Wednesday 18 September 2013

ਪੰਜਾਬੀ ਲੋਕ ਨਾਚ ਗਿੱਧਾ ਤੇ ਬੋਲੀਆਂ



ਲੋਕ ਨਾਚ ਹਰ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ, ਜਿਨ੍ਹਾਂ ਵਿੱਚ ਉਸ ਖੇਤਰ ਦੇ ਜਨ ਸਾਧਾਰਨ ਦੀ ਜ਼ਿੰਦਗੀ ਧੜਕਦੀ ਹੈ। ਦਰਅਸਲ ਲੋਕ ਨਾਚ ਵਿੱਚ ਜਦੋਂ ਸ਼ਬਦ ‘ਲੋਕ’ ਆ ਗਿਆ ਤਾਂ ਇਹ ਵਿਸ਼ਿਸ਼ਟ ਨਾਚ ਨਾ ਰਹਿ ਕੇ ਜਨ ਸਾਧਾਰਨ ਵੱਲ ਪਰਤ ਜਾਂਦਾ ਹੈ। ਜਿੱਥੇ ਉਸਤਾਦ ਧਾਰਨ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ ਬਲਕਿ ਆਪ ਮੁਹਾਰੇ ਜ਼ਿੰਦਗੀ ਵਿੱਚ ਖ਼ੁਸ਼ੀਆਂ ਮੌਕੇ ਮਨ ਵਿਚਲੇ ਖ਼ੁਸ਼ੀ ਦੇ ਵਲਵਲਿਆਂ  ਨੂੰ ਆਪਣੇ ਸਰੀਰਕ ਅੰਗਾਂ ਦੀ ਹਰਕਤ ਜ਼ਰੀਏ ਪ੍ਰਗਟਾਉਣਾ ਹੀ ਲੋਕ ਨਾਚ ਹੈ।  ਲੋਕ ਨਾਚ ਵਿੱਚ ਖ਼ੁਸ਼ੀਆਂ ਸਮੋਈਆਂ ਹੁੰਦੀਆਂ ਹਨ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ, ‘‘ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਅਜਿਹਾ ਲੋਕ ਨਾਚ, ਜਿਨ੍ਹਾਂ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀਓਂ ਪੀੜ੍ਹੀ ਅੱਗੇ ਤੋਰਦਾ ਆਇਆ ਹੈ: ਜਿਨ੍ਹਾਂ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੈ ਅਤੇ ਜਿਨ੍ਹਾਂ ਦੇ ਨੱਚਣ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਹੁੰਦਾ ਹੈ, ਨੂੰ ਲੋਕ ਨਾਚ  ਦੀ ਸੰਗਿਆ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚ ਹਰ ਉਮਰ ਦਾ ਵਿਅਕਤੀ ਸ਼ਾਮਲ ਹੋ ਸਕਦਾ ਹੈ ਅਤੇ ਇਨ੍ਹਾਂ ਦੀ ਪੇਸ਼ਕਾਰੀ ਸਮੇਂ ਕਿਸੇ ਉਚੇਚ ਦੀ ਲੋੜ ਨਹੀਂ ਹੁੰਦੀ।’’
ਪੰਜਾਬੀ ਕੌਮ ਨੂੰ ਜੇ ਕਿਹਾ ਜਾਵੇ ਕਿ ਵਿਰਾਸਤ ਵਿੱਚੋਂ ਭੰਗੜਾ, ਗਿੱਧਾ, ਸੰਮੀ, ਕਿੱਕਲੀ, ਲੁੱਡੀ ਨਾਚ ਮਿਲੇ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ। ਇਨ੍ਹਾਂ ਲੋਕ ਨਾਚਾਂ ਵਿੱਚ ਗਿੱਧਾ ਆਪਣੀ ਵੱਖਰੀ ਮੁਹਾਰਤ ਰੱਖਦਾ ਹੈ। ਗਿੱਧਾ ਅਜਿਹਾ ਲੋਕ ਨਾਚ ਹੈ ਜਿਸ ਵਿੱਚ ਔਰਤਾਂ ਆਪਣੇ ਮਨ ਦੇ ਦੱਬੇ ਭਾਵਾਂ ਨੂੰ ਲੋਕ ਬੋਲੀਆਂ ਜ਼ਰੀਏ ਜਾਂ ਨੱਚ ਕੁੱਦ ਕੇ ਬਾਹਰ ਕੱਢਦੀਆਂ ਹਨ, ਖਾਸ  ਤੌਰ ’ਤੇ ਮਾਲਵੇ ਖਿੱਤੇ ਦਾ ਗਿੱਧਾ ਪ੍ਰਮੁੱਖ  ਨਾਚ ਰਿਹਾ ਹੈ। ਗਿੱਧਾ ਸ਼ਬਦ ਤੋਂ ਭਾਵ ਅਸਲ ਵਿੱਚ ਦੋ ਹੱਥਾਂ ਨਾਲ ਵਜਾਈ ਜਾਣ ਵਾਲੀ ਤਾਲੀ ਹੈ। ਦੰਤ ਕਥਾਵਾਂ ਵਿੱਚ ਮਿਲਦਾ ਹੈ ਕਿ ਪੰਜਾਬੀ ਲੋਕ ਨਾਚ ਗਿੱਧਾ ਸ਼ਬਦ ਦਾ ਨਾਂ ਕਿਸੇ ਗਿੱਧੋ ਨਾਂ ਦੀ ਕੁੜੀ ਤੋਂ ਪਿਆ, ਜਿਸ ਨੇ ਅਸਮਾਨੋਂ ਉਤਰੀਆਂ ਨਾਚੀਆਂ ਦੇ ਜਦੋਂ ਉਹ ਨੱਚ ਰਹੀਆਂ ਸਨ, ਕੱਪੜੇ ਚੁਰਾ ਲਏ। ਉਸ ਨੇ ਸ਼ਰਤ ਰੱਖੀ ਕਿ ਜੇ ਉਹ ਉਸ ਨੂੰ ਗਿੱਧਾ ਸਿਖਾਉਣਗੀਆਂ ਉਹ ਕੱਪੜੇ ਵਾਪਸ ਕਰੇਗੀ। ਅਸਲ ਗਿੱਧਾ ਨਾਂ ਇਸ ਦੰਤ ਕਥਾ ਤੋਂ ਪਿਆ ਮੰਨਿਆ ਜਾਂਦਾ ਹੈ।
ਖ਼ੁਸ਼ੀਆਂ ਦਾ ਪ੍ਰਤੀਕ ਗਿੱਧਾ ਆਮ ਤੌਰ ’ਤੇ ਮੁੰਡੇ-ਕੁੜੀ ਦੇ ਵਿਆਹ,  ਤੀਆਂ, ਲੋਹੜੀ ਜਾਂ ਖ਼ੁਸ਼ੀ ਦੇ ਮੌਕੇ ਨੱਚਿਆ ਜਾਣ ਵਾਲਾ ਨਾਚ ਹੈ। ਪਰੰਪਰਾਗਤ ਗਿੱਧਾ ਤੇ ਆਧੁਨਿਕ ਯੂਥ ਫੈਸਟੀਵਲਾਂ ਵਿੱਚ ਪਾਇਆ ਜਾਣ ਵਾਲਾ ਗਿੱਧਾ ਆਪਣੇ ਆਪ ਵਿੱਚ ਭਾਵੇਂ ਅੰਤਰ ਸਬੰਧਤ ਹੈ ਪਰ ਫਿਰ ਵੀ ਅੰਤਰ ਰੱਖਦਾ ਹੈ। ਪਰੰਪਰਾਗਤ ਗਿੱਧੇ ਦੀ ਜੇ ਗੱਲ ਕਰੀਏ ਤਾਂ ਘਰ ਦੇ ਵਿਸ਼ਾਲ ਵਿਹੜੇ ਵਿੱਚ ਔਰਤਾਂ ਵਿਆਹਾਂ ਮੌਕੇ ਗੋਲਾਈ ਵਿੱਚ ਇਕੱਠੀਆਂ ਹੁੰਦੀਆਂ ਹਨ, ਜਿੱਥੇ ਮਰਦਾਂ ਨੂੰ ਵੇਖਣ ਦੀ ਮਨਾਹੀ ਸੀ ਅਤੇ ਕਲਾਕਾਰ ਮੁਟਿਆਰਾਂ ਆਪਣੇ ਆਪ ਵਿੱਚ ਦਰਸ਼ਕ  ਵੀ ਸਨ ਅਤੇ ਕਲਾਕਾਰ ਵੀ। ਜਿਨ੍ਹਾਂ ਵਿੱਚ ਔਰਤਾਂ-ਜਵਾਨ, ਬੁੱਢੀਆਂ, ਵਿਆਹੀਆਂ, ਕੁਆਰੀਆਂ ਤੇ ਬਾਲੜੀਆਂ ਸ਼ਾਮਲ ਹੁੰਦੀਆਂ ਹਨ, ਕੋਈ ਮੁਟਿਆਰ ਬੋਲੀ ਪਾਉਂਦੀ ਹੈ ਤੇ ਅਖ਼ੀਰ ਵਾਲੇ ਸ਼ਬਦ ਬਾਕੀ ਮੁਟਿਆਰਾਂ ਚੁੱਕਦੀਆਂ ਹਨ, ਜਿਸ ਨੂੰ ਬੋਲੀ ਚੁੱਕਣਾ ਕਿਹਾ ਜਾਂਦਾ ਹੈ। ਇਸ ਪੱਧਰ ’ਤੇ ਜਾਤ-ਪਾਤ, ਧਰਮ ਵੱਖਰੇਵਿਆਂ ਤੇ ਬਿਨਾਂ ਵਿਉਂਤਬੰਦੀ ਤੋਂ ਇਹ ਨਾਚ ਨੱਚਿਆ ਜਾਂਦਾ ਹੈ। ਦੂਜੇ ਪਾਸੇ ਸਟੇਜੀ ਗਿੱਧਾ ਜਾਂ ਯੂਥ ਫੈਸਟੀਵਲਾਂ ਦੇ ਗਿੱਧੇ ਵਿੱਚ ਕਲਾਕਾਰ ਦਰਸ਼ਕ ਮੁੱਖ ਹੁੰਦੇ ਹਨ। ਕਲਾਕਾਰ ਮੁਟਿਆਰਾਂ ਵਿਸ਼ੇਸ਼ ਵਰਦੀ ਵਿੱਚ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਉਮਰ 17 ਤੋਂ 30 ਸਾਲ ਵਿਚਕਾਰ ਹੁੰਦੀ ਹੈ ਕਿਉਂਕਿ ਇਹ ਮੁਕਾਬਲੇ ਲਈ ਸੀਮਤ ਸਮੇਂ ਵਿੱਚ ਨੱਚਿਆ ਜਾਂਦਾ ਹੈ। ਇਸ ਪੱਧਰ ’ਤੇ ਸਿਖਲਾਈ ਲੈ ਕੇ ਮੁਟਿਆਰਾਂ ਢੋਲਕੀ ਉੱਪਰ ਨਾਚ ਕਰਦੀਆਂ ਖਾਸ ਕਿਸਮ ਦੇ ਸੰਦ ਜਿਵੇਂ ਚਰਖਾ, ਘੜੇ, ਵਰਤਦੀਆਂ ਹਨ। ਪੂਰੀ ਵਿਉਂਤਬੰਦੀ ਨਾਲ ਸਟੇਜ ਉੱਪਰ ਨਾਚ ਨੱਚਿਆ ਜਾਂਦਾ ਹੈ।
ਭਾਵੇਂ ਆਧੁਨਿਕ ਦੌਰ ਵਿੱਚ ਖਾਸਕਰ ਮਲਵਈ ਖਿੱਤੇ ਵਿੱਚ ਮੇਲਿਆਂ ਉੱਪਰ ਮਰਦਾਂ ਦਾ ਗਿੱਧਾ ਵੀ ਮਸ਼ਹੂਰ ਹੋ ਗਿਆ ਹੈ ਪਰ ਗਿੱਧੇ ਨਾਚ ਵਿੱਚ ਔਰਤਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ। ਗਿੱਧੇ ਵਿੱਚ ਮੁਟਿਆਰਾਂ ਵੱਲੋਂ ਪਾਈਆਂ ਜਾਣ ਵਾਲੀਆਂ ਛੋਟੀਆਂ ਦੋ ਤੁਕੀ ਬੋਲੀਆਂ ਤੇ ਲੰਮੀਆਂ ਬੋਲੀਆਂ ਦੀ ਵਿਸ਼ੇਸ਼ ਥਾਂ ਹੈ। ਗਿੱਧੇ ਵਿੱਚ ਉਹ ਬਿੰਬ, ਪ੍ਰੀਤਕ ਸਿਰਜਦੀਆਂ ਨਜ਼ਰੀ ਪੈਂਦੀਆਂ ਹਨ। ਬੋਲੀਆਂ ਦੀ ਵਿਅੰਗਮਈ ਭਾਸ਼ਾ ਵਿੱਚ ਵਿਗਿਆਨਕ ਪੱਧਰ ’ਤੇ ਭਾਵੇਂ ਅਸ਼ਲੀਲਤਾ ਭਾਰੂ ਹੁੰਦੀ ਹੈ ਪਰ ਸਾਧਾਰਨ ਪੱਧਰ ’ਤੇ ਉਹ ਹਾਸਾ-ਠੱਠਾ ਹੀ ਸਮਝਿਆ ਜਾਂਦਾ ਹੈ। ਆਧੁਨਿਕ ਦੌਰ ਵਿੱਚ ਭਾਵੇਂ ਗਿੱਧਾ ਯੂਥ ਫੈਸਟੀਵਲਾਂ ਦੀ ਸ਼ਿੰਗਾਰ ਬਣ ਕੇ ਰਹਿ ਗਿਆ ਪਰ ਫਿਰ ਵੀ ਤੀਆਂ ਜਾਂ ਵਿਆਹਾਂ ਵਿੱਚ ਗਿੱਧਾ ਵੇਖਣ ਨੂੰ ਮਿਲਦਾ ਹੈ।
ਪੰਜਾਬੀ ਰਿਸ਼ਤਿਆਂ ਦੀ ਲੜੀ ਵਿੱਚ ਜੀਜਾ-ਸਾਲੀ ਦਾ ਰਿਸ਼ਤਾ ਰੁਮਾਂਟਿਕ ਬਿਰਤੀ ਦਾ ਧਾਰਨੀ ਹੈ। ਇਸ ਰਿਸ਼ਤੇ ਵਿੱਚ ਹਾਸਾ-ਠੱਠਾ ਆਮ ਗੱਲ ਹੈ। ਪੰਜਾਬੀ ਸਮਾਜ ਵਿੱਚ ਵਿਆਹਾਂ ਮੌਕੇ ਪਾਏ ਜਾਣ ਵਾਲੇ ਗਿੱਧੇ ਦੀਆਂ ਬੋਲੀਆਂ ਵਿੱਚ ਇਸ ਰਿਸ਼ਤੇ ਦੀ ਗੱਲ ਜ਼ਰੂਰ ਹੁੰਦੀ ਹੈ ਕਿਉਂਕਿ ਲੋਕ ਬੋਲੀਆਂ ਵਿੱਚ ‘ਸਾਲੀ ਅੱਧੇ ਘਰ ਵਾਲੀ’ ਹੋਣ ਦਾ ਜ਼ਿਕਰ ਮਿਲਦਾ ਹੈ। ਗਿੱਧੇ ਵਿੱਚ ਨੱਚ ਰਹੀ ਸਾਲੀ ਦੂਰ ਫਿਰਦੇ ਆਪਣੇ ਜੀਜੇ ਨੂੰ ਮੁਖਾਤਿਬ ਹੋ ਕੇ ਜ਼ਰੂਰ ਕੋਈ ਨਾ ਕੋਈ ਬੋਲੀ ਪਾਉਂਦੀ ਹੈ ਕਿਉਂਕਿ ਮੁਟਿਆਰ ਹਮੇਸ਼ਾਂ ਜੀਜੇ ਵੱਲੋਂ ਪੈਸੇ ਵਾਰਨ ਦੀ ਆਸ ਲਾਈ ਬੈਠੀ ਹੁੰਦੀ ਹੈ:
‘ਜੀਜਾ ਵਾਰ ਨੱਤੀਆਂ ਦਾ ਜੋੜਾ
ਗਿੱਧੇ ਵਿੱਚ ਸਾਲੀ ਨੱਚਦੀ’
ਦੂਜੇ ਪੱਧਰ ’ਤੇ ਬੋਲੀਆਂ ਵਿੱਚ ਜੀਜੇ ਦਾ ਸਥਾਨ ਅਜਿਹਾ ਮਿਲਦਾ ਹੈ, ਜਿੱਥੇ ਉਹ ਅਫ਼ਸਰ ਹੈ ਅਤੇ ਉਸ ਦੀ ਸਾਲੀ ਬੋਲੀਆਂ ਜ਼ਰੀਏ ਹੋਰਨਾਂ ਉੱਪਰ ਰੋਅਬ ਮਾਰਦੀ ਨਜ਼ਰੀਂ ਪੈਂਦੀ ਹੈ।
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਰੁੜਗੀ ਥਾਲੀ
ਕੈਦ ਕਰਵਾਦੂੰਗੀ, ਮੈਂ ਡਿਪਟੀ ਦੀ ਸਾਲੀ
ਭਾਵੇਂ ਵਿਅੰਗਮਈ ਭਾਸ਼ਾ ਵਿੱਚ ਮਿਲਦਾ ਜ਼ਰੂਰ ਹੈ ਕਿ ਹੁਣ ਨਾ ਸਿਆਣਦੀਆਂ ਦਿਉਰਾਂ ਨੂੰ ਭਰਜਾਈਆਂ ਪਰ ਦੂਜੇ ਪਾਸੇ ਵਿਆਹ ਮੌਕੇ ਪਾਈਆਂ ਜਾਣ ਵਾਲੀਆਂ ਬੋਲੀਆਂ ਦੇ ਵਿਸ਼ੇ ਵਿੱਚ ਮਿਲਦਾ ਹੈ:
ਸੜਕੇ ਸੜਕੇ ਮੈਂ ਰੋਟੀ ਲਈ ਜਾਨੀ ਆਂ
ਉੱਥੇ ਪੋਣਾ ਟੰਗ ਆਈ ਆਂ
ਨੀਂ ਮੈਂ ਦਿਉਰ ਕੁਆਰਾ ਮੰਗ ਆਈ ਆਂ
ਗਿੱਧੇ ਦੀਆਂ ਬੋਲੀਆਂ ਵਿੱਚ ਹੁਸਨ ਦੀ ਗੱਲ ਬੜੇ ਵਧੀਆ ਕਲਾਮ ਨਾਲ ਹੁੰਦੀ ਹੈ, ਕੁੜੀਆਂ ਦੇ ਹੁਸਨ ਦੇ ਬੋਲੀਆਂ ਵਿੱਚ ਸੋਹਲੇ ਗਾਏ ਜਾਂਦੇ ਹਨ- ਲੰਮੀਆਂ ਗੁੱਤਾਂ ਦੀ ਤਾਰੀਫ਼, ਉੱਚੇ-ਲੰਮੇ ਕੱਦ ਦੀ ਤਾਰੀਫ਼ ਪਰ ਗੱਭਰੂਆਂ ਬਾਰੇ ਕੁੜੀਆਂ ਵੱਲੋਂ ਹਮੇਸ਼ਾਂ ਵਿਅੰਗ ਹੀ ਲਾਏ ਜਾਂਦੇ ਹਨ, ਜਿਵੇਂ:
ਬਾਬਲ ਮੇਰੇ ਕੰਤ ਸਹੇੜਿਆ
ਪੁੱਠੇ ਤਵੇ ਤੋਂ ਕਾਲਾ
ਕੁੜੀਆਂ ਮੈਨੂੰ ਮਾਰਨ ਤਾਅਨੇ
ਔਹ ਤੇਰੇ ਘਰ ਵਾਲਾ
ਮੇਹਣੇ ਸੁਣ ਕੇ ਇਉਂ ਹੋ ਜਾਂਦੀ
ਜਿਉਂ ਆਹਰਨ ਵਿੱਚ ਫਾਲਾ
ਮਾਏ ਤੇਰੇ ਦਰਾਂ ’ਚੋਂ ਮਿਲ ਗਿਆ ਦੇਸ਼ ਨਿਕਾਲਾ
ਪੰਜਾਬੀ ਵਿੱਚ ਮਿਲਦੇ ਕਿੱਸਿਆਂ ਵਿੱਚ ਭਾਵੇਂ ਮਿਥਿਹਾਸ ਸਿਰਜਿਆ ਹੋਵੇ ਪਰ ਸੋਹਣੀ-ਮਹੀਵਾਲ, ਸੱਸੀ-ਪੰਨੂ ਅਜਿਹੇ ਨਾਇਕ-ਨਾਇਕਾਵਾਂ ਹਨ ਜਿਨ੍ਹਾਂ ਦੀ ਗੱਲ ਹਰ ਲੋਕ-ਕਾਵਿ ਰੂਪ ਵਿੱਚ ਹੋਈ ਮਿਲਦੀ ਹੈ। ਲੋਕ ਬੋਲੀਆਂ ਵਿੱਚ ਆਸ਼ਕ-ਮਾਸ਼ੂਕ ਦਾ ਸਬੰਧ ਹਮੇਸ਼ਾਂ ਲੋਕ ਬੋਲੀਆਂ ਦਾ ਵਿਸ਼ਾ ਰਿਹਾ ਹੈ:
ਵਿੱਚ ਝਨਾਂ ਦੇ ਡੁੱਬ ਗਈ ਸੋਹਣੀ
ਕੱਚੇ ਘੜੇ ’ਤੇ ਤਰਦੀ
ਡੁੱਬਦੀ ਦਾ ਹੱਥ ਪੈ ਗਿਆ ਪੰਨੀ ਨੂੰ
ਪੰਨੀ ਉਜ਼ਰ ਨਾ ਕਰਦੀ
ਵਿੱਚ ਦਰਿਆਵਾਂ ਦੇ
ਸੋਹਣੀ ਮਹੀਵਾਲ-ਮਹੀਵਾਲ ਕਰਦੀ
ਪੰਜਾਬ ਵਿੱਚ ਸ਼ੁਰੂ ਤੋਂ ਹੀ ਹਮਲਾਵਰਾਂ ਦੇ ਹਮਲੇ ਹੁੰਦੇ ਰਹੇ, ਇਸ ਨਾਲ ਜਿੱਥੇ ਪੰਜਾਬੀ ਕੌਮ ਨਿਡਰ ਤੇ ਬਲਵਾਨ ਹੋਈ ਹੈ, ਉੱਥੇ ਈਰਖਾ ਤੇ ਸੁਭਾਅ ਵਿੱਚ ਝਗੜੇ ਦੇ ਅੰਸ਼ ਵੀ ਮਿਲਦੇ ਹਨ। ਖਾਸਕਰ ਔਰਤ ਜਾਤੀ ਅੰਦਰ ਸੱਸ-ਨੂੰਹ ਦੀ ਲੜਾਈ ਸਹਿਜੇ ਵੇਖਣ ਨੂੰ ਮਿਲਦੀ ਹੈ। ਨਵੀਂ ਵਿਆਹੀ ਮੁਟਿਆਰ ਆਪਣੇ ਪਤੀ ’ਤੇ ਆਪਣਾ ਹੱਕ ਸਮਝਦੀ ਹੈ ਪਰ ਜਿਸ ਨੇ ਕੰਤ ਪਾਲ ਕੇ ਵੱਡਾ ਕੀਤਾ ਉਹ ਨਵੀਂ ਵਿਆਹੀ ਨੂੰਹ ਦੇ ਆਪਣਾ ਲਾਡਲਾ ਕਿਵੇਂ ਹਵਾਲੇ ਕਰਦੇ।
ਪੇਂਡੂ ਮੁਟਿਆਰ ਗਿੱਧੇ ਦੇ ਪਿੜ ਵਿੱਚ ਬੋਲੀ ਪਾਉਂਦੀ ਦੱਸਦੀ ਹੈ ਕਿ ਸੱਸਾਂ ਨੂੰ ਸਲਾਹਿਆ ਨਹੀਂ ਜਾਣਾ ਚਾਹੀਦਾ।
ਚਿੱਟੀ ਚਿੱਟੀ ਰੂ ਕਦੇ ਪਿੰਜਣੀ ਪਊਗੀ
ਸੱਸ ਨਾ ਸਲਾਈਏ ਕਦੇ ਨਿੰਦਣੀ ਪਊਗੀ
ਸੱਸਾਂ ਸੁਭਾਅ ਪੱਖੋਂ ਭਾਵੇਂ ਨਰਮ, ਸਾਊ ਹੋਣ ਪਰ ਬੋਲੀਆਂ ਵਿੱਚ ਹਮੇਸ਼ਾਂ ਤ੍ਰਿਸਕਾਰ ਦਾ ਪਾਤਰ ਹੀ ਰਹੀਆਂ ਹਨ। ਘਰ ਵਿੱਚ ਭਾਵੇਂ ਤੰਗੀਆਂ-ਤੁਰਸ਼ੀਆਂ ਕਰਕੇ ਘਿਉ ਨਾ ਜੁੜਿਆ ਹੋਵੇ ਪਰ ਮੁਟਿਆਰਾਂ ਮਨ ਦੇ ਵਲਵਲੇ ਕੱਢਦੀਆਂ ਬੋਲੀ ਪਾਉਂਦੀਆਂ ਹਨ:
ਸੱਸੇ ਤੇਰੀ ਮਹਿੰ ਮਰ ਜੇ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਗਿੱਧੇ ਦੇ ਪਿੜ ਵਿੱਚ ਬੋਲੀ ਪਾਉਂਦੀ  ਮੁਟਿਆਰ ਆਪਣੇ ਪਤੀ ਨਾਲ ਬੜੇ ਸਲੀਕੇ ਨਾਲ ਪੇਸ਼ ਹੁੰਦੀ ਹੈ ਕਿਉਂਕਿ ਉਸ ਨਾਲ ਉਸ ਦਾ ਨਿੱਜੀ ਪਿਆਰ ਹੁੰਦਾ ਹੈ।
ਵਗਦੀ ਸੀ ਰਾਵੀ ਵਿੱਚ ਸੁੱਟਦੀਆਂ ਮੇਖਾਂ
ਬਣ ਪਟਵਾਰੀ ਤੈਨੂੰ ਲਿਖਦੇ ਨੂੰ  ਵੇਖਾਂ
ਦੂਜੇ ਪਾਸੇ ਤੰਗੀਆਂ-ਤੁਰਸ਼ੀਆਂ ਵਾਲੇ ਪੇਂਡੂ ਧਰਾਤਲ ਵਿੱਚ ਮਰਦ ਭਾਵੇਂ ਘਰ ਦਾ ਕੰਮ ਨਹੀਂ ਕਰਦੇ ਪਰ ਖੇਤੀ ਹਲ ਜੋੜ ਕਮਾਈਆਂ ਜ਼ਰੂਰ ਕਰਦੇ ਹਨ। ਸੁਆਣੀ ਖੇਤੀ ਕੰਮ ਕਰਦੇ ਕਿਰਸਾਨ ਲਈ ਭੱਤਾ ਲੈ ਕੇ ਜਾਂਦੀ ਹੈ ਪਰ ਘਰ ਦੀ ਥੋੜ੍ਹੀ ਜਿਹੀ ਲੜਾਈ ਵਿੱਚ ਪੇਂਡੂ ਰਕਾਨ ਤਾਅਨੇ ਮਾਰਦੀ ਕਹਿੰਦੀ ਹੈ:
ਜੇ ਮੁੰਡਿਆਂ ਤੈਂ ਹਲ ਨੀਂ ਜੋੜਨਾ
ਮੈਂ ਵੀ ਨੀਂ ਧਰਨੀ ਦਾਲ ਮੁੰਡਿਆ
ਰੋਟੀ ਆਊ, ਚਟਨੀ ਨਾਲ ਮੁੰਡਿਆ
ਪੰਜਾਬੀ ਸਮਾਜ ਵਿੱਚ ਛੋਟੀਆਂ ਭਰਜਾਈਆਂ ਵੱਡੇ ਜੇਠ ਨੂੰ ਵੇਖ ਕੇ ਜ਼ਰਦੀਆਂ ਨਹੀਂ, ਉਹ ਬੋਲੀਆਂ ਜ਼ਰੀਏ ਤਾਅਨੇ-ਮਿਹਣੇ ਮਾਰਦੀਆਂ ਰਹਿੰਦੀਆਂ ਹਨ। ਕਦੇ ਉਹ ਸਣੇ ਪਜਾਮਾ ਕੋਟ ਅੱਗ ਲਾਉਂਦੀਆਂ ਹਨ, ਕਦੇ ਖੂਹ ’ਤੇ ਪਾਇਆ ਚੁਬਾਰਾ ਢਾਹੁੰਦੀਆਂ ਨਜ਼ਰੀ ਪੈਂਦੀਆਂ ਹਨ। ਜੇਠ-ਭਰਜਾਈ ਦਾ ਰਿਸ਼ਤਾ ਹਮੇਸ਼ਾਂ ਦਵੰਦ ਦਾ ਰਿਸ਼ਤਾ ਰਿਹਾ ਹੈ। ਭਾਵੇਂ ਅੱਜ ਦੇ ਸਮੇਂ ‘ਵੀਰ ਜੀ’ ਉਪਰ ਗੱਲ ਪਹੁੰਚ ਗਈ ਪਰ ਲੋਕ ਬੋਲੀਆਂ ਵਿੱਚ ਮਿਲਦਾ:
ਮੈਂ ਤਾਂ ਜੇਠ ਨੂੰ ਜੀ-ਜੀ ਕਰਦੀ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮਾ ਕੋਟ
ਜੇਠ ਦਾ ਪਾਇਆ ਚੁਬਾਰਾ ਬੋਲੀਆਂ ਵਿੱਚ ਢਾਹੁਣ ਦਾ ਜ਼ਿਕਰ ਮਿਲਦਾ ਹੈ:
ਜੇਠ ਮੇਰੇ ਨੇ ਇੱਕ ਦਿਨ ਲੜ ਕੇ
ਖੂਹ ’ਤੇ ਚੁਬਾਰਾ ਪਾਇਆ
ਤਿੰਨ ਭਾਂਤ ਦੀ ਇੱਟ ਲੱਗ ਗਈ
ਚਾਰ ਭਾਂਤ ਦਾ ਗਾਰਾ
ਇੱਕ ਮੇਰੀ ਹਾਅ ਲੱਗ ਜੇ
ਸਿਖ਼ਰੋਂ ਡਿੱਗੇ ਚੁਬਾਰਾ
ਗਿੱਧਾ ਭਾਵੇਂ ਵਿਆਹ ਮੌਕੇ ਹੋਵੇ ਭਾਵੇਂ ਯੂਥ ਫੈਸਟੀਵਲ ਸਟੇਜ ’ਤੇ ਬੋਲੀਆਂ ਵਿੱਚ ਛੜਿਆਂ ਬੰਦਿਆਂ ਦੀ ਗੱਲ ਜ਼ਰੂਰ ਮਿਲਦੀ ਹੈ ਕਿਉਂਕਿ ਛੜਿਆਂ ਦੀ ਸਮਾਜ ਵਿਚ ਵੱਖਰੀ ਪਛਾਣ ਹੈ।
ਰਾਤੀਂ ਛੜੇ ਨੂੰ ਆਇਆ ਸੁਪਨਾ
ਛੜਾ ਛੜੇ ਨੂੰ ਦੱਸਦਾ
ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ
ਮੈਂ ਸੀ ਬਹੂ ਨਾਲ ਹੱਸਦਾ
ਤੜਕੇ ਨੂੰ ਪੱਟਿਆ ਗਿਆ
ਚੰਗਾ ਭਲਾ ਘਰ ਵਸਦਾ
ਝਗੜੇ ਦੇ ਰਿਸ਼ਤਿਆਂ ਵਿੱਚ ਨੂੰਹ-ਸੱਸ ਤੋਂ ਬਾਅਦ ਜ਼ਿਆਦਾ ਝਗੜਾ ਨਨਾਣ-ਭਰਜਾਈ ਦਾ ਰਹਿੰਦਾ ਹੈ ਕਿਉਂਕਿ ਨਣਦਾਂ ਆਪਣੇ ਵੀਰਾਂ ਦੇ ਘਰਾਂ ਵਿੱਚ ਚੌਧਰ ਕਰਦੀਆਂ ਹਨ ਪਰ ਨਵ-ਵਿਆਹੀ ਇਸ ਸਾਰੇ ਤੋਂ ਤੰਗ ਹੁੰਦੀ ਹੈ। ਉਹ ਆਪਣੇ ਮਨ ਦੇ ਵਲਵਲੇ ਇੰਨੇ ਤਿੱਖੇ ਰੌਅ ਵਿੱਚ ਕੱਢਦੀ ਹੈ ਕਿ ਜਿਵੇਂ ਘਰ ਵਿੱਚ ਕੈਦਣ ਵਾਂਗ ਬਣ ਕੇ ਰਹਿਣਾ ਪੈ ਰਿਹਾ ਹੋਵੇ। ਉਹ ਆਪਣੀ ਮਾਂ ਨੂੰ ਕਹਿੰਦੀ ਹੈ:
ਮਾਏ ਨੀਂ ਮੈਨੂੰ ਜੁੱਤੀ ਸਵਾ ਦੇ
ਹੇਠ ਲੁਆ ਦੇ ਖੁਰੀਆਂ
ਇਹ ਦਿਨ ਖੇਡਣ ਦੇ
ਸੱਸਾਂ-ਨਨਾਣਾਂ ਬੁਰੀਆਂ
ਲੋਕ ਬੋਲੀਆਂ ਵਿੱਚ ਰਾਜਨੀਤਕ- ਆਰਥਿਕ ਪੱਖਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜਿੱਥੇ ਔਰਤਾਂ ਦੀ ਮਾਨਸਿਕਤਾ ਵੱਖਰੇ ਪੱਧਰ ਦੀ ਹੁੰਦੀ ਹੈ। ਆਰਥਿਕ ਤੰਗੀਆਂ-ਤੁਰਸ਼ੀਆਂ ਕੱਟਦੀਆਂ ਔਰਤਾਂ ਆਪਣੇ ਇਸ ਦਿਲ ਦੀਆਂ ਚੀਖਾਂ ਬੋਲੀਆਂ ਜ਼ਰੀਏ ਬਾਹਰ ਕੱਢਦੀਆਂ, ਪੰਜਾਬੀ ਸਮਾਜ ਦਾ ਚਿਤਰਨ ਪੇਸ਼ ਕਰਦੀਆਂ ਹਨ ਜਿਵੇਂ:
ਰੇਸ਼ਮੀ ਦੁਪੱਟੇ ਉਤੇ ਤਿੰਨ ਧਾਰੀਆਂ
ਪਹਿਨਣ ਨਾ ਦੇਵਣ ਕਬੀਲ ਦਾਰੀਆਂ
ਦੂਜੇ ਪਾਸੇ ਜੱਟਾਂ ਦੀ ਜੂਨ ਬੁਰੀ ਗੱਲਾਂ ਕਰਦੀਆਂ ਮੁਟਿਆਰਾਂ ਬੋਲੀਆਂ ਪਾਉਂਦੀਆਂ ਦਰਸਾਉਂਦੀਆਂ ਹਨ:
ਜੱਟਾ ਤੇਰੀ ਜੂਨ ਬੁਰੀ
ਹਲ ਛੱਡ ਕੇ ਚਰੀ ਨੂੰ ਜਾਣਾ
ਪੇਂਡੂ ਮੁਟਿਆਰਾਂ ਦੱਬੇ ਅਰਮਾਨਾਂ ਨੂੰ ਬੋਲੀਆਂ ਜ਼ਰੀਏ ਦਰਸਾਉਂਦੀਆਂ ਕਿ ਪਿੰਡ ਛੱਡ ਕੇ ਚੰਡੀਗੜ੍ਹ ਕੋਠੀ ਪਾ ਕਿਉਂਕਿ ਪਿੰਡਾਂ ’ਚ ਧੂੜ ਉੱਡਦੀ ਹੈ:
ਚੰਨ ਵਰਗੀ ਤੇਰੀ ਨਾਰ ਸੋਹਣਿਆ
ਕੋਹ ਕਾਫ ਤੋਂ ਦੂਰ
ਵੇ ਚੰਡੀਗੜ੍ਹ ਕੋਠੀ ਪਾ ਦੇ
ਪਿੰਡਾਂ ਵਿੱਚ ਉੱਡਦੀ ਧੂੜ
ਜੱਟ ਤੇ ਜੱਟੀ ਦੇ ਆਪਸੀ ਝਗੜੇ ਵਿੱਚ ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਜੱਟੀ ਨੂੰ ਜੱਟ ਕੁੱਟਣ ਦੇ ਤਰੀਕੇ ਦਰਸਾਉਂਦੀਆਂ ਹਨ, ਜਿਸ ਕਰਕੇ ਜੱਟ ਦੀ ਚੌਧਰ ਹੋ ਜਾਵੇ:
ਜੇ ਜੱਟੀਏ ਜੱਟ ਕੁੱਟਣਾ ਹੋਵੇ
ਸੁੱਤੇ ਪਈਏ ਨੂੰ ਕੁੱਟੀਏ
ਵੱਖੀ ਉਹਦੀ ਵਿੱਚ ਲੱਤ ਮਾਰੀਏ
ਹੇਠ ਮੰਜੇ ਤੋਂ ਸੁੱਟੀਏ
ਨੀਂ ਪਹਿਲਾਂ ਜੱਟ ਤੋਂ ਮੱਕੀ ਪਿਹਾਈਏ
ਫੇਰ ਪਿਹਾਈਏ ਛੋਲੇ
ਜੱਟੀਏ ਦੇ ਦਬਕਾ
ਜੱਟ ਫਿਰ ਨਾ ਬਰਾਬਰ ਬੋਲੇ
ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਜੋਕੇ ਦੌਰ ਵਿੱਚ ਗਿੱਧਾ ਵਿਆਹਾਂ ਤੇ ਤੀਆਂ ਦੀ ਰੌਣਕ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ ਕਿਉਂਕਿ ਘਰਾਂ ਵਿੱਚ ਵਿਆਹਾਂ ਦੀ ਥਾਂ ਹੁਣ ਮੈਰਿਜ ਪੈਲੇਸ ਨੇ ਲੈ ਲਈ ਹੈ, ਦੂਜਾ ਤੀਆਂ ਦੇ ਪਿੜ ਸੀਮਤ ਹੋ ਰਹੇ ਹਨ। ਸਿਰਫ਼ ਯੂਥ ਫੈਸਟੀਵਲਾਂ ਵਿੱਚ ਵਿਸ਼ੇਸ਼ ਸਿਖਲਾਈ ਵਾਲਾ ਗਿੱਧਾ ਨਾਚ ਦੇ ਤੌਰ ’ਤੇ ਆ ਰਿਹਾ ਹੈ ਜਿਸ ਵਿੱਚ ਨਵੀਂ ਬੋਲੀਆਂ ਤੇ ਨਵੀਆਂ ਪੁਸ਼ਾਕਾਂ ਭਾਰੂ ਪੈ ਰਹੀਆਂ ਹਨ।
-ਗੁਰਦੀਪ ਸਿੰਘ ਭੁਪਾਲ 
* ਮੋਬਾਈਲ: 94177-86546.

1 comment:

  1. Tajinder Singh Saran: ਪੰਜਾਬੀ ਲੋਕ ਨਾਚ ਗਿੱਧਾ ਤੇ ਬੋਲੀਆਂ >>>>> Download Now

    >>>>> Download Full

    Tajinder Singh Saran: ਪੰਜਾਬੀ ਲੋਕ ਨਾਚ ਗਿੱਧਾ ਤੇ ਬੋਲੀਆਂ >>>>> Download LINK

    >>>>> Download Now

    Tajinder Singh Saran: ਪੰਜਾਬੀ ਲੋਕ ਨਾਚ ਗਿੱਧਾ ਤੇ ਬੋਲੀਆਂ >>>>> Download Full

    >>>>> Download LINK

    ReplyDelete