Friday, 11 October 2013

ਖ਼ਾਲਸਾ ਪੰਥ ਦੇ ਜਾਹੋ-ਜਲਾਲ ਦਾ ਲਖਾਇਕ ਹੋਲਾ ਮਹੱਲਾ

ਭਾਰਤ ਦੇਸ਼ ਮੇਲਿਆਂ ਤੇ ਤਿਓਹਾਰਾਂ ਦਾ ਦੇਸ਼ ਹੈ।  ਪੁਰਾਤਨ ਸਮੇਂ ਤੋਂ ਹੀ ਹਿੰਦੋਸਤਾਨੀ ਲੋਕ ਆਪਣੀ ਸੱਭਿਅਤਾ, ਮਿਥਿਹਾਸਕ ਅਤੇ ਇਤਿਹਾਸਕ ਘਟਨਾਵਾਂ ਦੀ ਸੰਜੀਵਤਾ ਕਾਇਮ ਰੱਖਣ ਲਈ ਮੇਲੇ ਤੇ ਤਿਓਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਉਂਦੇ ਹਨ। ਇਸ ਤਰ੍ਹਾਂ ਹੋਲੀ ਵੀ ਭਾਰਤੀ ਲੋਕਾਂ ਦਾ ਖੁਸ਼ੀ ਭਰਿਆ ਇਕ ਰੰਗੀਨ ਤਿਓਹਾਰ ਹੈ। ਜਿਸ ਤਰ੍ਹਾਂ ਬਹੁਤ ਸਾਰੇ ਤਿਓਹਾਰਾਂ ਦਾ ਸਬੰਧ ਬਦਲਦੇ ਮੌਸਮਾਂ, ਮਿਥਿਹਾਸ ਤੇ ਇਤਿਹਾਸਕ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ, ਇਸ ਤਰ੍ਹਾਂ ਹੋਲੀ ਵੀ ਸਰਦ ਰੁੱਤ ਪਿੱਛੋਂ ਬਸੰਤ ਦੀ ਸੁਹਾਵਣੀ ਤੇ ਖੇੜੇ ਭਰਪੂਰ ਰੁੱਤ ਦੇ ਆਗਮਨ ਦੀ ਖੁਸ਼ੀ ਦਾ ਤਿਓਹਾਰ ਹੈ।
'ਹੋਲੀ' ਸਮੁੱਚੇ ਭਾਰਤ ਦਾ ਅਤੇ 'ਹੋਲਾ ਮਹੱਲਾ' ਕੇਵਲ ਪੰਜਾਬ ਦਾ, ਖ਼ਾਸ ਕਰਕੇ ਸਿੱਖ ਕੌਮ ਦਾ ਇਕ ਪ੍ਰਸਿੱਧ ਮੌਸਮੀ ਤਿਓਹਾਰ ਹੈ। ਹੋਲੀ ਹਰੇਕ ਸਾਲ ਫ਼ੱਗਣ ਸ਼ੁਦੀ 8 ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਪੂਰਨਮਾਸ਼ੀ ਨੂੰ ਸਮਾਪਤ ਹੁੰਦੀ ਹੈ। 'ਹੋਲਾ' ਉਸ ਤੋਂ ਅਗਲੇ ਦਿਨ, ਚੇਤ ਵਦੀ 1 ਨੂੰ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਤਿਓਹਾਰਾਂ ਦੀ ਵਿਚਾਰਧਾਰਾ ਵਿਚ ਕਾਫ਼ੀ ਫ਼ਰਕ ਹੈ। ਗੁਰੂ ਸਾਹਿਬਾਨ ਨੇ
ਜਿਥੇ 'ਹੋਲੀ' ਨੂੰ ਇਕ-ਦੂਜੇ 'ਤੇ ਰੰਗ ਸੁੱਟਣ ਦੀ ਦੁਨਿਆਵੀ ਖੇਡ ਦੀ ਥਾਂ ਗੁਰਮਤਿ ਦੇ ਰੂਹਾਨੀ ਪੰਧ ਦੀਆਂ ਅਧਿਆਤਮਿਕ ਉਚਾਈਆਂ ਤੱਕ ਪਹੁੰਚਣ ਦੇ ਖੇੜੇ ਦੀ ਪ੍ਰਤੀਕ ਦੱਸਿਆ ਹੈ, ਉਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਹੋਲੇ ਮਹੱਲੇ' ਦਾ ਸਿਧਾਂਤ ਪੇਸ਼ ਕਰਦਿਆਂ, ਹੋਲੀ ਨੂੰ ਨਵੇਂ ਉਸਾਰੂ ਤੇ ਜੋਸ਼ੀਲੇ ਰੂਪ ਵਿਚ ਪੇਸ਼ ਕੀਤਾ।
ਕਈ ਲੋਕ ਹੋਲੀ ਨੂੰ ਮੌਸਮੀ ਤਿਓਹਾਰ ਦੇ ਰੂਪ ਵਿਚ ਮਨਾਉਂਦੇ ਹਨ। ਇਸ ਸਮੇਂ ਪਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ। ਕੁਦਰਤ ਨਵੀਂ ਨੁਹਾਰ ਲੈ ਕੇ ਆਉਂਦੀ ਹੈ ਤੇ ਹਰ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਕਹਿਰਾਂ ਦੀ ਠੰਡ ਪਿੱਛੋਂ ਬਸੰਤ ਦੀ ਸੁਹਾਵਣੀ ਤੇ ਖੇੜਿਆਂ ਭਰੀ ਰੁੱਤ ਦਾ ਆਨੰਦ ਲੈਣ ਵਜੋਂ ਹੋਲੀ ਖੇਡੀ ਜਾਂਦੀ ਹੈ। ਹੋਲੀ ਨੂੰ 'ਫ਼ਾਗਾ' ਵੀ ਕਿਹਾ ਜਾਂਦਾ ਹੈ। 'ਫ਼ਾਗਾ' ਤੋਂ ਭਾਵ  ਫ਼ੱਗਣ ਮਹੀਨਾ ਜਾਂ ਬਸੰਤ ਰੁੱਤ ਹੈ। ਬਸੰਤ ਨੂੰ ਗੁਰਸਿੱਖ ਦੇ ਅਧਿਆਤਮਕ ਮੰਡਲ ਵਿਚ ਪ੍ਰਭੂ ਪ੍ਰੇਮ ਲਈ ਇਕ ਨਵਾਂ ਖੇੜਾ, ਚਾਅ ਮੰਨਿਆ ਜਾਂਦਾ ਹੈ। ਗੁਰਸਿੱਖ ਲਈ ਇਹ ਮਹਾਂ ਅਨੰਦ, ਮੰਗਲਾਚਾਰ, ਚਿੰਤਾ ਰਹਿਤ ਦਾ ਸਮਾਂ ਹੁੰਦਾ ਹੈ। ਅਜਿਹਾ ਸੁੰਦਰ ਨਜ਼ਾਰਾ ਰੱਬ ਦੇ ਪਿਆਰਿਆਂ ਦੇ ਅੰਦਰ ਇਕ ਅਜੀਬ ਕਿਸਮ ਦੀ ਝਰਨਾਹਟ ਪੈਦਾ ਕਰ ਦਿੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਰਥ ਦੇ ਮਾਰਗ ਨੂੰ ਆਨੰਦਮਈ ਹੋਲੀ ਦੇ ਰੂਪ ਵਿਚ ਖੇਡਣ ਦੀ ਇਸ ਤਰ੍ਹਾਂ ਪ੍ਰੇਰਨਾ ਕੀਤੀ ਹੈ :
ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਾਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥੧॥
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍ਹ ਬੇਅੰਤ॥੧॥ ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥੨॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1180)
ਸਾਡੇ ਦੇਸ਼ ਦਾ ਹਰ ਤਿਓਹਾਰ ਆਪਣੇ ਪਿਛੋਕੜ ਵਿਚ ਕੋਈ ਨਾ ਕੋਈ ਇਤਿਹਾਸਕ ਜਾਂ ਮਿਥਿਹਾਸਕ ਘਟਨਾ ਜ਼ਰੂਰ ਰੱਖਦਾ ਹੈ, ਜਿਸ ਦਾ ਸਾਡੇ ਸਮਾਜਿਕ ਜੀਵਨ ਨਾਲ ਡੂੰਘਾ ਸਬੰਧ ਹੁੰਦਾ ਹੈ। ਹੋਲੀ ਮਨਾਉਣ ਦੀ ਰੀਤ ਕਿਵੇਂ ਸ਼ੁਰੂ ਹੋਈ, ਇਸ ਦੀ ਕੀ ਸਾਰਥਿਕਤਾ ਸੀ ਅਤੇ ਉਸ ਤੋਂ ਬਾਅਦ ਹੋਲਾ ਕਿਵੇਂ ਸ਼ੁਰੂ ਹੋਇਆ, ਇਨ੍ਹਾਂ ਦੋਵਾਂ ਪੱਖਾਂ ਦਾ ਮਿਥਿਹਾਸ ਅਤੇ ਇਤਿਹਾਸ ਨਾਲ ਸਬੰਧ ਹੈ। ਹਿੰਦੂ ਧਰਮ ਨਾਲ ਸਬੰਧਤ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਰਾਜੇ ਹਰਨਾਖਸ਼ ਨੇ ਭਗਤੀ ਕਰਕੇ ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਕਿ ਉਹ ਨਾ ਦਿਨ ਨੂੰ ਤੇ ਨਾ ਰਾਤ ਨੂੰ, ਨਾ ਮਨੁੱਖ ਤੋਂ ਤੇ ਨਾ ਹੀ ਪਸ਼ੂ ਕੋਲੋਂ ਮਰ ਸਕੇਗਾ। ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਤੇ ਉਹ ਹੰਕਾਰ ਵਿਚ ਅੰਨ੍ਹਾ ਹੋ ਕੇ ਪ੍ਰਮਾਤਮਾ ਦਾ ਸ਼ਰੀਕ ਬਣ ਬੈਠਾ ਤੇ ਉਸ ਨੇ ਆਪਣੇ ਰਾਜ ਵਿਚ ਹਰੇਕ ਨੂੰ ਪ੍ਰਮਾਤਮਾ ਦਾ ਨਾਮ ਛੱਡ ਕੇ 'ਹਰਨਾਖਸ਼' ਦਾ ਨਾਮ ਜਪਣ ਦਾ ਫ਼ੁਰਮਾਨ ਕਰ ਦਿੱਤਾ, ਪਰ ਉਸ ਦੇ ਆਪਣੇ ਘਰ ਵਿਚ ਉਸ ਦਾ ਪੁੱਤਰ ਭਗਤ ਪ੍ਰਹਿਲਾਦ ਹੀ ਉਸ ਦਾ ਵਿਰੋਧੀ ਬਣ ਗਿਆ।
ਹਰਨਾਖਸ਼ ਦੇ ਚਾਰ ਪੁੱਤਰ ਸਨ ਤੇ ਭਗਤ ਪ੍ਰਹਿਲਾਦ ਸਭ ਤੋਂ ਛੋਟਾ ਸੀ। ਚਾਰ ਸਾਲ ਦੀ ਉਮਰੇ ਪ੍ਰਹਿਲਾਦ ਨੂੰ ਪਾਠਸ਼ਾਲਾ ਭੇਜਿਆ ਗਿਆ। ਇਕ ਦਿਨ ਭਗਤ ਪ੍ਰਹਿਲਾਦ ਦੇ ਅਧਿਆਪਕ ਸੰਡਾ ਤੇ ਮਰਕਾ ਸ਼ਿਕਾਇਤ ਲੈ ਕੇ ਹਰਨਾਖਸ਼ ਕੋਲ ਗਏ ਕਿ ਤੁਹਾਡਾ ਬੱਚਾ ਪੜ੍ਹਦਾ ਨਹੀਂ, ਅਸੀਂ ਥੱਕ ਚੁੱਕੇ ਹਾਂ, ਪਰ ਉਹ 'ਰਾਮ' ਦਾ ਨਾਮ ਹੀ ਜਪੀ ਜਾਂਦਾ ਹੈ। ਇਸ ਦੀ ਰੀਸ ਨਾਲ ਬਾਕੀ ਸਭ ਵਿਦਿਆਰਥੀ ਵੀ 'ਰਾਮ-ਰਾਮ' ਬੋਲਦੇ ਹਨ। ਭਗਤ ਨਾਮਦੇਵ ਜੀ ਇਸ ਘਟਨਾ ਦਾ ਖੂਬਸੂਰਤ  ਵਰਨਣ ਕਰਦੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ :
ਸੰਡਾ ਮਰਕਾ ਜਾਇ ਪੁਕਾਰੇ॥ ਪੜੈ ਨਹੀ ਹਮ ਹੀ ਪਚਿ ਹਾਰੇ॥
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ॥੧॥
ਰਾਮ ਨਾਮਾ ਜਪਿਬੋ ਕਰੈ। ਹਿਰਦੈ ਹਰਿ ਜੀ ਕੋ ਸਿਮਰਨੁ ਧਰੈ॥੧॥ ਰਹਾਉ॥ (ਪੰਨਾ : 1165)
ਰਾਜਾ ਹਰਨਾਖਸ਼ ਨੇ ਭਗਤ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾਉਣ ਦੇ ਅਨੇਕਾਂ ਯਤਨ ਕੀਤੇ, ਪਰ ਕੋਈ ਵੀ ਸਫ਼ਲ ਨਾ ਹੋਇਆ। ਅੰਤ ਵਿਚ ਰਾਜੇ ਨੇ ਆਪਣੀ ਧੀ 'ਹੋਲਿਕਾ' ਦੀ ਗੋਦੀ 'ਚ ਬਿਠਾ ਕੇ ਪ੍ਰਹਿਲਾਦ ਨੂੰ ਸਾੜ-ਮਾਰਨ ਦੀ ਸਾਜ਼ਿਸ਼ ਰਚੀ। 'ਹੋਲਿਕਾ' ਨੇ ਤਪ ਕਰਕੇ ਸ਼ਿਵ ਜੀ ਪਾਸੋਂ ਇਕ ਦੁਪੱਟਾ ਪ੍ਰਾਪਤ ਕੀਤਾ ਸੀ, ਜਿਸ ਨੂੰ ਉਪਰ ਲੈਣ 'ਤੇ ਅੱਗ ਅਸਰ ਨਹੀਂ ਕਰਦੀ ਸੀ। ਪ੍ਰਹਿਲਾਦ ਨੂੰ ਗੋਦੀ 'ਚ ਲੈ ਕੇ ਹੋਲਿਕਾ ਅੱਗ ਦੇ ਭਾਂਬੜ 'ਚ ਬੈਠ ਗਈ, ਪਰ ਉਸ ਨੇ ਆਪਣਾ ਅੱਗ ਤੋਂ ਬਚਾਅ ਕਰਨ ਲਈ ਸ਼ਿਵ ਜੀ ਤੋਂ ਪ੍ਰਾਪਤ ਵਰ ਵਾਲਾ ਦੁੱਪਟਾ ਲੈ ਲਿਆ। ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਵਰ ਵਾਲਾ ਦੁਪੱਟਾ ਹੋਲਿਕਾ ਤੋਂ ਉਡ ਕੇ ਪ੍ਰਹਿਲਾਦ 'ਤੇ ਜਾ ਪਿਆ। ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ। ਅੰਤ ਅੱਗ ਨਾਲ ਲਾਲ ਕੀਤੇ ਥੰਮ ਨਾਲ ਪ੍ਰਹਿਲਾਦ ਨੂੰ ਬੰਨ੍ਹਿਆ ਗਿਆ, ਪ੍ਰਮਾਤਮਾ ਨੇ ਇਥੇ ਵੀ ਨਰਸਿੰਘ ਦਾ ਰੂਪ ਧਾਰਨ ਕਰਕੇ ਦਹਿਲੀਜ਼ ਵਿਚ ਹਰਨਾਖਸ਼ ਨੂੰ ਹੀ ਦੋਫ਼ਾੜ ਕਰ ਦਿੱਤਾ।
ਹੋਲੀ ਦੇ ਤਿਓਹਾਰ ਸਬੰਧੀ ਇਸ ਘਟਨਾ ਨੂੰ ਆਧਾਰ ਬਣਾ ਕੇ ਹੀ, ਰਾਤ ਨੂੰ ਹੋਲੀ ਜਲਾਈ ਜਾਂਦੀ ਸੀ ਤੇ ਰਾਖ਼ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਸ ਨੂੰ ਉਡਾਇਆ ਜਾਂਦਾ ਸੀ। ਬਦਲਦੇ ਸਮੇਂ ਦੇ ਨਾਲ ਇਹ ਸੁਆਹ ਤੋਂ ਰੰਗ ਉਡਾਉਣ ਦੇ ਰੂਪ 'ਚ ਆ ਗਈ। ਇਕ-ਦੂਜੇ 'ਤੇ ਰੰਗ ਸੁੱਟ ਕੇ ਹੋਲੀ ਮਨਾਉਣ ਦੀ ਰੀਤ ਇਕ ਫ਼ੋਕੀ ਖੁਸ਼ੀ ਦੇ ਪ੍ਰਗਟਾਵੇ ਦਾ ਤਿਓਹਾਰ ਬਣ ਗਈ ਤੇ ਲੋਕ ਇਸ ਦੀ ਸਾਰਥਿਕਤਾ ਨੂੰ ਭੁੱਲਣ ਲੱਗ ਪਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਹੋਲੀ ਨੂੰ ਅਦੁੱਤੀ ਅਤੇ ਅਲੌਕਿਕ 'ਹੋਲੇ ਮਹੱਲੇ' ਦਾ ਰੂਪ ਦੇ ਦਿੱਤਾ। 'ਹੋਲਾ' ਅਤੇ 'ਮਹੱਲਾ' ਦੋ ਵੱਖੋ-ਵੱਖਰੇ ਸ਼ਬਦ ਹਨ। 'ਹੋਲਾ' ਸ਼ਬਦ ਅਰਬੀ ਭਾਸ਼ਾ ਦਾ ਹੈ ਅਤੇ 'ਮਹੱਲਾ' ਫ਼ਾਰਸੀ ਦਾ। ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ 'ਹੋਲਾ' ਦੇ ਅਰਥ 'ਹਮਲਾ' ਅਤੇ 'ਮਹੱਲਾ' ਦੇ ਅਰਥ 'ਹਮਲਾ ਕਰਨ ਦੀ ਥਾਂ' ਦੇ ਰੂਪ ਵਿਚ ਕੀਤੇ ਹਨ।
ਖ਼ਾਲਸਾ ਪੰਥ ਹਰੇਕ ਤਿਉਹਾਰ ਨੂੰ ਅਧਿਆਤਮਕ ਪਰਿਪੇਖ 'ਚ ਅਤੇ ਆਪਣੀ ਨਿਆਰੀ ਪਛਾਣ ਕਰਕੇ ਨਿਵੇਕਲੇ ਜਾਹੋ-ਜਲਾਲ ਨਾਲ ਮਨਾਉਂਦਾ ਹੈ। 'ਹੋਲੀ' ਦੀ ਥਾਂ ਖ਼ਾਲਸਾ 'ਹੋਲਾ ਮਹੱਲਾ' ਮਨਾਉਂਦਾ ਹੈ। ਜਦੋਂ ਹੋਲੀ ਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਖ਼ਾਲਸੇ ਦਾ 'ਹੋਲਾ ਮਹੱਲਾ' ਹੁੰਦਾ ਹੈ। 'ਹੋਲੇ ਮਹੱਲੇ' ਦੀ ਰੀਤ ਖ਼ਾਲਸਾ ਪੰਥ ਦੇ ਸਿਰਜਣਹਾਰ ਕਲਗੀਆਂ ਵਾਲੇ ਤੇ ਨੀਲੇ ਘੋੜੇ ਦੇ ਸ਼ਾਹ-ਅਸਵਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਵਾਈ ਸੀ। ਭਾਵੇਂ ਬਸੰਤ ਰੁੱਤ ਦਾ ਵੀ ਗੁਰਸਿੱਖੀ ਦੇ ਰੂਹਾਨੀ ਮੰਡਲ ਵਿਚ ਮਹੱਤਵ ਰਿਹਾ ਹੈ, ਪਰ ਵਿਹਾਰਕ ਤੌਰ 'ਤੇ 'ਹੋਲੀ' ਨੂੰ 'ਹੋਲੇ' ਦੇ ਰੂਪ ਵਿਚ ਮਨਾਉਣ ਦੀ ਰਵਾਇਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੋਰੀ। 'ਹੋਲੇ ਮਹੱਲੇ' ਦੇ ਤਿਉਹਾਰ ਦੇ ਮੰਤਵ, ਉਦੇਸ਼ ਬੜੇ ਜੋਸ਼ੀਲੇ, ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਉਸਾਰੂ ਸਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੋਂ ਮਾਯੂਸ ਅਤੇ ਬੇ-ਆਸ ਹੋਈਆਂ ਸਿੱਖ ਸੰਗਤਾਂ ਵਿਚ ਨਵਾਂ ਉਤਸ਼ਾਹ, ਨਿਡਰਤਾ, ਨਿਰਭੈਅਤਾ ਭਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਨਵੇਂ ਸੰਕਲਪਾਂ 'ਚ ਰੂਪਮਾਨ ਕੀਤਾ। ਘੋੜਿਆਂ ਤੇ ਹਾਥੀਆਂ ਦੀ ਅਸਵਾਰੀ, ਨਗਾਰਿਆਂ ਦੀਆਂ ਉਚੀਆਂ ਆਵਾਜ਼ਾਂ, ਕਿਲ੍ਹਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਆਦਿ ਰਾਹੀਂ ਇਨ੍ਹਾਂ ਸੰਕਲਪਾਂ ਨੂੰ ਅਮਲ 'ਚ ਲਿਆਂਦਾ। ਇਸੇ ਤਰ੍ਹਾਂ ਸਿੱਖ ਇਨਕਲਾਬ ਦੀ ਸੰਪੂਰਨਤਾ ਦੇ ਅਮਲ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਚਰਨ ਪਾਹੁਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਅਤੇ 'ਹੋਲੀ' ਦੀ ਥਾਂ 'ਹੋਲੇ' ਦੀ ਰਵਾਇਤ ਸ਼ੁਰੂ ਕੀਤੀ।
'ਹੋਲੇ ਮਹੱਲੇ' ਦਾ ਆਰੰਭ ਸੰਨ 1690 ਈਸਵੀ, ਸੰਮਤ 1757 ਚੇਤ ਵਦੀ 1 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ 'ਤੇ ਸਾਹਿਬ-ਏ-ਕਮਾਲਿ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਹੋਲ, ਹੂਲ, ਹੋਲਾ, ਮਹੱਲਾ, ਰਲਦੇ-ਮਿਲਦੇ ਸ਼ਬਦ ਹਨ। 'ਹੂਲ' ਦਾ ਅਰਥ ਹੈ ਨੇਕ ਅਤੇ ਭਲੇ ਕੰਮ ਲਈ ਜੂਝਣਾ, ਤਲੀ 'ਤੇ ਖੇਡਣਾ, ਤਲਵਾਰ ਦੀ ਧਾਰ 'ਤੇ ਚੱਲਣਾ ਆਦਿ। ਭੱਠੀ ਵਿਚ ਪੱਕੇ ਹੋਏ ਨੂੰ 'ਹੋਲ' ਕਹਿੰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਜੋ ਸ਼ੂਦਰੀ ਤਿਓਹਾਰ ਕਰਕੇ ਜਾਣਿਆ ਜਾਂਦਾ ਸੀ, ਨੂੰ ਨਵੇਂ ਰੂਪ ਵਿਚ ਮਨਾਉਣ ਲਈ ਕਿਹਾ। ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝ ਵੀ ਨੀਚ ਅਖਵਾਉਣ ਵਾਲਿਆਂ ਨਾਲ ਸੀ, ਵੱਡਿਆਂ ਦੀ ਰੀਸ ਨੂੰ, ਸਾਂਝ ਨੂੰ ਆਪ ਨੇ ਅਣਡਿੱਠ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਨੀਵੇਂ ਸਮਝੇ ਜਾਂਦੇ ਤਿਓਹਾਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਨਵੇਂ ਅਰਥ ਦਿੱਤੇ, ਨਵੇਂ ਢੰਗ ਅਪਣਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰਿਸਕਾਰੇ ਤੇ ਲਿਤਾੜੇ ਲੋਕਾਂ ਨੂੰ ਗਲੇ ਲਾਇਆ, ਮਾਣ-ਤਾਣ ਬਖ਼ਸ਼ਿਆ, ਉਨ੍ਹਾਂ ਵਿਚ ਜੁਝਾਰੂ ਜਜ਼ਬਾ ਪੈਦਾ ਕੀਤਾ ਤਾਂ ਕਿ ਉਹ ਜ਼ੁਲਮ ਤੇ ਜ਼ਬਰ ਦਾ ਮੁਕਾਬਲਾ ਕਰ ਸਕਣ। ਆਪਣੀ ਹੋਂਦ ਦਾ ਪ੍ਰਗਟਾਵਾ ਕਰ ਸਕਣ, ਬਾਜਾਂ ਨੂੰ ਤੋੜ ਸਕਣ, ਸਵਾ ਲੱਖ ਨਾਲ ਇਕੱਲੇ ਲੜ ਸਕਣ। ਅਜਿਹੀ ਗੌਰਵਮਈ ਰੀਤ ਬਾਰੇ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ, ''ਯੁੱਧ ਵਿਦਿਆ ਦੇ ਅਭਿਆਸ ਵਿਚ ਨਿੱਤ ਨਵਾਂਪਣ ਕਾਇਮ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤ ਅਨੁਸਾਰ ਚੇਤ ਵਦੀ ਇਕ ਨੂੰ ਸਿੱਖਾਂ ਵਿਚ 'ਹੋਲਾ ਮਹੱਲਾ' ਹੁੰਦਾ ਹੈ। ਜਿਸ ਦਾ ਹੋਲੀ ਦੇ ਤਿਓਹਾਰ ਨਾਲ ਕੋਈ ਸਬੰਧ ਨਹੀਂ ਹੈ।''
'ਹੋਲਾ ਮਹੱਲਾ' ਮਸਨੂਈ ਜੰਗਜੂ ਕਰਤੱਬਾਂ ਦਾ ਤਿਓਹਾਰ ਹੈ। ਤਿਆਰ-ਬਰ-ਤਿਆਰ ਪੈਦਲ, ਘੋੜ-ਅਸਵਾਰ ਅਤੇ ਸਸ਼ਤਰਧਾਰੀ ਸਿੱਖ ਫ਼ੌਜਾਂ ਦੇ ਦੋ ਦਲ ਬਣਾਉਟੀ ਲੜਾਈ ਲੜ੍ਹਦੇ ਹਨ। ਕਲਗੀਧਰ ਪਾਤਸ਼ਾਹ ਖੁਦ ਇਸ ਬਣਾਉਟੀ ਲੜਾਈ ਨੂੰ ਦੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਵੀ ਪ੍ਰਦਾਨ ਕਰਦੇ ਸਨ। ਜੇਤੂ ਦਲ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਹੁੰਦੀ। 'ਹੋਲਾ ਮਹੱਲਾ' ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਲਖਾਇਕ ਹੈ। ਚੜ੍ਹਦੀ ਕਲਾ ਬਣਾਈ ਰੱਖਣ ਲਈ ਇਸ ਨੂੰ ਜੰਗੀ ਸਸ਼ਤਰਾਂ ਨਾਲ ਜੋੜਿਆ ਗਿਆ। ਜੰਗ ਦੇ ਅਰਥਾਂ ਵਿਚ ਵਰਨਣ ਕੀਤਾ ਗਿਆ ਹੈ। ਦਸਮ ਗ੍ਰੰਥ ਵਿਚ ਜੰਗ ਦਾ ਬਿਆਨ ਹੋਲੇ ਦੇ ਰੰਗਾਂ ਰਾਹੀਂ ਕਰਦੇ ਹੋਏ ਦਸਮ ਪਿਤਾ ਲਿਖਦੇ ਹਨ :
''ਬਾਨ ਚਲੇ ਤੈਸੀ ਕੁੰਕਮ ਮਾਨਹੁ, ਮੂਠ ਗੁਲਾਲ ਕੀ ਸਾਂਗ ਪੁਹਾਰੀ॥
ਢਾਲ ਮਾਨੋ ਤਫ਼ ਮਾਲ ਬਨੀ, ਹਥ ਨਾਲ ਬੰਦੂਕ ਛੁਟੇ ਪਿਚਕਾਰੀ॥
ਸਉਨ ਭਰੇ ਪਟ ਬੀਰਨ ਕੇ, ਉਪਮਾ ਜਨ ਘੋਰ ਕੇ ਕੇਸਰ ਤਾਰੀ॥
ਖੇਲਤ ਫਾਗ ਕਿ ਬੀਰ ਲਰੇ, ਨਵਲਾਸੀ ਲੀਏ ਕਰਵਾਰ ਕਾਰੀ॥'' (ਕ੍ਰਿਸ਼ਨਾ ਅਵਤਾਰ, 1385)
ਖ਼ਾਲਸਾ ਪੰਥ ਆਪਣੇ ਗੌਰਵਮਈ ਇਤਿਹਾਸ ਦਾ ਇਹ ਮਾਣਮੱਤਾ ਤਿਓਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮਨਾਉਂਦਾ ਆ ਰਿਹਾ ਹੈ। ਜੇਤੂ ਕਲਾ ਦੇ ਜਲੂਸ ਨਿਕਲਦੇ ਸਨ। ਗੁਲਾਬ, ਕਸਤੂਰੀ ਆਦਿ ਰੰਗਾਂ ਦੀ ਫ਼ੁਹਾਰ ਕੀਤੀ ਜਾਂਦੀ ਸੀ। ਅਤਰ-ਫ਼ੁਲੇਲਾਂ ਦੀਆਂ ਸੁਗੰਧੀਆਂ, ਰੰਗਾਂ ਦੀਆਂ ਫ਼ੁਹਾਰਾਂ ਨੇ ਭਾਈ ਨੰਦ ਲਾਲ ਜੀ ਵਰਗੇ ਗੰਭੀਰ ਤੇ ਚਿੰਤਕ ਵਿਦਵਾਨ ਨੂੰ ਵੀ ਪ੍ਰਭਾਵਿਤ ਕੀਤਾ। ਸਤਿਗੁਰਾਂ ਦੁਆਰਾ ਹੋਲੇ ਦੀ ਖੇਡ ਦੇ ਜਜ਼ਬੇ ਅਤੇ ਹੁਲਾਸ ਨੂੰ ਆਪਣੀ ਕਲਮ ਨਾਲ ਬਿਆਨ ਕਰਦਿਆਂ ਉਹ ਲਿਖਦੇ ਹਨ :
''ਗੁਲੇ ਹੋਲੀ ਬ ਬਾਗੇ ਦਹਿਕ ਬੂ ਕਰਦ, ਲਬੇ ਚੂੰ ਗੂੰਚਹ ਰਾ ਫਰਖੰਦਹ ਖੂ ਕਰਦ॥
ਗੁਲਾਬੋ, ਅੰਬਰੋ ਮੁਸ਼ਕੋ ਅਬੀਰੀ, ਚੁ ਬਾਰਾਂ ਬਾਰਸ਼ੇ ਅਜ਼ ਸੂ ਬਸੂ ਕਰਦ॥
ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੁ ਆਲਮ ਗਸ਼ਤ ਰੰਗੀ ਅਜ਼ ਤੁਫਲੈਸ਼ ਚੂ ਸ਼ਾਹਮ ਜਾਮਹਰੰਗੀ ਦਰ ਗੁਲੂ ਕਰਦ।''
ਭਾਈ ਨੰਦ ਲਾਲ ਦੱਸਦੇ ਹਨ, ਹੋਲੀ ਦੇ ਫ਼ੁੱਲ ਖਿੜਨ 'ਤੇ ਸਾਰਾ ਬਾਗ਼ ਸੁਗੰਧੀ ਨਾਲ ਭਰ ਗਿਆ। ਪਾਤਸ਼ਾਹ ਦਾ ਮੁੱਖੜਾ ਕਲੀ ਦੀ ਤਰ੍ਹਾਂ ਖਿੜ ਗਿਆ। ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ ਵਾਂਗ ਵਰਸਣ ਲੱਗ ਪਈ। ਕੇਸਲ ਦੀ ਪਿਚਕਾਰੀ ਨੇ ਸਭ ਚਿੱਟੇ ਚੋਲਿਆਂ ਨੂੰ ਰੰਗਾਂ ਨਾਲ ਭਰ ਦਿੱਤਾ। ਪਾਤਸ਼ਾਹ ਨੇ ਗੁਲਾਲ ਦੀ ਐਸੀ ਵਰਖਾ ਕੀਤੀ ਕਿ ਧਰਤੀ ਅਤੇ ਆਕਾਸ਼ ਸੂਹਾ ਹੋ ਗਿਆ। ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆ ਤਾਂ ਸਾਰਿਆਂ ਦੀ ਆਤਮਾ ਖਿੜ ਉਠੀ।
ਦਸਮ ਪਿਤਾ ਨੇ 'ਹੋਲਾ' ਤਿਓਹਾਰ ਬੀਰਤਾ ਦਾ ਰੂਪ ਦੇ ਕੇ ਮਸ਼ਹੂਰ ਕੀਤਾ। 'ਹੋਲੇ ਮਹੱਲੇ' ਦਾ ਇਹ ਪਵਿੱਤਰ ਦਿਹਾੜਾ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੰਦਾ ਹੈ ਕਿ ਹੱਕ, ਇਨਸਾਫ਼ ਮੰਗਿਆਂ ਪ੍ਰਾਪਤ ਨਹੀਂ ਹੁੰਦੇ, ਸਗੋਂ ਸ਼ਕਤੀ ਤੇ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਵਰਤਮਾਨ ਸਮੇਂ ਵੀ ਖ਼ਾਲਸਾ ਪੰਥ 'ਹੋਲੇ-ਮਹੱਲੇ' ਨੂੰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਧਰਤੀ, ਖ਼ਾਲਸੇ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। ਪੰਜਾਬ ਕੀ, ਦੇਸ਼-ਵਿਦੇਸ਼ਾਂ ਤੋਂ ਹੀ ਲੱਖਾਂ ਸੰਗਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਖਾਲਸਈ ਜਾਹੋ-ਜਲਾਲ ਨੂੰ ਦੇਖਣ ਅਤੇ ਮਾਨਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਪਾਉਂਟਾ ਸਾਹਿਬ ਵਿਖੇ ਵੀ 'ਹੋਲਾ ਮਹੱਲਾ' ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੜੀਵਾਰ ਧਾਰਮਿਕ ਦੀਵਾਨ ਲੱਗਦੇ ਹਨ, ਜਿਨ੍ਹਾਂ ਦੌਰਾਨ ਸੰਗਤਾਂ ਖ਼ਾਲਸੇ ਦੇ ਸ਼ਾਨਾਮੱਤੇ ਇਤਿਹਾਸ ਅਤੇ ਸਿੱਖ ਕੌਮ ਦੇ ਰੂਹਾਨੀ ਚਾਨਣ-ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਫ਼ਲਸਫ਼ੇ ਨਾਲ ਜੁੜਦੀਆਂ ਹਨ। ਨਿਹੰਗ ਸਿੰਘਾਂ ਦੇ ਜਥੇ ਅਤੇ ਖ਼ਾਲਸਾ ਪੰਥ ਦੀ ਫ਼ੌਜ ਦੇ ਹੋਰ ਸਭ ਦਸਤੇ ਰਲ-ਮਿਲ ਕੇ ਜਾਹੋ-ਜਲਾਲ ਨਾਲ ਖ਼ਾਲਸਈ ਰਵਾਇਤਾਂ ਅਨੁਸਾਰ 'ਮਹੱਲਾ' ਕੱਢਦੇ ਹਨ। ਖ਼ਾਲਸਈ ਪੌਸ਼ਾਕਾਂ ਅਤੇ ਰਵਾਇਤੀ ਸਸ਼ਤਰਾਂ, ਬਸਤਰਾਂ ਵਿਚ ਠਾਠਾਂ ਮਾਰਦੀਆਂ ਗੁਰੂ ਕੀਆਂ ਲਾਡਲੀਆਂ ਖ਼ਾਲਸਾ ਫ਼ੌਜਾਂ ਘੋੜਿਆਂ, ਹਾਥੀਆਂ ਅਤੇ ਹੋਰ ਗੱਡੀਆਂ 'ਤੇ ਸਵਾਰ ਹੋ ਕੇ ਕਿਲ੍ਹਾ ਹੋਲਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ 'ਮਹੱਲਾ' ਸ਼ੁਰੂ ਕਰਦੀਆਂ ਹਨ। ਜਦੋਂ ਖ਼ਾਲਸਾ ਫ਼ੌਜਾਂ ਹਾਥੀਆਂ, ਘੋੜਿਆਂ 'ਤੇ ਅਸਵਾਰ ਹੋ ਕੇ ਹੱਥਾਂ 'ਚ ਖ਼ਾਲਸਈ ਨਿਸ਼ਾਨ ਚੁੱਕੀ ਜੈਕਾਰੇ ਲਗਾਉਂਦੀਆਂ ਹੋਈਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਆਉਂਦੀਆਂ ਹਨ ਤਾਂ ਇਸ ਮਹੱਲੇ ਦੀ ਆਭਾ ਦੇਖਦਿਆਂ ਹੀ ਬਣਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਉਤਰੀ ਦਿਸ਼ਾ 'ਚ ਸ਼ਿਵਾਲਿਕ ਦੀਆਂ ਨੀਮ ਪਹਾੜੀਆਂ ਵਿਚ ਬਣੇ 'ਚਰਨ ਗੰਗਾ ਸਟੇਡੀਅਮ' ਵਿਚ ਪਹੁੰਚ ਕੇ ਗੱਤਕੇ ਦੇ ਜੌਹਰ, ਨੇਜਾਬਾਜੀ, ਘੋੜ-ਦੌੜਾਂ ਅਤੇ ਹੋਰ ਰਵਾਇਤੀ ਖ਼ਾਲਸਈ ਖੇਡਾਂ ਦੇ ਪ੍ਰਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਹੋਲੇ ਦੇ ਤਿਓਹਾਰ ਨੂੰ ਸਿੱਖ ਪੰਥ ਜਾਹੋ-ਜਲਾਲ ਅਤੇ ਹੁਲਾਸ ਨਾਲ ਮਨਾਉਂਦਾ ਹੈ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲ੍ਹਾ ਦਾ ਪ੍ਰਤੀਕ 'ਹੋਲਾ ਮਹੱਲਾ' ਅਸੀਂ ਹਰ ਸਾਲ ਮਨਾਉਂਦੇ ਹਾਂ। ਦਸਮ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਦੇ ਜੰਗਜੂ ਕਰਤੱਬ, ਬਾਣੀ-ਬਾਣੇ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਨੇ ਸਸ਼ਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦੇ 'ਜੰਗਜੂ ਕਰਤੱਬ' ਹੀ ਸਮਝਿਆ ਹੈ, ਜਦੋਂਕਿ ਦਸਮ ਪਿਤਾ ਦਾ ਉਪਦੇਸ਼ ਹੈ ਕਿ ਹਰ ਸਿੱਖ ਪੂਰਾ ਸਿਪਾਹੀ ਹੋਵੇ ਅਤੇ ਸਸ਼ਤਰ ਵਿਦਿਆ ਦਾ ਅਭਿਆਸ ਕਰੇ। ਸਸ਼ਤਰ ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਪੰਥ ਦੇ ਨਿਯਮਾਂ ਅਨੁਸਾਰ ਅਧੂਰਾ ਹੈ। 'ਹੋਲਾ ਮਹੱਲਾ' ਦਾ ਸਸ਼ਤਰ ਵਿਦਿਆ ਨਾਲ ਕਿੰਨਾ ਗੂੜਾ ਸਬੰਧ ਹੈ, ਇਸ ਨੂੰ ਕਵੀ ਨਿਹਾਲ ਸਿੰਘ ਬਿਆਨ ਕਰਦੇ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜਵਾ ਜੱਸੇ, ਤੈਸਾ ਬੋਲਾ ਹੋਲਾ ਹੈ।
ਬਾਕੀ ਸਾਰਾ ਹਿੰਦੋਸਤਾਨ ਹੋਲੀ ਖੇਡਦਾ ਹੈ। ਪਰ ਦੁਨੀਆ ਦਾ ਨਿਰਾਲਾ ਤੇ ਨਿਆਰਾ ਪੰਥ ਖ਼ਾਲਸਾ 'ਹੋਲਾ' ਖੇਡਦਾ ਹੈ ਅਤੇ 'ਮਹੱਲਾ' ਕੱਢਦਾ ਹੈ। ਖ਼ਾਲਸੇ ਦੀ ਵਿਲੱਖਣਤਾ ਦੇ ਲਖਾਇਕ 'ਹੋਲੇ-ਮਹੱਲੇ' ਸਬੰਧੀ ਕਵੀ ਸੁਮੇਰ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਲਿਖਦੇ ਹਨ :
ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ॥

ਹੋਲੇ ਮਹੱਲੇ ਦੀ ਅਜੋਕੀ ਪ੍ਰਸੰਗਿਕਤਾ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸਾਰਥਿਕਤਾ ਅਤੇ ਮੰਤਵ ਨਾਲ 'ਹੋਲਾ ਮਹੱਲਾ' ਸ਼ੁਰੂ ਕੀਤਾ ਸੀ, ਅੱਜ ਉਸ ਦੀ ਸ਼ਿੱਦਤ ਨੂੰ ਖ਼ਾਲਸਾ ਪੰਥ ਲਗਭਗ ਵਿਸਾਰਦਾ ਨਜ਼ਰ ਆ ਰਿਹਾ ਹੈ। 'ਹੋਲਾ ਮਹੱਲਾ' ਵੀ ਉਸੇ ਤਰ੍ਹਾਂ ਦਾ ਤਿਓਹਾਰ ਬਣਦਾ ਜਾ ਰਿਹਾ ਹੈ, ਜਿਸ ਤਰ੍ਹਾਂ 'ਹੋਲੀ' ਦੇ ਮਿਥਿਹਾਸਕ ਪਰਿਪੇਖ ਨੂੰ ਭੁੱਲ ਕੇ ਲੋਕਾਂ ਨੇ ਉਸ ਨੂੰ ਫ਼ੋਕੀ ਖੁਸ਼ੀ ਦੇ ਪ੍ਰਗਟਾਵੇ ਲਈ ਇਕ-ਦੂਜੇ ਉਪਰ ਰੰਗ ਸੁੱਟਣ ਅਤੇ ਸ਼ੂਦਰੀ ਤਿਓਹਾਰ ਦਾ ਰੂਪ ਦੇ ਦਿੱਤਾ ਸੀ। 'ਹੋਲੇ ਮਹੱਲੇ' ਦੀ ਸਾਰਥਿਕਤਾ ਨੂੰ ਅੱਜ ਸਿੱਖ ਕੌਮ ਦੇ ਰੂ-ਬ-ਰੂ ਸੱਭਿਆਚਾਰਕ, ਵਿਲੱਖਣ ਹੋਂਦ, ਧਾਰਮਿਕ ਆਜ਼ਾਦੀ ਸਬੰਧੀ ਵਿਸ਼ਵ-ਵਿਆਪੀ ਚੁਣੌਤੀਆਂ ਦੇ ਸੰਦਰਭ 'ਚ ਦੇਖਣ ਦੀ ਲੋੜ ਹੈ।
ਖ਼ਾਲਸਾ ਪੰਥ ਆਪਣੇ ਗੌਰਵਮਈ ਇਤਿਹਾਸ ਦਾ ਇਹ ਮਾਣਮੱਤਾ ਤਿਓਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮਨਾਉਂਦਾ ਆ ਰਿਹਾ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਖ਼ਾਲਸਾ ਪੰਥ ਬਿਖੜੇ ਸਮਿਆਂ ਦੌਰਾਨ ਆਪਣੇ ਕਾਰਾਂ-ਵਿਹਾਰਾਂ ਵਿਚੋਂ ਸਮਾਂ ਕੱਢ ਕੇ 'ਹੋਲੇ ਮਹੱਲੇ' ਵਰਗੇ ਕੌਮੀ ਜੋੜ ਮੇਲਿਆਂ 'ਤੇ ਇਕ ਮੰਚ 'ਤੇ ਇਕੱਤਰ ਹੋ ਕੇ ਪੰਥਕ ਮਸਲਿਆਂ ਅਤੇ ਜਥੇਬੰਦਕ ਤੌਰ 'ਤੇ ਆਈਆਂ ਕਮੀਆਂ-ਪੇਸ਼ੀਆਂ ਦਾ ਚਿੰਤਨ ਕਰਦਾ ਰਿਹਾ ਹੈ। ਬਦਲਦੇ ਸਮੇਂ ਦੇ ਨਾਲ-ਨਾਲ 'ਹੋਲਾ ਮਹੱਲਾ' ਅੱਜ ਵਿਸ਼ਵ ਵਿਆਪੀ ਸਿੱਖ ਕੌਮ ਦਾ ਸਭ ਤੋਂ ਵੱਡਾ ਕੌਮੀ ਜੋੜ ਮੇਲਾ ਬਣ ਗਿਆ। ਪੰਜਾਬ ਕੀ, ਦੇਸ਼-ਵਿਦੇਸ਼ਾਂ ਤੋਂ ਹੀ ਲੱਖਾਂ ਸੰਗਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਖਾਲਸਈ ਜਾਹੋ-ਜਲਾਲ ਨੂੰ ਦੇਖਣ ਅਤੇ ਮਾਨਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਧਾਰਮਿਕ ਦੀਵਾਨ ਲੱਗਦੇ ਹਨ। ਖ਼ਾਲਸਾ ਪੰਥ ਦੀਆਂ ਨਿਹੰਗ ਸਿੰਘ ਫ਼ੌਜਾਂ ਅਤੇ ਪੰਥ ਦੀਆਂ ਹੋਰ ਸੰਪਰਦਾਵਾਂ ਰਲ-ਮਿਲ ਕੇ ਜਾਹੋ-ਜਲਾਲ ਨਾਲ ਖ਼ਾਲਸਈ ਰਵਾਇਤਾਂ ਅਨੁਸਾਰ 'ਮਹੱਲਾ' (ਨਗਰ ਕੀਰਤਨ) ਕੱਢਦੀਆਂ ਹਨ। ਪਰ ਦੁੱਖ ਦੀ ਗੱਲ ਹੈ ਕਿ ਦਸਮ ਪਿਤਾ ਵਲੋਂ ਬਖ਼ਸ਼ੀਆਂ ਇਨ੍ਹਾਂ ਰੀਤਾਂ ਨੂੰ ਅਸੀਂ ਥੋੜਚਿਰੇ ਜੋਸ਼-ਜਜ਼ਬੇ ਅਤੇ ਮਨਪ੍ਰਚਾਵੇ ਤੱਕ ਹੀ ਸੀਮਤ ਰੱਖ ਲਿਆ ਹੈ। ਸਿੱਖ ਕੌਮ ਅਨੇਕਾਂ ਹੀ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦੇ ਰੂ-ਬ-ਰੂ ਹੈ, ਧਾਰਮਿਕ ਆਜ਼ਾਦੀ ਅਤੇ ਪਛਾਣ ਖ਼ਤਰੇ 'ਚ ਹੈ, ਪਰ 'ਹੋਲੇ ਮਹੱਲੇ' ਮੌਕੇ ਸਿੱਖ ਸੰਪਰਦਾਵਾਂ ਅਤੇ ਖ਼ਾਲਸਾ ਪੰਥ ਦੀਆਂ ਨਿਹੰਗ ਸਿੰਘ ਫ਼ੌਜਾਂ ਆਪਣੇ ਫ਼ਰਜ਼ਾਂ ਤੋਂ ਰਵਾਇਤੀ ਪ੍ਰਦਰਸ਼ਨ ਕਰਕੇ ਹੀ ਸੁਰਖਰੂ ਹੋ ਜਾਂਦੀਆਂ ਹਨ। ਬਿਖੜੇ ਸਮਿਆਂ 'ਚ ਸਿੱਖ ਮਿਸਲਾਂ ਦੀਆਂ 'ਹੋਲੇ ਮਹੱਲੇ' ਮੌਕੇ ਹੁੰਦੀਆਂ ਇਕੱਤਰਤਾਵਾਂ ਦੀ ਥਾਂ ਅੱਜ ਸਿਆਸੀ ਧਿਰਾਂ ਦੀਆਂ ਇਕ-ਦੂਜੇ ਖਿਲਾਫ਼ ਦੂਸ਼ਣਬਾਜੀਆਂ ਲਈ ਸਟੇਜਾਂ ਲੱਗਦੀਆਂ ਹਨ। ਕੌਮੀ ਮਸਲਿਆਂ ਦਾ ਚਿੰਤਨ ਅਤੇ ਉਨ੍ਹਾਂ ਦਾ ਮਿਲ ਬੈਠ ਕੇ ਹੱਲ ਕਰਨ ਦੀ ਥਾਂ ਕੌਮ ਨੂੰ ਨਵੇਂ ਵਿਵਾਦਾਂ 'ਚ ਫ਼ਸਾਉਣ ਦੀਆਂ ਗੋਂਦਾਂ ਗੁੰਦੀਆਂ ਜਾਂਦੀਆਂ ਹਨ। ਸਿੱਖ ਕੌਮ 'ਚ ਜੋਸ਼ ਅਤੇ ਜਜ਼ਬਾ ਅੱਜ ਵੀ ਹੈ, ਪਰ ਉਸ ਜਜ਼ਬੇ ਨੂੰ ਸਿੱਖ ਪੰਥ ਦੀ ਚੜ੍ਹਦੀਕਲਾ ਅਤੇ ਏਕਤਾ ਦੀ ਥਾਂ ਨਫ਼ਰਤ, ਧੜ੍ਹੇਬੰਦੀਆਂ ਅਤੇ ਵਾਦ-ਵਿਵਾਦਾਂ ਰਾਹੀਂ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ। 'ਹੋਲੇ ਮਹੱਲੇ' ਮੌਕੇ ਹਰ ਸਾਲ ਲਗਭਗ 15 ਤੋਂ 20 ਲੱਖ ਸੰਗਤਾਂ ਦੇਸ਼-ਵਿਦੇਸ਼ਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਮੀਲਾਂ ਤੱਕ ਹਰ ਪਾਸੇ ਨੀਲੇ ਅਤੇ ਬਸੰਤੀ ਖ਼ਾਲਸਈ ਪੌਸ਼ਾਕੇ ਅਤੇ ਦਸਤਾਰਾਂ ਪਹਿਨੀ ਸੰਗਤਾਂ ਨਜ਼ਰ ਆਉਂਦੀਆਂ ਹਨ। ਸਿੱਖ ਨੌਜਵਾਨਾਂ ਦੇ ਲੰਬੇ-ਲੰਬੇ ਕਾਫ਼ਲੇ ਮੋਟਰਸਾਈਕਲਾਂ, ਟਰਾਲੀਆਂ ਅਤੇ ਹੋਰ ਵਾਹਨਾਂ 'ਤੇ ਸਵਾਰ ਹੋ ਕੇ ਖ਼ਾਲਸਈ ਜੈਕਾਰੇ ਲਗਾਉਂਦੇ ਸ੍ਰੀ ਅਨੰਦਪੁਰ ਸਾਹਿਬ ਪੁੱਜਦੇ ਹਨ। ਪਰ ਦੁੱਖ ਹੁੰਦਾ ਹੈ ਕਿ ਖ਼ਾਲਸਈ ਵਿਲੱਖਣਤਾ ਦਾ ਕੌਮੀ ਜੋੜ ਮੇਲਾ 'ਹੋਲਾ ਮਹੱਲਾ' ਦੇਖਣ ਆਉਂਦੇ ਜੋਸ਼ੀਲੇ ਸਿੱਖ ਗੱਭਰੂਆਂ ਵਿਚੋਂ 90 ਫ਼ੀਸਦੀ ਦੇ ਸਿਰਾਂ 'ਤੇ ਦਸਮ ਪਿਤਾ ਦੀ ਬਖ਼ਸ਼ੀ ਵਿਲੱਖਣਤਾ ਦੀ ਮੋਹਰ ਕੇਸ ਅਤੇ ਮੂੰਹ 'ਤੇ ਦਾੜ੍ਹੀ ਨਹੀਂ ਦਿਖਾਈ ਦਿੰਦੀ। ਅਛੋਪਲੇ ਹੀ ਆਪਣੀ ਪਛਾਣ ਪੱਖੋਂ ਸਿੱਖੀ ਮੂਲ ਧਾਰਾ ਨਾਲੋਂ ਟੁੱਟੇ ਇਨ੍ਹਾਂ ਨੌਜਵਾਨਾਂ 'ਚ ਜਦੋਂ ਸਿੱਖੀ ਜਜ਼ਬਾ ਜੈਕਾਰਿਆਂ ਅਤੇ ਖ਼ਾਲਸਾ ਜੀ ਦੇ ਬੋਲਿਆਂ ਰਾਹੀਂ ਪ੍ਰਗਟ ਹੁੰਦਾ ਦੇਖਦੇ ਹਾਂ ਤਾਂ ਸਿੱਖ ਕੌਮ ਦੇ ਮੌਜੂਦਾ ਦੁਖਾਂਤ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੁੰਦਾ। ਨੌਜਵਾਨਾਂ ਲਈ 'ਹੋਲੇ ਮਹੱਲੇ' ਦਾ ਮੇਲਾ ਸਿਰਫ਼ ਮੌਜ-ਮਸਤੀ, ਜੈਕਾਰੇ ਲਗਾਉਣ ਅਤੇ ਦੋ-ਚਾਰ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਆਸਪਾਸ ਦੇ ਗੁਰਦੁਆਰਿਆਂ 'ਚ ਮੱਥਾ ਟੇਕਣ ਤੇ ਸੜਕਾਂ 'ਤੇ ਹੂਟਿੰਗ ਕਰਨ ਤੱਕ ਹੀ ਸੀਮਤ ਰਹਿ ਗਿਆ ਹੈ। ਦੁਖਦ ਸੱਚ ਹੈ ਕਿ 'ਹੋਲੇ ਮਹੱਲੇ' ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਆਸਪਾਸ ਦੇ ਇਲਾਕਿਆਂ 'ਚ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਪੂਰੇ ਸਾਲ ਨਾਲੋਂ ਕਈ ਗੁਣਾਂ ਵੱਧ ਹੁੰਦੀ ਹੈ। ਕਈ ਨੌਜਵਾਨ ਨਸ਼ੇ ਦੀ ਤਲਬ 'ਚ ਡਿੱਗਦੇ-ਢਹਿੰਦੇ ਦੇਖੇ ਜਾ ਸਕਦੇ ਹਨ।
ਨੌਜਵਾਨਾਂ ਨੂੰ ਜੈਕਾਰੇ ਲਗਾਉਂਦੇ ਦੇਖਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਨੌਜਵਾਨਾਂ 'ਚ ਜਜ਼ਬਾ ਹੈ, ਸਿੱਖੀ ਪਿਆਰ ਹੈ, ਪਰ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦਾ ਰਸਤਾ ਕੀ ਹੈ, ਮੰਜ਼ਲ ਕੀ ਹੈ ਅਤੇ ਕੌਮ ਲਈ ਫ਼ਰਜ਼ ਕੀ ਹਨ। ਉਨ੍ਹਾਂ ਨੂੰ ਅਗਵਾਈ ਦੇਣ ਵਾਲੇ ਖੁਦ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜੀ ਆਪੋ-ਆਪਣੀਆਂ ਖੁਦਗਰਜ਼ੀਆਂ ਅਤੇ ਲਾਲਸਾਵਾਂ 'ਚ ਗ੍ਰਸਤ ਹਨ। ਹਾਲਾਤ ਬਹੁਤ ਚਿੰਤਾਜਨਕ ਹਨ। 'ਹੋਲਾ ਮਹੱਲਾ' ਸਿੱਖੀ ਜਾਹੋ-ਜਲਾਲ ਦੀ ਥਾਂ 'ਸਿੱਖ ਕੌਮ ਦੇ ਮਲਾਲ' ਦਾ ਮੇਲਾ ਬਣਦਾ ਜਾ ਰਿਹਾ ਹੈ। ਸੱਚਮੁੱਚ ਇਹ 'ਮਲਾਲ' ਹਰ ਪੰਥ ਦਰਦੀ 'ਹੋਲੇ ਮਹੱਲੇ' ਮੌਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਪੂਰੇ ਸਿੱਖੀ ਜਜ਼ਬੇ ਨਾਲ ਕਾਫ਼ਲਿਆਂ ਦੇ ਰੂਪ 'ਚ ਆਉਂਦੇ ਉਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਮਹਿਸੂਸ ਕਰ ਸਕਦਾ ਹੈ, ਜਿਹੜੇ ਬੜੇ ਜੋਸ਼ ਨਾਲ ਜੈਕਾਰੇ ਤਾਂ 'ਰਾਜ ਕਰੇਗਾ ਖ਼ਾਲਸਾ' ਅਤੇ 'ਪੰਥ ਕੀ ਜੀਤ' ਦੇ ਲਗਾਉਂਦੇ ਹਨ, ਪਰ ਉਹ ਅਨਜਾਣਪੁਣੇ 'ਚ ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੱਖਣ ਸਿੱਖੀ ਸਰੂਪ ਨੂੰ ਤਿਆਗੀ ਬੈਠੇ ਹਨ। ਹਾਲੇ ਵੀ ਸਮਾਂ ਹੈ ਕਿ ਸਿੱਖ ਲੀਡਰਸ਼ਿਪ, ਸਿੱਖੀ ਸੰਪਰਦਾਵਾਂ ਅਤੇ ਨਿਹੰਗ ਸਿੰਘ ਫ਼ੌਜਾਂ ਦਸਮ ਪਿਤਾ ਵਲੋਂ ਬਖ਼ਸ਼ੇ ਆਪਣੇ ਫ਼ਰਜ਼ਾਂ ਅਤੇ ਪੰਥਕ ਸੇਵਾਵਾਂ ਪ੍ਰਤੀ ਸੁਚੇਤ ਅਤੇ ਇਮਾਨਦਾਰ ਹੋਣ। ਨਹੀਂ ਤਾਂ ਸਮਾਂ ਲੰਘੇ ਤੋਂ 'ਡੁੱਬੇ ਬੇਰ ਹੱਥ' ਨਹੀਂ ਆਉਣਗੇ। 'ਹੋਲੇ ਮਹੱਲੇ' ਵਰਗੇ ਰਵਾਇਤੀ ਜੋੜ-ਮੇਲਿਆਂ ਦੇ ਜਾਹੋ-ਜਲਾਲ ਤਾਂ ਹੀ ਕਾਇਮ ਰਹਿਣਗੇ, ਜੇਕਰ ਅਗਲੀ ਪੀੜ੍ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੁਰੋਂ ਬਖ਼ਸ਼ੀ ਸਿੱਖੀ ਦਾਤ ਅਤੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖੇਗੀ।
ਹੋਲੀ ਤੋਂ ਹੋਲਾ ਮਹੱਲਾ
- ਸੁਖਦੇਵ ਸਿੰਘ ਸ਼ਾਂਤ
ਹੋਲੀ ਦੇ ਤਿਉਹਾਰ ਦਾ ਆਧਾਰ ਮਹਾਂਭਾਰਤ ਅਤੇ ਪੁਰਾਣਾਂ ਵਿਚ ਹਰਨਾਖਸ਼ ਅਤੇ ਉਸ ਦੇ ਪੁੱਤਰ ਪ੍ਰਹਿਲਾਦ ਨਾਲ ਸਬੰਧਤ ਇਕ ਕਥਾ ਹੈ। ਇਸ ਪੌਰਾਣਿਕ ਕਥਾ ਅਨੁਸਾਰ ਪ੍ਰਹਿਲਾਦ ਪ੍ਰਭੂ ਦਾ ਇਕ ਭਗਤ ਸੀ। ਬਚਪਨ ਵਿਚ ਹੀ ਪ੍ਰਭੂ ਦਾ ਨਾਂਅ ਉਸ ਦੇ ਮਨ ਵਿਚ ਤੇ ਜੀਭ 'ਤੇ ਹਰ ਵੇਲੇ ਰਹਿੰਦਾ ਸੀ। ਉਸ ਦਾ ਪਿਉ ਬਹੁਤ ਹੀ ਸ਼ਕਤੀਸ਼ਾਲੀ ਸੀ ਅਤੇ ਮੌਤ ਤੋਂ ਬਚਣ ਲਈ ਉਹ ਕਈ ਤਰ੍ਹਾਂ ਦੇ ਕਥਿਤ ਵਰ ਪ੍ਰਾਪਤ ਕਰ ਚੁੱਕਾ ਸੀ। ਉਹ ਚਾਹੁੰਦਾ ਸੀ ਕਿ ਪ੍ਰਹਿਲਾਦ ਉਸ ਦਾ ਹੀ ਨਾਂਅ ਜਪੇ। ਪ੍ਰਭੂ ਦਾ ਨਾਂਅ ਜਪਣਾ ਉਸ ਨੂੰ ਪ੍ਰਵਾਨ ਨਹੀਂ ਸੀ। ਉਸ ਨੇ ਪ੍ਰਹਿਲਾਦ ਨੂੰ ਕਈ ਤਰ੍ਹਾਂ ਦੇ ਤਸੀਹੇ ਦੇਣ ਅਤੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਹਿਲਾਦ ਭਗਤ ਪ੍ਰਭੂ ਦੀ ਭਗਤੀ ਸਦਕਾ ਹਰ ਵਾਰ ਸਲਾਮਤ ਰਿਹਾ। ਆਖਰਕਾਰ ਕਾਲ ਨੇ ਪ੍ਰਹਿਲਾਦ ਦੇ ਪਿਤਾ ਨੂੰ ਸਾਰੇ ਅਖੌਤੀ ਵਰਾਂ ਦੇ ਬਾਵਜੂਦ ਆ ਦਬੋਚਿਆ। ਪ੍ਰਹਿਲਾਦ ਭਗਤ ਦੀ ਭੂਆ ਹੋਲਿਕਾ ਵੀ ਅੱਗ ਦੁਆਰਾ ਨਾ ਸੜਨ ਦੇ ਅਖੌਤੀ ਵਰਾਂ ਦੇ ਬਾਵਜੂਦ ਖ਼ਤਮ ਹੋ ਗਈ ਪਰ ਪ੍ਰਹਿਲਾਦ ਨੂੰ ਕੁਝ ਨਾ ਹੋਇਆ।
ਸ੍ਰੀ ਗੁਰੂ ਰਾਮਦਾਸ ਜੀ ਆਪਣੀ ਬਾਣੀ ਵਿਚ ਇਸ ਕਥਾ ਨੂੰ ਸੰਕੇਤਕ ਰੂਪ ਵਿਚ ਬਿਆਨ ਕਰਦੇ ਹੋਏ ਸਿੱਟਾ ਕੱਢਦੇ ਹਨ:-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਲਾਦ ਤਰਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ : 451)
ਸ੍ਰੀ ਗੁਰੂ ਅਮਰਦਾਸ ਜੀ ਦਾ ਇਸ ਕਥਾ ਸਬੰਧੀ ਪਵਿੱਤਰ ਫ਼ਰਮਾਨ ਹੈ:-
ਭਗਤਾ ਦੀ ਸਦਾ ਤੂ ਰਖਦਾ
ਹਰਿ ਜੀਉ ਧੁਰਿ ਤੂ ਰਖਦਾ ਆਇਆ॥
ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ
ਹਰਣਾਖਸੁ ਮਾਰਿ ਪਚਾਇਆ॥ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ : 637)
ਭਗਤ ਪ੍ਰਹਿਲਾਦ ਨਾਲ ਸਬੰਧਤ ਇਹ ਕਥਾ ਸਾਨੂੰ ਹੇਠ ਲਿਖੀ ਸਿੱਖਿਆ ਦਿੰਦੀ ਹੈ:-
1. ਅਕਾਲ ਪੁਰਖ ਤੋਂ ਬਿਨ੍ਹਾਂ ਹੋਰ ਕੋਈ ਵੀ ਹਸਤੀ ਮੌਤ ਤੋਂ ਰਹਿਤ ਨਹੀਂ ਹੈ। ਹਰਨਾਖਸ਼ ਜਾਂ ਹੋਲਿਕਾ ਆਦਿ ਤਥਾ-ਕਥਿਤ ਸ਼ਕਤੀਆਂ ਜਾਂ ਵਰ ਪ੍ਰਾਪਤ ਕਰਨ ਦੇ ਬਾਵਜੂਦ ਵੀ ਮੌਤ ਤੋਂ ਨਹੀਂ ਬਚ ਸਕੇ।
2. ਅਕਾਲ ਪੁਰਖ ਸਦਾ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਪ੍ਰਹਿਲਾਦ ਭਗਤ ਦੀ ਪੈਜ ਉਸ ਨੇ ਆਪਣੇ ਇਸ ਗੁਣ ਸਦਕਾ ਹੀ ਰੱਖੀ।
3. ਭਗਤੀ ਅਤੇ ਸੱਚ ਦੇ ਰਸਤੇ 'ਤੇ ਤੁਰਨ ਲਈ ਦ੍ਰਿੜ੍ਹਤਾ, ਦਲੇਰੀ ਅਤੇ ਅਟੱਲ ਵਿਸ਼ਵਾਸ ਦੀ ਜ਼ਰੂਰਤ ਹੁੰਦੀ ਹੈ। ਇਸ ਰਸਤੇ 'ਤੇ ਤੁਰਨ ਵਾਲਿਆਂ ਨੂੰ ਡਰ, ਲਾਲਚ ਅਤੇ ਦੁੱਖ ਨਹੀਂ ਰੋਕ ਸਕਦੇ।
ਭਗਤ ਪ੍ਰਹਿਲਾਦ ਨੇ ਆਪਣੀ ਦ੍ਰਿੜ੍ਹ ਭਗਤੀ ਰਾਹੀਂ ਬੜੀ ਦਲੇਰੀ ਨਾਲ ਮੁਸੀਬਤਾਂ ਦਾ ਸਾਹਮਣਾ ਕੀਤਾ ਪਰ ਭਗਤੀ ਦੇ ਰਸਤੇ 'ਤੇ ਚੱਲਣ ਵਿਚ ਕੋਈ ਰੁਕਾਵਟ ਮਨਜ਼ੂਰ ਨਹੀਂ ਕੀਤੀ। ਇਸੇ ਦ੍ਰਿੜ੍ਹਤਾ ਅਤੇ ਅਟੱਲ ਵਿਸ਼ਵਾਸ ਨੂੰ ਇਕ ਆਦਰਸ਼ ਮੰਨਦੇ ਹੋਏ ਭਗਤ ਕਬੀਰ ਜੀ ਨੇ ਫੁਰਮਾਇਆ:-
ਰਾਮ ਜਪਉ ਜੀਅ ਐਸੇ ਐਸੇ॥
ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ : 337)
ਇਹ ਇਕ ਸਤਿਕਾਰ ਹੈ, ਜੋ ਭਗਤ ਕਬੀਰ ਜੀ ਨੇ ਪ੍ਰਹਿਲਾਦ ਅਤੇ ਧਰੂ ਭਗਤ ਨੂੰ ਦਿੱਤਾ ਹੈ। ਕਿੰਨੀ ਵੱਡੀ ਗੱਲ ਹੈ ਕਿ ਜੇ ਪ੍ਰਭੂ ਦਾ ਨਾਮ ਜਪਣਾ ਹੈ ਤਾਂ ਉਸ ਤਰ੍ਹਾਂ ਜਪੋ ਜਿਵੇਂ ਧਰੂ ਅਤੇ ਪ੍ਰਹਿਲਾਦ ਨੇ ਜਪਿਆ ਸੀ। ਕਿਸੇ ਸ਼ਖ਼ਸੀਅਤ ਦਾ ਆਦਰਸ਼ ਬਣ ਜਾਣਾ, ਉਦਾਹਰਨ ਜਾਂ ਮਾਡਲ ਬਣ ਜਾਣਾ ਦੂਜੇ ਅਰਥਾਂ ਵਿਚ ਇਕ ਇਤਿਹਾਸ ਬਣ ਜਾਣਾ ਹੀ ਤਾਂ ਹੈ।
ਹੋਲੀ ਦੇ ਤਿਉਹਾਰ ਦਾ ਆਧਾਰ ਕਿੰਨਾ ਪਵਿੱਤਰ ਤੇ ਕਿੰਨਾ ਵੱਡਾ ਹੈ। ਇਸ ਤਿਉਹਾਰ ਨੂੰ 'ਰੰਗਾਂ ਦਾ ਤਿਉਹਾਰ' ਵੀ ਕਿਹਾ ਜਾਂਦਾ ਹੈ। ਰੰਗ ਪਾਉਣਾ ਜਾਂ ਰੰਗ ਡੋਲ੍ਹਣਾ ਖੁਸ਼ੀ ਪ੍ਰਗਟ ਕਰਨ ਦੇ ਪ੍ਰਤੀਕ ਮੰਨੇ ਜਾਂਦੇ ਹਨ। ਖੁਸ਼ੀ ਦਾ ਆਧਾਰ ਕੀ ਹੈ? ਖੁਸ਼ੀ ਦਾ ਆਧਾਰ ਇਹ ਹੈ ਕਿ ਭਗਤੀ ਅਤੇ ਸਚਾਈ ਦੀ ਜਿੱਤ ਹੋਈ ਹੈ ਅਤੇ ਦੁਸ਼ਟਾਂ ਦਾ ਖਾਤਮਾ ਹੋਇਆ ਹੈ। ਖੁਸ਼ੀ ਮਨਾਉਣ ਦਾ ਲਾਭ ਤਾਂ ਹੀ ਹੈ ਜੇ ਮਨਾਉਣ ਵਾਲਿਆਂ ਦੇ ਮਨਾਂ ਵਿਚ ਭਗਤੀ ਅਤੇ ਸਚਾਈ ਦੇ ਗੁਣਾਂ ਦਾ ਪ੍ਰਵੇਸ਼ ਹੋਵੇ।
ਗੁਰੂ ਸਾਹਿਬਾਨ ਨੇ ਰੰਗਾਂ ਨੂੰ ਪ੍ਰਤੀਕ ਵਜੋਂ ਖੂਬ ਵਰਤਿਆ ਹੈ। ਇਕ ਰੰਗ ਕਸੁੰਭੜੇ ਦਾ ਹੈ ਅਤੇ ਦੂਜਾ ਮਜੀਠ ਦਾ। ਕਸੁੰਭੜੇ ਦਾ ਰੰਗ ਨੂੰ ਵੇਖਣ ਨੂੰ ਲਾਲ ਸੂਹਾ ਹੈ, ਅੱਖਾਂ ਨੂੰ ਭਾਉਂਦਾ ਹੈ ਅਤੇ ਅੱਗ ਦੀ ਲਾਟ ਵਰਗਾ ਹੈ ਪਰ ਇਸ ਰੰਗ ਵਿਚ ਕਮੀ ਇਹ ਹੈ ਕਿ ਇਹ ਛੇਤੀ ਹੀ ਧੁੱਪ ਨਾਲ ਜਾਂ ਪਾਣੀ ਲੱਗਣ ਨਾਲ ਉਤਰ ਜਾਂਦਾ ਹੈ। ਇਹ ਕੱਚਾ ਰੰਗਾ ਹੈ। ਗੁਰੂ ਸਾਹਿਬਾਨ ਇਸ ਰੰਗ ਨੂੰ ਮਾਇਆ ਦੇ ਰੰਗ ਵਜੋਂ ਬਿਆਨ ਕਰਦੇ ਹਨ। ਮਾਇਆ ਦੀ ਖਿੱਚ ਬਹੁਤ ਸੁਹਾਵਣੀ ਹੈ। ਮਜੀਠ ਵੇਲ ਦਾ ਰੰਗ ਵੀ ਲਾਲ ਹੈ ਪਰ ਧੁੱਪ ਨਾਲ ਜਾਂ ਪਾਣੀ ਨਾਲ ਇਹ ਉਤਰਦਾ ਨਹੀਂ। ਇਹ ਪੱਕਾ ਰੰਗ ਹੈ। ਗੁਰੂ ਸਾਹਿਬਾਨ ਇਸ ਨੂੰ ਨਾਮ ਦੇ ਰੰਗ ਨਾਲ ਤਸ਼ਬੀਹ ਦਿੰਦੇ ਹਨ। ਹੁਣ ਜੇ ਰੰਗ ਚੁਣਨਾ ਹੀ ਹੈ ਤਾਂ ਕਿਉਂ ਨਾ ਮਜੀਠ ਦਾ ਰੰਗ ਚੁਣਿਆ ਜਾਵੇ। ਗੁਰਬਾਣੀ ਹੋਲੀ ਨੂੰ ਮਨਾਉਣ ਦਾ ਅਸਲ ਮਕਸਦ ਬਿਆਨ ਕਰਦੀ ਹੈ। ਭਗਤ ਲੋਕ ਜਾਂ ਗੁਰੂ ਦੇ ਪਿਆਰੇ ਕਿਵੇਂ ਹੋਲੀ ਮਨਾਉਂਦੇ ਹਨ? ਇਸ ਦਾ ਉਤਰ ਦਿੰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ, ਫਾਗ ਅਤੇ ਹੋਲੀ ਤਿੰਨੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਫੁਰਮਾਉਂਦੇ ਹਨ:
ਆਜੁ ਹਮਾਰੈ ਗ੍ਰਿਹਿ ਬਸੰਤ॥
ਗੁਨ ਗਾਏ ਪ੍ਰਭੁ ਤੁਮ ਬੇਅੰਤ॥੧॥ ਰਹਾਉ॥
ਆਜੁ ਹਮਾਰੈ ਬਨੇ ਫਾਗ॥
ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥੨॥
ਮਨੁ ਤਨੁ ਮਉਲਿਓ ਅਤਿ ਅਨੂਪ॥
ਸੂਕੈ ਨਾਹੀ ਛਾਵ ਧੂਪ॥
ਸਗਲੀ ਰੂਤੀ ਹਰਿਆ ਹੋਇ॥
ਸਦ ਬਸੰਤ ਗੁਰ ਮਿਲੇ ਦੇਵ॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ : 1180)
ਬਸੰਤ, ਫਾਗ ਜਾਂ ਹੋਲੀ ਕੁਝ ਵੀ ਹੋਵੇ, ਪ੍ਰਭੂ ਦੀ ਭਗਤੀ ਕਰਕੇ ਹੀ ਅਸਲ ਖੁਸ਼ੀ ਪ੍ਰਾਪਤ ਹੁੰਦੀ ਹੈ। ਸੋ ਹੋਲੀ ਮਨਾਉਂਦਿਆਂ ਉਸ ਪ੍ਰਭੂ ਨੂੰ ਯਾਦ ਕੀਤਾ ਜਾਵੇ, ਜਿਸ ਦੀ ਮਿਹਰ ਸਦਕਾ ਇਹ ਖੁਸ਼ੀ ਪ੍ਰਾਪਤ ਹੋਈ ਹੈ। ਜਿਸ ਢੰਗ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਖਤਰਨਾਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਸਾਰਾ ਕੁਝ ਸਿਹਤ ਅਤੇ ਆਲੇ-ਦੁਆਲੇ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਖਤਰਨਾਕ ਰੰਗਾਂ ਕਰਕੇ ਕਈਆਂ ਦੀਆਂ ਅੱਖਾਂ ਦਾ ਨੁਕਸਾਨ ਹੋ ਜਾਂਦਾ ਹੈ। ਬੇਹੂਦਾ ਸ਼ੋਰ ਅਤੇ ਧੂਮ-ਧੜੱਕਾ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਵਿਚ ਭਾਰੀ ਵਾਧਾ ਕਰਦਾ ਹੈ। ਅਸ਼ਲੀਲ ਵਿਵਹਾਰ ਇਸ ਮੌਕੇ ਸਮਾਜ ਵਿਚ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਂਦਾ ਹੈ ਅਤੇ ਇਹ ਤਿਉਹਾਰ ਹਰ ਸਾਲ ਆਪਣੇ ਪਿੱਛੇ ਕਈ ਤਰ੍ਹਾਂ ਦੀਆਂ ਕੌੜੀਆਂ ਯਾਦਾਂ ਛੱਡ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਹੋਲੀ ਮਨਾਉਂਦਿਆਂ ਦੇਖਦੇ ਹੋਏ ਹੋਲੀ ਨੂੰ ਹੋਲਾ ਮਹੱਲਾ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਹੋਲੀ ਤੋਂ ਅਗਲੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਹੋਲਾ ਮਹੱਲਾ ਮਨਾਉਣ ਦਾ ਸੱਦਾ ਦਿੱਤਾ। ਕਥਾ-ਕੀਰਤਨ ਰਾਹੀਂ ਪ੍ਰਭੂ ਭਗਤੀ ਦਾ ਸੰਦੇਸ਼ ਸੰਗਤਾਂ ਨੂੰ ਦਿੱਤਾ ਗਿਆ। ਇਸ ਉਪਰੰਤ ਮਸਨੂਈ ਲੜਾਈ ਦਾ ਨਜ਼ਾਰਾ ਲੋਕਾਂ ਸਾਹਮਣੇ ਰੱਖਿਆ ਗਿਆ। ਗੁਰੂ ਸਾਹਿਬ ਨੇ ਹੋਲਾ ਮਹੱਲਾ ਪੰਥਕ ਜਾਹੋ-ਜਲਾਲ ਨਾਲ ਮਨਾਉਣ ਵਾਸਤੇ ਹੋਲਗੜ੍ਹ ਕਿਲ੍ਹਾ ਬਣਵਾਇਆ। ਖਾਲਸਾ ਦਲ ਦੇ ਦੋ ਹਿੱਸੇ ਕੀਤੇ ਗਏ। ਇਕ ਦਲ ਸਫੈਦ ਬਸਤਰਾਂ 'ਚ ਉਥੇ ਤਾਇਨਾਤ ਕੀਤਾ ਗਿਆ ਜੋ ਮੋਰਚੇ ਕਾਇਮ ਕਰਕੇ ਡਟ ਗਿਆ। ਦੂਜਾ ਦਲ ਕੇਸਰੀ ਬਾਣੇ 'ਚ, ਜਿਸ ਵਿਚ ਗੁਰੂ ਸਾਹਿਬ ਖੁਦ ਵੀ ਸ਼ਾਮਿਲ ਸਨ, ਹਮਲਾਵਰ ਹੋਇਆ, ਹਮਲਾਵਰ ਹੋਏ ਦਲ ਨੂੰ ਫ਼ਤਹਿ ਹਾਸਲ ਹੋਈ। ਫ਼ਤਹਿ ਦੀਆਂ ਖੁਸ਼ੀਆਂ ਸਾਂਝੇ ਰੂਪ ਵਿਚ ਮਨਾਈਆਂ ਗਈਆਂ ਅਤੇ ਕੜਾਹ ਪ੍ਰਸ਼ਾਦਿ ਦੇ ਖੁੱਲ੍ਹੇ ਗੱਫੇ ਵਰਤਾਏ ਗਏ।
ਇਸ ਤਿਉਹਾਰ ਨੂੰ ਸ਼ੁਰੂ ਕਰਨ ਅਤੇ ਮਨਾਉਣ ਦਾ ਇਕੋ ਇਕ ਮੰਤਵ ਸੀ ਕਿ ਗੁਰਬਾਣੀ ਦੀ ਰੌਸ਼ਨੀ ਵਿਚ ਲੋਕਾਂ ਨੂੰ ਕੱਚੇ ਰੰਗਾਂ (ਮਨਮੁਖੀ ਕਰਮਾਂ ਤੇ ਪ੍ਰਭਾਵਾਂ) ਤੋਂ ਬਚਾਅ ਕੇ ਪੱਕੇ ਰੰਗ ਨਾਲ ਜੋੜਿਆ ਜਾਵੇ ਅਤੇ ਲੋਕਾਂ ਵਿਚ ਦਲੇਰੀ, ਦ੍ਰਿੜ੍ਹਤਾ ਅਤੇ ਪ੍ਰਮਾਤਮਾ ਵਿਚ ਅਟੱਲ ਵਿਸ਼ਵਾਸ ਵਰਗੇ ਸ਼ੁਭ ਗੁਣ ਪੈਦਾ ਕੀਤੇ ਜਾਣ। ਅੱਜ ਦੇ ਸਮੇਂ ਵਿਚ ਹੋਲੀ ਤੋਂ ਹੋਲੇ ਮਹੱਲੇ ਦੀ ਤਬਦੀਲੀ ਦੀ ਅਹਿਮੀਅਤ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਅਸੀਂ ਹੋਲੀ ਵਾਲੇ ਦਿਨ ਫੈਲਾਏ ਜਾ ਰਹੇ ਸ਼ੋਰ, ਰੰਗਾਂ, ਚਿੱਕੜ ਅਤੇ ਅਸ਼ਲੀਲਤਾ ਦੇ ਪ੍ਰਦੂਸ਼ਣ ਤੋਂ ਸਮਾਜ ਨੂੰ ਬਚਾਅ ਕੇ ਰੱਖ ਸਕਦੇ ਹਾਂ।
 ਤਲਵਿੰਦਰ ਸਿੰਘ ਬੁੱਟਰ 

No comments:

Post a Comment