Friday, 11 October 2013

ਏਸ਼ੀਆ ਦੇ ਚੈਂਪੀਅਨ ਦੋ ਮੱਖਣ ਸਿੰਘ


1980 ਦੇ ਆਸ ਪਾਸ ਜਲੰਧਰ ਹੋਈ ਵੈਟਰਨ ਅਥਲੈਟਿਕ ਮੀਟ 'ਚ ਮੈਂ ਇਕ ਕੱਦਾਵਰ ਬਜ਼ੁਰਗ ਵੇਖਿਆ। ਉਹਦੇ ਸਿਰ ਦੁਆਲੇ ਡੱਬੀਦਾਰ ਪਰਨਾ ਲਪੇਟਿਆ ਹੋਇਆ ਸੀ ਤੇ ਅੱਧੀਆਂ ਬਾਂਹਾਂ ਵਾਲੀ ਖਾਕੀ ਬੁਨੈਣ ਪਾਈ ਹੋਈ ਸੀ। ਮਲੇਸ਼ੀਏ ਦਾ ਪਜਾਮਾ ਉਹਨੇ ਬੁਨੈਣ ਉਪਰ ਦੀ ਬੰਨ੍ਹਿਆ ਹੋਇਆ ਸੀ ਜਿਵੇਂ ਅਥਲੀਟ ਇਲਾਸਟਿਕ ਵਾਲਾ ਕੱਛਾ ਬੁਨੈਣ ਉਪਰ ਦੀ ਕਰ ਲੈਂਦੇ ਹਨ। ਪਜਾਮੇ ਦੇ ਪ੍ਹੌਂਚੇ ਖਾਕੀ ਜ਼ੁਰਾਬਾਂ ਵਿਚ ਤੁੰਨੇ ਹੋਏ ਸਨ ਤੇ ਪੈਰੀਂ ਭੂਰੇ ਫਲੀਟ ਸਨ। ਤਦੇ ਪ੍ਰਿੰ. ਸੋਮ ਨਾਥ ਨੇ 'ਵਾਜ਼ ਮਾਰੀ, ''ਮੱਖਣ ਸਿਅ੍ਹਾਂ ਤੂੰ ਆਪਣੀ ਵਾਰੀ ਭੁੱਲਿਆ ਫਿਰਦੈਂ, ਆ ਡਿਸਕਸ ਸੁੱਟ।"
ਉਹ ਡਿਸਕਸ ਸੁੱਟਣ ਆਇਆ ਤਾਂ ਆਲੇ ਦੁਆਲੇ ਖੜ੍ਹਿਆਂ ਨੂੰ ਆਖਣ ਲੱਗਾ, ''ਭਰਾਓ, ਬਚ ਕੇ ਖੜ੍ਹੋ। ਪਰ੍ਹਾਂ-ਪਰ੍ਹਾਂ ਹੋ ਜੋ। ਇਸ ਸਹੁਰੀ ਦਾ ਪਤਾ ਕੋਈ ਨ੍ਹੀਂ ਕਿਧਰ ਨੂੰ ਨਿਕਲ ਜੇ।" ਉਹ ਬਜ਼ੁਰਗ ਡਿਸਕਸ ਸੁੱਟਣ ਵਿਚ ਏਸ਼ੀਆ ਦਾ ਚੈਂਪੀਅਨ ਰਿਹਾ ਸੀ। ਮੈਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਪਈ ਉਹ ਉਹੀ ਮੱਖਣ ਸਿੰਘ ਸੀ ਜਿਹੜਾ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿਚ ਡਿਸਕਸ ਸੁੱਟਣ 'ਚੋਂ ਪ੍ਰਥਮ ਆਇਆ ਸੀ। ਮੈਨੂੰ ਪੁਰਾਣੇ ਚੈਂਪੀਅਨ ਖਿਡਾਰੀਆਂ ਨਾਲ ਗੱਲਾਂ ਕਰਨ  'ਚ ਖ਼ਾਸ ਦਿਲਚਸਪੀ ਹੈ। ਉਨ੍ਹਾਂ ਤੋਂ ਨਵੇਂ ਤੇ ਪੁਰਾਣੇ ਦੋਹਾਂ ਵੇਲਿਆਂ ਦੇ ਹਾਲ ਚਾਲ ਦਾ ਪਤਾ ਲੱਗ ਜਾਂਦਾ ਹੈ।
ਮੱਖਣ ਸਿੰਘ ਡਿਸਕਸ ਸੁੱਟ ਹਟਿਆ ਤਾਂ ਮੈਂ ਅਰਜ਼ ਕੀਤੀ, ''ਬਾਬਾ ਜੀ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੁਝ ਬਚਨ ਬਿਲਾਸ ਹੀ ਹੋ ਜਾਣ।" ਮੱਖਣ ਸਿੰਘ ਕੋਲ ਸਮਾਂ ਖੁੱਲ੍ਹਾ ਹੀ ਸੀ। ਅਸੀਂ ਇਕ ਰੁੱਖ ਦੀ ਛਾਵੇਂ ਜਾ ਬੈਠੇ। ਉਹਦਾ ਦਾਹੜਾ ਬੱਗਾ ਤੇ ਭਰਵਾਂ ਸੀ ਜੋ ਹਵਾ ਦੇ ਬੁੱਲਿਆਂ ਨਾਲ ਝੂਲਦਾ। ਮੈਂ ਸਿਹਤ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ''ਸਭ ਵਾਹਿਗੁਰੂ ਦੀ ਕਿਰਪਾ ਐ। ਸਿਹਤ ਤਾਂ ਬੜੀ ਆਹਲਾ ਪਰ ਨਜ਼ਰ ਹੁਣ ਕਮਜ਼ੋਰ ਪੈ ਚੱਲੀ ਆ।"
ਫਿਰ ਗੱਲਾਂ ਬਾਤਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਕਿ ਉਹਦਾ ਜਨਮ 11 ਮਾਰਚ 1911 ਨੂੰ ਚੱਕ ਨੰਬਰ 321 ਜ਼ਿਲ੍ਹਾ ਲਾਇਲਪੁਰ ਵਿਚ ਹੋਇਆ ਸੀ। ਉਥੇ ਉਨ੍ਹਾਂ ਦੇ ਬਾਬੇ ਨੂੰ ਮੁਰੱਬਾ ਜ਼ਮੀਨ ਦਾ ਮਿਲਿਆ ਸੀ। ਉਹ ਡੇਰਾ ਬਾਬਾ ਨਾਨਕ ਲਾਗਿਓਂ ਨਾਰੋਵਾਲ ਤੋਂ ਉੱਠ ਕੇ ਗਏ ਸਨ। ਦੇਸ਼ ਦੀ ਵੰਡ ਉਪਰੰਤ ਉਨ੍ਹਾਂ ਨੂੰ ਕਾਦੀਆਂ ਕੋਲ ਪਿੰਡ ਨੰਗਲ ਬਾਗਬਾਨਾਂ ਵਿਚ ਜ਼ਮੀਨ ਅਲਾਟ ਹੋਈ ਸੀ। ਉਹ ਆਪਣਾ ਬੁਢਾਪਾ ਉਸੇ ਪਿੰਡ ਵਿਚ ਕੱਟ ਰਿਹਾ ਸੀ।
ਉਹ ਦੋ ਚਾਰ ਜਮਾਤਾਂ ਈ ਪੜ੍ਹਿਆ ਸੀ। ਜਦੋਂ ਉਹ ਇੱਕੀ ਸਾਲਾਂ ਦਾ ਹੋਇਆ ਤਾਂ ਉਹਨਾਂ ਦੇ ਪਿੰਡੋਂ ਇਕ ਫੌਜੀ ਅਫਸਰ ਨੇ ਉਹਨੂੰ ਫੌਜ ਵਿਚ ਭਰਤੀ ਕਰਾ ਦਿੱਤਾ। ਉਸ ਨੇ ਜੰਮੂ ਤਵੀ ਦੀ ਛਾਉਣੀ ਵਿਚ ਆਪਣੇ ਉੱਚੇ ਕੱਦ ਕਾਰਨ ਉੱਚੀ ਛਾਲ ਲਾਉਣੀ ਸ਼ੁਰੂ ਕੀਤੀ। ਉਦੋਂ ਤਕ ਉਹਦਾ ਕੱਦ ਛੇ ਫੁੱਟ ਚਾਰ ਇੰਚ ਹੋ ਗਿਆ ਸੀ। ਉੱਚੀ ਛਾਲ ਤੋਂ ਬਿਨਾਂ ਉਹ ਹਰਡਲਾਂ ਦੀ ਦੌੜ ਵੀ ਲਾਈ ਜਾਂਦਾ ਤੇ ਹੈਮਰ ਡਿਸਕਸ ਵੀ ਸੁੱਟੀ ਜਾਂਦਾ। ਕੋਚ ਉਨ੍ਹਾਂ ਦਿਨਾਂ 'ਚ ਕੋਈ ਹੁੰਦਾ ਨਹੀਂ ਸੀ।
1941 ਵਿਚ ਉਸ ਨੇ ਮਿੰਟਗੁਮਰੀ ਦੇ ਬੁੱਚ ਸਟੇਡੀਅਮ ਵਿਚ 123 ਫੁੱਟ 8 ਇੰਚ ਡਿਸਕਸ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਰੱਖਿਆ। ਫਿਰ ਦੂਜੀ ਵਿਸ਼ਵ ਜੰਗ 'ਚ ਫਰੰਟ ਉਤੇ ਜਾਣ ਕਾਰਨ ਉਹ ਕਈ ਸਾਲ ਖੇਡ ਮੁਕਾਬਲਿਆਂ ਤੋਂ ਲਾਂਭੇ ਰਿਹਾ। ਜੰਗ ਹਟੀ ਤਾਂ ਦੇਸ਼ ਦੀ ਵੰਡ ਹੋ ਗਈ। ਉਜਾੜੇ ਪਿੱਛੋਂ 1949 ਵਿਚ ਉਸ ਨੇ ਮੁੜ ਡਿਸਕਸ ਫੜੀ। 1951 ਵਿਚ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਉਸ ਦੀ ਉਮਰ ਚਾਲੀ ਸਾਲਾਂ ਦੀ ਸੀ। ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਉਸ ਨੇ 130 ਫੁੱਟ 11 ਇੰਚ ਡਿਸਕਸ ਸੁੱਟ ਕੇ ਸੋਨੇ ਦਾ ਤਮਗ਼ਾ ਜਿੱਤਿਆ। ਉਥੇ ਉਸ ਨੇ ਜਪਾਨ ਦੇ ਕਹਿੰਦੇ ਕਹਾਉਂਦੇ ਡਿਸਕਸ ਸੁਟਾਵੇ ਨੂੰ ਪਛਾੜਿਆ।
ਮੈਂ ਪੁੱਛਿਆ, ''ਏਸ਼ੀਆ ਦਾ ਗੋਲਡ ਮੈਡਲ ਜਿੱਤ ਕੇ ਕਿਵੇਂ ਲੱਗਾ?" ਉਹ ਮਾਣ ਨਾਲ ਦੱਸਣ ਲੱਗਾ, ''ਏਸ਼ੀਆ ਦਾ ਗੋਲਡ ਮੈਡਲ ਜਿੱਤਣ ਸਾਰ ਮੇਰੇ ਫੋਟੂ ਲੱਥਣ ਲੱਗੇ। ਅਫਸਰਾਂ ਦੀਆਂ ਮੇਮਾਂ ਮੈਨੂੰ 'ਇਧਰ ਆਓ ਮੱਖਣ ਸਿੰਘ' 'ਇਧਰ ਆਓ ਮੱਖਣ ਸਿੰਘ' ਕਰਨ ਲੱਗੀਆਂ।" ਮੇਮਾਂ ਦੀ ਨਕਲ ਲਾ ਕੇ ਮੱਖਣ ਸਿੰਘ ਮਿੰਨ੍ਹਾ ਜਿਹਾ ਮੁਸਕ੍ਰਾਇਆ।
''ਏਸ਼ੀਆ ਜਿੱਤਣ ਪਿੱਛੋਂ ਹੋਰ ਕਿੰਨੇ ਸਾਲ ਡਿਸਕਸ ਸੁੱਟੀ?"
''ਜਿੰਨੀ ਦੇਰ ਮੈਂ ਫੌਜ 'ਚ ਨੌਕਰੀ ਕਰਦਾ ਰਿਹਾ ਓਨੀ ਦੇਰ ਡਿਸਕਸ ਸੁੱਟਦਾ ਰਿਹਾ। ਮੈਂ ਆਪਣੀ ਕਮਾਂਡ ਵਾਸਤੇ ਡਿਸਕਸ ਤੇ ਹੈਮਰ ਦੋਵੇਂ ਈਵੈਂਟ ਜਿੱਤ ਲੈਂਦਾ ਸੀ। 1952 'ਚ ਪ੍ਰੈਕਟਿਸ ਕਰਦਿਆਂ 'ਕੇਰਾਂ ਮੈਂ 140 ਫੁੱਟ ਡਿਸਕਸ ਸੁੱਟ ਦਿੱਤੀ ਸੀ ਤੇ ਹੈਮਰ 155 ਫੁੱਟ ਸੁੱਟਿਆ ਸੀ। ਜੇ ਹੁਣ ਵਾਂਗ ਕੋਚਿੰਗ ਤੇ ਖੁਰਾਕ ਮਿਲਦੀ ਤਾਂ ਪਤਾ ਨ੍ਹੀਂ ਅਸੀਂ ਕਿਥੇ ਪਹੁੰਚਦੇ!"
''ਖੇਡ ਦੇ ਸਿਰ 'ਤੇ ਕੋਈ ਤਰੱਕੀ ਵੀ ਮਿਲੀ?"
''ਕੋਈ ਖਾਸ ਨ੍ਹੀਂ। ਮੈਂ 32 ਤੋਂ 56 ਤਕ 24 ਸਾਲ ਫੌਜ ਦੀ ਨੌਕਰੀ ਕੀਤੀ ਤੇ ਹੌਲਦਾਰੀ ਪੈਨਸ਼ਨ ਲੈ ਕੇ ਰਟੈਰ ਹੋਇਆ। 'ਕੇਰਾਂ ਮੈਨੂੰ ਡਿਵ ਕਮਾਂਡਰ ਨੇ ਪੰਜਾਹ ਰੁਪਏ ਦਾ ਇਨਾਮ ਦਿੱਤਾ ਜੀਹਦੇ ਨਾਲ ਮੇਰਾ ਹੌਂਸਲਾ ਬਹੁਤ ਵਧਿਆ।"
ਮੈਂ ਖਾਧ ਖੁਰਾਕ ਬਾਰੇ ਪੁੱਛਿਆ ਤਾਂ ਮੱਖਣ ਸਿੰਘ ਦੱਸਣ ਲੱਗਾ, ''ਨਿੱਕੇ ਹੁੰਦਿਆਂ ਸਾਡੇ ਘਰ ਦੁੱਧ ਘਿਓ ਦੀ ਕੋਈ ਥੋੜ ਨ੍ਹੀਂ ਸੀ। ਲਵੇਰਾ ਆਮ ਹੁੰਦਾ ਸੀ, ਖੁਰਾਕ ਖੁੱਲ੍ਹੀ ਡੁੱਲ੍ਹੀ ਖਾਧੀ। ਫੌਜ ਦੀ ਖੁਰਾਕ ਦਾਲ ਰੋਟੀ ਈ ਸੀ। ਖੇਡਾਂ ਵੇਲੇ ਸਪੈਸ਼ਲ ਖੁਰਾਕ ਇਕ ਦੁੱਧ ਦਾ ਗਲਾਸ ਤੇ ਇਕ ਆਂਡਾ ਵੀ ਲੱਗ ਜਾਂਦਾ ਸੀ।"
 ਮੈਂ ਕਿਹਾ, ''ਕੁਝ ਘਰ ਪਰਿਵਾਰ ਬਾਰੇ ਵੀ ਦੱਸੋ।" ਉਹ ਘਰ ਦੀਆਂ ਗੱਲਾਂ ਨਿਸ਼ੰਗ ਦੱਸਣ ਲੱਗਾ, ''ਧਾਨੂੰ ਪਤਾ ਪਈ ਪਹਿਲਾਂ ਹਰੇਕ ਦੀ ਸ਼ਾਦੀ ਨੲ੍ਹੀਂ ਸੀ ਹੁੰਦੀ। ਸਾਡੀ ਤਾਂ ਖ਼ੈਰ ਵਾਹੀ ਵੀ ਘੱਟ ਈ ਸੀ। ਬੱਸ ਮਹੀਂ ਛਹੀਂ ਰੱਖ ਛੱਡਣੀਆਂ। ਵੱਡੀ ਉਮਰ ਤਕ ਮੇਰਾ ਵਿਆਹ ਨਾ ਹੋਇਆ। ਫਿਰ ਸੰਤਾਲੀ 'ਚ ਗੇੜ ਬਣਿਆਂ ਤੇ ਮੈਂ ਵੀ ਟੱਬਰ ਵਾਲਾ ਬਣ ਗਿਆ। ਪਰ ਮੇਰੇ ਘਰੋਂ ਵਿਚਾਰੀ ਬਹੁਤੀ ਦੇਰ ਜੀਂਦੀ ਨਾ ਰਹੀ ਤੇ ਤਿੰਨ ਲੜਕੀਆਂ ਨੂੰ ਜਨਮ ਦੇਣ ਮਗਰੋਂ ਗੁਜ਼ਰ ਗਈ।"
ਮੱਖਣ ਸਿੰਘ ਕੁਝ ਪਲ ਚੁੱਪ ਹੋ ਗਿਆ ਤੇ ਮੈਂ ਵੀ ਚੁੱਪ ਰਹਿਣਾ ਮੁਨਾਸਿਬ ਸਮਝਿਆ। ਉਸ ਨੇ ਆਪਣੀ ਹੱਡ ਬੀਤੀ ਅਗਾਂਹ ਤੋਰੀ, ''ਓਦੋਂ ਤਕ ਮੈਂ ਏਸ਼ੀਆ ਦਾ ਚੈਂਪੀਅਨ ਬਣ ਗਿਆ ਸਾਂ ਤੇ ਮਾੜੀ ਮੋਟੀ ਤਰੱਕੀ ਵੀ ਹੋ ਗਈ ਸੀ। 1954 'ਚ  ਇਕ ਭਾਪਣ ਨੇ ਮੇਰੇ ਨਾਲ ਵਿਆਹ ਕਰਾ ਲਿਆ। ਰੰਗ ਤਾਂ ਮੇਰਾ ਪੱਕਾ ਸੀ ਪਰ ਵੈਲ ਕੋਈ ਨ੍ਹੀਂ ਸੀ। ਐਵੇਂ ਕਦੇ ਕਦਾਈਂ ਘੁੱਟ ਪੀ ਲੈਣੀ। ਵਡੇਰੀ ਉਮਰ ਦਾ ਹੋਣ 'ਤੇ ਵੀ ਮੈਂ ਭਾਪਣ ਦੇ ਪਸੰਦ ਸਾਂ।"
ਮੈਂ ਨੋਟ ਕੀਤਾ ਕਿ ਏਸ਼ੀਆ ਦਾ ਪੁਰਾਣਾ ਚੈਂਪੀਅਨ ਬਿਨਾਂ ਕਿਸੇ ਲਕੋਅ ਛਪੋਅ ਦੇ ਆਪਣੀਆਂ ਨਿੱਜੀ ਗੱਲਾਂ ਸੱਚੋ-ਸੱਚ ਦੱਸ ਰਿਹਾ ਸੀ। ਅੱਜ ਕੱਲ੍ਹ ਦੇ ਚੈਂਪੀਅਨ ਇਉਂ ਨਹੀਂ ਦੱਸਦੇ। ਮੈਂ ਪੁੱਛਿਆ, ''ਫਰੰਟ 'ਤੇ ਕਿਵੇਂ ਲੜੇ?" ਮੱਖਣ ਸਿੰਘ ਨੇ ਖੱਬਾ ਹੱਥ ਅੱਗੇ ਕਰ ਕੇ ਵਿਖਾਇਆ, ''ਆਹ ਗੋਲੀ ਮੈਨੂੰ ਫਰੰਟ 'ਤੇ ਈ ਲੱਗੀ ਸੀ। ਫਰੰਟੀਅਰ ਦੇ ਇਕ ਪਠਾਣ ਦੀ ਗੋਲੀ ਟੂੰ ਠਾਹ... ਕਰਦੀ ਆਈ ਤੇ ਮੇਰਾ ਖੱਬਾ ਹੱਥ ਵਿੰਨ੍ਹ ਗਈ। ਪਠਾਣਾਂ ਦੀਆਂ ਗੋਲੀਆਂ ਮੋਟੀਆਂ ਹੁੰਦੀਆਂ ਪਰ ਮੇਰਾ ਬਚਾਅ ਹੋ ਗਿਆ।"
ਮੈਂ ਮੱਖਣ ਸਿੰਘ ਦੀਆਂ ਲੋੜਾਂ ਥੋੜਾਂ ਜਾਨਣ ਲਈ ਪੁੱਛਿਆ, ''ਪਰਿਵਾਰ ਦੀ ਆਮਦਨ ਦਾ ਕੀ ਵਸੀਲਾ ਐ?" ਬਜ਼ੁਰਗ ਚੈਂਪੀਅਨ ਦੇ ਚਿਹਰੇ 'ਤੇ ਪਹਿਲਾਂ ਤਾਂ ਵਿਅੰਗਮਈ ਮੁਸਕ੍ਰਾਹਟ ਆਈ ਤੇ ਫਿਰ ਕੁਝ ਲੱਜਿਆ ਦੇ ਭਾਵਾਂ ਨਾਲ ਲੱਗਾ, ''ਫੌਜੀ ਸਭ ਗਰੀਬ ਈ ਹੁੰਦੇ ਆ। ਮੇਰੀ ਢਾਈ ਤਿੰਨ ਕਿੱਲੇ ਪੈਲੀ ਆ ਤੇ ਏਨੀ ਪੈਲੀ 'ਚੋਂ ਭਲਾ ਕਿੰਨੀ ਕੁ ਆਮਦਨ ਹੋਊ? ਝੋਟੀਆਂ ਰੱਖ ਕੇ ਗੁਜ਼ਾਰਾ ਕਰੀਦਾ। ਮੇਰੇ ਪੰਜ ਪੁੱਤਰ ਆ ਪਰ ਉਹ ਨਲਾਇਕ ਈ ਨਿਕਲੇ ਆ। ਓਦੋਂ 'ਪ੍ਰੇਸ਼ਨਾਂ ਦਾ ਰਿਵਾਜ ਨ੍ਹੀਂ ਸੀ ਹੁੰਦਾ ਤੇ ਔਲਾਦ ਵਾਧੂ ਹੋ ਗਈ। ਮਗਰੋਂ ਐਮਰਜੰਸੀ 'ਚ ਅਗਲਿਆ ਨੇ 'ਪ੍ਰੇਸ਼ਨ ਵੀ ਕਰਤਾ ਪਰ ਉਹ ਕਿਸ ਕੰਮ?"
ਬਾਬੇ ਦੀ ਗੱਲ ਹੱਸਣ ਵਾਲੀ ਵੀ ਸੀ ਤੇ ਰੁਆਉਣ ਵਾਲੀ ਵੀ। ਮੈਂ ਪੁੱਛਿਆ, ''ਕੀ ਗੱਲ ਪੁੱਤਰ ਕਿਸੇ ਕੰਮ ਧੰਦੇ ਨ੍ਹੀਂ ਲੱਗੇ?" ਮੱਖਣ ਸਿੰਘ ਨੇ ਦੁਖੀ ਹੁੰਦਿਆਂ ਕਿਹਾ, ''ਏਹੋ ਤਾਂ ਦੁੱਖ ਆ। ਇਕ ਨੂੰ ਗੱਡੀ ਨਾਲ ਲਾਇਆ, ਦੂਜੇ ਨੂੰ ਕਾਰਖਾਨੇ ਲਾਇਆ। ਨਿੱਕਿਆਂ ਨੂੰ ਕਿਹਾ, ਸਹੁਰਿਓ ਟਾਇਰਾਂ ਨੂੰ ਪੰਚਰ ਲਾਉਣੇ ਈ ਸਿੱਖ ਲਓ। ਪਰ ਉਹ ਕਿਧਰੇ ਨਹੀਂ ਚੱਲੇ। ਬੀਬੀਆਂ ਚੰਗੀਆਂ ਜੋ ਆਪੋ ਆਪਣੇ ਘਰੀਂ ਵੱਸਦੀਆਂ। ਮੈਂ ਮੁੰਡਿਆਂ ਨੂੰ ਭਰਤੀ ਲਈ ਵੀ ਖੜਿਆ ਪਰ ਅਗਾਂਹ ਵੱਢੀ ਦਾ ਸਿਸਟਮ ਚਾਲੂ ਹੋ ਗਿਆ ਤੇ ਉਹ ਭਰਤੀ ਹੋਣੋ ਰਹਿਗੇ।"
ਮੈਂ ਆਖ਼ਰੀ ਗੱਲ ਪੁੱਛੀ, ''ਤੁਸੀਂ ਕੁਝ ਹੋਰ ਕਹਿਣਾ ਹੋਵੇ?" ਮੇਰੇ ਹੱਥ ਵਿਚ ਡਾਇਰੀ ਸੀ ਜਿਸ ਉਤੇ ਮੈਂ ਉਹਦੀਆਂ ਗੱਲਾਂ ਨੋਟ ਕਰ ਰਿਹਾ ਸਾਂ। ਉਸ ਨੇ ਸਮਝਿਆ ਸ਼ਾਇਦ ਮੈਂ ਕਿਸੇ ਸਰਕਾਰੀ ਮਹਿਕਮੇ ਦਾ ਬੰਦਾ ਹੋਵਾਂਗਾ ਜੋ ਉਸ ਦੀ ਮਦਦ ਕਰ ਸਕਾਂਗਾ। ਏਸ਼ੀਆ ਦਾ ਚੈਂਪੀਅਨ ਰੁਕ ਰਕ ਕੇ ਲਿਖਾਉਣ ਲੱਗਾ, ''ਲਿਖੋ, ਮੇਰੀਆਂ ਤਾਂ ਸਾਰੀਆਂ ਰੀਝਾਂ ਪੂਰੀ ਹੋ ਗਈਆਂ। ਬਥੇਰੀ ਦੁਨੀਆ ਦੇਖ ਲਈ...।
 ਮੁੰਡਿਆਂ ਦਾ ਈ ਫਿਕਰ ਮਾਰੀ ਜਾਂਦਾ ਮੈਨੂੰ ...।
 ਜੇ ਤੁਹਾਡੇ ਹੱਥ ਵੱਸ ਆ ਤਾਂ ਤੁਸੀਂ ਈ ਮਾਰੋ ਕੋਈ ਹੱਲਾ...।
 ਜੇ ਮੇਰੇ ਮੁੰਡੇ ਕਿਧਰੇ ਚੌਕੀਦਾਰ ਈ ਲੱਗ ਜਾਣ ਤਾਂ ਮੇਰੀ ਜਾਨ ਸੁਖਾਲੀ ਨਿਕਲ ਜੇ...।"
ਮੈਨੂੰ ਨਹੀਂ ਪਤਾ ਉਸ ਦੀ ਜਾਨ ਸੁਖਾਲੀ ਨਿਕਲ ਗਈ ਹੈ ਜਾਂ ਅੜੀ ਹੋਈ ਐ! ਉਹਦੇ ਪੁੱਤਰਾਂ ਨੂੰ ਮੀਡੀਏ 'ਚ ਆਵਾਜ਼ ਉਠਾਉਣੀ ਚਾਹੀਦੀ ਹੈ। ਕੀ ਪਤਾ ਦੂਜੇ ਮੱਖਣ ਸਿੰਘ ਵਾਂਗ ਸੁਣੀ ਹੀ ਜਾਵੇ।
ਦੂਜਾ ਮੱਖਣ ਸਿੰਘ ਮਸ਼ਹੂਰ ਦੌੜਾਕ ਸੀ। ਉਸ ਨੇ ਇਕ ਵਾਰ ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਹਰਾ ਦਿੱਤਾ ਸੀ। ਸਮਾਂ ਤੇ ਸਥਾਨ ਸੀ 1962 ਵਿਚ ਹੋਈਆਂ ਕਲਕੱਤੇ ਦੀਆਂ ਕੌਮੀ ਖੇਡਾਂ। ਉਹ ਭਾਰਤ ਦਾ ਚੌਥਾ ਅਥਲੀਟ ਸੀ ਜਿਸ ਨੂੰ 1964 ਵਿਚ ਅਰਜਨ ਅਵਾਰਡ ਮਿਲਿਆ। ਮੇਰਾ ਉਸ ਨਾਲ ਦੋ ਵਾਰ ਮੇਲ ਹੋਇਆ। ਪਹਿਲੀ ਵਾਰ 1962 'ਚ ਤੇ ਦੂਜੀ ਵਾਰ 1999 ਵਿਚ। 2002 ਵਿਚ ਉਹ ਮੰਦੇ ਹਾਲੀਂ ਮਰਿਆ। ਹੁਣ ਉਹਦੀਆਂ ਯਾਦਾਂ ਹੀ ਬਾਕੀ ਨੇ। ਉਹ ਭਾਰਤੀ ਫੌਜ ਦਾ ਤੇਜ਼ਤਰਾਰ ਦੌੜਾਕ ਸੀ। ਜੇਕਰ ਉਹ ਮਿਲਖਾ ਸਿੰਘ ਦੇ ਦੌਰ ਤੋਂ ਅੱਗੋਂ ਪਿੱਛੋਂ ਦੌੜਦਾ ਤਾਂ ਉਹਦੀ ਵੀ ਗੁੱਡੀ ਚੜ੍ਹਨੀ ਸੀ। ਉਸ ਨੇ ਨੈਸ਼ਨਲ ਪੱਧਰ ਉਤੇ 12 ਸੋਨੇ, 3 ਚਾਂਦੀ ਤੇ 1 ਤਾਂਬੇ ਦੇ ਤਗ਼ਮੇ ਨਾਲ ਫੌਜੀ ਮੀਟਾਂ ਦੇ ਮੈਡਲ ਵੀ ਜਿੱਤੇ ਸਨ। ਏਸ਼ਿਆਈ ਖੇਡਾਂ 'ਚੋਂ ਵੀ ਇਕ ਸੋਨੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਹ ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ ਵੀ ਦੌੜਿਆ ਤੇ ਲਾਹੌਰ ਵਿਚ ਵੀ ਜਿਥੇ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦਾ ਖ਼ਿਤਾਬ ਮਿਲਿਆ ਸੀ। ਉਥੇ ਉਹ ਮਿਲਖਾ ਸਿੰਘ ਤੋਂ ਤਾਂ ਭਾਵੇਂ ਪਿੱਛੇ ਰਹਿ ਗਿਆ ਸੀ ਪਰ ਏਸ਼ੀਆ ਦੇ ਚੈਂਪੀਅਨ ਪਾਕਿਸਤਾਨੀ ਦੌੜਾਕ ਅਬਦੁੱਲ ਖ਼ਾਲਿਕ ਤੋਂ ਮੂਹਰੇ ਸੀ। ਉਸ ਨੇ ਲੰਕਾ ਵੀ ਜਿੱਤੀ। ਹੁਣ ਕੋਈ ਭਾਰਤੀ ਖਿਡਾਰੀ ਏਡੀ ਪ੍ਰਾਪਤੀ ਕਰੇ ਤਾਂ ਉਸ ਨੂੰ ਲੱਖਾਂ ਕਰੋੜਾਂ ਦੇ ਇਨਾਮ ਤੇ ਸ਼ਾਨਦਾਰ ਨੌਕਰੀ ਮਿਲਦੀ ਹੈ। ਪਰ ਹਾਲਾਤ ਦਾ ਮਾਰਿਆ ਮੱਖਣ ਸਿੰਘ ਆਪ ਵੀ ਰੁਲਿਆ ਤੇ ਉਹਦਾ ਪਰਿਵਾਰ ਵੀ ਰੁਲ ਰਿਹੈ!
1962 ਦੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਭਾਰਤੀ ਅਥਲੀਟਾਂ ਦਾ ਕੋਚਿੰਗ ਕੈਂਪ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਲੱਗਾ ਸੀ। ਉਥੇ ਮਿਲਖਾ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਗੁਰਬਚਨ ਸਿੰਘ ਰੰਧਾਵਾ ਤੇ ਦਰਜਨ ਕੁ ਹੋਰ ਅਥਲੀਟ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ। ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਉਥੇ ਪ੍ਰੈਕਟਿਸ ਕਰਨ ਚਲੇ ਜਾਂਦੇ। ਮੈਂ ਉਦੋਂ ਖ਼ਾਲਸਾ ਕਾਲਜ ਦਿੱਲੀ ਦਾ ਵਿਦਿਆਰਥੀ ਸਾਂ। ਇਕ ਦਿਨ ਅਸੀਂ ਵੇਖਿਆ, ਇਕ ਸਮੱਧਰ ਜਿਹਾ ਦੌੜਾਕ ਜੂੜੇ ਉਤੇ ਪੀਲਾ ਰੁਮਾਲ ਬੰਨ੍ਹੀ, ਸਫੈਦ ਕੱਛਾ ਪਾਈ ਬਹੁਤ ਤੇਜ਼ ਦੌੜ ਰਿਹਾ ਸੀ। ਅਸੀਂ ਉਸ ਦੀ ਸਪੀਡ ਵੇਖ ਕੇ ਹੈਰਾਨ ਹੋਏ! ਟਰੈਕ ਉਤੇ ਉਹ ਦੌੜਦਾ ਨਹੀਂ, ਉਡਦਾ ਲੱਗ ਰਿਹਾ ਸੀ। ਜਦੋਂ ਉਹ ਨੇੜੇ ਆਇਆ ਤਾਂ ਪਤਾ ਲੱਗਾ ਪਈ ਉਹ ਤਾਂ ਮੱਖਣ ਸਿੰਘ ਹੈ ਜਿਹੜਾ ਮਿਲਖਾ ਸਿੰਘ ਦਾ ਮੁਕਾਬਲਾ ਕਰਦੈ। ਉਹਦਾ ਕੱਦ 5 ਫੁੱਟ 8 ਕੁ ਇੰਚ ਸੀ ਤੇ ਭਾਰ 70 ਕਿੱਲੋ ਦੇ ਕਰੀਬ। ਚਿਹਰਾ ਚੌਰਸ, ਨੱਕ ਨਿੱਕਾ, ਅੱਖਾਂ ਮੋਟੀਆਂ, ਮੁੱਛਾਂ ਪਤਲੀਆਂ, ਰੰਗ ਕਣਕਵੰਨਾ ਤੇ ਜੁੱਸਾ ਪੂਰਾ ਗੱਠਿਆ ਹੋਇਆ। ਗਿੱਟੇ ਸਹੇ ਵਰਗੇ, ਪੱਟ ਮੋਟੇ ਤੇ ਡੌਲਿਆਂ ਦੀਆਂ ਮੱਛਲੀਆਂ ਉਭਰੀਆਂ ਹੋਈਆਂ। ਉਹਦੀ ਫੌਜੀ ਬੁਨੈਣ ਮੁੜ੍ਹਕੇ ਨਾਲ ਭਿੱਜੀ ਹੋਈ ਸੀ ਜਿਸ ਨੂੰ ਲਾਹ ਕੇ ਉਹਨੇ ਨਚੋੜਿਆ ਤੇ ਉਹਦੇ ਨਾਲ ਹੀ ਮੁੜ੍ਹਕਾ ਪੂੰਝਣ ਲੱਗਾ। ਫਿਰ ਦਮ ਲੈਂਦਿਆਂ ਉਹ ਦੁਆਬੀਏ ਲਹਿਜੇ 'ਚ ਸਾਡੇ ਨਾਲ ਗੱਲਾਂ ਕਰਨ ਲੱਗ ਪਿਆ।
ਦੂਜੀ ਵਾਰ ਸਾਡਾ ਮੇਲ ਚੰਡੀਗੜ੍ਹ 'ਚ ਹੋਇਆ। ਮੈਂ ਉਦੋਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਸਾਂ ਤੇ ਪੰਜਾਬ ਵਿਚ ਕਰਾਈਆਂ ਜਾਣ ਵਾਲੀਆਂ ਕੌਮੀ ਖੇਡਾਂ ਲਈ ਬੁਲਾਈ ਮੀਟਿੰਗ ਵਿਚ ਭਾਗ ਲੈਣ ਗਿਆ ਸਾਂ। ਮੀਟਿੰਗ 'ਚੋਂ ਬਾਹਰ ਨਿਕਲਿਆ ਤਾਂ ਉਥੇ ਉਖੜੀ ਹਾਲਤ 'ਚ ਖੜ੍ਹਾ ਮੱਖਣ ਸਿੰਘ ਮਿਲਿਆ। ਦਾੜ੍ਹੀ ਖੋਦੀ, ਅੱਖਾਂ ਉਦਾਸ, ਪੱਗ ਢਿਲਕੀ ਤੇ ਚਿਹਰਾ ਉਤਰਿਆ ਹੋਇਆ। ਕਿਸੇ ਸਮੇਂ ਟਰੈਕ ਦਾ ਉਡਣਾ ਬਾਜ਼ ਡੁੱਡ ਮਾਰ ਰਿਹਾ ਸੀ। ਰਸਮੀ ਗੱਲਬਾਤ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਖੇਡਾਂ ਦੇ ਵਜ਼ੀਰ ਤੋਂ ਮਦਦ ਲੈਣ ਆਇਆ ਹੈ। ਉਸ ਦੇ ਝੋਲੇ ਵਿਚ ਕਾਗਜ਼ ਪੱਤਰ ਸਨ। ਫਿਰ ਉਹ ਅੰਦਰ ਚਲਾ ਗਿਆ। ਵਾਪਸ ਮੁੜਦਿਆਂ ਮੈਂ ਉਹਦੇ ਬਾਰੇ ਲਿਖਣ ਦਾ ਮਨ ਬਣਾਇਆ ਤੇ ਇਕ ਲੇਖ ਨੈਸ਼ਨਲ ਬੁੱਕ ਟ੍ਰੱਸਟ ਦੀ ਪੁਸਤਕ 'ਪੰਜਾਬ ਦੇ ਚੋਣਵੇਂ ਖਿਡਾਰੀ' ਵਿਚ ਛਪਵਾਇਆ।
ਉਸ ਦਾ ਜਨਮ 1 ਜੁਲਾਈ 1937 ਨੂੰ ਪਿੰਡ ਬਠੌਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ਸੀ। ਸਾਧਾਰਨ ਪਰਿਵਾਰ ਵਿਚ ਪੈਦਾ ਹੋਣ ਕਾਰਨ ਉਹ ਉੱਚ ਤਾਲੀਮ ਨਾ ਲੈ ਸਕਿਆ ਤੇ ਸਕੂਲੋਂ ਹਟ ਕੇ ਫੌਜ ਵਿਚ ਭਰਤੀ ਹੋ ਗਿਆ। ਰਕਰੂਟੀ ਕਰਦਿਆਂ ਹੀ ਉਹਦੇ ਦੌੜਾਕ ਬਣਨ ਦੀਆਂ ਸੰਭਾਵਨਾਵਾਂ ਦਾ ਪਤਾ ਲੱਗਾ। ਮਿਲਖਾ ਸਿੰਘ ਉਹਦਾ ਪ੍ਰੇਰਨਾ ਸਰੋਤ ਬਣਿਆ। ਉਹਦੀ ਰੀਸ ਨਾਲ ਉਹਨੇ 100 ਮੀਟਰ, 200 ਮੀਟਰ ਤੇ 400 ਮੀਟਰ ਦੌੜਾਂ ਦੌੜਨੀਆਂ ਸ਼ੁਰੂ ਕਰ ਲਈਆਂ ਅਤੇ ਆਪਣੀ ਰਜਮੈਂਟ ਤੋਂ ਲੈ ਕੇ ਡਿਵੀਜ਼ਨ ਤਕ ਜਿੱਤਾਂ ਜਿੱਤਣ ਲੱਗਾ। ਫਿਰ ਉਹ ਭਾਰਤੀ ਸੈਨਾ ਦੀ ਟੀਮ ਵਿਚ ਚੁਣਿਆ ਗਿਆ ਤੇ 1959 'ਚ ਕਟਕ ਦੀਆਂ ਨੈਸ਼ਨਲ ਖੇਡਾਂ 'ਚ ਜਿੱਤ-ਮੰਚ 'ਤੇ ਚੜ੍ਹ ਗਿਆ। ਉਸੇ ਸਾਲ ਉਹ ਭਾਰਤੀ ਟੀਮ ਦਾ ਮੈਂਬਰ ਬਣ ਕੇ ਸ੍ਰੀਲੰਕਾ ਗਿਆ ਤੇ 100 ਮੀਟਰ ਦੀ ਦੌੜ ਵਿਚ ਕੋਲੰਬੋ ਦੀ ਇੰਡੋ-ਲੰਕਾ ਮੀਟ ਜਿੱਤੀ। ਤਹਿਰਾਨ ਗਿਆ ਤਾਂ 200 ਮੀਟਰ ਦੀ ਦੌੜ 'ਚ ਇਰਾਨ ਵੀ ਜਿੱਤ ਲਿਆ। 1960 'ਚ ਪਾਕਿਸਤਾਨ ਗਿਆ ਤਾਂ ਏਸ਼ੀਆ ਦੇ ਚੈਂਪੀਅਨ ਅਬਦੁੱਲ ਖ਼ਾਲਿਕ ਨੂੰ ਹਰਾ ਆਇਆ। ਜਰਮਨੀ ਗਿਆ ਤਾਂ ਦੌੜ ਦੇ ਨਵੇਂ ਗੁਰ ਸਿੱਖ ਕੇ ਵਤਨ ਪਰਤਿਆ।
1962 ਵਿਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ 'ਚੋਂ ਉਸ ਨੇ 400 ਮੀਟਰ ਦੌੜ 'ਚ ਚਾਂਦੀ ਦਾ ਤੇ 4+400 ਮੀਟਰ ਰਿਲੇਅ ਦੌੜ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਉਸੇ ਸਾਲ ਕਲਕੱਤੇ ਨੈਸ਼ਨਲ ਖੇਡਾਂ ਹੋਈਆਂ ਤਾਂ 400 ਮੀਟਰ ਦੌੜ 'ਚ ਉਹ ਮਿਲਖਾ ਸਿੰਘ ਨੂੰ ਪੈ ਗਿਆ ਤੇ ਹੂੰਝਾਫੇਰ ਜਿੱਤਾਂ ਜਿੱਤਦਾ 4 ਗੋਲਡ ਮੈਡਲ ਜਿੱਤ ਗਿਆ! 1964 ਵਿਚ ਉਹ ਟੋਕੀਓ ਦੀਆਂ ਓਲੰਪਿਕ ਖੇਡਾਂ 'ਚ ਗਿਆ ਤੇ 4+400 ਮੀਟਰ ਦੀ ਰਿਲੇਅ ਟੀਮ ਵਿਚ ਦੌੜਿਆ। ਫੌਜ ਵਿਚ ਉਸ ਦੀਆਂ ਫੀਤੀਆਂ ਵਧਦੀਆਂ ਗਈਆਂ। 1965 ਤੇ 71 ਦੀਆਂ ਭਾਰਤ-ਪਾਕਿ ਲੜਾਈਆਂ ਉਹ ਮੋਰਚਿਆਂ 'ਤੇ ਲੜਿਆ ਅਤੇ ਸੂਬੇਦਾਰ ਬਣ ਕੇ 1972 ਵਿਚ ਰਿਟਾਇਰ ਹੋਇਆ। 1974 ਵਿਚ ਉਸ ਦੀ ਸ਼ਾਦੀ ਹੋਈ।
ਫਿਰ ਉਸ ਨੇ ਨਾਗਪੁਰ ਟਰੱਕ ਪਾਇਆ ਜਿਸ ਦਾ ਐਕਸੀਡੈਂਟ ਹੋ ਗਿਆ। ਮੱਖਣ ਸਿੰਘ ਦੀ ਲੱਤ ਟੁੱਟ ਗਈ ਜੋ ਬਾਅਦ ਵਿਚ ਕੱਟਣੀ ਪਈ। ਇਹਦੇ ਨਾਲ ਹੀ ਉਹਦੇ ਦੁੱਖਾਂ ਦੇ ਦਿਨ ਸ਼ੁਰੂ ਹੋ ਗਏ। ਉਹ ਪਿੰਡ ਪਰਤ ਆਇਆ ਤੇ ਨੇੜਲੇ ਕਸਬੇ ਚੱਬੇਵਾਲ ਵਿਚ ਸਟੇਸ਼ਨਰੀ ਦੀ ਦੁਕਾਨ ਚਲਾਉਣ ਲੱਗਾ। ਇਕ ਲੱਤ ਨਾਲ ਸਾਈਕਲ ਚਲਾਉਂਦਾ ਤੇ ਕਾਪੀਆਂ ਕਿਤਾਬਾਂ ਸਕੂਲਾਂ 'ਚ ਵੇਚਣ ਜਾਂਦਾ। ਦੁਕਾਨ ਫਿਰ ਵੀ ਨਾ ਚੱਲੀ। ਮਿਲਖਾ ਸਿੰਘ ਦੀ ਮਦਦ ਨਾਲ ਇਕ ਸਾਲ ਦੀ ਕੱਚੀ ਨੌਕਰੀ ਮਿਲੀ ਪਰ ਗੈਸ ਏਜੰਸੀ ਲਾਰਿਆਂ 'ਚ ਹੀ ਰਹਿ ਗਈ। ਵੱਢੀ ਦੇਣ ਜੋਗੇ ਪੈਸੇ ਜੁ ਨਹੀਂ ਸਨ ਏਸ਼ੀਆ ਦੇ ਚੈਂਪੀਅਨ ਕੋਲ। ਉਹਨੂੰ ਰੇਲਵੇ ਦਾ ਫਰੀ ਪਾਸ ਵੀ ਨਾ ਮਿਲਿਆ ਜੋ ਅਰਜਨ ਅਵਾਰਡੀ ਦਾ ਹੱਕ ਹੁੰਦੈ। ਲੰਗੜਾਉਂਦੇ ਚੈਂਪੀਅਨ ਨੂੰ ਸਕਿਉਰਿਟੀ ਗਾਰਡਾਂ ਨੇ ਹੀ ਰੇਲਵੇ ਵਜ਼ੀਰ ਨੂੰ ਨਾ ਮਿਲਣ ਦਿੱਤਾ!
ਫਿਰ ਉਸ ਦਾ ਜੁਆਨ ਪੁੱਤਰ ਖ਼ੁਦਕਸ਼ੀ ਕਰ ਗਿਆ। ਪਰਿਵਾਰ ਦੀ ਪਾਲਣਾ ਹੋਰ ਵੀ ਦੁਸ਼ਵਾਰ ਹੋ ਗਈ। ਦੁਖੀ ਹੋਇਆ ਉਹ ਕਦੇ ਚੰਡੀਗੜ੍ਹ ਤੇ ਕਦੇ ਦਿੱਲੀ ਫੇਰੇ ਮਾਰਦਾ ਪਰ ਸਹਾਰਾ ਕਿਤੋਂ ਵੀ ਨਾ ਮਿਲਦਾ। 21 ਜਨਵਰੀ 2002 ਦੀ ਠਰੀ ਹੋਈ ਰਾਤ ਨੂੰ ਬਠੁੱਲੇ ਦੇ ਢੱਠੇ ਘਰ ਵਿਚ ਜਦ ਉਹ ਮਰਿਆ ਤਾਂ ਮਰਨ ਤੋਂ ਸਿਵਾ ਉਹਦੇ ਕੋਲ ਕੋਈ ਚਾਰਾ ਨਹੀਂ ਸੀ। ਉਹ ਤਾਂ ਮਰ ਗਿਆ ਤੇ ਦੁੱਖਾਂ ਦੇ ਪੁੜਾਂ 'ਚ ਫਸੀ ਜਾਨ ਛੁਡਾ ਗਿਆ ਪਰ ਦੋ ਮਾਸੂਮਾਂ ਤੇ ਵਿਧਵਾ ਪਤਨੀ ਨੂੰ ਪੀੜਾਂ ਦਾ ਪਰਾਗਾ ਦੇ ਗਿਆ। ਦੂਜਾ ਪੁੱਤਰ ਇਲਾਜ ਖੁਣੋਂ ਚੱਲ ਵਸਿਆ ਤੇ ਜਿਊਂਦਾ ਇਕੋ ਇਕ ਪੁੱਤਰ ਪਰਿਵਾਰ ਦੇ ਗੁਜ਼ਾਰੇ ਲਈ ਮਹੀਨੇ ਦੀ ਢਾਈ ਹਜ਼ਾਰ ਤਨਖਾਹ ਨਾਲ ਮੱਥਾ ਮਾਰ ਰਿਹੈ। ਜਦੋਂ ਕਰਮਾਂ ਮਾਰੀ ਵਿਧਵਾ ਨੇ ਪਤੀ ਦੇ ਜਿੱਤੇ ਹੋਏ ਤਗ਼ਮੇ ਤੇ ਅਵਾਰਡ ਸੇਲ 'ਤੇ ਲਾਏ ਤਾਂ ਮੀਡੀਏ ਨੇ ਪਰਿਵਾਰ ਦੀ ਮੰਦੀ ਹਾਲਤ ਦਾ ਮਸਲਾ ਉਠਾਇਆ। ਉਸ ਦੀ ਗੂੰਜ ਪਾਰਲੀਮੈਂਟ 'ਚ ਜਾ ਪਈ। ਮੱਖਣ ਸਿੰਘ ਦੇ ਪਰਿਵਾਰ ਲਈ ਸੱਤ ਲੱਖ ਰੁਪਏ ਜਾਰੀ ਕਰਨ ਦੇ ਐਲਾਨ ਕਰ ਦਿੱਤੇ ਗਏ।
ਇਕ ਮੱਖਣ ਸਿੰਘ ਦਾ ਮਸਲਾ ਤਾਂ ਹੱਲ ਹੋ ਗਿਆ ਲੱਗਦੈ। ਦੂਜੇ ਮੱਖਣ ਸਿੰਘ ਦਾ ਪਤਾ ਨਹੀਂ। ਇਹ ਵੀ ਪਤਾ ਨਹੀਂ ਕਿੰਨੇ ਚੈਂਪੀਅਨ ਜਾਂ ਉਨ੍ਹਾਂ ਦੇ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ। ਕਹਿੰਦੇ ਹਨ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ।
ਖੇਡਾਂ ਵਿਚ ਮੱਲਾਂ ਮਾਰਨ ਵਾਲਿਆਂ ਜਾਂ ਉਨ੍ਹਾਂ ਦੇ ਮੰਦੀ ਹਾਲਤ ਵਿਚ ਵਿਚਰਦੇ ਪਰਿਵਾਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜਿਸ ਦਾ ਮੀਡੀਏ ਨੂੰ ਨੋਟਿਸ ਲੈਣਾ ਬਣਦੈ। ਮਿਲਖਾ ਸਿੰਘ ਦੇ ਜੀਵਨ ਉਤੇ ਤਾਂ ਫਿਲਮ ਬਣ ਗਈ ਹੈ ਤੇ ਚੱਲੀ ਵੀ ਬਹੁਤ ਹੈ। ਕੀ ਕੋਈ ਫਿਲਮ ਨਿਰਮਾਤਾ ਮੱਖਣ ਸਿੰਘਾਂ ਜਿਹੇ ਅਣਗੌਲੇ ਚੈਂਪੀਅਨਾਂ ਬਾਰੇ ਵੀ ਫਿਲਮ ਬਣਾਵੇਗਾ?
ਪ੍ਰਿ : ਸਰਵਣ ਸਿੰਘ

No comments:

Post a Comment