ਉਨ੍ਹਾਂ ਦਾ ਨਾਂਅ, ਵਿਅਕਤੀਤਵ ਅਤੇ ਕੰਮ ਸਾਰਾ ਕੁਝ ਹਸਾਉਣ ਦੇ ਨਾਲ ਹੀ ਜੁੜਿਆ ਸੀ। ਜਸਪਾਲ ਭੱਟੀ ਮਾਨੋ ਹਾਸਿਆਂ ਦੀ ਖਾਣ ਸਨ। ਪੰਜਾਬ ਦੇ ਉਹ ਚਾਰਲੀ ਚੈਪਲਿਨ ਸਨ। ਭੱਟੀ ਦਾ ਜਨਮ 3 ਮਾਰਚ, 1955 ਨੂੰ ਅੰਮ੍ਰਿਤਸਰ ਵਿਚ ਹੋਇਆ। ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਸ਼ੇ ਵਿਚ ਬੀ.ਟੈਕ ਕੀਤੀ। ਕਾਲਜ ਸਮੇਂ ਦੌਰਾਨ ਹੀ ਉਨ੍ਹਾਂ ਨੇ 'ਨਾਨਸੈਂਸ ਕਲੱਬ' ਨਾਂਅ ਦਾ ਇਕ ਨੁੱਕੜ ਨਾਟਕ ਕੀਤਾ ਸੀ, ਜਿਸ ਨਾਲ ਉਨ੍ਹਾਂ ਦਾ ਨਾਂਅ ਹਾਸਰਸ ਖੇਤਰ ਵਿਚ ਸੁਣਨ ਨੂੰ ਪਹਿਲੀ ਵਾਰ ਮਿਲਿਆ ਸੀ। ਬਾਅਦ ਵਿਚ ਬਿਜਲੀ ਬੋਰਡ ਵਿਚ ਨੌਕਰੀ ਕੀਤੀ। ਨੌਕਰੀ ਦੇ ਨਾਲ-ਨਾਲ ਕੁਝ ਨਾ ਕੁਝ ਕਰਦੇ ਰਹਿੰਦੇ ਸਨ। 27 ਸਾਲ ਦੀ ਉਮਰ ਵਿਚ 1982 ਵਿਚ 'ਰੰਗ 'ਚ ਭੰਗ' ਨਾਂਅ ਦੇ ਪ੍ਰੋਗਰਾਮ ਦੇ ਨਾਲ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸੇ ਸਾਲ ਉਨ੍ਹਾਂ ਨੇ ਚਾਚਾ ਰੌਣਕੀ ਰਾਮ ਦੇ ਨਾਲ 'ਕੱਚ ਦੀਆਂ ਮੁੰਦਰਾਂ' ਪ੍ਰੋਗਰਾਮ ਕੀਤਾ। ਸਾਲ 1985 ਵਿਚ ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਵਿਚ ਕਦਮ ਰੱਖਿਆ। ਉਨ੍ਹਾਂ ਨੇ 'ਉਲਟਾ ਪੁਲਟਾ' ਲੜੀਵਾਰ ਨਾਲ ਦੇਸ਼ ਭਰ ਵਿਚ ਜਿਥੇ ਨਿਵੇਕਲੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਾਜਿਕ ਕੁਰੀਤੀਆਂ 'ਤੇ ਚੋਟ ਮਾਰੀ, ਉਥੇ ਇਸ ਲੜੀਵਾਰ ਨੇ
ਜਸਪਾਲ ਭੱਟੀ ਨੂੰ ਪੂਰੇ ਦੇਸ਼ ਵਿਚ ਮਕਬੂਲ ਕਰ ਦਿੱਤਾ। ਇਸ ਤੋਂ ਬਾਅਦ 1990 ਵਿਚ 'ਫ਼ਲਾਪ ਸ਼ੋਅ', 'ਫੁੱਲ ਟੈਂਨਸ਼ਨ', 'ਜਿੱਤੇਗਾ ਬਈ ਜਿੱਤੇਗਾ', 'ਜਸਪਾਲ ਭੱਟੀ ਨਮਸਕਾਰ', 'ਥੈਂਕਿਊ ਜੀਜਾ ਜੀ' ਅਤੇ 'ਹਾਏ ਜ਼ਿੰਦਗੀ ਬਾਏ ਜ਼ਿੰਦਗੀ' ਸਮੇਤ ਅਨੇਕਾਂ ਲੜੀਵਾਰਾਂ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਛਾਪ ਛੱਡੀ। ਲੜੀਵਾਰਾਂ ਤੋਂ ਪਹਿਲਾਂ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਦੇ ਲੜੀਵਾਰਾਂ ਦੇ ਡਾਇਲਾਗ 'ਜੁੱਤੀ ਤੰਗ ਜਵਾਈ ਨੰਗ', 'ਜੀਜਾ ਜੀ ਬੂਹਾ ਕਦੇ ਵੀ ਖੜਕਾ ਸਕਦੇ ਨੇ' ਕਾਫ਼ੀ ਪ੍ਰਸਿੱਧ ਹੋਏ ਸਨ। ਸਾਲ 1999 ਵਿਚ ਉਨ੍ਹਾਂ ਨੇ ਬਤੌਰ ਪ੍ਰੋਡਿਊਸਰ, ਡਾਇਰੈਕਟਰ, ਲੇਖਕ ਅਤੇ ਅਭਿਨੇਤਾ ਦੇ ਤੌਰ 'ਤੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਅਤੇ ਪ੍ਰਣਾਲੀ 'ਤੇ ਵਿਅੰਗ ਕਰਦੀ ਫ਼ਿਲਮ 'ਮਾਹੌਲ ਠੀਕ ਹੈ' ਬਣਾਈ।ਜਦੋਂ ਖੁਦ ਬਿਆਨ ਕੀਤੀ ਜ਼ਿੰਦਗੀ ਦੀ ਕਹਾਣੀ ਇਕ ਜ਼ਿੰਦਾਦਿਲ ਅਤੇ ਮਿਹਨਤੀ ਇਨਸਾਨ ਜੋ ਆਮ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ 'ਚ ਕਦੇ ਪਿੱਛੇ ਨਹੀਂ ਰਿਹਾ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਚ ਮੈਂ ਇੰਜੀਨੀਅਰ ਬਣਨ ਲਈ ਦਾਖ਼ਲਾ ਲਿਆ ਸੀ। ਪਿਤਾ ਐਨ.ਐਸ. ਭੱਟੀ ਪੰਜਾਬ ਸਰਕਾਰ ਵਿਚ ਇਲੈਕਟ੍ਰੀਕਲ ਇੰਜੀਨੀਅਰ ਸਨ ਅਤੇ ਭਾਖੜਾ ਡੈਮ ਦੇ ਨਿਰਮਾਣ ਦੇ ਸਿਲਸਿਲੇ ਵਿਚ ਨੰਗਲ ਵਿਖੇ ਤਾਇਨਾਤ ਸਨ। ਬਚਪਨ ਤੋਂ ਮੈਂ ਆਪਣੇ ਆਸਪਾਸ ਇੰਜੀਨੀਅਰਾਂ ਨੂੰ ਦੇਖਿਆ ਅਤੇ ਇਸ ਦਾ ਇੰਨਾ ਪ੍ਰਭਾਵ ਰਿਹਾ ਕਿ ਮੈਂ ਵੀ ਇੰਜੀਨੀਅਰ ਬਣਨ ਲਈ ਨਿਕਲ ਪਿਆ। ਜਦੋਂ ਕਾਲਜ ਵਿਚ ਪਹੁੰਚੇ ਤਾਂ ਕੁਝ ਹੀ ਦਿਨਾਂ ਵਿਚ ਦੋਸਤਾਂ ਦਾ ਗਰੁੱਪ ਬਣ ਗਿਆ ਅਤੇ ਉਨ੍ਹਾਂ ਦੇ ਨਾਲ ਗੱਪਸ਼ਪ ਦੌਰਾਨ ਹੀ ਹਿਊਮਰ (ਹਾਸਰਸ) ਦਾ ਜਨਮ ਹੋਇਆ। ਪ੍ਰੋਫ਼ੈਸਰ 'ਤੇ ਚੁਟਕਲੇ ਬਣਾਉਣਾ ਅਤੇ ਸੁਣਾਉਣਾ, ਕਿਤਾਬਾਂ ਦੇ ਉਲਟੇ-ਸਿੱਧੇ ਨਾਂਅ ਬਲੈਕ ਬੋਰਡ 'ਤੇ ਲਿਖ ਦੇਣ ਨਾਲ ਹੀ ਕਲਾਸ ਦਾ ਅੱਛਾ-ਖ਼ਾਸਾ ਇੰਟਰਟੇਨਮੈਂਟ ਹੋ ਜਾਂਦਾ ਸੀ। ਦੋਸਤ ਖੁਸ਼ ਹੋ ਜਾਂਦੇ ਸਨ ਅਤੇ ਮੇਰੀ ਥੋੜ੍ਹੀ ਜਿਹੀ ਕੋਸ਼ਿਸ਼ 'ਤੇ ਸਾਰੀ ਕਲਾਸ ਠਹਾਕੇ ਮਾਰਨ ਲੱਗਦੀ। ਇਲੈਕਟ੍ਰੀਕਲ ਇੰਜੀਨੀਅਰ ਬਣਨ ਦਾ ਕਰੰਟ ਹੌਲੀ-ਹੌਲੀ ਗੁੱਲ ਹੋ ਗਿਆ ਅਤੇ ਲਾਫ਼ਟਰ ਦਾ ਵੋਲਟੇਜ਼ ਕਦੋਂ ਵੱਧ ਗਿਆ ਇਹ ਪਤਾ ਹੀ ਨਹੀਂ ਲੱਗਿਆ। ਫ਼ਿਰ ਵੀ ਪੜ੍ਹਾਈ ਦੀ ਬੱਤੀ ਗੁੱਲ ਨਹੀਂ ਹੋਈ ਕਿਉਂਕਿ ਇਸ ਦੀ ਸਪਲਾਈ ਸਿੱਧੀ ਹਾਸੇ ਦੇ ਪਾਵਰ ਹਾਊਸ ਨਾਲ ਆਉਂਦੀ ਸੀ। ਇਹ ਕਰੰਟ ਜੀਵਨ ਦੀ ਗੱਡੀ ਸਟਾਰਟ ਕਰ ਦੇਵੇਗਾ ਇਹ ਤਾਂ ਪਤਾ ਸੀ, ਪਰ ਇਸ ਨੂੰ ਸਪੀਡ 'ਤੇ ਦੁੜ੍ਹਾਉਂਦਾ ਵੀ ਰਹੇਗਾ ਇਸ ਦਾ ਭਰੋਸਾ ਨਹੀਂ ਸੀ। ਇਸ ਲਈ ਦਿਮਾਗ ਇਹ ਮੰਨਣ ਲਈ ਰਾਜ਼ੀ ਨਹੀਂ ਹੋਇਆ ਸੀ ਕਿ ਇੰਜੀਨੀਅਰ ਬਣਨ ਦਾ ਇਰਾਦਾ ਛੱਡ ਦਿੱਤਾ ਜਾਵੇ ਅਤੇ ਦੂਜੇ ਪਾਸੇ ਦਿਲ 'ਲਾਫ਼ਟਰ' ਦੀ ਵਕਾਲਤ ਤੋਂ ਪਿੱਛੇ ਨਹੀਂ ਹਟ ਰਿਹਾ ਸੀ। ਦਿਮਾਗ ਦੀ ਥਾਂ ਜੰਗ ਦਿਲ ਨੇ ਜਿੱਤੀ ਅਤੇ ਅਸੀਂ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਬੰਦ ਪਏ ਇਕ ਰੇਲ ਇੰਜਣ 'ਤੇ ਹੀ ਪਹਿਲਾ ਡਰਾਮਾ ਕਰ ਲਿਆ। ਮੈਨੂੰ ਕਾਲਜ ਤੋਂ ਪਾਸ ਆਊਟ ਹੋਏ ਨੂੰ 33 ਸਾਲ ਹੋ ਗਏ ਹਨ ਪਰ ਇਹ ਇੰਜਣ ਅੱਜ ਤੱਕ ਨਹੀਂ ਚੱਲ ਸਕਿਆ। ਆਸਪਾਸ ਦੀਆਂ ਝਾੜੀਆਂ ਦੇ ਨਾਲ ਕਰੀਬ 40 ਸਾਲ ਤੋਂ ਇਹ ਇੰਜਣ ਉਂਝ ਹੀ ਸਾਥ ਨਿਭਾਅ ਰਿਹਾ ਹੈ, ਜਿਵੇਂ ਕਿ ਦੋਵਾਂ ਨੂੰ ਪੰਡਤ ਜੀ ਨੇ ਕਈ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਪ੍ਰਮਾਤਮਾ ਦੀ ਸਹੁੰ ਚੁਕਾਈ ਹੋਵੇ ਕਿ ਅਗਲੇ ਸੱਤ ਜਨਮ ਤੱਕ ਕਦੇ ਵੀ ਜੁਦਾ ਨਾ ਹੋਇਓ। ਝਾੜੀਆਂ ਦੇ ਕਰਵਾਚੌਥ ਦੇ ਵਰਤ ਵਿਚ ਕਿੰਨੀ ਤਾਕਤ ਹੈ ਇਹ ਤੁਸੀਂ ਇਸ ਰੇਲ ਇੰਜਣ ਤੋਂ ਜਾ ਕੇ ਪੁੱਛ ਸਕਦੇ ਹੋ। ਉਹ ਆਪਣੀ ਕਹਾਣੀ ਦੱਸਣ ਲਈ ਬੇਤਾਬ ਹੈ। ਉਸ ਨੂੰ ਚੰਗੀ ਤਰ੍ਹਾਂ ਮੇਰੇ ਬਾਰੇ ਪਤਾ ਹੈ ਕਿਉਂਕਿ ਮੈਂ ਹੀ ਅਜਿਹਾ ਸ਼ਖ਼ਸ ਸੀ ਜਿਸ ਨੇ ਕਾਲਜ ਦੇ ਦਿਨਾਂ ਵਿਚ ਆਪਣਾ ਪਹਿਲਾ ਡਰਾਮਾ ਇਸ ਦੇ ਨਾਲ ਕੀਤਾ ਸੀ। ਸਾਨੂੰ ਦੋਵਾਂ ਨੂੰ ਉਹ ਪਲ ਇਸ ਲਈ ਯਾਦ ਹਨ ਕਿ ਡਰਾਮੇ ਦੇ ਦਿਨ ਇਸ ਇੰਜਣ ਦੀ ਵੁੱਕਤ ਵੱਧ ਗਈ ਸੀ ਅਤੇ ਇਹ ਆਪਣੇ ਆਪ ਨੂੰ ਰੇਲ ਮੰਤਰੀ ਤੋਂ ਵੀ ਕਿਤੇ ਜ਼ਿਆਦਾ ਖ਼ਾਸ ਸਮਝਣ ਲੱਗਾ ਸੀ। ਜੀਵਨ ਦੇ ਪਹਿਲੇ ਹੀ ਡਰਾਮੇ ਵਿਚ ਅਸੀਂ ਦੋ ਰੁਪਏ ਦੀ ਟਿਕਟ ਰੱਖੀ ਸੀ ਅਤੇ ਉਦੋਂ ਸ਼ਹਿਰ ਦੇ ਬਹੁਤ ਸਾਰੇ ਲੋਕ ਟਿਕਟ ਖਰੀਦ ਕੇ ਇਹ ਕਾਮੇਡੀ ਐਕਟ ਦੇਖਣ ਆਏ ਸਨ। ਅੱਜ ਤੁਸੀਂ ਦੇਖਦੇ ਹੋ ਕਿ ਚੰਡੀਗੜ੍ਹ ਵਿਚ ਵੱਡੇ ਤੋਂ ਵੱਡੇ ਸ਼ੋਅ ਲਈ ਟਿਕਟ ਖਰੀਦਣ ਦਾ ਰਿਵਾਜ਼ ਨਹੀਂ ਹੈ। ਮੁਫ਼ਤਖੋਰੀ ਦੀ ਇਕ ਬਹੁਤ ਵੱਡੀ ਫ਼ੌਜ ਤੁਹਾਡੇ ਸ਼ੋਅ 'ਤੇ ਹਮਲਾ ਕਰਨ ਲਈ ਤਿਆਰ ਰਹਿੰਦੀ ਹੈ। ਬੱਸ ਇਨ੍ਹਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕਿਥੇ ਕਿਹੜਾ ਪ੍ਰੋਗਰਾਮ ਹੋ ਰਿਹਾ ਹੈ। ਇਸ ਤੋਂ ਬਾਅਦ ਇਹ ਫ਼ੌਜ ਮੁਫ਼ਤ ਦੇ ਪਾਸ ਲੱਭਣ ਲਈ ਕੀ ਕੁਝ ਨਹੀਂ ਕਰਦੀ। ਖੈਰ, ਸਾਡੇ ਪਹਿਲੇ ਹੀ ਸ਼ੋਅ ਵਿਚ ਪੀ.ਜੀ.ਆਈ. ਦੇ ਡਾਇਰੈਕਟਰ ਮੁੱਖ ਮਹਿਮਾਨ ਸਨ। ਅਖ਼ਬਾਰ ਵਾਲਿਆਂ ਅਤੇ ਮੀਡੀਆ ਨੂੰ ਬੁਲਾਉਣਾ ਅਸੀਂ ਸਿੱਖਿਆ ਨਹੀਂ ਸੀ। ਫ਼ਿਰ ਵੀ ਕਿਤੋਂ ਇਕ ਪੱਤਰਕਾਰ ਸਾਬ੍ਹ ਆ ਗਏ, ਉਨ੍ਹਾਂ ਨੇ ਪਹਿਲੀ ਕਤਾਰ ਵਿਚ ਬੈਠਣ ਦੀ ਜ਼ਿੱਦ ਵੀ ਨਹੀਂ ਕੀਤੀ। ਸਾਰਿਆਂ ਤੋਂ ਪਿੱਛੇ ਖੜ੍ਹੇ ਹੋ ਕੇ ਡਰਾਮੇ ਦਾ ਅਨੰਦ ਲਿਆ ਅਤੇ ਸਾਡੀ ਖ਼ਬਰ ਨੂੰ ਵੀ ਪ੍ਰਮੁੱਖਤਾ ਦੇ ਨਾਲ ਛਾਪਿਆ। ਇਸ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਗਿਆ ਕਿ ਅੱਗੇ ਤੋਂ ਜਦੋਂ ਵੀ ਅਸੀਂ ਡਰਾਮਾ ਕਰਵਾਈਏ ਤਾਂ ਸਭ ਤੋਂ ਪਹਿਲਾਂ ਪੱਤਰਕਾਰਾਂ ਨੂੰ ਬੁਲਾਇਆ ਜਾਵੇ। ਉਂਝ ਸਾਡੇ ਪਹਿਲੇ ਹੀ ਸ਼ੋਅ ਨੇ ਸਾਨੂੰ ਚੰਡੀਗੜ੍ਹ ਵਿਚ ਸਟਾਰ ਬਣਾ ਦਿੱਤਾ। ਕਾਰਨ ਇਹ ਸੀ ਕਿ ਬੰਦ ਪਏ ਇੰਜਣ ਨੂੰ ਅਸੀਂ ਸਟੇਜ ਬਣਾ ਦਿੱਤਾ ਸੀ ਜਦੋਂਕਿ ਇਸ ਤੋਂ ਪਹਿਲਾਂ ਸਾਰੇ ਸ਼ੋਅ ਸਟੇਜ 'ਤੇ ਹੁੰਦੇ ਸਨ। ਇੰਜਣ ਰਾਹੀਂ ਅਸੀਂ ਲੋਕਾਂ ਨੂੰ ਇਹ ਦੱਸਿਆ ਕਿ ਭ੍ਰਿਸ਼ਟਾਚਾਰ ਅਤੇ ਬਿਊਰੋਕਰੇਸੀ ਦੀ ਬਰੇਕ ਕਿਉਂ ਇਸ ਨੂੰ ਚੱਲਣ ਨਹੀਂ ਦਿੰਦੀ। ਪਹਿਲਾ ਸ਼ੋਅ ਉਹ ਵੀ ਟਿਕਟ 'ਤੇ ਅਤੇ ਚੰਗੀ ਹਾਜ਼ਰੀ। ਹੁਣ ਸਾਡੇ ਹੌਂਸਲੇ ਬੁਲੰਦ ਹੋ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਕਾਲਜ ਵਿਚ ਹੀ ਇਕ ਡਿਬੇਟ ਦੌਰਾਨ ਮੈਂ ਹਾਸਰਸ ਦੀ ਮੰਚ 'ਤੇ ਆਇਆ ਸੀ। ਵਿਸ਼ਾ ਸੀ 'ਨਾਰੀ ਦੇ ਹੰਝੂਆਂ 'ਚ ਹੜ੍ਹ ਲੁਕਿਆ ਹੁੰਦਾ ਹੈ'। ਮੈਂ ਆਪਣੇ ਸਹਿਯੋਗੀ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਟਾਪਿਕ 'ਤੇ ਬੋਲਣ ਲਈ ਮੇਰੇ ਕੋਲ ਜ਼ਿਆਦਾ ਕੁਝ ਨਹੀਂ ਹੈ। ਉਸ ਨੇ ਮੈਨੂੰ ਕਿਹਾ ਕਿ ਬੱਸ ਉਸ ਦੇ ਨਾਲ ਖੜ੍ਹਾ ਰਹਾਂ ਅਤੇ ਥੋੜ੍ਹਾ ਟਾਈਮ ਪਾਸ ਕਰ ਦੇਵਾਂ। ਭਾਸ਼ਨ ਦੀ ਚਿੰਤਾ ਨਾ ਕਰਾਂ। ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋਫ਼ੈਸਰਾਂ ਦੀ ਵੀ ਫ਼ੌਜ ਸੀ। ਮੇਰੀ ਵਾਰੀ ਆ ਗਈ ਅਤੇ ਮੈਂ ਮਨ ਵਿਚ ਜੋ ਵੀ ਆਇਆ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਕਿ ਜੇਕਰ ਨਾਰੀ ਦੇ ਹੰਝੂਆਂ ਦਾ ਹੜ੍ਹ ਹੈ ਤਾਂ ਉਸ ਨੂੰ ਬੇਕਾਰ ਕਿਉਂ ਜਾਣ ਦਿੰਦੇ ਹੋ? ਕਿਉਂ ਨਾ ਅਸੀਂ ਡੈਮ ਬਣਾ ਕੇ ਇਸ ਨੂੰ ਸਟੋਰ ਕਰੀਏ। ਮੈਂ ਬੋਲ ਹੀ ਰਿਹਾ ਸੀ ਕਿ ਪ੍ਰੋਫ਼ੈਸਰ ਨੇ ਆ ਕੇ ਵਿਚਾਲੇ ਤੋਂ ਟੋਕ ਦਿੱਤਾ ਅਤੇ ਕਿਹਾ ਕਿ ਇਸ ਟੀਮ ਨੂੰ ਡਿਸਕੁਆਲੀਫ਼ਾਈ ਕੀਤਾ ਜਾਂਦਾ ਹੈ। ਮੇਰੀਆਂ ਗੱਲਾਂ ਭਾਵੇਂ ਪ੍ਰੋਫ਼ੈਸਰ ਨੂੰ ਜੱਭਲੀਆਂ ਹੀ ਲੱਗ ਰਹੀਆਂ ਹੋਣ, ਪਰ ਵਿਦਿਆਰਥੀਆਂ ਨਾਲ ਭਰੇ ਹੋਏ ਹਾਲ ਵਿਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਵੀ ਜ਼ਿਆਦਾ ਠਹਾਕੇ ਅਤੇ ਤਾੜੀਆਂ ਗੂੰਜ ਰਹੀਆਂ ਸਨ। ਤਕਰੀਬਨ ਸਾਰੇ ਵਿਦਿਆਰਥੀ ਠਹਾਕੇ ਲਗਾ ਕੇ ਲੋਟ-ਪੋਟ ਹੋ ਰਹੇ ਸਨ। ਹਾਲ ਵਿਚ ਮੌਜੂਦ ਤਕਰੀਬਨ ਸਾਰੇ ਸਰੋਤੇ ਉਸ ਪ੍ਰੋਫ਼ੈਸਰ ਦੇ ਵਿਰੋਧ ਵਿਚ ਖੜ੍ਹੇ ਹੋ ਗਏ, ਜਿਨ੍ਹਾਂ ਨੇ ਸਾਡੀ ਟੀਮ ਨੂੰ ਡਿਸਕੁਆਲੀਫ਼ਾਈ ਕਰਾਰ ਦੇ ਕੇ ਡਰਾਮਾ ਵਿਚਾਲੇ ਰੋਕਣ ਦਾ ਯਤਨ ਕੀਤਾ। ਸਰੋਤੇ ਆਖਣ ਲੱਗੇ ਕਿ ਜਦੋਂ ਤੱਕ ਜਸਪਾਲ ਭੱਟੀ ਦੀ ਗੱਲ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਪ੍ਰੋਗਰਾਮ ਅੱਗੇ ਨਹੀਂ ਵੱਧ ਸਕਦਾ। ਵਿਚਾਰੇ ਪ੍ਰੋਫ਼ੈਸਰ ਸਾਹਿਬ ਨੂੰ ਆਸਟਰੇਲੀਆ ਦੇ ਅੰਪਾਇਰ ਸਾਈਮਨ ਟਫ਼ਲ ਵਾਂਗ ਆਪਣਾ ਫ਼ੈਸਲਾ ਬਦਲਣਾ ਪਿਆ, ਕਿਉਂਕਿ ਵਿਦਿਆਰਥੀ ਮੇਰੇ ਲਈ ਕੇਵਲ ਰੀਵਿਊ 'ਤੇ ਹੀ ਨਹੀਂ ਅੜੇ ਸਗੋਂ ਬੱਚੇ ਵਾਂਗ ਜ਼ਿੱਦ 'ਤੇ ਅੜ ਗਏ ਸਨ ਜੋ ਮੁਹੱਲਾ ਕ੍ਰਿਕਟ ਵਿਚ ਬੈਟ ਦਾ ਮਾਲਕ ਹੁੰਦਾ ਹੈ ਅਤੇ ਦਸ ਵਾਰ ਆਊਟ ਹੋਣ ਦੇ ਬਾਵਜੂਦ ਵੀ ਬੈਟਿੰਗ ਨਹੀਂ ਛੱਡਦਾ ਕਿਉਂਕਿ ਬੈਟ ਉਸ ਦਾ ਹੈ ਅਤੇ ਉਸ ਦੀ ਮਰਜ਼ੀ ਤੋਂ ਬਗੈਰ ਕੋਈ ਦੂਜਾ ਭਲਾ ਬੈਟਿੰਗ ਕਿਵੇਂ ਕਰ ਸਕਦਾ ਹੈ। ਉਸ ਦਿਨ ਮੈਨੂੰ ਲਾਫ਼ਟਰ ਦੀ ਅਸਲੀ ਤਾਕਤ ਦਾ ਪਤਾ ਲੱਗਾ। ਮੈਨੂੰ ਲੱਗਾ ਕਿ ਕਿਵੇਂ ਇਕ ਗੰਭੀਰ ਵਿਸ਼ੇ ਵਿਚ ਜੂਝਣ ਦੀ ਥਾਂ ਵਿਦਿਆਰਥੀਆਂ ਨੂੰ ਲਾਫ਼ਟਰ ਜ਼ਿਆਦਾ ਪਸੰਦ ਆਇਆ। ਉਨ੍ਹਾਂ ਨੂੰ ਇਸ ਤੋਂ ਇਲਾਵਾ ਹੋਰ ਕੁਝ ਵੀ ਪਸੰਦ ਨਹੀਂ। ਮੈਂ ਉਦੋਂ ਤੋਂ ਕਾਮੇਡੀ ਨੂੰ ਆਪਣਾ ਕਰੀਅਰ ਬਣਾਉਣ ਦੀ ਧਾਰ ਲਈ। ਮੈਂ ਸਾਰਿਆਂ ਨੂੰ ਇਹੀ ਆਖਣਾ ਚਾਹੁੰਦਾ ਹਾਂ ਕਿ ਜਿਸ ਕੰਮ ਵਿਚ ਤੁਹਾਡੀ ਦਿਲਚਸਪੀ ਹੋਵੇ, ਉਸ ਨੂੰ ਸ਼ੁਰੂ ਕਰ ਦੇਵੋ। ਮਨ ਨੂੰ ਨਾ ਮਾਰੋ, ਕਿਉਂਕਿ ਮਨ ਮਾਰ ਕੇ ਕੀਤਾ ਕੰਮ ਇਕ ਦਿਨ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਆਉਣ ਦੇਵੇਗਾ। ਆਪਣਾ ਕੰਮ ਸ਼ੁਰੂ ਕਰੋ, ਇਮਾਨਦਾਰੀ ਦੇ ਨਾਲ ਅੱਗੇ ਵਧੋ, ਮਿਹਨਤ ਤੇ ਹਿੰਮਤ ਤੁਹਾਡੇ ਆਸ-ਪਾਸ ਹੈ ਤਾਂ ਲੋਕਾਂ ਦੀ ਫ਼ੌਜ ਆਪਣੇ ਆਪ ਤੁਹਾਡੇ ਪਿੱਛੇ ਖੜ੍ਹੀ ਹੋ ਜਾਵੇਗੀ। (ਆਪਣੀ ਸਵੈਜੀਵਨੀ ਦੀਆਂ ਇਹ ਗੱਲਾਂ ਜਸਪਾਲ ਭੱਟੀ ਨੇ ਕੁਝ ਸਮਾਂ ਪਹਿਲਾਂ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਨਾਲ ਇੰਟਰਵਿਊ ਦੌਰਾਨ ਕੀਤੀਆਂ ਸਨ। ) : : : ਕਲਾਕਾਰਾਂ ਨਾਲ ਵਾਪਰੇ ਦਰਦਨਾਕ ਹਾਦਸੇ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਦੀ ਮੌਤ : ਉਘੀ ਗਾਇਕਾ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਦੀ 27 ਕੁ ਸਾਲ ਪਹਿਲਾਂ ਜਲੰਧਰ-ਲੁਧਿਆਣਾ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਸਤਿੰਦਰ ਬੀਬਾ ਉਸ ਵੇਲੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਕਈ ਹਿੱਟ ਗੀਤ ਗਾਉਣ ਕਰਕੇ ਬੜੀ ਚਰਚਾ ਵਿਚ ਸੀ। ਉਹ ਜਲੰਧਰ ਤੋਂ ਜਾ ਰਹੀ ਸੀ ਤਾਂ ਫ਼ਗਵਾੜਾ ਅਤੇ ਗੁਰਾਇਆ ਨੇੜੇ ਹਾਦਸੇ 'ਚ ਉਸ ਦੀ ਮੌਤ ਹੋ ਗਈ। ਕੁਲਵਿੰਦਰ ਢਿੱਲੋਂ ਦੀ ਮੌਤ : 'ਜਦੋਂ ਪੈਂਦੀ ਏ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ' ਗੀਤ ਕਰਕੇ ਦੁਨੀਆ ਭਰ 'ਚ ਆਪਣੀ ਬੁਲੰਦ ਆਵਾਜ਼ ਦੀ ਧਾਂਕ ਜਮਾਉਣ ਵਾਲੇ ਨੌਜਵਾਨ ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਨੂੰ ਵੀ ਛੇ ਸਾਲ ਪਹਿਲਾਂ ਸਾਲ 2006 ਵਿਚ ਸੜਕ ਹਾਦਸੇ ਨੇ ਸਾਥੋਂ ਖੋਹ ਲਿਆ ਸੀ। ਕੁਲਵਿੰਦਰ ਢਿੱਲੋਂ ਇਕ ਪ੍ਰੋਗਰਾਮ ਕਰਕੇ ਆਪਣੀ ਹਾਂਡਾ ਸਿਟੀ ਕਾਰ ਵਿਚ ਗੜਸ਼ੰਕਰ ਨੇੜੇ ਆਪਣੇ ਪਿੰਡ ਜਾ ਰਿਹਾ ਸੀ ਕਿ ਬਹਿਰਾਮ ਪੁਲ ਨੇੜੇ ਉਸ ਦੀ ਕਾਰ ਬੇਕਾਬੂ ਹੋ ਕੇ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਕੁਲਵਿੰਦਰ ਢਿੱਲੋਂ ਦੀ ਮੌਤ ਹੋ ਗਈ ਸੀ। ਜਸਵਿੰਦਰ ਬਰਾੜ ਦੇ ਛੇ ਸਾਜ਼ੀਆਂ ਦੀ ਮੌਤ : ਮਾਲਵੇ ਦੀ ਨਾਮਵਰ ਗਾਇਕਾ ਜਸਵਿੰਦਰ ਬਰਾੜ ਦਾ ਗਰੁੱਪ ਸਾਢੇ ਪੰਜ ਕੁ ਸਾਲ ਪਹਿਲਾਂ ਅੰਮ੍ਰਿਤਸਰ ਨੇੜੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ ਉਸ ਦੇ ਛੇ ਸਾਜ਼ੀਆਂ ਦੀ ਮੌਤ ਹੋ ਗਈ ਸੀ ਅਤੇ ਬਾਕੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਚਾਂਦੀ ਰਾਮ ਸਾਰੀ ਉਮਰ ਤੂੰਬੀ ਵਜਾਉਣੋਂ ਆਹਰੀ ਹੋਇਆ : 'ਲੈ ਜਾ ਛੱਲੀਆਂ ਭੁਨਾ ਲਈਂ ਦਾਣੇ' ਵਰਗੇ ਅਮਰ ਗੀਤਾਂ ਦਾ ਗਾਇਕ ਚਾਂਦੀ ਰਾਮ ਜਦੋਂ ਤੂੰਬੀ ਟੁਣਕਾਉਂਦਾ ਸੀ ਤਾਂ ਲੋਕ ਅਸ਼-ਅਸ਼ ਕਰ ਉਠਦੇ ਸਨ। ਦਸੂਹਾ ਨੇੜੇ ਉਸ ਦਾ 35 ਕੁ ਸਾਲ ਪਹਿਲਾਂ ਏਨਾ ਭਿਆਨਕ ਹਾਦਸਾ ਹੋਇਆ ਕਿ ਉਸ ਦਾ ਚੂਲਾ ਤੇ ਹੱਥਾਂ ਦੀਆਂ ਉਂਗਲਾਂ ਇਸ ਤਰ੍ਹਾਂ ਟੁੱਟ ਗਈਆਂ ਕਿ ਤੂੰਬੀ ਦਾ ਮਾਹਰ ਤੂੰਬੀ ਵਜਾਉਣ ਜੋਗਾ ਨਾ ਰਿਹਾ। ਇਸ ਤੋਂ ਬਾਅਦ ਦੀ ਜ਼ਿੰਦਗੀ ਉਸ ਦੀ ਬੇਹੱਦ ਨੀਰਸ ਰਹੀ। ਜਗਮੋਹਨ ਕੌਰ ਹੋਈ ਬੁਰੀ ਤਰ੍ਹਾਂ ਫ਼ੱਟੜ : ਲੰਬੀ ਹੇਕ ਨਾਲ ਮਿਰਜ਼ਾ ਗਾਉਣ ਵਾਲੀ ਜਗਮੋਹਨ ਕੌਰ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਖਮਾਣੋਂ ਨੇੜੇ ਹਾਦਸੇ ਵਿਚ ਜ਼ਖ਼ਮੀ ਹੋ ਗਈ ਸੀ। ਇਸ ਘਟਨਾ ਵਿਚ ਹਾਰਮੋਨੀਅਮ ਵਾਦਕ ਬਿੱਲਾ ਮਰ ਗਿਆ ਸੀ ਅਤੇ ਜਗਮੋਹਨ ਕੌਰ ਕਈ ਮਹੀਨੇ ਹਸਪਤਾਲ ਵਿਚ ਦਾਖ਼ਲ ਰਹੀ। ਪੂਰਨ ਸ਼ਾਹਕੋਟੀ ਦਾ ਚੂਲਾ ਟੁੱਟਿਆ : ਪੂਰਨ ਸ਼ਾਹਕੋਟੀ ਆਪਣੀ ਸ਼ਰੀਕ-ਏ-ਹਯਾਤ ਮਥਰੋ ਅਤੇ ਪੁੱਤਰ ਸਲੀਮ ਦੇ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਉਨ੍ਹਾਂ ਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋ ਖੁਰਦ ਦੇ ਵਾਸੀ ਲਛਮਣ ਸਿੰਘ ਦੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਪੂਰਨ ਸ਼ਾਹਕੋਟੀ ਦਾ ਚੂਲਾ ਅਤੇ ਜਬਾੜਾ ਟੁੱਟ ਗਿਆ ਸੀ। ਇਸ ਹਾਦਸੇ ਦਾ ਅਸਰ ਹਾਲੇ ਤੱਕ ਵੀ ਪੂਰਨ ਸ਼ਾਹਕੋਟੀ ਦੇ ਸਰੀਰ 'ਤੇ ਦੇਖਿਆ ਜਾ ਸਕਦਾ ਹੈ। ਗੁਰਦਾਸ ਮਾਨ ਦੋ ਵਾਰ ਹਾਦਸਿਆਂ 'ਚ ਵਾਲ-ਵਾਲ ਬਚੇ : ਗੁਰਦਾਸ ਮਾਨ ਦੋ ਵਾਰ ਭਿਆਨਕ ਸੜਕ ਹਾਦਸਿਆਂ ਵਿਚੋਂ ਵਾਲ-ਵਾਲ ਬਚੇ ਸਨ। ਕੁਝ ਸਾਲ ਪਹਿਲਾਂ ਨਕੋਦਰ ਜਾਣ ਸਮੇਂ ਭਿਆਨਕ ਹਾਦਸੇ ਦੀ ਲਪੇਟ ਵਿਚ ਆ ਗਏ ਸਨ। ਉਹ ਚੰਡੀਗੜ੍ਹ ਤੋਂ ਨਕੋਦਰ ਜਾ ਰਹੇ ਸਨ ਕਿ ਕੁਰਾਲੀ ਨੇੜੇ ਇਕ ਟਰੱਕ ਦਾ ਟਾਇਰ ਨਿਕਲ ਗਿਆ ਅਤੇ ਟਰੱਕ ਉਨ੍ਹਾਂ ਦੀ ਗੱਡੀ ਵਿਚ ਜਾ ਟਕਰਾਇਆ। ਇਸ ਹਾਦਸੇ ਵਿਚ ਗੁਰਦਾਸ ਮਾਨ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਕ ਵਾਰ ਫ਼ਿਰ ਦਿੱਲੀ ਨੂੰ ਜਾਂਦਿਆਂ ਕੌਮੀ ਸ਼ਾਹਰਾਹ 'ਤੇ ਗੁਰਦਾਸ ਮਾਨ ਦੀ ਗੱਡੀ ਨੂੰ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਉਹ ਵਾਲ-ਵਾਲ ਬਚੇ ਸਨ। ਸਤਵਿੰਦਰ ਬਿੱਟੀ ਵੀ ਵਾਲ-ਵਾਲ ਬਚੀ : ਕੁਝ ਸਾਲ ਪਹਿਲਾਂ ਚੰਡੀਗੜ੍ਹ ਤੋਂ ਪਟਿਆਲਾ ਜਾਂਦਿਆਂ ਗਾਇਕਾ ਸਤਵਿੰਦਰ ਬਿੱਟੀ ਦੀ ਸਫ਼ਾਰੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ ਸੀ। ਬੇਹੋਸ਼ੀ ਦੀ ਹਾਲਤ ਵਿਚ ਬਿੱਟੀ ਨੂੰ ਪੀ.ਜੀ.ਆਈ. ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਦਸੇ ਕਾਰਨ ਕਾਫ਼ੀ ਸਮਾਂ ਉਸ ਦੇ ਸਿਰ ਦੇ ਵਾਲ ਵੀ ਪ੍ਰਭਾਵਿਤ ਹੋਏ ਸਨ। ਮਨਮੋਹਨ ਵਾਰਿਸ ਵਾਲ-ਵਾਲ ਬਚੇ : ਇਸੇ ਸਾਲ ਮਾਰਚ ਮਹੀਨੇ ਮਨਮੋਹਨ ਵਾਰਿਸ ਆਪਣੇ ਦੋਸਤ ਬਿੱਲੇ ਨਾਲ ਐਂਡੇਵਰ ਗੱਡੀ 'ਤੇ ਚੰਡੀਗੜ੍ਹ ਤੋਂ ਜਲੰਧਰ ਆ ਰਹੇ ਸਨ ਕਿ ਬਲਾਚੌਰ ਨੇੜੇ ਸਾਹਮਣੇ ਤੋਂ ਆ ਰਹੀ ਸਫ਼ਾਰੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਏਅਰਬੈਗ ਖੁੱਲ੍ਹ ਜਾਣ ਕਰਕੇ ਮਨਮੋਹਨ ਵਾਰਿਸ ਤੇ ਬਿੱਲਾ ਵਾਲ-ਵਾਲ ਬਚ ਗਏ ਸਨ। ਮਿਸ ਨੀਲਮ ਨਾਲ ਹੋਇਆ ਭਿਆਨਕ ਹਾਦਸਾ 'ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ' ਅਤੇ 'ਛਣ-ਛਣ ਹੋਜੂ' ਵਰਗੇ ਹਿੱਟ ਗੀਤਾਂ ਦੀ ਗਾਇਕਾ ਮਿਸ ਨੀਲਮ ਹਾਲੇ ਤਿੰਨ ਹਫ਼ਤੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਝੱਜ ਚੌਂਕ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਝੱਜ ਚੌਂਕ ਨੇੜੇ ਇਕ ਟਰੱਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਪਹਿਲਾਂ ਵੀ ਰੂਪਨਗਰ ਵਿਖੇ ਮਿਸ ਨੀਲਮ ਦੀ ਗੱਡੀ ਪਲਟ ਗਈ ਸੀ ਤੇ ਉਸ ਦਾ ਹੱਥ ਟੁੱਟ ਗਿਆ ਸੀ। ਕੁਝ ਛੋਟੇ ਹਾਦਸੇ : ਇਸ ਤੋਂ ਇਲਾਵਾ ਪੰਮੀ ਬਾਈ ਦੇ ਵਾਹਨ ਨਾਲ ਪਟਿਆਲਾ ਤੋਂ ਦਿੱਲੀ ਜਾਣ ਸਮੇਂ ਹਾਦਸਾ ਹੋ ਗਿਆ ਸੀ। ਉਨ੍ਹਾਂ ਦੇ ਨਾਲ ਪ੍ਰਸਿੱਧ ਕਵੀ ਤੇ ਸਾਹਿਤਕਾਰ ਮਰਹੂਮ ਸਤਿੰਦਰ ਨੂਰ ਵੀ ਸਨ। ਇਸ ਹਾਦਸੇ ਕਾਰਨ ਪੰਮੀ ਦੇ ਕਾਫ਼ੀ ਸੱਟਾਂ ਲੱਗੀਆਂ ਸਨ ਤੇ ਉਨ੍ਹਾਂ ਨੂੰ ਕੁਝ ਸਮਾਂ ਹਸਪਤਾਲ ਰਹਿਣਾ ਪਿਆ ਸੀ। ਸੁਰਜੀਤ ਭੁੱਲਰ ਦੀ ਗੱਡੀ ਵੀ ਦੋ ਕੁ ਸਾਲ ਪਹਿਲਾਂ ਅੰਮ੍ਰਿਤਸਰ ਲਾਗੇ ਦਰੱਖਤ ਨਾਲ ਜਾ ਵੱਜੀ ਸੀ। ਹਰਦੇਵ ਮਾਹੀਨੰਗਲ ਦੀ ਕਾਰ ਨੂੰ ਵੀ ਤਲਵੰਡੀ ਸਾਬੋ ਨੇੜੇ ਪਿੰਡ ਭਾਗੀਬਾਂਦਰ ਕੋਲ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਇਕ ਰਾਹਗੀਰ ਦੀ ਮੌਤ ਹੋ ਗਈ ਸੀ। ਨਾਨਸੈਂਸ ਕਲੱਬ ਤੋਂ ਪਾਵਰ ਕੱਟ ਤੱਕ ਜੀਵਨ ਦੁੱਖ ਤੇ ਨਿਰਾਸ਼ਾ ਨਾਲ ਭਰਿਆ ਹੈ। ਥੋੜ੍ਹਾ ਜਿਹਾ ਹਾਸੇ ਦਾ ਤੜਕਾ ਮਾਰ ਕੇ ਕੁਝ ਪਲ ਲੋਕਾਂ ਦੇ ਚਿਹਰੇ 'ਤੇ ਹਾਸਾ ਲਿਆਂਦਾ ਜਾ ਸਕਦਾ ਹੈ। ਇਸ ਨੁਕਤੇ ਨੂੰ ਸਭ ਤੋਂ ਪਹਿਲਾਂ ਜਸਪਾਲ ਭੱਟੀ ਨੇ ਫੜਿਆ। ਅੱਜ ਜਦੋਂ ਕਈ ਕਈ ਚੈਨਲ ਲਾਫ਼ਟਰ ਸ਼ੋਅ 'ਚ ਕਈ ਕਲਾਕਾਰਾਂ ਦਾ ਇਕੱਠ ਕਰਕੇ ਲੋਕਾਂ ਦੇ ਚਿਹਰੇ 'ਤੇ ਹਾਸਾ ਨਹੀਂ ਲਿਆ ਸਕੇ, ਉਦੋਂ ਜਸਪਾਲ ਭੱਟੀ ਇਕੱਲਾ ਚਿਹਰਾ ਸੀ ਜਿਨ੍ਹਾਂ ਦੀ ਸ਼ਕਲ ਪਰਦੇ 'ਤੇ ਆਉਂਦੇ ਹੀ ਢਿੱਡ ਵਿਚ ਕੁਤਕੁਤਾੜੀਆਂ ਹੋਣ ਲੱਗਦੀਆਂ ਸਨ। 2ਲੋਕਾਂ ਨੂੰ ਹਸਾਉਣ ਦਾ ਹੁਨਰ ਸ਼ਾਇਦ ਭੱਟੀ ਦੀਆਂ ਰਗਾਂ ਵਿਚ ਸੀ। ਇਸ ਲਈ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਿਆਂ ਉਨ੍ਹਾਂ ਨਾਨਸੈਂਸ ਕਲੱਬ ਬਣਾ ਲਿਆ। ਇਸ ਰਾਹੀਂ ਉਹ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹਾਸੇ ਵਿਅੰਗ ਦਾ ਤੜਕਾ ਲਗਾ ਕੇ ਚੁਟਕੀਲੇ ਅੰਦਾਜ਼ ਵਿਚ ਉਜਾਗਰ ਕਰਨ ਲੱਗੇ। ਭੱਟੀ ਨੇ ਥੋੜ੍ਹੇ ਸਮੇਂ ਲਈ ਇੰਜੀਨੀਅਰਿੰਗ ਦੀ ਨੌਕਰੀ ਵੀ ਕੀਤੀ, ਪਰ ਉਨ੍ਹਾਂ ਦੇ ਅੰਦਰ ਦਾ ਹੰਸੋੜ ਜਸਪਾਲ ਇਸ ਨੌਕਰੀ ਲਈ ਨਹੀਂ ਬਣਿਆ ਸੀ। ਛੇਤੀ ਹੀ ਉਨ੍ਹਾਂ ਇਸ ਨੌਕਰੀ ਨੂੰ ਛੱਡ ਕੇ ਪੂਰੀ ਜ਼ਿੰਦਗੀ ਲਈ ਹਾਸੇ ਨਾਲ ਨਾਤਾ ਜੋੜ ਲਿਆ। ਪਹਿਲਾਂ ਉਤਰੀ ਭਾਰਤ ਦੇ ਸਭ ਤੋਂ ਵੱਡੇ ਅੰਗਰੇਜ਼ੀ ਅਖ਼ਬਾਰ 'ਦ ਟ੍ਰਿਬਿਊਨ' ਲਈ ਕਾਰਟੂਨਿਸਟ ਦੀ ਨੌਕਰੀ ਕੀਤੀ ਅਤੇ ਫ਼ਿਰ ਪੂਰੀ ਤਰ੍ਹਾਂ ਹਾਸੇ-ਵਿਅੰਗ ਨੂੰ ਸਮਰਪਿਤ ਹੋ ਗਏ। ਭਾਰਤੀ ਦੂਰਦਰਸ਼ਨ ਦੇ ਇਤਿਹਾਸ ਵਿਚ 1990 ਦਾ ਸਾਲ ਜਸਪਾਲ ਭੱਟੀ ਦੇ ਹਾਸਰਸ ਲੜੀਵਾਰ 'ਫ਼ਲਾਪ ਸ਼ੋਅ' ਲਈ ਜਾਣਿਆ ਜਾਵੇਗਾ। ਉਸ ਦੌਰ ਵਿਚ ਰਾਮਾਇਣ ਤੇ ਮਹਾਂਭਾਰਤ ਜਿਹੇ ਪ੍ਰੋਗਰਾਮਾਂ ਤੋਂ ਬਾਅਦ ਇਹ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕਰਨ ਵਾਲਾ ਪ੍ਰੋਗਰਾਮ ਸੀ। ਇਸ ਤੋਂ ਬਾਅਦ ਭੱਟੀ ਨੇ ਉਲਟਾ ਪੁਲਟਾ ਤੇ ਨਾਨਸੈਂਸ ਪ੍ਰਾਈਵੇਟ ਲਿਮਟਿਡ ਜਿਹੇ ਪ੍ਰਸਿੱਧ ਲੜੀਵਾਰ ਤਿਆਰ ਕੀਤੇ , ਜਿਨ੍ਹਾਂ ਦਾ ਪ੍ਰਸਾਰਣ ਦੂਰਦਰਸ਼ਨ 'ਤੇ ਕੀਤਾ ਗਿਆ। ਇਨ੍ਹਾਂ ਲੜੀਵਾਰਾਂ ਦਾ ਵੀ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ। ਉਨ੍ਹਾਂ ਦੇ ਹੋਰ ਲੜੀਵਾਰ 'ਥੈਂਕ ਯੂ ਜੀਜਾ ਜੀ' ਅਤੇ 'ਹਾਏ ਜ਼ਿੰਦਗੀ, ਬਾਏ ਜ਼ਿੰਦਗੀ' ਵੀ ਛੋਟੇ ਪਰਦੇ 'ਤੇ ਖਾਸੇ ਪ੍ਰਸਿੱਧ ਹੋਏ। ਉਨ੍ਹਾਂ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਬਣੀ ਫ਼ਿਲਮ 'ਮਾਹੌਲ ਠੀਕ ਹੈ' ਨਾਲ ਸੰਨ 1999 ਵਿਚ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿਚ ਕਦਮ ਰੱਖਿਆ ਤੇ ਉਨ੍ਹਾਂ ਦਾ ਇਹ ਪਹਿਲਾ ਯਤਨ ਹੀ ਹਿੱਟ ਰਿਹਾ। ਉਨ੍ਹਾਂ ਪੰਜਾਬੀ ਫ਼ਿਲਮ 'ਜੀਜਾ ਜੀ' ਵਿਚ ਖੁਦ ਵੀ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਈ ਹਿੰਦੀ ਫ਼ਿਲਮਾਂ ਵਿਚ ਵੀ ਛੋਟੇ-ਵੱਡੇ ਕਿਰਦਾਰਾਂ ਨੂੰ ਬਾਖੂਬ ਨਿਭਾਅ ਕੇ ਦਰਸ਼ਕਾਂ ਦੀ ਵਾਹ-ਵਾਹ ਲੁੱਟੀ। ਉਨ੍ਹਾਂ ਵਿਚ ਲੋਕਾਂ ਨੂੰ ਹਸਾਉਣ ਤੇ ਹਾਸ ਵਿਅੰਗ ਰਾਹੀਂ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਚੁੱਕਣ ਦਾ ਜਨੂੰਨ ਇਸ ਕਦਰ ਸਵਾਰ ਸੀ ਕਿ ਉਨ੍ਹਾਂ ਨੇ ਮੋਹਾਲੀ ਵਿਚ ਹਾਸ ਕਲਾ ਦੀ ਸਿਖਲਾਈ ਲਈ ਜੋਕ ਫ਼ੈਕਟਰੀ ਦੇ ਨਾਂਅ 'ਤੇ ਸਿਖਲਾਈਂ ਅਦਾਰਾ ਹੀ ਖੋਲ੍ਹ ਲਿਆ। ਆਪਣੇ ਮਿਸ਼ਨ ਲਈ ਭੱਟੀ ਨੇ ਹਰ ਮਾਧਿਅਮ ਦੀ ਵਰਤੋਂ ਕੀਤੀ। ਛੋਟੇ-ਵੱਡੇ ਪਰਦੇ ਤੋਂ ਇਲਾਵਾ ਉਹ ਨੁੱਕੜ ਨਾਟਕਾਂ ਰਾਹੀਂ ਵੀ ਲੋਕਾਂ ਦੀ ਮਹਿੰਗਾਈ, ਬਿਜਲੀ ਕੱਟ ਜਿਹੀਆਂ ਸਮੱਸਿਆਵਾਂ ਤੇ ਭ੍ਰਿਸ਼ਟਾਚਾਰ ਤੇ ਘਪਲਿਆਂ ਨੂੰ ਬਹੁਤ ਚੁਟਕੀਲੇ ਤੇ ਸਹਿਜ ਅੰਦਾਜ਼ ਵਿਚ ਚੁੱਕਦੇ ਰਹੇ। ਆਪਣੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫ਼ਿਲਮ 'ਪਾਵਰ ਕੱਟ', ਜਿਸ ਵਿਚ ਉਨ੍ਹਾਂ ਨੇ ਪੂਰੇ ਦੇਸ਼ ਵਿਚ ਫ਼ੈਲੇ ਬਿਜਲੀ ਸੰਕਟ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਪਹਿਲਾਂ ਹੀ ਜਸਪਾਲ ਭੱਟੀ ਦੀ ਜ਼ਿੰਦਗੀ ਦਾ ਕੁਨੈਕਸ਼ਨ ਕੱਟ ਹੋ ਗਿਆ। ਜਸਪਾਲ ਭੱਟੀ ਦੀ ਕਮੇਡੀ ਫ਼ਿਲਮ 'ਪਾਵਰ ਕੱਟ' ਦਾ ਪ੍ਰੀਮੀਅਮ ਸ਼ਰਧਾਂਜਲੀ ਸਮਾਗਮ ਬਣ ਨਿਬੜਿਆ ਭੱਟੀ ਦੇ ਤੁਰ ਜਾਣ 'ਤੇ ਫ਼ਿਲਮ ਦੀ ਰਿਲੀਜ਼ਿੰਗ ਨਿਸ਼ਚਿਤ ਸਮੇਂ 'ਤੇ ਹੋਈ, ਉਨ੍ਹਾਂ ਦੀ ਪਤਨੀ ਸਵਿਤਾ ਭੱਟੀ ਨੇ ਨਾਲ ਵਾਲੀ ਸੀਟ ਖਾਲੀ ਰੱਖ ਕੇ ਜਿੱਥੇ ਭੱਟੀ ਦੀ ਆਖਰੀ ਫ਼ਿਲਮ ਨੂੰ ਦੇਖਿਆ ਉਥੇ ਉਨ੍ਹਾਂ ਦੇ ਪੁੱਤਰ ਸਮੇਤ ਹਾਲ 'ਚ ਮੌਜੂਦ ਸਭ ਲੋਕਾਂ ਨੇ ਹਾਸਿਆਂ ਨਾਲ ਭਰੀ ਇਸ ਫ਼ਿਲਮ ਨੂੰ ਹੰਝੂਆਂ 'ਚ ਭਿਓਂ ਕੇ ਵੇਖਿਆ। ਗੱਲ੍ਹਾਂ 'ਤੇ ਹੰਝੂ, ਦਿਲ 'ਚ ਦਰਦ ਪਰ ਹੱਥ ਵਜਾ ਰਹੇ ਸਨ ਤਾੜੀਆਂ। |
Friday, 11 October 2013
ਹਾਸਿਆਂ ਦਾ ਗੰਭੀਰ ਬਾਦਸ਼ਾਹ ਜਸਪਾਲ ਭੱਟੀ
Subscribe to:
Post Comments (Atom)
No comments:
Post a Comment