ਬ੍ਰਹਮ ਗਿਆਨੀ ਬਾਬਾ ਬੁੱਢਾ ਜੀ
ਸਿੱਖ ਇਤਿਹਾਸ ਅੰਦਰ ਇਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਠੱਠਾ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਤਿੰਨ-ਰੋਜ਼ਾ ਸਾਲਾਨਾ ਜੋੜ ਮੇਲਾ ਪੰਜ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਦੇ ਇਲਾਵਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੱਕ ਲਗਾਤਾਰ ਪੰਜ ਪਾਤਸ਼ਾਹੀਆਂ ਨੂੰ ਗੁਰਗੱਦੀ ਦੀਆਂ ਰਸਮਾਂ ਸੌਂਪਣ ਦਾ ਸੁਭਾਗ ਹਾਸਲ ਹੋਇਆ।
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ (22 ਅਕਤੂਬਰ, 1506) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਬਾਬਾ ਬੁੱਢਾ ਜੀ ਦੀ ਉਮਰ ਅਜੇ 13 ਕੁ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਕੱਥੂਨੰਗਲ ਵਿਖੇ ਪੁੱਜੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਇਸ ਉਪਰੰਤ ਉਹ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ। ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ।
ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਪੁੱਤਨੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ।
ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਉਪਰੰਤ ਪਹਿਲੇ ਗ੍ਰੰਥੀ ਥਾਪਿਆ ਸੀ।
ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਕਸਬਾ ਝਬਾਲ ਦੇ ਨੇੜੇ ਜਿਹੇ ਵੱਸਿਆ ਇਹ ਅਸਥਾਨ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਜਦੋਂ ਸੰਗਤਾਂ ਰਾਤ-ਦਿਨ ਦਰਸ਼ਨ-ਦੀਦਾਰੇ ਕਰਨ ਆਉਂਦੀਆਂ ਰਹਿੰਦੀਆਂ ਹਨ ਤਾਂ ਉੱਥੇ ਹਰ ਸੰਗਰਾਂਦ ਦੇ ਦਿਹਾੜੇ ਤਾਂ ਸੰਗਤਾਂ ਦਾ ਹੜ੍ਹ ਹੀ ਆ ਜਾਂਦਾ ਹੈ। ਗੁਰਦੁਆਰੇ ਦੇ ਚਾਰ ਕੁ ਕਿਲੋਮੀਟਰ ਤਕ ਚਾਰ-ਚੁਫੇਰੇ ਦੀਆਂ ਸੜਕਾਂ ’ਤੇ ਸੰਗਤਾਂ ਹੀ ਸੰਗਤਾਂ ਦਿਖਾਈ ਦਿੰਦੀਆਂ ਹਨ। ਬਾਬਾ ਖੜਕ ਸਿੰਘ ਜੀ ਨੇ ਇਸ ਅਸਥਾਨ ਦੀ ਲੰਮਾ ਸਮਾਂ ਕਾਰ ਸੇਵਾ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਇੱਥੇ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ’ਤੇ ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਸਥਾਪਤ ਕੀਤਾ ਗਿਆ। ਇਹ ਕਾਲਜ ਅੱਜ ਵੀ ਇਲਾਕੇ ਅੰਦਰ ਵਿਦਿਆ ਦੀ ਲੋਅ ਫੈਲਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸਥਾਪਤ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਇਲਾਕਾ ਨਿਵਾਸੀਆਂ ਲਈ ਵਰਦਾਨ ਬਣਿਆ ਹੋਇਆ ਹੈ। 150 ਬਿਸਤਰਿਆਂ ਵਾਲੇ ਇਸ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਨੂੰ ਵਧੀਆ ਮੈਡੀਕਲ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਉਪਲਬੱਧ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਹੀ ਇੱਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਬਾਬਾ ਬੁੱਢਾ ਪਬਲਿਕ ਹਾਈ ਸਕੂਲ, ਬੀੜ ਸਾਹਿਬ ਮਿਆਰੀ ਵਿਦਿਅਕ ਸੰਸਥਾਵਾਂ ਵਜੋਂ ਗਰੀਬ ਅਤੇ ਆਮ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਸਹਾਈ ਹੋ ਰਹੀਆਂ ਹਨ।
ਇਸ ਅਸਥਾਨ ’ਤੇ ਬਾਬਾ ਖੜਕ ਸਿੰਘ ਜੀ ਵੱਲੋਂ ਇਕ ਵੱਡ-ਅਕਾਰੀ ਲੰਗਰ ਹਾਲ ਤਿਆਰ ਕਰਾਇਆ। ਦੂਰ-ਦੁਰਾਡੇ ਤੋਂ ਇੱਥੇ ਆ ਕੇ ਟਿਕਣ ਵਾਲੇ ਯਾਤਰੂਆਂ ਲਈ ਇਕ ਏਕੜ ਜਗ੍ਹਾ ਵਿੱਚ 52 ਕਮਰਿਆਂ ਵਾਲੀ ਆਧੁਨਿਕ ਸਹੂਲਤਾਂ ਨਾਲ ਲੈਸ ਚਾਰ ਮੰਜ਼ਿਲਾ ਇਮਾਰਤ ਮਾਤਾ ਗੰਗਾ ਨਿਵਾਸ (ਸਰਾਂ) ਬਣਾਈ ਗਈ ਹੈ।
ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਇਸ ਅਸਥਾਨ ਨੂੰ ਜਾਂਦੀ ਸੰਪਰਕ ਸੜਕ ’ਤੇ ਇਕ ਸ਼ਾਨਦਾਰ ਗੇਟ ਬਾਬਾ ਬੁੱਢਾ ਸਾਹਿਬ ਜੀ ਸ਼ਰਧਾਲੂਆਂ ਲਈ ਰਾਹ ਦਸੇਰਾ ਦਾ ਕੰਮ ਵੀ ਕਰ ਰਿਹਾ ਹੈ। ਇੱਥੋਂ ਦੇ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ, ਗੰਢੇ, ਲੱਸੀ, ਖੀਰ ਜਿਹੇ ਪਦਾਰਥ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਵਰਤਦੇ ਚਲੇ ਆ ਰਹੇ ਹਨ।
ਇੱਥੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਪੰਜ ਅਕਤੂਬਰ ਨੂੰ ਇਕ ਮਨੋਹਰ ਨਗਰ ਕੀਰਤਨ ਸਜਾਇਆ ਜਾਵੇਗਾ। ਜਿਹੜਾ ਸਵੇਰੇ ਅੱਠ ਵਜੇ ਇਸ ਅਸਥਾਨ ਤੋਂ ਆਰੰਭ ਹੋ ਕੇ ਬਘਿਆੜੀ ਮੋੜ, ਸਵਰਗਾਪੁਰੀ ਮੋੜ, ਅੱਡਾ ਝਬਾਲ, ਗੁਰਦੁਆਰਾ ਬੀਬੀ ਵੀਰੋ ਜੀ ਨਿੱਕੀ ਝਬਾਲ, ਠੱਠਾ ਮੋੜ ਆਦਿ ਤੋਂ ਹੋ ਕੇ ਆਪਣੇ ਆਰੰਭਤਾ ਵਾਲੇ ਅਸਥਾਨ ’ਤੇ ਹੀ ਸੰਪੰਨ ਹੋਵੇਗਾ। ਨਗਰ ਕੀਰਤਨ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਹਾਥੀ, ਘੋੜੇ, ਸਮੇਤ ਗਤਕਾ ਪਾਰਟੀਆਂ, ਫੌਜੀ ਬੈਂਡ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸ਼ਾਮਲ ਹੋਣਗੀਆਂ। ਸਕੂਲਾਂ ਦੇ ਬੱਚੇ ਅਤੇ ਬੱਚਿਆਂ ਦਾ ਗਤਕਾ ਪਾਰਟੀਆਂ ਮੁੱਖ ਆਕਰਸ਼ਨ ਹੁੰਦਾ ਹੈ। ਛੇ ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਸਵੇਰੇ 8.30 ਵਜੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਬਾਹਰ ਦੀਵਾਨ ਹਾਲ ਵਿੱਚ ਪੁੱਜਣਗੀਆਂ, ਜਿੱਥੇ ਅਰਦਾਸ ਅਤੇ ਹੁਕਮਨਾਮੇ ਉਪਰੰਤ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਕਥਾ ਕਰਨਗੇ।
ਜੋੜ ਮੇਲੇ ਦੇ ਤਿੰਨੇ ਦਿਨ ਦੀਵਾਨ ਹਾਲ ਵਿਖੇ ਰੱਬੀ ਬਾਣੀ ਦੇ ਇਲਾਹੀ ਕੀਰਤਨ ਦੇ ਇਲਾਵਾ ਕਵੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰਕ ਕਮੇਟੀ ਵੱਲੋਂ ‘ਖਾਲਸਾ ਮੇਰੋ ਰੂਪ ਹੈ ਖਾਸ’ ਅਤੇ ‘ਹਾਲ ਪੰਜਾਬ ਦਾ’ ਡਰਾਮੇ ਪੰਜ ਅਕਤੂਬਰ ਦੀ ਰਾਤ ਨੂੰ ਦਿਖਾਏ ਜਾਣਗੇ।
ਇੱਥੇ ਸੱਤ ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਪਾਣ ਕਰਾਇਆ ਜਾਵੇਗਾ। ਸ਼ਾਮ ਵੇਲੇ ਇੱਥੇ ਇਕ ਕਬੱਡੀ ਦਾ ਮੈਚ ਵੀ ਕਰਾਇਆ ਜਾਵੇਗਾ।
ਜੋੜ ਮੇਲੇ ਦੇ ਅੰਤਲੇ ਦਿਨ ਸਿੱਖ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ ਕਾਰ ਸੇਵਾ ਖੇਤਰ ਦੀਆਂ ਹਸਤੀਆਂ ਸੰਗਤਾਂ ਦੇ ਦਰਸ਼ਨ ਕਰਨਗੀਆਂ। ਸੰਗਤਾਂ ਦੀ ਆਮਦ-ਸੁਖਦ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਇਲਾਵਾ ਪ੍ਰਸ਼ਾਸਨ ਵੱਲੋਂ ਵੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਜੋੜ ਮੇਲੇ ਦੀਆਂ ਤਿਆਰੀਆਂ ਵਜੋਂ ਇਕ ਮਹੀਨਾ ਪਹਿਲਾਂ ਹੀ ਸਰਗਰਮੀਆਂ ਆਰੰਭ ਹੋ ਜਾਂਦੀਆਂ ਹਨ। ਇਸ ਅਸਥਾਨ ਵਿੱਚ ਕਾਰ ਸੇਵਾ ਦਾ ਕਾਰਜ ਬਾਬਾ ਸੁਬੇਗ ਸਿੰਘ ਜੀ ਡੇਰਾ ਗੋਇੰਦਵਾਲ ਸਾਹਿਬ ਵਾਲਿਆਂ ਨੂੰ ਸੌਂਪਿਆ ਗਿਆ ਹੈ।
ਇਹ ਅਸਥਾਨ ਦੁਨੀਆਂ ਭਰ ਵਿੱਚ ਸ਼ਾਂਤੀ, ਪ੍ਰੇਮ, ਸਦਭਾਵਨਾ ਦਾ ਸੰਦੇਸ਼ ਦੇ ਰਿਹਾ ਹੈ, ਜਿੱਥੇ ਸੰਗਤਾਂ ਬਿਨਾਂ ਕਿਸੇ ਨਸਲ, ਰੰਗ, ਜਾਤੀ ਆਦਿ ਦੇ ਦਰਸ਼ਨ ਕਰਦੀਆਂ ਹਨ।
ਗੁਰਬਖਸ਼ਪੁਰੀ
J ਸੰਪਰਕ: 98147-68255
No comments:
Post a Comment