Saturday, 12 October 2013

ਸੁਰਾਂ ਦੀ ਮਲਿਕਾ : ਲਤਾ ਮੰਗੇਸ਼ਕਰ



ਉਂਜ ਤਾਂ ਸੰਗੀਤ ਕਿਸੇ ਫ਼ਨਕਾਰ ਨੂੰ ਅਮਰ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਸੁਰਾਂ ਦੀ ਮਲਿਕਾ ਅਤੇ ਬੁਲਬੁਲ-ਏ-ਹਿੰਦ ਲਤਾ ਮੰਗੇਸ਼ਕਰ ਉਹ ਮਾਇਆਨਾਜ਼ ਹਸਤੀ ਹੈ ਜਿਸ ਨੇ ਸੰਗੀਤ ਨੂੰ ਹੀ ਅਮਰ ਕਰ ਦਿੱਤਾ ਹੈ। ਸੰਪੂਰਨਤਾ ਤੇ ਸ਼ੁਹਰਤ ਦੀ ਟੀਸੀ ’ਤੇ ਪੁੱਜ ਕੇ ਵੀ ਉਹ ਬੇਹੱਦ ਨਿਮਰ ਸੁਭਾਅ ਵਾਲੀ ਪਾਕ-ਪਵਿੱਤਰ ਸ਼ਖ਼ਸੀਅਤ ਹੈ। ਇਸ ਮਹਾਨ ਗੁਲੂਕਾਰਾ ਦਾ ਜਨਮ 28 ਸਤੰਬਰ,1929 ਨੂੰ ਪਿੰਡ ਮੰਗੇਸ਼ ਵਿਖੇ ‘ਬਲਵੰਤ ਨਾਟਕ ਮੰਡਲੀ’ ਦੇ ਮਾਲਕ ਅਤੇ ਸੰਚਾਲਕ ਪੰਡਿਤ ਦੀਨਾ ਨਾਥ ਮੰਗੇਸ਼ਕਰ ਦੇ ਗ੍ਰਹਿ ’ਚ ਹੋਇਆ। ਪੰਡਿਤ ਜੀ ਨੇ ਆਪਣੀ ਇਸ ਲਾਡਲੀ ਧੀ ਦਾ ਨਾਂ ‘ਰਿਦਿਆ’ ਰੱਖ ਦਿੱਤਾ। ਪਿਤਾ ਦੀ ਸੰਗਤ ’ਚ ਹੀ ਨਿੱਕੀ ਉਮਰੇ ਰਿਦਿਆ ਨੇ ਨਾਟਕਾਂ ’ਚ ਗਾਉਣਾ ਤੇ ਅਦਾਕਾਰੀ ਕਰਨਾ ਸ਼ੁਰੂ ਕਰ ਦਿੱਤਾ। ਨਾਟਕ ‘ਲਤਿਕਾ’ ਦੀ ਅਪਾਰ ਸਫਲਤਾ ਤੋਂ ਖੁਸ਼ ਹੋ ਕੇ ਪਿਤਾ ਨੇ ਉਸ ਦਾ ਨਾਂ ‘ਰਿਦਿਆ’ ਤੋਂ ‘ਲਤਾ’ ਕਰ ਦਿੱਤਾ। ਇਹ ਲਤਾ ਦੀ ਸੁਰ-ਸਾਧਨਾ ਦਾ ਹੀ ਪ੍ਰਤਾਪ ਹੈ ਕਿ ਅੱਜ ਹਰ ਬੱਚਾ ਬਜ਼ੁਰਗ ਇਸੇ ਨਾਂ ਦਾ ਮੁਰੀਦ ਹੈ।

ਸੰਨ 1931 ਵਿੱਚ ਫ਼ਿਲਮ ‘ਆਲਮਆਰਾ’ ਦੀ ਰਿਲੀਜ਼ ਨਾਲ ਭਾਰਤ ਵਿਚ ਬੋਲਦੀਆਂ ਫ਼ਿਲਮਾਂ ਦਾ ਪ੍ਰਚਲਨ ਸ਼ੁਰੂ ਹੋਇਆ ਤਾਂ ਲਤਾ ਮੰਗੇਸ਼ਕਰ ਦੇ ਪਿਤਾ ਦੀ ਨਾਟਕ ਮੰਡਲੀ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਪੰਡਿਤ ਜੀ ਦਾ ਸੰਨ 1942 ਵਿਚ ਦੇਹਾਂਤ ਹੋ ਗਿਆ। ਘਰ ਦੇ ਮੁਖੀ ਦੇ ਦੇਹਾਂਤ ਨੇ ਪਰਿਵਾਰ ਦਾ ਲੱਕ ਹੀ ਤੋੜ ਦਿੱਤਾ। ਆਪਣੇ ਵੀਰ ਹਿਰਦੇਨਾਥ ਮੰਗੇਸ਼ਕਰ ਅਤੇ ਭੈਣਾਂ ਮੀਨਾ, ਊਸ਼ਾ ਤੇ ਆਸ਼ਾ ਦੀ ਪਰਵਰਿਸ਼ ਖਾਤਰ ਤੇਰ੍ਹਾਂ ਸਾਲ ਦੀ ਲਤਾ ਨੇ ਫ਼ਿਲਮਾਂ ’ਚ ਕੰਮ ਕਰਨ ਦਾ ਫੈਸਲਾ ਕੀਤਾ। ਜਿਸ ਦਿਨ ਪਹਿਲੀ ਵਾਰ ਉਹ ਫ਼ਿਲਮ ‘ਪਹਿਲੀ ਮੰਗਲਾਗੌਰ’ ਦੀ ਸ਼ੂਟਿੰਗ ਲਈ ਕੈਮਰੇ ਦੇ ਸਾਹਮਣੇ ਆਈ ਉਸ ਦਿਨ ਉਸ ਦੇ ਪਿਤਾ ਦੀ ‘ਰਸਮ ਕਿਰਿਆ’ ਸੀ। ਫ਼ਿਲਮ ਦੇ ਮੇਕਅੱਪ ਮੈਨ ਨੇ ਜਦ ਮੇਕਅੱਪ ਕਰਦਿਆਂ ਉਸ ਦੇ ਮੱਥੇ ’ਤੇ ਡਿਗਦੀ ਲਟ ਨੂੰ ਕੱਟ ਦਿੱਤਾ ਤੇ ਉਸ ਦੇ ਭਰਵੱਟੇ ਬਾਰੀਕ ਕਰ ਦਿੱਤੇ ਤਾਂ ਘਰ ਆ ਕੇ ਉਹ ਸਾਰੀ ਰਾਤ ਰੋਂਦੀ ਰਹੀ ਸੀ।

ਹਾਲਾਤ ਦਾ ਦਲੇਰੀ ਨਾਲ ਟਾਕਰਾ ਕਰਨ ਵਾਲੀ ਲਤਾ ਨੂੰ ਸੱਠ ਰੁਪਏ ਮਹੀਨਾ ਦੀ ਤਨਖ਼ਾਹ ’ਤੇ ਪ੍ਰਫੁੱਲ ਪਿਕਚਰਜ਼ ਨਾਂ ਦੀ ਕੰਪਨੀ ’ਚ ਨੌਕਰੀ ਮਿਲ ਗਈ ਤੇ ਬਤੌਰ ਗਾਇਕਾ ਅਤੇ ਅਦਾਕਾਰਾ ਉਸ ਨੇ ‘ਚਿਮੁਕਲਾ ਸੰਸਾਰ’(1943), ‘ਰਾਜਾ ਭਾਊ’(1944), ‘ਬੜੀ ਮਾਂ’(1945), ‘ਸੁਭੱਦਰਾ’(1945), ‘ਜੀਵਨ ਯਾਤਰਾ’(1946) ਅਤੇ ‘ਮੰਦਿਰ (1948) ਆਦਿ ਵਿਚ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਸੰਨ 1949 ਵਿਚ ਫ਼ਿਲਮ ‘ਮਹਿਲ’ ਵਿੱਚ ਗਾਏ ਗੀਤ ‘ਆਏਗਾ…ਆਏਗਾ…ਆਏਗਾ ਆਨੇ ਵਾਲਾ’ ਨੇ ਤਾਂ ਲਤਾ ਨੂੰ ਅਰਸ਼ ਤੋਂ ਫਰਸ਼ ’ਤੇ ਪਹੁੰਚਾ ਦਿੱਤਾ। ਗ਼ੁਲਾਮ ਹੈਦਰ ਦੇ ਸੰਗੀਤ ਨਿਰਦੇਸ਼ਨ ’ਚ ਬਣੀ ਫ਼ਿਲਮ ‘ਮਜਬੂਰ’ ਨੇ ਇਸ ਗਾਇਕਾ ਦੇ ਕਰੀਅਰ ਨੂੰ ਇਕ ਨਵੀਂ ਪਰਵਾਜ਼ ਬਖ਼ਸ਼ੀ। ‘ਬਰਸਾਤ’ ਤੇ ‘ਅੰਦਾਜ਼’ ਫ਼ਿਲਮਾਂ ਦੇ ਗੀਤਾਂ ਨੇ ਅਖੀਰ ਉਸ ਨੂੰ ਕਾਮਯਾਬੀ ਦੇ ਸਿਖਰ ’ਤੇ ਪਹੁੰਚਾ ਹੀ ਦਿੱਤਾ। ਫ਼ਿਲਮ ਇੰਡਸਟਰੀ ਲਈ ਅਨੇਕਾਂ ਸੁਪਰਹਿੱਟ ਗੀਤ ਗਾਉਣ ਵਾਲੀ ਲਤਾ ਮੰਗੇਸ਼ਕਰ ‘ਭਾਰਤ ਰਤਨ’, ‘ਦਾਦਾ ਸਾਹਿਬ ਫਾਲਕੇ ਪੁਰਸਕਾਰ’, ‘ਪਦਮ ਭੂਸ਼ਨ’, ‘ਪਦਮ ਵਿਭੂਸ਼ਨ’, ‘ਨੂਰਜਹਾਂ ਪੁਰਸਕਾਰ’ ਤੋਂ ਇਲਾਵਾ ਤਿੰਨ ਵਾਰ ਸਰਬੋਤਮ ਗਾਇਕਾ ਦਾ ‘ਰਾਸ਼ਟਰੀ ਪੁਰਸਕਾਰ’, ਸੱਤ ਵਾਰ ‘ਫ਼ਿਲਮ ਫੇਅਰ ਪੁਰਸਕਾਰ’ ਅਤੇ ‘ਸਟਾਰ ਡਸਟ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਆਦਿ ਸਨਮਾਨ ਹਾਸਲ ਕਰ ਚੁੱਕੀ ਹੈ। ਫਰਾਂਸ ਸਰਕਾਰ ਤੋਂ ਵੀ ਗਾਇਕਾ ਨੂੰ ਇਕ ਉੱਚ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ।

ਚੁਰਾਸੀ ਸਾਲ ਦੀ ਉਮਰ ਵਿਚ ਵੀ ਟੱਲੀ ਵਾਂਗ ਟੁਣਕਦੀ ਆਵਾਜ਼ ਦੀ ਮਾਲਕਣ ਲਤਾ ਮੰਗੇਸ਼ਕਰ ਦੇ ਸੁਰੀਲੇ ਕੰਠ ਤੋਂ ਨਿਕਲੇ ਯਾਦਗਾਰੀ ਗੀਤਾਂ ਦੀ ਗਿਣਤੀ ਉਂਜ ਤਾਂ ਬੇਸ਼ੁਮਾਰ ਹੈ ਪਰ ਫ਼ਿਰ ਵੀ ‘ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ’,‘ਚਲਤੇ ਚਲਤੇ ਯੂੰ ਹੀ ਕੋਈ ਮਿਲ ਗਿਆ ਥਾ’, ‘ਮੈਂ ਹੂੰ ਖੁਸ਼ਰੰਗ ਹਿਨਾ’, ‘ਪਰਬਤ ਕੇ ਪੀਛੇ ਚੰਬੇ ਕਾ ਗਾਂਵ’ ਆਦਿ ਅੱਜ ਵੀ ਯਾਦ ਕੀਤੇ ਜਾਂਦੇ ਹਨ।


- ਪਰਮਜੀਤ ਸਿੰਘ ਨਿੱਕੇ ਘੁੰਮਣ


No comments:

Post a Comment