Friday, 11 October 2013

ਇਹ ਹੈ ਅਜੋਕਾ ਪੰਜਾਬ



ਸਮਾਜ ਵਿਚ ਤਬਦੀਲੀਆਂ ਤਾਂ ਹਰ ਯੁੱਗ ਵਿਚ ਆਉਂਦੀਆਂ ਰਹੀਆਂ ਹਨ ਪਰ ਇਨ੍ਹਾਂ ਤਬਦੀਲੀਆਂ ਦੀ ਜੋ ਰਫ਼ਤਾਰ ਪਿਛਲੇ 25-30 ਸਾਲਾਂ ਵਿਚ ਵੇਖਣ ਨੂੰ ਮਿਲੀ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ। ਅਜੋਕੀਆਂ ਤਬਦੀਲੀਆਂ ਦਾ ਮੁੱਖ ਕਾਰਨ ਸੰਸਾਰੀਕਰਨ ਅਤੇ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਹਨ, ਜਿਨ੍ਹਾਂ ਨੇ ਸਰਮਾਏ ਦੇ ਪ੍ਰਵਾਹ ਨੂੰ ਤਿਖੇਰਾ ਕੀਤਾ ਹੈ। ਇਸ ਵਰਤਾਰੇ ਦਾ ਅਸਰ ਜ਼ਿੰਦਗੀ ਦੇ ਹਰ ਪਹਿਲੂ ਉਪਰ ਵੇਖਣ ਨੂੰ ਮਿਲ ਰਿਹਾ ਹੈ। ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਨਿੱਜੀ ਖੇਤਰ ਦੇ ਵਧਣ-ਫੁੱਲਣ ਦੇ ਪਹਿਲਾਂ ਨਾਲੋਂ ਵਧੇਰੇ ਮੌਕੇ ਦਿੱਤੇ ਪਰ ਨਿੱਜੀ ਖੇਤਰ ਨੂੰ ਮੁਨਾਫ਼ੇ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਸਦਾ। ਚੰਗੇ ਸੰਸਕਾਰ, ਉਚੇਰੀਆਂ ਕਦਰਾਂ-ਕੀਮਤਾਂ, ਚੰਗਾ ਚੱਜ-ਆਚਾਰ ਆਦਿ ਇਨ੍ਹਾਂ ਲਈ ਬੇਮਾਅਨੇ ਸ਼ਬਦ ਹਨ। ਪੇਸ਼ ਹੈ ਪੰਜਾਬ ਦੇ ਬਦਲ ਰਹੇ ਨਕਸ਼ਾਂ ਬਾਰੇ ਵਿਸ਼ੇਸ਼ ਰਿਪੋਰਟ।
ਡਾ. ਧਰਮ ਸਿੰਘ
ਗੱਲ ਪਿੰਡਾਂ ਤੋਂ ਸ਼ੁਰੂ ਕਰਦੇ ਹਾਂ। ਨਿੱਜੀ ਖੇਤਰ ਵਿਚ ਪੂੰਜੀ ਨਿਵੇਸ਼ ਅਤੇ ਮੁਨਾਫ਼ਾ ਕਮਾਉਣ ਦੇ ਕਈ ਰਾਹ ਖੁੱਲ੍ਹ ਗਏ ਹਨ। ਇਨ੍ਹਾਂ ਵਿਚੋਂ ਇਕ ਖੇਤਰ ਰੀਅਲ ਐਸਟੇਟ ਜਾਂ ਜ਼ਮੀਨਾਂ ਦੀ ਖਰੀਦ-ਵੇਚ ਦਾ ਧੰਦਾ ਹੈ। ਇਸ ਖਰੀਦ-ਵੇਚ ਵਿਚ ਕਮਿਸ਼ਨ ਏਜੰਟਾਂ ਤੋਂ ਬਿਨਾਂ ਫਾਈਨਾਂਸਰ, ਡਿਵੈਲਪਰ, ਸਰਮਾਏਦਾਰ ਆ ਸ਼ਾਮਿਲ ਹੋਏ ਹਨ, ਜੋ ਵੱਡੇ-ਵੱਡੇ ਸਰਕਾਰੀ ਠੇਕੇ ਲੈਣ ਤੋਂ ਇਲਾਵਾ ਨਿੱਜੀ ਪੱਧਰ 'ਤੇ ਵੱਡੇ-ਵੱਡੇ ਮਾਲ ਬਣਾਉਂਦੇ ਹਨ। ਨਵੀਆਂ ਕਾਲੋਨੀਆਂ ਕੱਟਦੇ ਹਨ ਅਤੇ ਨਵੇਂ ਮਕਾਨ-ਕੋਠੀਆਂ ਬਣਾ ਕੇ ਮੋਟਾ ਮੁਨਾਫ਼ਾ ਕਮਾ ਕੇ ਅਗਾਂਹ ਵੇਚਦੇ ਹਨ। ਇਸੇ ਲਈ ਜਾਇਦਾਦ ਦੇ ਸਲਾਹਕਾਰ ਹਰ ਸ਼ਹਿਰ, ਕਸਬੇ ਵਿਚ ਮਿਲ ਜਾਣਗੇ। ਸਾਰੇ ਪੰਜਾਬ ਵਿਚ ਘੁੰਮ-ਫਿਰ ਕੇ ਵੇਖ ਲਉ, ਹਰ ਸ਼ਹਿਰ, ਕਸਬੇ ਵਿਚ ਨਵੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਫਲਸਰੂਪ ਸ਼ਹਿਰਾਂ, ਕਸਬਿਆਂ ਨੇੜੇ ਲਗਦੀਆਂ ਜ਼ਮੀਨਾਂ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ ਅਤੇ ਦੂਰ-ਦੁਰਾਡੇ ਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵਧ ਗਏ ਹਨ। ਜਿਨ੍ਹਾਂ ਦੀਆਂ ਜ਼ਮੀਨਾਂ ਨਵੀਆਂ ਕਾਲੋਨੀਆਂ ਵਿਚ ਆ ਗਈਆਂ ਹਨ, ਉਹ ਹਜ਼ਾਰਾਂ, ਲੱਖਾਂ ਵਿਚ ਨਹੀਂ, ਕਰੋੜਾਂ ਵਿਚ ਖੇਡ ਰਹੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਬਾਪੂ ਦੇ ਜਿੰਨੇ ਪੁੱਤਰ ਹਨ, ਓਨੀਆਂ ਕੋਠੀਆਂ ਅਤੇ ਕਾਰਾਂ ਹਨ, ਉਹ ਵੀ ਮਹਿੰਗੀਆਂ ਤੋਂ ਮਹਿੰਗੀਆਂ। ਜ਼ਮੀਨ ਦੀ ਵੱਟਤ ਦੇ ਪੈਸਿਆਂ ਨਾਲ ਕਈਆਂ ਨੇ ਹੋਰ ਥਾਈਂ ਜ਼ਮੀਨਾਂ-ਜਾਇਦਾਦਾਂ ਖਰੀਦ ਲਈਆਂ ਹਨ, ਕਈ ਪ੍ਰਾਪਰਟੀ ਸਲਾਹਕਾਰ ਬਣ ਗਏ ਅਤੇ ਕਈ ਪੈਸਾ ਅੱਯਾਸ਼ੀ ਦੇ ਰਾਹ ਰੋੜ੍ਹ ਕੇ ਨੰਗ ਹੋ ਕੇ ਬੈਠ ਗਏ। ਇਸ ਵਰਤਾਰੇ ਨੇ ਕਿਸਾਨਾਂ ਦੇ ਅੱਧ-ਪੜ੍ਹੇ ਪੁੱਤਰਾਂ ਵਿਚ ਪਹਿਲਾਂ ਤੋਂ ਹੀ ਘੱਟ ਰਹੀ ਕੰਮ ਕਰਨ ਦੀ ਰੁਚੀ ਨੂੰ ਵਿਹਲੜਪੁਣੇ ਵਿਚ ਤਬਦੀਲ ਕਰਕੇ ਨਸ਼ਿਆਂ ਦੇ ਰਾਹ ਤੋਰ ਦਿੱਤਾ ਹੈ। ਪੈਸੇ ਦੀ ਇਸ ਲੈਣ-ਦੇਣ ਦੀ ਹੋੜ ਨੇ ਨਵੀਂ ਪੀੜ੍ਹੀ ਨੂੰ ਅਸਲੋਂ ਦਲਿੱਦਰੀ ਅਤੇ ਨਿਕੰਮੀ ਬਣਾ ਧਰਿਆ ਹੈ।
ਅੱਜ ਕਿਸਾਨ ਦੇ ਪੁੱਤਰ ਦੀ ਪਛਾਣ ਜੈਲ ਨਾਲ ਚੋਪੜੇ ਹੋਏ ਪਟੇ, ਕਾਲੀਆਂ ਐਨਕਾਂ, ਦੁੱਧ ਚਿੱਟੇ ਕੱਪੜੇ, ਹੱਥ ਵਿਚ ਮਹਿੰਗਾ ਮੋਬਾਈਲ ਫੋਨ, ਵੱਡੀ ਗੱਡੀ ਅਤੇ ਕੰਨਾਂ ਵਿਚ ਲਾਏ ਈਅਰ ਫੋਨ ਹਨ। ਕਿਸਾਨ ਦੇ ਮਿਹਨਤੀ, ਉਤਸ਼ਾਹੀ ਅਤੇ ਅਗਾਂਹਵਧੂ ਹੋਣ ਦੀ ਗੱਲ ਬੀਤੇ ਦੀ ਬਣ ਕੇ ਰਹਿ ਗਈ ਹੈ। ਇਹ ਵਿਹਲੜਪੁਣਾ ਕੇਵਲ ਕਿਸਾਨੀ ਤੱਕ ਹੀ ਸੀਮਤ ਨਹੀਂ, ਦੂਜੇ ਲੋਕਾਂ ਦਾ ਵੀ ਇਹੋ ਹਾਲ ਹੈ। ਦੁਕਾਨਦਾਰ, ਦਸਤਕਾਰ ਅਤੇ ਹੁਨਰਮੰਦ ਪੁੱਤਰ ਆਪਣੇ ਪਿਤਾ ਵਾਲਾ ਧੰਦਾ ਕਰਨ ਨੂੰ ਤਿਆਰ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਪਿਉ ਵਾਲਾ ਕੰਮ ਪੁੱਤਰ ਜ਼ਰੂਰ ਕਰੇ ਅਤੇ ਨਵੇਂ ਖੇਤਰ ਦੀ ਤਲਾਸ਼ ਨਾ ਕਰੇ ਪਰ ਵੇਖਣ ਵਿਚ ਆਇਆ ਹੈ ਕਿ ਜਿਹੜਾ ਹੁਨਰ ਜਾਂ ਦਸਤਕਾਰੀ ਇਕ ਬੱਚਾ ਘਰ ਵਿਚ ਬਹਿੰਦਿਆਂ-ਉਠਦਿਆਂ ਬਿਨਾਂ ਕਿਸੇ ਉਚੇਚੇ ਯਤਨ ਦੇ ਸਿੱਖ ਲੈਂਦਾ ਹੈ, ਉਹ ਨਵੇਂ ਸਿਰਿਉਂ ਸਿੱਖਣ ਵਿਚ ਕਾਫ਼ੀ ਪੈਸਾ ਅਤੇ ਸਮਾਂ ਲੱਗ ਜਾਂਦਾ ਹੈ। ਲੋੜ ਪਿਤਾ-ਪੁਰਖੀ ਧੰਦਾ ਤਿਆਗਣ ਦੀ ਨਹੀਂ, ਉਸ ਦਾ ਆਧੁਨਿਕੀਕਰਨ ਕਰਨ ਦੀ ਹੈ। ਨਵੇਂ ਗਿਆਨ ਅਤੇ ਨਵੀਂ ਤਕਨੀਕ ਨਾਲ ਉਹੋ ਧੰਦਾ ਵੱਡੇ ਪੱਧਰ 'ਤੇ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਵਧੇਰੇ ਸਰਮਾਇਆ ਲਗਾਇਆ ਜਾ ਸਕਦਾ ਹੈ ਪਰ ਮਸਲਾ ਇਹ ਹੈ ਕਿ ਪੰਜਾਬੀ ਗੱਭਰੂ ਵਿਚ ਇੱਛਾ-ਸ਼ਕਤੀ ਦੀ ਕਮੀ ਕਾਰਨ ਉਹ ਇਹ ਸਭ ਕੁਝ ਕਰਨ ਨੂੰ ਤਿਆਰ ਨਹੀਂ। ਉਹ ਘੱਟ ਮਿਹਨਤ ਕਰਕੇ ਸ਼ਾਰਟ-ਕੱਟ ਲੱਭਦਾ ਜਲਦੀ ਤੋਂ ਜਲਦੀ ਪੈਸਾ ਹਾਸਲ ਕਰਨਾ ਚਾਹੁੰਦਾ ਹੈ, ਜੋ ਸਧਾਰਨ ਹਾਲਤਾਂ ਵਿਚ ਸੰਭਵ ਨਹੀਂ। ਅਜਿਹੇ ਵਰਤਾਰੇ ਕਰਕੇ ਹੀ ਅੱਜ ਪੰਜਾਬ ਜੀਅ ਪ੍ਰਤੀ ਆਮਦਨ ਵਿਚ ਬਹੁਤ ਪਛੜ ਗਿਆ ਹੈ। ਕਿਰਤ ਵਲੋਂ ਬੇਰੁਖ਼ੀ ਅਤੇ ਪਿਉ-ਦਾਦੇ ਦੇ ਕੰਮ ਵਿਚੋਂ ਕੀੜੇ ਲੱਭਣੇ ਅਜਿਹੀ ਦੁਰਦਸ਼ਾ ਦੇ ਮੁੱਖ ਕਾਰਨ ਹਨ। ਸਿੱਖ ਭਾਈਚਾਰੇ ਲਈ ਤਾਂ ਇਸੇ ਕਰਕੇ ਗੁਰੂ ਸਾਹਿਬਾਨ ਨੇ ਕਿਰਤ ਨੂੰ ਸਿੱਖੀ ਦੇ ਤਿੰਨ ਸੁਨਹਿਰੀ ਅਸੂਲਾਂ ਵਿਚ ਸ਼ਾਮਲ ਕੀਤਾ ਹੈ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਸਰਦਾਰੀ ਤਾਂ ਭੋਗਣੀ ਚਾਹੁੰਦੇ ਹਾਂ, ਕਿਰਤ ਕਰਨ ਨੂੰ ਤਿਆਰ ਨਹੀਂ ਪਰ ਯਾਦ ਰੱਖਣਯੋਗ ਗੱਲ ਇਹ ਹੈ ਕਿ ਜੇ ਕਿਰਤ ਨਹੀਂ, ਤਾਂ ਸਰਦਾਰੀ ਵੀ ਕਾਇਮ ਨਹੀਂ ਰਹਿ ਸਕਦੀ। ਇਹ ਦੋਵੇਂ ਇਕ-ਦੂਜੇ ਦੇ ਪੂਰਕ ਹਨ।
ਹੁਣ ਸਿੱਖਿਆ ਵੀ ਪੰਜਾਬੀਆਂ ਲਈ ਬਹੁਤੇ ਕੰਮ ਦੀ ਸ਼ੈਅ ਨਹੀਂ ਰਹੀ। ਜਿਹੜਾ ਪੰਜਾਬ ਕੁਝ ਸਮਾਂ ਪਹਿਲਾਂ ਸਿੱਖਿਆ ਦੇ ਖੇਤਰ ਵਿਚ 5ਵਾਂ-6ਵਾਂ ਸਥਾਨ ਰੱਖਦਾ ਸੀ, ਉਹੀ ਪੰਜਾਬ ਹੁਣ 17ਵੇਂ ਥਾਂ 'ਤੇ ਆ ਗਿਆ ਹੈ ਅਤੇ ਜੇ ਇਹੋ ਹਾਲ ਰਿਹਾ ਤਾਂ ਥੱਲਿਉਂ ਪਹਿਲੇ ਨੰਬਰ 'ਤੇ ਹੋਵੇਗਾ। ਪਹਿਲਾਂ ਅੱਤਵਾਦ ਅਤੇ ਫਿਰ ਸਰਕਾਰੀ ਨੀਤੀਆਂ ਵਿੱਦਿਆ ਦੇ ਨਿਘਾਰ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਸਰਵ-ਸਿੱਖਿਆ ਅਭਿਆਨ, ਫ਼ੇਲ੍ਹ ਨਾ ਕਰਨ ਦੀ ਨੀਤੀ, ਸਕੂਲਾਂ ਦੀ ਵਧ ਰਹੀ ਗਿਣਤੀ ਆਦਿ ਉਪਰਾਲੇ ਸਭ ਵਿਅਰਥ ਸਿੱਧ ਹੋ ਰਹੇ ਹਨ ਕਿਉਂਕਿ ਪੰਜਾਬੀਆਂ ਵਿਚ ਪੜ੍ਹਨ ਦੀ ਲਲਕ ਹੀ ਨਹੀਂ ਰਹੀ। ਉਚੇਰੀ ਸਿੱਖਿਆ ਦਾ ਹਾਲ ਵੀ ਇਸ ਤੋਂ ਵੱਖਰਾ ਨਹੀਂ। ਨਵੇਂ ਕਾਲਜ ਅਤੇ ਨਵੀਆਂ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ ਪਰ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ। ਡਾ. ਮਨਮੋਹਨ ਸਿੰਘ ਸਮੇਤ ਅੱਜ ਉਚੇ ਅਹੁਦਿਆਂ ਉਪਰ ਬਿਰਾਜਮਾਨ ਨਾਮਵਰ ਪੰਜਾਬੀ ਸਭ ਪੇਂਡੂ ਸਰਕਾਰੀ ਸਕੂਲਾਂ/ਕਾਲਜਾਂ ਵਿਚ ਪੜ੍ਹੇ ਹਨ। ਇਹ ਸਾਰੇ ਪੈਦਲ ਜਾਂ ਸਾਈਕਲਾਂ ਉਪਰ ਕਈ-ਕਈ ਮੀਲ ਲੰਮਾ ਪੈਂਡਾ ਮਾਰ ਕੇ ਸਕੂਲ ਪਹੁੰਚਦੇ ਸਨ ਪਰ ਦਿਲ ਵਿਚ ਮਨੋਰਥ ਪੜ੍ਹ ਕੇ ਕੁਝ ਬਣਨ ਦਾ ਹੁੰਦਾ ਸੀ। ਪਹਿਰਾਵਾ ਵੀ ਬਹੁਤੀ ਵਾਰੀ ਕੁੜਤਾ-ਪਜਾਮਾ ਹੀ ਹੁੰਦਾ ਸੀ। ਅੱਜ ਦਾ ਪੰਜਾਬੀ ਬੱਚਾ ਸਾਧਨ ਸੰਪੰਨ ਹੈ। ਉਸ ਕੋਲ ਵਧੀਆ ਵਰਦੀਆਂ ਹਨ, ਲਿਸ਼-ਲਿਸ਼ ਕਰਦੇ ਬੂਟ-ਜੁਰਾਬਾਂ ਹਨ, ਸਕੂਲੇ ਜਾਣ ਲਈ ਮੋਟਰ ਸਾਈਕਲ, ਵੈਨਾਂ ਜਾਂ ਕਾਰਾਂ ਤੱਕ ਪਰ ਪੜ੍ਹਨ ਦੀ ਰੁਚੀ ਗਾਇਬ ਹੈ। ਪੰਜਾਬੀਆਂ ਦੀ ਅਗਲੀ ਨਸਲ ਵਿਚੋਂ ਕੋਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਥਲ ਸੈਨਾ ਪ੍ਰਮੁੱਖ, ਹਵਾਈ ਸੈਨਾ ਪ੍ਰਮੁੱਖ, ਯੋਜਨਾ ਕਮਿਸ਼ਨ ਦਾ ਉਪ-ਚੇਅਰਮੈਨ ਅਤੇ ਚੋਟੀ ਦੇ ਹੋਰ ਅਹੁਦਿਆਂ 'ਤੇ ਕੋਈ ਪਹੁੰਚ ਸਕੇ, ਮੈਨੂੰ ਇਸ ਬਾਰੇ ਸ਼ੱਕ ਹੈ।
ਵਿੱਦਿਆ ਪ੍ਰਾਪਤ ਕਰਕੇ ਕੁਝ ਬਣਨ ਦੀ ਬਜਾਇ ਪੰਜਾਬੀਆਂ ਵਿਚ ਅੱਜਕਲ੍ਹ ਕੰਨ-ਰਸ ਅਤੇ ਜੀਭਾ-ਰਸ ਪ੍ਰਮੁੱਖਤਾ ਅਖ਼ਤਿਆਰ ਕਰ ਗਏ ਹਨ। ਇਹ ਕੰਨ-ਰਸ ਦਾ ਕ੍ਰਿਸ਼ਮਾ ਹੀ ਸਮਝੋ ਕਿ ਪੰਜਾਬ ਵਿਚ ਓਨੇ ਪਿੰਡ ਨਹੀਂ ਜਿੰਨੇ ਗਾਇਕ ਬਣੇ ਬੈਠੇ ਹਨ। ਗਾਇਕਾਂ ਦਾ ਤਾਂ ਜਿਵੇਂ ਹੜ੍ਹ ਆਇਆ ਹੋਵੇ। ਇਨ੍ਹਾਂ ਵਿਚੋਂ ਕਿੰਨਿਆਂ-ਕੁ ਨੂੰ ਰਾਗ, ਚੰਗੇ ਕਲਾਮ ਅਤੇ ਸੁਰ ਤਾਲ ਦੀ ਸੋਝੀ ਹੈ, ਇਸ ਬਾਰੇ ਨਾ ਹੀ ਕੁਝ ਕਿਹਾ ਜਾਵੇ ਤਾਂ ਚੰਗਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਜੇਕਰ ਕੋਈ ਮੁੰਡਾ ਪੜ੍ਹਾਈ ਅੱਧ-ਵਿਚਕਾਰੋਂ ਛੱਡ ਬੈਠਾ ਹੈ ਅਤੇ ਕੋਈ ਕੰਮ-ਧੰਦਾ ਵੀ ਨਹੀਂ ਜਾਣਦਾ, ਉਹ ਗਾਇਕੀ ਵੱਲ ਤੁਰ ਪੈਂਦਾ ਹੈ। ਪੱਲਿਉਂ ਪੈਸੇ ਖਰਚ ਕੇ ਦੋ-ਚਾਰ ਕੈਸਟਾਂ ਵੀ ਕਢਵਾ ਲੈਂਦਾ ਹੈ ਅਤੇ ਫਿਰ ਗੁੰਮਨਾਮੀ ਦੇ ਹਨੇਰੇ ਵਿਚ ਗਰਕ ਹੋ ਜਾਂਦਾ ਹੈ। ਇਨ੍ਹਾਂ ਕਚਘਰੜ ਗਾਇਕਾਂ ਦੀ ਬਦੌਲਤ ਹੀ ਪੰਜਾਬੀ ਗਾਇਕੀ ਵਿਚ ਜੋ ਨਿਘਾਰ ਆਇਆ ਹੈ, ਉਸ ਤੋਂ ਸਾਰੇ ਸੂਝਵਾਨ ਫ਼ਿਕਰਮੰਦ ਹਨ। ਅਜਿਹੇ ਗਾਇਕਾਂ ਦੇ ਗੀਤ-ਸੰਗੀਤ ਨੂੰ ਮੈਂ ਕਿਸੇ ਵੇਲੇ ਗਲਾਸੀਕਲ ਸੰਗੀਤ ਕਿਹਾ ਸੀ ਕਿਉਂਕਿ ਇਹ ਗਲਾਸੀ ਤੋਂ ਸ਼ੁਰੂ ਹੋ ਕੇ ਗਲਾਸੀ ਵਿਚ ਹੀ ਡੁੱਬ ਜਾਂਦਾ ਹੈ। ਗੀਤਾਂ ਵਿਚ ਛਵੀਆਂ, ਗੰਡਾਸੇ, ਰਫਲਾਂ ਅਤੇ ਦੁਨਾਲੀਆਂ ਚੱਲਦੀਆਂ ਹਨ ਅਤੇ ਰੂਹ ਸੰਗੀਤ ਵਿਚ ਭਿੱਜਣ ਦੀ ਬਜਾਇ ਲਲਕਾਰਿਆਂ ਚੱਕ ਲੋ, ਫੜ ਲੋ, ਮਰ ਗਏ, ਹੋਇ-ਹੋਇ ਅਤੇ ਬੱਲੇ-ਬੱਲੇ ਦੇ ਥੱਲੇ ਦਮ ਤੋੜਦੀ ਦਿਖਾਈ ਦਿੰਦੀ ਹੈ। ਅਜਿਹੇ ਗੀਤ-ਸੰਗੀਤ ਬਾਰੇ ਕਾਲਜ ਦੇ ਇਕ ਸੰਗੀਤ ਅਧਿਆਪਕ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਫ਼ਿਲਮ ਨਗਰੀ (ਮੁੰਬਈ) ਵਿਚ ਇਸ ਨੂੰ ਮਜ਼ਾਕ ਨਾਲ 'ਪੰਜਾਬੀ ਵਾਜਾ' ਕਿਹਾ ਜਾਂਦਾ ਹੈ।
ਸਮਾਜਿਕ ਧਰਾਤਲ ਉਪਰ ਅਜਿਹੀ ਗਾਇਕੀ ਦਾ ਜੋ ਮਾਰੂ ਪ੍ਰਭਾਵ ਪੈ ਰਿਹਾ ਹੈ, ਉਸ ਬਾਰੇ ਅਸੀਂ ਅਜੇ ਸੋਚਣਾ ਸ਼ੁਰੂ ਨਹੀਂ ਕੀਤਾ। ਪੰਜਾਬੀ ਸਮਾਜ ਵਿਚ ਜਾਤ-ਪਾਤ ਦੀ ਪਕੜ ਬਹੁਤੀ ਮਜ਼ਬੂਤ ਨਹੀਂ ਪਰ ਅਜੋਕੀ ਗਾਇਕੀ ਇਸ ਦੀਆਂ ਜੜ੍ਹਾਂ ਪਤਾਲ ਵਿਚ ਲਾ ਕੇ ਛੱਡੇਗੀ। ਜੱਟਵਾਦ, ਪੰਜਾਬੀ ਸਮਾਜ ਦਾ ਭਲਾ ਕਰ ਰਿਹਾ ਹੈ ਜਾਂ ਬੁਰਾ? ਇਹ ਨਿਰਣਾ ਪਾਠਕ ਖ਼ੁਦ ਕਰ ਲੈਣ। ਸੌ ਵਿਚੋਂ ਨੱਬੇ ਵਾਹਨਾਂ ਦੇ ਅੱਗੇ-ਪਿੱਛੇ ਜਾਂ ਨੰਬਰ ਪਲੇਟਾਂ ਉਪਰ ਜਾਤੀ ਸੂਚਕ ਸ਼ਬਦ ਲਿਖੇ ਹੁੰਦੇ ਹਨ। ਕੀ ਇਸ ਪਿੱਛੇ ਜਾਤੀ-ਅਭਿਮਾਨ ਨਹੀਂ ਝਲਕਦਾ? ਇਹ ਜਾਤੀ-ਅਭਿਮਾਨ ਸਮਾਜ ਨੂੰ ਕਿੱਧਰ ਲਿਜਾ ਰਿਹਾ ਹੈ, ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ। ਪੰਜਾਬ ਵਿਚ ਵਧ ਰਹੇ ਅਪਰਾਧਾਂ ਪਿੱਛੇ ਇਸ ਗਲਾਸੀਕਲ ਸੰਗੀਤ ਦੀ ਭੂਮਿਕਾ ਨੂੰ ਕਦਾਚਿਤ ਨਕਾਰਿਆ ਨਹੀਂ ਜਾ ਸਕਦਾ। ਇਹ ਸਰੋਤੇ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਸ ਗਾਇਕੀ ਨੇ ਸਿੱਖ ਧਰਮ ਨੂੰ ਕਿੰਨੀ ਹਾਨੀ ਪਹੁੰਚਾਈ ਹੈ, ਇਹ ਇਕ ਸੋਚਣ-ਵਿਚਾਰਨ ਦਾ ਵਿਸ਼ਾ ਹੈ। ਧਰਮ ਹਰ ਕਿਸੇ ਦਾ ਨਿੱਜੀ ਮਾਮਲਾ ਹੈ, ਜਿਸ ਕਰਕੇ ਕਿਸੇ ਨੂੰ ਇਸ ਬਾਰੇ ਕੋਈ ਉਜਰ ਨਹੀਂ ਹੋਣਾ ਚਾਹੀਦਾ। ਸਾਨੂੰ ਵੀ ਕੋਈ ਉਜਰ ਨਹੀਂ ਪਰ ਸਮਾਜਿਕ ਸਥਿਤੀ ਨੂੰ ਪਰਖਣ ਲਈ ਇਸ ਦਾ ਆਪਣਾ ਮਹੱਤਵ ਹੈ। ਬਹੁਤੇ ਗਾਇਕਾਂ ਦੇ ਨਾਵਾਂ ਤੋਂ ਪਤਾ ਲਗਦਾ ਹੈ ਕਿ ਇਹ ਸਿੱਖ ਭਾਈਚਾਰੇ ਵਿਚੋਂ ਹਨ ਪਰ ਸੂਰਤ ਵੇਖੋ ਤਾਂ ਸਫਾਚੱਟ। ਕਈਆਂ ਦਾ ਪਿਛੋਕੜ, ਸੁਣਨ ਵਿਚ ਆਇਆ ਹੈ ਕਿ ਧਾਰਮਿਕ ਘਰਾਣਿਆਂ ਨਾਲ ਜੁੜਦਾ ਹੈ। ਗੱਲ ਗਾਇਕਾਂ ਤੱਕ ਹੀ ਸੀਮਤ ਨਹੀਂ, ਉਨ੍ਹਾਂ ਨਾਲ ਸਾਜ਼ ਵਜਾਉਣ ਵਾਲੇ ਸਾਜ਼ਿੰਦਿਆਂ ਦਾ ਵੀ ਉਹੋ ਰੂਪ ਹੁੰਦਾ ਹੈ। ਇਕ-ਇਕ ਗਾਇਕ ਨਾਲ 10-10 ਨੱਚਣ ਵਾਲੇ ਹੁੰਦੇ ਹਨ। ਇਹ ਸਭ ਕੁਝ ਤੋਂ ਇੰਜ ਲਗਦਾ ਹੈ ਕਿ ਪੰਜਾਬੀ ਬਹਾਦਰਾਂ ਅਤੇ ਜਫ਼ਾਕਸ਼ ਲੋਕਾਂ ਦੀ ਕੌਮ ਨਹੀਂ, ਨੱਚਾਰਾਂ ਦੀ ਕੌਮ ਹੈ। ਸਧਾਰਨ ਸ਼ਕਲ-ਸੂਰਤ ਵਾਲੇ ਲੋਕ ਆਪਣੇ-ਆਪ ਵਿਚ ਮਾਡਲ ਹੋਣ ਦਾ ਭਰਮ ਪਾਲੀ ਬੈਠੇ ਹਨ ਅਤੇ ਇਸ ਸ਼ੌਕ ਵਿਚ ਉਹ ਧਰਮ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਬੈਠਦੇ ਹਨ। ਇਸ ਵੇਲੇ ਤਾਂ ਲਗਦਾ ਹੈ ਕਿ ਪੰਜਾਬੀਆਂ ਸਾਹਮਣੇ ਕੋਈ ਵੱਡਾ ਆਦਰਸ਼ ਨਹੀਂ, ਉਹ ਸਸਤੇ ਕਿਸਮ ਦੇ ਸੰਗੀਤ ਅਤੇ ਨੱਚਣ-ਟੱਪਣ ਨੂੰ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਚਾਈ ਸਮਝੀ ਬੈਠੇ ਹਨ। ਧਰਮ, ਭਾਰਤੀਅਤਾ ਅਤੇ ਪੰਜਾਬੀ ਸਮਝ ਦੀ ਧਰੋਹਰ ਰਹੀ ਹੈ। ਫ਼ੌਜੀ ਨੂੰ ਵਰਦੀ ਤੋਂ ਬਿਨਾਂ ਕੋਈ ਸਿਪਾਹੀ ਨਹੀਂ ਮੰਨਦਾ।
ਜੀਭਾ-ਰਸ ਦੀ ਗੱਲ ਕਰੀਏ ਤਾਂ ਅੱਜ ਸੜਕਾਂ ਦੇ ਆਲੇ-ਦੁਆਲੇ ਖੁੱਲ੍ਹੇ ਢਾਬਿਆਂ/ਹੋਟਲਾਂ ਤੋਂ ਬਿਨਾਂ ਸ਼ਹਿਰਾਂ ਵਿਚ ਬੜੀ ਤੇਜ਼ੀ ਨਾਲ ਫਾਸਟਫੂਡ ਦੀਆਂ ਖੁੱਲ੍ਹੀਆਂ ਦੁਕਾਨਾਂ ਵੇਖੀਆਂ ਜਾ ਸਕਦੀਆਂ ਹਨ। ਮੈਕਡੋਨਲਡ, ਪੀਜ਼ਾ ਹੱਟ, ਸਬ ਵੇਅ, ਕੇ. ਐਫ. ਸੀ. ਤੋਂ ਮੁਰਗਨ ਅਤੇ ਮਸਾਲੇਦਾਰ ਮੈਦੇ ਦੀਆਂ ਬਣੀਆਂ ਅਤੇ ਤਲੀਆਂ ਚੀਜ਼ਾਂ ਖਾ ਕੇ ਪੰਜਾਬੀ ਹੁਣ ਹਾਰਟ ਕੇਅਰ ਸੈਂਟਰਾਂ ਅਤੇ ਦਿਲ ਦੀਆਂ ਬਿਮਾਰੀਆਂ ਦੇ ਹਸਪਤਾਲਾਂ ਵਿਚ ਪੁੱਜ ਰਹੇ ਹਨ। ਇਸੇ ਲਈ ਪੰਜਾਬ ਵਿਚ ਨਵੇਂ ਹਾਰਟ ਕੇਅਰ ਸੈਂਟਰ ਅਤੇ ਹਸਪਤਾਲ ਖੁੱਲ੍ਹਣ ਦੀਆਂ ਸੰਭਾਵਨਾਵਾਂ ਬੜੀਆਂ ਰੌਸ਼ਨ ਹਨ।
ਫੋਕੀ ਸ਼ਾਨੋ-ਸ਼ੌਕਤ, ਟੌਹਰ-ਟੱਪਾ ਅਤੇ ਵਿਖਾਵੇਬਾਜ਼ੀ ਪੰਜਾਬੀ ਸਮਾਜ ਵਿਚ ਅੱਜਕਲ੍ਹ ਚਰਮ ਸੀਮਾ ਉਪਰ ਹੈ। ਸਾਦਗੀ ਜਿਵੇਂ ਪਰ ਲਾ ਕੇ ਉਡ ਗਈ ਹੋਵੇ। ਫਜ਼ੂਲ-ਖਰਚੀ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ। ਵਿਆਹ-ਸ਼ਾਦੀ ਸਭ ਤੋਂ ਵੱਧ ਖਰਚੀਲੀ ਰਸਮ ਬਣ ਕੇ ਰਹਿ ਗਈ ਹੈ। ਵਿਆਹ ਲਈ ਮਹਿੰਗੇ ਕਾਰਡ ਛਪਵਾ ਕੇ ਨਾਲ ਮਠਿਆਈ/ਡਰਾਈ ਫਰੂਟ ਦੇ ਡੱਬੇ ਵੰਡਣ ਤੋਂ ਲੈ ਕੇ ਆਲੀਸ਼ਾਨ ਹੋਟਲ/ਮੈਰਿਜ ਪੈਲੇਸ ਵਿਚ ਬਰਾਤ ਦੇ ਨਾਂਅ 'ਤੇ ਕੀਤਾ ਜਾਣ ਵਾਲਾ ਇਕੱਠ, ਮੀਟ-ਮੁਰਗੇ ਨਾਲ ਦਾਰੂ, ਨੱਚਣ-ਗਾਉਣ ਵਾਲੇ/ਵਾਲੀਆਂ ਅਤੇ ਭਾਰੀ ਖਰਚ ਤੇ ਦਾਜ ਤੋਂ ਬਿਨਾਂ ਸ਼ਾਇਦ ਹੀ ਕੋਈ ਪੰਜਾਬੀ ਵਿਆਹ ਮੁਕੰਮਲ ਹੁੰਦਾ ਹੋਵੇ। ਗਲਾਸੀਆਂ ਅੰਦਰ ਸੁੱਟ ਕੇ ਨੋਟਾਂ ਦੀ ਬਰਸਾਤ ਕਰਨ ਵਾਲੇ ਪੰਜਾਬੀ ਸੁਪਨਿਆਂ ਦੀ ਦੁਨੀਆ ਵਿਚ ਗੁਆਚੇ ਫਿਰਦੇ ਹਨ। ਦਾਜ ਦੀਆਂ ਹੋਰ ਵਸਤਾਂ ਨੂੰ ਛੱਡਦਿਆਂ ਦਾਜ ਵਿਚ ਮਿਲੇ ਮੋਟਰ ਸਾਈਕਲਾਂ ਦੀ ਹੋਣੀ ਬਾਰੇ ਇਕ ਹਕੀਕਤ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਇਕ ਦਿਨ ਜਲੰਧਰ ਤੋਂ ਅੰਮ੍ਰਿਤਸਰ ਪਰਤ ਰਿਹਾ ਸਾਂ। ਸੜਕ ਉਪਰ ਪੈਂਦੇ ਇਕ ਕਸਬੇ ਦੀਆਂ ਦੁਕਾਨਾਂ ਦੇ ਸਾਹਮਣੇ ਮੋਟਰ ਸਾਈਕਲਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ। ਸਾਰੇ ਮੋਟਰ ਸਾਈਕਲ ਭਾਵੇਂ ਨਵੇਂ ਨਕੋਰ ਤਾਂ ਨਹੀਂ ਸਨ ਪਰ ਪੁਰਾਣੇ ਵੀ ਨਹੀਂ ਸਨ ਕਹੇ ਜਾ ਸਕਦੇ। ਜਗਿਆਸਾ-ਵੱਸ ਨਾਲ ਬੈਠੇ ਇਕ ਵਿਅਕਤੀ ਨੂੰ ਪੁੱਛਿਆ ਕਿ ਇਹ ਕੀ ਚੱਕਰ ਹੈ? ਉਸ ਨੇ ਜਵਾਬ ਦਿੱਤਾ ਕਿ ਇਹ ਸਾਰੇ ਮੋਟਰ ਸਾਈਕਲ ਲਾੜਿਆਂ ਨੂੰ ਦਾਜ ਵਿਚ ਮਿਲੇ ਹਨ ਜੋ ਹੁਣ ਇਥੇ ਵਿਕਣ ਹਿਤ ਆਏ ਹਨ। ਉਸ ਨੇ ਇਹ ਵੀ ਦੱਸਿਆ ਕਿ ਜਿੰਨਾ ਚਿਰ ਸ਼ਗਨਾਂ ਦੇ ਇਕੱਠੇ ਹੋਏ ਪੈਸਿਆਂ ਨਾਲ ਤੇਲ ਪੈ ਗਿਆ, ਓਨੇ ਇਹ ਚੱਲ ਗਏ। ਹੁਣ ਸ਼ਗਨਾਂ ਦੇ ਪੈਸੇ ਵੀ ਮੁੱਕ ਗਏ ਤੇ ਇਨ੍ਹਾਂ ਵਿਚੋਂ ਤੇਲ ਵੀ ਮੁੱਕ ਗਿਆ। ਸਾਬਤ ਹੋਇਆ ਕਿ ਲਾੜਿਆਂ ਦੀ ਹੈਸੀਅਤ ਮੋਟਰ ਸਾਈਕਲ ਵਿਚ ਤੇਲ ਪੁਆਉਣ ਜੋਗੀ ਨਹੀਂ ਸੀ। ਕਈਆਂ ਨੇ ਦਾਜ ਵਿਚ ਮੋਟਰ ਸਾਈਕਲ ਜਾਂ ਕਾਰ ਦੇਣ ਲਈ ਕਿੰਨਾ ਕਰਜ਼ਾ ਚੁੱਕਿਆ ਹੋਵੇਗਾ ਅਤੇ ਉਸ ਨੂੰ ਮੋੜਨ ਲਈ ਕਿੰਨਾ ਸਮਾਂ ਲੱਗੇਗਾ? ਇਹ ਸ਼ਾਇਦ ਹੀ ਕਿਸੇ ਨੇ ਪੁੱਛਣ ਦੀ ਲੋੜ ਮਹਿਸੂਸ ਕੀਤੀ ਹੋਵੇ। ਪੰਜਾਬੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਪਿੱਛੇ ਇਹੋ-ਜਿਹੇ ਅਣਉਪਜਾਊ ਖਰਚੇ ਵੀ ਅਹਿਮ ਕਾਰਨ ਹਨ। ਵਿਆਹ ਸਾਦਗੀ ਨਾਲ ਹੋਣ ਲੱਗ ਪੈਣ ਤਾਂ ਦੁਨੀਆ ਸੌਖੀ ਹੋ ਜਾਵੇ। ਖਰਚੀਲੇ ਵਿਆਹ ਕਿੰਨੇ ਕੁ ਨਿਭਦੇ ਹਨ? ਇਸ ਦਾ ਪਤਾ ਕਚਹਿਰੀਆਂ ਵਿਚ ਦਿਨੋ-ਦਿਨ ਵੱਧ ਰਹੇ ਮੁਕੱਦਮਿਆਂ ਅਤੇ ਤਲਾਕਾਂ ਦੀ ਵਧ ਰਹੀ ਗਿਣਤੀ ਤੋਂ ਲਗਦਾ ਹੈ।
ਪੰਜਾਬੀਆਂ ਨੇ ਮ੍ਰਿਤਕਾਂ ਦੇ ਭੋਗਾਂ ਨੂੰ ਵੀ ਵਿਖਾਵੇਬਾਜ਼ੀ ਕਰਨ ਦਾ ਮੌਕਾ ਬਣਾ ਲਿਆ ਹੈ। ਮ੍ਰਿਤਕਾਂ ਦੀਆਂ ਬਰਸੀਆਂ ਤਾਂ ਮਨਾਈਆਂ ਜਾਂਦੀਆਂ ਰਹੀਆਂ ਹਨ ਪਰ ਨਵੇਂ ਅਮੀਰਾਂ ਨੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਜੀਵਤ ਵਿਅਕਤੀਆਂ ਦੇ ਜਨਮ ਦਿਨ ਮਨਾਉਣ ਦੀ ਗੱਲ ਤਾਂ ਫਿਰ ਵੀ ਸਮਝ ਆਉਂਦੀ ਹੈ ਪਰ ਮ੍ਰਿਤਕਾਂ ਦੇ ਜਨਮ ਦਿਨ ਮਨਾਉਣ ਦਾ ਕੀ ਅਰਥ? ਮਨੋਰਥ ਸਿਰਫ ਇਹ ਹੁੰਦਾ ਹੈ ਕਿ ਇਸ ਨੂੰ ਮੌਕਾ ਬਣਾ ਕੇ ਪ੍ਰਭਾਵਸ਼ਾਲੀ ਲੋਕਾਂ ਨਾਲ ਸਬੰਧ ਬਣਾਏ ਜਾਣ ਅਤੇ ਵਿਖਾਵਾ ਕਰਕੇ ਆਲੇ-ਦੁਆਲੇ ਧੌਂਸ ਕਾਇਮ ਕੀਤੀ ਜਾਵੇ। ਹੋਰ ਤਾਂ ਹੋਰ ਹੁਣ 'ਗੁਰੂ ਕਾ ਲੰਗਰ' ਅਤੇ ਦਾਅਵਤ ਵਿਚ ਵੀ ਕੋਈ ਫ਼ਰਕ ਨਹੀਂ ਰਹਿ ਗਿਆ। ਸਨਮਾਨ ਸਮਾਰੋਹਾਂ ਦਾ ਇਕ ਨਵਾਂ ਢਕਵੰਜ ਚੱਲ ਪਿਆ ਹੈ। ਮਾਣ-ਸਨਮਾਨ ਕੋਈ ਮਾੜੀ ਗੱਲ ਨਹੀਂ, ਕਿਸੇ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਨਾਂਅ ਹੈ ਪਰ ਇਸ ਲਈ ਯੋਗਤਾ ਜਾਂ ਕਸਵੱਟੀ ਕੀ ਹੋਵੇ? ਇਹ ਕੋਈ ਪਰਖਣ ਦੀ ਕੋਸ਼ਿਸ਼ ਨਹੀਂ ਕਰਦਾ। ਪ੍ਰਾਪਤੀਆਂ ਦੀ ਮੁਨਸਬਤ ਨਾਲ ਦਿੱਤਾ ਮਾਣ-ਸਨਮਾਨ ਦੂਜਿਆਂ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ ਪਰ ਇਥੇ ਤਾਂ ਮਕਸਦ ਸਿਰਫ ਲਾਭ ਪਹੁੰਚਾਉਣ ਵਾਲੇ ਨੂੰ ਖੁਸ਼ ਕਰਨ ਜਾਂ ਝੋਲੀ ਚੁੱਕੀ ਕਰਨਾ ਹੀ ਹੁੰਦਾ ਹੈ। ਇਹ ਸਭ-ਕੁਝ ਤਾਂ ਨੰਗੀ ਅੱਖ ਨਾਲ ਹੀ ਦਿੱਸਦਾ ਹੈ। ਜੇਕਰ ਇਨ੍ਹਾਂ ਰੁਝਾਨਾਂ ਜਾਂ ਤਰਜੀਹਾਂ ਬਾਰੇ ਅਗਲੇਰੀ ਖੋਜ ਜਾਂ ਸੋਚ-ਵਿਚਾਰ ਕੀਤੀ ਜਾਵੇ ਤਾਂ ਇਨ੍ਹਾਂ ਦੇ ਕਈ ਨਵੇਂ ਪਾਸਾਰ ਵੀ ਸਾਹਮਣੇ ਆਉਣਗੇ। ੲ

No comments:

Post a Comment