Saturday, 12 October 2013

ਜਾਣਿਆ-ਪਛਾਣਿਆ ਨਾਂ ਕਰਮਜੀਤ ਧੂਰੀ



ਮਿੱਤਰਾਂ ਦੀ ਲੂਣ ਦੀ ਡਲੀ ਨੂੰ ਮਿਸ਼ਰੀ ਬਰਾਬਰ ਜਾਣਨ ਵਾਲਾ ਅਤੇ ਸੱਜਣਾਂ ਦੀ ਗੜਬੀ ਦੇ ਪਾਣੀ ਨੂੰ ਸ਼ਰਬਤ ਸਮਝਣ ਵਾਲਾ ਕਰਮਜੀਤ ਧੂਰੀ ਪੁਰਾਣੀ ਪੀੜ੍ਹੀ ਦੇ ਨਾਲ ਨਵੀਂ ਪੀੜ੍ਹੀ ਲਈ ਵੀ  ਕੋਈ ਬਹੁਤਾ ਓਪਰਾ ਨਹੀਂ। ਕਰਮਜੀਤ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੁਤਾਲਾ ਵਿਖੇ 2 ਨਵੰਬਰ 1944 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਸ੍ਰੀ ਸਾਧੂ ਸਿੰਘ ਫ਼ੌਜ ਵਿੱਚ ਸਨ। ਤਿੰਨ ਭਰਾਵਾਂ ਅਤੇ ਤਿੰਨ ਭੈਣਾਂ ਦੇ ਛੋਟੇ ਭਰਾ ਕਰਮਜੀਤ ਨੇ ਖੇੜਾ ਦੂਨਾ ਦੇ ਪ੍ਰਾਇਮਰੀ ਸਕੂਲ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ। ਇਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਵਾਰ ਸਟੇਜ ’ਤੇ ਚੜ੍ਹਨ ਦਾ ਮੌਕਾ ਮਿਲਿਆ। ਸਾਲ 1956-57 ਵਿੱਚ ਪਰਿਵਾਰ ਧੂਰੀ ਆ ਗਿਆ। ਉਨ੍ਹਾਂ ਨੇ ਮਾਲਵਾ ਖ਼ਾਲਸਾ ਹਾਈ ਸਕੂਲ ਧੂਰੀ ਤੋਂ ਦਸਵੀਂ ਪਾਸ ਕੀਤੀ। ਇੱਥੇ ਸਕੂਲ ਦੀਆਂ ਸਭਾਵਾਂ ਵਿੱਚ ਭਾਗ ਲੈ ਕੇ ਆਪਣੇ ਸ਼ੌਕ ਨੂੰ ਪੂਰਦਾ ਰਿਹਾ। ਉਹ ਧਾਰਮਿਕ ਸਮਾਗਮਾਂ ਵਿੱਚ ਅਕਸਰ ਗੀਤ ਗਾਉਂਦਾ ਰਹਿੰਦਾ ਸੀ। ਧੂਰੀ ਹੀ ਕਿਸੇ ਪ੍ਰੋਗਰਾਮ ’ਤੇ ਕਰਮਜੀਤ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਨਜ਼ਰ ਚੜ੍ਹ ਗਿਆ। ਸੇਖੋਂ ਸਾਹਿਬ ਨੇ ਆਪਣੇ ਕਾਲਜ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਬੀ.ਏ. ਵਿੱਚ ਦਾਖ਼ਲ ਕਰ ਲਿਆ। ਇੱਥੇ ਸੰਗੀਤ ਦਾ ਵਿਸ਼ਾ ਲੈ ਕੇ ਸੰਗੀਤ ਲੈਕਚਰਾਰ ਮਿਸ ਭੇਲਾ ਤੋਂ ਸਿੱਖਿਆ ਲੈਣੀ ਆਰੰਭ ਕੀਤੀ। ਕਾਲਜਾਂ ਵਿੱਚ ਹੁੰਦੇ ਪ੍ਰੋਗਰਾਮਾਂ ਅਤੇ ਯੂਥ ਫੈਸਟੀਵਲ ਮੁਕਾਬਲਿਆਂ ਵਿੱਚ ਉਸ ਨੇ ਢੇਰਾਂ ਇਨਾਮ ਜਿੱਤੇ। ਇਸ ਸਮੇਂ ਦੌਰਾਨ ਹੀ ਕਰਮਜੀਤ ਦੀ ਆਵਾਜ਼ ਅਤੇ ਹੇਕ ਦੀ ਚਰਚਾ ਕਾਲਜ ਤੋਂ ਬਾਹਰ ਵੀ ਹੋਣ ਲੱਗ ਪਈ। ਹੁਣ ਤਕ ਉਹ ਕਰਮਜੀਤ ਸਿੰਘ ਧੂਰੀ ਵਾਲਾ ਬਣ ਚੁੱਕਾ ਸੀ।
ਗਾਇਕੀ ਪ੍ਰਤੀ ਉਸ ਦੇ ਸ਼ੌਕ ਨੇ ਪੜ੍ਹਾਈ ਨੂੰ ਉਸ ਵੇਲੇ ਅੱਧ ਵਾਟਿਓਂ ਹੀ ਛੁਡਵਾ ਦਿੱਤਾ ਜਦੋਂ ਬੀ.ਡੀ.ਓ. ਦੇ ਪੁੱਤ ਦੇ ਵਿਆਹ ’ਤੇ ਪੇਪਰ ਵਿਚਾਲੇ ਹੀ ਛੱਡ ਕੇ ਗਾਉਣ ਚਲਾ ਗਿਆ। ਸਾਲ 1960 ਵਿੱਚ ਕਰਮਜੀਤ ਧੂਰੀ ਨੂੰ ਸ਼ਹਿਣਾ ਭਦੌੜ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਸੱਦਿਆ ਗਿਆ। ਏਥੇ ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਦੇ ਸੰਗੀਤ ਨਿਰਦੇਸ਼ਕ ਕੇਸਰ ਸਿੰਘ ਨਰੂਲਾ ਆਏ ਹੋਏ ਸਨ। ਕਰਮਜੀਤ ਦੀ ਆਵਾਜ਼ ਨੂੰ ਸੁਣ ਕੇ ਉਹ ਕੀਲੇ ਗਏ ਅਤੇ ਉਸ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਪਰ ਕਰਮਜੀਤ ਜਾ ਨਾ ਸਕਿਆ। ਅਚਾਨਕ ਥੋੜ੍ਹੇ ਚਿਰ ਬਾਅਦ ਹੀ ਐਚ.ਐਮ.ਵੀ. ਦਾ ਰਿਕਾਰਡਿੰਗ ਅਫ਼ਸਰ ਸੰਤ ਰਾਮ ਲੁਧਿਆਣੇ ਕਲਾਕਾਰਾਂ ਦੇ ਆਡੀਸ਼ਨ ਵਾਸਤੇ ਆਇਆ। ਗੀਤਕਾਰ ਗੁਰਦੇਵ ਸਿੰਘ ਮਾਨ ਨੇ ਕਰਮਜੀਤ ਨੂੰ ਸੱਦਾ ਭੇਜਿਆ ਪਰ ਉਹ ਨਾ ਪਹੁੰਚਿਆ। ਅਖੀਰ ਮਾਨ ਸਾਹਿਬ ਆਪ ਧੂਰੀ ਆ ਕੇ ਉਸ ਨੂੰ ਲੁਧਿਆਣੇ ਲੈ ਕੇ ਗਏ। ਜਦ ਸੰਤ ਰਾਮ ਨੇ ਕਰਮਜੀਤ ਦੀ ਆਵਾਜ਼ ਸੁਣੀ ਤਾਂ ਝੱਟ ਰਿਕਾਰਡਿੰਗ ਲਈ ਤਾਰੀਖ਼ ਦੇ ਦਿੱਤੀ।
ਸਾਲ 1964 ਵਿੱਚ ਕਰਮਜੀਤ ਧੂਰੀ ਦੀ ਆਵਾਜ਼ ਵਿੱਚ ਐਚ.ਐਮ.ਵੀ. ਕੰਪਨੀ ਨੇ ਪਹਿਲਾ ਤਵਾ ਰਿਲੀਜ਼ ਕੀਤਾ। ਹਰਨੇਕ ਸਿੰਘ ਸੋਹੀ ਦੇ ਲਿਖੇ ਗੀਤ ‘ਚੁੰਨੀ ਲੈ ਕੇ ਸੂਹੇ ਰੰਗ ਦੀ, ਗੋਹਾ ਕੂੜਾ ਨਾ ਕਰੀਂ ਮੁਟਿਆਰੇ’ ਵਾਲਾ ਰਿਕਾਰਡ ਕੀ ਆਇਆ, ਲੋਕਾਂ ਵਿੱਚ ਧੁੰਮਾਂ ਪੈ ਗਈਆਂ ਅਤੇ ਧੜਾਧੜ ਪ੍ਰੋਗਰਾਮ ਆਉਣ ਲੱਗ ਪਏ। ਓਧਰੋਂ ਕੰਪਨੀ ਵੀ ਉਪਰੋਥਲੀ ਰਿਕਾਰਡਿੰਗ ਲਈ ਬੁਲਾਉਣ ਲੱਗ ਪਈ। ‘ਮਿੱਤਰਾਂ ਦੀ ਲੂਣ ਦੀ ਡਲੀ’ ਤਵੇ ਦੇ ਆਉਣ ਨਾਲ ਤਾਂ ਕਰਮਜੀਤ ਦੀ ਤੂਤੀ ਚਾਰੇ ਪਾਸੇ ਬੋਲਣ ਲੱਗ ਪਈ। ਇਸ ਤਰ੍ਹਾਂ ਸਾਥੀ ਕਲਾਕਾਰਾਂ ਨਾਲ ਮੇਲ ਜੋਲ ਵਧਦਾ ਗਿਆ। ਸੋਲੋ ਗੀਤਾਂ ਦੇ ਨਾਲ ਨਾਲ ਦੋਗਾਣਿਆਂ ਦੀ ਰਿਕਾਰਡਿੰਗ ਵੀ ਸ਼ੁਰੂ ਹੋ ਗਈ। ਨਰਿੰਦਰ ਬੀਬਾ, ਸਵਰਨ ਲਤਾ ਆਦਿ ਗਾਇਕਾਵਾਂ ਨਾਲ ਸਟੇਜ ਪ੍ਰੋਗਰਾਮ ਵੀ ਲਗਾਤਾਰ ਜਾਰੀ ਰਹੇ। ਸਵਰਨ ਲਤਾ ਨਾਲ ਕਰਮਜੀਤ ਧੂਰੀ ਦੀ ਸਭ ਤੋਂ ਵੱਧ ਰਿਕਾਰਡਿੰਗ ਹੋਈ। ਇਨ੍ਹਾਂ ਤੋਂ ਇਲਾਵਾ ਮੋਹਣੀ ਨਰੂਲਾ, ਕੁਮਾਰੀ ਲਾਜ ਦਿੱਲੀ, ਸਨੇਹ ਲਤਾ, ਨਰਿੰਦਰ ਬੀਬਾ ਆਦਿ ਨਾਲ ਵੀ ਉਸ ਦੇ ਦੋਗਾਣੇ ਰਿਕਾਰਡ ਹੋਏ। ਕਰਮਜੀਤ ਧੂਰੀ ਦੇ ਗਾਏ ਸੈਂਕੜੇ ਗੀਤਾਂ ਵਿੱਚੋਂ ਕੁਝ  ਮੁਖੜੇ ਇਸ ਪ੍ਰਕਾਰ ਹਨ-
*   ਹੱਟੀ ਹੱਟੀ ਫਿਰੇ ਪੁੱਛਦੀ,
ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀ।
*   ਗੱਡੀ ਵਿੱਚ ਬਹਿ ਗਈ ਬੰਤੋ,
ਚਿੱਟੀ ਕੁੜਤੀ ਗਰਾਰਾ ਕਾਲਾ।
*   ਨੀਂ ਸੋਨੇ ਦੇ ਤਵੀਤ ਵਾਲੀਏ’
ਦੋਗਾਣੇ-
*   ਚੀਕੇ ਚਰਖ਼ਾ ਗੋਬਿੰਦੀਏ ਤੇਰਾ, ਲੋਕਾਂ ਭਾਣੇ ਮੋਰ ਕੂਕਦਾ।
*   ਭਾਬੀ ਸਾਗ ਨੂੰ ਨਾ ਜਾਈਂ, ਤੇਰਾ ਮੁੰਡਾ ਰੋਊਗਾ।
*   ਸੁਣ ਨੀਂ ਕੁੜੀਏ ਮਛਲੀ ਵਾਲੀਏ
-ਸਵਰਨ ਲਤਾ
*   ਚੁੱਪ ਚੁੱਪ ਕਿਉਂ ਫਿਰਨ ਸਰਕਾਰਾਂ
*   ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਵੇ
*   ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ
*   ਰਾਂਝਾ ਤਾਂ ਸਾਡਾ ਫੁੱਲਾਂ ਦਾ ਸ਼ੌਂਕੀ
-ਕੁਮਾਰੀ ਲਾਜ ਦਿੱਲੀ
*   ਡੰਡੀਆਂ ਘੜਾ ਦੇ ਮਿੱਤਰਾ,
ਜਿਨ੍ਹਾਂ ਵਿੱਚ ਦੀ ਮਨੁੱਖ  ਲੰਘ ਜਾਵੇ।
*   ਛੜਾ ਕੋਠੇ ’ਤੇ ਸਪੀਕਰ ਲਾਈ ਰੱਖਦਾ
*   ਵਿੱਚ ਭਰਜਾਈਆਂ ਦੇ ਬੋਲ
ਕਲੈਹਰੀਆ ਮੋਰਾ
 -ਮੋਹਣੀ ਨਰੂਲਾ
*  ਉੱਠ ਕੇ ਨੱਚ ਪਤਲੋ,
ਮੈਂ ਜੀਜਾ ਤੂੰ ਸਾਲੀ
*   ਅੱਖ ਨਾਲ ਗੱਲ ਕਰ ਗਈ
-ਨਰਿੰਦਰ ਬੀਬਾ
*   ਬੇਰੀਆਂ ਨੂੰ ਲੱਗਦੇ ਬੇਰ, ਗੋਰੀਏ ਕਿੱਕਰਾਂ ਨੂੰ ਲੱਗਦੇ ਤੁੱਕੇ।
*   ਉੱਤੇ ਲੈ ਕੇ ਕਾਲਾ ਡੋਰੀਆ, ਚਿੱਤ ਕਰਦੇ ਮੁੰਡੇ ਦਾ ਰਾਜ਼ੀ
   -ਸਨੇਹ ਲਤਾ
ਉਪਰੋਕਤ ਗਾਇਕਾਵਾਂ ਤੋਂ ਇਲਾਵਾ ਕਰਮਜੀਤ ਨੇ ਚੰਦਰ ਕਾਂਤਾ ਕਪੂਰ, ਪ੍ਰਕਾਸ਼ ਸੋਢੀ, ਸੁਰਿੰਦਰ ਮੋਹਣੀ, ਸੁਰਿੰਦਰ ਸੋਨੀਆ, ਹਰਜੀਤ ਗਿੱਲ, ਕੁਲਦੀਪ ਕੌਰ, ਸੁਦੇਸ਼ ਕਪੂਰ, ਮਨਜੀਤ ਭੁੱਲਰ, ਸੁਰਿੰਦਰ ਸੀਮਾ, ਕੁਲਵੰਤ ਕੋਮਲ, ਆਸ਼ਾ ਰਾਣੀ, ਪ੍ਰੋਮਿਲਾ ਪੰਮੀ, ਨਿਰਮਲ ਨਿੰਮੀ, ਰਜਿੰਦਰ ਰਾਜੀ, ਮੋਹਣੀ ਗਿੱਲ ਆਦਿ ਨਾਲ ਸਟੇਜਾਂ ’ਤੇ ਗਾਇਆ ਹੈ।
ਪਹਿਲਾਂ ਪਹਿਲ ਐਚ.ਐਮ.ਵੀ. ਕੰਪਨੀ ਸਿਰਫ਼ ਲਾਲ ਚੰਦ ਯਮਲਾ ਜੱਟ ਅਤੇ ਨਰਿੰਦਰ ਬੀਬਾ ਦੇ ਹੀ ਧਾਰਮਿਕ ਗੀਤ ਰਿਕਾਰਡ ਕਰਦੀ ਸੀ। ਕਰਮਜੀਤ ਦੇ ਧਾਰਮਿਕ ਗੀਤ ‘ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ’ ਤਵੇ ਦੀ ਰਿਕਾਰਡ ਤੋੜ ਵਿਕਰੀ ਕਾਰਨ ਕੰਪਨੀ ਨੇ ਕਰਮਜੀਤ ਦੇ ਬਹੁਤ ਸਾਰੇ ਧਾਰਮਿਕ ਗੀਤ ਰਿਕਾਰਡ ਕੀਤੇ। ਇਸ ਦੇ ਨਾਲ ਦੂਜੇ ਗਾਇਕਾਂ ਦੀ ਧਾਰਮਿਕ ਰਿਕਾਰਡਿੰਗ ਦਾ ਵੀ ਰਾਹ ਖੁੱਲ੍ਹਿਆ। ਕਰਮਜੀਤ ਦੇ ਕੁਝ ਧਾਰਮਿਕ ਗੀਤਾਂ ਦੇ ਮੁਖੜੇ ਇਸ ਪ੍ਰਕਾਰ ਹਨ-
*   ਹੁੰਦੀਆਂ ਸ਼ਹੀਦ ਜੋੜੀਆਂ,
ਦਾਦੀ ਦੇਖਦੀ ਬੁਰਜ ’ਤੇ ਚੜ੍ਹਕੇ
*   ਬੰਦਿਆ ਪੜ੍ਹ ਸਤਿਗੁਰ ਦੀ ਬਾਣੀ
*   ਜੋਗਾ ਸਿੰਘ ਸੀ ਗੁਰਾਂ ਦੇ ਵੱਲ ਚੱਲਿਆ
*   ਨੀਂਹਾਂ ’ਚੋਂ ਆਵਾਜ਼ਾਂ ਆਉਂਦੀਆਂ
*    ਗੁਰੂ ਤੇਗ ਬਹਾਦਰ ਸਿਮਰੀਐ
ਤਵਿਆਂ ਤੋਂ ਬਾਅਦ ਕਰਮਜੀਤ ਦੀ ਆਵਾਜ਼ ਵਿੱਚ ਦੋ ਧਾਰਮਿਕ ਕੈਸਟਾਂ ‘ਪੈਂਦੇ ਨੇ ਮੁੱਲ ਸਿਰਾਂ ਦੇ’ ਅਤੇ ‘ਬਹਾਦਰ ਸਿੰਘਣੀਆਂ’, ਵੀ ਆਈਆਂ।
ਰੇਡੀਓ ਤੇ ਭਾਵੇਂ ਉਹ ਕਦੇ ਨਹੀਂ ਗਿਆ ਪਰ ਰੇਡੀਓ ਤੋਂ ਉਸ ਦੇ ਗੀਤ ਲਗਾਤਾਰ ਵੱਜਦੇ ਆ ਰਹੇ ਹਨ। ਕਰਮਜੀਤ ਧੂਰੀ ਨੇ ਬਹੁਤ ਸਾਰੇ ਗੀਤਕਾਰਾਂ ਦੇ ਲਿਖੇ ਹੋਏ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਲੰਮੀਆਂ ਹੇਕਾਂ ਨਾਲ ਸ਼ਿੰਗਾਰਿਆ। ਇਨ੍ਹਾਂ ਵਿੱਚ ਹਰਨੇਕ ਸਿੰਘ ਸੋਹੀ, ਗੁਰਦੇਵ ਸਿੰਘ ਮਾਨ, ਹਰਦੇਵ ਦਿਲਗੀਰ, ਬਾਬੂ ਸਿੰਘ ਮਾਨ, ਦੇਵ ਖੁੱਡੀ ਕਲਾਂ, ਸੁਰਜੀਤ ਦੇਵਲ, ਗੁਲਜ਼ਾਰ ਸ਼ੌਂਕੀ, ਸਾਜਨ ਰਾਏਕੋਟੀ, ਹਰਚੰਦ ਭੁੱਲਰ, ਦੀਪਕ ਜੈਤੋਈ, ਚਤਰ ਸਿੰਘ ਪਰਵਾਨਾ, ਅਨਜਾਣ ਫ਼ਿਰੋਜ਼ਪੁਰੀ, ਕਰਮ ਜੋਗੀ, ਅਮੀਰ ਚੰਦ ਰੰਗੀਲਾ, ਅਮਰੀਕ ਧਰੌੜ, ਕੇਵਲ ਕ੍ਰਿਸ਼ਨ ਭਦੌੜਪੁਰੀ, ਸੁਖਦੇਵ ਦੁੱਲਟ ਆਦਿ ਸ਼ਾਮਲ ਹਨ।
ਮਰਦ ਗਾਇਕਾਂ ਵਿੱਚ ਕਰਮਜੀਤ ਧੂਰੀ ਦਾ ਲੰਮੀ ਹੇਕ ਦਾ ਰਿਕਾਰਡ ਹੈ। ‘ਮਿੱਤਰਾਂ ਦੀ ਲੂਣ ਦੀ ਡਲੀ’ ਗੀਤ ਵਿੱਚ ਉਸ ਨੇ ਇੱਕੀ ਸੈਕਿੰਡ ਦੀ ਹੇਕ ਲਾਈ ਹੋਈ ਹੈ। ਸਟੇਜਾਂ ’ਤੇ ਉਹ 25 ਸੈਕਿੰਡ ਤਕ ਹੇਕ ਲਾਉਂਦਾ ਰਿਹਾ ਹੈ। ਕਰਮਜੀਤ ਦੇ ਗਾਏ ਗੀਤ ਜਿੱਥੇ ਰੁਮਾਂਟਿਕ ਕਿਸਮ ਦੇ ਹਨ, ਉੱਥੇ ਇਨ੍ਹਾਂ ਵਿੱਚੋਂ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਦੇ ਝਲਕਾਰੇ ਪੈਂਦੇ ਹਨ।
- ਹਰਦਿਆਲ ਥੂਹੀ
ਸੰਪਰਕ: 84271-00341

No comments:

Post a Comment