Friday, 11 October 2013

ਗ਼ਜ਼ਲ ਦੇ ਅੰਬਰ ਦਾ ਧਰੂ-ਤਾਰਾ ਜਗਜੀਤ ਸਿੰਘ

ਅਲਵਿਦਾ ਜਗ ਜੀਤ!
ਕਿਸੇ ਨੇ ਉਨ੍ਹਾਂ ਨੂੰ ਗਜ਼ਲ ਗਾਇਕੀ ਦਾ ਧਰੂ-ਤਾਰਾ ਦੱਸਿਆ ਤੇ ਕਿਸੇ ਨੇ ਗਜ਼ਲ ਗਾਇਕੀ ਦੇ ਅੰਬਰ 'ਚ ਚਮਕਦਾ ਸੂਰਜ, ਕਿਸੇ ਨੇ ਉਨ੍ਹਾਂ ਨੂੰ ਗਜ਼ਲ ਸਮਰਾਟ ਦੇ ਖਿਤਾਬ ਨਾਲ ਨਿਵਾਜ਼ਿਆ ਅਤੇ ਕਿਸੇ ਨੇ ਉਨ੍ਹਾਂ ਨੂੰ ਸੁਰਾਂ ਦਾ ਸਮਰਾਟ ਕਹਿ ਕੇ ਆਪਣੇ ਵਲਵਲੇ ਪ੍ਰਗਟ ਕੀਤੇ। ਪਾਕਿਸਤਾਨ ਦੇ ਵਿਸ਼ਵ ਪ੍ਰਸਿੱਧ ਗਜ਼ਲ ਗਾਇਕ ਮਹਿੰਦੀ ਹਸਨ ਨੇ ਇਕ ਵਾਰ ਉਨ੍ਹਾਂ ਬਾਰੇ ਕਿਹਾ ਸੀ ਕਿ ਇਹ ਤਾਂ ਹਿੰਦੁਸਤਾਨੀਆਂ ਦੀ ਦਰਿਆਦਿਲੀ ਹੈ ਕਿ ਉਹ ਸਾਨੂੰ ਪਸੰਦ ਕਰਦੇ ਨੇ, ਜਦੋਂਕਿ ਉਨ੍ਹਾਂ ਕੋਲ ਤਾਂ ਗਜ਼ਲ ਗਾਇਕੀ ਦਾ 'ਕੋਹਿਨੂਰ' ਜਗਜੀਤ ਸਿੰਘ ਵੀ ਹੈ। ਉਹ ਜਗਜੀਤ ਸਿੰਘ, ਜਿਸ ਨੇ ਗਜ਼ਲ ਨੂੰ ਆਮ ਲੋਕਾਂ ਦੀ ਪਸੰਦ ਬਣਾਇਆ, ਭਾਵ ਇਹ ਕਿ ਉਨ੍ਹਾਂ ਦੇ ਇਸ ਖੇਤਰ 'ਚ ਆਉਣ ਤੋਂ ਪਹਿਲਾਂ ਸਾਹਿਤ ਦੀ ਇਸ ਅਨਮੋਲ ਕਲਾ ਨੂੰ ਜਿਥੇ ਸਮਾਜ ਦੀ 'ਇਲੀਟ' ਕਹੀ ਜਾਣ ਵਾਲੀ ਜਮਾਤ ਹੀ ਸੁਣਨਾ ਪਸੰਦ ਕਰਦੀ ਸੀ, ਜਗਜੀਤ ਸਿੰਘ ਉਸ ਨੂੰ ਉਸ ਜਮਾਤ ਦੇ ਘੇਰੇ ਵਿਚੋਂ ਬਾਹਰ ਕੱਢ ਕੇ ਲਿਆਏ ਅਤੇ ਉਨ੍ਹਾਂ ਨੇ ਆਮ ਲੋਕਾਂ ਦੀ ਹਰਮਨ-ਪਿਆਰੀ ਪਸੰਦ ਬਣਾਉਣ 'ਚ ਵੀ ਪੂਰੀ ਸ਼ਿੱਦਤ ਨਾਲ ਵਾਹ ਲਗਾਈ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗਾ ਕਿ ਗਜ਼ਲ ਨੂੰ ਆਮ ਲੋਕਾਂ ਦੀ ਪਸੰਦ ਬਣਾਉਣ ਦਾ ਸਿਹਰਾ ਜਗਜੀਤ ਸਿੰਘ ਦੇ ਸਿਰ ਹੀ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਹੇਠਲੇ ਸੁਰਾਂ 'ਚ ਕੀਤੀ ਗਈ ਅਦਾਇਗੀ ਅਤੇ
ਗਜ਼ਲ ਗਾਇਨ ਦੌਰਾਨ ਲੋੜੀਂਦਾ ਠਹਿਰਾਓ ਸੀ, ਜਿਸ ਨੇ ਉਨ੍ਹਾਂ ਨੂੰ ਪ੍ਰਸਿੱਧੀ ਦੇ ਸਿਖ਼ਰਾਂ ਤੱਕ ਪਹੁੰਚਾਇਆ। ਉਹ ਧਰੂ-ਤਾਰਾ ਹੁਣ ਸਿਰਫ਼ ਅੰਬਰਾਂ 'ਚ ਹੀ ਚਮਕੇਗਾ। ਭਾਵੇਂ ਉਹ ਸਰੀਰਕ ਰੂਪ ਵਿਚ ਇਸ ਦੁਨੀਆਂ ਵਿਚ ਨਹੀਂ ਹਨ, ਪਰ ਸੰਗੀਤ ਦੇ ਸ਼ੁਦਾਈਆਂ ਦੇ ਦਿਲਾਂ ਵਿਚ ਉਹ ਸਦਾ ਅਮਰ ਰਹਿਣਗੇ।

ਕਹਾਂ ਤੁਮ ਚਲੇ ਗਏ.. 1941-2011
ਜਨਮ 8 ਫ਼ਰਵਰੀ, 1941 ਨੂੰ ਸ੍ਰੀਗੰਗਾਨਗਰ (ਰਾਜਸਥਾਨ) ਵਿਚ ਹੋਇਆ। ਜਨਮ ਸਮੇਂ ਪਿਤਾ ਨੇ ਨਾਂ ਰੱਖਿਆ ਸੀ ਜਗਮੋਹਨ, ਪਰ ਆਪਣੇ ਗੁਰੂ ਦੀ ਸਲਾਹ 'ਤੇ ਬਾਅਦ ਵਿਚ ਬਦਲ ਕੇ 'ਜਗਜੀਤ ਸਿੰਘ' ਰੱਖ ਲਿਆ।
ਸਿੰਜਾਈ ਵਿਭਾਗ ਵਿਚ ਕੰਮ ਕਰਦੇ ਪਿਤਾ ਅਮਰ ਸਿੰਘ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਡੱਲਾ ਦੇ ਮੂਲ ਨਿਵਾਸੀ ਸਨ ਅਤੇ ਮਾਂ ਦਾ ਨਾਂ ਬਚਨ ਕੌਰ ਸੀ। ਆਰਥਿਕ ਹਾਲਤ ਸ਼ੁਰੂ ਤੋਂ ਹੀ ਬਹੁਤ ਚੰਗੀ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਜਗਜੀਤ ਸਿੰਘ ਦੇ ਆਪਣੇ ਬੋਲਾਂ ਤੋਂ ਹੀ ਲੱਗਦਾ ਹੈ, ''ਪਤੰਗ ਅਤੇ ਰੇਡੀਓ ਵੀ ਲਗਜ਼ਰੀ ਹੁੰਦੇ ਸਨ।'' ਸ਼ੁਰੂਆਤੀ ਸਾਲ ਬੀਕਾਨੇਰ ਵਿਚ ਬੀਤੇ, ਮੁੜ ਸ੍ਰੀਗੰਗਾਨਗਰ ਪਰਤੇ।
ਪਿਤਾ ਨੇ ਪੰਡਤ ਸ਼ਗਨ ਲਾਲ ਸ਼ਰਮਾ ਤੋਂ ਸੰਗੀਤ ਦੀ ਸਿੱਖਿਆ ਲੈਣ ਭੇਜਿਆ। ਫ਼ਿਰ ਛੇ ਸਾਲ ਉਸਤਾਦ ਜਮਾਲ ਖਾਨ ਤੋਂ ਵੀ ਤਾਲੀਮ ਹਾਸਲ ਕੀਤੀ। ਨੌਂਵੀ ਜਮਾਤ ਵਿਚ ਪਹਿਲੀ ਵਾਰ ਮੰਚ 'ਤੇ ਗਏ। ਕਾਲਜ ਦੇ ਦਿਨਾਂ ਵਿਚ ਇਕ ਰਾਤ ਚਾਰ ਹਜ਼ਾਰ ਦੀ ਭੀੜ ਦੇ ਸਾਹਮਣੇ ਗਾ ਰਹੇ ਸਨ ਕਿ ਬਿਜਲੀ ਚਲੀ ਗਈ। ਸਾਊਂਡ ਸਿਸਟਮ ਬੈਟਰੀ ਜ਼ਰੀਏ ਚਾਲੂ ਰਿਹਾ। ਜਗਜੀਤ ਸਿੰਘ ਗਾਉਂਦੇ ਰਹੇ ਅਤੇ ਕੀ ਮਜ਼ਾਲ ਕਿ ਹਨੇਰੇ ਦੇ ਬਾਵਜੂਦ ਕੋਈ ਉਠ ਕੇ ਗਿਆ ਹੋਵੇ।
ਗਰੈਜੂਏਸ਼ਨ ਸਿੱਖਿਆ ਲਈ ਉਹ ਡੀ.ਏ.ਵੀ. ਕਾਲਜ ਜਲੰਧਰ ਵਿਚ ਦਾਖ਼ਲ ਹੋਏ। ਉਥੇ ਅਕਾਸ਼ਵਾਣੀ ਨੇ ਉਨ੍ਹਾਂ ਨੂੰ 'ਬੀ' ਵਰਗ ਦੇ ਕਲਾਕਾਰ ਦੀ ਮਾਨਤਾ ਦਿੱਤੀ। ਸੰਨ 1962 ਵਿਚ ਜਲੰਧਰ ਵਿਚ ਹੀ ਉਨ੍ਹਾਂ ਨੇ ਡਾ. ਰਜਿੰਦਰ ਪ੍ਰਸਾਦ ਲਈ ਸਵਾਗਤੀ ਗੀਤ ਰਚਿਆ।
ਸੰਨ 1961 ਵਿਚ ਉਹ ਮੁੰਬਈ ਚਲੇ ਗਏ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੋਈ ਸਫ਼ਲਤਾ ਮਿਲਦੀ, ਪੈਸੇ ਖ਼ਤਮ ਹੋ ਗਏ। ਉਨ੍ਹਾਂ ਨੂੰ ਮੁੜਦੇ ਪੈਰੀਂ ਰੇਲ ਦੇ ਪਖਾਨੇ ਵਿਚ ਲੁਕ ਕੇ ਬਿਨ੍ਹਾਂ ਟਿਕਟ ਤੋਂ ਵਾਪਸ ਜਲੰਧਰ ਪਰਤਣਾ ਪਿਆ।
ਮਾਰਚ 1965 ਵਿਚ ਉਹ ਦੁਬਾਰਾ ਮੁੰਬਈ ਪਰਤੇ। ਸਸਤੀ ਥਾਂ 'ਤੇ ਰਹਿੰਦੇ ਸਨ। ਖਟਮਲਾਂ ਦੇ ਨਾਲ ਸੌਂਦੇ ਸਨ। ਇਕ ਰਾਤ ਤਾਂ ਚੂਹੇ ਨੇ ਪੈਰ ਕੱਟ ਖਾਧਾ।
ਛੋਟੀਆਂ-ਮੋਟੀਆਂ ਮਹਿਫ਼ਲਾਂ, ਘਰੇਲੂ ਪ੍ਰੋਗਰਾਮਾਂ, ਫ਼ਿਲਮੀ ਪਾਰਟੀਆਂ, ਵਿਗਿਆਪਨ ਜਿੰਗਲਸ ਆਦਿ ਵਿਚ ਗੀਤ ਗਾਉਂਦੇ ਸਨ। ਇਸੇ ਦੌਰਾਨ ਐਚ.ਐਮ.ਵੀ. ਦੀ ਇਕ ਰਿਕਾਰਡਿੰਗ ਲਈ ਉਨ੍ਹਾਂ ਦੋ ਗਜ਼ਲਾਂ ਗਾਈਆਂ। ਇਸੇ ਦੇ ਕਵਰ 'ਤੇ ਛਪਣ ਵਾਲੇ ਚਿੱਤਰ ਲਈ ਉਨ੍ਹਾਂ ਨੇ ਪਹਿਲੀ ਵਾਰ ਪੱਗ ਲਾਹ ਕੇ ਕਲੀਨਸ਼ੇਵ ਕਰਵਾਈ।
ਇਕ ਜਿੰਗਲ ਦੀ ਰਿਕਾਰਡਿੰਗ ਦੌਰਾਨ ਉਹ ਚਿੱਤਰਾ ਦੱਤਾ ਨੂੰ ਮਿਲੇ। ਸੰਨ 1970 ਵਿਚ ਬਿਨ੍ਹਾਂ ਧੂਮ-ਧੜੱਕੇ ਦੇ ਚੁੱਪ-ਚਪੀਤੇ ਜਗਜੀਤ ਸਿੰਘ ਅਤੇ ਚਿੱਤਰਾ ਵਿਆਹ ਸੂਤਰ ਵਿਚ ਬੱਝ ਗਏ ਅਤੇ ਉਨ੍ਹਾਂ ਦੇ ਨਾਲ ਗੀਤ ਗਾਉਣ ਵਾਲੀ ਚਿੱਤਰਾ ਦੱਤਾ 'ਚਿੱਤਰਾ ਸਿੰਘ' ਬਣ ਗਈ। ਉਨ੍ਹਾਂ ਦੇ ਵਿਆਹ 'ਤੇ ਸਿਰਫ਼ 30 ਰੁਪਏ ਖਰਚ ਹੋਏ।
ਇਕ ਕਮਰੇ ਵਾਲੇ ਘਰ ਵਿਚ ਰਹਿੰਦੇ ਸਨ। ਸੰਨ 1971 ਵਿਚ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਵਿਵੇਕ ਰੱਖਿਆ ਗਿਆ। ਹਾਲਾਂਕਿ ਚਿੱਤਰਾ ਸਿੰਘ ਦਾ ਜਗਜੀਤ ਸਿੰਘ ਨਾਲ ਦੂਜਾ ਵਿਆਹ ਸੀ, ਪਹਿਲੇ ਪਤੀ ਤੋਂ ਉਨ੍ਹਾਂ ਦੇ ਇਕ ਧੀ ਸੀ, ਜਿਸ ਨੂੰ ਗੋਦ ਲੈਣ ਤੋਂ ਜਗਜੀਤ ਸਿੰਘ ਨੇ ਵੀ ਕੋਈ ਇਨਕਾਰ ਨਹੀਂ ਕੀਤਾ। ਵਿਆਹ ਦੇ ਸ਼ੁਰੂਆਤੀ ਦਿਨਾਂ 'ਚ ਜਗਜੀਤ ਸਿੰਘ ਦੀ ਮਾਲੀ ਹਾਲਤ ਬਹੁਤੀ ਵਧੀਆ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਪਤਨੀ ਚਿੱਤਰਾ ਸਿੰਘ ਨੂੰ 20 ਦਿਨ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਹੀ ਮਾਇਕ 'ਤੇ ਗੀਤ ਗਾਉਣਾ ਪਿਆ। ਇਸ ਦੇ ਬਾਵਜੂਦ ਜਗਜੀਤ ਮਹਿਸੂਸ ਕਰਦੇ ਸਨ ਕਿ ਉਦੋਂ ਉਹ 'ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ' ਸਨ।
ਸੰਨ 1975 ਵਿਚ ਐਚ.ਐਮ.ਵੀ. ਨਾਲ ਪਹਿਲਾ ਐਲ.ਪੀ. 'ਦ ਅਨਫਾਰਗੇਟਬਲਸ' ਆਇਆ। ਇਸ ਰਿਕਾਰਡਿੰਗ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਵਿਚ ਫ਼ਲੈਟ ਖਰੀਦਿਆ। ਸੰਨ 1980 ਵਿਚ ਫ਼ਿਲਮ 'ਸਾਥ-ਸਾਥ' ਅਤੇ 'ਅਰਥ' ਵਿਚ ਸੁਰ ਅਤੇ ਸੰਗੀਤ ਦਿੱਤਾ। ਸੰਨ 1987 ਵਿਚ ਉਨ੍ਹਾਂ ਦਾ 'ਬਿਆਨਡ ਟਾਈਮ' ਦੇਸ਼ ਦਾ ਪਹਿਲਾ ਸੰਪੂਰਨ ਡਿਜ਼ੀਟਲ ਸੀ.ਡੀ. ਐਲਬਮ ਬਣਿਆ। ਅਗਲੇ ਸਾਲ ਟੀ.ਵੀ. ਸੀਰੀਅਲ 'ਮਿਰਜ਼ਾ ਗਾਲਿਬ' ਵਿਚ ਸੁਰ ਅਤੇ ਸੰਗੀਤ ਦਿੱਤਾ।
28 ਜੁਲਾਈ, 1990 ਨੂੰ ਇਕੋ-ਇਕ ਪੁੱਤਰ ਵਿਵੇਕ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਅਧਿਆਤਮਕਤਾ ਅਤੇ ਦਰਸ਼ਨ ਵੱਲ ਝੁਕਾਅ ਵਧਿਆ। ਪਹਿਲਾ ਐਲਬਮ ਆਇਆ 'ਮਨ ਜੀਤੇ ਜਗਜੀਤ' (ਗੁਰਬਾਣੀ)।
ਸੰਗੀਤ ਦੇ ਪ੍ਰਤੀ ਅਜਿਹੀ ਪ੍ਰਤੀਬੱਧਤਾ ਦਿਖਾਈ ਕਿ ਸੰਨ 2001 ਵਿਚ ਮਾਂ ਦੇ ਅੰਤਮ ਸਸਕਾਰ ਤੋਂ ਬਾਅਦ ਉਸੇ ਦੁਪਹਿਰੇ ਕੋਲਕਾਤਾ ਵਿਚ ਪਹਿਲਾਂ ਨਿਰਧਾਰਿਤ ਕੀਤੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਹੁੰਚ ਗਏ।
ਸਾਲ 2003 ਵਿਚ ਪਦਮ ਭੂਸ਼ਨ ਸਨਮਾਨ ਮਿਲਿਆ।
ਨਈਂ ਦਿਸ਼ਾ (1999) ਅਤੇ ਸੰਵੇਦਨਾ (2002) ਲਈ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਗੀਤਾਂ ਨੂੰ ਸੁਰ ਅਤੇ ਸੰਗੀਤ ਦਿੱਤਾ। 10 ਮਈ 2007 ਨੂੰ ਸੰਸਦ ਦੇ ਕੇਂਦਰੀ ਸਦਨ ਵਿਚ ਪੇਸ਼ਕਾਰੀ ਕੀਤੀ।

ਕਰੋੜਾਂ ਸੰਗੀਤ ਪ੍ਰੇਮੀਆਂ ਦੇ ਘਰਾਂ ਵਿਚ, ਕਾਰਾਂ ਵਿਚ, ਦਿਲਾਂ ਵਿਚ ਜਗਜੀਤ ਸਿੰਘ ਵੱਸਦਾ ਹੀ ਰਹੇਗਾ....
ਉਹਦਾ ਪਹਿਲਾ ਨਾਂਅ ਜਗਮੋਹਨ ਸਿੰਘ। ਅਗਾਂਹ ਜਾ ਕੇ ਲੋਕਾਂ ਲਈ ਉਹ ਜਗਜੀਤ ਬਣਿਆ ਪਰ ਘਰ ਵਿਚ ਉਸ ਨੂੰ 'ਜੀਤ' 'ਜੀਤ' ਕਹਿ ਕੇ ਬੁਲਾਇਆ ਜਾਂਦਾ ਸੀ। ਦੋ-ਤਿੰਨ ਦਹਾਕੇ ਐਸਾ ਵੀ ਸਮਾਂ ਸੀ ਜਦੋਂ ਉਸ ਨੂੰ ਜਗਜੀਤ-ਚਿੱਤਰਾ ਸਿੰਘ ਵਜੋਂ ਜਾਣਿਆ ਜਾਂਦਾ ਰਿਹਾ। ਜਗਜੀਤ ਸਿੰਘ ਦੇ 7-8 ਪ੍ਰੋਗਰਾਮ ਦੇਖਣ ਤੇ ਸੁਣਨ ਦੇ ਮੈਨੂੂੰ ਭਰਪੂਰ ਮੌਕੇ ਮਿਲੇ। ਦੋ ਪ੍ਰੋਗਰਾਮ ਪਟਿਆਲੇ ਦੇਖੇ, ਇਕ ਲੁਧਿਆਣੇ, ਦੋ ਚੰਡੀਗੜ੍ਹ ਅਤੇ ਦੋ ਬੰਬਈ। ਤਿੰਨ-ਚਾਰ ਵਾਰ ਉਸ ਨੂੰ ਨੇੜਿਓਂ ਤੱਕਣ ਅਤੇ ਗੱਲਾਂਬਾਤਾਂ ਕਰਨ ਦਾ ਸਬੱਬ ਬਣਿਆ। ਪਟਿਆਲੇ ਹਰਪਾਲ ਟਿਵਾਣਾ ਨੇ ਇਹ ਮੌਕਾ ਦਿਵਾਇਆ ਸੀ ਤੇ ਬੰਬਈ 'ਚ ਟੀ. ਸੀਰੀਜ਼ ਦੇ ਗੋਲਡਨ ਚੈਰਟ ਸਟੂਡੀਓ ਵਿਚ ਰਿਕਾਰਡਿੰਗ ਦੌਰਾਨ, ਉਹ ਮੂਡੀ ਬੰਦਾ ਸੀ। ਕਦੇ ਤਾਂ ਖੁੱਲ੍ਹ ਕੇ ਗੱਲਾਂ ਕਰ ਲੈਂਦਾ ਸੀ। ਕਦੇ ਹੂੰ-ਹਾਂ ਨਾਲ ਸਾਰੀ ਜਾਂਦਾ ਸੀ। ਕਦੇ ਏਨਾ ਪਿਆਰ ਤੇ ਨਾਨ-ਸਟਾਪ ਬੋਲਦਾ ਸੀ ਕਿ ਮਗਰ ਦੌੜ-ਦੌੜ ਕੇ ਹੁੰਗਾਰਾ ਭਰਨਾ ਪੈਂਦਾ ਸੀ। ਹੁੰਗਾਰਾ ਕਾਹਦਾ ਸੀ, ਬੱਸ 'ਹਾਂ ਜੀ ਹਾਂ ਜੀ', 'ਅੱਛਾ ਜੀ', 'ਠੀਕ ਆ ਜੀ', ਕਮਾਲ ਆ ਜੀ' ਤੱਕ ਹੁੰਦਾ ਸੀ।
ਗ਼ਜ਼ਲ-ਗਾਇਕੀ ਵਿਚ ਬਿਨਾ ਸ਼ੱਕ ਜਗਜੀਤ ਸਿੰਘ ਬਹੁਤ ਵੱਡਾ ਨਾਂਅ ਸੀ ਤੇ ਰਹੇਗਾ। ਉਰਦੂ ਦੀਆਂ ਔਖੀਆਂ-ਔਖੀਆਂ ਗ਼ਜ਼ਲਾਂ ਵੀ ਉਹਦੇ ਕੰਠ 'ਚੋਂ ਨਿਕਲ ਕੇ ਸਰਲ ਜਾਪਣ ਲੱਗਦੀਆਂ ਸਨ। ਗ਼ਜ਼ਲ-ਗਾਇਕੀ ਨੂੰ ਉਸ ਨੇ ਔਖਿਆਈਆਂ ਤੇ ਟੇਢੀਆਂ-ਮੇਢੀਆਂ ਧੁਨਾਂ, ਤਰਜ਼ਾਂ 'ਚੋਂ ਕੱਢ ਕੇ ਸਰਲ ਬਣਾ ਦਿੱਤਾ। ਤਦੇ ਤਾਂ ਉਹਦੇ ਸਰੋਤਿਆਂ ਵਿਚ ਬੁੱਧੀਜੀਵੀਆਂ ਤੇ ਉੱਚ ਵਰਗ ਤੋਂ ਇਲਾਵਾ ਰਿਕਸ਼ਾ-ਚਾਲਕ, ਪਾਨ-ਬੀੜੀ ਵੇਚਣ ਵਾਲੇ ਤੇ ਸੀਟੀਮਾਰ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਕਈ ਉਸ ਨੂੰ ਹਰਿਆਣੇ ਦਾ ਸਮਝਦੇ ਸਨ ਪਰ ਨਹੀਂ, ਕੁਰੂਕਸ਼ੇਤਰ ਤੋਂ ਉਹਨੇ ਸਿਰਫ ਐਮ ਏ ਪਾਸ ਕੀਤੀ ਸੀ। ਕਈ ਉਸ ਨੂੰ ਪੰਜਾਬ ਦਾ ਸਮਝਦੇ ਸਨ। ਪਰ ਨਹੀਂ ਜਲੰਧਰ ਦੇ ਡੀ ਏ ਵੀ ਕਾਲਜ ਤੋਂ ਤਾਂ ਉਸ ਨੇ ਬੀ ਏ ਕੀਤੀ ਸੀ ਤੇ ਅਕਾਸ਼ਬਾਣੀ ਜਲੰਧਰ ਨੇ ਉਸ ਨੂੰ ਗਾਉਣ ਦਾ ਪਹਿਲਾ ਮੌਕਾ ਦਿੱਤਾ ਸੀ। ਅਸਲ ਵਿਚ ਉਹ ਰਾਜਸਥਾਨ ਤੇ ਗੰਗਾਨਗਰ ਤੋਂ ਸੀ। ਸਕੂਲੀ ਵਿੱਦਿਆ ਉਸ ਨੇ ਗੰਗਾਨਗਰ ਤੋਂ ਹੀ ਹਾਸਲ ਕੀਤੀ। ਪਰ ਇਕ ਗੱਲੋਂ ਤੇ ਦੂਜੇ ਪਾਸਿਓਂ ਜਗਜੀਤ ਸਿੰਘ ਨੂੰ ਪੰਜਾਬ ਦਾ ਵੀ ਪੂਰੀ ਤਰ੍ਹਾਂ ਮੰਨਿਆ ਜਾ ਸਕਦਾ ਕਿਉਂਕਿ ਇਕ ਥਾਂ ਜ਼ਿਕਰ ਆਉਂਦਾ ਹੈ ਕਿ ਉਸ ਦਾ ਪਿੱਛਾ ਪਿੰਡ ਡੱਲਾ ਦਾ ਸੀ ਤੇ ਮਾਂ ਬਚਨ ਕੌਰ ਦਾ ਪਿੰਡ ਸਮਰਾਲਾ ਨੇੜੇ ਓਟਾਲਾਂ ਸੀ। ਲੁਧਿਆਣੇ ਦੇ ਸਾਡੇ ਮਿੱਤਰ ਲਾਟੀ ਬਾਵਾ ਦਾ ਜਗਜੀਤ ਸਿੰਘ ਨਾਲ ਚਾਚੇ-ਭਤੀਜੇ ਵਾਲਾ ਲਾਡਲਾ ਰਿਸ਼ਤਾ ਸੀ। ਲਾਟੀ ਅਕਸਰ ਚਾਚੇ ਨਾਲ ਫੋਨ 'ਤੇ ਮਖੌਲਬਾਜ਼ੀ ਕਰਦਾ ਰਹਿੰਦਾ ਸੀ। ਲਾਟੀ ਦਾ ਬਾਪ ਬਾਵਾ ਰਾਜਿੰਦਰ ਸਿੰਘ ਕਾਫੀ ਅਰਸਾ ਜਗਜੀਤ ਸਿੰਘ ਦਾ ਸਾਥੀ ਰਿਹਾ। ਲੁਧਿਆਣੇ ਜਗਜੀਤ ਸਿੰਘ ਦੀ ਭੈਣ ਤੇ ਜੀਜਾ ਰਹਿੰਦੇ ਸਨ। ਜੀਜਾ ਕਿਰਪਾਲ ਸਿੰਘ ਤੇ ਭੈਣ ਛਿੰਦੀ। ਉਹ ਲੁਧਿਆਣੇ ਬਾਵਾ ਰਾਜਿੰਦਰ ਸਿੰਘ ਕੋਲ ਕਹਿ ਕੇ ਰਿਆਜ਼ ਕਰਦਾ ਰਿਹਾ ਤੇ ਉਨ੍ਹੀਂ ਦਿਨੀਂ ਹੀ ਭੈਣੀ ਸਾਹਿਬ ਵਿਖੇ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ 'ਚ ਬੈਠ ਕੇ ਸਿੱਖਦਾ ਰਿਹਾ।
ਸੰਗੀਤ ਦੀ ਬਕਾਇਦਾ ਤੇ ਬਹੁਤੀ ਸਿੱਖਿਆ ਜਗਜੀਤ ਸਿੰਘ ਨੇ ਪੰ. ਛਗਨ ਲਾਲ ਸ਼ਰਮਾ ਅਤੇ ਉਸਤਾਦ ਜਮਾਲ ਖਾਨ ਤੋਂ ਪ੍ਰਾਪਤ ਕੀਤੀ। ਲਗਪਗ ਪੰਜ ਦਹਾਕੇ ਜਗਜੀਤ ਸਿੰਘ ਨੇ ਗਾਇਆ। ਸੱਤ ਦਰਜਨ ਦੇ ਕਰੀਬ ਐਲਬਮਾਂ ਉਸ ਨੇ ਕੱਢੀਆਂ। ਵੱਖ ਵੱਖ ਸ਼ਹਿਰਾਂ ਅਤੇ ਅਲੱਗ-ਅਲੱਗ ਦੇਸ਼ਾਂ ਵਿਚ ਕੀਤੇ ਉਸ ਦੇ ਸਟੇਜ ਪ੍ਰੋਗਰਾਮਾਂ ਦੀਆਂ ਐਲਬਮਾਂ ਵੀ ਕਾਫੀ ਗਿਣਤੀ 'ਚ ਦੁਕਾਨਾਂ 'ਤੇ ਦਿਖਾਈ ਦਿੰਦੀਆਂ ਹਨ।
ਜਗਜੀਤ ਸਿੰਘ ਨੇ ਉਰਦੂ ਤੇ ਹਿੰਦੀ ਹੀ ਨਹੀਂ ਬਲਕਿ ਬੰਗਾਲੀ, ਪੰਜਾਬੀ, ਗੁਜਰਾਤੀ ਵਿਚ ਵੀ ਗਾਇਆ। ਉਹਦੀਆਂ ਉੱਤਰੀ ਭਾਰਤ ਦੀਆਂ ਸਟੇਜਾਂ 'ਤੇ ਅਕਸਰ ਪੰਜਾਬੀ ਸਰੋਤੇ ਜਦੋਂ ਪੰਜਾਬੀ ਗੀਤਾਂ, ਗ਼ਜ਼ਲਾਂ ਦੀ ਮੰਗ ਕਰਦੇ ਹੋਏ ਰੌਲਾ ਪਾਉਂਦੇ ਸਨ ਤਾਂ ਉਹਨੇ 'ਸਾਉਣ ਦਾ ਮਹੀਨਾ, ਸਾਉਣ ਦਾ ਮਹੀਨਾ, ਤਿਪ ਤਿਪ ਕੋਠਿਆਂ ਦੇ ਚੋਣ ਦਾ ਮਹੀਨਾ' ਜਾਂ ਫੇਰ 'ਢਾਈ ਦਿਨ ਨਾ ਜਵਾਨੀ ਵਿਚ ਚੱਲਦੀ ਕੁੜਤੀ ਮਲਮਲ ਦੀ' ਆਦਿ ਗਾ ਕੇ ਸਭ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦੇਣਾ। ਸੱਤਰਵਿਆਂ ਤੇ ਅੱਸੀਵਿਆਂ 'ਚ ਜਗਜੀਤ-ਚਿੱਤਰਾ ਸਿੰਘ ਦੀ ਬਹੁਤ ਜ਼ਿਆਦਾ ਚੜ੍ਹਤ ਰਹੀ। ਉਂਜ ਤਾਂ 1965 ਵਿਚ ਉਹ ਬੰਬਈ ਦੀ ਦੁਨੀਆ 'ਚ ਛਾਲ ਮਾਰ ਗਿਆ ਸੀ। ਪਰ ਕੁਝ ਦੇਰ ਸੰਘਰਸ਼ ਕਰਨਾ ਪਿਆ ਤੇ ਭੁੱਖਾਂ-ਤੇਹਾਂ ਕੱਟਣੀਆਂ ਪਈਆਂ। ਕਦੇ ਪੈਦਲ ਤੇ ਕਦੇ ਲੋਕਲ ਟਰੇਨ 'ਚ ਆਉਣਾ ਜਾਣਾ। ਚਿੱਤਰਾ ਸਿੰਘ ਨਾਲ ਉਹਦਾ 1967 ਵਿਚ ਵਾਹ ਪਿਆ ਤੇ 1969 ਵਿਚ ਵਿਆਹ ਹੋ ਗਿਆ। ਚਿੱਤਰਾ ਸਿੰਘ ਨਾਲ ਜੋੜੀ ਰੂਪ 'ਚ ਵਾਹਵਾ ਗਾਇਆ ਪਰ ਅਗਾਂਹ 1990 ਵਿਚ ਇਕਲੌਤੇ ਪੁੱਤਰ ਵਿਵੇਕ ਦੀ ਸੜਕ ਹਾਦਸੇ 'ਚ ਮੌਤ ਨੇ ਚਿੱਤਰਾ ਸਿੰਘ ਨੂੰ 'ਚੁੱਪ' ਹੀ ਕਰਵਾ ਦਿੱਤਾ ਤੇ ਉਹਨੇ ਗਾਉਣਾ ਛੱਡ ਦਿੱਤਾ ਸੀ। ਜਗਜੀਤ ਸਿੰਘ ਹੌਸਲਾ ਕਰਕੇ ਗਾਉਂਦਾ ਰਿਹਾ। ਦੇਖੋ, ਜਗਜੀਤ ਸਿੰਘ ਨੇ ਆਖਰੀ ਪ੍ਰੋਗਰਾਮ 16 ਸਤੰਬਰ 2011 ਨੂੰ ਬੰਬਈ ਵਿਚ ਅਤੇ 20 ਸਤੰਬਰ ਨੂੰ ਦੇਹਰਾਦੂਨ 'ਚ ਪੇਸ਼ ਕੀਤਾ। ਜਿਵੇਂ ਕਿ ਸਭ ਨੂੰ ਪਤਾ ਹੈ ਦਿਮਾਗ ਦੀ ਨਾੜੀ ਫਟਣ ਨਾਲ ਕਈ ਦਿਨ ਬੇਹੋਸ਼ ਰਹਿਣ ਮਗਰੋਂ 10 ਅਕਤੂਬਰ, 2011 ਨੂੰ 70 ਕੁ ਸਾਲ ਦੀ ਉਮਰ ਭੋਗ ਦੇ ਉਹ ਚੱਲ ਵਸਿਆ।
ਕਿਸੇ ਬੰਦੇ ਦੇ ਤੁਰ ਜਾਣ 'ਤੇ ਉਹਦੇ ਕੰਮ, ਉਹਦੀਆਂ ਪ੍ਰਾਪਤੀਆਂ ਚੇਤੇ ਆਉਣ ਲੱਗਦੀਆਂ ਹਨ। ਸਭ ਤੋਂ ਪਹਿਲਾਂ ਜਗਜੀਤ ਸਿੰਘ ਦਾ ਈ.ਪੀ. ਰਿਕਾਰਡ ਐਚ ਐਮ ਵੀ ਨੇ ਕੱਢਿਆ ਸੀ। ਫੇਰ 'ਦਾ ਅਨਫਾਰਗੈਟੇਬਲਜ਼' ਨਾਲ ਉਹ ਬਹੁਤ ਮਸ਼ਹੂਰ ਹੋ ਗਿਆ। ਕਿਹੜੇ ਕਿਹੜੇ ਐਲਬਮ ਦੀ ਗੱਲ ਕਰੀਏ। ਹਿੱਟ ਦੀ ਸੂਚੀ ਵੀ ਬਹੁਤ ਲੰਮੀ ਹੋ ਸਕਦੀ ਹੈ: ਹੋਪ, ਮਿਰਾਜ, ਵਿਜ਼ਨਜ਼, ਇਨਸਰਚ, ਇਨਸਾਈਟ, ਲਵ ਇਜ਼ ਬਲਾਈਂਡ, ਚਿਰਾਗ, ਸਜਦਾ, ਕਹਿਕਸ਼ਾ ਆਦਿ। ਸੰਗੀਤਕਾਰ ਜਾਂ ਗਾਇਕ ਵਜੋਂ ਦਰਜਨਾਂ ਹੀ ਫਿਲਮਾਂ ਵਿਚ ਉਸ ਨੇ ਹਾਜ਼ਰੀ ਲੁਆਈ। ਗ਼ਜ਼ਲ ਗਾਇਕੀ ਦੇ ਬਾਦਸ਼ਾਹ, ਵਜੋਂ ਜਾਣੇ ਜਾਂਦੇ ਜਗਜੀਤ ਸਿੰਘ ਨੂੰ 2003 ਵਿਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਫਿਲਮ 'ਲੌਂਗ ਦਾ ਲਿਸ਼ਕਾਰਾ' ਦੀ ਕਾਮਯਾਬੀ 'ਚ ਜਿੱਥੇ ਹੋਰ ਕਈ ਅੰਸ਼ ਸਨ, ਉਥੇ ਜਗਜੀਤ ਸਿੰਘ ਦੇ ਗੀਤ-ਸੰਗੀਤ ਦਾ ਵੀ ਯੋਗਦਾਨ ਸੀ। ਗੁਰਦਾਸ ਮਾਨ ਦਾ ਉਸ ਫਿਲਮ ਦਾ 'ਛੱਲਾ' ਅੱਜ ਵੀ ਜੋਸ਼ ਖਰੋਸ਼ ਨਾਲ ਸੁਣਿਆ ਜਾਂਦਾ ਹੈ ਤੇ ਉਸ ਵਿਚ ਸ਼ਿਵ ਦੇ ਗੀਤ 'ਸ਼ਿਕਰਾ ਯਾਰ', 'ਕੰਡਿਆਲੀ ਥੋਰ੍ਹ' ਨੂੰ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ। ਪਾਕਿਸਤਾਨ ਦੇ ਗਾਇਕ ਕਲਾਕਾਰ ਮਹਿਦੀ ਹਸਨ, ਗੁਲਾਮ ਅਲੀ, ਸ਼ੌਕਤ ਅਲੀ ਜੇਕਰ ਹਿੰਦੁਸਤਾਨ 'ਚ ਕਿਸੇ ਗ਼ਜ਼ਲ ਗਾਇਕ ਦਾ ਲੋਹਾ ਮੰਨਦੇ ਹਨ ਤਾਂ ਸਿਰਫ ਜਗਜੀਤ ਸਿੰਘ ਦਾ ਹੀ ਨਾਂ ਲੈਂਦੇ ਰਹੇ। ਜਗਜੀਤ ਸਿੰਘ ਨੇ ਰੱਜ ਕੇ ਗਾਇਆ, ਰੱਜ ਕੇ ਕਮਾਇਆ। ਲੋਕਾਂ ਨੇ ਉਹਨੂੰ ਰੱਜ ਕੇ ਸੁਣਿਆ। ਇਸ ਵਕਤ ਇਹ ਕਹਿਣਾ ਨਹੀਂ ਬਣਦਾ ''ਉਹਦੇ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਗਿਆ ਹੈ'' ਦਰਅਸਲ, ਉਹਨੇ ਕੋਈ ਕਸਰ ਛੱਡੀ ਹੀ ਨਹੀਂ। ਕਰੋੜਾਂ ਸੰਗੀਤ ਪ੍ਰੇਮੀਆਂ ਦੇ ਘਰਾਂ ਵਿਚ, ਕਾਰਾਂ ਵਿਚ, ਦਿਲਾਂ ਵਿਚ ਜਗਜੀਤ ਸਿੰਘ ਵੱਸਦਾ ਹੀ ਰਹੇਗਾ....।
ਸ਼ਮਸ਼ੇਰ ਸਿੰਘ ਸੰਧੂ

ਕੁਝ ਹਿੱਟ ਰਚਨਾਵਾਂ
* ਵੋਹ ਕਾਗਜ਼ ਕੀ ਕਸ਼ਤੀ
* ਹੋਠੋਂ ਸੇ ਛੂਹ ਲੋ ਤੁਮ
* ਝੁਕੀ ਝੁਕੀ ਸੀ ਨਜ਼ਰ
* ਦੇਰ ਲਗੀ ਆਨੇ ਮੇਂ ਤੁਮਕੋ
* ਅਪਨੀ ਆਂਖੇ ਕੇ ਸਮੁੰਦਰ ਮੇਂ
* ਪੱਤਾ ਪੱਤਾ ਬੂਟਾ ਬੂਟਾ
* ਹਜ਼ਾਰੋਂ ਖਾਹਿਸ਼ੇਂ ਐਸੀ
* ਕੁੜਤੀ ਮਲਮਲ ਦੀ
* ਸਾਉਣ ਦਾ ਮਹੀਨਾ
*  ਜਗਜੀਤ ਸਿੰਘ ਪਿਛਲੇ ਇਕ ਦਹਾਕੇ ਤੋਂ ਰੇਸ ਕੋਰਸ ਦਾ ਬਹੁਤ ਸ਼ੌਕੀਨ ਹੋ ਗਿਆ ਸੀ। ਸਟੇਜ ਪ੍ਰੋਗਰਾਮਾਂ ਦੀ ਕਮਾਈ ਦਾ ਵੱਡਾ ਹਿੱਸਾ ਘੋੜ-ਦੌੜਾਂ 'ਤੇ ਲਗਾ ਦਿੰਦਾ ਸੀ।
* ਪੂਰੀ ਚੜ੍ਹਤ ਦੇ ਦਿਨਾਂ ਵਿਚ ਕਿਸੇ ਵੀ ਰਸਾਲੇ ਜਾਂ ਅਖਬਾਰ (ਓਨਲੁਕਰ, ਸਕਰੀਨ, ਫਿਲਮਫੇਅਰ ਆਦਿ) ਨੂੰ ਇੰਟਰਵਿਊ ਦੇਣ ਤੋਂ ਪਹਿਲਾਂ ਉਹ ਲਿਖਤੀ ਸ਼ਰਤ ਲੈਂਦਾ ਸੀ ਕਿ ਟਾਈਟਲ ਉਪਰ ਉਸ ਦੀ ਰੰਗਦਾਰ ਫੋਟੋ ਛਾਪੀ ਜਾਏਗੀ।
* ਜਗਜੀਤ ਸਿੰਘ ਆਪਣੇ ਘਰ ਵਿਚਲੇ ਸਟੂਡੀਓ 'ਚ ਗੀਤ ਰਿਕਾਰਡ ਕਰਕੇ ਬਾਅਦ ਵਿਚ ਕੰਪਨੀਆਂ ਨੂੰ ਵੇਚ ਦਿੰਦਾ ਸੀ।
* ਬੰਬਈ ਟੀ. ਸੀਰੀਜ਼ ਦੇ ਗੋਲਡਨ ਚੈਰਟ ਸਟੂਡੀਓ 'ਚ ਉਹ ਜਿਤਨੇ ਦਿਨ ਕੰਮ ਕਰਦਾ ਸੀ, ਉਹਦਾ ਖਾਣਾ ਪੈਕ ਹੋ ਕੇ ਪੰਜ ਤਾਰਾ ਹੋਟਲ ਤੋਂ ਆਉਂਦਾ ਸੀ।
ਪੰਜਾਬ ਦਾ ਵੀ ਮੋਹੀ ਸੀ ਗਜ਼ਲਾਂ ਦਾ ਬਾਦਸ਼ਾਹ
ਮਰਹੂਮ ਜਗਜੀਤ ਸਿੰਘ ਸਿੱਖ ਪਰਿਵਾਰ ਨਾਲ ਸਬੰਧਤ ਸਨ ਅਤੇ ਪੰਜਾਬ ਨਾਲ ਉਨ੍ਹਾਂ ਦੀ ਖ਼ਾਸ ਕਿਸਮ ਦੀ ਪ੍ਰਤੀਬੱਧਤਾ ਸੀ। ਪੰਜਾਬ ਵਿਚੋਂ ਜਦੋਂ ਵੀ ਕੋਈ ਨਵਾਂ ਸੁਰੀਲਾ ਕਲਾਕਾਰ ਚੰਗੀ ਸ਼ਾਇਰੀ ਲੈ ਕੇ ਸੰਗੀਤ ਪ੍ਰੇਮੀਆਂ ਦੇ ਰੂਬਰੂ ਹੋਇਆ ਤਾਂ ਜਗਜੀਤ ਸਿੰਘ ਉਸ ਦੀ ਹੌਂਸਲਾ-ਅਫ਼ਜ਼ਾਈ ਕਰਨਾ ਕਦੇ ਨਹੀਂ ਭੁੱਲਦੇ ਸਨ। ਜਦੋਂ ਵੀ ਕਦੇ ਪੰਜਾਬ ਵਿਚ ਕੋਈ ਮਨਹੂਸ ਘਟਨਾ ਵਾਪਰਦੀ ਸੀ, ਤਾਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੁੰਦੇ, ਉਨ੍ਹਾਂ ਦਾ ਧਿਆਨ ਪੰਜਾਬ ਨਾਲ ਜੁੜਿਆ ਰਹਿੰਦਾ ਸੀ।

ਕਾਗਜ਼ ਕੀ ਕਸ਼ਤੀ, ਬਾਰਿਸ਼ ਕਾ ਪਾਣੀ
੦ ਜਦੋਂ ਤੱਕ ਮੈਂ ਜ਼ਿਊਂਦਾ ਹਾਂ, ਗਜ਼ਲ ਵੀ ਜੀਵਤ ਹੈ। ਹਾਲਾਂਕਿ ਕੋਈ ਵੀ ਮਿਊਜ਼ਿਕ ਖ਼ਰਾਬ ਨਹੀਂ ਹੁੰਦਾ, ਜੋ ਮਿਊਜ਼ਿਕ ਦਿਲ ਨੂੰ ਚੰਗਾ ਲੱਗੇ, ਉਹ ਚੰਗਾ ਹੈ। ਪਰ ਗਜ਼ਲ ਗਾਇਕੀ ਸ਼ੁਰੂ ਕਰਨ ਤੋਂ ਪਹਿਲਾਂ ਗਾਇਕ ਨੂੰ 15 ਸਾਲ ਤੱਕ ਸੰਗੀਤ ਸਿੱਖਣਾ ਹੀ ਚਾਹੀਦਾ ਹੈ।
੦ ਸੰਗੀਤ ਲਈ ਸਮਰਪਣ ਅਤੇ ਰਿਆਜ਼ ਦੀ ਲੋੜ ਹੁੰਦੀ ਹੈ। ਇਹ ਆਪਣੇ ਆਪ ਵਿਚ ਬਹੁਤ ਵੱਡਾ ਵਿਸ਼ਾ ਹੈ, ਇਸ ਦਾ ਵੱਖਰਾ ਹੀ ਗਣਿਤ ਅਤੇ ਵਿਆਕਰਣ ਹੁੰਦੀ ਹੈ। ਜਦੋਂ ਤੱਕ ਕੋਈ ਇਸ ਦਾ ਰਿਆਜ਼ ਚੰਗੀ ਤਰ੍ਹਾਂ ਨਾਲ ਨਹੀਂ ਕਰੇਗਾ, ਉਦੋਂ ਤੱਕ ਉਹ ਚੰਗਾ ਗਾਇਕ ਨਹੀਂ ਬਣ ਸਕਦਾ।
੦ ਜੇਕਰ ਗਜ਼ਲ ਗਾਉਣੀ ਹੈ ਤਾਂ ਥੋੜ੍ਹਾ ਉਰਦੂ ਵੀ ਆਉਣਾ ਚਾਹੀਦਾ ਹੈ, ਕਿਉਂਕਿ ਭਾਸ਼ਾ ਦਾ ਸਹੀ ਉਚਾਰਣ ਬਹੁਤ ਜ਼ਰੂਰੀ ਹੈ। ਫ਼ਿਰ ਮਿਹਨਤ ਅਤੇ ਲਗਨ ਨਾਲ ਇਨਸਾਨ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦਾ ਹੈ। ਤੁਸੀਂ ਸੰਗੀਤ ਦੀ ਦੁਨੀਆਂ ਵਿਚ ਰਹਿਣਾ ਹੈ ਤਾਂ ਆਪਣੇ ਆਪ ਨੂੰ ਪੱਕਾ ਕਰੋ, ਮਿਹਨਤ ਅਤੇ ਕੁਝ ਹਾਸਲ ਕਰਨ ਦੀ ਇਮਾਨਦਾਰ ਕੋਸ਼ਿਸ਼ ਕਰੋ। ਸਫ਼ਲਤਾ ਤੁਹਾਡੇ ਕਦਮ ਚੁੰਮੇਗੀ।
੦ ਬੀਤੇ ਕੁਝ ਮਹੀਨਿਆਂ ਵਿਚ ਮੁੰਨੀ, ਸ਼ੀਲਾ, ਸ਼ਾਲੂ, ਜਲੇਬੀਬਾਈ ਅਤੇ ਪਤਾ ਨਹੀਂ ਅਜਿਹੇ ਕਿੰਨੇ ਆਈਟਮ ਗੀਤ ਫ਼ਿਲਮਾਂ ਵਿਚ ਆਏ ਅਤੇ ਕਈ ਤਾਂ ਵੱਡੀ ਸਫ਼ਲਤਾ ਹਾਸਲ ਕਰਨ ਵਿਚ ਕਾਮਯਾਬ ਵੀ ਹੋਏ ਹਨ। ਲੋਕ ਸਿਰਫ਼ ਪੈਸੇ ਕਮਾਉਣ ਬਾਰੇ ਸੋਚਦੇ ਹਨ, ਇਸ ਲਈ ਅੱਜਕੱਲ੍ਹ ਦੀਆਂ ਫ਼ਿਲਮਾਂ ਵਿਚ ਆਈਟਮ ਗੀਤ ਦੀ ਭਰਮਾਰ ਹੁੰਦੀ ਹੈ। ਅੱਜ ਦੇ ਫ਼ਿਲਮਕਾਰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੀ ਨਹੀਂ ਹਨ।
(ਜਗਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਅਜੋਕੇ ਭਾਰਤੀ ਸੰਗੀਤ ਖੇਤਰ ਦੀ ਦਸ਼ਾ 'ਤੇ ਟਿੱਪਣੀ ਕਰਦਿਆਂ ਆਖਿਆ ਸੀ।)

ਮੇਰਾ ਗੀਤ ਅਮਰ ਕਰਦੋ...
ਯੇ ਮੇਰਾ ਘਰ ਯੇ ਤੇਰਾ ਘਰ...
ਫ਼ਿਲਮੀ ਦੁਨੀਆਂ ਵਿਚ ਮੈਂ ਪਲੇਅ-ਬੈਕ ਸਿੰਗਿੰਗ ਦਾ ਸੁਪਨਾ ਲੈ ਕੇ ਮੁੰਬਈ ਆਇਆ ਸੀ। ਉਦੋਂ ਪੇਟ ਪਾਲਣ ਲਈ ਕਾਲਜ ਅਤੇ ਉਚੇ ਲੋਕਾਂ ਦੀਆਂ ਪਾਰਟੀਆਂ ਵਿਚ ਆਪਣੀ ਪੇਸ਼ਕਾਰੀ ਕਰਦਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਤਲਤ ਮਹਿਮੂਦ, ਮੁਹੰਮਦ ਰਫ਼ੀ ਸਾਹਿਬ, ਕਿਸ਼ੋਰ ਅਤੇ ਮੰਨਾਡੇ ਵਰਗੇ ਮਹਾਂਰਥੀਆਂ ਦੇ ਵਿਚਾਲੇ ਮੌਕੇ ਮਿਲਣਾ ਆਸਾਨ ਨਹੀਂ ਸੀ। ਸੰਘਰਸ਼ ਦੇ ਦਿਨਾਂ ਵਿਚ ਕਾਲਜ ਦੇ ਮੁੰਡਿਆਂ ਨੂੰ ਖੁਸ਼ ਕਰਨ ਲਈ ਮੈਨੂੰ ਤਰ੍ਹਾਂ-ਤਰ੍ਹਾਂ ਦੇ ਗੀਤ ਗਾਉਣੇ ਪਏ, ਕਿਉਂਕਿ ਕਾਲਜੀਏਟ ਪਾੜ੍ਹਿਆਂ ਨੂੰ ਮੁੱਖ ਰੱਖ ਕੇ ਗਾਏ ਗੀਤਾਂ 'ਤੇ ਮੁੰਡੇ ਹੂਟ ਕਰ ਦਿੰਦੇ ਸਨ।
ਉਦੋਂ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਐਚ.ਐਮ.ਵੀ. ਨੂੰ ਵਾਈਟ ਕਲਾਸਿਕਲ ਟਰੇਂਡ 'ਤੇ ਟਿਕੇ ਸੰਗੀਤ ਦੀ ਲੋੜ ਸੀ। ਮੈਨੂੰ ਮੌਕਾ ਮਿਲਿਆ ਅਤੇ 1976 ਵਿਚ ਮੇਰਾ ਪਹਿਲਾ ਐਲਬਮ 'ਦ ਅਨਫਾਰਗੇਟੇਬਲਸ' ਆਇਆ ਅਤੇ ਹਿੱਟ ਰਿਹਾ। ਇਸ ਐਲਬਮ ਦੀ ਕਾਮਯਾਬੀ ਤੋਂ ਬਾਅਦ ਮੁੰਬਈ ਵਿਚ ਮੈਂ ਪਹਿਲਾ ਫ਼ਲੈਟ ਖਰੀਦਿਆ। ਫ਼ਿਰ ਮੈਂ ਫ਼ਿਲਮੀ ਗੀਤਾਂ ਦੀ ਤਰ੍ਹਾਂ ਗਜ਼ਲਾਂ ਗਾਉਣੀਆਂ ਸ਼ੁਰੂ ਕੀਤੀਆਂ ਤਾਂ ਆਮ ਆਦਮੀ ਗਜ਼ਲਾਂ ਦੇ ਕਰੀਬ ਆਉਣ ਲੱਗਾ। ਉਦੋਂ ਬੇਗਮ ਅਖ਼ਤਰ, ਕੁੰਦਨ ਲਾਲ ਸਹਿਗਲ, ਤਲਤ ਮਹਿਮੂਦ, ਮਹਿੰਦੀ ਹਸਨ ਵਰਗਿਆਂ ਦਾ ਬੋਲਬਾਲਾ ਸੀ। ਉਸ ਤੋਂ ਹੱਟ ਕੇ ਮੇਰੀ ਸ਼ੈਲੀ ਸ਼ੁੱਧਤਾਵਾਦੀਆਂ ਨੂੰ ਰਾਸ ਨਹੀਂ ਆਈ। ਦੋਸ਼ ਲਗਾਇਆ ਗਿਆ ਕਿ ਜਗਜੀਤ ਸਿੰਘ ਨੇ ਗਜ਼ਲ ਦੀ 'ਪਿਓਰਿਟੀ' (ਸ਼ੁੱਧਤਾ) ਅਤੇ ਮੂਡ (ਲੈਅ) ਦੇ ਨਾਲ ਛੇੜਛਾੜ ਕੀਤੀ। ਪਰ ਸੱਚ ਇਹ ਸੀ ਕਿ ਮੈਂ ਪੇਸ਼ਕਾਰੀ ਵਿਚ ਥੋੜ੍ਹੇ ਬਦਲਾਓ ਜ਼ਰੂਰ ਕੀਤੇ ਹਨ, ਪਰ ਲਫ਼ਜ਼ਾਂ ਨਾਲ ਛੇੜਛਾੜ ਬਹੁਤ ਘੱਟ ਹੀ ਕੀਤੀ। ਮੈਂ ਸਾਧਾਰਨ ਸ਼ਬਦਾਂ ਵਿਚ ਢਲੀ ਆਮ ਆਦਮੀ ਦੀ ਜ਼ਿੰਦਗੀ ਨੂੰ ਸੁਰ ਦੇਣੇ ਸ਼ੁਰੂ ਕੀਤੇ-''ਮੈਂ ਰੋਇਆ ਪਰਦੇਸ ਮੇਂ', 'ਮਾਂ ਸੁਣਾਓ ਮੁਛੇ ਵੋਹ ਕਹਾਨੀ' ਵਰਗੀਆਂ ਰਚਨਾਵਾਂ ਨੇ ਗਜ਼ਲ ਨਾ ਸੁਣਨ ਵਾਲਿਆਂ ਨੂੰ ਵੀ ਆਪਣੇ ਵੱਲ ਖਿੱਚਿਆ।                          ਬਾ-ਕਲਮ-ਖੁਦ, ਜਗਜੀਤ ਸਿੰਘ

ਹੋਸ਼ ਵਾਲੋਂ ਕੋ ਖ਼ਬਰ ਕਯਾ
ਯੇ ਜ਼ਿੰਦਗੀ ਕਯਾ ਚੀਜ਼ ਹੈ
ਹਿੰਦੀ ਸਿਨੇਮਾ ਜਗਤ ਨੂੰ 'ਹੋਂਠੋਂ ਸੇ ਛੂ ਲੋ ਤੁਮ' ਵਰਗੇ ਹਰਮਨ-ਪਿਆਰੇ ਗੀਤ ਦਾ ਵਰਦਾਨ ਦੇਣ ਵਾਲੇ ਮਸ਼ਹੂਰ ਗਾਇਕ ਜਗਜੀਤ ਸਿੰਘ ਦਾ ਮਨ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਅੱਕ ਗਿਆ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਫ਼ਿਲਮ ਲਈ ਗੀਤ ਨਹੀਂ ਗਾਉਣਾ ਚਾਹੁੰਦੇ। ਉਨ੍ਹਾਂ ਨੂੰ ਲੱਗਦਾ ਸੀ ਕਿ ਹਿੰਦੀ ਫ਼ਿਲਮਕਾਰ ਪੈਸੇ ਦੇ ਪਿੱਛੇ ਭੱਜਣ ਲੱਗੇ ਹਨ। ਸੰਗੀਤ ਹੁਣ ਬਚਿਆ ਨਹੀਂ ਹੈ। ਇਨ੍ਹੀਂ ਦਿਨੀਂ ਜ਼ਿਆਦਾਤਰ ਨੌਜਵਾਨ ਸੁਰੀਲੇ ਗੀਤ ਪਸੰਦ ਕਰ ਰਹੇ ਹਨ, ਪਰ ਬਾਲੀਵੁੱਡ ਦੀਆਂ ਗਜ਼ਲਾਂ ਵਿਚ ਰੁਚੀ ਨਹੀਂ ਹੈ। ਜਗਜੀਤ ਸਿੰਘ ਨੇ 'ਤੁਮਕੋ ਦੇਖਾ ਤੋ ਯੇਹ ਖਿਆਲ ਆਇਆ', 'ਬੜੀ ਨਾਜ਼ੁਕ ਹੈ ਯੇ ਮੰਜ਼ਿਲ', 'ਹੋਸ਼ ਵਾਲੋਂ ਕੋ ਖ਼ਬਰ ਕਿਆ' ਅਤੇ 'ਤੁਮ ਇਤਨਾ ਜੋ ਮੁਸਕਰਾ ਰਹੇ ਹੋ' ਵਰਗੀਆਂ ਗਜ਼ਲਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਸਮੇਂ ਦੇ ਨਾਲ ਬਾਲੀਵੁੱਡ ਨੂੰ ਬਦਲਣਾ ਨਹੀਂ ਚਾਹੀਦਾ, ਪਰ ਇਹ ਹਮੇਸ਼ਾ ਪੈਸਾ ਬਣਾਉਣ ਵਾਲੇ ਵਪਾਰ ਦੇ ਰੂਪ ਵਿਚ ਵੀ ਕੰਮ ਕਰੇ, ਅਜਿਹਾ ਨਹੀਂ ਹੋਣਾ ਚਾਹੀਦਾ।
ਬਾਤ ਨਿਕਲੇਗੀ ਤੋ ਦੂਰ ਤਲਕ
ਸੰਗੀਤ ਦੀ ਸਿੱਖਿਆ ਜਗਜੀਤ ਸਿੰਘ ਨੇ ਰਾਜਸਥਾਨ ਵਿਚ ਲਈ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਮਾਤਾ-ਪਿਤਾ ਉਨ੍ਹਾਂ ਨੂੰ ਆਈ.ਏ.ਐਸ. ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ 'ਤੇ ਤਾਂ ਸੰਗੀਤ ਦੀ ਖੁਮਾਰੀ ਛਾਈ ਸੀ। ਉਨ੍ਹਾਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਪੰਡਤ ਸ਼ਗਨ ਲਾਲ ਸ਼ਰਮਾ ਨੂੰ ਗੁਰੂ ਬਣਾਇਆ ਅਤੇ ਦੋ ਸਾਲ ਤੱਕ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਛੇ ਸਾਲ ਖਿਆਲ, ਠੁਮਰੀ ਅਤੇ ਧਰੁਪਦ ਸਿੱਖਣ ਵਿਚ ਲਗਾਏ। ਭਾਰਤੀ ਸ਼ਾਸਤਰੀ ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਉਸਤਾਦ ਜਮਾਲ ਖਾਨ ਤੋਂ ਹਾਸਲ ਕੀਤੀ। ਕੁਝ ਸਮਾਂ ਪਹਿਲਾਂ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ-'ਘਰ ਵਿਚ ਸੰਗੀਤ ਦਾ ਮਾਹੌਲ ਭਾਵੇਂ ਨਹੀਂ ਸੀ, ਪਰ ਮੇਰੇ ਪਿਤਾ ਜੀ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ। ਉਹ ਕੀਰਤਨ ਸੁਣਨ ਜਾਂਦੇ ਸਨ। ਉਹ ਚਾਹੁੰਦੇ ਸਨ ਕਿ ਕੋਈ ਸੰਗੀਤ ਸਿੱਖੇ ਅਤੇ ਸੁਰਾਂ ਦੀ ਦੁਨੀਆਂ ਵਿਚ ਜਾਵੇ ਅਤੇ ਉਨ੍ਹਾਂ ਨੇ ਹੀ ਮੈਨੂੰ ਸੰਗੀਤ ਦੀ ਸਿੱਖਿਆ ਦਿਵਾਉਣੀ ਸ਼ੁਰੂ ਕੀਤੀ।' ਬਾਅਦ ਵਿਚ ਉਨ੍ਹਾਂ ਦਾ ਰੁਝਾਨ ਇਸ ਪਾਸੇ ਹੋ ਗਿਆ ਅਤੇ ਮੈਂ ਸਿੱਖਣ ਲੱਗਿਆ।
ਹਮ ਤੋ ਹੈਂ ਪਰਦੇਸ ਮੇਂ...
ਗਜ਼ਲ ਦਾ ਇਹ ਸ਼ਹਿਜ਼ਾਦਾ ਘੋੜ-ਸਵਾਰੀ ਅਤੇ ਘੋੜ-ਦੌੜ ਦਾ ਬਹੁਤ ਸ਼ੌਕੀਨ ਸੀ। ਜਗਜੀਤ ਸਿੰਘ ਘੋੜੇ ਪਾਲਦੇ ਸਨ ਅਤੇ ਉਨ੍ਹਾਂ ਨੂੰ ਘੋੜ-ਦੌੜ ਵਿਚ ਬਹੁਤ ਦਿਲਚਸਪੀ ਸੀ। ਉਨ੍ਹਾਂ ਨੇ ਬਹੁਤ ਵਾਰੀ ਘੋੜ-ਦੌੜ ਵਿਚ ਹਿੱਸਾ ਲਿਆ। ਜਗਜੀਤ ਸਿੰਘ ਨੇ ਘੋੜਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਸਿਖਲਾਈ ਲਈ ਬਾਕਾਇਦਾ ਪ੍ਰਬੰਧ ਕੀਤਾ ਸੀ। ਕਨਸਰਟ ਤੋਂ ਬਾਅਦ ਜੇਕਰ ਉਨ੍ਹਾਂ ਨੂੰ ਕਿਤੇ ਸਕੂਨ ਮਿਲਿਆ ਹੈ ਤਾਂ ਉਹ ਹੈ ਮੁੰਬਈ ਦੇ ਮਹਾਂ-ਲਕਸ਼ਮੀ ਇਲਾਕੇ ਦਾ ਰੇਸਕੋਰ। ਘੋੜ-ਦੌੜ ਦਾ ਉਨ੍ਹਾਂ ਨੂੰ ਅਜਿਹਾ ਚਸਕਾ ਪਿਆ ਕਿ ਆਖ਼ਰੀ ਵੇਲੇ ਤੱਕ ਉਹ ਨਹੀਂ ਛੱਡਿਆ। ਇਸੇ ਤਰ੍ਹਾਂ ਲਾਂਸ ਵੇਗਾਸ ਦੇ ਕੇਸੀਨੋ ਵੀ ਉਨ੍ਹਾਂ ਨੂੰ ਬਹੁਤ ਪਸੰਦ ਸਨ।

ਕਹਾਂ ਤੁਮ ਚਲੇ ਗਏ!
ਮਿੱਟੀ ਦਾ ਬਾਵਾ ਨਈਂਓ ਬੋਲਦਾ ਵੇ ਨਈਂਓ ਚਾਲਦਾ... ਇਸ ਨਜ਼ਮ ਨੇ ਪਤਾ ਨਹੀਂ ਕਿੰਨਿਆਂ ਨੂੰ ਰੁਆਇਆ ਹੈ, ਕਿੰਨਿਆਂ ਨੂੰ ਆਪਣਿਆਂ ਦੀ ਯਾਦ ਵਿਚ ਡੁਬੋਇਆ ਹੈ। ਆਪਣੇ ਜ਼ਿਗਰ ਦੇ ਟੁਕੜੇ ਨੂੰ ਗੁਆਉਣ ਦਾ ਜਿਹੜਾ ਦਰਦ ਹੁੰਦਾ ਹੈ, ਉਹ ਇਸ ਨਜ਼ਮ 'ਚ ਬਾਖੂਬੀ ਝਲਕਦਾ ਹੈ। ਉਦੋਂ ਹੀ ਮੈਂ ਮਿੱਟੀ ਦੇ ਅਜਿਹੇ ਖਿਡੌਣੇ ਦੀ ਕਲਪਨਾ ਕਰਦੀ, ਤਾਂ ਜੋ ਉਸ ਵਿਚ ਆਪਣੇ ਗੁਆਚੇ ਪੁੱਤਰ ਨੂੰ ਦੇਖ ਸਕਾਂ, ਪਰ ਮਿੱਟੀ ਤਾਂ ਮਿੱਟੀ ਹੁੰਦੀ ਏ, ਉਸ ਵਿਚ ਕੋਈ ਜਾਨ ਫ਼ੂਕੇ ਤਾਂ ਹੀ ਇਨਸਾਨ ਬਣੇ। ਇਹ ਗੀਤ ਬੱਸ ਖਿਆਲਾਂ ਵਿਚ ਹੀ ਨਹੀਂ, ਸਗੋਂ ਯਥਾਰਥ ਵਿਚ ਮੇਰੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੈ। 8 ਜੁਲਾਈ, 1990 ਨੂੰ ਆਪਣੇ ਪੁੱਤਰ ਵਿਵੇਕ ਨੂੰ ਇਕ ਹਾਦਸੇ ਵਿਚ ਗੁਆਉਣ ਤੋਂ ਬਾਅਦ ਮੈਂ ਗਾਇਕੀ ਦੀ ਦੁਨੀਆਂ ਵਿਚ ਵਾਪਸ ਨਹੀਂ ਆ ਸਕੀ। ਖੁਦ ਮੈਂ ਹੀ ਸੁੰਗੜ ਕੇ ਰਹਿ ਗਈ। ਅਧਿਆਤਮ ਵੱਲ ਰੁਖ਼ ਕਰ ਲਿਆ, ਤਾਂ ਜੋ ਪ੍ਰਮਾਤਮਾ ਤੋਂ ਆਪਣੇ ਪੁੱਤਰ ਦੀਆਂ ਗਲਤੀਆਂ ਦਾ ਬਿਓਰਾ ਲੈ ਸਕਾਂ। ਲੋਕ ਕਹਿਣ ਲੱਗੇ ਕਿ ਹੁਣ ਜਗਜੀਤ ਸਿੰਘ ਜੀ ਦੀ ਗਾਇਕੀ ਦਾ ਕੋਈ ਮੁਕੰਮਲ ਜੋੜੀਦਾਰ ਨਹੀਂ ਰਿਹਾ।
1960 ਵਿਚ ਮੈਂ 'ਦ ਅਨਫੋਰਗੇਟੇਬਲਸ' ਐਲਬਮ ਦੀ ਰਿਕਾਰਡਿੰਗ ਦੌਰਾਨ ਜਗਜੀਤ ਸਿੰਘ ਦੇ ਸੰਪਰਕ ਵਿਚ ਆਈ ਸੀ ਅਤੇ ਸਾਡੀ ਨੇੜਤਾ ਦਾ ਨਤੀਜਾ ਵਿਆਹ ਬੰਧਨ ਦੇ ਤੌਰ 'ਤੇ ਪ੍ਰਵਾਨ ਚੜ੍ਹਿਆ। ਅਸੀਂ ਦੋਵਾਂ ਨੇ ਇਕੱਠਿਆਂ ਨੇ ਪਤਾ ਨਹੀਂ ਕਿੰਨੀਆਂ ਕੁ ਗਜ਼ਲਾਂ ਗਾਈਆਂ। ਉਨ੍ਹਾਂ ਦੀਆਂ ਗਜ਼ਲਾਂ ਨੇ ਜਿਥੇ ਉਰਦੂ ਦੇ ਘੱਟ ਜਾਣਕਾਰਾਂ ਦੇ ਵਿਚਾਲੇ ਸ਼ੇਅਰੋ-ਸ਼ਾਇਰੀ ਦੀ ਸਮਝ ਵਿਚ ਇਜ਼ਾਫ਼ਾ ਕੀਤਾ, ਸਗੋਂ ਗਾਲਿਬ, ਮੀਰ, ਮਜਾਜ, ਜੋਸ਼ ਅਤੇ ਫ਼ਿਰਾਕ ਵਰਗੇ ਸ਼ਾਇਰਾਂ ਨਾਲ ਵੀ ਉਨ੍ਹਾਂ ਦੀ ਪਛਾਣ ਕਰਵਾਈ। ਸੰਨ 1990 ਵਿਚ ਸਾਡੀ ਦੋਵਾਂ ਦੀ ਇਕੱਠਿਆਂ ਐਲਬਮ ਆਈ ਸੀ...'ਸਮਵਨ ਸਮਵੇਅਰ'। ਇਸ ਐਲਬਮ ਵਿਚ ਸ਼ਾਮਲ ਸਾਰੀਆਂ ਗਜ਼ਲਾਂ ਇਕ ਤੋਂ ਵੱਧ ਕੇ ਇਕ ਸਨ। ਸਾਡੀ ਜ਼ਿੰਦਗੀ ਦੇ ਸਾਰੇ ਰੰਗ ਗਜ਼ਲ ਬਣ ਕੇ ਹਵਾਵਾਂ ਵਿਚ ਤੈਰ ਰਹੇ ਹਨ। ਤੁਸੀਂ, ਅਸੀਂ ਅਤੇ ਕੋਈ ਵੀ ਉਸ ਨੂੰ ਮਹਿਸੂਸ ਕਰ ਸਕਦਾ ਹੈ। ਸੱਚਮੁੱਚ ਸੰਗੀਤ ਦਿਲ, ਮੁਹੱਬਤ, ਜਜ਼ਬਾਤ, ਜੁਦਾਈ ਨੂੰ ਸੁਰਾਂ ਵਿਚ ਕਹਿਣਾ ਕੋਈ ਜਗਜੀਤ ਸਿੰਘ ਤੋਂ ਸਿੱਖੇ। ਉਨ੍ਹਾਂ ਦੇ ਸੰਗੀਤ ਨਾਲ ਜੁੜਿਆ ਹਰ ਸ਼ਖ਼ਸ ਅੱਜ ਭਿੱਜੀਆਂ ਪਲਕਾਂ ਨਾਲ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਆਵਾਜ਼ ਵਿਚ ਕਹਿ ਰਿਹਾ ਹੈ ਕਿ.. ਕਹਾਂ ਤੁਮ ਚਲੇ ਗਏ?
ਬ-ਕਲਮ-ਖੁਦ, ਚਿੱਤਰਾ ਸਿੰਘ
(ਜਗਜੀਤ ਸਿੰਘ ਦੀ ਪਤਨੀ)

ਕਾਲਜ ਸਮੇਂ ਦੌਰਾਨ ਆਪਣੇ ਸ਼ਾਨਦਾਰ ਲਿਬਾਸ ਲਈ ਜਾਣੇ ਜਾਂਦੇ ਸਨ ਗਜ਼ਲ ਸਮਰਾਟ, ਇਕ ਵਾਰ ਆਪਣੀ ਪੁਰਾਣੀ ਤਸਵੀਰ ਦੇਖ ਕੇ ਹੱਸ ਪਏ ਸਨ, ਪੰਜਾਬੀ ਪਛਾਣ ਨੂੰ ਅੰਤ ਤੱਕ ਸੀਨੇ ਨਾਲ ਲਗਾਈ ਰੱਖਿਆ
ਸਿਫ਼ਾਰਿਸ਼ੀ ਪੱਤਰ ਲੈ ਕੇ ਮੁੰਬਈ ਗਏ ਸਨ ਜਗਜੀਤ ਸਿੰਘ
ਜਲੰਧਰ ਤੋਂ ਗਰੈਜੂਏਸ਼ਨ ਕਰਨ ਵਾਲੇ ਜਗਜੀਤ ਸਿੰਘ ਆਖ਼ਰਕਾਰ ਸੰਗੀਤ ਦੀ ਦੁਨੀਆਂ ਵਿਚ ਗਜ਼ਲ ਸਮਰਾਟ ਕਿਵੇਂ ਬਣ ਗਏ? ਇਹ ਸਵਾਲ ਅਕਸਰ ਕਈ ਪ੍ਰਸ਼ੰਸਕਾਂ ਦੇ ਜ਼ਿਹਨ ਵਿਚ ਉਠਦਾ ਹੈ। ਸੱਚਾਈ ਇਹ ਹੈ ਕਿ ਜਗਜੀਤ ਸਿੰਘ ਜਦੋਂ ਪਹਿਲੀ ਵਾਰ ਮੁੰਬਈ ਗਏ ਸਨ ਤਾਂ ਉਹ ਸੰਗੀਤਕਾਰ ਹਰੀਸ਼ ਚੰਦਰ ਬਾਲੀ ਕੋਲੋਂ ਮੁੰਬਈ ਦੇ ਸੰਗੀਤਕਾਰ ਮਦਨ ਮੋਹਨ ਦੇ ਨਾਂ ਇਕ ਸਿਫ਼ਾਰਿਸ਼ੀ-ਪੱਤਰ ਲੈ ਕੇ ਗਏ ਸਨ। ਹੱਸਮੁੱਖ ਅਤੇ ਮਿਲਣਸਾਰ ਜਗਜੀਤ ਸਿੰਘ ਜਦੋਂ ਜਲੰਧਰ ਵਿਚ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਥੋਂ ਦੇ ਲੋਕਾਂ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਜਲੰਧਰ ਦੇ ਇਕ ਪ੍ਰਸਿੱਧ ਐਡਵੋਕੇਟ ਹਰਸਹਾਏ ਬਾਹਰੀ ਅਤੇ ਉਨ੍ਹਾਂ ਦੇ ਪੁੱਤਰ ਤ੍ਰਿਲੋਕ ਬਾਹਰੀ ਦੇ ਨਾਲ ਜਗਜੀਤ ਸਿੰਘ ਦੀ ਕਾਫ਼ੀ ਨੇੜਤਾ ਸੀ। ਉਹ ਕਾਫ਼ੀ ਸਮੇਂ ਤੱਕ ਸ਼ਹਿਰ ਵਿਚ ਜੋਤੀ ਚੌਂਕ ਦੇ ਕੋਲ ਸਥਿਤ ਹਰਸਹਾਏ ਬਾਹਰੀ ਦੇ ਘਰ ਵੀ ਰਹੇ। ਤਲਤ ਮਹਿਮੂਦ ਦੇ ਦੀਵਾਨੇ ਜਗਜੀਤ ਸਿੰਘ ਦੀ ਆਵਾਜ਼ ਤੋਂ ਕਾਫ਼ੀ ਲੋਕ ਪ੍ਰਭਾਵਿਤ ਸਨ। ਯੂਥ ਫ਼ੈਸਟੀਵਲ ਅਤੇ ਕਾਲਜ ਦੇ ਪ੍ਰੋਗਰਾਮਾਂ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਸੰਗੀਤਕਾਰ ਬਾਲੀ ਨਾਲ ਹੋਈ।
ਉਸ ਸਮੇਂ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਸੂਰਜ ਭਾਨ ਹੁੰਦੇ ਸਨ। ਸੰਗੀਤਕਾਰ ਹਰੀਸ਼ਚੰਦਰ ਬਾਲੀ ਦੇ ਨੇੜੇ ਰਹੇ ਸੂਰਜ ਭਾਨ ਜਗਜੀਤ ਸਿੰਘ ਨਾਲ ਕਾਫ਼ੀ ਅਪਣੱਤ ਰੱਖਦੇ ਸਨ। ਜਲੰਧਰ ਦਾ ਡੀ.ਏ.ਵੀ. ਕਾਲਜ ਛੱਡਣ ਤੋਂ ਬਾਅਦ ਸੂਰਜ ਭਾਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਬਣੇ। ਉਹ 1962 ਵਿਚ ਜਗਜੀਤ ਸਿੰਘ ਨੂੰ ਵੀ ਆਪਣੇ ਨਾਲ ਕੁਰੂਕਸ਼ੇਤਰ ਲੈ ਗਏ ਅਤੇ ਉਨ੍ਹਾਂ ਨੂੰ ਐਮ.ਏ. ਹਿਸਟਰੀ ਵਿਚ ਦਾਖ਼ਲਾ ਦਿਵਾ ਦਿੱਤਾ। ਇਸ ਦੌਰਾਨ ਜਗਜੀਤ ਸਿੰਘ ਦੀ ਮੁਲਾਕਾਤ ਹਰੀਸ਼ ਚੰਦਰ ਬਾਲੀ ਨਾਲ ਚੱਲਦੀ ਰਹੀ।
ਇਕ ਸਾਲ ਤੱਕ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪੜ੍ਹਨ ਤੋਂ ਬਾਅਦ ਜਗਜੀਤ ਸਿੰਘ ਹਰੀਸ਼ ਚੰਦਰ ਬਾਲੀ ਤੋਂ ਸਿਫ਼ਾਰਿਸ਼-ਪੱਤਰ ਲੈ ਕੇ ਮਦਨ ਮੋਹਨ ਦੇ ਕੋਲ ਮੁੰਬਈ ਪਹੁੰਚ ਗਏ। ਉਨ੍ਹੀਂ ਦਿਨੀਂ ਕਪੂਰ ਪਰਿਵਾਰ ਵਲੋਂ ਵਿਸਾਖੀ ਦੀ ਰਾਤ ਨੂੰ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਸੀ। ਇਸ ਪ੍ਰੋਗਰਾਮ ਵਿਚ ਪੰਜਾਬੀ ਗਾਇਕਾਂ ਨੂੰ ਸਟੇਜ 'ਤੇ ਮੌਕਾ ਦਿੱਤਾ ਜਾਂਦਾ ਸੀ। ਜਗਜੀਤ ਸਿੰਘ ਨੂੰ ਪਹਿਲਾ ਮੌਕਾ ਕਪੂਰ ਪਰਿਵਾਰ ਦੀ ਸਟੇਜ 'ਤੇ ਹੀ ਮਿਲਿਆ, ਜਿਸ ਤੋਂ ਬਾਅਦ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਹੀ ਚਲੇ ਗਏ।
ਮੱਕੀ ਦੀ ਰੋਟੀ ਦੇ ਦੀਵਾਨੇ ਸਨ ਜਗਜੀਤ
ਸਾਲ 2009 ਵਿਚ ਜਗਜੀਤ ਸਿੰਘ ਜਲੰਧਰ ਆਏ ਸਨ। ਜਿਥੇ ਉਨ੍ਹਾਂ ਨੂੰ ਰਿਸੀਵ ਕਰਨ ਵਾਲੇ ਸਾਹਿਤਕਾਰ ਸੁਰੇਸ਼ ਸੇਠ ਦੱਸਦੇ ਹਨ ਕਿ ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਨੇ ਮੋਰਿੰਡਾ ਵਿਚ ਰਹਿਣ ਵਾਲੇ ਇਕ ਆਪਣੇ ਦੋਸਤ ਐਡਵੋਕੇਟ ਨੂੰ ਫ਼ੋਨ ਕੀਤਾ ਕਿ ਉਹ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾਣਾ ਚਾਹੁੰਦੇ ਹਨ। ਉਹ ਕਾਫ਼ੀ ਸਮੇਂ ਤੱਕ ਮੋਰਿੰਡਾ ਵਿਚ ਆਪਣੇ ਦੋਸਤ ਵਕੀਲ ਦੇ ਕੋਲ ਰੁਕੇ ਸਨ। ਸੇਠ ਮੁਤਾਬਕ ਜਗਜੀਤ ਸਿੰਘ ਦੀ ਪਹਿਲੀ ਪਸੰਦ ਸਾਗ ਅਤੇ ਮੱਕੀ ਦੀ ਰੋਟੀ ਸੀ।
ਫ਼ਾਈਨਲ ਈਅਰ 'ਚ ਫ਼ੇਲ ਗਿਆ ਸੀ
ਜਲੰਧਰ ਦੇ ਡੀ.ਏ.ਵੀ. ਕਾਲਜ ਤੋਂ ਗਰੈਜੂਏਸ਼ਨ ਕਰਨ ਵਾਲੇ ਜਗਜੀਤ ਸਿੰਘ ਇਕ ਕਲਾਕਾਰ ਸਨ, ਜਿਸ ਕਾਰਨ ਉਹ ਬੀ.ਏ. ਫ਼ਾਈਨਲ ਵਿਚ ਫ਼ੇਲ੍ਹ ਹੋ ਗਏ ਸਨ। ਉਨ੍ਹਾਂ ਨੇ ਸੰਨ 1961 ਵਿਚ ਗਰੈਜੂਏਸ਼ਨ ਪੂਰੀ ਕਰਨੀ ਸੀ, ਪਰ ਫ਼ੇਲ੍ਹ ਹੋਣ ਕਾਰਨ ਸੰਨ 1962 ਵਿਚ ਕਰ ਸਕੇ ਸਨ।
ਜਗਜੀਤ ਸਿੰਘ ਲਈ ਖ਼ਾਸ ਸੀ ਕਮਰਾ ਨੰਬਰ 169
ਜਲੰਧਰ ਦੇ ਡੀ.ਏ.ਵੀ. ਕਾਲਜ ਦੇ ਮੇਹਰਚੰਦ ਹੋਸਟਲ ਦੇ ਕਮਰਾ ਨੰਬਰ 169 ਦੇ ਨਾਲ ਗਜ਼ਲ ਗਾਇਕ ਜਗਜੀਤ ਸਿੰਘ ਦੀਆਂ ਕਈ ਅਜਿਹੀਆਂ ਯਾਦਾਂ ਜੁੜੀਆਂ ਹੋਈਆਂ ਸਨ, ਜਿਨ੍ਹਾਂ ਨੂੰ ਉਹ ਕਦੇ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਜਦੋਂ ਉਹ ਕਰੀਬ ਦੋ ਸਾਲ ਪਹਿਲਾਂ ਜਲੰਧਰ ਆਏ ਤਾਂ ਹੋਸਟਲ ਦੇ ਇਸ ਕਮਰੇ ਵੱਲ ਉਨ੍ਹਾਂ ਦੇ ਕਦਮ ਆਪਣੇ-ਆਪ ਵੱਧ ਗਏ। ਕਮਰਾ ਨੰਬਰ 169 ਨਾਲ ਉਨ੍ਹਾਂ ਦਾ ਇੰਨਾ ਲਗਾਓ ਸੀ ਕਿ ਉਥੇ ਪਹੁੰਚ ਕੇ ਭਾਵੁਕ ਹੋ ਉਠੇ ਸਨ ਅਤੇ ਉਸ ਕਮਰੇ ਵਿਚ ਰਹਿਣ ਵਾਲੇ ਨੌਜਵਾਨਾਂ ਨਾਲ ਇਥੇ ਬਿਤਾਏ ਪਲਾਂ ਨੂੰ ਯਾਦ ਵੀ ਕੀਤਾ। ਡੀ.ਏ.ਵੀ. ਕਾਲਜ ਵਿਚ ਗਰੈਜੂਏਸ਼ਨ ਕਰਦੇ ਸਮੇਂ ਇਹ ਕਮਰਾ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਮਿਲਿਆ ਸੀ। ਜਿਥੇ ਬੈਠ ਕੇ ਹੀ ਉਹ ਗਾਇਕੀ ਦਾ ਰਿਆਜ਼ ਕਰਦੇ ਸਨ। ਡੀ.ਏ.ਵੀ. ਵਿਚ ਆਪਣੀਆਂ ਯਾਦਾਂ ਲਈ ਛੱਡੇ ਇਕ ਪੱਤਰ 'ਚ ਜਗਜੀਤ ਸਿੰਘ ਨੇ ਇਸ ਦਾ ਖਾਸ ਜ਼ਿਕਰ ਵੀ ਕੀਤਾ ਹੈ।
ਗਜ਼ਲ ਸਮਰਾਟ ਦੀ ਹੱਸਣ ਦੀ ਅਦਾ ਯਾਦ ਆ ਗਈ ਦੋਸਤਾਂ ਨੂੰ
ਮੁੰਬਈ ਵਿਚ ਬ੍ਰੇਨ ਹੈਂਮਰੇਜ ਤੋਂ ਬਾਅਦ ਇਲਾਜ ਕਰਵਾ ਰਹੇ 70 ਸਾਲਾ ਗਜ਼ਲ ਸਮਰਾਟ ਜਗਜੀਤ ਸਿੰਘ ਦੀ ਮੌਤ ਦੀ ਖ਼ਬਰ ਸੋਮਵਾਰ ਨੂੰ ਜਿਵੇਂ ਹੀ ਉਨ੍ਹਾਂ ਦੇ ਕਾਲਜ ਦੇ ਸਾਥੀਆਂ ਕੋਲ ਪਹੁੰਚੀ, ਉਨ੍ਹਾਂ ਵਿਚ ਸੋਗ ਦੀ ਲਹਿਰ ਦੌੜ ਗਈ। ਜਲੰਧਰ ਦੇ ਸੀਨੀਅਰ ਸਾਹਿਤਕਾਰ ਅਤੇ ਲੇਖਕ ਸੁਰੇਸ਼ ਸੇਠ ਦਾ ਜਗਜੀਤ ਸਿੰਘ ਨਾਲ ਕਾਫ਼ੀ ਮੋਹ ਰਿਹਾ ਹੈ। ਦੋਵੇਂ ਡੀ.ਏ.ਵੀ. ਕਾਲਜ ਵਿਚ ਇਕੱਠੇ ਪੜ੍ਹਦੇ ਸਨ। ਸੁਰੇਸ਼ ਸੇਠ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਸੰਗੀਤ ਦੀ ਦੁਨੀਆਂ ਵਿਚ ਇਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜੋ ਕਦੇ ਵੀ ਭਰਿਆ ਨਹੀਂ ਜਾ ਸਕੇਗਾ। ਸੁਰੇਸ਼ ਸੇਠ ਆਪਣੀ ਜ਼ਿੰਦਗੀ ਵਿਚ ਜਗਜੀਤ ਸਿੰਘ ਦੇ ਨਾਲ ਬਿਤਾਏ ਕਈ ਪਲਾਂ ਨੂੰ ਸਾਂਝਾ ਕਰਦਿਆਂ ਭਾਵੁਕ ਹੋ ਉਠੇ ਅਤੇ ਮੱਲੋ-ਮੱਲੀ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿਣ ਲੱਗੇ। ਸੇਠ ਦੱਸਦੇ ਹਨ ਕਿ ਜਗਜੀਤ ਸਿੰਘ ਜਦੋਂ ਵਿਦਿਆਰਥੀ ਸਨ, ਉਦੋਂ ਤੋਂ ਉਨ੍ਹਾਂ ਦੀ ਆਵਾਜ਼ ਵਿਚ ਜਾਦੂ ਸੀ। ਇਸੇ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਈ ਟਰਾਫ਼ੀਆਂ ਜਿੱਤੀਆਂ ਸਨ।
ਡੀ.ਏ.ਵੀ. ਕਾਲਜ ਵਿਚ ਉਨ੍ਹਾਂ ਦੇ ਜੂਨੀਅਰ ਰਹੇ ਕਰੀਬੀ ਦੋਸਤ ਅਰੁਣ ਮਿਸ਼ਰਾ ਗਜ਼ਲ ਗਾਇਕ ਜਗਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਭਾਵੁਕ ਹੋ ਗਏ। ਉਹ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੱਲ ਰਹੇ ਫ਼ੈਸਟੀਵਲ ਵਿਚ ਆਪਣੇ ਵਿਦਿਆਰਥੀਆਂ ਦੀ ਪਰਫ਼ਾਰਮੈਂਸ ਦੇਖਣ ਗਏ ਸਨ। ਉਥੋਂ ਉਨ੍ਹਾਂ ਨੇ ਜਗਜੀਤ ਸਿੰਘ ਨਾਲ ਜੁੜੇ ਆਪਣੇ ਅਨੁਭਵ ਵੰਡੇ। ਉਸਤਾਦ ਕਾਲੇ ਰਾਮ ਨੇ ਕਿਹਾ ਕਿ ਜਗਜੀਤ ਸਿੰਘ ਦੀ ਕਮੀ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਜਗਜੀਤ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਨਾਨਕੇ ਪਿੰਡ ਉਟਾਲਾਂ ਅਕਸਰ ਆਉਂਦੇ ਸਨ ਜਗਜੀਤ ਸਿੰਘ
ਗਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਲਾਗੇ ਉਨ੍ਹਾਂ ਦੇ ਨਾਨਕੇ ਪਿੰਡ ਉਟਾਲਾਂ ਵਿਚ ਮਾਤਮ ਛਾ ਗਿਆ। ਪਿੰਡ ਵਿਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰੀ ਵਿਚੋਂ ਭਰਾ ਕੁਲਜੀਤ ਸਿੰਘ, ਮਨਜੀਤ ਸਿੰਘ ਅਤੇ ਪਰਿਵਾਰਕ ਮੈਂਬਰ ਸੋਗ ਵਿਚ ਡੁੱਬੇ ਹੋਏ ਸਨ ਅਤੇ ਉਨ੍ਹਾਂ ਦੇ ਘਰ ਸਾਹਿਤ ਪ੍ਰੇਮੀ ਤੇ ਬੁੱਧੀਜੀਵੀ ਅਫ਼ਸੋਸ ਜ਼ਾਹਰ ਕਰਨ ਆ ਰਹੇ ਸਨ ਅਤੇ ਉਨ੍ਹਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਫ਼ਰੋਲ ਰਹੇ ਸਨ। ਪਿੰਡ ਉਟਾਲਾਂ ਵਿਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰੀ ਵਿਚੋਂ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਛੋਟੇ ਹੁੰਦੇ ਜਗਜੀਤ ਸਿੰਘ ਉਰਫ਼ 'ਜੀਤੂ' ਛੁੱਟੀਆਂ ਕੱਟਣ ਆਪਣੇ ਨਾਨਕੇ ਘਰ ਆਇਆ ਕਰਦੇ ਸਨ ਅਤੇ ਇਥੇ ਹੀ ਉਨ੍ਹਾਂ ਨੇ 6-7 ਸਾਲ ਦੀ ਉਮਰ ਵਿਚ ਹਰਮੋਨੀਅਮ ਵਜਾਉਣਾ ਸਿੱਖਿਆ। ਉਨ੍ਹਾਂ ਨੇ ਜਗਜੀਤ ਸਿੰਘ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਇਕ ਜਲੰਧਰ ਵਿਚਲੇ ਸਮਾਗਮ ਵਿਚ ਮਿਲੇ ਸਨ ਤਾਂ ਜਗਜੀਤ ਸਿੰਘ ਨੇ ਮੁੰਬਈ ਆਉਣ ਦਾ ਸੱਦਾ ਦਿੱਤਾ ਸੀ। ਪਿੰਡ ਵਿਚ ਹੀ ਰਹਿ ਰਹੇ ਉਨ੍ਹਾਂ ਦੇ ਦੂਜੇ ਚਚੇਰੇ ਭਰਾ ਕੁਲਜੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਛੋਟੇ ਹੁੰਦੇ ਪਿੰਡ ਦੇ ਪੁਰਾਤਨ ਖੂਹ ਦੇ ਪਾਣੀ ਵਿਚ ਨਹਾਉਂਦੇ ਸਨ, ਜੋ ਹੁਣ ਬੰਦ ਹੋ ਚੁੱਕਿਆ ਹੈ। ਉਨ੍ਹਾਂ ਨੇ ਯਾਦਾਂ ਨੂੰ ਤਾਜ਼ਾ ਕਰਦਿਆਂ ਪੁਰਾਣਾ ਇਕ ਸੰਦੂਕ ਵੀ ਦਿਖਾਇਆ, ਜਿਸ ਵਿਚ ਜਗਜੀਤ ਸਿੰਘ ਹਰਮੋਨੀਅਮ ਰੱਖਦੇ ਹੁੰਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਗਜ਼ਲ ਗਾਇਕੀ ਵਿਚ ਬਚਪਨ ਤੋਂ ਹੀ ਸੌਂਕ ਰੱਖਦੇ ਸਨ। ਜਦੋਂ ਉਹ ਆਪਣੇ ਨਾਨਕੇ ਘਰ ਆਉਂਦੇ ਸਨ ਤਾਂ ਉਹ ਸਾਰੇ ਪਰਿਵਾਰ ਨਾਲ ਇਕਮੁੱਠ ਹੋ ਜਾਂਦੇ ਸਨ ਤੇ ਉਨ੍ਹਾਂ ਨਾਲ ਬਿਤਾਏ ਸਮੇਂ ਦਾ ਪਤਾ ਨਹੀਂ ਸੀ ਲੱਗਦਾ।
ਹੋਸਟਲ ਦੀ ਛੱਤ 'ਤੇ ਰਿਆਜ਼ ਕਰਦੇ ਹੁੰਦੇ ਸਨ ਜਗਜੀਤ ਸਿੰਘ
ਗਜ਼ਲ ਸਮਰਾਟ ਜਗਜੀਤ ਸਿੰਘ ਦੀਆਂ ਯਾਦਾਂ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਵੀ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦੋ ਸਾਲ ਹੀ ਪੜ੍ਹਾਈ ਕੀਤੀ, ਪਰ ਇਸ ਸਮੇਂ ਦੌਰਾਨ ਉਨ੍ਹਾਂ ਨੇ ਇਹੋ-ਜਿਹੀ ਛਾਪ ਛੱਡੀ ਕਿ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਜਗਜੀਤ ਸਿੰਘ ਦੇਰ ਰਾਤ ਤੱਕ ਹੋਸਟਲ ਦੀ ਛੱਤ 'ਤੇ ਚੜ੍ਹ ਕੇ ਜ਼ੋਰ-ਜ਼ੋਰ ਨਾਲ ਗਾਉਂਦੇ ਹੁੰਦੇ ਸਨ। ਇਸੇ ਕਾਰਨ ਉਨ੍ਹਾਂ ਨੂੰ ਕਈ ਵਾਰ ਜ਼ੁਰਮਾਨਾ ਵੀ ਲਗਾਇਆ ਜਾਂਦਾ, ਪਰ ਬਾਅਦ ਵਿਚ ਮੁਆਫ਼ ਕਰ ਦਿੱਤਾ ਜਾਂਦਾ। ਕੌਮੀ ਤਕਨੀਕੀ ਸੰਸਥਾ ਤੋਂ ਸੇਵਾਮੁਕਤ ਡਾ. ਕੇ.ਬੀ. ਸਿੰਘ ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਜਗਜੀਤ ਸਿੰਘ ਦਾ ਸੁਭਾਅ ਬਹੁਤ ਮੌਜੀ ਸੀ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਰਹਰੀ ਹੋਸਟਲ ਵਿਚ ਦੋਵਾਂ ਦੇ ਕਮਰੇ ਆਹਮੋ-ਸਾਹਮਣੇ ਸਨ। ਉਨ੍ਹਾਂ ਅੰਦਰ ਸਿਰਫ਼ ਗਜ਼ਲ ਗਾਇਕੀ ਦੀ ਲਗਨ ਸੀ। ਰਾਤ ਸਮੇਂ ਦੋਸਤਾਂ ਨੂੰ ਗਜ਼ਲਾਂ ਸੁਣਾਉਣੀਆਂ ਉਨ੍ਹਾਂ ਤੇ ਇਕਬਾਲ ਸਿੰਘ ਦਾ ਮੁੱਖ ਨੇਮ ਸੀ। ਕਦੇ-ਕਦੇ ਰਾਤ ਨੂੰ 'ਤੰਗ' ਕਰਨ ਲਈ ਰਿਆਜ਼ ਕਰਨ ਲੱਗ ਪੈਂਦੇ ਸਨ। ਵਾਰ-ਵਾਰ ਜ਼ੁਰਮਾਨੇ ਭਰ ਕੇ ਵੀ ਸ਼ਰਾਰਤਾਂ ਕਰਨੀਆਂ ਨਹੀਂ ਛੱਡਦੇ ਸਨ। ਹਾਲਾਂਕਿ ਜ਼ੁਰਮਾਨੇ ਦਾ ਭੁਗਤਾਨ ਉਹ ਮੁਆਫ਼ੀ ਮੰਗ ਕੇ ਹੀ ਕਰਦੇ ਸਨ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਸੀ। ਉਸ ਸਮੇਂ ਦੇ ਵਾਈਸ ਚਾਂਸਲਰ ਸੂਰਜ ਭਾਨ ਉਨ੍ਹਾਂ ਦੀ ਗਾਇਕੀ ਤੇ ਗਾਇਨ ਅਦਾਇਗੀ ਦੇ ਪੂਰੇ ਮੁਰੀਦ ਸਨ। ਸੂਰਜ ਭਾਨ ਜਲੰਧਰ ਦੇ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਹੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਡੀ.ਏ.ਵੀ. ਕਾਲਜ 'ਚ ਜਗਜੀਤ ਸਿੰਘ ਨੇ ਪੜ੍ਹਾਈ ਦੌਰਾਨ ਆਪਣੀ ਆਵਾਜ਼ ਨਾਲ ਸੂਰਜਭਾਨ ਨੂੰ ਕੀਲਿਆ ਹੋਇਆ ਸੀ, ਇਸੇ ਕਰਕੇ ਸੂਰਜਭਾਨ ਨੇ ਜਗਜੀਤ ਸਿੰਘ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦਾਖ਼ਲ ਹੋਣ ਲਈ ਸੱਦਾ ਦਿੱਤਾ। ਸਾਲ 1994 ਵਿਚ ਉਨ੍ਹਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਡੀ. ਲਿਟ ਦੀ ਡਿਗਰੀ ਦਿੱਤੀ ਸੀ। ਜਗਜੀਤ ਸਿੰਘ ਇਥੋਂ ਹੀ ਮੁੰਬਈ ਗਏ ਸਨ। ਉਨ੍ਹਾਂ ਨੇ ਡਾ. ਕੇ.ਬੀ. ਸਿੰਘ ਨਾਲ ਵਾਅਦਾ ਕੀਤਾ ਸੀ ਕਿ ਗਜ਼ਲ ਗਾਇਕੀ ਵਿਚ ਸਟਾਰ ਬਣ ਕੇ ਰਹਿਣਗੇ ਤੇ ਇਹ ਵਾਅਦਾ ਉਨ੍ਹਾਂ ਨੇ ਪੂਰਾ ਕਰਕੇ ਵੀ ਦਿਖਾਇਆ।

ਜਗਜੀਤ ਸਿੰਘ ਨੇ ਸੱਚਮੁੱਚ ਮੇਰੀ ਰਚਨਾ ਨੂੰ ਅਮਰ ਕਰ ਦਿੱਤਾ : ਜਨਾਬ ਰਜਿੰਦਰ ਰਹਿਬਰ
ਮੇਰੀ ਰਚਨਾ,'ਹੋਠੋਂ ਸੇ ਛੂ ਲੋ ਤੁਮ ਮੇਰਾ ਗੀਤ ਅਮਰ ਕਰ ਦੋ' ਨੂੰ ਗਾ ਕੇ ਸੱਚਮੁੱਚ ਹੀ ਜਗਜੀਤ ਸਿੰਘ ਹੋਰਾਂ ਨੇ ਮੇਰੀ ਗ਼ਜ਼ਲ ਨੂੰ ਅਮਰ ਕਰ ਦਿੱਤਾ। ਵਰ੍ਹਿਆਂ ਤੋਂ ਹਰ ਉਮਰ ਵਰਗ ਦੇ ਲੋਕ ਇਸ ਨੂੰ ਸੁਣਦੇ ਆ ਰਹੇ ਹਨ ਅਤੇ ਹਰੇਕ ਨੂੰ ਲਗਦਾ ਹੈ ਜਿਵੇਂ ਇਹ ਗ਼ਜਲ ਉਨ੍ਹਾਂ ਦੇ ਸਮਿਆਂ ਦੀ ਹਾਣੀ ਹੈ। ਇਹ ਸ਼ਬਦ ਉਕਤ ਬੇਹੱਦ ਮਕਬੂਲ ਗ਼ਜ਼ਲ ਦੇ ਰਚੇਤਾ ਪ੍ਰਸਿੱਧ ਗਜ਼ਲ-ਗੋ ਜਨਾਬ ਰਜਿੰਦਰ ਰਹਿਬਰ ਹੋਰਾਂ ਨੇ ਰੇਡੀਓ ਪਰਵਾਸੀ 'ਤੇ ਜਗਜੀਤ ਸਿੰਘ ਹੋਰਾਂ ਨਾਲ ਆਪਣੇ ਦਿਲੀ ਵਲਵਲੇ ਸਾਂਝੇ ਕਰਦਿਆਂ ਕਹੀ। ਇਸ ਗ਼ਜ਼ਲ ਦੇ ਉਨ੍ਹਾਂ ਦੀ ਕਲਮ ਤੋਂ ਜਗਜੀਤ ਸਿੰਘ ਹੋਰਾਂ ਦੇ ਗਲੇ ਤੱਕ ਪਹੁੰਚਣ ਦੇ ਸਫ਼ਰ ਬਾਰੇ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਗ਼ਜ਼ਲ 1972 ਵਿੱਚ ਲਿਖੀ ਸੀ, ਪਰ ਇਸ ਰਚਨਾ ਦੇ ਚੋਰੀ ਹੋ ਜਾਣ ਦੇ ਡਰੋਂ ਉਨ੍ਹਾਂ ਇਸ ਨੂੰ ਸਿਰਫ ਆਪਣੇ ਤੱਕ ਹੀ ਸੀਮਤ ਰੱਖਿਆ ਅਤੇ 1975 ਵਿੱਚ ਛਪੇ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ 'ਮਲਹਾਰ' ਵਿੱਚ ਪਹਿਲੀ ਵਾਰ ਇਹ ਗ਼ਜ਼ਲ ਪ੍ਰਕਾਸ਼ਿਤ ਹੋਈ। ਇਸ ਤੋਂ ਬਾਅਦ ਇਸੇ ਗ਼ਜ਼ਲ ਨੂੰ ਦਿੱਲੀ ਦੀ ਸ਼ਮਾਂ ਨਾਮਕ ਇੱਕ ਮੈਗਜੀਨ ਨੇ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਗ਼ਜ਼ਲ ਨੂੰ ਪੜ੍ਹ ਕੇ ਹੀ ਪ੍ਰੇਮ ਕੁਮਾਰ ਨਾਮਕ ਇੱਕ ਸ਼ਾਇਰ, ਜੋ ਕਿ ਚੰਡੀਗੜ ਦੇ ਰਹਿਣ ਵਾਲੇ ਸਨ ਅਤੇ ਕਾਫੀ ਸਮਾਂ ਬੰਬਈ ਰਹਿ ਕੇ ਆਏ ਸਨ, ਨੇ ਕਿਹਾ ਕਿ ਇਸ ਗ਼ਜ਼ਲ ਨੂੰ ਜਗਜੀਤ ਸਿੰਘ ਜਰੂਰ ਗਾਉਣਗੇ, ਤੁਸੀਂ ਇਸ ਗ਼ਜ਼ਲ ਨੂੰ ਉਨ੍ਹਾਂ ਨੂੰ ਭੇਜੋ। ਜਨਾਬ ਰਹਿਬਰ ਹੋਰਾਂ ਮੁਤਾਬਿਕ ਉਕਤ ਸ਼ਾਇਰ ਦੇ ਕਹਿਣ 'ਤੇ ਹੀ ਉਨ੍ਹਾਂ ਉਕਤ ਗ਼ਜ਼ਲ ਨੂੰ ਜਗਜੀਤ ਸਿੰਘ ਹੋਰਾਂ ਪਾਸ ਭੇਜ ਦਿੱਤਾ, ਜਿਸ ਨੂੰ ਉਨ੍ਹਾਂ ਆਪਣੀ ਖੂਬਸੂਰਤ ਅਤੇ ਜਜਬਾਤ ਭਰੀ ਆਵਾਜ਼ ਨਾਲ ਸਦਾ ਲਈ ਅਮਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਗ਼ਜ਼ਲ ਗਾਉਣ ਤੋਂ ਬਾਅਦ ਜਗਜੀਤ ਸਿੰਘ ਹੋਰਾਂ ਨੇ ਉਨ੍ਹਾਂ ਨੂੰ 2 ਪੰਨਿਆਂ ਦੀ ਇੱਕ ਚਿੱਠੀ ਵੀ ਲਿਖੀ ਸੀ ਅਤੇ ਉਹ ਉਨ੍ਹਾਂ ਦੀ ਲਿਖੀ ਇੱਕ ਹੋਰ ਰਚਨਾ ' ਬਰਸਾਤ ਸਾਵਨ ਕੀ' ਨੂੰ ਵੀ ਗਾਉਣ ਦਾ ਵਿਚਾਰ ਰੱਖਦੇ ਸਨ ਪਰ ਅਜਿਹਾ ਸੰਭਵ ਨਾ ਹੋ ਸਕਿਆ। ਜਨਾਬ ਰਜਿੰਦਰ ਰਹਿਬਰ ਹੋਰਾਂ ਦੱਸਿਆ ਕਿ ਜਗਜੀਤ ਸਿੰਘ ਹੋਰਾਂ ਨੇ ਉਨ੍ਹਾਂ ਦੀ ਇੱਕ ਹੋਰ ਗਜ਼ਲ ' ਆਈਨਾ ਸਾਹਮਣੇ ਰੱਖੋਗੇ ਤੋ ਯਾਦ ਆਊਂਗਾ' ਨੂੰ ਉਨ੍ਹਾਂ ਆਪਣੀ ਕੈਸਟ ਇੰਤਹਾਂ ਵਿੱਚ ਆਪਣੀ ਖੂਬਸੂਰਤ ਆਵਾਜ਼ ਨਾਲ ਨਵਾਜਿਆ ਸੀ।

ਜਗਜੀਤ ਸਿੰਘ ਦੀ ਮੌਤ ਨਹੀਂ ਹੋਈ ਬਲਕਿ ਗ਼ਜ਼ਲ ਦੀ ਆਵਾਜ਼ ਚਲੀ ਗਈ ਹੈ : ਰਾਜ ਬੱਬਰ
ਜਗਜੀਤ ਸਿੰਘ ਇਸ ਦੁਨੀਆਂ ਤੋਂ ਇਕੱਲੇ ਰੁਖ਼ਸਤ ਨਹੀਂ ਹੋਏ ਬਲਕਿ ਉਨ੍ਹਾਂ ਦੇ ਨਾਲ-2 ਗ਼ਜ਼ਲ ਦੀ ਸੱਚੀ-ਸੁੱਚੀ ਆਵਾਜ਼ ਵੀ ਚਲੀ ਗਈ ਹੈ, ਜੋ ਕਿ ਗ਼ਜ਼ਲ ਗਾਇਕੀ ਨਾਲ ਵਾ-ਬਸਤਾ ਲੋਕਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋਗ ਵਿੱਚ ਡੁੱਬੇ ਉਕਤ ਸ਼ਬਦ ਗ਼ਜ਼ਲ ਗਾਇਕੀ ਜਗਜੀਤ ਸਿੰਘ ਹੋਰਾਂ ਦੇ ਨਜਦੀਕੀ ਮਿੱਤਰ ਅਤੇ ਫਿਲਮ ਅਦਾਕਾਰ ਰਾਜ ਬੱਬਰ ਨੇ ਰੇਡੀਓ ਪਰਵਾਸੀ 'ਤੇ ਗੱਲਬਾਤ ਕਰਦਿਆਂ ਕਹੇ। ਜਗਜੀਤ ਸਿੰਘ ਹੋਰਾਂ ਦੇ ਸੰਸਕਾਰ ਤੋਂ ਮੁੰਬਈ ਵਾਪਿਸ ਪਰਤ ਰਹੇ ਰਾਜ ਬੱਬਰ ਹੋਰਾਂ ਨੇ ਉਕਤ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਮੁੱਚੇ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਸਭ ਤੋਂ ਵੱਧ ਘਾਟਾ ਉਨ੍ਹਾਂ ਦੀ ਪਤਨੀ ਚਿੱਤਰਾ ਸਿੰਘ ਹੋਰਾਂ ਨੂੂੰ ਪਿਆ ਹੈ। ਜਿੰਨ੍ਹਾਂ ਕੋਲ ਪਹਿਲਾਂ ਆਪਣਾ ਬੱਚਾ ਅਤੇ ਹੁਣ ਆਪਣਾ ਪਤੀ ਗਵਾਉਣ ਤੋਂ ਬਾਅਦ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਰਿਹਾ। ਜਗਜੀਤ ਸਿੰਘ ਹੋਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਭਾਰਤੀ ਗ਼ਜ਼ਲ ਗਾਇਕੀ ਦਾ ਉਹ ਹਸਤਾਖ਼ਰ ਸੀ, ਜਿਸ ਦੀ ਹੋਂਦ ਸਦਕਾ ਗ਼ਜ਼ਲ ਗਾਇਕੀ ਆਪਣੇ ਰਿਵਾਇਤੀ ਦਾਇਰਿਆਂ 'ਚੋਂ ਨਿਕਲ ਕੇ ਆਮ ਆਦਮੀ ਤੱਕ ਪਹੁੰਚ ਸਕੀ। ਉਨ੍ਹਾਂ ਦੱਸਿਆ ਕਿ ਕਿਵੇਂ ਜਗਜੀਤ ਸਿੰਘ ਹੋਰਾਂ ਦੀ ਆਮਦ ਤੋਂ ਪਹਿਲਾਂ ਗ਼ਜ਼ਲ ਨੂੰ ਸਿਰਫ ਕੁਝ ਕੁ ਚੁਨਿੰਦਾ ਲੋਕ ਹੀ ਸੁਣਦੇਅਤੇ ਸਮਝਦੇ ਸਨ। ਪਰ ਜਗਜੀਤ ਸਿੰਘ ਹੋਰਾਂ ਨੇ ਸੰਗੀਤ ਪ੍ਰੇਮੀਆਂ ਲਈ ਗ਼ਜ਼ਲ ਨੂੰ ਇਸ ਦੀ ਨਵੀਂ ਨੁਹਾਰ ਨਾਲ ਇਸ ਤਰਾਂ ਪੇਸ਼ ਕੀਤਾ ਕਿ ਲੋਕ ਗ਼ਜ਼ਲ ਨੂੰ ਗੀਤ ਦੀ ਸੰਘਿਆ ਦੇਣ ਦੇ ਨਾਲ-2 ਗੁਣ ਗੁਣਾਉਣ ਵੀ ਲੱਗ ਪਏ। ਉਨ੍ਹਾਂ ਕਿਹਾ ਕਿ ਵੈਸੇ ਤਾਂ ਉਨ੍ਹਾਂ ਦੀ ਗਾਈ ਹਰੇਕ ਗ਼ਜ਼ਲ ਮਕਬੂਲ ਹੋਈ ਹੈ, ਪਰ ਜਗਜੀਤ ਸਿੰਘ ਹੋਰਾਂ ਵੱਲੋਂ ਉਨ੍ਹਾਂ ਦੀ ਆਪਣੀ ਫਿਲਮ ਪ੍ਰੇਮ ਗੀਤ ਵਿੱਚ ਗਾਈ ਗਜ਼ਲ ' ਹੋਠੋਂ ਸੇ ਛੂ ਲੋ ਤੁਮ ਮੇਰਾ ਗੀਤ ਅਮਰ ਕਰ ਦੋ' ਸੱਚਮੁੱਚ ਜਗਜੀਤ ਸਿੰਘ ਹੋਰਾਂ ਦੀ ਗਾਇਕੀ ਸਦਕਾ ਅਮਰ ਹੋ ਚੁੱਕੀ ਹੈ। ਜਗਜੀਤ ਸਿੰਘ ਹੋਰਾਂ ਨਾਲ ਆਪਣੀ ਸਾਂਝ ਦੀ ਗੱਲ ਦੱਸਦਿਆਂ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਉਨ੍ਹਾਂ ਦੇ ਬੇਹੱਦ ਸਨੇਹੀ ਅਤੇ ਕਰੀਬੀ ਮਿੱਤਰ ਸਨ। ਜਗਜੀਤ ਸਿੰਘ ਨੇ ਜੇ ਸਭ ਤੋਂ ਪਹਿਲਾਂ ਕਿਸੇ ਫਿਲਮ ਨੂੰ ਸੰਗੀਤ ਦਿੱਤਾ ਤਾਂ ਉਹ ਉਨ੍ਹਾਂ ਦੀ ਫਿਲਮ ਸੀ ਅਤੇ ਜੇਕਰ ਪਲੇ ਬੈਕ ਸਿੰਗਇੰਗ ਕੀਤੀ ਤਾਂ ਵੀ ਉਨ੍ਹਾਂ ਦੀ ਫਿਲਮ ਪ੍ਰੇਮ ਗੀਤ ਹੀ ਸੀ। ਯਾਦਾਂ ਦੇ ਝਰੋਖੇ ਚੋਂ ਜਗਜੀਤ ਸਿੰਘ ਹੋਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਕੁਝ ਨਵਾਂ ਕਰ ਗੁਜਰਣ ਦੀ ਸੋਚ ਨਾਲ ਕੰਮ ਕਰਦੇ ਰਹਿੰਦੇ ਸਨ, ਉਹ  ਬਹੁਤ ਵੱਡੇ-2 ਪ੍ਰੋਜੈਕਟਾਂ ਨੂੰ ਸਹਿਜ ਢੰਗ ਨਾਲ ਕਰ ਜਾਂਦੇ ਸਨ। ਉਨ੍ਹਾਂ ਦੀ ਸੰਗੀਤ ਪ੍ਰਤੀ ਦਿਲੀ ਲਗਣ ਸਦਕਾ ਹੀ ਲੋਕ ਉਨ੍ਹਾਂ ਦੀ ਹਰੇਕ ਰਚਨਾ ਨੂੰ ਐਨਾ ਪਿਆਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਟਕ ਦੇ ਨਿਰਮਾਣ ਸਮੇਂ ਉਨ੍ਹਾਂ ਉਹਨਾਂ ਨੂੰ ਨਾਟਕ ਵਿਚਲੇ ਸੰਗੀਤਕ ਪੱਖ 'ਤੇ ਕੰਮ ਕਰਨ ਲਈ ਕਿਹਾ ਤਾਂ ਉਨ੍ਹਾਂ ਉਸ ਸਮੇਂ ਦੇ ਸੰਗੀਤ ਦੀ ਬਾ-ਕਮਾਲ ਪੇਸ਼ਕਾਰੀ ਕਰ ਵਿਖਾਈ। ਉਨ੍ਹਾਂ ਦੱਸਿਆ ਕਿ ਉਮਰ ਦੇ ਇਸ ਪੜਾਅ ਵਿੱਚ ਉਹ ਗੁਰਬਾਣੀ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਸ਼ੋਰ-ਸ਼ਰਾਬੇ ਦੇ ਮਿਊਜ਼ਿਕ ਦੇ ਦੌਰ ਵਿੱਚ ਜਗਜੀਤ ਸਿੰਘ ਵਰਗਾ ਸਹਿਜ ਗ਼ਜ਼ਲ ਗਾਇਕ ਮਿਲਣਾ ਮੁਸ਼ਕਿਲ ਜਾਪਦਾ ਹੈ।

No comments:

Post a Comment