ਜੋਬਨ ਰੁੱਤੇ ਜੋ ਕੋਈ ਮਰਦਾ
ਫੁੱਲ ਬਣੇ ਜਾਂ ਤਾਰਾ ਆਸ਼ਕ ਜੋਬਨ ਰੁੱਤੇ ਮਰਦਾ ਜਾਂ ਕੋਈ ਕਰਮਾ ਵਾਲਾ
'ਅਸੀਂ ਤਾਂ ਜੋਬਨ ਰੁੱਤੇ ਮਰਨਾ' ਕਵਿਤਾ ਦੀਆਂ ਇਹ ਸਤਰਾਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਕਈ ਦਹਾਕੇ ਪਹਿਲਾਂ ਲਿਖੀਆਂ ਸਨ। ਪਰ ਪੰਜਾਬੀ ਹੀ ਨਹੀਂ ਬਲਕਿ ਸਮੁੱਚੇ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਇਹ ਸਤਰਾਂ ਨਾਸੂਰ ਬਣ ਗਈਆਂ। 29 ਜੁਲਾਈ ਦੇ ਅਭਾਗੇ ਦਿਨ ਪੰਜਾਬ ਦੇ ਲੋਕਾਂ ਨੇ ਨੌਜਵਾਨ ਗ਼ਜ਼ਲਗੋ ਸ਼ਮੀਮ ਇਕਬਾਲ ਦੀ ਦੇਹ ਨੂੰ ਮਲੇਰਕੋਟਲਾ ਵਿਚ ਸਪੁਰਦ-ਏ-ਖ਼ਾਕ ਹੀ ਸੀ ਕਿ ਉਸ ਤੋਂ ਕੁਝ ਘੰਟਿਆਂ ਬਾਅਦ ਵੋਆਇਸ ਆਫ ਇੰਡੀਆ ਇਸ਼ਮੀਤ ਦੇ ਚੱਲ ਵਸਣ ਦੀ ਕੁਲਹਿਣੀ ਖ਼ਬਰ ਆ ਗਈ।
ਇਸ਼ਮੀਤ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਰਾਤ 8.10 ਵਜੇ ਟੇਲੈਂਟ ਹੰਟ ਸ਼ੋਅ 'ਬਿਗ ਈਵੈਂਟ' ਦੇ ਐਮ ਡੀ ਗੁਰਮੀਤ ਮੱਕੜ ਨੇ ਉਹਨਾਂ ਨੂੰ ਫੋਨ 'ਤੇ ਇਸ ਹਾਦਸੇ ਦੀ ਸੂਚਨਾ ਦਿੱਤੀ। ਇਸ਼ਮੀਤ ਦੀ ਮਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਦਾ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਉਹ ਵਾਰ ਵਾਰ ਇਹੀ ਕਹਿ ਰਹੀ ਸੀ ਕਿ ਟੀਵੀ ਲਗਾਓ ਮੈਂ ਆਪਣੇ ਇਸ਼ਮੀਤ ਦਾ ਸ਼ੋਅ ਵੇਖਣਾ ਹੈ। ਇਸ਼ਮੀਤ ਦੀ ਵੱਡੀ ਭੈਣ ਮੀਤੂ ਦੇ ਵੈਣ ਵੀ ਸੁਣੇ ਨਹੀਂ ਸਨ ਜਾ ਰਹੇ। ਉਹ ਰੋਂਦਿਆਂ ਕਹਿ ਰਹੀ ਸੀ ਮੇਰਾ ਇਕੋ ਇਕ ਵੀਰਾ ਸੀ, ਉਹ ਵੀ ਮੈਨੂੰ ਛੱਡ ਕੇ ਚਲਾ ਗਿਆ। ਚੇਤੇ ਰਹੇ ਕਿ ਮਿਊਜ਼ੀਕਲ ਰਿਐਲਟੀ ਟੇਲੈਂਟ ਹੰਟ ਸ਼ੋਅ 'ਅਮੂਲ ਸਟਾਫ ਆਫ ਇੰਡੀਆ' 'ਚ 24 ਨਵੰਬਰ 2007 ਨੂੰ ਇਸ਼ਮੀਤ ਨੇ ਆਪਣੇ ਵਿਰੋਧੀ ਗਾਇਕ ਹਰਸ਼ਿਤ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਲਤਾ ਮੰਗੇਸ਼ਵਰ ਨੇ ਆਪਣੇ ਹੱਥਾਂ ਨਾਲ ਉਸ ਨੂੰ ਵਿਜੇਤਾ ਖ਼ਿਤਾਬ ਸੌਂਪਿਆ ਸੀ। ਉਸ ਤੋਂ ਪਹਿਲਾਂ ਇਸ਼ਮੀਤ ਨੇ ਸੰਗੀਤ ਜਗਤ ਦੀਆਂ ਬੁਲੰਦੀਆਂ ਨੂੰ ਛੂਹਿਆ ਸੀ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਇਸ਼ਮੀਤ ਦੇ ਰਿਸ਼ਤੇਦਾਰਾਂ ਦਾ ਹੀ ਨਹੀਂ ਬਲਕਿ ਉਹਨਾਂ ਦੇ ਪ੍ਰਸੰਸਕਾਂ ਦਾ ਵੀ ਬੁਰਾ ਹਾਲ ਹੈ। ਲੁਧਿਆਣਾ ਵਿਚ ਸਥਿਤੀ ਅਜਿਹੀ ਬਣ ਗਈ ਕਿ ਜਿਸ ਨੂੰ ਪਤਾ ਲੱਗਿਆ ਕਿ ਇਸ਼ਮੀਤ ਨਹੀਂ ਰਿਹਾ, ਉਹੀ ਝੱਲਿਆਂ ਵਾਂਗ ਉਸ ਦੇ ਘਰ ਵੱਲ ਦੌੜ ਪਿਆ। ਜੋ ਪਹੁੰਚ ਨਹੀਂ ਸਕੇ ਉਹਨਾਂ ਨੇ ਫੋਨ 'ਤੇ ਪਰਿਵਾਰਕ ਅਤੇ ਸ਼ੁਭ ਚਿੰਤਕਾਂ ਨਾਲ ਦੁੱਖ ਪ੍ਰਗਟਾਏ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਪਹੁੰਚੀ ਅਤੇ ਵੀਰਵਾਰ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਆਪਣੇ ਇਸ ਨੌਜਵਾਨ ਗਾਇਕ ਨੂੰ ਅਲਵਿਦਾ ਆਖੀ। %ਪੰਜਾਬ ਦੇ ਪੁੱਤਰ ਵਜੋਂ ਪੂਰੇ ਸੰਗੀਤ ਜਗਤ ਵਿਚ ਮਸ਼ਹੂਰ ਹੋਏ 2007 ਦੇ ਵੋਆਇਸ ਆਫ ਇੰਡੀਆ ਇਸ਼ਮੀਤ ਸਿੰਘ ਦੀ 29 ਜੁਲਾਈ ਮੰਗਲਵਾਰ ਨੂੰ ਮਾਲਦੀਵ 'ਚ ਸਮੁੰਦਰ ਕਿਨਾਰੇ ਸਥਿਤ ਛਾਇਆ ਆਇਰਲੈਂਡ ਰਿਸੋਰਟ ਦੇ ਸਵਿੰਮਿੰਗ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ। ਲੁਧਿਆਣਾ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਗਾਇਕ ਦੀ ਮੌਤ ਨਾਲ ਸੰਗੀਤ ਜਗਤ ਅਤੇ ਉਹਨਾਂ ਦੇ ਪ੍ਰੇਮੀ ਗਹਿਰੇ ਸ਼ੋਕ 'ਚ ਡੁੱਬ ਗਏ। ਕਿਸੇ ਨੂੰ ਇਹ ਯਕੀਨ ਹੀ ਨਹੀਂ ਆ ਰਿਹਾ ਕਿ ਇਸ਼ਮੀਤ ਹੁਣ ਇਸ ਦੁਨੀਆ 'ਚ ਨਹੀਂ ਰਹੇ। ਭਾਵੇਂ ਉਹ ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਹੋਵੇ ਜਾਂ ਫਿਰ ਆਸ਼ਾ ਭੌਂਸਲੇ। ਸਟਾਰ ਵੋਆਇਸ ਆਫ ਇੰਡੀਆ 'ਚ ਜੱਜ ਰਹਿ ਚੁੱਕੀ ਅਲਕਾ ਜਾਇਗਨਿਕ ਅਤੇ ਗਾਇਕ ਅਭੀਜੀਤ ਤਾਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਇਸ਼ਮੀਤ ਦੀ ਮੌਤ ਹੋ ਗਈ ਹੈ। ਮੰਗਲਵਾਰ ਦੇਰ ਸ਼ਾਮ ਨੂੰ ਜਦੋਂ ਨਿਊਜ਼ ਚੈਨਲਾਂ 'ਤੇ ਇਹ ਖ਼ਬਰ ਆਉਣ ਲੱਗੀ ਤਾਂ ਕਿਸੇ ਨੂੰ ਇਸ ਉੱਤੇ ਯਕੀਨ ਨਹੀਂ ਸੀ। ਪਰ ਇਹ ਖ਼ਬਰ ਮਿਲਦਿਆਂ ਹੀ ਸਮੁੱਚੇ ਪੰਜਾਬ ਵਿਚ ਮਾਤਮ ਦਾ ਮਾਹੌਲ ਛਾ ਗਿਆ। ਲੁਧਿਆਣਾ ਦੇ ਸ਼ਾਸ਼ਤਰੀ ਨਗਰ 'ਚ ਇਸ਼ਮੀਤ ਦੇ ਘਰ ਲਾਗੇ ਸੈਂਕੜੇ ਲੋਕ ਇਕੱਠੇ ਹੋ ਗਏ। ਇਸ਼ਮੀਤ ਇਕ ਸ਼ੋਅ ਦੇ ਸਿਲਸਿਲੇ 'ਚ ਮੰਗਲਵਾਰ ਸਵੇਰੇ ਹੀ ਮਾਲਦੀਵ ਲਈ ਰਵਾਨਾ ਹੋਏ ਸਨ। ਇਹ ਸ਼ੋਅ 1 ਅਗਸਤ ਨੂੰ ਹੋਣਾ ਸੀ। ਪਰ ਉਹ ਇਸ ਤੋਂ ਪਹਿਲਾਂ ਹੀ ਚੱਲ ਵਸਿਆ। ਸਮੁੱਚੇ ਪੰਜਾਬੀਆਂ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਇਸ਼ਮੀਤ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਹੈ। ਜਿਊਂਦੇ ਜੀਅ ਹੀ ਇਸ਼ਮੀਤ ਦੀ ਮਕਬੂਲੀਅਤ ਏਨੀ ਰਹੀ ਕਿ ਉਹਨਾਂ ਦੀ ਆਵਾਜ਼ ਦੇ ਸਦਾ ਲਈ ਖਾਮੋਸ਼ ਹੋਣ ਤੋਂ ਬਾਅਦ ਲੱਗਿਆ ਕਿ ਵਾਕਈ ਲੋਕ ਇਸ ਨੌਜਵਾਨ ਗਾਇਕ ਦੇ ਦੀਵਾਨੇ ਸਨ। ਚੰਦ ਦਿਨਾਂ 'ਚ ਬੁਲੰਦੀਆਂ ਨੂੰ ਛੂਹ ਜਾਣ ਵਾਲੇ ਇਸ ਗਾਇਕ ਦੀ ਮੌਤ ਨਾਲ ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਤਾਂ ਸਦਮੇ ਨਾਲ ਪਾਗਲ ਹੀ ਹੋ ਗਏ ਲੱਗਦੇ ਹਨ। ਇਸ਼ਮੀਤ ਦੇ ਪਰਿਵਾਰ ਵਿਚ ਉਸ ਦੀ ਮਾਂ ਅੰਮ੍ਰਿਤਪਾਲ ਕੌਰ, ਪਿਤਾ ਗੁਰਵਿੰਦਰਪਾਲ ਸਿੰਘ ਅਤੇ ਵੱਡੀ ਭੈਣ ਮੀਤੂ ਹੈ।
ਇਹ ਹਾਰ ਮੈਨੂੰ ਮਨਜੂਰ ਨਹੀਂ ਹੈ ਇਸ਼ਮੀਤ : ਹਰਸ਼ਿਤ
ਮੈਂ ਵੋਆਇਸ ਆਫ ਇੰਡੀਆ 'ਚ ਇਸ਼ਮੀਤ ਤੋਂ ਹਾਰਿਆ ਸੀ। ਉਹ ਹਾਰ ਮੈਨੂੰ ਮਨਜੂਰ ਸੀ ਪਰ ਅੱਜ ਇਸ਼ਮੀਤ ਮੌਤ ਤੋਂ ਹਾਰ ਗਿਆ ਹੈ। ਇਹ ਹਾਰ ਮੈਨੂੰ ਮਨਜੂਰ ਨਹੀਂ। ਮੈਂ ਸ਼ਾਇਦ ਕੁਝ ਨਾ ਬੋਲ ਸਕਾਂ। ਇਸ਼ਮੀਤ ਨੇ ਤਾਂ ਮੇਰੇ ਲਈ ਚੰਡੀਗੜ੍ਹ 'ਚ ਵੀ ਵੋਟ ਮੰਗੇ ਸੀ। ਮੇਰਾ ਵੋਆਇਸ ਆਫ ਇੰਡੀਆ ਦੇ ਫਾਈਨਲ ਰਾਊਂਡ ਵਿਚ ਇਸ਼ਮੀਤ ਨਾਲ ਮੁਕਾਬਲਾ ਸੀ। ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਾਂਗਾ। 24 ਨਵੰਬਰ 2007 ਕੇਵਲ ਮੈਂ ਅਤੇ ਇਸ਼ਮੀਤ ਹੀ ਉੱਤਰੀ ਭਾਰਤੀ 'ਚੋਂ ਸਟੇਜ 'ਤੇ ਸਾਂ। ਸਭ ਥਾਵਾਂ 'ਤੇ ਜਿੱਤਣ ਤੋਂ ਬਾਅਦ ਮੈਂ ਇੱਥੇ ਉਸ ਕੋਲੋਂ ਹਾਰ ਗਿਆ। ਉਸ ਹਾਰ ਦਾ ਮੈਨੂੰ ਗਮ ਨਹੀਂ ਸੀ, ਪਰ ਇਸ ਵਾਰ ਮੈਂ ਜਿੰਨਾ ਦੁਖੀ ਇਸ ਦਰਦਨਾਕ ਖ਼ਬਰ ਤੋਂ ਹਾਂ ਉਸ ਸਬੰਧੀ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ। ਸ਼ਾਇਦ ਮੈਂ ਹੁਣ ਕੁਝ ਹਫਤਿਆਂ ਤੱਕ ਗਾ ਵੀ ਨਹੀਂ ਸਕਾਂਗਾ। ਇਸ਼ਮੀਤ ਬਹੁਤ ਚੰਗਾ ਇਨਸਾਨ ਸੀ ।
ਉਹ ਲਾਜਵਾਬ ਸੀ : ਹੰਸ ਰਾਜ ਹੰਸ
ਇਸ਼ਮੀਤ ਦੀ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ ਕੋਈ ਛੋਟਾ ਜਿਹਾ ਨੁਕਸਾਨ ਨਹੀਂ ਹੈ, ਬਲਕਿ ਇਹ ਨੁਕਸਾਨ ਅਜਿਹਾ ਹੈ ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕੇਗਾ। ਸੰਗੀਤ ਜਗਤ ਨੇ ਆਪਣਾ ਲਾਜਵਾਬ ਹੀਰਾ ਖੋ ਦਿੱਤਾ ਹੈ। ਉਸ ਤੋਂ ਬਹੁਤ ਵੱਡੀਆਂ ਆਸਾਂ ਸਨ ਪਰ ਅਫਸੋਸ ਕਿ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਇਹ ਘਾਟਾ ਪੂਰਾ ਨਹੀਂ ਹੋਵੇਗਾ : ਸੁਖਬੀਰ ਸਿੰਘ ਬਾਦਲ ਕਿਸੇ ਪ੍ਰੋਗਰਾਮ ਤਹਿਤ ਲੁਧਿਆਣਾ 'ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਇਸ਼ਮੀਤ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਉਹਨਾਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਉਹ ਤੁਰੰਤ ਇਸ਼ਮੀਤ ਦੇ ਲੁਧਿਆਣਾ ਸਥਿਤ ਸ਼ਾਸ਼ਤਰੀ ਨਗਰ, ਫਾਟਕ ਕੋਲ ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਜਿੱਥੇ ਪਹਿਲਾਂ ਹੀ ਸੈਂਕੜੇ ਲੋਕ ਜਮ੍ਹਾ ਹੋ ਚੁੱਕੇ ਸੀ। ਦੇਰ ਰਾਤ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇਸ਼ਮੀਤ ਦੇ ਮਾਤਾ ਪਿਤਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਸ਼ਮੀਤ ਦੇ ਦੇਹਾਂਤ ਨਾਲ ਪਿਆ ਘਾਟਾ ਪੂਰਾ ਨਹੀਂ ਹੋ ਸਕੇਗਾ। ਉਹਨਾਂ ਕਿਹਾ ਕਿ ਇਹ ਸਿਰਫ਼ ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਦਾ ਨੁਕਸਾਨ ਹੋਇਆ ਹੈ। ਉਹਨਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਇਸ਼ਮੀਤ ਦੀ ਮ੍ਰਿਤਕ ਦੇਹ ਨੂੰ ਮਾਲਦੀਵ ਤੋਂ ਲੁਧਿਆਣਾ ਲਿਆਉਣ ਅਤੇ ਅੰਤਮ ਸਸਕਾਰ ਲਈ ਪ੍ਰਬੰਧ ਮੁਕੰਮਲ ਕੀਤੇ ਜਾਣ। %ਪੰਜਾਬੀ ਗਾਇਕੀ ਨੂੰ ਵੱਡਾ ਝਟਕਾ : ਸਤਵਿੰਦਰ ਬੁੱਗਾ ਬਹੁਤ ਦਿਨਾਂ ਬਾਅਦ ਪੰਜਾਬ ਦੀ ਧਰਤੀ ਤੋਂ ਹਿੰਦੀ ਗਾਉਣ ਵਾਲਾ ਗਾਇਕ ਏਨਾ ਅੱਗੇ ਤੱਕ ਵਧਿਆ। ਛੋਟੇ ਪਰਦੇ ਉੱਤੇ ਤਾਂ ਉਸਦੀ ਗਾਇਕੀ ਦਾ ਜਾਦੂ ਚੱਲਦਾ ਸੀ। ਹੁਣ ਉਹ ਫਿਲਮੀ ਦੁਨੀਆ ਵੱਲ ਕਦਮ ਵਧਾ ਰਿਹਾ ਸੀ। ਉਸ ਦੇ ਦੇਹਾਂਤ ਨਾਲ ਜਿੱਥੇ ਪੰਜਾਬ ਦੀ ਗਾਇਕੀ ਨੂੰ ਵੱਡਾ ਝਟਕਾ ਲੱਗਾ ਹੈ, ਉੱਥੇ ਦੇਸ਼ ਇਕ ਹੋਣਹਾਰ ਗਾਇਕ ਤੋਂ ਮਰਹੂਮ ਹੋ ਗਿਆ।
ਖੋ ਗਿਆ ਕੋਹੇਨੂਰ : ਭਗਵੰਤ ਮਾਨ
%ਪੰਜਾਬ ਨੇ ਅੱਜ ਆਪਣਾ ਕੋਹੇਨੂਰ ਖੋ ਦਿੱਤਾ ਹੈ। ਉਹ ਪੰਜਾਬ ਦਾ ਅਜਿਹਾ ਪਹਿਲਾ ਲਾਲ ਸੀ, ਜਿਸ ਨੇ ਸੁਰਾਂ ਦੀ ਮਹਾਰਾਣੀ ਲਤਾ ਜੀ ਅਤੇ ਆਸ਼ਾ ਜੀ ਤੋਂ ਸਨਮਾਨ ਹਾਸਲ ਕੀਤਾ ਸੀ। ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ਼ਮੀਤ ਸਾਡੇ ਵਿਚਕਾਰ ਨਹੀਂ ਰਿਹਾ। ਉਹ ਪੰਜਾਬ ਵਿਚ ਸਾਰਿਆਂ ਨਾਲੋਂ ਹਟ ਕੇ ਗਾ ਰਿਹਾ ਸੀ। ਕਦਮ ਕਦਮ 'ਤੇ ਸਫਲਤਾ ਉਸ ਦੇ ਕਦਮ ਚੁੰਮ ਰਹੀ ਸੀ। ਹੁਣ ਤਾਂ ਗਾਇਕੀ 'ਚ ਉਸ ਨੂੰ ਮੁਕਾਮ ਮਿਲ ਗਿਆ ਸੀ। ਮੰਜ਼ਿਲ ਵੱਲ ਉਸਦੀ ਜ਼ਬਰਦਸਤ ਐਨਰਜੀ ਵਾਲੀ ਪ੍ਰਤਿਭਾ ਦਾ ਇਸ ਕਦਰ ਚਲਾ ਜਾਣਾ ਸਾਡੇ ਲਈ ਅਤਿ ਮੰਦਭਾਗਾ ਹੈ।
ਦੇਸ਼ ਨੇ ਸਟਾਰ ਗੁਆ ਦਿੱਤਾ : ਡੌਲੀ ਗੁਲੇਰੀਆ
ਓਹ ਮਾਈ ਗੌਡ, ਇਹ ਕਿਆ ਹੋ ਗਿਆ। ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗਿਆ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਭਾਰਤ ਨੇ ਸੱਚਮੁੱਚ ਅੱਜ ਆਪਣਾ ਹੀਰਾ ਖੋਹ ਦਿੱਤਾ। ਇਸ ਘਾਟੇ ਨੂੰ ਕੋਈ ਪੂਰਾ ਨਹੀਂ ਕਰ ਸਕਦਾ। ਪਰ ਕੁਦਰਤ ਦੀ ਹੋਣੀ ਨੂੰ ਕੌਣ ਟਾਲ ਸਕਦਾ ਹੈ। ਮੈਂ ਇਸ਼ਮੀਤ ਦੇ ਮਾਪਿਆਂ ਦੇ ਦੁੱਖ ਵਿਚ ਉਹਨਾਂ ਨਾਲ ਪੂਰੀ ਤਰ੍ਹਾਂ ਸ਼ਰੀਕ ਹਾਂ। ਵਾਹਿਗੁਰੂ ਉਸ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ : ਪ੍ਰਕਾਸ਼ ਸਿੰਘ ਬਾਦਲ ਇਸ਼ਮੀਤ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਬਹੁਤ ਘੱਟ ਸਮੇਂ 'ਚ ਪੂਰੇ ਦੇਸ਼ ਨੂੰ ਆਪਣੀ ਪ੍ਰਤਿਭਾ ਦਾ ਇਸ਼ਮੀਤ ਨੇ ਕਾਇਲ ਬਣਾ ਲਿਆ ਸੀ। ਉਹਨਾਂ ਕਿਹਾ, ''ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹੇ ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ਵਿਚ ਜਗ੍ਹਾ ਦੇਵੀਂ।'' ਮੁੱਖ ਮੰਤਰੀ ਨੇ ਇਸ਼ਮੀਤ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਬੰਦ ਰਹੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਅਦਾਰੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ਼ਮੀਤ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਗੀਤ ਦੀ ਦੁਨੀਆ ਨੇ ਇਕ ਸਾਬਤ ਸੂਰਤ ਗਾਇਕ ਗੁਆ ਲਿਆ ਹੈ। ਸਰਨਾ ਨੇ ਇਸ ਦੁੱਖਦਾਇਕ ਘਟਨਾ ਪਿੱਛੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਵਿਦਿਅਕ ਅਤੇ ਵਪਾਰਕ ਅਦਾਰਿਆਂ ਨੂੰ 30 ਜੁਲਾਈ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ। ਉਹਨਾਂ ਨੇ ਇਸ਼ਮੀਤ ਦੀ ਮੌਤ ਦੇ ਅਸਲ ਕਾਰਨਾਂ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਸ਼ਮੀਤ ਪੰਜਾਬ ਹੀ ਭਾਰਤ ਦੀ ਸ਼ਾਨ ਸੀ। ਉਸ ਨੇ ਸਿੱਖੀ ਦਾ ਮਾਣ ਵਧਾਇਆ ਸੀ। ਉਸ ਦੇ ਅਕਾਲ ਚਲਾਣੇ 'ਤੇ ਸਿੱਖ ਜਗਤ ਅਤੇ ਸੰਗੀਤ ਪ੍ਰੇਮੀਆਂ ਨੂੰ ਗਹਿਰਾ ਧੱਕਾ ਲੱਗਾ ਹੈ। ਜਥੇਦਾਰ ਮੱਕੜ ਦੇ ਐਲਾਨ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਤੇ ਵਪਾਰਕ ਅਦਾਰੇ 30 ਜੁਲਾਈ ਨੂੰ ਬੰਦ ਰਹੇ।
ਲਤਾ ਮੰਗੇਸ਼ਕਰ ਤੋਂ ਲੈ ਕੇ ਮੰਗਲ ਢਿੱਲੋਂ ਤੱਕ ਹਰ ਕੋਈ ਸਦਮੇ 'ਚ
ਇਸ਼ਮੀਤ ਦੀ ਬੇਵਕਤੀ ਮੌਤ ਦੀ ਦੁੱਖ ਭਰੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੇ ਇਸ਼ਮੀਤ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਇਸ਼ਮੀਤ ਦੀ ਮੌਤ ਨਾਲ ਸੰਗੀਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ। ਅਭਿਨੇਤਾ ਮੰਗਲ ਢਿੱਲੋਂ ਨੇ ਕਿਹਾ ਕਿ ਇਸ਼ਮੀਤ ਅਜਿਹੀ ਪ੍ਰਤਿਭਾ ਸੀ, ਜਿਸ ਦਾ ਬਹੁਤ ਅੱਗੇ ਤੱਕ ਜਾਣਾ ਯਕੀਨੀ ਸੀ। ਉਸ ਨੇ ਥੋੜ੍ਹੇ ਹੀ ਸਮੇਂ ਵਿਚ ਲੋਕਾਂ ਦੇ ਦਿਲੋ ਦਿਮਾਗ ਵਿਚ ਥਾਂ ਬਣਾ ਲਈ ਸੀ। ਉਹ ਪੰਜਾਬ ਦਾ ਸਿੱਖ ਸੀ, ਜਿਸ ਨਾਲ ਉਹ ਫਿਲਮ ਇੰਡਸਟਰੀ ਵਿਚ ਪੰਜਾਬ ਦਾ ਅੰਬੈਸਡਰ ਮੰਨਿਆ ਜਾਣ ਲੱਗ ਪਿਆ ਸੀ। ਉਸ ਦੇ ਦੇਹਾਂਤ ਨਾਲ ਪਏ ਘਾਟੇ ਨੂੰ ਪੂਰਿਆ ਨਹੀਂ ਜਾ ਸਕੇਗਾ। ਦੂਜੇ ਪਾਸੇ ਕਲਾ, ਸੰਗੀਤ ਅਤੇ ਸਾਹਿਤ ਪ੍ਰੇਮੀਆਂ ਨੇ ਇਸ਼ਮੀਤ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੀਤਕਾਰ ਇਰਸ਼ਾਦ ਕਾਮਿਲ, ਅਭਿਨੇਤਾ ਹਰਮਨ ਬਵੇਜਾ, ਫਿਲਮ ਨਿਰਦੇਸ਼ਕ ਗਿਰੀਸ਼ ਧਮੀਜਾ, ਲੋਕ ਗਾਇਕ ਸਰਦੂਲ ਸਿਕੰਦਰ, ਦੁਰਗਾ ਰੰਗੀਲਾ, ਮਾਸਟਰ ਸਲੀਮ, ਕਰਮਜੀਤ ਅਨਮੋਲ, ਕਮੇਡੀਅਨ ਜਗਤਾਰ ਜੱਗੀ, ਗਾਇਕ ਹਰਮਿੰਦਰ ਨੂਰਪੁਰੀ, ਸੰਗੀਤਕਾਰ ਅਸ਼ੋਕ ਸ਼ਰਮਾ, ਸੰਗੀਤਕਾਰ ਦਿਲਖੁਸ਼ ਬ੍ਰਦਰਜ਼, ਗਾਇਕ ਪੰਮੀ ਬਾਈ, ਗੁਰਕ੍ਰਿਪਾਲ ਸੂਰਾਪੁਰੀ, ਸੰਗੀਤਕਾਰ ਸੰਤੋਸ਼ ਕਟਾਰੀਆ ਨੇ ਇਸ਼ਮੀਤ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬੀਤੇ ਸਾਲ 24 ਨਵੰਬਰ 2007 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਰਾਤੀਂ 10.00 ਵਜੇ ਦੇ ਕਰੀਬ ਇਕ ਖੁਸ਼ੀ ਭਰੀ ਖ਼ਬਰ ਆਈ। ਇਹ ਖ਼ਬਰ ਸੀ ਲੁਧਿਆਣਾ ਦੇ ਸਾਬਤ ਸੂਰਤ 19 ਸਾਲ ਸਿੱਖ ਨੌਜਵਾਨ ਇਸ਼ਮੀਤ ਸਿੰਘ ਦੇ ਵੋਆਇਸ ਆਫ ਇੰਡੀਆ ਮੁਕਾਬਲੇ ਦਾ ਵਿਜੇਤਾ ਐਲਾਨਿਆ ਜਾਣਾ। ਭਾਵੇਂ ਕਿ ਦੇਸ਼ ਦੇ ਤਿੰਨ ਹਿੱਸਿਆਂ ਵਿਚ ਇਸ਼ਮੀਤ ਹਾਰ ਰਿਹਾ ਸੀ, ਸਿਰਫ਼ ਉੱਤਰੀ ਭਾਰਤ ਦਾ ਨਤੀਜਾ ਆਉਣਾ ਬਾਕੀ ਸੀ। ਸਟੇਜ ਐਂਕਰ ਨੇ ਇਸ਼ਮੀਤ ਦੇ ਵਿਰੋਧੀ ਗਾਇਕ ਹਰਸ਼ਿਤ ਨੂੰ ਪੁੱਛਿਆ ਕਿ ਉਸ ਕੀ ਲੱਗ ਰਿਹਾ ਹੈ? ਉਹ ਪੂਰੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਉਸ ਨੇ ਕਿਹਾ ਕਿ ਵੋਆਇਸ ਆਫ ਇੰਡੀਆ ਮੈਂ ਹੀ ਬਣਾਂਗਾ। ਇਸ ਤੋਂ ਬਾਅਦ ਐਂਕਰ ਨੇ ਇਸ਼ਮੀਤ ਵੱਲ ਮੂੰਹ ਘੁਮਾਉਂਦਿਆਂ ਪੁੱਛਿਆ, ''ਇਸ਼ਮੀਤ ਤੁਸੀਂ ਦੇਸ਼ ਦੇ ਤਿੰਨ ਖਿੱਤਿਆਂ ਵਿਚੋਂ ਹਰਸ਼ਿਤ ਤੋਂ ਪਿੱਛੇ ਰਹਿ ਚੁੱਕੇ ਹੋ, ਸਿਰਫ ਉੱਤਰੀ ਭਾਰਤ ਦਾ ਨਤੀਜਾ ਬਾਕੀ ਹੈ। ਕੀ ਤੁਹਾਨੂੰ ਅਜੇ ਵੀ ਕੋਈ ਆਸ ਲੱਗਦੀ ਹੈ।'' ਇਸ਼ਮੀਤ ਨੇ ਮੁਸਕਰਾਉੋਂਦਿਆਂ ਕਿਹਾ, ''ਅੱਜ ਮੇਰੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ। ਅੱਜ ਉਹ ਮੇਰੇ ਨਾਲ ਹਨ, ਇਸ ਲਈ ਮੇਰੇ ਹਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।'' ਇਸ਼ਮੀਤ ਦੇ ਇਹ ਸ਼ਬਦ ਸੱਚ ਨਿਕਲੇ ਅਤੇ ਕੁਝ ਹੀ ਮਿੰਟਾਂ ਬਾਅਦ ਉਹ ਇਸ ਮੁਕਾਬਲੇ ਦਾ ਵਿਜੇਤਾ ਐਲਾਨਿਆ ਗਿਆ। ਪਰ 29 ਜੁਲਾਈ 2008 ਦਾ ਮੰਦਭਾਗਾ ਦਿਨ ਇਸ਼ਮੀਤ ਮਾਲਦੀਵ ਵਿਚ ਇਕ ਸ਼ੋਅ ਦੇ ਸਿਲਸਿਲੇ ਵਿਚ ਗਿਆ ਹੋਇਆ ਸੀ। ਇਕ ਸਵਿੰਮਿੰਗ ਪੂਲ ਵਿਚ ਨਹਾਉਦਿਆਂ ਉਸ ਦੀ ਡੁੱਬ ਕੇ ਮੌਤ ਹੋ ਗਈ। ਇਸ਼ਮੀਤ ਦੀ ਪਿਛਲੇ ਸਾਲ ਵੋਆਇਸ ਆਫ ਇੰਡੀਆ ਮੁਕਾਬਲੇ ਦੌਰਾਨ ਇਕ ਨਿਊਜ਼ ਵੈਬਸਾਈਟ ਵਲੋਂ ਇੰਟਰਵਿਊ ਕੀਤੀ ਗਈ, ਜਿਸ ਦਾ ਹੂਬਹੂ ਉਤਾਰਾ ਇੱਥੇ ਦਿੱਤਾ ਜਾ ਰਿਹਾ ਹੈ :
ਇਸ਼ਮੀਤ ਕੁਝ ਆਪਣੇ ਬਾਰੇ ਦੱਸੋ?
ਮੇਰਾ ਪਿਛੋਕੜ ਲੁਧਿਆਣੇ ਸ਼ਹਿਰ ਨਾਲ ਹੈ। ਮੈਂ ਇਕ ਸਧਾਰਨ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਾਂ। ਮੇਰੇ ਪਰਿਵਾਰ ਵਿਚ ਮੇਰੀ ਮਾਂ ਅਤੇ ਪਿਤਾ ਤੋਂ ਇਲਾਵਾ ਮੇਰੀ ਵੱਡੀ ਭੈਣ ਸੁਮੀਤ ਹੈ। ਮੇਰੇ ਪਰਿਵਾਰ ਵਿਚ ਹਰ ਕੋਈ ਗਾਉਣਾ ਜਾਣਦਾ ਹੈ। ਮੇਰੇ ਪਿਤਾ ਜੀ ਬੜੇ ਅੱਛੇ ਗਾਇਕ ਹਨ। ਉਹਨਾਂ ਤੋਂ ਇਲਾਵਾ ਮੇਰੇ ਚਾਚਾ ਜੀ ਅਤੇ ਉਹਨਾਂ ਦੇ ਬੱਚੇ ਵੀ ਗਾਉਂਦੇ ਹਨ। ਮੈਂ ਵੀ ਬਚਪਨ ਤੋਂ ਹੀ ਗਾਉਂਦਾ ਆ ਰਿਹਾ ਹਾਂ। ਪਰ ਨੌਵੀਂ ਕਲਾਸ ਤੱਕ ਪਹੁੰਚਦਿਆਂ ਮੈਂ ਹਿੰਦੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ।
ਤੁਸੀਂ ਕਦੋਂ ਮਹਿਸੂਸ ਕੀਤਾ ਕਿ ਗਾਇਕੀ ਤੁਹਾਡਾ ਜਨੂੰਨ ਹੈ?
ਮੈਂ ਨੌਵੀਂ ਜਮਾਤ ਵਿਚ ਪੜ੍ਹਦਾ ਸਾਂ। ਉਦੋਂ ਹਰ ਇਕ ਵਿਦਿਆਰਥੀ ਨੂੰ ਗੀਤ ਗਾਉਣ ਲਈ ਕਿਹਾ ਗਿਆ। ਜਦੋਂ ਮੈਂ ਗੀਤ ਗਾਇਆ ਤਾਂ ਮੇਰੀ ਟੀਚਰ ਜਗਜੀਤ ਕੌਰ ਨੇ ਮੈਨੂੰ ਕਿਹਾ ਕਿ ਤੇਰੀ ਆਵਾਜ਼ ਬਹੁਤ ਮਿੱਠੀ ਹੈ। ਇਸ ਲਈ ਮੈਨੂੰ ਗਾਇਕੀ ਵਿਚ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਬਹੁਤ ਅੱਗੇ ਤੱਕ ਜਾ ਸਕਦਾ ਹਾਂ।
ਕੀ ਤੁਸੀਂ ਟਰੇਂਡ ਸਿੰਗਰ ਹੋ?
ਹਾਂ, ਮੈਂ ਬੇਸ਼ਿਕ ਟਰੇਨਿੰਗ ਲਈ ਹੈ। ਆਪਣੇ ਪਿਤਾ ਤੋਂ ਮੈਂ ਬਹੁਤ ਕੁਝ ਸਿੱਖਿਆ ਹਾਂ। ਹਿੰਦੀ ਗੀਤ ਗਾਉਣੇ ਤਾਂ ਮੈਂ ਫਿਲਮਾਂ ਤੋਂ ਹੀ ਸਿੱਖਿਆ।
ਤੁਸੀਂ ਵੋਆਇਸ ਆਫ ਇੰਡੀਆ 'ਚ ਕਿਵੇਂ ਆਏ। ਆਪਣੇ ਅਡੀਸ਼ਨ ਬਾਰੇ ਕੁਝ ਦੱਸੋ?
ਇਕ ਦਿਨ ਟੈਲੀਵਿਜ਼ਨ ਦੇਖਦਿਆਂ ਮੈਨੂੰ ਪਤਾ ਲੱਗਿਆ ਕਿ ਵੋਆਇਸ ਆਫ ਇੰਡੀਆ ਨਾਂ ਦਾ ਇਕ ਰਿਐਲਟੀ ਸ਼ੋਅ ਹੋਣ ਜਾ ਰਿਹਾ ਹੈ, ਜਿਸ ਦੇ ਅਡੀਸ਼ਨ ਹੋ ਰਹੇ ਸਨ। ਮੈਂ ਵੀ ਇਸ ਵਿਚ ਆਪਣੀ ਕਿਸਮਤ ਅਜਮਾਉਣ ਦਾ ਮਨ ਬਣਾਇਆ ਪਰ ਮੇਰਾ ਪਰਿਵਾਰ ਇਸ ਦੇ ਖਿਲਾਫ ਸੀ। ਉਹ ਚਾਹੁੰਦੇ ਸਨ ਕਿ ਮੈਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਾਂ। ਕਿਉਂਕਿ ਗਾਇਕੀ ਅਤੇ ਪੜ੍ਹਾਈ ਮੈਂ ਦੋਵੇਂ ਇਕੱਠੇ ਨਹੀਂ ਕਰ ਸਕਦਾ ਸਾਂ। ਕਿਉਂਕਿ ਪੜ੍ਹਾਈ ਵਿਚ ਮੇਰਾ ਸਾਰਾ ਵਕਤ ਲੱਗ ਜਾਂਦਾ ਸੀ। ਪਰ ਮੈਂ ਆਪਣੀ ਮਾਂ ਨੂੰ ਸਿਰਫ ਇਸ ਲਈ ਮਨਾ ਲਿਆ ਕਿ ਉਹ ਮੈਨੂੰ ਅਡੀਸ਼ਨ ਵਿਚ ਜਾਣ ਦੀ ਇਜਾਜ਼ਤ ਦੇ ਦੇਵੇ। ਪਰ ਉਸ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਅਡੀਸ਼ਨ ਦੌਰਾਨ ਸਿਲੈਕਟ ਹੋ ਗਿਆ ਤਾਂ ਵੀ ਮੈਂ ਇਸ ਵਿਚ ਹਿੱਸਾ ਨਹੀਂ ਲਵਾਂਗਾ ਕਿਉਂਕਿ ਮੇਰੀ ਪੜ੍ਹਾਈ ਵੱਧ ਮਹੱਤਵਪੂਰਨ ਹੈ। ਮੈਂ ਦਿੱਲੀ ਗਿਆ ਅਤੇ ਅਡੀਸ਼ਨ ਦੌਰਾਨ ਚੁਣਿਆ ਗਿਆ। ਹਜ਼ਾਰਾਂ ਗਾਇਕਾਂ ਵਿਚੋਂ ਸਿਰਫ 39 ਗਾਇਕਾਂ ਨੂੰ ਚੁਣਿਆ ਗਿਆ ਸੀ। ਫਿਰ ਇਹਨਾਂ ਵਿਚੋਂ 33 ਅਤੇ ਅਖੀਰ ਵਿਚ 12 ਚੁਣੇ ਗਏ। ਪਰ ਮੇਰੀ ਮਾਂ ਅਜੇ ਵੀ ਕਹਿ ਰਹੀ ਸੀ ਕਿ ਮੈਂ ਇਸ ਨੂੰ ਛੱਡ ਕੇ ਵਾਪਸ ਪਰਤ ਆਵਾਂ। ਮੈਂ ਮਾਂ ਨੂੰ ਫਿਰ ਕਿਹਾ ਕਿ ਮੈਨੂੰ ਇਸ ਮੁਕਾਬਲੇ ਲਈ ਜਾਣ ਦਿੱਤਾ ਜਾਵੇ ਤਾਂ ਜੋ ਦੇਖ ਸਕਾਂ ਕਿ ਮੈਂ ਕਿੱਥੇ ਤੱਕ ਜਾ ਸਕਦਾ ਹਾਂ। ਅਖੀਰ 'ਚ ਮੇਰੇ ਰਿਸ਼ਤੇਦਾਰਾਂ ਨੇ ਇਸ ਮਾਮਲੇ 'ਚ ਦਖਲ ਦਿੱਤਾ ਅਤੇ ਮੇਰੇ ਮਾਤਾ ਪਿਤਾ ਨੂੰ ਮੁਕਾਬਲੇ 'ਚ ਹਿੱਸਾ ਲੈਣ ਲਈ ਮਨਾ ਲਿਆ।
ਤੁਸੀਂ ਫਾਈਨਲ 'ਚ ਪਹੁੰਚਣ ਤੋ ਪਹਿਲਾਂ ਹੀ ਵੱਡੇ ਸਟਾਰ ਬਣੇ ਗਏ ਹੋ, ਹੁਣ ਉਹਨਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ?
ਉਹ ਮੇਰੇ 'ਤੇ ਮਾਣ ਕਰਦੇ ਹਨ। ਹੁਣ ਹਰ ਕਿਸੇ ਨੂੰ ਮੇਰਾ ਫੈਸਲਾ ਲੱਗਦਾ। ਮੈਂ ਆਪਣਾ ਆਪਣੇ ਪਰਿਵਾਰ ਦੋਵਾਂ ਦਾ ਨਾਂ ਅੱਗੇ ਵਧਾ ਸਕਿਆਂ ਹਾਂ। ਇਸ ਸ਼ੋਅ ਕਰਕੇ ਮੈਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਸਾਡਾ ਪਰਿਵਾਰ ਹੁਣ ਸਧਾਰਨ ਪਰਿਵਾਰ ਤੋਂ ਇਕ ਸਤਿਕਾਰਿਤ ਪਰਿਵਾਰ ਬਣ ਚੁੱਕਾ ਹੈ। ਜਿਹਨਾਂ ਨੂੰ ਹਰ ਕੋਈ ਜਾਣਦਾ ਹੈ। ਮੈਂ ਜਿਸ ਤਰ੍ਹਾਂ ਦੇ ਲੋਕਾਂ ਨੂੰ ਹੁਣ ਮਿਲਦਾ ਹਾਂ ਅਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਊ ਰਿਹਾ ਹਾਂ ਉਹ ਸਾਰਾ ਕੁਝ ਇਸੇ ਸ਼ੋਅ ਕਰਕੇ ਸੰਭਵ ਹੋਇਆ।
ਸੰਗੀਤ ਵਿਚ ਤੁਹਾਡਾ ਪ੍ਰੇਰਨਾ ਸਰੋਤ ਕੌਣ ਹੈ?
ਸ਼ੁਰੂ ਵਿਚ ਮੇਰੇ ਲਈ ਮੇਰਾ ਪ੍ਰੇਰਨਾ ਸਰੋਤ ਮੇਰੇ ਪਿਤਾ ਜੀ ਸਨ। ਉਹਨਾਂ ਤੋਂ ਮੈਂ ਸਭ ਕੁਝ ਸਿੱਖਿਆ ਹਾਂ। ਫਿਰ ਮੈਂ ਮੁਹੰਮਦ ਰਫੀ ਜੀ ਨੂੰ ਗਾਉਣਾ ਸ਼ੁਰੂ ਕੀਤਾ। ਮੈਂ ਸ਼ਾਨ ਅਤੇ ਸੋਨੂੰ ਨਿਗਮ ਦਾ ਵੱਡਾ ਫੈਨ ਹਾਂ। ਮੈਂ ਉਹਨਾਂ ਦੇ ਗਾਣਿਆਂ ਨੂੰ ਬਹੁਤ ਹੀ ਗੰਭੀਰਤਾ ਅਤੇ ਧਿਆਨ ਨਾਲ ਸੁਣਦਾ ਹਾਂ ਤੇ ਉਹਨਾਂ ਵਾਂਗ ਹੀ ਗਾਉਣ ਦੀ ਕੋਸ਼ਿਸ਼ ਕਰਦਾ ਹਾਂ।
ਕੀ ਤੁਹਾਨੂੰ ਪਰਫਾਰਮੈਂਸ ਤੋਂ ਪਹਿਲਾਂ ਘਬਰਾਹਟ ਹੁੰਦੀ ਹੈ? ਤੁਸੀਂ ਆਪਣੇ ਆਪ ਨੂੰ ਸ਼ਾਂਤ ਚਿਤ ਰੱਖਣ ਲਈ ਕੋਈ ਰਸਮ ਕਰਦੇ ਹੋ?
ਸ਼ੁਰੂ ਵਿਚ ਮੈਂ ਘਬਰਾ ਜਾਂਦਾ ਸਾਂ। ਪਰ ਹੁਣ ਮੈਨੂੰ ਆਮ ਲੋਕਾਂ ਸਾਹਮਣੇ ਗਾਉਣ 'ਚ ਕੋਈ ਸਮੱਸਿਆ ਨਹੀਂ ਆਉਂਦੀ। ਕਿਉਂਕਿ ਹੁਣ ਤਾਂ ਹਰ ਰੋਜ਼ ਹੀ ਪਾਰਫਾਰਮੈਂਸ ਹੁੰਦੀ ਹੈ ਅਤੇ ਇਹ ਰੁਟੀਨ ਦਾ ਕੰਮ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਲਈ ਆਪਣੀ ਸਿਮਰਨ ਮਾਲਾ ਨਾਲ ਵਾਹਿਗੁਰੂ ਦਾ ਜਾਪ ਕਰਦਾ ਹਾਂ। ਇਸ ਮਾਲਾ ਨੂੰ ਮੈਂ ਹਮੇਸ਼ਾ ਆਪਣੇ ਗੁੱਟ ਨਾਲ ਬੰਨ੍ਹ ਕੇ ਰੱਖਦਾ ਹਾਂ।
ਇਸ ਮੁਕਾਬਲੇ ਵਿਚ ਤੁਹਾਡਾ ਸਭ ਤੋਂ ਸਖਤ ਹਿੱਸਾ ਕਿਹੜਾ ਸੀ?
ਗੀਤ ਗਾਉਣਾ ਸੌਖਾ ਹਿੱਸਾ ਹੈ। ਪਰ ਲੋਕਾਂ ਨੂੰ ਪ੍ਰਭਾਵਿਤ ਕਰਨਾ ਬਹੁਤ ਔਖਾ ਹੈ। ਪਰ ਅਖੀਰ ਵਿਚ ਸਭ ਕੁਝ ਆਪਣੇ ਆਪ ਹੋ ਗਿਆ।
ਹੁਣ ਤੱਕ ਤੁਹਾਡਾ ਸਭ ਤੋਂ ਯਾਦਗਾਰੀ ਪਲ ਕਿਹੜਾ ਹੈ?
ਹਰ ਘਟਨਾ ਹਰ ਦਿਨ ਯਾਦਗਾਰੀ ਹੁੰਦਾ ਹੈ। ਜਦੋਂ ਤੋਂ ਮੈਨੂੰ ਇਹ ਨਵਾਂ ਤਜਰਬਾ ਹੋਇਆ ਹੈ ਮੇਰੇ ਲਈ ਹਰ ਪਲ ਵਿਸ਼ੇਸ਼ ਹੋ ਗਿਆ ਹੈ। ਮੇਰੀ ਜ਼ਿੰਦਗੀ ਬਦਲ ਗਈ ਹੈ। ਮੇਰੀ ਜ਼ਿੰਦਗੀ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ।
ਜੀਵਨ ਬਿਉਰਾ
ਇਸ਼ਮੀਤ ਲੁਧਿਆਣਾ ਦੇ ਸ਼ਾਸ਼ਤਰੀ ਨਗਰ ਦਾ ਰਹਿਣ ਵਾਲਾ 19 ਸਾਲਾ ਨੌਜਵਾਨ ਸੀ। ਉਹ ਲੁਧਿਆਣਾ ਦੇ ਐਸਸੀਡੀ ਸਰਕਾਰੀ ਕਾਲਜ ਵਿਚ ਬੀ ਕਾਮ ਭਾਗ ਦੂਜਾ ਦਾ ਵਿਦਿਆਰਥੀ ਸੀ। ਉਸ ਦਾ ਜਨਮ ਪਿਤਾ ਗੁਰਪਿੰਦਰ ਸਿੰਘ ਅਤੇ ਮਾਤਾ ਅੰਮ੍ਰਿਤਪਾਲ ਕੌਰ ਦੇ ਘਰ 1989 ਨੂੰ ਹੋਇਆ। ਉਸ ਨੇ ਆਪਣੀ ਸਕੂਲੀ ਸਿੱਖਿਆ ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀਂ ਤੋਂ ਬਾਅਦ ਉਸ ਨੇ ਕਮਰਸ ਵਿਸ਼ੇ ਵਿਚ ਪਲੱਸ ਟੂ ਕੀਤੀ। ਉਸ ਦਾ ਪਰਿਵਾਰ ਪੂਰਾ ਗੁਰਸਿੱਖ ਪਰਿਵਾਰ ਹੈ ਅਤੇ ਪਰਿਵਾਰ ਵਿਚ ਹਰ ਕੋਈ ਗਾਇਕੀ ਦਾ ਸ਼ੌਕ ਰੱਖਦਾ ਹੈ। ਗੁਰਬਾਣੀ ਗਾਇਨ ਵਿਚ ਪਰਿਵਾਰ ਦੀ ਵਿਸ਼ੇਸ਼ ਰੁਚੀ ਹੈ। ਇਸ ਲਈ ਇਸ਼ਮੀਤ ਨੇ ਵੀ ਆਪਣੀ ਪਹਿਲੀ ਟੇਪ ਗੁਰਬਾਣੀ ਗਾਇਨ ਦੀ ਹੀ ਰਿਲੀਜ਼ ਕੀਤੀ। ਬਚਪਨ ਤੋਂ ਹੀ ਸੰਗਾਊ ਕਿਸਮ ਦੇ ਇਸ਼ਮੀਤ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਸੰਗੀਤ ਦੀ ਮੁੱਢਲੀ ਸਿੱਖਿਆ ਘਰ ਵਿਚ ਹੀ ਉਪਲਬਧ ਹੋ ਗਈ। ਪਰ ਨੌਵੀਂ ਕਲਾਸ ਵਿਚ ਜਦੋਂ ਉਹ ਪੜ੍ਹਦਾ ਸੀ ਤਾਂ ਉਸ ਦੇ ਟੀਚਰ ਨੇ ਉਸ ਦੇ ਹੁਨਰ ਨੂੰ ਪਛਾਣਿਆ ਅਤੇ ਉਸ ਨੂੰ ਸੰਗੀਤ ਦੇ ਸਫ਼ਰ 'ਤੇ ਅੱਗੇ ਵਧਣ ਲਈ ਹੌਸਲਾ ਦਿੱਤਾ। ਨੌਵੀਂ ਤੋਂ ਉਸ ਨੇ ਬਕਾਇਦਾ ਤੌਰ 'ਤੇ ਹਿੰਦੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਹਿੰਦੀ ਗਾਇਕ ਸ਼ਾਨ ਅਤੇ ਸੋਨੂੰ ਨਿਗਮ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਸੰਗੀਤਕਾਰ ਏ ਆਰ ਰਹਿਮਾਨ ਨਾਲ ਕੰਮ ਕਰਨ ਦਾ ਇਛੁਕ ਸੀ। ਉਸ ਨੇ 24 ਨਵੰਬਰ 2007 ਨੂੰ ਸਟਾਰ ਟੀਵੀ 'ਤੇ ਸਟਾਰ ਵੋਆਇਸ ਆਫ ਇੰਡੀਆ ਮੁਕਾਬਲਾ ਜਿੱਤਿਆ ਅਤੇ ਫਿਰ ਉਹ ਜੋ ਜੀਤਾ ਵੋਹੀ ਸੁਪਰ ਸਟਾਰ ਮੁਕਾਬਲੇ ਵਿਚ ਸ਼ਾਮਲ ਹੋਇਆ। ਪਰ 20 ਜੂਨ 2008 ਨੂੰ ਉਹ ਇਸ ਮੁਕਾਬਲੇ ਵਿਚੋਂ ਬਾਹਰ ਹੋ ਗਿਆ। ਇਸ ਮੁਕਾਬਲੇ ਵਿਚ ਸਟਾਰ ਚੈਨਲ ਨੇ ਸਾਰੇ ਮੁਕਾਬਲਿਆਂ ਦੇ ਵਿਜੇਤਾ ਅਤੇ ਉਪ ਵਿਜੇਤਾਵਾਂ ਦਾ ਮੁਕਾਬਲਾ ਕਰਵਾਇਆ ਸੀ। ਯਾਦਾਂ ਵੋਆਇਸ ਆਫ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ।
ਪ੍ਰੈਸ ਕਾਨਫਰੰਸ ਦੌਰਾਨ ਆਪਣੇ ਮਾਤਾ-ਪਿਤਾ ਨਾਲ ਇਸ਼ਮੀਤ।
ਮਾਈ ਐਫ ਐਮ (ਅੰਮ੍ਰਿਤਸਰ) ਦੇ ਦਫ਼ਤਰ ਆਏ ਇਸ਼ਮੀਤ ਨੇ ਗੱਲਬਾਤ ਦੌਰਾਨ ਕਿਹਾ, ''ਮੈਨੂੰ ਚਾਹੇ ਭੁੱਲ ਜਾਣਾ ਪਰ ਮੇਰੇ ਗੀਤ ਨਾਲ ਭੁੱਲਣਾ।'' |
Saturday, 12 October 2013
ਜੋਬਨ ਰੁੱਤ ਤੁਰ ਗਿਆ ਇਸ਼ਮੀਤ
Subscribe to:
Post Comments (Atom)
No comments:
Post a Comment