Sunday, 13 October 2013

ਪੰਜਾਬੀ ਕਾਫ਼ੀਆਂ ਸਾਧੂ ਈਸ਼ਰ ਦਾਸ ਉਦਾਸੀ



1. ਕਿਧਰ ਗਏ ਮੁਲਖ ਦੇ ਵਾਲੀ

ਕਿਧਰ ਗਏ ਮੁਲਖ ਦੇ ਵਾਲੀ,
ਦੇਸ ਵਲਾਇਤ ਕਰ ਗਏ ਖ਼ਾਲੀ,
ਚਲਦੇ ਹੰਸ ਮੋਰ ਦੀ ਚਾਲੀ,
ਪੱਕੇ ਮਹਿਲ ਉਸਾਰ ਗਏ ।

ਚੰਦਰ ਮੁਖੀ ਘਰ ਨਾਰ ਜਿਨ੍ਹਾਂ ਦੇ,
ਨੌਂ ਨੌਂ ਲੱਖੇ ਹਾਰ ਤਿਨ੍ਹਾਂ ਦੇ,
ਓੜਕ ਰਾਜੇ ਸਣੇ ਰਾਣੀਆਂ,
ਹਾਰ ਸ਼ਿੰਗਾਰ ਵਿਸਾਰ ਗਏ ।

ਸਬਜ਼ ਨਵਾਰੀ ਪਲੰਘ ਕਸਾਵਨ,
ਮਾਲੀ ਸੁੰਦਰ ਫੁੱਲ ਬਿਛਾਵਨ,
ਅਤਰ ਫੁਲੇਲ ਸਰਹਾਣੇ ਧਰ ਕੇ,
ਮੌਤ ਵਿਸਾਰ ਹੰਕਾਰ ਗਏ ।

ਲਸ਼ਕਰ ਫ਼ੌਜਾਂ ਮਾਲ ਖ਼ਜ਼ਾਨੇ,
ਤੋਪ ਜੰਬੂਰੇ, ਨੌਬਤ ਖ਼ਾਨੇ,
ਚੰਨ ਚਿਰਾਗ਼, ਜਿਨ੍ਹਾਂ ਦੇ ਰੌਸ਼ਨ,
ਵਸਤੀ ਛਡ ਉਜਾੜ ਗਏ ।

ਈਸ਼ਰ ਦਾਸਾ ਸਣੇ ਗ਼ੁਲਾਮਾਂ,
ਨਿਉਂ ਨਿਉਂ ਰਾਜੇ ਕਰਨ ਸਲਾਮਾਂ,
ਗੋਰਾਂ ਅੰਦਰਿ ਜਾਏ ਸਮਾਣੇ,
ਅੰਤ ਕਾਲ ਨੂੰ ਹਾਰ ਗਏ ।

2. ਗੋਬਿੰਦ ਨਾਮ ਗੋਪਾਲ ਹਰੀ ਹਰਿ

ਗੋਬਿੰਦ ਨਾਮ ਗੋਪਾਲ ਹਰੀ ਹਰਿ,
ਕਈ ਬਾਰ ਅਜ਼ਮਾਇਆ ਸੀ ।
ਰਾਮ ਨਾਮ ਦਾ ਸਿਮਰਨ ਕਰ ਕੇ,
ਤਤਾ ਤਾਉ ਬੁਝਾਇਆ ਸੀ ।

ਸਤਿਗੁਰ ਸਵਾਮੀ ਨਿਰਭਉ ਕੀਨੋ,
ਦੀਨ ਦਯਾਲ ਡਰਾਇਆ ਸੀ ।
ਜਿਸ ਦੀ ਖ਼ਾਤਰ ਪੈਦਾ ਕੀਤੋ,
ਸੋ ਤੈਂ ਕਿਉਂ ਬਿਸਰਾਇਆ ਸੀ ।

ਸੌਂ ਤੈਂ ਕੌਲ ਕਰਾਰ ਬਿਸਾਰੇ,
ਕਾਲਖ ਦਾਗ਼ ਲਗਾਇਆ ਸੀ ।
ਜਿਸ ਨੇ ਪੈਦ ਨ ਪੈਦੋਂ ਕਰਕੇ,
ਬੂੰਦੋਂ ਬੁਰਜ ਬਨਾਇਆ ਸੀ ।

ਲਾਲਾਂ ਦਾ ਵਣਜਾਰਾ ਬਣ ਕੇ,
ਕਲਰ ਲਦਿ ਚਲਾਇਆ ਸੀ ।
ਜਨਮ ਜਨਮ ਦਾ ਰੋਗੀ,ਕਦੀ
ਸਤਿਗੁਰੂ ਜਾਇ ਛੁਡਾਇਆ ਸੀ ।

ਈਸ਼ਰ ਦਾਸਾ ਬੰਦ ਖਲਾਸੀ ਹੋਈ,
ਲਖ ਲਖ ਸ਼ੁਕਰ ਮਨਾਇਆ ਸੀ ।

3. ਉਸ ਵਕਤ ਤੇਰਾ ਕੋਈ ਨਾ ਵਾਲੀ

ਉਸ ਵਕਤ ਤੇਰਾ ਕੋਈ ਨਾ ਵਾਲੀ,
ਜਦ ਤੂੰ ਖਰਾ ਨਿਤਾਣਾ ਸੀ ।
ਸਿਰ ਤਲਵਾਯਾ ਕਰ ਲਟਕਾਯਾ,
ਕੂੰਜ ਵਾਂਗ ਕੁਰਲਾਣਾ ਸੀ ।

ਰੋਗ ਦੁਖਾਂ ਦੀ ਖਾਣੀ ਅੰਦਰ,
ਨਰਕ ਭੋਗ ਪਛਤਾਣਾ ਸੀ ।
ਜਿਥੇ ਗੰਦ ਗੁਬਰ ਕਰਾਰਾ,
ਤੇਰਾ ਤਹਾਂ ਸਰਹਾਣਾ ਸੀ ।

ਮਾਤ ਗਰਭ ਦੀ ਫਾਹੀ ਵਿੱਚੋਂ,
ਛੁਟਣ ਨੂੰ ਪਛਤਾਣਾ ਸੀ ।
ਬੰਦਖ਼ਲਾਸੀ ਕਰਨੇ ਵਾਲਾ,
ਕੌਣ ਕੋਈ ਜਰਵਾਣਾ ਸੀ ।

ਸਤਿਗੁਰ ਜਾਹਿ ਸਹਾਇਤਾ ਕੀਤੀ,
ਪੌਣ ਰੂਪ ਦਾ ਬਾਣਾ ਸੀ ।
ਭੀੜੇ ਨਰਕ ਨਿਹਾਇਤਾ ਤੰਗੀ,
ਵਾਂਗ ਯਤੀਮ ਨਿਮਾਨਾ ਸੀ ।

ਪਰ-ਉਪਕਾਰੀ ਸਤਿਗੁਰ ਹੋਏ,
ਜਗਤ ਜਿਥੋਂ ਵਰਸਾਨਾ ਸੀ ।
ਈਸ਼ਰ ਦਾਸਾ ਸਤਿਗੁਰ ਬਾਝੋਂ,
ਤੇਰਾ ਕੌਨ ਟਿਕਾਨਾ ਸੀ ।

4. ਦਿਲ ਵਿੱਚ ਕੋਟ ਦਲੀਲਾਂ ਕਰ ਕਰ

ਦਿਲ ਵਿੱਚ ਕੋਟ ਦਲੀਲਾਂ ਕਰ ਕਰ,
ਪੱਕੇ ਪੈਰ ਪਸਾਰੇ ਸੀ ।
ਸੁਰਖ਼ ਸੁਨੈਹਰੀ ਕੋਟ ਜਿਨ੍ਹਾਂ ਦੇ,
ਸੀਖ਼ੋ ਈਖ ਮੁਨਾਰੇ ਸੀ ।

ਓਹਨਾਂ ਅੱਗੇ ਵਡੇ ਸੂਰਮੇ,
ਕਿਸ ਦੇ ਪਾਣੀਹਾਰੇ ਸੀ ।
ਇੰਦਰ ਬਾਗ਼ ਲਗਾਵਣ ਜਿਨਕੇ,
ਪਾਵਕ ਚੀਰ ਫ਼ਕਾਰੇ ਸੀ ।

ਕੁੰਭ ਕਰਨ ਤੇ ਮੇਘ ਨਾਦ ਨੇ,
ਕਾਲ ਕੈਦ ਕਰ ਡਾਰੇ ਸੀ ।
ਰਾਵਨ ਰੇਤ ਰਲੇ ਬਿਨ ਭੀਤਰ,
ਜਿਨਕੇ ਬੰਦ ਦੁਆਰੇ ਸੀ ।

ਕੇਸੋਂ ਕੰਸ ਜਿਮੀਂ ਪਟਕਾਏ,
ਅਰਸ਼ੋਂ ਕਾਲ ਉਲਾਰੇ ਸੀ ।
ਹਰਨਾਕਸ਼ ਵੇ ਹਰਨਾਕਸ਼ ਮਾਰ,
ਲੈ ਵਰ ਮਰਨ ਵਿਸਾਰੇ ਸੀ ।

ਬਲੀ ਬਲ ਦੁਰਯੋਧਨ ਮਾਰੇ,
ਜੀਉਨ ਆਸ ਜੁਗ ਚਾਰੇ ਸੀ ।
ਰੋਂਦੇ ਗਏ ਮੁਸਾਫ਼ਰ ਬਨ ਬਨ,
ਜਿਨ੍ਹੀਂ ਪੈਰ ਪਸਾਰੇ ਸੀ ।

ਈਸ਼ਰ ਦਾਸਾ ਕਾਲ ਬਲੀ ਨੇ,
ਬਲੀ ਭਸਮ ਕਰ ਜਾਰੇ ਸੀ ।

5. ਸਤਰਾਂ ਦੇ ਵਿੱਚ ਬੈਠੀਆਂ ਰਾਣੀਆਂ

ਸਤਰਾਂ ਦੇ ਵਿੱਚ ਬੈਠੀਆਂ ਰਾਣੀਆਂ,
ਮਾਂਗ ਸੰਧੂਰ ਸਵਾਰਦੀਆਂ ।
ਕੋਇਲਾਂ ਵਾਂਗ ਕੰਠ ਜਿਨ੍ਹਾਂ ਦੇ,
ਸੁੰਦਰ ਸੁਖਨ ਉਚਾਰਦੀਆਂ ।

ਚੰਦ ਸਮਾਨ ਸਰੀਰ ਜਿਨ੍ਹਾਂ ਦੇ,
ਜ਼ੇਵਰ ਪਾਰਿ ਸ਼ਿੰਗਾਰਦੀਆਂ ।
ਨੌਂ ਨੌਂ ਲਾਖ ਜਿਨ੍ਹਾਂ ਦੀ ਕੀਮਤ,
ਗਲ ਵਿੱਚ ਲੜੀਆਂ ਹਾਰ ਦੀਆਂ ।

ਹੀਰੇ ਮੋਤੀ ਲਾਲ ਜਵਾਹਰ,
ਹਾਸੇ ਉੱਤੋਂ ਵਾਰਦੀਆਂ ।
ਲਾਖ ਚਰਿੱਤਰ ਯਾਦ ਜਿਨ੍ਹਾਂ ਦੇ,
ਗੱਲੀਂ ਕੋਟ ਉਸਾਰਦੀਆਂ ।

ਕਰਨ ਕਲੋਲ ਕਬੂਤਰ ਵਾਂਗੂੰ,
ਸਿਰ ਤੋਂ ਮੌਤ ਵਿਸਾਰਦੀਆਂ ।
ਈਸ਼ਰ ਦਾਸਾ ਨੇਕ ਰਕਾਨਾਂ,
ਕਦੇ ਨ ਮਰਨ ਚਿਤਾਰਦੀਆਂ ।

6. ਉਠ ਕੁੜੇ ਦਿਨ ਵਡਾ ਚੜ੍ਹਿਆ

ਉਠ ਕੁੜੇ ਦਿਨ ਵਡਾ ਚੜ੍ਹਿਆ,
ਪੰਧ ਪਏ ਸਿਰ ਦੂਰਾਂ ਦੇ ।
ਤੇਰੀ ਖ਼ਾਤਰ ਕਈ ਮੁਸਾਫ਼ਰ,
ਅਟਕੇ ਨਾਲ ਅਧੂਰਾਂ ਦੇ ।

ਪੰਧ ਪਈ ਪਛਤਾਵਣ ਲੱਗੀ,
ਤੁਰਦੀ ਨਾਲ ਲਹੂਰਾਂ ਦੇ ।
ਛੁਟ ਗਏ ਓਹ ਰਾਜ ਦੁਆਰੇ,
ਹੋਈ ਵਾਂਗ ਮਜ਼ਦੂਰਾਂ ਦੇ ।

ਓਹ ਦਿਨ ਯਾਦ ਕਰੇ ਬਹਿ ਰੋਵੇ,
ਮੌਤ ਨਿਮਾਣੀ ਘੂਰਾਂ ਦੇ ।
ਦੋਜ਼ਖ਼ ਭਾਂਬੜ ਦੂਰੋਂ ਦਿਸਦੇ,
ਤਪਦੇ ਵਾਂਗ ਤੰਦੂਰਾਂ ਦੇ ।

ਕਾਲ ਕਲੰਦਰ ਗਲ ਵਿੱਚ ਪਾਏ,
ਪੁਠੇ ਪੇਚ ਜੰਬੂਰਾਂ ਦੇ ।
ਧਰਮ ਰਾਇ ਦਾ ਲੇਖਾ ਦੇਣਾ,
ਦਫ਼ਤਰ ਖ਼ਾਸ ਹਜ਼ੂਰਾਂ ਦੇ ।

ਨਰਕ ਅਠਾਰਾਂ ਭੋਗ ਪਰਾਣੀ,
ਮਿਲੇ ਇਨਾਮ ਗਰੂਰਾਂ ਦੇ ।
ਅੰਧਾ ਬੋਲ ਸੁਣੇ ਨ ਦੇਖੇ,
ਮੰਗਲ ਪਰੀਆਂ ਹੂਰਾਂ ਦੇ ।

ਅਕੋਂ ਚਕੋਂ ਮੁਸ਼ਕ ਨਾ ਆਵਨ,
ਅਤਰ ਗੁਲਾਬ ਕਪੂਰਾਂ ਦੇ ।
ਅਰਿੰਡ ਬੀਜ ਕੇ ਈਸ਼ਰ ਦਾਸਾ,
ਮੇਵੇ ਕਹਾਂ ਖਜੂਰਾਂ ਦੇ ।

7. ਜਗੋਂ ਖੱਟ ਮੁਸਾਫ਼ਰ ਤੁਰਦਾ

ਜਗੋਂ ਖੱਟ ਮੁਸਾਫ਼ਰ ਤੁਰਦਾ,
ਮਾਨਸ ਨਾਉਂ ਧਰਾਯਾ ਮੁਰਦਾ,
ਵਸਤੀ ਛਡ ਉਜਾੜੀਂ ਆਇਆ,
ਗੋਰੀਂ ਆਸਨ ਲਾਇਆ ਤੈਂ ।

ਧਰਮ ਰਾਜ ਨੇ ਬਹੁਤ ਬਗੋਯਾ,
ਰੋਜ਼ ਨਾਮ ਹਾਜ਼ਰ ਨਹੀਂ ਹੋਯਾ,
ਚਿਤ੍ਰ ਗੁਪਤ ਦਫ਼ਤਰ ਨੂੰ ਦੇਖਨ,
ਕਹਿਨ ਕੁਕਰਮ ਕਮਾਇਆ ਤੈਂ ।

ਲੋਭੀ ਹੋਇ ਫਿਰੇ ਹਲਕਾਯਾ,
ਸਾਧ ਸੰਗ ਵਾਸਾ ਨਹੀਂ ਪਾਯਾ,
ਕਿਉਂ ਰੇ ਬਉਰੇ ਜਨਮ ਗਵਾਯਾ,
ਕਾਲਖ ਦਾਗ਼ ਲਵਾਯਾ ਤੈਂ ।

ਜਿਸ ਸਾਈਂ ਨੇ ਪੈਦਾ ਕੀਤਾ,
ਤਿਸ ਦਾ ਨਾਮ ਨਾ ਸੁਣਿਆ ਲੀਤਾ,
ਬੈਠ ਕੁਸੰਗਤ ਕਰਮ ਹੀਨ,
ਕਰ ਚੋਰੀ ਸ਼ੁਕਰ ਮਨਾਇਆ ਤੈਂ ।

ਕਾਜ ਬਿਗਾੜ ਪਿਛੋਂ ਪਛਤਾਵੇਂ,
ਬੀਜੇਂ ਅੱਕ ਅੰਬ ਕਿਥੋਂ ਖਾਵੇਂ,
ਈਸ਼ਰ ਦਾਸਾ ਕੌਡੀ ਬਦਲੇ,
ਲਾਲ ਅਮੋਲ ਗਵਾਯਾ ਤੈਂ ।

8. ਉਠ ਮੁਸਾਫ਼ਰ ਤੁਰਿਆ ਖ਼ਾਲੀ

ਉਠ ਮੁਸਾਫ਼ਰ ਤੁਰਿਆ ਖ਼ਾਲੀ,
ਖ਼ਰਚ ਨਹੀਂ ਪਰਦੇਸਾਂ ਦੇ ।
ਬੈਠ ਸਿੰਘਾਸਨ ਹੁਕਮ ਚਲਾਵੇ,
ਉਪਰ ਔਰ ਨਰੇਸ਼ਾਂ ਦੇ ।

ਸਾਰੀ ਉਮਰ ਖਟਦਿਆਂ ਗੁਜ਼ਰੀ,
ਖ਼ਾਲੀ ਹਥ ਬਲੇਖਾਂ ਦੇ ।
ਜਾਣ ਲਗੇ ਤੇ ਲਾਹਕੇ ਧਰ ਲਏ,
ਲੀੜੇ ਦੂਰ ਦਰੇਸ਼ਾਂ ਦੇ ।

ਧੱਕੇ ਦੇ ਕੇ ਖਰੇ ਪਿਆਰੇ,
ਕੱਢਨ ਨਾਲ ਕਲੇਸ਼ਾਂ ਦੇ ।
ਏਕ ਸਾਸ ਬਿਨ ਰੇਤੇ ਰਲ ਗਿਆ,
ਕੇਹੇ ਗੁਮਾਨ ਵਰੇਸਾਂ ਦੇ ।

ਤੋੜ ਤੜਾਗੀ ਨੰਗਾ ਕੀਤਾ,
ਬਨਿਆਂ ਵਾਂਗ ਮਲੇਸਾਂ ਦੇ ।
ਰੋਜ਼ ਜਿਨ੍ਹਾਂ ਦੀ ਮਰਨੀ ਮਰਦਾ,
ਬਣੇ ਬਦੇਸ ਹਮੇਸ਼ਾਂ ਦੇ ।

ਜੋਬਨ ਰੂਪ ਇਥਾਈਂ ਧਰ ਗਿਆ,
ਬਣਿਆਂ ਵਾਂਗ ਸਰੇਸਾਂ ਦੇ ।
ਈਸ਼ਰ ਦਾਸਾ ਐਥੇ ਧਰ ਗਿਆ,
ਕੋਇਲੇ ਕਰ ਕੇ ਕੇਸਾਂ ਦੇ ।

9. ਸੋਹਣੀ ਰੋਜ਼ ਨਦੀ ਤਰ ਜਾਵੇ

ਸੋਹਣੀ ਰੋਜ਼ ਨਦੀ ਤਰ ਜਾਵੇ,
ਨੈਨ ਮਿਲੇ ਤਰਸਾਂਦੇ ਨਾ ।
ਆਸ਼ਕ ਲੋਕ ਮਸ਼ੂਕਾਂ ਤਾਈਂ,
ਸਿਦਕ ਬਿਨਾਂ ਅਜ਼ਮਾਂਦੇ ਨਾ ।

ਰੋਜ਼ ਹਮੇਸ਼ਾਂ ਸਰ ਪਰ ਜਾਨਾ,
ਜ਼ਾਲਮ ਲੋਕ ਜਰਾਂਦੇ ਨਾ ।
ਮਾਘ ਮਹੀਨੇ ਠਾਠਾਂ ਦੇਂਦੇ,
ਅੰਤ ਸ਼ੁਮਾਰ ਸਰਾਂ ਦੇ ਨਾ ।

ਰਾਤ ਅੰਨ੍ਹੇਰੀ ਕੱਕਰ ਕੜਕਨ,
ਬੱਦਲ ਪੌਨ ਠਰਾਂਦੇ ਨਾ ।
ਕੱਚਾ ਘੜਾ ਕੁਮੌਤ ਕਬੂਲੀ,
ਉਡ ਗਈ ਜਾਨਵਰਾਂ ਦੇ ਨਾ ।

ਏਹੋ ਹਾਲ ਸਸੀ ਤਨ ਗੁਜ਼ਰੇ,
ਹੇਤ(ਹੋਤ) ਪਿਆਰ ਘਰਾਂ ਦੇ ਨਾ ।
ਜੇਠ ਮਹੀਨੇ ਸਿਖਰ ਦੁਪਹਿਰੇ,
ਪਹੁੰਚੀ ਮਜ਼ਲ ਘਰਾਂ ਦੇ ਨਾ ।

ਨੰਗੇ ਪੈਰ ਪਰੀ ਦੀ ਸੂਰਤ,
ਖੁਲ੍ਹੇ ਕੇਸ ਪਰਾਂਦੇ ਨਾ ।
ਸਿਦਕੋਂ ਹੀਨੇ ਦੋਹੀਂ ਜਹਾਨੀ,
ਮੁਰਸ਼ਦ ਤੇ ਤਰਸਾਂਦੇ ਨਾ ।

ਈਸ਼ਰ ਦਾਸਾ ਲੋਕ ਲਾਜ ਤੇ
ਆਸ਼ਕ ਜੋ ਸ਼ਰਮਾਂਦੇ ਨਾ ।

10. ਚਲੋ ਸਈਯੋ ਰਲ ਦੇਖਨ ਚਲੀਏ

ਚਲੋ ਸਈਯੋ ਰਲ ਦੇਖਨ ਚਲੀਏ,
ਨੰਦ ਮਹਿਰ ਦਾ ਪਯਾਰਾ ਨੀ ।
ਮਟਕੀ ਫੋੜ ਜਗਾਤਾਂ ਮੰਗਦਾ,
ਲੈਂਦਾ ਰੋਜ਼ ਨਜ਼ਾਰਾ ਨੀ ।

ਜਮਨਾ ਘਾਟ ਚਰਾਵਤ ਗਊਆਂ,
ਸ਼ਯਾਮ ਰੂਪ ਵਨਜਾਰਾ ਨੀ ।
ਜਿਸ ਨੇ ਨਾਦ ਵਜਾਈ ਬੰਸੀ,
ਮੋਹ ਲੀਆ ਜਗ ਸਾਰਾ ਨੀ ।

ਬਿੰਦ੍ਰਾਬਨ ਦੀ ਕੁੰਜ ਗਲੀ ਮੇਂ,
ਗਰਜ ਰਿਹਾ ਘਨ ਕਾਰਾ ਨੀ ।
ਹਰਿ ਹਰਿ ਦੇ ਵਿੱਚ ਰੂਪ ਉਸੀ ਦਾ,
ਜਿਸ ਦਾ ਨੂਰ ਨਿਆਰਾ ਨੀ ।

ਰਲ ਮਿਲੀਓ ਮਨ ਮੋਹਨ ਸ਼ਾਮ ਨੂੰ,
ਅਬ ਹੁਨ ਦਾਉ ਤੁਮਾਰਾ ਨੀ ।
ਵਕਤ ਗਏ ਨੂੰ ਮਰੂ ਝੂਰਦਾ,
ਈਸ਼ਰਦਾਸ ਵਿਚਾਰਾ ਨੀ 

No comments:

Post a Comment