Saturday, 5 October 2013

ਭਾਰਤੀ ਸਿਨੇਮਾ ਦੀ ਵੀਨਸ: ਮਧੂਬਾਲਾ --- ਭਗਵਾਨ ਸਿੰਘ ਤੱਗੜ



ਮੁਮਤਾਜ ਬੇਗਮ ਜਹਾਂ ਦੇਹਲਵੀ (ਮਧੂਬਾਲਾ) ਦਾ ਜਨਮ ਇਕ ਪਸ਼ਤੂਨ ਮੁਸਲਿਮ ਪਰਵਾਰ ਵਿਚ ਵੈਲਨਟਾਈਨ ਵਾਲ਼ੇ ਦਿਨ 14 ਫਰਵਰੀ 1933 ਵਿਚ ਨਵੀਂ ਦਿੱਲੀ ਵਿਚ ਹੋਇਆ। ਉਸਦਾ ਪਿਤਾ ਅਤਾਉੱਲਾ ਖਾਨ ਪੁਰਾਣੇ ਖਿਆਲਾਂ ਦਾ ਪਠਾਣ ਸੀ, ਅਤੇ ਉਹ ਮਧੂਬਾਲਾ ਵੱਲ ਬੜਾ ਹੀ ਪੋਜ਼ੈਸਿਵ ਸੀ। ਉਸਨੇ ਸਾਰੀ ਉਮਰ ਮਧੂਬਾਲਾ ਨੂੰ ਆਪਣੇ ਅਧੀਨ ਰੱਖਿਆ। ਇਸਦੇ ਦੋ ਕਾਰਨ ਸਨ ਇਕ ਤਾਂ ਸੀ ਮਧੂਬਾਲਾ ਦੀ ਬਿਮਾਰੀ (ਬਚਪਨ ਤੋਂ ਹੀ ਮਧੂਬਾਲਾ ਦੇ ਦਿਲ ਵਿਚ ਮੋਰੀ ਸੀ) ਅਤੇ ਸਭ ਤੋਂ ਵੱਡਾ ਕਾਰਨ ਸੀ ਉਸ ਵੱਲੋਂ ਸਾਰੇ ਪਰਵਾਰ ਦੀ ਦੇਖ ਭਾਲ ਕਰਨੀ, ਕਿਉਂਕਿ ਫਿਲਮਾਂ ਵਿੱਚੋਂ ਆਉਣ ਵਾਲੀ ਆਮਦਨ ਨਾਲ ਘਰ ਦਾ ਖਰਚਾ ਚਲਦਾ ਸੀ।
ਉਸਦੇ ਪਿਤਾ ਪੇਸ਼ਾਵਰ ਵਿਚ ਇੰਪੀਰੀਅਲ ਤਮਾਕੂ ਕੰਪਨੀ ਵਿਚ ਕੰਮ ਕਰਦੇ ਸਨ। ਕਹਿੰਦੇ ਹਨ ਮੁਸੀਬਤ ਇਕੱਲੀ ਨਹੀਂ ਆਉਂਦੀ ਹੁੰਦੀ। ਅਤਾਉੱਲਾ ਖਾਨ ’ਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਇਕ ਤਾਂ ਉਸਨੂੰ  ਨੌਕਰੀ ਤੋਂ ਕੱਢ ਦਿੱਤਾ ਗਿਆ, ਦੂਜੇ ਇਕ ਇਕ ਕਰਕੇ ਮਧੂਬਾਲਾ ਦੀਆਂ ਚਾਰ ਭੈਣਾਂ, ਅਤੇ ਦੋ ਭਰਾਵਾਂ ਦੀ ਮੌਤ ਹੋ ਗਈ। ਮਧੂਬਾਲਾ ਅਤਾਉੱਲਾ ਖਾਨ ਦੇ ਗਿਆਰਾਂ ਬੱਚਿਆਂ ਵਿੱਚੋਂ ਪੰਜਵੀਂ ਸੰਤਾਨ ਸੀ। ਇਕ ਵਾਰੀ ਇਕ ਮੁਸਲਿਮ ਸੰਤ ਨੇ ਉਸਦੇ ਬਾਰੇ ਭਵਿੱਖ ਬਾਣੀ ਕਰਦੇ ਹੋਏ ਕਿਹਾ ਸੀ ਕਿ ਇਹ ਬੱਚੀ ਬਹੁਤ ਹੀ ਹੋਣਹਾਰ ਹੈ, ਅਤੇ ਇਹ ਬਹੁਤ ਹੀ ਧੰਨ ਦੌਲਤ ਅਤੇ ਨਾਂਅ ਕਮਾਵੇਗੀ, ਪਰ ਜ਼ਿੰਦਗੀ ਵਿਚ ਕਦੇ ਵੀ ਖੁਸ਼ ਨਹੀਂ ਰਹਿ ਸਕੇਗੀ ਅਤੇ ਛੋਟੀ ਉਮਰ ਵਿਚ ਹੀ ਇਸਦੀ ਮੌਤ ਹੋ ਜਾਵੇਗੀ। ਉਸ ਸੰਤ ਦੇ ਕਹਿਣ ਤੇ ਇਹ ਸਾਰਾ ਪਰਵਾਰ ਆਪਣੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਵਾਸਤੇ ਮੁੰਬਈ ਆਗਿਆ। ਸਾਲ ਭਰ ਤਾਂ ਇਨ੍ਹਾਂ ਨੂੰ ਬੜੀ ਮੁਸ਼ੱਕਤ ਕਰਨੀ ਪਈ। ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੰਦਾ ਸੀ। ਪਰ ਮਧੂਬਾਲਾ ਦੇ ਫਿਲਮਾਂ ਵਿਚ ਕੰਮ ਕਰਨ ਨਾਲ ਪਰਵਾਰ ਆਰਥਕ ਪੱਖੋਂ ਸੌਖਾ ਹੋ ਗਿਆ ਸੀ।
ਮਧੂਬਾਲਾ ਨੇ ਨੌਂ ਸਾਲ ਦੀ ਉਮਰ ਵਿਚ ਆਪਣਾ ਫਿਲਮੀ ਜੀਵਨ ਬੇਬੀ ਮੁਮਤਾਜ ਦੇ ਨਾਂਅ ਨਾਲ ਆਰੰਭਿਆ। ਉਸਦੀ ਪਹਿਲੀ ਫਿਲਮ ਦਾ ਨਾਂਅ ‘ਬਸੰਤ’ ਸੀ, ਜਿਹੜੀ 1942 ਵਿਚ ਬਣੀ ਸੀ। ਉਸ ਫਿਲਮ ਵਿਚ ਉਹ ਉਸ ਵੇਲੇ ਦੀ ਮਸ਼ਹੂਰ ਅਭਿਨੇਤਰੀ ਮੁਮਤਾਜ ਸ਼ਾਂਤੀ ਦੀ ਬੇਟੀ ਬਣੀ ਸੀ। ਬੇਬੀ ਮੁਮਤਾਜ ਨੇ ਉਸ ਤੋਂ ਬਾਅਦ ਕਈ ਫਿਲਮਾਂ ਵਿਚ ਕੰਮ ਕੀਤਾ,ਅਤੇ ਉਸ ਵੇਲੇ ਦੀ ਮਸ਼ਹੂਰ ਅਭਿਨੇਤਰੀ ਦੇਵਿਕਾ ਰਾਨੀ ਨੇ ਉਸਦੇ ਕੰਮ ਤੋਂ ਪ੍ਰਭਾਵਤ ਹੋ ਕੇ ਉਸਦਾ ਨਾਂਅ ਮਧੂਬਾਲਾ ਰੱਖ ਦਿੱਤਾ।
1944 ਵਿਚ ਮਧੂਬਾਲਾ ਨੂੰ ਦਲੀਪ ਕੁਮਾਰ ਨਾਲ ਫਿਲਮ ‘ਜਵਾਰ ਭਾਟਾ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਕੁਝ ਕਾਰਨਾਂ ਕਰਕੇ ਉਹ ਫਿਲਮ ਵਿਚ ਤਾਂ ਕੰਮ ਨਾ ਕਰ ਸਕੀ, ਪਰ ਦਲੀਪ ਕੁਮਾਰ ਨੂੰ ਨੇੜਿਉਂ ਜਾਨਣ ਦਾ ਮੌਕਾ ਮਿਲ ਗਿਆ। 1947 ਵਿਚ 14 ਸਾਲਾਂ ਦੀ ਉਮਰ ਵਿਚ ਮਧੂਬਾਲਾ ਨੂੰ ਫਿਲਮ ‘ਨੀਲ ਕਮਲ’ ਵਿਚ ਬਤੌਰ ਹੀਰੋਇਨ ਦਾ ਕੰਮ ਮਿਲ ਗਿਆ। ਕੇਦਾਰ ਸ਼ਰਮਾ ਦੀ ਇਸ ਫਿਲਮ ਵਿਚ ਰਾਜ ਕਪੂਰ ਹੀਰੋ ਸਨ। ਇਹ ਫਿਲਮ ਸਫਲਤਾ ਤਾਂ ਪਰਾਪਤ ਨਾ ਕਰ ਸਕੀ, ਪਰ ਮਧੂਬਾਲਾ ਦੇ ਕੰਮ ਨੂੰ ਲੋਕਾਂ ਨੇ ਬਹੁਤ ਸਰਾਹਿਆ। ਫੇਰ 1949 ਵਿਚ ਆਈ ਉਸਦੀ ਅਤੇ ਅਸ਼ੋਕ ਕੁਮਾਰ ਦੀ ਫਿਲਮ ‘ਮਹਿਲ’। ਇਸ ਫਿਲਮ ਨੇ ਬਹੁਤ ਸਫਲਤਾ ਪਰਾਪਤ ਕੀਤੀ। ਇਸ ਫਿਲਮ ਦਾ ਇਕ ਗੀਤ ‘ਆਏਗਾ ਆਨੇ ਵਾਲਾ ਆਏਗਾ’ ਬਹੁਤ ਮਸ਼ਹੂਰ ਹੋਇਆ। ਇਹ ਗੀਤ ਲਤਾ ਮੰਗੇਸ਼ਕਰ ਨੇ ਗਾਇਆ ਸੀ। ਇਸ ਫਿਲਮ ਨੇ ਫਿਲਮ ਜਗਤ ਨੂੰ ਦੋ ਸੁਪਰ ਸਟਾਰ ਦਿੱਤੇ। ਇਕ ਸੀ ਮਧੂਬਾਲਾ ਅਤੇ ਦੂਸਰੀ ਸੀ ਗਾਇਕਾ ਲਤਾ ਮੰਗੇਸ਼ਕਰ।
ਮਹਿਲ ਫਿਲਮ ਦੀ ਸਫਲਤਾ ਤੋਂ ਬਾਅਦ ਮਧੂਬਾਲਾ ਦਾ ਪਰਵਾਰ ਆਰਥਕ ਪੱਖੋਂ ਸੌਖਾ ਹੋ ਗਿਆ ਸੀ। 1950 ਦਾ ਸਾਲ ਆਉਂਦੇ ਆਉਂਦੇ ਉਹ ਫਿਲਮ ਜਗਤ ਦੀਆਂ ਬੁਲੰਦੀਆਂ ਨੂੰ ਛੂਹਣ ਲੱਗ ਗਈ ਸੀ ਅਤੇ ਉਸ ਬਾਰੇ ਕਈ ਥੀਏਟਰ ਆਰਟਸ ਵਰਗੀਆਂ ਅਮਰੀਕਨ ਮੈਗਜ਼ੀਨਾਂ ਵਿਚ ਲਿਖਿਆ ਜਾਣ ਲੱਗ ਗਿਆ ਸੀ। 1952 ਦੇ ਅਗਸਤ ਇਸ਼ੂ ਵਿਚ ਥੀਏਟਰ ਆਰਟਸ ਮੈਗਜ਼ੀਨ ਦੇ ਆਰਟੀਕਲ ਵਿਚ ਲਿਖਿਆ ਸੀ ਕਿ ਮਧੂਬਾਲਾ ਦੁਨੀਆਂ ਦੀ ਬੇਹਤਰੀਨ ਅਭਿਨੇਤਰੀ ਅਤੇ ਪੁੱਜਕੇ ਸੋਹਣੀ ਹੈ, ਬੇਸ਼ਕ ਉਹ ਬੈਵਰਲੀ ਹਿੱਲ ਵਿਚ ਨਹੀਂ ਰਹਿੰਦੀ। ਕਹਿਣ ਦਾ ਭਾਵ ਇਹ ਹੈ ਕਿ ਉਹ ਹੌਲੀਵੁੱਡ ਦੀ ਅਭਿਨੇਤਰੀ ਨਹੀਂ।
ਇਕ ਵਾਰੀ ਅਮਰੀਕਨ ਫਿਲਮ ਪਰੋਡਿਊਸਰ ਫ਼ਰੈਂਕ ਕਾਪਰਾ ਬੌਲੀਵੁਡ ਦੇ ਸੱਦੇ ਪੱਤਰ ਤੇ ਭਾਰਤ ਆਇਆ ਤਾਂ ਉਹ ਇੱਕੋ ਹੀ ਫਿਲਮ ਅਭਿਨੇਤਰੀ ਨੂੰ ਮਿਲਣਾ ਚਾਹੁੰਦਾ ਸੀ, ਤੇ ਉਹ ਸੀ ਮਧੂਬਾਲਾ। ਉਸਨੇ ਮਧੂਬਾਲਾ ਨੂੰ ਹੌਲੀਵੁੱਡ ਦੀ ਫਿਲਮ ਵਿਚ ਕੰਮ ਕਰਨ ਵਾਸਤੇ ਕਿਹਾ ਪਰ ਉਸਦੇ ਪਿਤਾ ਨਾ ਮੰਨੇ, ਅਤੇ ਹੌਲੀਵੁੱਡ ਦੀਆਂ ਫਿਲਮਾਂ ਵਿਚ ਕੰਮ ਕਰਨ ਦੀ ਮਧੂਬਾਲਾ ਦੀ ਰੀਝ ਵਿਚੇ ਹੀ ਰਹਿ ਗਈ।
ਮਧੂਬਾਲਾ ਦੇ ਦਿਲ ਵਿਚ ਮੋਰੀ ਵਾਲੀ ਬਿਮਾਰੀ ਦਾ ਪਤਾ ਅਤਾਉੱਲਾ ਖਾਨ ਨੂੰ ਮਧੂਬਾਲਾ ਦੇ ਬਚਪਨ ਵਿਚ ਹੀ ਲੱਗ ਗਿਆ ਸੀ ਪਰ ਉਸਨੇ ਇਹ ਗੱਲ ਫਿਲਮੀ ਦੁਨੀਆਂ ਤੋਂ ਛੁਪਾ ਕੇ ਰੱਖੀ। ਮਧੂਬਾਲਾ ਨੂੰ ਉਸਦੀ ਬਿਮਾਰੀ ਦਾ ਉਦੋਂ ਪਤਾ ਲੱਗਿਆ ਜਦੋਂ ਸਾਲ 1950 ਵਿਚ ਉਸਦੀ ਖੰਘ ਵਿਚ ਖੂਨ ਆਇਆ। ਸਾਲ 1954 ਵਿਚ ਐੱਸ ਐੱਸ ਵਾਸਨ ਦੀ ਮਦਰਾਸ ਵਿਚ ਬਣ ਰਹੀ ਫਿਲਮ ‘ਬਹੁਤ ਦਿਨ ਹੂਏ’ ਦੇ ਸੈੱਟ ਤੇ ਮਧੂਬਾਲਾ ਨੂੰ ਖੂਨ ਦੀ ਉਲਟੀ ਆਈ ਤਾਂ ਐੱਸ ਐੱਸ ਵਾਸਨ ਅਤੇ ਉਸਦੀ ਪਤਨੀ ਨੇ ਉਸਦੀ ਦੇਖ ਭਾਲ ਕੀਤੀ ਸੀ ਪਰ ਫੇਰ ਵੀ ਉਸਨੇ ਫਿਲਮਾਂ ਵਿਚ ਕੰਮ ਕਰਨਾ ਨਹੀਂ ਛੱਡਿਆ। ਇਹ ਸਾਰੀ ਗੱਲ ਮੀਡੀਆ ਵਿਚ ਵੀ ਆਈ ਸੀ। ਅਤੇ ਕਈ ਵਾਰੀ ਮੀਡੀਆ ਵਿਚ ਇਹ ਵੀ ਖ਼ਬਰਾਂ ਛਪਦੀਆਂ ਰਹਿੰਦੀਆਂ ਸਨ ਕਿ ਉਹ ਆਪਣੇ ਪਰਵਾਰ ਦੀ ਦੇਖ ਭਾਲ ਕਰਨ ਵਾਸਤੇ ਇੰਨੀ ਵਧੀਆ ਅਭਿਨੇਤਰੀ ਹੁੰਦੇ ਹੋਏ ਵੀ, ਕਿਸੇ ਵੀ ਫਿਲਮ ਵਿਚ ਕਰਨ ਨੂੰ ਤਿਆਰ ਹੋ ਜਾਂਦੀ ਹੈ। ਇਸ ਗੱਲ ਦਾ ਉਸਦੇ ਫਿਲਮੀ ਪੇਸ਼ੇ ਤੇ ਵੀ ਬਹੁਤ ਅਸਰ ਪਿਆ ਸੀ। ਸਾਲ 1955 ਵਿਚ ਉਸਨੇ ਆਪਣੀ ਫਿਲਮ ਵੀ (ਫਿਲਮ ਦਾ ਨਾਂਅ ‘ਨਾਤਾ’ ਸੀ) ਪਰੋਡਿਊਸ ਕੀਤੀ ਸੀ। ਇਕ ਵਾਰੀ ਉਹ ਬਿਮਲ ਰਾਏ ਦੀ ਫਿਲਮ‘ ਬਿਰਾਜ ਬਹੂ’ ਵਿਚ ਕੰਮ ਕਰਨ ਤੋਂ ਵਾਂਝੀ ਰਹਿ ਗਈ ਸੀ, ਕਿਉਂਕਿ ਬਿਮਲ ਰਾਏ ਨੇ ਕਾਮਨੀ ਕੌਸ਼ਲ ਨੂੰ ਫਿਲਮ ਵਿਚ ਲੈ ਲਿਆ ਸੀ। ਜਦੋਂ ਮਧੂਬਾਲਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਦੁਖੀ ਹੋ ਕੇ ਕਿਹਾ ਸੀ ਕਿ ਉਸਨੇ ਇਹ ਫਿਲਮ ਇਕ ਰੁਪਏ ਵਿਚ ਕਰ ਦੇਣੀ ਸੀ।
ਕਹਿੰਦੇ ਹਨ, ਜਿਹੜੀ ਔਰਤ ਵੈਲਨਟਾਈਨ ਵਾਲ਼ੇ ਦਿਨ ਪੈਦਾ ਹੋਈ ਹੋਵੇ,ਅਤੇ ਹੋਵੇ ਵੀ ਪੁੱਜ ਕੇ ਸੋਹਣੀ, ਜ਼ਿੰਦਗੀ ਵਿਚ ਉਸਨੂੰ ਬਹੁਤ ਸਾਰੇ ਪ੍ਰੇਮੀ ਮਿਲਦੇ ਹਨ। ਮਧੂਬਾਲਾ ਦੀ ਜ਼ਿੰਦਗੀ ਵਿਚ ਵੀ ਬਹੁਤ ਪ੍ਰੇਮੀ ਆਏ। ਮਧੂਬਾਲਾ ਦੇ ਬਚਪਨ ਦੇ ਪ੍ਰੇਮੀ ਦਾ ਨਾਂਅ ਲਤੀਫ਼ ਸੀ। ਉਸਦਾ ਦਿਲ ਉਦੋਂ ਟੁੱਟ ਗਿਆ ਜਦੋਂ ਮਧੂਬਾਲਾ ਮੁੰਬਈ ਆ ਗਈ। ਉਸ ਵੱਲੋਂ ਦਿੱਤਾ ਹੋਇਆ ਲਾਲ ਗੁਲਾਬ ਦਾ ਫੁੱਲ ਲਤੀਫ਼ ਨੇ 30 ਸਾਲ ਤੱਕ ਸੰਭਾਲ ਕੇ ਰੱਖਿਆ, ਅਤੇ ਮਧੂਬਾਲਾ ਦੇ ਮਰਨ ਤੋਂ ਬਾਅਦ ਉਹ ਉਹੀ ਫੁੱਲ ਮੁੰਬਈ ਜਾ ਕੇ ਸ਼ਾਂਤਾ ਕਰੁਜ ਵਿਚ ਉਸਦੀ ਕਬਰ ’ਤੇ ਰੱਖ ਕੇ ਆਇਆ। ਉਹ ਆਈ ਏ ਐੱਸ ਦੇ ਅਹੁਦੇ ਤੇ ਲੱਗਿਆ ਹੋਇਆ ਹੈ, ਅਤੇ ਉਹ ਹਰ ਸਾਲ 23 ਫਰਵਰੀ ਵਾਲ਼ੇ ਦਿਨ ਇਕ ਲਾਲ ਗੁਲਾਬ ਦਾ ਫੁੱਲ ਮਧੂਬਾਲਾ ਦੀ ਕਬਰ ਤੇ ਰੱਖ ਕੇ ਆਉਂਦਾ ਹੈ।
ਕੇਦਾਰ ਸ਼ਰਮਾ ਨੇ ਮਧੂਬਾਲਾ ਨੂੰ ਫਿਲਮਾਂ ਵਿਚ ਮੌਕਾ ਦਿੱਤਾ। ਇਹ ਮਧੂਬਾਲਾ ਦੀ ਪਹਿਲੀ ਫਿਲਮ ਸੀ। ਜਦੋਂ ਉਹ ਸਕਰੀਨ ਟੈੱਸਟ ਵਾਸਤੇ ਆਈ ਤਾਂ ਉਸਨੂੰ ਦੇਖਦੇ ਸਾਰ ਹੀ ਕੇਦਾਰ ਸ਼ਰਮਾ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਪਰ ਮਧੂਬਾਲਾ ਉਦੋਂ ਕੇਵਲ 14 ਸਾਲਾਂ ਦੀ ਹੀ ਸੀ ਅਤੇ ਪਿਆਰ ਨੂੰ ਸਮਝਦੀ ਨਹੀਂ ਸੀ। ਨਾਲ਼ੇ ਉਹ ਸੋਚਦੀ ਸੀ ਜੇ ਉਹ ਥੋੜ੍ਹਾ ਹੋਰ ਇੰਤਜ਼ਾਰ ਕਰ ਲਵੇ ਤਾਂ ਹੋ ਸਕਦਾ ਹੈ ਉਸਨੂੰ ਇਸ ਤੋਂ ਵੀ ਚੰਗਾ ਵਰ ਮਿਲ ਜਾਵੇ। ਇਸ ਕਰਕੇ ਮਧੂਬਾਲਾ ਨੇ ਕੇਦਾਰ ਸ਼ਰਮਾ ਨੂੰ ਕਦੇ ਵੀ ਹਾਂ ਪੱਖੀ ਜਵਾਬ ਨਾ ਦਿੱਤਾ, ਤੇ ਇਹ ਪਿਆਰ ਵੀ ਸਿਰੇ ਨਾ ਚੜ੍ਹ ਸਕਿਆ।
ਮਧੂਬਾਲਾ ਦਾ ਤੀਜਾ ਪ੍ਰੇਮੀ ਸੀ ਉਸਦੀ ਸੁਪਰ ਹਿੱਟ ਫਿਲਮ ਮਹਿਲ ਦਾ ਨਿਰਦੇਸ਼ਕ ਕਮਾਲ ਅਮਰੋਹੀ। ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਨੇ ਵੀ ਉਨ੍ਹਾਂ ਦੇ ਵਿਆਹ ਦੀ ਮੰਜੂਰੀ ਦੇ ਦਿੱਤੀ ਸੀ, ਪਰ ਮਧੂਬਾਲਾ ਨੂੰ ਇਹ ਮੰਜੂਰ ਨਹੀਂ ਸੀ। ਉਹ ਚਾਹੁੰਦੀ ਸੀ ਕਿ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਹੀ ਉਹ ਉਸ ਨਾਲ ਵਿਆਹ ਕਰਵਾ ਸਕਦੀ ਹੈ। ਕਿਉਂਕਿ ਇਸਲਾਮ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਦਿੰਦਾ ਹੈ, ਬਸ਼ਰਤੇ ਕਿ ਪਹਿਲੀ ਪਤਨੀ ਇਜਾਜ਼ਤ ਦੇ ਦੇਵੇ। ਕਮਾਲ ਅਮਰੋਹੀ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਵੇਗਾ। ਪਰ ਮਧੂਬਾਲਾ ਆਪਣੇ ਪਤੀ ਨੂੰ ਕਿਸੇ ਨਾਲ ਸ਼ੇਅਰ ਨਹੀਂ ਸੀ ਕਰਨਾ ਚਾਹੁੰਦੀ। ਇਸ ਕਰਕੇ ਕਮਾਲ ਅਮਰੋਹੀ ਨਾਲ ਵਿਆਹ ਨਾ ਕਰਵਾ ਕੇ ਮਧੂਬਾਲਾ ਨੇ ਆਪਣੀ ਜ਼ਿੰਦਗੀ ਦਾ ਇਕ ਅਹਿਮ ਫੈਸਲਾ ਲਿਆ ਸੀ।
ਮਧੂਬਾਲਾ ਆਪਣੇ ਪਿਆਰ ਦਾ ਇਜ਼ਹਾਰ ਲਾਲ ਗੁਲਾਬ ਦਾ ਫੁੱਲ ਦੇ ਕੇ ਕਰਦੀ ਸੀ। ਇਕ ਲਾਲ ਗੁਲਾਬ ਦਾ ਫੁੱਲ ਉਸਨੇ ਅਭਿਨੇਤਾ ਪ੍ਰੇਮਨਾਥ ਨੂੰ ਵੀ ਇਕ ਨੋਟ ਲਿਖ ਕੇ ਦਿੱਤਾ ਸੀ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਹੈਂ ਤਾਂ ਫੁੱਲ ਰੱਖ ਲੈ, ਨਹੀਂ ਤਾਂ ਮੋੜ ਦੇ। ਉਹ ਬੜਾ ਹੀ ਹੈਰਾਨ ਹੋਇਆ ਸੀ ਕਿ ਇੰਨੀ ਸੋਹਣੀ ਕੁੜੀ ਉਸ ਨਾਲ ਪਿਆਰ ਕਰਨਾ ਚਾਹੁੰਦੀ ਹੈ। ਤੇ ਉਸਨੇ ਫੁੱਲ ਨੂੰ ਆਪਣੇ ਕੋਟ ਦੇ ਬਟਨ ਵਿਚ ਟੰਗ ਕੇ ਮਧੂਬਾਲਾ ਨੂੰ ਕਿਹਾ, ਕਬੂਲ ਹੈ ਕਬੂਲ ਹੈ, ਅਤੇ ਦੋਨੋਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਗਏ। ਪਰ ਕੁਝ ਸਮੇਂ ਬਾਅਦ ਉਹ ਪ੍ਰੇਮਨਾਥ ਤੋਂ ਬਗੈਰ ਕਿਸੇ ਕਾਰਨ ਦੇ ਦੂਰੀ ਬਣਾਉਣ ਲੱਗ ਪਈ। ਅਤੇ ਕੁਝ ਸਮੇਂ ਬਾਅਦ ਜਦੋਂ ਪ੍ਰੇਮਨਾਥ ਨੂੰ ਪਤਾ ਲੱਗਿਆ, ਇਹੋ ਜਿਹਾ ਹੀ ਫੁੱਲ ਮਧੂਬਾਲਾ ਨੇ ਅਸ਼ੋਕ ਕੁਮਾਰ ਨੂੰ ਵੀ ਦਿੱਤਾ ਹੈ, ਤਾਂ ਉਹ ਬਹੁਤ ਗੁੱਸੇ ਹੋਇਆ ਅਤੇ ਉਸਨੇ ਮਧੂਬਾਲਾ ਨਾਲ ਜ਼ਿੰਦਗੀ ਭਰ ਨਾ ਬੋਲਣ ਦਾ ਫੈਸਲਾ ਕਰ ਲਿਆ।
ਮਧੂਬਾਲਾ ਨੂੰ ਸਤਾਰਾਂ ਸਾਲ ਦੀ ਉਮਰ ਵਿਚ ਅਭਿਨੇਤਾ ਦਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ। ਇਹ ਪਿਆਰ 1951 ਤੋਂ ਲੈ ਕੇ 1956 ਤੱਕ ਰਿਹਾ। ਦੋਨੋਂ ਵਿਆਹ ਕਰਵਾਉਣ ਨੂੰ ਤਿਆਰ ਸਨ ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਸੋਚਦਾ ਸੀ ਜੇ ਦੋਨਾਂ ਨੇ ਵਿਆਹ ਕਰਵਾ ਲਿਆ ਤਾਂ ਪਰਵਾਰ ਦੀ ਦੇਖ ਭਾਲ ਕੌਣ ਕਰੇਗਾ। ਕਿਉਂਕਿ ਘਰ ਵਿਚ ਕਮਾਉਣ ਵਾਲੀ ਕੇਵਲ ਮਧੂਬਾਲਾ ਹੀ ਸੀ। ਅਤਾਉੱਲਾ ਖਾਨ ਨੇ ਮਧੂਬਾਲਾ ਨੂੰ ਸਾਰੀ ਉਮਰ ਆਪਣੇ ਅਧੀਨ ਰੱਖਿਆ। ਦਲੀਪ ਕੁਮਾਰ ਨੂੰ ਇਹ ਗੱਲ ਪਸੰਦ ਨਹੀਂ ਸੀ। ਉਨ੍ਹਾਂ ਦਾ ਰਿਸ਼ਤਾ ਟੁੱਟਣ ਦਾ ਇਕ ਹੋਰ ਵੀ ਕਾਰਨ ਸੀ ਤੇ ਉਹ ਸੀ ਪਰੋਡੂਸਰ ਬੀ ਆਰ ਚੋਪੜਾ ਦੀ 1957 ਵਿਚ ਬਣ ਰਹੀ ਫਿਲਮ ‘ਨਇਆ ਦੌਰ’। ਬੀ ਆਰ ਚੋਪੜਾ ਨੇ ਮਧੂਬਾਲਾ ਅਤੇ ਦਲੀਪ ਕੁਮਾਰ ਨੂੰ ਫਿਲਮ ਵਿਚ ਸਾਈਨ ਕਰ ਲਿਆ ਅਤੇ ਜਦੋਂ ਬੀ ਆਰ ਚੋਪੜਾ ਮਧੂਬਾਲਾ ਨੂੰ ਸ਼ੂਟਿੰਗ ਵਾਸਤੇ ਭੋਪਾਲ ਲੈ ਜਾਣ ਲੱਗਿਆ ਤਾਂ ਮਧੂਬਾਲਾ ਦੇ ਪਿਤਾ ਨੇ ਮਧੂਬਾਲਾ ਨੂੰ ਭੋਪਾਲ ਭੇਜਣ ਵਾਸਤੇ ਇਸ ਕਰਕੇ ਨਾਂਹ ਕਰ ਦਿੱਤੀ ਕਿ ਮਧੂਬਾਲਾ ਨੂੰ ਬਾਹਰ ਜਾ ਕੇ ਦਲੀਪ ਕੁਮਾਰ ਨਾਲ ਘੁੰਮਣ ਫਿਰਨ ਦੀ ਹੋਰ ਵੀ ਖੁੱਲ੍ਹ ਮਿਲ ਜਾਵੇਗੀ। ਬੀ ਆਰ ਚੋਪੜਾ ਨੇ ਮਧੂਬਾਲਾ ਦੀ ਜਗਾਹ ਵਿਜੰਤੀ ਮਾਲਾ ਨੂੰ ਲੈ ਲਿਆ ਅਤੇ ਮਧੂਬਾਲਾ ਤੇ ਫਿਲਮ ਦਾ ਕਾਨਟਰੈਕਟ ਪੂਰਾ ਨਾ ਕਰਨ ਕਰਕੇ ਮੁਕੱਦਮਾ ਵੀ ਕਰ ਦਿੱਤਾ। ਇਹ ਕੇਸ ਸਾਲ ਭਰ ਚੱਲਿਆ ਇਨ੍ਹਾਂ ਦੋਨਾਂ ਦੇ ਪਿਆਰ ਦੇ ਕਿੱਸਿਆਂ ਬਾਰੇ ਵੀ ਕੋਰਟ ਵਿਚ ਦੱਸਿਆ ਗਿਆ। ਉਨ੍ਹਾਂ ਦੇ ਪਿਆਰ ਬਾਰੇ ਅਖ਼ਬਾਰਾਂ ਵਿਚ ਵੀ ਬਹੁਤ ਦਿਨ ਤੱਕ ਖ਼ਬਰਾਂ ਆਉਂਦੀਆਂ ਰਹੀਆਂ। ਮਧੂਬਾਲਾ ਇਹ ਮੁਕੱਦਮਾ ਹਾਰ ਗਈ ਅਤੇ ਉਸਨੂੰ ਬੜੀ ਨਮੋਸ਼ੀ ਝੱਲਣੀ ਪਈ। ਇਸ ਮੁਕੱਦਮੇ ਤੋਂ ਬਾਅਦ ਭਾਵੇਂ ਦੋਨਾਂ ਦੇ ਰਿਸ਼ਤਿਆਂ ਵਿਚ ਦਰਾਰ ਆ ਗਈ ਫੇਰ ਵੀ ਮਧੂਬਾਲਾ ਅਖੀਰ ਤੱਕ ਦਲੀਪ ਕੁਮਾਰ ਨੂੰ ਪਿਆਰ ਕਰਦੀ ਰਹੀ। ਇਕ ਵਾਰੀ ਉਸਦਾ ਨਾਂਅ ਪਾਕਿਸਤਾਨ ਦੇ ਸਾਬਕਾ ਪਰਧਾਨ ਜ਼ੁਲਫ਼ੀਕਾਰ ਅਲੀ ਭੁੱਟੋ ਨਾਲ ਵੀ ਜੁੜਿਆ ਸੀ, ਉਦੋਂ ਉਹ ਮੁੰਬਈ ਵਿਚ ਵਕੀਲ ਸੀ। ਸਾਲ 1958 ਵਿਚ ਮਧੂਬਾਲਾ ਨੂੰ ਮਸ਼ਹੂਰ ਗਾਇਕ ਕਲਾਕਾਰ ਕਿਸ਼ੋਰ ਕੁਮਾਰ ਦੀ ਹੋਮ ਪਰੋਡਕਸ਼ਨ ‘ਚਲਤੀ ਕਾ ਨਾਮ ਗਾੜੀ’ ਵਿਚ ਕੰਮ ਕਰਦਿਆਂ ਪਿਆਰ ਹੋ ਗਿਆ ਅਤੇ ਕਿਸ਼ੋਰ ਕੁਮਾਰ ਨੇ ਆਪਣੀ ਪਹਿਲੀ ਪਤਨੀ ਰਮਾ ਗੁਹਾ ਨੂੰ ਤਲਾਕ ਦੇ ਕੇ ਮਧੂਬਾਲਾ ਨਾਲ ਵਿਆਹ ਸਾਲ 1960 ਵਿਚ ਕਰਵਾ ਲਿਆ। ਇਹ ਵਿਆਹ ਕਿਸ਼ੋਰ ਕੁਮਾਰ ਦੇ ਮਾਂ-ਬਾਪ ਨੂੰ ਪਸੰਦ ਨਹੀਂ ਸੀ ਇਸ ਕਰਕੇ ਮਧੂਬਾਲਾ ਇਕ ਮਹੀਨੇ ਬਾਅਦ ਹੀ ਬਾਂਦਰਾ ਵਿਖੇ ਆਪਣੇ ਬੰਗਲੇ ਵਿਚ ਵਾਪਸ ਆ ਗਈ।
1960 ਵਿਚ ਉਹ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਵਾਸਤੇ ਲੰਡਨ ਵੀ ਗਈ ਸੀ ਪਰ ਡਾਕਟਰਾਂ ਨੇ ਚੈੱਕ ਅੱਪ ਕਰਨ ਤੋਂ ਬਾਅਦ ਆਪਰੇਸ਼ਨ ਕਰਨ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਆਪਰੇਸ਼ਨ ਕਰਦੇ ਵਕਤ ਇਸਦੀ ਮੌਤ ਹੋ ਸਕਦੀ ਹੈ। ਸਾਲ 1960 ਤੋਂ ਲੈ ਕੇ 1966 ਤੱਕ ਉਹ ਬਹੁਤ ਬਿਮਾਰ ਰਹੀ। ਫੇਰ ਵੀ ਉਸਨੇ ਕੁਝ ਫਿਲਮਾਂ ਵਿਚ ਕੰਮ ਕੀਤਾ। ਇਸ ਸਮੇਂ ਦੌਰਾਨ ਪਰੋਡਿਊਸਰਾਂ ਨੂੰ ਮਧੂਬਾਲਾ ਦੀ ਡੁਪਲੀਕੇਟ ਲੈ ਕੇ ਵੀ ਕੰਮ ਕਰਨਾ ਪਿਆ।
ਸਾਲ 1966 ਵਿਚ ਜਦੋਂ ਉਹ ਥੋੜ੍ਹੀ ਠੀਕ ਹੋਈ ਤਾਂ ਉਸਨੇ ਰਾਜ ਕਪੂਰ ਨਾਲ ਫਿਲਮ ਚਲਾਕ ਵਿਚ ਕੰਮ ਸ਼ੁਰੂ ਕੀਤਾ ਪਰ ਬਿਮਾਰੀ ਨੇ ਉਸਦੀ ਪੇਸ਼ ਨਾ ਜਾਣ ਦਿੱਤੀ ਤੇ ਫਿਲਮ ਨਾ ਬਣ ਸਕੀ। ਅਤੇ ਬਿਮਾਰੀ ਦੇ ਕਾਰਨ ਉਹ ਐੈਕਟਿੰਗ ਤਾਂ ਨਾ ਕਰ ਸਕੀ ਪਰ ਉਸਨੇ 1969 ਵਿਚ ‘ਫ਼ਰਜ ਔਰ ਇਸ਼ਕ ਨਾਂਅ’ ਦੀ ਫਿਲਮ ਬਣਾਉਣੀ ਅਰੰਭੀ। ਜ਼ਿੰਦਗੀ ਨੇ ਉਸਦਾ ਸਾਥ ਨਾ ਦਿੱਤਾ ਅਤੇ ਸਾਡੀ ਪਿਆਰੀ ਮਧੂਬਾਲਾ 23 ਫਰਵਰੀ 1969 ਨੂੰ 36 ਸਾਲ ਦੀ ਭਰ ਜਵਾਨੀ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਉਸਦੀ ਜ਼ਿੰਦਗੀ ਵਿਚ ਕਿੰਨੇ ਉਤਾਰ ਚੜ੍ਹਾ ਆਏ ਅਤੇ ਉਸਦੀ ਵਿਵਾਹਿਤ ਜ਼ਿੰਦਗੀ ਵੀ ਖੁਸ਼ਗਵਾਰ ਨਾ ਰਹੀ ਫਿਰ ਵੀ ਉਹ ਹਮੇਸ਼ਾ ਖੁਸ਼ਦਿਲ ਰਹਿੰਦੀ ਸੀ ਅਤੇ ਬੜੇ ਹੀ ਨਿੱਘੇ ਸੁਭਾਅ ਦੀ ਸੀ। ‘ਮੁਗਲੇ ਆਜ਼ਮ’ ਅਤੇ ,ਜਵਾਲਾ’ ਉਸਦੀਆਂ ਰੰਗਦਾਰ ਫਿਲਮਾਂ ਸਨ। ‘ਮੁਗਲੇ ਆਜ਼ਮ’ ਨੇ ਟਿਕਟ ਖਿੜਕੀ ਤੇ ਰਿਕਾਰਡ ਤੋੜ ਵਿਕਰੀ ਕੀਤੀ ਸੀ। ਹੁਣ ਤੱਕ ਵੀ ਸ਼ੋਅਲੇ ਤੋਂ ਬਾਅਦ ਉਸਦਾ ਹੀ ਨੰਬਰ ਆਉਂਦਾ ਹੈ।
ਮਧੂਬਾਲਾ ਨੂੰ ਬੌਲੀਵੁੱਡ ਦੀ ਮਰਲਿਨ ਮਨਰੋ ਵੀ ਕਿਹਾ ਜਾਂਦਾ ਹੈ। ਉਸਨੇ 70 ਫਿਲਮਾਂ ਵਿਚ ਕੰਮ ਕੀਤਾ। ਬਸੰਤ, ਮਹਿਲ, ਸ਼ੀਰੀ ਫਰਹਾਦ, ਰਾਜ ਹੱਠ, ਕਾਲਾ ਪਾਨੀ, ਮਿਸਟਰ ਐਂਡ ਮਿਸਿਜ਼ 55, ਯਹੂਦੀ ਕੀ ਲੜਕੀ, ਚਲਤੀ ਕਾ ਨਾਮ ਗਾੜੀ, ਗੇਟਵੇ ਆਫ਼ ਇੰਡੀਆ, ਫਾਗੁਨ, ਬਰਸਾਤ ਕੀ ਰਾਤ ਅਤੇ ਮੁਗਲੇ ਆਜ਼ਮ, ਉਸਦੀਆਂ ਯਾਦਗਾਰ ਫਿਲਮਾਂ ਵਿੱਚੋਂ ਹਨ।
ਸਾਲ 1990 ਵਿਚ ਮੂਵੀ ਮੈਗਜ਼ੀਨ ਵਾਲਿਆਂ ਨੇ ਇਕ ਸਰਵੇ ਕਰਵਾਇਆ ਸੀ ਤੇ ਮਧੂਬਾਲਾ ਨੂੰ 58% ਵੋਟਾਂ ਮਿਲੀਆਂ ਅਤੇ ਉਸਨੂੰ ਬੌਲੀਵੁੱਡ ਦੀ ਸਭ ਤੋਂ ਵਧੀਆ ਅਭੀਨੇਤਰੀ ਮੰਨਿਆ ਗਿਆ। ਮਧੂਬਾਲਾ ਨੂੰ ਬੇਸ਼ਕ ਕਦੇ ਫਿਲਮ ਫੇਅਰ ਅਵਾਰਡ ਨਹੀਂ ਮਿਲਿਆ ਪਰ ਉਹ ਹਮੇਸ਼ਾ ਫਿਲਮ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੀ ਰਹੇਗੀ।

No comments:

Post a Comment