Wednesday, 2 October 2013

ਮਹਾਂ ਕਵੀ ਭਾਈ ਸੰਤੋਖ ਸਿੰਘ





ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਅਠਾਰ੍ਹਵੀਂ ਸਦੀ ਦੇ ਕਾਵਿਕ ਜਗਤ ਵਿਚ ਇਕ ਧਰੂ ਤਾਰੇ ਦੀ ਪਦਵੀ ਰੱਖਦੇ ਹਨ। ਭਾਈ ਸੰਤੋਖ ਸਿੰਘ ਜੀ ਨੇ ਸੰਸਕ੍ਰਿਤੀ ਵੇਦ, ਪੁਰਾਣ, ਉਪਨਿਸ਼ਧ, ਸਿਮਰਤੀਆਂ ਤੇ ਰਾਮਾਇਣ ਆਦਿ ਦੇ ਗ੍ਰੰਥਾਂ ਨੂੰ ਤੇ ਪੁਰਾਤਨ ਜਨਮ ਸਾਖੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਨੰਦ ਲਾਲ ਜੀ ਦੀਆਂ ਕਾਫ਼ੀਆਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵਿਚਾਰ ਕੇ ਬ੍ਰਿਜ ਭਾਸ਼ਾ ਦੀ ਕਵਿਤਾ ਵਿਚ ਗੁਰ ਇਤਿਹਾਸ ਦੀ ਮਹਾਨ ਰਚਨਾ ਕੀਤੀ ਹੈ।

ਇਨ੍ਹਾਂ ਦੇ ਲਿਖੇ ਗ੍ਰੰਥ (1) ਨਾਮਕੋਸ਼ ਸੰਨ 1823 (2) ਗੁਰੂ ਨਾਨਕ ਪ੍ਰਕਾਸ਼ ਸੰਨ (8123) (3) ਜਪੁਜੀ ਸਾਹਿਬ ਦਾ ਗਰਬ ਗੰਜਨੀ ਟੀਕਾ (ਸੰਨ-1829) (4) ਆਤਮ ਪੁਰਾਣ (5) ਗੁਰੂ ਪ੍ਰਤਾਪ ਸੂਰਜ (ਸੰਨ-1833) (6) ਵਾਲਮੀਕੀ- ਰਾਮਾਇਣ ਭਾਸ਼ਾ (ਸੰਨ 1834) ਇਨ੍ਹਾਂ ਮਹਾਨ ਗ੍ਰੰਥਾਂ ਦੀ ਰਚਨਾ ਨੇ ਭਾਈ ਸੰਤੋਖ ਸਿੰਘ ਜੀ ਨੂੰ ਸਾਹਿਤਕ ਸੰਸਾਰ ਵਿਚ ਇਕ ਖ਼ਾਸ ਵਿਸ਼ੇਸ਼ਤਾ ਦੁਆਈ। ਇਨ੍ਹਾਂ ਵਿੱਚੋਂ ਗੁਰੂ ਨਾਨਕ ਪ੍ਰਕਾਸ਼ ਅਤੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਦੇ ਮੌਲਿਕ ਪ੍ਰਬੰਧ-ਕਾਵਿ ਹਨ ਅਤੇ ਬਾਕੀ ਦੀਆਂ ਰਚਨਾਵਾਂ ਸੰਸਕ੍ਰਿਤ ਤੋਂ ਅਨੁਵਾਦ ਕੀਤੀਆਂ ਹੋਈਆਂ ਹਨ। ਸਾਰੇ ਪ੍ਰੰਥ ਬ੍ਰਿਜ ਭਾਸ਼ਾ ਅਤੇ ਗੁਰਮੁਖੀ ਲਿੱਪੀ ਵਿਚ ਲਿਖੇ ਗਏ ਹਨ। ਜਪੁਜੀ ਸਾਹਿਬ ਦੇ ਟੀਕੇ ਨੂੰ ਗਰਬ ਗੰਜਣੀ ਟੀਕਾ ਸੱਦਣ ਦੇ ਦੋ ਕਾਰਨ ਹਨ। ਇਕ ਇਸ ਨੂੰ ਪੜ੍ਹਨ ਨਾਲ ਮਨੁੱਖ ਦਾ ਹੰਕਾਰ ਦੂਰ ਹੁੰਦਾ ਹੈ ਅਤੇ ਦੂਸਰਾ ਇਨ੍ਹਾਂ ਤੋਂ ਪਹਿਲਾਂ ਹੋਏ ਕਵੀਆਂ ਦੇ ਭਰਮਾਂ ਨੂੰ ਦੂਰ ਕੀਤਾ ਹੈ।

ਭਾਈ ਸੰਤੋਖ ਸਿੰਘ ਜੀ ਇਕ ਜਨਮੇ ਕਵੀ ਸਨ। ਇਨ੍ਹਾਂ ਨੂੰ ਪਿੰਗਲ ਵਿਦਿਆ ਦੀ ਨਿਪੁੰਨਤਾ ਰੱਬੀ ਦੇਣ ਸੀ। ਵਿਦਵਤਾ ਭਰਿਆ ਗੁਰ ਇਤਿਹਾਸ ਲਿਖਣ ਕਾਰਨ ਹੀ ਮੁੱਖ-ਰਾਜ ਕਵੀ ਬਣੇ ਤੇ ਆਪਣੇ ਸਮਕਾਲੀ ਪੰਡਿਤ ਕਵੀਆਂ ਤੇ ਵਿਦਵਾਨਾਂ ਨੂੰ ਰਾਜ ਦਰਬਾਰ ਵਿਚ ਕਵਿਤਾ ਤੇ ਚਰਚਾ ਕਰਕੇ ਹਰਾ ਦਿੰਦੇ ਸੀ। ਇਨਾਮ ਹਾਸਲ ਹੁੰਦੇ ਸੀ। ਜਿਨ੍ਹਾਂ ਇਨਾਮਾਂ ਕਰਕੇ ਹੀ ਭਾਈ ਸੰਤੋਖ ਸਿੰਘ ਜੀ ਨੂੰ ਮਹਾਂ ਕਵੀ ਤੇ ਚੂੜਾਮਣਿ ਕਵੀ ਦੇ ਨਾਂ ਨਾਲ ਅੱਜ ਸਤਿਕਾਰ ਸਹਿਤ ਯਾਦ ਕੀਤਾ ਜਾਂਦਾ ਹੈ।

ਭਾਈ ਸੰਤੋਖ ਸਿੰਘ ਜੀ ਦਾ ਜਨਮ ਤਰਨ ਤਾਰਨ ਤੋਂ 3-4 ਮੀਲ ਦੀ ਦੂਰੀ ’ਤੇ ਝਬਾਲ ਵਾਲੀ ਸੜਕ ’ਤੇ ‘ਨੂਰ ਦੀ ਸਰਾਂ’ ਪਿੰਡ ਵਿਚ ਭਾਈ ਦੇਵਾ ਸਿੰਘ ਜੀ ਦੇ ਘਰ ਮਾਤਾ ‘ਰਜ਼ਾਦੀ’ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਦਾਦਾ ਜੀ ਦਾ ਨਾਂ ਸ੍ਰੀ ਗੁਲਾਬ ਸਿੰਘ ਜੀ ਸੀ। ਇਨ੍ਹਾਂ ਦੀ ਬਰਾਦਰੀ ਭਗਤ ਨਾਮਦੇਵ ਵਾਲੀ ਸੀ ਤੇ ਗੋਤ ‘ਕਰੀਰ’ ਸੀ। ਇਸ ਬਰਾਦਰੀ ਨੂੰ ਲੋਕ ‘ਛੀਂਬੇ’ ਜਾਂ ‘ਛੀਪੇ’ ਆਖਦੇ ਹਨ। ਇਸ ਜਾਤੀ ਦੇ ਲੋਕ ਆਪਣੇ ਆਪ ਨੂੰ ਹਿੰਦੁਸਤਾਨ ਦੀ ਟਾਂਕ ਨਾਂ ਦੀ ਰਿਆਸਤ ਤੋਂ ਨਿਕਲੇ ਹੋਣ ਕਾਰਨ ‘ਟਾਂਕ ਕਸ਼ਤਰੀ’ ਦੱਸਦੇ ਹਨ। ਭਾਈ ਸੰਤੋਖ ਸਿੰਘ ਜੀ ਦੇ ਪਿਤਾ ਦਰਜੀ ਦਾ ਕੰਮ ਕਰਦੇ ਸਨ ਪਰ ਉਨ੍ਹਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਤੇ ਗੁਰਬਾਣੀ ਦਾ ਵੀ ਚੰਗਾ ਗਿਆਨ ਸੀ। ਉਹ ਗੁਰਦੁਆਰਾ ਸਾਹਿਬ ਵਿਚ ਸਿੱਖੀ ਪ੍ਰਚਾਰ ਤੇ ਸਤਿਸੰਗ ਲਾ ਕੇ ਗੁਰਬਾਣੀ ਦੀ ਕਥਾ ਵੀ ਕਰਿਆ ਕਰਦੇ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਮੁਗਲ ਰਾਜ ਅੰਤਲੇ ਸਵਾਸਾਂ ’ਤੇ ਸੀ ਤੇ ਪੰਜਾਬ ਵਿਚ ਸਿੱਖ ਰਾਜ ਤੇ ਸਿੱਖ ਮਿਸਲਾਂ ਦੀਆਂ ਸਰਦਾਰੀਆਂ ਦਾ ਦਬਦਬਾ ਆਰੰਭ ਹੋ ਚੁੱਕਾ ਸੀ। ਸੋ ਭਾਈ ਸੰਤੋਖ ਸਿੰਘ ਜੀ ਨੇ ਸਿੱਖੀ ਪਿਆਰ ਆਪਣੀ ਗੁੜ੍ਹਤੀ ਤੋਂ ਹੀ ਲਿਆ। ਇਹ ਭਾਵ ਭਾਈ ਸੰਤੋਖ ਸਿੰਘ ਜੀ ਬਚਪਨ ਤੋਂ ਹੀ ਤੇਜ਼ ਬੁੱਧੀ ਵਾਲੇ ਸਿੱਧ ਹੋਏ। ਬਹੁਤ ਛੋਟੇ ਹੀ ਕਵਿਤਾ ਲਿਖਣ ਤੇ ਗਾਇਨ ਕਰਨ ਲੱਗ ਗਏ ਸੀ। ਭਾਈ ਦੇਵਾ ਸਿੰਘ ਜੀ ਨੇ ਇਨ੍ਹਾਂ ਨੂੰ 11 ਸਾਲ ਦੀ ਉਮਰ ਵਿਚ ਹੀ ਚੋਟੀ ਦੇ ਵਿਦਵਾਨ ਗਿਆਨੀ ਸੰਤ ਜੀ ਪਾਸ ਉਚੇਰੀ ਵਿਦਿਆ ਲਈ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ ਸੀ। ਉਨ੍ਹਾਂ ਦਿਨਾਂ ਵਿਚ ਗਿਆਨੀ ਸੰਤ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸਿੱਧ ਵਿਦਵਾਨ ਸਨ। ਸੰਸਕ੍ਰਿਤ ਦੇ ਵੇਦਾਂ ਤੋਂ ਵੀ ਜਾਣੂ ਸਨ। ਆਪ ਜੀ ਨੇ ਤੁਲਸੀ ਰਾਮਾਇਣ ਦਾ ਟੀਕਾ ਵੀ ਪੰਜਾਬੀ ਵਿਚ ਕੀਤਾ ਸੀ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ  ਨੇ ਦਸ ਸਾਲ ਇਨ੍ਹਾਂ ਕੋਲ ਰਹਿ ਕੇ ਉੱਚ ਵਿਦਿਆ ਪ੍ਰਾਪਤ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਆਪਣੇ ਵਿਦਿਆ ਦਾਤਾ ਭਾਈ ਸਿੰਘ ਜੀ ਦਾ ਆਪਣੀ ਰਚਨਾ ਵਿਚ ਬੜੇ ਸਤਿਕਾਰ ਸਹਿਤ ਵਰਨਣ ਵੀ ਕੀਤਾ ਹੈ।

ਸ੍ਰੀ ਮਤਿ ਸਿਮਰਨ ਰਤਿ ਗੁਰੂ ਸੰਤ ਸਿੰਘ ਸ਼ੁਭ ਨਾਮ ਬਿੱਦਯਾ ਜਿਨ ਤੇ ਮੈਂ ਤਿੰਨ ਪਦ ਕਰੇਂ ਪ੍ਰਮਾਣ।। 10 ।।

(ਨਾ:ਪ੍ਰ:ਉ: ਧਿ: 57)

ਭਾਈ ਸੰਤੋਖ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਦੀ ਕੋਲੋਂ ਕਾਵਿ, ਪਰਯਾਯ, ਅਲੰਕਾਰ ਸੁਧਾ ਸਾਗਰ, ਛੰਦ-ਦਰਪਣ ਅਤੇ ਰਸ-ਪ੍ਰਬੋਧ ਦਾ ਗਿਆਨ ਪ੍ਰਾਪਤ ਕੀਤਾ। ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੈ ‘‘ਇਹ ਨੌਜਵਾਨ ਸੰਤੋਖ ਸਿੰਘ ਦਾ ਸੁਭਾਗ ਸੀ ਕਿ ਉਸ ਨੂੰ ਗਿਆਨੀ ਸੰਤ ਸਿੰਘ ਵਰਗੇ ਵਿਦਵਾਨ ਦੀ ਸਰਪ੍ਰਸਤੀ ਹਾਸਲ ਹੋਈ।’

ਗਿਆਨੀ ਸੰਤ ਸਿੰਘ ਜੀ ਕੋਲੋਂ ਪੜ੍ਹਾਈ ਪੂਰੀ ਕਰਕੇ ਉਹ ਅੰਬਾਲਾ ਜ਼ਿਲ੍ਹੇ ਦੇ ਪਿੰਡ ਬੂੜੀਆ ਵਿਖੇ ਆ ਗਏ। ਉਸ ਸਮੇਂ ਬੂੜੀਆ ਪਿੰਡ ਦਾ ਕਬਜ਼ਾ ਭੰਗੀ ਸਰਦਾਰਾਂ ਵਿੱਚੋਂ ਸ. ਰਾਏ ਸਿੰਘ ਦੇ ਬੇਟੇ ਸ. ਭਗਵਾਨ ਸਿੰਘ ਕੋਲ ਸੀ। ਸਰਦਾਰ ਭਗਵਾਨ ਸਿੰਘ ਨੇ ਭਾਈ ਸੰਤੋਖ ਸਿੰਘ ਨੂੰ ਆਪਣਾ ਦਰਬਾਰੀ ਕਵੀ ਬਣਾ ਲਿਆ। ਇੱਥੇ ਦਰਿਆ ਜਮਨਾ ਦੇ ਕੰਢੇ ’ਤੇ ਬਣੀ ਹੋਈ ਇਕ ਪੌੜੀ ਉੱਤੇ ਨਿਤਨੇਮ ਤੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲੋ-ਨਾਲ ਗੁਰੂ ਇਤਿਹਾਸ ਲਈ ਸਮਗਰੀ ਇਕੱਠੀ ਕਰਨੀ ਸ਼ੁਰੂ ਕੀਤੀ। ਇੱਥੇ ਹੀ ਇਸ ਸਮੇਂ ਵਿਚ ਆਪਣੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਲਈ ਤੇ ਕਾਵਿ ਰਚਨਾ ਵਿਚ ਮਾਹਿਰ ਬਣਨ ਲਈ ਸੰਸਕ੍ਰਿਤ ਦੇ ਇਕ ਪ੍ਰਸਿੱਧ ਗ੍ਰੰਥ ਅਮਰ ਕੋਸ਼ ਦਾ ਉਲੱਥਾ ਬ੍ਰਿਜ ਭਾਸ਼ਾ ਵਿਚ ਕਰਨਾ ਸ਼ੁਰੂ ਕਰ ਦਿੱਤਾ। ਇਹ ਗ੍ਰੰਥ 1821 ਵਿਚ ਪੂਰਾ ਹੋਇਆ। ਇਸ ਦਾ ਨਾਂ ਇਨ੍ਹਾਂ ਨੇ ‘ਨਾਮ ਕੋਸ਼’ ਰੱਖਿਆ। ‘ਨਾਮ ਕੋਸ਼’ ਗ੍ਰੰਥ ਦੇ ਤਜਰਬੇ ਕਾਰਨ ਹੀ ਭਾਈ ਸੰਤੋਖ ਸਿੰਘ ਜੀ ਨੇ ‘ਸੂਰਜ ਪ੍ਰਕਾਸ਼’ ਵਿਚ ਸ਼ਿਵਜੀ ਦਾ ਨਾਮ ਦੋ ਦਰਜਨ ਤੋਂ ਉਪਰ ਨਾਮਾਂ ਨਾਲ ਆਉਂਦਾ ਹੈ।

ਨਾਮ ਕੋਸ਼ ਤੋਂ ਬਾਅਦ ਇਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ 1823 ਈਸਵੀ ਵਿਚ ਸੰਪੂਰਨ ਕੀਤਾ। ਗੁਰੂ-ਇਤਿਹਾਸ ਰਚਣ ਦੇ ਨਾਲ ਭਾਈ ਸੰਤੋਖ ਸਿੰਘ ਜੀ ਗੁਰਦੁਆਰਾ ਸਾਹਿਬ ਵਿਚ ਕਥਾ ਵੀ ਕਰਦੇ ਸਨ ਜਿਸ ਕਰਕੇ ਨਾਨਕ ਪ੍ਰਕਾਸ਼ ਦੀ ਪ੍ਰਸਿੱਧੀ ਦੂਰ-ਦੂਰ ਤਕ ਪਹੁੰਚੀ। ਇਨ੍ਹਾਂ ਦੇ ਇਕ ਸਮਕਾਲੀ ਕਵੀ ਨੇ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਗ੍ਰੰਥ ਪੜ੍ਹ ਕੇ ਇਨ੍ਹਾਂ ਬਾਰੇ ਇਸ ਤਰ੍ਹਾਂ ਲਿਖਿਆ: ਕਵਿਤਾ ਅਪਾਰ ਹੈ ਕਿ ਗੁਨ ਕੋ ਪਹਾਰ ਹੈ

ਕਿ ਮਾਧੁਰੀ ਅਗਾਰ ਹੈ ਕਿ ਭਾਵ ਕਾਵ ਕੋਸ਼ ਹੈ

ਨਾਨਕ ਅਰਥ ਜੋਊ ਕੀਨੋ ਕਲੀ ਕਲ ਸੋਊ

ਨਾਮ ਤੋਂ ਸੰਤੋਖ ਸਿੰਘ ਈਯਵਰ ਕੋਸ਼ ਹੈ।

1878 ਵਿਚ ਆਪ ਜੀ ਦੀ ਸ਼ਾਦੀ ਜਗਾਧਰੀ ਦੇ ਰਹਿਣ ਵਾਲੇ ਇਕ ਰੁਹੇਲੇ ਘਰਾਣੇ ਦੇ ਗੁਰਸਿੱਖ ਘਰ ਵਿਚ ਬੀਬੀ ਰਾਮ ਕੌਰ ਨਾਲ ਹੋਈ। ਇਨ੍ਹਾਂ ਦੇ ਪੰਜ ਪੁੱਤਰ-ਅਜੈ ਸਿੰਘ ਬਿਜੈ ਸਿੰਘ, ਮਕਸੂਦਨ ਸਿੰਘ, ਬਲਦੇਵ ਸਿੰਘ ਤੇ ਅਨੁਰੱਧ ਸਿੰਘ ਅਤੇ ਤਿੰਨ ਧੀਆਂ ਖੇਮ ਕੌਰ, ਮੈਮਨ ਕੌਰ, ਤੇ ਮਾਨ ਕੌਰ ਹੋਈਆਂ। ਇਨ੍ਹਾਂ ਦਾ ਪਰਿਵਾਰ ਹਾਲੇ ਤਕ ਪਟਿਆਲਾ ਤੇ ਕੈਥਲ ਵਿਚ ਮੌਜੂਦ ਹੈ

ਬੂੜੀਏ ਤੋਂ ਬਾਅਦ ਥੋੜ੍ਹੀ ਦੇਰ ਪਟਿਆਲੇ ਤੇ ਪਟਿਆਲੇ ਤੋਂ ਕੈਥਲ ਆਏ। ਕੈਥਲ ਦੇ ਮਹਾਰਾਜਾ ਉਦਯ ਸਿੰਘ ਨੇ ਇਨ੍ਹਾਂ ਨੂੰ ਬਹੁਤ ਆਦਰ-ਮਾਣ ਦਿੱਤਾ। ਕੈਥਲ ਵਿਚ ਕਥਾ ਆਦਿ ਦੇ ਕੰਮ ਤੋਂ ਛੁੱਟ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰੋਮਣੀ ਬਾਣੀ ਸ੍ਰੀ ਜਪੁਜੀ ਸਾਹਿਬ ਦਾ ਟੀਕਾ ‘ਗਰਬ ਗੰਜਨੀ’ ਲਿਖਿਆ। ਇਸ ਤੋਂ ਬਾਅਦ ਬਾਲਮੀਕੀ ਰਾਮਾਇਣ ਜੋ ਸੰਸਕ੍ਰਿਤ ਵਿਚ ਸੀ, ਉਸ ਨੂੰ ਬ੍ਰਿਜ ਭਾਸ਼ਾ ਦੀ ਕਵਿਤਾ ਵਿਚ ਅਨੁਵਾਦ ਕੀਤਾ।

ਦੂਖਨ ਔ ਭੂਖਨ ਸੰਭਾਰ ਨਾ ਉਚਾਰ ਭਰੌਂ,

ਅਪਨੀ ਉਕਤਿ ਬਿਸਤਿਰ ਹੌਂ।

ਵਾਲਮੀਕ ਬਦਨ ਤੇ ਜਰਨ ਬਨੇ ਹੈਂ

ਬਰਕ ਬਿਚਾਰਿ ਸੋਊ ਭਾਖਾ ਮੈਂ ਸੁਧਹਿ ਹੌਂ।

(ਬਾਲ ਕਾਂਡ ਸਰਗ ੩)

ਇਸ ਗ੍ਰੰਥ ਨੂੰ ਸੱਤ ਕਾਂਡਾਂ ਵਿਚ ਉਲੱਥਾ ਕੇ ਹਰ ਇਕ ਕਾਂਡ ਦੇ ਵੱਖਰੇ-ਵੱਖਰੇ ਅਧਿਆਇ ਲਿਖੇ ਹਨ। ਇਸ ਅਨੁਵਾਦ ਵਿਚ ਪਾਤਰਾਂ ਦਾ ਚਰਿੱਤਰ ਚਿਤਰਨ, ਕਥਾ ਦਾ ਸਰੂਪ ਤੇ ਸਾਰੇ ਭਾਵਾਂ ਦਾ ਪ੍ਰਗਟਾ ਬਾਲਮੀਕੀ ਰਮਾਇਣ ਦੇ ਅਨੁਸਾਰ ਹੀ ਹੈ, ਉਨ੍ਹਾਂ ਦਾ ਇਸ ਤੋਂ ਬਾਅਦ ਦਾ ਗ੍ਰੰਥ ਆਤਮ-ਪੁਰਾਣ ਹੈ। ਇਹ ਗ੍ਰੰਥ ਉਪਨਿਸ਼ਦਾਂ ਅਤੇ ਵੇਦਾਂਤ ਦਾ ਮੂਲ ਗ੍ਰੰਥ ਮੰਨਿਆ ਜਾਂਦਾ ਹੈ। ਪਰ ਆਤਮ-ਪੁਰਾਣ ਦਾ ਟੀਕਾ ਹਾਲੇ ਤਕ ਨਹੀਂ ਮਿਲ ਸਕਿਆ। ਪਰ ਇਸ ਦਾ ਸਾਰੰਸ਼ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਿਚ ਮਿਲਦਾ ਹੈ। ਭਾਈ ਵੀਰ ਸਿੰਘ ਜੀ ਨੇ ਵੀ ਇਸ ਗ੍ਰੰਥ  ਦੀ ਬਹੁਤ ਖੋਜ ਕੀਤੀ ਸੀ। ਪਰ ਉਨ੍ਹਾਂ ਨੂੰ ਵੀ ਲਿਖੀਆਂ ਕੁਝ ਲਾਈਨਾਂ ਹੀ ਮਿਲੀਆਂ ਸੀ।

ਹੁਣ ਤਕ ਮਹਾਂਕਵੀ ਸੰਤੋਖ ਸਿੰਘ ਜੀ ਨੇ ਜੋ ਉਪਰ ਦਿੱਤੇ ਗ੍ਰੰਥ ਰਚੇ ਤੇ ਇਤਿਹਾਸਕ ਖੋਜ ਵਿਚ ਮਿਹਨਤ ਕੀਤੀ ਸੀ ਇਹ ਸਭ ਕੁਝ ਇਸ ਉੱਤਮ ਤੇ ਅਮੋਲ ਗ੍ਰੰਥ ‘ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ’ ਦੀ ਰਚਨਾ ਕਰਨ ਲਈ ਸੀ। ਜਿਸ ਤਰ੍ਹਾਂ ਇਨ੍ਹਾਂ ਨੇ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਗ੍ਰੰਥ ਦੀ ਕਥਾ ਭਾਈ ਬਾਲਾ ਜੀ  ਤੋਂ ਕਰਵਾਈ ਇਸੇ ਤਰ੍ਹਾਂ ‘ਸ੍ਰੀ ਗੁਰ ਪ੍ਰਤਾਪ ਸੂਰਜ’ ਦੀ ਕਥਾ ਭਾਈ ਰਾਮ ਕੁਇਰ ਸਾਹਿਬ ਜੀ ਤੋਂ ਕਰਵਾਈ।

ਹੋਰ ਉਮੰਗ ਮੋਹ ਮਨ ਆਈ,

ਕਰਨ ਲਗਯੋ ਇਹ ਗ੍ਰੰਥ ਸਹਾਈ।

ਰਾਮ ਕੁਇਰ ਕੇ ਮੁਖ ਤੇ ਕਥਾ

ਬਰਨੋਂ ਸਭਿ ਮੈਂ ਹੋਈ ਜਥਾ।

‘ਸ੍ਰੀ ਗੁਰ ਪ੍ਰਤਾਪ ਸੂਰਜ’ ਗ੍ਰੰਥ ਕਥਾ-ਪ੍ਰਧਾਨ ਇਤਿਹਾਸਕ ਪ੍ਰਬੰਧ ਕਾਵਿ ਹੈ। ਇਸ ਵਿਚ ਗੁਰੂ ਨਾਨਕ ਤੋਂ ਛੁੱਟ ਦੂਜੇ ਨੌਂ ਗੁਰੂ ਸਾਹਿਬਾਨ ਅਤੇ ਬੰਦਾ ਬਹਾਦਰ ਦੇ ਜੀਵਨ ਬ੍ਰਿਤਾਂਤ ਨੇ।

ਥੋੜ੍ਹੇ ਸ਼ਬਦਾਂ ਵਿਚ ਉਨ੍ਹਾਂ ਨੇ ਸੰਗਤ ਨੂੰ ਸਮਝਾਇਆ ਹੈ ਕਿ ਜੇ ਸਿਮਰਨ ਨਹੀਂ ਤਾਂ ਸਾਰੇ ਕਰਮ ਨਿਸ਼ਫਲ ਹੋ ਕੇ ਰਹਿ ਜਾਂਦੇ ਹਨ। ਭਾਵ ਬਿਨਾਂ ਨਾਮ ਨਹੀਂ ਛੁਟਕਾਰਾ।

ਇਨ੍ਹਾਂ ਨੂੰ ਇਨ੍ਹਾਂ ਦੀਆਂ ਲਿਖਤਾਂ ਦੇ ਵਿਚਾਰਾਂ   ਕਰਕੇ ਜੁਗ-ਪਰਵਰਤਕ ਅਤੇ ਲੋਕਨਾਇਕ ਕਵੀ ਕਿਹਾ ਜਾਂਦਾ ਹੈ।

ਇਹ 56 ਸਾਲ ਇਕ ਮਹੀਨੇ ਦੀ ਆਯੂ ਭੋਗ ਕੇ 6 ਕੱਤਕ ਸੰਮਤ 1900 ਬਿਕਰਮੀ ਨੂੰ ਗੁਰੂ ਚਰਨਾਂ ਵਿਚ ਲੀਨ ਹੋ ਗਏ। ਪਰ ਭਾਵੇਂ ਸਰੀਰ ਰੂਪ ਵਿਚ ਭਾਈ ਸੰਤੋਖ ਸਿੰਘ ਜੀ ਸਾਡੇ ਵਿਚ ਨਹੀਂ ਹਨ ਪਰ ਆਪਣੀ ਮਹਾਨ ਰਚਨਾ ਦੁਆਰਾ ਸੰਗਤਾਂ ਵਿਚ ਸਦਾ ਹੀ ਜਿਉਂਦੇ ਰਹਿਣਗੇ।


ਹਰਸਿਮਰਨ ਕੌਰ

* ਸੰਪਰਕ: 98551-05665

No comments:

Post a Comment