Friday, 11 October 2013

ਲੋਕ-ਨਾਇਕ ਗੁਰਸ਼ਰਨ ਸਿੰਘ ( ਭਾਈ ਮੰਨਾ ਸਿੰਘ )


ਜਗਾਉਣ ਵਾਲੇ ਆਪ ਨਹੀਂ ਸੌਂਦੇ
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰਸ਼ਰਨ ਭਾਅ ਜੀ ਹੁਣ ਨਹੀਂ ਰਹੇ। ਪਰ ਇਹ ਵੀ ਸੱਚ ਹੈ ਕਿ ਕੌਮਾਂ ਨੂੰ ਜਗਾਉਣ ਵਾਲੇ ਕਦੀ ਆਪ ਨਹੀਂ ਸੌਂਦੇ। ਜਿਸ ਗੁਰਸ਼ਰਨ ਭਾਅ ਜੀ ਨੇ ਹਨ੍ਹੇਰੇ ਦਿਲਾਂ ਵਿਚ ਰੋਸ਼ਨੀਆਂ ਲਈ ਮਸ਼ਾਲਾਂ ਬਾਲ ਦਿੱਤੀਆਂ ਹੋਣ, ਉਹ ਖੁਦ ਕਦੀ ਵੀ ਹਨ੍ਹੇਰਾ ਨਹੀਂ ਬਣ ਸਕਦੇ। ਭਾਅ ਜੀ ਅੱਜ ਵੀ ਸਭ ਦੇ ਦਿਲਾਂ ਵਿਚ ਕਾਇਮ ਹਨ। ਭਾਵੇਂ ਸਰੀਰਕ ਤੌਰ 'ਤੇ ਉਹ ਵਿਛੜ ਗਏ ਹੋਣ ਪਰ ਪੰਜਾਬੀ ਨਾਟਕ ਨੂੰ ਜਿਸ ਤਰ੍ਹਾਂ ਉਹਨਾਂ ਪਿੰਡਾਂ ਤੱਕ ਪਹੁੰਚਾਇਆ ਹੈ ਅਤੇ ਹੱਕ ਸੱਚ ਦਾ ਹੋਕਾ ਦੇ ਕੇ ਨਵੀਆਂ ਪਿਰਤਾਂ ਪਾਈਆਂ ਹਨ ਤਾਂ ਸਾਡੇ ਚੇਤਿਆਂ 'ਚੋਂ ਉਹ ਕਿਵੇਂ ਵਿਸਰ ਸਕਦੇ ਹਨ। ਹਾਂ ਇਹ ਸੱਚ ਹੈ ਕਿ ਉਨ੍ਹਾਂ ਦੀ ਥੋੜ੍ਹ ਕਦੀ ਪੂਰੀ ਨਹੀਂ ਹੋਣੀ। ਪੰਜਾਬੀ ਰੰਗਮੰਚ ਵਿਚ ਉਹਨਾਂ ਦੇ ਤੁਰ ਜਾਣ ਨਾਲ ਪਈ ਵੱਡੀ ਖਾਈ ਨੂੰ ਪੂਰਨਾ ਹੁਣ ਮੁਸ਼ਕਲ ਜ਼ਰੂਰ ਹੋਵੇਗਾ ਪਰ
ਇਹ ਅਸੰਭਵ ਨਹੀਂ ਕਿਉਂਕਿ ਅੱਜ ਵੀ ਇੰਝ ਜਾਪਦਾ ਹੈ ਕਿ ਜਿਵੇਂ ਉਹਨਾਂ ਦੀ ਬੁਲੰਦ ਆਵਾਜ਼ ਸਾਡੇ ਕੰਨਾਂ ਵਿਚ ਗੂੰਜ ਰਹੀ ਹੋਵੇ। ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਵਿਅਕਤੀ ਕਦੇ ਮਰਦੇ ਨਹੀਂ। ਸੁਰਜੀਤ ਪਾਤਰ ਦੇ ਬੋਲ ਹਨ ''ਸੂਰਜ ਨਾ ਡੁਬਦਾ ਕਦੇ ਸਿਰਫ ਛੁਪਦਾ ਹੈ'' ਅੱਜ ਮਹਿਸੂਸ ਹੁੰਦੇ ਹਨ ਕਿ ਜਿਵੇਂ ਉਹਨਾਂ ਇਹ ਸਤਰਾਂ ਗੁਰਸ਼ਰਨ ਭਾਅ ਜੀ ਲਈ ਹੀ ਲਿਖੀਆਂ ਹੋਣ। ਸੱਚ ਬੋਲਣ ਦਾ ਜਿਗਰਾ ਰੱਖਣ ਵਾਲੇ ਡਰ ਭੈਅ ਤੋਂ ਮੁਕਤ ਉਹ ਗੁਰਸ਼ਰਨ ਭਾਅ ਜੀ ਸਨ ਜੋ ਪੰਜਾਬ ਵਿਚ ਵਗ ਰਹੀ ਕਾਲੀ ਹਨ੍ਹੇਰੀ ਦੇ ਦੌਰ ਵਿਚ ਵੀ ਸੁੰਨੀਆਂ ਰਾਹਾਂ 'ਤੇ ਜਾਗਦੇ ਰਹੋ ਦਾ ਹੋਕਾ ਦਿੰਦਿਆਂ ਪਿੰਡ-ਪਿੰਡ ਪਹੁੰਚ ਜਾਂਦੇ ਸਨ। ਪੰਜਾਬੀ ਲੋਕ ਉਹਨਾਂ ਦੀ ਦੇਣ ਨੂੰ ਕਦੀ ਭੁਲਾ ਨਹੀਂ ਸਕਦੇ। ਉਸ ਵਕਤ ਵੀ ਪੂਰੇ ਰੋਅਬ ਨਾਲ ਗਰਜ਼ਦੇ ਸਨ ਜਦੋਂ ਲੋਕ ਸਾਹ ਲੈਣੋ ਵੀ ਡਰਦੇ ਸਨ। ਨਾ ਸਰਕਾਰੀ ਦਬਕਾ ਤੇ ਨਾ ਦਹਿਸ਼ਤਵਾਦ ਦੀਆਂ ਘੁਰਕੀਆਂ ਉਹਨਾਂ ਨੂੰ ਰੋਕ ਸਕੀਆਂ, ਉਹ ਪਿੰਡਾਂ, ਸ਼ਹਿਰਾਂ, ਗਲੀਆਂ, ਮੁਹੱਲਿਆਂ ਵਿਚ ਨੁੱਕੜ ਨਾਟਕ ਕਰਦੇ-ਕਰਦੇ ਸੱਚ ਨੂੰ ਜਗਾਉਂਦੇ ਜਗਾਉਂਦੇ ਗੁਰਸ਼ਰਨ ਤੋਂ ਗੁਰਸ਼ਰਨ ਭਾਅ ਜੀ ਤੇ ਦੁਨੀਆ ਭਰ ਵਿਚ ਭਾਈ ਮੰਨਾ ਸਿੰਘ ਦੇ ਨਾਂ ਨਾਲ ਵਿਖਿਆਤ ਹੋ ਗਏ। ਪਰ ਨਾ ਸਾਦਗੀ ਛੱਡੀ ਤੇ ਨਾ ਹਕੀਕੀ ਤੋਂ ਕਿਨਾਰਾ ਕੀਤਾ। ਨਾ ਸਰਕਾਰੀ ਸਹੂਲਤਾਂ ਲਈ ਕੋਈ ਹੱਥ ਕੰਡੇ ਅਪਣਾਏ ਤੇ ਨਾ ਐਸ਼ ਪ੍ਰਸਤੀ ਜੀਵਨ ਲਈ ਮੌਜੂਦਾ ਦੁਨਿਆਵੀ ਕੋਈ ਢੰਗ ਤਰੀਕਾ ਚੁਣਿਆ। ਆਪਣੀ ਧੁਨ ਦੇ ਪੱਕੇ ਗੁਰਸ਼ਰਨ ਭਾਅ ਜੀ ''ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤੀ ਬਾਕੀ ਹੈ'' ਦੇ ਬੋਲਾਂ ਨੂੰ ਸੱਚ ਬਣਾਉਂਦਿਆਂ ਆਖਰ ਤੱਕ ਆਪਣੀ ਮਸ਼ਾਲ ਜਗਾਈ ਬੈਠੇ ਰਹੇ ਤੇ ਉਹਨਾਂ ਦੇ ਤੁਰ ਜਾਣ ਨਾਲ ਵੀ ਇਹ ਮਸ਼ਾਲਾਂ ਜਗਦੀਆਂ ਰਹਿਣ ਦੀ ਆਸ ਕਾਇਮ ਹੈ। ਕਿਉਂਕਿ ਸਮਾਜ ਤੇ ਕੌਮਾਂ ਨੂੰ ਜਗਾਉਣ ਵਾਲੇ ਆਪ ਕਦੀ ਨਹੀਂ ਸੌਂਦੇ। ਅਲਵਿਦਾ ਭਾਅ ਜੀ।  

ਸਾਡੇ ਸਮਿਆਂ ਦਾ ਲੋਕ-ਨਾਇਕ ਗੁਰਸ਼ਰਨ ਸਿੰਘ
ਪੰਜਾਬ ਦੇ ਮਹਾਨ ਨਾਟਕਕਾਰ ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਰੰਗ ਕਰਮੀ ਪਿਆਰ ਤੇ ਸਤਿਕਾਰ ਨਾਲ ਭਾਅ ਜੀ ਕਹਿੰਦੇ ਸਨ, ਦੇ ਤੁਰ ਜਾਣ ਨਾਲ ਰੰਗਮੰਚ ਦੇ ਇਕ ਯੁੱਗ ਦਾ ਅੰਤ ਹੋ ਗਿਆ ਏ । ਸਾਡੇ ਸਮਿਆਂ ਦੇ ਪੰਜਾਬੀ ਰੰਗਮੰਚ ਦੇ ਸ਼ੈਕਸਪੀਅਰ ਦਾ ਤੁਰ ਜਾਣਾ, ਇੰਝ ਲਗਦਾ ਏ ਜਿਵੇਂ ਸਮੁੱਚੇ ਰੰਗਮੰਚ ਤੋਂ ਅਸ਼ੀਰਵਾਦ ਵਾਲਾ ਹੱਥ ਉੱਠ ਗਿਆ ਹੋਵੇ । ਪੰਜਾਬੀ ਰੰਗਮੰਚ ਉਤੇ ਪੰਜਾਹ ਸਾਲ ਰਾਜ ਕਰਨ ਵਾਲੇ ਗੁਰਸ਼ਰਨ ਸਿੰਘ ਸਰੀਰਕ ਤੌਰ 'ਤੇ ਬੇਸ਼ਕ ਅੱਜ ਸਾਡੇ ਵਿਚ ਨਹੀਂ ਰਹੇ, ਪਰ ਉਨ੍ਹਾਂ ਨੇ ਪਿਛਲੇ 50-52 ਸਾਲਾਂ ਵਿਚ ਜੋ ਰੰਗਮੰਚ ਰਾਹੀਂ ਸੁਨੇਹਾ ਦਿੱਤਾ, ਸਾਨੂੰ ਜੀਣ ਦੀ ਜਾਚ ਸਿਖਾਈ, ਸਾਡੇ ਲਈ ਜੋ ਨਾਟਕ ਲਿਖੇ, ਉਨ੍ਹਾਂ ਰਾਹੀਂ ਉਹ ਅੱਜ ਵੀ ਸਾਡੇ ਵਿਚਕਾਰ ਹਨ। 16 ਸਤੰਬਰ 1929 ਨੂੰ ਉਨ੍ਹਾਂ ਦਾ ਜਨਮ ਸਿਆਲਕੋਟ ਵਿਖੇ ਹੋਇਆ ਤਾਂ ਲੋਕਾਂ ਦੇ ਇਸ ਨਾਇਕ ਨੇ ਨਿਕੇ ਹੁੰਦਿਆਂ ਤੋਂ ਸਮਿਆਂ ਦੀ ਨਬਜ਼ ਪਛਾਣ ਲਈ ਤੇ ਲੋਕਾਈ ਦੀ ਪੀੜ੍ਹ ਨੂੰ ਵੀ ਮਹਿਸੂਸ ਕੀਤਾ। ਇਸੇ ਲਈ ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਇਕ ਨਵਾਂ ਮੂੰਹ ਮੁਹਾਂਦਰਾ ਦਿੱਤਾ। ਸ਼ਹਿਰਾਂ ਦੀਆਂ ਵਲਗਣਾਂ 'ਚੋਂ ਕੱਢ ਕੇ ਉਨ੍ਹਾਂ ਨੇ ਰੰਗਮੰਚ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਾਇਆ। ਸ਼ਾਇਦ ਹੀ ਪੰਜਾਬ ਦਾ ਅਜਿਹਾ ਕੋਈ ਪਿੰਡ ਹੋਵੇਗਾ, ਜਿਥੇ ਗੁਰਸ਼ਰਨ ਸਿੰਘ ਨੇ ਨਾਟਕ ਨਾ ਖੇਡਿਆ ਹੋਵੇ । 50 ਸਾਲਾਂ ਦੇ ਰੰਗਮੰਚ ਸਫ਼ਰ ਵਿਚ ਉਨ੍ਹਾਂ ਨੇ 185 ਤੋਂ ਵੱਧ ਨਾਟਕ ਲਿਖੇ, ਉਨ੍ਹਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿਚ ਕੀਤੀਆਂ । ਉਨ੍ਹਾਂ ਨੇ ਅਦਾਕਾਰੀ ਅਤੇ ਨਾਟ ਪੇਸ਼ਕਾਰੀ ਦੀ ਆਪਣੀ ਵਿਸ਼ੇਸ਼ ਸ਼ੈਲੀ ਵਿਕਸਤ ਕੀਤੀ, ਆਪਣੀ ਹੋਂਦ ਭੁੱਲ ਕੇ ਪਾਤਰ ਦਾ ਸਾਕਾਰ ਰੂਪ ਹੋ ਜਾਣ ਵਾਲੀ ਸ਼ੈਲੀ, ਜਜ਼ਬੇ ਗੁੱਧੀ, ਦਰਸ਼ਕਾਂ ਦੀ ਸੋਚ ਨੂੰ ਕਰਾਮਾਤੀ ਢੰਗ ਨਾਲ ਆਪਣੇ ਨਾਲ ਬਰਾਬਰ ਤੋਰ ਲੈਣ ਵਾਲੀ ਸ਼ੈਲੀ, ਥੜਾ ਰੰਗਮੰਚ ਸ਼ੈਲੀ, ਨੁੱਕੜ ਨਾਟਕ ਸ਼ੈਲੀ, ਪੇਂਡੂ ਰੰਗਮੰਚ ਸ਼ੈਲੀ । ਉਨ੍ਹਾਂ ਨੇ ਰੰਗਮੰਚ ਨੂੰ ਸਮਾਜਿਕ ਚੇਤਨਾ ਲਈ ਹਥਿਆਰ ਵਜੋਂ ਵਰਤਿਆ।
ਆਪਣੀ ਸਰਕਾਰੀ ਵੱਡੇ ਅਫ਼ਸਰ ਵਾਲੀ ਨੌਕਰੀ ਨੂੰ ਤਿਆਗਿਆ, ਐਮਰਜੈਂਸੀ ਵੇਲੇ ਹੱਕ ਸੱਚ ਦੀ ਆਵਾਜ਼ ਉੱਚੀ ਕੀਤੀ ਤੇ ਜੇਲ੍ਹ ਦਾ ਕਸ਼ਟ ਵੀ ਝੱਲਿਆ । ਨਾਟਕਾਂ ਵਿਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਮੋਢਿਆਂ ਉਤੇ ਨਾਟ-ਸਮੱਗਰੀ ਦੇ ਥੈਲੇ ਚੁੱਕੀ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ, ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ, ਨਾਟਕ ਖੇਡਦੇ, ਲੋਕਾਂ ਵਿਚ ਚੰਗਾ ਸਾਹਿਤ ਲੈ ਕੇ ਜਾਂਦੇ, ਬਿਨਾਂ ਕੋਈ ਟਿਕਟ ਲਾਇਆਂ ਹਜ਼ਾਰਾਂ, ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ, ਕਿਸਾਨਾਂ, ਮਜ਼ਦੂਰਾਂ ਦੇ ਘਰਾਂ 'ਚ ਰੁੱਖੀ-ਮਿੱਸੀ ਦਾਲ ਰੋਟੀ ਛੱਕ ਕੇ ਠੰਡਾ ਪਾਣੀ ਪੀ ਕੇ ਫੇਰ ਅਗਲੇ ਪਿੰਡ ਲੋਕਾਂ ਨੂੰ ਪ੍ਰੇਰਨ ਵਾਲਾ ਜ਼ਿੰਦਗੀ ਦਾ ਮਸੀਹਾ, ਲੱਖਾਂ ਨੌਜਵਾਨਾਂ ਨੂੰ ਪ੍ਰੇਰਦਾ। ਉਹ ਹਮੇਸ਼ਾਂ ਹੀ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦੇ ਰਾਹ ਨੂੰ ਆਪਣਾ ਰਾਹ ਕਹਿੰਦੇ।
ਉਹ ਜਿਧਰੋਂ ਦੀ ਲੰਘਦੇ ਉਧਰ ਹੀ ਰਾਹ ਬਣਦੇ ਜਾਂਦੇ। ਇਸੇ ਲਈ ਉਨ੍ਹਾਂ ਦੇ ਦਰਸ਼ਕਾਂ ਦਾ ਘੇਰਾ ਸੰਸਾਰ ਦੇ ਅਨੇਕਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਮੌਜੂਦ ਹੈ। ਉਨ੍ਹਾਂ ਨੇ ਰੰਗਮੰਚ ਦੇ ਨਾਲ-ਨਾਲ ਟੀ.ਵੀ. ਸੀਰੀਅਲ ਭਾਈ ਮੰਨਾ ਸਿੰਘ ਰਾਹੀਂ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਹ ਜਿੱਧਰ ਦੀ ਲੰਘਦੇ, ਲੋਕੀਂ ਕਹਿੰਦੇ, 'ਅਹੁ ਜਾਂਦਾ ਭਾਈ ਮੰਨਾ ਸਿੰਘ।'
ਗੁਰਸ਼ਰਨ ਸਿੰਘ ਬੁਲੰਦ ਆਵਾਜ਼ ਵਾਲੀ ਬੁਲੰਦ ਸ਼ਖ਼ਸੀਅਤ ਸਨ। ਪ੍ਰਿਥਵੀ ਰਾਜ ਕਪੂਰ ਤੋਂ ਬਾਅਦ ਜੇਕਰ ਕੋਈ ਬੁਲੰਦ, ਪੁੱਖਤਾ ਅਤੇ ਨਾਟਕੀ ਅੰਦਾਜ਼ ਵਾਲੀ ਕੋਈ ਆਵਾਜ਼ ਸੀ ਤਾਂ ਉਹ ਗੁਰਸ਼ਰਨ ਸਿੰਘ ਦੀ ਹੀ ਸੀ । ਉਨ੍ਹਾਂ ਨੇ ਕਲਾਕਾਰਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਨੂੰ ਤਿਆਰ ਕੀਤਾ, ਅਸ਼ੀਰਵਾਦ ਦਿੱਤਾ ਤੇ ਆਪਣੇ ਨਾਲ ਵੀ ਤੋਰਿਆ।
ਸ: ਗੁਰਸ਼ਰਨ ਸਿੰਘ ਵਰਗੀ ਵਿਲੱਖਣ ਸ਼ਖ਼ਸੀਅਤ ਬਾਰੇ ਗੱਲ ਕਰਨ ਜਾਂ ਕੁਝ ਲਿਖਣ ਸਮੇਂ, ਮੈਂ ਉਨ੍ਹਾਂ ਨੂੰ ਮਹਿਜ਼ ਨਾਟਕਕਾਰ ਨਹੀਂ ਸਮਝਦਾ, ਕਿਉਂਕਿ ਇਕ ਨਾਟਕਕਾਰ ਤੋਂ ਵੱਧ ਹੋਰ ਵੀ ਬਹੁਤ ਕੁਝ ਸਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਬਹੁਤ ਕੁਝ ਸਮੋਇਆ ਹੋਇਆ ਸੀ। ਇਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦਾ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ, ਇਕ ਨਾਇਕ ਅਤੇ ਸਭ ਤੋਂ ਉਪਰ ਇਕ ਵਧੀਆ ਇਨਸਾਨ। ਉਹ ਇਕ ਤੁਰਦੀ-ਫਿਰਦੀ ਸੰਸਥਾ ਸਨ।
ਉਹ ਪੰਜਾਬ ਵਿਚ ਨਾਇਕ ਦਾ ਦਰਜਾ ਹਾਸਲ ਕਰ ਚੁੱਕੇ ਸਨ। ਪਿਛਲੇ 52 ਸਾਲਾਂ ਦਾ ਪੰਜਾਬੀ ਰੰਗਮੰਚ ਦਾ ਜਿਉਂਦਾ ਜਾਗਦਾ ਇਤਿਹਾਸ ਸਨ। ਉਨ੍ਹਾਂ ਨੇ ਰਾਜਨੀਤਕ ਅਤੇ ਸਭਿਆਚਾਰਕ ਪਿੜ ਵਿਚ ਹਰ ਇਕ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨਾਲ ਪਿਛਲੇ 33-34 ਸਾਲਾਂ ਤੋਂ ਮੇਰੀ ਸਾਂਝ ਰਹੀ । ਮੈਂ ਉਨ੍ਹਾਂ ਦੇ ਨਾਟ ਗਰੁੱਪ ਨਾਲ 1978 'ਚ ਜੁੜਿਆ ਤੇ ਅਗਲੇ 10 ਸਾਲਾਂ 'ਚ ਹੋਈ ਹਰੇਕ ਪੇਸ਼ਕਾਰੀ ਵਿਚ ਮੈਂ ਹਾਜ਼ਿਰ ਰਿਹਾ। ਉਨ੍ਹਾਂ ਕਾਲੇ ਸਮਿਆਂ ਵਿਚ ਜਦੋਂ ਜਨੂੰਨ ਦੀ ਹਨੇਰੀ ਹਰ ਪਾਸੇ ਝੁੱਲ ਰਹੀ ਸੀ, ਮੈਂ ਉਨ੍ਹਾਂ ਨੂੰ ਬੇਬਾਕ ਵਿਚਰਦਿਆਂ ਵੇਖਿਆ। ਇਕ ਦਿਨ ਵਿਚ ਉਹ ਤਿੰਨ-ਤਿੰਨ, ਚਾਰ-ਚਾਰ ਪਿੰਡਾਂ ਵਿਚ ਨਾਟਕਾਂ ਦੇ ਸ਼ੋਅ ਕਰਦੇ ਰਹੇ । ਕਈ ਵਾਰ ਸਾਲ ਵਿਚ 250 ਤੋਂ ਵੱਧ ਵੀ ਸ਼ੋਅ ਕਰਦੇ । ਉਨ੍ਹਾਂ ਸਮਿਆਂ ਵਿਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਹਿੰਦੂ-ਸਿੱਖ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਆਪਣੇ ਕਲਾਕਾਰ ਦੋਸਤ ਬਲਰਾਜ ਸਾਹਨੀ ਦੇ ਨਾਮ 'ਤੇ ਪਬਲੀਸ਼ਿੰਗ ਹਾਊਸ ਬਣਾਇਆ ਤੇ ਬਹੁਤ ਥੋੜ੍ਹੇ ਮੁੱਲ 'ਤੇ ਲੋਕਾਂ ਵਿਚ ਸਾਹਿਤ ਪਹੁੰਚਾਇਆ। ਮੇਰੇ ਵਰਗਿਆਂ ਨੂੰ ਜੇਕਰ ਸਾਹਿਤ ਪੜ੍ਹਨ ਦੀ ਚੇਟਕ ਲੱਗੀ ਤਾਂ ਉਸ ਪਿਛੇ ਵੀ ਉਨ੍ਹਾਂ ਵੱਲੋਂ ਛਾਪੀਆਂ ਕਿਤਾਬਾਂ ਦਾ ਹੱਥ ਹੈ। ਉਨ੍ਹਾਂ ਕੋਲੋਂ ਅਸੀਂ ਕੁਸ਼ਲ ਪ੍ਰਬੰਧਕ ਵਾਲੇ ਸਾਰੇ ਗੁਣ ਸਿੱਖੇ ਕਿ ਕਿਵੇਂ ਇਕ ਥੀਏਟਰ ਗਰੁੱਪ ਨੂੰ ਚਲਾਉਣਾ ਹੈ? ਜਦੋਂ ਉਹ ਨਾਟਕ ਲਿਖਦੇ ਤਾਂ ਮੈਂ ਉਸ ਪਟਕਥਾ ਦੀਆਂ ਤਿੰਨ-ਚਾਰ ਕਾਪੀਆਂ ਕਰਦਾ, ਕਿਉਂਕਿ ਉਦੋਂ ਹਾਲੇ ਫੋਟੋਸਟੇਟ ਮਸ਼ੀਨ ਨਹੀਂ ਸੀ ਹੁੰਦੀ ਤੇ ਮੈਂ ਆਪਣੀ ਪਟਕਥਾ ਵੱਖਰੀ ਫਾਈਲ ਵਿਚ ਸਾਂਭ ਲੈਂਦਾ। ਮੇਰੇ ਕੋਲ ਹਾਲੇ ਵੀ ਉਨ੍ਹਾਂ ਦੀਆਂ ਕਈ ਹੱਥ ਲਿਖਤ ਪਟਕਥਾਵਾਂ ਉਦਾਂ ਹੀ ਸਾਂਭੀਆਂ ਪਈਆਂ ਹਨ, ਜਿਵੇਂ ਕਿਸੇ ਧਾਰਮਿਕ ਗ੍ਰੰਥ ਨੂੰ ਸਾਂਭੀਦਾ ਹੈ। ਮੇਰੀਆਂ ਅੱਖਾਂ ਅੱਗੇ ਉਸੇ ਤਰ੍ਹਾਂ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਘਰ ਦਾ ਨਕਸ਼ਾ ਹੈ ਕਿ ਕਿਵੇਂ ਅਸੀਂ ਸ਼ਾਮ ਨੂੰ ਕੋਠੇ 'ਤੇ ਰਿਹਰਸਲਾਂ ਕਰਦੇ ਤੇ ਭਾਬੀ ਜੀ ਸਾਨੂੰ ਬਾਲਟੀ 'ਚ ਬਰਫ ਪਾ ਕੇ ਠੰਡਾ ਪਾਣੀ, ਪੀਣ ਲਈ ਦਿੰਦੇ। ਉਸੇ ਘਰ ਨੂੰ ਭਾਅ ਜੀ ਗੁਰਸ਼ਰਨ ਸਿੰਘ ਇਕ ਓਪਨ ਥੀਏਟਰ ਦਾ ਰੂਪ ਦੇਣਾ ਚਾਹੁੰਦੇ ਸਨ। ਉਨ੍ਹਾਂ ਦੀ ਇਹ ਬੜੀ ਰੀਝ ਸੀ ਕਿ ਉਨ੍ਹਾਂ ਦੇ ਘਰ ਵਿਚ ਥੀਏਟਰ ਹੋਵੇ, ਪਰ ਬਦਲੇ ਹਾਲਾਤ ਵਿਚ ਉਨ੍ਹਾਂ ਨੂੰ ਉਹ ਘਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ ਤੇ ਉਹ ਘਰ ਅੱਜ ਵੀ ਸੁੰਨਸਾਨ ਪਿਆ ਕਿਸੇ ਨਾਟਕ ਦੀਆਂ ਰਿਹਰਸਲਾਂ ਨੂੰ ਉਡੀਕ ਰਿਹਾ ਹੈ। ਮੈਂ ਸੋਚਦਾਂ ਕਿ ਜੇਕਰ ਇੰਗਲੈਂਡ ਵਿਚ ਲੋਕੀਂ ਸ਼ੈਕਸਪੀਅਰ ਦੇ ਘਰ ਨੂੰ ਸਾਂਭ ਸੰਭਾਲ ਸਕਦੇ ਹਨ ਤਾਂ ਕੀ ਸਾਡੀ ਸਰਕਾਰ ਜਾਂ ਗੁਰਸ਼ਰਨ ਸਿੰਘ ਜੀ ਦੀਆਂ ਸਭ ਇਨਕਲਾਬੀ ਧਿਰਾਂ ਉਨ੍ਹਾਂ ਦੇ ਉਸ ਘਰ ਨੂੰ ਸਾਂਭ ਕੇ ਇਕ ਥੀਏਟਰ ਦੇ ਰੂਪ 'ਚ ਵਿਕਸਤ ਨਹੀਂ ਕਰ ਸਕਦੀਆਂ?
ਜਦੋਂ ਵੀ ਕਦੇ ਸਰਕਾਰ ਵਿਚ, ਪ੍ਰਸ਼ਾਸਨ ਵਿਚ ਜਾਂ ਸਮਾਜ ਵਿਚ ਕੁਝ ਵੀ ਗ਼ਲਤ ਹੋਇਆ, ਉਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਉਸ 'ਤੇ ਉਂਗਲ ਰੱਖੀ। ਖ਼ਾਸ ਤੌਰ 'ਤੇ ਉਨ੍ਹਾਂ ਨੇ ਔਰਤਾਂ ਦੇ ਹੱਕ 'ਚ ਆਵਾਜ਼ ਉਠਾਈ । ਕਈ ਵਾਰੀ ਪਿੰਡਾਂ ਵਿਚ ਜਦੋਂ ਦਰਸ਼ਕਾਂ ਵਿਚ ਔਰਤਾਂ ਨਾ ਹੁੰਦੀਆਂ ਤਾਂ ਉਹ ਨਾਟਕ ਨਹੀਂ ਸਨ ਸ਼ੁਰੂ ਕਰਦੇ ਤੇ ਸਟੇਜ ਤੋਂ ਅਨਾਊਂਸ ਕਰਦੇ ਕਿ 'ਮੇਰੀਆਂ ਧੀਆਂ, ਭੈਣਾਂ ਘਰਾਂ 'ਚ ਲੁਕ ਕੇ ਨਾ ਬੈਠਣ, ਉਹ ਵੀ ਆ ਕੇ ਨਾਟਕ ਦੇਖਣ । 'ਫਿਰ ਜਦੋਂ ਔਰਤਾਂ ਵੀ ਮਰਦਾਂ ਦੇ ਬਰਾਬਰ ਆ ਬੈਠਦੀਆਂ, ਉਹ ਉਦੋਂ ਹੀ ਨਾਟਕ ਸ਼ੁਰੂ ਕਰਦੇ । ਉਨ੍ਹਾਂ ਦੇ ਬਹੁਤੇ ਨਾਟਕਾਂ ਵਿਚ ਔਰਤਾਂ ਦੇ ਹੱਕਾਂ ਅਤੇ ਸਮਾਜਿਕ ਨਾ-ਬਰਾਬਰੀ ਦੇ ਹੀ ਵਿਸ਼ੇ ਹੁੰਦੇ ।
ਉਹ ਆਪਣੇ ਕਲਾਕਾਰਾਂ ਦੇ ਦੁੱਖ-ਸੁੱਖ ਵਿਚ ਇਕ ਬਾਪ ਦੀ ਤਰ੍ਹਾਂ ਸ਼ਾਮਿਲ ਹੁੰਦੇ, ਉਨ੍ਹਾਂ ਦੇ ਦੁੱਖ 'ਚ ਦੁਖੀ ਤੇ ਖ਼ੁਸ਼ੀ ਵਿਚ ਖੁਸ਼ ਹੁੰਦੇ। ਮੈਨੂੰ ਯਾਦ ਏ ਜਦੋਂ 'ਕ੍ਰਿਸ਼ਨ' ਨਾਟਕ ਦੀ ਪੇਸ਼ਕਾਰੀ ਨੂੰ ਲੈ ਕੇ ਕੁਝ ਧਾਰਮਿਕ ਜਨੂੰਨੀਆਂ ਨੇ ਮੇਰੇ 'ਤੇ ਤਲਵਾਰਾਂ ਤੇ ਪਿਸਤੌਲਾਂ ਨਾਲ ਹਮਲਾ ਕੀਤਾ ਸੀ ਤਾਂ ਉਦੋਂ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ 'ਤੂੰ ਇਹ ਨਾਟਕ ਨਾ ਕਰ, ਇਹ ਲੋਕ ਐਵੇਂ ਤੇਰਾ ਕੋਈ ਨੁਕਸਾਨ ਨਾ ਕਰ ਦੇਣ, ਤੇਰੀ ਹਾਲੇ ਪੰਜਾਬੀ ਰੰਗਮੰਚ ਨੂੰ ਬੜੀ ਲੋੜ ਏ।' ਮੈਂ ਭਾਵੁਕ ਹੋ ਗਿਆ। ਮੈਨੂੰ ਲਗਿਆ ਮੇਰੇ ਬਾਪ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਏ। ਉਨ੍ਹਾਂ ਨੂੰ ਝਿੜਕਾਂ ਦੇਣਾ ਵੀ ਆਉਂਦਾ ਸੀ ਤੇ ਮਨਾਉਣਾ ਵੀ । ਉਨ੍ਹਾਂ ਦੀਆਂ ਝਿੜਕਾਂ ਨਿੱਕੇ ਕਲਾਕਾਰ ਤੋਂ ਲੈ ਕੇ ਸਰਕਾਰ ਦੇ ਵੱਡੇ-ਵੱਡੇ ਮੰਤਰੀਆਂ ਤੱਕ ਬਰਾਬਰ ਤੇ ਸਪੱਸ਼ਟ ਸਨ, ਭਾਵੇਂ ਕਈ ਵਾਰੀ ਕਿਸੇ ਪ੍ਰੋਗਰਾਮ ਤੋਂ ਪੈਸੇ ਮਿਲਦੇ ਜਾਂ ਨਾ ਮਿਲਦੇ, ਪਰ ਉਹ ਕਲਾਕਾਰਾਂ ਨੂੰ ਜ਼ਰੂਰ ਦਿੰਦੇ।
ਉਨ੍ਹਾਂ ਦੇ ਕੰਮ ਦੀ ਵਿਲੱਖਣਤਾ ਹੀ ਉਨ੍ਹਾਂ ਨੂੰ ਦੂਜਿਆਂ ਨਾਟਕਕਾਰਾਂ ਤੇ ਨਿਰਦੇਸ਼ਕਾਂ ਤੋਂ ਵੱਖਰਿਆ ਕਰਦੀ ਸੀ । ਉਨ੍ਹਾਂ ਨੇ ਜੋ ਪੇਂਡੂ ਰੰਗਮੰਚ ਦੀ ਪੇਸ਼ਕਾਰੀ ਦਾ ਮੁਹਾਵਰਾ ਬਣਾਇਆ ਹੈ, ਉਸ ਬਾਰੇ ਹਾਲੇ ਲੇਖਾ-ਜੋਖਾ ਹੋਣਾ ਬਾਕੀ ਹੈ।
 ਦੁਨੀਆ ਦੇ ਹੋਰ ਕਿਸੇ ਵੀ ਕੋਨੇ ਵਿਚ ਕਿਸੇ ਨੇ ਇਸ ਤਰ੍ਹਾਂ ਦੀ ਲੋਕਾਂ ਵਿਚ ਮਕਬੂਲ ਹੋਣ ਵਾਲੀ ਨਾਟ-ਸ਼ੈਲੀ ਵਿਕਸਤ ਨਹੀਂ ਕੀਤੀ, ਜਿਸ ਤਰ੍ਹਾਂ ਉਨ੍ਹਾਂ ਨੇ ਕੀਤੀ। ਜਿਵੇਂ ਬਰੈਖ਼ਤ, ਚੈਖੋਵ, ਸ਼ੈਕਸਪੀਅਰ, ਮੇਅਰਹੋਲਡ, ਸਟੈਨੀਸਲੋਵਸਕੀ, ਕਾਰੰਥ, ਪਾਨੀਕਰ, ਹਬੀਬ ਤਨਵੀਰ ਤੇ ਰਤਨ ਬੀਆਮ ਨੇ ਆਪਣੀਆਂ ਸ਼ੈਲੀਆਂ ਈਜਾਦ ਕੀਤੀਆਂ। ਉਸੇ ਤਰ੍ਹਾਂ ਉਨ੍ਹਾਂ ਨੇ ਵੀ ਆਪਣੀ ਵਿਸ਼ੇਸ਼ ਪੇਂਡੂ ਨਾਟ ਸ਼ੈਲੀ ਵਿਕਸਤ ਕੀਤੀ।
ਲੋਕ ਰੰਗਮੰਚ ਅਤੇ ਲੋਕ ਲਹਿਰਾਂ ਦੇ ਇਸ ਨਾਇਕ ਨੂੰ ਬੇਸ਼ੁਮਾਰ ਮਾਣ-ਸਨਮਾਨ ਮਿਲੇ। ਪਰ ਉਹ ਕਦੇ ਵੀ ਕਿਸੇ ਸਨਮਾਨ ਦੇ ਮਗਰ ਨਹੀਂ ਸਨ ਦੌੜੇ, ਬਲਕਿ ਸਨਮਾਨ ਦੇਣ ਵਾਲੇ ਉਨ੍ਹਾਂ ਦੇ ਪਿੱਛੇ-ਪਿੱਛੇ ਸਨਮਾਨ ਲੈ-ਕੇ ਦੌੜਦੇ ਸਨ। ਉਹ ਆਪ ਇਕ ਤੁਰਿਆ ਫਿਰਦਾ ਸਨਮਾਨ ਸਨ, ਉਹ ਜਿਸ ਵੀ ਕਿਸੇ ਸਮਾਗਮ 'ਤੇ ਜਾਂਦੇ, ਉਹ ਸਮਾਗਮ ਉਨ੍ਹਾਂ ਦੀ ਆਮਦ ਨਾਲ ਆਪ ਸਨਮਾਨਿਤ ਹੋ ਜਾਂਦਾ।
ਉਨ੍ਹਾਂ ਦੇ ਤੁਰ ਜਾਣ ਨਾਲ ਬੇਸ਼ਕ ਅਸੀਂ ਉਦਾਸ ਹਾਂ ਪਰ ਅਸੀਂ ਡੋਲੇ ਨਹੀਂ। ਸਾਡੇ ਸਾਹਮਣੇ ਉਨ੍ਹਾਂ ਦੀਆਂ ਦੱਸੀਆਂ ਰਾਹਾਂ ਦਾ ਚਾਨਣ ਸਪੱਸ਼ਟ ਹੈ। ਉਨ੍ਹਾਂ ਨੂੰ ਅਸੀਂ ਦ੍ਰਿੜਤਾ, ਵਿਸ਼ਵਾਸ਼, ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਵਿਚਰਦਿਆਂ ਵੇਖਿਆ ਹੈ; ਅਸੀਂ ਵੀ ਸੱਚੇ-ਸੁੱਚੇ ਇਰਾਦਿਆਂ ਨਾਲ, ਉਨ੍ਹਾਂ ਦੀਆਂ ਦੱਸੀਆਂ ਰਾਹਾਂ 'ਤੇ ਤੁਰਨਾ ਹੈ, ਲੋਕਾਂ ਦੇ ਰੰਗਮੰਚ ਨੂੰ ਜ਼ਿੰਦਾ ਰੱਖਣਾ ਹੈ, ਅਤੇ ਉਨ੍ਹਾਂ ਦੇ ਉਸ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਇਹ ਜੰਗ ਜਾਰੀ ਰਹੇਗੀ। ਹੱਕ ਤੇ ਸੱਚ ਦੀ ਜੰਗ। ਲੋਕ ਸੰਗ੍ਰਾਮਾਂ ਨੂੰ ਪ੍ਰਣਾਏ ਰੰਗਮੰਚ ਦੇ ਸੂਹੇ ਸੂਰਜ ਨੂੰ ਸਲਾਮ-ਉਹ ਕਿਤੇ ਨਹੀਂ ਗਏ, ਉਹ ਸਾਡੇ ਦਿਲਾਂ 'ਚ ਹਨ।
ਕੇਵਲ ਧਾਲੀਵਾਲ

ਇਨਕਲਾਬੀ ਲੋਕ-ਨਾਇਕ ਦੀਆਂ ਯਾਦਾਂ
ਕੱਸਿਆ ਜਿਸਮ, ਅੱਖਾਂ ਵਿਚ ਬਲਦਾ ਰੋਹ, ਚਿਹਰੇ 'ਤੇ ਅਗਨੀ ਚਮਕ, ਹਵਾ ਵਿਚ ਲਹਿਰਾਂਦਾ ਹੱਥ, ਬੋਲਾਂ ਵਿਚ ਗੂੰਜਦੇ ਇਨਕਲਾਬੀ ਸੁਰ ਇਹ ਚਿੰਨ੍ਹ ਪਛਾਣ ਚਿੰਨ੍ਹ ਹਨ- ਉਸ ਇਨਕਲਾਬੀ ਯੋਧੇ ਦੇ ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕ ਲਹਿਰ ਖੜ੍ਹੀ ਕੀਤੀ ਤੇ ਜਿਸ ਨੂੰ ਸਾਰੇ ਭਾਅ ਜੀ ਕਹਿੰਦੇ ਹਨ। ਭਾਅ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਉਰਫ਼ ਬਾਬਾ ਬੋਲਦਾ- ਇਕ ਅਜਿਹੀ ਸ਼ਕਤੀ ਦੇ ਪ੍ਰਤੀਕ ਹਨ ਜੋ ਲੋਕ ਮੱਥਿਆਂ ਵਿਚ ਜਵਾਲਾ ਨਾਲ ਖੁਣੇ ਹੋਣੇ ਹਨ। ਇਸ ਮਰਜੀਵੜੇ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਘੋਲਾਂ ਅਤੇ ਲੋਕ ਲਹਿਰ ਨੂੰ ਪ੍ਰਣਾਈ ਲੋਕਾਈ ਤੋਂ ਵਾਰ ਦਿੱਤੀ।
ਭਾਅ ਗੁਰਸ਼ਰਨ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ। ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਬਹੁਤੀ ਵਿੱਦਿਆ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।
1951 ਵਿਚ ਪੜ੍ਹਾਈ ਖ਼ਤਮ ਕਰਨ ਉਪਰੰਤ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿਚ ਨੌਕਰੀ ਕੀਤੀ। 19 ਸਤੰਬਰ, 1975 ਨੂੰ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਕਿਉਂਕਿ ਹਿੰਦੁਸਤਾਨੀ ਇਤਿਹਾਸ ਦਾ ਕਾਲਾ ਦੌਰ ਸ਼ੁਰੂ ਹੋ ਚੁੱਕਾ ਸੀ। ਐਮਰਜੈਂਸੀ ਦੇ ਬਿਗਲ ਨੇ ਲੋਕਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਪਰ ਇਨਕਲਾਬੀ ਮੁਹਾਰਾਂ ਕਦ ਮੁੜੀਆਂ ਨੇ। ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਫਿਰ ਖਮਿਆਜ਼ਾ ਤਾਂ ਭੁਗਤਣਾ ਹੀ ਪੈਣਾ ਸੀ। ਸਰਕਾਰਾਂ ਬਦਲੀਆਂ ਤੇ ਆਪ ਨੂੰ ਨੌਕਰੀ 'ਤੇ ਮੁੜ ਬਹਾਲ ਕਰ ਦਿੱਤਾ ਗਿਆ। 1981 ਵਿਚ ਉਨ੍ਹਾਂ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲੈ ਲਈ।
ਨੌਵੀਂ ਜਮਾਤ ਵਿਚ ਪੜ੍ਹਦਿਆਂ ਉਨ੍ਹਾਂ ਦਾ ਸਬੰਧ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ ਤੇ ਉਹ ਕਾਰਡ ਹੋਲਡਰ ਬਣ ਗਏ। ਛੋਟੀ ਉਮਰੇ ਮਾਰਕਸੀ ਫਲਸਫੇ ਨੂੰ ਆਤਮਸਾਤ ਕਰ ਲਿਆ ਤੇ ਸਮਝ ਆ ਗਈ ਕਿ ਸਮਾਜ ਵਿਚ ਵਿਤਕਰੇ, ਕਾਣੀ ਵੰਡ, ਵਰਗਾਂ ਵਿਚ ਵੰਡੀ ਲੋਕਾਈ, ਸੰਪਰਦਾਇਕ ਤੇ ਆਰਥਿਕ ਊਚ-ਨੀਚ ਪਿਛਲੇ ਕਰਮਾਂ ਦੀ ਖੇਡ ਨਹੀਂ ਸਗੋਂ ਸਰਮਾਏਦਾਰੀ ਤਾਕਤਾਂ ਦੇ ਕਾਰਨਾਮੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਪਾੜ ਕੇ ਲੋਕਾਈ ਵਿਚੋਂ ਲੋਕਤਾ ਦਾ ਬੀਜ ਨਾਸ ਕਰਨ ਲਈ ਕੋਈ ਕਸਰ ਨਹੀਂ ਛੱਡੀ। ਮੱਥੇ ਵਿਚ ਬੀਜੀ ਇਹ ਜਵਾਲਾ ਹੀ ਸੀ ਜੋ ਸਾਰੀ ਜ਼ਿੰਦਗੀ ਲੋਕਾਂ ਖਾਤਰ ਮਸ਼ਾਲ ਬਣ ਕੇ ਬਲਦੀ ਰਹੀ।
1985 ਵਿਚ ਮੈਂ ਉਨ੍ਹਾਂ ਦੀ ਇਕ ਲੰਬੀ ਇੰਟਰਵਿਊ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਪਰਤ-ਦਰ-ਪਰਤ ਆਪਣੀ ਜ਼ਿੰਦਗੀ ਤੇ ਸੁਪਨਿਆਂ ਦੇ ਰਾਜ਼ ਖੋਲ੍ਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਭਾਖੜੇ ਨੌਕਰੀ ਕਰ ਰਹੇ ਸਨ ਤਾਂ ਜਿਉਂ-ਜਿਉਂ ਭਾਖੜਾ ਉਸਰ ਰਿਹਾ ਸੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਅਸੀਂ ਦਰਿਆਵਾਂ ਦੇ ਰੁਖ਼ ਤਾਂ ਬਦਲ ਰਹੇ ਹਾਂ ਪਰ ਸਾਡਾ ਸਮਾਜ ਓਥੇ ਦਾ ਓਥੇ ਖਲੋਤਾ ਹੈ। ਇਹਦੇ ਵਿਚ ਕੋਈ ਤਬਦੀਲੀ ਨਹੀਂ ਆਈ। ਉਦੋਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਭਾਵੇਂ ਹਿੰਦੁਸਤਾਨ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਜਾਵੇ ਜਿੰਨਾ ਚਿਰ ਇਹਦੇ ਵਿਚ ਸਮਾਜਕ ਤਬਦੀਲੀ ਨਹੀਂ ਆਉਂਦੀ ਓਨਾ ਚਿਰ ਤੱਕ ਲੋਕਾਂ ਤਕ ਸਾਇੰਸ ਦਾ ਕੋਈ ਫਾਇਦਾ ਨਹੀਂ ਪਹੁੰਚਣਾ। ਇਸੇ ਦੌਰਾਨ ਵਾਪਰੀ ਇਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ, ''ਭਾਖੜਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਉਥੇ ਕੰਮ ਚੌਵੀ ਘੰਟੇ ਚਲਦਾ ਸੀ। ਕੋਈ ਛੁੱਟੀ ਨਹੀਂ ਸੀ ਹੁੰਦੀ। ਅਫ਼ਸਰਾਂ ਨੇ ਕਿਹਾ ਕਿ ਅਗਲੇ ਦਿਨ 8-12 ਵਾਲੀ ਸ਼ਿਫਟ ਵਿਚ ਜ਼ਰੂਰੀ ਕੰਮ ਚਲਾਏ ਜਾਣ ਅਤੇ ਬਾਕੀ ਛੁੱਟੀ ਕੀਤੀ ਜਾਵੇ ਪਰ ਮੈਨੇਜਮੈਂਟ ਨੇ ਇਹ ਗੱਲ ਨਾ ਮੰਨੀ। ਨਤੀਜੇ ਦੇ ਤੌਰ 'ਤੇ ਉਥੇ ਲੋਹੜੀ ਦੀ ਬਹੁਤ ਵੱਡੀ ਹੜਤਾਲ ਹੋਈ। ਇਹ ਗੱਲ 1954 ਦੀ ਹੈ। ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ 'ਲੋਹੜੀ ਦੀ ਹੜਤਾਲ' ਲਿਖਿਆ ਅਤੇ ਖੇਡਿਆ।
ਭਾਅ ਜੀ ਦੁਆਰਾ ਲਿਖੇ ਨਾਟਕ ਅਤੇ ਕੀਤੇ ਕੰਮ ਸਾਰੇ ਹੀ ਇਨਕਲਾਬੀ ਸਪਿਰਟ ਨਾਲ ਭਰੇ ਪਏ ਸਨ। ਉਨ੍ਹਾਂ ਨੇ ਨਾਟਕ ਵਰਗੀ ਕਲਾ ਦੀ ਨਬਜ਼ ਪਛਾਣ ਲਈ ਕਿ ਇਹ ਲੋਕਾਂ 'ਤੇ ਜਾਦੂ ਵਰਗਾ ਅਸਰ ਕਰਦੀ ਹੈ। ਉਨ੍ਹਾਂ ਨੇ ਬਿਨਾਂ ਸਟੇਜ ਰਿਹਰਸਲ , ਲਾਈਟਾਂ ਅਤੇ ਮਿਊਜ਼ਿਕ ਦੇ ਨੁੱਕੜ ਨਾਟਕਾਂ ਦੀ ਨੀਂਹ ਰੱਖੀ । ਇਸ ਨੂੰ ਪ੍ਰਾਚੀਨ ਲੋਕ ਕਲਾ ਵਿਚ ਢਾਲ ਕੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ। ਨਾਟਕ ਇਕ ਅਜਿਹੀ ਆਦਿ ਕਾਲੀ ਸਾਹਿਤਕ ਕਲਾ ਹੈ, ਜਿਸ ਦਾ ਪ੍ਰਭਾਵ ਚਿਰ ਸਥਾਈ ਅਤੇ ਸੰਦੇਸ਼ ਬੜੇ ਉਤੇਜਕ ਸੁਭਾਅ ਵਾਲਾ ਹੁੰਦਾ ਹੈ। ਇਹੀ ਕਾਰਨ ਸੀ ਕਿ ਪਿੰਡਾਂ ਵਿਚ ਇਹ ਲੋਕ ਲਹਿਰ ਦਾ ਰੂਪ ਧਾਰਨ ਕਰ ਗਈ।
1964 ਵਿਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ। ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ। ਇਸ ਨੇ ਥੀਏਟਰ ਨੂੰ ਕਸਬੀ ਪੱਧਰ 'ਤੇ ਅਪਣਾਇਆ। ਇਸ ਸੰਸਥਾ ਦਾ ਉਦੇਸ਼ ਸੀ ਕਿ ਚੰਗੇ, ਅਗਾਂਹਵਧੂ ਨਾਟਕਾਂ ਦੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਤਾਂ ਜੋ ਸਰਮਾਏਦਾਰੀ ਤਾਕਤਾਂ ਦੇ ਖ਼ਿਲਾਫ਼ ਭਰਵੀਂ ਮੋਰਚੇਬੰਦੀ ਕੀਤੀ ਜਾ ਸਕੇ। 1976 ਵਿਚ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 1976 ਆ ਗਿਆ। ਮੈਨੂੰ ਜੰਮੂ ਯੂਨੀਵਰਸਿਟੀ ਵਾਲਿਆਂ ਨੇ ਨਾਟਕ ਕਰਨ ਲਈ ਬੁਲਾਇਆ। 19 ਸਤੰਬਰ ਨੂੰ ਜਦੋਂ ਅਸਾਂ ਇਹ ਨਾਟਕ ਖੇਡਿਆ ਤਾਂ ਉਥੇ ਦਰਸ਼ਕਾਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਸ਼ੇਖ ਅਬਦੁੱਲਾ ਵੀ ਬੈਠੇ ਸਨ।  ਗਿਾਅਨੀ ਜੀ ਆਪ ਹੀ ਨਹੀਂ ਸਗੋਂ, ਉਨ੍ਹਾਂ ਦਾ ਸਾਰਾ ਅਮਲਾ ਫੈਲਾ ਵੀ ਆਇਆ ਹੋਇਆ ਸੀ। ਉਨ੍ਹਾਂ ਗੱਲ ਸਮਝ ਲਈ ਕਿ ਕਰਦਾ ਤਾਂ ਇਹ ਨਾਟਕ ਹੈ, ਪਰ ਹਮਲਾ ਐਮਰਜੈਂਸੀ 'ਤੇ ਕਰਦਾ ਹੈ। ਸਰਹੰਦ ਦੀ ਘਟਨਾ ਪੇਸ਼ ਕਰਦਿਆਂ ਮੈਂ ਇਹ ਗੱਲ ਕਹਿੰਦਾ ਸੀ ਕਿ ਜਦੋਂ ਬੱਚੇ ਨੀਹਾਂ ਵਿਚ ਚਿਣੇ ਜਾ ਰਹੇ ਸਨ ਤਾਂ ਸਰਹੰਦ ਦੇ ਲੋਕ ਕਿੱਥੇ ਸਨ? ਤਮਾਸ਼ਾਈ ਬਣ ਕੇ ਉਨ੍ਹਾਂ ਨੇ ਸਭ ਕੁਝ ਵੇਖਿਆ ਤੇ ਉਨ੍ਹਾਂ ਨੂੰ ਇਹਦੀ ਵੱਡੀ ਕੀਮਤ ਚੁਕਾਉਣੀ ਪਈ।
ਬੰਦੇ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਅੱਜ ਵੀ ਬੰਦੇ ਬਹਾਦਰ ਜਿਉਂਦੇ ਨੇ। ਅੱਜ ਦੇ ਵਜੀਦਿਆਂ (ਵਜ਼ੀਦ ਖਾਨ, ਸਰਹੰਦ ਦਾ ਹਾਕਮ) ਉਹ ਪਛਾਣਦੇ ਨੇ। ਤੇ ਉਨ੍ਹਾਂ ਨੂੰ ਇਕਦਮ ਖੁੜਕ ਗਈ। ਜਦੋਂ ਅਸੀਂ ਅੰਮ੍ਰਿਤਸਰ ਪਹੁੰਚੇ ਤਾਂ ਵਾਰੰਟ ਜਾਰੀ ਹੋ ਗਏ ਅਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਜ ਉਹ ਆਵਾਮ ਪ੍ਰਤੀ ਪ੍ਰਤੀਬੱਧ ਧਾਰਨਾ ਵਿਚ ਬੱਝੇ ਹੋਏ ਸਨ। ਸਰਕਾਰਾਂ ਨੂੰ ਉਹ ਆਪਣੀ ਕਲਾ ਰਾਹੀਂ ਵੰਗਾਰਦੇ ਸਨ ਤੇ ਲੋਕਾਂ ਨੂੰ ਰਣ ਤੱਤੇ ਵਿਚ ਜੂਝਣ ਲਈ ਜਿਥੇ ਸੱਦਾ ਦਿੰਦੇ ਸਨ, ਉਥੇ ਆਪ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਸਨ ਹਟਦੇ।
ਬੰਬਈ ਦੇ ਸਭ ਤੋਂ ਵੱਡੇ ਹਾਲ ਸ਼ਨਮੁਖਾਨੰਦ ਵਿਚ ਆਪਣੇ ਖੇਡੇ ਨਾਟਕ 'ਚਾਂਦਨੀ ਚੌਕ ਤੋਂ ਸਰਹੰਦ ਤੱਕ' ਬਾਰੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਹਾਲ ਵਿਚ ਨਾਟਕ ਰੌਸ਼ਨੀਆਂ, ਪਰਦਿਆਂ ਆਦਿ ਦੇ ਪ੍ਰਭਾਵ ਹੇਠ ਖੇਡੇ ਜਾਂਦੇ ਸਨ। ਉਨ੍ਹਾਂ ਦਾ ਨਾਟਕ ਵੇਖਣ ਲਈ ਪ੍ਰਸਿੱਧ ਫਿਲਮੀ ਹੀਰੋ ਦਲੀਪ ਕੁਮਾਰ ਵੀ ਆਇਆ ਹੋਇਆ ਸੀ ਤੇ ਜਦੋਂ ਉਨ੍ਹਾਂ ਨੇ ਆਪਣਾ ਨਾਟਕ ਸਾਫ ਕਾਲੇ ਪਰਦੇ ਦੇ ਸਾਹਮਣੇ ਸ਼ੁਰੂ ਕੀਤਾ ਤਾਂ ਅੱਗੋ-ਪਿੱਛੋਂ ਇਹੋ ਜਿਹੀਆਂ ਆਵਾਜ਼ਾਂ ਆਈਆਂ ਜਿਵੇਂ ਕਿਸੇ ਦਾ ਮਾਖੌਲ ਉਡਾਇਆ ਜਾ ਰਿਹਾ ਹੋਵੇ ਤਾਂ ਮੈਂ ਬੋਲਣਾ ਸ਼ੁਰੂ ਕੀਤਾ, ''ਮੈਨੂੰ ਇਤਿਹਾਸ ਕਹਿੰਦੇ ਨੇ ਮੈਂ ਹਰ ਯੁੱਗ ਵਿਚ ਹਾਜ਼ਰ ਰਿਹਾ ਹਾਂ।'' ਤੇ ਮੈਂ ਆਪਣੀ ਆਵਾਜ਼ ਨੂੰ ਇੱਕ ਮਿੰਟ ਵਿਚ ਪੂਰਾ ਫੈਲਾਇਆ। ਜਦੋਂ ਮੈਂ ਨਾਟਕ ਕਰਕੇ ਹਟਿਆ ਤਾਂ ਦਲੀਪ ਕੁਮਾਰ ਸਟੇਜ 'ਤੇ ਆਇਆ ਥੋੜ੍ਹੀ ਜਿਹੀ ਪੀਤੀ ਹੁੰਦੀ ਹੈ ਇਨ੍ਹਾਂ ਲੋਕਾਂ ਨੇ, ਕੁਝ ਭਾਵੁਕ ਵੀ ਸੀ। ਕਹਿਣ ਲੱਗਿਆ, ''ਸਰਦਾਰ ਸਾਹਿਬ, ਸੁਨਾ ਕਰਤੇ ਥੇ ਕਿ ਸ਼ੈਕਸਪੀਅਰ ਕੇ ਜ਼ਮਾਨੇ ਮੇਂ ਲੋਕ ਬਿਲਕੁਲ ਬਲੈਕ ਕਰਟਿਨ ਕੇ ਆਗੇ ਆ ਕਰ ਨਾਟਕ ਕੀਆ ਕਰਤੇ ਥੇ ਅੋਰ ਘੰਟਾ ਭਰ ਲੋਗੋਂ ਕੋ ਸਪੈਲ- ਬਾਊਂਡ ਰਖਤੇ ਥੇ। ਆਜ ਇਸ ਹਾਲ ਮੇਂ ਹਮ ਨੇ ਫਿਰ ਦੇਖਾ। ਹਮ ਆਪਕੇ ਆਗੇ ਸਰ ਝੁਕਾਤੇ ਹੈ। ਆਪ ਬਹੁਤ ਬੜੇ ਕਲਾਕਾਰ ਹੈ।'' ਇਹ ਸੀ ਉਨ੍ਹਾਂ ਦੀ ਕਲਾ ਤੇ ਨਾਟਕਾਂ ਦੀ ਪੇਸ਼ਕਾਰੀ ਦਾ ਪ੍ਰਭਾਵ ਜੋ ਸਰੋਤਿਆਂ ਨੂੰ ਕੀਲ ਲੈਂਦਾ ਸੀ। ਉਨ੍ਹਾਂ ਦੇਸ਼-ਵਿਦੇਸ਼ ਵਿਚ ਜਿੰਨੇ ਨਾਟਕ ਖੇਡੇ ਅਤੇ ਲੋਕਾਂ ਦਾ ਇਕ ਵੱਡਾ ਕਾਫਲਾ ਤਿਆਰ ਕੀਤਾ-ਇਹ ਬੇਮਿਸਾਲ ਪ੍ਰਾਪਤੀ ਸੀ।
ਉਨ੍ਹਾਂ ਦਾ ਕੀਤਾ ਇਕ ਹੋਰ ਯਾਦਗਾਰੀ ਕੰਮ ਬੜਾ ਵਿਲੱਖਣ ਹੈ। ਜਦੋਂ 1980 ਵਿਚ ਬਲਰਾਜ ਸਾਹਨੀ ਹੋਰਾਂ ਨੂੰ ਭਾਸ਼ਾ ਵਿਭਾਗ ਵਲੋਂ 5100 ਰੁਪਏ ਦਾ ਸਨਮਾਨ ਮਿਲਿਆ ਤਾਂ ਉਨ੍ਹਾਂ ਇਹ ਪੈਸਾ ਭਾਅ ਜੀ ਨੂੰ ਫੜਾ ਦਿੱਤਾ। ਬਦਕਿਸਮਤੀ ਨਾਲ ਉਨ੍ਹਾਂ ਦੀ ਜਲਦੀ ਮੌਤ ਹੋ ਗਈ। ਬਲਰਾਜ ਸਾਹਨੀ ਦੀ ਮੌਤ ਉਪਰੰਤ 2000 ਰੁਪਇਆ ਉਨ੍ਹਾਂ ਦੇ ਪ੍ਰੀਤ ਨਗਰ ਵਾਲੇ ਮਕਾਨ ਦੀ ਮੁਰੰਮਤ 'ਤੇ ਖਰਚ ਕਰਾ ਦਿੱਤਾ ਤੇ ਬਾਕੀ ਪੈਸੇ ਵਿਚੋਂ ਪਾਸ਼ ਦੀ 'ਲੋਹ ਕਥਾ' ਤੇ ਸੰਤ ਸੰਧੂ ਦੀ 'ਸੀਸ ਤਲੀ' 'ਤੇ ਦੋ ਪੁਸਤਕਾਂ ਸਸਤੇ ਸਾਹਿਤ ਵਜੋਂ ਛਾਪ ਕੇ ਲੋਕਾਂ ਵਿਚ ਭੇਜੀਆਂ।
 ਇਨ੍ਹਾਂ ਦੀ ਵਿਕਰੀ ਹੋਈ ਚੰਗਾ ਹੁੰਗਾਰਾ ਮਿਲਿਆ ਤਾਂ ਉਨ੍ਹਾਂ ਨੇ ਇਹਦਾ ਨਾਂ 'ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ' ਰੱਖਿਆ, ਜਿਸ ਨੇ ਹੁਣ ਤੱਕ ਚੰਗੀਆਂ ਪੁਸਤਕਾਂ ਵਾਜਬ ਮੁੱਲ 'ਤੇ ਲੋਕਾਂ ਨੂੰ ਦਿੱਤੀਆਂ। ਹਰ ਨਾਟਕ ਕਰਨ ਵੇਲੇ ਪੁਸਤਕਾਂ ਦਾ ਸਟਾਲ ਲੱਗਦਾ ਤੇ ਹੱਥੋਂ-ਹੱਥ ਵਿਕ ਜਾਂਦੀਆਂ। ਇਹ ਉਨ੍ਹਾਂ ਦਾ ਮਿਸ਼ਨ ਸੀ ਕਿ ਚੰਗਾ ਸਾਹਿਤ ਘੱਟ ਕੀਮਤ 'ਤੇ ਲੋਕਾਂ ਨੂੰ ਪੜ੍ਹਨ ਲਈ ਮਿਲੇ।
ਅਜਿਹੇ ਲੋਕ ਨਾਇਕ ਦਾ ਚਲਾਣਾ ਬੜਾ ਦੁਖਦਾਈ ਹੈ। ਪਰ ਅਗਾਂਹਵਧੂ ਧਿਰਾਂ ਨਾਲ ਜੁੜ ਕੇ ਉਨ੍ਹਾਂ ਨੇ ਜੋ ਕਾਫਲਾ ਬਣਾਇਆ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਭਾਅ ਜੀ ਦੇ ਕੀਤੇ ਕੰਮਾਂ ਨੂੰ ਇਕ ਜਗਦੀ ਮਸ਼ਾਲ ਵਾਂਗ ਅੱਗੇ ਲੈ ਜਾਈਏ। ਇਹੀ ਉਸ ਮਹਾਂਪੁਰਸ਼ ਲਈ ਸਭ ਤੋਂ ਵੱਡੀ ਖੈਰਾਜੇ ਅਕੀਦਤ ਹੋਵੇਗੀ।
ਪਰਮਜੀਤ ਢੀਂਗਰਾ


ਅਮਰ ਹੋ ਗਏ ਗੁਰਸ਼ਰਨ ਭਾਅ ਜੀ
'ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ' ਇਹ ਇਨਕਲਾਬੀ ਗੀਤ ਬੁੱਧਵਾਰ ਨੂੰ ਪੰਜਾਬੀ ਰੰਗਮੰਚ ਦੇ ਧੁਰੇ ਗੁਰਸ਼ਰਨ ਸਿੰਘ ਦੀ ਮ੍ਰਿਤਕ ਦੇਹ ਦੇ ਕੋਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਗਾਇਆ। ਦਹਿਸ਼ਤਵਾਦ ਤੋਂ ਲੈ ਕੇ ਸਿਸਟਮ ਦੇ ਖਿਲਾਫ਼ ਲੰਬੀ ਲੜਾਈ ਲੜਨ ਵਾਲੇ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਰੰਗਮੰਚ ਦੀ ਅਜਿਹੀ ਖਾਸੀਅਤ ਰਹੇ ਜਿਨ੍ਹਾਂ ਨੇ ਸਮਾਜ ਨੂੰ ਵਿਕਾਸਸ਼ੀਲ ਬਣਾਉਣ 'ਚ ਆਪਣਾ ਜੀਵਨ ਲਗਾ ਦਿੱਤਾ। ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਆਪਣੇ ਨਾਟਕ ਦੇ ਜ਼ਰੀਏ ਅਜਿਹਾ ਸੰਦੇਸ਼ ਦਿੰਦੇ ਸਨ, ਜੋ ਇਕ ਅੰਦੋਲਨ ਦਾ ਰੂਪ ਲੈ ਲੈਂਦਾ ਸੀ।
ਸੰਨ 1969 ਦੀ ਨਕਸਲੀ ਲਹਿਰ ਹੋਵੇ ਜਾਂ ਫ਼ਿਰ ਪੰਜਾਬ 'ਚ ਦਹਿਸ਼ਤਵਾਦ, ਗੁਰਸ਼ਰਨ ਸਿੰਘ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਰੰਗਮੰਚ ਜ਼ਰੀਏ ਕਰੜੇ ਸੰਦੇਸ਼ ਦਿੱਤੇ। ਉਨ੍ਹਾਂ ਦੇ ਨਾਟਕਾਂ ਵਿਚ ਸਰਕਾਰ ਅਤੇ ਉਸ ਦੀਆਂ ਨੀਤੀਆਂ 'ਤੇ ਕਰੜੀ ਚੋਟ ਹੁੰਦੀ ਸੀ। ਪਟਿਆਲਾ 'ਚ ਨਾਟ ਸਮਾਰੋਹ ਦੌਰਾਨ ਭਾਈ ਮੰਨਾ ਸਿੰਘ ਨੇ ਤਿੰਨ ਨਾਟਕਾਂ ਦਾ ਮੰਚਨ ਕੀਤਾ। ਇਸ ਵਿਚ 'ਇਕ ਮੋਰਚਾ', 'ਕੁਰਸੀ' ਅਤੇ 'ਹਵਾ ਵਿਚ ਲਟਕਦੇ ਲੋਕ' ਪ੍ਰਮੁੱਖ ਸਨ। 'ਕੁਰਸੀ' ਨਾਟਕ ਵਿਚ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਵੀ ਕਿਰਦਾਰ ਰੱਖਿਆ ਸੀ। ਇਹ ਨਾਟਕ ਦੇਖ ਕੇ ਮੁੱਖ ਮੰਤਰੀ ਬਰਨਾਲਾ ਸਮਾਰੋਹ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।
ਸੀ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਦੱਸਦੇ ਹਨ ਕਿ ਉਨ੍ਹਾਂ ਨੇ ਭਾਈ ਮੰਨਾ ਸਿੰਘ ਨਾਲ ਕੈਮਿਸਟਰੀ ਅਤੇ ਫ਼ਿਜ਼ਿਕਸ ਪੜ੍ਹੀ ਸੀ। ਉਨ੍ਹਾਂ ਨੇ ਆਖਿਆ ਕਿ ਕੜ੍ਹਕਦੀ ਆਵਾਜ਼ ਅਤੇ ਚਮਕਦੀਆਂ ਅੱਖਾਂ ਵਾਲੇ ਇਸ ਬਜ਼ੁਰਗ ਨੇ ਰੰਗਮੰਚ ਨੂੰ ਇਕ ਲਹਿਰ ਬਣਾ ਦਿੱਤਾ।
ਉਨ੍ਹਾਂ ਦੇ ਨਾਟਕਾਂ ਨਾਲ ਹੀ ਪੰਜਾਬੀ ਸੱਭਿਆਚਾਰ 'ਚ ਪ੍ਰਗਤੀਸ਼ੀਲਵਾਦ ਦੀ ਸ਼ੁਰੂਆਤ ਹੋਈ। ਬੀ.ਬੀ.ਐਮ.ਬੀ. ਵਿਚ ਨੌਕਰੀ ਕਰਨ ਵਾਲੇ ਗੁਰਸ਼ਰਨ ਸਿੰਘ ਆਪਣੀ ਧੁਨ ਦੇ ਇੰਨੇ ਪੱਕੇ ਸਨ ਕਿ ਰੰਗਕਰਮੀ ਸਫ਼ਦਰ ਹਾਸ਼ਮੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਸਾਹਿਬਾਬਾਦ ਜਾ ਕੇ ਨਾਟਕ ਦਾ ਮੰਚਨ ਕੀਤਾ ਸੀ। 

No comments:

Post a Comment