ਨੂਰਜਹਾਂ ਹਿੰਦੀ ਫ਼ਿਲਮ ਇੰਡਸਟਰੀ ਦੇ ਆਰੰਭਕ ਦੌਰ ਦੀ ਸਥਾਪਿਤ ਨਾਇਕਾ ਤੇ ਗਾਇਕਾ ਸੀ। ਜਿੱਥੇ ਨੂਰਜਹਾਂ ਦੀ ਗਾਇਕੀ ਹਰੇਕ ’ਤੇ ਭਾਰੂ ਸੀ, ਉਥੇ ਇਸ ਨੇ 1947 ਤਕ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਨੂੰ ਸਰਸ਼ਾਰ ਰੱਖਿਆ। ਨੂਰਜਹਾਂ ਦੀ ਗਾਇਕੀ ਐਨੀ ਪਰਿਪੱਕ ਸੀ ਕਿ ਇਕ ਨਵੇਂ ਰੁਝਾਨ ਦੇ ਪ੍ਰਤੀਕ ਵਜੋਂ ਸਾਹਮਣੇ ਆਈ। ’40 ਦੇ ਦਹਾਕੇ ਵਿੱਚ ਉੱਭਰ ਰਹੀ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਨੂਰਜਹਾਂ ਦੀ ਸ਼ੈਲੀ ਨੂੰ ਕਬੂਲਿਆ ਅਤੇ ਉਸ ਦੀ ਆਰੰਭਿਕ ਗਾਇਕੀ ਵਿੱਚ ਨੂਰਜਹਾਂ ਦੀ ਸ਼ੈਲੀ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।
ਨੂਰਜਹਾਂ ਦਾ ਅਸਲ ਨਾਂ ਅੱਲਾ ਵਸਾਈ ਸੀ, ਜਿਸ ਦਾ ਜਨਮ ਅਣਵੰਡੇ ਪੰਜਾਬ ਦੇ ਕਸੂਰ ਵਿੱਚ 21 ਸਤੰਬਰ 1926 ਨੂੰ ਹੋਇਆ। ਨੂਰਜਹਾਂ ਦੀਆਂ ਦੋ ਹੋਰ ਵੱਡੀਆਂ ਭੈਣਾਂ ਸਨ। ਬਚਪਨ ਵਿੱਚ ਆਪਣੀਆਂ ਭੈਣਾਂ ਨੂੰ ਗਾਉਂਦੇ ਦੇਖ ਨੂਰਜਹਾਂ ਨੂੰ ਵੀ ਗਾਉਣ ਦੀ ਚੇਟਕ ਲੱਗ ਗਈ। ਸੰਗੀਤ ਦੀ ਸਿੱਖਿਆ ਲਈ ਨੂਰਜਹਾਂ ਨੇ ਉਸਤਾਦ ਫ਼ਜ਼ਲਦੀਨ, ਗ਼ੁਲਾਮ ਮੁਹੰਮਦ, ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਅਤੇ ਗ਼ੁਲਾਮ ਅਹਿਮਦ ਚਿਸ਼ਤੀ ਦੀ ਸ਼ਾਗਿਰਦੀ ਕੀਤੀ।
ਨੂਰਜਹਾਂ ਨੇ ਆਪਣਾ ਫ਼ਿਲਮੀ ਸਫ਼ਰ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’(1935) ਤੋਂ ਸ਼ੁਰੂ ਕੀਤਾ। ਨੂਰਜਹਾਂ ਨੇ ਕਲਕੱਤੇ ਦੇ ਮਾਦਨ ਥੀਏਟਰ ਵੱਲੋਂ ਬਣਾਈਆਂ ਫ਼ਿਲਮਾਂ ‘ਮਿਸਰ ਦਾ ਸਿਤਾਰਾ’(1935), ‘ਤਾਰਨਹਾਰ’(1937) ਤੇ ‘ਸੱਸੀ ਪੁਨੂੰ’ (1938) ਵਿੱਚ ਬਾਲ ਕਲਾਕਾਰ ਵਜੋਂ ਕੰਮ ਕੀਤਾ। ਇਥੇ ਕੰਮ ਕਰਨ ਦੌਰਾਨ ਹੀ ਅੱਲਾ ਵਸਾਈ ਨੂੰ ‘ਨੂਰਜਹਾਂ’ ਨਾਮ ਮਿਲਿਆ ਸੀ। ‘ਨੂਰਜਹਾਂ’ ਦਿਲਸੁਖ ਪੰਚੋਲੀ ਦੀ ਫ਼ਿਲਮ ‘ਖਾਨਦਾਨ’(1942) ਵਿੱਚ ਪਹਿਲੀ ਵਾਰ ਮੁੱਖ ਅਦਾਕਾਰਾ ਵਜੋਂ ਸਾਹਮਣੇ ਆਈ। ਇਸ ਫ਼ਿਲਮ ਦਾ ਸੰਗੀਤ ਮਾਸਟਰ ਗ਼ੁਲਾਮ ਹੈਦਰ ਨੇ ਤਿਆਰ ਕੀਤਾ ਸੀ। ਇਸ ਫ਼ਿਲਮ ਦੇ ‘ਮੇਰੇ ਲੀਏ ਜਹਾਨ ਮੇਂ ਚੈਨ ਨਾ ਕਰਾਰ ਹੈ’, ‘ਤੂ ਕੌਨਸੀ ਨਗਰੀ ਮੇਂ ਮੇਰੇ ਚਾਂਦ ਆ ਜਾ’ ਅਤੇ ‘ਉੜ ਜਾ ਪੰਛੀ ਉੜ ਜਾ’ ਆਦਿ ਗੀਤ ਬੇਹੱਦ ਮਕਬੂਲ ਹੋਏ ਸਨ। ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਨੂਰਜਹਾਂ ਨੇ ‘ਨਾਦਾਨ’(1943), ‘ਦੋਸਤ’(1943), ‘ਲਾਲ ਹਵੇਲੀ’(1944), ‘ਨੌਕਰੀ’(1944), ‘ਅਨਮੋਲ ਘੜੀ’(1946) ਅਤੇ ‘ਜੁਗਨੂੰ’(1947) ਆਦਿ ਫ਼ਿਲਮਾਂ ਵਿੱਚ ਕੰਮ ਕੀਤਾ। ਨੂਰਜਹਾਂ ਦੀ ਭਾਰਤ ਵਿੱਚ ਆਖਰੀ ਫ਼ਿਲਮ ‘ਮਿਰਜ਼ਾ ਸਾਹਿਬਾ’ ਸੀ। ਇਸ ਤੋਂ ਬਾਅਦ ਭਾਰਤ ਵੰਡ ਦੌਰਾਨ ਨੂਰਜਹਾਂ ਸਦਾ ਲਈ ਪਾਕਿਸਤਾਨ ’ਚ ਵੱਸ ਗਈ। ਪਾਕਿਸਤਾਨ ਜਾ ਕੇ ਨੂਰਜਹਾਂ ਨੇ 1951 ’ਚ ਫ਼ਿਲਮਾਂ ਵਿੱਚ ਕੰਮ ਕਰਨਾ ਆਰੰਭ ਕੀਤਾ। ‘ਚੰਨ ਵੇ’(1951), ‘ਦੁਪੱਟਾ’(1952), ‘ਪਾਟੇ ਖਾਂ’(1955), ‘ਨੂਰਾ’(1956), ‘ਛੂ-ਮੰਤਰ’(1956) ਅਤੇ ‘ਮਿਰਜ਼ਾ ਗ਼ਾਲਿਬ’(1961) ਉਸ ਦੀਆਂ ਹਿੱਟ ਪਾਕਿਸਤਾਨੀ ਫ਼ਿਲਮਾਂ ਸਨ। ਨੂਰਜਹਾਂ ਦੇ ਗ਼ੈਰ-ਫ਼ਿਲਮੀ ਗੀਤਾਂ ਦੀ ਸੂਚੀ ਵੀ ਬਹੁਤ ਲੰਮੀ ਹੈ। 1965 ਦੀ ਭਾਰਤ-ਪਾਕਿ ਜੰਗ ਦੌਰਾਨ ਨੂਰਜਹਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਜਿਸ ਸਦਕਾ ਪਾਕਿਸਤਾਨ ਸਰਕਾਰ ਨੇ ਇਸ ਗਾਇਕਾ ਨੂੰ ‘ਮਲਿਕਾ-ਏ-ਤਰੰਨੁਮ’ ਦਾ ਖਿਤਾਬ ਦਿੱਤਾ।
ਨੂਰਜਹਾਂ ਦੀ ਗਾਇਨ ਸ਼ੈਲੀ ’ਤੇ ਝਾਤ ਮਾਰੀਏ ਤਾਂ ਤਿੰਨੇ ਸਪਤਕਾਂ ਵਿੱਚ ਆਵਾਜ਼ ਦਾ ਟਿਕਾਅ, ਪਾਰੇ ਵਰਗੀ ਤਰਲਤਾ ਅਤੇ ਸੁਹਜ ਭਰਪੂਰ ਹਰਕਤਾਂ ਆਦਿ ਉਸ ਦੀ ਗਾਇਕੀ ਦੇ ਮੌਲਿਕ ਗੁਣ ਸਨ। ਹੁਣ ਤਕ ਗਾਇਕਾਵਾਂ ਨੂਰਜਹਾਂ ਦੀ ਗਾਇਕੀ ਤੋਂ ਸੇਧ ਲੈਂਦੀਆਂ ਆ ਰਹੀਆਂ ਹਨ। 23 ਦਸੰਬਰ 2000 ਨੂੰ ਕਰਾਚੀ ’ਚ ਤਰੰਨੁਮ ਦੀ ਇਹ ਮਲਿਕਾ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।
- ਅਮਰਿੰਦਰ ਸਿੰਘਸੰਪਰਕ:98881-14583
No comments:
Post a Comment