Friday, 11 October 2013

ਬੁਢਾਪਾ !







ਜ਼ਰਾ ਮੜਕਾਅ ਕੇ ਤਾਂ ਦੇਖੋ 
ਕਰਨਲ ਗੁਰਦੀਪ ਜਗਰਾਉਂ    
58/60 ਸਾਲ ਦੀ ਸੁਨਹਿਰੀ ਉਮਰ 'ਤੇ ਰਿਟਾਇਰ ਹੋਣ ਮਗਰੋਂ ਬਹੁਤੇ ਦਿਲਦਾਰ ਲੋਕ ਅਮੂਮਨ ਆਪਣੇ-ਆਪ ਨੂੰ ਇਕ ਠੰਢੇ ਮਿਜਾਜ਼ ਦੀ ਪੁੜੀ ਵਿਚ ਲਪੇਟ ਕੇ ਕਿ ਮਿੱਠੀ ਚਾਲ ਦੀ ਜ਼ਿੰਦਗੀ ਵਿਚ ਨਿਸਲ ਜਾਇਆ ਕਰਦੇ ਨੇ ਕਿ ਜਿਹੜੇ ਤੀਰ ਮਾਰਨੇ ਸਨ, ਉਹ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਖਿੱਚ-ਖਿੱਚ ਕੇ ਮਾਰ ਲਏ... ਰਿਟਾਇਰਮੈਂਟ ਦੀ ਆਜ਼ਾਦ ਜ਼ਿੰਦਗੀ ਨੂੰ ਫਿਰ ਉਹ ਇਕ ਲਗਾਤਾਰ ਸ਼ੁਕਰਾਨੇ ਵਿਚ ਤਿਆਗ ਦਿੰਦੇ ਨੇ। ਧੌਲੇ ਵਾਲਾਂ ਦਾ ਤਾਜ ਪਹਿਨਣ ਬਾਅਦ ਜਾਂ ਦਾਦੇ/ਨਾਨੇ ਦਾ ਰੁਤਬਾ ਮਿਲਣ ਮਗਰੋਂ, ਲੋਕ ਸਮਾਜਿਕ ਰਿਵਾਜ ਦੇ ਸਾਂਚੇ ਵਿਚ ਬੁੱਢਿਆਂ ਵਾਂਗ ਦਾ ਰਵੱਈਆ ਓੜ ਕੇ ਢਿੱਲੇ-ਮੱਠੇ ਅੰਦਾਜ਼ ਵਿਚ ਤੁਰਨਾ, ਫਿਰਨਾ, ਬੋਲਣਾ ਵਗੈਰਾ ਸ਼ੁਰੂ ਕਰ ਦਿੰਦੇ ਨੇ, ਭਾਵੇਂ ਇਸ ਪ੍ਰਕਾਰ ਦੀ ਦਸ਼ਾ ਵਿਚ ਦਰਅਸਲ ਵੜਨ ਲਈ ਉਹ ਅਜੇ ਕਈ ਦਹਾਕੇ ਲੈ ਸਕਦੇ ਨੇ। ਸਿਆਣੀ ਉਮਰ (ਆਪਾਂ ਕਿੰਨਵੇਂ ਵਰ੍ਹੇ ਬਾਅਦ ਮੰਨੀਏ ਕਿ ਉਮਰ ਸਿਆਣੀ ਹੈ) ਵਿਚ ਵੜਨ ਉਪਰੰਤ ਬਹੁਤੇ ਸੂਰਵੀਰ ਘਰੋਂ ਉਠ ਕੇ ਸੱਥ/ਕਲੱਬ ਵਿਚ ਜਾ ਬੈਠੇ (ਇਉਂ ਕਰਨ ਵਿਚ ਕੋਈ ਹਰਜ਼ ਨਹੀਂ ਪਰ ਹਿਸਾਬ ਸਿਰ) ਤੇ ਆਥਣਾ ਪੈਣ 'ਤੇ ਘਰ ਪਰਤ ਆਏ, ਪ੍ਰਸ਼ਾਦੇ ਛਕੇ ਤੇ ਸੌਂਦੇ ਬਣੇ। ਕਈਆਂ ਬਜ਼ੁਰਗਾਂ ਦੀ ਸੁਲੱਖਣੀ ਔਲਾਦ ਉਨ੍ਹਾਂ ਨੂੰ ਡੱਕਾ ਦੂਹਰਾ ਕਰਨ ਤੱਕ ਦੀ ਇਜਾਜ਼ਤ ਨਹੀਂ ਦਿੰਦੀ ਕਿ
ਮਾਪਿਓ ਤੁਸੀਂ ਬਹੁਤ ਗੋਰਖ ਧੰਦਾ ਕਰ ਲਿਆ, ਹੁਣ ਆਪਣੀ ਮਿਹਨਤ ਦਾ ਫ਼ਲ ਬੈਠ ਕੇ ਖਾਓ, ਕੰਮ ਲਈ ਅਸਾਂ ਜੋ ਹਾਂ... ਮਾਪੇ ਛੇਤੀ ਨਾਲ ਅਜਿਹੀ ਸੀਲ ਦਲੀਲ ਨੂੰ ਅਪਣਾਅ ਲੈਂਦੇ ਨੇ। ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ... ਸਾਡੇ ਲੋਕਾਂ ਦੀ ਇਹ ਇਕ ਆਮ ਜਿਹੀ ਧਾਰਨਾ ਹੈ ਕਿ ਬੁਢਾਪੇ ਵਿਚ ਐਸ਼ ਕੀਤੀ ਜਾਵੇ, ਯਾਨੀ ਸਫ਼ੈਦ ਪੋਸ਼ੀ ਦੀ ਜ਼ਿੰਦਗੀ ਹੋਵੇ ਜਿਸ ਵਿਚ ਪਾਣੀ ਪੀਣ ਨੂੰ ਭੁੰਜੇ ਪੈਰ ਨਾ ਰੱਖਣੇ ਪੈਣ, ਕੋਈ ਲੱਤਾਂ ਘੁਟਣ ਨੂੰ ਹੋਵੇ, ਖਾਣ-ਪੀਣ ਨੂੰ ਸਿਰੇ ਦਾ ਮਿਲੇ, ਸਮਾਜ ਵਿਚ ਪੂਰੀ ਪੁੱਛਗਿੱਛ ਹੋਵੇ, ਨਾਂਅ ਦੇ ਅੱਗੇ ਪਿੱਛੇ ਕੁਝ ਨਾ ਕੁਝ ਲਗਦਾ ਹੋਵੇ, ਜਿਵੇਂ ਸਾਬਕਾ ਵਗੈਰਾ ਤੇ ਜੇ ਕੁਛ ਵੀ ਨਹੀਂ ਤਾਂ ਘੱਟ ਤੋਂ ਘੱਟ ਬ੍ਰਹਮਗਿਆਨੀ ਤਾਂ ਵੱਜੇ।
ਅਜਿਹੀ ਧਾਰਨਾ ਲਈ ਕਸੂਰ ਕਿਸੇ ਦਾ ਨਹੀਂ ਕਿਉਂਕਿ ਅਜਿਹੇ ਸ਼ੌਕ ਅਸੀਂ ਟਾਵੇਂ-ਟਾਵੇਂ ਵੱਡੇ-ਵਡੇਰਿਆਂ ਦੇ ਵਕਤਾਂ ਵਿਚ ਦੇਖੇ ਤੇ ਤਦ ਹੀ ਗ੍ਰਹਿਣ ਕੀਤੇ ਸਨ... ਕੋਈ ਅੱਧੀ ਸਦੀ ਤੋਂ ਵੀ ਪਹਿਲਾਂ ਜਦ ਲੋਕਾਂ ਦੀ ਔਸਤਨ ਉਮਰ ਮੁਸ਼ਕਿਲ ਨਾਲ 40 ਵਰ੍ਹਿਆਂ ਦੀ ਹੁੰਦੀ । ਉਦੋਂ ਲੋਕ ਛੋਟੀ ਉਮਰੇ ਹੀ ਗ੍ਰਹਿਸਥੀ ਸਹੇੜ ਲੈਂਦੇ, ਫਿਰ ਕਬੀਲਦਾਰੀ ਨੂੰ ਛੇਤੀ-ਛੇਤੀ ਕਿਉਂਟਦੇ ਤੇ ਛੇਤੀ ਹੀ ਬਜ਼ੁਰਗ ਹੋ ਜਾਂਦੇ। ਅੱਜ ਹਿੰਦੁਸਤਾਨ ਵਿਚ 65 ਸਾਲ ਦੀ ਔਸਤਨ ਉਮਰ ਹੈ ਤੇ ਪਿਛਲੇ ਹਰ ਦਹਾਕੇ ਵਿਚ ਅਸੀਂ ਲਗਭਗ ਇਕ-ਦੋ ਵਰ੍ਹੇ ਔਸਤਨ ਉਮਰ ਵਿਚ ਜੋੜੇ ਹੀ ਹਨ। ਇਸ ਵਕਤ ਚੀਨ ਵਿਚ ਔਸਤਨ ਉਮਰ 72 ਸਾਲ ਹੈ ਤੇ ਭਾਰਤ ਆਬਾਦੀ ਦੀ ਸੰਖਿਆ ਵਿਚ 2026 ਤੱਕ, ਸੁੱਖ ਰਹੀ ਤਾਂ ਸ਼ਾਇਦ ਚੀਨ ਨੂੰ ਪਿਛਾੜ ਦੇਵੇਗਾ। ਕੁਦਰਤੀ ਤੌਰ 'ਤੇ ਸਾਡੀ ਆਸ ਬੱਝਣੀ ਲਾਜ਼ਮੀ ਹੈ ਕਿ ਲੋਕ ਲੰਬੀਆਂ ਉਮਰਾਂ ਭੋਗਣਗੇ ਕਿਉਂਕਿ ਦੁਨੀਆ ਹਰ ਪੱਖੋਂ ਚੰਗੀ, ਮਾੜੀ ਤਰੱਕੀ ਦੇ ਰਾਹ 'ਤੇ ਹੈ। ਲੰਬੀਆਂ ਉਮਰਾਂ ਦਾ ਮਤਲਬ ਹੈ ਕਿ ਸਾਡਾ ਸਮਾਜ ਔਸਤਨ ਬਜ਼ੁਰਗ ਹੋਵੇਗਾ, ਪੈਨਸ਼ਨਰ ਜ਼ਿਆਦਾ ਹੋਵੇਗਾ ਤੇ ਕਮਾਉਣ ਵਾਲੇ ਨੌਜਵਾਨ ਘੱਟ ਹੋਣਗੇ। ਉਮਰ ਦੀ ਅਜਿਹੀ ਪ੍ਰਾਪਤੀ ਵਰਦਾਨ ਜਾਪਦੀ ਹੈ ਤੇ ਇਹ ਸਮੱਸਿਆ ਵੀ ਬਣ ਸਕਦੀ ਹੈ। ਜ਼ਾਹਿਰ ਹੈ ਕਿ ਸਾਡੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਠੱਲ੍ਹ ਪਾਊ ਜੁਗਤਾਂ ਇਜਾਦਣੀਆਂ ਪੈਣਗੀਆਂ, ਇਸ ਤੋਂ ਪਹਿਲਾਂ ਕਿ ਇਹ ਹੱਥੋਂ ਨਿਕਲ ਕੇ ਔਖ ਬਣ ਜਾਵੇ ਸਾਨੂੰ ਇਸ ਦੀ ਰੋਕਥਾਮ ਦੇ ਹਰ ਸੰਭਵ ਹੀਲੇ ਤੇ ਪਾਇਦਾਰ ਤਰੀਕੇ ਲੱਭਣੇ ਤੇ ਅਪਣਾਉਣੇ ਹੋਣਗੇ।
ਮੁਢ ਕਦੀਮਾਂ ਤੋਂ ਹੀ ਇਨਸਾਨ ਦੀ ਇਹ ਚਹੇਤੀ ਤਮ੍ਹਾਂ ਰਹੀ ਹੈ ਤੇ ਉਸ ਦੀ ਪੁਰਜ਼ੋਰ ਵਾਹ ਵੀ ਕਿ ਉਹ ਇਸ ਧਰਤ 'ਤੇ ਲੰਬਾ ਵਾਸ ਕੱਟੇ, ਜਵਾਨ ਦਿਖੇ ਤੇ ਅਰੋਗ ਜੀਵਨ ਬਿਤਾਏ। ਇਨਸਾਨ ਦੀ ਇਸ ਲਈ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਬੁਢਾਪੇ ਦੇ ਕਾਰਨਾਂ ਦਾ ਪਤਾ ਲਗਾ ਸਕੇ ਤੇ ਇਨ੍ਹਾਂ ਕਾਰਨਾਂ ਨੂੰ ਠੁੱਸ ਕਰਨ ਉਪਰੰਤ ਉਹ ਅਮਰ ਬਣ ਸਕੇ। ਦੁਨੀਆ ਭਰ ਦੀਆਂ ਸੱਭਿਆਤਾਵਾਂ, ਸਦਾਚਾਰਾਂ ਵਿਚ ਭਿੰਨ-ਭਿੰਨ ਤਰ੍ਹਾਂ ਦੇ ਕਿਸੇ, ਲਘੂਕਥਾਵਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਨਸਾਨ ਨੇ ਕਿਹੜੀ ਕੋਸ਼ਿਸ਼ ਛੱਡੀ ਹੈ ਕਿ ਉਸ ਦੇ ਹੱਥ ਕੁਝ ਅਜਿਹੀ ਸ਼ੈਅ ਲੱਗ ਜਾਵੇ ਜਾਂ ਮੰਤਰ ਮਿਲ ਜਾਵੇ ਜਿਸ ਦੇ ਸੇਵਨ, ਸੁੰਘਣ ਨਾਲ ਜਾਂ ਜਿਸ ਦੇ ਜਪਣ ਨਾਲ ਉਹ ਸਦਾ ਜਵਾਨ ਰਹਿ ਸਕੇ। ਇਸ ਲਈ ਰਿਸ਼ੀਆਂ-ਮੁੰਨੀਆਂ ਨੇ, ਸਾਇੰਸਦਾਨਾਂ ਨੇ, ਸਿਆਣਿਆਂ ਨੇ, ਫਿਲਾਸਫ਼ਰਾਂ ਨੇ ਕਦੇ-ਕਦੇ ਕੁਝ ਅਜਿਹੀਆਂ ਸ਼ੈਆਂ ਵੱਡੇ-ਵੱਡੇ ਦਾਅਵਿਆਂ ਨਾਲ ਪੇਸ਼ ਕੀਤੀਆਂ ਸਨ ਕਿ ਸੁਣਨ ਸਾਰ ਲੋਕ ਇਨ੍ਹਾਂ ਪਿੱਛੇ ਨੱਠ ਉਠੇ... ਪਰ ਉਹ ਚੀਜ਼ਾਂ ਦਾਅਵਿਆਂ ਮੁਤਾਬਿਕ ਖਰੀਆਂ ਨਹੀਂ ਉਤਰੀਆਂ। ਚੀਨ ਦੇ ਤਾਓਵਾਦੀ ਫਿਲਾਸਫ਼ਰਾਂ ਨੇ ਸੰਧੂਰ ਦੇ ਫਕੇ ਮਾਰਨ ਦੀ ਦਾਅਵੇਦਾਰੀ ਕੀਤੀ... ਯਾਨੀ ਪਾਰੇ ਨੂੰ ਖਾ ਕੇ ਲੋਕ ਜਵਾਨ ਤਾਂ ਨਾ ਰਹੇ ਪਰ ਬਹੁਤੇ ਚਲਾਣਾ ਜ਼ਰੂਰ ਕਰ ਗਏ। ਮੱਧਕਾਲੀਨ ਦੇ ਕੀਮੀਆਂਗਾਰਾਂ ਨੇ ਆਪਣੀ ਪੂਰੀ ਟਿਲ ਲਗਾ ਦਿੱਤੀ ਕਿ ਸੋਨੇ ਨੂੰ ਕਿਵੇਂ ਹਜ਼ਮਯੋਗ ਬਣਾਇਆ ਜਾ ਸਕਦਾ ਸੀ ਤਾਂ ਕਿ ਇਸ ਡਕਾਰ ਕੇ ਇਨਸਾਨ ਸਦਾ ਜਵਾਨ, ਚਿਰਜੀਵੀ ਰਹਿ ਸਕਦਾ ਸੀ। ਸਤਾਰਵੀਂ ਸਦੀ ਵਿਚ ਇਕ ਹੋਰ ਪੁਰਜ਼ੋਰ ਫੈਸ਼ਨ ਚੱਲਿਆ ਕਿ ਤੜਕੇ ਉਠਣ ਸਾਰ ਸੱਜਰੀ ਮਿੱਟੀ ਨੂੰ ਸੁੰਘਣ ਨਾਲ ਲੋਕ ਜਵਾਨ ਰਹਿਣਗੇ। ਕੁਝ ਲੋਕ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਅੱਜ ਵੀ ਤਰੇਲ-ਭਿੱਜੇ ਘਾਹ 'ਤੇ ਨੰਗੇ ਪੈਰੀਂ ਤੁਰਦੇ ਹਨ। ਬਾਅਦ ਵਿਚ 'ਸਰ ਫਰਾਂਸਿਸ ਬੇਕਨ' ਦੇ ਕਹਿਣੇ 'ਇਨਸਾਨੀ ਉਮਰ ਇਸ ਗੱਲ 'ਤੇ ਟਿਕੀ ਲਗਦੀ ਹੈ ਕਿ ਉਹ ਕਿੰਨੇ ਚਿਰ ਵਿਚ ਆਪਣੀ ਜਿਊਣ ਸਤਿਆ ਨੂੰ ਵਰਤਦਾ ਹੈ', ਨਾਲ ਬਹੁਤੇ ਪ੍ਰਾਣੀ ਸਹਿਮਤ ਸਨ। ਇਸ ਯਕੀਨ ਦੇ ਭਜਾਏ ਲੋਕ ਫਿਰ ਆਪਣੀ ਸੱਤਿਆ ਦੇ ਖਰਚੇ ਦੀ ਪੂਰਤੀ ਵਾਸਤੇ, ਇਸ ਦੇ ਚਸ਼ਮਿਆਂ ਦੀ ਭਾਲ ਵਿਚ, ਇਸ ਪੂਰੇ ਧਰਤ ਗ੍ਰਹਿ ਨੂੰ ਗਾਹੁਣ ਚੜ੍ਹ ਪਏ ਪਰ ਮਾਯੂਸੀ ਦੇ ਠੇਡਿਆਂ ਤੋਂ ਸਿਵਾ ਉਨ੍ਹਾਂ ਦੇ ਕੁਝ ਹੋਰ ਪੱਲੇ ਨਾ ਪਿਆ। ਯਤਨ ਬਾਅਦ ਯਤਨ ਅਜ਼ਮਾ ਕੇ ਦੇਖਣ ਨਾਲ ਕੁਝ ਲੋਕ ਨਿਰਾਸ਼ ਜ਼ਰੂਰ ਹੋਏ ਪਰ ਸਮੂਹ ਲੋਕਾਈ ਦੀ ਚਿਰਜੀਵੀ ਰਹਿਣ ਦੀ ਹਿਰਸ ਕਦੇ ਵੀ ਠੰਢੀ ਨਹੀਂ ਪਈ । ਅਮਰ ਰਹਿਣ ਦੇ ਸਬੰਧ ਵਿਚ ਡਾਕਟਰੀ ਖੇਤਰ, ਨਿੱਤ ਦਿਨ ਵਸੀਹ ਤੇ ਵਿਸ਼ਾਲ ਹੋ ਰਿਹਾ ਹੈ। ਨਵੀਨ ਤਕਨਾਲੋਜੀ, ਮਸ਼ੀਨਾਂ, ਖੋਜਾਂ, ਇਨਸਾਨੀ ਉਮਰ ਤੇ ਸਿਹਤ ਪ੍ਰਤੀ ਨਵੇਂ ਤੋਂ ਨਵੇਂ ਗਿਆਨ ਤੇ ਇਲਾਜਾਂ ਦੇ ਨਵੇਂ ਢੰਗ, ਸੋਚਾਂ ਆਦਿ... ਇਨਸਾਨ ਨੂੰ ਅਮਰ ਬਣਾਉਣ ਦੇ ਪੜਾਅ ਵੱਲ ਨੂੰ ਧੱਕੀ ਜਾ ਰਹੀਆਂ ਹਨ। ਮੁਲਕਾਂ ਨੇ, ਕੰਪਨੀਆਂ ਨੇ, ਸਾਇੰਸਦਾਨਾਂ ਨੇ ਦਿਨ ਰਾਤ ਇਕ ਕਰ ਰੱਖੇ ਹਨ ਕਿ ਕੌਣ ਇਸ ਕਰਾਮਾਤ ਨੂੰ ਮਾਕਾਰੇਗਾ, ਨੋਬਲ ਇਨਾਮ ਜਿੱਤੇਗਾ, ਕਿਹੜੀ ਕੰਪਨੀ ਇਸ ਅੰਮ੍ਰਿਤ ਟਾਨਕ ਨੂੰ ਤਿਆਰ ਕਰਕੇ ਅਮੀਰ ਬਜ਼ੁਰਗਾਂ ਤੋਂ ਪੈਸਾ ਬਟੋਰੇਗੀ ਤੇ ਕਿਸ ਮੁਲਕ ਨੂੰ ਇਸ ਦਾ ਸਿਹਰਾ ਜਾਵੇਗਾ। ਸ਼ਾਇਦ ਅਗਲੇ ਦਹਾਕੇ ਵਿਚ ਕਾਲੇ ਅੰਗੂਰ ਇਸ ਰਹੱਸ ਦਾ ਜਿੰਦਾ ਖੋਲ੍ਹਣ। ਖ਼ੈਰ, ਅਮਰ ਰਹਿਣ ਦੀ ਲਾਲਸਾ ਇਸ ਜੀਵਨ ਲੀਲਾ ਦਾ ਇਕ ਹਿੱਸਾ ਹੈ ਪਰ ਬਹੁਤ ਸਾਰੇ ਵਿੱਤੀ, ਸਮਾਜਿਕ, ਨੈਤਿਕ ਖਦਸ਼ੇ ਉਠਣਗੇ ਕਿ ਕੀ ਲੰਬੀਆਂ ਉਮਰਾਂ ਵਾਕਿਆ ਹੀ ਬਹਿਸ਼ਤੀ ਹੋਣਗੀਆਂ? ਕੌਣ ਤੈਅ ਕਰੇਗਾ ਕਿ ਇਨਸਾਨ ਕਿੰਨੇ ਚਿਰ ਲਈ ਜੀਂਦਾ ਰਹੇ? ਭਵਿੱਖੀ ਪੀੜ੍ਹੀਆਂ ਆਪਣੇ ਚਹੇਤੇ ਖੂਨ, ਰਿਸ਼ਤੇਦਾਰਾਂ ਪ੍ਰਤੀ ਕੀ ਸੋਚ ਰੱਖਣਗੀਆਂ ਜਿਨ੍ਹਾਂ ਇਸ ਧਰਤ ਗ੍ਰਹਿ 'ਤੇ ਸਦਾ ਲਈ ਤੰਬੂ ਗੱਡ ਲਏ ਹੋਣਗੇ। ਇਨ੍ਹਾਂ ਸਤਿਕਾਰਯੋਗ ਬਜ਼ੁਰਗਾਂ ਨੂੰ ਖਲਾਏਗਾ ਕੌਣ? ਕਈ ਦੇਸ਼ਾਂ ਜਿਵੇਂ ਰੂਸ ਵਿਚ ਜਨਮ ਦਰ ਮਨਫ਼ੀ ਚਲ ਰਹੀ ਹੈ। ਚੀਨ ਦੀ 'ਅਸੀਂ ਦੋ ਤੇ ਸਾਡਾ ਇਕ' ਪਾਲਿਸੀ ਨੇ ਅਜੇ ਆਪਣੇ ਪੂਰੇ ਰੰਗ ਦਿਖਾਉਣੇ ਹਨ। ਦੁਨੀਆ ਵਿਚ ਇਹ ਖਦਸ਼ਾ ਹਮੇਸ਼ਾ ਹਾਵੀ ਰਹੇਗਾ ਕਿ ਬਜ਼ੁਰਗ ਭਾਰੀ ਸਮਾਜ ਦੇ ਸਿੱਟੇ ਕੀ ਰਹਿਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੀਆਂ ਪੀੜ੍ਹੀਆਂ ਨਿਸਬਤਨ ਅਕਲਮੰਦ ਹੋਣਗੀਆਂ, ਵਧੀਆ ਤਕਨਾਲੋਜੀ ਨਾਲ ਲੈਸ ਹੋਣਗੀਆਂ ਤੇ ਜਿਸ ਕਰਕੇ ਬਜ਼ੁਰਗੀ ਮਸਲਿਆਂ ਨਾਲ ਨਿਪਟਣ ਦੇ ਉਨ੍ਹਾਂ ਦੇ ਵਸੀਲੇ ਕਿਤੇ ਵਸੀਹ ਤੇ ਇੰਤਜ਼ਾਮੀ ਹਿੰਮਤ ਕਿਤੇ ਵਿਸ਼ਾਲ, ਪ੍ਰੌੜ੍ਹ ਤੇ ਪੁਖਤਾ ਹੋਵੇਗੀ... ਉਹ ਸਾਡੀਆਂ ਸਦਭਾਵਨਾਵਾਂ ਦੇ ਹੁਣੇ ਤੋਂ ਹੀ ਹੱਕਦਾਰ ਹਨ। ਪਤਾ ਨਹੀਂ ਸੰਜੀਵਨੀ ਬੂਟੀ ਕਦ ਤੇ ਕਿਸ ਰੂਪ ਵਿਚ ਆਵੇ ਤੇ ਆਪਣੇ ਸੰਗ ਕਿੰਨੀਆਂ ਕੁ ਹੋਰ ਸਮੱਸਿਆਵਾਂ ਲਿਆਵੇ ਪਰ ਸਾਡੀਆਂ ਪੀੜ੍ਹੀਆਂ ਨੂੰ ਅਜੋਕੇ ਵਕਤਾਂ ਦੇ ਸੰਦਰਭ ਵਿਚ ਆਪ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿ ਅਸੀਂ ਸੌਗਾਤ ਵਿਚ ਮਿਲੀ ਜ਼ਿੰਦਗੀ ਨੂੰ ਕਿਵੇਂ ਹੋਰ ਖਿੱਚ ਕੇ ਵਧਾ ਸਕੀਏ। ਆਪਣੇ ਦਿਮਾਗ ਤੇ ਸਰੀਰ ਨੂੰ ਅਰੋਗ ਰੱਖਦੇ ਹੋਏ ਇਕ ਕੁਆਲਿਟੀ ਦੀ ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਜਿਊਂ ਸਕੀਏ। ਇਸ ਕਿਸਮ ਦੀ ਸੋਚ, ਰਹਿਣ-ਸਹਿਣ ਦੇ ਢੰਗ ਤੇ ਹੋਰ ਉਮਰ ਵਧਾਊ ਫੈਸ਼ਨ, ਬਹੁਤ ਦੇਸ਼ਾਂ ਵਿਚ ਪਹਿਲਾਂ ਹੀ ਪ੍ਰਚਲਿਤ ਹਨ ਪਰ ਸਾਡੇ ਹਾਂ ਬਹੁਤ ਘੱਟ ਬਜ਼ੁਰਗ ਹਨ, ਜਿਹੜੇ ਇਸ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿਚ ਦਿੰਦੇ ਹਨ।
ਤੁਹਾਨੂੰ ਆਪਣੀ ਜਿੰਦੜੀ ਦਾ ਉਹ ਲਮਹਾ ਅਭੁੱਲ ਰਹੇਗਾ ਜਦ ਤੁਸੀਂ ਆਪਣਾ ਪਹਿਲਾ ਧੌਲਾ ਪਹਿਲੀ ਵਾਰ ਦੇਖਿਆ ਹੋਵੇਗਾ, ਤੁਸੀਂ ਮਰਨ ਸਮਾਨ ਹੋਵੋਂਗੇ, ਜਦ ਕਿਸੇ ਨੇ ਤੁਹਾਨੂੰ ਪਹਿਲੀ ਵਾਰ ਬਾਬਾ/ਆਂਟੀ ਆਖਿਆ ਹੋਵੇਗਾ। ਜਦ ਮੈਂ ਆਪਣੇ ਛੋਟੇ ਭਰਾ ਨੂੰ ਕੈਨੇਡਾ ਵਿਚ ਖੁਸ਼ਖਬਰੀ ਵਜੋਂ ਦੱਸਿਆ ਕਿ ਉਸ ਦੇ ਭਤੀਜੇ ਯਾਨੀ ਮੇਰੇ ਲੜਕੇ ਨੂੰ ਪੁੱਤਰ ਦੀ ਦਾਤ ਮਿਲੀ ਸੀ ਤੇ ਹੁਣ ਆਪਾਂ ਦਾਦੇ ਬਣ ਗਏ ਸਾਂ ਤਾਂ ਉਸ ਦਾ ਹੌਕਾ ਸੀ ਕਿ ਉਹ ਬੁੱਢਾ ਬੁੱਢਾ ਜਿਹਾ ਮਹਿਸੂਸਣ ਲੱਗ ਪਿਆ ਜਦ ਕਿ ਉਸ ਦੇ ਦੋ ਬੱਚਿਆਂ ਨੇ ਅਜੇ ਗ੍ਰਹਿਸਥੀ ਵਿਚ ਪੈਰ ਰੱਖਣੇ ਸਨ। ਅੱਜ ਦੇ ਸੰਸਾਰ ਵਿਚ ਬਹੁਤ ਕੁਝ ਮਿਲਦਾ ਹੈ, ਬਹੁਤ ਕੁਝ ਕੀਤਾ ਜਾਂਦਾ ਹੈ, ਜਿਸ ਨਾਲ ਇਨਸਾਨ ਬੁੱਢੇ ਦਿਖਣ ਦੀਆਂ ਨਿਸ਼ਾਨੀਆਂ ਨੂੰ ਮਸਨੂਈ ਤਰੀਕਿਆਂ ਨਾਲ ਇਸ ਤਰ੍ਹਾਂ ਬਣਾ ਜਾਂ ਆਪਣੇ-ਆਪ ਨੂੰ ਬਣਵਾ ਲੈਂਦਾ ਹੈ ਕਿ ਆਮ ਅੱਖ ਬਨਾਉਟੀ ਤੋਂ ਅਸਲੀ ਦੀ ਪਹਿਚਾਣ ਕਰਨ ਵਿਚ ਭੁਲੇਖਾ ਖਾ ਜਾਂਦੀ ਹੈ। ਤੁਸੀਂ ਆਪਣੇ ਚਿਹਰੇ ਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਹੋ, ਆਪਣੇ ਨੈਣ-ਨਕਸ਼ਾਂ ਦੀਆਂ ਲਾਈਨਾਂ ਨੂੰ ਕਿਵੇਂ ਦਾ ਦੇਖਣਾ ਜਾਂ ਦਿਖਾਉਣਾ ਚਾਹੁੰਦੇ ਹੋ... ਤਕਰੀਬਨ ਸਭ ਕੁਝ ਸੰਭਵ ਹੈ, ਬਸ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਜਿਵੇਂ-ਜਿਵੇਂ ਇਨਸਾਨ ਉਮਰ ਤੇ ਆਪਣੀ ਦਿਖ ਸੰਬੰਧਿਤ ਔਕੜਾਂ ਨੂੰ ਸਰ ਕਰ ਰਿਹਾ ਹੈ, ਤਿਵੇਂ-ਤਿਵੇਂ ਉਹ ਜ਼ਿੰਦਗੀ ਜਿਊਣ ਤੇ ਰਹਿਣ ਦੇ ਤਰੀਕਿਆਂ ਨੂੰ ਬਦਲ ਰਿਹਾ ਹੈ, ਬਹੁਤ ਕੁਝ ਨਵੇਂ ਨੂੰ ਪਰਤਿਆ ਰਿਹਾ ਹੈ। ਜਦ ਕਿ ਪਿਛਲੇ ਵਕਤਾਂ ਵਿਚ ਔਸਤਨ ਉਮਰ ਵਿਚ ਵਾਧਾ ਹੁੰਦਾ ਆਇਆ ਹੈ ਤੇ ਸੁੱਖ ਰਹੀ ਤਾਂ ਹੁੰਦਾ ਵੀ ਰਹੇਗਾ, ਇਸ ਲਈ ਇਨਸਾਨ ਕੁਝ ਇਸ ਕਿਸਮ ਦੀ ਜ਼ਿੰਦਗੀ ਜਿਊਣ ਦੇ ਯਤਨਾਂ ਵਿਚ ਜੁੱਟ ਗਿਆ ਹੈ, ਜਿਸ ਵਿਚ ਬਚਪਨ, ਜਵਾਨੀ, ਅੱਧਖੜ, ਬੁਢਾਪੇ ਦਾ ਜ਼ਿਕਰ ਨਾ ਹੀ ਲਿਆਂਦਾ ਜਾਵੇ... ਇਕ ਸਦਾਜਵਾਨ ਉਮਰ ਬਿਤਾਉਣ ਦੀ ਕੋਸ਼ਿਸ ਕੀਤੀ ਜਾਵੇ।
ਵਿਕਸਤ ਦੇਸ਼ਾਂ ਵਿਚ ਜਿਥੇ ਔਸਤਨ ਉਮਰ 73 ਵਰ੍ਹੇ ਇਕ ਆਮ ਜਿਹੀ ਗੱਲ ਹੈ, ਲੋਕ ਉਨ੍ਹਾਂ ਮੀਲ ਪੱਥਰਾਂ ਨੂੰ ਸਵਾਲਣ ਲੱਗ ਪਏ ਹਨ, ਜਿਨ੍ਹਾਂ ਨੂੰ ਪਾਰ ਕਰਨ 'ਤੇ ਲੋਕ ਜਵਾਨ, ਬੁੱਢੇ ਆਦਿ ਅਖਵਾਉਂਦੇ ਹਨ ਤੇ ਉਨ੍ਹਾਂ ਮੀਲ ਪੱਥਰਾਂ 'ਤੇ ਥੋਪੇ ਹੋਏ ਹਿੰਦਸੇ ਫਿਕੇ ਪੈਣ ਲੱਗ ਪਏ ਹਨ... ਕਿਉਂਕਿ ਰਿਟਾਇਰ ਹੋਣ ਉਪਰੰਤ ਉਹ ਹੁਣ ਔਲਾਦ ਜਣਦੇ ਹਨ, ਪੰਜਾਹ ਸਾਲ ਦੀ ਉਮਰ ਤੋਂ ਪਹਿਲਾਂ ਉਹ ਗ੍ਰਹਿਸਥੀ ਵਿਚ ਵੜਦੇ ਨਹੀਂ ਤੇ ਜਿਨ੍ਹਾਂ ਦੇ ਆਪਣੇ ਕੰਮ ਨੇ ਰਿਟਾਇਰ ਹੋਣ ਦਾ ਨਾਂਅ ਹੀ ਨਹੀਂ ਲੈਂਦੇ। ਮੁੰਡਿਆਂ, ਕੁੜੀਆਂ ਤੋਂ ਬਜ਼ੁਰਗਾਂ ਤੱਕ ਜੀਨਾਂ ਪਾਉਂਦੇ ਹਨ ਜਾਂ ਪਜਾਮਿਆਂ ਵਿਚ ਰਹਿੰਦੇ ਹਨ, ਉਥੇ ਪਹਿਰਾਵਾ ਕਿਸੇ ਵੀ ਉਮਰ ਦਾ ਸੰਕੇਤ ਨਹੀਂ ਹੈ। ਆਪਣੇ 88 ਸਾਲ ਦੇ ਧਰਮਦੇਵ ਪਸ਼ੌਰੀਮਲ ਆਨੰਦ ਉਰਫ਼ ਦੇਵਾ ਅਨੰਦ ਸਾਹਿਬ ਨੂੰ ਦੇਖ ਲਵੋ ਉਹ ਆਪਣੀ ਉਮਰ ਨੂੰ ਚੇਤੇ ਹੀ ਨਹੀਂ ਰੱਖਦਾ। ਹਰ ਦੂਜੇ, ਤੀਜੇ ਵਰ੍ਹੇ ਨਵੀਂ ਤੋਂ ਨਵੀਂ ਫਿਲਮ ਬਣਾ ਕੇ ਬਾਜ਼ਾਰ ਵਿਚ ਉਤਾਰ ਦਿਆ ਕਰਦਾ ਹੈ, ਆਪ ਵੀ ਐਕਟਿੰਗ ਕਰਦਾ ਹੈ ਤੇ ਸੱਜਰੇ ਤੋਂ ਸੱਜਰਾ ਫੈਸ਼ਨ ਕਰਦਾ ਹੈ ਤੇ ਆਪਣੀ ਹੀ ਮਸਤੀ ਵਿਚ ਚਲਿਆ ਜਾ ਰਿਹਾ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਤੇ ਗਾਇਕੀ ਉਹੀ ਮੁਟਿਆਰਾਂ ਵਾਲੀ ਹੈ। ਲਿਖਾਰੀ ਖੁਸ਼ਵੰਤ ਸਿੰਘ, 95 ਵਰ੍ਹਿਆਂ ਦੇ ਬਾਵਜੂਦ ਨਿੱਤ ਨਵੀਂ ਕਹਾਣੀ ਕੱਤਦਾ ਰਹਿੰਦਾ ਹੈ। ਕਹਿਣ ਦਾ ਭਾਵ ਹੈ ਕਿ ਕੁਝ ਲੋਕ ਉਮਰ ਵੱਲ ਦੇਖਦੇ ਹੀ ਨਹੀਂ ਤੇ ਜ਼ਿੰਦਗੀ ਜਿਊਣ ਦੇ ਨਵੇਂ ਫੈਸ਼ਨਾਂ ਮੁਤਾਬਿਕ ਉਨ੍ਹਾਂ ਨੂੰ ਕੋਈ ਅਰਧ-ਵਿਰਾਮ ਲਾਗੂ ਨਹੀਂ, ਬਸ ਮਰਦੇ ਦਮ ਤੱਕ ਉਹ ਆਪਣੀ ਜ਼ਿੰਦਗੀ ਦੇ ਮਕਸਦਾਂ ਨੂੰ ਸਿਰੇ ਚੜ੍ਹਾਉਣ ਵਿਚ ਮਸਰੂਫ਼ ਰਹਿੰਦੇ ਹਨ। ਅੱਜ ਦਾ ਇਨਸਾਨ ਲੰਬੇਰੀ ਉਮਰ ਚਾਹੁੰਦਾ ਹੈ ਤੇ ਨਾਲ-ਨਾਲ ਕੁਝ ਲੋਕ ਆਪਣੇ ਮਨਪਸੰਦ ਕੰਮਾਂ, ਸ਼ੌਕਾਂ ਨੂੰ ਸਾਕਾਰ ਕਰਨ ਵਿਚ ਰੁਝੇ ਹੋਏ ਨੇ ਕਿਉਂਕਿ ਚਲਦੇ-ਚਲਦੇ ਉਨ੍ਹਾਂ ਨੂੰ ਚਾਨਣ ਹੋ ਗਿਆ ਹੈ ਕਿ ਮਕਸਦ ਤੇ ਕਿਰਤ ਭਰਪੂਰ ਜ਼ਿੰਦਗੀ ਦੇ ਵਹਿਣ ਵਿਚ ਹੀ ਕੁਆਲਿਟੀ ਹੈ, ਅਸਲੀ ਮਾਅਨੇ ਹਨ।
ਬੁਢਾਪਾ! ਪੱਕੜ ਉਮਰ 'ਚ ਵੀ ਕਸਰਤ ਮਾੜੀ ਨਹੀਂ
ਮੇਰੇ ਇਕ ਯਾਰ ਦੀ ਪੋਤਰੀ (ਅਮਰੀਕਾ ਦੀ ਜੰਮਪਲ) ਸਾਡੇ ਨਾਲ ਗੱਲਬਾਤ ਕਰਦੇ ਸਮੇਂ... ਯੂ. ਬੁਆਏਜ਼ ਦੀ ਸ਼ਬਦਾਵਲੀ ਨੂੰ ਅਕਸਰ ਵਰਤੋਂ ਵਿਚ ਲਿਆ ਰਹੀ ਸੀ, ਬਜਾਏ ਇਸ ਦੇ ਕਿ ਉਹ ਸਾਨੂੰ ਦਾਦੂ/ਗ੍ਰੈਨਪਾ ਆਖ ਕੇ ਸੰਬੋਧਨ ਕਰਦੀ । ਕੁਦਰਤੀ ਤੌਰ 'ਤੇ ਸਾਡੇ ਬੋਲਣ, ਗੱਲਬਾਤ ਦਾ ਢੰਗ, ਸਾਧਾਰਨ ਆਦਮੀਆਂ ਵਾਂਗ ਹੀ ਰਿਹਾ, ਨਾ ਕਿ ਬਜ਼ੁਰਗਾਂ ਵਾਲਾ ਸੀ । ਅਸੀਂ ਸੈਨਾ ਵਿਚ ਸਿਪਾਹੀ ਨੂੰ 'ਜਵਾਨ' ਆਖ ਕੇ ਬੁਲਾਉਂਦੇ ਹਾਂ ਭਾਵੇਂ ਉਸ ਦੇ ਕੁਝ ਦੰਦ ਨਿਕਲ ਵੀ ਗਏ ਹੋਣ ਜਾਂ ਉਸ ਦੇ ਵਾਲ ਬੱਗੇ ਵੀ ਹੋਣ। ਆਪਣੀ ਜ਼ਬਾਨ ਦੀ ਸ਼ਬਦਾਵਲੀ ਕਿ ਸੱਠਿਆ ਗਿਆ, ਸੱਤਰਿਆ ਜਾਂ ਬਹੱਤਰਿਆ ਗਿਆ, ਮੜ੍ਹੀਆਂ ਵਿਚ ਲੱਤਾਂ, ਬੁੱਢੀ ਘੋੜੀ ਲਾਲ ਲਗਾਮ, ਕੰਧੀ ਉਤੇ ਰੁੱਖੜਾ, ਵਗੈਰਾ... ਬਜ਼ੁਰਗਾਂ ਪ੍ਰਤੀ ਨਿਸ਼ਚਿਤ ਤੌਰ 'ਤੇ ਢਹਿੰਦੀ ਕਲਾ ਦੀ, ਮਿਹਣੇਬਾਜ਼ੀ ਵਾਲੀ ਹੈ ਜਿਹੜੀ ਕਿ ਅੱਜ ਦੇ ਬਜ਼ੁਰਗਾਂ ਦੇ ਪ੍ਰਸੰਗ ਵਿਚ ਫਜ਼ੂਲ ਹੈ। ਇਹ ਸਿਰਫ਼ ਸੋਚਾਂ ਨੇ, ਅਸਲੀਅਤ ਨਹੀਂ, ਇਹ ਕੁਝ ਗੁੱਝੀ ਸਮਾਜਿਕ ਮਖੌਲਬਾਜ਼ੀ ਹੈ ਤੇ ਉਮਰ ਪ੍ਰਤੀ ਕੁਝ ਸਮਾਜਿਕ ਰਵੱਈਏ ਹਨ, ਜਿਹੜੇ ਸਾਡੇ ਬਚਪਨ ਵੇਲੇ, ਸਾਡਾ ਸਮਾਜ, ਸਾਡੇ ਮਾਪੇ, ਸਾਡੇ ਉਸਤਾਦ ਵਗੈਰਾ, ਸਾਡੀ ਸੋਚ ਵਿਚ ਕੁੱਟ-ਕੁੱਟ ਕੇ ਤੁੰਨ ਦਿੰਦੇ ਹਨ, ਜਿਨ੍ਹਾਂ ਕਰਕੇ ਅਸੀਂ ਉਵੇਂ ਦੇ ਸ਼ਬਦ ਬੋਲਦੇ ਹਾਂ, ਜਿਵੇਂ ਦੇ ਸਾਡੇ ਮੂੰਹਾਂ ਵਿਚ ਪਾਏ ਗਏ ਸਨ। ਇਸ ਵਿਚ ਕੀ ਮਾੜਾ ਹੈ, ਜੇਕਰ ਪੱਕੜ ਉਮਰ ਵਾਲਾ ਜਿਮ ਵਿਚ ਡੰਡ ਬੈਠਕਾਂ ਮਾਰਦਾ ਹੈ ਤਾਂ ਜੋ ਉਸ ਦਾ ਸਰੀਰ ਟਾਪ ਗੇਅਰ ਵਿਚ ਰਹੇ ਜਾਂ ਸੱਠ-ਸਾਲੀ ਦਾਦੀ/ਨਾਨੀ ਟ੍ਰੈਕ ਸੂਟ ਪਾ ਕੇ ਨਿੱਤ ਪੰਜ-ਛੇ ਕਿਲੋਮੀਟਰ ਦੀ ਸੈਰ ਕਰਦੀ ਹੈ। ਤੁਸੀਂ ਪਰਤਿਆ ਕੇ ਦੇਖ ਲਵੋ, ਪੂਰੇ ਮੁਹੱਲੇ ਜਾਂ ਪਿੰਡ ਵਿਚ ਇਸ ਮਾਸੂਮ ਕਰਨੀ ਦੀ ਭੰਡੀ ਦਿਨ-ਰਾਤ ਗੇੜੇ ਕੱਢਦੀ ਰਹੇਗੀ। ਬਾਗਬਾਨੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਮੈਂ ਆਥਣੇ ਜਿਹੇ ਖੁਰਪਾ ਫੜ ਕੇ ਖੱਬਲ ਕੱਢਣ ਲੱਗ ਜਾਇਆ ਕਰਦਾ ਹਾਂ। ਕੋਲੋਂ ਦੀ ਲੰਘਣ ਵਾਲੇ ਮੇਰੇ ਜ਼ਰੂਰ ਚੋਭ ਮਾਰਨਗੇ, 'ਕਰਨਲ ਸਾਹਬ ਕਿਉਂ ਪੈਸਾ ਜੋੜਨ ਤੇ ਲੱਕ ਬੰਨ੍ਹਿਆ ਹੋਇਐ, ਕੋਈ ਮਾਲੀ ਰੱਖ ਲਵੋ?' ਮੈਂ ਘੱਟ ਹੀ ਆਪਣਾ ਸਿਰ ਉਤਾਂਹ ਨੂੰ ਚੁੱਕ ਕੇ ਦੇਖਣ ਦੀ ਖਜਾਲਤ ਲਿਆ ਕਰਦਾਂ ਹਾਂ ਕਿ ਕੌਣ ਕੀ ਆਖ ਰਿਹਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਚੱਟੀ ਭਰਨੀ ਹੁੰਦੀ ਹੈ ਉਨ੍ਹਾਂ ਨੂੰ ਜਿਹੜੇ ਨਿਡਰ ਆਪਣੀ ਜ਼ਿੰਦਗੀ ਦੇ ਰਾਹ 'ਤੇ ਤੁਰੇ ਜਾਂਦੇ ਹਨ। ਇਹ ਟੇਢੀ ਮੇਢੀ ਭਾਸ਼ਾ...।
ਮੈਂ ਜੋ ਕੁਝ ਲਿਖ ਰਿਹਾ ਹਾਂ ਇਹ ਕੋਈ ਨਵਾਂ ਨਹੀਂ। ਮੈਂ ਆਪਣੇ ਬਚਪਨ ਵਿਚ ਦੇਖਿਆ ਸੀ ਕਿ ਲੋਕ ਕਦੇ ਹੀ ਵਿਹਲੇ ਬਹਿੰਦੇ, ਸਗੋਂ ਨੜੇ ਵਾਂਗ ਸਾਰਾ ਦਿਨ ਉਧੜਦੇ ਰਹਿੰਦੇ। ਨਾਲੇ ਲੋਕਾਂ ਨੇ ਸਣ, ਗਰਨੇ, ਭੰਨਣੇ, ਨਾਲੇ ਉਨ੍ਹਾਂ ਸਣ ਡੱਕਿਆਂ ਨਾਲ ਧੂੰਣੀ ਜਾਲ ਰੱਖਣੀ, ਸਿਆਲਾਂ ਵਿਚ ਅੱਗ ਸੇਕਣ ਵਾਸਤੇ। ਕੁਝ ਬਜ਼ੁਰਗਾਂ ਨੇ ਆਪਣੀ ਪਿੱਠ 'ਤੇ ਸਣ ਦੀ ਮਗਰੀ ਮਾਰੀ ਹੋਣੀ ਤੇ ਸਾਹਮਣੇ ਰੱਸੀ ਗੋਲੇ ਨੂੰ ਘਮਾਉਂਦੇ ਰਹਿਣਾ ਤੇ ਰੱਸੀ ਵਟਦੇ ਰਹਿਣਾ ਤੇ ਨਾਲੇ ਬਾਕੀਆਂ ਨਾਲ ਯੱਕੜ ਵੀ ਮਾਰਦੇ ਰਹਿਣਾ । ਮੇਰੀ ਬੀਜੀ ਨੇ ਚਰਖਾ ਢਾਹੀ ਰੱਖਣਾ ਜਾਂ ਨਾਲੇ ਬੁਣ ਲੈਣੁੰ ਗਲੋਟੇ ਟੇਰਦੇ ਰਹਿਣਾ। ਜੇ ਕਦੇ ਲੇਟ ਕੇ ਭੋਰਾ ਰੋਟੀ ਸਿੱਧੀ ਕਰ ਵੀ ਲੈਣੀ ਤਾਂ ਫਿਰ ਆਪਣੇ-ਆਪ ਨੂੰ ਆਖਣਾ, 'ਉਠ ਮਨਾਂ, ਬੇਗਾਨਿਆਂ ਧਨਾਂ, ਬੇਗਾਨੇ ਪੁੱਤ ਨਾਲ ਕੀ ਰੋਸਾ, ਜੀਹਨੇ ਮਾਰਿਆ ਧੈਂ ਸੋਟਾ' ਤੇ ਕੰਮ ਕਰਨ ਵਿਚ ਮੁੜ ਜੁੱਟ ਜਾਣਾ। ਕਹਿਣ ਨੂੰ ਸਾਦੇ ਤੇ ਅਨਪੜ੍ਹ, ਉਨ੍ਹਾਂ ਲੋਕਾਂ ਨੂੰ ਅੰਦਰੋਂ ਉਠਿਆ ਧੁਰ ਦਾ ਗਿਆਨ ਸੀ ਕਿ ਕਿਰਤ ਵਿਚ ਹੀ ਮੁਕਤੀ ਹੈ। ਵਿਵੇਕਾਨੰਦ ਨੇ ਆਪਣੀ ਜ਼ਿੰਦਗੀ ਦੀ ਫਿਲਾਸਫੀ ਦੇ ਨਿਚੋੜ ਵਿਚ ਆਖਿਆ ਹੈ ਕਿ ਹਰੇਕ ਰੂਹ ਰੱਬ ਪਾਉਣ ਦੀ ਗੁਝੀ ਕਾਬਲੀਅਤ ਰੱਖਦੀ ਹੈ ਤੇ ਰੱਬ ਦੀ ਪ੍ਰਾਪਤੀ ਨੂੰ ਸਾਕਾਰ ਕੀਤਾ ਜਾ ਸਕਦਾ ਹੈ... ਸੱਚੀ ਕਿਰਤ ਰਾਹੀਂ, ਪੂਜਾ ਰਾਹੀਂ, ਮਾਨਸਿਕ ਕੰਟਰੋਲ ਰਾਹੀਂ। ਜਦ ਕਿਸੇ ਜਾਨ ਨੂੰ ਇਹ ਨਿਰੋਲ ਧੁੰਨ ਲੱਗੀ ਹੋਵੇ ਕਿ ਉਹ ਨੇ ਆਹ ਕਿਉਂਟਣਾ ਹੈ, ਔਹ ਵੀ ਸਿਰੇ ਚੜ੍ਹਾਉਣਾ ਹੈ, ਨਿੱਕੇ-ਵੱਡੇ ਧੰਦਿਆਂ ਨੂੰ ਸਰ ਕਰਨ ਦੀ ਲਿਵ ਜਦ ਇਨਸਾਨੀ ਮਨ ਵਿਚ ਸੁਸ਼ੋਭਿਤ ਹੁੰਦੀ ਹੈ ਤਾਂ ਮੌਤ ਦੀ ਯਾਦ ਵੀ ਘੱਟ ਹੀ ਆਇਆ ਕਰਦੀ ਹੈ, ਆਪਣੇ ਹਾਲ ਦੀ ਪ੍ਰਵਾਹ ਘੱਟ ਹੀ ਹੁੰਦੀ ਹੈ, ਬੰਦਾ ਕੁਰਬਾਨੀ ਦੇਣ ਦੀ ਲੈਅ ਵਿਚ ਹੁੰਦਾ ਹੈ। ਨਿੱਕੇ-ਮੋਟੇ ਦੁੱਖ ਵਿਸਰ ਜਾਇਆ ਕਰਦੇ ਹਨ। ਪੀੜਾਂ, ਸੱਟਾਂ ਘੱਟ ਹੀ ਰੜਕਿਆ ਕਰਦੀਆਂ ਹਨ। ਆਪਾਂ ਇਉਂ ਮੰਨੀਏ ਕਿ ਉਹ ਆਪਣੀ ਪੱਧਰ 'ਤੇ ਉਸ ਵਕਤ, ਇਕ ਅਮਰ ਜਿਹੇ ਵਹਿਣ ਵਿਚ ਹੁੰਦਾ ਹੈ। ਉਹ ਇਕੋ ਲੰਮ੍ਹੇ ਤੇ ਇਕੋ ਮਕਸਦ 'ਤੇ ਹੁੰਦਾ ਹੈ ਤੇ ਇਸ ਲਮਹੇ ਨੂੰ ਬਿਨਾਂ ਤੜਕ ਤੋੜਿਆਂ, ਅਣਹੱਦ ਤੱਕ ਰਬੜ ਵਾਂਗ ਤਾਣ ਸਕਦਾ ਹੈ... ਅਜਿਹੀ ਸੋਚਣੀ, ਕਰਨੀ, ਰਹਿਣੀ, ਵਕਤ ਤੋਂ ਅਮਰ ਹੁੰਦੀ ਹੈ, ਬਾਹਰਲੀ ਦਿਖ ਤੋਂ ਬੇਝੇਪ ਹੁੰਦੀ ਹੈ। ਇਹ ਉਘ ਪਤਾਲ ਤੱਕ ਦੀ ਡੂੰਘੀ ਤੇ ਤੀਬਰ ਰੀਝ ਹੁੰਦੀ ਹੈ, ਜਿਸ ਵਿਚ ਰੂਹ ਅੰਤਰ ਧਿਆਨੀ ਹੋ ਕੇ ਕਿਸੇ ਆਪਣੀ ਹੀ ਕਿਸਮ ਦੀ ਅਵਸਥਾ ਵਿਚ ਰਚ, ਗੁਆਚ ਗਈ ਹੁੰਦੀ ਹੈ ਕਿ ਉਹ ਪ੍ਰਾਣੀ ਆਪਣੇ ਵਜੂਦ, ਇਰਦ-ਗਿਰਦ ਤੋਂ ਬੇਖ਼ਬਰ ਹੁੰਦਾ ਹੈ... ਸਮਝ ਲਵੋ ਕਿ ਇਹ ਅਵਸਥਾ ਅੱਧ-ਪਚੱਧ ਸਮਾਧੀ ਦੀ ਹੁੰਦੀ ਹੈ, ਜਿਸ ਵਿਚ ਅਗਰ ਕੋਈ ਲਾਪਤਾ ਪ੍ਰਕਿਰਿਆ ਹੈ ਤਾਂ ਉਹ ਸਿਰਫ਼ ਸਾਹ ਦੇ ਕੰਟਰੋਲ ਦੀ ਹੈ।
ਕਲਾਕਾਰ ਕਦੇ ਬੁੱਢਾ ਨਹੀਂ ਹੁੰਦਾ
- ਗੌਤਮ ਕੌਲ
ਇਕ ਛੋਟੇ ਜਿਹੇ ਬਰੇਕ ਤੋਂ ਬਾਅਦ 70 ਵਰ੍ਹਿਆਂ ਦੇ ਅਮਿਤਾਭ ਬੱਚਨ ਦੀ ਫ਼ਿਲਮਾਂ 'ਚ ਵਾਪਸੀ ਨੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ  ਕਿ ਇਕ ਫ਼ਿਲਮ ਸਟਾਰ ਨੂੰ ਕਦੋਂ ਸੇਵਾਮੁਕਤ ਹੋਣਾ ਚਾਹੀਦਾ ਹੈ। ਮੇਰੇ ਮੁਤਾਬਕ, ਇਕ ਫ਼ਿਲਮ ਅਭਿਨੇਤਾ ਨੂੰ ਉਦੋਂ ਹੀ ਫ਼ਿਲਮਾਂ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ, ਜਦੋਂ ਪੈਰ ਉਸ ਦੇ ਸਰੀਰ ਦਾ ਭਾਰ ਚੁੱਕਣੋਂ ਇਨਕਾਰੀ ਹੋ ਜਾਣ। ਇਸ ਸਬੰਧੀ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਜਿਹੜੇ ਅਭਿਨੇਤਾ ਸਿਹਤਮੰਦ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਸਰੀਰ ਅਤੇ ਯਾਦਸ਼ਕਤੀ ਉਨ੍ਹਾਂ ਦਾ ਸਾਥ ਦਿੰਦੀ ਹੈ, ਉਨ੍ਹਾਂ ਦੀ ਬਾਜ਼ਾਰ 'ਚ ਮੰਗ ਹੁੰਦੀ ਹੈ।
ਇਕ ਅਭਿਨੇਤਾ ਅਜਿਹਾ ਹੈ, ਜਿਹੜਾ ਦੋਸਤਾਂ ਦੀ ਸਿਫ਼ਾਰਿਸ਼ 'ਤੇ ਹਿੰਦੀ ਸਿਨੇਮਾ 'ਚ ਸਭ ਤੋਂ ਲੰਬੇ ਸਮੇਂ ਤੱਕ ਟਿਕਿਆ ਰਿਹਾ। ਉਹ ਅਵਤਾਰ ਕ੍ਰਿਸ਼ਨ ਹੰਗਲ ਹੈ। ਹੰਗਲ ਦੀ ਉਮਰ ਅੱਜ 96 ਸਾਲਾਂ ਦੀ ਹੈ। ਜੇਕਰ ਫ਼ਿਲਮ ਉਦਯੋਗ ਨੇ ਉਨ੍ਹਾਂ ਦੀ ਗਰੀਬੀ ਦੂਰ ਨਾ ਕੀਤੀ ਹੁੰਦੀ, ਤਾਂ ਉਹ ਕਦੋਂ ਦੇ ਗੁਜ਼ਰ ਚੁੱਕੇ ਹੁੰਦੇ। ਅੱਜ ਉਹ ਬਿਸਤਰੇ 'ਤੇ ਪਏ ਹਨ। ਹਾਲਾਂਕਿ ਉਹ ਚੱਲ-ਫ਼ਿਰ ਨਹੀਂ ਸਕਦੇ, ਪਰ ਬੁਢਾਪੇ ਦਾ ਕੋਈ ਇਲਾਜ ਨਹੀਂ ਹੁੰਦਾ। ਹੰਗਲ ਨੇ ਆਖ਼ਰੀ ਵਾਰ 93 ਸਾਲ ਦੀ ਉਮਰ 'ਚ 'ਹਮਸੇ ਹੈ ਜਹਾਂ' ਫ਼ਿਲਮ ਵਿਚ ਕੰਮ ਕੀਤਾ ਸੀ। ਉਨ੍ਹਾਂ ਲਈ ਅਭਿਨੈ ਦਾ ਦਰਵਾਜ਼ਾ ਹੁਣ ਬੇਸ਼ੱਕ ਬੰਦ ਹੋ ਗਿਆ ਹੈ, ਪਰ ਹਿੰਦੀ ਸਿਨੇਮਾ 'ਚ ਸਭ ਤੋਂ ਲੰਬੀ ਉਮਰ ਤੱਕ ਅਭਿਨੈ ਕਰਨ ਦਾ ਰਿਕਾਰਡ ਤਾਂ ਉਨ੍ਹਾਂ ਦੇ ਨਾਂਅ ਹੀ ਹੈ। ਹੰਗਲ ਸਭ ਤੋਂ ਵਧੇਰੇ ਉਮਰ ਦੇ ਸਾਡੇ ਵਿਚ ਇਸ ਵੇਲੇ ਮੌਜੂਦ ਅਭਿਨੇਤਾ ਹਨ, ਕਿਉਂਕਿ ਬਹੁਤ ਸਾਰੇ ਉਨ੍ਹਾਂ ਤੋਂ ਛੋਟੀ ਉਮਰ ਦੇ ਅਭਿਨੇਤਾ ਵੀ ਕਦੋਂ ਦੇ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ। ਸਭ ਤੋਂ ਵਧੇਰੇ ਉਮਰ ਦੀ ਮਹਿਲਾ ਕਲਾਕਾਰ ਦਾ ਤਾਜ ਅਚਲਾ ਸਚਦੇਵ ਦੇ ਸਿਰ 'ਤੇ ਹੋਣਾ ਚਾਹੀਦਾ ਹੈ। ਸਾਲ 1938 ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਸਚਦੇਵ ਨੇ 200 ਤੋਂ ਵੀ ਵਧੇਰੇ ਹਿੰਦੀ ਅਤੇ ਕੁਝ ਪੰਜਾਬੀ ਫ਼ਿਲਮਾਂ ਕੀਤੀਆਂ ਹਨ। 83 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖ਼ਰੀ ਫ਼ਿਲਮ 'ਕਲ ਹੋ ਨਾ ਹੋ' ਵਿਚ ਕੰਮ ਕੀਤਾ। ਅੱਜ ਉਹ 91 ਵਰ੍ਹਿਆਂ ਦੀ ਹੈ।
ਉਮਰ ਨੂੰ ਮਾਤ ਦੇਣ ਦੀ ਕਲਾ ਵਿਚ ਅਵਤਾਰ ਕ੍ਰਿਸ਼ਨ ਹੰਗਲ ਦੀ ਤੁਲਨਾ ਦੇਵ ਆਨੰਦ ਨਾਲ ਕੀਤੀ ਜਾਣੀ ਚਾਹੀਦੀ ਹੈ। ਦੇਵ ਆਨੰਦ ਅੱਜ 89 ਸਾਲਾਂ ਦੇ ਹਨ, ਪਰ ਉਨ੍ਹਾਂ ਦੇ ਚੱਲਣ-ਫ਼ਿਰਨ ਦੀ ਅਦਾ 60 ਸਾਲ ਦੇ ਵਿਅਕਤੀ ਵਰਗੀ ਹੈ। ਲੰਬੀ ਉਮਰ ਦੇ ਮਾਮਲੇ 'ਚ ਜੇਕਰ ਉਹ ਅਵਤਾਰ ਕ੍ਰਿਸ਼ਨ ਹੰਗਲ ਨੂੰ ਪਿੱਛੇ ਛੱਡ ਦੇਣ, ਤਾਂ ਥੋੜ੍ਹੀ ਜਿਹੀ ਵੀ ਹੈਰਾਨੀ ਨਹੀਂ ਹੋਵੇਗੀ।
ਮਲਿਆਲਮ ਸਿਨੇਮਾ 'ਚ ਸਭ ਤੋਂ ਬਜ਼ੁਰਗ ਫ਼ਿਲਮਕਾਰ ਨਿਰਮਾਤਾ, ਨਿਰਦੇਸ਼ਕ, ਅਭਿਨੇਤਾ, ਕਵੀ ਅਤੇ ਲੇਖਕ ਅੱਪਚਨ ਹਨ। ਉਨ੍ਹਾਂ ਨੇ ਰੰਗਮੰਚ ਦੇ ਨਾਟਕਕਾਰ ਦੇ ਰੂਪ 'ਚ ਆਪਣਾ ਕੈਰੀਅਰ 1934 ਵਿਚ ਸ਼ੁਰੂ ਕੀਤਾ ਸੀ ਅਤੇ ਬਾਅਦ ਵਿਚ ਫ਼ਿਲਮ ਇੰਡਸਟਰੀ ਵਿਚ ਚਲੇ ਗਏ। ਉਹ ਉਨ੍ਹਾਂ ਵਿਰਲੇ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਆਪਣੇ ਸੂਬੇ 'ਚ ਖੇਤਰੀ ਸਿਨੇਮਾ ਨੂੰ ਫ਼ਲਦੇ-ਫ਼ੁਲਦੇ ਦੇਖਿਆ ਹੈ। 94 ਸਾਲ ਦੀ ਉਮਰ ਵਿਚ ਉਹ ਅੱਜ ਵੀ ਫ਼ਿਲਮਾਂ 'ਚ ਅਜਿਹੀਆਂ ਭੂਮਿਕਾਵਾਂ ਲੈਂਦੇ ਹਨ, ਜਿਨ੍ਹਾਂ 'ਚ ਭੱਜ-ਦੌੜ ਨਾ ਕਰਨੀ ਪਵੇ। ਪਰਦੇ 'ਤੇ ਉਨ੍ਹਾਂ ਨੂੰ ਕੁਰਸੀ 'ਤੇ ਜਾਂ ਬਰਾਮਦੇ ਵਿਚ ਬੈਠਿਆਂ ਆਕਾਸ਼ ਵੱਲ ਦੇਖਦਿਆਂ ਆਪਣੇ ਸੰਵਾਦ ਬੋਲਦਿਆਂ ਦੇਖਿਆ ਜਾ ਸਕਦਾ ਹੈ।
ਦੂਜੀ ਪੀੜ੍ਹੀ ਦੇ ਬਜ਼ੁਰਗ ਕਲਾਕਾਰਾਂ 'ਚ ਹਿੰਦੀ ਸਿਨੇਮਾ ਦੀ ਸਭ ਤੋਂ ਪੁਰਾਣੀ ਕਲਾਕਾਰ ਵਹੀਦਾ ਰਹਿਮਾਨ ਹੈ, ਜਿਹੜੀ 77 ਸਾਲ ਤੋਂ ਵੀ ਵਧੇਰੇ ਉਮਰ ਵਿਚ ਸਰਗਰਮ ਹੈ। ਹਾਲਾਂਕਿ ਉਨ੍ਹਾਂ ਤੋਂ ਕੁਝ ਹੀ ਮਹੀਨੇ ਛੋਟੀ ਮਾਲਾ ਸਿਨਹਾ ਫ਼ਿਲਮ ਜਾਂ ਟੈਲੀਵਿਜ਼ਨ, ਕਿਤੇ ਵੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦੀ ਪ੍ਰਤਿਭਾ ਅਛੋਪਲੇ ਜਿਹੇ ਹੀ ਗੁਆਚ ਗਈ, ਕਿਉਂਕਿ ਉਹ ਨਿਰਮਾਤਾਵਾਂ ਦੇ ਸਾਹਮਣੇ ਆਪਣੇ-ਆਪ ਨੂੰ ਪੇਸ਼ ਕਰਨ ਦੀ ਇਛੁੱਕ ਨਹੀਂ ਸੀ।
ਤੇਲਗੂ ਸਿਨੇਮਾ ਵਿਚ 74 ਸਾਲਾਂ ਦੀ ਬੀ ਸਰੋਜਾ ਦੇਵੀ ਹੁਣ ਵੀ ਛੋਟੀਆਂ-ਮੋਟੀਆਂ ਭੂਮਿਕਾਵਾਂ ਵਿਚ ਸਰਗਰਮ ਹੈ।
ਪੱਛਮ, ਖ਼ਾਸ ਕਰਕੇ ਹਾਲੀਵੁੱਡ 'ਚ ਚੰਗੀ ਸਿਹਤ ਕਾਰਨ ਕਲਾਕਾਰ ਵਧੇਰੇ ਉਮਰ 'ਚ ਵੀ ਅਭਿਨੈ ਕਾਰਨ ਚਰਚਾ ਵਿਚ ਬਣੇ ਰਹੇ ਹਨ। ਉਦਾਹਰਣ ਦੇ ਤੌਰ 'ਤੇ ਜੇਸਿਕਾ ਟੈਂਡੀ ਨੂੰ 81 ਸਾਲ ਦੀ ਉਮਰ ਵਿਚ 'ਡਰਾਈਵਿੰਗ ਮਿਸ ਡੇਜੀ' ਵਿਚ ਆਪਣੀ ਦਮਦਾਰ ਭੂਮਿਕਾ ਲਈ ਬਿਹਤਰੀਨ ਅਭਿਨੇਤਰੀ ਦਾ ਆਸਕਰ ਐਵਾਰਡ ਮਿਲਿਆ। ਜੇਸਿਕਾ ਟੈਂਡੀ ਦਾ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ, ਪਰ ਲੰਬੇ ਸਮੇਂ ਤੱਕ ਉਸ ਫ਼ਿਲਮ 'ਚ ਆਪਣੀ ਬਿਹਤਰੀਨ ਅਦਾਕਾਰੀ ਲਈ ਉਹ ਯਾਦ ਕੀਤੀ ਜਾਂਦੀ ਰਹੀ। ਟੈਂਡੀ ਤੋਂ ਦਸ ਸਾਲ ਛੋਟੀ ਜੂਡੀ ਡੇਂਚ ਨੂੰ ਵੀ ਇਕ ਬਾਂਡ ਫ਼ਿਲਮ 'ਚ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਇਸ ਸਮੇਂ ਅਮਰੀਕੀ ਫ਼ਿਲਮ ਉਦਯੋਗ 'ਚ ਬੇਟੀ ਹਵਾਈਟ ਸਾਰਿਆਂ ਤੋਂ ਬਜ਼ੁਰਗ ਅਭਿਨੇਤਰੀ ਹੈ। 89 ਸਾਲ ਦੀ ਉਮਰ ਵਿਚ ਵੀ ਫ਼ਿਲਮ ਅਤੇ ਟੈਲੀਵਿਜ਼ਨ  ਪ੍ਰੋਗਰਾਮਾਂ ਵਿਚ ਰੁੱਝੀ ਹਵਾਈਟ ਦੇ ਕੋਲ ਫ਼ੁਰਸਤ ਨਹੀਂ ਹੈ।
ਕਲਾਕਾਰ, ਖ਼ਾਸ ਕਰਕੇ ਪੁਰਸ਼ ਕਲਾਕਾਰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਸਰੀਰ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਇਸ ਲਈ ਮਹਿਲਾ ਕਲਾਕਾਰਾਂ ਦੀ ਤੁਲਨਾ 'ਚ ਘੱਟ ਜਿਊਂਦੇ ਹਨ। ਭਾਰਤ 'ਚ ਸ਼ਰਾਬ ਦੀ ਵਧੇਰੇ ਵਰਤੋਂ, ਸਵੈ-ਇੱਛਾਚਾਰੀ ਜੀਵਨ, ਅਨਿਯਮਤ ਭੋਜਨ ਦੀ ਆਦਤ ਆਦਿ ਦਾ ਅਭਿਨੇਤਾਵਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। 60 ਸਾਲ ਤੱਕ ਪਹੁੰਚਦੇ-ਪਹੁੰਚਦੇ ਉਹ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਸ਼ਰਾਬ ਪੀਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ।
ਕਲਾਕਾਰਾਂ ਦੀ ਉਮਰ ਘੱਟ ਹੋਣ ਪਿੱਛੇ ਉਨ੍ਹਾਂ ਵਲੋਂ ਚੁਣੇ ਗਏ ਕਿਰਦਾਰਾਂ ਦੀ ਵੀ ਭੂਮਿਕਾ ਹੁੰਦੀ ਹੈ। ਅਵਤਾਰ ਕ੍ਰਿਸ਼ਨ ਹੰਗਲ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਉਨ੍ਹਾਂ ਨੇ ਅਭਿਨੈ ਉਸ ਉਮਰ ਵਿਚ ਸ਼ੁਰੂ ਕੀਤਾ, ਜਦੋਂ ਲੋਕ ਸੰਨਿਆਸ ਲੈਣ ਬਾਰੇ ਸੋਚਦੇ ਹਨ। ਹੰਗਲ ਜਾਣਦੇ ਸਨ ਕਿ ਇਸ ਉਮਰ 'ਚ ਹੀਰੋ ਦੀ ਭੂਮਿਕਾ ਕੋਈ ਦੇਵੇਗਾ ਨਹੀਂ, ਇਸ ਲਈ ਉਨ੍ਹਾਂ ਨੇ ਛੋਟੀਆਂ ਪਰ ਯਾਦਗਾਰ ਭੂਮਿਕਾਵਾਂ ਚੁਣੀਆਂ।
'ਆਈਨਾ', 'ਦੀਕਸ਼ਾ' ਅਤੇ 'ਸ਼ੋਅਲੇ' ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ। ਭਵਿੱਖ ਵਿਚ ਅਨੁਪਮ ਖੇਰ ਵੀ ਇਸੇ ਤਰ੍ਹਾਂ ਯਾਦ ਕੀਤੇ ਜਾਣਗੇ, ਕਿਉਂਕਿ ਆਪਣੇ ਅਭਿਨੈ ਕਾਰਨ ਉਹ ਆਪਣੇ ਕਈ ਸਮਕਾਲੀ ਅਭਿਨੇਤਾਵਾਂ ਦੀ ਤੁਲਨਾ 'ਚ ਜ਼ਿਆਦਾ ਹਰਮਨ-ਪਿਆਰੇ ਹਨ।
ਬਜ਼ੁਰਗ ਅਭਿਨੇਤਾਵਾਂ ਦੀ ਹਰਮਨ-ਪਿਆਰਤਾ ਬਾਜ਼ਾਰ 'ਤੇ ਵੀ ਨਿਰਭਰ ਕਰਦੀ ਹੈ। ਕੁਝ ਸਾਲ ਪਹਿਲਾਂ ਤੱਕ ਬਜ਼ੁਰਗ ਅਭਿਨੇਤਾ ਨਹੀਂ ਮਿਲਦੇ ਸਨ, ਸੋ ਨੌਜਵਾਨਾਂ ਨੂੰ ਹੀ ਮੇਕਅੱਪ ਰਾਹੀਂ ਬੁੱਢਾ ਬਣਾ ਦਿੱਤਾ ਜਾਂਦਾ ਸੀ। ਅੱਜ ਅਜਿਹੀ ਗੱਲ ਨਹੀਂ ਹੈ। ਫ਼ਿਰ ਅੱਜ ਬਜ਼ੁਰਗਾਂ ਦੀ ਫ਼ਿਲਮਾਂ ਵਿਚ ਮੰਗ ਵੀ ਹੈ। 'ਬਾਗਵਾਨ' ਦੀ ਸਫ਼ਲਤਾ ਇਸੇ ਦੀ ਉਦਾਹਰਣ ਹੈ। ਅਮਿਤਾਭ ਬੱਚਨ ਇਸ ਉਮਰ 'ਚ ਫ਼ਿਲਮਾਂ 'ਚ ਜਿਸ ਤਰ੍ਹਾਂ ਸਫ਼ਲ ਹੈ, ਉਹ ਹਿੰਦੀ ਫ਼ਿਲਮ ਦੁਨੀਆਂ ਵਿਚ ਬਜ਼ੁਰਗਾਂ ਦੀ ਵੱਧਦੀ ਅਹਿਮੀਅਤ ਦਾ ਹੀ ਸਬੂਤ ਹੈ। 

No comments:

Post a Comment