ਵੈਸੇ ਤਾਂ ਬਹੁਤ ਸਾਰੇ ਸ਼ਹੀਦ ਸਿੱਖ, ਲਿਖਾਰੀ ਸਿੱਖ, ਬਹਾਦਰ ਸਿੱਖ ਹੋਏ ਹਨ ਪਰ ਵਿਲੱਖਣ, ਲਾਸਾਨੀ ਅਤੇ ਅਦੁੱਤੀ ਕੁਰਬਾਨੀਆਂ ਕਰਨ ਵਾਲੇ ਮਹਾਨ ਸਿੱਖਾਂ ਵਿੱਚੋਂ ਸਿਰਫ ਤੇ ਸਿਰਫ ਬਾਬਾ ਜੀਵਨ ਸਿੰਘ ਨੂੰ ਹੀ ‘ਗੁਰੂ ਕਾ ਬੇਟਾ’ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਬਾਬਾ ਜੀਵਨ ਸਿੰਘ ਜੀ ਦਾ ਜਨਮ 13 ਦਸੰਬਰ 1661 ਈਸਵੀ ਨੂੰ ਪਟਨਾ ਵਿਖੇ ਭਾਈ ਸਦਾ ਨੰਦ ਜੀ ਦੇ ਗ੍ਰਹਿ ਵਿਖੇ ਮਾਤਾ ਪ੍ਰੇਮੋ ਜੀ ਦੀ ਕੁੱਖੋਂ ਹੋਇਆ। ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਉਨ੍ਹਾਂ ਦਾ ਨਾਮ ਜੈਤਾ ਰੱਖਿਆ ਸੀ। ਭਾਈ ਜੈਤਾ ਜੀ ਦਾ ਬਚਪਨ ਬੜੇ ਹੀ ਲਾਡਾਂ ਪਿਆਰਾਂ ਨਾਲ ਬੀਤਿਆ। ਸ਼ਸਤਰ ਵਿੱਦਿਆ, ਗੱਤਕਾ ਖੇਡਣਾ, ਜੰਗੀ ਖੇਡਾਂ, ਕੁਸ਼ਤੀ ਕਰਨੀ, ਤੀਰਅੰਦਾਜ਼ੀ, ਘੋੜ ਸਵਾਰੀ, ਨਿਸ਼ਾਨੇਬਾਜ਼ੀ, ਤੈਰਾਕੀ ਆਦਿ ਵਿੱਚ ਆਪ ਬਚਪਨ ਵਿੱਚ ਹੀ ਨਿਪੁੰਨ ਹੋ ਗਏ। ਇਸੇ ਤਰ੍ਹਾਂ ਉਨ੍ਹਾਂ ਪੰਜਾਬੀ, ਬ੍ਰਿਜ ਸੰਸਕ੍ਰਿਤ, ਹਿੰਦੀ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਸੰਗੀਤ ਵਿੱਦਿਆ ਆਪਣੇ ਪਿਤਾ ਭਾਈ ਸਦਾ ਨੰਦ ਜੀ ਤੋਂ ਲਈ। ਆਪ ਜਦ 6 ਸਾਲ ਦੇ ਸਨ ਤਾਂ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਹੀ ਗੁਰੂ ਤੇਗ ਬਹਾਦਰ ਜੀ ਦੇ ਘਰ ਬਾਲਕ ਗੋਬਿੰਦ ਰਾਏ (ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ) ਦਾ ਪ੍ਰਕਾਸ਼ ਹੋਇਆ ਤੇ ਅਗਲੇ ਦਿਨ ਹੀ ਜਾਣੀ 23 ਦਸੰਬਰ ਨੂੰ ਭਾਈ ਜੈਤਾ ਜੀ ਦੇ ਛੋਟੇ ਭਰਾ ਸੰਗਤਾ ਜੀ ਦਾ ਜਨਮ ਹੋਇਆ। ਇਸ ਤਰ੍ਹਾਂ ਬਾਲਕ ਗੋਬਿੰਦ ਰਾਏ ਜੀ ਅਤੇ ਸੰਗਤਾ ਜੀ ਹਾਣੋ ਹਾਣੀ ਸਨ ਤੇ ਭਾਈ ਜੈਤਾ ਜੀ ਨੂੰ ਇਨ੍ਹਾਂ ਦੋਨਾਂ ਨਾਲ ਹੀ ਖੁੱਲ੍ਹ ਕੇ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ।
ਪ੍ਰਚਾਰ ਫੇਰੀਆਂ ਤੋਂ ਬਾਅਦ ਜਦ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆ ਗਏ ਤਾਂ ਭਾਈ ਸਦਾ ਨੰਦ ਜੀ ਵੀ ਪਰਿਵਾਰ ਸਮੇਤ ਉਨ੍ਹਾਂ ਦੇ ਨਾਲ ਹੀ ਸਨ। ਅਸਲ ਵਿੱਚ ਖੋਖਰ ਖਾਨਦਾਨ ’ਚੋਂ ਭਾਈ ਸਦਾਨੰਦ ਜੀ ਦੇ ਵੱਡੇ ਵਡੇਰੇ ਭਾਈ ਕਲਿਆਣਾ ਜੀ ਸਨ ਜਿਨ੍ਹਾਂ ਨੇ ਰਾਏ ਨੰਗਲ ਪਿੰਡ ਵਸਾਇਆ ਸੀ ਤੇ ਬਾਅਦ ਵਿੱਚ ਇਸ ਦਾ ਨਾਮ ਕੱਥੂ ਨੰਗਲ ਪੈ ਗਿਆ। ਇਨ੍ਹਾਂ ਦੇ ਵੱਡ ਵਡੇਰੇ ਮਲਕ ਖੋਖਰ ਨੇ ਲਾਹੌਰ, ਜਲੰਧਰ ਤੇ ਸਰਹੰਦ ਆਦਿ ਪਰਗਨਿਆਂ ’ਤੇ ਕਾਫੀ ਸਮਾਂ ਰਾਜ ਵੀ ਕੀਤਾ। ਜਦ ਗੁਰੂ ਨਾਨਕ ਦੇਵ ਜੀ ਕੱਥੂ ਨੰਗਲ ਆਏ ਤਾਂ ਭਾਈ ਕਲਿਆਣਾ ਜੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਭਾਈ ਕਲਿਆਣਾ ਜੀ ਗੁਰੂ ਮਹਿਮਾ ਦੇਖ ਕੇ ਉਨ੍ਹਾਂ ਦੇ ਹੀ ਹੋ ਗਏ ਤੇ ਉਨ੍ਹਾਂ ਅੱਗੇ ਪਹਿਲੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ। ਜਦ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਤਾਂ ਭਾਈ ਕਲਿਆਣਾ ਜੀ ਨੇ ਲਾਹੌਰ ਦੀ ਰਿਆਸਤ ਮੰਡੀ ਤੋਂ ਲੱਕੜ ਲਿਆਉਣ ਦੀ ਸੇਵਾ ਕੀਤੀ ਤੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕੀਤਾ। ਇਨ੍ਹਾਂ ਦੇ ਉਪਦੇਸ਼ ਦੁਆਰਾ ਹੀ ਰਾਜਾ ਹਰੀ ਸੈਨ ਗੁਰੂ ਘਰ ਦਾ ਸ਼ਰਧਾਲੂ ਬਣਿਆ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਬੁਲਾਇਆ ਸੀ ਤਾਂ ਗੁਰੂ ਸਾਹਿਬ ਭਾਈ ਕਲਿਆਣਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ ਅਤੇ ਭਾਈ ਭਗਤੂ ਜੀ ਆਦਿ ਪ੍ਰਮੁੱਖ ਸਿੱਖਾਂ ਨੂੰ ਪ੍ਰਬੰਧ ਸੰਭਾਲ ਕੇ ਗਏ ਸਨ। ਭਾਈ ਕਲਿਆਣਾ ਜੀ ਦੇ ਸਪੁੱਤਰ ਸੁੱਖਭਾਨ ਜੀ, ਉਨ੍ਹਾਂ ਦੇ ਸਪੁੱਤਰ ਜਸਭਾਨ ਜੀ, ਉਨ੍ਹਾਂ ਦੇ ਸਪੁੱਤਰ ਭਾਈ ਆਗਿਆ ਰਾਮ ਜੀ ਤੇ ਉਨ੍ਹਾਂ ਦੇ ਸਪੁੱਤਰ ਅੱਗੇ ਭਾਈ ਸਦਾ ਨੰਦ ਜੀ ਹੋਏ ਹਨ। ਇਸ ਪੂਰੇ ਪਰਿਵਾਰ ਨੇ ਗੁਰੂ ਘਰ ਦੀ ਅਨਿੰਨ ਸੇਵਾ ਕੀਤੀ ਤੇ ਅੱਗੇ ਤੋਂ ਅੱਗੇ ਆਪਣੀ ਪੀੜ੍ਹੀ ਨੂੰ ਸਿੱਖੀ ਸੇਵਾ ਸੌਂਪਦੇ ਰਹੇ। ਭਾਈ ਕਲਿਆਣਾ ਜੀ ਦੀ ਸਮਾਧ ਬਾਬਾ ਬੁੱਢਾ ਜੀ ਦੇ ਤਪ ਅਸਥਾਨ ਦੀ ਪੱਛਮੀ ਬਾਹੀ ਦੇ ਕੋਨੇ ’ਤੇ ਅਸਮਾਨੀ ਖੂਹ ਦੇ ਕੋਲ ਬਣੀ ਹੋਈ ਹੈ। ਇਸ ਤਰ੍ਹਾਂ ਦਿੱਲੀ ਦੇ ਪਿੰਡ ਰਾਇਸੀਨਾ ਵਿਖੇ ਭਾਈ ਕਲਿਆਣਾ ਜੀ ਦੀ ਯਾਦ ਵਿੱਚ ਭਾਈ ਕਲਿਆਣੇ ਦੀ ਧਰਮਸ਼ਾਲਾ ਬਣਵਾਈ। ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਬਾਬਾ ਬਕਾਲਾ ਵਿਖੇ 1644 ਈਸਵੀ ਤੋਂ 1664 ਈਸਵੀ ਤੱਕ ਗੁਰੂ ਤੇਗ ਬਹਾਦਰ ਜੀ ਦੇ ਭੋਰੇ ਵਿੱਚ ਸੇਵਾ ਸੰਭਾਲ ਕਰਦੇ ਰਹੇ। ਪਹਿਲੀ ਪ੍ਰਚਾਰ ਫੇਰੀ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਹੀ ਭਾਈ ਸਦਾ ਨੰਦ ਜੀ ਦੀ ਸ਼ਾਦੀ 13 ਅਕਤੂਬਰ 1657 ਨੂੰ ਕੋਇਲ ਨਗਰ ਵਿਖੇ ਪੰਡਿਤ ਸ਼ਿਵ ਨਾਰਾਇਣ ਦੀ ਲੜਕੀ ਬੀਬੀ ਪ੍ਰੇਮੋ ਨਾਲ ਕਰਵਾਈ ਸੀ।
ਜਦ ਕਸ਼ਮੀਰੀ ਸਿੱਖ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸਨ ਤਾਂ ਬਾਲਕ ਗੋਬਿੰਦ ਰਾਏ ਨੌਂ ਸਾਲ ਦੇ ਤੇ ਭਾਈ ਜੈਤਾ ਜੀ ਉਸ ਵਕਤ 15 ਸਾਲ ਦੇ ਭਰ ਜੁਆਨ ਹਨ।
ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਨਾਲ ਵੀ ਬਹੁਤ ਐਸੇ ਕਾਰਜ ਕੀਤੇ ਹਨ ਜੋ ਆਪਣੀ ਮਿਸਾਲ ਆਪ ਹਨ। ਜਦ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪਾਉਣ ਲਈ 20 ਜੁਲਾਈ 1675 ਨੂੰ ਦਿੱਲੀ ਵੱਲ ਕੂਚ ਕਰ ਗਏ ਤਾਂ ਉਨ੍ਹਾਂ ਨੂੰ 5 ਸਿੱਖਾਂ ਸਮੇਤ 15 ਸਤੰਬਰ 1675 ਨੂੰ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗੁਰੂ ਜੀ ਨੇ ਜੇਲ੍ਹ ਵਿੱਚ 57 ਸਲੋਕ, 5 ਪੈਸੇ ਨਾਰੀਅਲ, ਗੁਰਿਆਈ ਤਿਲਕ ਅਤੇ ਹੁਕਮਨਾਮਾ ਭਾਈ ਜੈਤਾ ਜੀ ਨੂੰ ਹੀ ਦਿੱਤਾ ਤੇ ਉਨ੍ਹਾਂ ਇਹ ਬਾਲਕ ਗੋਬਿੰਦ ਰਾਏ ਜੀ ਨੂੰ ਆਨੰਦਪੁਰ ਆ ਕੇ ਦਿੱਤਾ ਤੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹੀਦੀ ਅਟੱਲ ਹੈ। ਉਸੇ ਸਮੇਂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਦਾ ਸਰੀਰ ਲਿਆਉਣ ਦੀ ਜ਼ਿੰਮੇਵਾਰੀ ਲਗਾ ਦਿੱਤੀ ਸੀ ਜਿਸ ਉੱਪਰ ਪਹਿਰਾ ਦੇਣ ਲਈ ਭਾਈ ਜੈਤਾ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਵੀ ਕੁਰਬਾਨ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਦੇ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ ਆਰੇ ਨਾਲ ਵਿਚਾਲਿਓਂ ਚੀਰ ਕੇ, ਭਾਈ ਸਤੀ ਦਾਸ ਜੀ ਰੂੰ ਵਿੱਚ ਲਪੇਟ ਕੇ ਤੇ ਅੱਗ ਲਾ ਕੇ, ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਉਬਾਲ ਕੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ੍ਹ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ। ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕਣ ਲਈ ਸਕੀਮ ਲਗਾਈ। 11-12 ਨਵੰਬਰ ਦੀ ਰਾਤ ਨੂੰ ਆਪਣੇ ਤਾਇਆ ਆਗਿਆ ਰਾਮ ਜੀ, ਪਿਤਾ ਸਦਾ ਨੰਦ ਜੀ ਅਤੇ ਭਾਈ ਗੁਰਦਿੱਤਾ ਜੀ ਨਾਲ ਸਲਾਹ ਕਰਕੇ ਇਹ ਤਿੰਨੋਂ ਚਾਂਦਨੀ ਚੌਕ ਪਹੁੰਚ ਗਏ। ਪਹਿਲਾਂ ਤੋਂ ਬਣਾਈ ਵਿਉਂਤ ਮੁਤਾਬਕ ਭਾਈ ਜੈਤਾ ਜੀ ਨੇ ਆਪਣਾ ਦਿਲ ਪੱਥਰ ਕਰਕੇ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਧੜ੍ਹ ਨਾਲੋਂ ਅਲੱਗ ਕਰ ਦਿੱਤਾ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਧੜ੍ਹ ਨਾਲ ਅਦਲ ਬਦਲ ਕਰਕੇ ਗੁਰੂ ਸਾਹਿਬ ਜੀ ਦਾ ਸੀਸ ਅਤੇ ਧੜ੍ਹ ਚੁੱਕ ਲਿਆ। ਗੁਰੂ ਜੀ ਦੇ ਧੜ੍ਹ ਦਾ ਸੰਸਕਾਰ ਉਨ੍ਹਾਂ ਪਿੰਡ ਰਾਇਸੀਨਾ ਦੀ ਕਲਿਆਣਾ ਜੀ ਧਰਮਸ਼ਾਲਾ ਵਿਖੇ ਕਰ ਦਿੱਤਾ ਜਦਕਿ ਪਾਵਨ ਸੀਸ ਲੈ ਕੇ ਭਿਆਨਕ ਸਰਦੀ ਤੇ ਠੰਢੀਆਂ ਤੇਜ਼ ਹਵਾਵਾਂ ਦੌਰਾਨ ਦਿੱਲੀ ਤੋਂ ਪੈਦਲ ਖੇਤਾਂ ਖਾਲਾਂ ਵਿੱਚੋਂ ਦੀ ਹੁੰਦੇ ਹੋਏ, ਦਿਨ ਵੇਲੇ ਕਿਸੇ ਓਹਲੇ ਵਿੱਚ ਆਰਾਮ ਕਰਨਾ ਤੇ ਰਾਤ ਨੂੰ ਸਫ਼ਰ ਕਰਕੇ 322 ਕਿਲੋਮੀਟਰ ਦਾ ਬਿਖੜਾ ਪੈਂਡਾ ਤਹਿ ਕਰਕੇ ਬਾਗ਼ਪਤ, ਤਰਾਵੜੀ, ਅੰਬਾਲਾ, ਨਾਭਾ ਸਾਹਿਬ ਰਸਤੇ ਹੁੰਦੇ ਹੋਏ 16 ਨਵੰਬਰ 1675 ਨੂੰ ਆਨੰਦਪੁਰ ਸਾਹਿਬ ਪਹੁੰਚੇ। ਜਦ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਸੰਗਤਾਂ ਦੇ ਭਰੇ ਦੀਵਾਨ ਵਿੱਚ ਲੈ ਕੇ ਹਾਜ਼ਰ ਹੋਏ ਤਾਂ ਉਸ ਸਮੇਂ ਮਾਹੌਲ ਬੜਾ ਹੀ ਗ਼ਮਗੀਨ ਤੇ ਕਿਸੇ ਤਬਾਹੀ ਵਾਲੇ ਤੂਫਾਨ ਆਉਣ ਤੋਂ ਬਾਅਦ ਵਾਲੀ ਅਜੀਬ ਸ਼ਾਂਤੀ ਵਰਗਾ ਸੀ। ਜਦ ਭਾਈ ਜੈਤਾ ਜੀ ਅੱਗੇ ਵੱਧ ਕੇ ਬਾਲਕ ਗੋਬਿੰਦ ਰਾਏ ਜੀ ਨੂੰ ਸੰਬੋਧਨ ਹੋਏ ਤੇ ਸ਼ਹੀਦੀ ਦਾ ਸਾਰਾ ਬਿਰਤਾਂਤ ਦੱਸਿਆ ਤਾਂ ਮਾਹੌਲ ਇੱਕਦਮ ਰੋਹ ਭਰਪੂਰ ਬਣ ਗਿਆ। ਬਾਲਕ ਗੋਬਿੰਦ ਰਾਏ ਜੀ ਨੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ ਕਰਕੇ ਭਾਈ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ‘ਰੰਘਰੇਟਾ ਗੁਰੂ ਕਾ ਬੇਟਾ’ ਦਾ ਖਿਤਾਬ ਦਿੱਤਾ। ਬਾਲਕ ਗੋਬਿੰਦ ਰਾਏ ਜੀ ਨੇ ਉਸੇ ਸਮੇਂ ਸੰਕਲਪ ਲਿਆ ਸੀ ਕਿ ਇਨ੍ਹਾਂ ਜ਼ੁਲਮੋਂ ਸਿਤਮ ਨੂੰ ਠੱਲ੍ਹ ਪਾਉਣ ਲਈ ਉਹ ਅਹਿਮ ਤਬਦੀਲੀ ਲਿਆਉਣਗੇ ਜਿਸ ਤਹਿਤ 1699 ਦੀ ਵਿਸਾਖੀ ਵੇਲੇ ਖਾਲਸਾ ਸਾਜਣ ਦਾ ਕੌਤਕ ਕੀਤਾ। ਉਸ ਸਮੇਂ ਜਦ ਗੋਬਿੰਦ ਰਾਏ ਅੰਮ੍ਰਿਤਪਾਨ ਕਰਕੇ ਗੁਰੂ ਗੋਬਿੰਦ ਸਿੰਘ ਸਜੇ ਤਾਂ ਭਾਈ ਜੈਤਾ ਜੀ ਵੀ ਅੰਮ੍ਰਿਤਪਾਨ ਕਰਕੇ ਭਾਈ ਜੀਵਨ ਸਿੰਘ ਬਣ ਗਏ।
1688 ਈਸਵੀ ਨੂੰ ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਯੁੱਧ ਸਮੇਂ ਵੀ ਬਾਬਾ ਜੀਵਨ ਸਿੰਘ ਨੇ ਤੀਰਅੰਦਾਜ਼ੀ ਦੇ ਜੌਹਰ ਦਿਖਾਏ ਤੇ ਜਿੱਤ ਗੁਰੂ ਸਾਹਿਬ ਦੀ ਹੋਈ। ਇੱਥੇ ਹੀ ਗੁਰੂ ਸਾਹਿਬ ਜੀ ਨੇ ਭਾਈ ਜੈਤਾ ਜੀ ਦਾ ਆਨੰਦ ਕਾਰਜ ਭਾਈ ਖਜਾਨ ਸਿੰਘ ਪੱਟੀ ਨਿਵਾਸੀ ਦੀ ਪੁੱਤਰੀ ਬੀਬੀ ਰਾਜ ਕੌਰ ਨਾਲ ਕਰਵਾਇਆ। ਭਾਈ ਜੈਤਾ ਜੀ ਦੇ ਘਰ ਚਾਰ ਪੁੱਤਰ ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ ਪੈਦਾ ਹੋਏ। 1689 ਈਸਵੀ ਵਿੱਚ ਗੁਰੂ ਸਾਹਿਬ ਵਾਪਸ ਆਨੰਦਪੁਰ ਸਾਹਿਬ ਆ ਗਏ ਤੇ ਉਨ੍ਹਾਂ ਯੁੱਧਨੀਤੀ ਤਹਿਤ 5 ਕਿਲ੍ਹੇ ਕਿਲ੍ਹਾ ਆਨੰਦਗੜ੍ਹ, ਕਿਲ੍ਹਾ ਲੋਹਗੜ੍ਹ, ਕਿਲ੍ਹਾ ਤਾਰਾਗੜ੍ਹ, ਕਿਲ੍ਹਾ ਹੋਲਗੜ੍ਹ ਤੇ ਕਿਲ੍ਹਾ ਫਤਹਿਗੜ੍ਹ ਬਣਵਾਏ। ਕਿਲ੍ਹਾ ਆਨੰਦਗੜ੍ਹ ਦੇ ਪੱਛਮ ਵਾਲੇ ਪਾਸੇ ਕਿਲ੍ਹੇ ਦੀ ਕੰਧ ਦੇ ਨਾਲ ਬਾਬਾ ਜੀਵਨ ਸਿੰਘ ਦਾ ਬੁੰਗਾ ਬਣਵਾਇਆ ਜਿੱਥੇ ਬਾਬਾ ਜੀ ਭਜਨ ਬੰਦਗੀ ਕਰਦੇ ਸਨ। ਹੁਣ ਇਸ ਅਸਥਾਨ ਉੱਪਰ ਸ਼ਾਨਦਾਰ ਗੁਰਦੁਆਰਾ ਤਪ ਅਸਥਾਨ ਸਾਹਿਬ ਸੁਸ਼ੋਭਿਤ ਹੈ। ਬਾਬਾ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦਿਆਂ ਜੰਗ ਭੰਗਾਣੀ, ਜੰਗ ਬੰਸਾਲੀ, ਜੰਗ ਨਾਦੌਣ, ਜੰਗ ਆਨੰਦਪੁਰ, ਜੰਗ ਬਜਰੂੜ, ਜੰਗ ਨਿਰਮੋਹਗੜ੍ਹ, ਬੱਸੀ ਕਲਾਂ ਤੋਂ ਬ੍ਰਾਹਮਣੀ ਛੁਡਾਉਣੀ, ਚਮਕੌਰ ਨੇੜੇ ਅਚਾਨਕ ਹਮਲਾ, ਆਨੰਦਪੁਰ ਸਾਹਿਬ ਦੀ ਦੂਜੀ, ਤੀਜੀ ਤੇ ਚੌਥੀ ਜੰਗ ਵਿੱਚ ਹਿੱਸਾ ਲੈ ਕੇ ਆਪਣੀ ਯੁੱਧਨੀਤਿਕ ਕਲਾ ਦੇ ਜੌਹਰ ਦਿਖਾਏ। ਜਦ ਸਰਸਾ ਨਦੀ ਜੰਗ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਲੜਦੇ ਲੜਦੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ ਤਾਂ ਆਪ ਜੀ ਰੋਹ ਨਾਲ ਭਰ ਗਏ ਤੇ ਉਨ੍ਹਾਂ ਘੋੜੇ ਦੀਆਂ ਲਗਾਮਾਂ ਮੂੰਹ ਵਿੱਚ ਫੜ੍ਹ ਲਈਆਂ ਤੇ ਦੋਨੋਂ ਹੱਥਾਂ ਵਿੱਚ ਕਿਰਪਾਨਾਂ ਨਾਲ ਵਾਰ ਕਰਦੇ ਹੋਏ ਦੁਸ਼ਮਣਾਂ ਦੇ ਆਹੂ ਲਾਹ ਦਿੱਤੇ ਤੇ ਸਾਹਿਬਜ਼ਾਦੇ ਨੂੰ ਘੇਰੇ ਵਿੱਚੋਂ ਬਾਹਰ ਕੱਢ ਲਿਆਂਦਾ। ਇਸੇ ਜੰਗ ਵਿੱਚ ਆਪ ਜੀ ਦੀ ਮਾਤਾ ਜੀ ਪ੍ਰੇਮ ਕੌਰ, ਦੋ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ ਸ਼ਹੀਦ ਹੋ ਗਏ। ਭਾਈ ਉਦੇ ਸਿੰਘ ਵੀ ਸ਼ਹੀਦ ਹੋ ਗਏ। ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। 20 ਦਸੰਬਰ 1704 ਈਸਵੀ ਨੂੰ ਗੁਰੂ ਸਾਹਿਬ, ਬਾਬਾ ਜੀਵਨ ਸਿੰਘ, ਦੋ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਚਮਕੌਰੇ ਦੀ ਕੱਚੀ ਹਵੇਲੀ (ਕੱਚੀ ਗੜ੍ਹੀ) ਪਹੁੰਚ ਗਏ ਪਰ ਚਮਕੌਰੇ ਜ਼ਿਮੀਂਦਾਰ ਦੀ ਸੂਚਨਾ ਦੇਣ ਨਾਲ ਮੁਗ਼ਲਾਂ ਦੀ 10 ਲੱਖ ਫੌਜ ਨੇ ਘੇਰਾ ਪਾ ਲਿਆ ਤੇ 22 ਦਸੰਬਰ ਨੂੰ ਅਸਾਵੀਂ ਜੰਗ ਹੋਈ। ਇਸ ਜੰਗ ਵਿੱਚ ਗੁਰੂ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ 29 ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਬਾਬਾ ਜੀਵਨ ਸਿੰਘ ਦੇ ਸਹੁਰਾ ਸਾਹਿਬ ਭਾਈ ਖਜਾਨ ਸਿੰਘ, ਛੋਟਾ ਭਰਾ ਸੰਗਤ ਸਿੰਘ, ਉਨ੍ਹਾਂ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ ਸ਼ਾਮਲ ਸਨ। ਇੱਥੇ ਹੀ ਬਚੇ 11 ਸਿੰਘਾਂ ਨੇ 5 ਪਿਆਰੇ ਨਿਯੁਕਤ ਕਰਕੇ ਗੁਰੂ ਸਾਹਿਬਾਂ ਨੂੰ ਗੜ੍ਹੀ ਛੱਡਣ ਦਾ ਹੁਕਮ ਸੁਣਾਇਆ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ 22-23 ਦਸੰਬਰ ਦੀ ਰਾਤ ਨੂੰ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਨੂੰ ਪਹਿਨਾ ਦਿੱਤਾ ਤੇ ਬਾਕੀ ਸੰਗਤਾਂ ਨੂੰ ਹੁਕਮ ਕੀਤਾ ‘ਸਾਰੀ ਰਾਤ ਬੁਰਜ ਵਿੱਚ ਬੈਠ ਕੇ ਨਗਾਰੇ ਵਜਾਉਂਦੇ ਰਹਿਣਾ, ਤੀਰ ਛੱਡਦੇ ਰਹਿਣਾ ਤਾਂ ਕਿ ਦੁਸ਼ਮਣ ਸਮਝੇ ਕਿ ਗੁਰੂ ਅੰਦਰੇ ਹੀ ਬੈਠੇ ਹਨ।’ ਇਸ ਵਰਤਾਰੇ ਨੂੰ ਗੁਰੂ ਸਾਹਿਬ ਦੇ ਦਰਬਾਰੀ ਕਵੀ ਕੰਕਣ ਨੇ ਇੰਜ ਬਿਆਨ ਕੀਤਾ ਹੈ:-
‘ਨਿਜ ਕਲਗੀ ਸਿਰ ਦਈ ਸਜਾਇ,
ਦਈ ਪੁਸ਼ਾਕ ਅਪਨੀ ਪਹਿਰਾਇ।
ਜੀਵਨ ਸਿੰਘ ਕੋ ਬੁਰਜ ਬਿਠਾਏ,
ਤਜਿ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ।’
ਅੰਤ ਬਾਬਾ ਜੀਵਨ ਸਿੰਘ ਜੀ ਵੀ ਕੱਚੀ ਗੜ੍ਹੀ ਵਿੱਚ 23 ਦਸੰਬਰ 1704 ਦੀ ਸਵੇਰ ਗੁਰੂ ਜੀ ਦਾ ਸੰਕਲਪ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਆਪਣੀ ਕੌਮ ਦਾ ਨਾਮ ਸਦਾ ਸਦਾ ਲਈ ਸੁਨਹਿਰੇ ਅੱਖਰਾਂ ਵਿੱਚ ਇਤਿਹਾਸ ਵਿੱਚ ਦਰਜ ਕਰਾ ਗਏ। ਇਨ੍ਹਾਂ 40 ਸਿੰਘ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਬੁਰਜ ਸ਼ੁਸ਼ੋਭਿਤ ਹੈ ਪਰ ਇਕੱਲੇ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਗੁਰਦੁਆਰਾ ਸ਼ਹੀਦ ਬੁਰਜ ਅੱਜ ਵੀ ਕਾਇਮ ਹੈ।
ਬਾਬਾ ਜੀਵਨ ਸਿੰਘ ਜੀ ਦੇ ਨਾਮ ਗੁਰੂ ਸਾਹਿਬ ਨੇ ਤਰਨ ਤਾਰਨ ਸਾਹਿਬ ਵਿਖੇ ਬੁੰਗਾ ਮਜ਼੍ਹਬੀ ਸਿੱਖਾਂ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਬੁੰਗਾ ਬਾਬਾ ਜੀਵਨ ਸਿੰਘ ਬਣਵਾਏ ਜੋ ਇਤਿਹਾਸ ਵਿੱਚ ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੁਆਰਾ ਗੁਰੂ ਘਰ ਲਈ ਕੀਤੀਆਂ ਲਾਸਾਨੀ ਤੇ ਲਾਮਿਸਾਲ ਕੁਰਬਾਨੀਆਂ ਕਾਰਨ ਦਰਜ ਹੋਇਆ ਹੈ। ਆਓ ਅੱਜ ਆਪਾਂ ਵੀ ਗੁਰੂ ਸਾਹਿਬਾਨਾਂ ਦੇ ਇਨ੍ਹਾਂ ਅਨਿੰਨ ਸੇਵਕਾਂ ਤੋਂ ਸੇਧ ਲੈਂਦੇ ਹੋਏ ਆਪਸੀ ਵੈਰ ਵਿਰੋਧ, ਜਾਤ-ਪਾਤ, ਊਚ ਨੀਚ ਆਦਿ ਸਮਾਜਿਕ ਬੁਰਾਈਆਂ ਤੋਂ ਛੁੱਟ ਜਾਈਏ ਤੇ ਮਾਨਵ ਜਾਤੀ ਦੀ ਭਲਾਈ ਲਈ ਬਣੇ ਨਿਰੋਲ ਸਿੱਖ ਧਰਮ ਲਈ ਜੁੱਟ ਜਾਈਏ।
ਅੱਜ ਦੇ ਦਿਨ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ (ਰਜਿ.) ਚੰਡੀਗੜ੍ਹ ਦੇ ਸਰਪ੍ਰਸਤ ਚੇਅਰਮੈਨ ਭਾਈ ਜਸਵੰਤ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੀ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਤੱਕ ਇੱਕ ਚੇਤਨਾ ਮਾਰਚ ਕੀਤਾ ਜਾ ਰਿਹਾ ਹੈ ਜੋ ਕਿ ਆਪਣੇ ਪੁਰਖਿਆਂ ਦੀ ਯਾਦ ਤਾਜ਼ਾ ਕਰਨ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਦਾ ਪ੍ਰਣ ਕਰਨ ਦਾ ਹੀ ਇੱਕ ਉਪਰਾਲਾ ਹੈ।
ਅਵਤਾਰ ਸਿੰਘ ਤੁੰਗਵਾਲੀ
ਸੰਪਰਕ: 98557-58064
ਸੰਪਰਕ: 98557-58064
No comments:
Post a Comment