Sunday, 20 October 2013

ਭਾਖੜਾ ਡੈਮ


ਸਮੁੱਚੇ ਉੱਤਰੀ ਭਾਰਤ ਲਈ ਵਰਦਾਨ ਸਾਬਿਤ ਹੋਇਆ ਭਾਖੜਾ ਡੈਮ ਮੁਲਕ ਨੂੰ ਸਮਰਪਿਤ ਕੀਤਿਆਂ 50 ਸਾਲ ਹੋ ਗਏ ਗਨ। ਅੱਜ ਇਹ ਪ੍ਰੋਜੈਕਟ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਲਈ ਬਿਜਲੀ ਦੀ ਮੰਗ ਪੂਰੀ ਕਰਨ ਦੇ ਨਾਲ-ਨਾਲ ਇਨ੍ਹਾਂ ਸੂਬਿਆਂ ਦੀਆਂ ਜ਼ਮੀਨਾਂ ਦੀ ਸਿੰਚਾਈ ਲਈ ਪਾਣੀ ਦੀ ਮੰਗ ਵੀ ਪੂਰੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਅਨਾਜ ਭੰਡਾਰਾਂ ਦਾ ਵੱਡਾ ਹਿੱਸਾ ਭਾਖੜਾ ਡੈਮ ’ਤੇ ਹੀ ਨਿਰਭਰ ਕਰਦਾ ਹੈ। ਆਓ ਇਸ ਮਹਾਨ ਪ੍ਰੋਜੈਕਟ ਦੀ ਨੀਂਹ ਰੱਖਣ ਤੋਂ ਲੈ ਕੇ ਇਸ ਨੂੰ ਲੋਕਾਈ ਨੂੰ ਸਮਰਪਿਤ ਕਰਨ ਤਕ ਦੇ ਇਤਿਹਾਸ ’ਤੇ ਝਾਤ ਮਾਰੀਏ।

ਅਸਲ ਵਿੱਚ ਭਾਖੜਾ ਪਿੰਡ ਦੀ ਜ਼ਮੀਨ ’ਤੇ ਬੰਨ੍ਹ ਬਣਾਉਣ ਦਾ ਖ਼ਿਆਲ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ, ਸਰ ਲੁਇਸ ਡੈਨ ਦਾ ਸੀ। ਇਹ ਗੱਲ ਉਦੋਂ ਦੀ ਹੈ ਜਦੋਂ 18 ਨਵੰਬਰ 1908 ਨੂੰ ਸਰ ਡੈਨ ਸ਼ਿਮਲਾ ਤੋਂ ਸਤਲੁਜ ਨਦੀ ਦੇ ਨਾਲ-ਨਾਲ ਬਿਲਾਸਪੁਰ ਹੁੰਦੇ ਹੋਏ ਰੂਪਨਗਰ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਭਾਖੜਾ ਪਹੁੰਚੇ ਤਾਂ ਉਨ੍ਹਾਂ (ਮੌਜੂਦਾ ਭਾਖੜਾ ਡੈਮ) ਸਤਲੁਜ ਨਦੀ ਪਾਰ ਕਰਨ ਲਈ ਇੱਕ ਚੀਤੇ ਨੂੰ ਛਲਾਂਗ ਲਾਉਂਦਿਆਂ ਵੇਖਿਆ। ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਕਿ ਜੇ ਇੱਥੇ ਕੋਈ ਡੈਮ ਬਣਾਇਆ ਜਾਵੇ ਤਾਂ ਇਸ ਦਾ ਕਾਫ਼ੀ ਲਾਭ ਹੋਵੇਗਾ। ਫਿਰ ਕੀ ਸੀ, ਹੌਲੀ-ਹੌਲੀ ਇਸ ਖ਼ਿਆਲ ਨੂੰ ਅਮਲੀਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਗਈ। ਤਕਰੀਬਨ ਇੱਕ ਸਾਲ ਬਾਅਦ ਨਵੰਬਰ 1909 ਵਿੱਚ ਚੀਫ਼ ਇੰਜਨੀਅਰ ਸ੍ਰੀ ਗੋਰਡਨ ਨੇ ਇਸ ਸਥਾਨ ਦਾ ਦੌਰਾ ਕੀਤਾ। ਡੈਮ ਬਣਾਉਣ ਲਈ ਇਸ ਥਾਂ ਨੂੰ ਢੱੁਕਵੀਂ ਮੰਨਦਿਆਂ ਉਨ੍ਹਾਂ ਨੇ ਇਸ ਦੀ ਅੰਦਾਜ਼ਨ ਲਾਗਤ 3.72 ਰੁਪਏ ਦੱਸੀ। ਉਸ ਤੋਂ ਬਾਅਦ ਸੰਨ 1916-17 ਵਿੱਚ ਨੌਜੁਆਨ ਇੰਜਨੀਅਰ ਏ ਐੱਨ ਖੋਸਲਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਇੱਥੋਂ ਦਾ ਸਰਵੇਖਣ ਕੀਤਾ। ਇੱਥੇ 120.4 ਮੀਟਰ ਉੱਚਾ ਬੰਨ੍ਹ ਬਣਾਉਣ ਦੀ ਯੋਜਨਾ ਉਲੀਕੀ ਗਈ ਪਰ ਇਸ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ।



ਤਕਰੀਬਨ ਇੱਕ ਦਹਾਕੇ ਤਕ ਇਹ ਪ੍ਰੋਜੈਕਟ ਠੰਢੇ ਬਸਤੇ ਵਿੱਚ ਪਿਆ ਰਿਹਾ। ਇਸ ਤੋਂ ਬਾਅਦ ਸੰਨ 1927 ਵਿੱਚ ਗਠਿਤ ਕਮੇਟੀ ’ਚ ਪ੍ਰਸਿੱਧ ਭੂ-ਵਿਗਿਆਨੀਆਂ ਅਤੇ ਇੰਜਨੀਅਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਕਮੇਟੀ ਨੇ ਤੈਅ ਕੀਤਾ ਕਿ ਇੱਥੇ 120.4 ਮੀਟਰ ਦੀ ਥਾਂ 152.4 ਮੀਟਰ ਉੱਚੇ ਡੈਮ ਦਾ ਨਿਰਮਾਣ ਕੀਤਾ ਜਾਵੇ। ਸੰਨ 1944 ਵਿੱਚ ਡਾ. ਜੇ ਐੱਲ ਸਾਬੋਜ਼, ਜੋ ਉਸ ਵੇਲੇ ਸੰਯੁਕਤ ਰਾਜ ਅਮਰੀਕਾ ਦੇ ਬਿਊਰੋ ਆਫ਼ ਰਿਕਲੇਮੇਸ਼ਨ ਦੇ ਚੀਫ਼ ਇੰਜਨੀਅਰ ਵੀ ਸਨ, ਨੇ ਇਸ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਮੁੰਦਰ ਦੇ ਤਲ ਤੋਂ 487.68 ਮੀਟਰ ਦੀ ਉਚਾਈ ਤਕ ਦਾ ਡੈਮ ਇੱਥੇ ਬਣਾਇਆ ਜਾ ਸਕਦਾ ਹੈ। ਤਕਨੀਕੀ ਆਧਾਰ ’ਤੇ ਡੈਮ ਦੀ ਉਚਾਈ 225.55 ਮੀਟਰ ਮਿੱਥੀ ਗਈ। ਇਸ ਤਰ੍ਹਾਂ ਆਜ਼ਾਦ ਭਾਰਤ ਵਿੱਚ ਸੰਨ 1948 ’ਚ ਪੰਜਾਬ ਦੀ ਧਰਤੀ ’ਤੇ ਪਾਣੀ, ਬਿਜਲੀ, ਸਿੰਚਾਈ ਅਤੇ ਹੜ੍ਹਾਂ ’ਤੇ ਕਾਬੂ ਪਾਉਣ ਲਈ ਲਾਭਦਾਇਕ ਸਿੱਧ ਹੋਣ ਵਾਲੇ ਇਸ ਡੈਮ ਦੇ ਨਿਰਮਾਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਪ੍ਰੋਜੈਕਟ ਦਾ ਨਾਂ ਮੌਜੂਦਾ ਡੈਮ ਵਾਲੀ ਥਾਂ ’ਤੇ ਸਥਿਤ ਪਿੰਡ ਭਾਖੜਾ ਦੇ ਨਾਂ ’ਤੇ ਹੀ ਰੱਖਿਆ ਗਿਆ। ਇਹ ਡੈਮ ਬਣਾਉਣ ਲਈ ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਊਨਾ, ਬਿਲਾਸਪੁਰ ਅਤੇ ਮੰਡੀ ਦੇ 371 ਪਿੰਡਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ। ਇਸ ਜ਼ਮੀਨ ’ਤੇ ਹੀ ਭਾਖੜਾ ਡੈਮ ਅਤੇ ਗੋਬਿੰਦ ਸਾਗਰ ਝੀਲ ਬਣਾਈ ਗਈ। ਇੱਥੋਂ ਉਜਾੜੇ ਲੋਕ ਅਲਾਟ ਹੋਈਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹਾਲੇ ਤਕ ਵੀ ਨਾ ਹੋਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

15 ਅਗਸਤ 1947 ਨੂੰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਥਾਂ ’ਤੇ ਡੈਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਇਸ ਥਾਂ ਤੋਂ ਵਗਦੇ ਸਤਲੁਜ ਦਰਿਆ ਦੇ ਪਾਣੀ ਨੂੰ ਕਾਬੂ ਕਰਨ ਲਈ ਖੱਬੇ ਅਤੇ ਸੱਜੇ ਕਿਨਾਰਿਆਂ ’ਤੇ ਦੋ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਜਿਨ੍ਹਾਂ ਦੀ ਲੰਬਾਈ 805 ਮੀਟਰ ਅਤੇ  ਘੇਰਾ 15.24 ਮੀਟਰ ਸੀ। ਇਨ੍ਹਾਂ ਸੁਰੰਗਾਂ ਵਿੱਚੋਂ ਵੱਧ ਤੋਂ ਵੱਧ 5663 ਘਣ ਮੀਟਰ ਪ੍ਰਤੀ ਸਕਿੰਟ ਪਾਣੀ ਨਿਕਲ ਸਕਦਾ ਸੀ। ਸੁਰੰਗਾਂ ਬਣਾਉਣ ਤੋਂ ਬਾਅਦ ਡੈਮ ਦੇ ਉਪਰਲੇ ਅਤੇ ਹੇਠਲੇ ਪ੍ਰਵਾਹ ’ਤੇ ਕਾੱਫਰ ਡੈਮ ਬਣਾਇਆ ਗਿਆ। ਗੰਭੀਰ ਵਿਚਾਰ-ਚਰਚਾ ਅਤੇ ਖੋਜਾਂ ਤੋਂ ਬਾਅਦ ਭਾਖੜਾ ਡੈਮ ਦੀ ਨੀਂਹ ਲਈ ਖੁਦਾਈ ਦਾ ਕੰਮ 17 ਨਵੰਬਰ 1955 ਨੂੰ ਸ਼ੁਰੂ ਕੀਤਾ ਗਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਇਸ ਦੀ ਨੀਂਹ ਰੱਖੀ। ਇਸ ਮਗਰੋਂ ਲਗਾਤਾਰ ਦਿਨ-ਰਾਤ ਕੰਮ ਤੇਜ਼ੀ ਨਾਲ ਚੱਲਦਾ ਰਿਹਾ। ਡੈਮ ਬਣਾਉਣ ਲਈ ਵਿਸ਼ੇਸ਼ ਬਾਲਟੀਨੁਮਾ ਉਪਕਰਨ ਬਣਾਏ ਗਏ ਜਿਨ੍ਹਾਂ ਨਾਲ ਅੱਠ ਟਨ ਕੰਕਰੀਟ ਇੱਕ ਵਾਰ ਵਿੱਚ ਪੈ ਜਾਂਦਾ ਸੀ।


ਜ਼ਿਕਰਯੋਗ ਹੈ ਕਿ ਸ਼ੁਰੂਆਤੀ ਦੌਰ ਵਿੱਚ ਭਾਖੜਾ ਡੈਮ ਵਿਖੇ ਕੰਮ ਕਰਨਾ ਆਸਾਨ ਨਹੀਂ ਸੀ ਕਿਉਂਕਿ ਰੇਲ ਸੇਵਾ ਸਿਰਫ਼ ਰੂਪਨਗਰ ਤਕ ਹੀ ਸੀ, ਜੋ ਇੱਥੋਂ 60 ਕਿਲੋਮੀਟਰ ਦੂਰ ਹੈ। ਰੇਲ ਸੇਵਾ ਨੂੰ ਨੰਗਲ ਤਕ ਲਿਆਉਣ ਦਾ ਕੰਮ ਸੰਨ 1946 ਵਿੱਚ ਸ਼ੁਰੂ ਹੋਇਆ ਸੀ। ਇੱਥੇ ਹੀ ਬੱਸ ਨਹੀਂ, ਆਜ਼ਾਦੀ ਤੋਂ ਪਹਿਲਾਂ ਰੂਪਨਗਰ ਤੋਂ ਨੰਗਲ ਤਕ ਕੋਈ ਸੜਕ ਵੀ ਨਹੀਂ ਸੀ ਪਰ ਸੰਨ 1947 ਵਿੱਚ ਸੜਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਹੋਇਆ। ਲੋੜੀਂਦਾ ਢਾਂਚਾ ਸੰਨ 1948 ਤਕ ਲਗਪਗ ਤਿਆਰ ਹੋ ਚੁੱਕਿਆ ਸੀ। ਆਪਣੇ-ਆਪ ਵਿੱਚ ਨਿਵੇਕਲਾ ਪੰਜਾਹ ਬਿਸਤਰਿਆਂ ਦਾ ਹਸਪਤਾਲ ਸੰਨ 1951 ਵਿੱਚ ਨੰਗਲ ਵਿਖੇ ਸਥਾਪਿਤ ਕੀਤਾ ਗਿਆ। ਭਾਰਤੀ ਇੰਜਨੀਅਰਾਂ ਵੱਲੋਂ ਦੋ ਅਹਿਮ ਫ਼ੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਇੱਕ ਭਾਖੜਾ ਕੈਨਾਲ ਸਿਸਟਮ ਦਾ ਨਿਰਮਾਣ ਸੀ। ਇਹ ਨਿਰਮਾਣ ਕਾਰਜ ਸਿੰਚਾਈ ਵਿਭਾਗ ਦੇ ਇੰਜਨੀਅਰਿੰਗ ਵਿੰਗ ਨੂੰ ਦਿੱਤਾ ਗਿਆ ਜਦੋਂਕਿ ਸਮੁੱਚਾ ਨਿਰਮਾਣ ਕਾਰਜ ਅਪਰੈਲ 1952 ਵਿੱਚ ਸ਼ੁਰੂ ਹੋਇਆ ਜਦੋਂ ਮਿਸਟਰ ਐੱਮ ਹਾਰਵੇ ਸਲੋਕਮ ਆਪਣੀ ਟੀਮ ਸਮੇਤ ਅਮਰੀਕਾ ਤੋਂ ਇੱਥੇ ਪਹੁੰਚੇ ਸਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ 7 ਜੁਲਾਈ 1954 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਹੌਲੀ-ਹੌਲੀ ਕੰਮ ਆਪਣੇ ਪੜਾਅ ਵੱਲ ਵਧਦਾ ਗਿਆ। ਕਈ ਚੁਣੌਤੀਆਂ ਨੂੰ ਸਰ ਕਰ ਕੇ ਆਖਰ ਮੰਜ਼ਿਲ ਹਾਸਲ ਕਰ ਲਈ ਗਈ। ਇਹ ਪ੍ਰੋਜੈਕਟ ਮਰਹੂਮ ਪੰਡਿਤ ਜਵਹਾਰਲਾਲ ਨਹਿਰੂ ਦਾ ਸੁਪਨਾ ਸੀ ਅਤੇ ਉਨ੍ਹਾਂ ਦਸ ਵਾਰ ਇੱਥੋਂ ਦਾ ਦੌਰਾ ਕੀਤਾ। ਇਹੀ ਕਾਰਨ ਸੀ ਕਿ ਦੇਸ਼ ਨੂੰ ਭਾਖੜਾ ਡੈਮ ਸਮਰਪਿਤ ਕਰਦਿਆਂ 22 ਅਕਤੂਬਰ 1963 ਨੂੰ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਭਾਖੜਾ ਡੈਮ ਉੱਭਰਦੇ ਭਾਰਤ ਦਾ ਨਵਾਂ ਮੰਦਿਰ ਹੈ।ਭਾਖੜਾ ਡੈਮ ਦੇ ਤਕਨੀਕੀ ਵੇਰਵੇ: ਭਾਖੜਾ ਡੈਮ ਇੱਕ ਗਰੈਵਿਟੀ ਡੈਮ (ਗੁਰੂਤਾ ਆਕਰਸ਼ਣ ’ਤੇ ਆਧਾਰਿਤ ਕੰਕਰੀਟ ਡੈਮ) ਹੈ। ਇਸ ਦੀ ਕੁੱਲ ਉਚਾਈ 225.55 ਮੀਟਰ ਹੈ। ਡੈਮ ਦੀ ਨਦੀ ਦੇ ਤਲ ਤੋਂ ਉਚਾਈ 167.64 ਮੀਟਰ ਅਤੇ ਸਮੁੰਦਰ ਤਲ ਤੋਂ ਇਸ ਦੀ ਉਚਾਈ 518.16 ਮੀਟਰ ਹੈ। ਜਦੋਂਕਿ ਇਸ ਦੀ ਉੱਪਰਲੀ ਲੰਬਾਈ 518.16 ਮੀਟਰ ਅਤੇ ਚੌੜਾਈ 9.14 ਮੀਟਰ ਹੈ। ਹੇਠਲੇ ਤਲ ’ਤੇ ਇਸ ਦੀ ਲੰਬਾਈ 99 ਮੀਟਰ ਅਤੇ ਅਧਾਰ ਤਲ ’ਤੇ ਇਸ ਦੀ ਚੌੜਾਈ 190.50 ਮੀਟਰ ਹੈ। ਸੰਨ 1958 ਵਿੱਚ ਭਾਖੜਾ ਡੈਮ 420 ਮੀਟਰ ਤਕ ਬਣਾਇਆ ਗਿਆ ਅਤੇ ਇਸ ਪੱਧਰ ’ਤੇ ਅੱਠ ਸਿੰਚਾਈ ਗੇਟ ਬਣਾਏ ਗਏ ਜਿੱਥੋਂ ਪਹਿਲੀ ਵਾਰ ਸਤਲੁਜ ਨਦੀ ਵਿੱਚ ਪਾਣੀ ਛੱਡਿਆ ਗਿਆ। ਡੈਮ ’ਤੇ ਬਣੀ ਝੀਲ ਦਾ ਨਾਂ ਸਿੱਖਾਂ ਦੇ ਦਸਵੇਂ ਗੁਰੂ ਦੇ ਨਾਂ ’ਤੇ ‘ਗੋਬਿੰਦ ਸਾਗਰ’ ਰੱਖਿਆ ਗਿਆ, ਜਿਸ ਦਾ ਇੱਕ ਖ਼ਾਸ ਕਾਰਨ ਇਹ ਸੀ ਕਿ ਗੁਰੂ ਸਾਹਿਬ ਨੇ ਆਪਣਾ ਜ਼ਿਆਦਾਤਰ ਸਮਾਂ ਇਸੇ ਖਿੱਤੇ ਵਿੱਚ ਬਤੀਤ ਕੀਤਾ। ਭਾਖੜਾ ਡੈਮ ਤਕ ਸਤਲੁਜ ਨਦੀ ਦਾ ਕੁੱਲ ਕੈਚਮੈਂਟ ਖੇਤਰ 56,980 ਵਰਗ ਕਿਲੋਮੀਟਰ ਹੈ। ਇਸ ਵਿੱਚੋਂ 37,050 ਵਰਗ ਕਿਲੋਮੀਟਰ ਤਿੱਬਤ ਅਤੇ ਬਾਕੀ 19,930 ਵਰਗ ਕਿਲੋਮੀਟਰ ਭਾਰਤ ਵਿੱਚ ਹੈ। ਇਸ ਡੈਮ ਤਕ ਗਰਮੀਆਂ ਵਿੱਚ ਮਾਨਸਰੋਵਰ ਝੀਲ ਅਤੇ ਰਸਤੇ ਵਿੱਚ ਪਈ ਬਰਫ਼ ਦਾ ਪਾਣੀ ਪਿਘਲ ਕੇ ਆਉਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਕੈਚਮੈਂਟ ਖੇਤਰ ਵਿੱਚ ਹੋਈ ਬਰਸਾਤ ਦਾ ਪਾਣੀ ਇੱਥੇ ਆ ਜਾਂਦਾ ਹੈ। ਇਸ ਡੈਮ ਵਿੱਚ 50 ਤੋਂ 60 ਫ਼ੀਸਦੀ ਪਾਣੀ ਬਰਫ਼ ਪਿਘਲਣ ਸਦਕਾ ਹੀ ਆਉਂਦਾ ਹੈ। ਡੈਮ ਦੇ ਨਿਰਮਾਣ ਸਦਕਾ ਬਣੀ ਗੋਬਿੰਦ ਸਾਗਰ ਝੀਲ ਦਾ ਪੱਧਰ 512.06 ਮੀਟਰ ਭਾਵ 1680 ਫੁੱਟ ਹੈ। ਇਸ ਡੈਮ ਦੇ ਨਿਰਮਾਣ ਲਈ ਕੁੱਲ ਇੱਕ ਲੱਖ ਟਨ ਸਰੀਆ ਵਰਤਿਆ ਗਿਆ। ਇੱਥੇ ਵਰਤੇ ਗਏ ਕੰਕਰੀਟ ਨਾਲ ਧਰਤੀ ਦੀ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਹੀ ਨਹੀਂ ਇਸ ਦੀ ਖ਼ਾਸੀਅਤ ਇਹ ਵੀ ਹੈ ਕਿ ਭਾਖੜਾ ਡੈਮ ਦੀ ਉਚਾਈ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਕੁਤਬ ਮੀਨਾਰ ਦੀ ਉਚਾਈ ਨਾਲੋਂ ਤਿੰਨ ਗੁਣਾ ਵੱਧ ਹੈ। ਜਿਸ ਵੇਲੇ ਡੈਮ ਦਾ ਨਿਰਮਾਣ ਮੁਕੰਮਲ ਹੋਇਆ ਤਾਂ ਇਹ ਏਸ਼ੀਆ ਭਰ ਵਿੱਚ ਸਭ ਤੋਂ ਉੱਚਾ ਅਤੇ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਡੈਮ ਸੀ। ਡੈਮ ਦੇ ਨਿਰਮਾਣ ’ਤੇ ਕੁੱਲ ਲਾਗਤ 283.90 ਕਰੋੜ ਰੁਪਏ ਆਈ ਸੀ। ਇਸ ਡੈਮ ਦੇ ਨਿਰਮਾਣ ਲਈ 13,000 ਕਾਰੀਗਰਾਂ, 300 ਇੰਜਨੀਅਰਾਂ ਅਤੇ 30 ਵਿਦੇਸ਼ੀ ਮਾਹਿਰਾਂ ਨੇ ਦਿਨ-ਰਾਤ ਮਿਹਨਤ ਕਰ ਕੇ ਸਮਰਪਣ ਦੀ ਭਾਵਨਾ ਨਾਲ ਇਸ ਕਾਰਜ ਨੂੰ ਮੁਕੰਮਲ ਕੀਤਾ। ਇਸੇ ਦੌਰਾਨ ਕੰਮ ਕਰਦੇ ਹੋਏ 151 ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ।

ਭਾਖੜਾ ਡੈਮ ਦੇ ਖੱਬੇ ਅਤੇ ਸੱਜੇ ਪਾਸੇ ਦੋ ਪਣ ਬਿਜਲੀ ਘਰਾਂ ਦਾ ਨਿਰਮਾਣ ਕੀਤਾ ਗਿਆ। ਖੱਬੇ ਪਾਸੇ ਦੇ ਪਣ ਬਿਜਲੀ ਘਰ ਦਾ ਨਿਰਮਾਣ ਸੰਨ 1957 ਵਿੱਚ ਸ਼ੁਰੂ ਕਰ ਕੇ ਸੰਨ 1961 ਤਕ ਪੂਰਾ ਕਰ ਲਿਆ ਗਿਆ। ਇਸ ਵਿੱਚ ਛੇ ਮੰਜ਼ਿਲੇ ਭਵਨ ਤੋਂ ਇਲਾਵਾ 90 ਮੈਗਾਵਾਟ ਦੇ ਪੰਜ ਯੂਨਿਟ ਸਥਾਪਿਤ ਕੀਤੇ ਗਏ ਜਦੋਂਕਿ ਹੁਣ ਹਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 108 ਮੈਗਾਵਾਟ ਹੈ। ਇਸੇ ਤਰ੍ਹਾਂ ਸੱਜੇ ਪਾਸੇ ਦੇ ਪਣ ਬਿਜਲੀ ਘਰ ਦੀ ਸਮਰੱਥਾ 450 ਮੈਗਾਵਾਟ ਸੀ ਜਿਸ ਨੂੰ ਵਧਾ ਕੇ 540 ਮੈਗਾਵਾਟ ਕਰ ਦਿੱਤਾ ਗਿਆ ਹੈ। ਇਸ ਦਾ ਕੰਮ ਸੰਨ 1963 ਵਿੱਚ ਸ਼ੁਰੂ ਕਰ ਕੇ ਸੰਨ 1969 ਵਿੱਚ ਪੂਰਾ ਕੀਤਾ ਗਿਆ। ਇਸ ਪਣ ਬਿਜਲੀ ਘਰ ਵਿੱਚ 120 ਮੈਗਾਵਾਟ ਦੀ ਸਮਰੱਥਾ ਵਾਲੇ ਪੰਜ ਯੂਨਿਟ ਸਥਾਪਿਤ ਕੀਤੇ ਗਏ ਸਨ ਜਿਨ੍ਹਾਂ ਦੀ ਸਮਰੱਥਾ ਬਾਅਦ ਵਿੱਚ ਵਧਾ ਕੇ 157 ਮੈਗਾਵਾਟ ਕਰ ਦਿੱਤੀ ਗਈ।



ਬੀ.ਐਸ.ਚਾਨਾ

ਮੋਬਾਈਲ: 98767-14007

No comments:

Post a Comment