Saturday, 12 October 2013

ਸੰਜੀਦਾ ਫ਼ਨਕਾਰ ਸੀ ਨੁਸਰਤ ਫ਼ਤਹਿ ਅਲੀ ਖ਼ਾਨ



ਉਂਜ ਤਾਂ ਕਿਸੇ ਵੀ ਹੁਨਰ ਦਾ ਰੱਬ ਬਣਨ ਲਈ ਇਕ ਜ਼ਿੰਦਗੀ ਦੀ ਥੋੜ੍ਹੀ ਹੁੰਦੀ ਹੈ ਐਪਰ ਇਸ ਜਹਾਨ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਜਨਮ ਲੈਂਦੇ ਹਨ ਜੋ ਆਪਣੇ ਹੁਨਰ, ਆਪਣੀ ਕਲਾ ਨੂੰ ‘ਇਬਾਦਤ’ ਸਮਝ ਕੇ ਸਾਂਭਦੇ, ਸੁਆਰਦੇ ਅਤੇ ਪਿਆਰਦੇ ਹਨ ਅਤੇ ਪ੍ਰਪੱਕਤਾ ਦੀ ਟੀਸੀ ’ਤੇ ਜਾ ਪੁੱਜਦੇ ਹਨ। ਅਜਿਹੀ ਹੀ ਇਕ ਸੁਰੀਲੀ ਸ਼ਖ਼ਸੀਅਤ ਦਾ ਨਾਂ ਸੀ-ਨੁਸਰਤ ਫ਼ਤਹਿ ਅਲੀ ਖਾਂ।

ਸੂਫ਼ੀ ਗਾਇਕੀ ਅਤੇ ਕੱਵਾਲੀ ਦੇ ਸ਼ਹਿਨਸ਼ਾਹ ਅਖਵਾਉਣ ਵਾਲੇ ਉਸਤਾਦ ਨੁਸਰਤ ਫ਼ਤਹਿ ਅਲੀ ਖਾਂ ਦਾ ਜਨਮ 13 ਅਕਤੂਬਰ,1948 ਨੂੰ ਲਾਇਲਪੁਰ ਵਿਖੇ ਪ੍ਰਸਿੱਧ ਕੱਵਾਲ ਜਨਾਬ ਫ਼ਤਹਿ ਅਲੀ ਖਾਂ ਦੇ ਘਰ ਵਿੱਚ ਹੋਇਆ। ਚਾਰ ਧੀਆਂ ਮਗਰੋਂ ਜਨਮ ਲੈਣ ਵਾਲਾ ‘ਨੁਸਰਤ’ ਆਪਣੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਸੀੇ। ਗਾਇਕੀ ਦੀ ਗੁੜ੍ਹਤੀ ਉਸ ਨੂੰ ਆਪਣੇ ਅੱਬਾ ਤੋਂ ਹਾਸਿਲ ਹੋ ਗਈ ਸੀ, ਪਰ ਆਖਰੀ ਪੜ੍ਹਾਈ ਵਿੱਚ ਉਹ ਦਸ ਜਮਾਤਾਂ ਹੀ ਪਾਸ ਕਰ ਸਕਿਆ ਸੀ।

ਨੁਸਰਤ ਨੇ ਉਮਰ ਦੇ ਸੋਲ੍ਹਵੇਂ ਸਾਲ ’ਚ ਪੈਰ ਧਰਿਆ ਹੀ ਸੀ ਕਿ ਅੱਬਾ ਦਾ ਸਾਇਆ ਉਸ ਦੇ ਸਿਰ ਤੋਂ ਸਦਾ ਲਈ ਉਠ ਗਿਆ ਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਉਸ ਦੇ ਕਮਜ਼ੋਰ ਮੋਢਿਆਂ ’ਤੇ ਆਣ ਪਿਆ। ਨੁਸਰਤ ਨੇ ਹਿੰਮਤ ਨਾ ਹਾਰੀ ਤੇ ਹੋਰ ਵੀ ਮਿਹਨਤ ਨਾਲ ਉਸਤਾਦ ਸੁਬਾਰ ਅਲੀ ਖਾਂ ਅਤੇ ਉਸਤਾਦ ਸਲਾਮਤ ਅਲੀ ਖਾਂ ਤੋਂ ਸੰਗੀਤ ਦਾ ਗਿਆਨ ਹਾਸਿਲ ਕਰ ਕੇ ਗਾਇਕੀ ਦੇ ਪਿੜ ਵਿਚ ਨਿੱਤਰ ਪਿਆ। ਨਿੱਕੀਆਂ ਮਹਿਫ਼ਿਲਾਂ ਤੋਂ ਵੱਡੇ ਜਲਸਿਆਂ ਤੱਕ ਦਾ ਸਫ਼ਰ ਉਸ ਨੇ ਛੇਤੀ ਤੈਅ ਕਰ ਲਿਆ ਤੇ ਛੇਤੀ ਹੀ ਇਲਾਕੇ ਭਰ ’ਚ ਮਕਬੂਲ ਹੋ ਗਿਆ।

‘ਹੱਕ ਅਲੀ ਅਲੀ’ ਨਾਮਕ ਰਚਨਾ ਤੋਂ ਪੂਰੀ ਦੁਨੀਆਂ ਵਿਚ ਮਕਬੂਲੀਅਤ ਹਾਸਿਲ ਕਰਨ ਵਾਲੇ ਨੁਸਰਤ ਫ਼ਤਹਿ ਅਲੀ ਖਾਂ ਨੇ ਆਪਣੇ ਸੰਗੀਤ ਵਿਚ ਪੱਛਮੀ ਅਤੇ ਰਵਾਇਤੀ ਸੰਗੀਤ ਦਾ ਸੁੰਦਰ ਸੁਮੇਲ ਸਰੋਤਿਆਂ ਸਾਹਮਣੇ ਪੇਸ਼ ਕੀਤਾ ਅਤੇ ਆਪਣੀ ਤੀਹ ਸਾਲ ਦੀ ਗਾਇਕੀ ਵਿਚ ਸਵਾ ਸੌ ਦੇ ਕਰੀਬ ਹਿਟ ਐਲਬਮਾਂ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਦਿੱਤੀਆਂ। ਪਾਕਿਸਤਾਨੀ ਤੋਂ ਇਲਾਵਾ ਭਾਰਤੀ ਫ਼ਿਲਮਾਂ ‘ਧੜਕਨ’, ‘ਔਰ ਪਿਆਰ ਹੋ ਗਿਆ’,‘ਕੱਚੇ ਧਾਗੇ’, ‘ਕਾਰਤੂਸ’ ਅਤੇ ‘ਬੈਂਡਿਟ ਕੁਈਨ’ ਆਦਿ ਲਈ ਸੁਰੀਲਾ ਸੰਗੀਤ ਤਿਆਰ ਕਰ ਕੇ ਉਸ ਨੇ ਹਿੰਦੀ ਸਿਨਮਾ ਨੂੰ ਮਾਲਾਮਾਲ ਕਰ ਦਿੱਤਾ। ਉਸ ਦੇ ਗਾਏ ਯਾਦਗਾਰੀ ਗੀਤਾਂ ਅਤੇ ਕੱਵਾਲੀਆਂ ਵਿਚ ‘ਦੁਲਹੇ ਕਾ ਸਿਹਰਾ ਸੁਹਾਨਾ ਲਗਤਾ ਹੈ’,‘ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ’,‘ਕਿਸੇ ਦਾ ਯਾਰ ਨਾ ਵਿਛੜੇ’, ‘ਯਾਦਾਂ ਵਿਛੜੇ ਸੱਜਣ ਦੀਆਂ ਆਈਆਂ’,‘ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ’,‘ਜੇ ਤੂੰ ਅੱਖੀਆਂ ਦੇ ਸਾਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ’ ਅਤੇ ‘ਉਥੇ ਅਮਲਾਂ ’ਤੇ ਹੋਣੇ ਨੇ ਨਬੇੜੇ ਕਿਸੇ ਨਈਂ ਤੇਰੀ ਜ਼ਾਤ ਪੁੱਛਣੀ’ ਆਦਿ ਦਾ ਨਾਂ ਬੜੇ ਫ਼ਖ਼ਰ ਨਾਲ ਲਿਆ ਜਾ ਸਕਦਾ ਹੈ। ਸੰਗੀਤ ਦੇ ਸ਼ੈਦਾਈ ਨੁਸਰਤ ਨੂੰ ਸਿਹਤ ਦੀ ਫ਼ਿਕਰ ਨਾ ਰਹੀ ਤੇ ਗੁਰਦਿਆਂ ਨੂੰ ਲੱਗਾ ਭਿਆਨਕ ਰੋਗ ਦਿਨੋ-ਦਿਨ ਵਧਦਾ ਗਿਆ। ਪੂਰੇ ਹਠ ਨਾਲ ਉਸ ਨੇ ਗਾਉਣਾ ਵੀ ਜਾਰੀ ਰੱਖਿਆ ਤੇ ਵਿਦੇਸ਼ੀ ਦੌਰੇ ਵੀ ਬੰਦ ਨਾ ਕੀਤੇ। ਅਖੀਰ 16 ਅਗਸਤ, 1997 ਨੂੰ ਮੌਤ ਦੇ ਜ਼ਾਲਮ ਪੰਜੇ ਇਸ ਮਹਾਨ ਫ਼ਨਕਾਰ ਨੂੰ ਸਾਥੋਂ ਸਦਾ ਲਈ ਖੋਹ ਕੇ ਲੈ ਗਏ ਸਨ।


ਪਰਮਜੀਤ ਸਿੰਘ ਨਿੱਕੇ ਘੁਮਣ 

No comments:

Post a Comment