ਸਿਰ ਦਾ ਸ਼ਿੰਗਾਰ ‘ਚੁੰਨੀ’
ਮੇਰੀ ਚੁੰਨੀ ਦਾ ਚਮਕੇ ਗੋਟਾ ਵੇ,
ਮੈਂ ਕਿਵੇਂ ਲੁਕਾਵਾਂ ਖ਼ੁਸ਼ੀਆਂ ਨੂੰ।
ਮੇਰਾ ਨੱਚਦਾ ਏ ਪੋਟਾ-ਪੋਟਾ ਵੇ,
ਮੈਂ ਕਿਵੇਂ ਲੁਕਾਵਾਂ ਖ਼ੁਸ਼ੀਆਂ ਨੂੰ।
ਪੁਰਾਣੇ ਸਮੇਂ ਵਿੱਚ ਵਿਆਹ ਵਾਲੀ ਮੁਟਿਆਰ ਨੂੰ ਦਾਜ ਵਿੱਚ ਦੇਣ ਵਾਲੀਆਂ ਚੁੰਨੀਆਂ ਨੂੰ ਗੋਟੇ ਅਤੇ ਸਿਤਾਰੇ ਲਾ ਕੇ ਖ਼ੂਬ ਸਜਾਇਆ ਜਾਂਦਾ ਸੀ, ਜਿੱਥੇ ਇਸ ਕੰਮ ਵਿੱਚ ਆਂਢ-ਗੁਆਂਢ ਦੀਆਂ ਕੁੜੀਆਂ ਰਲ ਕੇ ਵਿਆਹ ਵਾਲੀ ਮੁਟਿਆਰ ਦੀ ਮਦਦ ਕਰਦੀਆਂ ਸਨ, ਉੱਥੇ ਹੀ ਉਹ ਉਸ ਨਾਲ ਕਈ ਤਰ੍ਹਾਂ ਦਾ ਹਾਸਾ-ਠੱਠਾ ਕਰ ਕੇ ਮਾਖੌਲ ਨੂੰ ਰੰਗੀਨ ਬਣਾ ਦਿੰਦੀਆਂ ਸਨ। ਚੁੰਨੀ ਉੱਤੇ ਰੀਝਾਂ ਲਾ ਕੇ ਅਨੇਕਾਂ ਤਰ੍ਹਾਂ ਦੀਆਂ ਵੇਲ੍ਹ ਬੂਟੀਆਂ ਵੀ ਪਾਈਆਂ ਜਾਂਦੀਆਂ ਸਨ। ਚੁੰਨੀ ਉੱਤੇ ਲੱਗੇ ਸਿਤਾਰੇ ਧੁੱਪ ਵਿੱਚ ਇਸ ਤਰ੍ਹਾਂ ਚਮਕਾਂ ਮਾਰਦੇ ਹਨ ਜਿਵੇਂ ਅੰਬਰਾਂ ਵਿੱਚ ਤਾਰੇ ਚਮਕ ਰਹੇ ਹੋਣ। ਇੱਕ ਮੁਟਿਆਰ ਸਿਤਾਰਿਆਂ ਜੜ੍ਹੀ ਚੁੰਨੀ ਬਾਰੇ ਆਪਣੇ ਮਨ ਦੇ ਵਲਵਲਿਆਂ ਨੂੰ ਇਸ ਪ੍ਰਕਾਰ ਰੂਪਮਾਨ ਕਰਦੀ ਹੈ:
ਕਾਲੀ ਚੁੰਨੀ ਦੇ ਸਿਤਾਰੇ,
ਜਿਵੇਂ ਅੰਬਰ ’ਤੇ ਤਾਰੇ।
ਇੱਕੋ ਤਾਰਾ ਚੰਨ ਵਰਗਾ,
ਮੇਰਾ ਮਾਹੀ ਸੋਨੇ ਦੀ ਵੰਗ ਵਰਗਾ।
ਰਿਸ਼ਤਾ ਪੱਕਾ ਕਰਨ ਸਮੇਂ ਸਹੁਰੇ ਪਰਿਵਾਰ ਵੱਲੋਂ ਹੋਰ ਸੁਗਾਤਾਂ ਦੇ ਨਾਲ ਮੁਟਿਆਰ ਲਈ ਸ਼ਗਨਾਂ ਦੀ ਚੁੰਨੀ ਵਿਸ਼ੇਸ਼ ਤੌਰ ’ਤੇ ਲਿਆਂਦੀ ਜਾਂਦੀ ਹੈ। ਮੁਟਿਆਰ ਦੇ ਸਿਰ ਉੱਤੇ ਸ਼ਗਨਾਂ ਵਾਲੀ ਚੁੰਨੀ ਦੇ ਕੇ ਹੀ ਸਹੁਰੇ ਪਰਿਵਾਰ ਵੱਲੋਂ ਸ਼ਗਨ ਪਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਅਤੇ ਉਸ ਸਮੇਂ ਤੋਂ ਉਹ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਿੱਚ ਸ਼ਾਮਲ ਹੋ ਜਾਂਦੀ ਹੈ।
ਅੱਜ-ਕੱਲ੍ਹ ਸਾਡੇ ਸਮਾਜ ਵਿੱਚ ਚੁੰਨੀ ਚੜ੍ਹਾਵਾ ਕਰ ਕੇ ਵਿਆਹ ਦੀ ਰੀਤ ਵੀ ਆਮ ਪ੍ਰਚਲਤ ਹੁੰਦੀ ਜਾ ਰਹੀ ਹੈ। ਇਸ ਰੀਤ ਨਾਲ ਜਿੱਥੇ ਦੋਵੇਂ ਧਿਰਾਂ ਵਿਆਹ ਉੱਤੇ ਹੋਣ ਵਾਲੀ ਫ਼ਜ਼ੂਲ-ਖ਼ਰਚੀ ਤੋਂ ਬਚ ਜਾਂਦੀਆਂ ਹਨ, ਉੱਥੇ ਕੀਮਤੀ ਸਮੇਂ ਦੀ ਵੀ ਕਾਫ਼ੀ ਬੱਚਤ ਹੋ ਜਾਂਦੀ ਹੈ। ਦੂਜਾ ਇਸ ਨਾਲ ਸਮਾਜ ਨੂੰ ਵੀ ਇੱਕ ਨਰੋਈ ਸੇਧ ਮਿਲਦੀ ਹੈ।
ਕਿਸੇ ਸਮੇਂ ਜਾਲੀਦਾਰ ਚੁੰਨੀਆਂ ਦੀ ਸਰਦਾਰੀ ਹੁੰਦੀ ਸੀ। ਮੁਟਿਆਰਾਂ ਜਾਲੀਦਾਰ ਚੁੰਨੀ ਮਿਲ ਜਾਣ ’ਤੇ ਇਸ ਤਰ੍ਹਾਂ ਮਹਿਸੂਸ ਕਰਦੀਆਂ ਸਨ ਜਿਵੇਂ ਉਨ੍ਹਾਂ ਨੂੰ ਕੌਰੂ ਬਾਦਸ਼ਾਹ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਕਈ ਵਾਰ ਜਾਲੀਦਾਰ ਚੁੰਨੀ ਲੈਣ ਲਈ ਉਨ੍ਹਾਂ ਨੂੰ ਕੰਜੂਸ ਮਾਹੀ ਦੇ ਕਾਫ਼ੀ ਤਰਲੇ ਮਿੰਨਤਾਂ ਵੀ ਕਰਨੀਆਂ ਪੈਂਦੀਆਂ ਸਨ। ਇਸੇ ਹਕੀਕਤ ਨੂੰ ਬਿਆਨ ਕਰਦੀ ਹੈ ਇਹ ਬੋਲੀ:
ਅਰਬੀ ਵਿਕਣੀ ਆਈ ਵੇ ਨੌਕਰਾ, ਸੇਰ ਕੁ ਲੈ ਦੇ ਮੈਨੂੰ।
ਛਾਵੇਂ ਬਹਿ ਕੇ ਚੀਰਨ ਲੱਗੀ, ਯਾਦ ਕਰੂੰਗੀ ਤੈਨੂੰ।
ਚੁੰਨੀ ਜਾਲੀ ਦੀ, ਲੈ ਦੇ ਨੌਕਰਾ ਮੈਨੂੰ।
ਅੱਗੋਂ ਮਾਹੀ ਮੋੜਵਾਂ ਜਵਾਬ ਦਿੰਦਾ ਆਖਦਾ ਹੈ:
ਚੁੰਨੀ ਤਾਂ ਮੈਂ ਲੈਦੂੰ ਗੋਰੀਏ,
ਵਿੱਚ ਜੜਾ ਦੂੰ ਤਾਰੇ,
ਚੁੰਨੀ ਜਾਲੀ ਦੀ,
ਤੈਨੂੰ ਤੰਗ ਕਰੂ ਮੁਟਿਆਰੇ।
ਅਕਸਰ ਘਰਾਂ ਵਿੱਚ ਨਿੱਕੀ ਮੋਟੀ ਗੱਲ ਤੋਂ ਮੀਆਂ-ਬੀਵੀ ਵਿੱਚ ਤੂੰ-ਤੂੰ, ਮੈਂ-ਮੈਂ ਹੋ ਹੀ ਜਾਂਦੀ ਹੈ। ਆਪਣੇ ਰੁੱਸੇ ਹੋਏ ਮਾਹੀਏ ਨੂੰ ਮਨਾਉਣ ਲਈ ਮੁਟਿਆਰ ਵੱਲੋਂ ਅਨੇਕਾਂ ਯਤਨ ਕੀਤੇ ਜਾਂਦੇ ਹਨ। ਉਹ ਆਪਣੇ ਸਿਰ ਦੇ ਤਾਜ ਚੁੰਨੀ ਨੂੰ ਮਾਹੀਏ ਦੇ ਪੈਰਾਂ ਵਿੱਚ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰਦੀ:
ਅੜੀਏ-ਅੜੀਏ-ਅੜੀਏ।
ਰੁੱਸੇ ਮਾਹੀਏ ਦਾ ਕੀ ਕਰੀਏ।
ਅੰਦਰ ਵੜੇ ਤਾਂ ਮਗਰੇ ਵੜੀਏ।
ਚੁੰਨੀ ਲਾ ਪੈਰਾਂ ’ਤੇ ਧਰੀਏ।
ਇੱਕ ਵਾਰੀ ਬੋਲੋ ਜੀ, ਆਪਾਂ ਫੇਰ ਕਦੇ ਨਾ ਲੜੀਏ।
ਪੰਜਾਬੀ ਗੀਤਾਂ ਵਿੱਚ ਸੱਤ ਰੰਗਾਂ ਵਾਲੇ ਦੁਪੱਟੇ ਦੀ ਕਾਫ਼ੀ ਚਰਚਾ ਹੈ। ਜਦ ਕੋਈ ਮਾਣਮੱਤੀ ਪੰਜਾਬਣ ਮੁਟਿਆਰ ਸਿਰ ਉੱਤੇ ਸਤਰੰਗਾ ਦੁਪੱਟਾ ਲੈਂਦੀ ਹੈ ਤਾਂ ਉਸ ਦਾ ਹੁਸਨ ਦੂਣ ਸਵਾਇਆ ਹੋ ਜਾਂਦਾ ਹੈ।
ਸਾਡੇ ਸੱਭਿਆਚਾਰ ਵਿੱਚ ਜਿੱਥੇ ਮਰਦਾਂ ਵੱਲੋਂ ਪੱਗਾਂ ਵਟਾ ਕੇ ਪੱਗ ਵਟ ਜਾਂ ਧਰਮ ਭਰਾ ਬਣਨ ਦੀ ਰੀਤ ਹੈ, ਉੱਥੇ ਔਰਤਾਂ ਵੱਲੋਂ ਵੀ ਚੁੰਨੀਆਂ ਵਟਾ ਕੇ ਚੁੰਨੀ ਵੱਟ ਭੈਣਾਂ ਬਣਨ ਦਾ ਕਾਫ਼ੀ ਰਿਵਾਜ ਹੈ। ਇਸ ਸਮੇਂ ਔਰਤਾਂ ਵੱਲੋਂ ਇੱਕ ਦੂਜੀ ਨਾਲ ਚੁੰਨੀ ਦੀ ਲਾਜ ਦਾ ਵਚਨ ਲਿਆ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦੇ ਰਿਸ਼ਤੇ ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਵਧੇਰੇ ਹੰਢਣਸਾਰ ਹੋ ਨਿੱਬੜਦੇ ਹਨ।
ਚੁੰਨੀ ਔਰਤ ਨੂੰ ਜਿੱਥੇ ਧੂੜ, ਮਿੱਟੀ ਅਤੇ ਤੇਜ਼ ਧੁੱਪਾਂ ਦੇ ਸੇਕ ਤੋਂ ਬਚਾਉਂਦੀ ਹੈ, ਉੱਥੇ ਹੀ ਦੁੱਖ ਸਮੇਂ ਕਿਸੇ ਵਫ਼ਾਦਾਰ ਸਾਥੀ ਦੀ ਤਰ੍ਹਾਂ ਅੱਖਾਂ ਵਿੱਚੋਂ ਵਗਦੇ ਹੰਝੂਆਂ ਨੂੰ ਪੂੰਝ ਕੇ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ। ਚੁੰਨੀ ਦੇ ਗੂੜ੍ਹੇ ਜਾਂ ਫਿੱਕੇ ਰੰਗਾਂ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਮਹੱਤਵ ਹੈ।
ਅੱਜ-ਕੱਲ੍ਹ ਦੀਆਂ ਮੁਟਿਆਰਾਂ ਸਿਰ ਉੱਤੇ ਚੁੰਨੀ ਲੈਣ ਤੋਂ ਝਿਜਕ ਮਹਿਸੂਸ ਕਰਦੀਆਂ ਹਨ। ਉਹ ਪੱਛਮੀ ਸਭਿਆਚਾਰ ਨੂੰ ਵਧੇਰੇ ਪਸੰਦ ਕਰਦੀਆਂ ਹਨ, ਜਿਸ ਵਿਰਸੇ ਉੱਤੇ ਪੂਰੀ ਦੁਨੀਆਂ ਮਾਣ ਕਰਦੀ ਹੈ ਅਸੀਂ ਪੰਜਾਬੀ ਉਸੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਸਾਨੂੰ ਸਭ ਨੂੰ ਮਿਲ ਕੇ ਆਪਣੇ ਵਿਰਸੇ ਦੀ ਸੰਭਾਲ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ:
ਚੁੰਨੀ ਹੁੰਦੀ ਸਿਰ ਦਾ ਸ਼ਿੰਗਾਰ ਨੀਂ ਪੰਜਾਬਣੇ.
ਸਮਝੇਂ ਤੂੰ ਜੀਹਨੂੰ ਐਵੇਂ, ਭਾਰ ਨੀਂ ਪੰਜਾਬਣੇ।
- ਜੁਗਿੰਦਰਪਾਲ ਕਿਲ੍ਹਾ ਨੌਂ
ਸੰਪਰਕ: 98155-92951
No comments:
Post a Comment