ਸੋਹਣ ਸਿੰਘ ਜੀ ਸੀਤਲ (ਵਿਚਾਲੇ)
ਕੁਦਰਤ ਦਾ ਵਿਧਾਨ ਹੈ ਕੀ ਮਨੁੱਖ ਜੰਮਦਾ ਹੈ ਮਾਂ-ਬਾਪ ਦੇ ਭਾਗੀ, ਜਿਉਂਦਾ ਹੈ ਸੰਤਾਨ ਬਦਲੇ ਤੇ ਅੰਤ ਨੂੰ ਮਰ ਜਾਂਦਾ ਹੈ। ਇਕ ਸਾਧਾਰਨ ਵਿਅਕਤੀ ਦੇ ਜੀਵਨ ਦੀ ਕਹਾਣੀ ਕੁਝ ਇਸ ਤਰ੍ਹਾਂ ਹੀ ਖਤਮ ਹੋ ਜਾਂਦੀ ਹੈ। ਪਰ ਕੁਝ ਰੂਹਾਂ ਸੰਸਾਰ ’ਤੇ ਐਸੀਆਂ ਵੀ ਆਉਂਦੀਆਂ ਹਨ ਜੋ ਆਪਣੇ ਦੇਸ਼ ਬਦਲੇ, ਆਪਣੀ ਕੌਮ ਬਦਲੇ, ਆਪਣੀ ਸਰਜ਼ਮੀਨ ਬਦਲੇ, ਆਪਣੀ ਭਾਸ਼ਾ ਬਦਲੇ, ਆਪਣੇ ਧਰਮ ਬਦਲੇ ਕੁਝ ਐਸੇ ਕਾਰਨਾਮੇ ਕਰ ਦਿੰਦੀਆਂ ਹਨ ਜਿਨ੍ਹਾਂ ਸਦਕਾ ਉਹ ਸਦਾ ਵਾਸਤੇ ਅਮਰ ਹੋ ਜਾਂਦੀਆਂ ਹਨ। ਉਨ੍ਹਾਂ ਦੀ ਕਹਾਣੀ ਕਦੇ ਖਤਮ ਨਹੀਂ ਹੁੰਦੀ। ਕੁਝ ਏਹੋ ਜਿਹੀ ਸ਼ਖ਼ਸੀਅਤ ਸਨ ਗਿਆਨੀ ਸੋਹਣ ਸਿੰਘ ਸ਼ੀਤਲ।
ਪੰਜਾਬ ਦੇ ਇਸ ਮਹਾਨ ਸਪੂਤ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸ. ਖੁਸ਼ਹਾਲ ਸਿੰਘ ਦੇ ਘਰ ਹੋਇਆ। ਮਾਤਾ ਦਾ ਨਾਂ ਸਰਦਾਰਨੀ ਦਿਆਲ ਕੌਰ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ -ਲਿਖਣ ਵੱਲ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿੱਖ ਲਈ ਸੀ। ਸੰਨ 1923 ਈਸਵੀ ਵਿੱਚ ਜਦੋਂ ਉਹ ਲਾਗਲੇ ਪਿੰਡ ਸਕੂਲ ਪੁੱਜੇ, ਓਦੋਂ ਵਿਦਿਆਰਥੀ ਸੋਹਣ ਸਿੰਘ ਦੀ ਉਮਰ 14 ਸਾਲ ਦੀ ਹੋ ਚੱੁਕੀ ਸੀ। ਪਰ ਉਸ ਨੂੰ ਪੜ੍ਹਨ ਦੀ ਲਗਨ ਇੰਨੀ ਜ਼ਿਆਦਾ ਸੀ ਕੀ ਉਸ ਨੂੰ ਦੂਜੀ ਜਮਾਤ ਵਿਚ ਦਾਖਲਾ ਦੇ ਦਿੱਤਾ ਗਿਆ। ਫਿਰ ਕੁਝ ਮਹੀਨੇ ਬਾਅਦ ਮਹੀਨਾ ਸਤੰਬਰ 1923 ਈਸਵੀ ਵਿੱਚ ਉਨ੍ਹਾਂ ਨੇ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਪਾਸ ਕਰ ਲਈ। ਉਸ ਪ੍ਰੀਖਿਆ ਵਿੱਚ ਉਸ ਦੀ ਫਸਟ ਡਵੀਜ਼ਨ ਆਈ ਸੀ। ਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਬਹੁਤ ਕਦਰ ਹੁੰਦੀ ਸੀ। ਪਰ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਘਰ ਦੀ ਖੇਤੀਬਾੜੀ ਦਾ ਕੰਮ ਸਾਂਭ ਲਿਆ।
ਗਿਆਨੀ ਸੋਹਣ ਸਿੰਘ ਸੀਤਲ ਦਾ ਅਨੰਦ ਕਾਰਜ ਬੀਬੀ ਕਰਤਾਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਤਿੰਨ ਪੁੱਤਰ ਸ੍ਰੀ ਰਵਿੰਦਰ ਸਿੰਘ (ਪੰਨੂੰ), ਸ੍ਰੀ ਸੁਰਜੀਤ ਸਿੰਘ (ਪੰਨੂੰ), ਸ੍ਰੀ ਰਘਬੀਰ ਸਿੰਘ ਸ਼ੀਤਲ ਅਤੇ ਇੱਕ ਪੁੱਤਰੀ ਬੀਬੀ ਮਹਿੰਦਰ ਕੌਰ ਨੇ ਜਨਮ ਲਿਆ। ਇਨ੍ਹਾਂ ਦੇ ਤਿੰਨੇ ਸਪੁੱਤਰ ਆਪਣੇ ਪਰਿਵਾਰਾਂ ਸਮੇਤ ਅਤੇ ਉਨ੍ਹਾਂ ਦੀ ਸਪੁੱਤਰੀ ਆਪਣੇ ਪਤੀ ਸ਼ਮਸ਼ੇਰ ਸਿੰਘ (ਸੰਧੂ) ਨਾਲ ਅੱਜ-ਕੱਲ੍ਹ ਵਿਦੇਸ਼ ਵਿੱਚ ਕੈਲਗਰੀ (ਕੈਨੇਡਾ) ਵਿਖੇ ਰਹਿ ਰਹੇ ਹਨ। 1931 ਈਸਵੀ ਵਿੱਚ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਸ ਲਈ ਘਰੇਲੂ ਜ਼ਿੰਮੇਵਾਰੀਆਂ ਸਿਰ ਪੈ ਜਾਣ ਕਾਰਨ ਉਨ੍ਹਾਂ ਦੀ ਅੱਗੇ ਪੜ੍ਹਨ ਦੀ ਇੱਛਾ ਮਨ ਵਿੱਚ ਹੀ ਦਬ ਕੇ ਰਹਿ ਗਈ। ਹੁਣ ਉਸ ਦੀ ਉਮਰ 22 ਸਾਲ ਹੋ ਚੁੱਕੀ ਸੀ ਪ੍ਰੰਤੂ ਇਸ ਦੇ ਬਾਵਜੂਦ ਪੜ੍ਹਨ ਦੀ ਭਾਵਨਾ ਉਸ ਦੇ ਮਨ ਵਿੱਚ ਅਜੇ ਵੀ ਧੁਖ ਰਹੀ ਸੀ। ਉਨ੍ਹਾਂ ਨੇ 1933 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।
ਗਿਆਨੀ ਸੋਹਣ ਸਿੰਘ ਸ਼ੀਤਲ ਇਕ ਸਿਰਮੌਰ ਢਾਡੀ ਸਨ ਕਿਉਂਕਿ ਆਪ ਜਿਥੇ ਉੱਤਮ ਵਿਆਖਿਆਕਾਰ ਤੇ ਸਟੇਜ ਦੇ ਧਨੀ ਸਨ, ਉੱਥੇ ਆਪ ਪ੍ਰਸੰਗ/ਵਾਰਾਂ ਦੇ ਰਚੇਤਾ ਵੀ ਸਨ। ਆਪ ਦੇ ਪ੍ਰਸੰਗ ਤੇ ਵਾਰਾਂ ਜਿਥੇ ਇਤਿਹਾਸਕ ਪੱਖੋਂ ਸਹੀ ਸਨ, ਉੱਥੇ ਆਪ ਨੇ ਮੌਖਿਕ ਪਰੰਪਰਾ ਤੋਂ ਵੀ ਲਾਭ ਉਠਾਇਆ ਹੈ ਤੇ ਸਿੱਖਾਂ ਦੇ ਮਨਾਂ ਵਿੱਚ ਘਰ ਕਰ ਚੱੁਕੀਆਂ ਸਾਖੀਆਂ ਨੂੰ ਵੀ ਆਪਣੇ ਵਿਸ਼ੇਸ਼ ਰੰਗ ਵਿੱਚ ਪੇਸ਼ ਕਰਨ ਦੀ ਕਮਾਲ ਕਰ ਵਿਖਾਈ ਹੈ। ਆਪ ਨੇ ਜਨਮ ਸਾਖੀਆਂ, ਗੁਰਬਿਲਾਸ, ਸੂਰਜ ਪ੍ਰਕਾਸ਼, ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼ ਆਦਿ ਸ੍ਰੋਤ- ਗ੍ਰੰਥਾਂ ਨੂੰ ਆਧਾਰ ਬਣਾਇਆ ਹੈ।
ਗਿਆਨੀ ਸੋਹਣ ਸਿੰਘ ਸ਼ੀਤਲ ਦੇ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤਕ ਨੂੰ ਆਪਣੀ ਲਿਖਤ ਦਾ ਵਿਸ਼ਾ ਬਣਾਇਆ ਹੈ। ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਲੈ ਕੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ ਆਦਿ ਜਿਹੇ ਮਹਾਨ ਜੋਧਿਆਂ ਦੀਆਂ ਸ਼ਹੀਦੀਆਂ ਨੂੰ ਵਿਸਤਾਰ ਸਾਹਿਤ ਆਪਣੇ ਪ੍ਰਸੰਗਾਂ ਵਿੱਚ ਪੇਸ਼ ਕੀਤਾ ਹੈ। ਸਿੱਖ ਰਾਜ ਦੀ ਸਥਾਪਤੀ ਤੋਂ ਸਿੱਖ ਰਾਜ ਦੇ ਸੂਰਜ ਅਸਤ ਹੁੰਦੇ ਨੂੰ ਮਨ ਵਿੱਚ ਦੇਖਦਿਆਂ ਇਸ ਦਾ ਵਰਨਣ ਬਹੁਤ ਹੀ ਰੂਹ ਨਾਲ ਕੀਤਾ ਹੈ। ਵੀਹਵੀਂ ਸਦੀ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਵੀ ਆਪ ਨੇ ਬਹੁਤ ਸਿਦਕ ਨਾਲ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ। ਨਨਕਾਣਾ ਸਾਹਿਬ ਦੇ ਸਾਕੇ ਤੋਂ ਲੈ ਕੇ ਜੰਗ ਹਿੰਦ-ਚੀਨ ਬਾਰੇ ਆਪ ਨੇ ਬਹੁਤ ਵਿਸਤਾਰ ਨਾਲ ਵਰਨਣ ਪੇਸ਼ ਕਰਦਿਆਂ ਆਪਣੀ ਨਿਰਪੱਖ ਇਤਿਹਾਸਕ ਦ੍ਰਿਸ਼ਟੀ ਤੇ ਕਾਵਿ-ਕਲਾ ਦੀ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ਹੈ।
ਗਿਆਨੀ ਸ਼ੀਤਲ ਹੁਰਾਂ ਦੀਆਂ ਵਾਰਾਂ/ਪ੍ਰਸੰਗਾਂ ਵਿੱਚ ਲੋਕ-ਰੰਗ ਬਹੁਤ ਗੂੜ੍ਹਾ ਹੈ। ਕਿਉਂਕਿ ਆਪ ਨੇ ਰਾਗਾਂ, ਪੁਰਾਤਨ ਵਾਰਾਂ ਦੀਆਂ ਧੁਨਾਂ, ਪਉੜੀਆਂ, ਨਿਸ਼ਾਨੀ ਛੰਦ, ਸਾਕਾ ਪੂਰਨ, ਮਿਰਜ਼ਾ, ਰਸਾਲੂ, ਹੀਰਾ ਆਦਿ ਦੀਆਂ ਧੁਨਾਂ ਤੇ ਕਾਵਿ-ਰਚਨਾ ਕਰਕੇ ਲੋਕ-ਮਨਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਛੰਦ ਵੀ ਉਹ ਵਰਤੇ ਹਨ ਜਿਵੇਂ ਸਵਈਆ, ਕਬਿਤ, ਟੱਪਾ, ਬੈਂਤ ਆਦਿ। ਆਪ ਨੇ ਗੱਡੀ ਨਾਮਕ ਨਵਾਂ ਕਾਵਿ ਰੂਪ/ਛੰਦ ਸਿਰਜਿਆ ਹੈ ਜੋ ਬਹੁਤ ਹੀ ਮਕਬੂਲ ਹੋਇਆ।
ਗਿਆਨੀ ਸੋਹਣ ਸਿੰਘ ਸ਼ੀਤਲ ਦੇ ਸਨਮਾਨਾਂ ਦਾ ਦਾਇਰਾ ਵੀ ਬਹੁਤ ਵਸੀਹ ਹੈ। ਬਚਪਨ ਵਿੱਚ ਉਨ੍ਹਾਂ ਨੇ 8ਵੀਂ ਜਮਾਤ ਵਿੱਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਤੰਦਰੁਸਤੀ ਵਿਸ਼ੇ ਉਤੇ ਲੇਖ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਉਨ੍ਹਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ। ਸੰਨ 1962 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਕਾਲੇ ਪਰਛਾਵੇਂ’ ਨਾਵਲ ਨੂੰ ਪੇਸ਼ ਕੀਤਾ ਗਿਆ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਾਸਤੇ ਬਾਲਗ ਸਾਹਿਤ ਲਈ ਲਿਖਵਾਏ ਤਿੰਨ ਨਿੱਕੇ ਨਾਵਲਾਂ ‘ਸੁਰਗ-ਸਵੇਰਾ, ਹਿਮਾਲਿਆ ਦੇ ਰਾਖੇ ਅਤੇ ਸਭੇ ਸਾਝੀਂਵਾਲ ਸਦਾਇਨ ਨੂੰ ਵਾਰੋ-ਵਾਰੀ 1962, 1964 ਅਤੇ 1966 ਵਿੱਚ ਮੁਕਾਬਲਿਆਂ ਦੌਰਾਨ ਅੱਠਵੇਂ, ਦਸਵੇਂ ਤੇ ਬਾਰ੍ਹਵੇਂ ਸਥਾਨ ’ਤੇ ਇਨਾਮ ਦਿੱਤੇ ਗਏ ਸਨ। ਉਨ੍ਹਾਂ ਨੂੰ 1974 ਵਿੱਚ ‘ਜੁਗ ਬਦਲ ਗਿਆ’ ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਐਵਾਰਡ ਮਿਲਿਆ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸੰਨ 1979 ਵਿੱਚ ਸ਼੍ਰੋਮਣੀ ਢਾਡੀ ਵਜੋਂ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ 1983 ਵਿਚ ‘ਸ਼੍ਰੋਮਣੀ ਢਾਡੀ’ ਵਜੋਂ ਸਨਮਾਨ ਮਿਲਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ 1987 ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ। 1993 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ। 1994 ’ਚ ਪੰਜਾਬੀ ਸੱਥ ਲਾਂਬੜਾਂ ਵੱਲੋਂ ਭਾਈ ਗੁਰਦਾਸ ਪੁਰਸਕਾਰ ਪ੍ਰਦਾਨ ਕੀਤਾ ਗਿਆ। ਹੋਰ ਅਨੇਕਾਂ ਸਾਹਿਤਕ, ਸਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਗਿਆਨੀ ਸੋਹਣ ਸਿੰਘ ਸ਼ੀਤਲ ਦੀ ਸ਼ਖ਼ਸੀਅਤ ਨੂੰ ਅੰਤਾਂ ਦਾ ਸਤਿਕਾਰ ਅਤੇ ਮਾਣ-ਸਨਮਾਨਾਂ ਨਾਲ ਸਲਾਹਿਆ ਤੇ ਵਡਿਆਇਆ ਗਿਆ ਹੈ।
ਉਹ ਪੰਜਾਬੀ ਢਾਡੀ ਪਰੰਪਰਾ ਦੇ ਮਾਣਯੋਗ ਹੀਰੇ ਹਨ ਜਿਨ੍ਹਾਂ ਨੂੰ ਸੰਗਤਾਂ ਸਦੀਆਂ ਤਕ ਯਾਦ ਕਰਦੀਆਂ ਤੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਗੁਰੂ ਘਰ ਨਾਲ ਜੁੜਨ ਲਈ ਯਤਨ ਕਰਨਗੀਆਂ। ਦਾਸ ਨੂੰ ਤਕਰੀਬਨ ਦਸ ਸਾਲ ਉਨ੍ਹਾਂ ਦਾ ਨਿੱਘ ਮਾਣਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਦੇ ਆਖਰੀ ਸ਼ਾਗਿਰਦ ਹੋਣ ਦਾ ਮਾਣ ਹਾਸਲ ਹੋਇਆ। ਉਹ ਲਗਪਗ 88 ਸਾਲ ਸਿੱਖ ਪੰਥ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦਿਆਂ 23 ਸਤੰਬਰ 1998 ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।
ਇੰਜ. ਸੁਖਚੈਨ ਸਿੰਘ ਲਾਇਲਪੁਰੀ ਸੰਪਰਕ: 95010-26652
No comments:
Post a Comment