Thursday, 10 October 2013

ਸਰਹੱਦਾਂ ਦੇ ਪਹਿਰੇਦਾਰ



ਦੇਸ਼ ਦੇ ਅਸਲੀ ਪਹਿਰੇਦਾਰ ਫ਼ੌਜੀ ਦਾ ਜੀਵਨ ਜਿੱਥੇ ਹਰ ਦਿਨ ਨਵੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਲੰਘਦਾ ਹੈ, ਉੱਥੇ ਘਰੇਲੂ ਪੱਧਰ ’ਤੇ ਵੀ ਉਸ ਨੂੰ ਕਈ ਤਰ੍ਹਾਂ ਦੇ ਦਵੰਦਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਫਿਰ ਵੀ ਉਸ ਦੀ ਬਹਾਦਰੀ ਅਤੇ ਪਰਬਤ ਵਰਗੇ ਜ਼ੇਰੇ ਅੱਗੇ ਇਨ੍ਹਾਂ ਸਮੱਸਿਆਵਾਂ ਦਾ ਅਸਤਿੱਤਵ ਚਿਰ-ਸਥਾਈ ਨਹੀਂ ਰਹਿੰਦਾ। ਹਰ ਸਮੱਸਿਆ ਉਸ ਦੇ ਅੱਗੇ ਪਾਣੀ ਵਾਂਗ ਵਹਿ ਤੁਰਦੀ ਹੈ। ਉਸ ਦਾ ਇਹ ਮਜ਼ਬੂਤ ਜ਼ੇਰਾ ਅਤੇ ਠੋਸ ਜਜ਼ਬਾ ਹੀ ਅਸਲ ਵਿੱਚ ਸਾਡੇ ਦੇਸ਼ ਦਾ ਮਾਣ ਹੈ।

ਦੇਸ਼ ਦੇ ਵੀਰ ਸਿਪਾਹੀ ਦਾ ਇੱਕ ਦੁਖਾਂਤ ਇਹ ਵੀ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਘਰੇ ਘੱਟ ਹੀ ਗੁਜ਼ਾਰਨਾ ਨਸੀਬ ਹੁੰਦਾ ਹੈ। ਇਸ ਕਰ ਕੇ ਹਰ ਕੁੜੀ ਫ਼ੌਜੀ ਨਾਲ ਵਿਆਹੇ ਜਾਣ ਤੋਂ ਕੰਨੀ ਕਤਰਾਉਂਦੀ ਹੈ। ਜੇ ਕਿਸੇ ਕੁੜੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਰਿਸ਼ਤਾ ਕਿਸੇ ਫ਼ੌਜੀ ਨਾਲ ਗੰਢਿਆ ਜਾ ਰਿਹਾ ਹੈ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਉਹ ਆਪਣੇ ਬਾਬਲ ਨੂੰ ਫ਼ੌਜੀ ਨਾਲ ਨਾ ਵਿਆਹੁਣ ਸਬੰਧੀ ਬੇਨਤੀ ਕਰਦੀ ਹੈ:

ਨੌਕਰ ਨੂੰ ਧੀ ਦੇਈਂ ਨਾ ਬਾਬਲਾ

ਸੱਦੇ ਸਰਕਾਰ ਦੇ ਭੱਜ ਜਾਣਗੇ।

ਹਾਏ ਵੇ ਬਿਨ ਮੁਕਲਾਈਆਂ ਨੂੰ ਛੱਡ ਜਾਣਗੇ।


ਨੌਕਰ ਨੂੰ ਧੀ ਦੇਈਂ ਨਾ ਬਾਬਲਾ, ਹਾਲੀ ਪੁੱਤ ਬਥੇਰੇ।

ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪਰਦੇਸਾਂ ਡੇਰੇ।

ਨੌਕਰ ਨਾਲੋਂ ਐਵੇਂ ਚੰਗੀ, ਦਿਨ ਕੱਟ ਲਊਂ ਘਰ ਤੇਰੇ।

ਵੇ ਮੈਂ ਵਰਜ ਰਹੀ, ਦੇਈਂ ਨਾ ਬਾਬਲਾ ਫੇਰੇ।

ਜਦੋਂ ਮਾਪੇ ਧੀ ਦਾ ਫ਼ੌਜੀ ਨਾਲ ਰਿਸ਼ਤਾ ਤੈਅ ਦਿੰਦੇ ਹਨ ਤਾਂ ਮਾਪਿਆਂ ਦੇ ਇਸ ਹੁਕਮ ਦੀ ਤਾਮੀਲ ਕਰਨ ਹਿੱਤ ਮੁਟਿਆਰ ਨੂੰ ਸਬਰ ਦਾ ਕੌੜਾ ਘੁੱਟ ਭਰਨਾ ਪੈਂਦਾ ਹੈ। ਵਿਆਹ ਉਪਰੰਤ ਮੁਟਿਆਰ ਨੂੰ ਆਪਣੇ ਫ਼ੌਜੀ ਪਤੀ ਦਾ ਸੰਗ ਘੱਟ ਹੀ ਨਸੀਬ ਹੁੰਦਾ ਹੈ। ਉਹ ਅੰਦਰੋਂ-ਅੰਦਰ ਕੁੜ੍ਹਦੀ ਰਹਿੰਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਚਲਦੀ। ਉਹ ਮਾਹੀ ਨੂੰ ਰੁਕ ਜਾਣ ਲਈ ਤਰਲੇ-ਮਿੰਨਤਾਂ ਕਰਦੀ ਕਹਿੰਦੀ ਹੈ:

ਜੇ ਮੁ ਮੁੰਡਿਆਂ ਤੈਂ ਨੌਕਰ ਜਾਣਾ, ਮੇਰੀ ਪੇਸ਼ ਨਾ ਕੋਈ।

ਅੱਧੀ ਰਾਤ ਤੈਂ ਬੰਨ੍ਹਿਆ ਬਿਸਤਰਾ, ਬੈਠ ਸੇਜ਼ ’ਤੇ ਰੋਈ।

ਤੀਵੀਂ ਨੌਕਰ ਦੀ, ਮਰਿਆਂ ਬਰਾਬਰ ਹੋਈ।

ਜਾਂ

ਨੌਕਰ ਨੇ ਤਾਂ ਚੱਕ ਲਿਆ ਬਿਸਤਰਾ, ਮੋਢੇ ਧਰ ਲਈ ਲੋਈ।

ਔਰਤ ਨੌਕਰ ਦੀ, ਬਹਿ ਕੇ ਪਲੰਘ ’ਤੇ ਰੋਈ।

ਵਹੁਟੀ ਨੌਕਰ ਦੀ, ਰੰਡੀਆਂ ਬਰਾਬਰ ਹੋਈ।

ਸਿਪਾਹੀ ਵੀ ਤਾਂ ਮਜਬੂਰ ਹੁੰਦਾ ਹੈ। ਜਿਸ ਤਰ੍ਹਾਂ ਪਪੀਹਾ ਮੀਂਹ ਦੇ ਪਾਣੀ ਲਈ ਤਰਸਦਾ ਹੈ ਅਤੇ ਚਕੋਰ ਚੰਦਰਮਾ ਦੇ ਦਰਸ਼ਨਾਂ ਲਈ ਬਿਹਬਲ ਹੁੰਦੀ ਹੈ, ਠੀਕ ਉਸੇ ਤਰ੍ਹਾਂ ਮੁਟਿਆਰ ਦੀ ਅਵਸਥਾ ਹੁੰਦੀ ਹੈ। ਹਰ ਪਲ, ਹਰ ਘੜੀ ਉਸ ਨੂੰ ਮਾਹੀ ਦੀ ਉਡੀਕ ਹੁੰਦੀ ਹੈ:

ਗ਼ਮ ਨੇ ਖਾ ਲਈ, ਗ਼ਮ ਨੇ ਪੀ ਲਈ, ਗ਼ਮ ਦੀ ਬੁਰੀ ਬੀਮਾਰੀ।

ਗ਼ਮ ਹੱਡਾਂ ਨੂੰ ਇਉਂ ਖਾ ਜਾਂਦਾ, ਜਿਉਂ ਲੱਕੜੀ ਨੂੰ ਆਰੀ।

ਕੋਠੇ ਚੜ੍ਹ ਕੇ ਦੇਖਣ ਲੱਗੀ, ਲੱਦੇ ਜਾਣ ਵਪਾਰੀ।

ਛੁੱਟੀ ਆ ਮੁੰਡਿਆ, ਹੱਥ ਬੰਨ੍ਹ ਅਰਜ਼ ਗੁਜਾਰੀ।’’

ਜਾਂ

ਝਾਵਾਂ-ਝਾਵਾਂ-ਝਾਵਾਂ, ਰੇਲ ਚੜ੍ਹਦੇ ਨੂੰ ਭੱਜ ਕੇ ਰੁਮਾਲ ਫੜਾਵਾਂ

ਕਾਹਨੂੰ ਲੈ ’ਲਈਆਂ ਨੌਕਰ ਨਾਲ ਲਾਵਾਂ।

ਚੜ੍ਹ ਗਿਆ ਰਾਤ ਦੀ ਗੱਡੀ, ਮੈਂ ਵਿੱਛੜੀ ਕੂੰਜ ਕੁਰਲਾਵਾਂ।

ਤੇਰੀਆਂ ਉਡੀਕਾਂ ਸੱਜਣਾਂ, ਤਾਰੇ ਗਿਣ-ਗਿਣ ਰਾਤ ਲੰਘਾਵਾਂ।

ਕੋਇਲਾਂ ਕੂਕਦੀਆਂ, ਕਿਤੇ ਬੋਲ ਵੇ ਚੰਦਰਿਆ ਕਾਵਾਂ।

ਜਦੋਂ ਕਦੇ ਲਾਮ ਲੱਗਦੀ ਹੈ ਤਾਂ ਮੁਟਿਆਰ ਦੀ ਮਨੋ-ਅਵਸਥਾ ਅੱਚਵੀ ਅਤੇ ਤਣਾਅ ਵਾਲੀ ਹੋ ਜਾਂਦੀ ਹੈ। ਉਹ ਪਰਮਾਤਮਾ ਅੱਗੇ ਹਰ ਸਮੇਂ ਲਾਮ ਦੇ ਟੁੱਟ (ਹਟ) ਜਾਣ ਦੇ ਸੰਦਰਭ ਵਿੱਚ ਅਰਦਾਸਾਂ ਕਰਦੀ ਰਹਿੰਦੀ ਹੈ:

ਬਸਰੇ ਦੀ ਲਾਮ ਟੁੱਟ ਜਾਏ, ਵੇ ਮੈਂ ਰੰਡੀਓਂ ਸੁਹਾਗਣ ਹੋਵਾਂ।

ਜਦੋਂ ਫ਼ੌਜੀ ਜਵਾਨ ਦੇ ਘਰ ਛੁੱਟੀ ਆਉਣ ਸਬੰਧੀ ਕੋਈ ਚਿੱਠੀ ਜਾਂ ਸੁਨੇਹਾ ਮਿਲਦਾ ਹੈ ਤਾਂ ਘਰ ਵਾਲਿਆਂ ਦੇ ਵਿਸ਼ੇਸ਼ ਕਰਕੇ ਉਸ ਦੀ ਘਰਵਾਲੀ ਦਾ ਚਿਹਰਾ ਉਸ ਦੇ ਆਉਣ ਤਕ ਖਿੜਿਆ ਰਹਿੰਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਫ਼ੌਜੀ ਦਾ ਵਿਸ਼ੇਸ਼ ਮਾਣ-ਸਤਿਕਾਰ ਹੈ। ਉਹ ਪਰਿਵਾਰਕ ਜੀਵਨ ਨਾਲੋਂ ਆਪਣੇ ਦੇਸ਼ ਦੀ ਆਜ਼ਾਦੀ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਣ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਫ਼ੌਜੀ ਦੀ ਪਤਨੀ ਜਿੱਥੇ ਫ਼ੌਜੀ ਨਾਲ ਵਿਆਹੇ ਜਾਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਹੈ, ਜਿਵੇਂ ‘ਵਸਣਾ ਫ਼ੌਜੀ ਦੇ ਭਾਵੇਂ ਸਣੇ ਬੂਟ ਲੱਤ ਮਾਰੇ’, ਦੇ ਉਲਟ ਉਹ ਪਤੀ ਤੋਂ ਬਿਨਾਂ ਆਪਣੇ-ਆਪ ਨੂੰ ਇਕੱਲੀ ਵੀ ਮਹਿਸੂਸ ਕਰਦੀ ਹੈ। ਪਤੀ ਤੋਂ ਬਿਨਾਂ ਉਸ ਦੀਆਂ ਸੱਧਰਾਂ ਮਨ ਹੀ ਰਹਿ ਜਾਂਦੀਆਂ ਹਨ। ਉਹ ਜੰਗਾਂ ਨੂੰ ਕੋਸਦੀ ਹੋਈ ਅਮਨ ਲਈ ਅਰਜ਼ੋਈਆਂ ਕਰਦੀ ਰਹਿੰਦੀ ਹੈ।


ਹਰਪਾਲ ਸਨੇਹੀ ਘੱਗਾ
ਸੰਪਰਕ: 95019-99354

No comments:

Post a Comment