Wednesday 15 October 2014

ਗਾਇਕੀ ਦਾ ਵਹਿਦਾ ਦਰਿਆ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ

ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਇਸ ਮਹਾਨ ਗਾਇਕ ਦਾ ਜਨਮ 13 ਅਕਤੂਬਰ 1948 ਨੂੰ ਲਾਇਲਪੁਰ (ਮੌਜੂਦਾ ਫ਼ੈਸਲਾਬਾਦ) ਪਾਕਿਸਤਾਨ ਵਿਖੇ ਹੋਇਆ। ਚਾਰ ਭੈਣਾਂ ਅਤੇ ਦੋ ਭਰਾਵਾਂ ਵਾਲੇ ਵੱਡੇ ਪਰਿਵਾਰ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਭਾਰਤ-ਪਾਕਿਸਤਾਨ ਵੰਡ ਤੋੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਦੇ ਵੱਡੇ-ਵਡੇਰੇ ਅਫ਼ਗਾਨਿਸਤਾਨ ਤੋੋਂ ਹਿਜ਼ਰਤ ਕਰਕੇ ਆਏ ਸਨ। ਬਚਪਨ ਤੋੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬੇਹੱਦ ਸ਼ੌਕ ਸੀ ਪਰ ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਕਹਿੰਦੇ ਸਨ ਕਿ ਤੂੰ ਗਾ ਨਹੀਂ ਸਕਦਾ ਸਗੋਂ ਗਾਇਕੀ ਲਈ ਤੈਥੋਂ ਛੋੋਟੇ ਫਰਖ ਦੀ ਆਵਾਜ਼ ਜ਼ਿਆਦਾ ਢੁਕਵੀਂ ਹੈ ਪਰ ਉਸਤਾਦ ਨੁਸਰਤ ਜਿਸ ਨੂੰ ਘਰ ਵਿੱਚ ਪੇਜ਼ੀ ਕਹਿ ਕੇ ਬੁਲਾਇਆ ਜਾਂਦਾ ਸੀ, ਨੇ ਲਗਾਤਾਰ ਰਿਆਜ਼ ਤੇ ਸਖ਼ਤ ਮਿਹਨਤ ਨਾਲ ਆਪਣੇ ਪਿਤਾ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਉਹ ਭਵਿੱਖ ਵਿੱਚ ਸੰਗੀਤ ਦਾ ਸਿਤਾਰਾ ਬਣ ਕੇ ਚਮਕੇਗਾ। ਉਨ੍ਹਾਂ ਦੇ ਘਰ ਉਸ ਸਮੇਂ ਇੱਕ ਫ਼ਕੀਰ ਆਇਆ ਕਰਦੇ ਸਨ ਜਿਨ੍ਹਾਂ ਦਾ ਪਰਿਵਾਰ ਵਿੱਚ ਬਹੁਤ ਸਤਿਕਾਰ ਸੀ। ਇਸ ਵਾਰ ਉਹ ਫ਼ਕੀਰ ਜਦ ਘਰ ਆਏ ਤਾਂ ਨੁਸਰਤ ਸਾਹਿਬ ਦੇ ਪਿਤਾ ਨੇ ਉਨ੍ਹਾਂ ਅੱਗੇ ਫਰਿਆਦ ਕੀਤੀ ਕਿ ਇਸ ਬੱਚੇ ਨੂੁੰ ਮੈਂ ਉਚੇਰੀ ਵਿਦਿਆ ਦਿਵਾ ਕੇ ਡਾਕਟਰ ਬਣਾਉਣਾ ਚਾਹੰਦਾ ਹਾਂ ਪਰ ਇਸ ਨੂੰ ਸੰਗੀਤ ਤੋੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਇਹ ਸੁਣ ਕੇ ਉਹ ਫ਼ਕੀਰ ਸਾਧੂ ਕੁਝ ਦੇਰ ਲਈ ਚੁੱਪ ਰਹੇ। ਉਸ ਤੋੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਬੱਚੇ ਦੇ ਨਾਂ ਪ੍ਰਵੇਜ਼ (ਪੇਜ਼ੀ) ਦੀ ਬਜਾਏ, ਜੇ ਇਸ ਦੇ ਨਾਂ ਨਾਲ ਦੋ ਵਾਰ ਫ਼ਤਹਿ ਲਗਾਇਆ ਜਾਵੇ ਤਾਂ ਇਹ ਸੰਗੀਤ ਦੀ ਦੁਨੀਆਂ ਨੂੰ ਜਿੱਤ ਲਵੇਗਾ। ਉਸ ਫ਼ਕੀਰ ਨੇ ਹੀ ਪੇਜ਼ੀ ਦਾ ਨਾਂ ਨੁਸਰਤ ਫ਼ਤਹਿ ਅਲੀ ਖ਼ਾਨ ਰੱਖਿਆ ਕਿਉਂਕਿ ਨੁਸਰਤ ਦਾ ਅਰਥ ਵੀ ਫ਼ਤਹਿ ਹੈ। ਇਸ ਤਰ੍ਹਾਂ ਉਨ੍ਹਾਂ ਦੇ ਨਾਂ ਨਾਲ ਦੋ ਵਾਰ ਫ਼ਤਹਿ ਲੱਗ ਗਿਆ।
ਨੁਸਰਤ ਫ਼ਤਹਿ ਅਲੀ ਖ਼ਾਨ ਨੇ ਸੰਗੀਤ ਦੀ ਮੁਢਲੀ ਸਿੱਖਿਆ ਆਪਣੇ ਪਿਤਾ ਫ਼ਤਹਿ ਅਲੀ ਖ਼ਾਨ ਤੋੋਂ ਹਾਸਲ ਕੀਤੀ। ਅਜੇ ਉਹ ਸੰਗੀਤ ਸਿੱਖ ਹੀ ਰਹੇ ਸਨ ਕਿ 12 ਮਾਰਚ 1964 ਵਿੱਚ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਸਦੀਵੀਂ ਵਿਛੋੜਾ ਦੇ ਗਏ। ਇਸ ਤੋੋਂ ਬਾਅਦ ਉਨ੍ਹਾਂ ਨੇ ਆਪਣੇ ਤਾਇਆ ਉਸਤਾਦ ਮੁਬਾਰਕ ਅਲੀ ਖ਼ਾਨ, ਉਸਤਾਦ ਸਲਾਮਤ ਅਲੀ ਖ਼ਾਨ ਅਤੇ ਆਪਣੇ ਚਾਚਾ ਤੋੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਅਤੇ ਨਾਲ ਹੀ ਸਕੂਲ ਤੋੋਂ 10ਵੀਂ ਤਕ ਪੜ੍ਹਾਈ ਕੀਤੀ। ਹਰ ਰੋਜ਼ ਦਸ-ਦਸ ਘੰਟੇ ਰਿਆਜ਼ ਕਰਨ ਨਾਲ ਉਨ੍ਹਾਂ ਦੀ ਆਵਾਜ਼ ਵਿੱਚ ਪਕਿਆਈ ਆਉਂਦੀ ਗਈ। ਕਈ ਵਾਰ ਅਜਿਹਾ ਵੀ ਹੋਣਾ ਕਿ ਸਵੇਰ ਵੇਲੇ ਰਿਆਜ਼ ਕਰਨ ਨਾਲ ਦਿਨ ਸ਼ੁਰੂ ਹੋਣਾ ਤੇ ਜਦੋਂ ਰਿਆਜ਼ ਤੋਂ ਬਾਅਦ ਬੈਠਕ ਦਾ ਦਰਵਾਜ਼ਾ ਖੋਲ੍ਹਣਾ ਤਾਂ ਵੇਖਣਾ ਕਿ ਬਾਹਰ ਤਾਂ ਰਾਤ ਪੈ ਚੁੱਕੀ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਬਰਸੀ ਉੱਪਰ ਗਾਇਆ ਤਾਂ ਉਨ੍ਹਾਂ ਦੀ ਗਾਇਕੀ ਉੱਪਰ ਮੋਹਰ ਲੱਗ ਗਈ। ਸੰਨ 1964 ਵਿੱਚ ਪਾਕਿਸਤਾਨ ਰੇਡੀਓ ਉੱਪਰ ਪ੍ਰੋਗਰਾਮ ‘ਜਸ਼ਨ-ਏ-ਬਹਾਰ’ ਤੋਂ ਗਾਇਆ ਤਾਂ ਬਹੁਤ ਮਕਬੂਲੀਅਤ ਮਿਲੀ। ਜਲਦੀ ਹੀ ਨੁਸਰਤ ਨੂੰ ਉਰਦੂ, ਫਾਰਸੀ, ਪੰਜਾਬੀ, ਹਿੰਦੀ ਅਤੇ ਅਰਬੀ ਆਦਿ ਭਾਸ਼ਾਵਾਂ ਵਿੱਚ ਗਾਉਣ ਦੀ ਮੁਹਾਰਤ ਹੋ ਗਈ। ਕਵਾਲੀ ਵਿੱਚ ਉਹ ਲੈਅ-ਕਾਰੀ ਤੇ ਤਾਲ ਦਾ ਬਹੁਤ ਖ਼ਿਆਲ ਰੱਖਦੇ। ਰਾਗ ਗਾਉਂਦੇ ਸਮੇਂ ਆਰੋਹ ਅਬਰੋਹ ਉੱਪਰ ਉਨ੍ਹਾਂ ਦੀ ਕਮਾਲ ਦੀ ਪਕੜ ਹੋ ਗਈ। ਸੰਨ 1979 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਫਿਰ ਉਨ੍ਹਾਂ ਘਰ ਇੱਕ ਬੇਟੀ ਨੇ ਜਨਮ ਲਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀ ਗਾਇਕੀ ਬੁਲੰਦੀਆਂ ਛੁੂਹਣ ਲੱਗੀ। ਸਾਲ 1980 ਵਿੱਚ ਫ਼ਿਲਮੀ ਅਦਾਕਾਰ ਰਾਜ ਕਪੂਰ ਦੇ ਪੁੱਤ ਦੇ ਵਿਆਹ ਲਈ ਉਹ ਭਾਰਤ ਆਏ। ਇਸ ਤੋਂ ਬਾਅਦ ਸਾਊਦੀ ਅਰਬ, ਮਿਸਰ, ਨਾਰਵੇ, ਡੈਨਮਾਰਕ, ਸਵੀਡਨ, ਇੰਗਲੈਂਡ, ਬੈਲਜੀਅਮ, ਫਰਾਂਸ, ਕੈਨੇਡਾ ਆਦਿ ਮੁਲਕਾਂ ਵਿੱਚ ਉਨ੍ਹਾਂ ਨੇ ਆਪਣੀ ਗਾਇਕੀ ਦੀ ਧਾਕ ਜਮਾਈ। ‘ਅੱਖੀਆਂ ਉਡੀਕ ਦੀਆਂ ਦਿਲ ’ਵਾਜ਼ਾਂ ਮਾਰਦਾ’, ‘ਚਰਖੇ ਦੀ ਘੂਕ’, ‘ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ’ ਆਦਿ ਸੰਗੀਤਕ ਵੰਨਗੀਆਂ ਨਾਲ ਉਹ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲੱਗੇ। ਉਨ੍ਹਾਂ ਦੁਆਰਾ ਗਾਈਆਂ ਕਵਾਲੀਆਂ ਥਾਂ-ਥਾਂ ਗੂੰਜਣ ਲੱਗੀਆਂ। ਬਾਲੀਵੁੱਡ ਵਿੱਚ ਉਨ੍ਹਾਂ ਨੇ ਕਈ ਫ਼ਿਲਮਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ।
ਗੁਰਬਾਣੀ ਤੇ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਸੰਗੀਤਬੱਧ ਕਰਨ ਤੋਂ ਇਲਾਵਾ ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ, ਸ਼ਿਵ ਕੁਮਾਰ ਬਟਾਲਵੀ ਆਦਿ ਦੀਆਂ ਰਚਨਾਵਾਂ ਅਤੇ ਗੀਤ ਗਾ ਕੇ ਨਵੀਆਂ ਪੈੜਾਂ ਪਾਈਆਂ। ਇਸ ਸਮੇਂ ਹੀ ਸ਼ੂਗਰ ਵਰਗੇ ਰੋਗ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਈ ਹੋਰ ਸਰੀਰਕ ਔਕੜਾਂ ਵੀ ਆਉਣ ਲੱਗੀਆਂ। ਸੰਨ 1997 ਵਿੱਚ ਆਪਣਾ ਇਲਾਜ ਕਰਵਾਉਣ ਲਈ ਉਹ ਇੰਗਲੈਂਡ ਗਏ ਪਰ ਇਸ ਸਮੇਂ ਤਕ ਬਿਮਾਰੀ ਵਧ ਚੁੱਕੀ ਸੀ। ਅੰਤ ਅਨੇਕਾਂ ਮਾਣ-ਸਨਮਾਨ ਹਾਸਲ ਕਰਨ ਵਾਲਾ ਗਾਇਕੀ ਦਾ ਚਮਕਦਾ ਸੂਰਜ ਆਪਣੇ ਸਿਖਰ ਦੁਪਿਹਰੇ 16 ਅਗਸਤ 1997 ਨੂੰ ਅਸਤ ਹੋ ਗਿਆ।
- ਮਨਜੀਤ ਸਿੰਘ ਗਿੱਲ

Tuesday 14 October 2014

ਖੰਡਰ ਬਣ ਰਹੀ ਹੈ ਦੀਵਾਨ ਟੋਡਰ ਮਲ ਦੀ ਇਤਿਹਾਸਕ ਹਵੇਲੀ

ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਸਿੱਖ ਜਗਤ ਦੀ ਮਹਾਨ ਧਰੋਹਰ ਦੀਵਾਨ ਟੋਡਰ ਮਲ ਦੀ ਹਵੇਲੀ ਖੰਡਰ ਬਣਦੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਵੇਲੀ ਦਾ ਸੰਭਾਲ ਵੱਲ ਧਿਆਨ ਨਹੀਂ ਦਿੱਤਾ। ਇਸ ਦੀ ਇਤਿਹਾਸਕ ਦਿੱਖ ਦਿਨੋਂ ਦਿਨ ਖੁਰ ਰਹੀ ਹੈ। ਕੰਧਾ ਢਹਿ ਢੇਰੀ ਹੋ ਗਈਆਂ ਹਨ। ਇਸ ਦੀ ਇਮਾਰਤਾਂ ਡਿਗਦੀਆਂ ਜਾ ਰਹੀਆਂ ਹਨ। ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਹੋ ਰਹੀ ਦੁਰਦਸ਼ਾ ਕਾਰਨ ਸਿੱਖ ਸੰਗਤ ’ਚ ਰੋਸ ਪਾਇਆ ਜਾ ਰਿਹਾ ਹੈ।
ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰ ਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ ’ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੇ ਆਪਣੀ ਸਾਰੀ ਜਾਇਦਾਦ ਤੇ ਦੌਲਤ ਸਿੱਖ ਕੌਮ ਦੇ ਲੇਖੇ ਲਗਾ ਦਿੱਤੀ ਸੀ। ਅੱਜ ਇਸ ਸਥਾਨ ’ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸੁਸ਼ੋਭਿਤ ਹੈ। ਹਵੇਲੀ ਦੇ ਦਰਸ਼ਨਾਂ ਲਈ ਆਉਂਦੇ ਸਿੱਖ ਸ਼ਰਧਾਲੂ ਹਵੇਲੀ ਦੀ ਦੁਰਗਤੀ ’ਤੇ ਅਫ਼ਸੋਸ ਪ੍ਰਗਟ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਜਹਾਜ਼ੀ ਹਵੇਲੀ ਦੀ ਸੰਭਾਲ ਕੀਤੀ ਜਾਵੇ।
ਹਵੇਲੀ ਵੇਖਣ ਆਏ ਸ਼ਰਧਾਲੂ ਸੇਮਜੀਤ ਸਿੰਘ ਨੇ ਦੱਸਿਆ ਕਿ ਦੀਵਾਨ ਟੋਡਰ ਮੱਲ ਨੇ ਸਿੱਖ ਕੌਮ ਲਈ ਸਭ ਕੁਝ ਨਿਛਾਵਰ ਕਰ ਦਿੱਤਾ, ਪਰ ਅੱਜ ਉਨ੍ਹਾਂ ਦੀ ਹਵੇਲੀ ਦੀ ਹਾਲਤ ਖਰਾਬ ਹੋ ਰਹੀ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਇਸ ਹਵੇਲੀ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ। ਸ਼ਰਧਾਲੂ ਗੁਰਦੇਵ ਸਿੰਘ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਢੇਹ-ਢੇਰੀ ਹੋ ਰਹੀ ਹੈ ਜੋ ਕਿ ਬਹੁਤ ਮਾੜੀ ਗੱਲ ਹੈ। ਇਹ ਹਵੇਲੀ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਸੀ ਇਹ ਹਵੇਲੀ ਨਾ ਤਿਆਰ ਹੋਣ ਕਰਕੇ ਸੰਗਤਾਂ ਵਿੱਚ ਮਾਯੂਸੀ ਹੈ।
ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਇਸ ਜਹਾਜ਼ੀ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਯਤਨ ਕਰ ਰਹੀ ਹੈ। ਉਨ੍ਹਾਂ ਵੀ ਮਨਿਆ ਕਿ ਇਸ ਹਵੇਲੀ ਨੂੰ ਤਿਆਰ ਕਰਨ ’ਚ ਬਹੁਤ ਦੇਰ ਹੋ ਚੁੱਕੀ ਹੈੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਇਹ ਗੱਲ ਧਿਆਨ ’ਚ ਆਈ ਤਾਂ ਉਨ੍ਹਾਂ ਮਾਲਕਾਂ ਤੋਂ ਇਹ ਜਗ੍ਹਾ ਖ਼ਰੀਦ ਕੇ ਯਤਨ ਕੀਤਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਪੁਰਾਣੀ ਦਿਖ ਦਿੱਤੀ ਜਾਵੇ।
.......ਦਰਸ਼ਨ ਮਿਠਾ 

ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ

ਨਵਾਬ ਕਪੂਰ ਸਿੰਘ

ਨਵਾਬ ਕਪੂਰ ਸਿੰਘ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਆਪ ਅਠਾਰ੍ਹਵੀਂ ਸਦੀ ਦੇ ਉਨ੍ਹਾਂ ਸਿੱਖ ਸਰਦਾਰਾਂ ਵਿੱਚੋਂ ਸਨ, ਜਿਨ੍ਹਾਂ ਦਾ ਨਾਂ ਸਿੱਖ ਤਵਾਰੀਖ ਵਿੱਚ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਹੈ। ਆਪ 1697 ਵਿੱਚ ਪੈਦਾ ਹੋਏ। ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿੱਚ ਮਿਲੀ ਸੀ। ਆਪ ਅੰਮ੍ਰਿਤਪਾਨ ਕਰਕੇ ਸਿੰਘ ਸਜੇ। ਆਪ ਬੇਹੱਦ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਦਿਆਂ ਆਪ ਨੇ ਸਿੱਖ ਕੌਮ ਦੀ ਬੁਲੰਦੀ ਲਈ ਵਡਮੁੱਲਾ ਯੋਗਦਾਨ ਪਾਇਆ।
ਜ਼ਕਰੀਆ ਖਾਂ ਦੇ ਸਮੇਂ ਸਿੱਖਾਂ ’ਤੇ ਸਖਤੀ ਦਾ ਦੌਰ ਸਿਖ਼ਰ ’ਤੇ ਸੀ ਅਤੇ ਉਨ੍ਹਾਂ ਦੇ ਸਿਰਾਂ ’ਤੇ ਇਨਾਮ ਵੀ ਰੱਖੇ ਗਏ ਸਨ। ਸਿੱਖਾਂ ਦੀ ਸੂਹ ਦੇਣ ਵਾਲੇ ਅਤੇ ਸਿੱਖਾਂ ਨੂੰ ਮਾਰ ਕੇ ਸਿਰ ਪੇਸ਼ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਸੀ ਪਰ ਇਸ ਸਖਤਾਈ ਦੇ ਬਾਵਜੂਦ ਸਿੱਖਾਂ ਨੇ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਜ਼ਾਲਮ ਨਾਲ ਟੱਕਰ ਲੈਣ ਲਈ ਸਿੱਖਾਂ ਨੇ ਠਾਣੀ ਰੱਖੀ। ਸਿੱਖਾਂ ਦੀ ਹਿੰਮਤ, ਅਣਖ ਅਤੇ ਦਲੇਰੀ ਤੋਂ ਜ਼ਕਰੀਆ ਖਾਂ ਕਾਫੀ ਦੁਖੀ ਸੀ। ਉਸ ਵੱਲੋਂ ਸਿੱਖਾਂ ਨੂੰ ਸਮੇਂ-ਸਮੇਂ ਕਈ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਭਾਵੇਂ ਸਾਰੇ ਇਸ ਸਬੰਧੀ ਇਕਮੱਤ ਨਹੀਂ ਵੀ ਸਨ ਪਰ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦਾ ਰਵੱਈਆ ਨਰਮ ਹੋ ਗਿਆ। ਇਸ ਪਿੱਛੋਂ ਸਿੱਖ ਅੰਮ੍ਰਿਤਸਰ ਆ ਕੇ ਵੱਸ ਗਏ। ਸਿੱਖਾਂ ਦੀ ਆਬਾਦੀ ਵਧਣ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਆਉਣ ਲੱਗੀਆਂ, ਜਿਸ ’ਤੇ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। 40 ਵਰ੍ਹਿਆਂ ਤੋਂ ਵੱਧ ਉਮਰ ਵਾਲੇ ‘ਬੁੱਢਾ ਦਲ’ ਵਿੱਚ ਸ਼ਾਮਲ ਹੋ ਗਏ ਅਤੇ ਨਵਾਬ ਕਪੂਰ ਸਿੰਘ ਇਸ ਦਲ ਦੇ ਜਥੇਦਾਰ ਬਣੇ। ਦੂਸਰਾ ਦਲ ‘ਤਰਨਾ ਦਲ’ ਅਖਵਾਇਆ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿੱਚ ਹੀ ਰਹਿ ਪਿਆ। ਇਸ ਦੌਰਾਨ ਸੂਬੇਦਾਰ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਤੋੜ ਲਿਆ ਅਤੇ ਸਿੱਖਾਂ ’ਤੇ ਫਿਰ ਤੋਂ ਜ਼ੁਲਮ ਅਤੇ ਅਤਿਆਚਾਰ ਦਾ ਦੌਰ ਆਰੰਭ ਹੋ ਗਿਆ। ਇਸ ਮੁਸ਼ਕਲਾਂ ਭਰੇ ਸਮੇਂ ਵਿੱਚ ਬੁੱਢਾ ਦਲ ਦਾ ਅੰਮ੍ਰਿਤਸਰ ਰਹਿਣਾ ਸੌਖਾ ਨਾ ਰਿਹਾ।
ਇਸ ਉਪਰੰਤ ਲੰਮਾ ਅਰਸਾ ਸਿੱਖਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕਰਦਿਆਂ ਬਤੀਤ ਕੀਤਾ। ਬੇਸ਼ੱਕ ਸਿੱਖ ਕੌਮ ਨੇ ਇਸ ਸਮੇਂ ਦੌਰਾਨ ਅਤਿਅੰਤ ਜਾਨੀ ਤੇ ਮਾਲੀ ਨੁਕਸਾਨ ਵੀ ਉਠਾਇਆ ਪਰ ਸਿੱਖਾਂ ਨੇ ਆਪਣੇ ਆਪ ਨੂੰ ਜਥੇਬੰਦ ਕਰ ਲਿਆ। 1748 ਵਿੱਚ ਦਲ ਖਾਲਸਾ ਬਣਿਆ ਅਤੇ ਮਿਸਲਾਂ ਦੀ ਸਥਾਪਨਾ ਹੋਈ। ਨਵਾਬ ਕਪੂਰ ਸਿੰਘ ਨੇ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਜਥੇਦਾਰੀ ਸੰਭਾਲੀ। ਮਿਸਲਾਂ ਵਿੱਚ ਇੱਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ, ਜਿਸ ਨੂੰ ‘ਫੈਜ਼ਲਪੁਰੀਆ’ ਜਾਂ ‘ਸਿੰਘਪੁਰੀਆ’ ਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਵਡੇਰੀ ਉਮਰ ਅਤੇ ਆਦਰਸ਼ਕ ਸ਼ਖ਼ਸੀਅਤ ਕਾਰਨ ਸਿੱਖ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਸੀ। ਇੰਜ ਆਪ ਨੇ ਸਿੱਖ ਪੰਥ ਦੀ ਲੰਮਾ ਸਮਾਂ ਅਗਵਾਈ ਕਰਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ।

ਸ. ਜੱਸਾ ਸਿੰਘ ਆਹਲੂਵਾਲੀਆ

ਸ. ਜੱਸਾ ਸਿੰਘ (ਆਹਲੂਵਾਲੀਆ) ਦਾ ਜਨਮ 1718 ਈਸਵੀ ਨੂੰ ਸ. ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਬਾਪ ਦਾ ਸਾਇਆ ਛੋਟੀ ਉਮਰੇ ਆਪ ਦੇ ਸਿਰ ਤੋਂ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਹੀ ਜੁਟ ਗਏ। ਉੱਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ-ਕਮਾਨ, ਗੁਰਜ ਆਦਿ ਬਖਸ਼ਿਸ਼ ਕੀਤੇ।
ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ, ਜਲੰਧਰ ਜਥੇਦਾਰ ਨਵਾਬ ਕਪੂਰ ਸਿੰਘ ਪਾਸ ਪੁੱਜੇ। ਸ. ਜੱਸਾ ਸਿੰਘ ਦੀ ਸ਼ਖ਼ਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਨਵਾਬ ਕਪੂਰ ਸਿੰਘ ਦੇ ਕਹਿਣ ’ਤੇ ਮਾਤਾ ਜੀਵਨ ਕੌਰ ਨੇ ਜੱਸਾ ਸਿੰਘ ਨੂੰ ਉੱਥੇ ਹੀ ਛੱਡ ਦਿੱਤਾ। ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਾਰੀਕੀ ਨਾਲ ਸਿੱਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿੱਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖੂਬ ਕਰਦਾ। ਜਵਾਨ ਹੋਣ ’ਤੇ ਉਸ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਪਾਨ ਕਰਵਾਇਆ ਤੇ ਰਹਿਤ ਬਹਿਤ ਵਿੱਚ ਪਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦਾ ਸਾਥ ਦਿੱਤਾ। ਇਸ ਤਰ੍ਹਾਂ ਸ. ਜੱਸਾ ਸਿੰਘ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਏ ਸਨ।
ਸ. ਜੱਸਾ ਸਿੰਘ ਨੇ ਜਿੱਥੇ ਅਫਗਾਨੀਆਂ ਨੂੰ ਸੋਧਿਆ, ਉੱਥੇ 1761 ਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ।
11 ਮਾਰਚ 1783 ਨੂੰ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਅਖੀਰ 20 ਅਕਤੂਬਰ 1783 ਨੂੰ ਕੌਮ ਨੂੰ ਬੁਲੰਦੀਆਂ ’ਤੇ ਪਹੁੰਚਾ ਸ. ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ।

- ਦਿਲਜੀਤ ਸਿੰਘ ਬੇਦੀ


ਇਤਿਹਾਸ ਦਾ ਰੁਖ਼ ਬਦਲਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਜੀਵਨ ਕਾਲ (1670-1716) ਦੇ ਪਿਛਲੇ 7 ਸਾਲਾਂ (1709-1715) ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਉਹ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਜਾਂਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਉੱਭਰ ਕੇ ਸਾਹਮਣੇ ਆਇਆ। ਡਾ. ਹਰੀ ਰਾਮ ਗੁਪਤਾ ਦਾ ਕਥਨ ਹੈ ਕਿ ਬੰਦਾ ਬਹਾਦਰ, ਸਿਕੰਦਰ, ਨੈਪੋਲੀਅਨ, ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਸ਼ਕਤੀਸ਼ਾਲੀ ਯੋਧਾ ਨਹੀਂ ਸੀ। ਉਸ ਨੇ ਆਪਣੀ ਚੜ੍ਹਤ ਦੌਰਾਨ ਤਿੰਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਅਤੇ ਫਾਰੁਖ਼ਸ਼ੀਅਰ ਨੂੰ ਵਖਤ ਪਾਈ ਰੱਖਿਆ। ਪ੍ਰਸਿੱਧ ਇਤਿਹਾਸਕਾਰ ਮੈਕਲੇਗਰ ਲਿਖਦਾ ਹੈ ਕਿ ‘‘ਬੰਦਾ (ਬਹਾਦਰ), ਯੋਧਿਆਂ ਤੇ ਜਰਨੈਲਾਂ ਵਿੱਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿੱਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ। ਉਂਜ ਵੀ ਬੰਦਾ ਬਹਾਦਰ ਦੇ ਜੰਗੀ ਕਾਰਨਾਮਿਆਂ ’ਤੇ ਝਾਤ ਮਾਰਦਿਆਂ ਇਹ ਤੱਥ ਨਿੱਖਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ ਅਤੇ ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ ਸੀ। ਉਸ ਨੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ।
ਇਤਿਹਾਸ ਦੇ ਅਤਿ ਨਾਜ਼ੁਕ ਦੌਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਮੁੜ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਕਿਵੇਂ ਲੜੀਦਾ ਅਤੇ ਜਿੱਤ ਪ੍ਰਾਪਤ ਕਰੀਦੀ ਹੈ।…ਇਹ ਗੱਲ ਵੱਖਰੀ ਹੈ ਕਿ ‘‘ਕਹਾਣੀ ਦਾ ਪਲਾਟ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਅਦਾਕਾਰ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਸਿਆਣਪ ਨਾਲ ਤਿਆਰ ਕੀਤੇ, ਪਰ ਇਹ ਬੰਦਾ (ਬਹਾਦਰ) ਹੀ ਸੀ, ਜਿਸ ਨੇ ਅਦਾਕਾਰਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਚੰਗੀ ਤਰ੍ਹਾਂ ਖਿਡਾਇਆ।’’- ਡਾ. ਗੋਕਲ ਚੰਦ ਨਾਰੰਗ।
ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 16 ਅਕਤੂਬਰ, 1670ਈ. ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਸ ਦਾ ਪਿਤਾ ਰਾਮਦੇਵ (ਰਾਜਪੂਤ) ਇਕ ਸਾਧਾਰਨ ਕਿਸਾਨ ਸੀ। ਉਹ ਛੋਟੀ ਉਮਰੇ ਹੀ ਇਕ ਅੱਛਾ ਘੋੜ-ਸਵਾਰ, ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।
ਲਛਮਣ ਦਾਸ 15 ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਘਰ-ਬਾਰ ਤਿਆਗ ਕੇ ਬੈਰਾਗੀ ਬਣ ਗਿਆ ਸੀ ਅਤੇ ਉਸ ਦੇ ਗੁਰੂ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਦਰਿਆ ਦੇ ਕੰਢੇ, ਇਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ’ਤੇ ਹੀ 3 ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨਾਲ ਪਹਿਲੀ ਮੁਲਾਕਾਤ ਹੋਈ।
ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਸਾਹਿਬ ਨੇ ਬੜੇ ਨਾਟਕੀ ਢੰਗ ਨਾਲ ਮਾਧੋ ਦਾਸ ਦੀ ਚੋਣ ਕੀਤੀ। ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ ‘ਬਹਾਦੁਰ’ ਦਾ ਖ਼ਿਤਾਬ ਬਖਸ਼ਿਆ ਅਤੇ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ ਤੇ 20 ਹੋਰ ਸਿੰਘ ਨਾਲ ਭੇਜੇ। ਬੰਦਾ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ। ਬਸ, ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰਨਾਵੇਂ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਗ਼ੌਰਤਲਬ ਹੈ ਕਿ ਬੰਦਾ ਬਹਾਦਰ ਦੀ ਕਮਾਨ ਹੇਠ ਕੇਵਲ 25 ਸਿੰਘਾਂ ਦੇ ਜਥੇ ਨੂੰ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨਾਲ ਸਾਹਮਣਿਓਂ ਟੱਕਰ ਲੈਣ ਲਈ ਪੰਜਾਬ ਵੱਲ ਭੇਜਣਾ, ਹਿੰਦੁਸਤਾਨ ਦੇ ਇਤਿਹਾਸ ਦੀ ਇਕ ਬੇਮਿਸਾਲ ਘਟਨਾ ਹੈ।
ਨਾਂਦੇੜ ਤੋਂ ਦਿੱਲੀ ਪਹੁੰਚਣ ਤੱਕ ਬੰਦਾ ਸਿੰਘ ਬਹਾਦਰ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਰੋਹਤਕ-ਸੋਨੀਪਤ ਦੇ ਇਲਾਕੇ ਵਿੱਚ ਦਾਖਲ ਹੋਣ ਉਪਰੰਤ ਖਾਲਸਾ ਵਹੀਰ ਸਹੇਰੀ- ਖੰਡਾ ਨਾਂ ਦੇ ਦੋ ਜੁੜਵੇਂ ਪਿੰਡਾਂ ਦੀ ਜੂਹ ਵਿੱਚ ਰੁਕੀ ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇਥੋਂ ਹੀ ਬੰਦਾ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ। ਸੰਦੇਸ਼ ਮਿਲਦਿਆਂ ਹੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਹੇਰੀ-ਖੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ। ਕੁਝ ਲੁਟੇਰੇ ਤੇ ਚੋਰ-ਡਾਕੂ ਵੀ ਨਾਲ ਆ ਰਲੇ।
ਸਿੰਘ ਸੂਰਮਿਆਂ ਦੇ ਠਾਠਾਂ ਮਾਰਦੇ ਇਕੱਠ ਅਤੇ ਉਨ੍ਹਾਂ ਦੇ ਉੱਚ ਮਨੋਬਲ ਤੋਂ ਉਤਸ਼ਾਹਿਤ ਹੋ ਕੇ ਬੰਦਾ ਬਹਾਦਰ ਨੇ ਨੇੜੇ ਹੀ ਸੋਨੀਪਤ ’ਤੇ ਹਮਲਾ ਕਰ ਕੇ ਆਪਣੀਆਂ ਸੈਨਿਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਅਤੇ ਮੁਗ਼ਲ ਰਾਜਧਾਨੀ ਦੇ ਨੱਕ ਹੇਠ ਪਹਿਲੀ ਜਿੱਤ ਪ੍ਰਾਪਤ ਕੀਤੀ। ਲਗਦੇ ਹੱਥ ਹੀ, ਕੈਥਲ ਨੇੜਿਓਂ ਸ਼ਾਹੀ ਖਜ਼ਾਨਾ ਲੁੱਟ ਲਿਆ ਅਤੇ ਕੈਥਲ ’ਤੇ ਵੀ ਕਬਜ਼ਾ ਕਰ ਲਿਆ। ਬੰਦਾ ਬਹਾਦਰ ਦਾ ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਸ ਨੇ ਥੋੜ੍ਹੇ ਅਰਸੇ ਵਿੱਚ ਹੀ ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਛੱਤ-ਬਨੂੜ ਵਰਗੇ ਮੁਗ਼ਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਹੁਣ  ਬੰਦਾ ਬਹਾਦਰ ਨੇ ਆਪਣੇ ਮੁੱਖ ਨਿਸ਼ਾਨੇ ਸਰਹਿੰਦ ਵੱਲ ਵਾਗਾਂ ਮੋੜੀਆਂ।
12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਖੂਨ ਡੋਲਵੀਂ ਲੜਾਈ ਵਿੱਚ ਸਰਹਿੰਦ ਦਾ ਹੁਕਮਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦਾ ਛੋਟਾ ਪੁੱਤਰ ਅਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ। 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖਲ ਹੋਏ। ਇਸ ਤਰ੍ਹਾਂ ਬੰਦਾ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਸੋ, ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਰਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਏ। ਇਤਿਹਾਸ ਦੀਆਂ ਨਜ਼ਰਾਂ ਨੇ ਉਹ ਵਕਤ ਵੀ ਵੇਖਿਆ ਹੈ ਜਦੋਂ ਲਾਹੌਰ ਤੋਂ ਲੈ ਕੇ ਜਮਨਾ ਪਾਰ ਸਹਾਰਨਪੁਰ ਤੱਕ ਦੇ ਇਲਾਕੇ ’ਤੇ ਬੰਦਾ ਬਹਾਦਰ ਦਾ ਕਬਜ਼ਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਨਿਰਾ ਜੰਗਜੂ ਹੀ ਨਹੀਂ ਸੀ, ਉਹ ਲੋਕਾਂ ਦਾ ਸੇਵਕ ਅਤੇ ਪਰਜਾ ਦਾ ਪਾਲਕ ਵੀ ਸੀ। ਉਸ ਨੇ ਗਰੀਬ-ਗੁਰਬਿਆਂ ਨੂੰ ਆਪਣੀ ਹਕੂਮਤ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਕਰ ਕੇ ਗੁਰੂ ਗੋਬਿੰਦ ਸਿੰਘ ਦੇ ਇਸ ਐਲਾਨਨਾਮੇ ‘‘ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਾਦ ਕਰੇਂ ਯੇਹ ਹਮਾਰੀ ਗੁਰਿਆਈ’’ ਨੂੰ ਅਮਲੀ ਜਾਮਾ ਪਹਿਨਾਇਆ। ਸਭ ਤੋਂ ਵਧ ਕੇ ਉਸ ਨੇ ਜ਼ਿਮੀਂਦਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ।
ਬੰਦਾ ਬਹਾਦਰ ਦੀ ਚੜ੍ਹਤ ਨੂੰ ਵੇਖਦਿਆਂ ਮੁਗ਼ਲ ਸਮਰਾਟ ਬਹਾਦਰ ਸ਼ਾਹ ਖੁਦ ਵੱਡੀ ਫੌਜ ਲੈ ਕੇ ਪੰਜਾਬ ਵਿੱਚ ਦਾਖਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬੰਦਾ ਬਹਾਦਰ ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿੱਕਲ ਗਿਆ। ਇਸੇ ਦੌਰਾਨ ਚੰਬੇ ਦੇ ਰਾਜੇ ਦੀ ਧੀ ਨਾਲ ਵਿਆਹ ਕਰਵਾ ਲਿਆ। ਦੂਜਾ ਵਿਆਹ, ਵਜ਼ੀਰਾਬਾਦ ਦੇ ਖੱਤਰੀ ਸ਼ਿਵ ਰਾਮ ਦੀ ਧੀ ਨਾਲ ਹੋਇਆ।
ਮੁਗ਼ਲ ਸਮਰਾਟ ਬਹਾਦਰ ਸ਼ਾਹ ਦੀ 18 ਫਰਵਰੀ 1712 ਨੂੰ ਲਾਹੌਰ ਵਿਖੇ ਮੌਤ ਹੋ ਗਈ। ਮੌਕੇ ਤੋਂ ਲਾਭ ਉਠਾਉਂਦਿਆਂ, ਬੰਦਾ ਬਹਾਦਰ ਨੇ ਮੁੜ ਆਪਣੀ ਸ਼ਕਤੀ ਨੂੰ ਸੰਗਠਤ ਕੀਤਾ ਅਤੇ ਕਈ ਇਲਾਕਿਆਂ ’ਤੇ ਕਾਬਜ਼ ਹੋ ਗਿਆ। ਉਸ ਨੇ ਮਾਰਚ 1715 ਵਿੱਚ ਕਲਾਨੌਰ ਤੇ ਬਟਾਲੇ ’ਤੇ ਕਬਜ਼ਾ ਕਰ ਲਿਆ।
ਗ੍ਰਿਫਤਾਰੀ:ਅੰਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗ਼ਲ ਫੌਜ ਦੇ ਘੇਰੇ ਵਿੱਚ ਆ ਗਿਆ। ਇਹ ਘੇਰਾ ਕਈ ਮਹੀਨਿਆਂ ਤੱਕ ਜਾਰੀ ਰਿਹਾ। ਰਸਦ ਮੁੱਕ ਗਈ। ਸਿੱਖ ਫਾਕੇ ਕੱਟਣ ਲੱਗੇ। 7 ਦਸੰਬਰ, 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫੌਜਾਂ ਦੀ ਜਿੱਤ ’ਤੇ ਟਿੱਪਣੀ ਕਰਦਿਆਂ, ਹਾਜੀ ਕਾਮਵਰ ਖਾਂ ਆਪਣੀ ਪੁਸਤਕ ‘ਤਜ਼ਕਿਰਾਤੂ-ਸਲਾਤੀਨ ਚੁਗਤਾਂਈਆ, ਵਿੱਚ ਲਿਖਦਾ ਹੈ ਕਿ ‘‘ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬੰਦਾ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਸਨ।’’
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ। ਫਿਰ ਅਤਿ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ। ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ। ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਹਿਲੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ’ਤੇ ਕੈਦ ਵਿੱਚ ਰੱਖਿਆ ਗਿਆ।
ਕਤਲੇਆਮ: 5 ਮਾਰਚ 1715 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤੱਕ ਕਤਲੇਆਮ ਜਾਰੀ ਰਿਹਾ। ਇਨ੍ਹਾਂ ਕਤਲਾਂ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਚੁੱਪ ਵਰਤੀ ਰਹੀ।
ਸ਼ਹਾਦਤ: 9 ਜੂਨ 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ।

- ਡਾ. ਹਰਚੰਦ ਸਿੰਘ ਸਰਹਿੰਦੀ


ਅਮਰ ਸ਼ਹੀਦ ਮਦਨ ਲਾਲ ਢੀਂਗਰਾ

ਮਹਾਨ ਯੋਧੇ ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਪਿਤਾ ਸਾਹਿਬ ਦਿਤਾ ਮੱਲ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਸੀ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜਿਆ ਦੇਖ ਮਨ ਵਿੱਚ ਦਰਦ ਸ਼ੁਰੂ ਹੋਇਆ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਨ ਵਿੱਚ ਧਾਰ ਲਈ। ਆਪ ਅੰਮ੍ਰਿਤਸਰ ਦੇ ਇਕ ਸਰਕਾਰ-ਪ੍ਰਸਤ ਵਪਾਰੀ ਪਰਿਵਾਰ ਦੇ ਜੀਅ ਸਨ। ਆਪ ਦੇ ਪਿਤਾ ਅੱਖਾਂ ਦੇ ਡਾਕਟਰ ਸਨ। ਉਹ ਸਿਵਲ ਸਰਜਨ ਦੇ ਅਹੁਦੇ ਤੋਂ ਮੁਕਤ ਹੋਏ ਸਨ। ਮਦਨ ਦੇ ਹੋਰ ਪੰਜ ਭੈਣ-ਭਰਾ ਸਨ। ਉਹ ਸਭ ਤੋਂ ਛੋਟੇ ਹੋਣ ਕਰਕੇ ਲਾਡਲੇ ਸਨ। ਬਰਤਾਨੀਆ ਹਕੂਮਤ ਦਾ ਆਲ੍ਹਾ ਦਰਜੇ ਦਾ ਫੌਜੀ ਅਫਸਰ ਕਰਜਨ ਵਾਇਲੀ ਅਤੇ ਆਪ ਦੇ ਪਿਤਾ ਵਿੱਚ ਗੂੜ੍ਹੀ ਦੋਸਤੀ ਸੀ। ਅੰਗਰੇਜ਼ ਸਰਕਾਰ ਨੇ ਡਾਕਟਰ ਦਿਤਾ ਮੱਲ ਨੂੰ ਰਾਏ ਸਾਹਿਬ ਦਾ ਖ਼ਿਤਾਬ ਦਿੱਤਾ ਹੋਇਆ ਸੀ। ਕਰਜਨ ਵਾਇਲੀ ਦੀ ਸਲਾਹ ਨਾਲ ਹੀ ਮਦਨ ਲਾਲ ਨੂੰ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਗਲੈਂਡ ਭੇਜ ਦਿੱਤਾ ਗਿਆ।
ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ, ਉਸ ਦਾ ਅਸਰ ਉਨ੍ਹਾਂ ਦੇ ਮਨ ’ਤੇ ਬਹੁਤ ਹੋਇਆ। ਉਹ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਉਨ੍ਹਾਂ ਯੂਨੀਵਰਸਿਟੀ ਵਿੱਚ ਹੀ ਹੋਰ ਕ੍ਰਾਂਤੀਕਾਰੀ ਭਾਰਤੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਉਹ ਇੰਡੀਆ ਹਾਊਸ ਨਾਲ ਜੁੜ ਗਿਆ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ। ਇੰਡੀਆ ਹਾਊਸ ਮਹਾਨ ਕ੍ਰਾਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਥਾਪਤ ਕੀਤਾ ਸੀ। 1906 ਵਿੱਚ ਇਕ ਮਹਾਨ ਕ੍ਰਾਂਤੀਕਾਰੀ ਸਾਵਰਕਰ ਇੰਗਲੈਂਡ ਪਹੁੰਚੇ ਤਾਂ ਮਦਨ ਲਾਲ ਨਾਲ ਉਨ੍ਹਾਂ ਦਾ ਮੇਲ ਹੋਇਆ।
ਕਰਜਨ ਵਾਇਲੀ ਰਾਜਨੀਤੀ ਵਿੱਚ ਨਿਪੁੰਨ ਆਦਮੀ ਸੀ ਪ੍ਰੰਤੂ ਉਹਦੇ ਮਨ ਵਿੱਚ ਭਾਰਤੀਆਂ ਪ੍ਰਤੀ ਈਰਖਾ ਸੀ ਅਤੇ ਆਪਣੇ ਆਪ ’ਤੇ ਅਭਿਮਾਨ ਸੀ। ਉਸ ਦਾ ਭਾਰਤੀਆਂ ਪ੍ਰਤੀ ਵਤੀਰਾ ਬਹੁਤ ਮਾੜਾ ਸੀ ਅਤੇ ਉਹ ਭਾਰਤੀ ਵਿਦਿਆਰਥੀਆਂ ’ਤੇ ਸਖ਼ਤ ਨਜ਼ਰ ਰੱਖਦਾ ਸੀ। ਕ੍ਰਾਂਤੀਕਾਰੀ ਉਸ ਤੋਂ ਔਖੇ ਸਨ ਅਤੇ ਆਪਣੇ ਰਸਤੇ ਨੂੰ ਸਾਫ ਕਰਨਾ ਚਾਹੁੰਦੇ ਸਨ। ਇਸ ਕਾਰਜ ਲਈ ਮਦਨ ਲਾਲ ਢੀਂਗਰਾ ਦੀ ਜ਼ਿੰਮੇਵਾਰੀ ਲਾਈ ਗਈ। ਮਦਨ ਲਾਲ ਦੀਆਂ ਗਤੀਵਿਧੀਆਂ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਲੱਗ ਚੁੱਕਾ ਸੀ।  ਉਸ ਦੇ ਭਰਾ ਨੇ ਕਰਜਨ ਵਾਇਲੀ ਨੂੰ ਚਿੱਠੀ ਲਿਖ ਕੇ ਸਰਗਰਮੀਆਂ ਬਾਰੇ ਦੱਸ ਦਿੱਤਾ ਸੀ ਅਤੇ ਹਟਾਉਣ ਲਈ ਆਖਿਆ ਸੀ। ਪਰ ਸੂਰਬੀਰ ਦੇ ਮਨ ਵਿੱਚ ਦੇਸ਼ ਦੇ ਅਪਮਾਨ ਦਾ ਬਦਲਾ ਲੈਣ ਦੀ ਅੱਗ ਮਚੀ ਹੋਈ ਸੀ। 1 ਜੁਲਾਈ 1909 ਨੂੰ ਲੰਡਨ ਵਿੱਚ ਕਰਜਨ ਵਾਇਲੀ ਇੱਕ ਭਾਰੀ ਇੱਕਠ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਭਾਰਤ ਦੇ ਖ਼ਿਲਾਫ਼ ਅਪਮਾਨ ਵਾਲੇ ਸ਼ਬਦ ਬੋਲ ਰਿਹਾ ਸੀ। ਮਦਨ ਤੋਂ ਇਹ ਅਪਮਾਨ ਸਹਿਣ ਨਹੀਂ ਹੋਇਆ ਅਤੇ ਸੂਰਬੀਰ ਨੇ ਆਪਣੇ ਪਿਸਤੌਲ ਨਾਲ ਕਰਜਨ ਵਾਇਲੀ ’ਤੇ 6 ਗੋਲੀਆਂ ਚਲਾਈਆਂ ਅਤੇ ਕਰਜਨ ਵਾਇਲੀ ਢੇਰ ਹੋ ਗਿਆ। ਇਸ ਉਪਰੰਤ ਜਦੋਂ ਮਦਨ ਲਾਲ ਢੀਂਗਰਾ ਦੇ ਹੱਥ ਪਿੱਛੇ ਨੂੰ ਬੰਨ੍ਹ ਕੇ ਮਦਨ ਲਾਲ ਨੂੰ ਲਿਜਾ ਰਹੇ ਸਨ ਉਸ ਨੇ ਉਨ੍ਹਾਂ ਦੀ ਖਿੱਲੀ ਉਡਾਈ ਅਤੇ ਹੱਸਦੇ ਹੋਏ ਕਹਿਣ ਲੱਗਾ ਕਿ ਮੈਨੂੰ ਆਪਣੀ ਜੇਬ ਵਿੱਚੋਂ ਐਨਕ ਤਾਂ ਕੱਢ ਕੇ ਲਾ ਲੈਣ ਦਿੳ। ਜਦੋਂ ਸਾਵਰਕਰ ਉਸ ਨੂੰ ਜੇਲ੍ਹ ਮਿਲਣ ਗਿਆ ਤਾਂ ਪੁੱਛਿਆ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸ। ਉਸ ਨੇ ਇੱਕ ਸ਼ੀਸ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਕੱਪੜੇ ਪਾ ਕੇ ਤਾਂ ਦੇਖ ਲਵਾਂ।
ਕਰਜਨ ਵਾਇਲੀ ਦੀ ਮੌਤ ਨੇ ਸਾਰੇ ਇੰਗਲੈਂਡ ਨੂੰ ਹਿਲਾ ਦਿੱਤਾ। ਮਦਨ ਲਾਲ ਦੇ ਪਿਤਾ ਨੇ ਵਾਇਲੀ ਦੀ ਮੌਤ ’ਤੇ ਬਹੁਤ ਦੁੱਖ ਮਹਿਸੂਸ ਕੀਤਾ ਅਤੇ ਲਾਰਡ ਮੋਰਲੇ ਨੂੰ ਤਾਰ ਲਿਖ ਕੇ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਮਦਨ ਮੇਰਾ ਪੁੱਤਰ ਨਹੀਂ ਹੈ ਅਤੇ ਮਦਨ ਨੂੰ ਆਪਣਾ ਪੁੱਤਰ ਕਹਿਣ ’ਤੇ ਸ਼ਰਮ ਆਉਂਦੀ ਹੈ। ਮਦਨ ਦੇ ਭਰਾ ਨੇ ਵੀ ਉਸ ਨੂੰ ਪਬਲਿਕ ਵਿੱਚ ਬੁਰਾ-ਭਲਾ ਆਖਿਆ। ਜਦੋਂ ਜਿੱਥੇ ਮਦਨ ਰਹਿੰਦਾ ਸੀ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ ਬਹੁਤ ਮਹੱਤਵਪੂਰਨ ਤਸਵੀਰਾਂ ਮਿਲੀਆਂ। ਇੱਕ ਤਸਵੀਰ ’ਤੇ ਵਿਦਰੋਹੀਆਂ ਨੂੰ ਤੋਪਾਂ ਨਾਲ ਉਡਾਉਂਦੇ ਹੋਏ ਦਿਖਾਇਆ ਗਿਆ ਸੀ ਅਤੇ ਇੱਕ ਹੋਰ ਤਸਵੀਰ ਕਰਜਨ ਵਾਇਲੀ ਦੀ ਸੀ ਜਿਸ ਦੇ ਹੇਠਾਂ ‘‘ਜੰਗਲੀ ਕੁੱਤਾ’’ ਲਿਖਿਆ ਹੋਇਆ ਸੀ। ਮਦਨ ਦੇ ਕੇਸ ਦੀ ਸੁਣਵਾਈ 10 ਜੁਲਾਈ ਨੂੰ ਹੋਈ। ਉਸ ਨੇ ਅਦਾਲਤ ਵਿੱਚ ਜੱਜ ਨੂੰ ਆਖਿਆ ਕਿ ਮੇਰੇ ਦੇਸ਼ ਉਤੇ ਅੰਗਰੇਜ਼ਾਂ ਨੂੰ ਕਬਜ਼ਾ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਮੈਨੂੰ ਮਾਣ ਹੈ ਕਿ ਮੈਂ ਆਪਣੀ ਨਿਮਾਣੀ ਜਿਹੀ ਜਾਨ ਦੇਸ਼ ਤੋਂ ਵਾਰ ਰਿਹਾ ਹਾਂ।
ਅਦਾਲਤ ਨੇ ਮਦਨ ਲਾਲ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਮਦਨ ਨੇ ਆਖਿਆ ਕਿ ਇਹ ਹੁਕਮ  ਮੇਰੇ ਲਈ ਖੁਸ਼ੀ ਵਾਲਾ ਹੈ। ਮੈਂ ਆਪਣੀ ਜਾਨ ਬਚਾਉਣ ਲਈ ਕਿਸੇ ਅੱਗੇ ਅਪੀਲ ਨਹੀਂ ਕਰਾਂਗਾ। ਇਸ ਤਰ੍ਹਾਂ 17 ਅਗਸਤ 1909 ਨੂੰ ਮਦਨ ਨੂੰ ਸ਼ਹੀਦ ਕਰ ਦਿੱਤਾ ਗਿਆ।
ਬੇਸ਼ੱਕ ਮਦਨ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਮਦਨ ਨੂੂੰ ਬੁਰਾ ਆਖਿਆ ਪਰ ਆਇਰਲੈਂਡ ਦੀਆਂ ਅਖ਼ਬਾਰਾਂ ਨੇ ਪੂਰੇ ਜੋਸ਼ ਨਾਲ ਲਿਖਿਆ ਕਿ ਅਸੀਂ ਮਦਨ ਲਾਲ ਢੀਂਗਰਾ ਦਾ ਸਤਿਕਾਰ ਕਰਦੇ ਹਾਂ, ਜਿਸ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਹ ਆਜ਼ਾਦੀ ਲਈ ਸ਼ਹੀਦ ਹੋਣ ਵਾਲਾ ਸਭ ਤੋਂ ਪਹਿਲਾ ਭਾਰਤੀ ਸੀ। ਉਸ ਤੋਂ ਪਹਿਲਾਂ ਦਰਜ ਹੋਏ ਬਾਕੀ ਸ਼ਹੀਦ ਆਪਣੇ ਮਸਲਿਆਂ ਕਰਕੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜੇ ਸਨ ਪ੍ਰੰਤੂ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਸੀ, ਜਿਸ ਨੇ ਆਪਣੇ ਮਸਲਿਆਂ ਲਈ ਨਹੀਂ ਸਗੋਂ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ। ਇਸ ਮਹਾਨ ਯੋਧੇ ਨੂੰ ਜੇਲ੍ਹ ਵਿੱਚ ਫਾਂਸੀ ਦੇ ਕੇ ਜੇਲ੍ਹ ਵਿੱਚ ਹੀ ਦਫ਼ਨ ਕੀਤਾ ਗਿਆ। ਉਸ ਨੇ ਫਾਂਸੀ ਤੋਂ ਪਹਿਲਾਂ ਮੰਗ ਕੀਤੀ ਸੀ ਕਿ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇ ਪਰ ਉਸ ਦੀ ਇਹ ਖਾਹਿਸ਼ ਪੂਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਮਦਨ ਨੂੰ ਬਹੁਤ ਸਮੇਂ ਲਈ ਲਾਪਤਾ ਹੀ ਕਿਹਾ ਗਿਆ, ਪਰ ਜਦੋਂ ਸ਼ਹੀਦ ਊਧਮ ਸਿੰਘ ਦੀ ਕਬਰ ਦੀ ਖੁਦਾਈ ਕੀਤੀ ਗਈ ਤਾਂ ਅਚਾਨਕ ਮਦਨ ਲਾਲ ਢੀਂਗਰਾ ਦੀ ਕਬਰ ਵੀ ਮਿਲ ਗਈ। ਉਸ ਦੇ ਅਸਤ 13 ਦਸੰਬਰ 1976 ਨੂੰ ਭਾਰਤ ਲਿਆਂਦੇ ਗਏ। ਉਸ ਬਾਰੇ ਹੋਰ ਵੀ ਬਹੁਤ ਘਟਨਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਕੇਂਦਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਹਾਨ ਯੋਧੇ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਨੂੰ ਸਰਕਾਰੀ ਮਾਨਤਾ ਦੇਵੇ ਅਤੇ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਮਦਨ ਲਾਲ ਢੀਂਗਰਾ ਦੀ ਜੀਵਨੀ ਸ਼ਾਮਲ ਕੀਤੀ ਜਾਵੇ।

- ਕੁਲਵੰਤ ਸਿੰਘ ਜੌਹਲ


ਸਾਂਝੀ ਮਾਈ ਦਾ ਤਿਉਹਾਰ



ਸਾਡੇ ਦੇਸ਼ ’ਚ ਮਨਾਏ ਜਾਂਦੇ ਤਿਉਹਾਰਾਂ ’ਚੋਂ ‘ਸਾਂਝੀ ਮਾਈ’ ਦਾ ਤਿਉਹਾਰ ਖ਼ਾਸ ਕਰ ਕੁਆਰੀਆਂ ਲੜਕੀਆਂ ਵੱਲੋਂ ਸ਼ਰਧਾ ਤੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਦੁਸਹਿਰੇ ਤੋਂ ਦਸ ਦਿਨ ਪਹਿਲਾਂ ਸ਼ੁਰੂ ਹੁੰਦੇ ਨਰਾਤਿਆਂ ਦੇ ਪਹਿਲੇ ਦਿਨ ਹੁੰਦੀ ਹੈ ਜਦਕਿ ਦੁਸਹਿਰੇ ਦੇ ਤਿਉਹਾਰ ਵਾਲ਼ੇ ਦਿਨ ਦੇ ਪਹੁ-ਫ਼ੁਟਾਲੇ ਨਾਲ ਇਸ ਤਿਉਹਾਰ ਦਾ ਖ਼ਾਤਮਾ ਹੋ ਜਾਂਦਾ ਹੈ। ਦੇਵੀ-ਦੇਵਤਿਆਂ ਨਾਲ ਜੁੜੀਆਂ ਇਤਿਹਾਸਕ/ਮਿਥਿਹਾਸਕ ਮਿੱਥਾਂ ਪੜ੍ਹਨ-ਸੁਣਨ ’ਤੇ ‘ਸਾਂਝੀ ਮਾਈ’ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ ਕਿ ਇਹ ਮਾਈ ਕੁਆਰੀਆਂ ਕੰਨਿਆਵਾਂ ਦੀ ‘ਪੂਜਯਾ ਦੇਵੀ’ ਸੀ। ਇਹ ਦੇਵੀ ਬਹੁਤ ਜ਼ਿਆਦਾ ਰੂਪਮਾਨ ਤੇ ਬੇਸ਼-ਕੀਮਤੀ ਗਹਿਣਿਆਂ ਨਾਲ ਕੱਜੀ ਰਹਿੰਦੀ ਸੀ। ਕੁਝ-ਕੁ ਥਾਵਾਂ ’ਤੇ ਸਾਂਝੀ ਮਾਈ ਨੂੰ ਮਾਂ ਦੁਰਗਾ ਦੇਵੀ ਦਾ ਹੀ ਇਕ ਕਲਿਆਣਕਾਰੀ ਰੂਪ ਦੱਸਿਆ ਗਿਆ ਹੈ। ਉੱਤਰ ਪ੍ਰਦੇਸ਼ ’ਚ ਪ੍ਰਚੱਲਿਤ ਧਾਰਨਾ ਅਨੁਸਾਰ ‘ਸਾਂਝੀ ਮਾਈ’ ਦਾ ਪੇਕਾ ਪਿੰਡ ਸਾਂਗਾਨੇਰ ਤੇ ਸਹੁਰਾ ਪਿੰਡ ਅਜਮੇਰ ਸੀ ਜਦਕਿ ਇਸ ਦੇ ਪਤੀ ਦਾ ਨਾਂ ਕਲਿਆਣ ਜੀ ਦੱਸਿਆ ਗਿਆ ਹੈ। ਰਾਜਸਥਾਨ ਦੀਆਂ ਲੜਕੀਆਂ ਇਸ ਤਿਉਹਾਰ ਨੂੰ ‘ਗਰਾਮ ਦੇਵੀ’ ਦੇ ਨਾਂ ਹੇਠ ਮਨਾਉਂਦੀਆਂ ਹਨ ਜਦਕਿ ਕਾਂਗੜਾ ’ਚ ਇਸ ਤਿਉਹਾਰ ਦਾ ਨਾਂ ‘ਰਲ਼ੀ ਦਾ ਪੁਰਬ’ ਹੈ। ਪੰਜਾਬ ’ਚ ਸਾਂਝੀ ਮਾਈ ਦਾ ਤਿਉਹਾਰ ਮਨਾਉਣ ਸਮੇਂ ਲੜਕੀਆਂ ਵੱਲੋਂ ਜਿਹੜੇ ਪ੍ਰÎੰਪਰਿਕ ਗੀਤ ਗਾਏ ਜਾਂਦੇ ਹਨ, ਉਨ੍ਹਾਂ ’ਚੋਂ ਸਾਂਝੀ ਮਾਈ ਦੀ ਵੰਸ਼ ਜਾਂ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਕਈ ਇਤਿਹਾਸਕਾਰਾਂ ਨੇ ਸਾਂਝੀ ਮਾਈ ਨੂੰ ਸਿੰਧ ਘਾਟੀ ਸੱਭਿਅਤਾ ਦੀ ਮਾਤਾ ਦੇਵੀ ਦਾ ਹੀ ਸਰੂਪ ਦੱਸਿਆ ਹੈ। ਸਾਂਝੀ ਮਾਈ ਤੇ ਉਸ ਨਾਲ ਜੁੜੀਆਂ ਧਾਰਨਾਵਾਂ ਭਾਵੇਂ ਵੱਖਰੀਆਂ-ਵੱਖਰੀਆਂ ਹਨ ਪਰ ਲੜਕੀਆਂ ਵੱਲੋਂ ਇਹ ਤਿਉਹਾਰ ਸ਼ਰਧਾ        ਤੇ ਉਤਸ਼ਾਹ ਨਾਲ ਮਨਾਉਣ ਦੀ ਪ੍ਰੰਪਰਾ ਸਦੀਆਂ ਤੋਂ ਚੱਲੀ ਆ   ਰਹੀ ਹੈ।ਦੁਸਹਿਰੇ ਦੇ ਤਿਉਹਾਰ ਤੋਂ ਦਸ ਦਿਨ ਪਹਿਲਾਂ ਅੱਸੂ ਮਹੀਨੇ ਦੀ ਮੱਸਿਆ ਵਾਲੇ ਦਿਨ ਲੜਕੀਆਂ ਦਾ ਸਮੂਹ ਚੀਕਣੀ ਮਿੱਟੀ ਦੇ ਬਣਾਏ ਚੰਦ-ਤਾਰਿਆਂ, ਟਿੱਕੀਆਂ ਨਾਲ ਕੰਧ ਉੱਪਰ ਕਾਲਪਨਿਕ ਔਰਤ ਦੀ ਮੂਰਤੀ ਬਣਾਉਂਦੀਆਂ ਹਨ ਜੋ ਉਨ੍ਹਾਂ ਲਈ ‘ਸਾਂਝੀ ਮਾਈ’ ਦੀ ਸੰਪੂਰਨ ਤਸਵੀਰ ਹੁੰਦੀ ਹੈ। ਇਸ ਦਿਨ ਨਰਾਤੇ ਵੀ ਸ਼ੁਰੂ ਹੋ ਜਾਂਦੇ ਹਨ ਤੇ ਲੜਕੀਆਂ ਕੋਰੇ ਬਰਤਨਾਂ ’ਚ ਮਿੱਟੀ ਪਾ ਕੇ ਜੌਂਅ ਬੀਜਦੀਆਂ ਹਨ ਜਿਸ ਨੂੰ ‘ਖੇਤਰੀ’ ਆਖਿਆ ਜਾਂਦਾ ਹੈ। ਕੰਧ ਨੂੰ ਲਿੱਪ-ਪੋਚ ਕੇ ਬਣਾਈ ਗਈ ਸਾਂਝੀ ਮਾਈ ਦੀ ਆਕ੍ਰਿਤੀ ਦੀ  ਸਜਾਵਟ ਕਰਨ ਲਈ ਸਿੱਪੀਆਂ-ਘੋਗੇ, ਕੌਡੀਆਂ, ਕੱਚ ਦੀਆਂ ਵੰਗਾਂ ਦੇ ਟੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੱਥੀਂ ਬਣਾਏ ਹੋਏ ਫ਼ੁੱਲਦਾਰ ਬੂਟੇ, ਜਾਨਵਰਾਂ, ਚਿੜੀ-ਤੋਤਿਆਂ ਨੂੰ ਆਕ੍ਰਿਤੀ ਦੇ ਆਲੇ-ਦੁਆਲੇ ਚਿਪਕਾ ਕੇ ਬੜੀਆਂ ਰੀਝਾਂ ਨਾਲ ਸਜਾਵਟ ਕੀਤੀ ਜਾਂਦੀ ਹੈ। ਕੰਧ ’ਤੇ ਬਣਾਈ ਗਈ ਮਾਤਾ ਦੀ ਆਕ੍ਰਿਤੀ ਸੁੱਕ ਜਾਣ ’ਤੇ ਪੀਲੀ ਮਿੱਟੀ, ਕ੍ਰਿਮਚੀ, ਹਲਦੀ ਤੇ ਸੰਧੂਰ ਆਦਿ ਨਾਲ ਰੰਗ਼ ਕਰਨ ਤੋਂ ਇਲਾਵਾ ਰੰਗ਼-ਬਰੰਗ਼ੇ ਕਾਗਜ਼ਾਂ ਦੇ ਟੁਕੜਿਆਂ ਨਾਲ ਦੁਪੱਟਾ, ਘੱਗਰਾ-ਚੋਲੀ ਨਾਲ ਸਾਂਝੀ ਮਾਈ ਦੀ ਆਕ੍ਰਿਤੀ ਨਵ-ਵਿਆਹੁਤਾ ਵਾਂਗ ਸ਼ਿੰਗਾਰੀ ਜਾਂਦੀ ਹੈ। ਲੜਕੀਆਂ ਬੜੀ ਸ਼ਰਧਾ ਤੇ ਰੀਝ ਨਾਲ ਆਕ੍ਰਿਤੀ ਦੀ ਸਜਾਵਟ ਕਰਦੀਆਂ ਹਨ।ਦੁਸਹਿਰੇ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ, ਭਾਵ ਕਿ ਨੌਵੇਂ ਨਰਾਤੇ ਦੇ ਦਿਨ ਦੀ ਸ਼ਾਮ ਲੜਕੀਆਂ ਲਈ ਸੋਗਮਈ ਸ਼ਾਮ ਹੁੰਦੀ ਹੈ ਕਿਉਂਕਿ ਸਾਂਝੀ ਮਾਈ ਦੀ ਪੂਜਾ ਦਾ ਉਸ ਦਿਨ ਆਖਰੀ ਦਿਨ ਹੁੰਦਾ ਹੈ। ਇਸ ਦਿਨ ਲੜਕੀਆਂ ਦੇ ਮਨਾਂ ਵਿੱਚ ਪਹਿਲੇ ਦਿਨਾਂ ਵਰਗਾ ਉਤਸ਼ਾਹ ਨਹੀਂ ਹੁੰਦਾ। ਇਸ ਦਿਨ ਸਮੁੱਚੀਆਂ ਲੜਕੀਆਂ ਆਪੋ-ਆਪਣੇ ਘਰਾਂ ਵਿੱਚੋਂ ਸ਼ੱਕਰ-ਚਾਵਲੀ, ਪੰਜੀਰੀ, ਖਿੱਲ੍ਹਾਂ-ਪਤਾਸੇ ਜਾਂ ਹੋਰ ਮਿੱਠੇ ਪਕਵਾਨ ਤਿਆਰ ਕਰਕੇ ਲੈ ਕੇ ਜਾਂਦੀਆਂ ਹਨ। ਸਾਂਝੀ ਮਾਈ ਦੀ ਮਹਿਮਾ ਵਾਲੇ ਗੀਤ, ਆਰਤੀ ਜਾਂ ਪੂਜਾ ਵਗੈਰਾ ਕਰਨ ਉਪਰੰਤ ਮਿੱਠੇ ਪਕਵਾਨਾਂ ਦਾ ‘ਮਾਈ’ ਨੂੰ ਭੋਗ ਲਗਾਉਣ ਉਪਰੰਤ ਸਾਰੀਆਂ ਲੜਕੀਆਂ ਅਤੇ ਛੋਟੇ ਬੱਚੇ ਮਿਲ-ਬੈਠ ਛਕ ਲੈਂਦੇ ਹਨ। ਇਸ ਉਪਰੰਤ ਲੜਕੀਆਂ ਸਾਂਝੀ ਮਾਈ ਦੀ ਅਕ੍ਰਿਤੀ ਕੰਧ ਉਪਰੋਂ ਲਾਹ ਇਕ ਅਣਲੱਗ ਕੱਪੜੇ ’ਚ ਬੰਨ੍ਹ ਰੱਖ ਦਿੰਦੀਆਂ ਹਨ।ਦਸਵਾਂ ਨਰਾਤਾ, ਜਿਸ ਦਿਨ ਦੁਸਹਿਰੇ ਦਾ ਤਿਉਹਾਰ ਹੁੰਦਾ ਹੈ, ਲੜਕੀਆਂ ਪਹੁ-ਫੁੱਟਣ ਤੋਂ ਪਹਿਲਾਂ ਸਬੰਧਤ ਘਰ ਵਿੱਚ ਇਕੱਤਰ ਹੁੰਦੀਆਂ ਹਨ ਤੇ ਬੱਚਿਆਂ ਦੀ ਬਹੁਤਾਤ ਕਾਰਨ ਇਕ ਹਜ਼ੂਮ ਬਣ ਜਾਂਦਾ ਹੈ। ਸਾਂਝੀ ਮਾਈ ਦੀ ਆਕ੍ਰਿਤੀ ਨੂੰ ਟੋਭੇ ਜਾਂ ਸੂਏ ਦੇ ਪਾਣੀ ’ਚ ਤਾਰਨ ਲਈ ਲਿਜਾਇਆ ਜਾਂਦਾ ਹੈ ਤੇ ਬੱਚੇ ਪਟਾਖ਼ੇ ਅਤੇ ਆਤਿਸ਼ਬਾਜ਼ੀ ਵੀ ਚਲਾਉਂਦੇ ਹਨ ਜਦਕਿ ਲੜਕੀਆਂ ਮਾਈ ਦੇ ਗੁਣਗਾਨ ਵਾਲੇ ਗੀਤ, ਟੱਪੇ ਗਾਉਂਦੀਆਂ ਜਾਂਦੀਆਂ ਹਨ। ਸੂਰਜ ਚੜ੍ਹਨ ’ਤੇ ਲੜਕੀਆਂ ਉਹ ਜੌਂਅ, ਜਿਹੜੇ ਕਿ ਸਾਂਝੀ ਮਾਈ ਦੀ ਆਕ੍ਰਿਤੀ ਬਣਾਉਣ ਵਾਲੇ ਦਿਨ ਕੋਰੇ ਬਰਤਨਾਂ ’ਚ ਬੀਜੇ ਹੁੰਦੇ ਹਨ, ਆਪਣੇ ਭਰਾਵਾਂ ਤੇ ਹੋਰ ਅੰਗਾਂ-ਸਾਕਾਂ ਦੀਆਂ ਪੱਗਾਂ ਵਿੱਚ ਟੰਗਦੀਆਂ ਹਨ ਅਤੇ ਜੌਂਅ ਟੰਗਾਈ ਵਜੋਂ ਰੁਪਇਆਂ ਦਾ ਸ਼ਗਨ ਵੀ ਲੈਂਦੀਆਂ ਹਨ। ਇਸ ਤਰ੍ਹਾਂ ਕੁੜੀਆਂ-ਚਿੜੀਆਂ ਦਾ ਸ਼ਰਧਾ ਭਾਵਨਾ ਵਾਲਾ ਸਾਂਝੀ ਮਾਈ ਦਾ ਇਹ ਤਿਉਹਾਰ ਖ਼ਤਮ ਹੋ ਜਾਂਦਾ ਹੈ।

-ਜਰਨੈਲ ਸਿੰਘ ਨੂਰਪੁਰਾ


ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਤੀਰਸਰ ਸਾਹਿਬ


ਅੱਜ ਵੀ ਮਿੱਠੈ ਖਿਆਲਾ ਖੁਰਦ ਦੇ ਖੂਹ ਦਾ ਪਾਣੀ

ਗੁਰੂ ਤੇਗ ਬਹਾਦਰ ਸਾਹਿਬ ਦੇ ਮਾਲਵਾ ਖੇਤਰ ਦੀ ਯਾਤਰਾ ਦੌਰਾਨ ਪਿੰਡ ਖਿਆਲਾ ਕਲਾਂ ਦੀ ਧਰਤੀ ਨੂੰ ਭਾਗ ਲਗਾਉਣ ਸਮੇਂ ਲੋਕਾਂ ਦੀ ਪੀਣ ਦੇ ਪਾਣੀ ਦੀ ਮੰਗ ’ਤੇ ਬਖਸ਼ਿਸ ਕੀਤੇ ਗਏ ਖੂਹ ਦਾ ਪਾਣੀ ਅੱਜ ਵੀ ਮਿੱਠੈ। ਤਿੰਨ ਸੌ ਫੁੱਟ ਦੀ ਡੁੰਘਾਈ ਵਾਲੇ ਇਸ ਖੂਹ ਦੀ ਦਾਸਤਾਂ ਵੀ ਅਨੋਖੀ ਹੈ। ਇਤਿਹਾਸਕਾਰਾਂ ਮੁਤਾਬਕ ਸਾਲ 1665-66 ਦੇ ਫੱਗਣ ਅਤੇ ਚੇਤਰ ਦੇ ਮਹੀਨੇ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਸਮੇਤ ਖਿਆਲਾ ਕਲਾਂ ਵਿਖੇ ਆਏ ਸਨ। ਇਸ ਸਮੇਂ ਗੁਰੂ ਜੀ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਸਨ। ਸੱਤ ਦਿਨ ਗੁਰਦੁਆਰਾ ਗੁਰੂਸਰ ਵਾਲੀ ਥਾਂ ਇੱਕ ਟਿੱਲੇ ’ਤੇ ਵਣ ਦੇ ਹੇਠਾਂ ਠਹਿਰੇ ਸਨ। ਇਸੇ ਸਮੇਂ ਦੌਰਾਨ ਹੀ ਪਿੰਡ ਖਿਆਲਾ ਕਲਾਂ ਦੇ ਇੱਕ ਪੰਡਤ ਨੇ ਆਪ ਜੀ ਨੂੰ ਛੰਨੇ ਵਿੱਚ ਦੁੱਧ ਪਿਲਾਇਆ।
ਆਪ ਜੀ ਸੰਗਤਾਂ ਨੂੰ ਪ੍ਰਵਚਨ ਕਰਦੇ ਸਨ। ਇੱਕ ਦਿਨ ਪਿੰਡ ਖਿਆਲਾ ਦੀ ਸੰਗਤ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਪਾਣੀ ਕੌੜਾ ਅਤੇ ਖਾਰਾ ਹੈ। ਗੁਰੂ ਜੀ ਨੇ ਇੱਕ ਤੀਰ ਚਲਾਇਆ ਅਤੇ ਬਚਨ ਕੀਤੇ ਜਿਸ ਥਾਂ ਇਹ ਤੀਰ ਡਿੱਗੇਗਾ ਉਸ ਥਾਂ ਖੂਹ ਲਗਾਓ ਪਾਣੀ ਮਿੱਠਾ ਹੋਵੇਗਾ। ਜਾਂਦੇ ਸਮੇਂ ਗੁਰੂ ਜੀ ਤੀਰ ਡਿੱਗਣ ਵਾਲੀ ਥਾਂ ਚਰਨ ਪਾ ਕੇ ਗਏ। ਪਿੰਡ ਦੇ ਲੋਕਾਂ ਨੇ ਤੀਰ ਡਿੱਗਣ ਵਾਲੀ ਥਾਂ ਰਲ-ਮਿਲ ਕੇ ਖੂਹ ਲਗਾਇਆ। ਖੂਹ ਦਾ ਪਾਣੀ ਠੰਢਾ ਅਤੇ ਮਿੱਠਾ ਨਿਕਲਿਆ । ਮਿੱਠੇ ਜਲ ਦਾ ਸੋਮਾ ਫੁੱਟ ਪੈਣ ਤੋਂ ਬਾਅਦ ਖੂਹ ਦੇ ਨੇੜੇ ਹੀ ਪਿੰਡ ਖਿਆਲਾ ਖੁਰਦ ਵਸ ਗਿਆ। ਇਸ ਥਾਂ ਸਿੱਖ ਧਰਮ ਦੇ ਕੀਰਤਨੀਏ ਅਤੇ ਸੇਵਾਦਾਰ ਸੇਵਾ ਕਰਦੇ ਅਤੇ ਠੰਢਾ-ਮਿੱਠਾ ਜਲ ਛਕ ਕੇ ਨਿਹਾਲ ਹੁੰਦੇ। ਫਿਰ ਸੰਗਤਾਂ ਨੇ ਖੂਹ ਦੇ ਨਜ਼ਦੀਕ ਹੀ ਕੱਚਾ ਕਮਰਾ ਛੱਤ ਕੇ ਗੁਰਦੁਆਰਾ ਤੀਰ ਸਰ ਸਾਹਿਬ ਦੀ ਨੀਂਹ ਰੱਖੀ। ਗੁਰੂ ਘਰ ਦੇ ਪ੍ਰੇਮੀ ਸੰਪੂਰਨ ਸਿੰਘ ਸਵਾਈ ਕਾ ਨੇ 12 ਵਿਘੇ ਜ਼ਮੀਨ ਗੁਰਦੁਆਰਾ ਤੀਰ ਸਰ ਨੂੰ ਦਾਨ ਕੀਤੀ। ਜਥੇਦਾਰ ਭਰਪੂਰ ਸਿੰਘ ਖਿਆਲਾ ਨੇ ਦੋ ਕਨਾਲ ਜ਼ਮੀਨ ਤੀਰ ਸਰ ਸਾਹਿਬ ਦੇ ਨਾਮ ਲਵਾਈ। ਖੂਹ ਦੇ ਨਜ਼ਦੀਕ ਉਸਰੇ ਗੁਰਦੁਆਰਾ ਤੀਰ ਸਰ ਸਾਹਿਬ ਅੱਜ ਗੁਰਧਾਮ ਬਣ ਗਏ ਹਨ। ਹਰ ਮੱਸਿਆ ਨੂੰ ਇਸ ਥਾਂ ਮੇਲਾ ਭਰਦਾ ਹੈ। ਦੂਰ ਨੇੜੇ ਤੋਂ ਆਈਆਂ ਸੰਗਤਾਂ ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਕੜਾਹ ਪ੍ਰਸ਼ਾਦ ਛਕਦੀਆਂ ਅਤੇ ਗੁਰੂ ਵੱਲੋਂ ਬਖ਼ਸ਼ੇ ਖੂਹ ਦੇ ਦਰਸ਼ਨ ਕਰਦੀਆਂ ਹਨ। ਇਸ ਥਾਂ ਖੂਹ ਦੇ ਨਜ਼ਦੀਕ ਹੀ ਪਵਿੱਤਰ ਸਰੋਵਰ ਵੀ ਉਸਾਰ ਦਿੱਤਾ ਗਿਆ ਹੈ ਜਿਸ ਵਿੱਚ ਖੂਹ ਦਾ ਪਾਣੀ ਹੀ ਪਾਇਆ ਜਾਂਦਾ ਹੈ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਸੰਗਤਾਂ ਖੂਹ ਦੇ ਪਵਿੱਤਰ ਜਲ ਵਿੱਚ ਇਸਨਾਨ ਕਰਕੇ ਸ਼ਾਂਤ ਹੁੰਦੀਆਂ ਹਨ।
ਇਤਿਹਾਸਕਾਰਾਂ ਮੁਤਾਬਕ ਅਬਾਦੀ ਵਧਣ ਤੋਂ ਬਾਅਦ ਕੱਚਾ ਕਮਰਾ ਉਸਾਰ ਕੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸੇ ਦਰਬਾਰ ਸਾਹਿਬ ਵਿੱਚ ਗੁਰੂਆਂ ਵੱਲੋਂ ਛੱਡੇ ਤੀਰ ਸਾਹਿਬ ਨੂੰ ਵੀ ਸੁਸ਼ੋਭਿਤ ਕਰ ਦਿੱਤਾ ਗਿਆ। ਫਿਰ 1943 ਵਿੱਚ ਇਸ ਥਾਂ ਪੱਕਾ ਦਰਬਾਰ ਸਾਹਿਬ ਉਸਾਰਿਆ ਗਿਆ। ਦਰਬਾਰ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਲਈ ਰੱਖੇ ਇਤਿਹਾਸਕ ਤੀਰ ਨੂੰ ਪਿੰਡ ਦੀਆਂ ਸੰਗਤਾਂ ਨੇ ਮਰਿਆਦਾ ਭੰਗ ਹੋਣ ਦੇ ਡਰੋਂ ਪਾਲਕੀ ਵਾਲੇ ਇੱਕ ਥਮਲੇ ਵਿੱਚ ਟਿਕਾ ਦਿੱਤਾ। ਸਮੇਂ ਨਾਲ ਪੁਰਾਣੇ ਪੈ ਚੁੱਕੇ ਇਸ ਦਰਬਾਰ ਸਾਹਿਬ ਦੀ ਮੁੜ ਉਸਾਰੀ ਲਈ ਸੰਗਤਾਂ ਨੇ 2008 ਵਿੱਚ ਕਾਰ ਸੇਵਾ ਆਰੰਭ ਕੀਤੀ। ਪਿੰਡ ਖਿਆਲਾ ਖੁਰਦ ਦੇ ਮੌਜੂਦਾ ਸਰਪੰਚ ਭਾਈ ਜਗਰੂਪ ਸਿੰਘ, ਸਾਬਕਾ ਪੰਚ ਭਾਈ ਨੱਥਾ ਸਿੰਘ ਅਤੇ ਭਾਈ ਬਿੱਕਰ ਸਿੰਘ ਨੇ ਦੱਸਿਆ ਕਾਰ ਸੇਵਾ ਦੌਰਾਨ 21-01-2008 ਨੂੰ ਥਮਲੇ ਵਿੱਚੋਂ ਤੀਰ ਸਾਹਿਬ ਮਿਲੇ। ਸਵਾ ਹੱਥ ਲੰਬਾਈ ਵਾਲਾ ਇਹ ਤੀਰ ਹੋਰਨਾਂ ਗੁਰੂ ਘਰਾਂ ਵਿੱਚ ਸਜਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਤੀਰਾਂ ਨਾਲ ਮਿਲਦਾ-ਜੁਲਦਾ ਹੈ। ਅੱਜ ਗੁਰਦੁਆਰਾ ਤੀਰ ਸਰ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸੰਪੂਰਨ ਹੋਣ ਕੰਢੇ ਹੈ। ਇੱਥੇ ਵੱਡ-ਅਕਾਰੀ ਇਮਾਰਤ ਬਣ ਚੁੱਕੀ ਹੈ। ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾਲ ਤੀਰ ਸਾਹਿਬ ਵੀ ਸਜਾਏ ਗਏ ਹਨ। ਦੂਰ-ਨੇੜੇ ਦੀਆਂ ਸੰਗਤਾਂ ਇਸ ਇਤਿਹਾਸਕ ਖੂਹ ਅਤੇ ਤੀਰ ਦੇ ਦਰਸ਼ਨਾਂ ਲਈ ਆਉਂਦੀਆਂ ਹਨ।

-ਹਰਦੀਪ ਸਿੰਘ ਜਟਾਣਾ