Wednesday, 2 October 2013

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ



ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਵਾਸਤੇ ਗੁਜ਼ਾਰਿਆ। ਆਪ ਗੁਰੂ ਦਰ ਘਰ ਦੇ ਸੱਚੇ ਸਿੱਖ, ਸੇਵਾਦਾਰ, ਨੌਕਰ ਤੇ ਝਾੜੂ ਬਰਦਾਰ ਬਣ ਕੇ ਰਹੇ। ਆਪ ਵਾਤਾਵਰਨ ਪ੍ਰੇਮੀ ਸਨ। ਆਪ ਦਾ ਜਨਮ 4 ਜੂਨ 1904 ਨੂੰ ਪਿਤਾ ਲਾਲਾ ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿੰਡ ਰਾਜੇਵਾਲ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ, ਜਿਸ ਨੇ ਆਪ ਦੇ ਦਿਲ ਵਿੱਚ ਦਇਆ ਭਾਵਨਾ ਪੈਦਾ ਕੀਤੀ। ਆਪ ਦਾ ਬਚਪਨ ਦਾ ਨਾਂ ਰਾਮਜੀ ਦਾਸ ਸੀ। ਆਪ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਇੱਕ ਵਕਤ ਐਸਾ ਆਇਆ ਕਿ ਕਿਸੇ ਕਾਰਨ ਕਰਕੇ ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ।

ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਪੜ੍ਹਨਾ ਜਾਰੀ ਰੱਖਿਆ, ਭਾਵੇਂ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ। ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਆਪ ਦਾ ਝੁਕਾਅ ਗੁਰੂਘਰ ਵੱਲ ਜ਼ਿਆਦਾ ਹੋ ਗਿਆ ਤੇ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ। ਉੱਥੇ ਹੀ ਆਪ ਦਾ ਨਾਂ ‘ਪੂਰਨ ਸਿੰਘ’ ਰੱਖਿਆ ਗਿਆ ਤੇ ਗਿਆਨੀ ਕਰਤਾਰ ਸਿੰਘ ਨੇ ‘ਭਗਤ’ ਸ਼ਬਦ ਜੋੜ ਕੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਤੇ ਮਹੰਤ ਤੇਜਾ ਸਿੰਘ ਦੇ ਉਤਸ਼ਾਹ ਸਦਕਾ 18-20 ਸਾਲ ਗੁਰਦੁਆਰਾ ਡੇਹਰਾ ਸਾਹਿਬ ਆਪ ਨੇ ਜੋੜੇ ਝਾੜਨ, ਪਸ਼ੂਆਂ ਨੂੰ ਪੱਠੇ ਪਾਉਣੇ, ਭਾਂਡੇ ਮਾਂਜਣੇ, ਰੋਗੀਆਂ, ਅਪਾਹਜਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਨ ਦਾ ਕਾਰਜ ਨਿਭਾਇਆ। 30 ਜੂਨ 1930 ਨੂੰ  ਆਪ ਦੀ ਮਾਤਾ ਮਹਿਤਾਬ ਕੌਰ ਦਾ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਿਹਾਂਤ ਹੋ ਗਿਆ। ਉਸ ਤੋਂ ਬਾਅਦ 1934 ਨੂੰ ਆਪ ਨੇ ਬੇਸਹਾਰਾ, ਯਤੀਮ, ਰੋਗੀਆਂ, ਅਨਾਥਾਂ ਤੇ ਬੇਆਸਰਿਆਂ ਦੀ ਸੇਵਾ-ਸੰਭਾਲ ਦੀ ਸ਼ੁਰੂਆਤ ਕਰਕੇ ਆਪਣੀ ਮਾਤਾ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਭਗਤ ਜੀ ਨੇ ਉਸ ਬੱਚੇ ਦੀ ਸੇਵਾ-ਸੰਭਾਲ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਆਪ ਵਾਤਾਵਰਣ ਪ੍ਰੇਮੀ ਅਤੇ ਇੱਕ ਬਹੁਤ ਹੀ ਸੁਲਝੇ ਹੋਏ ਲੇਖਕ ਵੀ ਸਨ। ਆਪ ਨੇ ਕਿਤਾਬਾਂ ਪੜ੍ਹ ਕੇ ਜੋ ਗਿਆਨ ਹਾਸਲ ਕੀਤਾ, ਉਸ ਗਿਆਨ ਨੂੰ ਕਿਤਾਬਾਂ, ਪੈਂਫਲਿਟ, ਟ੍ਰੈਕਟ ਤੇ ਹੋਰ ਅਨੇਕਾਂ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚਾਇਆ। ਅੱਜ ਵੀ ਧਾਰਮਿਕ ਥਾਵਾਂ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਜੋ ਲੋਕਾਂ ਨੂੰ ਸੁਨੇਹਾ ਦਿੰਦੇ ਸਨ, ਪਹਿਲਾਂ ਆਪ ਉਸ ’ਤੇ ਖਰੇ ਉਤਰਦੇ ਸਨ। ਆਪ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਵੀ ਜਾਗਰੂਕ ਕੀਤਾ। ਆਪ ਨੇ ਲੋਕਾਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਿਆ। ਸਵੱਛ ਵਾਤਾਵਰਨ ਹੀ ਸੁਖੀ ਜੀਵਨ ਦਾ ਆਧਾਰ ਹੈ। ਭਗਤ ਜੀ ਆਪਣੀ ਲਾਈ ਹੋਈ ਪ੍ਰਿੰਟਿੰਗ ਪ੍ਰੈਸ ਵਿੱਚ ਰੱਦੀ ਕਾਗਜ਼ ਖਰੀਦ ਕੇ ਦੂਜੇ ਪਾਸੇ ਮੋਟੀ ਛਪਾਈ ਕਰਕੇ ਵਰਤ ਲੈਂਦੇ ਸਨ, ਕਿਉਂਕਿ ਲੋਕ ਕਾਗਜ਼ ਦਾ ਇੱਕ ਪਾਸਾ ਹੀ ਵਰਤੋਂ ਵਿੱਚ ਲਿਆਉਂਦੇ ਹਨ। ਭਗਤ ਪੂਰਨ ਸਿੰਘ ਜੀ ਸਮਝਦੇ ਸਨ ਕਿ ਕਾਗਜ਼ ਬਣਾਉਣ ਲਈ ਦਰੱਖ਼ਤਾਂ ਦੀ ਕਟਾਈ ਕਰਨ ਦੀ ਜ਼ਰੂਰਤ ਪੈਂਦੀ ਹੈ। ਸੋ ਉਹ ਕਾਗਜ਼ ਬਹੁਤ ਹੀ ਤਰੀਕੇ ਨਾਲ ਇਸਤੇਮਾਲ ਕਰਦੇ ਸਨ। ਉਹ ਆਪਣਾ ਸਫ਼ਰ ਬੱਸਾਂ, ਕਾਰਾਂ ਛੱਡ ਕੇ ਰਿਕਸ਼ਾ ਜਾਂ ਰੇਲ ਗੱਡੀ ਦੇ ਥਰਡ ਕਲਾਸ ਡੱਬੇ ਰਾਹੀਂ ਹੀ ਕਰਨਾ ਪਸੰਦ ਕਰਦੇ ਸਨ। ਉਹ ਬਿਜਲੀ ਨਾਲ ਚੱਲਣ ਵਾਲੀ ਹਰ ਚੀਜ਼ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਸਨ। ਏਅਰ-ਕੰਡੀਸ਼ਨ ਦੀ ਵਰਤੋਂ ਤੋਂ ਵੀ ਰੋਕਦੇ ਸਨ ਕਿਉਂਕਿ ਇਸ ਦੀ ਵਰਤੋਂ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ ਤੇ ਅਨੇਕਾਂ ਪ੍ਰਕਾਰ ਦੀਆਂ ਬੀਮਾਰੀਆਂ ਜਨਮ ਲੈਂਦੀਆਂ ਹਨ। ਭਗਤ ਜੀ ਜ਼ੋਰ ਦਿੰਦੇ ਸਨ ਕਿ ਜੇ ਸਮਾਂ ਰਹਿੰਦੇ ਅਸੀਂ ਨਾ ਬਦਲੇ ਤਾਂ ਆਉਣ ਵਾਲੇ ਸੌ ਸਾਲਾਂ ਵਿੱਚ ਦੁਨੀਆਂ ਦਾ ਨਕਸ਼ਾ ਹੀ ਕੁਝ ਹੋਰ ਹੋਵੇਗਾ। ਮਿੱਟੀ ਦਾ ਖੁਰਨਾ, ਹੁਮਸ ਦਾ ਖਤਮ ਹੋਣਾ, ਅਬਾਦੀ ਦਾ ਵਧਣਾ ਜਿਸ ਨਾਲ ਡੇਢ ਕਰੋੜ ਲੋਕ ਹਰ ਸਾਲ ਭੁੱਖ ਨਾਲ ਮਰਨਗੇ। ਮੌਸਮ ਵਿੱਚ ਭਾਰੀ ਤਬਦੀਲੀਆਂ ਹੋ ਸਕਦੀਆਂ ਹਨ। ਧਰਤੀ ਬਰਫਾਨੀ ਯੁੱਗ ਵਿੱਚ ਪਹੁੰਚ ਸਕਦੀ ਹੈ। ਧਰਤੀ ਬੰਜਰ ਹੋ ਸਕਦੀ ਹੈ। ਰੇਤ ਦੀਆਂ ਹਨ੍ਹੇਰੀਆਂ ਝੁੱਲ ਸਕਦੀਆਂ ਹਨ। ਸੋਕਾ ਪੈ ਸਕਦਾ ਹੈ ਜਾਂ ਫਿਰ ਭਾਰੀ ਹੜ੍ਹ ਤਬਾਹੀ ਮਚਾ ਸਕਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਘਟਣਾ, ਪਾਣੀ ਦਾ ਪ੍ਰਦੂਸ਼ਿਤ ਹੋਣਾ ਤੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਵੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਭਗਤ ਜੀ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1979 ਵਿੱਚ ਭਗਤ ਜੀ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ। ਸੰਨ 1990 ਵਿੱਚ ਹਾਰਮਨੀ ਐਵਾਰਡ, ਸੰਨ 1991 ਵਿੱਚ ਰੋਗ ਰਤਨ ਅਤੇ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸੰਨ 1984 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਸਰਕਾਰ ਵੱਲੋਂ ਕੀਤੇ ਅਟੈਕ ਨੇ ਜਿੱਥੇ ਕਈ ਸਿੱਖ ਪ੍ਰੇਮੀਆਂ ਦੇ ਹਿਰਦੇ ਛੱਲਣੀ ਕੀਤੇ ਸਨ, ਉੱਥੇ ਭਗਤ ਪੂਰਨ ਸਿੰਘ ਜੀ ਦਾ ਹਿਰਦਾ ਵੀ ਛੱਲਣੀ ਹੋਇਆ, ਜਿਸ ਦੇ ਰੋਸ ਵਜੋਂ ਭਗਤ ਜੀ ਨੇ ਪਦਮਸ਼੍ਰੀ ਐਵਾਰਡ ਵਾਪਸ ਕਰ ਦਿੱਤਾ ਸੀ। ਧਰਮ ਦੀ ਕਾਰ ਕਰਦਿਆਂ ਆਖਰ 5 ਅਗਸਤ 1992 ਨੂੰ 88 ਸਾਲ ਦੀ ਉਮਰ ਭੋਗ ਕੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੇ ਮਗਰੋਂ ਡਾ. ਇੰਦਰਜੀਤ ਕੌਰ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਵਜੋਂ ਬਾਖੂਬੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਕੇ ਸੇਵਾ ਨਿਭਾਅ ਰਹੇ ਹਨ। ਇੱਕ ਅਤੇ ਦੋ ਅਗਸਤ ਨੂੰ ਮਾਨਾਂਵਾਲਾ ਸੰਸਥਾ ਵਿਖੇ ਇੰਗਲੈਂਡ ਦੀ ਕੈਂਸਰ ਰੋਕੋ ਸੰਸਥਾ ਵੱਲੋਂ ਮੁਆਇਨਾ ਕੈਂਪ ਨਾਲ  ਸ਼ੁਰੂਆਤ ਕੀਤੀ ਜਾਵੇਗੀ। ਤਿੰਨ ਅਗਸਤ ਨੂੰ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਚਾਰ ਅਗਸਤ ਨੂੰ ‘ਪਿਆਰ ਦੀਆਂ ਤੰਦਾਂ’ ਕਿਤਾਬ ਰਿਲੀਜ਼ ਕੀਤੀ ਜਾਵੇਗੀ ਤੇ 5 ਅਗਸਤ ਨੂੰ ਅੰਮ੍ਰਿਤਸਰ ਮੁੱਖ ਦਫ਼ਤਰ ਵਿੱਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਗਤ ਪੂਰਨ ਸਿੰਘ ਜੀ ਦੀ 21ਵੀਂ ਬਰਸੀ ਮਨਾਈ ਜਾ ਰਹੀ ਹੈ।


ਧਰਮਿੰਦਰ ਸਿੰਘ ਵੜੈਚ
ਸੰਪਰਕ: 97817-51690

No comments:

Post a Comment