1. ਇਸ਼ਕ ਢੂੰਢਾਏ ਨੀ ਬੇਲੇ
ਇਸ਼ਕ ਢੂੰਢਾਏ ਨੀ ਬੇਲੇ,
ਕਰਕੇ ਸਿਦਕ ਵੜਾਂ ਵਿਚ ਝੱਲ ਦੇ, ਜੇ ਰਬ ਮਾਹੀ ਮੇਲੇ ।੧।ਰਹਾਉ। ਹਾਥੀ ਇਸ਼ਕ ਮਹਾਵਤ ਰਾਂਝਾ, ਜਿਉਂ ਭਾਵੇ ਤਿਉਂ ਪੇਲੇ । ਭਣਤ ਖ਼ੁਸ਼ੀ ਘਰ ਆਉ ਲੁੜੀਂਦਿਆਂ, ਸਾਨੂੰ ਬਿਰਹੁ ਲਾਇ ਤਨ ਸੇਲੇ ।੨। (ਰਾਗ ਦੇਵਗੰਧਾਰੀ) (ਭਣਤ=ਕਹਿੰਦਾ ਹੈ) 2. ਮੈਂ ਲੁੜੀਂਦਿਆਂ ਤਾਂ ਮੈਂ ਘੋਲੀ ਵੰਞਾਂ
ਮੈਂ ਲੁੜੀਂਦਿਆਂ ਤਾਂ ਮੈਂ ਘੋਲੀ ਵੰਞਾਂ,
ਮੈਂ ਤਾਂ ਮੰਗ ਰਾਂਝਨ ਦੀ ਆਹੀ, ਖੇੜਾ ਤਾਂ ਕੂੜ ਮੁਲੰਮਾ ।੧।ਰਹਾਉ। ਜੇ ਕੋ ਖ਼ਬਰ ਮਿਤਰਾਂ ਦੀ ਲਿਆਵੈ ਮੈਂ ਪੈਰ ਤਿਨਾਂਦੜੇ ਚੁੰਮਾਂ, ਭਣਤ ਖ਼ੁਸ਼ੀ ਘਰ ਆਉ ਲੁੜੀਂਦਿਆਂ, ਜੀਵੜਾ ਬਲ ਬਲ ਹੁੰਮਾ ।੨। (ਰਾਗ ਵਡਹੰਸ) 3. ਬਿਰਹੁ ਪਇਆ ਸਾਡੇ ਖ਼ਿਆਲ
ਬਿਰਹੁ ਪਇਆ ਸਾਡੇ ਖ਼ਿਆਲ
ਨਿਮਾਣੀ ਨੂੰ ਕਿਆ ਮਾਰਨੈ ।੧।ਰਹਾਉ। ਸੇਜ ਸੁਤੀ ਨੈਨੀ ਨੀਂਦ ਨ ਆਵੈ, ਬਿਰਹੋਂ ਆਨ ਜਗਾਉਨੈ ।੧। ਝਾਕ ਗਇਓਂ ਵਲ ਮੂਲ ਨ ਆਇਓਂ, ਨਿਤਿ ਸੂਲ ਕਲੇਜੇ ਨੂੰ ਮਾਰਨੈ ।੨। ਭਣਤ ਖ਼ੁਸ਼ੀ ਘਰ ਆਉ ਲੁੜੀਂਦਿਆਂ, ਕਦੇ ਤਾਂ ਦਰਸ ਦਿਖਾਲਨੈ ।੩। (ਰਾਗ ਸਿੰਧੜਾ) 4. ਪਿਆਰਾ ਮਿਲੈ ਤਾਂ ਮੈਂ ਜੀਵਾਂ
ਪਿਆਰਾ ਮਿਲੈ ਤਾਂ ਮੈਂ ਜੀਵਾਂ,
ਬੇਦਰਦਾ ਮੈਨੂੰ ਸਜਣਾ ਦੇ ਕੋਲ ਲੈ ਚਲ ਵੋ ।੧।ਰਹਾਉ। ਤਾਰਿਆਂ ਗਿਣਦੀ ਨੂੰ ਰੈਣਿ ਵਿਹਾਣੀ, ਦਿਨ ਗਇਆ ਕਿਤੇ ਵਲਿ ਵੋ ।੧। ਝਾਕ ਗਇਓਂ ਵਲ ਮੂਲ ਨ ਆਇਓਂ, ਸੁਖ ਦਾ ਸੁਨੇਹਾ ਕੋਈ ਘਲ ਵੋ ।੨। ਸੇਜ ਸੁਤੀ ਨੈਣੀ ਨੀਂਦ ਨ ਆਵੈ, ਹਸਿ ਮੁਖ ਕਰਿ ਕਾਈ ਗਲ ਵੋ ।੩। ਭਣਤ ਖ਼ੁਸ਼ੀ ਸਾਨੂੰ ਪਿਆਰਾ ਮਿਲਿਆ, ਸਾਈਂ ਥੀਆ ਸਾਥੇ ਵਲ ਵੋ ।੪। (ਰਾਗ ਸਿੰਧੜਾ) 5. ਸੱਭੇ ਅਉਗੁਣ ਮੁਝ ਮੈਂ
ਸੱਭੇ ਅਉਗੁਣ ਮੁਝ ਮੈਂ,
ਮੇਰੇ ਪਿਰੀਆ ਨੂੰ ਦੋਸ਼ ਨ ਕੋਇ ।੧।ਰਹਾਉ। ਸਜਣ ਟਾਂਘੀ ਚੜ੍ਹਿ ਗਏ, ਮੈਂ ਤਤੜੀ ਨੂੰ ਟਾਂਘ ਨ ਕੋਇ ।੧। ਚਾਰਾ ਕੁਝ ਨਹੀਂ ਚਲਦਾ, ਮੇਰੇ ਨੈਣਾਂ ਨੇ ਦਿਤੜਾ ਰੋਇ ।੨। ਖ਼ੁਸ਼ੀ ਸਜਣ ਦੇ ਡਿਠੜੇ ਬਾਝਹੁ, ਮੇਰਾ ਜੀਵਣ ਕਿਤ ਬਿਧਿ ਹੋਇ ।੩। (ਰਾਗ ਸਿੰਧੜਾ) 6. ਸ਼ਾਬਾਸ ਦੁਖਾਂ ਨੂੰ ਦੁਖ ਰਹਿਣ ਹਮੇਸ਼ਾਂ ਨਾਲਿ
ਸ਼ਾਬਾਸ ਦੁਖਾਂ ਨੂੰ ਦੁਖ ਰਹਿਣ ਹਮੇਸ਼ਾਂ ਨਾਲਿ ।੧।ਰਹਾਉ।
ਸੁਖਾਂ ਅਸਾਡੀ ਸਾਰਿ ਨ ਲੀਤੀ ਦੁਖ ਲਹਨਿ ਸੰਮਾਲਿ ਸਮਾਲਿ ।੧। ਦੁਖਾਂ ਦੀ ਮੈਂ ਸੇਜ ਵਿਛਾਈ ਸੂਲਾਂ ਦੇ ਤਕੀਏ ਨਾਲਿ ।੨। ਭਣਤਿ ਖ਼ੁਸ਼ੀ ਘਰ ਆਉ ਲੁੜੀਂਦਿਆਂ, ਤੁਝਿ ਬਿਨ ਭਈ ਹਾਂ ਬਿਹਾਲਿ ।੩। (ਰਾਗ ਸਿੰਧੜਾ) 7. ਢੋਲਨੁ ਆਵੈ ਮੈਂ ਲਈ ਵੋ ਕਲਾਵੈ
ਢੋਲਨੁ ਆਵੈ ਮੈਂ ਲਈ ਵੋ ਕਲਾਵੈ,
ਵਿਛੋੜੇ ਮੈਂ ਮਾਰੀ ਹਾਂ ਨੀ, ਆਉ ਪਿਆਰੇ ਹਾਲਿ ਦੇ ਮਹਰਮੁ ਰੋਇ ਰੋਇ ਲਿਖਾਂ ਜ਼ਾਰੀ ਹਾਂ ਨੀ ।੧।ਰਹਾਉ। ਜੈ ਤਨ ਲਗੀ ਸੋ ਤਨ ਜਾਣੈ, ਡੰਗੀ ਹਾਂ ਮੈਂ ਨਾਗ ਇਆਣੇ, ਸੂਲਾਂ ਦੀ ਓਹ ਸਾਰ ਕੀ ਜਾਨਣਿ ਪੇਈਏ ਕੰਜ ਕੁਆਰੀਆਂ ਨੀ ।੧। ਭਣਤ ਖ਼ੁਸ਼ੀ ਦਿਨ ਰਾਤ ਉਡੀਣੀ, ਤੇਰੇ ਦਰਸਨ ਬਾਝਹੁ ਝੀਣੀ, ਸਰਨਿ ਪਈ ਹੁਣਿ ਹਾਰੀ ਹਾਂ ਨੀ ।੨। (ਰਾਗ ਸੂਹੀ) 8. ਸਭੇ ਵਲਾਂ ਛਡਿ ਕੇ ਤੂੰ ਇਕ ਵਲ ਹੋਇ
ਸਭੇ ਵਲਾਂ ਛਡਿ ਕੇ ਤੂੰ ਇਕ ਵਲ ਹੋਇ,
ਇਕ ਵਲਿ ਹੋਇਆਂ ਤੇਰੇ ਸਭੇ ਦੁਖ ਜਾਸਨਿ, ਮੈਲਿ ਉਤਾਰੇ ਧੋਇ ।੧।ਰਹਾਉ। ਵਲਿ ਵਲ ਦੇ ਵਿਚਿ ਕਈ ਵਲ ਪਉਸਿਨ, ਇਕ ਦਿਨ ਦੇਸੋਂ ਰੋਇ ।੧। ਮਾਨਸ ਜਨਮ ਅਮੋਲਕੁ ਪਾਇਓ, ਏਵੇਂ ਬਿਰਥਾ ਨ ਖੋਇ ।੨। ਭਨਤਿ ਖ਼ੁਸ਼ੀ ਜਗਿ ਰੈਨਿ ਬਸੇਰਾ, ਤੂੰ ਪ੍ਰੇਮ ਦੀ ਖੇਤੀ ਬੋਇ ।੩। (ਰਾਗ ਲਲਿਤੁ) 9. ਸਾਈਂ ਝਬਿ ਝਬਿ ਆਇ
ਸਾਈਂ ਝਬਿ ਝਬਿ ਆਇ
ਜਾਈਂ ਮੈਂਡੜੇ ਦੇਸ ।੧।ਰਹਾਉ। ਤੇਰੇ ਕਾਰਨ ਜੋਗਨ ਹੋਈਆਂ, ਭਗਵੋ ਕੀਨੋ ਭੇਸ ।੧। ਲਾਇ ਬਿਭੂਤਿ ਭਈ ਬੈਰਾਗਨਿ, ਗਲਿ ਵਿਚਿ ਖੁਲੜੇ ਕੇਸੁ ।੨। ਭਣਤਿ ਖ਼ੁਸ਼ੀ ਘਰਿ ਆਉ ਲੁੜੀਂਦਿਆਂ, ਤਉ ਬਿਨ ਕੂੜੈ ਵੇਸੁ ।੩। (ਰਾਗ ਲਲਿਤ) 10. ਪਿਰੀਅਨ ਖੇ ਮੈਂ ਪੈਰ ਤੇ ਲਗੜੀ ਵੰਞਾ
ਪਿਰੀਅਨ ਖੇ ਮੈਂ ਪੈਰ ਤੇ ਲਗੜੀ ਵੰਞਾ ।੧।ਰਹਾਉ।
ਲੱਡਿ ਸੱਜਣ ਪਰ ਜੂਹਿ ਸਿਧਾਣੇ ਭਠਿ ਬਾਬਲ ਖੂਹ ਅੰਮਾ ਜੰਮਾ ।੧। ਸੱਜਣੁ ਜਾਇ ਰਲੇ ਵਿਚਿ ਸੱਜਣਾ, ਨਾ ਝੁਰਿ ਜੀਅੜਾ ਨਿਕੰਮਾ, ਭਣਤਿ ਖ਼ੁਸ਼ੀ ਘਰਿ ਆਉ ਲੁੜੀਂਦਿਆਂ, ਮਿਟਿ ਵੰਞਨ ਸੂਲ ਸਹੰਮਾ ।੩। (ਰਾਗੁ ਬਿਲਾਵਲ) ਖੇ=ਦੇ, ਲਗੜੀ=ਪਿੱਛੇ ਲੱਗਣਾ, ਲੱਡਿ= ਲੱਦ ਗਏ,ਚਲੇ ਗਏ, ਪਰ=ਦੂਜੀ) 11. ਆਉਂਦੇ ਸੁਣੀਂਦੇ ਆਹੇ ਅਖੀਂਦੇ ਨਜੀਕ ਆਏ
ਆਉਂਦੇ ਸੁਣੀਂਦੇ ਆਹੇ ਅਖੀਂਦੇ ਨਜੀਕ ਆਏ,
ਆਜੁ ਅੰਗਿ ਅੰਗਿ ਮੈਂ ਅਨੋਖੀ ਆਗ ਜਗੀ ਹੈ ।੧।ਰਹਾਉ। ਲਿਆਵੋ ਨੀ ਸੁਨੇਹਾ ਕੋਈ ਸੱਜਣਾ ਦਾ ਚੰਗਾ ਜੇਹਾ, ਤਿਨ੍ਹਾਂ ਦੇ ਆਵਣਿ ਦੀ ਅਜੁ ਠੰਡੀ ਵਾਉ ਵਗੀ ਹੈ ।੧। ਜੱਦਣੁ ਮੁਖ ਲਗਣਗੇ ਤੱਦਨ ਭਾਗ ਜਗਣਗੇ, ਅੱਜੁ ਮੈਨੂੰ ਦੱਸੋ ਕੋਈ ਸੱਚੁ ਹੈ ਕਿ ਠਗੀ ਹੈ ।੨। ਜੈਂਦੇ ਸੇਤੀ ਹਿਤ ਚਿਤ, ਪੰਧੜਾ ਤਕੇਂਦੀ ਨਿਤਿ, ਤਿਨ੍ਹਾਂ ਦੇ ਉਮਾਹੇ ਅਜੁ ਨੀਂਦ ਭੁਖ ਭੱਗੀ ਹੈ ।੩। ਖ਼ੁਸ਼ੀ ਸੱਜਣ ਆਇ ਮਿਲੇ, ਸੋਈ ਦਿਨ ਵਾਰ ਭਲੇ, ਅਜੁ ਤਾਈਂ ਜਿੰਦੁੜੀ ਭਲੇਰੇ ਹਾਲ ਤਗੀ ਹੈ ।੪। (ਰਾਗ ਬਿਲਾਵਲ) 12. ਨਾਹਿ ਕਿਸੇ ਨਾਲ ਲੈਣਾ ਦੇਣਾ
ਨਾਹਿ ਕਿਸੇ ਨਾਲ ਲੈਣਾ ਦੇਣਾ,
ਨਾਹਿ ਕਿਸੇ ਸਿਉ ਕਹਿਣਾ, ਹਰਿ ਨਿਰਮਲ ਦੇ ਨਾਲਿ ਪ੍ਰੀਤ ਅਸਾਡੀ ਹਸਿ ਉਠਣਾ ਹਸਿ ਬਹਿਣਾ ।੧।ਰਹਾਉ। ਸਈਆਂ ਦੇ ਵਿਚਿ ਗਿੜ ਮੁੜ ਚਲੇ ਪਹਿਨ ਪਰਾਇਆ ਗਹਿਣਾ ।੧। ਭਨਤਿ ਖ਼ੁਸ਼ੀ ਅਸੀਂ ਰਾਹਿ ਮੁਸਾਫ਼ਰਿ, ਸੇ ਜਾਨਣ ਜਿਨ੍ਹਾਂ ਰਹਿਣਾ ।੨। (ਰਾਗ ਰਾਮਕਲੀ) 13. ਨੀ ਮਾਏ ਸਾਨੂੰ ਸੱਜਣਾ ਸੰਦੜੇ ਸੂਲੁ
ਨੀ ਮਾਏ ਸਾਨੂੰ ਸੱਜਣਾ ਸੰਦੜੇ ਸੂਲੁ,
ਤਨ ਤਪੇ ਤੇ ਨੈਨ ਤਰਸਨ ਬਿਰਹਾਂ ਕਰੀ ਰੰਜੂਲ ।੧।ਰਹਾਉ। ਇਕ ਪਲੁ ਪਿਆਰਾ ਨਦਰਿ ਨ ਆਵੈ, ਮਰਾਂ ਵਿਸੂਰਿ ਵਿਸੂਰਿ ।੧। ਖ਼ੁਸ਼ੀ ਸੱਜਣ ਦੇ ਦੇਖਣ ਕਾਰਨ, ਵੈਸਾਂ ਝੋਕ ਜ਼ਰੂਰ ।੨। (ਰਾਗੁ ਨਟ ਨਾਰਾਇਣੁ) (ਰੰਜੂਲ=ਉਦਾਸ, ਵਿਸੂਰਿ=ਗ਼ਮ ਨਾਲ ਝੂਰ ਕੇ) 14. ਜਗੁ ਹਲਾਵਣੁ ਦੁਨੀਆਂ ਧੂਰਿ
ਜਗੁ ਹਲਾਵਣੁ ਦੁਨੀਆਂ ਧੂਰਿ,
ਬਿਰਹੁ ਮਲਾਹੁ ਸਤਿਗੁਰ ਸਤ੍ਰਾਣਾਂ, ਭਰਿ ਭਰਿ ਪਾਰ ਲੰਘਾਏ ਪੂਰਿ ।੧।ਰਹਾਉ। ਜਿਨਹੁੰ ਨੇ ਆਪਣਾ ਆਪ ਪਛਾਣਾ, ਇਸ ਜਗੁ ਅੰਦਰੁ ਸੋਈ ਸੂਰਿ ।੧। ਭਣਤਿ ਖ਼ੁਸ਼ੀ ਸੁਣਿ ਆਕਲ ਦਾਨਿਆਂ, ਜੀਵਣ ਦਾ ਭਰਵਾਸਾ ਕੂੜਿ ।੨। (ਰਾਗ ਤੁਖਾਰੀ) (ਸਤ੍ਰਾਣਾਂ=ਤਾਣ ਵਾਲਾ,ਤਕੜਾ, ਸੂਰਿ=ਸੂਰਮਾ, ਆਕਲ=ਸਿਆਣਾ) 15. ਅਸਾਂ ਤੁਸਾਂ ਹੁਣਿ ਨਵੀਂ ਸਵੀਂ
ਅਸਾਂ ਤੁਸਾਂ ਹੁਣਿ ਨਵੀਂ ਸਵੀਂ,
ਜਾਂ ਲਟਕੰਦੀ ਬਾਹਰਿ ਨਿਕਲੀ, ਚੀਲ ਸਿਰੇ ਤੇ ਆਨ ਭਵੀਂ ।੧।ਰਹਾਉ। ਤਿਨ੍ਹਾਂ ਦੇ ਤੂੰ ਨੇੜਿ ਨ ਆਵੈਂ, ਜਿਨ੍ਹਾਂ ਸ਼ਹੁ ਦਾ ਨਾਉਂ ਲਵੀਂ ।੧। ਭਣਤ ਖ਼ੁਸ਼ੀ ਅਸਾਂ ਚਲਣਿ ਬਣਿਆ, ਜਾਂ ਖੱਲ ਲੁਹਾਰਾਂ ਆਨ ਧਵੀਂ ।੨। (ਰਾਗ ਤੁਖਾਰੀ) 16. ਤੁਸੀਂ ਆਵਨਿ ਦੀ ਗਲਿ ਕਾਈ ਦਸਿਓ ਨੀ
ਤੁਸੀਂ ਆਵਨਿ ਦੀ ਗਲਿ ਕਾਈ ਦਸਿਓ ਨੀ,
ਮੇਰੇ ਪਿਆਰੇ ਨੇ ਕਿਉਂ ਚਿਰ ਲਾਇਆ ਹੀ ।੧।ਰਹਾਉ। ਮੇਂਹੀਆਂ ਆਇ ਵੜੀਆਂ ਘਰਿ ਬਾਬਲਿ, ਮੇਰੇ ਪਿਆਰੇ ਨੂੰ ਕਿਸ ਬਿਰਮਾਇਆ ਹੀ ।੧। ਇਕ ਪਲ ਸਾਲ ਵਿਸਾਲ ਮਿਤ੍ਰਾਂ ਬਿਨ, ਮੇਰੇ ਨੈਣਾਂ ਨੇ ਸਾਵਣ ਲਾਇਆ ਹੀ ।੨। ਭਣਤਿ ਖ਼ੁਸ਼ੀ ਘਰਿ ਆਉ ਲੁੜੀਂਦਿਆਂ, ਤੈਂ ਬਾਝ ਬਸੰਤੁ ਡਰਾਇਆ ਹੀ ।੩। (ਰਾਗ ਬਸੰਤ) (ਬਿਰਮਾਇਆ=ਭਰਮਾਇਆ, ਵਿਸਾਲ=ਮਿਲਾਪ) 17. ਮਹਰਮੁ ਸਾਈਂ ਆਇ ਮਿਲ ਮਾਹੀ
ਮਹਰਮੁ ਸਾਈਂ ਆਇ ਮਿਲ ਮਾਹੀ,
ਫਜ਼ਲ ਮੰਗਾਹੀ ਤੈਥੋਂ ਮਿਹਰ ਮੰਗਾਹੀ ।੧।ਰਹਾਉ। ਇਹ ਜਗ ਜੀਵਣ ਚਾਰ ਦਿਹਾੜੇ, ਅਜ ਕਲ ਮਰ ਵੈਸਾਂ ਹੀ ।੧। ਕੋਇ ਨ ਜਾਨੈ ਦਿਲ ਮੈਂਡੇ ਦੀ, ਮਿਲੈ ਤਾਂ ਹਾਲ ਆਖਾਂ ਹੀ ।੨। ਭਣਤਿ ਖ਼ੁਸ਼ੀ ਹੁਣ ਜੀਵਣ ਕੇਹਾ, ਬਿਨਾ ਵਿਸਾਲ ਮਰਾਂ ਹੀ ।੩। (ਰਾਗ ਕਾਨੜਾ) 18. ਨਿਦਾਨਾ ਵੋ ਮੈਂ ਨਾਗ ਇਆਣੇ ਡੰਗੀ
ਨਿਦਾਨਾ ਵੋ ਮੈਂ ਨਾਗ ਇਆਣੇ ਡੰਗੀ,
ਚੂਚਕ ਦੇ ਘਰਿ ਘਣੀਆਂ ਧੀਆਂ, ਕਿਆ ਹੋਇਆ ਹੀਰ ਮੰਦੀ ।੧।ਰਹਾਉ। ਲੋਕ ਜਾਣੈ ਹੀਰ ਕਮਲੀ ਹੋਈ, ਮੈਂ ਰੰਗਿ ਰਾਂਝੇ ਦੇ ਰੰਗੀ ।੧। ਭਣਤਿ ਖ਼ੁਸ਼ੀ ਘਰਿ ਆਉ ਲੁੜੀਂਦਿਆਂ, ਥੀ ਬਹਾਂ ਹੁਣ ਚੰਗੀ ।੨। (ਰਾਗ ਕਾਨੜਾ) 19. ਅਰੇ ਬੀਰ ਕਾਸੋਂ ਕਹੀਐ ਪੀਰ
ਅਰੇ ਬੀਰ ਕਾਸੋਂ ਕਹੀਐ ਪੀਰ,
ਪੀਆ ਬਿਛੁਰਨਿ ਕੀ ਪੀਰ ।੧।ਰਹਾਉ। ਆਵਣ ਕਹਿ ਗਏ ਅਜਹੂੰ ਨ ਆਏ, ਮੇਰੇ ਲਗਾ ਕਲੇਜੇ ਤੀਰ ।੧। ਦਾਰੂ ਲਾਇਆ ਲਗਦਾ ਨਾਹੀਂ, ਮੈਂ ਕਿਉਂ ਕਰਿ ਬਾਂਧਾਂ ਧੀਰ ।੨। ਰੈਣਿ ਦਿਨਾਂ ਮੋਹਿ ਤਰਫ਼ਤ ਬੀਤੇ, ਜਿਯੋਂ ਮਛੁਲੀ ਬਿਨ ਨੀਰ ।੩। ਭਣਤਿ ਖ਼ੁਸ਼ੀ ਘਰਿ ਆਉ ਲੁੜੀਂਦਿਆਂ, ਮੇਰਾ ਤਾਂ ਦਿਲ ਥੀਉਮ ਧੀਰ ।੪। (ਰਾਗ ਖਿਮਾਚੁ) (ਕਾਸੋਂ=ਕੀਹਨੂੰ, ਪੀਰ=ਪੀੜ,ਗ਼ਮ, ਧੀਰ=ਚੈਨ,ਧੀਰਜ) |
Sunday, 13 October 2013
ਪੰਜਾਬੀ ਕਾਫ਼ੀਆਂ ਖ਼ੁਸ਼ੀ
Subscribe to:
Post Comments (Atom)
No comments:
Post a Comment