ਪੰਜਾਬੀ ਕਿੱਸਿਆਂ ਦੇ ਚਾਰ ਸਿਖਰਲੇ ਮੰਜ਼ਰ, ਸਿਖਰਲੀ ਸ਼ਾਇਰੀ
ਕਵਿਤਾ ਦਿਆਂ ਕਾਜ਼ੀਆਂ ਦੀਆਂ ਇਸ ਬਾਰੇ ਸੁਣਾਈਆਂ ਦਾਅਵਿਆਂ ਭਰੀਆਂ, ਲੰਮੀਆਂ-ਲੰਮੀਆਂ ਪਰਿਭਾਸ਼ਾਵਾਂ ਨੂੰ ਇੱਕ ਪਾਸੇ ਰੱਖ ਕੇ ਬਹੁਤ ਘੱਟ ਪਰਿਭਾਸ਼ਾਵਾਂ ਹਨ ਜੋ ਇਸ ਦੇ ਬਹੁਤ ਨੇੜੇ ਲੱਗਦੀਆਂ ਹਨ। ਉਨ੍ਹਾਂ ’ਚੋਂ ਇੱਕ ਹੈ ਵਲਵਲਿਆਂ-ਵਰੋਸਾਏ, ਕਵਿਤਾ ਦੇ ਸਾਂਵਲ ਯਾਰ ਅਤੇ ਦੀਵਾਨੇ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀ, ਜਿਸ ਅਨੁਸਾਰ, ‘‘ਪਿਆਰ ਵਿੱਚ ਮੋਏ ਬੰਦਿਆਂ ਦੇ ਮੁੱਖੋਂ ਨਿਕਲੇ ਸਹਿਜ ਬੋਲ ਕਵਿਤਾ ਹੁੰਦੇ ਹਨ’’ ਅਤੇ ਮੁਹੱਬਤ ਵਾਂਗ, ਕਵਿਤਾ ਲਈ ਵੀ ਕੁਝ ਖ਼ਾਸ ਦਿਲ ਹੀ ਮਖ਼ਸੂਸ ਹੁੰਦੇ ਹਨ ਕਿਉਂਕਿ ਇਹ ਦਿਲ ਦੀ ਜਾਇਦਾਦ ਹੈ, ਦਿਮਾਗ ਦੀ ਨਹੀਂ। ਪਿਆਰ ਵਿੱਚ ਮੋਏ ਬੰਦੇ ਪੰਜਾਬੀ ਕਿੱਸਿਆਂ ਦਿਆਂ ਨਾਇਕਾਂ-ਨਾਇਕਾਵਾਂ, ਜਿਨ੍ਹਾਂ ਨੇ ਆਪਣੀ ਮੁਹੱਬਤ ਦੇ ਸਿਦਕ ਖ਼ਾਤਰ ਸਭ ਕੁਝ ਛੱਡਿਆ, ਤੋਂ ਵੱਧ ਇਸ ਧਰਤ ’ਤੇ ਹੋਰ ਕੌਣ ਹੋਣਗੇ, ਜਿਨ੍ਹਾਂ ਬਾਰੇ ਲਿਖਣ ਦਾ ਜੇਰਾ ਵੀ ਉਨ੍ਹਾਂ ਕਿੱਸਾਕਾਰਾਂ ਨੇ ਕੀਤਾ ‘‘ਜਿਨ੍ਹਾਂ ਦੇ ਪੰਜਾਂ ਪੀਰਾਂ ਨੇ ਕੰਧੀਂ ਦਸਤ ਧਰੇ ਹੋਏ ਸਨ।’’ ਯੂਨਾਨੀ ਨਾਟਕਾਂ ਵਾਂਗ ਜਦੋਂ ਸਬੰਧਤ ਕਥਾ ਸਿਖਰ ’ਤੇ ਪਹੁੰਚਦੀ ਹੈ, ਉਦੋਂ ਹੀ ਸਿਖਰਾਂ ਛੂੰਹਦੀ ਹੈ ਇਨ੍ਹਾਂ ਦੀ ਸ਼ਿੱਦਤ ਸਮੋਈ ਸ਼ਾਇਰੀ ਜਿਸ ਦਾ ਬਦਲ ਹੁਣ ਤਕ ਤਾਂ ਲੱਭਿਆ ਨਹੀਂ।
ਬੇਸ਼ੱਕ ਇਹ ਵਿਸ਼ਾਲ ਵਿਸ਼ਾ ਹੈ ਪਰ ਮੈਂ ਆਪਣੇ ਕੱਦ ਅਨੁਸਾਰ ਸਿਰਫ਼ ਚਾਰ ਮੰਜ਼ਰਾਂ ਦੀ ਹੀ ਗੱਲ ਕਰਾਂਗਾ, ਜਿੱਥੇ ਕਵਿਤਾ ਆਪੋ-ਆਪਣੇ ਸਿਖਰ ’ਤੇ ਪਹੁੰਚਦੀ ਹੈ। ਇਹ ਕਿੱਸੇ ਹਨ ਮਿਰਜ਼ਾ-ਸਹਿਬਾਂ, ਹੀਰ-ਰਾਂਝਾ, ਸੱਸੀ- ਪੰੁਨੰੂ ਅਤੇ ਸੋਹਣੀ-ਮਹੀਂਵਾਲ ਅਤੇ ਕ੍ਰਮਵਾਰ ਮੰਜ਼ਰ ਹਨ- ਮਿਰਜ਼ੇ ਦੇ ਵੱਢੇ ਜਾਣ ਦੀ ਥਾਂ ਜੰਡ, ਹੀਰ ਦੀ ਵਿਦਾਇਗੀ- ਡੋਲੀ, ਸੱਸੀ ਦੀ ਸੁੰਨ੍ਹੀ ਸੇਜ ਅਤੇ ਸੋਹਣੀ ਦੇ ਕੱਚੇ ਘੜੇ ਨਾਲ ਸੰਵਾਦ। ਇਸੇ ਵੇਲੇ ਇਨ੍ਹਾਂ ਦੀਆਂ ਕਥਾਵਾਂ ਸਿਖਰਾਂ ’ਤੇ ਪਹੁੰਚਦੀਆਂ ਹਨ। ਨਾਟਕ-ਮੁਹਾਵਰੇ ਵਿੱਚ ਇਸ ਨੂੰ ਸਿਖਰ ਕਿਹਾ ਜਾਂਦਾ ਹੈ। ਜੰਡ ਹੇਠਾਂ ਮਿਰਜ਼ਾ ‘ਝੱਟ ਕੁ ਠਾਉਂਕਾ’ ਲਾਉਣ ਲਈ ਰੁਕਿਆ ਸੀ, ਮਰਨ ਲਈ ਨਹੀਂ। ਰਾਂਝਾ ਚੌਧਰੀ ਤੋਂ ਚਾਕ ਹੀਰ ਦੀ ਡੋਲੀ ਲੈ ਜਾਣ ਲਈ ਬਣਿਆ ਸੀ, ਨਾ ਕਿ ਉਸ ਨੂੰ ਉੱਠਦੀ ਵੇਖਣ ਵਾਲਾ ਦਰਸ਼ਕ। ਸੱਸੀ ਨੂੰ ਤਾਂਘ ਸੇਜ ਮਾਣਨ ਦੀ ਸੀ ਨਾ ਕਿ ਉਸ ਨੂੰ ਸੁੰਨ੍ਹੀ ਵੇਖ ਹਉਕੇ ਭਰਨ ਦੀ ਅਤੇ ਸੋਹਣੀ ਲਈ ਘੜਾ ਪਾਰ ਲੰਘਾਉਣ ਦਾ ਸਾਧਨ ਸੀ, ਰਾਹ ਵਿੱਚ ਡੋਬਣ ਦਾ ਨਹੀਂ। ਨਾਲੇ ਦੁਖਾਂਤ ਵਾਪਰਦਾ ਹੀ ਉਸ ਵੇਲੇ ਹੈ ਜਦੋਂ ਉਮੀਦੋਂ ਉਲਟ ਵਾਪਰੇ- ਕਲੀਆਂ ਲਈ ਬਣੇ ਨੂੰ ਕੰਡੇ ਮਿਲਣ। ਅਜਿਹੇ ਪਲਾਂ ਵਾਰੇ ‘ਮਹਿਸੂਸਿਆ’ ਹੀ ਕਵਿਤਾ ਵਿੱਚ ਜਾਂਦਾ ਹੈ, ਵਾਰਤਕ ਵਿੱਚ ‘ਸੋਚਿਆ’ ਨਹੀਂ।
ਇਨ੍ਹਾਂ ਚਾਰਾਂ ਮੰਜ਼ਰਾਂ ਦਾ ਸੰਖੇਪ ਵਿਸ਼ਲੇਸ਼ਣ ਕੁਝ ਇਸ ਤਰ੍ਹਾਂ ਹੈ। ਪੀਲੂ ਦੀ ਕਲਮ ਖ਼ੂਨ ਵਿੱਚ ਡੁੱਬਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਮੀਦੋਂ ਉਲਟ ਜੰਡ ਹੇਠਾਂ ਜੀਵਨ ਨਹੀਂ ਮੌਤ ਦਾ ਤਾਂਡਵ ਹੋਣਾ ਸ਼ੁਰੂ ਹੁੰਦਾ ਹੈ। ਹੋਣੀ ਮਿਰਜ਼ੇ ਨੂੰ ਛੱਡ ਸਿਆਲਾਂ ਨਾਲ ਰਲ ਜਾਂਦੀ ਹੈ। ਸਾਹਿਬਾਂ, ਜਿਸ ਨੂੰ ਉਹ ਖ਼ੁਦ ਮੌਤ ਨਾਲ ਲੜ ਕੇ ਕੱਢ ਕੇ ਲਿਆਇਆ ਸੀ, ਜਦੋਂ ਉਸ ਨੂੰ ਆਪਣੇ ਸਾਹਵੇਂ ਖੜ੍ਹੀ ਮੌਤ ਲਈ ਜ਼ਿੰਮੇਵਾਰ ਵੇਖਦਾ ਹੈ, ਉਸ ਦੇ ਸੁਪਨਿਆਂ ਦਾ ਸੰਸਾਰ ਤਾਂ ਟੁੱਟੇਗਾ ਹੀ। ਸਾਹਿਬਾਂ ਦਾ ਤੀਰ ਤੋੜਨਾ ਉਸ ਦੇ ਸੁਪਨੇ ਤੋੜਨਾ ਹੈ। ਸੁਭਾਅ ਅਨੁਸਾਰ ਉਸ ਅੰਦਰ ਹਾਰ, ਮਜਬੂਰੀ ਅਤੇ ਗੁੱਸੇ (ਜਿਸ ਲਈ ਉਹ ਜਾਣਿਆ ਜਾਂਦਾ ਹੈ ਅਤੇ ਜੋ ਉਸ ਦੀ ਸੁੰਦਰਤਾ ਵੀ ਹੈ ਅਤੇ ਕਮਜ਼ੋਰੀ ਵੀ) ਦਾ ਬਲਦਾ ਭਾਂਬੜ ਪਲ-ਪਲ ਉੱਚਾ ਹੋ ਰਿਹਾ ਹੈ ਅਤੇ ਆਖਰ ਉਸ ਨੂੰ ਰਾਖ ਕਰ ਦਿੰਦਾ ਹੈ। ਉਸ ਦੇ ਅੰਦਰਲੀ ਅੱਗ ਨੂੰ ਪੀਲੂ ਨੇ ਕਿੱਸੇ ਦੀਆਂ ਪ੍ਰਤੀਨਿਧ ਸਤਰਾਂ ’ਚ ਇੰਜ ਅਨੁਵਾਦ ਕੀਤਾ ਹੈ:
‘‘ਨੀਂ ਤੂੰ ਮੰਦਾ ਕੀਤਾ ਸਾਹਿਬਾਂ,
ਮੇਰਾ ਤਰਕਸ਼ ਟੰਗਿਆ ਜੰਡ,
ਹੁੰਦੀਆਂ ਤਾਂ ਜੇ ਅੱਜ ਕਾਨੀਆਂ,
ਦਿੰਦਾ ਸਿਆਲ਼ੀਂ ਵੰਡ,
ਪਹਿਲੀ ਮਾਰਦਾ ਖ਼ਾਨ ਸ਼ਮੀਰ ਦੇ,
ਦੂਜੀ ਕੁੱਲੇ ਦੇ ਤੰਗ,
ਤੀਜੀ ਮਾਰਦਾ ਓਸ ਦੇ,
ਜੈਂਦੀ ਹੈਂ ਤੂੰ ਮੰਗ,
ਜੱਟ ਬਾਝ ਭਰਾਵਾਂ ਮਾਰਿਆ,
ਕੋਈ ਨਾ ਮਿਰਜ਼ੇ ਸੰਗ।’’
ਇਕੱਲੀ ਸਾਹਿਬਾਂ ਹੀ ਨਹੀਂ, ਉਸ ਦੇ ਨਾਲ ਜੰਡ ਅਤੇ ਬੱਕੀ, ਜਿਨ੍ਹਾਂ ਦਾ ਮਾਨਵੀਕਰਨ ਕੀਤਾ ਗਿਆ ਹੈ, ਵੀ ਆਪੋ-ਆਪਣੇ ਢੰਗ ਅਨੁਸਾਰ, ਇਸ ਦੁਖਾਂਤ ਵਿੱਚ ਭਾਗੀਦਾਰ ਹਨ। ਜੰਡ ਮਿਰਜ਼ੇ ਨੂੰ ਆਖਰੀ ਸਾਹ ਲੈਂਦਿਆਂ ਵੇਖ, ਕਲਮਾ ਪੜ੍ਹਨ ਦੀ ਰਸਮ ਅਦਾ ਕਰਦਾ ਹੈ। ਬੱਕੀ ਆਪਣੇ-ਆਪ ਨੂੰ ਗੁਨਾਹਗਾਰ ਸਮਝਦੀ ਹੈ ਅਤੇ ਇਸੇ ਬੋਝ ਹੇਠ ਦੱਬੀ ਮਿਰਜ਼ੇ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਦਿੰਦੀ ਹੈ। ਹਜ਼ੂਰਾ ਸਿੰਘ ਦੀ ਕਲੀ ਇਸ ਬਾਰੇ ਇੰਜ ਵੈਣ ਪਾ ਰਹੀ ਹੈ:
‘‘ਏਸ ਵੇਲੇ ਵੇ ਨੈਂਅ ਦਿਆ ਲਾੜਿਆ,
ਮੈਂ ਘਰ ਕੀ ਦੱਸੂੰਗੀ ਜਾ,
ਢੂਹੀ ਭੱਜਗੀ ਵੰਝਲ ਬਾਪ ਦੀ,
ਪੁੱਤ ਮੋਇਆ ਦੱਸੂੰਗੀ ਜਾ,
ਤੇਰੀ ਭੈਣ ਵੇ ਛੱਤ ਉਡੀਕਦੀ,
ਬੀਬਾ ਸਿਆਲਾਂ ਵਾਲੇ ਰਾਹ,
ਤੇਰੀ ਮਾਂ ਤਾਂ ਪੱਟਦੀ ਮੇਢੀਆਂ,
ਪੁੱਤ ਨੀਂ ਥਿਆਵਣਾਂ…।’’
ਸੰਖੇਪ ਵਿੱਚ, ਕੁਦਰਤੀ ਵੀ ਹੈ ਕਿ ਮਿਰਜ਼ੇ ਬਾਰੇ ਸਭ ਤੋਂ ਸ਼ਿੱਦਤ ਭਰਪੂਰ ਕਵਿਤਾ ਇਸੇ ਮੰਜ਼ਰ ਬਾਰੇ ਲਿਖੀ ਗਈ ਹੈ, ਗਾਈ ਅਤੇ ਸਰਾਹੀ ਵੀ।
ਹੀਰ-ਰਾਂਝੇ ਦੇ ਕਿੱਸੇ ਵਿੱਚ ਇਸ ਦੁਖਾਂਤ ਲਈ ਸਟੇਜ ‘ਡੋਲੀ’ ਬਣਦੀ ਹੈ: ਉਹ ਡੋਲੀ ਜੋ ਰਾਂਝੇ ਨੂੰ ਆਪਣੇ ਰਿਸ਼ਤੇ ਦੀ ਕਬਰ ਲੱਗਦੀ ਹੈ। ਇਸ ਵਿੱਚ ਦਫ਼ਨ ਹਨ ਉਸ ਦੇ ਸਮੁੱਚੇ ਸੁਪਨੇ। ਬਾਰਾਂ ਸਾਲ ਖੋਲੀਆਂ (ਮੱਝਾਂ) ਉਸ ਦੀ ਡੋਲੀ ‘ਤੋਰਨ’ ਲਈ ਨਹੀਂ ਸਨ ਚਾਰੀਆਂ। ਰਾਂਝੇ ਅੰਦਰ ਮਿਰਜ਼ੇ ਵਾਲਾ ਸ਼ੂਕਦਾ ਗੁੱਸਾ ਨਹੀਂ, ਸਗੋਂ ਸੁਲਗਦਾ ਝੋਰਾ ਹੈ, ਪਛਤਾਵਾ ਹੈ। ਦੋਵੇਂ ਇੱਕ ਦੂਜੇ ਤੋਂ ਵੱਖਰੇ ਹੀ ਨਹੀਂ, ਉਲਟ ਚਿੱਤਰੇ ਹਨ। ਮਿਰਜ਼ਾ ਸਾਹਿਬਾਂ ਨੂੰ ਉਧਾਲ਼ ਕੇ ਲੈ ਜਾਣ ਨੂੰ ਆਪਣੀ ਬਹਾਦਰੀ ਸਮਝਦਾ ਹੈ, ਜਦੋਂਕਿ ਰਾਂਝਾ ਅਜਿਹੇ ਕਦਮ ਨੂੰ ਹੇਠੀ ਤੇ ਅਸੱਭਿਅਕ।
‘‘ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ।’’ ਜਾਂ ਵੱਧ ਤੋਂ ਵੱਧ ਇਹੋ ਜਿਹੇ ਮਿਹਣੇ:
‘‘ਕਰ ਕੇ ਕੌਲ ਕਰਾਰ ਜੇ ਹਾਰਿਓਂ ਈ,
ਤਾਰ ਇਸ਼ਕ ਦੀ ਦਿਲੋਂ ਨਾ ਤੋੜ ਹੀਰੇ
ਹੀਰਾਂ ਵਿੱਚ ਜਹਾਨ ਦੇ ਲੱਖ ਹੋਸਣ,
ਨਾ ਹੀ ਰਾਂਝਿਆਂ ਦੀ ਕੋਈ ਥੋੜ੍ਹ ਹੀਰੇ।’’
ਉਮੀਦ ਅਨੁਸਾਰ ਇੱਥੇ ਹੀ ਆਉਂਦੀਆਂ ਹਨ, ਵਾਰਸ ਦੀਆਂ ਅਮਰ ਅਤੇ ਪ੍ਰਤੀਨਿਧ ਸਤਰਾਂ, ਸ਼ਾਇਰੀ ਦੀ ਸਿਖਰ:
‘‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ,
ਮੈਨੂੰ ਲੈ ਚੱਲੇ ਬਾਬਲਾ ਵੇ ਲੈ ਚੱਲੇ,
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ,
ਅਸੀਂ ਨਾਲ ਨਹੀਓਂ ਕੁਝ ਲੈ ਚੱਲੇ,
ਸਾਡਾ ਆਖਿਆ ਕਦੇ ਨਾ ਮੋੜਦਾ ਸੈਂ,
ਉਹ ਸਮੇਂ ਬਾਬਲ ਕਿੱਥੇ ਗਏ ਚੱਲੇ।’’
ਇਹੀ ਹਨ ਉਹ ਸਤਰਾਂ ਜੋ ਸ਼ਾਇਦ ਸਭ ਤੋਂ ਵੱਧ ਗਾਈਆਂ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਵਾਰਸ ਦੀਆਂ ਕਈ ਹੋਰ ਸਤਰਾਂ ਵੀ ਬਹੁਤ ਸਰਾਹੀਆਂ ਗਈਆਂ ਹਨ ਕਿਉਂਕਿ ਉਹ ਪੀਲੂ ਦੇ ਉਲਟ ਵਿਸਥਾਰ ਦਾ ਸ਼ਾਇਰ ਹੈ, ਜਦੋਂਕਿ ਪੀਲੂ ਸੰਖੇਪਤਾ ਦਾ।
ਸੱਸੀ-ਪੁੰਨੂੰ ਵਿੱਚ ਇਹ ਮੰਜ਼ਰ ਜੁੜਿਆ ਹੋਇਆ ਹੈ ‘ਸੇਜ’ ਨਾਲ। ਸੱਸੀ ਦੇ ਸੇਜ ਮਾਣਨ ਦੇ ਸੁਪਨੇ ਨੂੰ, ਸਾਹਿਬਾਂ ਦਿਆਂ ਭਰਾਵਾਂ ਵਾਂਗ, ਹੋਤ ਖ਼ਤਮ ਕਰਦੇ ਹਨ। ਸੱਸੀ ਸੌਣ ਵੇਲੇ ਵਸ ਰਹੀ ਹੈ, ਜਾਗਣ ਵੇਲੇ ਉੱਜੜੀ ਤੇ ਲੁੱਟੀ ਜਾ ਚੁੱਕੀ ਹੈ। ਦਰਅਸਲ ਨੀਂਦ ਦਾ ਪ੍ਰਤੀਕ ਇਸ ਦੁਖਾਂਤ ਉੱਪਰ ਮੰਡਰਾਉਂਦਾ ਹੀ ਰਹਿੰਦਾ ਹੈ ਅਤੇ ਉਹ ਵੀ ਇੱਕ ਸਰਾਪ ਤੇ ਕਾਰਨ ਬਣ ਕੇ। ਹੀਰ ਅਤੇ ਮਿਰਜ਼ੇ ਦੇ ਉਲਟ, ਸੱਸੀ ਦਾ ਸੰਵਾਦ ਆਪਣੀ ਮਾੜੀ ਕਿਸਮਤ ਨਾਲ ਹੈ, ਕਿਸੇ ਹੋਰ ਨਾਲ ਨਹੀਂ। ਦੁਖਾਂਤ-ਕਾਰਜ ਉਸ ਦੀ ਅੱਖ ਖੁੱਲ੍ਹਣ ਬਾਅਦ ਸ਼ੁਰੂ ਹੁੰਦਾ ਹੈ- ਜਦੋਂ ਉਹ ਵਾਹੋ ਦਾਹੀ, ਪਾਗਲਾਂ ਵਾਂਗ ਪੰੁਨੰੂ ਦੀ ਤਲਾਸ਼ ’ਚ ਨਿਕਲ ਤੁਰਦੀ ਹੈ। ਸਮੁੱਚੀ ਕਾਇਨਾਤ ਮਾਰੂਥਲ ਦਾ ਰੂਪ ਧਾਰ ਚੁੱਕੀ ਲੱਗਦੀ ਹੈ। ਕਵੀ ਹਾਸ਼ਮ ਦੀ ਸ਼ਾਇਰੀ ਵੀ ਸਿਖਰ ’ਤੇ ਪਹੁੰਚਦੀ ਹੈ:
‘‘ਨਾਜ਼ਕ ਪੈਰ ਮਲੂਕ ਸੱਸੀ ਦੇ,
ਮਹਿੰਦੀ ਨਾਲ ਸ਼ਿੰਗਾਰੇ,
ਬਾਲੂ ਰੇਤ ਤਪੇ ਵਿੱਚ ਥਲ ਦੇ,
ਜਿਉਂ ਜੌਂ ਭੁੰਨਣ ਭਠਿਆਰੇ,
ਆਤਸ਼ ਦਾ ਦਰਿਆ ਖਲੋਤਾ,
ਥਲ ਮਾਰੂ ਵਿੱਚ ਸਾਰੇ,
ਹਾਸ਼ਮ ਵੇਖ ਯਕੀਨ ਸੱਸੀ ਦਾ,
ਸਿਦਕੋਂ ਮੂਲ ਨਾ ਹਾਰੇ।’’
ਪੰਜਾਬੀ ਦਾ ਇੱਕ ਲੋਕ ਗੀਤ, ਜਿਸ ਵਿੱਚ ਇਹੋ ਦਰਦ ਉਣਿਆ ਹੋਇਆ ਹੈ, ਲੋਕ ਗੀਤ ਸੰਸਾਰ ਦੀ ਸਦਾਰਤ ਕਰਦਾ ਆ ਰਿਹਾ ਹੈ। ‘ਵੇ’ ਅਤੇ ‘ਨੀਂ’ ਦੀਆਂ ਸੰਬੋਧਾਤਮਕ ਹੇਕ-ਨੁਮਾ ਹੂਕਾਂ ਸੁਲਤਾਨ ਬਾਹੂ ਵਾਲੇ ‘ਹੂ’ ਵਰਗੀਆਂ ਲੱਗਦੀਆਂ ਹਨ। ਨਾ ਹੁਣ ਤਕ ਇਸ ਦਿਲ ਚੀਰਵੇਂ, ਵਿਲਕਦੇ ਗੀਤ ਦੇ ਬੋਲ ਬਦਲੇ, ਨਾ ਸੁਰ। ਹਾਂ, ਗਾਉਣ ਵਾਲੇ ਤਾਂ ਬਦਲਣੇ ਹੀ ਸੀ।
‘‘ਜਿਨ੍ਹੀਂ ਰਾਹੀਂ ਤੂੰ ਗਿਆ,
ਵੇ ਮੈਂ ਓਨ੍ਹੀਂ ਰਾਹੀਂ ਜਾਂਵਦੀ,
ਪੈਰ ਤੇਰੇ ਦੀ ਕੰਕਰੀ,
ਵੇ ਮੈਂ ਮਿਸ਼ਰੀ ਕਰ ਕੇ ਖਾਂਵਦੀ,
ਹਾਏ ਵੇ ਪੰੁਨੰੂ! ਜ਼ਾਲਮਾਂ!
ਦਿਲਾਂ ਦਿਆ ਮਹਿਰਮਾਂ!
ਸੁੱਤੀ ਨੂੰ ਛੋੜ ਕੇ ਨਾ ਜਾਈਂ ਓਇ…।’’
ਸੋਹਣੀ-ਮਹੀਂਵਾਲ ਵਿੱਚ ਜੰਡ, ਡੋਲੀ ਅਤੇ ਸੇਜ ਦੀ ਥਾਂ ਲੈ ਲਈ ਹੈ ‘ਘੜੇ’ ਨੇ। ਸੋਹਣੀ ਦਾ ਸਿਦਕ ਪੱਕਾ ਹੈ, ਜਦੋਂਕਿ ਘੜੇ ਦੀ ਹੋਣੀ ਕੱਚਾ, ਜਿਸ ਨੂੰ ਉਹ ਛੁਪਾਉਂਦਾ ਨਹੀਂ। ਉਸ ਦੀ ਹੋਣੀ ਖੁਰਨਾ ਹੈ, ਸੋਹਣੀ ਦੀ ਕਸਮ ਨਿਭਾਉਣਾ। ਇੱਕ ਪਾਰ ਉੱਤਰਨ ਲਈ ਬਜ਼ਿਦ ਹੈ ਇੱਕ ਡੋਬਣ ਲਈ। ਇਸੇ ਦਵੰਦ ’ਤੇ ਉੱਸਰਿਆ ਹੈ ਇਹ ਰਿਸ਼ਤਾ। ਇਸੇ ਸੰਵਾਦ ਬਾਰੇ ਰਚੀ ਕਵਿਤਾ ਪ੍ਰਤੀਨਿਧ ਅਖਵਾਉਂਦੀ ਆ ਰਹੀ ਹੈ। ਰਾਵੀਓਂ ਪਾਰ ਵਾਲਾ ਮਰਹੂਮ ਆਸ਼ਕ ਜੱਟ ਨੇ ਇਸ ਵੈਰਾਗਮਈ ਸੰਵਾਦ ਨੂੰ ਬਹੁਤ ਹੀ ਨਿਵੇਕਲੇ ਅੰਦਾਜ਼ ’ਚ ਗਾਇਆ ਹੈ। ਮਨ ਦੀ ਪਲ-ਪਲ ਨਿਘਰ ਰਹੀ ਦਸ਼ਾ ਅਨੁਸਾਰ ਸੋਹਣੀ ਦਾ ਮੁਹਾਵਰਾ ਅਰਜੋਈ ਵਾਲਾ ਹੈ। ਤੂਫ਼ਾਨ ਵੀ ਤਾਂ ਦੋ ਹਨ, ਇੱਕ ਦਰਿਆ ਵਿੱਚ ਅਤੇ ਦੂਜਾ ਸੋਹਣੀ ਦੇ ‘ਡੁੱਬ ਰਹੇ’ ਦਿਲ ਵਿੱਚ। ਇੱਕ ਪਾਸੇ ‘ਕਾਂਗਾ’ ਦੇ ਦਾਅਵੇ ਹਨ ਤੇ ਦੂਜੇ ਪਾਸੇ ‘ਤਾਂਘਾਂ’ ਦੇ ਅਤੇ ਸ਼ਾਇਰੀ ਦਾ ਵਿਸ਼ਾ ਹੈ ਦੋਵਾਂ ਵਿਚਲੀ ਕਸ਼ਮਕਸ਼ ਅਤੇ ਮਾਰੂ, ਖੌਰੂ ਪਾਉਂਦਾ ਵਾਤਾਵਰਣ ਜਿਸ ਨੂੰ ਉਰਦੂ ਕਵੀ ਸ਼ਕੀਲ ਨੇ ਇੰਜ ਕਾਵਿ-ਬੱਧ ਕੀਤਾ ਹੈ:
‘‘ਚਾਂਦ ਛੁਪਾ ਔਰ ਤਾਰੇ ਡੂਬੇ,
ਰਾਤ ਗਜ਼ਬ ਕੀ ਆਈ,
ਹੁਸਨ ਚਲਾ ਹੈ ਇਸ਼ਕ ਸੇ ਮਿਲਨੇ,
ਜ਼ੁਲਮ ਕੀ ਬੱਦਲੀ ਛਾਈ।’’
ਆਸ਼ਕ ਜੱਟ ਦੁਆਰਾ ਗਾਇਆ ਇਹ ਸੰਵਾਦ ਵੀ ਆਲਮ ਲੋਹਾਰ ਵਾਲੀ ਸ਼ੁਹਰਤ ਤਕ ਪਹੁੰਚਿਆ ਹੈ।
‘‘ਮੈਨੂੰ ਪਾਰ ਲੰਘਾ ਦੇ ਵੇ,
ਘੜਿਆ ਮਿੰਨਤਾਂ ਤੇਰੀਆਂ ਕਰਦੀ,
ਤੂੰ ਮੁੜਜਾ ਸੋਹਣੀਏਂ ਨੀਂ,
ਏਥੇ ਕੋਈ ਨਾ ਤੇਰਾ ਦਰਦੀ…।
ਮੇਰਾ ਬੁੱਤ ਕਮਜ਼ੋਰ ਨਿਤਾਣਾ ਨੀਂ,
ਮੈਂ ਕੱਚਾ ਤਰਨ ਨਾ ਜਾਣਾ ਨੀਂ,
ਅਸਾਂ ਦੋਹਾਂ ਨੇ ਰੁੜ੍ਹ-ਪੁੜ੍ਹ ਜਾਣਾ ਨੀਂ,
ਮੇਰੀ ਮਿੱਟੀ ਜਾਂਦੀ ਖਰਦੀ।
ਤੂੰ ਮੁੜਜਾ ਸੋਹਣੀਏਂ ਨੀਂ…’’
ਭਾਵੇਂ ਸੋਹਣੀ ਦਾ ਕਿੱਸਾ ਫ਼ਜ਼ਲ ਸ਼ਾਹ ਤੋਂ ਬਿਨਾਂ ਕਾਦਰਯਾਰ, ਪੰਡਤ ਸੱਦਾ ਰਾਮ, ਫ਼ਜ਼ਲਦੀਨ ਅਤੇ ਹਾਸ਼ਮ ਵਰਗਿਆਂ ਕਿੱਸਾਕਾਰਾਂ ਨੇ ਲਿਖਿਆ ਪਰ ਹਰੇਕ ਦੇ ਕਿੱਸੇ ਦੀ ਸਿਖਰ ਸੋਹਣੀ-ਘੜੇ ਦੇ ਸੰਵਾਦ ਨਾਲ ਹੀ ਪਹੁੰਚਦੀ ਹੈ। ਹਾਸ਼ਮ ਦੀ ਸ਼ਾਇਰੀ ਕਿੱਸਾ ਪ੍ਰੇਮੀਆਂ ਦੇ ਕੰਠ ਹੈ:
‘‘ਨਾ ਕੁਝ ਦੋਸ਼ ਘੜੇ ਘੁਮਿਆਰਾਂ,
ਖਲਕ ਪਈ ਸਭ ਸੱਚੀ,
ਕੱਚੇ ਹੋਏ ਨਸੀਬ ਕੱਚੀ ਦੇ,
ਚਾਲ ਪਈ ਸਭ ਕੱਚੀ।’’
ਲੋਕ ਗੀਤਾਂ ਵਿੱਚ ਵੀ ਪਹੁੰਚ ਚੁੱਕਾ ਹੈ, ਸੋਹਣੀ-ਘੜੇ ਦਾ ਰਿਸ਼ਤਾ:
‘‘ਕੀ ਦੋਸ਼ ਘੜੇ ਨੂੰ ਦੇਣਾ, ਏਵੇਂ ਹੋਣੀ ਸੀ।’’
ਬੀਜੇ ਦਾ ਕੌਲਾਂ ਨੂੰ ਧੱਕੇ ਦੇ ਕੇ ਘਰੋਂ ਕੱਢ ਦੇਣਾ ਅਤੇ ਉਸ ਦਾ ਰੋ-ਰੋ ਆਪਣੇ ਬਾਬਲ ਪਹੋੜ ਮੱਲ ਨੂੰ ਯਾਦ ਕਰਨਾ: ਰਾਣੀ ਅੱਛਰਾਂ ਦਾ ਪੁੱਤ ਪੂਰਨ ਦੇ ਦੁੱਖ ਵਿੱਚ ਰੋ ਰੋ ਅੰਨ੍ਹਾ ਹੋ ਜਾਣਾ ਅਤੇ ਉਸ ਤੋਂ ਅੱਖਾਂ ਦਾ ਦਾਰੂ ਲੈਣ ਕਾਲੇ ਬਾਗ਼ ਜਾਣਾ ਅਤੇ ਕਿਸੇ ਨਿਰਮੋਹੀ ਧਰਤੀ ਅਤੇ ਚੰਦਰੇ ਪਲ ਦੀ ਗਰਿਫ਼ਤ ਹੇਠ ਸੰਤਾਪੇ ਸਰਵਣ ਦਾ ਆਪਣੇ ਅੰਨ੍ਹੇ ਮਾਪਿਆਂ ਦੀ ਵਹਿੰਗੀ ਰੱਖ ਹਿਸਾਬ-ਕਿਤਾਬ ਕਰਨ ਲਈ ਆਖਣਾ ਵੀ ਕੁਝ ਅਜਿਹੇ ਹੀ ਮੰਜ਼ਰ ਹਨ। ਇਸੇ ਕਰ ਕੇ ਇਨ੍ਹਾਂ ਨੂੰ ਕ੍ਰਮਵਾਰ ਕਥਾਵਾਂ ਵਿੱਚ ਜ਼ਿਆਦਾ ਗਾਇਆ ਗਿਆ ਹੈ ਅਤੇ ਲਿਖਿਆ ਗਿਆ ਹੈ।
ਜਿਵੇਂ ਦਸਾਂ ਗੁਰੂਆਂ ਦੀ ਇਲਾਹੀ ਜੋਤ ਦੁਆਰਾ ਬਖ਼ਸ਼ੇ ਵਰਦਾਨ ਬਿਨਾਂ ਅਸੀਂ ਹਨੇਰੇ ’ਚ ਡੁੱਬ ਜਾਵਾਂਗੇ: ਉਨ੍ਹਾਂ ਦੇ ਨਕਸ਼ੇ ਪਾ ਦੀ ਛੋਹ ਨੂੰ ਵਿਸਾਰ ਕੇ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ ਅਤੇ ਗੰਗਾ ਦਿਆਂ ਕਿਨਾਰਿਆਂ ’ਤੇ ਮਲਾਹਾਂ ਦੀਆਂ ਨਿਰੰਤਰ ਚਲੋ ਚਲੀ ਦੀਆਂ ਹਾਕਾਂ ਅਤੇ ਹੂਕਾਂ ਬਗ਼ੈਰ ਇਸ ਦੇਸ਼ ਦਾ ਸੱਭਿਆਚਾਰ ਬੌਣਾ ਹੋ ਜਾਵੇਗਾ, ਇੰਜ ਹੀ ਇਨ੍ਹਾਂ ਚਾਰ ਮੰਜ਼ਰਾਂ ਨਾਲ ਜੁੜੀ ਸ਼ਾਇਰੀ ਬਿਨਾਂ ਪੰਜਾਬੀ ਸੁਖਨ ਕਿੰਨਾ ਸੁੰਨ੍ਹਾ ਹੋ ਜਾਵੇਗਾ-ਕਿਆਸ ਕਰ ਕੇ ਤਾਂ ਵੇਖੋ।
- ਸੁਰਜੀਤ ਮਾਨ
ਸੰਪਰਕ: 98153-18755
No comments:
Post a Comment