Saturday, 12 October 2013

ਧੱਕੇ ਨਾਲ ਨਹੀਂ ਆਉਂਦਾ ਕਲਾਕਾਰੀ ਦਾ ਹੁਨਰ -ਮੇਹਰ ਮਿੱਤਲ



 ਮੇਹਰ ਮਿੱਤਲ ਇਕ ਅਜਿਹਾ ਕਲਾਕਾਰ ਹੈ ਜਿਸ ਦੇ ਬੋਲਣ ਤੋਂ ਪਹਿਲਾਂ ਹੀ ਉਹਦੀ ਤੋਰ ਵੇਖ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੈਣ ਲਗਦੀਆਂ ਹਨ। ਆਪਣੇ ਤਿੰਨ ਦਹਾਕਿਆਂ ਲੰਮੇ ਫ਼ਿਲਮੀ ਸਫ਼ਰ ਦੌਰਾਨ ਮਿਹਰ ਮਿੱਤਲ ਨੇ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ‘ਤੇਰੀ ਮੇਰੀ ਇਕ ਜਿੰਦੜੀ’,‘ਕੁਆਰਾ ਮਾਮਾ’,‘ਦੋ ਮਦਾਰੀ’,‘ਜੀਜਾ ਸਾਲੀ’ ਤੇ ‘ਲੌਂਗ ਦਾ ਲਿਸ਼ਕਾਰਾ’ ਵਿਚ ਨਿਭਾਏ ਕਿਰਦਾਰ ਯਾਦਗਾਰ ਹੋ ਨਿਬੜੇ ਹਨ। ਇਸ ਕਾਮੇਡੀਅਨ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੋ ਜਾਂਦਾ ਹੈ ਕਿ 80 ਦੇ ਦਹਾਕੇ ਦੌਰਾਨ ਇੱਕਾ-ਦੁੱਕਾ ਫ਼ਿਲਮਾਂ ਨੂੰ ਛੱਡ ਕੇ ਕੋਈ ਵੀ ਪੰਜਾਬੀ ਫ਼ਿਲਮ ਅਜਿਹੀ ਨਹੀਂ ਸੀ ਜਿਸ ਵਿਚ  ਮਿਹਰ ਮਿੱਤਲ ਨੇ ਆਪਣੀ ਕਲਾ ਦੇ ਜੌਹਰ ਨਾ ਦਿਖਾਏ ਹੋਣ। ਮੇਹਰ ਮਿੱਤਲ ਇਨ੍ਹੀਂ ਦਿਨੀਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਆਪਣੀ ਬੇਟੀ ਦੇ ਘਰ ’ਚ ਰਹਿ ਰਿਹਾ ਹੈ। ਇਸ ਕਾਮੇਡੀਅਨ ਦਾ ਕਹਿਣਾ ਹੈ ਕਿ ਇਹ ਧਨ ਦੌਲਤ, ਮਕਾਨ ਕੁਝ ਵੀ ਨਾਲ ਨਹੀਂ ਜਾਣਾ, ਸਾਰੇ ਇੱਥੇ ਹੀ ਧਰੇ-ਧਰਾਏ ਰਹਿ ਜਾਣਗੇ ਤੇ ਸਿਰਫ ਪ੍ਰਮਾਤਮਾ ਦਾ ਨਾਮ ਹੀ ਕੰਮ ਆਵੇਗਾ। ਪੇਸ਼ ਹਨ ਇਸ ਕਲਾਕਾਰ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:-

? ਤੁਹਾਡਾ ਜਨਮ ਕਿੱਥੇ ਹੋਇਆ।

- ਮੇਰਾ ਜਨਮ ਪਿੰਡ ਚੁਘੇ ਖੁਰਦ (ਜ਼ਿਲ੍ਹਾ ਬਠਿੰਡਾ) ’ਚ ਪਿਤਾ ਠਾਕਰ ਮੱਲ ਤੇ ਮਾਤਾ ਗੰਗਾ ਦੇਵੀ ਦੇ ਘਰ 20 ਸਤੰਬਰ, 1934 ਨੂੰ ਹੋਇਆ ਸੀ। ਅਸੀਂ ਸੱਤ ਭਰਾ ਸੀ ਤੇ ਬਚਪਨ ਦੀ ਪੜ੍ਹਾਈ ਬਠਿੰਡਾ ਵਿਖੇ ਕੀਤੀ।

? ਵਿਆਹ ਬਾਰੇ ਕੁਝ ਦੱਸੋ।

- ਵਿਆਹ ਸ੍ਰੀਮਤੀ ਸੁਦੇਸ਼ ਮਿੱਤਲ, ਜੋ ਅਬੋਹਰ ਤੋਂ ਸਨ, ਨਾਲ ਹੋਇਆ ਤੇ ਸਾਡੇ ਘਰ ਚਾਰ ਬੇਟੀਆਂ ਨੇ ਜਨਮ ਲਿਆ, ਜੋ ਆਪੋ-ਆਪਣੇ ਘਰ ਵਸਦੀਆਂ-ਰਸਦੀਆਂ ਹਨ। ਇਨ੍ਹਾਂ ਵਿਚੋਂ ਤਿੰਨ ਚੰਡੀਗੜ੍ਹ ਵਿਖੇ ਹੀ ਹਨ ਤੇ ਚੌਥੀ ਮੁੰਬਈ ਰਹਿੰਦੀ ਹੈ। ਚਾਰ ਕੁ ਵਰ੍ਹੇ ਪਹਿਲਾਂ ਸੁਦੇਸ਼ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਸ ਉਮਰੇ ਮੈਨੂੰ ਕਦੇ ਕਦੇ ਉਸ ਦੀ ਕਮੀ ਰੜਕਦੀ ਹੈ।

? ਕਦੇ ਮਨ ਵਿਚ ਪੁੱਤਰ ਦੀ ਚਾਹਤ ਵੀ ਆਈ।

- ਨਹੀਂ, ਮੇਰੇ ਮਨ ਵਿਚ ਅਜਿਹਾ ਕਦੇ ਨਹੀਂ ਆਇਆ। ਧੀਆਂ ਪੁੱਤਰਾਂ ਵਰਗੀਆਂ ਨੇ, ਜਿਹੜੀਆਂ ਐਨੀ ਸੇਵਾ ਕਰਦੀਆਂ ਨੇ।

? ਕੋਈ ਨੌਕਰੀ ਵਗੈਰਾ ਵੀ ਕੀਤੀ।

- ਸ਼ੁਰੂ ਵਿਚ ਬੁਢਲਾਡੇ ਤਿੰਨ-ਚਾਰ ਵਰ੍ਹੇ ਪ੍ਰਾਇਮਰੀ ਟੀਚਰ ਰਿਹਾ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਐਲਐਲਬੀ ਕਰਨ ਮਗਰੋਂ ਇਥੇ ਹੀ ਇਨਕਮ ਟੈਕਸ ਵਿਭਾਗ ’ਚ ਵਕਾਲਤ ਕੀਤੀ।

? ਫ਼ਿਲਮਾਂ ਵਿਚ ਆਉਣ ਦਾ ਸਬੱਬ ਕਿਵੇਂ ਬਣਿਆ।

- ਐਕਟਿੰਗ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ। ਮੈਂ ਬਲਵੰਤ ਗਾਰਗੀ ਦੇ ਨਾਟਕ ‘ਮਿੱਟੀ ਕੀ ਗਾੜੀ’ ਅਤੇ ‘ਇਕ ਗਗਨ ਮੇ ਥਾਲ’ ਵਿਚ ਕੰਮ ਕਰ ਰਿਹਾ ਸੀ ਤਾਂ ਇਕ ਦਿਨ ਇੰਦਰਜੀਤ ਹਸਨਪੁਰੀ ‘ਤੇਰੀ ਮੇਰੀ ਇਕ ਜਿੰਦੜੀ’ ਵਾਲੇ ਭਾਗ ਸਿੰਘ ਨੂੰ ਨਾਲ ਲੈ ਕੇ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਕਾਕਾ ਤੈਨੂੰ ਅਸੀਂ ਫ਼ਿਲਮ ਵਿਚ ਲੈਣਾ ਚਾਹੁੰਦੇ ਹਾਂ।’’ ਇਹ ਸੁਣ ਮੇਰੇ ਧਰਤੀ ਉਤੇ ਪੈਰ ਨਾ ਲੱਗਣ। ‘ਅੰਨਾ ਕੀ ਭਾਲੇ ਦੋ ਅੱਖਾਂ’ ਦੀ ਕਹਾਵਤ ਵਾਂਗ ਆਪਾਂ ਹਾਮੀ ਭਰ ਦਿੱਤੀ। ਇਸ ਫ਼ਿਲਮ ਵਿਚ ਮੈਂ ਹੰਸੂ ਦਾ ਕਿਰਦਾਰ ਨਿਭਾਇਆ ਸੀ, ਜਿਸ ਦੇ ਡਾਇਲਾਗ ‘ਉਡਾ ਤੇ ਤੋਤੇ ਪਾ ਤੇ ਮੋਛੇ ਅਤੇ ‘ਹੈਂ ਕਿ ਨਾ’ ਕਾਫ਼ੀ ਮਕਬੂਲ ਹੋਏ।

? ਮਾਪਿਆਂ ਵੱਲੋਂ ਕੋਈ ਇਤਰਾਜ਼ ਵੀ ਹੋਇਆ।

- ਹਾਂ, ਪਿਤਾ ਜੀ ਨੇ ਬਹੁਤ ਇਤਰਾਜ਼ ਕੀਤਾ ਪਰ ਸਹੁਰੇ ਬਾਗੋ-ਬਾਗ ਕਿ ਸਾਡਾ ਜਵਾਈ ਫ਼ਿਲਮਾਂ ਵਿਚ ਕੰਮ ਕਰਦੈ। ਲੋਕਾਂ ਦੀਆਂ ਤਾੜੀਆਂ ਸੁਣਨ ਤੋਂ ਬਾਅਦ ਪਿਤਾ ਜੀ ਦਾ ਵੀ ਮਨ ਬਦਲ ਗਿਆ ਸੀ।

? ਵਿਦੇਸ਼ੀ ਟੂਰ ਕਿੰਨੇ ਕੁ ਲਾਏ।

- ਫ਼ਿਲਮਾਂ ਵਿਚ ਆਉਣ ਤੋਂ ਬਾਅਦ ਸ਼ਾਇਦ ਮੈਂ ਓਨੀ ਵਾਰ ਆਪਣੇ ਪਿੰਡ ਨ੍ਹੀਂ ਗਿਆ ਹੋਣਾ, ਜਿੰਨੀ ਵਾਰ ਅਮਰੀਕਾ ਦੇ ਗੇੜੇ ਲਾਏ ਨੇ। ਉਂਜ ਕੈਨੇਡਾ, ਯੂ.ਕੇ., ਬੈਲਜੀਅਮ, ਹਾਲੈਂਡ, ਇਟਲੀ, ਫਰਾਂਸ, ਸਿੰਗਾਪੁਰ, ਬੈਂਕਾਕ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ, ਮਸਕਟ, ਬਹਿਰੀਨ ਕਈ ਥਾਈਂ ਗਿਆ ਹਾਂ।

? ਓਧਰ ਆਓ ਭਗਤ ਚੰਗੀ ਹੁੰਦੀ ਹੋਵੇਗੀ।

- ਆਓ ਭਗਤ ਵਾਲੀ ਗੱਲ ਸੁਣ ਲਓ। ਜਦੋਂ ਕਦੀ ਵੀ ਮੈਂ ਬਾਹਰ ਜਾਂਦਾ  ਹਵਾਈ ਅੱਡਿਆਂ ਉਤੇ ਪੰਜਾਬੀ ਮੈਨੂੰ  ਕਈ ਵਾਰ ਮੇਰੇ ਟਿਕਾਣੇ ਉਤੇ ਛੱਡਣ ਤੋਂ ਪਹਿਲਾਂ ਆਪਣੇ ਘਰੀਂ ਲੈ ਵੜਦੇ ਤੇ ਐਨਾ ਪਿਆਰ ਦਿੰਦੇ ਜਿਹੜਾ ਸ਼ਬਦਾਂ ਵਿਚ ਬਿਆਨ ਕਰਨਾ ਔਖੈ।

? ਜੇ ਅਦਾਕਾਰ ਦੀ ਥਾਂ ਇਕ ਵਕੀਲ ਹੀ ਰਹਿੰਦੇ।

- ਜਿਸ ਮੁਕਾਮ ਉਤੇ ਮੈਂ ਅੱਜ ਹਾਂ, ਹੋ ਸਕਦੈ ਵਕਾਲਤ ਵਿਚ ਏਨੀ ਸ਼ੋਹਰਤ ਨਾ ਮਿਲਦੀ ਕਿਉਂਕਿ ਵਕਾਲਤ ਵਿੱਚ ਮੈਂ ਕਿਹੜਾ ਜੇਠਮਲਾਨੀ ਬਣ ਜਾਣਾ ਸੀ।

? ਫਿਲਮਾਂ ਵਿਚ ਤੁਹਾਡਾ ਇਸਤਰੀ ਪਾਤਰਾਂ ਵੱਲ ਵਧੇਰੇ ਝੁਕਾਅ ਰਿਹੈ। ਕਾਰਨ।

- ਨਹੀਂ ਅਜਿਹੀ ਕੋਈ ਗੱਲ ਨਹੀਂ। ਉਹ ਗੱਲਾਂ ਸਿਰਫ ਫਿਲਮੀ ਪਰਦੇ ਤਕ ਹੀ ਸੀਮਤ ਹੁੰਦੀਆਂ ਸਨ। ਨਿੱਜੀ ਜ਼ਿੰਦਗੀ ਵਿਚ ਅਜਿਹਾ ਕੁਝ ਵੀ ਨਹੀਂ।

? ਸ਼ਾਹੂਕਾਰਾਂ ਦਾ ਮੁੰਡਾ ਹੋਣ ਨਾਤੇ ਖਾਣ-ਪੀਣ ਕਿਹੋ ਜਿਹਾ ਰੱਖਿਆ।

- ਜਨਵਰੀ 1975 ਤੋਂ ਬਾਅਦ ਮੈਂ ਨਾ ਆਂਡਾ, ਨਾ ਮੀਟ ਤੇ ਨਾ ਸ਼ਰਾਬ ਨੂੰ ਹੱਥ ਲਾਇਆ। ਇਸ ਤੋਂ ਪਹਿਲਾਂ ਜ਼ਰੂਰ ਕਦੇ ਨਾ ਕਦੇ ਪੈੱਗ ਦੋ-ਪੈੱਗ ਲੈਂਦਾ ਸੀ ਪਰ ਇਹ ਕਦੇ ਨਹੀਂ ਹੋਇਆ ਕਿ ਮੈਨੂੰ ਸ਼ਰਾਬੀ ਹੋਏ ਨੂੰ ਕੋਈ ਘਰ ਤਕ ਛੱਡਣ ਵੀ ਆਇਆ ਹੋਵੇ।

? ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ ਬਾਰੇ ਤੁਹਾਡੇ ਕੀ ਵਿਚਾਰ ਨੇ।

- ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹੈ, ਅੱਜ-ਕੱਲ੍ਹ ਪੰਜਾਬੀਆਂ ਦੇ ਚਿਹਰੇ ਪ੍ਰਾਇਮਰੀ ਸਕੂਲਾਂ ਦੀਆਂ ਛੱਤਾਂ ਵਾਂਗ ਤਿੜੇ ਦਿਖਾਈ ਦਿੰਦੇ ਨੇ।

? ਤੁਸੀਂ ਕੁਝ ਨਸ਼ਿਆਂ ਦੀ ਰੋਕਥਾਮ ਬਾਰੇ ਕਰੋ।

- ਜੇ ਪੰਜਾਬ ਸਰਕਾਰ ਇਨ੍ਹਾਂ ਦੀ ਰੋਕਥਾਮ ਬਾਰੇ ਕੋਈ ਪ੍ਰਚਾਰ ਮੁਹਿੰਮ ਚਲਾਵੇ ਹੈ ਤਾਂ ਮੈਂ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹਾਂ। ਬਾਕੀ ਆਖਰੀ ਦਮ ਤਕ ਮੈਂ ਪੰਜਾਬੀਆਂ ਦੇ ਭਲੇ ਲਈ ਸਮਰਪਤ ਹਾਂ।

? ਹੋਰਨਾਂ ਫਿਲਮੀ ਕਲਾਕਾਰਾਂ ਵਾਂਗ ਕੀ ਤੁਹਾਡੇ ਦੋਹਤੀਆਂ-ਦੋਹਤੇ ਵੀ ਫਿਲਮਾਂ ਵਿਚ ਆਏ ਨੇ।

- ਕੋਈ ਵੀ ਨਹੀਂ। ਇਹ ਹੁਨਰ (ਕਲਾਕਾਰੀ ਦਾ) ਧੱਕੇ ਜਾਂ ਰੀਸ ਨਾਲ ਨਹੀਂ ਆਉਂਦਾ, ਇਹ ਤਾਂ ਕੁਦਰਤ ਦੀ ਦੇਣ ਐ।

-ਕੁਲਦੀਪ ਸਿੰਘ ਧਨੌਲਾ
* ਸੰਪਰਕ:- 94642-91023

No comments:

Post a Comment