Saturday, 12 October 2013

ਵਿਰਸੇ ਦੀਆਂ ਬਾਤਾਂ-ਉਹ ਵੇਲਾ ਚੇਤੇ ਆਉਂਦਿਆਂ ਹੀ ਬਚਪਨ ਵਿਚ ਗੁਆਚ ਜਾਈਦਾ..


ਬਚਪਨ ਨੂੰ ਚੇਤੇ ਕਰਦਿਆਂ ਕਿੰਨਾ ਕੁਝ ਚੇਤੇ ਦੀ ਚੰਗੇਰ 'ਚ ਆ ਜਾਂਦਾ ਏ। ਕਿੰਨਾ ਅਣਭੋਲ ਹੁੰਦਾ ਏ ਬਚਪਨ। ਸਿਆਣੇ ਸੱਚ ਹੀ ਕਹਿੰਦੇ ਨੇ ਕਿ ਬਚਪਨ ਦੇ ਬੇਫ਼ਿਕਰੀ ਵਾਲੇ ਦਿਨ ਬੜੀ ਤੇਜ਼ੀ ਨਾਲ ਲੰਘਦੇ ਨੇ ਤੇ ਅਗਲੇ ਪੜਾਅ ਵਾਲੇ ਦਿਨ ਜਦੋਂ ਫ਼ਿਕਰ ਵੱਢ ਵੱਢ ਖਾਂਦੇ ਨੇ, ਜਾਣ ਦਾ ਨਾਂਅ ਨਹੀਂ ਲੈਂਦੇ।

ਬਚਪਨ ਦੇ ਸਬੰਧ ਵਿਚ ਸਾਹਿਤਕਾਰਾਂ ਬੜਾ ਕੁਝ ਲਿਖਿਆ ਏ। ਕਿਸੇ ਨੇ ਆਪਣੇ ਬਚਪਨ ਦੀ ਕਿਸੇ ਘਟਨਾ ਨੂੰ ਸਾਂਝੀ ਕੀਤਾ ਤੇ ਕਿਸੇ ਨੇ ਕਿਸੇ ਨੂੰ। ਸਭ ਦੀਆਂ ਯਾਦਾਂ ਅਲਹਿਦੀਆਂ ਹਨ, ਨਾ ਭੁੱਲਣਯੋਗ। ਜਦੋਂ ਸਾਡਾ ਬਚਪਨ ਸੀ, ਉਦੋਂ ਅੱਜ ਵਾਂਗ ਨਾ ਵੀਡੀਓ ਗੇਮਾਂ ਖੇਡਣ ਨੂੰ ਮਿਲਦੀਆਂ ਸਨ, ਨਾ ਬਿਜਲਈ ਖਿਡੌਣੇ ਤੇ ਨਾ ਹੀ ਰੋਂਦਿਆਂ ਨੂੰ ਚੁੱਪ ਕਰਾਉਣ ਵਾਲੀਆਂ ਹੋਰ ਚੀਜ਼ਾਂ। ਬਚਪਨ ਦੀਆਂ ਖੇਡਾਂ ਵਿਚ ਸ਼ਾਮਲ ਸਨ, ਬੰਟੇ ਖੇਡਣਾ, ਗੁੱਲੀ ਡੰਡਾ, ਬਾਂਦਰ ਕਿੱਲਾ, ਲੁਕਣਮੀਟੀ, ਕੋਟਲਾ ਛਪਾਕੀ ਤੇ ਫੜੋ ਫੜਾਈ ਆਦਿ। ਇਨ੍ਹਾਂ ਖੇਡਾਂ 'ਤੇ ਖਰਚ ਕੁਝ ਨਹੀਂ ਸੀ ਹੁੰਦਾ, ਬਸ ਮਨੋਬਲ ਦੀ ਲੋੜ ਹੁੰਦੀ ਸੀ। ਇਹ ਖੇਡਾਂ ਬੱਚਿਆਂ ਵਿਚ ਵੱਖਰੀ ਤਰ੍ਹਾਂ ਦਾ ਜਜ਼ਬਾ ਪੈਦਾ ਕਰਦੀਆਂ, ਜਿੱਥੇ ਦਿਮਾਗ਼ ਅਤੇ ਸਰੀਰ ਦੇ ਬਾਕੀ ਹਿੱਸਿਆਂ ਦੀ ਕਸਰਤ ਹੁੰਦੀ ਸੀ।
ਅੱਜ ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਬੱਚੇ ਖੇਡਣ ਲਈ ਵੀਡੀਓ ਗੇਮਾਂ ਦੀ ਜ਼ਿਦ ਕਰਦੇ ਨੇ ਤੇ ਜੇ ਸ਼ਾਮ ਤੱਕ ਨਾ ਲਿਆ ਕੇ ਦਿਓ ਤਾਂ ਅਸਮਾਨ ਸਿਰ 'ਤੇ ਚੁੱਕ ਲੈਂਦੇ ਨੇ। ਕਿਸੇ ਨਿੱਕੇ ਨਿਆਣੇ ਦੇ ਹੱਥ ਮੋਬਾਈਲ ਆ ਜਾਵੇ, ਉਹ ਇੱਕ ਮਿੰਟ ਵਿਚ ਗੇਮ ਲੱਭ ਕੇ ਖੇਡਣੀ ਸ਼ੁਰੂ ਕਰ ਦੇਂਦਾ ਏ। ਕੋਈ ਟੀ.ਵੀ 'ਤੇ ਸਾਰਾ-ਸਾਰਾ ਦਿਨ ਕਾਰਟੂਨ ਦੇਖਣ ਵਿਚ ਮਸ਼ਰੂਫ਼ ਰਹਿੰਦਾ ਏ ਤੇ ਕੋਈ ਤਰ੍ਹਾਂ-ਤਰ੍ਹਾਂ ਦੇ ਖਿਡਾਉਣਿਆਂ ਦਾ ਸਾਥ ਭਾਲਦਾ ਏ।
ਸਾਡੇ ਤੇ ਸਾਥੋਂ ਪਹਿਲੇ ਵੇਲਿਆਂ ਵਿਚ ਇਹ ਵੀ ਨਹੀਂ ਸੀ ਪਤਾ ਕਿ ਆਉਂਦੇ ਸਮੇਂ ਵਿਚ ਇਹ ਚੀਜ਼ਾਂ ਖਿਡੌਣਿਆਂ ਦੇ ਰੂਪ ਵਿਚ ਆਉਣਗੀਆਂ। ਅਸੀਂ ਤਾਂ ਆਪ ਹੀ ਤੇਸੇ ਨਾਲ ਘੜ ਕੇ ਗੁੱਲੀ ਬਣਾਉਣੀ ਤੇ ਦੋ ਕੁ ਫੁੱਟ ਦਾ ਇਕ ਡੰਡਾ ਫੜ ਕੇ ਸਾਥੀਆਂ ਨੂੰ ਘਰੋ ਘਰੀ ਜਾ ਕੇ ਕਹਿਣਾ, 'ਆਜੋ ਖੇਡੀਏ' ਤੇ ਫੇਰ ਓਨੀ ਦੇਰ ਖੇਡਦੇ ਰਹਿਣਾ, ਜਿੰਨੀ ਦੇਰ ਬੇਬੇ ਦੀਆਂ ਅਵਾਜ਼ਾਂ ਨਾ ਆਉਣੀਆਂ ਕਿ 'ਘਰ ਆ ਜਾਓ, ਰੋਟੀ ਦਾ ਵੇਲ਼ਾ ਹੋ ਚੱਲਿਆ।' ਕਈ ਵਾਰ ਅਵਾਜ਼ਾਂ ਅਣਸੁਣੀਆਂ ਕਰ ਦੇਣੀਆਂ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਪਿੱਠ 'ਤੇ ਥਾੜ ਥਾੜ ਪੈਣ ਲੱਗਣੀਆਂ। ਫੇਰ ਗੁੱਲੀ ਤੇ ਡੰਡਾ ਦੋਵੇਂ ਚੀਜ਼ਾਂ ਥਾਂਏਂ ਸੁੱਟ ਘਰ ਵੱਲ ਨੂੰ ਸ਼ੂਟ ਵੱਟ ਲੈਣੀ।
ਬੱਚਿਆਂ ਦੇ ਸਰੀਰਕ ਵਿਕਾਸ ਦੀ ਗੱਲ ਕਰਨ ਵਾਲੇ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਬੱਚਿਆਂ ਨੂੰ ਅਸੀਂ ਕਮਰਿਆਂ ਵਿਚ ਬੰਦ ਰੱਖ ਕੇ ਰੋਬੋਟ ਵਰਗੇ ਬਣਾ ਰਹੇ ਹਾਂ। ਜਿੰਨੀ ਦੇਰ ਅਸੀਂ ਬੱਚਿਆਂ ਨੂੰ ਸਾਥੀਆਂ ਨਾਲ ਖੇਡਣ ਕੁੱਦਣ ਨਹੀਂ ਦੇਵਾਂਗੇ, ਓਨੀ ਦੇਰ ਉਨ੍ਹਾਂ ਵਿਚ ਮਿਲਵਰਤਣ ਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕਿਵੇਂ ਹੋਏਗਾ। ਉਨ੍ਹਾਂ ਅੰਦਰ ਦੂਜੇ ਦੇ ਕੰਮ ਆਉਣ ਦੀ ਭਾਵਨਾ ਕਿਵੇਂ ਵਿਕਸਿਤ ਹੋਏਗੀ, ਉਹ ਦੂਜੇ ਦੀ ਖੁਸ਼ੀ ਅਤੇ ਦੁੱਖ ਨੂੰ ਮਹਿਸੂਸ ਕਰਨ ਦੇ ਆਦੀ ਕਿਵੇਂ ਹੋਣਗੇ। ਜਦਕਿ ਪਹਿਲੇ ਵੇਲਿਆਂ ਵਿਚ ਇਹ ਸੱਭੇ ਗੁਣ ਬੱਚਿਆਂ ਅੰਦਰ ਕੁਦਰਤੀ ਆ ਜਾਂਦੇ ਸਨ। ਖੇਡਣ ਮੌਕੇ ਆਪਣੀ ਵਾਰੀ ਦੀ ਉਡੀਕ ਕਰਨੀ ਤੇ ਸਾਥੀ ਖਿਡਾਰੀਆਂ ਦਾ ਖਿਆਲ ਰੱਖਣ ਦੇ ਗੁਣ ਆਪੇ ਪੈਦਾ ਹੁੰਦੇ ਸਨ।
ਹੁਣ ਉਹ ਵੇਲ਼ਾ ਤਾਂ ਨਹੀਂ ਆ ਸਕਦਾ, ਪਰ ਯਾਦਾਂ ਜ਼ਰੂਰ ਆਉਂਦੀਆਂ ਹਨ। ਸ਼ਾਇਦ ਮੁਫ਼ਤ ਵਾਲੀਆਂ ਖੇਡਾਂ ਜ਼ਿਆਦਾ ਸਕੂਨ ਵਾਲੀਆਂ ਸਨ ਅਤੇ ਅੱਜ ਦੀਆਂ ਖੇਡਾਂ ਓਨਾ ਮਨਪ੍ਰਚਾਵਾ ਨਹੀਂ ਕਰ ਸਕਦੀਆਂ।
ਸਵਰਨ ਸਿੰਘ ਟਹਿਣਾ

No comments:

Post a Comment