Wednesday, 2 October 2013

ਸੇਵਾ ਦੇ ਪੁੰਜ ਭਾਈ ਘਨ੍ਹੱਈਆ ਜੀ



ਭਾਈ ਘਨ੍ਹੱਈਆ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ। ਨਾਮ ਬਾਣੀ ਦੇ ਰਸੀਏ ਭਾਈ ਘਨ੍ਹੱਈਆ ਜੀ ਦਾ ਜਨਮ 1648 ਈਸਵੀ ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਇਹ ਪਿੰਡ ਦਰਿਆ ਅਟਕ ਤੋਂ ਥੋੜ੍ਹੀ ਦੂਰੀ ’ਤੇ ਵੱਸਿਆ ਹੋਇਆ ਹੈ। ਇਤਿਹਾਸ ਵਿੱਚ ਆਉਂਦਾ ਹੈ ਕਿ ਇਸ ਕਸਬੇ ਦੇ ਸੌ ਦਰਵਾਜ਼ੇ ਹੋਣ ਕਰਕੇ ਇਸ ਦਾ ਨਾਂ ਸੌਦਰਾ ਪੈ ਗਿਆ। ਇਸ ਪਿੰਡ ਦੀ ਇੱਕ ਗੱਲ ਮਸ਼ਹੂਰ ਸੀ ਕਿ ਇਸ ਪਿੰਡ ਵਿੱਚ ਇੱਕ ਨੌ ਲੱਖਾ ਖੂਬਸੂਰਤ ਬਾਗ ਸੀ, ਜਿਸ ’ਤੇ ਉਸ ਸਮੇਂ ਨੌਂ ਲੱਖ ਰੁਪਏ ਖਰਚ ਆਏ ਸਨ। ਆਪ ਦੇ ਪਿਤਾ ਇੱਕ ਵੱਡੇ ਸੌਦਾਗਰ ਸਨ ਤੇ ਸ਼ਾਹੀ ਫੌਜਾਂ ਨੂੰ ਰਸਦ ਪਹੁੰਚਾਉਣ ਦਾ ਕੰਮ ਕਰਦੇ ਸਨ। ਆਪ ਬਚਪਨ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ। ਆਪ ਆਪਣੇ ਘਰੋਂ ਜੇਬ ਵਿੱਚ ਕੌਡੀਆਂ, ਰੁਪਏ ਤੇ ਪੈਸੇ ਭਰ ਕੇ ਲਿਜਾਂਦੇ ਸਨ ਤੇ ਬਾਹਰ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। ਆਪ ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਸਨ। ਪਿੰਡੋਂ ਬਾਹਰ ਵੱਡੀ ਸੜਕ ਕਿਨਾਰੇ ਜਾ ਕੇ ਆਪ ਰਾਹਗੀਰਾਂ ਦਾ ਸਾਮਾਨ ਆਪਣੇ ਸਿਰ ’ਤੇ ਚੁੱਕ ਲੈਂਦੇ ਸਨ, ਟਿਕਾਣੇ ਪਹੁੰਚਾ ਕੇ ਤੇ ਆਪਣੇ ਕੋਲੋਂ ਰੁਪਏ ਪੈਸੇ ਦੇ ਕੇ ਆਉਂਦੇ ਸਨ। ਆਪ ਦੇ ਮਾਤਾ ਪਿਤਾ ਇਸ ਗੱਲ ਦਾ ਬੁਰਾ ਮਨਾਉਂਦੇ ਸਨ ਕਿ ਲੋਕ ਕੀ ਕਹਿਣਗੇ? ਆਪ ਆਪਣੇ ਮਾਤਾ ਪਿਤਾ ਨੂੰ ਬੜੇ ਹੀ ਪਿਆਰ ਨਾਲ ਜਵਾਬ ਦਿੰਦੇ ਸਨ ਕਿ ‘ਮਾਂ’, ਘਰਾਂ ਵਿੱਚ ਬਾਉਲੇ ਪੁੱਤਰ ਵੀ ਤਾਂ ਹੁੰਦੇ ਹਨ, ਤੁਸੀਂ ਮੈਨੂੰ ਬਾਉਲਾ ਹੀ ਸਮਝ ਛੱਡੋ।’ ਭਾਈ ਘਨ੍ਹੱਈਆ ਦੇ ਮਨ ਵਿੱਚ ਪ੍ਰਭੂ ਪਤੀ ਦੇ ਚਰਨਾਂ ਦੀ ਤਾਂਘ ਉੱਠੀ। ਕਿਸੇ ਨੇ ਲਾਹੌਰ ਜਾਣ ਲਈ ਕਿਹਾ। ਆਪ ਅਜੇ ਲਾਹੌਰ ਪੁੱਜੇ ਹੀ ਸਨ ਕਿ ਪਿੱਛੋਂ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ। ਵੱਡੇ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਆਪ ਦੇ ਸਿਰ ਆਣ ਪਈ। ਆਪ ਆਪਣਾ ਪਿਤਾ ਪੁਰਖੀ ਕਿੱਤਾ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਉਸ ਸਮੇਂ ਔਰੰਗਜ਼ੇਬ ਦੇ ਕਾਫਲੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨਿੰਨ ਸੇਵਕ ਭਾਈ ਨੰਨੂਆ ਜੀ ਰਹਿੰਦੇ ਸਨ। ਉਨ੍ਹਾਂ ਕੋਲੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ। ਸੀਨੇ ਵਿੱਚ ਖਿੱਚ ਪਈ। ਆਪ ਆਪਣਾ ਸਾਰਾ ਕਾਰੋਬਾਰ ਛੱਡ ਕੇ ਜੰਗਲਾਂ ਵੱਲ ਤੁਰ ਪਏ। ਆਪ ਭੁੱਖੇ ਪਿਆਸੇ ਜੰਗਲ-ਜੰਗਲ ਫਿਰ ਰਹੇ ਸਨ। ਆਪ ਨੂੰ ਇੱਕ ਸਿੱਖ ਮਿਲਿਆ ਤੇ ਆਪ ਨੇ ਉਸ ਨੂੰ ਗੋਬਿੰਦ ਪਾਉਣ ਦੀ ਵਿਧੀ ਪੁੱਛੀ, ਉਸ ਸਿੱਖ ਨੇ ਆਨੰਦਪੁਰ ਦੇ ਰਸਤੇ ਪਾ ਦਿੱਤਾ। ਭਾਈ ਘਨ੍ਹੱਈਆ ਜੀ ਸੰਗਤਾਂ ਨਾਲ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਨੂੰ ਆਉਂਦਿਆਂ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਾਣੀ ਦਾ ਘੜਾ ਲਿਆਉਣ ਦਾ ਹੁਕਮ ਕੀਤਾ। ਜਦ ਆਪ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜ੍ਹੇ ਜਿਹੇ ਪਾਣੀ ਨਾਲ ਹੱਥ ਧੋ ਕੇ ਬਾਕੀ ਬਚਿਆ ਸਾਰਾ ਪਾਣੀ ਡੋਲ ਦਿੱਤਾ ਅਤੇ ਹੋਰ ਪਾਣੀ ਦਾ ਘੜਾ ਲਿਆਉਣ ਲਈ ਕਿਹਾ। ਆਪ ਜਦ ਫਿਰ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜ੍ਹੇ ਜਿਹੇ ਪਾਣੀ ਨਾਲ ਪੈਰ ਧੋ ਕੇ ਫਿਰ ਸਾਰਾ ਪਾਣੀ ਡੋਲ ਦਿੱਤਾ। ਇਸ ਤਰ੍ਹਾਂ ਤਿੰਨ ਮਹੀਨੇ ਸੇਵਾ ਚੱਲਦੀ ਰਹੀ। ਆਪ ਸੱਤ ਬਚਨ ਕਹਿ ਕੇ ਬੜੀ ਖੁਸ਼ੀ-ਖੁਸ਼ੀ ਸੇਵਾ ਨਿਭਾਉਂਦੇ ਰਹੇ। ਤਿੰਨ ਮਹੀਨੇ ਬਾਅਦ ਗੁਰੂ ਜੀ ਨੇ ਆਖਰੀ ਪ੍ਰੀਖਿਆ ਲਈ ਕਿ ਜੇ ਅੱਜ ਪਾਣੀ ਡੋਲਣਾ ਇਸ ਨੂੰ ਚੁਭਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਇੱਕ ਜਾਣ ਕੇ ਪਾਣੀ ਨਹੀਂ ਪਿਲਾਏਗਾ, ਪਰ ਭਾਈ ਘਨ੍ਹੱਈਆ ਜੀ ਇਸ ਇਮਤਿਹਾਨ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਏ। ਆਪ ਗੁਰੂ ਸਾਹਬ, ਸਿੱਖ ਸੰਗਤਾਂ ਤੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਦੇ ਰਹੇ। ਆਪ ਦੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋਈ ਤੇ ਗੁਰੂ ਜੀ ਨੇ ਕਿਹਾ ਕਿ ‘ਇਹ ਦਾਤ ਹੋਰਨਾਂ ਨੂੰ ਵੀ ਵੰਡੋ।’ ਆਪ ਨੇ ਜ਼ਿਲ੍ਹਾ ਅਟਕ ਤੋਂ ਕੋਈ ਵੀਹ ਕੋਹ ਦੂਰ ਉਰਾਂ ਕਵ੍ਹੇ ਪਿੰਡ ਧਰਮਸ਼ਾਲਾ ਉਸਾਰੀਆਂ ਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਚਲਾਇਆ। ਜਦ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਤੇ ਜਦ ਆਪ ਨੂੰ ਗੁਰੂ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ ਤਾਂ ਗੁਰੂ ਦੇ ਵਿਛੋੜੇ ਵਿੱਚ ਆਪ ਨੇ ਕਈ ਦਿਨਾਂ ਤੱਕ ਚੁੱਪ ਧਾਰੀ ਰੱਖੀ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਾਰੇ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਤਾਂ ਆਪ ਵੀ ਗੁਰੂ ਜੀ ਕੋਲ ਪਹੁੰਚ ਗਏ ਤੇ ਗੁਰੂ ਜੀ ਦੇ ਕਹਿਣ ’ਤੇ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਪਿਆਸਿਆਂ ਦੀ ਪਿਆਸ ਬੁਝਾਉਂਦੇ ਰਹੇ। ਆਪ ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਬ ਗੁਰੂ ਜੀ ਦੇ ਨਾਲ ਹੀ ਗਏ। ਉੱਥੇ ਜਦ ਜੰਗਾਂ ਯੁੱਧਾਂ ਦਾ ਚੱਕਰ ਚੱਲ ਪਿਆ ਤਾਂ ਆਪ ਨੇ ਪਾਣੀ ਪਿਲਾਉਣ ਦੀ ਅਤਿ ਕਠਿਨ ਸੇਵਾ ਸੰਭਾਲ ਲਈ। ਆਪ ਆਪਣੇ ਖੱਬੇ ਵਿੱਚ ਚਿੱਟਾ ਝੰਡਾ ਤੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨ੍ਹੱਈਆ ਸਾਡੇ ਨਾਲ ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੱਗਦਾ ਹੈ ਕਿ ਇਨ੍ਹਾਂ ਨੂੰ ਵੈਰੀਆਂ ਨੇ ਖਰੀਦ ਲਿਆ ਹੈ। ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ’ਤੇ ਭਾਈ ਘਨ੍ਹੱਈਆ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ‘ਹੇ ਪਾਤਸ਼ਾਹ, ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ’ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨ੍ਹੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਉ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ। ਸੰਨ 1704  ਈਸਵੀ ਵਿੱਚ ਜਦ ਗੁਰੂ ਜੀ ਨੇ ਆਨੰਦਪੁਰ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਇੱਥੇ ਹੀ ਭਾਈ ਸੇਵਾ ਰਾਮ ਵੀ ਆਪ ਨਾਲ ਆ ਗਏ। ਭਾਈ ਸੇਵਾ ਰਾਮ ਜੀ ਦੇ ਅੱਗੋਂ ਅੱਡਣ ਸ਼ਾਹ ਜੀ ਸੇਵਕ ਬਣੇ। ਭਾਈ ਘਨ੍ਹੱਈਆ ਜੀ ਗੁਰੂ ਜੀ ਦੇ ਬਹੁਤ ਹੀ ਪਿਆਰੇ ਸਿੱਖ ਬਣ ਗਏ ਸਨ। ਗੁਰੂ ਜੀ ਆਪਣੇ ਪਿਆਰੇ ਸਿੱਖਾਂ ਦੀ ਆਪ ਰੱਖਿਆ ਕਰਦੇ ਸਨ। ਸੰਨ 1712 ਈਸਵੀ ਦੀ ਗੱਲ ਹੈ ਕਿ ਭਾਈ ਘਨ੍ਹੱਈਆ ਜੀ ਵੈਰੀਆਂ ਦੇ ਚੁੰਗਲ ਵਿੱਚ ਫਸ ਗਏ। ਇੱਕ ਸੈਨਿਕ ਭਾਈ ਸਾਹਬ ’ਤੇ ਹੱਥ ਚੁੱਕਣ ਲੱਗਾ ਤਾਂ ਉਸ ਦਾ ਹੱਥ ਉੱਥੇ ਹੀ ਰੁਕ ਗਿਆ ਤੇ ਉਨ੍ਹਾਂ ਨੂੰ ਭਾਈ ਘਨ੍ਹੱਈਆ ਜੀ ਇਕੱਲੇ ਨਹੀਂ ਸਗੋਂ ਭਾਈ ਸਾਹਬ ਦੇ ਪਿੱਛੇ ਫੌਜਾਂ ਦਾ ਲਸ਼ਕਰ ਦਿਖਾਈ ਦਿੱਤਾ ਤੇ ਉਹ ਉੱਥੋਂ ਡਰਦੇ ਨੱਸ ਗਏ। ਸੇਵਾ ਤੇ ਸਿਮਰਨ ਦੀ ਮੂਰਤ ਭਾਈ ਘਨ੍ਹੱਈਆ ਜੀ ਨਾਮ ਬਾਣੀ ਦੇ ਰਸੀਏ ਸਨ। ਆਪ ਅੰਤ ਸਮਾਂ ਨੇੜੇ ਆਇਆ ਜਾਣ ਕੇ 1718 ਈਸਵੀ ਵਿੱਚ ਉਰਾਂ ਕਵ੍ਹੇ ਵਿੱਚ ਰੋਜ਼ਾਨਾ ਹੀ ਕੀਰਤਨ ਸੁਣਦੇ ਰਹਿੰਦੇ ਸਨ। ਅੰਤਲੇ ਸਮੇਂ ਵੀ ਆਪ ਥੰਮ੍ਹ ਨਾਲ ਢੋਅ ਲਾ ਕੇ ਕੀਰਤਨ ਸੁਣ ਰਹੇ ਸਨ। ਕੀਰਤਨ ਦੀ ਸਮਾਪਤੀ ’ਤੇ ਵੀ ਜਦ ਆਪ ਦੀ ਸਮਾਧੀ ਨਾ ਖੁੱਲ੍ਹੀ ਤਾਂ ਸੰਗਤਾਂ ਦੇ ਹਿਲਾਉਣ ’ਤੇ ਪਤਾ ਲੱਗਾ ਕਿ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

- ਧਰਮਿੰਦਰ ਸਿੰਘ ਵੜ੍ਹੈਚ
* ਸੰਪਰਕ: 97817-51690

No comments:

Post a Comment