ਇਹ ਮੇਲਾ ਜਿਸ ਵਿਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਧਰਮ, ਫਿਰਕੇ, ਸੱਭਿਆਚਾਰ ਅਤੇ ਸੂਬੇ ਦੇ ਲੋਕ ਹਿੱਸਾ ਲੈ ਰਹੇ ਨੇ। ਵੱਖੋ-ਵੱਖਰੇ ਪਹਿਰਾਵੇ, ਵੱਖੋ-ਵੱਖਰੀਆਂ ਭਾਸ਼ਾਵਾਂ ਅਤੇ ਵੱਖੋ-ਵੱਖਰੇ ਮੁਹਾਂਦਰਿਆਂ ਵਾਲੇ ਇਹ ਲੋਕ ਵੱਖੋ-ਵੱਖ ਦਿਖਣ ਦੇ ਬਾਵਜੂਦ ਇਕ ਰੂਹਾਨੀਅਤ ਦੀ ਮਾਲਾ ਦੇ ਮੋਤੀ ਜਾਪਦੇ ਨੇ।
ਤੀਰਥਾਂ ਦੇ ਰਾਜੇ ਵਜੋਂ ਜਾਣੇ ਜਾਂਦੇ ਪ੍ਰਯਾਗ ਰਾਜ ਜਾਣੀ ਇਲਾਹਾਬਾਦ 'ਚ ਗੰਗਾ-ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਕੁੰਭ ਮੇਲਾ ਬੜੇ ਹੀ ਜ਼ੋਸ਼ੋ-ਖਰੋਸ਼ ਨਾਲ ਜਾਰੀ ਹੈ। 55 ਦਿਨ ਤੱਕ ਚੱਲਣ ਵਾਲੇ ਇਸ ਕੁੰਭ ਮੇਲੇ ਵਿਚ ਭਾਰਤ ਹੀ ਨਹੀਂ, ਬਲਕਿ ਦੁਨੀਆ ਭਰ ਤੋਂ ਭਾਰਤੀ ਸੱਭਿਆਚਾਰ ਅਤੇ ਅਧਿਆਤਮਕ ਗਿਆਨ ਵਿਚ ਰੁਚੀ ਰੱਖਣ ਵਾਲੇ ਲੋਕ ਇਸ ਮੇਲੇ ਵਿਚ ਡੇਰਾ ਜਮਾਈ ਬੈਠੇ ਨੇ। ਆਮ ਧਾਰਨਾ ਮੁਤਾਬਕ 12 ਸਾਲ ਬਾਅਦ ਲੱਗਣ ਵਾਲੇ ਇਸ ਧਾਰਮਿਕ ਕੁੰਭ ਨੂੰ ਹਿੰਦੂ ਮੇਲਾ ਸਮਝਿਆ ਜਾਂਦਾ ਹੈ, ਪਰ
ਇਹ ਮੇਲਾ ਹਿੰਦੂ ਧਰਮ ਦਾ ਨਹੀਂ ਬਲਕਿ ਭਾਰਤੀ ਸੱਭਿਆਚਾਰਕ ਅਤੇ ਰੂਹਾਨੀਅਤ ਦਾ ਸੰਗਮ ਜਾਪਦਾ ਹੈ। ਜਿਸ ਵਿਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਧਰਮ, ਫਿਰਕੇ, ਸੱਭਿਆਚਾਰ ਅਤੇ ਸੂਬੇ ਦੇ ਲੋਕ ਹਿੱਸਾ ਲੈ ਰਹੇ ਨੇ। ਵੱਖੋ-ਵੱਖਰੇ ਪਹਿਰਾਵੇ, ਵੱਖੋ-ਵੱਖਰੀਆਂ ਭਾਸ਼ਾਵਾਂ ਅਤੇ ਵੱਖੋ-ਵੱਖਰੇ ਮੁਹਾਂਦਰਿਆਂ ਵਾਲੇ ਇਹ ਲੋਕ ਵੱਖੋ-ਵੱਖ ਦਿਖਣ ਦੇ ਬਾਵਜੂਦ ਇਕ ਰੂਹਾਨੀਅਤ ਦੀ ਮਾਲਾ ਦੇ ਮੋਤੀ ਜਾਪਦੇ ਨੇ। ਇਨ੍ਹਾਂ ਵਿਚ ਬਹੁ-ਗਿਣਤੀ ਭਾਵੇਂ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਹੈ, ਜੋ ਆਪਣੇ ਧਾਰਮਿਕ ਅਕੀਦੇ ਮੁਤਾਬਕ ਸੰਗਮ ਦੇ ਕੁੰਭ ਮੇਲੇ 'ਚ ਮੁਕਤੀ ਦਾ ਰਾਹ ਲੱਭਣ ਆਏ ਹੋਏ ਨੇ, ਪਰ ਦੂਜੇ ਫਿਰਕਿਆਂ ਦੇ ਲੋਕਾਂ ਲਈ ਇਸ ਕੁੰਭ ਮੇਲੇ ਦੇ ਆਪੋ-ਆਪਣੇ ਅਰਥ ਨੇ। ਹਿੰਦੂ ਧਰਮ ਤੋਂ ਬਾਅਦ ਇਸ ਮੇਲੇ ਵਿਚ ਜਿਸ ਧਰਮ ਦੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਦਿਖਾਈ ਦਿੰਦੀ ਹੈ, ਉਹ ਹੈ ਸਿੱਖ ਧਰਮ। ਸਿੱਖ ਕੌਮ ਦੀ ਸਕਾਲਰ ਸੰਪਰਦਾਇ ਨਿਰਮਲੇ ਪੁਰਾਤਨ ਸਮੇਂ ਤੋਂ ਹੀ ਕੁੰਭ ਮੇਲਿਆਂ 'ਚ ਸ਼ਮੂਲੀਅਤ ਕਰਦੇ ਨੇ ਅਤੇ ਗ਼ੈਰ-ਪੰਜਾਬੀ ਅਤੇ ਗ਼ੈਰ-ਸਿੱਖ ਲੋਕਾਂ ਵਿਚ ਇਸ ਸਮੇਂ ਨੂੰ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਇਕ ਵੱਡੇ ਮੌਕੇ ਵਜੋਂ ਵਰਤਦੇ ਨੇ। ਇਸ ਸੰਪਰਦਾਇ ਨਾਲ ਜੁੜੇ ਹੋਏ ਵੱਡੀ ਗਿਣਤੀ ਵਿਚ ਸਿੱਖ ਸੰਤ ਮਹਾਪੁਰਸ਼, ਵਿਦਵਾਨ ਅਤੇ ਵੱਡੀ ਗਿਣਤੀ 'ਚ ਲੋਕ ਵੱਖ-ਵੱਖ ਸੂਬਿਆਂ ਤੋਂ ਇਥੇ ਪਹੁੰਚੇ ਹੋਏ ਨੇ। ਇਸ ਸਮੇਂ ਨਿਰਮਲ ਸੰਪ੍ਰਦਾਇ ਦੇ ਮੁਖੀ ਸ਼੍ਰੀ ਮਹੰਤ ਗਿਆਨ ਦੇਵ ਸਿੰਘ ਹਨ। ਜੋ ਦੇਸ਼ ਦੇ ਸੰਸਕ੍ਰਿਤ ਅਤੇ ਗੁਰਬਾਣੀ ਦੇ ਬਹੁਤ ਵੱਡੇ ਵਿਦਵਾਨ ਹਨ। ਇਸ ਵਾਰ ਦੇ ਕੁੰਭ ਮੇਲੇ ਵਿਚ ਸ਼੍ਰੀ ਮਹੰਤ ਦੀ ਅਗਵਾਈ 'ਚ ਕੁੰਭ ਮੇਲੇ ਦੀ ਰਵਾਇਤ ਮੁਤਾਬਕ ਸ਼ਾਹੀ ਜਲੂਸ ਕੱਢਿਆ ਗਿਆ ਅਤੇ ਫਿਰ ਸ਼ਾਹੀ ਇਸ਼ਨਾਨ ਕੀਤਾ ਗਿਆ। ਨਿਰਮਲ ਸੰਪਰਦਾਇ ਅਤੇ ਦੂਜੇ ਅਖਾੜਿਆਂ ਵਿਚ ਫਰਕ ਇਹ ਸੀ ਕਿ ਦੂਜੇ ਸਾਧੂ-ਸੰਤ ਜਿੱਥੇ ਆਪੋ-ਆਪਣੇ ਅਖਾੜੇ ਦੇ ਮੁਖੀ ਦੀ ਅਗਵਾਈ 'ਚ ਸ਼ਾਹੀ ਜਲੂਸ ਕੱਢ ਰਹੇ ਸਨ, ਉਥੇ ਨਿਰਮਲ ਸੰਪਰਦਾਇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕੱਢਿਆ। ਨਿਰਮਲ ਪੰਚਾਇਤੀ ਅਖਾੜਾ ਦੀ ਇਲਾਹਾਬਾਦ ਵਿਚਲੀ ਬ੍ਰਾਂਚ ਪੀਲੀ ਕੋਠੀ ਤੋਂ ਕੱਢੇ ਗਏ ਇਸ ਨਗਰ ਕੀਰਤਨ ਨੇ ਕਰੀਬ ਦਸ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਸੰਗਮ 'ਤੇ ਪਹੁੰਚਿਆ। ਜਿਸ ਨੂੰ ਦੇਖਣ ਲਈ ਲੱਖਾਂ ਲੋਕ ਸੜਕ ਦੇ ਦੋਵੇਂ ਪਾਸੀਂ ਖੜ੍ਹੇ ਸਨ। ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ 'ਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਨਿਰਮਲੇ ਸੰਤਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਜਾ ਰਿਹਾ ਸੀ। ਇਹ ਅਲੌਕਿਕ ਨਜ਼ਾਰਾ ਸ਼ਾਇਦ ਹੋਰ ਕਿਧਰੇ ਨਾ ਦਿਸਦਾ ਹੋਵੇ। ਇਹ ਵੀ ਗੱਲ ਪੂਰੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਹ ਨਗਰ ਕੀਰਤਨ ਦੁਨੀਆ ਦਾ ਸਭ ਤੋਂ ਵੱਡਾ ਨਗਰ ਕੀਰਤਨ ਸੀ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲਈ ਪੰਜ-ਸੱਤ ਲੱਖ ਲੋਕ ਨਹੀਂ ਬਲਕਿ ਕਰੋੜਾਂ ਲੋਕ ਉਮੜ੍ਹਦੇ ਨੇ। ਇਸ ਵਾਰ ਦੇ ਕੁੰਭ ਮੇਲੇ ਵਿਚ ਅਜੇ ਸਿਰਫ ਇਕ ਸ਼ਾਹੀ ਇਸ਼ਨਾਨ 14 ਜਨਵਰੀ ਨੂੰ ਹੋਇਆ ਹੈ। ਜਿਸ ਵਿਚ ਇਕ ਕਰੋੜ ਤੋਂ ਵੱਧ ਲੋਕਾਂ ਨੇ ਸੰਗਮ 'ਤੇ ਇਸ਼ਨਾਨ ਕੀਤਾ।ਜਿੰਨੇ ਵੀ ਸਾਧੂ-ਸੰਤ ਕੁੰਭ ਮੇਲੇ 'ਤੇ ਪਹੁੰਚਦੇ ਹਨ, ਉਨ੍ਹਾਂ ਨੂੰ ਤੇਰਾਂ ਵੱਖੋ-ਵੱਖਰੇ ਅਖਾੜਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਨਾਗੇ ਸਾਧੂ ਵੀ ਹਨ ਅਤੇ ਅੱਜ ਕਲ੍ਹ ਟੀਵੀ ਚੈਨਲਾਂ 'ਤੇ ਦਿਖਾਈ ਦੇਣ ਵਾਲੇ ਮਾਡਰਨ ਬਾਬੇ ਵੀ। ਹਰ ਅਖਾੜੇ ਦੀ ਆਪੋ-ਆਪਣੀ ਪਰੰਪਰਾ ਹੈ ਅਤੇ ਸਾਧੂ-ਸੰਤ ਇਕ ਦੂਜੇ ਨੂੰ ਮਿਲਦੇ ਹਨ ਅਤੇ ਧਰਮ ਤੇ ਰੂਹਾਨੀਅਤ ਤੋਂ ਇਲਾਵਾ ਹੋਰ ਸਮਾਜਿਕ ਮੁੱਦਿਆਂ 'ਤੇ ਵੀ ਚਰਚਾ ਹੁੰਦੀ ਹੈ। ਭਾਰਤ ਸਰਕਾਰ ਅਤੇ ਉਤਰ ਪ੍ਰਦੇਸ਼ ਸਰਕਾਰ ਵਲੋਂ ਇਸ ਵਾਰ ਕੁੰਭ ਮੇਲੇ ਦੇ ਪ੍ਰਬੰਧ ਲਈ ਸਾਢੇ ਗਿਆਰਾਂ ਸੌ ਕਰੋੜ ਰੁਪਇਆ ਖਰਚਿਆ ਗਿਆ ਹੈ। ਦੁਨੀਆ ਭਰ ਤੋਂ ਇਕ ਦਰਜਨ ਤੋਂ ਵੱਧ ਮੈਨੇਜੇਮੈਂਟ ਨਾਲ ਸਬੰਧਤ ਯੂਨੀਵਰਸਿਟੀਆਂ ਦੇ ਵਿਦਵਾਨ ਇਸ ਥਾਂ 'ਤੇ ਸਿਰਫ ਇਸ ਲਈ ਪਹੁੰਚੇ ਹੋਏ ਨੇ ਤਾਂ ਜੋ ਉਹ ਇਸ ਪ੍ਰਬੰਧ ਤੋਂ ਇਹ ਸਿੱਖ ਸਕਣ ਕਿ ਕਰੋੜਾਂ ਦੀ ਗਿਣਤੀ ਵਾਲੇ ਇਸ ਮੇਲੇ ਦਾ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰਬੰਧ ਦੀ ਰੌਚਕ ਗੱਲ ਇਹ ਹੈ ਕਿ ਗੰਗਾਂ ਦੇ ਤੱਟ 'ਤੇ ਕਰੀਬ ਦਸ ਕਿਲੋਮੀਟਰ ਵਿਚ ਇਹ ਸਾਰਾ ਪ੍ਰਬੰਧ ਆਰਜੀ ਤੌਰ 'ਤੇ ਕੀਤਾ ਗਿਆ ਹੈ। ਜਿਸ ਵਿਚ ਰੇਤ 'ਤੇ ਲੋਹੇ ਦੀਆਂ ਚਾਦਰਾਂ ਵਿਛਾ ਕੇ ਸੜਕਾਂ ਬਣਾਈਆਂ ਗਈਆਂ ਨੇ ਅਤੇ ਪੂਰੇ ਖੇਤਰ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ। ਹਰ ਅਖਾੜੇ ਲਈ ਇਕ ਵੱਖਰਾ ਪਿੰਡਨੁਮਾ ਟੈਂਟਾਂ ਨਾਲ ਖੇਤਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਲੰਗਰ ਤਿਆਰ ਕਰਨ, ਪੂਜਾ ਪਾਠ ਲਈ ਮੰਦਰ ਜਾਂ ਗੁਰਦੁਆਰਾ ਬਣਾਉਣ, ਰਹਿਣ-ਸਹਿਣ ਅਤੇ ਜੰਗਲ-ਪਾਣੀ ਤੇ ਨਹਾਉਣ ਤੱਕ ਦੇ ਪ੍ਰਬੰਧ ਕੀਤੇ ਗਏ ਨੇ। ਵੈਸੇ ਤਾਂ ਉਤਰ ਪ੍ਰਦੇਸ਼ ਵਿਚ ਬਿਜਲੀ ਦੀ ਬਹੁਤ ਘਾਟ ਹੈ, ਪਰ ਇਥੇ ਬਿਜਲੀ ਦੇ ਆਰਜੀ ਪ੍ਰਬੰਧ 'ਤੇ ਹੀ ਹਰ ਰੋਜ਼ ਕਰੋੜ ਰੁਪਇਆ ਖਰਚਿਆ ਜਾ ਰਿਹਾ ਹੈ, ਪਰ ਬਿਜਲੀ ਸਿਰਫ ਰਾਤ ਸਮੇਂ ਹੀ ਦਿੱਤੀ ਜਾਂਦੀ ਹੈ। ਇਟਲੀ ਤੋਂ ਪਹੁੰਚੇ ਇਕ ਪੱਤਰਕਾਰ ਕ੍ਰਿਸਟੈਨੋ ਲਈ ਇਹ ਮੌਕਾ ਬੜਾ ਹੀ ਅਦਭੁੱਤ ਹੈ। ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੱਖੋ-ਵੱਖਰੇ ਧਰਮਾਂ-ਭਾਸ਼ਾਵਾਂ ਅਤੇ ਪਹਿਰਾਵਿਆਂ ਵਾਲੇ ਕਰੋੜਾਂ ਲੋਕ ਕਿਵੇਂ ਇਕ ਨੇ। ਉਹ ਇਹ ਦੇਖ ਕੇ ਹੈਰਾਨ ਸੀ ਕਿ ਇਕ ਹੀ ਮੇਲੇ ਵਿਚ ਜਿੱਥੇ ਅਜਿਹੇ ਸਾਧੂ-ਸੰਤ ਧੂਣੇ ਜਮਾਈ ਬੈਠੇ ਨੇ ਜਿਹੜੇ ਕਿਸੇ ਨਾਲ ਗੱਲਬਾਤ ਤੱਕ ਨਹੀਂ ਕਰਦੇ ਅਤੇ ਜਿਹਨਾਂ ਦਾ ਦੀਨ-ਦੁਨੀਆ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਲਗਦਾ, ਉਥੇ ਦੂਜੇ ਪਾਸੇ ਗੁਰਬਾਣੀ ਦਾ ਪ੍ਰਵਾਹ ਲਗਾਤਾਰ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ 'ਚੋਂ ਕੱਢ ਕੇ ਅਕਾਲ ਪੁਰਖ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਜ਼ਰਾਇਲ ਤੋਂ ਪਹੁੰਚੇ ਇਕ ਵਾਤਾਵਰਣ ਕਾਰਕੁੰਨ ਇਥੇ ਗੰਗਾਂ ਐਕਸ਼ਨ ਪਰਿਵਾਰ ਦੇ ਕਾਰਜ ਵਿਚ ਸ਼ਾਮਲ ਹੋਣ ਆਏ ਹੋਏ ਨੇ। ਉਸ ਮੁਤਾਬਕ ਇਹ ਮੌਕਾ ਹੈ ਜਦੋਂ ਵਾਤਾਵਰਣ ਦੀ ਗੱਲ ਦਾ ਸੁਨੇਹਾ ਪੂਰੀ ਦੁਨੀਆ ਵਿਚ ਜਾਣਾ ਚਾਹੀਦਾ ਹੈ। ਸਵਾਮੀ ਚਤਿਆਨੰਦ ਮੁਤਾਬਕ ਕੁੰਭ ਮੇਲਾ ਰੂਹਾਨੀਅਤ ਦਾ ਸੰਗਮ ਹੈ। ਇਸ ਮੌਕੇ ਨੂੰ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਗੰਭੀਰ ਚਿੰਤਨ ਲਈ ਵਰਤਿਆ ਜਾਣਾ ਚਾਹੀਦੈ। ਉਨ੍ਹਾਂ ਮੁਤਾਬਕ ਅਸਲ ਵਿਚ ਇਹ ਕੁੰਭ ਮੇਲੇ ਇਸੇ ਕਾਰਜ ਲਈ ਸ਼ੁਰੂ ਕੀਤੇ ਗਏ ਸਨ। ਜਦੋਂ ਸਾਧਨਾ ਅਤੇ ਤਪ ਵਿਚ ਮਗਨ ਰਹਿਣ ਵਾਲੇ ਸੰਤ ਮਹਾਂਪੁਰਸ਼ ਸਮਾਂ ਕੱਢ ਕੇ ਇਥੇ ਪਹੁੰਚਦੇ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਉਨ੍ਹਾਂ ਦੇ ਮਸਲੇ ਵਿਚਾਰਦੇ ਹਨ ਅਤੇ ਸਿਰਫ ਰੂਹਾਨੀਅਤ ਦੇ ਹੀ ਨਹੀਂ ਹਰ ਤਰ੍ਹਾਂ ਦੇ ਮਸਲਿਆਂ 'ਤੇ ਗੱਲਬਾਤ ਹੁੰਦੀ ਹੈ ਅਤੇ ਉਨ੍ਹਾਂ ਦੇ ਹੱਲ ਕੱਢੇ ਜਾਂਦੇ ਹਨ। ਕੁੰਭ ਮੇਲੇ ਦਾ ਮਾਡਰਨ ਸਰੂਪ ਕੁੰਭ ਮੇਲਾ ਹੁਣ ਸਿਰਫ ਰੂਹਾਨੀਅਤ ਜਾਂ ਹਿੰਦੂਆਂ ਦਾ ਮੇਲਾ ਨਹੀਂ ਹੈ। ਬਲਕਿ ਇਹ ਆਰਥਿਕ ਅਤੇ ਮਾਡਰਨ ਬਿਜਨਸ ਦਾ ਵੀ ਵੱਡਾ ਕਾਰੋਬਾਰ ਬਣ ਚੁੱਕਾ ਹੈ। ਕੁੰਭ ਮੇਲੇ ਵਿਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਦੁਨੀਆ ਭਰ ਦੇ ਵਪਾਰਕ ਅਦਾਰਿਆਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਸਰਕਾਰ ਵਲੋਂ ਇਸ ਕੁੰਭ ਮੇਲੇ ਦੇ ਪ੍ਰਬੰਧ ਉਤੇ ਸਾਢੇ ਗਿਆਰਾਂ ਸੌ ਕਰੋੜ ਰੁਪਇਆ ਖਰਚ ਕੀਤਾ ਜਾ ਰਿਹਾ ਹੈ, ਜਦਕਿ ਇਥੋਂ ਸਰਕਾਰ ਅਤੇ ਕੰਪਨੀਆਂ ਨੂੰ ਕਰੀਬ ਪੰਦਰਾਂ ਸੌ ਕਰੋੜ ਰੁਪਏ ਦਾ ਮੁਨਾਫਾ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ ਮੇਲਾ ਪ੍ਰਯਾਗ ਰਾਜ ਦਾ ਕੁੰਭ ਮੇਲਾ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਇਕੱਠ ਹੈ। ਇਸ ਵਾਰ ਮੇਲੇ ਵਿਚ ਦਸ ਕਰੋੜ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ। ਪਹਿਲੇ ਸ਼ਾਹੀ ਇਸ਼ਨਾਨ ਦੇ ਅੰਦਾਜੇ ਮੁਤਾਬਕ ਇਹ ਗਿਣਤੀ ਤੈਅ ਅੰਕੜੇ ਤੋਂ ਵਧ ਵੀ ਸਕਦੀ ਹੈ, ਕਿਉਂਕਿ ਲੋਕ ਲਗਾਤਾਰ ਸੰਗਮ 'ਤੇ ਇਸ਼ਨਾਨ ਕਰ ਰਹੇ ਨੇ। ਅਜੇ ਸਿਰਫ ਇਕ ਸ਼ਾਹੀ ਇਸ਼ਨਾਨ ਹੋਇਆ ਹੈ। ਸ਼ਾਹੀ ਇਸ਼ਨਾਨ ਵਾਲੇ ਦਿਨ ਸਵੇਰੇ ਪੰਜ ਵਜੇ ਤੋਂ ਲੈ ਕੇ ਸ਼ਾਮੀਂ ਛੇ ਵਜੇ ਤੱਕ 82 ਲੱਖ ਲੋਕਾਂ ਨੇ ਸੰਗਮ 'ਤੇ ਚੁੱਭੀ ਲਾਈ। ਹਰ ਘੰਟੇ ਵਿਚ ਪੰਜ ਲੱਖ ਲੋਕ ਸੰਗਮ 'ਤੇ ਇਸ਼ਨਾਨ ਕਰਦੇ ਨੇ। ਸੰਗਮ 'ਤੇ ਇਸ਼ਨਾਨ ਕਰਨ ਲਈ ਗਿਆਰਾਂ ਘਾਟ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿਚ ਸਾਧੂਆਂ ਲਈ ਵੱਖਰਾ, ਵੀ.ਆਈ.ਪੀਜ਼ ਲਈ ਵੱਖਰਾ ਅਤੇ ਆਮ ਲੋਕਾਂ ਲਈ ਵੱਖਰੇ ਘਾਟ ਉਸਾਰੇ ਗਏ ਨੇ। ਇਸ ਮੇਲੇ ਵਿਚ ਕਿਸੇ ਤਰ੍ਹਾਂ ਦੀ ਭਗਦੜ ਨਾ ਮੱਚੇ, ਇਸ ਲਈ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀ ਪੁਲੀਸ ਤੋਂ ਇਲਾਵਾ ਸੀਆਰਪੀਐਫ, ਫੌਜ ਅਤੇ ਨੇਵੀ ਦੀਆਂ ਟੁਕੜੀਆਂ ਉਪਲੱਬਧ ਹਨ। ਲਗਭਗ ਹਰ ਸਰਕਾਰੀ ਮਹਿਕਮੇ ਵਲੋਂ ਆਪੋ-ਆਪਣੇ ਕੈਂਪ ਲਗਾਏ ਗਏ ਨੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹਿੰਦੂ ਮਿੱਥ ਮੁਤਾਬਕ ਕੁੰਭ ਮੇਲਾ ਕੁੰਭ ਦਾ ਅਰਥ ਹੈ ਘੜਾ, ਹਿੰਦੂ ਮਿੱਥ ਮੁਤਾਬਕ ਜਦੋਂ ਸੂਰਜ, ਚੰਦਰਮਾ ਅਤੇ ਬ੍ਰਹਿਸਪਤੀ ਇਕ ਲਾਈਨ ਵਿਚ ਆਉਂਦੇ ਹਨ ਉਦੋਂ ਕੁੰਭ ਲੱਗਦਾ ਹੈ। ਇਹ ਪ੍ਰਕਿਰਿਆ ਲਈ ਕਰੀਬ 12 ਸਾਲ ਬਾਅਦ ਵਾਪਰਦੀ ਹੈ। ਇਸ ਲਈ ਮਹਾਕੁੰਭ ਮੇਲਾ ਹਰ ਬਾਰਾਂ ਸਾਲ ਬਾਅਦ ਲੱਗਦਾ ਹੈ। ਹਿੰਦੋਸਤਾਨ ਵਿਚ ਚਾਰ ਥਾਵਾਂ 'ਤੇ ਕੁੰਭ ਮੇਲਾ ਭਰਦਾ ਹੈ। ਪਰ ਪ੍ਰਯਾਗ ਰਾਜ (ਇਲਾਹਾਬਾਦ) ਵਿਚਲੇ ਮਹਾਕੁੰਭ ਦਾ ਸਭ ਤੋਂ ਵੱਧ ਮਹੱਤਵ ਹੈ। ਇਹ ਆਮ ਤੌਰ 'ਤੇ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲੱਗਦਾ ਹੈ। ਦੂਜੀ ਥਾਂ ਹਰਿਦੁਆਰ ਹੈ, ਜਿਥੇ ਅਪ੍ਰੈਲ ਅਤੇ ਮਈ ਮਹੀਨੇ ਵਿਚ ਮਹਾਕੁੰਭ ਲੱਗਦਾ ਹੈ, ਪਰ ਇਥੇ ਸ਼ਾਹੀ ਇਸ਼ਨਾਨ ਨਹੀਂ ਹੁੰਦੇ। ਤੀਜੀ ਥਾਂ ਮੱਧ ਪ੍ਰਦੇਸ਼ ਵਿਚ ਉਜੈਨ ਹੈ, ਜਿਥੇ ਸ਼ਿਪਰਾ ਨਦੀ ਦੇ ਕੰਢੇ ਕੁੰਭ ਮੇਲਾ ਭਰਦਾ ਹੈ। ਇਹ ਆਮ ਤੌਰ 'ਤੇ ਜੂਨ-ਜੁਲਾਈ ਮਹੀਨੇ ਵਿਚ ਹੁੰਦਾ ਹੈ। ਚੌਥੀ ਥਾਂ ਨਾਸਿਕ ਹੈ, ਇਥੇ ਪੰਚਵਟੀ ਅਤੇ ਤ੍ਰਿਭੇਸ਼ਵਰ ਦੋ ਥਾਂ ਹਨ, ਜਿਥੇ ਕੁੰਭ ਮੇਲਾ ਲੱਗਦਾ ਹੈ। ਮਿਥਿਹਾਸਕ ਤੱਥਾਂ ਵਿਚ ਇਸ ਸਬੰਧੀ ਤਿੰਨ ਕਹਾਣੀਆਂ ਮਿਲਦੀਆਂ ਹਨ। ਪਹਿਲੀ ਕਹਾਣੀ ਦਰਵਾਸਾ ਰਿਸ਼ੀ ਸਬੰਧੀ ਹੈ। ਜਿਨ੍ਹਾਂ ਨੇ ਦੇਵਤਿਆਂ ਦੇ ਰਾਜਾ ਇੰਦਰ ਤੇੋਂ ਖੁਸ਼ ਹੋ ਕੇ ਇਕ ਅਦਭੁਤ ਮਾਲਾ ਉਨ੍ਹਾਂ ਨੂੰ ਭੇਟ ਕੀਤੀ। ਇੰਦਰ ਨੂੰ ਆਪਣੀ ਸੰਪਤੀ 'ਤੇ ਮਾਣ ਸੀ ਅਤੇ ਉਸ ਨੇ ਇਹ ਮਾਲਾ ਹਾਥੀ ਦੇ ਗਲ ਵਿਚ ਪਾ ਦਿੱਤੀ। ਹਾਥੀ ਦੇ ਜਾਨਵਰ ਹੋਣ ਕਾਰਨ ਇਹ ਮਾਲਾ ਥੱਲੇ ਡਿੱਗ ਪਈ ਅਤੇ ਹਾਥੀ ਦੇ ਪੈਰ ਹੇਠ ਮਸਲੀ ਗਈ। ਜਿਸ ਤੋਂ ਦਰਵਾਸਾ ਰਿਸ਼ੀ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਇੰਦਰ ਨੂੰ ਸਰਾਪ ਦੇ ਦਿੱਤਾ ਅਤੇ ਉਸ ਨੂੰ ਰਾਜਭਾਗ ਅਤੇ ਠਾਠ-ਬਾਠ ਤੋਂ ਵਹੀਨ ਕਰ ਦਿੱਤਾ। ਇੰਦਰ ਦਾ ਰਾਜਭਾਗ ਖੁੱਸ ਜਾਣ ਕਾਰਨ ਧਰਤੀ 'ਤੇ ਕਾਲ ਪੈ ਗਿਆ ਤੇ ਸਮਝਿਆ ਜਾਂਦਾ ਹੈ ਕਿ ਦੇਵਤਿਆਂ ਦੀ ਬੇਨਤੀ 'ਤੇ ਵਿਸ਼ਨੂੰ ਨੇ ਸਮੁੰਦਰ ਮੰਥਨ ਕੀਤਾ ਅਤੇ ਲਕਸ਼ਮੀ ਨੂੰ ਬਾਹਰ ਕੱਢਿਆ। ਦੂਜੀ ਕਹਾਣੀ ਕਸ਼ਯਪ ਰਿਸ਼ੀ ਬਾਰੇ ਹੈ। ਜਿਸ ਦੀਆਂ ਦੋ ਪਤਨੀਆਂ ਸਨ। ਇਕ ਬੰਤਾ ਜੋ ਗਰੁੜ ਦੀ ਮਾਂ ਸੀ ਅਤੇ ਦੂਜੀ ਕੁਦਰੂ, ਜਿਸ ਨੂੰ ਨਾਗਾਂ ਦੀ ਮਾਤਾ ਸਮਝਿਆ ਜਾਂਦਾ ਹੈ। ਇਕ ਦਿਨ ਕੁਦਰੂ ਅਤੇ ਬੰਤਾ ਗੱਲਬਾਤ ਕਰ ਰਹੀਆਂ ਸਨ ਤੇ ਕੁਦਰੂ ਨੇ ਕਿਹਾ ਕਿ ਸੂਰਜ ਭਗਵਾਲ ਦੇ ਰੱਥ ਦੇ ਘੋੜਿਆਂ ਦਾ ਰੰਗ ਕਾਲਾ ਹੈ, ਪਰ ਬੰਤਾ ਕਹਿੰਦੀ ਸੀ ਕਿ ਨਹੀਂ ਉਹ ਚਿੱਟੇ ਹਨ। ਦੋਵਾਂ ਵਿਚਾਲੇ ਸ਼ਰਤ ਲੱਗ ਗਈ। ਹਾਰਨ ਵਾਲੀ ਨੂੰ ਦੂਜੀ ਦੀ ਗੁਲਾਮੀ ਕਰਨੀ ਪੈਣੀ ਸੀ। ਕੁਦਰੂ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਉਹ ਸੂਰਜ ਦੀ ਰੌਸ਼ਨੀ ਨੂੰ ਇਸ ਤਰੀਕੇ ਨਾਲ ਢਕਣ ਕਿ ਸੂਰਜ ਦੇ ਘੋੜਿਆਂ ਦਾ ਰੰਗ ਕਾਲਾ ਦਿਖੇ। ਕਹਿੰਦੇ ਹਨ ਕਿ ਸ਼ੇਸ਼ਨਾਗ ਨੇ ਇੰਝ ਹੀ ਕੀਤਾ ਅਤੇ ਘੋੜਿਆਂ ਦਾ ਰੰਗ ਕਾਲਾ ਦਿਖਿਆ। ਇਸੇ ਕਾਰਨ ਬੰਤਾ ਕੁਦਰੂ ਦੀ ਗੁਲਾਮ ਬਣ ਗਈ। ਗੁਲਾਮ ਹੋਣ ਕਾਰਨ ਉਸ ਨੂੰ ਜਹਾਲਤ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਸੀ। ਇਕ ਦਿਨ ਗਰੁੜ ਨੇ ਆਪਣੀ ਮਾਂ ਨੂੰ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੌਕਣ ਦੀ ਗੁਲਾਮ ਹੋਣ ਕਾਰਨ ਉਹ ਕੋਈ ਸ਼ੌਂਕ ਪੂਰਾ ਨਹੀਂ ਕਰ ਸਕਦੀ। ਗਰੁੜ ਕੁਦਰੂ ਕੋਲ ਗਏ ਅਤੇ ਗੁਲਾਮੀ ਦੀ ਮੁਕਤੀ ਦੀ ਕੀਮਤ ਪੁੱਛਣ ਲੱਗੇ। ਕੁਦਰੂ ਨੇ ਗਰੁੜ ਨੂੰ ਪਾਤਾਲਪੁਰੀ ਤੋਂ ਅੰਮ੍ਰਿਤ ਦਾ ਘੜਾ ਲਿਆਉਣ ਲਈ ਕਿਹਾ। ਜਦੋਂ ਗਰੁੜ ਅੰਮ੍ਰਿਤ ਦਾ ਘੜਾ ਲਿਆ ਰਹੇ ਸਨ ਤਾਂ ਦਕਸ਼ ਰਾਜੇ ਨੇ ਅੰਮ੍ਰਿਤ ਦੇ ਘੜੇ ਦੀ ਚੋਰੀ ਬਾਰੇ ਇੰਦਰ ਦੇਵਤਾ ਨੂੰ ਦੱਸ ਦਿੱਤਾ। ਇੰਦਰ ਦੇਵਤਾ ਨੇ ਅੰਮ੍ਰਿਤ ਦਾ ਘੜਾ ਖੋਹਣ ਲਈ ਹਮਲਾ ਕੀਤਾ ਅਤੇ ਘੜਾ ਛਲਕਣ ਨਾਲ ਚਾਰ ਥਾਵਾਂ 'ਤੇ ਜਿੱਥੇ-ਜਿੱਥੇ ਅੰਮ੍ਰਿਤ ਡਿੱਗਿਆ ਉਥੇ ਕੁੰਭ ਮੇਲਾ ਜੁੜਦਾ ਹੈ। ਸਭ ਤੋਂ ਵੱਧ ਜਿਹੜੀ ਕਹਾਣੀ ਪ੍ਰਚੱਲਿਤ ਹੈ, ਉਹ ਹੈ ਤੀਜੀ ਕਹਾਣੀ। ਜਿਹੜੀ ਤਾਮਸੀ ਬੁੱਧੀ, ਕਾਮ, ਕ੍ਰੋਧ, ਮੋਹ, ਲੋਭ ਵਰਗੀਆਂ ਅਲਾਮਤਾਂ ਵਾਲੇ ਰਾਕਸ਼ਾਂ ਅਤੇ ਦੇਵਤਿਆਂ ਦੀ ਆਪਸੀ ਲੜਾਈ ਬਾਰੇ। ਕਹਿੰਦੇ ਹਨ ਕਿ ਰਾਕਸ਼ਾਂ ਨੇ ਹਮਲਾ ਕਰਕੇ ਇੰਦਰਪੁਰੀ ਤੋਂ ਦੇਵਤਿਆਂ ਨੂੰ ਕੱਢ ਦਿੱਤਾ। ਉਹ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਦੀ ਸ਼ਰਨ ਵਿਚ ਗਏ। ਵਿਸ਼ਨੂੰ ਨੇ ਉਨ੍ਹਾਂ ਨੂੰ ਦੇਵਤਿਆਂ ਨਾਲ ਸਮਝੌਤਾ ਕਰਨ ਲਈ ਕਿਹਾ ਅਤੇ ਇਕੱਠੇ ਹੋ ਕੇ ਸਮੁੰਦਰ ਮੰਥਨ ਦਾ ਸੁਝਾਅ ਦਿੱਤਾ। ਸ਼ੇਸ਼ਨਾਗ ਨੂੰ ਰਿੜਕਣ ਲਈ ਰੱਸਾ ਬਣਾਇਆ ਗਿਆ। ਮਦਾਰਨ ਪਹਾੜ ਦਾ ਮਧਾਣਾ ਅਤੇ ਭਗਵਾਨ ਵਿਸ਼ਨੂੰ ਨੇ ਕੱਛੂ ਦਾ ਰੂਪ ਧਾਰਨ ਕਰਕੇ ਇਸ 'ਤੇ ਮਧਾਣਾ ਟਿਕਾਇਆ ਗਿਆ। ਗੁਰਬਾਣੀ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ। ਵਿਸ਼ਨੂੰ ਕੱਛੂਵ ਰੂਪ ਬਣਾਇਓ, ਚੌਦਾਂ ਰਤਨ ਨਿਕਾਲਿਓ॥ ਸਭ ਤੋਂ ਪਹਿਲਾਂ ਜ਼ਹਿਰ ਨਿਕਲਿਆ। ਜਿਸ ਨੂੰ ਭਗਵਾਨ ਸ਼ਿਵ ਨੇ ਪੀਤਾ। ਕਹਿੰਦੇ ਨੇ ਕਿ ਸ਼ਿਵ ਨੇ ਤਿੰਨ ਵਾਰ ਰਾਮ, ਰਾਮ, ਰਾਮ ਕਹਿ ਕੇ ਵਿਸ਼ ਪੀ ਲਿਆ। ਜਿਸ ਕਾਰਨ ਉਨ੍ਹਾਂ ਦੇ ਗਲੇ 'ਤੇ ਤਿੰਨ ਧਾਰੀਆਂ ਦਿਖਦੀਆਂ ਨੇ। ਉਸ ਤੋਂ ਬਾਅਦ ਕਾਮਧੇਨੁ ਗਊ, ਘੋੜਾ, ਧਨਵੰਤਰੀ ਮਾਇਆ ਲੈ ਕੇ ਬਾਹਰ ਆਇਆ। ਫਿਰ ਸ਼ਰਾਬ ਅਤੇ ਫਿਰ ਅੰਮ੍ਰਿਤ ਦਾ ਘੜਾ ਨਿਕਲਿਆ। ਦੇਵਤਿਆਂ ਨੂੰ ਅੰਮ੍ਰਿਤ ਮਿਲਣਾ ਸੀ ਅਤੇ ਰਾਕਸ਼ਾਂ ਨੂੰ ਸ਼ਰਾਬ। ਇੰਦਰ ਨੇ ਆਪਣੇ ਪੁੱਤਰ ਦੇਯੰਤ ਨੂੰ ਰਾਖੀ ਬਿਠਾ ਦਿੱਤਾ। ਬ੍ਰਹਿਸਪਤੀ, ਸੂਰਜ, ਚੰਦਰਮਾ ਅਤੇ ਸ਼ਨੀ ਉਸ ਦੀ ਰਾਖੀ ਬੈਠੇ ਸਨ। ਰਾਕਸ਼ਾਂ ਦੇ ਗੁਰੂ ਸ਼ੁਕਰਾਚਾਰੀਆ ਦੇ ਸੱਦੇ 'ਤੇ ਰਾਕਸ਼ਾਂ ਨੇ ਦੇਵਤਿਆਂ ਤੋਂ ਅੰਮ੍ਰਿਤ ਦਾ ਘੜਾ ਖੋਹਣ ਲਈ ਬਾਰਾਂ ਦਿਨ ਯੁੱਧ ਕੀਤਾ ਅਤੇ ਜੰਗ ਦੌਰਾਨ ਇਸ ਨੂੰ ਕਈ ਥਾਵਾਂ 'ਤੇ ਰੱਖਿਆ ਗਿਆ। ਕਹਿੰਦੇ ਹਨ ਕਿ ਬਾਰਾਂ ਥਾਵਾਂ 'ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ, ਅੱਠ ਥਾਂ ਸਵਰਗ ਵਿਚ ਨੇ ਅਤੇ ਚਾਰ ਥਾਂ ਹਿੰਦੋਸਤਾਨ ਵਿਚ। ਜੋਤਿਸ਼ ਮੁਤਾਬਕ ਚੰਦਰਮਾ, ਸੂਰਜ, ਬ੍ਰਹਿਸਪਤੀ ਅਤੇ ਸ਼ਨੀ ਬਾਰਾਂ ਸਾਲ 'ਚ ਸਿਰਫ ਇਕ ਵਾਰ ਇਕ ਲਾਈਨ ਵਿਚ ਆਉਂਦੇ ਹਨ। ਉਦੋਂ ਹੀ ਮਹਾਕੁੰਭ ਲੱਗਦਾ ਹੈ। ਮਨੁੱਖਾਂ ਦੇ ਬਾਰਾਂ ਸਾਲ ਦੇਵਤਿਆਂ ਦੇ ਬਾਰਾਂ ਦਿਨਾਂ ਦੇ ਬਰਾਬਰ ਹੁੰਦੇ ਨੇ। ਕਈ ਵਾਰ ਬਾਰਾਂ ਸਾਲ ਹੋਣ ਦੇ ਬਾਵਜੂਦ ਜੇਕਰ ਇਹ ਚਾਰੇ ਗ੍ਰਹਿ ਇਕ ਲਾਈਨ ਵਿਚ ਨਾ ਆਉਣ ਤਾਂ ਕੁੰਭ ਨਹੀਂ ਲੱਗਦਾ। ਇਤਿਹਾਸਕ ਤੱਥ ਇਤਿਹਾਸਕ ਤੱਥਾਂ ਦੀ ਗੱਲ ਕਰੀਏ ਤਾਂ ਸਰਕਾਰੀ ਗਜਟ ਮੁਤਾਬਕ ਕੁੰਭ ਮੇਲੇ ਦਾ ਲਿਖਤ ਇਤਿਹਾਸ 840 ਸਾਲ ਪੁਰਾਣਾ ਹੈ। ਪਰ ਇਹ ਵੀ ਪ੍ਰਮਾਣਿਕ ਰੂਪ ਨਹੀਂ ਹੈ, ਇਸ ਲਈ ਅਜੇ ਹੋਰ ਖੋਜ ਦੀ ਲੋੜ ਹੈ। ਕੁੰਭ ਕਦੋਂ ਸ਼ੁਰੂ ਹੋਇਆ, ਇਸ ਬਾਰੇ ਤਿੰਨ ਇਤਿਹਾਸਕ ਪ੍ਰਮਾਣ ਨੇ। ਪਹਿਲਾ ਚੰਦਰਗੁਪਤ ਮੌਰੀਆ ਦੇ ਕਾਰਜਕਾਲ ਦਾ। ਦੂਜਾ ਹਰਸ਼ਵਰਧਨ ਦਾ ਕਾਰਜਕਾਲ ਅਤੇ ਤੀਜਾ ਸ਼ੰਕਰਾਚਾਰੀਆ ਦਾ ਸਮਾਂ। ਸ਼ੰਕਰਾਚਾਰੀਆ ਨੇ ਕੁੰਭ ਦੀ ਸਿਫ਼ਤ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਕੁੰਭ ਮੇਲਾ ਆਤਮਿਕ ਖੋਜ ਦਾ ਤਰੀਕਾ ਹੈ। ਜਿਸ ਤੋਂ ਲਗਦਾ ਹੈ ਕਿ ਕੁੰਭ ਮੇਲੇ ਉਨ੍ਹਾਂ ਤੋਂ ਪਹਿਲਾਂ ਵੀ ਲਗਦੇ ਸਨ। ਇਸੇ ਤਰ੍ਹਾਂ ਚੰਦਰਗੁਪਤ ਮੌਰੀਆ ਜਾਂ ਹਰਸ਼ਵਰਧਨ ਦੇ ਕਾਰਜਕਾਲ ਦੌਰਾਨ ਕੋਈ ਵੀ ਸ਼ਿਲਾਲੇਖਾਂ 'ਤੇ ਕੁੰਭ ਦੇ ਸ਼ੁਰੂ ਹੋਣ ਦਾ ਕੋਈ ਜ਼ਿਕਰ ਨਹੀਂ ਮਿਲਦਾ। ਸੰਤ ਸੀਚੇਵਾਲ ਨੇ ਪਾਈ ਨਵੀਂ ਲੀਹ ਇਲਾਹਾਬਾਦ ਦੇ ਕੁੰਭ ਮੇਲੇ 'ਚ ਪੰਜਾਬ ਤੋਂ ਪਹੁੰਚੇ ਨਿਰਮਲੇ ਸੰਤ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਕਾਰਕੁੰਨ ਸੰਤ ਬਲਬੀਰ ਸਿਘ ਸੀਚੇਵਾਲ ਨੇ ਕੁੰਭ ਮੇਲੇ ਵਿਚ ਬੂਟੇ ਲਗਾਉਣ ਦੀ ਰਸਮ ਸ਼ੁਰੂ ਕਰਕੇ ਇਕ ਨਵੀਂ ਲੀਹ ਪਾਈ। ਨਿਰਮਲ ਸੰਪ੍ਰਦਾਇ ਦੇ ਸੰਤਾਂ ਨੇ ਕੁੰਭ ਮੇਲੇ ਵਿਚ ਪਹੁੰਚ ਕੇ ਜਦੋਂ ਆਪਣੇ ਅਖਾੜੇ ਵਿਚ ਸਭ ਤੋਂ ਪਹਿਲੀ ਰਸਮ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਕੀਤੀ ਤਾਂ ਉਸ ਤੋਂ ਤੁਰੰਤ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਨਿਰਮਲੇ ਸੰਤਾਂ ਨੇ ਰੁੱਖ ਲਗਾ ਕੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਵੀ ਦਿੱਤਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕੁੰਭ ਅਸਲ ਵਿਚ ਪਾਣੀਆਂ ਦਾ ਮੇਲਾ ਹੈ ਅਤੇ ਗੁਰਬਾਣੀ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੀ ਹੈ। ਇਸ ਲਈ ਇਸ ਮੇਲੇ ਵਿਚ ਪਾਣੀਆਂ ਦੀ ਸ਼ੁੱਧਤਾ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਇਸ ਮੇਲੇ 'ਤੇ ਪਾਣੀਆਂ ਦੀ ਰਾਖੀ ਦਾ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ। ਗੰਗਾ ਤੱਟ ਤੋਂ ਬੋਲਦਿਆਂ ਸੰਤ ਸੀਚੇਵਾਲ ਨੇ ਸਾਧੂ-ਸੰਤਾਂ ਨੂੰ ਕਿਹਾ ਕਿ ਉਹ ਇਕ-ਦੂਜੇ ਤੋਂ ਪਹਿਲਾਂ ਇਸ਼ਨਾਨ ਲਈ ਉਲਝਣ ਦੀ ਥਾਂ ਗੰਗਾਂ ਦੀ ਪਵਿੱਤਰਤਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਨ। ਸੰਤ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੰਭ ਮੇਲੇ ਰਾਹੀਂ ਹੀ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਦੀ ਪਿਰਤ ਪਾਈ ਸੀ। ਇਸ ਲਈ ਇਨ੍ਹਾਂ ਕੁੰਭ ਮੇਲਿਆਂ ਵਿਚ ਜਾ ਕੇ ਸਿੱਖ ਪ੍ਰਚਾਰਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਗ਼ੈਰ-ਸਿੱਖਾਂ ਨੂੰ ਸਿੱਖ ਧਰਮ ਨਾਲ ਜੋੜਨਾ ਚਾਹੀਦਾ ਹੈ। ਕੁੰਭ ਮੇਲਿਆਂ ਅਤੇ ਸਿੱਖ ਧਰਮ ਦੇ ਸਬੰਧ ਬਾਰੇ ਪੁੱਛੇ ਜਾਣ 'ਤੇ ਸੰਤ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕੁੰਭ ਮੇਲੇ ਨੂੰ ਵੱਡੇ ਮੌਕੇ ਵਜੋਂ ਵਰਤਿਆ ਸੀ। ਉਨ੍ਹਾਂ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਸੰਗਮ 'ਤੇ ਪਹੁੰਚੇ ਸਨ। ਉਹ ਇਥੇ ਛੇ ਮਹੀਨੇ, ਨੌਂ ਦਿਨ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਇਲਾਹਾਬਾਦ ਵਿਚ ਅੱਜ ਵੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਪੱਕੀ ਸੰਗਤ ਸ਼ੁਸੋਭਿਤ ਹੈ। ਉਨ੍ਹਾਂ ਤੋਂ ਬਾਅਦ ਪਟਨਾ ਤੋਂ ਪੰਜਾਬ ਆਉਂਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੰਗਮ 'ਤੇ ਇਸ਼ਨਾਨ ਕੀਤਾ ਸੀ। ਇਸ ਲਈ ਨਿਰਮਲ ਸੰਪ੍ਰਦਾਇ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਕੁੰਭ ਮੇਲਿਆਂ 'ਤੇ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਦੇ ਨੇ। |
Friday, 11 October 2013
ਕੁੰਭ ਮੇਲਾ
Subscribe to:
Post Comments (Atom)
No comments:
Post a Comment