ਅਣਵੰਡੇ ਪੰਜਾਬ ਦੀ ਮਹਾਨ ਗਾਇਕਾ ਸ਼ਮਸ਼ਾਦ ਬੇਗ਼ਮ
‘ਸ਼ਮਸ਼ਾਦ ਬੇਗ਼ਮ’ ਦੀ ਪੈਦਾਇਸ਼ ਅਣਵੰਡੇ ਪੰਜਾਬ ਦੇ ਸ਼ਹਿਰ ਲਾਹੌਰ ਦੀ ਲੌਹਾਰੀ ਮੰਡੀ ਦੀ ਖ਼ਾਨਦਾਨੀ ਹਵੇਲੀ ਵਿੱਚ ਵੱਸੇ ਪੰਜਾਬੀ ਮੁਸਲਿਮ ਮਾਨ ਜੱਟ ਪਰਿਵਾਰ ਵਿੱਚ 14 ਅਪਰੈਲ 1919 ਨੂੰ ਹੋਈ। ਭਾਵੇਂ ਕਿ ਕਈ ਲੇਖਕਾਂ ਦੁਆਰਾ ‘ਸ਼ਮਸ਼ਾਦ’ ਦਾ ਜਨਮ ਅੰਮ੍ਰਿਤਸਰ ਹੋਣ ਬਾਰੇ ਵੀ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਵਾਲਿਦ ਦਾ ਨਾਂ ‘ਮੀਆਂ ਹੁਸੈਨ ਬਖ਼ਸ਼ ਮਾਨ’ ਅਤੇ ਵਾਲਿਦਾ ਦਾ ਨਾਂ ‘ਗ਼ੁਲਾਮ ਫ਼ਾਤਿਮਾ’ ਸੀ। ‘ਸ਼ਮਸ਼ਾਦ ਬੇਗ਼ਮ’ ਚਾਰ ਭੈਣਾਂ ਮੁਬਾਰਕ ਬੇਗ਼ਮ (ਗਾਇਕਾ ਮੁਬਾਰਕ ਬੇਗ਼ਮ ਨਹੀਂ), ਮੁਮਤਾਜ਼ ਬੇਗ਼ਮ ਅਤੇ ਅਨਵਰੀ ਬੇਗ਼ਮ ਤੋਂ ਦੂਜੇ ਨੰਬਰ ’ਤੇ ਸੀ। ਪੰਜ ਭਾਈਆਂ ਦੇ ਨਾਂ ਗ਼ੁਲਾਮ ਹੁਸੈਨ, ਫ਼ਜ਼ਲ ਹੁਸੈਨ, ਨਿਆਇਤ ਹੁਸੈਨ, ਮੁਬਾਰਕ ਅਲੀ ਅਤੇ ਮੁਨੱਵਰ ਹੁਸੈਨ ਸਨ। ‘ਸ਼ਮਸ਼ਾਦ ਬੇਗ਼ਮ’ ਦੀ ਸਕੂਲੀ ਤਾਲੀਮ ਨਾਮ-ਨਿਹਾਦ ਹੀ ਸੀ। ਉਹ ਸਿਰਫ਼ 5 ਜਮਾਤਾਂ ਹੀ ਪੜ੍ਹੀ ਸੀ। ਇੱਕ ਪੱਕੀ ਮੁਸਲਮਾਨ ਹੋਣ ਦੇ ਨਾਤੇ ਵਾਲਦਾਇਨ ਦੇ ਮੁਖ਼ਾਲਿਫ਼ ਹੋ ਕੇ ‘ਸ਼ਮਸ਼ਾਦ ਬੇਗ਼ਮ’ ਨੇ ਆਪਣਾ ਵਿਆਹ ਇੱਕ ਹਿੰਦੂ ਨੌਜਵਾਨ ‘ਗਨਪਤ ਲਾਲ ਬੱਟੋ’ (ਐਮ ਏ., ਐਲਐਲਬੀ.) ਨਾਲ 1934 ਵਿੱਚ ਕਰਵਾਇਆ ਜੋ 1955 ਵਿੱਚ ਵਫ਼ਾਤ ਪਾ ਗਏ ਸਨ। ‘ਸ਼ਮਸ਼ਾਦ’ ਦੇ ਵਾਲਿਦ ਨੇ ਉਸ ਨੂੰ ਮੌਸੀਕੀ ਦੀ ਦੁਨੀਆਂ ਵਿੱਚ ਆਉਣ ਦੀ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਸੀ ਕਿ ਕਿਸੇ ਨੂੰ ਆਪਣੀ ਸ਼ਕਲ ਨਹੀਂ ਵਿਖਾਉਣੀ ਅਤੇ ਨਾ ਹੀ ਕੋਈ ਤਸਵੀਰ ਖਿਚਵਾਉਣੀ। ਲਿਹਾਜ਼ਾ ‘ਸ਼ਮਸ਼ਾਦ’ ਦੀ ਪਹਿਲੀ ਤਸਵੀਰ 1970 ਵਿੱਚ ਖਿੱਚੀ ਗਈ ਜਦੋਂ ਉਹ 51 ਸਾਲ ਦੀ ਹੋ ਚੁੱਕੀ ਸੀ। ‘ਸ਼ਮਸ਼ਾਦ ਬੇਗ਼ਮ’ ਦੇ ਘਰ 15 ਜੂਨ 1936 ਨੂੰ ਇੱਕ ਧੀ ਨੇ ਜਨਮ ਲਿਆ, ਜਿਸ ਦਾ ਨਾਂ ‘ਊਸ਼ਾ ਰੱਤੜਾ’ ਰੱਖਿਆ ਗਿਆ ਅਤੇ ਉਸ ਦਾ ਵਿਆਹ 1959 ਵਿੱਚ ਲੈਫਟੀਨੈਂਟ ਕਰਨਲ ‘ਯੋਗਰਾਜ ਰੱਤੜਾ’ ਨਾਲ ਹੋਇਆ। ਇਨ੍ਹੀਂ ਦਿਨੀਂ ਉਹ ਆਪਣੇ ਧੀ-ਜਵਾਈ ਦੇ ਘਰ ਹੀ ਰਹਿ ਰਹੀ ਸੀ।
ਇਸ ਫ਼ਿਲਮ ਦੇ ਬਾਕੀ 5 ਗੀਤ ਨੂਰਜਹਾਂ ਨੇ ਗਾਏ ਸਨ। ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਅਗਲੇ ਸਾਲ ‘ਪੰਚੋਲੀ ਆਰਟ ਪਿਕਚਰਸ’ ਦੀ ਇੱਕ ਹੋਰ ਪੰਜਾਬੀ ਫ਼ਿਲਮ ‘ਚੌਧਰੀ’ ਰਿਲੀਜ਼ ਹੋਈ। ਇਸ ਫ਼ਿਲਮ ਵਿੱਚ ਵੀ ‘ਪਰਾਣ’ ਦਾ ਅਦਾਕਾਰ ਅਤੇ ਅਦਾਕਾਰਾ ‘ਰੂਪਲੇਖਾ’ ਸੀ। ਇਸ ਫ਼ਿਲਮ ਦਾ ਸੰਗੀਤ ਗ਼ੁਲਾਮ ਹੈਦਰ ਨੇ ਦਿੱਤਾ ਸੀ ਅਤੇ ਗੀਤ ਲਿਖੇ ਸਨ ਵਲੀ ਸਾਹਿਬ ਨੇ। ਇਹ ਗੀਤ ਸਨ ‘ਦੇਖੋ ਦੇਖੋ ਇਹਦੀ ਕੈਸੀ ਸੋਹਣੀ ਚਾਲ ਹੈ’ (ਗ਼ੁਲਾਮ ਹੈਦਰ ਤੇ ਨੂਰਜਹਾਂ ਨਾਲ), ‘ਓ ਰਾਜਾ ਮੈਂ ਉਸਦੀ ਰਾਣੀ, ਹੋਏ ਨਾ ਕੋਈ ਉਸਦਾ ਸਾਨੀ…’, ‘ਕਿਓਂ ਲੁਕ-ਲੁਕ ਬਹਿੰਦੇ ਓ, ਅੱਖੀਆਂ ਤੋਂ ਕੀ ਲੱਭਣਾ’ (ਨੂਰਜਹਾਂ ਨਾਲ), ‘ਕੋਠੇ ’ਤੇ ਆ ਮਾਹੀਆ, ਵੱਸਦੀ ਨੂੰ ਪੱਟਿਆ ਈ’, (ਨੂਰਜਹਾਂ ਨਾਲ), ‘ਪੀਲੇ-ਪੀਲੇ ਖੇਤ ਮੈਂ’ (ਨੂਰਜਹਾਂ ਨਾਲ)।16 ਦਸੰਬਰ 1937 ਨੂੰ ਪੇਸ਼ਾਵਰ ਰੇਡੀਓ ਸਟੇਸ਼ਨ ਤੋਂ ਆਪਣੇ ਸੰਗੀਤਕ ਸਫ਼ਰ ਦਾ ਆਗ਼ਾਜ਼ ਕਰਨ ਵਾਲੀ ਸ਼ਮਸ਼ਾਦ ਬੇਗ਼ਮ, ਮਾਸਟਰ ਗ਼ੁਲਾਮ ਹੈਦਰ ਦੀ ਖੋਜ ਸੀ। ਉਨ੍ਹਾਂ ਨੇ ਬਾਕਾਇਦਗੀ ਨਾਲ ਕਿਤੋਂ ਗਾਉਣਾ ਨਹੀਂ ਸਿੱਖਿਆ ਸੀ। ਉਸ ਦਾ ਸੰਗੀਤਕ ਗੁਰੂ ਇੱਕ ‘ਗ੍ਰਾਮੋਫੋਨ’ ਸੀ, ਜਿਸ ਵਿੱਚੋਂ ਨਿਕਲਦੀ ਆਵਾਜ਼ ਤੋਂ ਹੈਰਤਜ਼ਦਾ ‘ਸ਼ਮਸ਼ਾਦ’ ਨੇ ਗੁਣ-ਗੁਣਾਉਂਦਿਆਂ ਹੋਇਆਂ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਮੰਤਰ-ਮੁਗਧ ਹੋ ਕੇ ਗ੍ਰਾਮੋਫੋਨ ’ਚੋਂ ਨਿਕਲਦੀ ਹੋਈ ਆਵਾਜ਼ ਨੂੰ ਨੀਝ ਲਾ ਕੇ ਸੁਣਦੀ ਅਤੇ ਫਿਰ ਆਪਣੀ ਆਵਾਜ਼ ਵਿੱਚ ਉਸ ਗੀਤ ਨੂੰ ਦੁਹਰਾੳਂੁਦੀ। ਇਸ ਤਰ੍ਹਾਂ ਉਹ ਇੱਕ ਪਰਪੱਕ ਗੁਲੂਕਾਰਾ ਬਣ ਗਈ। ਉਸ ਦੀ ਆਵਾਜ਼ ਵਿੱਚ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਦੀ ਮਹਿਕ, ਪੰਜਾਬੀ ਸੁਭਾਅ ਵਰਗੀ ਖੜਕ, ਬਹਾਰਾਂ ਵਰਗੀ ਤਾਜ਼ਗੀ, ਸੱਜਰਾਪਣ, ਸ਼ੋਖ਼ੀ ਅਤੇ ਅਜ਼ਲਾਂ ਦੀ ਅਮਿੱਟ ਪਿਆਸ ਦੀ ਤੜਫ਼ ਸੀ, ਜਿਸ ਨੂੰ ਮਹਿਸੂਸਿਆ ਮਾਸਟਰ ਗ਼ੁਲਾਮ ਹੈਦਰ ਨੇ। ‘ਮਾਸਟਰ ਗ਼ੁਲਾਮ ਹੈਦਰ’ ਉਸ ਵਕਤ ‘ਜੀਨੋਫੋਨ ਕੰਪਨੀ’ ਵਿੱਚ ਸਥਾਈ ਸੰਗੀਤਕਾਰ ਸਨ। ਉਨ੍ਹਾਂ ਨੇ ਆਪਦੇ ਸੰਗੀਤ ਵਿੱਚ ਸ਼ਮਸ਼ਾਦ ਤੋਂ ਪਹਿਲਾਂ ਇੱਕ ਗ਼ੈਰ-ਫ਼ਿਲਮੀ ਆਰਤੀ ਗਵਾਈ, ਜਿਸ ਦੇ ਬੋਲ ਸਨ ‘ਓਮ ਜਯ ਜਗਦੀਸ਼ ਹਰੇ’ ਅਤੇ ਦੂਜਾ ਪੰਜਾਬੀ ਲੋਕ ਗੀਤ ਸੀ, ਜਿਸ ਦੇ ਖ਼ੂਬਸੂਰਤ ਬੋਲ ਸਨ: ‘ਜੋੜਾ ਲੈ ਪੱਖੀਆਂ ਦਾ ਓਏ, ਕਸਮ ਖ਼ੁਦਾ ਦੀ ਚੰਨਾ, ਮਾਹੀ ਚਾਨਣ ਅੱਖੀਆਂ ਦਾ ਓਏੇੇ’। 13 ਸਾਲਾਂ ਦੀ ਅੱਲ੍ਹੜ ਉਮਰੇ ‘ਸ਼ਮਸ਼ਾਦ’ ਦਾ ਗਾਇਆ ਇਹ ਪਹਿਲਾ ਪੰਜਾਬੀ ਗੀਤ ਐਨਾ ਮਕਬੂਲ ਹੋਇਆ ਹੈ ਕਿ ਕੰਪਨੀ ਨੇ ਸਾਲ ਭਰ ਲਈ ‘ਸ਼ਮਸ਼ਾਦ’ ਤੋਂ 100 ਤੋਂ ਜ਼ਿਆਦਾ ਨਗ਼ਮੇ ਗਵਾਏ, ਜਿਨ੍ਹਾਂ ਵਿੱਚ ਇਸਲਾਮਕ ਨਾਅਤ, ਗ਼ਜ਼ਲਾਂ ਅਤੇ ਪੰਜਾਬੀ ਲੋਕ-ਗੀਤ ਸ਼ਾਮਲ ਸਨ। ਇਨ੍ਹਾਂ ਤਮਾਮ ਗੀਤਾਂ ਦਾ ਸੰਗੀਤ ‘ਮਾਸਟਰ ਗ਼ੁਲਾਮ ਹੈਦਰ’ ਦਾ ਸੀ। ਇਨ੍ਹਾਂ ਗੀਤਾਂ ਦੇ ਬੋਲ ਹਨ, ‘ਹੁਣ ਰੱਬ ਨੇ ਸੁਣਿਆ ਨੀਂ’, ‘ਹੀਰ ਸੁਹਰੇ ਘਰ ’ਚ ਕੈਦ ਹੋਈ’, ‘ਹੀਰ ਯਾਰ ਦਾ ਕਰਨ ਦੀਦਾਰ ਚੱਲੀ ਓਏ’, ‘ਜਿੰਦੜੀ ਨਿਮਾਣੀ ਰੋ ਰੋ ਲੈਂਦੀ ਤੇਰਾ ਨਾਂ’, ‘ਉੱਚੇ ਸ਼ਮਲੇ ਤੇ ਬਾਂਕੀਆਂ ਨਾਰਾਂ’, ‘ਰਾਵੀ ਦਾ ਕੰਡਾ’, ‘ਕੁੜੀ ਲੁਧਿਆਣੇ ਦੀ ਤੇ ਮੁੰਡਾ ਕਸ਼ਮੀਰ ਦਾ’, ‘ਸਾਵੀ ਸਾਵੀ ਚੁੰਨੀ ’ਤੇ ਲਾਲ ਲਾਲ ਫੁੱਟੀਆਂ’, ‘ਸੱਸ ਚੰਦਰੀ ਨਨਾਣ ਬੜੀ ਔਤਰੀ ਤੇ ਜੇਠ ਮੇਰਾ ਟੁੱਟ ਪੈਣਾ। ਗ਼ੁਲਾਮ ਹੈਦਰ ਦੀ ਪਤਨੀ ਉਮਰਾਜ਼ੀਆ ਬੇਗ਼ਮ ਨਾਲ ‘ਸ਼ਮਸ਼ਾਦ’ ਦੇ ਗਾਏ ਦੋਗਾਣੇ ਵੀ ਬੇਹੱਦ ਮਕਬੂਲ ਹੋਏ। 1932-39 ਦੇ ਸਮੇਂ ਰੇਡੀਓ ਸਟੇਸ਼ਨ ’ਤੇ ਸ਼ਮਸ਼ਾਦ ਦੀ ਗੀਤਾਂ ਦੀ ਮੰਗ ਵਧ ਗਈ ਸੀ ਅਤੇ ਹੌਲੀ-ਹੌਲੀ ‘ਸ਼ਮਸ਼ਾਦ’ ਦੀ ਪੁਰਕਸ਼ਿਸ਼ ਆਵਾਜ਼ ‘ਅੰਮ੍ਰਿਤਸਰ’, ‘ਝੰਗ’, ‘ਬਹਾਵਲਪੁਰ’, ‘ਮੁਲਤਾਨ’, ‘ਮਿੰਟਗੁਮਰੀ’, ‘ਲਾਇਲਪੁਰ’, ‘ਰਾਵਲਪਿੰਡੀ’ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ’ਚ ਹਰਮਨਪਿਆਰੀ ਹੋ ਗਈ ਸੀ।
ਐਨੇ ਮਕਬੂਲ ਪੰਜਾਬੀ ਲੋਕ ਗੀਤ ਗਾ ਚੁੱਕਣ ਦੇ ਬਾਵਜੂਦ ਸ਼ਮਸ਼ਾਦ ਬੇਗ਼ਮ ਨੇ ਹਾਲੇ ਤਕ ਕਿਸੇ ਫ਼ਿਲਮ ਲਈ ਨਹੀਂ ਗਾਇਆ ਸੀ। ਇਨ੍ਹਾਂ ਦਿਨਾਂ ਵਿੱਚ ਲਾਹੌਰ ਦੇ ਮਸ਼ਹੂਰ ਫ਼ਿਲਮਸਾਜ਼ ‘ਦਲਸੁੱਖ ਐਮ. ਪੰਚੋਲੀ’ ਦੀ ਫ਼ਿਲਮ ਕੰਪਨੀ ‘ਪੰਚੋਲੀ ਆਰਟ ਪ੍ਰੋਡਕਸ਼ਨ ਲਾਹੌਰ’ ਨੂੰ ਇੱਕ ਨਵੀਂ ਅਤੇ ਸੁਰੀਲੀ ਆਵਾਜ਼ ਦੀ ਤਲਾਸ਼ ਸੀ। ਲਿਹਾਜ਼ਾ ‘ਜੀਨੋਫੋਨ ਕੰਪਨੀ’ ਜੋ ‘ਪੰਚੋਲੀ ਆਰਟ ਬੈਨਰ’ ਦੀਆਂ ਬਣੀਆਂ ਫ਼ਿਲਮਾਂ ਦੇ ਰਿਕਾਰਡਜ਼ ਜਾਰੀ ਕਰਦੀ ਸੀ ਨੇ ਸ਼ਮਸ਼ਾਦ ਬੇਗ਼ਮ ਦੇ ਨਾਂ ਦੀ ਸਿਫ਼ਾਰਸ਼ ‘ਪੰਚੋਲੀ ਸਾਹਿਬ’ ਨੂੰ ਕਰ ਦਿੱਤੀ। ਇਸ ਤਰ੍ਹਾਂ ਸ਼ਮਸ਼ਾਦ ਬੇਗ਼ਮ ਨੂੰ ਪਹਿਲੀ ਪੰਜਾਬੀ ਫ਼ਿਲਮ ‘ਯਮਲਾ ਜੱਟ’ ਵਿੱਚ ਗਾਉਣ ਦਾ ਮੌਕਾ ਮਿਲਿਆ। 1940 ਵਿੱਚ ਨੁਮਾਇਸ਼ ਹੋਈ ‘ਪਰਾਣ’ ਅਤੇ ‘ਅੰਜਨਾ’ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਵਿੱਚ ਵਲੀ ਸਾਹਿਬ ਦੇ ਲਿਖੇ ਅਤੇ ਗ਼ੁਲਾਮ ਹੈਦਰ ਸਾਹਿਬ ਦੀਆਂ ਧੁਨਾਂ ’ਚ ਪਰੋਏ 10 ਗੀਤਾਂ ਵਿੱਚੋਂ 5 ਗੀਤ ਸ਼ਮਸ਼ਾਦ ਦੇ ਹਿੱਸੇ ਆਏ। ਇਹ ਪੰਜ ਗੀਤ ਸਨ: ‘ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ’, ‘ਸੁਪਨੇ ਵਿੱਚ ਸੁਪਨਾ ਤੱਕਿਆ, ਜੀਹਨੂੰ ਤੱਕ-ਤੱਕ ਜੀਊੜਾ ਹੱਸਿਆ’ (ਗ਼ੁਲਾਮ ਹੈਦਰ ਨਾਲ), ‘ਫੁੱਲਾਂ ਦਾ ਸੈਂਟ ਲਿਆ ਮਾਹੀਆ..ਆ..ਆ, ਖ਼ੁਸ਼ਬੂਆਂ ਵਿੱਚ ਵਸਾ ਮਾਹੀਆ…’ (ਨੂਰਜਹਾਂ ਨਾਲ), ‘ਤੁਸੀਂ ਅੱਖੀਆਂ ਦਾ ਮੁੱਲ ਕਰਲੋ, ਦਿਲ ਵਿੱਚ ਦਿਲ ਰੱਖ ਕੇ ਮਾਹੀ ਵੇ’ (ਗ਼ੁਲਾਮ ਹੈਦਰ ਨਾਲ), ‘ਆ ਦੁੱਖੜੇ ਫੋਲ ਲਈਏ, ਅੱਖੀਆਂ ਦੀ ਚੁੱਪ ਦੇ ਵਿੱਚੋਂ ਹਾਏ ਮਾਹੀਆ…’ (ਗ਼ੁਲਾਮ ਹੈਦਰ ਨਾਲ)।
ਇਸੇ ਸਾਲ ਨੁਮਾਇਸ਼ ਹੋਈ ‘ਨਾਦਿਰਾ ਇੰਡੀਆ ਪਿਕਚਰਜ਼’ ਦੀ ਪੰਜਾਬੀ ਫ਼ਿਲਮ ‘ਸਹਿਤੀ-ਮੁਰਾਦ’ ਦੀ, ਜਿਸ ਦੀ ਨਾਇਕਾ ਸੀ
‘ਰਾਗਨੀ’ ਅਤੇ ਨਾਇਕ ਸਨ ‘ਰਾਮ ਲਾਲ’।
ਇਸ ਫ਼ਿਲਮ ਵਿੱਚ ਵੀ ਸ਼ਮਸ਼ਾਦ ਬੇਗ਼ਮ ਨੇ ਗ਼ੁਲਾਮ ਹੈਦਰ ਦੇ ਸੰਗੀਤ ਵਿੱਚ ਮਨੋਹਰ ਸਿੰਘ ਸਹਿਰਾਈ ਦੇ ਲਿਖੇ ‘ਢੋਲ ਸੱਜਣਾ, ਦਿਲ ਪਰਦੇਸੀਆਂ ਦਾ ਰਾਜੀ ਰੱਖਣਾ’, ‘ਉੱਚੀ ਮਾੜ੍ਹੀ ’ਤੇ ਦੁੱਧ ਪਈ ਰਿੜਕਾਂ, ਮੈਨੂੰ ਸਾਰੇ ਟੱਬਰ ਦੀਆਂ ਝਿੜਕਾਂ’ ਗੀਤ ਗਾਏ ਜੋ ਲੋਕਾਂ ਦੀ ਜ਼ਬਾਨ ’ਤੇ ਚੜ੍ਹ ਗਏ। ਸਾਲ 1941 ਵਿੱਚ ਆਈ ਸ਼ੰਕਰ ਮਹਿਤਾ ਦੀ ਪੰਜਾਬੀ ਫ਼ਿਲਮ ‘ਮੇਰਾ ਮਾਹੀ’ ਵਿੱਚ ਮਾਸਟਰ ਧੋਮੀ ਖ਼ਾਨ ਦੇ ਸੰਗੀਤ ਵਿੱਚ ਬੀ. ਸੀ. ਬੇਕਲ ਦੇ ਲਿਖੇ ਦਿਲਕਸ਼ ਗੀਤਾਂ ਨੂੰ ਸ਼ਮਸ਼ਾਦ ਬੇਗ਼ਮ ਨੇ ਚਾਹ ਕੇ ਗਾਵਿਆ ‘ਮਹਿੰਦੀਏ ਨੀਂ, ਮਹਿੰਦੀਏ, ਕੀ ਮਹਿੰਦੀ ਤੇਰੀ ਕਹਿੰਦੀ ਏ’, ‘ਮੈਂ ਖੜ੍ਹੀ ਆਂ ਬਨੇਰੇ ’ਤੇ’, ‘ਮੌਲ੍ਹਾ ਦੇ ਐਡੇ ਰੰਗ ਨੇ ਸਾਰੇ, ਹਰ ਰੰਗ ਆਪੇ ਦੱਸਦੇ’।
ਸ਼ੰਕਰ ਮਹਿਤਾ ਦੀ ਪੰਜਾਬੀ ਫ਼ਿਲਮ ‘ਰਾਵੀ ਪਾਰ’ (1942) ਵਿੱਚ ‘ਗਾਉਣੇ ਛੱਡ ਦੇ ਗੀਤ ਪੰਛੀਆ’ ਵੀ ਸ਼ਮਸ਼ਾਦ ਦਾ ਇੱਕ ਲਾਜਵਾਬ ਗੀਤ ਸੀ। 1942 ਵਿੱਚ ਰਿਲੀਜ਼ ਹੋਈ ਰਾਜ ਹੰਸ ਦੀ ਪੰਜਾਬੀ ਫ਼ਿਲਮ ‘ਪਟਵਾਰੀ’ ਵਿੱਚ ਸ਼ਮਸ਼ਾਦ ਨੇ ਬੜੇ ਪੁਰ-ਅਸਰ ਗੀਤ ਗਾਏ ਜਿਨ੍ਹਾਂ ਵਿੱਚੋਂ ਇੱਕ ‘ਵਗ ਵਗ ਵੇ ਝਨਾਂ ਦਿਆ ਪਾਣੀਆਂ’ ਅਤੇ ਦੋ ਗੀਤ ਨਸੀਮ ਅਖ਼ਤਰ ਨਾਲ ‘ਕਾਲੀਆਂ ਕਾਲੀਆਂ ਬੱਦਲੀਆਂ, ਪਿੱਛੇ ਕੋਇਲ ਪਈ ਕੂਕਦੀ’, ‘ਗੋਰੀਏ, ਸੋਹਣੀਏ, ਨਾ ਕਰ, ਗ਼ੁਮਾਨ ਗੋਰੇ ਰੰਗ ਦਾ’ ਸਨ।
ਪੰਜਾਬੀ ਫ਼ਿਲਮਾਂ ਦੇ ਹਿੱਟ ਹੁੰਦਿਆਂ ਹੀ ਦਲਸੁੱਖ ਐਮ. ਪੰਚੋਲੀ ਨੇ ਸ਼ਮਸ਼ਾਦ ਬੇਗ਼ਮ’ ਦੀ ਪੁਰਕਸ਼ਿਸ਼ ਆਵਾਜ਼ ਦਾ ਇਸਤੇਮਾਲ ਉਰਦੂ ਤੇ ਹਿੰਦੀ ਫ਼ਿਲਮਾਂ ਵਿੱਚ ਕਰਨ ਫ਼ੈਸਲਾ ਕੀਤਾ। 1941 ਵਿੱਚ ਸ਼ਮਸ਼ਾਦ ਬੇਗ਼ਮ ਨੂੰ ਭਾਰਤ ਦੀ ਪਹਿਲੀ ਗੋਲਡਨ ਜੁਬਲੀ ਮਨਾਉਣ ਵਾਲੀ ਉਰਦੂ-ਹਿੰਦੀ ਫ਼ਿਲਮ ‘ਖ਼ਜ਼ਾਨਚੀ’ ਵਿੱਚ ਗਾਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਸ਼ਮਸ਼ਾਦ ਨੇ ਸਿਰਫ਼ ਪੰਜਾਬੀ ਫ਼ਿਲਮਾਂ ਲਈ ਹੀ ਗਾਇਆ ਸੀ। ਇਸ ਫ਼ਿਲਮ ਤੋਂ ਬਾਅਦ ਸ਼ਮਸ਼ਾਦ ਨੇ ਪਹਿਲੀ ਵਾਰ ਉਰਦੂ-ਹਿੰਦੀ ਫ਼ਿਲਮਾਂ ਵਿੱਚ ਗਾਉਣਾ ਸ਼ੁਰੂ ਕੀਤਾ। ਫ਼ਿਲਮ ਵਿੱਚ ਸ਼ਮਸ਼ਾਦ ਨੇ 9 ਗੀਤ ‘ਸਾਵਨ ਕੇ ਨਜ਼ਾਰੇ ਹੈਂ..ਹਾਹਾ…ਹਾਹਾ…’ (ਗ਼ੁਲਾਮ ਹੈਦਰ ਨਾਲ) ‘ਦੀਵਾਲੀ ਫਿਰ ਆ ਗਈ ਸਜਨੀ’, ‘ਏਕ ਕਲੀ ਨਾਜ਼ੋਂ ਸੇ ਪਲੀ’, ‘ਮੋਹੇ ਭਾਬੀ, ਲਾ ਦੋ ਭਈਆ’, ‘ਲੌਟ ਗਈ ਪਾਪਨ ਅੰਧਿਆਰੀ’, ‘ਪੀਨੇ ਕੇ ਦਿਨ ਆਏ ਪੀਏ ਜਾ’, ‘ਮੋਰੀ ਚੂੜੀਆਂ ਆਏਂਗੀ, ਆਲੀ ਰੰਗਾਰੰਗ ਵਾਲੀ’, ਮਨ ਧੀਰੇ ਧੀਰੇ ਰੋਨਾ’, ‘ਨੈਨੋਂ ਕੇ ਬਾਨ ਕੀ ਪ੍ਰੀਤ ਅਨੋਖੀ’ ਅਤੇ ‘ਤੋਰੀ ਆਂਖੇਂ ਹੈ ਮਦ ਕੀ ਪਿਆਲੀ’ ਗਾਏ। ਇਸ ਫ਼ਿਲਮ ਤੋਂ ਮਾਸਟਰ ਗ਼ੁਲਾਮ ਹੈਦਰ ਨੇ ਹਿੰਦੁਸਤਾਨੀ ਸੰਗੀਤ ਨੂੰ ਬੰਗਾਲੀ ਸੰਗੀਤ ਦੀਆਂ ਬੰਦਿਸ਼ਾਂ ਤੋਂ ਆਜ਼ਾਦ ਕਰਕੇ ਪੰਜਾਬੀ ਧੁਨਾਂ ਨਾਲ ਢੋਲਕ ਦਾ ਪ੍ਰਯੋਗ ਕਰਕੇ ਇੱਕ ਅਨੋਖੀ ਮਿਠਾਸ ਪੈਦਾ ਕੀਤੀ ਸੀ। ‘ਖ਼ਜ਼ਾਨਚੀ’ ਦਾ ਸੰਗੀਤ ਐਨਾ ਮਕਬੂਲ ਹੋਇਆ ਕਿ ਇਸ ਦੇ ਨਾਂ ’ਤੇ ਪ੍ਰਤਿਭਾ ਖੋਜ ਮੁਕਾਬਲਾ ਹੋਇਆ, ਜਿਸ ਵਿੱਚ ਬਾਲੜੀ ‘ਲਤਾ ਮੰਗੇਸ਼ਕਰ’ ਨੇ ‘ਸ਼ਮਸ਼ਾਦ ਬੇਗ਼ਮ’ ਦੇ ਗੀਤ ਗਾ ਕੇ ਪਹਿਲਾ ਪੁਰਸਕਾਰ ਜਿੱਤਿਆ। ਇਸ ਫ਼ਿਲਮ ਦੇ ਤਮਾਮ ਗੀਤਾਂ ਦੀ ਰਿਕਾਰਡ ਵਿਕਰੀ ਨੇ ਸਫ਼ਲਤਾ ਦੇ ਨਵੇਂ ਕੀਰਤਮਾਨ ਸਥਾਪਤ ਕੀਤੇ। ਉਸ ਜ਼ਮਾਨੇ ਵਿੱਚ ‘ਡੀ. ਐਮ. ਪੰਚੋਲੀ’ ਨੂੰ 75 ਹਜ਼ਾਰ ਰੁਪਏ ਦਾ ਮੁਨਾਫ਼ਾ ਹੋਇਆ ਸੀ। ਫ਼ਿਲਮ ‘ਖ਼ਾਨਦਾਨ’ ਵਿੱਚ ਮਾਸਟਰ ਗ਼ੁਲਾਮ ਹੈਦਰ ਨੇ ਨੂਰਜਹਾਂ ਕੋਲੋਂ 7 ਗੀਤ ਅਤੇ ਸ਼ਮਸ਼ਾਦ ਬੇਗ਼ਮ ਕੋਲੋਂ ਤਿੰਨ ਗੀਤ ਗਵਾਏ। ਇਸੇ ਸਾਲ ਸ਼ਮਸ਼ਾਦ ਬੇਗ਼ਮ ਨੇ ਸ਼ਾਂਤਾ ਆਪਟੇ ਅਤੇ ਮਨੋਰਮਾ ਦੀ ਉਰਦੂ ਫ਼ਿਲਮ ‘ਜ਼ਿਮੀਂਦਾਰ’ ਵਿੱਚ ਪੰਜ ਗੀਤ ਗਾਏ।
ਮਹਿਬੂਬ ਖ਼ਾਨ ਨੇ ਸ਼ਮਸ਼ਾਦ ਨੂੰ ਬੰਬਈ ਬੁਲਾ ਕੇ ਆਪਣੀ ਉਰਦੂ ਫ਼ਿਲਮ ‘ਤਕਦੀਰ’ (1943) ਵਿੱਚ 8 ਗੀਤ ਗਵਾਏ, ਜਿਸ ਦੇ ‘ਮੇਰੇ ਮਨ ਕੀ ਦੁਨੀਆਂ ਬਸਾ ਦੇ’ (ਮੋਤੀ ਲਾਲ ਨਾਲ), ‘ਬਾਬੂ ਦਰੋਗਾਜੀ ਕੌਨ ਕਸੂਰ ਪੇ’, ‘ਓ ਜਾਨੇਵਾਲੇ ਆਜਾ, ਤੜਫ਼ਾਨੇ ਵਾਲੇ ਆਜਾ’, ‘ਮੇਰਾ ਮਾਇਕਾ ਹੋ ਯਾ ਸਸੁਰਾਲ’ ਆਦਿ ਹਰਮਨਪਿਆਰੇ ਹੋਏ। ਇਸ ਤੋਂ ਬਾਅਦ ਫ਼ਿਲਮ ‘ਪੰਨਾ’ (1944) ਵਿੱਚ ਗਾਏ ਉਨ੍ਹਾਂ ਦੇ ਗੀਤ ਕਾਫ਼ੀ ਹਿੱਟ ਹੋਏ। ‘ਦਾਸੀ’ (1944), ‘ਕੈਸੇ ਕਹੂੰ’ (1945), ‘ਰਤਨਾਵਲੀ’, ‘ਸ਼ੀਰੀ ਫਰਹਾਦ’, ‘ਹਮਾਰਾ ਸੰਸਾਰ’, ‘ਹਮਾਯੂੰ’ (1945), ‘1857’ , ‘ਚਿਹਰਾ’, ‘ਦੇਵ ਕੰਨਿਆ’, ‘ਦੇਵਰ’, ‘ਨਾ-ਮੁਮਕਿਨ’, ‘ਬੈਰਮ ਖ਼ਾਂ’, ‘ਭਗਤ ਪ੍ਰਹਿਲਾਦ’, ‘ਮੇਰਾ ਗੀਤ’, ‘ਰੰਗ ਭੂਮੀ’, ‘ਰਸੀਲੀ’, ‘ਲਾਜ’, ‘ਸ਼ਤਰੰਜ’, ‘ਸ਼ਮ੍ਹਾਂ’, ‘ਸ਼ਾਮ-ਸਵੇਰਾ’ ਅਤੇ ‘ਕੁੰਦਨ ਲਾਲ ਸਹਿਗਲ’ ਦੀ 1946 ’ਚ ਰਿਲੀਜ਼ ਹੋਈ ਫ਼ਿਲਮ ‘ਸ਼ਾਹਜਹਾਨ’ ਦੇ ਗੀਤਾਂ ਦੀ ਸਫ਼ਲਤਾ ਨੇ ਸ਼ਮਸ਼ਾਦ ਬੇਗ਼ਮ ਨੂੰ ਅੱਵਲ ਗੁਲੂਕਾਰਾ ਬਣਾ ਦਿੱਤਾ।
‘ਕੇ. ਅਮਰਨਾਥ’ ਦੀ ਫ਼ਿਲਮ ‘ਮਿਰਜ਼ਾ-ਸਾਹਿਬਾਂ’ (1947) ਵਿੱਚ ਸੰਗੀਤਕਾਰ ਭਰਾ ‘ਪੰਡਤ ਅਮਰਨਾਥ’, ਹੁਸਨਲਾਲ’ ਤੇ ਭਗਤਰਾਮ’ ਦੇ ਸੰਗੀਤ ਵਿੱਚ ਸ਼ਮਸ਼ਾਦ ਨੇ ਪੰਜ ਗੀਤ ਗਾਏ ਐਪਰ ਇਸ ਫ਼ਿਲਮ ਉਸ ਦਾ ਪੰਜਾਬੀ ’ਚ ਗਾਇਆ ਮਿਰਜ਼ਾ ਆਪਣੇ-ਆਪ ’ਚ ਇੱਕ ਮਿਸਾਲ ਹੈ ‘ਪੱਤਰਾ ਲਿਖਣ ਵਾਲਿਆ, ਕੋਈ ਲਿਖ ਇਸ਼ਕ ਦੀ ਗੱਲ, ਮੇਰੇ ਦਿਲ ਵਿੱਚ ਉੱਠਣ ਮਤਾਬੀਆਂ, ਚੱਲ ਦਾਨਾਬਾਦ ਦੇ ਵੱਲ’। ਪੀ. ਐਲ. ਸੰਤੋਸ਼ੀ ਦੀ ਫ਼ਿਲਮ ‘ਸ਼ਹਿਨਾਈ’ (1947) ਵਿੱਚ ਪੱਛਮੀ ਧੁਨਾਂ ’ਤੇ ਆਧਾਰਿਤ ਰੈਪ ਗੀਤ ‘ਆਨਾ ਮੇਰੀ ਜਾਨ ਮੇਰੀ ਜਾਨ ਸੰਡੇ ਕੇ ਸੰਡੇ’ (ਚਿਤਲਕਰ ਤੇ ਮੀਨਾ ਕਪੂਰ ਦੇ ਨਾਲ) ਅਤੇ ‘ਹਮਾਰੇ ਅੰਗਨਾ ਆਜ ਬਾਜੇ ਸ਼ਹਿਨਾਈ’ (ਅਮੀਰਬਾਈ ਕਰਨਾਟਕੀ ਦੇ ਨਾਲ) ਗਾਏ। ਰਾਜ ਕਪੂਰ ਨੇ ਆਪਣੀ ਫ਼ਿਲਮ ‘ਆਗ’ (1948) ਵਿੱਚ ਉਨ੍ਹਾਂ ਤੋਂ ਛੇ ਗੀਤ ਗਵਾਏ, ਜਿਨ੍ਹਾਂ ਵਿੱਚੋਂ ‘ਕਾਹੇ ਕੋਇਲ ਸ਼ੋਰ ਮਚਾਏ ਰੇ’ ਅਤੇ ‘ਦੇਖ ਚਾਂਦ ਕੀ ਔਰ’ (ਸ਼ਲੇਸ਼ ਮੁਖਰਜੀ ਨਾਲ) ਅੱਜ ਵੀ ਸੰਗੀਤ-ਸ਼ੌਕੀਨਾਂ ਦੇ ਜ਼ਿਹਨ ਵਿੱਚ ਗੂੰਜਦੇ ਹਨ। ਇਸੇ ਸਾਲ ਨੁਮਾਇਸ਼ ਹੋਈ ‘ਦਲੀਪ’ ਤੇ ‘ਨਰਗਿਸ’ ਦੀ ਫ਼ਿਲਮ ‘ਮੇਲਾ’ ਦੀ ਪ੍ਰਮੁੱਖ ਗੁਲੂਕਾਰਾ ਸ਼ਮਸ਼ਾਦ ਬੇਗ਼ਮ ਹੀ ਸੀ। ਇਸ ਦੇ ‘ਆਈ ਸਾਵਨ ਰੁੱਤ ਆਈ’, ‘ਮੈਂ ਭੰਵਰਾ ਤੂੰ ਹੈ ਫੂਲ’ (ਮੁਕੇਸ਼ ਨਾਲ), ਮੋਹਨ ਕੀ ਮੁਰਲੀਆ ਬਾਜੇ’ ਆਦਿ ਬੇਹੱਦ ਮਕਬੂਲ ਹੋਏ ਸਨ। ਇਸੇ ਸਾਲ ਆਈਆਂ ‘ਅਨੋਖੀ ਅਦਾ’, ‘ਐਕਟਰਸ’, ‘ਅੰਜੂਮਨ’, ‘ਘਰ ਕੀ ਇੱਜ਼ਤ’, ‘ਗੋਪੀ ਨਾਥ’, ‘ਕਾਜਲ’, ‘ਜਲਸਾ’, ‘ਲਾਲ ਦੁਪੱਟਾ’, ‘ਮਿੱਟੀ ਕੇ ਖਿਲੌਨੇ’, ‘ਨਦੀਆ ਕੇ ਪਾਰ’, ‘ਨਾਓ’, ‘ਪੱਗੜੀ’ ਆਦਿ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਸ਼ਮਸ਼ਾਦ ਦੇ ਨਾਂ ਨੂੰ ਸ਼ਨਾਖ਼ਤ ਮਿਲੀ ਅਤੇ ਉਸ ਦੀ ਆਵਾਜ਼ ਘਰ-ਘਰ ਗੂੰਜਣ ਲੱਗ ਪਈ।
1949 ਵਿੱਚ ਆਈ ਮਜ਼ਾਹੀਆ ਫ਼ਿਲਮ ‘ਪਤੰਗਾ’ ਵਿੱਚ ਸ਼ਮਸ਼ਾਦ ਦੇ ‘ਮੇਰੇ ਪੀਆ ਗਏ ਰੰਗੂਨ’, ‘ਬੋਲੋਜੀ ਦਿਲ ਲੋਗੋ ਤੋਂ ਕਯਾ ਕਯਾ ਦੋਗੇ’(ਰਫ਼ੀ ਨਾਲ) ਅਤੇ ‘ਟਮ ਟਮ ਸੇ ਝਾਂਕੋ ਨਾ ਰਾਨੀ ਜੀ, ਗਾੜੀ ਸੇ ਗਾੜੀ ਲੜ ਜਾਏਗੀ’ ਉਨ੍ਹਾਂ ਦੀ ਗਾਇਨ-ਸ਼ੈਲੀ ਦੇ ਅਨੋਖੇ ਨਮੂਨੇ ਹਨ। ਫ਼ਿਲਮ ‘ਸ਼ਬਨਮ’ (1949) ਦਾ ‘ਯੇ ਦੁਨੀਆਂ ਰੂਪ ਕੀ ਚੋਰ, ਬਚਾਲੋ ਮੁਝੇ ਬਾਬੂ’ ਗੀਤ ਸ਼ਮਸ਼ਾਦ ਨੇ ਪੰਜ ਜ਼ਬਾਨਾਂ ਵਿੱਚ ਗਾਇਆ ਸੀ ਜੋ ਬੇਹੱਦ ਪਸੰਦ ਕੀਤਾ ਗਿਆ ਸੀ। ‘ਸਾਵਨ ਆਇਆ ਰੇ’ (1949) ਦਾ ‘ਨਹੀਂ ਫ਼ਰਿਆਦ ਕਰਤੇ ਹਮ, ਤੁਝੇ ਬਸ ਯਾਦ ਕਰਤੇ ਹਮ, ਸਨਮ ਤੇਰੀ ਕਸਮ’, ‘ਮੁਨੱਵਰ ਸੁਲਤਾਨਾ’ ਦੀ ਫ਼ਿਲਮ ‘ਬਾਬੁਲ’ (1950) ਦਾ ‘ਮਿਲਤੇ ਹੀ ਆਂਖੇ ਦਿਲ ਹੂਆ ਦੀਵਾਨਾ ਕਿਸੀ ਕਾ’, ‘ਜੋਗਨ’ (1950) ਦਾ ‘ਜਿਨ ਆਂਖੋਂ ਕੀ ਨੀਂਦ ਹਰਾਮ ਹੂਈ…’ ਅਤੇ ‘ਪਰਦੇਸ’ (1950) ਦਾ ‘ਮੇਰੇ ਘੂੰਘਬ ਵਾਲੇ ਬਾਲ’ ਆਦਿ ਅੱਜ ਵੀ ਸੰਗੀਤ-ਪ੍ਰੇਮੀਆਂ ਵੱਲੋਂ ਸ਼ੌਕ ਨਾਲ ਸੁਣੇ ਜਾਂਦੇ ਹਨ।
50ਵੇਂ ਦਹਾਕੇ ਦੇ ਅੰਤ ਤਕ ਸ਼ਮਸ਼ਾਦ ਬੇਗ਼ਮ 170 ਤੋਂ ਜ਼ਿਆਦਾ ਹਿੰਦੀ ਫ਼ਿਲਮਾਂ ਵਿੱਚ ਗਾ ਚੁੱਕੀ ਸੀ ਅਤੇ ਲਤਾ ਮੰਗੇਸ਼ਕਰ, ਗੀਤਾ ਰਾਏ ਤੇ ਆਸ਼ਾ ਭੌਸਲੇ ਦੇ ਨਾਲ ਮੁੱਖ ਗੁਲੂਕਾਰਾ ਦੇ ਰੂਪ ਵਿੱਚ ਛਾਈ ਹੋਈ ਸੀ। ਇਸ ਦਹਾਕੇ ਵਿੱਚ ਉਨ੍ਹਾਂ ਨੇ ਤਕਰੀਬਨ 300 ਫ਼ਿਲਮਾਂ ’ਚ ਗੀਤ ਗਾਏ। 50 ਅਤੇ 60 ਦੇ ਦਹਾਕੇ ਵਿੱਚ ਸ਼ਮਸ਼ਾਦ ਦੇ ਕੁਝ ਮਸ਼ਹੂਰ ਗੀਤ ‘ਸਈਆਂ ਦਿਲ ਮੇਂ ਆਨਾ ਰੇ’ (ਬਹਾਰ/1951), ‘ਚਮਨ ਮੇਂ ਰਹਿਕੇ ਵੀਰਾਨਾ, ਮੇਰਾ ਮਨ ਕਿਓਂ ਹੋਤਾ ਜਾਤਾ ਹੈ’, ‘ਨਜ਼ਰ ਫੇਰੋ ਨਾ ਹਮਸੇ, ਹਮ ਹੈਂ ਤੁਝ ਪੇ ਮਰਨੇ ਵਾਲੋਂ ਸੇ’ (ਜੀ. ਐਮ. ਦੁਰਾਨੀ ਨਾਲ/ਦੀਦਾਰ/1951), ‘ਏਕ ਦੋ ਤੀਨ, ਆਜਾ ਮੌਸਮ ਹੈ ਰੰਗੀਨ’ (ਆਵਾਰਾ/1951), ‘ਮੈਂ ਰਾਨੀ ਹੂੰ ਰਾਜਾ ਕੀ’ (ਆਨ/1951), ‘ਕਭੀ ਆਰ ਕਭੀ ਪਾਰ, ਲਾਗਾ ਤੀਰ-ਏ-ਨਜ਼ਰ’ (ਆਰ-ਪਾਰ/1954), ‘ਰੇਸ਼ਮੀ ਸਲਵਾਰ ਕੁਰਤਾ ਜਾਲੀ ਕਾ’ (ਨਯਾ ਦੌਰ/1957), ‘ਸ਼ਰਮਾ ਕਿਊਂ ਸਭ ਪਰਦਾਨਸ਼ੀਂ’ (ਚੌਦ੍ਹਵੀਂ ਕਾ ਚਾਂਦ/1960), ‘ਤੇਰੀ ਮਹਿਫ਼ਲ ਮੇਂ ਕਿਸਮਤ ਆਜ਼ਮਾ ਕਰ’ (ਲਤਾ ਨਾਲ/ਮੁਗ਼ਲ-ਏ-ਆਜ਼ਮ/1960) ਆਦਿ ਹਨ।
1949 ਤੋਂ 1970 ਤਕ ‘ਸ਼ਮਸ਼ਾਦ ਬੇਗ਼ਮ’ ਨੇ ਪੰਜਾਬੀ ਫ਼ਿਲਮਾਂ ’ਚ ਬੇਸ਼ੁਮਾਰ ਸੁਪਰਹਿੱਟ ਗੀਤ ਗਾਏ। 1949 ਨੂੰ ਨੁਮਾਇਸ਼ ਹੋਈ ਅਦਾਕਾਰ ‘ਵਾਸਤੀ’ ਅਤੇ ‘ਮਨੋਰਮਾ’ ਦੀ ਫ਼ਿਲਮ ‘ਲੱਛੀ’ ਵਿੱਚ ਸ਼ਮਸ਼ਾਦ ਬੇਗ਼ਮ ਨੇ ਮੁਨਸਿਫ਼ ਦਾ ਲਿਖਿਆ ਅਤੇ ਹੰਸਰਾਜ ਬਹਿਲ ਦੇ ਸੰਗੀਤ ’ਚ ਪਿਰੋਇਆ ‘ਮੇਰੀ ਲੱਗਦੀ ਕਿਸੇ ਨੇ ਨਾ ਵੇਖੀ ਕਿ ਟੁੱਟਦੀ ਨੂੰ ਜੱਗ ਜਾਣਦਾ’ ਗਾ ਕੇ ਸਭ ਦੇ ਦਲ ਜਿੱਤ ਲਏ। ‘ਭਾਈਆ ਜੀ’ (1950) ਵਿੱਚ ‘ਮੈਂ ਜੱਟੀ ਪੰਜਾਬ ਦੀ, ਵੇ ਮੇਰਾ ਰੇਸ਼ਮ ਵਰਗਾ ਲੱਕ’, ‘ਸੂਹੇ ਵੇ ਚੀਰੇ ਵਾਲਿਆ, ਮੈਂ ਕਹਿਨੀ ਆਂ’, ‘ਚੱਲ ਕਬੱਡੀ ਚੱਲ’ (ਰਫ਼ੀ ਸਾਹਿਬ ਨਾਲ), ‘ਮੈਂ ਲਾਵਾਂ ਚੁੰਨਾ ਕੱਥਾ’ ਅਤੇ ਰਫ਼ੀ ਤੇ ਓਮ ਪ੍ਰਕਾਸ਼ ਦੇ ਨਾਲ ‘ਬੱਲੇ ਬੱਲੇ ਅਜੇ ਤੇਰੇ ਬੰਦ ਨਾ ਬਣੇ, ਮੁੰਡੇ ਮਰਗੇ ਕਮਾਈਆਂ ਕਰਦੇ’ਗੀਤ ਗਾਏ। ਸ਼ਮਸ਼ਾਦ ਨੇ ਫ਼ਿਲਮ ‘ਛਈ’ (1950) ਵਿੱਚ ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ, ਅੱਖੀਆਂ ਦਾ ਕੀ ਮਿਲਣਾ’ (ਰਫ਼ੀ ਸਾਹਿਬ ਨਾਲ), ‘ਜਾ ਵੇ ਬੇਕਦਰਾ ਤੂੰ ਸਾਡੀ ਕਦਰ ਨਾ ਜਾਣੀ’, ‘ਦਿਲ ਟੁੱਟ ਗਏ ਮਿਲਣ ਤੋਂ ਪਹਿਲਾਂ, ਤੇ ਦੁਨੀਆਂ ਦਾ ਕੀ ਗਿਆ ਏ’ (ਰਫ਼ੀ ਸਾਹਿਬ ਨਾਲ) ਗਾਏ। ਫ਼ਿਲਮ ‘ਮਦਾਰੀ’ ਵਿੱਚ ‘ਉਹਦੇ ਨਾਲ ਹੋਣਗੀਆਂ ਗੱਲਾਂ ਗੂੜ੍ਹੀਆਂ..’, ‘ਏਡਾ ਹੁਸਨ ’ਤੇ ਗ਼ਰੂਰ ਨਹੀਂ ਚਾਹੀਦਾ’(ਰਫ਼ੀ ਸਾਹਿਬ ਨਾਲ), ‘ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਲਿਆਇਆ ਸੁਰਮਾ’ਗਾ ਕੇ ਉਹ ਸਭ ਦੀ ਚਹੇਤੀ ਬਣ ਗਈ। ਫ਼ਿਲਮ ‘ਪੋਸਤੀ’ (1950) ਵਿੱਚ ਉਸ ਨੇ ਆਸ਼ਾ ਭੌਂਸਲੇ ਨਾਲ ‘ਚੱਲੀ ਪਿਆਰ ਦੀ ਹਵਾ ਮਸਤਾਨੀ’, ‘ਚਿੱਟੇ-ਚਿੱਟੇ ਬੱਦਲਾਂ ਦੀ ਛਾਂ ਡੋਲਦੀ’ ਅਤੇ ਰਫ਼ੀ ਜੀ ਨਾਲ ‘ਗੋਰੀਏ ਗੰਨੇ ਦੀ ਪੋਰੀਏ ਨੀਂ, ਮੈਂ ਤਾਂ ਸਦਕੇ ਪਤੰਗ ਦੀ ਡੋਰੀਏ ਨੀਂ…ਗਾਇਆ। ਬਾਲੋ ਦਾ ‘ਸੋਹਣੇ ਫੁੱਲ ਪਿਆਰ ਦੇ, ਸੱਜਣਾ ਤੋਂ ਵਾਰ ਦੇ’,ਵੈਸਾਖੀ ਦਾ ‘ਦੋ ਨੈਣਾਂ ਦੇ ਤੀਰ ਸਾਡਾ ਗਏ ਕਲੇਜਾ ਚੀਰ’, ਜੁਗਨੀ ਦੇ ‘ਅੱਗ ਪਿਆਰ ਦੀ ਕਿਤੇ ਨਾ ਬੁੱਝ ਜਾਵੇ’, ‘ਉਹ ਵੇਲਾ ਯਾਦ ਕਰ’, ‘ਗੋਰੀ ਚੱਲੀ ਏਂ ਤੂੰ ਦੇ ਕੇ ਜੁਦਾਈ’, ਕੌਡੇ ਸ਼ਾਹ ਦੇ ‘ਛੱਡ ਦੇ ਤੂੰ ਮੇਰਾ ਦੁਪੱਟਾ, ਸੁਣ ਵੇ ਮਾਝੇ ਦਿਆ ਜੱਟਾ’, ‘ਕੱਚੀ ਕਲੀ ਸੀ ਨਾਜ਼ੁਕ ਦਿਲ ਮੇਰਾ’, ‘ਤੁਣਕਾ ਮਾਰ ਦੇ ਤੁਣਕਾ’, ‘ਅੱਜ ਸੋਹਣੇ ਕੱਪੜੇ ਤੇ ਚੁੰਨੀ ਵੀ ਬਰੀਕ ਏ’, ਲਾਰਾ ਲੱਪਾ ਦੇ ‘ਆ ਵੇ ਮੈਂ ਤੇਰੀ ਹੋ ਗਈ, ਬੀਬਾ ਮੈਂ ਤੇਰੀ ਹੋ ਗਈ’, ‘ਅੱਖੀਆਂ ਵਿੱਚ ਅੱਖੀਆਂ ਰਹਿਣ ਦੇ’,ਅਸ਼ਟੱਲੀ ਦੇ ‘ਚੀਚੋ ਚੀਚ ਗਨੇਰੀਆਂ, ਦੋ ਤੇਰੀਆਂ ਦੋ ਮੇਰੀਆਂ’, ‘ਇਹ ਕਿੱਧਰ ਦਾ ਰਾਹ ਗੋਰੀਏ’, ਵਣਜਾਰਾ ਦਾ ‘ਮੈਂ ਤਾਂ ਮਲੂਕ ਜਿਹੀ, ਜੱਟ ਪੱਲੇ ਪੈ ਗਿਆ, ਜਿਹਨੇ ਲਾਇਆ ਗੱਲੀਂ’, ‘ਭੰਗੜਾ’ ਦੇ ‘ਬੱਤੀ ਬਾਲ ਕੇ ਬਨੇਰੇ ’ਤੇ ਰੱਖਦੀ ਹਾਂ’, ‘ਰੱਬ ਨਾ ਕਰੇ ਜੇ ਚਲਾ ਜਾਵੇਂ ਤੂੰ ਵੀ ਛੱਡ ਕੇ’,‘ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀਂ’, ਦੋ ਲੱਛੀਆਂ ਦੇ ‘ਭਾਵੇਂ ਬੋਲ ਤੇ ਭਾਵੇਂ ਨਾ ਬੋਲ, ਵੇ ਚੰਨਾ ਵੱਸ ਅੱਖੀਆਂ ਦੇ ਕੋਲ’, ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਈਓਂ ਬਹਿੰਦੀ’। ਯਮਲਾ ਜੱਟ ਦੇ ‘ਲੰਮਾ ਲੰਮਾ ਬਾਜਰੇ ਦਾ ਸਿੱਟਾ, ਰੰਗ ਦਾ ਮਾਹੀ ਚਿੱਟਾ’, ‘ਮੇਰਾ ਹਾਲ ਵੇਖ ਕੇ, ਡਰਦੇ ਲੋਕ ਨਾ ਕੋਲ ਖਲੋਂਦੇ ਨੇ’, ‘ਚੀਚੀ ਵਿੱਚ ਪਾ ਕੇ ਛੱਲਾ, ਵੇ ਅੜਿਆ ਫੇਰ ਨਾ ਮਿਲਿਓਂ ਕੱਲਾ ਵੇ’, ਲਾਜੋ ਦੇ ‘ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲੋਂ ਇਸ਼ਕ ਮਿੱਠਾ’, ਪਿੰਡ ਦੀ ਕੁੜੀ ਦਾ ‘ਤੂਹੀਓਂ ਏਂ ਨਹੀਂ ਕਈ ਹੋਰ, ਚੋਰ-ਚੋਰ ਮੇਰੇ ਦਿਲ ਦਾ ਚੋਰ’, ਮੈਂ ਜੱਟੀ ਪੰਜਾਬ ਦੀ ਦਾ ‘ਬੰਨ੍ਹ ਕੇ ਲਾਚਾ ਸ਼ਹਿਰੀਆ ਵੇ ਤੂੰ ਬਣਿਆ ਫਿਰਦਾ ਏਂ ਜੱਟ’,ਨਾਨਕ ਨਾਮ ਜਹਾਜ਼ ਦਾ ‘ਹਾੜਾ ਨੀਂ ਹਾੜਾ ਹਨੇਰ ਪੈ ਗਿਆ’ ਸ਼ਮਸ਼ਾਦ ਬੇਗ਼ਮ ਦੇ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹੇ ਹੋਏ ਗੀਤ ਹਨ। ਸ਼ਮਸ਼ਾਦ ਬੇਗ਼ਮ ਨੇ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਆਖ਼ਰੀ ਨਗ਼ਮੇ ਧੀਰਜ ਕੁਮਾਰ ਅਤੇ ਦਲਜੀਤ ਕੌਰ ਦੀ ਫ਼ਿਲਮ ‘ਦਾਜ’ (1976) ਵਿੱਚ ਐਸ. ਮੋਹਿੰਦਰ ਦੇ ਸੰਗੀਤ ’ਚ ਮਹਿੰਦਰ ਕਪੂਰ ਨਾਲ ਗਾਏ। ਇਸ ਦੇ ਭੰਗੜਾ ਗੀਤ ਦੇ ਬੋਲ ਹਨ ‘ਗੋਰਾ ਰੰਗ ਵੰਡਿਆ ਨਾ ਜਾਵੇ, ਗੁੜ ਹੋਵੇ ਵੰਡਦੀ ਫਿਰਾਂ’ ਜੋ ਬਹੁਤ ਮਕਬੂਲ ਹੋਇਆ।
65 ਤੋਂ 70 ਦੇ ਦਹਾਕੇ ਵਿੱਚ ‘ਸ਼ਮਸ਼ਾਦ ਬੇਗ਼ਮ’ ਨੇ ਲਗਪਗ 40 ਫ਼ਿਲਮਾਂ ਵਿੱਚ ਗੀਤ ਗਾਏ। ਇਸ ਜ਼ਮਾਨੇ ਵਿੱਚ ਗਾਏ ‘ਕਜਲਾ ਮੁਹੱਬਤ ਵਾਲਾ, ਅੱਖੀਓਂ ਮੇਂ ਐਸਾ ਡਾਲਾ’ (ਆਸ਼ਾ ਭੌਸਲੇ ਨਾਲ/ਕਿਸਮਤ/1968), ‘ਨਾਚੇ ਅੰਗ ਵੇ, ਛਲਕੇ ਰੰਗ ਵੇ’ (ਜਗਜੀਤ ਕੌਰ ਨਾਲ/ਹੀਰ ਰਾਂਝਾ/1970) ਬਹੁਤ ਪ੍ਰਸਿੱਧ ਹੋਏ। 1971 ਵਿੱਚ ਸ਼ਮਸ਼ਾਦ ਬੇਗ਼ਮ ਦੇ ਗੀਤਾਂ ਦੀਆਂ 4 ਫ਼ਿਲਮਾਂ ਰਿਲੀਜ਼ ਹੋਈਆਂ ‘ਪਰਦੇ ਕੇ ਪੀਛੇ’, ‘ਰੰਗ ਬਿਰੰਗੀ’, ‘ਉਸਤਾਦ ਪੈਡਰੋ’ ਅਤੇ ‘ਜੌਹਰ ਮਹਿਮੂਦ ਇਨ ਹੌਂਗਕੌਂਗ’। 1972 ਵਿੱਚ 2 ਫ਼ਿਲਮਾਂ ‘ਸ਼ਰਾਰਤ’ ਅਤੇ ‘ਬਾਂਕੇਲਾਲ’ ਨੁਮਾਇਸ਼ ਹੋਈਆਂ। ਸ਼ਮਸ਼ਾਦ ਬੇਗ਼ਮ ਨੇ ਹਿੰਦੀ ਫ਼ਿਲਮਾਂ ਵਿੱਚ ਆਖ਼ਰੀ ਵਾਰ ‘ਗੰਗਾ ਮਾਂਗ ਰਹੀ ਬਲਿਦਾਨ’ (1980) ਵਿੱਚ ਗਾਇਆ। ‘ਮੁਬਾਰਕ ਬੇਗ਼ਮ’ ਨਾਲ ਗਾਏ ਸ਼ਮਸ਼ਾਦ ਦੇ ਇਹ 3 ਗੀਤਾਂ ਦੇ ਬੋਲ ਹਨ ‘ਹਮੇਂ ਮਿਟਾਨੇ ਆਇਆ ਜੋ’, ‘ਕਰਲੇ ਜਿਤਨਾ ਸਿਤਮ’, ‘ਹੋ ਸਨਮ ਤੇਰੇ ਲੀਏ’।
60ਵੇਂ ਦਹਾਕੇ ਵਿੱਚ ਜਦੋਂ ਲਤਾ ਯੁੱਗ ਦਾ ਆਗ਼ਾਜ਼ ਹੋ ਚੁੱਕਿਆ ਸੀ ਅਤੇ ਜੌਹਰਾਬਾਈ ਅੰਬਾਲਾ, ਅਮੀਰਬਾਈ ਕਰਨਾਟਕੀ, ਲਲਿਤਾ ਦਿਓਲਕਰ, ਰਾਜਕੁਮਾਰੀ, ਸੁਰੱਈਆ ਆਦਿ ਦਿੱਗਜ਼ ਗਾਇਕਾਵਾਂ ਆਪਣੀ ਚਮਕ ਬਿਖੇਰ ਕੇ ਗੁੰਮ ਹੋ ਚੁੱਕੀਆਂ ਸਨ ਤਾਂ ਓਦੋਂ ਸ਼ਮਸ਼ਾਦ ਬੇਗ਼ਮ ਅਜਿਹੀ ਪੁਰਾਣੀ ਗੁਲੂਕਾਰਾ ਸੀ ਜੋ 70ਵੇਂ ਦਹਾਕੇ ਦੇ ਅੰਤ ਤਕ ਪਿੱਠਵਰਤੀ ਗਾਇਕਾ ਵਜੋਂ ਜੰਮੀ ਰਹੀ। ‘ਲਤਾ’ ਦੌਰ ’ਚ ‘ਸ਼ਮਸ਼ਾਦ’ ਤੋਂ ਇਲਾਵਾ ਕਿਸੇ ਵੀ ਪੁਰਾਣੀ ਗੁਲੂਕਾਰਾ ਨੂੰ ਅਜਿਹੀ ਸ਼ੁਹਰਤ ਨਸੀਬ ਨਹੀਂ ਹੋਈ ਸੀ। ਸ਼ਮਸ਼ਾਦ ਬੇਗ਼ਮ ਨੇ ਆਪਣੀ ਦਿਲ-ਟੁੰਬਵੀ ਅਤੇ ਖਣਕਦੀ ਆਵਾਜ਼ ਵਿੱਚ 1650 ਫ਼ਿਲਮੀ ਅਤੇ ਗ਼ੈਰ-ਫ਼ਿਲਮੀ ਗੀਤ ਗਾਏ ਹਨ। ਉਰਦੂ,ਹਿੰਦੀ, ਪੰਜਾਬੀ ਗੀਤਾਂ ਤੋਂ ਇਲਾਵਾ ਉਸ ਨੇ ਤਮਿਲ, ਭੋਜਪੁਰੀ, ਰਾਜਸਥਾਨੀ ਅਤੇ ਪਸ਼ਤੋ ਜ਼ਬਾਨ ਵਿੱਚ ਵੀ ਗੀਤ ਗਾਏ ਹਨ। ਸ਼ਮਸ਼ਾਦ ਬੇਗ਼ਮ ਨੇ ਆਪਣੇ ਜ਼ਮਾਨੇ ਦੇ ਤਮਾਮ ਸੰਗੀਤਕਾਰਾਂ ਦੀਆਂ ਧੁਨਾਂ ਵਿੱਚ ਲਾਜਵਾਬ ਗੀਤ ਗਾਏ ਜਿਨ੍ਹਾਂ ਵਿੱਚ ਮਾਸਟਰ ਗ਼ੁਲਾਮ ਹੈਦਰ, ਨੌਸ਼ਾਦ ਅਲੀ, ਪੰਡਤ ਗੋਬਿੰਦਰਾਮ, ਪੰਡਤ ਹੁਸਨਲਾਲ-ਭਗਤਰਾਮ, ਪੰਡਤ ਖ਼ੇਮਚੰਦ ਪ੍ਰਕਾਸ਼, ਸ਼ਿਆਮ ਸੁੰਦਰ, ਅਨਿਲ ਬਿਸਵਾਸ, ਵਿਨੋਦ, ਸਰਦੂਲ ਕਵਾਤੜਾ, ਐਸ. ਮੋਹਿੰਦਰ, ਓ. ਪੀ. ਨਈਅਰ, ਮਦਨ ਮੋਹਨ, ਗ਼ੁਲਾਮ ਮੁਹੰਮਦ, ਸਜਾਦ ਹੂਸੈਨ ਆਦਿ ਦੇ ਨਾਂ ਪ੍ਰਮੁੱਖ ਹਨ। ਸ਼ਮਸ਼ਾਦ ਬੇਗ਼ਮ ਵੀ ਉੱਚੇ ਸੁਰ ਵਿੱਚ ਗਾਉਣ ਵਾਲੀਆ ਗਾਇਕਾਵਾਂ ’ਚੋਂ ਸੀ। ਉਸ ਦੀ ਆਵਾਜ਼ ਪਤਲੀ ਨਹੀਂ ਸੀ ਐਪਰ ਉਸ ਵਿੱਚ ਕੁਦਰਤੀ ਮਿਠਾਸ ਸੀ ਜੋ ਸੁਣਨ ਨੂੰ ਚੰਗੀ ਲੱਗਦੀ ਸੀ। ਪਤਲੀਆਂ ਆਵਾਜ਼ਾਂ ਦਾ ਜ਼ਮਾਨਾ ਸ਼ੁਰੂ ਹੋਇਆ ਤਾਂ ਉਨ੍ਹਾਂ ਦਾ ਗਾਉਣਾ ਘੱਟ ਹੁੰਦਾ ਗਿਆ। ਸਾਲ 2009 ਵਿੱਚ ਭਾਰਤ ਸਰਕਾਰ ਨੇ ਉਸ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਅਤੇ ਇਸੇ ਸਾਲ ਹੀ ਫ਼ਿਲਮਾਂ ਦੇ ਵੱਕਾਰੀ ਪੁਰਸਕਾਰ ‘ਦਾਦਾ ਸਾਹਿਬ ਫ਼ਾਲਕੇ ਐਵਾਰਡ’ ਨਾਲ ਨਿਵਾਜਿਆ ਗਿਆ ਜੋ 90 ਵਰ੍ਹਿਆਂ ਦੀ ਉਮਰ ਵਿੱਚ ਕਿਸੇ ਸੁਖ਼ਦ ਅਹਿਸਾਸ ਤੋਂ ਘੱਟ ਨਹੀਂ ਸੀ।
1949 ਤੋਂ 1970 ਤਕ ‘ਸ਼ਮਸ਼ਾਦ ਬੇਗ਼ਮ’ ਨੇ ਪੰਜਾਬੀ ਫ਼ਿਲਮਾਂ ’ਚ ਬੇਸ਼ੁਮਾਰ ਸੁਪਰਹਿੱਟ ਗੀਤ ਗਾਏ। ‘ਮੇਰੀ ਲੱਗਦੀ ਕਿਸੇ ਨੇ ਨਾ ਵੇਖੀ ਕਿ ਟੁੱਟਦੀ ਨੂੰ ਜੱਗ ਜਾਣਦਾ’,‘ਮੈਂ ਜੱਟੀ ਪੰਜਾਬ ਦੀ, ਵੇ ਮੇਰਾ ਰੇਸ਼ਮ ਵਰਗਾ ਲੱਕ’, ‘ਸੂਹੇ ਵੇ ਚੀਰੇ ਵਾਲਿਆ, ਮੈਂ ਕਹਿਨੀ ਆਂ’, ‘ਚੱਲ ਕਬੱਡੀ ਚੱਲ’ (ਰਫ਼ੀ ਸਾਹਿਬ ਨਾਲ), ‘ਮੈਂ ਲਾਵਾਂ ਚੁੰਨਾ ਕੱਥਾ’ ਅਤੇ ਰਫ਼ੀ ਤੇ ਓਮ ਪ੍ਰਕਾਸ਼ ਦੇ ਨਾਲ ‘ਬੱਲੇ ਬੱਲੇ ਅਜੇ ਤੇਰੇ ਬੰਦ ਨਾ ਬਣੇ, ਮੁੰਡੇ ਮਰਗੇ ਕਮਾਈਆਂ ਕਰਦੇ’, ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ, ਅੱਖੀਆਂ ਦਾ ਕੀ ਮਿਲਣਾ’ (ਰਫ਼ੀ ਸਾਹਿਬ ਨਾਲ), ‘ਜਾ ਵੇ ਬੇਕਦਰਾ ਤੂੰ ਸਾਡੀ ਕਦਰ ਨਾ ਜਾਣੀ’, ‘ਦਿਲ ਟੁੱਟ ਗਏ ਮਿਲਣ ਤੋਂ ਪਹਿਲਾਂ, ਤੇ ਦੁਨੀਆਂ ਦਾ ਕੀ ਗਿਆ ਏ’ (ਰਫ਼ੀ ਸਾਹਿਬ ਨਾਲ), ‘ਉਹਦੇ ਨਾਲ ਹੋਣਗੀਆਂ ਗੱਲਾਂ ਗੂੜ੍ਹੀਆਂ..’, ‘ਏਡਾ ਹੁਸਨ ’ਤੇ ਗ਼ਰੂਰ ਨਹੀਂ ਚਾਹੀਦਾ’(ਰਫ਼ੀ ਸਾਹਿਬ ਨਾਲ), ‘ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਲਿਆਇਆ ਸੁਰਮਾ’,‘ਚੱਲੀ ਪਿਆਰ ਦੀ ਹਵਾ ਮਸਤਾਨੀ’, ‘ਚਿੱਟੇ-ਚਿੱਟੇ ਬੱਦਲਾਂ ਦੀ ਛਾਂ ਡੋਲਦੀ’, ‘ਗੋਰੀਏ ਗੰਨੇ ਦੀ ਪੋਰੀਏ ਨੀਂ, ਮੈਂ ਤਾਂ ਸਦਕੇ ਪਤੰਗ ਦੀ ਡੋਰੀਏ ਨੀਂ…’, ‘ਸੋਹਣੇ ਫੁੱਲ ਪਿਆਰ ਦੇ, ਸੱਜਣਾ ਤੋਂ ਵਾਰ ਦੇ’ ‘ਦੋ ਨੈਣਾਂ ਦੇ ਤੀਰ ਸਾਡਾ ਗਏ ਕਲੇਜਾ ਚੀਰ’,‘ਅੱਗ ਪਿਆਰ ਦੀ ਕਿਤੇ ਨਾ ਬੁਝ ਜਾਵੇ’,‘ਉਹ ਵੇਲਾ ਯਾਦ ਕਰ’, ‘ਗੋਰੀ ਚੱਲੀ ਏਂ ਤੂੰ ਦੇ ਕੇ ਜੁਦਾਈ’,‘ਛੱਡ ਦੇ ਤੂੰ ਮੇਰਾ ਦੁਪੱਟਾ, ਸੁਣ ਵੇ ਮਾਝੇ ਦਿਆ ਜੱਟਾ’, ‘ਕੱਚੀ ਕਲੀ ਸੀ ਨਾਜ਼ੁਕ ਦਿਲ ਮੇਰਾ’, ‘ਤੁਣਕਾ ਮਾਰ ਦੇ ਤੁਣਕਾ’, ‘ਅੱਜ ਸੋਹਣੇ ਕੱਪੜੇ ਤੇ ਚੁੰਨੀ ਵੀ ਬਰੀਕ ਏ’,‘ਆ ਵੇ ਮੈਂ ਤੇਰੀ ਹੋ ਗਈ, ਬੀਬਾ ਮੈਂ ਤੇਰੀ ਹੋ ਗਈ’, ‘ਅੱਖੀਆਂ ਵਿੱਚ ਅੱਖੀਆਂ ਰਹਿਣ ਦੇ’,‘ਚੀਚੋ ਚੀਚ ਗਨੇਰੀਆਂ, ਦੋ ਤੇਰੀਆਂ ਦੋ ਮੇਰੀਆਂ’, ‘ਇਹ ਕਿੱਧਰ ਦਾ ਰਾਹ ਗੋਰੀਏ’, ਮੈਂ ਤਾਂ ਮਲੂਕ ਜਿਹੀ, ਜੱਟ ਪੱਲੇ ਪੈ ਗਿਆ, ਜਿਹਨੇ ਲਾਇਆ ਗੱਲੀਂ’, ‘ਬੱਤੀ ਬਾਲ ਕੇ ਬਨੇਰੇ ’ਤੇ ਰੱਖਦੀ ਹਾਂ’,‘ਰੱਬ ਨਾ ਕਰੇ ਜੇ ਚਲਾ ਜਾਵੇਂ ਤੂੰ ਵੀ ਛੱਡ ਕੇ’,‘ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀਂ’,‘ਭਾਵੇਂ ਬੋਲ ਤੇ ਭਾਵੇਂ ਨਾ ਬੋਲ, ਵੇ ਚੰਨਾ ਵੱਸ ਅੱਖੀਆਂ ਦੇ ਕੋਲ’, ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਈਓਂ ਬਹਿੰਦੀ’, ‘ਲੰਮਾ ਲੰਮਾ ਬਾਜਰੇ ਦਾ ਸਿੱਟਾ, ਰੰਗ ਦਾ ਮਾਹੀ ਚਿੱਟਾ’, ‘ਮੇਰਾ ਹਾਲ ਵੇਖ ਕੇ, ਡਰਦੇ ਲੋਕ ਨਾ ਕੋਲ ਖਲੋਂਦੇ ਨੇ’, ‘ਚੀਚੀ ਵਿੱਚ ਪਾ ਕੇ ਛੱਲਾ, ਵੇ ਅੜਿਆ ਫੇਰ ਨਾ ਮਿਲਿਓਂ ਕੱਲਾ ਵੇ’, ‘ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲੋਂ ਇਸ਼ਕ ਮਿੱਠਾ’ ਆਦਿ ਸ਼ਮਸ਼ਾਦ ਬੇਗ਼ਮ ਦੇ ਗਾਏ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹੇ ਹੋਏ ਗੀਤ ਹਨ।
* ਸੰਪਰਕ:97805-09545
No comments:
Post a Comment