ਪਹਿਲੇ ਦਿਨ ਤੋਂ ਹੀ ਮਨ ਮੋਹਣਾ ਹੈ ਮਨਮੋਹਨ
ਗੁਲਜ਼ਾਰ ਸਿੰਘ ਸੰਧੂਡਾ. ਮਨਮੋਹਨ ਸਿੰਘ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਆਪਣੀ ਮਿਹਨਤ, ਈਮਾਨਦਾਰੀ ਅਤੇ ਆਪਣੇ ਨਿਮਾਣੇਪਣ ਕਾਰਨ ਦੇਸ਼ ਵਿਚ ਹੀ ਨਹੀਂ ਦੁਨੀਆ ਭਰ ਵਿਚ ਆਪਣੀ ਵੱਖਰੀ ਅਤੇ ਨਿਵੇਕਲੀ ਥਾਂ ਕਾਇਮ ਕੀਤੀ ਹੈ। ਚਾਹੇ ਬਚਪਨ ਦੇ ਉਬੜ-ਖਾਬੜ ਰਸਤਿਆਂ ਦੀ ਗੱਲ ਹੋਵੇ ਭਾਵੇਂ ਸਰਕਾਰੀ ਨੌਕਰੀ ਦੇ ਦੌਰ ਦੀ ਗੱਲ ਹੋਵੇ ਤੇ ਭਾਵੇਂ ਸਿਆਸੀ ਜੀਵਨ ਦੀ। ਹਰ ਦੌਰ ਵਿਚ ਉਨ੍ਹਾਂ ਆਪਣੀ ਬੇਦਾਗ਼ ਸਾਖ ਨੂੰ ਕਾਇਮ ਰੱਖਿਆ। ਅਰਥ ਸ਼ਾਸਤਰੀ ਵਜੋਂ ਦੁਨੀਆ ਭਰ 'ਚ ਵਖਿਆਤ ਡਾ. ਮਨਮੋਹਨ ਸਿੰਘ ਪਹਿਲੀ ਮੁਲਾਕਾਤ ਵਿਚ ਹੀ ਸਾਹਮਣੇ ਵਾਲੇ ਨੂੰ ਆਪਣਾ ਕਾਇਲ ਬਣਾ ਲੈਂਦੇ ਹਨ। ਵਿਰੋਧੀ ਧਿਰਾਂ ਕਈ ਵਾਰ ਪੂਰੀ ਤਿਆਰੀ ਨਾਲ ਸਾਹਮਣੇ ਆਉਂਦੀਆਂ ਹਨ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਬਦੀ ਹਮਲਿਆਂ ਰਾਹੀਂ, ਆਪਣੇ ਤਾਹਨੇ-ਮਿਹਣਿਆਂ ਰਾਹੀਂ ਡਾਵਾਂਡੋਲ ਕਰ ਦੇਈਏ ਪਰ ਵਿਰੋਧੀਆਂ ਦੇ ਹਮਲਿਆਂ ਵਿਚ ਇੰਨਾ ਬਲ ਨਹੀਂ ਹੁੰਦਾ ਕਿ ਉਹ ਮਨਮੋਹਨ ਸਿੰਘ ਨੂੰ ਹਿਲਾ ਸਕਣ, ਇਸ ਕਾਰਨ ਸਾਰੀਆਂ ਵਿਰੋਧੀ ਧਿਰਾਂ ਵੀ ਡਾ. ਮਨਮੋਹਨ ਸਿੰਘ ਦੀ ਈਮਾਨਦਾਰੀ ਦੀਆਂ ਕਾਇਲ ਹਨ। ਉਨ੍ਹਾਂ ਦੇ ਇਸ ਮੌਜੂਦਾ ਦੌਰ ਬਾਰੇ, ਮੌਜੂਦਾ ਜੀਵਨ ਬਾਰੇ ਖਾਸਾ ਕੁਝ ਜਾਣਦੇ ਹਨ, ਪਰ ਅੱਜ ਇਸ ਰਿਪੋਰਟ ਰਾਹੀਂ ਅਸੀਂ ਇਕ ਹੋਰ ਮਨਮੋਹਨ ਸਿੰਘ ਨਾਲ ਆਪ ਨੂੰ ਮਿਲਾਉਣ ਜਾ ਰਹੇ ਹਾਂ ਜਿਸਬਾਰੇ ਜਾਣ ਕੇ, ਪੜ੍ਹ ਕੇ ਆਪ ਖੁਦ ਨੂੰ ਡਾ. ਮਨਮੋਹਨ ਸਿੰਘ ਦੇ ਹੋਰ ਨੇੜੇ ਪਾਓਗੇ।ਸਿਰਲੇਖ ਤੋਂ ਜਾਪੇਗਾ ਕਿ ਮੈਂ ਚੁਰਾਸੀਆਂ ਨੂੰ ਢੁੱਕੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਦੀ ਸ਼ਾਮ ਬਾਰੇ ਗੱਲ ਕਰਨ ਲੱਗਾ ਹਾਂ। ਪਾਠਕ ਇਹ ਵੀ ਸੋਚ ਸਕਦੇ ਹਨ ਕਿ ਮੇਰੇ ਕੋਲ ਹੁਸ਼ਿਆਰਪੁਰ ਦੀ ਸ਼ਾਮ ਚੁਰਾਸੀ ਬਾਰੇ ਕੋਈ ਨਵੀਂ ਜਾਣਕਾਰੀ ਹੈ। ਉਨ੍ਹਾਂ ਦੀ ਸੋਚ ਇੱਥੋਂ ਦੀ ਪ੍ਰਸਿੱਧ ਗਾਇਕ ਜੋੜੀ ਨਜ਼ਾਕਤ ਅਲੀ ਤੇ ਸਲਾਮਤ ਅਲੀ ਤੱਕ ਵੀ ਜਾ ਸਕਦੀ ਹੈ। ਜੇ ਮਨਮੋਹਨ ਸਿੰਘ ਤੇ ਸਲਾਮਤ ਅਲੀ ਇੱਕ ਹੀ ਪਿੰਡ ਵਿੱਚ ਪੈਦਾ ਹੋਏ ਹੁੰਦੇ ਤਾਂ ਉਨ੍ਹਾਂ ਦਾ ਬਚਪਨ ਇਕੱਠਿਆਂ ਬੀਤਣਾ ਸੀ। ਸੰਨ 1932 ਵਿੱਚ ਜਨਮੇ ਹੋਣ ਕਾਰਨ।ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਦੀ ਚਕਵਾਲ ਤਹਿਸੀਲ ਵਿਚਲੇ ਪਿੰਡ ਗਾਹ ਦਾ ਹੈ ਤੇ ਸਲਾਮਤ ਅਲੀ ਦਾ ਸ਼ਾਮ ਚੁਰਾਸੀ ਦਾ। ਦੋਵੇਂ ਪਿੰਡ ਇੱਕ ਦੂਜੇ ਤੋਂ ਸੈਂਕੜੇ ਕਿਲੋਮੀਟਰ ਦੀ ਦੂਰੀ 'ਤੇ ਸਨ। ਫੇਰ ਵੀ ਮਨਮੋਹਨ ਸਿੰਘ ਦੀ ਸ਼ਾਮ ਚੁਰਾਸੀ ਨਾਲ ਇੱਕ ਸਾਂਝ ਹੈ ਜਿਸ ਦੀ ਉੱਡਦੀ ਉੱਡਦੀ ਧੂੜ ਮੇਰੇ ਤੱਕ ਪਹੁੰਚੀ ਹੈ। ਇਹ ਧੂੜ ਹੀ ਹਥਲੇ ਲੇਖ ਦਾ ਆਧਾਰ ਹੈ। ਇਸ ਦਾ ਸਬੰਧ ਮਨਮੋਹਨ ਸਿੰਘ ਦੇ ਜੀਵਨ ਦੀ ਸ਼ਾਮ ਨਾਲ ਨਹੀਂ, ਮੱਲਾਂ ਮਾਰਨ ਵਾਲੀ ਸਵੇਰ ਨਾਲ ਹੈ।ਹਥਲੀ ਵਾਰਤਾ ਦਾ ਮੁੱਢ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਅਸਾਮ ਵਿਧਾਨ ਸਭਾ ਦੇ ਸਿਲਵਰ ਜੁਬਲੀ ਜਸ਼ਨਾਂ ਸਮੇਂ ਬੋਲੇ ਸ਼ਬਦਾਂ ਨਾਲ ਬੱਝਿਆ। ਉੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਪਰਵਾਸੀ ਤੇ ਬੇਘਰਾ ਗਰਦਾਨਦਿਆਂ ਅਸਾਮ ਰਾਜ ਨੂੰ ਸ਼ਰਨ ਦੇਣ ਵਾਲਾ ਸੂਬਾ ਕਿਹਾ ਸੀ। ਜਦੋਂ ਇਹ ਗੱਲ ਅਮਰੀਕ ਗਿੱਲ ਨਾਲ ਹੋਈ ਤਾਂ ਉਸ ਨੇ ਗੱਲ ਨੌਜਵਾਨ ਮਨਮੋਹਨ ਸਿੰਘ ਦੇ ਛੇ ਦਹਾਕੇ ਪਹਿਲਾਂ ਸ਼ਾਮ ਚੁਰਾਸੀ ਵਿੱਚ ਬਿਤਾਏ ਦਿਨਾਂ ਨਾਲ ਜੋੜ ਦਿੱਤੀ।ਇਸ ਜੋੜ-ਤੋੜ ਦੀ ਗੱਲ ਕਰਨ ਤੋਂ ਪਹਿਲਾਂ ਪ੍ਰੋ. ਐੱਸ.ਐੱਸ. ਛੀਨਾ ਦੇ ਪਾਕਿਸਤਾਨੀ ਸਫ਼ਰਨਾਮੇ 'ਵਾਘੇ ਵਾਲੀ ਲਕੀਰ' ਵੱਲ ਆਉਂਦੇ ਹਾਂ। ਇਸ ਵਿੱਚ ਮਨਮੋਹਨ ਸਿੰਘ ਦੇ ਉਧਰਲੇ ਪਿੰਡ ਗਾਹ ਦਾ ਜ਼ਿਕਰ ਹੈ ਜਿਹੜਾ ਉਨ੍ਹਾਂ ਦੇ ਪਰਿਵਾਰ ਨੂੰ ਮਨਮੋਹਨ ਸਿੰਘ ਦੀ ਪੰਦਰਾਂ ਵਰ੍ਹੇ ਦੀ ਉਮਰ ਵਿੱਚ ਦੇਸ਼ ਵੰਡ ਕਾਰਨ ਛੱਡਣਾ ਪੈ ਗਿਆ ਸੀ। ਦੇਸ਼ ਵੰਡ ਦੇ ਉਜਾੜੇ ਕਾਰਨ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਬਿਤਾਏ ਸਮੇਂ ਨੂੰ ਆਪਾਂ ਮਨਮੋਹਨ ਸਿੰਘ ਦੇ ਬੇਘਰੇ ਦਿਨਾਂ ਦੀ ਗਾਥਾ ਵੀ ਕਹਿ ਸਕਦੇ ਹਾਂ।ਉਧਰ ਵਾਲਾ ਪਿੰਡ ਚਕਵਾਲ ਤਹਿਸੀਲ ਵਿੱਚ ਪੈਂਦਾ ਸੀ ਜਿਹੜੀ ਹੁਣ ਜ਼ਿਲ੍ਹਾ ਬਣ ਚੁੱਕੀ ਹੈ। ਹੁਣ ਤਾਂ ਇਸ ਦੇ ਕੋਲੋਂ ਇਸਲਾਮਾਬਾਦ ਨੂੰ ਲਾਹੌਰ ਨਾਲ ਜੋੜਨ ਵਾਲੀ ਆਲੀਸ਼ਾਨ ਮੋਟਰਵੇ ਵੀ ਲੰਘਦੀ ਹੈ। ਜੇ ਅੱਜ ਉਸ ਪਿੰਡ ਨੂੰ ਜਾਣਾ ਹੋਵੇ ਤਾਂ ਇਸਲਾਮਾਬਾਦ ਤੋਂ ਲਾਹੌਰ ਨੂੰ ਆਉਂਦਿਆਂ ਚਕਵਾਲ ਪਹੁੰਚਣ ਤੋਂ ਪਹਿਲਾਂ ਬਾਲਕਸਰ ਤੋਂ ਖੱਬੇ ਉਤਰ ਕੇ ਕੋਈ ਦਸ ਕਿਲੋਮੀਟਰ ਮੋਟਰਵੇ ਦੇ ਨਾਲ ਨਾਲ ਪਿੱਛੇ ਜਾਣਾ ਪੈਂਦਾ ਹੈ। ਵਿਸਾਖੀ ਦੇ ਦਿਨ ਹੋਣ ਤਾਂ ਛੋਟੀਆਂ-ਛੋਟੀਆਂ ਦੁਕਾਨਾਂ ਵਾਲੇ ਤਰੁਟੀਬਨ ਚੌਕ ਕੋਲੋਂ ਲੰਘਦਿਆਂ ਇੱਕ ਕੱਚੀ ਸੜਕ ਦੇ ਦੋਵੇਂ ਪਾਸੇ ਤੂੜੀ ਦੇ ਕੁੱਪ ਦਿਖਾਈ ਦੇਣਗੇ। ਹੋ ਸਕਦਾ ਹੈ ਸਰ੍ਹੋਂ, ਤੋਰੀਆ, ਤਾਰਾਮੀਰਾ, ਕਣਕ ਤੇ ਛੋਲਿਆਂ ਦੀਆਂ ਫ਼ਸਲਾਂ ਵੀ ਖੇਤਾਂ ઠਵਿੱਚ ਹੋਣ। ਇੱਕ ਬਰਸਾਤੀ ਨਾਲਾ, ਜਿਸ ਨੂੰ ਕੱਸ ਕਹਿੰਦੇ ਹਨ, ਲੰਘਣ ਪਿੱਛੋਂ ਇੱਕ ਹੋਰ ਪਿੰਡ ਤੋਂ ਅਗਲਾ ਪਿੰਡ ਗਾਹ ਹੈ।ਗਾਹ ਨੂੰ ਜਾਣ ਵਾਲੇ ਪਹੇ ਦੇ ਨਾਲ ਨਾਲ ਬੇਰੀਆਂ ਤੇ ਮਲ੍ਹਿਆਂ ਦੇ ਝਾੜ ਵੀ ਦੇਖਣ ਨੂੰ ਮਿਲਣਗੇ। ਇਨ੍ਹਾਂ ਵਿੱਚੋਂ ਛੋਟੀਆਂ-ਛੋਟੀਆਂ ਪਗਡੰਡੀਆਂ ਖੇਤਾਂ ਵੱਲ ਨੂੰ ਜਾਂਦੀਆਂ ਹਨ। ਇਨ੍ਹਾਂ ਨਿਸ਼ਾਨੀਆਂ ਤੋਂ ਪਤਾ ਲੱਗ ਜਾਵੇਗਾ ਕਿ ਗਾਹ ਆਉਣ ਵਾਲਾ ਹੈ। ਇਸ ਪਿੰਡ ਵਾਲੇ ਪਹੇ, ਰਾਹ ਤੇ ਪਗਡੰਡੀਆਂ ਹਾਲੇ ਵੀ ਕੱਚੇ ਹਨ। ਦੂਰ ਨੇੜੇ ਪਿੱਪਲਾਂ ਦੇ ਬਹੁਤ ਵੱਡੇ ਦਰਖਤਾਂ ਵਿੱਚੋਂ ਲੰਘਦਿਆਂ ਪੂਰਾ ਮਾਹੌਲ ਦਿਹਾਤੀ ਹੋ ਜਾਂਦਾ ਹੈ।ਪਿੰਡ ਬਹੁਤ ਛੋਟਾ ਹੈ। ਇਸ ਦੀਆਂ ਬੀਹੀਆਂ ਹੀ ਕੱਚੀਆਂ ਨਹੀਂ ਵਧੇਰੇ ਘਰ ਵੀ ਕੱਚੇ ਹਨ। ਬਾਹਰੋਂ ਆਉਣ ਵਾਲੇ ਖ਼ਾਸ ਪ੍ਰਾਹੁਣਿਆਂ ਨੂੰ ਪਿੰਡ ਦੇ ਸਕੂਲ ਵਿੱਚ ਹੀ ਲਿਜਾਇਆ ਜਾਂਦਾ ਹੈ ਜਿਸ ਦੀ ਚਾਰ-ਦੀਵਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਹੈ। 2004 ਤੱਕ ਇਸ ਦੇ ਕਮਰੇ ਵੀ ਕੱਚੇ ਸਨ। ਉੱਥੇ ਉਦੋਂ ਤੱਕ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੁੰਦੀ ਸੀ ਜਿਸ ਨੂੰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਸਦਕਾ ਮਿਡਲ ਸਕੂਲ ਦਾ ਦਰਜਾ ਮਿਲ ਗਿਆ ਹੈ। ਮਨਮੋਹਨ ਸਿੰਘ ਨੇ ਮੁੱਢਲੀ ਪੜ੍ਹਾਈ ਏਸੇ ਸਕੂਲ ਦੇ ਤੱਪੜਾਂ 'ਤੇ ਬਹਿ ਕੇ ਕੀਤੀ ਹੋਵੇਗੀ। ਹੋ ਸਕਦਾ ਹੈ ਗੁੱਲੀ-ਡੰਡਾ, ਖਿੱਦੋ ਖੂੰਡੀ, ਕੋਟਲਾ ਛਪਾਕੀ ਤੇ ਟੰਗ ਫਾਂਗੜਾ ਆਦਿ ਖੇਡਾਂ ਵੀ ਖੇਡੀਆਂ ਹੋਣ। ਹਾਣ ਦੇ ਮੁੰਡਿਆਂ ਨਾਲ ਲੁਕਣ-ਮੀਚੀ ਖੇਡਣ ਤੋਂ ਬਿਨਾਂ ਲੋਹੜੀ ਵੀ ਮੰਗੀ ਹੋ ਸਕਦੀ ਹੈ।ਜੇ ਤੁਸੀਂ 2005 ਵਿੱਚ ਉਸ ਪਿੰਡ ਜਾਂਦੇ ਤਾਂ ਇੱਕ ਉੱਚੇ ਲੰਮੇ ਕੱਦ ਅਤੇ ਚਿੱਟੀ ਕਮੀਜ਼ ਪਜ਼ਾਮੇ ਵਾਲੇ ਸਿਹਤਮੰਦ ਬਜ਼ੁਰਗ ਨੇ ਆਪਣਾ ਨਾਂ ਰਜ਼ਾ ਮਹਿਮੂਦ ਅਲੀ ਦੱਸ ਕੇ ਤੁਹਾਨੂੰ ਆ ਮਿਲਣਾ ਸੀ ਤੇ ਇਹ ਵੀ ਦੱਸਣਾ ਸੀ ਕਿ ਉਹ ਮਨਮੋਹਨ ਸਿੰਘ ਦਾ ਜਮਾਤੀ ਸੀ। ਇਹ ਵੀ ਕਿ ਅੱਜ ਵਾਲੇ ਡਾ.ਮਨਮੋਹਨ ਸਿੰਘ ਨੂੰ ਉਸ ਪਿੰਡ ਦੇ ਬਾਕੀ ਮੁੰਡੇ ਤੇ ਜਮਾਤੀ ਵਧੇਰੇ ਕਰਕੇ ਮੋਹਣਾ ਹੀ ਕਹਿੰਦੇ ਸਨ। ਇਹ ਵੀ ਕਿ ਦੇਸ਼ ਵੰਡ ਤੋਂ ਪਹਿਲਾਂ ਏਸ ਪਿੰਡ ਦੇ ਹਿੰਦੂ ਸਿੱਖ ਵਪਾਰੀ ਪਿੰਡ ਦੀ ਉਪਜ ਘੋੜਾ ਰੇਹੜਿਆਂ ਉੱਤੇ ਲੱਦ ਕੇ ਰਾਵਲਪਿੰਡੀ, ਚਕਵਾਲ ਤੇ ਜੇਹਲਮ ਦੀਆਂ ਮੰਡੀਆਂ ਵਿੱਚ ਜਾ ਵੇਚਦੇ ਸਨ ਤੇ ਮੁੜਦੇ ਸਮੇਂ ਇਨ੍ਹਾਂ ਸ਼ਹਿਰਾਂ ਤੋਂ ਸਾਬਣ, ਤੇਲ, ਖੰਡ, ਘਿਓ, ਕੱਪੜਾ ਜਾਂ ਤਵੇ ਪਰਾਤਾਂ ਖਰੀਦ ਲਿਆਉਂਦੇ ਸਨ। ਇਹ ਸਭ ਵਸਤਾਂ ਪਿੰਡ ਦੀਆਂ ਹੱਟੀਆਂ ਵਿੱਚ ਵਿਕ ਜਾਂਦੀਆਂ ਸਨ।ਉਹ ਮਹਿਮੂਦ ਰਜ਼ਾ ਹੁਣ ਏਸ ਦੁਨੀਆਂ ਵਿੱਚ ਨਹੀਂ ਹੈ। ਉਹ ਅਕਤੂਬਰ 2010 ਵਿੱਚ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ। ਚੰਗੀ ਗੱਲ ਇਹ ਹੋਈ ਕਿ ਇਸ ਧਰਤੀ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਆਪਣੇ ਜਮਾਤੀ ਮੋਹਣੇ ਨੂੰ ਮਿਲਣ ਖਾਤਰ ਭਾਰਤ ਆਉਣ ਵਿੱਚ ਸਫ਼ਲ ਹੋ ਗਿਆ ਸੀ।ਮਨਮੋਹਨ ਸਿੰਘ ਦਾ ਵਾਹ ਏਧਰਲੇ ਪਿੰਡਾਂ ਨਾਲ ਵੀ ਪਿਆ ਸੀ। ਉਨ੍ਹਾਂ ਦਿਨਾਂ ਵਿੱਚ ਜਦੋਂ ਦੇਸ਼ ਵੰਡ ਤੋਂ ਪਿੱਛੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤਾਂ ਅੰਮ੍ਰਿਤਸਰ ਵਿੱਚ ਹੀ ਕਾਰੋਬਾਰ ਕਰਨ ਲੱਗ ਪਏ ਪਰ ਮਨਮੋਹਨ ਸਿੰਘ ਦੇ ਪਿਤਾ ਆਪਣੇ ਪੈਰ ਨਹੀਂ ਜਮਾ ਸਕੇ। ਹੋਇਆ ਇਹ ਕਿ ਉਨ੍ਹਾਂ ਦਾ ਇੱਕ ਜਿਮੀਂਦਾਰ ਮਿੱਤਰ ਉਨ੍ਹਾਂ ਨੂੰ ਆਪਣੇ ਪਿੰਡ ਸ਼ਾਮ ਚੁਰਾਸੀ ਲੈ ਆਇਆ ਜਿੱਥੇ ਉਸ ਨੇ ਉਨ੍ਹਾਂ ਤੋਂ ਕਰਿਆਨੇ ਦੀ ਦੁਕਾਨ ਖੁਲ੍ਹਵਾ ਦਿੱਤੀ। ਮਨਮੋਹਨ ਸਿੰਘ ਏਥੇ ਆ ਕੇ ਹੁਸ਼ਿਆਰਪੁਰ ਦੇ ਪੰਜਾਬ ਯੂਨੀਵਰਸਿਟੀ ਕਾਲਜ ਵਿੱਚ ਦਾਖਲ ਹੋਇਆ।ਅਰਥ ਸ਼ਾਸਤਰ ਦੀ ਜਿਸ ਪੜ੍ਹਾਈ ਸਦਕਾ ਅੱਜ ਦਾ ਪ੍ਰਧਾਨ ਮੰਤਰੀ ਕਦੇ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੇ ਵਿੱਤ ਮੰਤਰੀ ਬਣਿਆ, ਉਸ ਨੂੰ ਪੜ੍ਹਾਉਣ ਵਾਲੇ ਲਾਹੌਰ ਤੋਂ ਹੁਸ਼ਿਆਰਪੁਰ ਆਏ ਉਹਦੇ ਵਰਗੇ ਸ਼ਰਨਾਰਥੀ ਅਧਿਆਪਕ ਹੀ ਸਨ। ਏਸ ਕਾਲਜ ਨੇ 1947 ਵਿੱਚ ਲਾਹੌਰ ਤੋਂ ਉੱਜੜ ਕੇ ਆਏ ਹੋਰ ਵੀ ਉੱਚ-ਕੋਟੀ ਦੇ ਪ੍ਰੋਫ਼ੈਸਰਾਂ ਨੂੰ ਢੋਈ ਦਿੱਤੀ ਸੀ।ਮਨਮੋਹਨ ਸਿੰਘ ਸ਼ਾਮ ਚੁਰਾਸੀ ਤੋਂ ਹੁਸ਼ਿਆਰਪੁਰ ਪੜ੍ਹਨ ਜਾਂਦਾ ਸੀ। ਬਹੁਤੇ ਵਿਦਿਆਰਥੀ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਰੇਲ ਗੱਡੀ ਵਿੱਚ ਸਫ਼ਰ ਕਰਦੇ ਸਨ। ਉਹ ਵੀ ਉਨ੍ਹਾਂ ਵਿੱਚੋਂ ਇੱਕ ਸੀ।ਰੇਲ ਦੀ ਟਿਕਟ ਲੈਣ ਵਾਸਤੇ ਕਿਰਾਇਆ ਰੋਜ਼ ਦੀ ਰੋਜ਼ ਮਿਲਦਾ ਸੀ। ਇੱਕ ਦਿਨ ਰੇਲਵੇ ਸਟੇਸ਼ਨ ਪਹੁੰਚ ਕੇ ਉਸ ਨੇ ਵੇਖਿਆ ਕਿ ਉਹ ਕਿਰਾਇਆ ਲਿਆਉਣਾ ਭੁੱਲ ਗਿਆ ਹੈ। ਸੋਚਿਆ ਉਨ੍ਹਾਂ ਵਿਦਿਆਰਥੀਆਂ ਤੋਂ ਮੰਗ ਲਵੇਗਾ ਜਿਹੜੇ ਹਰ ਰੋਜ਼ ਉਸ ਨਾਲ ਸਫ਼ਰ ਕਰਦੇ ਹਨ।ਖਾਲੀ ਬੋਝੇ ਵਾਲੇ ਮਨਮੋਹਨ ਸਿੰਘ ਨੇ ਇਨ੍ਹਾਂ ਮੁੰਡਿਆਂ ਨਾਲ ਗੱਲ ਕੀਤੀ ਤਾਂ ਉਹ ਸੁਣਦੇ ਸਾਰ ਹੱਸ ਪਏ। ਕਹਿਣ ਲੱਗੇ ਕਿ ਉਹ ਤਾਂ ਟਿਕਟ ਲੈਂਦੇ ਹੀ ਨਹੀਂ। ਮੁਫ਼ਤੋ-ਮੁਫ਼ਤੀ ਜਾਂਦੇ ਨੇ। ਮਨਮੋਹਨ ਸਿੰਘ ਸੋਚੀਂ ਪੈ ਗਿਆ। ਇੱਕ ਦਿਨ ਦੀ ਪੜ੍ਹਾਈ ਛੱਡੇ ਜਾਂ ਬਿਨਾਂ ਟਿਕਟ ਸਫ਼ਰ ਕਰੇ।ਖੈਰ ਗੱਡੀ ਆਈ ਤਾਂ ਉਨ੍ਹਾਂ ਮੁੰਡਿਆਂ ਨੇ ਜੱਕੋ-ਤੱਕੀ ਵਿੱਚ ਪਏ ਮਨਮੋਹਨ ਸਿੰਘ ਨੂੰ ਆਪਣੇ ਨਾਲ ਚੜ੍ਹਨ ਲਈ ਪ੍ਰੇਰ ਲਿਆ। ਹੋਇਆ ਇਹ ਕਿ ਜਿਸ ਡੱਬੇ ਵਿੱਚ ਉਹ ਚੜ੍ਹੇ, ਉਸੇ ਵਿੱਚ ਟਿਕਟ ਚੈੱਕਰ ਆ ਗਿਆ। ਸਾਰੇ ਮੁੰਡੇ ਅੱਖ ਦੇ ਫੋਰ ਵਿੱਚ ਛਾਲਾਂ ਮਾਰ ਕੇ ਪਲੇਟਫਾਰਮ 'ਤੇ ਉਤਰ ਆਏ ਤੇ ਫਟਾ-ਫਟ ਕਿਸੇ ਪਿਛਲੇ ਡੱਬੇ ਵਿੱਚ ਚੜ੍ਹ ਗਏ।ਮਨਮੋਹਨ ਸਿੰਘ ਵੀ ਥੱਲੇ ਉਤਰ ਕੇ ਹਾਲੀ ਪਲੇਟਫਾਰਮ ਉੱਤੇ ਹੀ ਖੜ੍ਹਾ ਸੀ ਕਿ ਵਿਸਲ ਹੋਣ ਨਾਲ ਗੱਡੀ ਤੁਰ ਪਈ। ਜਦੋਂ ਮੁੰਡਿਆਂ ਨੇ ਘਬਰਾਏ ਹੋਏ ਮਨਮੋਹਨ ਸਿੰਘ ਨੂੰ ਗੱਡੀ ਦੇ ਨਾਲ ਨਾਲ ਭੱਜਦੇ ਵੇਖਿਆ ਤਾਂ ਉਨ੍ਹਾਂ ਨੇ ਦੋਵਾਂ ਬਾਹਾਂ ਤੋਂ ਫੜ ਕੇ ਉਸ ਨੂੰ ਥੈਲੇ ਵਾਂਗ ਚੁੱਕਿਆ ਤੇ ਡੱਬੇ ਦੇ ਅੰਦਰ ਸੁੱਟ ਲਿਆ।ਚੈੱਕਰ ਤਾਂ ਪਤਾ ਨਹੀਂ ਕਿਹੜੇ ਡੱਬੇ ਵਿੱਚ ਜਾ ਵੜਿਆ ਪਰ ਜਿਮੀਂਦਾਰਾਂ ਦੇ ਇਹ ਮੁੰਡੇ ਸਾਰਾ ਸਫ਼ਰ ਮਨਮੋਹਨ ਸਿੰਘ ਦਾ 'ਭਾਪਾ' ਕਹਿ ਕੇ ਮਜ਼ਾਕ ਉਡਾਉਂਦੇ ਰਹੇ। ਹੁਸ਼ਿਆਰਪੁਰ ਦੇ ਸਟੇਸ਼ਨ 'ਤੇ ਉਤਰ ਕੇ ਬਿਨ ਟਿਕਟੇ ਮੁੰਡਿਆਂ ਦਾ ਬਾਹਰ ਜਾਣ ਦਾ ਰਸਤਾ ਵੀ ਆਪਣਾ ਹੀ ਸੀ। ਇਹੀਓ ਰਾਹ ਮਨਮੋਹਨ ਸਿੰਘ ਨੂੰ ਅਪਣਾਉਣਾ ਪਿਆ ਤੇ ਬਚ ਕੇ ਨਿਕਲ ਗਏ।ਵਾਪਸੀ ਦੇ ਸਫ਼ਰ ਲਈ ਉਧਾਰ ਮਿਲਣਾ ਤਾਂ ਔਖਾ ਨਹੀਂ ਸੀ ਪਰ ਟਿਕਟ ਲੈ ਕੇ ਮਨਮੋਹਨ ਸਿੰਘ ਸਵੇਰ ਵਾਲੇ ਮੁੰਡਿਆਂ ਦੇ ਮਖੌਲਾਂ ਤੋਂ ਸੰਗਦਾ ਉਨ੍ਹਾਂ ਵਾਲੇ ਡੱਬੇ ਵਿੱਚ ਨਹੀਂ ਚੜ੍ਹਿਆ। ਘਰ ਪਹੁੰਚ ਕੇ ਉਸ ਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਵੀ ਹੱਸ ਛੱਡਿਆ।ਗੱਡੀ ਵਾਲੀ ਘਟਨਾ ਤੋਂ ਪਿੱਛੋਂ ਮਨਮੋਹਨ ਸਿੰਘ ਨੂੰ ਰੇਲ ਦੇ ਸਫ਼ਰ ਤੋਂ ਸ਼ਰਮ ਆਉਣ ਲੱਗੀ ਤਾਂ ਉਸ ਦੇ ਪਿਤਾ ਨੂੰ ਇਸ ਪਿੰਡ ਲਿਆਉਣ ਵਾਲਾ ਸ਼ਾਮ ਚੁਰਾਸੀ ਦਾ ਜ਼ਿਮੀਂਦਾਰ ਫੇਰ 'ਸੀਨ' ਉੱਤੇ ਆ ਗਿਆ। ਮਨਮੋਹਨ ਸਿੰਘ ਨੇ ਗੱਡੀ ਦੀ ਥਾਂ ਸਾਈਕਲ ਉੱਤੇ ਕਾਲਜ ਜਾਣ ਦਾ ਮਨ ਬਣਾ ਲਿਆ ਸੀ। ਮਨ ਤਾਂ ਬਣ ਗਿਆ ਪਰ ਪਿਤਾ ਕੋਲ ਨਵਾਂ ਸਾਈਕਲ ਖਰੀਦਣ ਜੋਗੇ ਪੈਸੇ ਨਹੀਂ ਸਨ। ਪਿਤਾ ਦੇ ਮਿੱਤਰ ਜੱਟ ਕੋਲ ਇੱਕ ਸਾਈਕਲ ਸੀ ਜਿਸ ਨੂੰ ਕੋਈ ਨਹੀਂ ਸੀ ਵਰਤਦਾ। ਮਨਮੋਹਨ ਸਿੰਘ ਜਦੋਂ ਵੀ ਓਧਰੋਂ ਲੰਘਦਾ ਉਸ ਸਾਈਕਲ ਨੂੰ ਕੰਧ ਕੋਲ ਖੜ੍ਹਾ ਹੀ ਦੇਖਦਾ। ਪੁੱਤਰ ਦੇ ਕਹਿਣ 'ਤੇ ਪਿਤਾ ਨੇ ਜੱਟ ਨਾਲ ਇਹ ਪੁਰਾਣਾ ਸਾਈਕਲ ਖਰੀਦਣ ਦੀ ਗੱਲ ਤੋਰੀ। ਏਸ ਸਾਈਕਲ ਨੇ ਮਨਮੋਹਨ ਸਿੰਘ ਨੂੰ ਸਾਥੀ ਮੁੰਡਿਆਂ ਦੀਆਂ ਟਿੱਚਰਾਂ ਤੋਂ ਬਚਾ ਲਿਆ ਭਾਵੇਂ ਉਸ ਨੂੰ ਹਰ ਰੋਜ਼ 15+15 ਕਿਲੋਮੀਟਰ ਪੈਂਡਾ ਸਾਈਕਲ ਉੱਤੇ ਤੈਅ ਕਰਨਾ ਪੈਂਦਾ ਸੀ।ਅੱਜ ਦਾ ਪ੍ਰਧਾਨ ਮੰਤਰੀ ਉਦੋਂ ਤੱਕ ਸਾਈਕਲ ਉੱਤੇ ਜਾਂਦਾ ਰਿਹਾ ਜਦੋਂ ਤੱਕ ਉਸ ਦੇ ਪਿਤਾ ਨੂੰ ਗਾਹ (ਪਾਕਿਸਤਾਨ) ਵਿੱਚ ਰਹਿ ਗਈ ਸੰਪਤੀ ਦਾ ਕਲੇਮ ਨਹੀਂ ਮਿਲ ਗਿਆ। ਕਲੇਮ ਮਿਲਣ ਸਦਕਾ ਪਿਤਾ ਵੀ ਆਪਣੇ ਅੰਮ੍ਰਿਤਸਰ ਵਾਲੇ ਭਾਈਚਾਰੇ ਵਿੱਚ ਰਲਣ ਦੇ ਯੋਗ ਹੋ ਗਏ ਤੇ ਬੇਟੇ ਨੂੰ ਵੀ ਹੋਸਟਲ ਵਿੱਚ ਰਹਿ ਕੇ ਪੜ੍ਹਨ ਦੀ ਪ੍ਰਵਾਨਗੀ ਮਿਲ ਗਈ।ਤੁਸੀਂ ਪੁੱਛੋਗੇ ਕਿ ਮੈਨੂੰ ਇਨ੍ਹਾਂ ਗੱਲਾਂ ਦਾ ਕਿਵੇਂ ਪਤਾ ਹੈ। ਇਸ ਦਾ ਸਬੱਬ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਜਸ਼ਨ ਕਾਰਨ ਹੋਇਆ। ਮੇਰੇ ਮਿੱਤਰ ਅਮਰੀਕ ਗਿੱਲ ਨੇ ਸ਼ਹੀਦ ਦੀ ਕੁਰਬਾਨੀ ਬਾਰੇ ਇੱਕ ਲਾਈਟ ਐਂਡ ਸਾਊਂਡ (ਰੋਸ਼ਨੀ ਤੇ ਆਵਾਜ਼) ਨਾਟਕ ਤਿਆਰ ਕੀਤਾ ਸੀ। ਇਸ ਨੂੰ ਪ੍ਰਧਾਨ ਮੰਤਰੀ ਦੀ ਪਦਵੀ 'ਤੇ ਪਹੁੰਚੇ ਸ਼ਾਮ ਚੁਰਾਸੀ ਵਾਲੇ ਮਨਮੋਹਨ ਸਿੰਘ ਨੇ ਵੀ ਤੱਕਿਆ।ਉਸ ਨਾਟਕ ਸਦਕਾ ਨਿਰਦੇਸ਼ਕ ਗਿੱਲ ਨੂੰ ਪ੍ਰਧਾਨ ਮੰਤਰੀ ਦੇ ਘਰ ਚਾਹ ਪੀਣ ਦਾ ਸੱਦਾ ਆ ਗਿਆ। ਚਾਹ ਪੀਂਦਿਆਂ ਇਹ ਗੱਲ ਵੀ ਖੁੱਲ੍ਹ ਗਈ ਕਿ ਅਮਰੀਕ ਵੀ ਹੁਸ਼ਿਆਰਪੁਰ ਵਾਲੇ ਕਾਲਜ ਦਾ ਵਿਦਿਆਰਥੀ ਰਿਹਾ ਹੈ। ਉਨ੍ਹਾਂ ਦਿਨਾਂ ਦੀਆਂ ਗੱਲਾਂ ਹੋਣੀਆਂ ਕੁਦਰਤੀ ਸਨ। ਅੱਲੜ ਉਮਰੇ ਬੀਤੀਆਂ ਇਹੋ ਜਿਹੀਆਂ ਗੱਲਾਂ ਹਰ ਕਿਸੇ ਨਾਲ ਹੋ ਵੀ ਨਹੀਂ ਸਕਦੀਆਂ। ਪ੍ਰਧਾਨ ਮੰਤਰੀ ਵੱਲੋਂ ਆਪਣੇ ਆਪ ਲਈ ਵਰਤੇ ਬੇਘਰੇ ਸ਼ਬਦ ਦੀ ਵਰਤੋਂ ਨੇ ਇਹ ਗੱਲਾਂ ਅਮਰੀਕ ਰਾਹੀਂ ਮੇਰੇ ਤੱਕ ਪਹੁੰਚਾ ਦਿੱਤੀਆਂ।ਉਂਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਭਲੇ ਦਿਨਾਂ ਨੂੰ ਚੇਤੇ ਰੱਖਣ ਦੀ ਇੱਕ ਗੱਲ ਮੇਰੇ ਕੋਲ ਵੀ ਹੈ। ਇਸ ਘਟਨਾ ਸਮੇਂ ਡਾਕਟਰ ਸਾਹਿਬ ਵਿੱਤ ਮੰਤਰੀ ਬਣ ਚੁੱਕੇ ਸਨ। ਉਨ੍ਹਾਂ ਨੂੰ ਲਾਜਪਤ ਰਾਏ ਭਵਨ, ਚੰਡੀਗੜ੍ਹ ਵੱਲੋਂ ਲਾਲਾ ਅਚਿੰਤ ਰਾਮ ਮੈਮੋਰੀਅਲ ਲੈਕਚਰ ਦੇਣ ਲਈ ਸੱਦਿਆ ਗਿਆ ਸੀ। ਉਹ ਠੀਕ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ। ਭਵਨ ਦੇ ਸਕੱਤਰ ਓਂਕਾਰ ਚੰਦ ਨੇ ਉਨ੍ਹਾਂ ਨੂੰ ਸੋਫੇ 'ਤੇ ਬਿਠਾਇਆ ਤੇ ਮੈਨੂੰ ਆ ਫੜਿਆ। ਕਹਿਣ ਲੱਗੇ ਮੰਤਰੀ ਜੀ ਇਕੱਲੇ ਬੈਠੇ ਹਨ ਤੇ ਮੈਂ ਉਨ੍ਹਾਂ ਨੂੰ ਸਾਥ ਦਿਆਂ। ਓਂਕਾਰ ਚੰਦ ਖ਼ੁਦ ਪ੍ਰਬੰਧਕੀ ਕੰਮਾਂ ਵਿਚ ਰੁੱਝੇ ਹੋਏ ਸਨ।ਇਹ ਉਹ ਦਿਨ ਸਨ ਜਦੋਂ ਮੈਂ ਪੱਤਰਕਾਰ ਵਜੋਂ ਜਾਣਿਆ ਜਾਂਦਾ ਸਾਂ ਤੇ ਓਂਕਾਰ ਚੰਦ ਨੇ ਮੈਨੂੰ ਸੋਫੇ ਉੱਤੇ ਜਾ ਬਿਠਾਇਆ। ਵਕਤ ਕਟੀ ਲਈ ਮੈਂ ਕੋਈ ਨਾ ਕੋਈ ਗੱਲ ਤਾਂ ਕਰਨੀ ਹੀ ਸੀ। ਮੈਂ ਜਾਣਦਾ ਸੀ ਕਿ ਮੇਰਾ ਮਿੱਤਰ ਸੁਰਜੀਤ ਹਾਂਸ ਵੀ ਹੁਸ਼ਿਆਰਪੁਰ ਪੜ੍ਹਦਾ ਰਿਹਾ ਸੀ। ਦੋਵੇਂ ਇੱਕੋ ਸਮੇਂ ਹੋਸਟਲ ਵਿੱਚ ਰਹਿੰਦੇ ਸਨ। ਮੈਂ ਹਾਂਸ ਦਾ ਚੇਤਾ ਕਰਵਾਇਆ ਤਾਂ ਵਿੱਤ ਮੰਤਰੀ ਦੀ ਟਿੱਪਣੀ ਬਹੁਤ ਨੇੜਤਾ ਵਾਲੀ ਸੀ। ਮੇਰੇ ਦੱਸਣ ਤੋਂ ਪਹਿਲਾਂ ਹੀ ਉਹ ਜਾਣਦੇ ਸਨ ਕਿ ਹਾਂਸ ਅੰਮ੍ਰਿਤਸਰ ਯੂਨੀਵਰਸਿਟੀ ਛੱਡ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆ ਚੁੱਕਿਆ ਹੈ। ਕਾਲਜ ਸਮੇਂ ਦੇ ਸਾਥੀ ਬਾਰੇ ਏਨੀ ਸੂਹ ਰੱਖਣ ਵਾਲੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੀ।ਸ਼ਾਮ ਚੁਰਾਸੀ ਵਾਲੇ ਮਨਮੋਹਨ ਸਿੰਘ ਨਾਲ ਮੇਰੀ ਇੱਕ ਸਾਂਝ ਹੋਰ ਵੀ ਹੈ। ਉਹ ਇਹ ਕਿ ਮੇਰੀ ਭੈਣ ਦਾ ਸਹੁਰਾ ਪਿੰਡ ਵੀ ਸ਼ਾਮ ਚੁਰਾਸੀ ਦੇ ਨੇੜੇ ਹੈ। ਮੈਂ ਸ਼ਾਮ ਚੁਰਾਸੀ ਜਾਂਦਾ ਰਹਿੰਦਾ ਹਾਂ। ਪ੍ਰਧਾਨ ਮੰਤਰੀ ਨੂੰ ਇਹ ਗੱਲ ਵੀ ਦੱਸਣ ਵਾਲੀ ਹੈ ਕਿ ਹੁਣ ਉਹ ਇਲਾਕਾ ਪਹਿਲਾਂ ਵਰਗਾ ਖੁਸ਼ਕ ਨਹੀਂ ਰਿਹਾ। ਚੋਆਂ ਤੇ ਰੇਤਿਆਂ ਲਈ ਜਾਣੀ ਜਾਂਦੀ ਸ਼ਾਮ ਚੁਰਾਸੀ ਪਿਛਲੇ ਛੇ ਦਹਾਕਿਆਂ ਵਿੱਚ ਅੰਤਾਂ ਦੀ ਸਰਸਬਜ਼ ਹੋ ਚੁੱਕੀ ਹੈ। ਪੌਪਲਰ ਦੇ ਪੌਦਿਆਂ ਦੀਆਂ ਪਾਲਾਂ ਅਤੇ ਸਫ਼ੈਦੇ ਦੇ ਉੱਚੇ-ਲੰਮੇ ਰੁੱਖ ਅਦਭੁੱਤ ਨਜ਼ਾਰਾ ਪੇਸ਼ ਕਰਦੇ ਹਨ। ਖੇਤਾਂ ਵਿੱਚ ਮੂੰਗਫਲੀ ਦੀ ਥਾਂ ਝੋਨਾ ਉੱਗਦਾ ਹੈ। ਵਿਸਾਖ ਦੇ ਮਹੀਨੇ ਜਾਈਏ ਤਾਂ ਸੂਰਜਮੁਖੀ ਦੇ ਫੁੱਲ ਸਵਾਗਤ ਕਰਦੇ ਹਨ।ਮੈਂ ਨਹੀਂ ਜਾਣਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮਾਂ ਕੱਢ ਸਕਦੇ ਹਨ ਜਾਂ ਨਹੀਂ, ਅਸੀਂ ਉਨ੍ਹਾਂ ਨੂੰ ਅੱਜ ਵਾਲੀ ਸ਼ਾਮ ਚੁਰਾਸੀ ਵਿੱਚ ਬੇਘਰੇ ਜਾਂ ਓਪਰੇ ਹੋਣ ਦਾ ਅਹਿਸਾਸ ਨਹੀਂ ਹੋਣ ਦਿਆਂਗੇ। ਅਜਿਹੀ ਫੇਰੀ ਸਮੇਂ ਚੰਡੀਗੜ੍ਹ ਤੋਂ ਮੇਰਾ ਗਵਾਂਢੀ ਜਨਰਲ ਰਾਜਿੰਦਰ ਨਾਥ ਵੀ ਸਾਥ ਦੇ ਸਕਦਾ ਹੈ। ਉਹ ਸ਼ਾਮ ਚੁਰਾਸੀ ਦਾ ਜੰਮਪਲ ਹੈ ਤੇ ਹੈ ਵੀ ਸਾਡੇ ਨਾਲੋਂ ਚਾਰ ਸਾਲ ਵੱਡਾ। ਉਹ ਆਪਣੇ ਜੱਦੀ ਪਿੰਡ ਨੂੰ ਸ਼ਾਮ ਚੁਰਾਸੀ ਨਹੀਂ 'ਈਵਨਿੰਗ ਏਟੀਫੋਰ' ਕਹਿ ਕੇ ਚੇਤੇ ਕਰਦਾ ਹੈ।ਹਾਲ ਦੀ ਘੜੀ 'ਈਵਨਿੰਗ ਏਟੀਫੋਰ' ਜ਼ਿੰਦਾਬਾਦ! ਇਸ ਦੇ ਹਰੇ ਭਰੇ ਦ੍ਰਿਸ਼ ਦਿਨ-ਦੁੱਗਣੀ ਤੇ ਰਾਤ ਚੌਗੁਣੀ ਉੱਨਤੀ ਕਰਨ। ਉਸ ਜੱਟ ਦਾ ਪਰਿਵਾਰ ਵਧੇ-ਫੁੱਲੇ ਜਿਸ ਦੀ ਖੁੱਲ੍ਹ-ਦਿਲੀ ਸਦਕਾ ਪ੍ਰਧਾਨ ਮੰਤਰੀ ਦਾ ਨਾਤਾ ਮੇਰੇ ਜ਼ਿਲ੍ਹੇ ਨਾਲ ਜੁੜਿਆਲਗਾਤਾਰ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਡਾ. ਮਨਮੋਹਨ ਸਿੰਘ ਦੇ ਜੀਵਨ 'ਤੇ ਇਕ ਝਾਤਡਾ. ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਟਰਮ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਹੈ। ਨਿਊਜ਼ ਵੀਕ ਪੱਤ੍ਰਿਕਾ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ 'ਤੇ ਬਿਰਾਜਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸ. ਤੇ ਸਰਦਾਰਨੀ ਗੁਰਮੁਖ ਸਿੰਘ ਤੇ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇਕ ਪਿੰਡ ਗਹਿ ਵਿਚ ਪੈਦਾ ਹੋਏ। ਸਕੂਲੀ ਵਿੱਦਿਆ ਉਹਨਾਂ ਮੋਮਬੱਤੀ ਦੀ ਰੋਸ਼ਨੀ ਵਿਚ ਹਾਸਲ ਕੀਤੀ। ਦੇਸ਼ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ, 1948 ਵਿਚ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਮੈਟ੍ਰਿਕ ਪਾਸ ਕੀਤੀ ਤੇ 1952 ਤੇ 54 ਵਿਚ ਕ੍ਰਮਵਾਰ ਬੀ.ਏ. ਅਤੇ ਐਮ.ਏ. ਦੀਆਂ ਡਿਗਰੀਆਂ ਹਾਸਲ ਕੀਤੀਆਂ। 1957 ਵਿਚ ਉਹਨਾਂ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ ਸ਼ਾਸਤਰ ਵਿਚ ਫਸਟ ਕਲਾਸ ਹਾਨਰਜ਼ ਡਿਗਰੀ ਹਾਸਲ ਕੀਤੀ ਤੇ ਫਿਰ 1962 ਵਿਚ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਹੀ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਹਾਸਲ ਕੀਤੀ। 1971 ਵਿਚ ਉਹ ਭਾਰਤ ਸਰਕਾਰ ਵਿਚ ਅਰਥ ਸਲਾਹਕਾਰ ਦੇ ਤੌਰ 'ਤੇ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ 96 ਤੱਕ ਵਿੱਤ ਮੰਤਰੀ ਰਹੇ। 1987 ਵਿਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਲ ਕਰ ਚੁੱਕੇ ਹਨ ਤੇ ਅੱਜ ਕੱਲ੍ਹ ਭਾਰਤ ਦੇ ਦੋ ਵਾਰ ਲਗਾਤਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਅ ਰਹੇ ਹਨ। ਪਰਿਵਾਰ ਵਿਚ ਹਨ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਜੋ ਕਿ ਨਾਮਵਰ ਲਿਖਾਰੀ ਹਨ। |
Friday, 11 October 2013
ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ
Subscribe to:
Post Comments (Atom)
No comments:
Post a Comment