Tuesday 20 November 2012

ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ



ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ ਵਖ ਸੀ। ਯਾਤਰਾਵਾਂ ਸਮੇਂ ਦਰਬਾਰ ਸਾਹਿਬ ਮਥਾ ਟੇਕਦਿਆਂ ਦਿਤੇ ਚੜ੍ਹਾਵੇ ਜਾਂ ਅਰਦਾਸਾਂ ਦੇ ਵੇਰਵੇ ਜਿਸ ਤਰ੍ਹਾਂ ਉਮਦਾ ਅਤੇ ਤਵਾਰੀਖ ਵਿਚ ਦਿਤੇ ਗਏ ਹਨ, ਨੂੰ ਹੀ ਮੁਖ ਰੂਪ ਵਿਚ ਆਧਾਰ ਬਣਾ ਕੇ ਇਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਸਮਝਣ ਦਾ ਯਤਨ ਕੀਤਾ ਗਿਆ ਹੈ। ਤਵਾਰੀਖ ਦੇ ਦੂਜੇ ਤੇ ਤੀਜੇ ਦਫਤਰ ਦਾ ਇਸਤੇਮਾਲ ਕੀਤਾ ਗਿਆ। ਹਾਂ ਦਲੀਲਾਂ ਦੀ ਪ੍ਰੋੜ੍ਹਤਾ ਲਈ ਸਮਕਾਲੀ ਅੰਗਰੇਜ਼ੀ ਲਿਖਤਾਂ ਦਾ ਵੀ ਸਹਾਰਾ ਲਿਆ ਗਿਆ ਹੈ। ਵੇਰਵੇ 1802 ਈ ਤੋਂ ਸੁਰੂ ਹੁੰਦੇ ਹਨ ਤੇ ਅਧ ਅਪ੍ਰੈਲ 1839 ਤਕ ਦੇ ਹਨ। ਬੇਸ਼ਕ ਇਕ ਅੱਧਾ ਵੇਰਵਾ 1799 ਈ ਬਾਰੇ ਵੀ ਦਰਜ ਮਿਲਦਾ ਹੈ।
ਤਵਾਰੀਖ ਦੇ ਇੰਦਰਾਜ਼ਾਂ ਤੋਂ ਦਰਬਾਰ ਸਾਹਿਬ ਦੀ ਵਧ ਰਹੀ ਰਾਜਸੀ ਮਹਤਤਾ ਝਲਕਦੀ ਹੈ। ਇਸ ਤੋਂ ਬਿਨਾਂ ਮਹਾਰਾਜੇ ਦੀ ਪਤਲੀ ਪੈਂਦੀ ਸਰੀਰਕ ਅਵਸਥਾ ਤੇ ਸੋਹਨ ਲਾਲ ਸੂਰੀ ਦੀ ਇਤਿਹਾਸਕਾਰੀ ਦੇ ਵੀ ਦਰਸ਼ਨ ਹੁੰਦੇ ਹਨ। ਜਾਤੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਨਾਲ ਮਹਾਰਾਜੇ ਦੀਆਂ ਰਾਜਸੀ ਇਛਾਵਾਂ ਤੇ ਉਲਝਣਾਂ ਕਰਕੇ ਤੇਜ਼ੀ ਨਾਲ ਗਿਰ ਰਹੀ ਦੇਹ ਮਹਿਸੂਸ ਕੀਤੀ ਜਾ ਸਕਦੀ ਹੈ। ਅੰਗਰੇਜ਼ਾਂ ਦੀ ਤਿਖੀ ਦਿਲਚਸਪੀ ਵੀ ਨਜ਼ਰ ਆਊਂਦੀ ਹੈ। ਉਦਾਹਰਣ ਲਈ ਦਫਤਰ ਦੂਜੇ ਤੇ ਤੀਜੇ ਦੀ ਸਰਸਰੀ ਤੁਲਨਾ ਦਸਦੀ ਹੈ ਕਿ 1831 ਈ ਪਿਛੋਂ ਜਾਂ ਦਫਤਰ ਤੀਜੇ ਵਿਚ ਆਏ ਵੇਰਵੇ ਖੁਲ੍ਹੇ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਵਾਲੇ ਹਨ। ਯਾਤਰਾਵਾਂ ਦੀ ਗਿਣਤੀ ਵਧਦੀ ਹੈ। ਸਾਨੂੰ ਪਤਾ ਹੈ ਕਿ ਇਹ ਸਾਲ ਰੋਪੜ ਮੁਲਾਕਾਤ ਦਾ ਸੀ ਪਰ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਇਸੇ ਵਰ੍ਹੇ ਵੇਡ ਤਵਾਰੀਖ ਸੁਣਦਾ ਹੈ ਤੇ ਸੂਰੀ ਦੀ ਤਾਰੀਫ ਕਰਦਾ ਹੈ। ਇੰਝ 1831 ਤੋਂ ਬਾਅਦ ਤਵਾਰੀਖ ਵਿਚ ਦਰਬਾਰ ਸਾਹਿਬ ਦਾ ਆਇਆ ਵਧੇਰੇ ਜ਼ਿਕਰ ਇਸ ਗਲ ਦਾ ਸਬੂਤ ਹੈ ਕਿ ਅੰਗਰੇਜ਼ਾਂ ਦੀ ਦਿਲਚਸਪੀ ਹਰਮੰਦਰ ਸਾਹਿਬ ਜੀ ਨੂੰ ਹੀ ਨਹੀਂ ਸਗੋਂ ਸਿਖ ਇਤਿਹਾਸਕਾਰੀ ਨੂੰ ਵੀ ਪ੍ਰਭਾਵਤ ਕਰਦੀ ਹੈ।

ਯਾਤਰਾਵਾਂ ਦੇ ਤਵਾਰੀਖ ਵਿਚ ਆਏ ਚਿਤਰਣਾਂ ਦੀਆਂ ਅਨੇਕ ਵੰਨਗੀਆਂ ਹਨ। ਪਹਿਲੀ, ਲਾਹੌਰ ਤੇ ਅੰਮ੍ਰਿਤਸਰ ਦੀਆਂ ਜਿਤਾਂ ਵਿਚਕਾਰ ਛੇ ਸਾਲਾਂ ਦੌਰਾਨ ਰਣਜੀਤ ਸਿੰਘ ਦੋ ਵਾਰ ਹਰਮੰਦਰ ਆਏ। ਪਹਿਲਾਂ ਲਾਹੌਰ ਦੀ ਜਿਤ ਦਾ ਫਿਰ ਅੰਮ੍ਰਿਤਸਰ ਦੀ ਜਿਤ ਦਾ ਇਸ਼ਨਾਨ ਕੀਤਾ। ਸੂਰੀ ਦੇ ਇੰਦਰਾਜ ਅਤਿ ਸੰਖੇਪ ਹਨ। ਬੇਟ ਜਾਂ ਅਰਦਾਸ ਦੀ ਰਕਮ ਦਾ ਜ਼ਿਕਰ ਨਹੀਂ। ਇਸ ਤੋਂ ਵਖ 1805 ਈ ਦੇ ਅੰਤ ਵਿਚ ਹੁਲਕਰ ਤੇ ਲਾਰਡ ਲੇਕ ਵਾਲੀ ਘਟਨਾ ਦਾ ਵਿਸਤ੍ਰਿਤ ਹਵਾਲਾ ਹੈ। ਤਵਾਰੀਖ ਦਸਦੀ ਹੈ ਕਿ ਮਹਾਰਾਜੇ ਤੇ ਮਰਾਠੇ ਸਰਦਾਰ ਦੋਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਕਾਰ ਨੇ ਅੰਗਰੇਜ਼ਾਂ ਨਾਲ ਏਕਤਾ ਤੇ ਹੁਲਕਰ ਦਾ ਸਾਥ ਦੇਣ ਦਾ ਫੈਸਲ਼ਾ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਦੋ ਪਰਚੀਆਂ ਪਾ ਕੇ ਕੀਤਾ, ਹਾਲਾਂਕਿ ਇਸ ਫੈਸਲ਼ੇ ਦਾ ਡੇਰੇ ਦੇ ਕੁਝ ਵਿਅਕਤੀਆਂ ਵਲੋਂ ਵਿਰੋਧ ਵੀ ਹੋਇਆ। ਸਾਨੂੰ ਪਤਾ ਹੈ ਕਿ ਹੁਲਕਰ ਨੇ ਦਰਬਾਰ ਸਾਹਿਬ ਨਕਦੀ ਭੇਟਾ ਕੀਤੀ ਤੇ ਧਰਮ ਦਾ ਵਾਸਤਾ ਪਾਇਆ।

ਦੂਸਰੀ, 1806 ਈ ਦੀ ਇੰਦਰਾਜ ਹੈ ਕਿ ਮਹਿਤਾਬ ਕੌਰ ਦੇ ਘਰ ਸ਼ੇਰ ਸਿੰਘ ਦੇ ਪੈਦਾ ਹੋਣ ਦੀ ਖਬਰ ਸੁਣ ਕੇ ਸਰਕਾਰ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਪੁਜੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਹਦ ਖੁਸ਼ ਹੋਏ। ਹੈਨਰੀ ਪਿਸੰਪ ਦਾ ਸ਼ੇਰ ਸਿੰਘ ਦੇ ਜਨਮ ਬਾਰੇ ਬਿਊਰਾ ਅਫਵਾਹ ਤੋਂ ਵਧ ਮਹਿਜ਼ ਪ੍ਰਾਪੇਗੰਡਾ ਸੀ। ਪਿੰਸਪ ਦਾ ਕਥਨ ਹੈ ਕਿ ਸ਼ੇਰ ਸਿੰਘ ਮਹਾਰਾਜੇ ਦਾ ਸਪੁਤਰ ਨਹੀਂ ਸੀ।

ਤੀਸਰਾ, 1807 ਤੇ 1811 ਈ ਦੇ ਪੰਜ ਸਾਲਾਂ ਬਾਰੇ ਸੂਰੀ ਫਿਰ ਖਾਮੋਸ਼ ਹੈ। 1807 ਨੂੰ ਮਹਾਰਾਜੇ ਨੇ ਮਾਘੀ ਤੇ ਇਸ਼ਨਾਨ ਜ਼ਰੂਰ ਕੀਤਾ। 1808 ਤੇ 1809 ਦੇ ਰਾਜਨੀਤਕ ਮਹਤਵਪੂਰਨ ਸਮੇਂ ਪਖੋਂ ਦਰਬਾਰ ਸਾਹਿਬ ਬਾਰੇ ਤਵਾਰੀਖ ਚੁਪ ਹੈ। ਚਾਰਲਸ ਮੈਟਕਾਫ ਤੇ ਹੋਰ ਅੰਗਰੇਜ਼ੀ ਲੇਖਕ ਦਸਦੇ ਹਨ ਕਿ ਕੰਪਨੀ ਕਿਸ ਤਰ੍ਹਾਂ ਮਹੰਤਾਂ, ਪੁਜਾਰੀਆਂ ਅਕਾਲੀਆਂ ਵਰਗੇ ਸਿਖ ਧਾਰਮਿਕ ਵਰਗਾਂ ਨੂੰ ਖੁਸ਼ ਕਰਨ ਲਈ ਸਰਗਰਮ ਸੀ। ਜੋਨਜ ਨੇ 1808 ਈ ਵਿਚ ਹਰਮੰਦਰ ਜੀ ਦੇ ਨੌਜੀ ਪੁਜਾਰੀਆਂ ਗ੍ਰੰਥੀਆਂ ਦੀ ਗਿਣਤੀ 500-600 ਦਿਤੀ ਹੈ। ਮੈਟਕਾਫ ਨੇ 2600 ਤੋਂ ਵਧ ਰੁਪਏ ਦਰਬਾਰ ਸਾਹਿਬ ਵਿਚ ਖਰਚੇ। ਉਸ ਨੇ ਗਵਰਨਰ ਜਰਨਲ ਨੂੰ ਲਿਖਿਆ ਕਿ ਸਿਖਾਂ ਉਪਰ ਚੰਗਾ ਪ੍ਰਭਾਵ ਪਾਉਣ ਦਾ ਇਕ ਤਰੀਕਾ ਇਹ ਵੀ ਸੀ।

ਚੌਥਾ, 1812 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ। ਸ਼ਹਿਜਾਦੇ ਦੀ ਸ਼ਾਦੀ, ਦੀਵਾਲੀ, ਮਾਘੀ ਤੇ ਤਾਰਾਗੜ੍ਹ ਦੇ ਕਿਲ੍ਹੇ ਨੂੰ ਜਿਤ ਕੇ ਰਣਜੀਤ ਸਿੰਘ ਨੇ ਦਰਸ਼ਨ ਇਸ਼ਨਾਨ ਕੀਤੇ। 1813 ਵਿਚ ਅਟਕ ਦੀ ਜਿਤ ਤੇ 1814 ਵਿਚ ਮੋਹਕਮ ਚੰਦ ਦੇ ਚਲਾਣੇ ਬਾਅਦ ਵੀ ਇਸ਼ਨਾਨ ਦਾ ਜ਼ਿਕਰ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਦਾ ਵੇਰਵਾ ਵੀ ਹੈ। 1816 ਦੀ ਏਕਾਦਸੀ ਤੇ ਖੜ੍ਹਕ ਸਿੰਘ ਨੂੰ ਰਾਜ ਤਿਲਕ ਦੇ ਦਰਸ਼ਨ ਇਸ਼ਨਾਨ ਕਰਨ ਦਾ ਜ਼ਿਕਰ ਹੈ।

1817 ਈ ਦੀ ਵਿਸਾਖੀ ਨੂੰ ਤੇ ਫਿਰ ਨੂਰਪੁਰ ਕਿਲ੍ਹੇ ਦੀ ਫਤਹਿ ਤੇ ਇਸ਼ਨਾਨ ਕੀਤੇ। ਫਤਿਹ ਇਸ਼ਨਾਨ ਵੇਲੇ ਪੰਜ ਹਜ਼ਾਰ ਰੁਪਏ ਹਰਮੰਦਰ ਜੀ ਨੂੰ ਭੇਟ ਕੀਤੇ ਗਏ। ਪਹਿਲੀ ਵਾਰ ਤਵਾਰੀਖ ਆਖਦੀ ਹੈ ਕਿ ਸਰਕਾਰ ਨੂੰ ਅਜਿਹੇ ਇਸ਼ਨਾਨ "ਸਾਰੇ ਮਾਲੀ ਤੇ ਮੁਲਕੀ ਮਾਮਲਿਆਂ ਨਾਲੋਂ ਵਾਜਬ ਉਤਮ ਲਗਦੇ ਹਨ"।  ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨੂੰ ਅੰਗਰੇਜ਼ੀ ਹਲਕੇ ਮਹਾਰਾਜੇ ਦੀ ਸਿਹਤ ਲਈ ਸਹੀ ਨਹੀਂ ਮੰਨਦੇ। ਇਸ ਵਰ੍ਹੇ ਉਹ ਕਿਸੇ ਮੁਹਿੰਮ ਤੇ ਨਹੀਂ ਨਿਕਲੇ।

ਛੇਵਾਂ 1818 ਤੋਂ ਬਾਅਦ ਤਵਾਰੀਖ ਹਰਮੰਦਰ ਸਾਹਿਬ ਦੇ ਨਾਲ ਨਾਲ ਅਕਾਲ ਬੁੰਗੇ ਦਾ ਜ਼ਿਕਰ ਕਰਦੀ ਹੈ। ਪੁਜਾਰੀਆਂ ਲਈ ਦੂਸਰਾ ਸਬਦ ਅਕਾਲੀ ਹੈ। ਇਸ ਸਾਲ ਮਹਾਰਾਜੇ ਨੇ ਚਾਰ ਵਾਰ ਯਾਤਰਾ ਕੀਤੀ।

ਸੱਤਵਾਂ, 1819 ਈ ਦੀ ਪਹਿਲੀ ਫੇਰੀ ਸਮੇਂ ਸਰਕਾਰ ਨੇ 500 ਰੁਪਏ ਦਰਬਾਰ ਸਾਹਿਬ ਨੂੰ ਚੜ੍ਹਾਵੇ ਵਜੋਂ ਤੇ ਇੰਨੇ ਹੀ ਗ੍ਰੰਥ ਜੀ ਨੂੰ ਭੇਟ ਕੀਤੇ। ਦੂਸਰੀ ਯਾਤਰਾ ਸਮੇਂ ਇੰਨੀ ਹੀ ਰਕਮ ਦਰਬਾਰ ਸਾਹਿਬ ਤੇ ਅਕਾਲੀ ਬੁੰਗੇ ਚੜ੍ਹਾਈ ਗਈ। ਤੀਸਰੀ ਵਾਰ ਕਸ਼ਮੀਰ ਦੀ ਜਿਤ ਤੇ 1000 ਰੁਪਏ ਦਰਬਾਰ ਜੀ ਤੇ ਅਕਾਲ ਬੁੰਗੇ ਅਰਦਾਸ ਕੀਤੇ ਗਏ।

ਅੱਠਵਾਂ, 1820 ਈ ਦੀ ਇਕਲੀ ਇੰਦਰਾਜ ਵਿਚ ਪਹਿਲੀ ਵਾਰ ਮਹਾਰਾਜੇ ਦੀ ਸਿਹਤ ਦਾ ਜ਼ਿਕਰ ਹੈ। ਸਿਹਤ ਸੁਕਰਾਨੇ ਵਜੋਂ ਉਨ੍ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। 1000 ਰੁਪਏ ਦਰਬਾਰ ਸਾਹਿਬ ਤੇ 500 ਰੁਪਏ ਅਕਾਲ ਬੁੰਗੇ ਤੇ ਗ੍ਰੰਥ ਜੀ ਨੂੰ ਅਰਦਾਸ ਕੀਤੇ।

ਨੌਵਾਂ, 1827 ਈ ਨੂੰ ਰਾਜਾ ਧਿਆਨ ਸਿੰਘ ਨੇ ਵੇਡ ਨੂੰ ਹਰਮੰਦਰ ਦੇ ਦਰਸ਼ਨ ਕਰਵਾਏ। ਵੇਡ ਸਾਹਿਬ ਪਹਿਲਾਂ ਅਕਾਲ ਬੁੰਗੇ ਗਏ ਤੇ ਸਵਾ ਪੰਜ ਸੌ ਰੁਪਏ ਦੀ ਅਰਦਾਸ ਕਰਵਾਈ।

ਦਸਵਾਂ , 1828 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਵਿਚ ਵਾਧਾ ਹੁੰਦਾ ਹੈ। ਦਰਬਾਰ ਸਾਹਿਬ ਦੇ ਪੂਜਾ ਸਥਾਨ, ਜਿਨ੍ਹਾਂ ਤੇ ਉਹ ਜਾਂਦੇ ਹਨ, ਵੀ ਗਿਣਤੀ ਵਿਚ ਵਧ ਜਾਂਦੇ ਹਨ। ਅਕਾਲ ਬੁੰਗੇ ਨਾਲ ਝੰਡੇ ਬੁੰਗੇ ਦਾ ਵੀ ਹਵਾਲਾ ਸੁਰੂ ਹੁੰਦਾ ਹੈ। ਸੰਗਰਾਂਦ ਦੇ ਇਸ਼ਨਾਨ ਵਧਦੇ ਹਨ। 1829 ਈ ਸਰਕਾਰ ਪੰਜ ਵਾਰ ਦਰਬਾਰ ਸਾਹਿਬ ਗਏ। 1830 ਵਿਚ ਤੁਲਾਦਾਨ ਕੀਤਾ।

1828 ਈ ਨੂੰ ਮਹਾਰਾਜੇ ਨੇ ਦਰਬਾਰ ਸਾਹਿਬ ਵਿਚ ਆਪਣੇ ਪ੍ਰਬੰਧਕ ਬਦਲੇ। ਭਾਈ ਸੰਤ ਸਿੰਘ ਦੀ ਥਾਂ ਭਾਈ ਹਰਜਸ ਰਾਏ ਦੇ ਪੁਤਰਾਂ ਭਾਈ ਰਾਮ ਸਿੰਘ ਤੇ ਗੋਬਿੰਦ ਰਾਮ ਨੂੰ ਨਿਯੁਕਤ ਕੀਤਾ ਕਿਉਂਕਿ ਪੁਰਾਣੇ ਭਾਈਆਂ ਸੋਢੀਆਂ ਤੇ ਬੇਦੀਆਂ ਰਾਹੀਂ ਦਾਨ ਪੁੰਨ ਕੇਵਲ ਅਮੀਰਾਂ ਤੇ ਲੋੜਵੰਦਾਂ ਤੇ ਹੀ ਖਰਚ ਹੁੰਦਾ ਸੀ, ਗਰੀਬਾਂ ਤਕ ਨਹੀਂ ਪੁਜਦਾ ਸੀ।

9 ਜੁਲਾਈ, 1831 ਨੂੰ ਮਹਾਰਾਜੇ ਨੇ ਗ੍ਰੰਥ ਜੀ ਤੋਂ ਫਿਰ ਪੁਛਿਆ ਲਈ। ਤਵਾਰੀਖ ਗਵਾਹ ਹੈ ਕਿ ਹੁਲਕਰ ਵਾਲਾ ਫੈਸਲ਼ਾ ਵੀ ਇੰਜ ਹੀ ਲਿਆ ਗਿਆ ਸੀ। ਅਗਸਤ ਦੇ ਅਧ ਵਿਚ ਮਹਾਰਾਜੇ ਨੇ ਆਪ ਐਲਗਜੈਂਡਰ ਬਰਨਸ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਅਕਾਲੀਆਂ ਤੋਂ ਹਿਫਾਜ਼ਤ ਜ਼ਰੂਰੀ ਸੀ। ਇਸ ਮੌਕੇ ਵਡੀ ਗਿਣਤੀ ਵਿਚ ਲੋਕ ਦਰਬਾਰ ਸਾਹਿਬ ਅੰਦਰ ਆ ਗਰੇ ਸਨ। ਮਹਾਰਾਜਾ ਕਈ ਦਿਨ ਅੰਮ੍ਰਿਤਸਰ ਟਿਕੇ ਰਹੇ।

1832 ਈ ਦੀਆਂ ਫੇਰੀਆਂ ਦੋ ਗਲਾਂ ਕਾਰਨ ਦਿਲਚਸਪ ਹਨ। ਪਹਿਲਾ, ਅਰਦਾਸ ਦੀ ਰਕਮ ਵਿਚ ਅਸ਼ਰਫੀਆਂ ਸ਼ਾਮਲ ਕੀਤੀਆਂ ਗਈਆਂ। ਦੂਜਾ ਲੋਕਾਂ ਪ੍ਰਤੀ ਮਹਾਰਾਜਾ ਵਧੇਰੇ ਸੰਵੇਦਨਸ਼ੀਲ ਹੋ ਗਏ। ਉਨ੍ਹਾਂ ਵਿਸਾਖੀ ਇਸ਼ਨਾਨ ਕੀਤਾ ਕਿਉਂਕਿ ਇਸ ਮੌਕੇ ਲੋਕ ਵਡੀ ਗਿਣਤੀ ਵਿਚ ਇਕਤਰ ਹੁੰਦੇ ਹਨ। ਇਕ ਫੇਰੀ ਦੌਰਾਨ ਸਰਕਾਰ ਨੇ ਘੰਟਾ ਭਰ ਗ੍ਰੰਥ ਜੀ ਨੂੰ ਸੁਣਿਆ। ਗ੍ਰੰਥ ਜੀ ਦੀ ਵਧਦੀ ਮਹਤਤਾ ਇੰਝ ਵੀ ਮਹਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੀ ਫੇਰੀ ਸਮੇਂ ਮਹਾਰਾਜੇ ਨੇ 125 ਰੁਪਏ ਗ੍ਰੰਥ ਨੂੰ ਉਂਝ ਹੀ ਭੇਟ ਕੀਤੇ ਗਏ। ਇਸ ਤੋਂ ਅੰਮ੍ਰਿਤਸਰ ਦੀ ਲੋਕਾਂ ਦੀ ਵਧ ਰਹੀ ਮਹਤਤਾ ਵੀ ਨਜ਼ਰ ਆਉਂਦੀ ਹੈ, ਜਦ ਨਵੰਬਰ 1833 ਈ ਦੀ ਇਕ ਫੇਰੀ ਸਮੇਂ ਮਹਾਰਾਜੇ ਨੇ ਆਪਣਾ ਸੁਹਣੇ ਮੋਤੀਆਂ ਦਾ ਹਾਰ ਗ੍ਰੰਥ ਜੀ ਨੂੰ ਮਥਾ ਟੇਕ ਦਿਤਾ।

1835 ਈ ਨੂੰ 11,000 ਰੁਪਏ ਹਰਮੰਦਰ ਦੀ ਪਰਕਰਮਾ ਪਕਿਆਂ ਕਰਨ ਲਈ ਭੇਜੇ ਗਏ। ਅਕਤੂਬਰ ਦੀ ਫੇਰੀ ਸਮੇਂ 500 ਅਸ਼ਰਫੀਆਂ ਸੋਨ ਪਤਰੇ ਚੜ੍ਹਾਉਣ ਲਈ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਨ੍ਹਾਂ ਵਿਚ 100 ਰੁਮਾਲੇ ਤੇ ਮਹਾਰਾਜੇ ਦੇ 2500 ਰੁਪਏ ਨਕਦ ਸਨ। ਇਸ ਵਰ੍ਹੇ ਦੀਵਾਲੀ ਨੂੰ 511 ਅਸ਼ਰਫੀਆਂ ਵੀ ਭੇਟ ਕੀਤੀਆਂ ਗਈਆਂ।

ਗਿਆਰਵਾਂ, 1836 ਈ ਦੇ ਸੁਰੂ ਵਿਚ ਅੰਗਰੇਜ਼ ਮਹਿਮਾਨਾਂ ਨੇ ਦਰਬਾਰ ਸਹਿਬ ਦੇ ਦਰਸ਼ਨ ਕੀਤੇ। 1835 ਈ ਵਿਚ ਦਰਬਾਰ ਸਾਹਿਬ ਦੀ ਸਜਾਵਟ ਦਾ ਇਹ ਵੀ ਕਾਰਨ ਸੀ। ਜਨਵਰੀ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਹੁਕਮ ਹੋਇਆ ਕਿ ਬੈਰਨ ਹੁਗਲ ਦੀ ਫੇਰੀ ਦਾ ਉਹ ਆਪ ਪ੍ਰਬੰਧ ਕਰੇ ਤਾਂ ਕਿ ਨਿਹੰਗ ਜਾਂ ਕੋਈ ਹੋਰ ਸ਼ਰਾਰਤ ਨਾ ਕਰਨ। 1837 ਈ ਵਿਚ ਉਨ੍ਹਾਂ ਪੰਜ ਵਾਰ ਦਰਸ਼ਨ ਇਸ਼ਨਾਨ ਕੀਤੇ।

ਬਾਰ੍ਹਵਾਂ, 1838 ਈ ਵਿਚ ਮਹਾਰਾਜੇ ਨੇ ਆਪਣੇ ਜੀਵਨ ਦੀਆਂ ਸਭ ਤੋਂ ਵਧ ਫੇਰੀਆਂ ਦਰਬਾਰ ਸਾਹਿਬ ਪਾਈਆਂ। ਇਕ ਦਰਜਨ ਤੋਂ ਵਧ ਵਾਰ ਭੇਟ ਅਰਦਾਸਾਂ ਕੀਤੀਆਂ ਗਈਆਂ। ਜਨਵਰੀ ਅਪ੍ਰੈਲ ਦੌਰਾਨ ਸੋਨੇ ਦੇ ਘਵੇ ਚੜ੍ਹਾਏ ਗਏ। 1839 ਦੀ ਭਜ ਨਸ ਉਨ੍ਹਾਂ ਦੇ ਅਚਾਨਕ ਅੰਤ ਲਈ ਜ਼ਿੰਮੇਵਾਰ ਸੀ। ਲਾਟ ਨੇ 11,250 ਰੁਪਏ ਦਰਬਾਰ ਜੀ ਨੂੰ ਭੇਟ ਕੀਤੇ। ਇਥੇ ਆਕਲੈਂਡ ਨੇ ਦੋਹਾਂ ਸਰਕਾਰਾਂ ਵਿਚਕਾਰ ਦੋਸਤੀ ਲਈ ਹਥ ਬੰਨ੍ਹ ਕੇ ਪ੍ਰਾਰਥਨਾ ਕੀਤੀ। ਫਿਰ ਦੋਵੇਂ ਸਰਕਾਰਾਂ ਸ਼ੁਕਰਚਕੀਆਂ ਬੁੰਗੇ ਗਈਆਂ ਤੇ ਸਾਂਝੈ ਦਰਸ਼ਨ ਜਨਤਾ ਨੂੰ ਦਿਤੇ।

5 ਫਰਵਰੀ, 1839 ਨੂੰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸ਼ਿਕਵਾ ਕੀਤਾ ਕਿ ਉਸ ਵਲੋਂ ਦੀਪਮਾਲਾ ਤੇ ਕੀਤਾ ਗਿਆ ਖਰਚ ਸਰਕਾਰ ਨੇ ਪੂਰਾ ਨਹੀਂ ਕੀਤਾ। ਨਿਰਸੰਦੇਹ ਆਕਲੈਂਡ ਦੀ ਨੀਤੀ ਤੇ ਦੌਰਾ ਮਹਾਰਾਜੇ ਲਈ ਫਜ਼ੂਲ ਬੋਝ ਵਾਂਗ ਸੀ। ਸਿਖਾਂ ਨੂੰ ਅਫਗ਼ਾਨਿਸਤਾਨ ਖਿਲਾਫ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

17 ਦਸੰਬਰ 1838 ਤੋਂ 7 ਮਾਰਚ, 1839 ਤਕ ਮਹਾਰਾਜੇ ਵਲੋਂ ਦਰਬਾਰ ਸਾਹਿਬ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ। 8 ਮਾਰਚ ਨੂੰ ਉਨ੍ਹਾਂ ਹਰਮੰਦਰ ਦੇ ਦਰਸ਼ਨ ਕੀਤੇ। 23 ਮਾਰਚ ਨੂੰ ਪਹਿਲਾਂ ਆਪਣੇ ਬੁੰਗੇ ਆ ਕੇ ਸਾਹ ਲਿਆ। ਫੇਰ ਕਾਸ ਕਿਸ਼ਤੀ ਰਾਹੀਂ ਹਰ ਕੀ ਪਾਉੜੀ ਹੋ ਕੇ ਦਰਬਾਰ ਸਾਹਿਬ ਗੁਰਬਾਣੀ ਸੁਣੀ ਤੇ 525 ਰੁਪਏ ਅਰਦਾਸ ਕਰਾਈ। 250 ਰੁਪਏ ਅਕਾਲ ਬੁੰਗੇ ਭੇਟ ਕੀਤੇ। 9 ਅਪ੍ਰੈਲ ਨੂੰ ਭਾਈ ਗੁਰਮੁਖ ਸਿੰਘ ਲਾਹੌਰ ਚੜ੍ਹਾਵਾ ਲੈ ਕੇ ਆਇਆ। ਤਵਾਰੀਖ ਦੇ ਇੰਦਰਾਜ ਅਤਿਅੰਤ ਸੰਖੇਪ ਹਨ। ਕਹਾਣੀ ਆਪਣੇ ਅੰਤ ਨੂੰ ਪਹੁੰਚ ਰਹੀ ਸੀ।

- ਨਾਜਰ ਸਿੰਘ

Tuesday 6 November 2012

ਪਾਕਿ-ਸਥਾਨਾਂ ਦੇ ਦਰਸ਼ਨਾਂ 'ਚ ਖੁਦ ਭਾਰਤੀ ਸਰਕਾਰ ਹੀ ਰੁਕਾਵਟ




ਸਿੱਖਾਂ ਨੂੰ ਪਾਕਿਸਤਾਨ ਅੰਦਰਲੇ ਤਕਰੀਬਨ 400 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆਂ ਨੂੰ ਅੱਜ ਲਗ ਪਗ 60-65 ਸਾਲ ਹੋ ਗਏ ਨੇ । ਕਈ ਸਥਾਨ ਤਾਂ ਹੁਣ ਤਕ ਅਲੋਪ ਹੀ ਹੋ ਚੁੱਕੇ ਨੇ ਤੇ 5 ਕੁ ਸਾਲਾਂ ਵਿਚ ਕੋਈ 40% ਹੋਰ ਡਿੱਗ ਢੱਠ ਜਾਣੇ ਨੇ। ਓਧਰ ਜਦੋਂ ਸਿੱਖ ਪਾਕ ਵੀਜੇ ਲਈ ਦਰਖਾਸਤ ਕਰਦਾ ਹੈ ਤਾਂ ਸੀ ਆਈ ਡੀ ਉਸ ਦੁਆਲੇ ਹੋ ਜਾਂਦੀ ਹੈ। ਜੇ ਕਿਤੇ ਥੋੜੇ ਬਹੁਤ ਜਥੇ ਜਾਣ ਵੀ ਦਿਤੇ ਜਾਂਦੇ ਹਨ ਤਾਂ ਉਹ ਵੀ ਸਾਲ ਵਿਚ ਇਕ ਦੋ ਵਾਰੀ, ਸਿਰਫ ਇਕ ਦੋ ਥਾਵਾਂ ਤੇ ਹੀ ਅਤੇ ਸਧਾਰਨ ਕਰਾਏ ਤੋਂ ਸੈਂਕੜੇ ਗੁਣਾਂ ਜਿਆਦਾ ਕਰਾਇਆ ਲੈ ਕੇ। ਫਿਰ ਜਦੋਂ ਵੀ ਮਨ ਆਏ ਯਾਤਰਾਵਾਂ ਬੰਦ ਕਰ ਦਿਤੀਆਂ ਜਾਂਦੀਆਂ ਹਨ। ਧਾਰਮਿਕ ਯਾਤਰਾਵਾਂ ਦੀ ਕਦਰ ਜੋ ਦੁਨੀਆਂ ਭਰ ਵਿਚ ੍‍ਦੀ ਹੈ ਉਸ ਦੇ ਮੱਦੇ ਨਜ਼ਰ ਭਾਰਤੀ ਸਰਕਾਰਾਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਪੈਰ ਦੀ ਜੁੱਤੀ ਗਿਣਦੀਆਂ ਹਨ। ਸਰਹੱਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੇ ਜੋ ਖੁੱਲਾ ਲਾਂਘਾ ਦੇਣਾ ਮੰਨਿਆ ਹੈ ਤੇ ਬੀਜੇਪੀ/ਕਾਂਗਰਸ ਸਰਕਾਰਾਂ ਇਸ ਤੇ ਜੋ ਗੂੰਗੀਆਂ ਬਣੀ ਬੈਠੀਆਂ ਰਹੀਆਂ ਇਸ ਤੋਂ ਹੀ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ ਕਿ ਆਪਣੀਆਂ ਸਰਕਾਰਾਂ ਹੀ ਨਹੀ ਚਾ੍‍ਦੀਆਂ ਕਿ ਸਿੱਖ ਆਪਣੇ ਪਵਿਤਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ।ਇਹ ਗਵਾਂਢੀ ਮੁਲਕ ਕੋਲ ਸਿੱਖਾਂ ਦੀ ਵਕਾਲਤ ਕਰਦੀਆਂ ਹੀ ਨਹੀ। ਹੁਣ ਪਤਾ ਲਗਾ ਹੈ ਕਿ ਇਹ ਕੱਟੜਵਾਦੀ ਸਰਕਾਰਾਂ ਚਾਹੁੰਦੀਆਂ ਹੀ ਨਹੀ ਕਿ ਕੋਈ ਇਹੋ ਜਿਹੀ ਹਰਕਤ ਹੋਵੇ ਜਿਸ ਨਾਲ ਸਿੱਖ - ਮੁਸਲਮਾਨ ਨੇੜਤਾ ਹੋਣ ਦੀ ਸੰਭਾਵਨਾ ਹੁੰਦੀ ਹੋਵੇ।
ਇਥੇ ਵੱਡੀ ਜੁੰਮੇਵਾਰੀ ਅਕਾਲੀ ਦਲ ਦੀ ਬਣਦੀ ਸੀ। ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਰਾਜਨੀਤਕ ਪਾਰਟੀ ਆਪਣੇ ਸ਼ਾਨਦਾਰ ਪਿਛੋਕੜ ਨੂੰ ਤਿਆਗ ਬ੍ਰਾਹਮਣਵਾਦੀ ਫਿਰਕੂ ਪਾਰਟੀ ਦੇ ਕੁੱਛੜ ਚੜ੍ਹ ਪੰਥ ਤੇ ਪੰਜਾਬ ਦੇ ਮੁੱਦਿਆਂ ਨਾਲ ਸ਼੍ਰੇਆਮ ਗਦਾਰੀ ਕਰ ਰਹੀ ਹੈ। ਜਿਵੇ ਹੁਣੇ ਹੁਣੇ ਧਾਰਾ 5 ਦੇ ਮਸਲੇ ਤੇ ਪਾਰਟੀ ਨੇ ਪਿੱਠ ਦਿਖਾਈ ਹੈ ਹਾਲਾਕਿ ਮੈਨੀਫੈਸਟੋ ਵਿਚ ਵਾਇਦਾ ਵੀ ਕੀਤਾ ਸੀ ਤੇ ਹੋਲੇ ਮੁਹੱਲੇ ਤੇ ਬਾਦਲ ਵੀ ਗਰਜਿਆ ਸੀ। ਸ਼੍ਰੋਮਣੀ ਕਮੇਟੀ ਦੀ ਹਾਲਤ ਤਾਂ ਹੋਰ ਵੀ ਪਤਲੀ ਹੋ ਚੁੱਕੀ ਹੈ ਜਿਸ ਨੇ ਕਾਰ ਸੇਵਾ ਦੇ ਨਾਂ ਤੇ ਕਈ ਇਤਹਾਸਿਕ ਅਸਥਾਨ ਢੁਹਾਏ ਹਨ ਜਿਵੇ ਗੁਰਦੁਆਰਾ ਲੋਹ ਗੜ੍ਹ ਆਦਿ। ਸਾਨੂੰ ਨਹੀ ਉਮੀਦ ਕਿ ਬਾਦਲ ਵਿਛੋੜੇ ਅਸਥਾਨਾਂ ਸਬੰਧੀ ਕੁਝ ਕਰੇਗਾ। ਪੰਜਾਬ ਤੇ ਪੰਥ ਅੱਜ ਅਤਿਅੰਤ ਨਾਜਕ ਦੌਰ ਵਿਚੋਂ ਗੁਜਰ ਰਹੇ ਹਨ। ਜਰੂਰਤ ਹੈ ਜਿਥੇ ਜਿਥੇ ਕੋਈ ਸੁਹਿਰਦ ਸਿੱਖ ਬੈਠਾ ਹੈ ਚਾਹੇ ਉਹ ਅਕਾਲੀ ਦਲ ਵਿਚ ਹੋਵੇ ਜਾਂ ਕਾਂਗਰਸ ਜਾਂ ਹੋਰ ਕਿਤੇ ਉਹ ਮਾਇਆ ਮੋਹ ਤਿਆਗ ਗੁਰੂ ਨਾਨਕ -ਗੁਰੂ ਗੋਬਿੰਦ ਸਿੰਘ ਦੇ ਪਿਆਰੇ ਪੰਜਾਬ ਤੇ ਪੰਥ ਦੀ ਸੇਵਾ ਵਿਚ ਤਤਪਰ ਹੋ ਲੋਕਾਂ ਦੇ ਅਸਲੀ ਮੁਦਿਆਂ ਤੇ ਆ ਸੰਘਰਸ਼ ਕਰੇ। ਸਾਡੀ ਫਤਹਿ ਨੂੰ ਹੁਣ ਕੋਈ ਨਹੀ ਰੋਕ ਸਕਦਾ। ਇਹ ਵੀ ਯਾਦ ਰਹੇ ਕਿ ਸੰਗਤਾਂ ਸਵੇਰੇ- ਸ਼ਾਮ ਬਿਨ ਨਾਗਾ ਦਰਸ਼ਨਾਂ ਲਈ ਅਰਦਾਸਾਂ ਕਰ ਰਹੀਆਂ ਹਨ। ਓਧਰ ਧਾਰਮਿਕ ਅਸਥਾਨਾਂ ਦਾ ਮਸਲਾ ਹੁਣ ਨਾਜਕ ਦੌਰ ਵਿਚ ਦਾਖਲ ਹੋ ਚੁੱਕਾ ਹੈ।ਸਾਡੇ ਸੂਤਰਧਾਰ ਜਿਨਾਂ ਨੂੰ ਓਨਾਂ ਸਥਾਨਾਂ ਦੀਆਂ ਯਾਦਾ ਹਨ ਖਤਮ ਹੋਣ ਵਾਲੇ ਹਨ। ਕਿਉਕਿ 1947 'ਚ ਜਿਹੜੇ 15-20 ਸਾਲ ਦੇ ਸਨ ਅੱਜ ਪੂਰੇ ਬਜੁਰਗ ਹੋ ਚੁਕੇ ਹਨ।ਸਿੱਖਾਂ ਨੇ ਸਰਕਾਰ ਨੂੰ ਬਹੁਤ ਸਹਿਯੋਗ ਦਿਤਾ ਹੈ। 60 ਸਾਲ ਦਾ ਸਮਾ ਕੋਈ ਥੋੜਾ ਨਹੀ ਹੁ‍ਦਾ। ਹੁਣ ਵੇਲਾ ਆ ਗਿਆ ਹੈ ਕਿ ਹਾਲਾਤਾਂ ਦੀ ਨਜ਼ਾਕਤ ਨੂੰ ਸਮਝਦਿਆਂ ਸਰਕਾਰ ਸਿੱਖ ਜ਼ਜਬਾਤਾਂ ਦੀ ਕਦਰ ਕਰੇ ਤੇ ਆਪਣੇ ਪੱਖਪਾਤੀ ਰਵੱਈਏ ਨੂੰ ਤੁਰੰਤ ਤਿਆਗੇ। ਪਹਿਲੀ ਗਲ ਤਾਂ ਪਾਕਿਸਤਾਨ ਨਾਲ ਅਮਨ ਕਰੇ ਜੇ ਅਮਨ ਨਹੀ ਵੀ ਹੋ ਸਕਦਾ ਤਾਂ ਸਿੱਖਾਂ ਲਈ ਓਹੋ ਜਿਹੇ ਹਾਲਾਤ ਪੈਦਾ ਕਰੇ ਜਿਵੇ ਜੰਗ ਦੇ ਦੌਰਾਨ ਵੀ ਮੱਕੇ ਦੇ ਹੱਜ ਜਾਂ ਅਮਰਨਾਥ ਯਾਤਰਾ ਤੇ ਕੋਈ ਰੋਕ ਨਹੀ ਹੁੰਦੀ ।

Saturday 3 November 2012

ਸਿੱਖ ਬੱਚਿਆਂ ਨੂੰ ਵਿੱਦਿਆ ਅਤੇ ਗੁਰਮਤਿ ਵੱਲ ਮੋੜਨ ਦੀ ਲੋੜ


ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ।
ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਾਂ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ, ਜਿਥੇ ਗੁਰੂ ਦੇ ਸਿੱਖ ਨਾ ਪਹੁੰਚੇ ਹੋਣ। ਹਰ ਥਾਂ ਆਪਣੀ ਮਿਹਨਤ ਨਾਲ ਚੜ੍ਹਦੀ ਕਲਾ ਵਿਚ ਰਹਿੰਦਿਆਂ ਉਨ੍ਹਾਂ ਨੇ ਜੀਵਨ ਦੇ ਸੁਖ ਸਾਧਨ ਜੁਟਾਏ ਹਨ। ਇਸ ਤੱਥ ਨੂੰ ਸਾਰੇ ਦੇਸ਼-ਵਾਸੀ ਕਬੂਲਦੇ ਹਨ। ਇਸ ਸਬੰਧੀ ਮੈਨੂੰ ਇਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅੱਧੀ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਦਾ ਕਿੱਸਾ ਹੈ। ਮੈਂ ਉਦੋਂ ਵਿਦਿਆਰਥੀ ਸਾਂ। ਇਕ ਸਰਬਭਾਰਤ ਵਾਦ-ਵਿਵਾਦ ਪ੍ਰਤੀਯੋਗਤਾ ਬਿਹਾਰ ਦੇ ਸ਼ਹਿਰ ਸਬੋਰ ਵਿਖੇ ਹੋਈ ਸੀ। ਇਥੇ ਭਾਰਤ ਵਿਚ ਸਭ ਤੋਂ ਪਹਿਲਾਂ ਬਣਿਆ ਖੇਤੀ ਕਾਲਜ ਹੈ। ਪਗੜੀਧਾਰੀ ਬੋਲਣ ਤੇ ਸੁਣਨ ਵਾਲਿਆਂ ਵਿਚ ਮੈਂ ਇਕ ਹੀ ਸਾਂ। ਮੇਰੇ ਬੋਲਣ ਦੀ ਵਾਰੀ ਵੀ ਸਭ ਤੋਂ ਅਖੀਰ ਵਿਚ ਸੀ। ਅਖੀਰ ਵਿਚ ਬੋਲਣ ਵਾਲੇ ਬੁਲਾਰੇ ਨੂੰ ਘੱਟ ਹੀ ਸੁਣਿਆ ਜਾਂਦਾ ਹੈ। ਅਚੰਭਾ ਹੀ ਸਮਝੋ, ਮੇਰਾ ਪਹਿਲਾ ਇਨਾਮ ਆ ਗਿਆ। ਸਮਾਗਮ ਪਿੱਛੋਂ ਚਾਹ-ਪਾਣੀ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਨੇ ਮੇਰੇ ਕੋਲ ਆ ਕੇ ਵਧਾਈ ਦਿੱਤੀ, ਨਾਲ ਹੀ ਪੁੱਛ ਲਿਆ, 'ਸਰਦਾਰ ਜੀ ਮਾਊਂਟ ਐਵਰੈਸਟ ਦੀ ਚੋਟੀ 'ਤੇ ਸਭ ਤੋਂ ਪਹਿਲਾਂ ਕੌਣ ਚੜ੍ਹਿਆ ਸੀ?' ਮੇਰਾ ਜਵਾਬ ਸੁਭਾਵਿਕ ਹੀ ਸੀ। ਉਨ੍ਹਾਂ ਨੇ ਆਖਿਆ, ਤੇਰੀ ਜਾਣਕਾਰੀ ਅਧੂਰੀ ਹੈ। ਜਦੋਂ ਤੇਨਸਿੰਗ ਤੇ ਹਲੇਰੀ ਚੋਟੀ ਉੱਤੇ ਪੁੱਜੇ ਤਾਂ ਉਥੇ ਚਾਹ ਦਾ ਖੋਖਾ ਦੇਖ ਕੇ ਹੈਰਾਨ ਰਹਿ ਗਏ। ਚਾਹ ਦਾ ਖੋਖਾ ਇਕ ਸਰਦਾਰ ਜੀ ਦਾ ਸੀ।
ਜਿਥੇ ਵੀ ਚਾਰ ਗੁਰਸਿੱਖ ਪਰਿਵਾਰ ਸਥਾਪਤ ਹੁੰਦੇ ਹਨ, ਉਥੇ ਸਭ ਤੋਂ ਪਹਿਲਾ ਕਾਰਜ ਗੁਰੂ-ਘਰ ਦੀ ਉਸਾਰੀ ਦਾ ਕਰਦੇ ਹਨ ਤੇ ਦੂਜਾ ਕਾਰਜ ਗੁਰੂ ਕਾ ਲੰਗਰ ਚਲਾਉਣ ਦਾ ਕਰਦੇ ਹਨ। ਦੇਸ਼ ਵਿਚ ਵੀ ਤੇ ਪ੍ਰਦੇਸ਼ਾਂ ਵਿਚ ਵੀ ਵਧੀਆ ਤੋਂ ਵਧੀਆ ਗੁਰੂ-ਘਰ ਉਸਾਰਨ ਦਾ ਮੁਕਾਬਲਾ ਚੱਲ ਰਿਹਾ ਹੈ। ਗੁਰੂ-ਘਰਾਂ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਤ ਕੀਤਾ ਜਾਂਦਾ ਹੈ। ਆਪਣੇ ਗੁਰੂ ਦੀ ਰੱਜ ਕੇ ਸੇਵਾ ਕੀਤੀ ਜਾਂਦੀ ਹੈ। ਸੁਖ ਆਸਣ ਦੇ ਕਮਰੇ ਵਿਚ ਗਰਮੀਆਂ ਦੌਰਾਨ ਏ. ਸੀ. ਲਗਾਏ ਜਾਂਦੇ ਹਨ ਅਤੇ ਸਰਦੀਆਂ ਵਿਚ ਹੀਟਰ ਚਲਦੇ ਹਨ। ਸੁੰਦਰ ਤੋਂ ਸੁੰਦਰ ਪੁਸ਼ਾਕੇ ਪਹਿਨਾਏ ਜਾਂਦੇ ਹਨ। ਗੁਰੂ ਜੀ ਅੱਗੇ ਮੱਥੇ ਰਗੜਦੇ ਹਨ ਤੇ ਮੰਨਤਾਂ ਮੰਗਦੇ ਹਨ ਪਰ ਗੁਰੂ ਦੇ ਹੁਕਮਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ। ਗੁਰੂ ਦੇ ਸ਼ਬਦਾਂ ਨੂੰ ਨਾ ਸੁਣਦੇ ਤੇ ਨਾ ਪੜ੍ਹਦੇ ਹਨ। ਹਾਂ, ਸ੍ਰੀ ਗੁਰੂ ਨਾਨਕ ਦੇਵ ਦੀ ਜੀ ਚਲਾਈ ਲੰਗਰ ਦੀ ਪ੍ਰਥਾ ਹਰੇਕ ਗੁਰੂ-ਘਰ ਵਿਚ ਕਾਇਮ ਹੈ ਪਰ ਗੁਰਸਿੱਖ ਇਹ ਭੁੱਲ ਰਹੇ ਹਨ ਕਿ ਗੁਰਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਮਨ ਵਿਚ ਵਸਾਉਣਾ ਤੇ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਗੁਰੂ-ਘਰਾਂ ਤੇ ਗੁਰੂ ਦੀ ਸੇਵਾ ਕਰਨਾ ਹੈ। ਸਿੱਖਾਂ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਹੀ ਸ਼ਬਦ ਹੋਵੇ, ਉਹ ਕੌਮ ਨੂੰ ਤਾਂ ਵਿੱਦਿਆ-ਵਿਹੂਣੀ ਹੋਣਾ ਹੀ ਨਹੀਂ ਚਾਹੀਦਾ। ਗੁਰੂ-ਘਰਾਂ ਦੀ ਉਸਾਰੀ ਅਤੇ ਲੰਗਰ ਦੇ ਨਾਲ-ਨਾਲ ਜੇਕਰ ਸ਼ਬਦ ਦਾ ਭਾਵ ਵਿੱਦਿਆ ਦਾ ਲੰਗਰ ਨਹੀਂ ਲਗਾਇਆ ਜਾਂਦਾ ਤਾਂ ਸੇਵਾ ਅਧੂਰੀ ਹੈ। ਗਿਆਨ ਦੇ ਪ੍ਰਕਾਸ਼ ਬਗੈਰ ਅਗਿਆਨਤਾ ਦਾ ਹਨੇਰਾ ਮੀਰੀ ਤੇ ਪੀਰੀ ਦੋਵਾਂ ਰਾਹਾਂ ਵਿਚ ਰੁਕਾਵਟ ਬਣਦਾ ਹੈ।
ਸਿੱਖ ਧਰਮ ਸੰਸਾਰ ਵਿਚ ਸਭ ਤੋਂ ਨਵਾਂ, ਨਿਵੇਕਲਾ ਅਤੇ ਵਿਗਿਆਨ ਆਧਾਰਿਤ ਹੈ, ਜਿਥੇ ਕਰਮਕਾਂਡਾਂ ਦੀ ਥਾਂ ਕਰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਦੇ ਸਾਰੇ ਹੀ ਪ੍ਰਮੁੱਖ ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਹੋਰ ਕਿਸੇ ਗ੍ਰੰਥ ਦੀ ਸੰਸਾਰ ਵਿਚ ਰਚਨਾ ਨਹੀਂ ਹੋਈ ਹੈ। ਇਸ ਵਿਚ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਅਪਣਾਇਆਂ ਇਸੇ ਸੰਸਾਰ ਨੂੰ ਕਲਪਿਤ ਸਵਰਗ ਤੋਂ ਵੀ ਵਧੀਆ ਬਣਾਇਆ ਜਾ ਸਕਦਾ ਹੈ ਪਰ ਅਫਸੋਸ, ਗੁਰੂ ਦੇ ਸਿੱਖ ਆਪ ਹੀ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਹੁਕਮਾਂ ਤੋਂ ਅਨਜਾਣ ਹਨ। ਇਸੇ ਕਰਕੇ ਉਹ ਆਪਣੇ ਧਰਮ, ਆਪਣੇ ਗੁਰੂ ਤੇ ਆਪਣੇ ਇਤਿਹਾਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਅਸਮਰੱਥ ਹਨ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਦੇ ਸਿੱਖ ਸੰਸਾਰ ਦੇ ਹਰੇਕ ਕੋਨੇ ਵਿਚ ਮੌਜੂਦ ਹਨ ਪਰ ਸਿੱਖ ਧਰਮ ਬਾਰੇ ਸੰਸਾਰ ਦੇ ਨਾਮਾਤਰ ਲੋਕਾਂ ਨੂੰ ਹੀ ਗਿਆਨ ਹੈ। ਵਿਸ਼ਵ ਟਰੇਡ ਸੈਂਟਰ ਉੱਤੇ ਹੋਏ ਹਮਲੇ ਪਿੱਛੋਂ ਸਿੱਖੀ ਸਰੂਪ ਵਾਲੇ ਗੁਰਸਿੱਖਾਂ ਵਿਰੁੱਧ ਫੈਲੀ ਨਫਰਤ ਤੇ ਹੁਣੇ-ਹੁਣੇ ਗੁਰਦੁਆਰਾ ਕਾਂਡ ਦਾ ਮੁੱਖ ਕਾਰਨ ਸੰਸਾਰ ਦੇ ਲੋਕਾਂ ਦੀ ਸਿੱਖ ਧਰਮ ਬਾਰੇ ਅਗਿਆਨਤਾ ਹੈ। ਗੁਰੂ ਦੇ ਸਿੱਖ ਜਿਥੇ ਵੀ ਗਏ ਹਨ, ਉਥੇ ਆਪਣੇ-ਆਪ ਨੂੰ ਸਥਾਪਤ ਕੀਤਾ ਹੈ। ਰੱਜਵੀਂ ਰੋਟੀ ਵੀ ਖਾਂਦੇ ਹਨ ਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ ਪਰ ਸਥਾਨਕ ਲੋਕਾਂ ਵਿਚ ਵਿਚਰਦੇ ਨਹੀਂ ਹਨ। ਆਪਣੇ-ਆਪ ਨੂੰ ਕੰਮ, ਘਰ ਤੇ ਗੁਰੂ-ਘਰ ਤੱਕ ਹੀ ਸੀਮਤ ਕਰ ਲਿਆ ਹੈ। ਜਦੋਂ ਤੱਕ ਅਸੀਂ ਉਥੋਂ ਦੇ ਲੋਕਾਂ 'ਚ ਵਿਚਰਾਂਗੇ ਨਹੀਂ, ਉਦੋਂ ਤੱਕ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਕਿਵੇਂ ਦੇ ਸਕਾਂਗੇ?
ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਮੈਨੂੰ ਬਹੁਤ ਸਾਰੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਡੀਆਂ ਗੋਸ਼ਟੀਆਂ ਵਿਚ ਵੀ ਭਾਗ ਲਿਆ ਹੈ, ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਹੁੰਦੇ ਸਨ। ਹਰ ਥਾਂ ਲੋਕਾਂ ਨੂੰ ਮੇਰਾ ਸਰੂਪ ਦੇਖ ਹੈਰਾਨੀ ਜ਼ਰੂਰ ਹੋਈ ਪਰ ਕਿਸੇ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਸੀ। ਕੇਵਲ ਦੋ ਥਾਵਾਂ ਉੱਤੇ ਕਿਸੇ ਨੇ 'ਸੀਖ' ਸ਼ਬਦ ਦੀ ਵਰਤੋਂ ਕੀਤੀ ਸੀ। ਜਦੋਂ ਮੈਂ 1974 ਵਿਚ ਬਗਦਾਦ ਗਿਆ ਸਾਂ ਤਾਂ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਨੂੰ ਵੀ ਦੇਖਣ ਗਿਆ ਸਾਂ। ਉਸ ਦਰਗਾਹ ਦੀ ਦੇਖਭਾਲ ਕਰਨ ਵਾਲੇ ਨੇ ਜ਼ਰੂਰ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਉਸ ਪੀਰ ਦੀ ਮਾਨਤਾ ਇਰਾਕੀਆਂ ਵਿਚ ਵੀ ਬਹੁਤੀ ਨਹੀਂ ਹੈ ਤੇ ਉਹ ਦੋ ਛੋਟੇ ਕਮਰਿਆਂ ਵਾਲੀ ਚਾਰਦੀਵਾਰੀ ਉਦੋਂ ਵੀ ਵੀਰਾਨ ਸੀ ਤੇ ਹੁਣ ਵੀ ਉਵੇਂ ਹੀ ਹੈ। ਉਸ ਤੋਂ ਕੋਈ ਦੋ ਦਹਾਕਿਆਂ ਪਿੱਛੋਂ ਅਮਰੀਕਾ ਦੀ ਜਨਰਲ ਯੂਨੀਵਰਸਿਟੀ ਵਿਚ ਹੋਏ ਮੇਰੇ ਲੈਕਚਰ ਪਿੱਛੋਂ ਇਕ ਅਮਰੀਕੀ ਨੌਜਵਾਨ ਨੇ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਇਨ੍ਹਾਂ ਦੋਵਾਂ ਨੇ ਸਿੱਖ ਦਾ ਉਚਾਰਨ 'ਸੀਖ' ਹੀ ਕੀਤਾ ਸੀ।
ਉਸ ਨੌਜਵਾਨ ਨੂੰ ਜਦੋਂ ਮੈਂ ਪੁੱਛਿਆ ਕਿ ਤੂੰ ਸਿੱਖਾਂ ਬਾਰੇ ਕਿਵੇਂ ਜਾਣਦਾ ਹੈਂ ਤਾਂ ਉਸ ਨੇ ਦੱਸਿਆ ਕਿ 'ਇਕ ਵਾਰ ਮੇਰਾ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਸੀ। ਮੇਰੇ ਦਾਦਾ ਜੀ ਜਿਨ੍ਹਾਂ ਕਦੇ ਭਾਰਤ ਵਿਚ ਕੰਮ ਕੀਤਾ ਸੀ, ਉਨ੍ਹਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਉਥੇ ਇਕ ਅਜਿਹੀ ਕੌਮ ਹੈ, ਜਿਹੜੀ ਦਾਹੜੀ ਤੇ ਸਿਰ ਦੇ ਵਾਲ ਰੱਖਦੇ ਹਨ ਅਤੇ ਪਗੜੀ ਬੰਨ੍ਹਦੇ ਹਨ। ਉਨ੍ਹਾਂ ਨੂੰ ਸਿੱਖ ਆਖਦੇ ਹਨ। ਜੇਕਰ ਤੈਨੂੰ ਟੈਕਸੀ ਦੀ ਲੋੜ ਪਵੇ ਤਾਂ ਸਿੱਖ ਦੀ ਟੈਕਸੀ ਵਿਚ ਬੈਠੀਂ, ਜੇਕਰ ਖਰੀਦਦਾਰੀ ਕਰਨੀ ਹੋਵੇ ਤਾਂ ਕਿਸੇ ਸਿੱਖ ਦੀ ਦੁਕਾਨ 'ਤੇ ਜਾਵੀਂ। ਜੇਕਰ ਕਿਸੇ ਮੁਸੀਬਤ ਵਿਚ ਫਸ ਜਾਵੇਂ ਤਾਂ ਕਿਸੇ ਸਿੱਖ ਚਰਚ ਵਿਚ ਜਾਵੀਂ। ਜਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ? ਤਾਂ ਉਨ੍ਹਾਂ ਆਖਿਆ ਸੀ ਕਿ ਇਹ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ।' ਸੰਸਾਰ ਵਿਚ ਸਿੱਖ ਧਰਮ ਬਾਰੇ ਪ੍ਰਚਾਰ ਦੀ ਲੋੜ ਹੈ। ਅਜਿਹਾ ਕਰਨਾ ਸਾਰੇ ਗੁਰਸਿੱਖਾਂ ਦੀ ਜ਼ਿੰਮੇਵਾਰੀ ਹੈ ਪਰ ਅਜਿਹਾ ਤਾਂ ਉਦੋਂ ਹੀ ਹੋ ਸਕਦਾ ਹੈ, ਜੇਕਰ ਗੁਰਸਿੱਖ ਆਪ ਆਪਣੇ ਧਰਮ ਤੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਨ੍ਹਾਂ ਨੂੰ ਇਸ ਗਿਆਨ ਦਾ ਸੰਚਾਰ ਕਰਨ ਦੀ ਜਾਚ ਆਉਂਦੀ ਹੋਵੇਗੀ। ਜਿਹੜੇ ਗੁਰਸਿੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਉਹ ਉਥੋਂ ਦੇ ਵਿਦਿਆਰਥੀਆਂ ਵਿਚ ਵਿਚਰਦੇ ਹਨ ਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਨਾਲ ਹੀ ਕੰਮ ਕਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਸਰੂਪ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਲੈਣ ਤੇ ਦੂਜਿਆਂ ਨੂੰ ਦੇਣ ਦੀ ਬਹੁਤੀ ਲੋੜ ਨਹੀਂ ਪੈਂਦੀ। ਸਿੱਖੀ ਸਰੂਪ ਵਾਲਿਆਂ ਨੂੰ ਹੀ ਟੋਹਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਗੁਰੂ-ਘਰਾਂ ਨੂੰ ਆਪਣੇ ਭੁੱਲੇ ਤੀਜੇ ਫਰਜ਼ ਨੂੰ ਪ੍ਰਧਾਨਤਾ ਦੇਣੀ ਪਵੇਗੀ।
ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ। ਬਦਕਿਸਮਤੀ ਨਾਲ ਪਿੰਡਾਂ ਦੇ ਬੱਚੇ ਵਿੱਦਿਆ ਵਿਹੂਣੇ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪਿਛਲੇ ਸਮੇਂ ਕੁਝ ਅਜਿਹੀ ਹਵਾ ਚੱਲੀ ਕਿ ਪੜ੍ਹਾਈ ਦਾ ਮਿਆਰ ਹੇਠਾਂ ਆ ਗਿਆ ਹੈ। ਉਹ ਕੌਮ, ਜਿਸ ਦਾ ਗੁਰੂ ਹੀ 'ਸ਼ਬਦ' ਹੋਵੇ, ਜੇਕਰ ਵਿੱਦਿਆ ਵਿਹੂਣੀ ਹੋਵੇਗੀ ਤਾਂ ਉਹ ਦੂਜਿਆਂ ਲਈ ਕਿਵੇਂ ਆਦਰਸ਼ ਬਣ ਸਕੇਗੀ। ਗੁਰੂ-ਘਰਾਂ ਵੱਲੋਂ ਆਪਣੇ ਸਕੂਲ ਖੋਲ੍ਹੇ ਜਾਣ, ਜਿਥੇ ਵਧੀਆ ਵਿੱਦਿਆ ਦੇ ਨਾਲੋ-ਨਾਲ ਧਰਮ ਗਿਆਨ ਵੀ ਦਿੱਤਾ ਜਾਵੇ। ਜੇਕਰ ਏਨੀ ਸਮਰੱਥਾ ਨਹੀਂ ਹੈ ਤਾਂ ਲਾਗਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅਪਣਾਇਆ ਜਾਵੇ ਤੇ ਉਨ੍ਹਾਂ ਨੂੰ ਵਧੀਆ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ ਜਾਰੀ ਕੀਤਾ ਸੀ ਕਿ ਹਰੇਕ ਗੁਰੂ-ਘਰ ਆਪਣੀ ਆਮਦਨ ਦਾ ਘੱਟੋ-ਘੱਟ 5 ਫੀਸਦੀ ਵਿੱਦਿਅਕ ਕਾਰਜਾਂ ਲਈ ਵਰਤੇ। ਇਸ ਹੁਕਮ ਨੂੰ ਬਹੁਤ ਗੁਰੂ-ਘਰਾਂ ਨੇ ਕਬੂਲਿਆ ਹੈ। ਲੋੜ ਇਸ ਕਾਰਜ ਨੂੰ ਪਹਿਲ ਦੇਣ ਦੀ ਹੈ। ਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਤੇ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਇਆ ਜਾਵੇ ਤੇ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਇਸ ਮਹਾਨ ਜੀਵਨ-ਜਾਚ ਦਾ ਸਾਰੇ ਸੰਸਾਰ ਵਿਚ ਪ੍ਰਚਾਰ ਹੋ ਸਕੇ। ਜਦੋਂ ਸਿੱਖਾਂ ਦਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ ਬਣ ਗਿਆ, ਫਿਰ ਸਾਰਾ ਸੰਸਾਰ ਸਿੱਖਾਂ ਦਾ ਸਤਿਕਾਰ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲਈ ਤਿਆਰ ਹੋ ਜਾਵੇਗਾ।
ਡਾ:  ਰਣਜੀਤ ਸਿੰਘ