ਗ਼ਦਰ ਲਹਿਰ ਦਾ ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ
ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅਨੇਕਾਂ ਸਿਰਲੱਥ ਯੋਧਿਆਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ। ਇਨ੍ਹਾਂ ਆਜ਼ਾਦੀ ਪ੍ਰਵਾਨਿਆਂ ਦੀ ਲੰਮੀ ਸੂਚੀ ਵਿੱਚ ਇੱਕ ਅਜਿਹਾ ਨਾਂ ਵੀ ਦਰਜ ਹੈ, ਜਿਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਅਜਿਹੇ ਸਾਹਸ ਭਰੇ ਕਾਰਨਾਮੇ ਕਰ ਦਿਖਾਏ ਜਿਨ੍ਹਾਂ ਦੀ ਬਦੌਲਤ ਉਸ ਦਾ ਨਾਂ ਆਜ਼ਾਦੀ ਸੰਗਰਾਮ ਦੇ ਅੰਬਰ ਵਿੱਚ ਅੱਜ ਵੀ ਧਰੂ ਤਾਰੇ ਵਾਂਗ ਚਮਕਦਾ ਹੈ। ਜਦ-ਜਦ ਵੀ ਆਜ਼ਾਦੀ ਸੰਗਰਾਮ ਦੀ ਤਵਾਰੀਖ ਲਿਖੀ ਜਾਵੇਗੀ ਤਾਂ ਉਸ ਦਾ ਜ਼ਿਕਰ ਹਮੇਸ਼ਾ ਪਹਿਲੀਆਂ ਸਫ਼ਾਂ ਵਿੱਚ ਕੀਤਾ ਜਾਵੇਗਾ, ਹਰ ਸਮੇਂ ਮੌਤ ਨੂੰ ਮਖੌਲਾਂ ਕਰਨ ਵਾਲੇ ਓਸ ਸਿਰੜੀ ਯੋਧੇ ਦਾ ਨਾਂ ਕਰਤਾਰ ਸਿੰਘ ਸਰਾਭਾ ਸੀ।
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ੍ਰੀ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿੱਚ ਹੀ ਉਸ ਦੇ ਸਿਰ ਉੱਤੋਂ ਮਾਂ-ਬਾਪ ਦਾ ਸਾਇਆ ਹਮੇਸ਼ਾ ਲਈ ਉਠ ਗਿਆ। ਉਸ ਦੇ ਦਾਦਾ ਬਚਨ ਸਿੰਘ ਨੇ ਮਾਪਿਆਂ ਦਾ ਫਰਜ਼ ਨਿਭਾਉਂਦਿਆਂ ਹੋਇਆਂ ਉਸ ਦਾ ਪਾਲਣ-ਪੋਸ਼ਣ ਪੂਰੇ ਲਾਡਾਂ ਅਤੇ ਚਾਵਾਂ ਨਾਲ ਕੀਤਾ। ਉਹ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ-ਨਾਲ ਕਾਫ਼ੀ ਸ਼ਰਾਰਤੀ ਵੀ ਸੀ।
ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਲਈ ਸੰਨ 1911 ਨੂੰ ਅਮਰੀਕਾ ਚਲਾ ਗਿਆ। ਇੱਥੇ ਆ ਕੇ ਉਸ ਨੇ ਬਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇੱਥੇ ਹੀ ਉਸ ਦੀ ਮੁਲਾਕਾਤ ਦੇਸ਼ ਭਗਤ ਲਾਲਾ ਹਰਦਿਆਲ ਜੀ ਨਾਲ ਹੋਈ ਜੋ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੂੰ ਸੰਗਠਿਤ ਕਰਕੇ ਹਥਿਆਰਬੰਦ ਇਨਕਲਾਬ ਲਿਆਉਣ ਦੀਆਂ ਸਕੀਮਾਂ ਬਣਾ ਰਹੇ ਸਨ। ਲਾਲਾ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਰਾਭਾ ਵੀ ਇਸ ਲਹਿਰ ਦਾ ਅੰਗ ਬਣ ਗਿਆ। ਅਮਰੀਕਾ ਵਿੱਚ ਭਾਰਤੀਆਂ ਨਾਲ ਗੋਰਿਆਂ ਵੱਲੋਂ ਕੀਤੇ ਜਾਂਦੇ ਮਾੜੇ ਵਿਵਹਾਰ ਨੂੰ ਦੇਖ ਕੇ ਉਸ ਦਾ ਖ਼ੂਨ ਖੌਲ ਉੱਠਿਆ ਅਤੇ ਉਸ ਦੇ ਦਿਲ ਅੰਦਰ ਅੰਗਰੇਜ਼ਾਂ ਵਿਰੁੱਧ ਬਗਾਵਤ ਦੇ ਭਾਂਬੜ ਮੱਚਣੇ ਸ਼ੁਰੂ ਹੋ ਗਏ।
21 ਅਪਰੈਲ 1913 ਨੂੰ ਹਿੰਦੀ ਮਜ਼ਦੂਰਾਂ ਵੱਲੋਂ ਮਿਲ ਕੇ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਇੱਕ ਜਥੇਬੰਦੀ ਕਾਇਮ ਕੀਤੀ ਗਈ। ਇਸ ਸਮੇਂ ਕਰਤਾਰ ਸਿੰਘ ਸਰਾਭਾ ਵੀ ਇਨ੍ਹਾਂ ਹਿੰਦੀ ਮਜ਼ਦੂਰਾਂ ਵਿੱਚ ਸ਼ਾਮਲ ਸੀ। ਇਸ ਜਥੇਬੰਦੀ ਦਾ ਮੁੱਖ ਮਕਸਦ ਲੋਕਾਂ ਦੇ ਦਿਲਾਂ ਅੰਦਰ ਅੰਗਰੇਜ਼ਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਲਈ ਲਾਮਬੰਦ ਕਰਨਾ ਸੀ। ਦੇਸ਼ ਭਗਤਾਂ ਨੇ ਗ਼ਦਰ ਦੀ ਚੰਗਿਆੜੀ ਨੂੰ ਭਾਂਬੜ ਵਿੱਚ ਬਦਲਣ ਲਈ 1 ਨਵੰਬਰ 1913 ਨੂੰ ਹਫ਼ਤਾਵਾਰੀ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਕੱਢਿਆ। ਇਸ ਅਖ਼ਬਾਰ ਦੀ ਲੋਕਪ੍ਰਿਯਤਾ ਦਿਨੋ-ਦਿਨ ਵੱਧਣ ਲੱਗੀ ਅਤੇ ਲੋਕ ਗ਼ਦਰ ਲਹਿਰ ਨਾਲ ਜੁੜਨ ਲਈ ਉਤਾਵਲੇ ਹੋਣ ਲੱਗੇ। ਇਸ ਅਖ਼ਬਾਰ ਨੂੰ ਛਾਪਣ ਦੀ ਵਧੇਰੇ ਜ਼ਿੰਮੇਵਾਰੀ ਸਰਾਭੇ ਦੇ ਸਿਰ ਉਪਰ ਹੀ ਸੀ। ਉਹ ਅਖ਼ਬਾਰ ਨੂੰ ਛਾਪਣ ਲਈ ਜਿੱਥੇ ਮਸ਼ੀਨ ਚਲਾਉਂਦਾ ਸੀ ਉੱਥੇ ਹੀ ਉਹ ਅਖ਼ਬਾਰ ਵਿੱਚ ਛਪਣ ਲਈ ਆਉਣ ਵਾਲੀਆਂ ਰਚਨਾਵਾਂ ਦਾ ਉਲੱਥਾ ਵੀ ਕਰਦਾ ਸੀ। ਉਹ ਖ਼ੁਦ ਵੀ ਅਖ਼ਬਾਰ ਲਈ ਰਚਨਾਵਾਂ ਲਿਖਦਾ ਸੀ। ਉਸ ਨੇ ਅਖ਼ਬਾਰ ਦੀ ਸਫਲਤਾ ਲਈ ਅਣਥੱਕ ਮਿਹਨਤ ਕੀਤੀ। ਗ਼ਦਰ ਅਖ਼ਬਾਰ ਦਾ ਲੋਕਾਂ ਉਪਰ ਐਨਾ ਜ਼ਿਆਦਾ ਪ੍ਰਭਾਵ ਪਿਆ ਕਿ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਮੀ ਜਥੇਬੰਦੀ ਦਾ ਨਾਂ ਗ਼ਦਰ ਪਾਰਟੀ ਵਜੋਂ ਉੱਭਰਨਾ ਆਰੰਭ ਹੋ ਗਿਆ।
ਲੋਕ ਮਨਾਂ ਅੰਦਰ ਚੇਤਨਾ ਦੇ ਦੀਪ ਜਗਾਉਣ ਲਈ ਗ਼ਦਰੀ ਕਾਮਿਆਂ ਵੱਲੋਂ ਇਨਕਲਾਬੀ ਰਚਨਾਵਾਂ ਨੂੰ ਇਕੱਤਰ ਕਰਕੇ ਗ਼ਦਰ ਗੂੰਜ ਦੇ ਨਾਂ ਹੇਠ ਛਾਪਿਆ ਗਿਆ ਜੋ ਲੋਕਾਂ ਵਿੱਚ ਬੇਹੱਦ ਮਕਬੂਲ ਹੋਈਆਂ ਅਤੇ ਉਨ੍ਹਾਂ ਦੇ ਖ਼ੂਨ ਵਿੱਚ ਰਚ ਗਈਆਂ। ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜੁਲਾਈ 1914 ਨੂੰ ਕਰਤਾਰ ਸਿੰਘ ਸਰਾਭਾ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਰਤ ਆ ਗਿਆ। ਉਸ ਦੇ ਅਨੇਕਾਂ ਸਾਥੀ ਕਲਕੱਤਾ ਅਤੇ ਮਦਰਾਸ ਵਿੱਚ ਫੜੇ ਗਏ। ਉਸ ਨੇ ਭਾਰਤ ਆਉਂਦਿਆਂ ਹੀ ਜੰਗੀ ਪੱਧਰ ’ਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਉਕਸਾਉਣ ਲੱਗਾ। ਉਸ ਨੇ ਪਾਰਟੀ ਲਈ ਧਨ ਦਾ ਪ੍ਰਬੰਧ ਕਰਨ ਵਾਸਤੇ ਡਾਕੇ ਮਾਰੇ, ਹਥਿਆਰ ਇਕੱਠੇ ਕੀਤੇ, ਲੋਕਾਂ ਨੂੰ ਗ਼ਦਰ ਲਈ ਲਾਮਬੰਦ ਕੀਤਾ। ਇਸ ਤੋਂ ਇਲਾਵਾ ਫੌਜੀ ਛਾਉਣੀਆਂ ਵਿੱਚ ਜਾ ਕੇ ਫੌਜੀ ਭਰਾਵਾਂ ਨੂੰ ਗ਼ਦਰੀਆਂ ਦਾ ਸਾਥ ਦੇਣ ਲਈ ਮਨਾਇਆ।
ਜਦੋਂ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਤਾਂ ਗ਼ਦਰੀਆਂ ਨੇ 21 ਫਰਵਰੀ 1915 ਨੂੰ ਭਾਰਤ ਅੰਦਰ ਗ਼ਦਰ ਮਚਾਉਣ ਦੀ ਯੋਜਨਾ ਬਣਾਈ। ਪ੍ਰੰਤੂ ਅੰਗਰੇਜ਼ੀ ਸਰਕਾਰ ਦੇ ਪਿੱਠੂ ਕਿਰਪਾਲ ਸਿੰਘ ਨੇ ਗ਼ਦਰੀਆਂ ਦੀ ਇਸ ਯੋਜਨਾ ਬਾਰੇ ਸਰਕਾਰ ਨੂੰ ਮੁਖਬਰੀ ਕਰ ਦਿੱਤੀ, ਜਿਸ ਕਾਰਨ ਗ਼ਦਰ ਦੀ ਤਰੀਕ ਬਦਲ ਕੇ 19 ਫਰਵਰੀ ਕਰਨੀ ਪਈ। ਇਹ ਗ਼ਦਰੀਆਂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਰਕਾਰ ਨੂੰ ਇਸ ਤਰੀਕ ਦਾ ਵੀ ਪਤਾ ਲੱਗ ਗਿਆ। ਜਿਸ ਕਾਰਨ ਸਰਕਾਰ ਨੇ ਗ਼ਦਰੀਆਂ ਦਾ ਸਾਥ ਦੇਣ ਵਾਲੇ ਭਾਰਤੀ ਫੌਜੀਆਂ ਕੋਲੋਂ ਹਥਿਆਰ ਖੋਹ ਲਏ ਅਤੇ ਅਨੇਕਾਂ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ। ਇਸ ਸਮੇਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਕੁਝ ਸਾਥੀ ਇੱਕ ਵਾਰ ਤਾਂ ਪੁਲੀਸ ਦੀ ਗ੍ਰਿਫਤ ਵਿੱਚ ਆਉਣ ਤੋਂ ਬਚ ਨਿਕਲੇ, ਪ੍ਰੰਤੂ ਕੁਝ ਦਿਨਾਂ ਬਾਅਦ ਹੀ ਰਸਾਲਦਾਰ ਗੰਡਾ ਸਿੰਘ ਵੱਲੋਂ ਕੀਤੀ ਮੁਖ਼ਬਰੀ ਕਾਰਨ ਸਰਾਭਾ ਆਪਣੇ ਦੋ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਸਮੇਤ ਫੜਿਆ ਗਿਆ। ਅੰਗਰੇਜ਼ ਸਰਕਾਰ ਵੱਲੋਂ ਗ਼ਦਰੀਆਂ ਉਪਰ ਅਨੇਕਾਂ ਸੰਗੀਨ ਜੁਰਮ ਲਗਾ ਕੇ ਮੁਕੱਦਮੇ ਦਰਜ ਕੀਤੇ ਗਏ। ਅਖੀਰ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਰਾਭੇ ਸਮੇਤ 24 ਗ਼ਦਰੀ ਯੋਧਿਆਂ ਨੂੰ ਫਾਂਸੀ, 17 ਨੂੰ ਉਮਰ ਕੈਦ ਕਾਲੇ ਪਾਣੀ ਅਤੇ ਕੁਝ ਕੁ ਨੂੰ ਇਸ ਤੋਂ ਘੱਟ ਸਜ਼ਾਵਾਂ ਸੁਣਾਈਆਂ ਗਈਆਂ।
ਅੰਗਰੇਜ਼ ਹਕੂਮਤ ਦੇ ਇਸ ਫੈਸਲੇ ਖ਼ਿਲਾਫ਼ ਪੂਰੇ ਦੇਸ਼ ਅੰਦਰ ਵਿਦਰੋਹ ਦੀ ਅੱਗ ਭੜਕ ਉੱਠੀ। ਲੋਕਾਂ ਦਾ ਗੁੱਸਾ ਜਵਾਲਾ-ਮੁਖੀ ਬਣ ਕੇ ਫੁੱਟਣ ਲੱਗਾ। ਅੰਤ ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਨੇ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਪ੍ਰੰਤੂ ਸਰਾਭੇ ਸਮੇਤ ਉਸ ਦੇ 6 ਸਾਥੀਆਂ ਦੇ ਜੁਰਮਾਂ ਨੂੰ ਵਧੇਰੇ ਸੰਗੀਨ ਮੰਨਦਿਆਂ ਸਰਕਾਰ ਨੇ ਉਨ੍ਹਾਂ ਦੀ ਸਜ਼ਾ ਵਿੱਚ ਕੋਈ ਕਟੌਤੀ ਨਹੀਂ ਕੀਤੀ। ਅਖੀਰ 16 ਨਵੰਬਰ 1915 ਨੂੰ ਭਾਰਤ ਮਾਂ ਦਾ ਅਣਖੀ ਪੁੱਤ ਕਰਤਾਰ ਸਿੰਘ ਸਰਾਭਾ ਆਪਣੇ 6 ਹੋਰ ਸਾਥੀਆਂ ਸਮੇਤ ਇਨਕਲਾਬੀ ਗੀਤ ਗਾਉਂਦਾ ਹੋਇਆ ਫਾਂਸੀ ਚੜ੍ਹ ਗਿਆ। ਦੇਸ਼ ਲਈ ਕੀਤੀ ਲਾਸਾਨੀ ਕੁਰਬਾਨੀ ਕਾਰਨ ਉਹ ਅੱਜ ਵੀ ਭਾਰਤ ਵਾਸੀਆਂ ਦੇ ਦਿਲਾਂ ਅੰਦਰ ਵਸਿਆ ਹੋਇਆ ਹੈ। ਆਜ਼ਾਦੀ ਸੰਗਰਾਮ ਦੇ ਇਸ ਮਹਾਂਨਾਇਕ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।
* ਜੁਗਿੰਦਰਪਾਲ ਕਿਲ੍ਹਾ ਨੌਂ, ਸੰਪਰਕ: 98155-92951
No comments:
Post a Comment