੱਜ ਇੱਥੇ ਹਾਂ।
? ਆਪਣੇ ਸੰਗੀਤਕ ਸਫ਼ਰ ਬਾਰੇ ਦੱਸੋ।
- ਪਹਿਲੀ ਕੈਸਿਟ ਮੈਂ ਕਰਾਈ ਸੀ ‘ਜਵਾਨੀ ਵਾਜਾਂ ਮਾਰਦੀ’ ਪਰ ਮੇਰੀ ਅਸਲ ਪਛਾਣ ਦੂਜੀ ਕੈਸਿਟ ਮਾਝੇ, ਮਾਲਵੇ ਅਤੇ ਦੁਆਬੇ ਦੀਆਂ ਬੋਲੀਆਂ ਨਾਲ ਬਣੀ ਜਿਸ ਨੂੰ ਸੰਗੀਤਕਾਰ ਚਰਨਜੀਤ ਅਹੂਜਾ ਨੇ ਤਿਆਰ ਕੀਤਾ ਅਤੇ ਸਰੋਤਿਆਂ ਨੂੰ ਸਾਡਾ ਕੰਮ ਪਸੰਦ ਆਇਆ। ਉਸ ਤੋਂ ਬਾਅਦ ਨੱਚ-ਨੱਚ ਪਾਉਣੀ ਏ ਧਮਾਲ, ਬਾਰੀ ਬਰਸੀ, ਗਿੱਧਾ ਮਲਵਈਆਂ ਦਾ, ਕਿਸੇ ਦਾ ਰਾਮ ਕਿਸੇ ਦਾ ਅੱਲ੍ਹਾ, ਨੱਚਦੇ ਪੰਜਾਬੀ, ਢੋਲ ’ਤੇ ਧਮਾਲਾਂ ਪੈਣਗੀਆਂ, ਪੰਜਾਬਣ, ਪੁੱਤ ਪੰਜਾਬੀ ਤੇ ਹੋਰ ਵੀ ਕਈ ਕੈਸਿਟਾਂ ਆਈਆਂ।
? ਆਪਣੇ ਪਸੰਦੀਦਾ ਸੰਗੀਤਕਾਰ, ਲੇਖਕ ਤੇ ਕਲਾਕਾਰਾਂ ਬਾਰੇ ਦੱਸੋ।
- ਸਾਰੇ ਹੀ ਚੰਗੇ ਨੇ ਤੇ ਵਧੀਆ ਕੰਮ ਕਰਦੇ ਨੇ। ਜੇ ਨਾਂ ਦੱਸਣ ਲੱਗਿਆ ਤਾਂ ਸੂਚੀ ਲੰਮੀ ਹੋ ਜਾਊ। ਜਿਹੜਾ ਗੀਤ-ਸੰਗੀਤ ਮਨ ਨੂੰ ਭਾਵੇ ਤੇ ਸਮਝ ਆਵੇ, ਉਹ ਸਭ ਵਧੀਆ ਹਨ।
? ਅੱਜ ਦੀ ਗਾਇਕੀ ਵਿੱਚ ਕੀ ਫ਼ਰਕ ਮਹਿਸੂਸ ਕਰਦੇ ਹੋ।
- ਪਰਿਵਰਤਨ ਸੰਸਾਰ ਦਾ ਨਿਯਮ ਹੈ। ਸਮੇਂ ਦੇ ਨਾਲ ਹਰ ਖੇਤਰ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਪੰਜਾਬੀ ਗਾਇਕੀ ਵਿੱਚ ਵੀ ਆਈ। ਬਾਕੀ ਸਭ ਦੇ ਸਾਹਮਣੇ ਹੈ। ਹਰ ਕੋਈ ਆਪਣੀ ਸੋਚ ਮੁਤਾਬਕ ਚੱਲ ਰਿਹਾ ਹੈ। ਆਪਣੀ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਵਾਲੀ ਗੱਲ ਐ।
? ਭਵਿੱਖ ਦੀਆਂ ਕੀ ਯੋਜਨਾਵਾਂ ਨੇ।
- ਚੰਗਾ ਗਾਉਣਾ ਤੇ ਹੁਣ ਸਟੇਜਾਂ ’ਤੇ ਪੁਰਾਤਨ ਸਾਜ਼ਾਂ ਜਿਵੇਂ ਸਾਰੰਗੀ, ਢੱਡ, ਅਲਗੋਜ਼ੇ, ਤੂੰਬੀ ਆਦਿ ਦੀ ਵਰਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਮੈਂ ਚਾਹੁੰਦਾ ਹਾਂ ਕਿ ਆਪਣੇ ਅਮੀਰ ਵਿਰਸੇ ਨੂੰ ਨਾਲ ਲੈ ਕੇ ਚੱਲਿਆ ਜਾਵੇ। ਹਮੇਸ਼ਾਂ ਇਹ ਕੋਸ਼ਿਸ਼ ਰਹੂਗੀ ਕਿ ਮਿਆਰੀ ਤੇ ਸੱਭਿਆਚਾਰਕ ਗੀਤ ਗਾਏ ਜਾਣ। ਉਨ੍ਹਾਂ ਦੀ ਵੀਡੀਓ ਸੱਭਿਆਚਾਰਕ ਦਾਇਰੇ ਵਿੱਚ ਰਹਿ ਕੇ ਤਿਆਰ ਕੀਤੇ ਜਾਣ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬ ਤੇ ਪੰਜਾਬੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਜਵਾਨੀਆਂ ਮਾਣਨ।
ਸੁਰਿੰਦਰ ਸਿੰਘ ਕੈਰੋਂ
ਸੰਪਰਕ: 99148-83068

ਸੁਰ ਸਮਰਾਟ ਮਦਨ ਮੋਹਨ



ਮਦਨ ਮੋਹਨ ਇੱਕ ਅਜਿਹਾ ਸੁਰ ਸਮਰਾਟ ਸੀ ਜੋ ਫ਼ਿਲਮ ਇੰਡਸਟਰੀ ਵਿੱਚ ਜ਼ਿੰਦਗੀ ਭਰ ਕਾਲੇ ਬੱਦਲਾਂ ’ਚ ਬਿਜਲੀ ਵਾਂਗ ਚਮਕਦਾ ਰਿਹਾ ਅਤੇ ਸਿਰਫ਼ 51 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਮਦਨ ਮੋਹਨ ਹੁਰਾਂ ਦਾ ਜਨਮ 1924 ਵਿੱਚ ਇਰਾਕ ਦੇ ਬਗ਼ਦਾਦ ਸ਼ਹਿਰ ’ਚ ਹੋਇਆ। ਉਨ੍ਹਾਂ ਦੇ ਪਿਤਾ ਜੀ ਰਾਏ ਬਹਾਦੁਰ ਚੁੰਨੀ ਲਾਲ ਉੱਥੇ ਪੁਲੀਸ ਵਿਭਾਗ ਵਿੱਚ ਬਤੌਰ ਅਕਾਊਟੈਂਟ ਜਨਰਲ ਕੰਮ ਕਰਦੇ ਸਨ। ਇਰਾਕ ਵਿੱਚੋਂ ਅੰਗਰੇਜ਼ੀ ਹਕੂਮਤ ਦਾ ਖ਼ਾਤਮਾ ਹੋਣ ਮਗਰੋਂ ਉੁਨ੍ਹਾਂ ਦਾ ਪਰਿਵਾਰ ਪੋਠੋਹਾਰ ਦੇ ਇਲਾਕੇ ਵਿੱਚ ਆਪਣੇ ਜੱਦੀ ਘਰ ਚੱਕਵਾਲ ਰਹਿਣ ਲੱਗ ਪਿਆ। ਮੁਢਲੀ ਸਿੱਖਿਆ ਉਨ੍ਹਾਂ ਇੱਥੋਂ ਹੀ ਹਾਸਲ ਕੀਤੀ।
ਬਚਪਨ ਤੋਂ ਹੀ ਮਦਨ ਹੁਰਾਂ ਨੂੰ ਸੰਗੀਤ ਨਾਲ ਪ੍ਰੇਮ ਸੀ। ਘਰ ਵਿੱਚ ਸੈਂਕੜੇ ਹੀ ਰਿਕਾਰਡ ਹੁੰਦੇ ਸਨ। ਉਨ੍ਹਾਂ ਦੇ ਮਾਤਾ ਜੀ ਭਗਤੀ ਭਾਵ ਵਾਲੇ ਸਨ ਤੇ ਉਹ ਭਜਨ ਗਾਉਂਦੇ ਰਹਿੰਦੇ ਤੇ ਕਈ ਵਾਰੀ ਕੁਝ ਰਚ ਵੀ ਲੈਂਦੇ। ਮਾਤਾ ਦੀ ਇਸ ਰੁਚੀ ਨੇ ਮਦਨ ਮੋਹਨ ਹੁਰਾਂ ਨੂੰ ਪ੍ਰਭਾਵਿਤ ਕੀਤਾ। ਮਦਨ ਮੋਹਨ ਹੁਰਾਂ ਦੇ ਦਾਦਾ ਹਕੀਮ ਯੋਗੀ ਰਾਜ ਵੀ ਸੰਗੀਤ ਪ੍ਰੇਮੀ ਸਨ।
ਫਿਰ ਮਦਨ ਮੋਹਨ ਹੁਰਾਂ ਦੇ ਪਿਤਾ ਮੁੰਬਈ ਮਹਾਂਨਗਰ ਆ ਕੇ ਰਹਿਣ ਲੱਗ ਪਏ। ਛੇਤੀ ਹੀ ਉਹ ਫ਼ਿਲਮ ਜਗਤ ਵਿੱਚ ਗਏ ਅਤੇ ‘ਬੰਬੇ ਟਾਕੀਜ਼’ ਤੇ ਫ਼ਿਲਮੀਸਤਾਨ ਸਟੂਡੀਓ ’ਚ ਭਾਗੀਦਾਰ ਬਣ ਗਏ। ਸੰਨ 1943 ਵਿੱਚ ਜਦੋਂ ਮਦਨ ਹੁਰਾਂ ਦੀ ਉਮਰ ਸਿਰਫ਼ 19 ਸਾਲ ਸੀ, ਪਿਤਾ ਦੇ ਕਹਿਣ ’ਤੇ ਉਹ ਫ਼ੌਜ ’ਚ ਭਰਤੀ ਹੋ ਗਏ ਪਰ ਉਨ੍ਹਾਂ ’ਤੇ ਸੰਗੀਤ ਦਾ ਭੂਤ ਵਾਂਗ ਸਵਾਰ ਸੀ। ਇਸ ਲਈ ਉਨ੍ਹਾਂ ਫ਼ੌਜ ਦੀ ਨੌਕਰੀ ਛੱਡ ਆਲ ਇੰਡੀਆ ਰੇਡੀਓ ਨਾਲ ਜੁੜ ਲਖਨਊ ਰਹਿਣ ਲਗ ਪਏ। ਲਖਨਊ ਰਹਿੰਦਿਆਂ ਰਹਿੰਦਿਆਂ ਉਹ ਉਸਤਾਦ ਫ਼ਿਆਜ਼ ਖਾਂ ਤੇ ਉਸਤਾਦ ਅਲੀ ਅਕਬਰ ਖਾਂ ਦੇ ਸੰਪਰਕ ਵਿੱਚ ਆਏ ਅਤੇ ਨਾਲ ਹੀ ਮਸ਼ਹੂਰ ਸਿਮਰ ਬੇਗ਼ਮ ਅਖ਼ਤਰ ਤੇ ਤਲਤ ਮਹਿਮੂਦ ਹੁਰਾਂ ਨਾਲ ਵੀ ਜੁੜੇ ਰਹੇ। ਇਨ੍ਹਾਂ ਦੀ ਸੰਗਤ ਦਾ ਇਹ ਅਸਰ ਹੋਇਆ ਕਿ ਉਹ ਜ਼ਿੰਦਗੀ ਭਰ ਲਈ ਸੰਗੀਤ ਨਾਲ ਜੁੜ ਗਏ। ਮਦਨ ਮੋਹਨ ਫ਼ਿਲਮਾਂ ਵਿੱਚ ਅਦਾਕਾਰੀ ਕਰਨਾ ਚਾਹੁੰਦੇ ਸਨ। ਫ਼ਿਲਮ ਜਗਤ ਵਿੱਚ ਆ ਕੇ ਸ਼ੁਰੂ ਵਿੱਚ ਉਹ ਮਿਊਜ਼ਿਕ ਡਾਇਰੈਕਟਰ ਸ਼ਿਆਮ ਸੁੰਦਰ ਤੇ ਐਸ.ਡੀ. ਬਰਮਨ ਹੁਰਾਂ ਨਾਲ ਜੁੜ ਕੇ ਬਤੌਰ ਉਨ੍ਹਾਂ ਦੇ ਅਸਿਸਟੈਂਟ ਕੰਮ ਕਰਦੇ ਰਹੇ। ਸਾਲ 1950 ਵਿੱਚ ਮਦਨ ਮੋਹਨ ਨੇ ‘ਆਂਖੇਂ’ ਨਾਂ ਦੀ ਫ਼ਿਲਮ ਵਿੱਚ ਸੰਗੀਤ ਦਿੱਤਾ ਜੋ ਕਾਫ਼ੀ ਮਕਬੂਲ ਹੋਇਆ। ਇੱਕ ਗੀਤ ਜੇ ਅੱਜ ਵੀ ਸੁਣੀਏ ਤਾਂ ਬਿਲਕੁਲ ਨਵਾਂ ਲੱਗਦਾ ਹੈ:‘ਤੇਰੀ ਆਂਖੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਿਆ ਹੈ’। ਅਗਲੀ ਫ਼ਿਲਮ ‘ਅਦਾ’ ਸੀ। ਬਸ ਫਿਰ ਕੀ ਸੀ ਇਸ ਫ਼ਿਲਮ ਦੇ ਗੀਤਾਂ ਦਾ ਸੰਗੀਤ ਨਿਰਦੇਸ਼ਨ ਕਰਦਿਆਂ ਮਦਨ ਮੋਹਨ ਹੁਰੀਂ ਲਤਾ ਮੰਗੇਸ਼ਕਰ ਦੇ ਕਾਫ਼ੀ ਨੇੜੇ ਆ ਗਏ ਤੇ ‘ਵੁਹ ਚੁੱਪ ਰਹੇ’ ਤੇ ‘ਜਹਾਂ ਆਰਾ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਕਈ ਨਾਯਾਬ ਗੀਤ ਦਿੱਤੇ। ਤਲਤ ਮਹਿਮੂਦ ਹੁਰਾਂ ਵੀ ਮਦਨ ਮੋਹਨ ਦੇ ਨਿਰਦੇਸ਼ਨ ਹੇਠ ਕਈ ਗੀਤ ਗਾਏ ਜਿਵੇਂ:
1. ਫਿਰ ਵਹੀ ਸ਼ਾਮ, ਵਹੀ ਗ਼ਮ, ਵਹੀ ਤਨਹਾਈ ਹੈ…
2. ਮੈਂ ਤੇਰੀ ਨਜ਼ਰ ਕਾ ਸਰੂਰ ਹੂੰ…
3. ਮੇਰੀ ਯਾਦ ਮੇਂ ਤੁਮ ਨਾ ਆਸੂੰ ਬਹਾਨਾ
4. ਹਮ ਸੇ ਆਇਆ ਨਾ ਗਿਆ
ਮੁਹੰਮਦ ਰਫ਼ੀ ਹੁਰਾਂ ਨੇ ਵੀ ਮਦਨ ਮੋਹਨ ਹੁਰਾਂ ਦੇ ਸੰਗੀਤ ਨਿਰਦੇਸ਼ਨ ਵਿੱਚ ਕੁਝ ਅਮਰ ਗੀਤ ਗਾਏ:
1. ਏਕ ਹਸੀਨ ਸ਼ਾਮ ਕੋ
2. ਤੇਰੇ ਚਿਹਰੇ ਸੇ ਮੈਂ ਨਿਗਾਹੇਂ ਹਟਾਊਂ ਕੈਸੇ
3. ਆਪ ਕੇ ਪਹਿਲੂ ਮੇਂ ਆ ਕੇ ਰੋ ਦੀਏ
ਪਹਿਲਾਂ ਤਾਂ ਮਦਨ ਮੋਹਨ ਹੁਰਾਂ ਕਿਸ਼ੋਰ ਕੁਮਾਰ ਕੋਲੋਂ ਕੋਈ ਵੀ ਗੀਤ ਗਵਾਉਣ ਤੋਂ ਝਿਜਕਦੇ ਰਹੇ ਕਿਉਂਕਿ ਗਾਇਕੀ ਪੌਪ ਸਟਾਈਲ ਦੀ ਸੀ ਪਰ ਫਿਰ ਉਨ੍ਹਾਂ ਕੋਲੋਂ ਵੀ ਕੁਝ ਗਾਣੇ ਗਵਾਏ:
1. ਜ਼ਰੂਰਤ ਹੈ, ਜ਼ਰੂਰਤ ਹੈ…
2. ਮੇਰਾ ਨਾਮ ਅਬਦੁਲ ਰਹਿਮਾਨ
3. ਐ ਹਸੀਨੋ, ਨਾਜ਼ਨੀਨੋ
ਇਸੇ ਤਰ੍ਹਾਂ ਮਦਨ ਮਹਨ ਹੁਰਾਂ ਮੰਨਾ ਡੇ ਕੋਲੋਂ ਵੀ ‘ਦੇਖ ਕਬੀਰਾ ਰੋਇਆ’ ਵਿੱਚ ਇੱਕ ਅਮਰ ਗੀਤ ਗਵਾਇਆ ਜੋ ਇਸ ਤਰ੍ਹਾਂ ਸੀ:‘ਕੌਨ ਆਇਆ ਮੇਰੇ ਮਨ ਕੇ ਦੁਆਰੇ ਪਾਇਲ ਕੀ ਝਨਕਾਰ ਲੀਏ’।
ਮਦਨ ਮੋਹਨ ਲਤਾ ਮੰਗੇਸ਼ਕਰ ਬਾਰੇ ਕਹਿੰਦੇ ਸਨ, ਕਮਾਲ ਦੀ ਗਾਇਕਾ ਤਾਂ ਉਹ ਹੈ ਹੀ, ਉਸ ਦੀ ਆਵਾਜ਼ ’ਚ ਜਾਦੂ ਹੈ ਪਰ ਅਜੀਬ ਗੱਲ ਤਾਂ ਇਹ ਹੈ ਕਿ ਉਹ ਕਦੀ ਵੀ ਬੇਸੁਰੀ ਨਹੀਂ ਹੁੰਦੀ। ਜਿੱਥੇ ਲਤਾ ਮੰਗੇਸ਼ਕਰ ਮਦਨ ਮੋਹਨ ਹੁਰਾਂ ਨੂੰ ਗ਼ਜ਼ਲਾਂ ਦਾ ਸ਼ਹਿਜਾਦਾ ਤੇ ਸ਼ਹਿਨਸ਼ਾਹ ਕਹਿੰਦੀ, ਉੱਥੇ ਨੌਸ਼ਾਦ ਜੀ ਵਰਗੇ ਮਿਊਜ਼ਿਕ ਡਾਇਰੈਕਟਰ ਤਾਂ ਮਦਨ ਮੋਹਨ ਹੁਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ, ‘‘ਮੈਂ ਆਪਣੇ ਬਣਾਏ ਹੋਏ ਸਾਰੇ ਗੀਤ ਮਦਨ ਮੋਹਨ ਦੇ ਨਿਰਦੇਸ਼ਨ ’ਚ ਗਾਈ ਕਿਸੇ ਵੀ ਇੱਕ ਗ਼ਜ਼ਲ ’ਤੇ ਵਾਰ ਸਕਦਾ ਹਾਂ।’’ ਮਦਨ ਮੋਹਨ ਸੱਚਮੁਚ ਹੀ ਇੱਕ ਅਜ਼ੀਮ ਸੰਗੀਤਕਾਰ ਸੀ।
ਚੇਤਨ ਆਨੰਦ ਹੁਰਾਂ ਦੀ ਫ਼ਿਲਮ ‘ਹਕੀਕਤ’ ਜਿਸ ਵਿੱਚ ਬਲਰਾਜ ਸਾਹਨੀ ਤੇ ਧਰਮਿੰਦਰ ਹੁਰਾਂ ਨੇ ਕੰਮ ਕੀਤਾ ਦਾ ਸੰਗੀਤ ਵੀ ਮਦਨ ਮੋਹਨ ਨੇ ਹੀ ਦਿੱਤਾ ਸੀ। ਇਸ ਫ਼ਿਲਮ ਦੇ ਸਾਰੇ ਗੀਤ ਹਿੱਟ ਹੋਏ ਖ਼ਾਸ ਕਰ ਰਫ਼ੀ ਹੁਰਾਂ ਦਾ ‘ਕਰ ਚਲੇ ਹਮ ਫਿਦਾ… ਜਾਨੋ ਤਨ ਸਾਥੀਓ/ਅੱਬ ਤੁਮਹਾਰੇ ਹਵਾਲੇ/ਯੇਹ ਵਤਨ ਸਾਥੀਓ’। ਮਦਨ ਮੋਹਨ ਨੇ ਇਸ ਫ਼ਿਲਮ ਦੇ ਇੱਕੋ ਗੀਤ ਵਿੱਚ ਚਾਰ ਮੰਨੇ-ਪ੍ਰਮੰਨੇ ਗੀਤਕਾਰਾਂ ਦੀ ਆਵਾਜ਼ ਨੂੰ ਵਰਤਿਆ, ਜਿਨ੍ਹਾਂ ਵਿੱਚ ਮੁਹੰਮਦ ਰਫ਼ੀ, ਤਲਤ ਮਹਿਮੂਦ, ਮੰਨਾ-ਡੇ ਤੇ ਭੁਪਿੰਦਰ ਸ਼ਾਮਲ ਹਨ। ਇਸ ਗਾਣੇ ਦੇ ਬੋਲ ਸਨ- ‘ਹੋ ਕੇ ਮਜਬੂਰ ਮੁਝੇ ਉਸ ਨੇ ਬੁਲਾਇਆ ਹੋਗਾ’। ਭੁਪਿੰਦਰ ਹੁਰਾਂ ਨੂੰ ਇਸ ਗੀਤ ਵਿੱਚ ਫਿਲਮਾਉਂਦਿਆਂ ਹੋਇਆਂ ਪਹਿਲੀ ਵਾਰੀ ਫ਼ਿਲਮ ਦੇ ਪਰਦੇ ’ਤੇ ਵੀ ਦਿਖਾਇਆ ਗਿਆ ਸੀ।
ਫ਼ਿਲਮ ਅਦਾਲਤ ਤੇ ਅਨਪੜ੍ਹ ਦੇ ਗੀਤ ਬੜੇ ਪ੍ਰਸਿੱਧ ਹੋਏ। ਅਦਾਲਤ ਫ਼ਿਲਮ ਦਾ ਇੱਕ ਗੀਤ ‘ਯੂੰ ਹਸਰਤੋਂ ਕੇ ਦਾਗ਼ ਮੁਹੱਬਤ ਮੇਂ ਧੋ ਲੀਏ, ਖ਼ੁਦ ਦਿਲ ਸੇ ਦਿਲ ਕੀ ਬਾਤ ਕੀ ਔਰ ਰੋ ਲੀਏ’ ਨੂੰ ਰਿਕਾਰਡ ਕਰਦਿਆਂ ਲਤਾ ਮੰਗੇਸ਼ਕਰ ਦੀਆਂ ਅੱਖਾਂ ਕਈ ਵਾਰੀ ਭਿੱਜੀਆਂ ਤੇ ਇਹੋ ਹਾਲਤ ਮਦਨ ਮੋਹਨ ਹੁਰਾਂ ਦੀ ਵੀ ਸੀ। ‘ਪਰਿਚੇ’ ਫ਼ਿਲਮ ਦੇ ਇੱਕ ਗੀਤ ਨੂੰ ਰਿਕਾਰਡ ਕਰਦਿਆਂ ਵੀ ਲਤਾ ਮੰਗੇਸ਼ਕਰ ਰੋ ਪਈ ਸੀ ਤੇ ਉਸ ਨੇ ਇਸ ਗੀਤ ਦਾ ਕੋਈ ਮੁਆਵਜ਼ਾ ਵੀ ਨਹੀਂ ਸੀ ਲਿਆ। ਗਾਣੇ ਦੇ ਬੋਲ ਸਨ:
‘‘ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਮ ਸੇ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ
ਜਲ ਕੇ ਦਿਲ ਖਾਕ ਹੂਆ, ਆਂਖ ਸੇ ਰੋਇਆ ਨਾ ਗਿਆ
ਜ਼ਖ਼ਮ ਯੇਹ ਐਸੇ ਜਲੇ ਫੂਲ ਪੇ ਸੋਇਆ ਨਾ ਗਿਆ’’
ਮਦਨ ਮੋਹਨ ਹੁਰਾਂ ਦਾ ਸੰਗੀਤ ਆਪਣੇ ਭਰ ਜੋਬਨ ਵਿੱਚ ਓਦੋਂ ਆਇਆ ਜਦੋਂ ਉਨ੍ਹਾਂ ਨੇ ‘ਵੋਹ ਕੋਨ ਥੀ’ ਫ਼ਿਲਮ ਦਾ ਸੰਗੀਤ ਰਚਿਆ। ਇਸ ਫ਼ਿਲਮ ਵਿੱਚ ਲਤਾ ਮੰਗੇਸ਼ਕਰ ਦੇ ਗਾਏ- ‘ਲਗ ਜਾ ਗਲੇ ਕਿ ਫਿਰ ਯੇਹ ਰਾਤ ਹੋ ਨਾ ਹੋ’, ‘ਜੋ ਹਮ ਨੇ ਦਾਸਤਾਨ ਆਪਣੀ ਸੁਣਾਈ ਤੋ ਆਪ ਕਿਉਂ ਰੋਏ’ ਗੀਤ ਪੂਰੀ ਤਰ੍ਹਾਂ ਹਿੱਟ ਗਏ।
ਜਦੋਂ ਭਾਰਤੀ ਸੰਗੀਤ ਉੱਪਰ  ਪੱਛਮੀ ਸੰਗੀਤ ਦਾ ਕਾਫ਼ੀ ਪ੍ਰਭਾਵ ਪੈ ਚੁੱਕਾ ਸੀ ਤਾਂ ਮਦਨ ਮੋਹਨ ਹੁਰਾਂ ਨੇ ਰਾਜਿੰਦਰ ਸਿੰਘ ਬੇਦੀ ਦੀ ਫ਼ਿਲਮ ਦਸਤਕ ਵਿੱਚ ਕਲਾਸੀਕਲ ਰਾਗਾਂ ’ਤੇ ਆਧਾਰਿਤ ਸੰਗੀਤ ਦੇ ਕੇ ਬੜੀ ਦਲੇਰੀ ਤੋਂ ਕੰਮ ਲਿਆ। ਇਹ ਫ਼ਿਲਮ ਬੇਦੀ ਹੁਰਾਂ ਦੀ ਉਰਦੂ ਜ਼ਬਾਨ ਵਿੱਚ ਲਿਖੀ ਹੋਈ ਕਹਾਣੀ ’ਤੇ ਆਧਾਰਿਤ ਸੀ। ਇਸ ਫ਼ਿਲਮ ਦੇ ਗੀਤਾਂ ਵਿੱਚ ਭਾਵੇਂ ਮਜਰੂਹ ਸੁਲਤਾਨਪੁਰੀ ਹੁਰਾਂ ਨੇ ਕਈ ਭਾਰੀ ਭਰਕਮ ਸ਼ਬਦ ਵਰਤੇ ਸਨ ਪਰ ਮਦਨ ਮੋਹਨ ਦੇ ਸੰਗੀਤ ਨੇ ਉਨ੍ਹਾਂ ਗੀਤਾਂ ਨੂੰ ਸਮਝਦਿਆਂ ਸਾਰੀਆਂ ਦਿੱਕਤਾਂ ਦੂਰ ਕਰ ਦਿੱਤੀਆਂ। ਮਜਰੂਹ ਸੁਲਤਾਨਪੁਰੀ ਹੁਰਾਂ ਦਾ ਇਹ ਗੀਤ ਬਹੁਤ ਮਕਬੂਲ ਹੋਇਆ:
ਹਮ ਹੈ ਮੱਤਾ ਕੂਚਾ-ਏ-ਬਾਜ਼ਾਰ ਕੀ ਤਰਹਾ
ਉਠਤੀ ਹੈ ਹਰ ਨਿਗਾਹ ਯਹਾਂ ਖ਼ਰੀਦਦਾਰ ਕੀ ਤਰਹਾ।
ਮਦਨ ਮੋਹਨ ਹੁਰਾਂ ਨਾਲ ਜੁੜੇ ਹੋਏ ਗੀਤਕਾਰਾਂ ਦੇ ਨਾਂ ਹਨ- ਰਾਜਾ ਮਹਿੰਦੀ ਅਲੀ ਖਾਂ, ਕੈਫੀ-ਆਜ਼ਮੀ, ਰਾਜਿੰਦਰ ਕ੍ਰਿਸ਼ਨ ਤੇ ਮਜਰੂਹ ਸੁਲਤਾਨਪੁਰੀ। ਰਾਜਾ ਮਹਿੰਦੀ ਹੁਰਾਂ 1962 ਵਿੱਚ ‘ਅਨਪੜ੍ਹ’ ਫ਼ਿਲਮ ਲਈ ਇੱਕ ਗੀਤ ਲਿਖ ਕੇ ਖ਼ੂਬ ਨਾਂ ਕਮਾਇਆ। ਉਹ ਗੀਤ ਸੀ ‘ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਲ ਮੁਝੇ’। 
ਹੀਰ ਰਾਂਝਾ ਫ਼ਿਲਮ ਦੇ ਗੀਤਾਂ ਨੇ ਮਦਨ ਮੋਹਨ ਹੁਰਾਂ ਦੀ ਗੁੱਡੀ ਸੱਤ ਅਸਮਾਨੇ ਚੜ੍ਹਾ ਦਿੱਤੀ। ਇਸ ਫ਼ਿਲਮ ਦੇ ਕੁਝ ਗੀਤਾਂ ਦੇ ਬੋਲ ਹਨ: ‘ਦੋ ਦਿਲ ਜੀਤੇ ਦੋ ਦਿਲ ਹਾਰੇ’, ‘ਮਿਲੋ ਨਾ ਤੁਮ ਤੋ ਹਮ ਘਬਰਾਏ’, ‘ਯੇਹ ਦੁਨੀਆ ਯੇਹ ਮਹਿਫ਼ਿਲ, ਮੇਰੇ ਕਾਮ ਕੀ ਨਹੀਂ’।
ਸਾਲ 1964 ਵਿੱਚ ਫ਼ਿਲਮ ਫੇਅਰ ਐਵਾਰਡ ਲਈ ਤਿੰਨ ਫ਼ਿਲਮਾਂ ਨਾਮਜ਼ਦ ਕੀਤੀਆਂ ਗਈਆਂ- ਇੱਕ ਸੀ ਮਦਨ ਮੋਹਨ ਹੁਰਾਂ ਦੀ ‘ਵੋਹ ਕੋਨ ਥੀ’, ਦੂਜੀ ਸੀ ਸ਼ੰਕਰ ਜੈ ਕਿਸ਼ਨ ਹੁਰਾਂ ਦੀ ‘ਸੰਗਮ’ ਤੇ ਤੀਜੀ ਸੀ ਲਕਸ਼ਮੀ ਕਾਂਤ ਪਿਆਰੇ ਲਾਲ ਹੁਰਾਂ ਦੀ ‘ਦੋਸਤੀ’।
 ਐਵਾਰਡ ਦੋਸਤੀ ਫ਼ਿਲਮ ਨੂੰ ਦਿੱਤਾ ਗਿਆ ਜੋ ਮਦਨ ਮੋਹਨ ਨਾਲ ਬੇਇਨਸਾਫ਼ੀ ਸੀ। ਫ਼ਿਲਮ ਦਸਤਕ ਦੇ ਸੰਗੀਤ ਕਰ ਕੇ ਮਦਨ ਮੋਹਨ ਨੂੰ 1971 ਵਿੱਚ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਮਦਨ ਮੋਹਨ ਹੁਰੀਂ 51 ਸਾਲਾਂ ਦੀ ਛੋਟੀ ਉਮਰ ਵਿੱਚ  ਵਿਛੋੜਾ ਦੇ ਗਏ। ਦਰਅਸਲ ਜ਼ਿੰਦਗੀ ਦੇ ਆਖਰੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਕਾਫ਼ੀ ਮਾਨਸਿਕ ਤਣਾਅ ਰਹਿਣ ਲੱਗ ਪਿਆ। ਫ਼ਿਲਮ ਇੰਡਸਟਰੀ ਵਿੱਚ ਚੋਟੀ ਦੇ ਹੀਰੋ ਆਪਣੀਆਂ ਫ਼ਿਲਮਾਂ ਲਈ ਆਪਣੀ ਹੀ ਪਸੰਦ ਦੇ ਸੰਗੀਤ ਨਿਰਦੇਸ਼ਕ ਚੁਣਦੇ ਸਨ। ਦਲੀਪ ਕੁਮਾਰ ਹੁਰੀ ਨੌਸ਼ਾਦ ਨੂੰ ਪਸੰਦ ਕਰਦੇ ਸਨ। ਰਾਜ ਕਪੂਰ ਸ਼ੰਕਰ ਜੈ ਕਿਸ਼ਨ ਨੂੰ ਤੇ ਦੇਵ ਆਨੰਦ ਐਸ.ਡੀ. ਬਰਮਨ ਨੂੰ। ਇਸ ਹਾਲਤ ਵਿੱਚ ਮਦਨ ਮੋਹਨ ਹੁਰੀਂ ਇਕੱਲੇ ਪੈਣ ਲੱਗ ਪਏ। ਬਸ ਫਿਰ ਕੀ ਸੀ? ਉਨ੍ਹਾਂ ਰੱਜ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਜਾਣ ਕਰ ਕੇ 14 ਜੁਲਾਈ 1975 ਵਿੱਚ ਚੱਲ ਵਸੇ। ਮਦਨ ਮੋਹਨ ਹੁਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤ ਸੰਜੀਵ ਕੋਹਲੀ ਨੇ ਆਪਣੇ ਪਿਤਾ ਦੇ ਸੰਗੀਤ ’ਚੋਂ ਲਗਪਗ 30 ਦੇ ਕਰੀਬ ਅਣਵਰਤੀਆਂ ਹੋਈਆਂ ਧੁਨਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ। ਉਨ੍ਹਾਂ ਵਿੱਚੋਂ ਕੁਝ ਧੁਨਾਂ ’ਤੇ ਆਧਾਰਿਤ ਗੀਤ ਯਸ਼ ਚੋਪੜਾ ਨੇ ਫ਼ਿਲਮ ‘ਵੀਰ ਜ਼ਾਰਾ’ ’ਚ ਪਾ ਲਏ ਤੇ ਬਾਕੀ ਧੁਨਾਂ ਨੂੰ ਤੇਰੇ ਬਗੈਰ ਨਾਂ ਦੀ ਇੱਕ ਐਲਬਮ ਰਾਹੀਂ ਰਿਲੀਜ਼ ਕਰਵਾਇਆ।
ਡਾ. ਕੇ. ਜਗਜੀਤ ਸਿੰਘ
ਸੰਪਰਕ: 098691-98317

Sunday 29 September 2013

ਲੋਹੜੀ


ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ, ਮਹੱਤਵਪੂਰਨ ਤੇ ਪ੍ਰਮੁੱਖ ਲੋਕ ਤਿਉਹਾਰ ਹੈ ਜੋ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਸੰਨ ਈਸਵੀ ਦੇ ਅਨੁਸਾਰ ਲੋਹੜੀ 12 ਜਾਂ 13 ਜਨਵਰੀ ਨੂੰ ਹੁੰਦੀ ਹੈ। ਜਿਹਨਾਂ ਘਰਾਂ ਵਿਚ ਮੁੰਡੇ ਨੇ ਜਨਮ ਲਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ ਉਹ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਲੋਹੜੀ ਮਨਾਉਂਦੇ ਹਨ। ਛੋਟੇ ਪਿੰਡਾਂ ਵਿਚ ਇਕ ਥਾਂ ਪਾਥੀਆਂ ਤੇ ਲੱਕੜਾਂ ਦਾ ਵੰਡਾ ਢੇਰ ਲਾ ਲੋਹੜੀ ਬਾਲੀ ਜਾਂਦੀ ਹੈ ਤੇ ਵੱਡੇ ਪਿੰਡਾਂ ਵਿਚ ਆਪੋ ਆਪਣੀਆਂ ਗਲੀਆਂ ਵਿਚ। ਕਈ ਵਾਰ ਖੁਸ਼ੀ ਵਾਲੇ ਘਰ ਦੇ ਬੂਹੇ ਅੱਗੇ ਸ਼ਗਨਾਂ ਦੀ ਲੋਹੜੀ ਬਾਲੀ ਜਾਂਦੀ ਹੈ, ਜਿਸ ਵਿਚ ਆਂਢ-ਗੁਆਂਢ, ਰਿਸ਼ਤੇਦਾਰ ਤੇ ਦੋਸਤ ਮਿੱਤਰ ਸ਼ਾਮਲ ਹੁੰਦੇ ਹਨ।

ਲੋਹੜੀ ਦੇ ਤਿਓਹਾਰ ਦੇ ਮੁੱਢ ਬਾਰੇ ਕਈ ਪ੍ਰਕਾਰ ਦੇ ਵਿਚਾਰ ਪ੍ਰਚੱਲਿਤ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਲੋਹੜੀ ਸ਼ਬਦ ਤਿਲ ਤੇ ਰੋੜੀ ਦੇ ਸੁਮੇਲ ਤੋਂ ਬਣਿਆ ਜਾਪਦਾ ਹੈ। ਇਸ ਤਿਉਹਾਰ ਸਮੇਂ ਲੋਕ ਤਿਲ ਤੇ ਗੁੜ (ਦੀ ਰੋੜੀ) ਖਾਂਦੇ ਤੇ ਵੰਡਦੇ ਹਨ। ਸ਼ਾਇਦ ਇਸ ਦਿਨ ਨੂੰ ਤਿਲ ਰੋੜੀ ਕਿਹਾ ਜਾਂਦਾ ਹੋਵੇ ਜੋ ਸਮਾਂ ਪਾ ਕੇ ਲੋਹੜੀ ਬਣ ਗਿਆ।
ਡਾ. ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵਤੇ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉ¤ਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਗਿਆਨੀ ਗੁਰਦਿੱਤ ਸਿੰਘ ਵੀ ਲੋਹੜੀ ਦਾ ਸਬੰਧ ਅਗਨੀ ਪੂਜਾ ਨਾਲ ਮੰਨਦੇ ਹਨ। ਕੁਝ ਹੋਰ ਵਿਦਵਾਨਾਂ ਦਾ ਵਿਚਾਰ ਹੈ ਕਿ ‘ਲੋਹੜੀ’ ਬੱਚੇ ਨੂੰ ਦਿੱਤੀ ਜਾਂਦੀ ‘ਲੋਰੀ’ ਦਾ ਹੀ ਦੂਜਾ ਵਿਗੜਿਆ ਰੂਪ ਹੈ।
ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਲੋਹੜੀ ਦਾ ਸਬੰਧ ਡੋਗਰੀ ਭਾਸ਼ਾ ਦੇ ਸ਼ਬਦ ‘ਲੋੜੀ’ ਨਾਲ ਵੀ ਹੋ ਸਕਦਾ ਹੈ ਜਿਸ ਦੇ ਅਰਥ ਹਨ ਮੰਗਣਾ ਜਾਂ ਲੈਣਾ।
ਕੁਝ ਹੋਰ ਲੋਕ ਲੋਹੜੀ ਸ਼ਬਦ ਦਾ ਨਿਕਾਸ ‘ਲੂਰੀ’ ਸ਼ਬਦ ਤੋਂ ਮੰਨਦੇ ਹਨ ਜਿਸ ਦਾ ਅਰਥ ਸਰਦੀ ਹੈ। ਅਵਤਾਰ ਸਿੰਘ ਦਲੇਰ ਦਾ ਵਿਚਾਰ ਹੈ ਕਿ ਲੋਹੜੀ ਦੀ ਕਹਾਣੀ ਲੋਹਣੀ ਦੇਵੀ ਨਾਲ ਸਬੰਧ ਰੱਖਦੀ ਹੈ, ਜਿਸ ਨੇ ਇਕ ਜ਼ਾਲਮ ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ‘ਲੋਹੜੀ’ ਸ਼ਬਦ ਲੋਹੜੀ ਵਾਸਤੇ ਵਰਤੀਆਂ ਜਾਂਦੀਆਂ ਵਸਤੂਆਂ ਲੱਕੜੀ, ਗੋਹੇ ਅਤੇ ਰਿਉੜੀ ਦੇ ਅੱਖਰ ਸੰਕੇਤਾਂ ਤੋਂ ਬਣਿਆ ਹੈ।
ਡਾ. ਨਵਰਤਨ ਕਪੂਰ ਦੇ ਵਿਚਾਰ ਇਸ ਤਰ੍ਹਾਂ ਹਨ:- ‘‘ਸਾਡਾ ਇਹ ਵਿਚਾਰ ਹੈ ਕਿ ‘ਲੋਹੜੀ’ ਸ਼ਬਦ ਦਾ ਨਿਕਾਸ ‘ਲੋਂਹਡੀ’ ਤੋਂ ਹੋਇਆ ਹੈ, ਹੌਲੀ ਹੌਲੀ ‘ਲੋਂਹਡੀ’ ਦੀ ਬਿੰਦੀ ਅਲੋਪ ਹੋ ਗਈ ਅਤੇ ਵੀ ੜ ਵਿਚ ਬਦਲ ਗਿਆ।’’
ਬਚਿੰਤ ਕੌਰ ਆਪਣੇ ਇਕ ਲੇਖ ਵਿਚ ਲਿਖਦੀ ਹੈ, ‘‘ਆਰੀਆ ਲੋਕ, ਪੋਹ-ਮਾਘ ਦੀ ਠੰਢ ਤੋਂ ਬਚਣ ਲਈ ਬੜੇ ਵੰਡੇ ਬਾਲਣ ਦੇ ਢੇਰ ਜੋੜਦੇ ਤੇ ਫਿਰ ਇਕੱਠਾਂ ਵਿਚ ਸ਼ਾਮਲ ਹੋ ਕੇ ਇਨ੍ਹਾਂ ਬਾਲਣ ਦੇ ਢੇਰਾਂ ਨੂੰ ਚੁਰਸਤਿਆਂ ਵਿਚ ਧੂਣੀ ਦੇ ਰੂਪ ਵਿਚ ਬਾਲਦੇ ਸਨ। ਇਸ ਰੁੱਤ ਦੇ ਘਰ ਆਏ ਨਵੇਂ ਅਨਾਜਾਂ ਤੋਂ ਪਕਵਾਨ ਤਿਆਰ ਕਰਦੇ ਅਤੇ ਧੂਣੀ ਦੁਆਲੇ ਦੋਸਤਾਂ-ਮਿੱਤਰਾਂ ਨਾਲ ਇਕੱਠਿਆਂ ਬੈਠ, ਇਨ੍ਹਾਂ ਸੁਆਦੀ ਖਾਣਿਆਂ ਦਾ ਆਨੰਦ ਮਾਣਦੇ ਸਨ। ਇਉਂ ਇਸ ਗੀਤ ਠੰਢ ਤੋਂ ਬਚਣ ਲਈ ਕੀਤੇ ਜਾਂਦੇ ਉਪਾਅ ਇਸ ਉਤਸਵ ਦਾ ਬਦਲਿਆ ਰੂਪ ਹੀ ‘ਲੋਹੜੀ’ ਦਾ ਤਿਉਹਾਰ ਬਣ ਗਿਆ।’’ ਇਸ ਤਰ੍ਹਾਂ ਵੱਖ ਵੱਖ ਵਿਦਵਾਨਾਂ ਵੱਲੋਂ ਬਹੁਤ ਸਾਰੀਆਂ ਅਟਕਲ ਪੱਚੂ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਜਿਸ ਕਾਰਨ ਲੋਹੜੀ ਦੇ ਤਿਉਹਾਰ ਦੇ ਨਾਮਕਰਨ ਬਾਰੇ ਕੋਈ ਵੀ ਅੰਤਿਮ ਫੈਸਲਾ ਕਰਨਾ ਮੁਸ਼ਕਿਲ ਹੈ।
ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਲੋਹੜੀ ਦੇ ਤਿਉਹਾਰ ਦਾ ਸਬੰਧ ਸੂਰਜ ਦੇਵਤਾ ਤੇ ਅਗਨੀ ਪੂਜਾ ਨਾਲ ਹੀ ਹੈ। ਪੁਰਾਣੇ ਸਮਿਆਂ ਵਿਚ ਮਨੁੱਖ ਲਈ ਸਭ ਤੋਂ ਵੱਡੀ ਲੋੜ ਅੱਗ ਸੀ। ਅੱਜ ਤੋਂ ਛੇ ਸੱਤ ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪੇਂਡੂ ਘਰਾਂ ਵਿਚ ਦੀਆ ਸਲਾਈ (ਮਾਚਸ) ਦੀ ਵਰਤੋਂ ਆਮ ਨਹੀਂ ਸੀ। ਲੋਕ ਚੁੱਲ੍ਹੇ ਦੀ ਸੁਆਹ ਵਿਚ ਧੁਖਦੀ ਹੋਈ ਪਾਥੀ ਦੱਬ ਕੇ ਅੱਗ ਸਾਂਭ ਲੈਂਦੇ ਸਨ ਤੇ ਸਵੇਰੇ ਪਾਥੀ ਤੋਂ ਸਵਾਹ ਝਾੜ ਕੇ ਉਸ ਨੂੰ ਫਿਰ ਭਖਾ ਕੇ ਅੱਗ ਬਾਲ ਲੈਂਦੇ ਸਨ। ਪਰ ਕਈ ਵਾਰ ਸਰਦੀਆਂ ਜਾਂ ਬਰਸਾਤ ਦੇ ਦਿਨਾਂ ਵਿਚ ਚੁੱਲ੍ਹੇ ਵਿਚ ਸਾਂਭੀ ਅੱਗ ਬੁਝ ਜਾਂਦੀ ਤਾਂ ਆਂਢ ਗੁਆਂਢ ਤੋਂ ਅੱਗ ਮੰਗ ਕੇ ਕੰਮ ਸਾਰਨਾ ਪੈਂਦਾ ਜੋ ਕਿ ਬਦਸਗਨੀ ਸਮਝੀ ਜਾਂਦੀ ਸੀ ਤੇ ਸਮਝਿਆ ਜਾਂਦਾ ਸੀ ਕਿ ਅਜਿਹਾ ਕਾਰਨ ਨਾਲ ਸੂਰਜ ਦੇਵਤਾ ਤੇ ਅਗਨੀ ਦੇਵਤਾ ਨਰਾਜ਼ ਹੋ ਜਾਂਦੇ ਸਨ। ਇਸ ਲਈ ਪਿੰਡ ਵਿਚ ਸਾਂਝੇ ਤੌਰ ਤੇ ਵੱਡੇ ਆਕਾਰ ਦੀ ਅਗਨੀ ਬਾਲੀ ਜਾਂਦੀ ਸੀ। ਅਜਿਹਾ ਕਰਨ ਨਾਲ ਅਗਨੀ ਪੂਜਾ ਵੀ ਹੋ ਜਾਂਦੀ ਤੇ ਭਾਈਚਾਰੇ ਦੀ ਸਾਂਝ ਵੀ ਹੋਰ ਪਕੇਰੀ ਹੋ ਜਾਂਦੀ। ਲੋਕਾਂ ਦਾ ਵਿਸ਼ਵਾਸ ਸੀ ਕਿ ਇਸ ਸਾਂਝੀ ਅੱਗ ਨੂੰ ਜੇ ਚੁੱਲ੍ਹੇ ਵਿਚ ਰੱਖਿਆ ਜਾਵੇ ਤਾਂ ਘਰ ਵਿਚ ਬਰਕਤ ਰਹਿੰਦੀ ਹੈ ਤੇ ਅੰਨ ਦੀ ਕਦੇ ਤੋਟ ਨਹੀਂ ਰਹਿੰਦੀ। ਇਸੇ ਲਈ ਹੀ ਸਵਾਣੀਆਂ ਇਸ ਸਾਂਝੀ ਅੱਗ ਨੂੰ ਚੁੱਲ੍ਹੇ ਵਿਚ ਦੱਬ ਕੇ ਸਾਂਭ ਲੈਂਦੀਆਂ ਸਨ। ਹੌਲੀ ਹੌਲੀ ਇਹ ਸਾਂਝੀ ਅੱਗ ਬਾਲਣ ਦੀ ਪ੍ਰਥਾ ਲੋਹੜੀ ਦੇ ਤਿਓਹਾਰ ਵਿਚ ਬਦਲ ਗਈ।
ਪੁਰਾਣੇ ਸਮਿਆਂ ਵਿਚ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਸਨ। ਨਿੱਕੇ ਨਿੱਕੇ ਮੁੰਡੇ ਤੇ ਕੁੜੀਆਂ ਢਾਣੀਆਂ ਬਣਾ ਕੇ ਹਰ ਰੋਜ਼ ਸ਼ਾਮ ਨੂੰ ਘਰ ਘਰ ਜਾ ਕੇ ਲੱਕੜੀਆਂ ਤੇ ਪਾਥੀਆਂ ਮੰਗਦੇ ਤੇ ਇਕ ਥਾਂ ਇਕੱਠੀਆਂ ਕਰੀ ਜਾਂਦੇ। ਲੋਹੜੀ ਲਈ ਬਾਲਣ ਮੰਗਣਾ ਲਾਰਾ ਸਮਝਿਆ ਜਾਂਦਾ ਸੀ, ਖੈਰਾਤ ਨਹੀਂ। ਲੋਹੜੀ ਮੰਗਣ ਆਏ ਬੱਚਿਆਂ ਨੂੰ ਖਾਲੀ ਮੋੜਨਾ ਬਦਸਗਨੀ ਸਮਝਿਆ ਜਾਂਦਾ ਸੀ, ਜਿਹਨਾਂ ਘਰਾਂ ਵਿਚ ਉਸ ਸਾਲ ਕੋਈ ਮੌਤ ਹੁੰਦੀ, ਉਹਨਾਂ ਘਰਾਂ ਤੋਂ ਲੋਹੜੀ ਨਹੀਂ ਸੀ ਮੰਗੀ ਜਾਂਦੀ। ਬੱਚੇ ਗੀਤ ਗਾ ਗਾ ਕੇ ਲੋਹੜੀ ਲਈ ਬਾਲਣ ਮੰਗਦੇ:-
ਜਿਹੜਾ ਦੇਸੀ ਗੋਹਿਆ, ਗੋਹਿਆ, ਉਹ ਖਾਸੀ ਖੋਇਆ, ਖੋਇਆ।
ਜਿਹੜਾ ਦੇਸੀ ਲੱਕੜ, ਲੱਕੜ, ਉਹ ਖਾਸੀ ਸ਼ੱਕਰ, ਸ਼ੱਕਰ।
ਜਾਂ
ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜ੍ਹੇਗਾ ਹਾਥੀ।
ਚਾਰ ਕੁ ਦਾਣੇ ਖਿੱਲਾਂ ਦੇ, ਪਾਥੀ ਲੈ ਕੇ ਹਿੱਲਾਂਗੇ।
ਜੇ ਕੋਈ ਬਾਲਣ ਦੇਣ ਵਿਚ ਦੇਰੀ ਕਰਦਾ ਤਾਂ ਕੁੜੀਆਂ ਦੀ ਟੋਲੀ ’ਚੋਂ ਕੋਈ ਕੁੜੀ ਨਿਹੋਰਾ ਦੇ ਕੇ ਕਹਿੰਦੀ:-
ਸਾਡੇ ਪੈਰਾਂ ਹੇਠ ਸਲਾਈਆਂ। ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਮੁੰਡੇ ਵੀ ਪਿੱਛੇ ਨਾ ਰਹਿੰਦੇ-
ਸਾਡੇ ਪੈਰਾਂ ਹੇਠ ਰੋੜ। ਸਾਨੂੰ ਛੇਤੀ ਛੇਤੀ ਤੋਰ।
ਜੇ ਕੋਈ ਕੰਜੂਸ ਘਰ ਬਾਲਣ ਦੇਣ ਤੋਂ ਟਾਲ ਮਟੋਲ ਕਰਦਾ ਤਾਂ ਬੱਚਿਆਂ ਦੀਆਂ ਟੋਲੀਆਂ ਮਿਹਣਾ ਮਾਰ ਕੇ ਕਹਿੰਦੀਆਂ-
ਹੁੱਕਾ ਭਈ ਹੁੱਕਾ। ਇਹ ਘਰ ਭੁੱਖਾ।
ਜੇ ਅਜਿਹਾ ਹੀ ਕੋਈ ਕੰਜੂਸ ਘਰ ਘੱਟ ਲੋਹੜੀ ਦੇ ਕੇ ਬੱਚਿਆਂ ਨੂੰ ਟਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਬੱਚੇ ਉ¤ਚੀ ਉ¤ਚੀ ਬੋਲ ਕੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਅਗਲੇ ਘਰ ਵੱਲ ਤੁਰ ਪੈਂਦੇ:-
ਭੁੱਖੇ ਲੰਬੜਾਂ ਨੇ ਦਿੱਤੀ ਇਕ ਪਾਥੀ, ਗੀਤ ਸਾਥੋਂ ਸਭ ਸੁਣ ਲਏ..
ਜਿਨ੍ਹਾਂ ਘਰਾਂ ਵਿਚ ਮੁੰਡੇ ਨੇ ਜਨਮ ਲਿਆ ਹੁੰਦਾ ਜਾਂ ਮੁੰਡੇ ਦਾ ਵਿਆਹ ਹੋਇਆ ਹੁੰਦਾ, ਉਨ੍ਹਾਂ ਘਰਾਂ ਦੀਆਂ ਔਰਤਾਂ ਲੋਹੜੀ ਤੋਂ ਕਈ ਕਈ ਦਿਨ ਪਹਿਲਾਂ ਨਵੇਂ ਨਵੇਂ ਸੂਟ ਪਹਿਨ ਕੇ, ਬਣ ਬਣ ਕੇ, ਪਿੰਡ ਵਿਚ ਗੁੜ ਵੰਡਦੀਆਂ। ਇਕ ਔਰਤ ਦੇ ਸਿਰ ਉਪਰ ਗੁੜ ਨਾਲ ਭਰੀ ਪਰਾਂਤ ਰੱਖੀ ਜਾਂਦੀ ਤੇ ਨਾਲ ਨਾਲ ਦੂਸਰੀਆਂ ਔਰਤਾਂ ਗੀਤ ਗਾਉਂਦੀਆਂ ਤੇ ਹੱਸਦੀਆਂ ਖੇਡਦੀਆਂ ਤੁਰੀਆਂ ਜਾਂਦੀਆਂ।
ਲੋਹੜੀ ਵਾਲੇ ਦਿਨ ਸ਼ਾਮ ਨੂੰ ਪਿੰਡ ਦੇ ਲੋਕ ਦਰਵਾਜ਼ੇ ਜਾਂ ਸੱਥ ਵਿਚ ਇਕੱਠੇ ਹੋ ਜਾਂਦੇ। ਜਿਹਨਾਂ ਘਰਾਂ ਵਿਚ ਮੁੰਡੇ ਜੰਮੇ ਹੁੰਦੇ ਉਹ ਗੁੜ ਦੀਆਂ ਭੇਲੀਆਂ ਲੈ ਕੇ ਉਥੇ ਪਹੁੰਚ ਜਾਂਦੇ। ਜਦੋਂ ਸਾਰੇ ਘਰਾਂ ਤੋਂ ਭੇਲੀਆਂ ਪਹੁੰਚ ਜਾਂਦੀਆਂ ਤਾਂ ਭੇਲੀਆਂ ਨੂੰ ਭੰਨ ਕੇ ਨਿੱਕੀਆਂ ਨਿੱਕੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ। ਫਿਰ ਇਹ ਸਾਂਝੀਆਂ ਵਧਾਈਆਂ ਦਾ ਗੁੜ ਇਕੱਠੇ ਹੋਏ ਲੋਕਾਂ ਵਿਚ ਇਕੋ ਜਿਹਾ ਵੰਡ ਦਿੱਤਾ ਜਾਂਦਾ।
ਜਿਹਨਾਂ ਘਰਾਂ ਵਿਚ ਮੁੰਡੇ ਜੰਮੇ ਹੁੰਦੇ ਨੰਨ੍ਹੇ ਮੁੰਨੇ ਬੱਚੇ ਟੋਲੀਆਂ ਬਣਾ ਕੇ ਉਹਨਾਂ ਘਰਾਂ ਵਿਚੋਂ ਗੁੜ ਮੰਗਦੇ। ਦਿਨ ਖੜ੍ਹੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ। ਕਈਆਂ ਨੇ ਚੁੰਨੀਆਂ, ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ, ਕਈਆਂ ਨੇ ਬੋਰੀਆਂ ਚੁੱਕੀਆਂ ਹੁੰਦੀਆਂ। ਉਹ ਘਰ ਮੂਹਰੇ ਖੜ੍ਹੇ ਹੋ ਕੇ ਸਮੂਹਿਕ ਰੂਪ ਵਿਚ ਗੀਤ ਗਾ ਕੇ ਗੁੜ ਮੰਗਦੇ:-
ਲੋਹੜੀ ਬਈ ਲੋਹੜੀ। ਦਿਓ ਗੁੜ ਦੀ ਰੋੜੀ ਬਈ ਰੋੜੀ।
ਜੇ ਕੋਈ ਘਰ ਗੁੜ ਦੇਣ ਵਿਚ ਦੇਰੀ ਕਰਦਾ ਤਾਂ ਬੱਚੇ ਇਹ ਟੱਪਾ ਗਾਉਣਾ ਸ਼ੁਰੂ ਕਰ ਦਿੰਦੇ-
ਤਾਣਾ ਬਈ ਤਾਣਾ, ਅਸੀਂ ਗੁੜ ਲੈ ਕੇ ਜਾਣਾ।
ਜੇ ਕੋਈ ਸੁਆਣੀ ਬੂਹਾ ਨਾ ਖੋਲ੍ਹਦੀ ਬੱਚੇ ਉ¤ਚੀ ਸੁਰ ਵਿਚ ਟੱਪਾ ਗਾਉਣ ਲੱਗਦੇ:-
ਅੰਦਰੋਂ ਭਾਂਡੇ ਨਾ ਖੜਕਾ। ਲੋਹੜੀ ਸਾਡੇ ਹੱਥ ਫੜਾ।
ਘਰ ਦੀ ਵੱਡੀ ਸੁਆਣੀ ਆਪਣੇ ਹੱਥਾਂ ਨਾਲ ਨਵਜਾਤ ਦੀ ਲੋਹੜੀ ਵੰਡਦੀ। ਬੱਚੇ ਆਪਣੀ ਝੋਲੀ ਵਿਚ ਗੁੜ ਪੁਆ ਕੇ ਲੋਹੜੀ ਮੰਗਣ ਲਈ ਅਗਲੇ ਘਰ ਵੱਲ ਦੁੜੰਗੇ ਲਾਉਂਦੇ ਹੋਏ ਤੁਰ ਪੈਂਦੇ। ਵਧਾਈ ਵਾਲੇ ਨਵੇਂ ਘਰ ਪਹੁੰਚ ਕੇ ਉਹ ਆਪਣੀਆਂ ਤੋਤਲੀਆਂ ਆਵਾਜ਼ਾਂ ਵਿਚ ਗਾਉਂਦੇ:-
ਕੋਠੀ ਹੇਠ ਚਾਕੂ, ਗੁੜ ਦੇਊ ਮੁੰਡੇ ਦਾ ਬਾਪੂ।
ਕੋਠੀ ਉ¤ਤੇ ਕਾਂ, ਗੁੜ ਦੇਊ ਮੁੰਡੇ ਦੀ ਮਾਂ।
ਕੁਝ ਦੇਰ ਰੁਕ ਕੇ ਕੋਈ ਮੁੰਡਾ ਨਵਾਂ ਟੱਪਾ ਸ਼ੁਰੂ ਕਰ ਲੈਂਦਾ-
ਵਿਹੜੇ ਵਿਚ ਛਾਬਾ, ਗੁੜ ਵੰਡੇ ਮੁੰਡੇ ਦਾ ਬਾਬਾ…
ਕੁੜੀਆਂ ਮੁੰਡਿਆਂ ਨਾਲੋਂ ਵੱਖਰੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਦੀਆਂ
ਤਿਲ ਚੌਲੀਏ ਨੀ, ਗੀਗਾ ਮੌਲੀਏ ਨੀ।
ਗੀਗਾ ਜੰਮਿਆ ਨੀ ਗੁੜ ਵੰਡਿਆ ਨੀ।
ਉਹ ਬੜੇ ਸਲੀਕੇ ਨਾਲ ਨਵਜਨਮੇ ਬੱਚੇ ਨੂੰ ਅਸੀਸਾਂ ਦੇ ਕੇ ਲੋਹੜੀ ਮੰਗਦੀਆਂ-
ਗੁੜ ਦੀਆਂ ਰੋੜੀਆਂ, ਭਰਾਵਾਂ ਦੀਆਂ ਜੋੜੀਆਂ।
ਗੀਗਾ ਆਪ ਜੀਵੇਗਾ, ਮਾਈ ਬਾਪ ਜੀਵੇਗਾ।
ਸਹੁਰਾ ਸਾਕ ਜੀਵੇਗਾ, ਜੀਵੇਗਾ ਬਈ ਜੀਵੇਗਾ…
ਕੰਮੀਆਂ ਦੀਆਂ ਕੁੜੀਆਂ ਵੱਖਰੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਦੀਆਂ। ਉਹਨਾਂ ਨੂੰ ਹਰੇਕ ਘਰ ਗੁੜ ਦੀ ਪੂਰੀ ਭੇਲੀ ਦਿੰਦਾ। ਬੱਚੇ ਇਸ ਤਰ੍ਹਾਂ ਲੋਹੜੀ ਮੰਗ ਕੇ ਦਸ ਬਾਰਾਂ ਸੇਰ ਗੁੜ ਇਕੱਠਾ ਕਰ ਲੈਂਦੇ ਸਨ।
ਅਕਬਰ ਦੇ ਰਾਜ ਕਾਲ ਸਮੇਂ ਹੋਏ ਇਕ ਵੀਰ ਨਾਇਕ ਦੁੱਲਾ ਭੱਟੀ ਦਾ ਪ੍ਰਸੰਗ ਵੀ ਲੋਹੜੀ ਦੇ ਤਿਉਹਾਰ ਨਾਲ ਜੋੜਿਆ ਜਾਂਦਾ ਹੈ। ਜਿਸ ਨੇ ਇਕ ਗਰੀਬ ਬ੍ਰਾਹਮਣ ਦੀਆਂ ਦੋ ਸੁੰਦਰ ਧੀਆਂ ਸੁੰਦਰੀ, ਮੁੰਦਰੀ ਦਾ ਧਰਮ ਪਿਤਾ ਬਣ ਕੇ ਕੰਨਿਆ ਦਾਨ ਕੀਤਾ ਸੀ। ਲੋਹੜੀ ਦੇ ਦਿਨ ਨੰਨੇ ਮੁੰਨੇ ਬੱਚੇ ਗੀਤ ਗਾ ਕੇ ਉਸ ਘਟਨਾ ਦੀ ਯਾਦ ਤਾਜ਼ਾ ਕਰ ਦਿੰਦੇ ਹਨ:
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ…
ਲੋਹੜੀ ਵਾਲੇ ਦਿਨ, ਦਿਨ ਛਿਪੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਕੇ ਗਲੀ ਵਿਚ ਢੁਕਵੀਂ ਥਾਂ ਤੇ ਲੋਹੜੀ ਬਾਲਦੇ। ਕਈ ਵਾਰ ਖੁਸ਼ੀ ਵਾਲੇ ਘਰ ਦੇ ਬੂਹੇ ਅੱਗੇ ਲੋਹੜੀ ਬਾਲੀ ਜਾਂਦੀ ਤੇ ਗੁੜ, ਦਾਣੇ, ਚਿੜਵੇ, ਲੱਡੂ, ਪਤਾਸੇ, ਪੰਜੀਰੀ, ਮੂੰਗਫਲੀ, ਰਿਓੜੀਆਂ ਆਦਿ ਵੰਡੇ ਜਾਂਦੇ.. ਸਾਰੇ ਰਲ ਮਿਲ ਕੇ ਅੱਗ ਸੇਕਦੇ ਤੇ ਔਰਤਾਂ ਆਪਣੀਆਂ ਮਧੁਰ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਗਾਉਂਦੀਆਂ। ਮੰਤਰ ਨੁਮਾ ਪੰਕਤੀਆਂ ਮੂੰਹ ਵਿਚ ਗੁਣ ਗੁਣਾ ਕੇ ਸਤਨਾਜਾ ਜਾਂ ਕੁਝ ਹੋਰ ਵਸਤੂ ਧੂਣੀ ਦੀ ਭੇਂਟ ਕੀਤੀਆਂ ਜਾਂਦੀਆਂ-
ਈਸਰ ਆਏ ਦਲਿੱਦਰ ਜਾਏ।
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।
ਜਠਾਣੀ ਆਪਣੇ ਹੱਥੀਂ ਤਿਲ, ਚਿੜਵੇ ਲੋਹੜੀ ਦੀ ਅੱਗ ਵਿਚ ਸੁੱਟ ਕੇ ਦਰਾਣੀ-ਜਠਾਣੀ ਦੇ ਪਿਆਰ ਨੂੰ ਕਾਇਮ ਰੱਖਣ ਦੀ ਕਾਮਨਾ ਕਰਦੀ ਤੇ ਦਰਾਣੀ ਲਈ ਵਰ ਮੰਗਦੀ..
ਜਿਤਨੇ ਜਠਾਣੀ ਤਿਲ ਸੁੱਟਗੀ,
ਉਤਨੇ ਦਰਾਣੀ ਪੁੱਤ ਜੰਮੇਂਗੀ।
ਲੋਹੜੀ ਨੂੰ ਦੇਵੀ ਮੰਨ ਕੇ ਪੂਜਾ ਕੀਤੀ ਜਾਂਦੀ। ਨਵ-ਵਿਆਹੀਆਂ ਵਹੁਟੀਆਂ ਧੂਣੀ ਦੀ ਪਰਕਰਮਾ ਕਰਕੇ ਪੁੱਤਰ ਪ੍ਰਾਪਤੀ ਲਈ ਸੁੱਖਣਾਂ ਸੁੱਖਦੀਆਂ। ਜੇ ਪੁੱਤਰ ਦੀ ਸੁੱਖ ਪੂਰੀ ਜਾਂਦੀ ਤਾਂ ਅਗਲੇ ਸਾਲ ਲੋਹੜੀ ਦੇਵੀ ਨੂੰ ਚਰਖਾ ਭੇਂਟ ਕੀਤਾ ਜਾਂਦਾ ਜੋ ਹੋਰ ਬਾਲਣ ਸਮੇਤ ਅੱਗ ਵਿਚ ਸੁੱਟ ਦਿੱਤਾ ਜਾਂਦਾ। ਧੂਣੀ ਦੀ ਪਰਕਰਮਾ ਕਰਕੇ ਅਗਨੀ ਦੇਵਤੇ ਨੂੰ ਗੁੜ, ਚਿੜਵੇ ਤੇ ਦਾਣੇ ਆਦਿ ਭੇਂਟ ਕੀਤੇ ਜਾਂਦੇ ਤੇ ‘ਅਗਨੀ ਦੇਵਤਾ ਮਿਹਰ ਕਰੀਂ, ਅਗਨੀ ਅਗਨੀ ਦੇਵਤਾ ਮਿਹਰ ਕਰੀ’ ਦਾ ਜਾਪ ਕੀਤਾ ਜਾਂਦਾ। ਨਵ ਜੰਮੇ ਬੱਚਿਆਂ ਨੂੰ ਗੋਦੀ ਚੁੱਕ ਕੇ ਲੋਰੀਆਂ ਦਿੱਤੀਆਂ ਜਾਂਦੀਆਂ ਤੇ ਔਰਤਾਂ ਸਮੂਹਿਕ ਰੂਪ ਵਿਚ ਗੀਤ ਗਾਉਣਾ ਸ਼ੁਰੂ ਕਰ ਦਿੰਦੀਆਂ-
ਹਰਿਆ ਨੀ ਮਾਏ, ਹਰਿਆ ਨੀ ਭੈਣੇ,
ਹਰਿਆ ਤੇ ਭਾਗੀਂ ਭਰਿਆ ਨੀ ਹਾਂ।
ਜਿਸ ਦਿਹਾੜੇ ਮੇਰਾ ਹਰਿਔਰਾ ਜੰਮਿਆ,
ਸੋਈ ਦਿਹਾੜਾ ਭਾਗੀਂ ਭਰਿਆ ਨੀ ਹਾਂ…
ਇਸ ਸਮੇਂ ‘‘ਘੋੜੀਆਂ’’ ਵੀ ਗਾਈਆਂ ਜਾਂਦੀਆਂ-
ਪੇਠਾ, ਨੀ ਪੇਠਾ ਸਈਓ, ਪੇਠਾ, ਪੇਠੜਾ ਪੇਠਾ,
ਨੀ ਪੁੱਤਰ ਜੰਮੇ ਜੇਠੜਾ ਜੇਠਾ,
ਵੇ ਅੱਜ ਅੰਨਦੜਾ ਗੁੜ ਮਿੱਠੜਾ,
ਵੇ ਅੱਜ ਤੇਰੇ ਬਾਬੇ ਦਾ ਘਰ ਡਿੱਠੜਾ..
ਮੁੰਡੇ ਲੋਹੜੀ ਦੀ ਧੂਣੀ ਵਿਚ ਗੰਨੇ ਨੂੰ ਭੁੰਨ ਕੇ ਕੰਧਾਂ ਅਤੇ ਧਰਤੀ ਤੇ ਮਾਰਦੇ। ਪਟਾਕੇ ਵਰਗੀ ਜ਼ੋਰਦਾਰ ਆਵਾਜ਼ ਉਤਪੰਨ ਹੁੰਦੀ ਤੇ ਸਾਰਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਲੋਹੜੀ ਦੇ ਇਸ ਸੁਹਾਵਣੇ ਦ੍ਰਿਸ਼ ਬਾਰੇ ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ ‘ਬਾਰਾਮਾਹ’ ਵਿਚ ਇਉਂ ਲਿਖਦਾ ਹੈ:
ਮੁੰਡਿਆਂ, ਕੁੜੀਆਂ ’ਕੱਠਾ ਕੀਤਾ,
ਮੰਗ ਮੰਗ ਲੋਹੜੀ ਦਾ ਸਰਮਾਇਆ।
ਲੰਕੜੀ, ਗੋਹਾ ਜਗੀ ਜੁਆਲਾ,
ਗੰਨੇ ਗਰਮ ਪਟਾਕਾ ਪਾਇਆ।
ਸੁਖਣਾਂ ਵਾਲੀਆਂ ਚਰਖੇ ਚਾੜ੍ਹੇ,
ਤਿਲ ੜਿਵੇ ਸੁੱਟ ਸ਼ਗਨ ਮਨਾਏ।
ਪੁੱਤਰਾਂ ਵਾਲਿਆਂ ਲੋਹੜੀ ਵੰਡੀ,
ਗੁੜ ਫੁੱਲੇ ਘਰ ਘਰ ਪਹੁੰਚਾਏ।
ਲੋਹੜੀ ਦੀ ਲਟ ਲਟ ਬਲਦੀ ਧੂਣੀ ਦੀਆਂ ਲਪਟਾਂ ਮੱਠੀਆਂ ਪੈਣ ਲੱਗਦੀਆਂ ਤਾਂ ਲੋਹੜੀ ਦੁਆਲੇ ਬੈਠੀਆਂ ਔਰਤਾਂ ਤੇ ਮੁਟਿਆਰਾਂ ਮਧੁਰ ਤੇ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਤੇ ਘੋੜੀਆਂ ਗਾਉਣੋਂ ਹਟ ਜਾਂਦੀਆਂ ਤੇ ਮੁਟਿਆਰਾਂ ਗਿੱਧੇ ਪਾ ਪਾ ਕੇ ਧਮਾਕਾ ਪਾਉਣੀਆਂ ਸ਼ੁਰੂ ਕਰ ਦਿੰਦੀਆਂ। ਭਾਂਤ ਸੁਵੰਤੀਆਂ ਬੋਲੀਆਂ ਰੰਗ ਬੰਨ੍ਹ ਦਿੰਦੀਆਂ। ਇਸ ਖੁਸ਼ੀ ਭਰੇ ਮੌਕੇ ਮਾਹੀ ਦੇ ਵਸਲ ਲਈ ਤਰਸਦੀ ਕਿਸੇ ਵਿਯੋਗਣ ਦੇ ਦਿਲ ਵਿਚੋਂ ਹੂਕ ਨਿਕਲ ਜਾਂਦੀ:
ਪੋਹ ਦੇ ਮਹੀਨੇ ਜੀ ਘਰ ਲੋਹੜੀ ਆਈ,
ਜਿਨਾ ਘਰ ਲਾਲ ਤਿਨਾ ਤਿਰਚੌਲੀ ਪਾਈ,
ਘਾਹੀ ਜਿਨ੍ਹਾ ਦੇ ਪ੍ਰਦੇਸ ਤਿਨਾਂ ਚਿੱਤ ਨਾ ਭਾਈ..
ਜਾਂ
ਪੋਹ ਦਾ ਮਹੀਨਾ ਨੀ ਮਾਂ, ਕੋਈ ਪਾਲੇ ਪੈਂਣ ਡਾਢੇ,
ਲੋਹੀ ਕਿਹਦੀ ਬਾਲਾਂ ਨੀ ਮਾਂ ਦੁੱਖ ਨਾ ਜਾਣੇ ਸਾਡੇ..
ਖੁਸ਼ੀ ਵਾਲੇ ਘਰਾਂ ਵਿਚ ਸ਼ਰਾਬ ਦੀਆਂ ਮਹਿਫਲਾਂ ਸਜਦੀਆਂ। ਪੀਤੇ ਬਿਨਾਂ ਖੁਸ਼ੀ ਅਧੂਰੀ ਮਹਿਸੂਸ ਕੀਤੀ ਜਾਂਦੀ। ਢੋਲ ਦੇ ਤਾਲ ਤੇ ਗੱਭਰੂ ਭੰਗੜਾ ਪਾ ਪਾ ਕੇ ਖੁਸ਼ੀ ਮਨਾਉਂਦੇ। ਬਜ਼ੁਰਗ ਨੋਟ ਵਾਰ ਵਾ ਵਾਰ ਕੇ ਮੀਂਹ ਵਰ੍ਹਾ ਦਿੰਦੇ। ਬੱਕਰੇ ਬੁਲਾਉਂਦੇ ਕਈ ਵਾਰ ਇਕ ਦੂਜੇ ਨਾਲ ਖਹਿਬੜ ਕੇ ਸਿੰਗ ਫਸਾ ਲੈਂਦੇ। ਲੋਹੜੀ ਵਾਲੇ ਦਿਨ ਗੰਨੇ ਦੇ ਰਸ ਵਾਲੀ, ਖੀਰ ਖਾਣਾ ਸਿਹਤ ਲਈ ਤੇ ਰਿਜ਼ਕ ਦੇਵਤੀ ਦੀ ਮਿਹਰ ਲਈ ਸ਼ੁਭ ਮੰਨਿਆ ਜਾਂਦਾ ਸੀ। ਇਸ ਲਈ ਲੋਕ ਗੰਨੇ ਦੇ ਰਸ ਤੋਂ ਤਿਆਰ ਕੀਤੀ ਹੋਈ ਖੀਰ ਨੂੰ ਗਰੀਬ ਗੁਰਬਿਆਂ ਵਿਚ ਵੰਡਦੇ ਸਨ। ਤਿਲਾਂ ਦੇ ਲੱਡੂ ਬਣਾ ਕੇ ਵੀ ਖਾਧੇ ਜਾਂਦੇ ਸਨ।
ਪੰਜਾਬ ਅੰਦਰ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੱਕ ਲੋਹੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਰਿਹਾ ਹੈ। ਪਰ ਉਸ ਤੋਂ ਮਗਰੋਂ ਇਹ ਉਤਸ਼ਾਹ ਦਿਨੋਂ ਦਿਨ ਮੱਠਾ ਪੈਂਦਾ ਗਿਆ। ਸ਼ਹਿਰਾਂ ਵਿਚ ਬਾਲਣ ਦੀ ਕਮੀ ਕਾਰਨ ਲੋਕ ਪਹਿਲਾਂ ਵਾਂਗ ਲੋਹੜੀ ਮਨਾਉਣੋਂ ਹਟ ਗਏ ਤੇ ਪਿੰਡਾਂ ਵਿਚ ਵੀ ਮਾਹੌਲ ਸੁਖਾਵਾਂ ਨਾ ਰਹਿਣ ਕਾਰਨ ਸਾਂਝੀ ਲੋਹੜੀ ਆਪਣੀ ਪਹਿਲਾਂ ਵਾਲੀ ਚਮਕ ਗੁਆ ਬੈਠੀ। ਹੁਣ ਲੋਹੜੀ ਦੇ ਤਿਉਹਾਰ ਨੂੰ ਪੈਲਸਾਂ ਵਿਚ ਮਨਾਉਣ ਦਾ ਰਿਵਾਜ ਦਿਨੋਂ ਦਿਨ ਵੱਧ ਰਿਹਾ ਹੈ। ਲੋਹੜੀ ਦੀ ਰਾਤ ਨੂੰ ਹੁਣ ਟੁਣਕਦੇ ਲੰਮੀਆਂ ਹੇਕਾਂ ਵਾਲੇ ਗੀਤ ਸੁਣਾਈ ਨਹੀਂ ਦਿੰਦੇ। ਉਹਨਾਂ ਦੀ ਥਾਂ ਪੈਲਸਾਂ ਵਿਚ ਡੀ. ਜੇ. ਦਾ ਕੰਨ ਪਾੜੂ ਸੰਗੀਤ ਗੂੰਜਦਾ ਹੈ। ਲੋਕ ਗੀਤਾਂ ਨੂੰ ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ।ਪੁਰਾਣੇ ਸਮਿਆਂ ਵਿਚ ਲੋਹੜੀ ਕੇਵਲ ਮੁੰਡੇ ਦੇ ਜਨਮ ਸਮੇਂ ਹੀ ਮਨਾਈ ਜਾਂਦੀ ਸੀ ਪਰ ਹੁਣ ਕੁਝ ਪੜ੍ਹੇ ਲਿਖੇ ਅਗਾਂਹਵਧੂ ਖਿਆਲਾਂ ਦੇ ਪਰਿਵਾਰ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗ ਪਏ ਹਨ ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।


ਅਣਖੀਲਾ ਸੂਰਮਾ ਦੁੱਲਾ ਭੱਟੀ


ਇਤਿਹਾਸ ਗਵਾਹ ਹੈ ਕਿ ਜਦੋਂ ਵੀ ਜੱਗ ਉੱਤੇ ਕੋਈ ਜਾਬਰ, ਜ਼ਾਲਮ ਹੁਕਮਰਾਨ ਆਇਆ ਤਾਂ ਉਸ ਨੂੰ ਸਹੀ ਰਸਤਾ ਦਿਖਾਉਣ ਲਈ ਹੱਕ ਦੀ ਗੱਲ ਕਹਿਣ ਵਾਲੇ ਰਾਹਬਰ ਵੀ ਪੈਦਾ ਹੋਏ। ਜਦੋਂ ਫ਼ਿਰਓਨ ਨੇ ਅੱਤ ਮਚਾਈ ਤਾਂ ਮੂਸਾ ਨੇ ਉਸ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। 

ਜਦੋਂ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਨੇ ਖ਼ੁਸ਼ਾਮਦੀਆਂ ਦੀਆਂ ਚਾਲਾਂ ਵਿਚ ਆ ਕੇ 'ਦੀਨ-ਏ-ਇਲਾਹੀ' ਨਾਂਅ ਦਾ ਨਵਾਂ ਧਰਮ ਚਲਾ ਕੇ ਸਦੀਆਂ ਤੋਂ ਚਲੇ ਆ ਰਹੇ ਧਾਰਮਿਕ ਅਸੂਲਾਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੇਖ਼ ਮੁਜੱਦਦ ਅਲਫ਼ਸ਼ਾਨੀ ਸਰਹੰਦੀ ਵਰਗੇ ਧਾਰਮਿਕ ਆਗੂ ਪੈਦਾ ਹੋਏ ਜਿਨ੍ਹਾਂ ਨੇ ਹੱਕ-ਸੱਚ ਦੀ ਗੱਲ ਸ਼ਹਿਨਸ਼ਾਹ ਦੇ ਸਾਹਮਣੇ ਕਹਿਣ ਤੋਂ ਗੁਰੇਜ਼ ਨਾ ਕੀਤਾ ਅਤੇ ਸਜ਼ਾਵਾਂ ਭੁਗਤੀਆਂ। ਜਦੋਂ ਦਿੱਲੀ ਦੇ ਹੁਕਮਰਾਨਾਂ ਨੇ ਸੂਬੇਦਾਰਾਂ ਦੀਆਂ ਕੋਝੀਆਂ ਚਾਲਾਂ ਵਿਚ ਆ ਕੇ ਲੋਕਾਂ 'ਤੇ ਜ਼ੁਲਮ ਦੀ ਅੱਤ ਚੁੱਕੀ ਤਾਂ ਹੱਕਾਂ ਦੀ ਰਾਖੀ ਲਈ ਅਣਖੀਲੇ ਪੰਜਾਬੀਆਂ ਨੇ ਸਰਕਾਰ ਦੇ ਖ਼ਿਲਾਫ਼ ਬਗ਼ਾਵਤਾਂ ਕੀਤੀਆਂ।
 ਭਾਵੇਂ ਇਹ ਬਗ਼ਾਵਤਾਂ ਕਰਨ ਵਾਲੇ ਲੋਕ ਆਪਣੇ ਮਕਸਦ ਵਿਚ ਕਾਮਯਾਬ ਨਾ ਵੀ ਹੋਏ ਪਰ ਇਨ੍ਹਾਂ ਨੇ ਸਮੇਂ ਦੀ ਸਰਕਾਰ ਨੂੰ ਉਸ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਵਾ ਦਿੱਤਾ ਅਤੇ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦਰਬਾਰ ਤੱਕ ਪਹੁੰਚਾਇਆ। 
ਪੰਜਾਬ ਦੀ ਧਰਤੀ ਉੱਤੇ ਜਦੋਂ ਵੀ ਕਿਸੇ ਜਾਬਰ ਨੇ ਜ਼ੁਲਮ ਦੀ ਤਾਰੀਖ਼ ਨੂੰ ਦੁਹਰਾਉਣਾ ਚਾਹਿਆ ਤਾਂ ਜ਼ਰੂਰ ਕੋਈ ਨਾ ਕੋਈ ਗ਼ੈਰਤਮੰਦ, ਦਲੇਰ ਸੂਰਮਾ ਪੈਦਾ ਹੋਇਆ। ਭਾਵੇਂ ਉਹ ਬਾਗ਼ੀ ਮਲੰਗੀ ਹੋਵੇ ਜਾਂ ਅਹਿਮਦ ਖ਼ਾਂ ਖਰਲ। ਜੱਗਾ ਸੂਰਮਾ ਹੋਵੇ ਜਾਂ ਜਿਊਣਾ ਮੌੜ। ਸ਼ਹੀਦ ਭਗਤ ਸਿੰਘ ਹੋਵੇ ਜਾਂ ਸ਼ਹੀਦ ਊਧਮ ਸਿੰਘ। ਜਿਨ੍ਹਾਂ ਨੇ ਸਮੇਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ, ਉਨ੍ਹਾਂ ਵਿਚ ਇਕ ਨਾਂਅ ਦੁੱਲਾ ਭੱਟੀ ਦਾ ਵੀ ਆਉਂਦਾ ਹੈ। 
ਦੁੱਲਾ ਭੱਟੀ ਦਾ ਅਸਲ ਨਾਂਅ ਅਬਦੁੱਲਾ ਖ਼ਾਂ ਭੱਟੀ ਸੀ। ਉਸ ਦੇ ਪਿਤਾ ਦਾ ਨਾਂਅ ਫ਼ਰੀਦ ਖ਼ਾਂ ਅਤੇ ਦਾਦੇ ਦਾ ਨਾਂਅ ਸਾਂਦਲ ਭੱਟੀ ਸੀ ਜਿਸ ਦੇ ਨਾਂਅ ਉੱਤੇ ਇਹ ਇਲਾਕਾ ਸਾਂਦਲ ਦੀ ਬਾਰ ਕਹਾਇਆ। ਪੱਛਮੀ ਪੰਜਾਬ ਵਿਚ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਸਾਂਦਲ ਦੀ ਬਾਰ ਕਿਹਾ ਜਾਂਦਾ ਹੈ। ਇਹ ਇਲਾਕਾ ਭੱਟੀਆਂ ਦੀ ਆਪਣੀ ਜਾਗੀਰ ਸੀ ਅਤੇ ਉਹ ਇਸ ਵਿਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਜਦੋਂ ਅਕਬਰ ਦੇ ਸਮੇਂ ਇਸ ਇਲਾਕੇ ਉੱਤੇ ਮਾਲੀਆ ਲਾਇਆ ਗਿਆ ਤਾਂ ਇਥੋਂ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ । 
ਇਸ ਬਗ਼ਾਵਤ ਦੀ ਅਗਵਾਈ ਪਹਿਲਾਂ ਸਾਂਦਲ ਭੱਟੀ ਨੇ ਕੀਤੀ ਅਤੇ ਉਸ ਨੂੰ ਫ਼ਾਂਸੀ ਦਿੱਤੇ ਜਾਣ ਤੋਂ ਬਾਅਦ ਇਸੇ ਜ਼ੁਲਮ ਵਿਚ ਉਸ ਦੇ ਪੁੱਤਰ ਫ਼ਰੀਦ ਖ਼ਾਂ ਭੱਟੀ ਨੂੰ ਵੀ ਫ਼ਾਂਸੀ 'ਤੇ ਲਟਕਣਾ ਪਿਆ। ਇਨ੍ਹਾਂ ਦੋਵਾਂ ਨੂੰ ਗ਼ਰੀਬ ਕਿਸਾਨਾਂ ਦੇ ਹੱਕਾਂ ਦੀ ਖ਼ਾਤਰ ਬੋਲਦਿਆਂ ਦੇਖ ਕੇ ਚੁੱਪ ਕਰਾਉਣ ਲਈ ਵੇਲੇ ਦੇ ਸ਼ਹਿਨਸ਼ਾਹ ਅਕਬਰ ਨੇ ਬਾਗ਼ੀ ਆਖ ਕੇ ਕਤਲ ਕਰਵਾ ਦਿੱਤਾ ਸੀ। ਪਿਤਾ ਦੀ ਸ਼ਹਾਦਤ ਤੋਂ 18 ਦਿਨ ਪਿੱਛੋਂ 1547 ਨੂੰ ਪਿੰਡੀ ਭੱਟੀਆਂ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਦੁੱਲਾ ਭੱਟੀ ਦਾ ਜਨਮ ਹੋਇਆ। 
ਦੁੱਲਾ ਭੱਟੀ ਦੀ ਮਾਂ ਦਾ ਨਾਂਅ ਲੱਧੀ ਸੀ ਜਿਹੜੀ ਇਕ ਦਲੇਰ ਅਤੇ ਹਿੰਮਤ ਵਾਲੀ ਔਰਤ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਅਪਣੇ ਨਵਜੰਮੇ ਪੁੱਤਰ ਨੂੰ ਤੇਜ਼ ਤਲਵਾਰ ਨੂੰ ਧੋ ਕੇ ਗੁੜ੍ਹਤੀ ਦਿੱਤੀ ਅਤੇ ਆਪਣੇ ਸਹੁਰੇ ਅਤੇ ਪਤੀ ਦੇ ਕਤਲ ਦਾ ਬਦਲਾ ਲੈਣ ਲਈ ਇੰਤਕਾਮ ਦੀ ਲੋਰੀ ਸੁਣਾਈ ਜਿਸ ਵਿਚ ਸਦਾ ਸਾਂਦਲ ਅਤੇ ਫ਼ਰੀਦ ਦੇ ਕਤਲ ਦਾ ਬਦਲਾ ਲੈਣ ਦਾ ਪੈਗ਼ਾਮ ਦਿੱਤਾ। ਪੰਜਾਬ ਦੀ ਧਰਤੀ ਦੀ ਬੇਇੱਜ਼ਤੀ, ਆਪਣੇ ਮਜ਼ਲੂਮ ਭਰਾਵਾਂ ਉੱਤੇ ਹੁੰਦੇ ਜ਼ੁਲਮ ਅਤੇ ਪਿਉ-ਦਾਦੇ ਦੇ ਕਤਲ ਦਾ ਬਦਲਾ ਲੈਣ ਲਈ ਦੁੱਲਾ ਭੱਟੀ ਹੁਣ ਜਵਾਨ ਹੋ ਚੁੱਕਿਆ ਸੀ। 
ਦੁੱਧ ਮੱਖਣਾਂ ਨਾਲ ਪਲੇ ਦੁੱਲੇ ਦਾ ਕੱਦ ਲੰਬਾ ਅਤੇ ਸਰੀਰ ਗੁੰਦਵਾਂ ਸੀ। ਉਸ ਨੇ ਧਰਤੀ ਦੇ ਪੰਜਾਂ ਦਰਿਆਵਾਂ ਦੀ ਕਸਮ ਖਾ ਕੇ ਆਖਿਆ ਸੀ ਕਿ ਉਹ ਜ਼ੁਲਮ ਨੂੰ ਮਿਟਾਉਣ ਲਈ ਜਾਬਰ ਅਤੇ ਜ਼ਾਲਮ ਹੁਕਮਰਾਨਾਂ ਨਾਲ ਭਿੜਨ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਉਸ ਨੇ ਸਮੇਂ ਦੇ ਹਾਕਮਾਂ ਨਾਲ ਟੱਕਰ ਲੈਣ ਲਈ ਗ਼ੈਰਤਮੰਦ, ਦਲੇਰ ਅਤੇ ਜੋਸ਼ੀਲੇ ਜਵਾਨਾਂ ਦੀ ਛੋਟੀ ਜਿਹੀ ਫ਼ੌਜ ਤਿਆਰ ਕੀਤੀ। 
ਭੱਟੀਆਂ ਦੇ ਇਤਿਹਾਸ ਬਾਰੇ 'ਲੋਕ ਤਵਾਰੀਖ਼' ਦਾ ਲੇਖਕ ਸ਼ਨਾਵਰ ਚੱਧੜ ਲਿਖਦਾ ਹੈ; 'ਭੱਟੀ ਖ਼ਾਨਦਾਨ ਨੇ 1332 ਤੋਂ 1589 ਤੱਕ ਸਾਂਦਲ ਬਾਰ ਦਾ ਇਲਾਕਾ ਜਿਹੜਾ ਦੁੱਲਾ ਭੱਟੀ ਦੇ ਦਾਦੇ ਸਾਂਦਲ ਦੇ ਨਾਂਅ 'ਤੇ ਸਾਂਦਲਬਾਰ ਕਹਾਉਂਦਾ ਸੀ 'ਤੇ ਹੁਕਮਰਾਨੀ ਕੀਤੀ। ਸ਼ੇਖ਼ੂਪੁਰਾ, ਲਾਇਲਪੁਰ, ਸਰਗੋਧਾ ਤੇ ਪਿੰਡੀ ਭੱਟੀਆਂ ਦੇ ਵਿਚਕਾਰਲੀ ਜੂਹ ਇਨ੍ਹਾਂ ਦੀ ਮਲਕੀਅਤ ਸੀ। 
ਤਾਕਤ ਦੇ ਜ਼ੋਰ 'ਤੇ ਜਦੋਂ ਅਕਬਰ ਨੇ ਸਾਂਦਲ ਬਾਰ ਦੇ ਇਲਾਕੇ 'ਤੇ ਕਬਜ਼ਾ ਕਰਨ ਅਤੇ ਮਾਲੀਆ ਇਕੱਠਾ ਕਰਨ ਦਾ ਹੁਕਮ ਦਿੱਤਾ ਤਾਂ ਇਸ ਇਲਾਕੇ ਦੇ ਕਿਸਾਨਾਂ ਨੇ ਬਗ਼ਾਵਤ ਕਰ ਦਿੱਤੀ ਜਿਸ ਦੀ ਅਗਵਾਈ ਭੱਟੀ ਖ਼ਾਨਦਾਨ ਨੇ ਕੀਤੀ। ਅਕਬਰ ਦੀ ਫ਼ੌਜ ਨੇ ਹਮਲਾ ਕਰਕੇ ਪਿੰਡੀ ਭੱਟੀਆਂ ਨੂੰ ਬਰਬਾਦ ਕਰ ਦਿੱਤਾ। ਸਾਂਦਲ ਅਤੇ ਫ਼ਰੀਦ ਨੂੰ ਵੱਖ-ਵੱਖ ਸਮੇਂ 'ਤੇ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ ਅਤੇ ਦਿੱਲੀ ਦਰਵਾਜ਼ੇ ਦੇ ਸਾਹਮਣੇ ਸ਼ਰੇਆਮ ਫ਼ਾਂਸੀ 'ਤੇ ਲਟਕਾ ਦਿੱਤਾ ਗਿਆ'।
ਸੁੰਦਰ ਮੁੰਦਰੀਏ ਹੋ! 
ਤੇਰਾ ਕੌਣ ਵਿਚਾਰ ਹੋ!
 ਦੁੱਲਾ ਭੱਟੀ ਵਾਲਾ ਹੋ! 
ਦੁੱਲੇ ਧੀ ਵਿਆਹੀ ਹੋ! 
ਸੇਰ ਸੱਕਰ ਪਾਈ ਹੋ! 
ਕੁੜੀ ਦਾ ਲਾਲ ਪਤਾਕਾ ਹੋ! 
ਕੁੜੀ ਦਾ ਸਾਲੂ ਪਾਟਾ ਹੋ! 
ਸਾਲੂ ਕੌਣ ਸਮੇਟੇ! 
ਚਾਚਾ ਗਾਲ਼ੀ ਦੇਸੇ! 
ਚਾਚੇ ਚੂਰੀ ਕੁੱਟੀ!
 ਜ਼ਿੰਮੀਦਾਰਾਂ ਲੁੱਟੀ!
 ਜ਼ਿੰਮੀਦਾਰ ਸੁਧਾਏ! 
ਬਮ ਬਮ ਭੋਲ਼ੇ ਆਏ! 
ਇੱਕ ਭੋਲ਼ਾ ਰਹਿ ਗਿਆ! 
ਸਿਪਾਹੀ ਫੜ ਕੇ ਲੈ ਗਿਆ! 
ਸਿਪਾਹੀ ਨੇ ਮਾਰੀ ਇੱਟ! 
ਭਾਵੇਂ ਰੋ 'ਤੇ ਭਾਵੇਂ ਪਿੱਟ! 
ਸਾਨੂੰ ਦੇ ਦੇ ਲੋਹੜੀ, '
ਤੇ ਤੇਰੀ ਜੀਵੇ ਜੋੜੀ!    

ਕਾਫੀਆਂ "ਪਾਲ ਸਿੰਘ ਆਰਿਫ਼"




ਪਾਲ ਸਿੰਘ ਆਰਿਫ਼ (੧੮੭੩-੧੯੫੮) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਪੱਢਾਰੀ ਵਿੱਚ ਹੋਇਆ ।ਉਹ ਰਹੱਸਵਾਦੀ ਕਵੀ ਸਨ । ਉਨ੍ਹਾਂ ਨੇ ਪੰਜਾਬੀ ਪੜ੍ਹਨਾ ਅਤੇ ਲਿਖਣਾ ਪਿੰਡ ਦੇ ਗ੍ਰੰਥੀ ਕੋਲੋਂ ਅਤੇ ਉਰਦੂ ਇਕ ਮੁਸਲਮਾਨ ਸੱਜਣ ਕੋਲੋਂ ਸਿੱਖਿਆ ।ਜਵਾਨੀ 'ਚ ਪੈਰ ਪਾਉਂਦਿਆਂ ਹੀ ਉਹ ਪੰਜਾਬੀ ਵਿੱਚ ਕਵਿਤਾ ਰਚਣ ਲੱਗ ਪਏ ਸਨ । ਉਨ੍ਹਾਂ ਨੂੰ ਨੇਕ ਅਤੇ ਧਾਰਮਿਕ ਬੰਦਿਆਂ ਦੀ ਸੰਗਤ ਬਹੁਤ ਪਸੰਦ ਸੀ । ਉਨ੍ਹਾਂ ਨੇ ਕੋਈ ਤਿੰਨ ਦਰਜ਼ਨ ਕਿਤਾਬਾਂ ਲਿਖੀਆਂ । ੧੯੪੯ ਵਿੱਚ ਉਨ੍ਹਾਂ ਨੇ ੧੨੫੦ ਸਫਿਆਂ ਦਾ ਆਪਣਾ ਕਾਵਿ ਸੰਗ੍ਰਹਿ 'ਆਰਿਫ਼ ਪ੍ਰਕਾਸ਼' ਪ੍ਰਕਾਸ਼ਿਤ ਕੀਤਾ ।
1. ਇਸ਼ਕੇ ਅੰਦਰ ਬਹੁਤ ਖੁਆਰੀ
ਜ਼ਾਲਮ ਇਸ਼ਕ ਬੇਦਰਦ ਕਹਾਵੇ ।
ਜਿਸ ਨੂੰ ਲੱਗੇ ਮਾਰ ਵੰਜਾਵੇ ।
ਬਾਝੋਂ ਯਾਰ ਕਰਾਰ ਨਾ ਆਵੇ।
ਦੂਜੀ ਵੈਰੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧।
ਜਬ ਚਲ ਆਵੇ ਇਸ਼ਕ ਬਦਨ ਮੇਂ ।
ਆਵੇ ਚੈਨ ਨਾ ਚੌਕ ਚਮਨ ਮੇਂ ।
ਰੋਂਦੇ ਫਿਰਦੇ ਆਸ਼ਕ ਬਨ ਮੇਂ ।
ਲਗੀ ਜਿਨ੍ਹਾਂ ਨੂੰ ਪ੍ਰੇਮ ਕਟਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨।
ਨਹੀਂ ਦੇਵੇ ਦਿਲਬਰ ਦਰਸ਼ਨ ।
ਆਸ਼ਕ ਮੁਖ ਦੇਖਨ ਨੂੰ ਤਰਸਨ ।
ਬਿਨ ਦਿਲਬਰ ਦੇ ਆਂਖੀ ਬਰਸਨ ।
ਸਾਵਨ ਬਰਸੇ ਜਿਉਂ ਘਟ ਕਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੩।
ਜ਼ਹਿਰ ਪਿਆਲੇ ਇਸ਼ਕੇ ਵਾਲੇ ।
ਆਸ਼ਕ ਪੀ ਹੋਵਨ ਮਤਵਾਲੇ ।
ਦੇਖ ਪਤੰਗ ਸ਼ਮਾਂ ਨੇ ਜਾਲੇ ।
ਮਰ ਗਏ ਸੂਰਤ ਦੇਖ ਪਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੪।
ਜਿਸ ਦੇ ਦਿਲ ਵਿੱਚ ਇਸ਼ਕ ਸਮਾਵੇ ।
ਉਸ ਦਾ ਐਸ਼ ਅਰਾਮ ਉਠਾਵੇ ।
ਜਾਨੀ ਬਾਝ ਚਲੀ ਜਿੰਦ ਜਾਵੇ ।
ਤਨ ਮਨ ਖਾਕ ਕਰੇ ਇਕ ਵਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੫।
ਇਸ਼ਕੇ ਸੱਸੀ ਮਾਰ ਗਵਾਈ ।
ਪੁਨੂੰ ਦੇਂਦਾ ਫਿਰੇ ਦੁਹਾਈ ।
ਮਜਨੂੰ ਦੇ ਤਨ ਦਭ ਉਗਾਈ ।
ਮੋਈ ਲੇਲੀ ਵੇਖ ਵਿਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੬।
ਇਸ਼ਕੇ ਮਿਰਜ਼ਾ ਮਾਰ ਗਵਾਇਆ ।
ਜਬ ਸਾਹਿਬਾਂ ਸੇ ਅੰਗ ਮਿਲਾਇਆ ।
ਮਹੀਂਵਾਲ ਫ਼ਕੀਰ ਬਨਾਇਆ ।
ਮਰ ਗਈ ਸੋਹਣੀ ਲਾ ਜਲ ਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੭।
ਰਾਂਝਾ ਹੀਰ ਇਸ਼ਕ ਨੇ ਮਾਰੇ ।
ਸ਼ੀਰੀਂ ਤੇ ਫ਼ਰਿਹਾਦ ਵਿਚਾਰੇ ।
ਚੰਦਰ ਬਦਨ ਮਾਂਹ ਯਾਰ ਪਿਆਰੇ ।
ਸ਼ਾਹ ਸ਼ਮਸ ਦੀ ਖੱਲ ਉਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੮।
ਮਨਸੂਰੇ ਨੂੰ ਦਾਰ ਚੜ੍ਹਾਇਆ ।
ਹਸਨ ਹੁਸੈਨ ਕਟਕ ਖਪਾਇਆ ।
ਬੁਲ੍ਹੇ ਤਾਈਂ ਇਸ਼ਕ ਸਤਾਇਆ ।
ਜ਼ਿਕਰੀਆ ਚੀਰ ਦੀਆ ਧਰ ਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੯।
ਇਸ਼ਕੇ ਪੀਰ ਫ਼ਕੀਰ ਰੰਜਾਨੇ ।
ਫਿਰਨ ਉਜਾੜੀਂ ਹੋਏ ਦੀਵਾਨੇ ।
ਜਿਸ ਨੂੰ ਲਗੀ ਵੋਹੀ ਜਾਨੇ ।
ਇਸ਼ਕ ਰੰਜਾਨੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੦।
ਇਸ਼ਕ ਜਿਨ੍ਹਾਂ ਤਨ ਚੋਟਾਂ ਲਾਈਆਂ ।
ਰੋ ਰੋ ਹਰ ਦਮ ਦੇਨ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੇਰੀ ਸੂਰਤ ਪਰ ਬਲਿਹਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੧।
ਜਿਸ ਦੇ ਪਾਸ ਨਹੀਂ ਦਿਲ ਜਾਨੀ ।
ਤਲਖ਼ ਉਸ ਦੀ ਹੈ ਜਿੰਦਗਾਨੀ ।
ਜਿਉਂ ਮਛਲੀ ਤਰਫੇ ਬਿਨ ਪਾਨੀ ।
ਤੈਸੇ ਦਿਲਬਰ ਬਾਝ ਲਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੨।
ਇਸ਼ਕ ਵਲੀ ਅਵਤਾਰ ਡੁਲਾਏ ।
ਭਰ ਭਰ ਪੂਰ ਹਜ਼ਾਰ ਡੁਬਾਏ ।
ਇਸ਼ਕ ਉਪਾਏ ਇਸ਼ਕ ਖਪਾਏ ।
ਇਸ਼ਕੇ ਮੁਨੇ ਸਭ ਨਰ ਨਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੩।
ਵੇਖ ਪਤੰਗ ਸ਼ਮਾ ਪਰ ਸੜਦੇ ।
ਆਸ਼ਕ ਜਾਇ ਸੂਲੀਆਂ ਚੜ੍ਹਦੇ ।
ਤਾਂ ਭੀ ਯਾਰ ਯਾਰ ਹੀ ਕਰਦੇ ।
ਏਸ ਇਸ਼ਕ ਦੀ ਚਾਲ ਨਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੪।
ਬ੍ਰਿਹੋਂ ਵਾਲੇ ਬਦਲ ਕੜਕਨ ।
ਆਸ਼ਕ ਘਾਇਲ ਮੁਰਗ ਜਿਉਂ ਫੜਕਨ ।
ਭੌਰ ਫੁਲੋਂ ਪਰ ਹਰ ਦਮ ਲਟਕਨ ।
ਸਭ ਸੋ ਮੁਸ਼ਕਲ ਕਰਨੀ ਯਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੫।
ਆਸ਼ਕ ਦੇ ਦੁਸ਼ਮਨ ਹਜ਼ਾਰਾਂ ।
ਚਾਰੋਂ ਤਰਫ ਨੰਗੀ ਤਲਵਾਰਾਂ ।
ਪੁਛੋ ਜਾ ਕੇ ਇਸ਼ਕ ਬੀਮਾਰਾਂ ।
ਖੂੰਨ ਚਸ਼ਮ ਸੋ ਕਰ ਰਹੇ ਜ਼ਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੬।
ਆਸ਼ਕ ਘਾਇਲ ਹੋਏ ਵਿੱਚ ਰਣ ਦੇ ।
ਰਤੀ ਰਤ ਨਹੀਂ ਵਿੱਚ ਤਨ ਦੇ ।
ਮਨ ਦੀ ਬਾਤ ਰਹੇ ਵਿੱਚ ਮਨ ਦੇ ।
ਕਿਸ ਨੂੰ ਕਹਾਂ ਹਕੀਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੭।
ਏਸ ਇਸ਼ਕ ਦੇ ਸਭ ਪਸਾਰੇ ।
ਇਸ਼ਕ ਉਪਾਏ ਇਸ਼ਕੇ ਮਾਰੇ ।
ਇਸ਼ਕ ਦੇ ਚੌਦਾਂ ਤਬਕ ਪਿਆਰੇ ।
ਇਸ਼ਕੇ ਪਰ ਆਸ਼ਕ ਜਿੰਦ ਵਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੮।
ਵਿੱਚ ਕੁਰਾਨ ਲਫਜ਼ ਇਕ ਆਇਆ ।
ਮੌਲਾ ਕੁੰਨ ਜਦੋਂ ਫੁਰਮਾਇਆ ।
ਇਹ ਇਸ਼ਕੇ ਚੌਦਾਂ ਤਬਕ ਬਨਾਇਆ ।
ਇਸ ਇਸ਼ਕ ਦੀ ਖੇਲ ਮਦਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੯।
ਪਾਲ ਸਿੰਘ ਹੁਨ ਕੀ ਕੁਝ ਕਹੀਏ ।
ਵਾਹਦ ਸਮਝ ਚੁਪ ਹੋ ਰਹੀਏ ।
ਦਿਲ ਵਿੱਚ ਦਿਲਬਰ ਨੂੰ ਮਿਲ ਰਹੀਏ ।
ਜਿਸ ਦੀ ਕੁਦਰਤ ਬੇਸ਼ੁਮਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨੦।
2. ਮਰਨ ਭਲਾ ਹੈ ਬੁਰੀ ਜੁਦਾਈ
ਆ ਮਿਲ ਪਿਆਰੇ ਆ ਦੇਹ ਦਰਸ਼ਨ ।
ਇਸ ਦਰਸ਼ਨ ਨੂੰ ਅੱਖੀਆਂ ਤਰਸਨ ।
ਛਮ ਛਮ ਵਾਂਗ ਘਟਾ ਦੇ ਬਰਸਨ ।
ਰੋ ਰੋ ਛਹਿਬਰ ਖੂਬ ਲਗਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧।
ਮਿਹਰ ਕਰੀਂ ਪਾਵੀਂ ਇਕ ਫੇਰੀ ।
ਮੈਂ ਮੋਹੀ ਹਾਂ ਸੂਰਤ ਤੇਰੀ ।
ਤੁਧ ਬਿਨ ਆਏ ਗ਼ਮਾਂ ਨੇ ਘੇਰੀ ।
ਹੈ ਹੁਣ ਜਾਨ ਲਬਾਂ ਪਰ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੨।
ਕਿਥੋਂ ਢੂੰਢਾਂ ਕਿਧਰ ਜਾਵਾਂ ।
ਕਿਸ ਨੂੰ ਦਿਲ ਦਾ ਹਾਲ ਸੁਨਾਵਾਂ ।
ਹੈ ਹੈ ਕਰ ਕੇ ਵਖਤ ਲੰਘਾਵਾਂ ।
ਡਾਢਾ ਦੁਖ ਨਾ ਕੋਈ ਦਵਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੩।
ਤੇਰੇ ਕਾਰਨ ਤਾਨ੍ਹੇ ਮਾਰਨ ।
ਜਲੀ ਬਲੀ ਨੂੰ ਮੁੜ ਮੁੜ ਜਾਰਨ ।
ਦੂਤੀ ਦੁਸ਼ਮਨ ਖਲ ਉਤਾਰਨ ।
ਵੈਰੀ ਹੋਈ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੪।
ਤੁਧ ਬਿਨ ਹੋਈ ਮੈਂ ਮਸਤਾਨੀ ।
ਕਰਦੀ ਫਿਰਦੀ ਜਾਨੀ ਜਾਨੀ ।
ਲਾ ਗਿਓਂ ਵਿੱਚ ਜਿਗਰ ਦੇ ਕਾਨੀ ।
ਮੁੜ ਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੫।
ਹੈ ਬੇਦਰਦੀ ਦਰਦ ਨਾ ਆਇਆ ।
ਖੂਨੀ ਤੀਰ ਜਿਗਰ ਵਿੱਚ ਲਾਇਆ ।
ਹੋਸ਼ ਅਕਲ ਜਹਾਨ ਭੁਲਾਇਆ ।
ਮੇਰਾ ਦਰਦ ਨਾ ਕੀਤੋ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੬।
ਕੋਈ ਦਸੇ ਦਿਲਬਰ ਮੇਰਾ ।
ਜਿਸ ਨੇ ਦਿਲ ਵਿਚ ਕੀਤਾ ਡੇਰਾ ।
ਚੈਨ ਨਾ ਤਿਸ ਬਿਨ ਸੰਝ ਸਵੇਰਾ ।
ਕਿਤ ਵਲ ਦੇਵਾਂ ਜਾਹਿ ਦੁਹਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੭।
ਉਸ ਛਲਹਾਰੇ ਕਰ ਛਲ ਛਲੀਆਂ ।
ਰੋਂਦੀ ਫਿਰੀ ਮੈਂ ਵਿੱਚ ਗਲੀਆਂ ।
ਬਿਰਹੋਂ ਆਤਸ਼ ਦੇ ਵਿੱਚ ਬਲੀਆਂ ।
ਚਿਖਾ ਵਿਛੋੜੇ ਪਕੜ ਝੜਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੮।
ਸਭ ਜ਼ਮਾਨਾ ਖੇਲੇ ਹੱਸੇ ।
ਮੇਰਾ ਯਾਰ ਨਾ ਕੋਈ ਦੱਸੇ ।
ਓਹ ਹੁਣ ਕੇਹੜੀਂ ਦੇਸੀਂ ਵੱਸੇ ।
ਜਿਸ ਦੀ ਸੂਰਤ ਹੋਸ਼ ਭੁਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੯।
ਜਾਂ ਸਾਈਆਂ ਓਹ ਸਾਈਂ ਆਵੇ ।
ਨਹੀਂ ਤਾਂ ਜਿੰਦ ਨਿਕਲ ਕੇ ਜਾਵੇ ।
ਜੋ ਕੋਈ ਮੇਰਾ ਯਾਰ ਮਿਲਾਵੇ ।
ਉਸ ਉੱਤੋਂ ਮੈਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੦।
ਹੋ ਜੋਗਨ ਜੰਗਲ ਵਿੱਚ ਜਾਵਾਂ ।
ਗਲ ਵਿੱਚ ਜੁਲਫ਼ਾਂ ਵੇਸ ਵਟਾਵਾਂ ।
ਜਾ ਸੋਹਣੇ ਨੂੰ ਢੂੰਢ ਲਿਆਵਾਂ ।
ਜਿਸ ਨੇ ਚੋਟ ਜਿਗਰ ਵਿੱਚ ਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੧।
ਪਉਏ ਪਹਿਰ ਚਿਪੀ ਹਥ ਫੜਸਾਂ ।
ਹੋ ਬੈਰਾਗਨ ਬਨ ਵਿੱਚ ਵੜਸਾਂ ।
ਬਿਰਹੋਂ ਆਤਸ਼ ਅੰਦਰ ਸੜਸਾਂ ।
ਜੇ ਨਾ ਜਾਨੀ ਦੇ ਦਿਖਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੨।
ਸਈਓ ਚਰਖੇ ਚਾਇ ਉਠਾਵੋ ।
ਘਰ ਬਾਹਿਰ ਨੂੰ ਅਗ ਲਗਾਵੋ ।
ਏਕੋ ਗੀਤ ਸਜਨ ਦੇ ਗਾਵੋ ।
ਜਿਸ ਬਿਨ ਝੂਠੀ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੩।
ਕੋਠੇ ਤੇ ਚੜ੍ਹ ਦਿਆਂ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੂੰ ਮੇਰੇ ਮਨ ਕੇਹੀਆਂ ਲਾਈਆਂ ।
ਕਮਲੀ ਸ਼ਕਲ ਬੇਹੋਸ਼ ਬਨਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੪।
ਤੇਰਾ ਇਸ਼ਕ ਜਾਂ ਤਨ ਮੇਂ ਆਇਆ ।
ਸਾਕ ਅੰਗ ਦਾ ਸੰਗ ਛਡਾਇਆ ।
ਵੈਰੀ ਸਭ ਜਹਾਨ ਬਣਾਇਆ ।
ਨਾ ਕੋਈ ਭੈਣ ਨਾ ਬਾਬਲ ਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੫।
ਘਰ ਵਿੱਚ ਲੋਕ ਸੁਖੀ ਸਭ ਸਉਂਦੇ ।
ਆਸ਼ਕ ਫਿਰਨ ਉਜਾੜੀਂ ਭਉਂਦੇ ।
ਹਰ ਦਮ ਸਲ ਜਿਗਰ ਵਿੱਚ ਪਉਂਦੇ ।
ਤਨ ਮਨ ਵਾਲੀ ਹੋਸ਼ ਨ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੬।
ਆ ਮਿਲ ਪਿਆਰੇ ਨਾ ਕਰ ਅੜੀਆਂ ।
ਰਾਹ ਉਡੀਕਾਂ ਹਰ ਦਮ ਖੜੀਆਂ ।
ਰੋ ਰੋ ਨੈਨ ਲਗਾ ਰਹੇ ਝੜੀਆਂ ।
ਸਾਵਨ ਜਿਉਂ ਕਾਲੀ ਘਟ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੭।
ਮੇਰੇ ਦਿਲ ਦੀ ਮੈਂ ਹੀ ਜਾਨਾ ।
ਕਮਲੀ ਆਖੇ ਸਭ ਜ਼ਮਾਨਾ ।
ਦੀਵੇ ਪਰ ਜਲਿਆ ਪਰਵਾਨਾ ।
ਤਿਉਂ ਤੂੰ ਮੇਰੀ ਜਾਨ ਜਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੮।
ਲੋਕੀ ਮਤ ਆਪਣੀ ਦੱਸਨ ।
ਮੈਂ ਪਰ ਤੀਰ ਕਹਿਰ ਦੇ ਕੱਸਨ ।
ਖ਼ਫ਼ਤਨ ਝਲੀ ਕਹਿ ਕਹਿ ਹੱਸਨ ।
ਬੇਦਰਦਾਂ ਨੂੰ ਦਰਦ ਨ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੯।
ਤੁਧ ਬਿਨ ਪਿਆਰੇ ਕਿਸ ਨੂੰ ਬੋਲਾਂ ।
ਕਿਹ ਤੇ ਭੇਦ ਦਿਲੇ ਦੇ ਖੋਲਾਂ ।
ਹਰ ਦਮ ਵਾਂਗ ਪੱਖੇ ਦੇ ਡੋਲਾਂ ।
ਵੇਖ ਬੇਦਰਦਨ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੦।
ਪੇਕੇ ਸਹੁਰੇ ਕੂੜ ਬਹਾਨਾ ।
ਤੁਧ ਬਿਨ ਝੂਠਾ ਸਗਲ ਜ਼ਮਾਨਾ ।
ਪੜ੍ਹ ਕੇ ਡਿਠਾ ਬੇਦ ਕੁਰਾਨਾ ।
ਤਾਂ ਭੀ ਤੇਰੀ ਸਾਰ ਨਾ ਪਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੧।
ਮਿਹਰ ਕਰੇਂ ਫੇਰੀ ਇਕ ਪਾਵੇਂ ।
ਇਸ ਬੰਦੀ ਦੀ ਬੰਦ ਛੁਡਾਵੇਂ ।
ਅਪਨੀਂ ਹਥੀਂ ਮਾਰ ਗੁਵਾਵੇਂ ।
ਤਾਂ ਮੇਰੇ ਮਨ ਖੌਫ਼ ਨਾ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੨।
ਆ ਮਿਲ ਪਿਆਰੇ ਆ ਲਗ ਛਾਤੀ ।
ਤੁਧ ਬਿਨ ਜਾਏ ਕਹਿਰ ਦੀ ਰਾਤੀ ।
ਲਾ ਕੇ ਵਿੱਚ ਜਿਗਰ ਦੇ ਕਾਤੀ ।
ਮੁੜਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੩।
ਆ ਹੁਣ ਆ ਜਾ ਦਿਲ ਦੇ ਅੰਦਰ ।
ਤੁਧ ਬਿਨ ਦਿਸਨ ਖਾਲੀ ਮੰਦਰ ।
ਤੈਨੂੰ ਭਾਲਨ ਸ਼ਾਹ ਕਲੰਦਰ ।
ਮੈਂ ਤੇਰੇ ਤੋਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੪।
ਵਾਹ ਵਾਹ ਪਿਆਰੇ ਵਾਹ ਵਾਹ ਜਾਨੀ ।
ਤੂੰ ਸਾਗਰ ਮੈਂ ਬੂੰਦ ਨਿਮਾਣੀ ।
ਰਿਹਾ ਨਾ ਮੇਰਾ ਨਾਮ ਨਿਸ਼ਾਨੀ ।
ਤੂੰ ਕਰ ਕਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੫।
ਪਾਲ ਸਿੰਘ ਤੂੰ ਆਪੇ ਸੋਈ ।
ਜਿਸ ਦੀ ਤੁਲ ਨਾ ਦੂਜਾ ਕੋਈ ।
ਹੁਣ ਮਿਲ ਉਸ ਨੂੰ ਓਹੀ ਹੋਈ ।
ਲਹਿਰ ਸਮੁੰਦਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੬।
3. ਕੀ ਦਿਲ ਦਾ ਭੇਤ ਸੁਨਾਵਾਂ ਮੈਂ
ਮੁਰਸ਼ਦ ਮੈਨੂੰ ਸਬਕ ਭੜਾਇਆ ।
ਯਾਰੋ ਯਾਰ ਚੌਤਰਫੇ ਛਾਇਆ ।
ਵਾਹਦ ਏਕੋ ਏਕ ਦਿਖਾਇਆ ।
ਹੁਣ ਕਿਸ ਦਾ ਜਾਪ ਜਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧।
ਕਿਸ ਦੀ ਖਾਤਰ ਮੱਕੇ ਜਾਵਾਂ ।
ਓਥੋਂ ਕਿਸ ਨੂੰ ਢੂੰਢ ਲਿਆਵਾਂ ।
ਜੇਹੜੀ ਤਰਫੇ ਅਖ ਉਠਾਵਾਂ ।
ਮੈਂ ਮੈਂ ਨਜ਼ਰੀ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨।
ਜਬ ਦਿਲਬਰ ਦੇ ਹੋਏ ਨਜ਼ਾਰੇ ।
ਉਸ ਦਾ ਰੂਪ ਹੋਏ ਫਿਰ ਸਾਰੇ ।
ਓਹੀ ਦਿਸਦਾ ਤਰਫਾਂ ਚਾਰੇ ।
ਜਿਧਰ ਅਖ ਉਠਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੩।
ਜਾਂ ਮੈਂ ਮੈਂ ਨੇ ਮਾਰ ਗਵਾਈ ।
ਖੁਦੀ ਛੱਡ ਕੇ ਮਿਲੀ ਖੁਦਾਈ ।
ਜਿਉਂ ਕਰ ਬੂੰਦ ਸਮੁੰਦਰ ਸਮਾਈ ।
ਹੋ ਫ਼ਾਨੀ ਰਬ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੪।
'ਨਾ ਹਨੋ ਅਕਬਰ' ਸੁਨ ਜ਼ਿੰਦਗਾਨੀ ।
ਵਿੱਚ ਕੁਰਾਨ ਕਲਾਮ ਰਬਾਨੀ ।
ਸ਼ਾਹ ਰਗ ਨੇੜੇ ਦਿਲਬਰ ਜਾਨੀ ।
ਕਿਆ ਮਸਜਦ ਮੇਂ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੫।
ਪਾਨੀ ਵਗਦਾ ਹੈ ਵਿੱਚ ਗੰਗਾ ।
ਗਿਆਨ ਗੰਗ ਮੇਂ ਨ੍ਹਾਵਨ ਚੰਗਾ ।
ਮਿਲਿਆ ਯਾਰ ਗਈ ਸਭ ਸੰਗਾ ।
ਕਿਆ ਗੰਗਾ ਮੇਂ ਨ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੬।
ਕਿਸ ਦੀ ਖਾਤਰ ਭੇਖ ਬਨਾਵਾਂ ।
ਜੋਗੀ ਹੋ ਕਿਸ ਨੂੰ ਦਿਖਲਾਵਾਂ ।
ਹਰ ਰੰਗ ਮੈਂ ਹੀ ਮੈਂ ਦਿਸ ਆਵਾਂ ।
ਕਿਸ ਨੂੰ ਬੇਦ ਪੜ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੭।
ਜਿਤ ਵਲ ਦੇਖਾਂ ਦਿਲਬਰ ਜਾਨੀ ।
ਲਾਖ ਤਰੰਗਾਂ ਏਕੋ ਪਾਨੀ ।
ਜਿਉਂ ਇਕ ਸੂਤ ਹੋਈ ਬਹੁ ਤਾਨੀ ।
ਕਿਆ ਕੁਦਰਤ ਆਖ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੮।
ਸਪਨੇ ਕਾ ਸਭ ਜਗਤ ਪਸਾਰਾ ।
ਜਾਗੇ ਏਕੋ ਰੂਪ ਹਮਾਰਾ ।
ਕਿਧਰੇ ਸੂਰਜ ਚੰਦ ਸਿਤਾਰਾ ।
ਕਿਧਰੇ ਰਾਜ ਕਮਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੯।
ਜਾਂ ਮੈਂ ਦੇਖਾਂ ਸੂਰਤ ਪਿਆਰੀ ।
ਵੈਰੀ ਹੋਈ ਖ਼ਲਕਤ ਸਾਰੀ ।
ਕਿਧਰੇ ਨਰ ਹੈ ਕਿਧਰੇ ਨਾਰੀ ।
ਕਿਆ ਕੁਛ ਰੰਗ ਦਿਖਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੦।
ਹਰ ਰੰਗ ਦੇ ਵਿੱਚ ਹਰ ਹੀ ਵੱਸੇ ।
ਆਪੇ 'ਲਾ ਮਕਾਨੀ' ਦੱਸੇ ।
ਟੁਟੇ ਗਫਲਤ ਵਾਲੇ ਰੱਸੇ ।
ਹੁਣ ਕੀ ਭੇਖ ਬਨਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੧।
ਖ਼ਲਕਤ ਸਾਨੂੰ ਕਾਫਰ ਕਹਿੰਦੀ ।
ਅਪਨੇ ਆਪ ਦੀ ਸਾਰ ਨਾ ਲੈਂਦੀ ।
ਲਾ ਦੇਖੋ ਹਥ ਪਰ ਮਹਿੰਦੀ ।
ਪਿੱਛੇ ਰੰਗ ਸੁਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੨।
ਘਰ ਵਿੱਚ ਯਾਰ ਨਾ ਢੂੰਡੇ ਕਾਈ ।
ਤੀਰਥ ਮਕੇ ਜਾਨ ਸਧਾਈ ।
ਭੁਲੀ ਫਿਰਦੀ ਸਭ ਲੁਕਾਈ ।
ਕਿਸ ਕਿਸ ਨੂੰ ਸਮਝਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੩।
ਸਚ ਕਹਾਂ ਤਾਂ ਦੁਸ਼ਮਨ ਲੱਖਾਂ ।
ਦਿਲ ਵਿੱਚ ਭੇਦ ਕਿਵੇਂ ਕਰ ਰੱਖਾਂ ।
ਅਗ ਨਾ ਛਪਦੀ ਅੰਦਰ ਕੱਖਾਂ ।
ਕੀਕਰ ਇਸ਼ਕ ਛਿਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੪।
ਜੋ ਕੋਈ ਭੇਖ ਪਖੰਡ ਬਨਾਵੇ ।
ਸੋ ਜਗ ਅੰਦਰ ਆਦਰ ਪਾਵੇ ।
ਸਚ ਕਹੇ ਤੇ ਖੱਲ ਲਹਾਵੇ ।
ਸਾਚੋ ਸਾਚ ਅਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੫।
ਸ਼ਾਹ ਰਗ ਨੇੜੇ ਦਿਲਬਰ ਵਸਦਾ ।
ਏਹ ਜਗ ਢੂੰਢਨ ਬਾਹਰ ਨਸਦਾ ।
ਕਿਧਰੇ ਰੋਂਦਾ ਕਿਧਰੇ ਹਸਦਾ ।
ਕੀ ਛਡਾਂ ਕੀ ਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੬।
ਵੋਹੀ ਤਨ ਮੇਂ ਵੋਹੀ ਮਨ ਮੇਂ ।
ਵੋਹੀ ਬਸਤੀ ਵੋਹੀ ਬਨ ਮੇਂ ।
ਵੋਹੀ ਲੜਤਾ ਜਾ ਰਨ ਮੇਂ ।
ਵੋਹੀ ਤੋ ਵੋਹੀ ਗਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੭।
ਕਹੀਂ ਸੋਹਨੀ ਸੂਰਤ ਪਿਆਰੀ ਹੈ ।
ਕਹੀਂ ਹੁਸਨ ਸਿੰਗਾਰੀ ਨਾਰੀ ਹੈ ।
ਕਹੀਂ ਲੋਹਾ ਕਹੀਂ ਕਟਾਰੀ ਹੈ ।
ਕਹੀਂ ਕਤਰਾ ਸਿੰਧ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੮।
ਕਹੀਂ ਬੇਦ ਕੁਰਾਨਾ ਪੜਦਾ ਹੈ ।
ਕਹੀਂ ਮੈਂ ਹਕ ਮੈਂ ਹਕ ਕਰਦਾ ਹੈ ।
ਕਹੀਂ ਹਕ ਕਹਿਨ ਥੀਂ ਲੜਦਾ ਹੈ ।
ਕਹੀਂ ਹਕੋ ਹਕ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੯।
ਸਾਚ ਕਹੂੰ ਨਹੀਂ ਕੋਈ ਮੰਨਦਾ ।
ਐਪਰ ਦੂਜੇ ਪਤਾ ਕੀ ਮਨ ਦਾ ।
ਮੂਰਖ ਦੇਖਨ ਬਾਨਾ ਤਨ ਦਾ ।
ਲਾਖੋਂ ਰੂਪ ਵਟਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੦।
ਕਿਧਰੇ ਰਾਜੇ ਰਾਜ ਕਮਾਵੇਂ ।
ਕਿਧਰੇ ਗਲੀਆਂ ਭੀਖ ਮੰਗਾਵੇਂ ।
ਹਮ ਹੀ ਲਖ ਲਖ ਰੂਪ ਵਟਾਵੇਂ ।
ਪੀਰ ਮੀਰ ਬਨ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੧।
ਕਿਧਰੇ ਜਾਗੇਂ ਕਿਧਰੇ ਸੋਵੇਂ ।
ਕਿਧਰੇ ਹੱਸੇਂ ਕਿਧਰੇ ਰੋਵੇਂ ।
ਕਿਧਰੇ ਐਨਲ ਹਕ ਬਗੋਵੇਂ ।
ਖੇਲ ਮਦਾਰ ਖਿਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੨।
ਆਵੋ ਦੇਖੋ ਸ਼ਕਲ ਹਮਾਰੀ ।
ਜਿਉਂ ਕਰ ਹੈ ਕਸਤੂਰੀ ਕਾਰੀ ।
ਜੇ ਕੋਈ ਆਵੇ ਸਾਚ ਬਪਾਰੀ ।
ਉਸ ਸੇ ਮੁਲ ਪਵਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੩।
ਮੈਂ ਹੀ ਬੁਲ੍ਹਾ ਸ਼ਾਹ ਹੋ ਆਇਆ ।
ਹੋ ਮਨਸੂਰ ਐਨਲ ਹਕ ਗਾਇਆ ।
ਸ਼ਾਹ ਸ਼ੱਮਸ ਬਨ ਚੰਮ ਲਹਾਇਆ ।
ਹਰ ਰੰਗ ਹਰ ਹੋ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੪।
ਸੋਹਨੇ ਦਾ ਹੈ ਸਭ ਪਸਾਰਾ ।
ਧਰਤ ਅਕਾਸ਼ ਚੰਦ ਸਿਤਾਰਾ ।
ਕਿਧਰੇ ਚਿੱਟਾ ਕਿਧਰੇ ਕਾਰਾ ।
ਪਰ ਬੇਰੰਗ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੫।
ਜਾਗ੍ਰਤ ਸੁਪਨ ਸਖੋਪਤ ਕਹਿੰਦੇ ।
ਤੁਰੀਆ ਛੋਡ ਪਰ੍ਹੇ ਹੋ ਰਹਿੰਦੇ ।
ਕਿਧਰੇ ਲਾ-ਮਕਾਨੀ ਬਹਿੰਦੇ ।
ਛੋਡ ਜਗ ਸਭ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੬।
ਸੁਪਨੇ ਅੰਦਰ ਦਿਲਬਰ ਪਾਇਆ ।
ਜਾਗੇ ਦੂਜਾ ਨਜ਼ਰ ਨਾ ਆਇਆ ।
ਨਹੀਂ ਕੁਝ ਪਾਇਆ ਨਹੀਂ ਗਵਾਇਆ ।
ਕਿਸ ਪਰ ਸ਼ੋਰ ਮਚਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੭।
ਪਾਲਾ ਸਿੰਘ ਹੁਣ ਕੀ ਕੁਝ ਗਾਈਏ ।
ਕਤਰੇ ਵਾਂਗ ਸਮੁੰਦ ਸਮਾਈਏ ।
ਉਸ ਨੂੰ ਮਿਲ ਓਹੀ ਹੋ ਜਾਈਏ ।
ਏਕ ਅਨੇਕ ਸਦਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੮।
4. ਯੇ ਜਗਤ ਮੁਸਾਫ਼ਰ ਖਾਨਾ ਹੈ
ਇਹ (ਜਗ) ਜੋਗੀ ਵਾਲਾ ਫੇਰਾ ।
ਨਾ ਕੁਛ ਤੇਰਾ ਨਾ ਕੁਛ ਮੇਰਾ ।
ਉਠ ਜਾਨਾ ਹੈ ਸੰਝ ਸਵੇਰਾ ।
ਕਿਆ ਰਾਜਾ ਕਿਆ ਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧।
ਲਾਖੋਂ ਪੀਰ ਮੀਰ ਜਗ ਹੋਏ ।
ਓੜਕ ਨੂੰ ਥਿਰ ਰਿਹਾ ਨਾ ਕੋਇ ।
ਅੰਤ ਬਾਰ ਹੰਝੂ ਭਰ ਰੋਏ ।
ਸਭ ਨੇ ਹੀ ਚਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੨।
ਸਾਗਰ ਲਾਖ ਤਰੰਗ ਬਨਾਏ ।
ਤਟੇ ਅੰਦਰ ਸਿੰਧ ਸਮਾਏ ।
ਪਾਤ ਪੌਨ ਨੇ ਤੋੜ ਉਡਾਏ ।
ਦੇਖੋ ਬਾਗ ਵਿਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੩।
ਕਿਆ ਕਿਸੀ ਸੇ ਦਾਵਾ ਕਰੀਏ ।
ਇਸ ਦੁਨੀਆਂ ਪਰ ਕਿਆ ਦਿਲ ਧਰੀਏ ।
ਜਾਂ ਚਿਰ ਰਹੀਏ ਤਾਂ ਭੀ ਮਰੀਏ ।
ਤਨ ਦਾ ਖ਼ਾਕੀ ਬਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੪।
ਕਿਸ ਦੇ ਨਾਲ ਲਗਾਈਏ ਯਾਰੀ ।
ਝੂਠੀ ਦਿਸੇ ਖ਼ਲਕਤ ਸਾਰੀ ।
ਨਾ ਕੋਈ ਪੁਤ੍ਰ ਭੈਣ ਨਾ ਨਾਰੀ ।
ਦੋ ਦਿਨ ਕਾ ਗੁਜਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੫।
ਰਾਵਨ ਸੋਨੇ ਲੰਕ ਉਸਾਰੀ ।
ਇਕ ਲਖ ਸੁੰਦਰ ਜਹਿੰ ਘਰ ਨਾਰੀ ।
ਕਾਰੂ ਮਾਇਆ ਬੇਸ਼ੁਮਾਰੀ ।
ਸੋ ਭੀ ਹੋਇ ਰਜਾਨਾ(ਰਵਾਨਾ) ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੬।
ਆਦਮ ਤਾਂਹੀ ਜਾਂ ਦਮ ਆਵੇ ।
ਦਮ ਜਾਵੇ ਆਦਮ ਮਰ ਜਾਵੇ ।
ਦਮ ਦਮ ਜੋ ਦਿਲਦਾਰ ਧਿਆਵੇ ।
ਉਸ ਦਾ ਦੰਮ ਕੀ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੭।
ਜਿਨ੍ਹਾਂ ਬਹੁਤਾ ਰਾਜ ਕਮਾਇਆ ।
ਚਾਰ ਕੂਟ ਪਰ ਹੁਕਮ ਚਲਾਇਆ ।
ਕਦਮੋਂ ਪਰ ਜਹਾਨ ਝੁਕਾਇਆ ।
ਵੋਹ ਅਬ ਖਾਬ ਸਮਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੮।
ਜੋ ਹੋਈਆਂ ਜਗ ਹੂਰਾਂ ਪਰੀਆਂ ।
ਸੋ ਭੀ ਓੜਕ ਨੂੰ ਸਭ ਮਰੀਆਂ ।
ਚਿਖਾ ਬ੍ਰਿਹੋਂ ਦੀ ਅੰਦਰ ਸੜੀਆਂ ।
ਜਿਉਂ ਜਲਦਾ ਪਰਵਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੯।
ਸੋਹਨੀ ਸੂਰਤ ਹੁਸਨ ਜਵਾਨੀ ।
ਜਿਸ ਦੇ ਦੂਜਾ ਕੋਈ ਨਾ ਸਾਨੀ ।
ਏਹ ਗੁਲਜ਼ਾਰ ਚਾਰ ਦਿਨ ਜਾਨੀ ।
ਸਭ ਫੁੱਲਾਂ ਕੁਮਲਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੦।
ਦੇਖ ਖਿਲੀ ਸੁੰਦਰ ਗੁਲਜ਼ਾਰੀ ।
ਬੁਲਬੁਲ ਲਾ ਬੈਠੀ ਹੁਣ ਯਾਰੀ ।
ਆਇ ਖਿਜ਼ਾਂ ਨੇ ਸਭ ਉਜਾੜੀ ।
ਬੁਲਬੁਲ ਨੇ ਪਛਤਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੧।
ਆਸ਼ਕ ਇਸ਼ਕ ਮਸ਼ੂਕਾਂ ਮਾਰੇ ।
ਕੀ ਕੁਝ ਬੋਲਨ ਮੁਖੋਂ ਵਿਚਾਰੇ ।
ਜਾ ਦੇਖੇ ਹੈਂ ਜ਼ਖਮੀ ਸਾਰੇ ।
ਜਿਗਰ ਆਸ਼ਕ ਛਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੨।
ਹਸੇਂ ਖੇਡੇਂ ਖੁਸ਼ੀ ਮਨਾਵੇਂ ।
ਪੱਕੇ ਮਹਿਲ ਮਕਾਨ ਬਨਾਵੇਂ ।
ਦਿਲ ਵਿਚ ਮੌਲਾ ਨਾਹਿੰ ਧਿਆਵੇਂ ।
ਤੂੰ ਕੋਈ ਬੜਾ ਦਿਵਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੩।
ਭੈ ਸਾਗਰ ਸਮਝੋ ਸੰਸਾਰਾ ।
ਇਸ ਵਿਚ ਡੁਬੇ ਬੇਸ਼ੁਮਾਰਾ ।
ਉਪਰ ਮਾਲ ਖਜ਼ਾਨਾ ਭਾਰਾ ।
ਬੇੜਾ ਹੇਠ ਪੁਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੪।
ਪਹਿਲੀ ਉਮਰਾ ਖੇਡ ਗਵਾਈ ।
ਵਿਸ਼ਿਆਂ ਵਿਚ ਜੁਆਨੀ ਜਾਈ ।
ਅਬ ਹੁਣ ਬਿਰਧ ਅਵਸਥਾ ਆਈ ।
ਕਾਲ ਬਲੀ ਨੇ ਖਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੫।
ਜਬ ਨਰ ਕਾ ਧਨ ਬਲ ਘਟ ਜਾਵੇ ।
ਨਾਰੀ ਦੂਜਾ ਖਸਮ ਬਨਾਵੇ ।
ਸਾਕ ਅੰਗ ਨਾ ਨੇੜੇ ਆਵੇ ।
ਅਪਨਾ ਹੋਇ ਬੇਗਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੬।
ਜਗ ਵਿਚ ਮੂਲ ਨਹੀਂ ਕੋਈ ਤੇਰਾ ।
ਕਾਹਨੂੰ ਕਰਨਾ ਏਂ ਮੇਰਾ ਮੇਰਾ ।
ਅਬ ਹੀ ਕਰੋ ਉਜਾੜੀ ਡੇਰਾ ।
ਓੜਕ ਜੰਗਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੭।
ਜਿਸ ਤਨ ਦਾ ਅਭਿਮਾਨ ਦਿਖਾਵੇਂ ।
ਸੀਸਾ ਸੁਰਮਾ ਅਤਰ ਲਗਾਵੇਂ ।
ਆਕੜ ਚਲੇਂ ਧਰਤ ਹਿਲਾਵੇਂ ।
ਵਿਚ ਆਤਸ਼ ਜਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੮।
ਸੁਖ ਵਿਚ ਸਭੇ ਯਾਰ ਤੁਮਾਰੇ ।
ਜਾਂ ਦੁਖ ਲਗੇ ਦੁਸ਼ਮਨ ਸਾਰੇ ।
ਅਬ ਹੀ ਤੁਣਕੇ ਤੋੜ ਪਿਆਰੇ ।
ਸਭ ਕਾ ਕੂੜ ਯਾਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੯।
ਪਾਲ ਸਿੰਘ ਨਾ ਆਵੇ ਜਾਵੇ ।
ਜੋ ਵਿਚ ਜੋਤੀ ਜੋਤ ਮਿਲਾਵੇ ।
ਹਰ ਹੀ ਹੋ ਹਰ ਰੰਗ ਸਮਾਵੇ ।
ਸਮਝੇ ਖ਼ਾਬ ਸਮਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੨੦।
5. ਕਹੁ ਕੀ ਪੱਲੇ ਲੈ ਜਾਵੇਂਗਾ
ਹਰਦਮ ਯਾਦ ਰਖ ਕਰਤਾਰਾ ।
ਜਿਸ ਬਿਨ ਤੇਰਾ ਨਹੀਂ ਛੁਟਕਾਰਾ ।
ਵਾਂਗ ਸਰਾਉਂ ਸਮਝ ਜਗ ਸਾਰਾ ।
ਇਕ ਦਿਨ ਛੋਡ ਸਿਧਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧।
ਅਬ ਹੀ ਸਮਝ ਯਹੀ ਹੈ ਵੇਲਾ ।
ਜਾਸੇਂ ਜਾਨੀ ਬਾਝ ਅਕੇਲਾ ।
ਬਹੁਰ ਨਾ ਹੋਸੀ ਐਸਾ ਮੇਲਾ ।
ਅੰਤ ਬਾਰ ਪਛਤਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੨।
ਮਹਿਲ ਮਕਾਨ ਉਚੀ ਅਟਾਰੀ ।
ਸੋਹਨੀ ਸੂਰਤ ਨਾਰੀ ਪਿਆਰੀ ।
ਮਾਇਆ ਦੌਲਤ ਬੇਸ਼ੁਮਾਰੀ ।
ਨੰਗੀਂ ਪੈਰੀਂ ਧਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੩।
ਜਿਹਨਾ ਸੰਗ ਪ੍ਰੀਤ ਲਗਾਈ ।
ਅੰਤ ਬਾਰ ਨਾ ਕੋਈ ਸਹਾਈ ।
ਝੂਠੇ ਸਾਕ ਸੈਨ ਸੁਤ ਭਾਈ ।
ਫਸ ਫਸ ਚੋਟਾਂ ਖਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੪।
ਜਿਨ੍ਹਾਂ ਮਹਿਲ ਮਕਾਨ ਬਨਾਏ ।
ਕਾਲ ਬਲੀ ਨੇ ਮਾਰ ਗਵਾਏ ।
ਰਾਵਨ ਜੇਹੇ ਖਾਕ ਰੁਲਾਏ ।
ਤੂੰ ਭੀ ਭਸਮ ਸਮਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੫।
ਜਬ ਕੇ ਮੌਤ ਤੇਰੇ ਸਿਰ ਆਸੀ ।
ਤਬ ਫਿਰ ਪੇਸ਼ ਨਾ ਕੋਈ ਜਾਸੀ ।
ਏਹ ਜਿੰਦ ਕੂੰਜ ਵਾਂਗ ਕੁਰਲਾਸੀ ।
ਰੋ ਰੋ ਨੀਰ ਵਹਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੬।
ਰਾਵਨ ਸੋਨੇ ਲੰਕ ਬਨਾਈ ।
ਜਾਤੀ ਵਾਰ ਨਹੀਂ ਕੰਮ ਆਈ ।
ਇਕ ਲਖ ਨਾਰ ਨਾ ਸੰਗ ਸਿਧਾਈ ।
ਤੂੰ ਕੀ ਸਾਥ ਲੈ ਜਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੭।
ਜਿਨ੍ਹ ਘਰ ਫ਼ੌਜਾਂ ਹਾਥੀ ਘੋੜੇ ।
ਚਾਲੀ ਗੰਜ ਕਰੂੰ ਨੇ ਜੋੜੇ ।
ਜਾਤੀ ਵਾਰ ਪੜੇ ਹੀ ਛੋੜੇ ।
ਤੂੰ ਕੀ ਬਨਤ ਬਨਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੮।
ਜੋ ਤੇਰੇ ਅਬ ਮੀਤ ਕਹਾਵਨ ।
ਤੈਨੂੰ ਹਥੀਂ ਪਕੜ ਜਲਾਵਨ ।
ਜਾਲੇ ਬਾਝ ਅੰਨ ਨਹੀਂ ਖਾਵਨ ।
ਕਬ ਦਿਲ ਕੋ ਸਮਝਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੯।
ਜੇ ਤੂੰ ਅਪਨਾ ਆਪ ਗਵਾਵੇਂ ।
ਗਲੀ ਯਾਰ ਦੀ ਫੇਰਾ ਪਾਵੇਂ ।
ਜਾਨੀ ਜਾਨੀ ਹਰ ਦਮ ਗਾਵੇਂ ।
ਤੂੰ ਜਾਨੀ ਸਦਵਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੦।
ਦੇਖ ਬੀਜ ਨੇ ਆਪ ਗਵਾਇਆ ।
ਬੀਜੋਂ ਹੀ ਫਿਰ ਬ੍ਰਿਛ ਬਨਾਇਆ ।
ਪਾਤ ਫੂਲ ਫਲ ਲਾਖੋਂ ਲਾਇਆ ।
ਤਿਉਂ ਹਰ ਰੰਗ ਸਮਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੧।
ਭੱਠ ਪਿਆ ਦਿਲਬਰ ਬਿਨ ਜੀਨਾ ।
ਹਰਾਮ ਲਖੋ ਸਭ ਖਾਨਾ ਪੀਨਾ ।
ਆ ਤੂੰ ਸਮਝ ਨਾ ਥੀਓ ਕਮੀਨਾ ।
ਸੋਚ ਸੋਚ ਸੁਖ ਪਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੨।
ਪਾਲ ਸਿੰਘ ਬਸ ਕਰ ਹੁਣ ਪਿਆਰੇ ।
ਤੇਰੇ ਹੀ ਸਭ ਰੰਗ ਪਸਾਰੇ ।
ਬੱਗੇ ਰੱਤੇ ਪੀਰੇ ਕਾਰੇ ।
ਕਦ ਦਿਲ ਅੰਦਰ ਆਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੩।