Wednesday, 2 October 2013

ਬਾਦਸ਼ਾਹ ਅਕਬਰ ਨੂੰ ਕਾਂਬਾ ਛੇੜਣ ਵਾਲੇ ਜੈਮਲ-ਫੱਤਾ


ਰਾਜਸਥਾਨ ਦਾ ਇਤਿਹਾਸ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਇੱਥੋਂ ਦੇ ਰਾਜ ਘਰਾਣਿਆਂ ਨੂੰ ਉਜੜਨ ਤੋਂ ਬਚਾਉਣ ਲਈ ਰਾਜਪੂਤ ਸਰਦਾਰਾਂ ਨੇ ਕਿੰਝ ਜਾਨਾਂ ਦੀ ਬਾਜ਼ੀ ਲਾਈ ਅਤੇ ਟੱਬਰਾਂ ਦੇ ਟੱਬਰ ਖਪ ਗਏ। ਅੱਜ ਵੀ ਆਲ੍ਹ-ਊਦਲ, ਗੌਰਾ ਬਾਦਲ, ਦੁਰਗਾ ਦਾਸ ਗਾਠੌਰ ਅਤੇ ਜੈਮਲ-ਫੱਤਾ ਵਰਗੇ ਬਹਾਦਰਾਂ ਦੀਆਂ ਵਾਰਾਂ ਭੱਟ, ਕਵੀਸ਼ਰ ਤੇ ਢਾਡੀ ਲੋਕ ਬੜੇ ਜੋਸ਼ ਤੇ ਉਤਸ਼ਾਹ ਨਾਲ ਗਾਉਂਦੇ ਅਤੇ ਜਨ ਸਾਧਾਰਨ ਲੋਕ ਸ਼ਰਧਾ-ਭਾਵਨਾ ਨਾਲ ਸੁਣਦੇ ਹਨ।

ਜੈਮਲ ਅਤੇ ਫੱਤੇ ਦੀ ਬੀਰ ਗਾਥਾ ਅੱਜ ਵੀ ਪੰਜਾਬ ਵਿੱਚ ਗਾਈ ਅਤੇ ਸੁਣੀ ਜਾਂਦੀ ਹੈ। ਇਹ ਐਨੇ ਹਰਮਨ ਪਿਆਰੇ ਬਣ ਗਏ ਹਨ ਕਿ ਸਰੋਤਿਆਂ ਨੂੰ ਖੁਸ਼ ਕਰਨ ਲਈ ਗਾਇਕਾਂ ਨੇ ਆਪੋ-ਆਪਣੀ ਸੋਚ ਅਨੁਸਾਰ ਇਨ੍ਹਾਂ ਬਾਰੇ ਕਈ ਵਾਧੇ-ਘਾਟੇ ਕਰ ਦਿੱਤੇ ਤੇ ਕਈ ਮਿੱਥਾਂ ਜੋੜ ਦਿੱਤੀਆਂ ਹਨ।

ਪੰਜਾਬ ਦੇ ਗਾਇਕਾਂ ਅਨੁਸਾਰ ਇਹ ਯੋਧੇ ਸਕੇ ਭਰਾ ਸਨ। ਜੈਮਲ ਨੂੰ ਗੜ੍ਹ ਚਿਤੌੜ ਦਾ ਰਾਜਾ ਕਿਹਾ ਜਾਂਦਾ ਹੈ। ਅਕਬਰ ਨਾਲ ਹੋਏ ਯੁੱਧ ਦਾ ਕਾਰਨ ਜੈਮਲ ਦੀ ਖੂਬਸੂਰਤ ਪੁੱਤਰੀ ਸੰਦਲ ਦਾ ਅਕਬਰ ਵੱਲੋਂ ਡੋਲਾ ਤੇ ਦਰਿਆਈ ਹਾਥੀ ਦੀ ਮੰਗ ਮੰਨੀ ਜਾਂਦੀ ਹੈ। ਗਾਇਕ ਬੜੇ ਜੋਸ਼ ਨਾਲ ਸਰੋਤਿਆਂ ਨੂੰ ਦੱਸਦੇ ਹਨ ਕਿ ਅਕਬਰ ਨੇ ਭਰੇ ਦਰਬਾਰ ਵਿੱਚ ਜੈਮਲ ਤੋਂ ਉਸ ਦੀ ਧੀ ਸੰਦਲ ਦਾ ਡੋਲਾ ਮੰਗਿਆ ਤਾਂ ਉਸ ਸਮੇਂ ਬਹਾਦਰ ਜੈਮਲ ਨੇ ਬੇਖ਼ੌਫ਼ ਹੋ ਕੇ ਰਾਜਪੂਤੀ ਆਣ-ਅਣਖ ਨੂੰ ਬਰਕਰਾਰ ਰੱਖਦਿਆਂ ਅਕਬਰ ਨੂੰ ਕੋਰਾ ਜਵਾਬ ਹੀ ਨਹੀਂ ਦਿੱਤਾ ਸਗੋਂ ਲੜਾਈ ਲਈ ਵੀ ਲਲਕਾਰਿਆ।

ਪਰ ਇਤਿਹਾਸਕ ਤੱਥਾਂ ਉਪਰ ਲਿਖੇ ਨਾਲ ਸਹਿਮਤ ਨਹੀਂ ਹਨ। ਇਤਿਹਾਸਕਾਰਾਂ ਦਾ ਮੱਤ ਹੈ ਕਿ ਜੈਮਲ ਅਤੇ ਫੱਤਾ ਸਕੇ ਭਰਾ ਨਹੀਂ ਸਗੋਂ ਵੱਖੋ-ਵੱਖ ਘਰਾਣਿਆਂ ਨਾਲ ਸਬੰਧਤ ਸਨ ਅਤੇ ਨਾ ਹੀ ਜੈਮਲ ਚਿਤੌੜ ਦਾ ਰਾਜਾ ਸੀ। ਉਹ ਦੋਵੇਂ ਸੂਰਬੀਰ ਚਿਤੌੜ ਦੇ ਰਾਣਾ ਉਦੈ ਸਿੰਘ ਸ਼ਿਸ਼ੋਦੀਆ (ਰਾਜ ਘੁਰਾਣਾ) ਦੇ ਜਗੀਰਦਾਰ ਸਨ। ਰਾਣਾ ਉਦੈ ਸਿੰਘ ਇਤਿਹਾਸ ਪ੍ਰਸਿੱਧ ਮਹਾਂਬਲੀ ਰਾਣਾ ਸਾਂਗਾ ਦਾ ਸਭ ਤੋਂ ਛੋਟਾ ਪੁੱਤਰ ਸੀ।

ਕਰਨਲ ਜੇਮਜ਼ ਟਾਡ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਅਨੁਸਾਰ, ‘‘ਜੈਮਲ ਬਿਦਨੌਰ ਦਾ ਰਾਜਾ ਸੀ ਅਤੇ ਮੇਵਾੜ ਦੇ ਬਹਾਦਰ ਸਰਦਾਰਾਂ ਵਿੱਚ ਉਸ ਦਾ ਨਾਂ ਬੜਾ ਪ੍ਰਸਿੱਧ ਸੀ। ਉਹ ਰਾਠੌਰਾਂ ਦੀ ਮੈਰਤੀ ਸਾਖ ਵਿੱਚ ਪੈਦਾ ਹੋਇਆ ਸੀ।’’ ਫੱਤਾ, ਕੈਲਵਾੜਾ ਦਾ ਹਾਕਮ ਸੀ ਅਤੇ ਸ਼ਿਸ਼ੋਦੀਆਂ ਦੀ ਚੰਦਾਵਤ ਸ਼ਾਖਾ ਵਿੱਚ ਜਨਮਿਆ ਸੀ। ਉਸ ਦਾ ਗੋਤ ਜਗਾਵਤ ਸੀ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਫੱਤੇ ਨੂੰ ਕੈਲਵਾੜਾ ਦੀ ਬਜਾਏ ਅਮੇਟ ਦਾ ਰਾਈਸ ਲਿਖਦੇ ਹਨ। ਭਾਈ ਸਾਹਿਬ ਸੂਚਨਾ ਦਿੰਦੇ ਲਿਖਦੇ ਹਨ:- ‘‘ਹੁਣ ਇਨ੍ਹਾਂ ਦੀ ਸੰਤਾਨ ਕੋਲ ਇਕ-ਇਕ ਲੱਖ ਰੁਪਏ ਦੀ ਆਮਦਨ ਵਾਲੀ ਜਾਗੀਰ ਹੈ ਅਤੇ ਦੋਵੇਂ ਤਾਜ਼ੀਮੀ ਸਰਦਾਰ ਹਨ।’’

ਜੈਮਲ ਦੇ ਮੁੱਢਲੇ ਜੀਵਨ ਬਾਰੇ ਬੜੀ ਗੁੰਝਲਮਈ ਸਥਿਤੀ ਹੈ। ਕਰਨਲ ਟਾਡ, ਜਿਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਰਾਜਪੂਤਾਂ ਦਾ ਇਤਿਹਾਸ ਲਿਖਿਆ ਹੈ, ਉਹ ਜਿੰਨੀ ਵਾਰੀ ਇਸ ਦਾ ਜ਼ਿਕਰ ਕਰਦੇ ਹਨ ਓਨੀ ਵਾਰੀ ਹੀ ਕੁਝ ਨਾ ਕੁਝ ਬਦਲ ਦਿੰਦੇ ਹਨ। ਜਿਵੇਂ ਅਕਬਰ ਦੇ ਚਿਤੌੜ ਦੇ ਜੰਗ ਬਾਰੇ ਲਿਖਦੇ ਹੋਏ ਕਹਿੰਦੇ ਹਨ:- ‘‘ਜੈਮਲ ਬਿਦਨੌਰ ਦਾ ਰਾਜਾ ਸੀ, ਮੈਵਾੜ ਦੇ ਬਹਾਦਰ ਸਰਦਾਰਾਂ ਵਿੱਚ ਉਸ ਦਾ ਨਾਂ ਪ੍ਰਸਿੱਧ ਸੀ। ਉਹ ਰਾਠੌਰਾਂ ਦੀ ‘‘ਮੈਰਤੀਆਂ’’ ਸ਼ਾਖ ਵਿੱਚ ਜਨਮਿਆ।’’ ਪਰ ਆਪਣੀ ‘ਇਤਿਹਾਸਕ ਯਾਤਰਾ’ ਵਿੱਚ ਲਿਖਦੇ ਹਨ ਕਿ ਉਹ ਰਾਵ ਦੂਦਾ ਦੇ ਪੁੱਤਰ ਵੀਰਨ ਦਾ ਪੁੱਤਰ ਸੀ ਜਿਵੇਂ:- ‘‘ਉਸ (ਦੂਦਾ ਜੀ) ਦਾ ਪੁੱਤਰ ਵੀਰਨ ਸੀ ਅਤੇ ਵੀਰਨ ਦੇ ਦੋ ਪੁੱਤਰ ਸਨ, ਜੈਮਲ ਅਤੇ ਜਗਮਾਲ (ਵੇਖੋ ਐਨਿਲ ਐਂਡ ਇੰਟੀਕੁਈਟੀਜ਼ ਆਫ ਰਾਜਸਥਾਨ ਦਾ ਹਿੰਦੀ ਅਨੁਵਾਦ)। ਇਸੇ ਗ੍ਰੰਥ ਵਿੱਚ ਟਾਡ ਲਿਖਦੇ ਹਨ, ‘‘ਜਿਸ ਬਹਾਦਰ ਜੈਮਲ ਨੇ ਅਕਬਰ ਦੀ ਵਿਸ਼ਾਲ ਤੇ ਸ਼ਕਤੀਸ਼ਾਲੀ ਫੌਜ ਨਾਲ ਯੁੱਧ ਕਰਕੇ ਚਿਤੌੜ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ, ਇਹ ਦੂਦਾ ਉਸੇ ਜੈਮਲ ਦਾ ਪਿਤਾਮਾ ਸੀ।’’ ਫਿਰ ਟਾਡ ਲਿਖਦੇ ਹਨ ਕਿ ਜੈਮਲ ਦੇ ਪਿਤਾ ਦਾ ਨਾਂ ਰਾਵ ਮਾਲ ਦੇਵ ਸੀ। ਇਹ ਮਾਲ ਦੇਵ ਓਹੀ ਹੈ ਜਿਸ ਨੇ ਸ਼ੇਰਸ਼ਾਹ ਸੂਰੀ ਨਾਲ ਲੜਾਈ ਲੜੀ ਸੀ। ਮਾਲਦੇਵ, ਰਾਵ ਦੂਦਾ ਦੇ ਚਾਰ ਪੁੱਤਰਾਂ ਵਿੱਚੋਂ ਇਕ ਸੀ। ਮਾਲਦੇਵ ਅਤੇ ਜੈਮਲ ਦੇ ਪਿਤਾ, ਪੁੱਤਰ ਦੇ ਸਬੰਧ ਬਾਰੇ ਲਿਖਦੇ ਹਨ, ‘‘ਇਸ ਅਪਰਾਧ ਬਦਲੇ ਮਾਲਦੇਵ ਨੇ ਉਸ ਨੂੰ ਮੰਦੌਰ ਵਿੱਚੋਂ ਕੱਢ ਦਿੱਤਾ। ਜੈਮਲ ਦੇਸ਼ ਨਿਕਾਲੇ ਸਮੇਂ ਚਿਤੌੜ ਦੇ ਰਾਣੇ ਕੋਲ ਚਲਾ ਗਿਆ।’’ ਪਰ ਜਦੋਂ ਕਿ ਮਾਲਦੇਵ ਦੇ ਬਾਰ੍ਹਾਂ ਪੁੱਤਰਾਂ ਦੀ ਸੂਚੀ ਵਿੱਚ ਜੈਮਲ ਦਾ ਨਾਂ ਨਹੀਂ ਮਿਲਦਾ। ਸੋ ਸੱਚ ਤਾਂ ਇਹ ਹੈ ਕਿ ਜੈਮਲ ਰਾਵ ਵੀਰਨ ਵੀਰ ਦਾ ਹੀ ਪੁੱਤਰ ਸੀ। ਇੰਜ ਉਹ ਜੋਧਪੁਰ ਰਿਆਸਤ ਦੇ ਬਾਨੀ ਜੋਧਾ ਦਾ ਪੜਪੋਤਾ, ਰਾਵ ਦੂਦਾ ਦਾ ਪੋਤਾ ਰਾਵ ਵੀਰਨ ਦਾ ਪੁੱਤਰ ਹੀ ਬਣਦਾ ਹੈ, ਜਿਸ ਨੂੰ ਮਾਲਦੇਵ ਨੇ ਜੋਧਪੁਰ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਸੀ।

ਬਾਦਸ਼ਾਹ ਸ਼ੇਰਸ਼ਾਹ ਸੂਰੀ ਨੇ ਜਦੋਂ ਜੋਧਪੁਰ ’ਤੇ ਹਮਲਾ ਕੀਤਾ ਸੀ ਤਾਂ ਮਾਲਦੇਵ ਨੇ ਜੈਮਲ ਨੂੰ ਸੂਰੀ ਨਾਲ ਲੜਨ ਲਈ ਜਾਣ ਦਾ ਹੁਕਮ ਦਿੱਤਾ ਸੀ। ਪਰ ਜੈਮਲ ਨੇ ਸਾਫ਼ ਨਾਂਹ ਕਰ ਦਿੱਤੀ। ਜਿਸ ਤੋਂ ਖਿੱਝ ਕੇ ਰਾਜਾ ਮਾਲਦੇਵ ਨੇ ਜੈਮਲ ਨੂੰ ਜੋਧਪੁਰ ਵਿੱਚੋਂ ਨਿਕਲ ਜਾਣ ਲਈ ਸਖ਼ਤ ਹੁਕਮ ਦੇ ਦਿੱਤਾ ਸੀ। ਇਸ ਦੀ ਜਗੀਰ ‘‘ਮੰਦੌਰ’’ ਜ਼ਬਤ ਕਰ ਲਈ ਸੀ। ਇਸ ਹਾਲਤ ਵਿੱਚ ਜੈਮਲ ਚਿਤੌੜ ਪਹੁੰਚਿਆ, ਜਿੱਥੇ ਉਥੋਂ ਦੇ ਰਾਣਾ ਸਿੰਘ ਨੇ ਸਤਿਕਾਰ ਸਹਿਤ ਇਸ ਨੂੰ ਬਿਦਨੌਰ ਦੀ ਜਗੀਰ ਦੇ ਕੇ ਆਸਰਾ ਦੇ ਦਿੱਤਾ ਸੀ। ਇਸ ਰਾਜ ਵਿੱਚ ਜੈਮਲ ਮਰਦੇ ਦਮ ਤਕ ਵਫ਼ਾਦਾਰੀ ਨਾਲ ਰਿਹਾ।

ਫੱਤਾ ਕੈਲਵਾੜਾ ਜਾਂ ਅਮੇਟ ਦੇ ਜਗੀਰ ਦਾ ਪੁੱਤਰ ਸੀ। ਆਪਣੇ ਪਿਤਾ ਦੀ ਮੌਤ ਮਗਰੋਂ ਫੱਤੇ ਨੇ ਆਪਣੀ ਮਾਤਾ ਦੀ ਨਿਗਰਾਨੀ ਹੇਠ ਆਪਣੀ ਜਗੀਰ ਦੀ ਦੇਖ-ਭਾਲ ਕਰਨੀ ਆਰੰਭੀ। ਫੱਤਾ ਬਚਪਨ ਤੋਂ ਹੀ ਦਲੇਰ, ਸੂਰਮਾ, ਵਫ਼ਾਦਾਰ ਅਤੇ ਅਣਖੀ ਸੀ। ਇਹ ਸ਼ਿਸ਼ੋਦੀਆਂ ਦੀ ਜਗਾਵਤ ਸ਼ਾਖ ਨਾਲ ਸਬੰਧਤ ਸੀ। ਉਹ ਆਪਣੇ ਪਿਤਾ, ਪਿਤਾਮਾ ਵਾਂਗ ਹੀ ਚਿਤੌੜ ਦਰਬਾਰ ਦੇ ਪ੍ਰਸਿੱਧ ਜਗੀਰਦਾਰਾਂ ਵਿੱਚ ਗਿਣਿਆ ਜਾਂਦਾ ਸੀ। ਜੈਮਲ ਅਤੇ ਫੱਤੇ ਦੇ ਪਿਤਾ ਦੇ ਸਬੰਧ ਗੂੜ੍ਹੇ ਮਿੱਤਰਾਂ ਵਾਲੇ ਸਨ। ਇਸ ਲਈ ਜੈਮਲ ਚਿਤੌੜ ਦਰਬਾਰ ਵਿੱਚ ਫੱਤੇ ਦੀ ਹਰ ਪੱਖੋਂ ਇਮਦਾਦ ਕਰਦਾ ਸੀ। ਜਿਨ੍ਹਾਂ ਦਿਨਾਂ ਵਿੱਚ ਸ਼ਹਿਨਸ਼ਾਹ ਅਕਬਰ ਨੇ ਚਿਤੌੜ ’ਤੇ ਹਮਲਾ ਕੀਤਾ ਸੀ, ਉਨ੍ਹਾਂ ਦਿਨਾਂ ਵਿੱਚ ਫੱਤਾ ਚਿਤੌੜ ਵਿੱਚ ਹਾਜ਼ਰ ਨਹੀਂ ਸੀ ਸਗੋਂ ਆਪਣੇ ਮੁਕਲਾਵੇ ਦੇ ਜਸ਼ਨ ਮਨਾ ਰਿਹਾ ਸੀ। ਫੱਤੇ ਦੀ ਉਮਰ ਉਸ ਸਮੇਂ ਸੋਲਾਂ ਸਾਲਾਂ ਦੀ ਸੀ। ਫੱਤੇ ਦਾ ਜਨਮ ਸੰਨ 1551 ਈਸਵੀ ਵਿੱਚ ਅਮੇਟ ਵਿੱਚ ਹੀ ਹੋਇਆ ਸੀ।

ਸੰਨ 1567 ਈਸਵੀ ਵਿੱਚ ਮੁਗਲ ਫੌਜਾਂ ਦਿੱਲੀ ਤੋਂ ਚਿਤੌੜ ਵੱਲ ਚੱਲ ਪਈਆਂ। ਦੁਸ਼ਮਣ ਦਾ ਚਿਤੌੜ ਵੱਲ ਆਉਣਾ ਸੁਣ ਕੇ ਚਿਤੌੜ ਛੱਡ ਕੇ ਗੋਹਿਲ ਰਾਜਪੂਤਾਂ ਕੋਲ ਚਲਾ ਗਿਆ ਸੀ। ਇਹ ਗੋਹਿੱਲ ਐਰਾ ਵੱਲੀ ਪਰ ਬੱਤ ਦੇ ਰਾਜ ਪਿੱਪਲੀ ਨਾਮੀ ਜੰਗਲ ਵਿੱਚ ਚਲਾ ਗਿਆ ਸੀ। ਇਹ ਗੋਹਿੱਲ ਐਰਾ ਵੱਲੀ ਪਰ ਬੱਤ ਦੇ ਰਾਜ ਪਿੱਪਲੀ ਨਾਮੀ ਜੰਗਲ ਵਿੱਚ ਰਹਿੰਦੇ ਸਨ। ਇਹ ਥਾਂ ਅਰਾਵਲੀ ਪਰਬਤ ਦੀ ਸ਼ੈਲਮਾਲਾ ਅੰਦਰ ਹੈ। ਕਦੇ ਇਸੇ ਥਾਂ ਬਾਪਾ ਰਾਵਲ ਵੀ ਰਿਹਾ ਸੀ।

ਮੈਵਾੜ ਦੇ ਸਾਰੇ ਸਾਮੰਤ, ਸਰਦਾਰ ਫੌਜਾਂ ਸਮੇਤ ਚਿਤੌੜ ਪੁੱਜ ਗਏ। ਬਹਾਦਰ ਸਾਈ ਦਾਸ ਚੰਦਾਵਤ ਨੇ ਕਿਲੇ ਦੇ ਸਰਪ ਦੁਆਰ ਅੱਗੇ ਆ ਮੋਰਚੇ ਮੱਲੇ। ਇਸ ਤੋਂ ਇਲਾਵਾ ਮਰੇਰਿਆਂ ਦਾ ਰਾਜਾ ਦੂਦਾ, ਬੈਦਲ ਕਟੋਰੀਆਂ ਦੇ ਸਾਮੰਤ, ਬਿਜੌਲੀ ਦੇ ਪਰਮਾਰ, ਮਾਦੀ ਦੇ ਝਾੜੇ, ਦੇਵਲ ਦੇ ਬਾਘ ਜੀ ਦੇ ਪੁੱਤਰ ਪੋਤੇ, ਝਿਲੌਰ ਦੇ ਸੋਨਗੜ੍ਹੇ, ਈਸ਼ਵੀਰੀ ਦਾਸ ਰਾਠੌਰ, ਕਰਮ ਚੰਦ ਕੁਸ਼ਵਾਹਾ ਅਤੇ ਗਵਾਲੀਅਰ ਦੇ ਤੌਮਰ ਆਦਿਕ ਬਹਾਦਰਾਂ ਨੇ ਇਸ ਯੁੱਧ ਵਿੱਚ ਹਿੱਸਾ ਲਿਆ। ਸਾਰਿਆਂ ਸਾਮੰਤਾਂ ਤੇ ਸਰਦਾਰਾਂ ਨੇ ਇਸ ਸਾਂਝੀ ਫੌਜ ਦੀ ਕਮਾਨ ਬਿਦਨੌਰ ਦੇ ਰਾਜੇ ਜੈਮਲ ਨੂੰ ਸੌਂਪ ਦਿੱਤੀ।

ਮੁਗਲ ਫੌਜਾਂ ਆਪਣੀ ਛਾਉਣੀ ਤੋਂ ਕਿਲੇ ਵੱਲ ਵਧੀਆਂ! ਰਾਜਪੂਤਾਂ ਨੇ ਮੁਗਲ ਫੌਜ ਦਾ ਸੁਆਗਤ ਤਲਵਾਰਾਂ, ਨੇਜ਼ਿਆਂ ਅਤੇ ਤੀਰਾਂ ਨਾਲ ਕੀਤਾ, ਕੱਟ-ਵੱਢ ਸ਼ੁਰੂ ਹੋ ਗਈ। ਚੰਦਾਵਤ ਰਾਜਪੂਤਾਂ ਨੇ ਸ਼ਾਹੀ ਫੌਜ ਉੱਤੇ ਤੀਰਾਂ ਦੀ ਝੜੀ ਲਾ ਦਿੱਤੀ। ਮੁਗਲ ਫੌਜ, ਜਿਸ ਦੀ ਕਮਾਨ ਖ਼ੁਦ ਅਕਬਰ ਕਰ ਰਿਹਾ ਸੀ, ਨੇ ਗੋਲੀਆਂ ਤੇ ਤੋਪ ਗੋਲਿਆਂ ਨਾਲ ਰਾਜਪੂਤਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਇਸ ਘਮਾਸਾਨ ਵਿੱਚ ਸਾਈਂਦਾਸ ਦੇ ਚੰਦਾਵਤ ਸਭ ਤੋਂ ਵੱਧ ਸ਼ਹੀਦ ਹੋਏ। ਸਾਈਂਦਾਸ ਦੀ ਬੀਰਤਾ ਵੇਖ ਕੇ ਰਾਜਪੂਤ ਹੋਰ ਵੀ ਜੋਸ਼ ਨਾਲ ਲੜੇ। ਕਰਨਲ ਟਾਡ ਦੀ ਲਿਖਤ ਅਨੁਸਾਰ ਫੱਤੇ ਅਤੇ ਜੈਮਲ ਨੇ ਮੁਗਲ ਫੌਜਾਂ ਦੇ ਛੱਕੇ ਛੁਡਵਾ ਦਿੱਤੇ। ਪਰ ਹੋਰ ਲਿਖਤਾਂ ਅਨੁਸਾਰ, ‘‘ਫੱਤਾ, ਲੜਾਈ ਦੇ ਮੁੱਢਲੇ ਦਿਨਾਂ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਫੱਤੇ ਦਾ ਮੁਕਲਾਵਾ (ਗੌਨਾ) ਆਇਆ ਸੀ ਅਤੇ ਉਹ ਕੈਲਵਾੜਾ ਵਿੱਚ ਹੀ ਸੀ।’’ ਇਹ ਲੜਾਈ ਲੰਬੀ ਪੈ ਗਈ ਸੀ। ਰਾਜਪੂਤਾਂ ਨੇ ਕਿਲ੍ਹੇ ਦੀ ਕਿਲ੍ਹਾਬੰਦੀ ਕਰ ਲਈ ਸੀ। ਮੁਗਲ ਬਾਹਰ ਘੇਰਾ ਪਾ ਕੇ ਬੈਠ ਗਏ ਸਨ। ਰਾਜਪੂਤ ਅੰਦਰੋਂ ਮੋਰਚਿਆਂ ਤੋਂ ਹੀ ਤੀਰਾਂ ਦੀ ਝੜੀ ਲਾਉਂਦੇ ਸਨ। ਕਦੇ-ਕਦੇ ਵੇਲੇ-ਕੁਵੇਲੇ ਜਦੋਂ ਦਾਅ ਲਗਦਾ ਰਾਜਪੂਤ ਚੁਪਕੇ ਜਿਹੇ ਛਾਪਾ ਮਾਰ ਕੇ ਮੁਗਲਾਂ ਨੂੰ ਲੁੱਟ-ਪੁੱਟ ਕੇ, ਮਾਰਕੁੱਟ ਕਰ ਕੇ ਕਿਲ੍ਹੇ ਵਿੱਚ ਜਾ ਵੜਦੇ। ਮੁਗਲ ਤਿਆਰੀਆਂ ਹੀ ਕਰਦੇ ਰਹਿ ਜਾਂਦੇ। ਮੁਗਲ ਸਿਪਾਹੀਆਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ। ਅਕਬਰ ਚਾਹੁੰਦਾ ਸੀ ਕਿ ਰਾਜਪੂਤ ਖੁੱਲ੍ਹੇ ਮੈਦਾਨ ਵਿੱਚ ਲੜਨ। ਰਾਜਪੂਤ ਇੰਜ ਨਹੀਂ ਸਨ ਕਰਦੇ। ਇਹ ਲੜਾਈ ਰਾਜਪੂਤਾਂ ਸਾਹਮਣੇ ਜ਼ਿੰਦਗੀ-ਮੌਤ ਦਾ ਸਵਾਲ ਬਣ ਗਈ ਸੀ। ਅਕਬਰ ਦੀ ਫੌਜ ਮੈਵਾੜ ਰਾਜ ਨੂੰ ਮਲੀਆਮੇਟ ਕਰਨਾ ਚਾਹੁੰਦੀ ਸੀ, ਜਦੋਂ ਕਿ ਰਾਜਪੂਤ ਮੈਵਾੜ ਦੀ ਰਾਖੀ ਲਈ ਸਿਰ-ਧੜ ਦੀ ਬਾਜ਼ੀ ਲਾਈ ਬੈਠੇ ਸਨ। ਮੈਵਾੜ ਦੇ ਇਤਿਹਾਸ ਵਿੱਚ ਇਹ ਯੁੱਧ ਬੜਾ ਭਿਆਨਕ ਸੀ ਕਿਉਂਕਿ ਇਸ ਵਿੱਚ ਬਹਾਦਰ ਰਾਜਪੂਤਨੀਆਂ ਵੀ ਪਿੱਛੇ ਨਾ ਰਹੀਆਂ ਅਤੇ ਸਿਰਾਂ ’ਤੇ ਕਫ਼ਨ ਬੰਨ੍ਹ ਕੇ, ਹੱਥਾਂ ਵਿੱਚ ਹਥਿਆਰ ਚੁੱਕ ਕੇ ਰਣ ਤੱਤੇ ਵਿੱਚ ਨਿੱਤਰ ਪਈਆਂ। ਦੁਸ਼ਮਣ ਦੇ ਦੰਦ ਖੱਟੇ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਈਆਂ। ਸਲੰਬਰਾਂ ਦਾ ਬਹਾਦਰ ਰਾਜਾ ਅੰਤ ਲੜਦਾ-ਲੜਦਾ ਸ਼ਹੀਦ ਹੋ ਗਿਆ। ਹੌਲੀ-ਹੌਲੀ ਹੋਰ ਵੀ ਬਹਾਦਰ ਰਾਜਪੂਤ ਸ਼ਹੀਦੀ ਜਾਮ ਪੀ ਗਏ। ਪ੍ਰਸਿੱਧ ਸਰਦਾਰਾਂ ਵਿੱਚੋਂ ਹੁਣ ਜੈਮਲ ਹੀ ਰਹਿ ਗਿਆ ਸੀ। ਚਿਤੌੜ ਦੀ ਰਾਖੀ ਦਾ ਭਾਰ ਹੁਣ ਉਸ ਦੇ ਮੋਢਿਆਂ ’ਤੇ ਹੀ ਸੀ। ਜੈਮਲ ਵੀ ਇਹ ਗੱਲ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਹੁਣ ਫੱਤਾ ਨੂੰ ਸੱਦੇ  ਬਗੈਰ ਗੁਜ਼ਾਰਾ ਨਹੀਂ ਹੋਣਾ। ਸੋ ਮਜਬੂਰ ਹੋ ਕੇ ਨਾ ਚਾਹੁੰਦਿਆਂ ਵੀ ਜੈਮਲ ਨੇ ਫੱਤੇ ਵੱਲ ਯੁੱਧ ਵਿੱਚ ਸ਼ਾਮਲ ਹੋਣ ਲਈ ਸੁਨੇਹਾ ਭੇਜ ਦਿੱਤਾ।

ਸੋਲ੍ਹਾਂ ਸਾਲ ਗੱਭਰੇਟ ਯੋਧਾ ਫੱਤਾ ਚਿਤੌੜ ਦੇ ਜੰਗ ਤੋਂ ਅਣਜਾਣ ਨਹੀਂ ਸੀ। ਜੰਗ ਦੀਆਂ ਸਾਰੀਆਂ ਖ਼ਬਰਾਂ ਉਸ ਕੋਲ ਪਹੁੰਚ ਰਹੀਆਂ ਸਨ। ਜਿਸ ਦਿਨ ਜੈਮਲ ਦੇ ਦੂਤ ਨੇ ਫੱਤਾ ਨੂੰ ਯੁੱਧ ਦਾ ਸੁਨੇਹਾ ਦਿੱਤਾ, ਉਸ ਦਿਨ ਫੱਤਾ ਦਾ ਮੁਕਲਾਵਾ (ਗੌਨਾ) ਆਇਆ ਸੀ। ਫੱਤੇ ਨੇ ਆਪਣੀ ਮਾਂ ਠੁਕਰਾਇਣ ਕਰਮਾਵੰਤੀ ਨੂੰ ਸਾਰੀ ਗੱਲ ਕਹਿ ਸੁਣਾਈ, ਜਿਸ ਨੇ ਫੱਤਾ ਨੂੰ ਰਣ ਤੱਤੇ ਵਿੱਚ ਕੁੱਦਣ ਲਈ ਹੁਕਮ ਸੁਣਾ ਦਿੱਤਾ। ਸਜਵਿਆਹੀ ਫੱਤਾ ਦੀ ਪਤਨੀ ਕਮਲਾਵੱਤੀ, ਜੋ ਸਾਰੀ 14-15 ਕੁ ਸਾਲਾਂ ਦੀ ਸੀ, ਨੇ ਆਪਣੀ ਸੱਸ ਦੇ ਹੁਕਮ ਦੀ ਪਾਲਣਾ ਖਿੜੇ ਮੱਥੇ  ਕੀਤੀ ਅਤੇ ਰਾਜਪੂਤੀ ਪ੍ਰੰਪਰਾ ਅਨੁਸਾਰ ਫੱਤੇ ਨੂੰ ਤਿਆਰ ਕਰਕੇ ਰਣ ਭੂਮੀ ਵੱਲ ਤੋਰਿਆ। ਬਹਾਦਰ ਫੱਤਾ ਆਪਣੇ 1500 ਬਹਾਦਰਾਂ ਸਮੇਤ ਮਾਰੋ-ਮਾਰ ਕਰਦਾ ਚਿਤੌੜ ਪਹੁੰਚ ਗਿਆ। ਸਾਈਂਦਾਸ ਦੀ ਘਾਟ ਜੈਮਲ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ। ਫੱਤੇ ਦੇ ਕਿਲ੍ਹੇ ਵਿੱਚ ਆ ਜਾਣ ਨਾਲ ਜੈਮਲ ਪਹਿਲੇ ਤੋਂ ਦੂਣਾ ਹੋ ਗਿਆ।

ਲੜਾਈ 28ਵੇਂ ਦਿਨ ਵਿੱਚ ਦਾਖਲ ਹੋ ਗਈ ਸੀ। ਦੋਵੇਂ ਧਿਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਅਠਾਈਵੀਂ ਸ਼ਾਮ ਨੂੰ ਜੈਮਲ ਚਿਤੌੜ ਦੇ ਕਿਲ੍ਹੇ ਦੀਆਂ ਬਾਹੀਆਂ ਦਾ ਸਰਵੇਖਣ ਕਰ ਰਿਹਾ ਸੀ। ਅਕਬਰ ਬਾਦਸ਼ਾਹ ਉਸ ਸਮੇਂ ਲੜਾਈ ਦੇ ਮਾਹੌਲ ਬਾਰੇ ਤੰਬੂ ਵਿੱਚ ਬੈਠਾ ਸੋਚਾਂ ਸੋਚ ਰਿਹਾ ਸੀ। ਭਾਵੇਂ ਲੜਾਈ ਦਾ ਨਤੀਜਾ ਅੱਧੋ-ਵੱਧ ਮੁਗਲਾਂ ਦੇ ਹੱਕ ਵਿੱਚ ਜਾ ਰਿਹਾ ਸੀ ਫਿਰ ਵੀ ਅਕਬਰ ਦੀ ਨੀਂਦ ਹਰਾਮ ਹੋਈ ਪਈ ਸੀ। ਉਸ ਸਮੇਂ ਸੂਹੇ ਨੇ ਬਾਦਸ਼ਾਹ ਦਾ ਧਿਆਨ ਕਿਲ੍ਹੇ ਦੀ ਬਾਹੀ ’ਤੇ ਫਿਰਦੇ ਜੈਮਲ ਵੱਲ ਦੁਆਇਆ। ਬਾਦਸ਼ਾਹ ਨੇ ਝੱਟਪਟ ਬੰਦੂਕ ਚੁੱਕੀ ਅਤੇ ਨਿਸ਼ਾਨਾ ਜੈਮਲ ਵੱਲ ਕਰ ਦਿੱਤਾ। ਉਹ ਗੋਲੀ ਮੌਤ ਬਣ ਕੇ ਜੈਮਲ ਦੇ ਗਲ ਨਾਲ ਆ ਲੱਗੀ। ਟਾਡ ਦੇ ਮੱਤ ਅਨੁਸਾਰ ਗੋਲੀ ਜੈਮਲ ਦੀ ਹਿੱਕ ਵਿੱਚ ਵੱਜੀ ਤੇ ਬਹਾਦਰ ਜੈਮਲ ਥਾਂ ’ਤੇ ਢੇਰੀ ਹੋ ਗਿਆ ਤੇ ਦਮ ਤੋੜ ਗਿਆ। ਪਰ ਦੇਸੀ ਇਤਿਹਾਸਕਾਰ ਕਹਿੰਦੇ ਹਨ ਕਿ ਗੋਲੀ ਜੈਮਲ ਦੀ ਲੱਤ ਵਿੱਚ ਵੱਜੀ ਸੀ। ਜੈਮਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਰਾਤ ਜੈਮਲ ਨੇ ਰਾਜਪੂਤੀ ਫੌਜ ਦੀ ਕਮਾਨ ਫੱਤੇ ਦੇ ਹਵਾਲੇ ਕੀਤੀ। ਰਾਜਪੂਤੀ ਆਣ-ਅਣਖ ਨੂੰ ਬਰਕਰਾਰ ਰੱਖੀ ਰੱਖਣ ਦੀ ਪ੍ਰਤਿੱਗਿਆ ਫੱਤੇ ਤੋਂ ਕਰਵਾਈ। ਫਿਰ ਉਸੇ ਰਾਤ ਰਾਜਪੂਤੀ ਬੀਰ ਪ੍ਰੰਪਰਾ ਦਾ ਇਹ ਦੀਪ ਸਦਾ ਲਈ ਬੁਝ ਗਿਆ। ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਸ਼ਹੀਦ ਕੀਤਾ ਸੀ, ਉਸ ਦਾ ਨਾਂ ‘‘ਸੰਗਰਾਮ’’ ਰੱਖਿਆ ਸੀ।

ਜੈਮਲ ਦੀ ਮੌਤ ਮਗਰੋਂ ਜੰਗ ਭਿਆਨਕ ਰੂਪ ਧਾਰ ਗਈ ਸੀ। ਫੱਤੇ ਦਾ ਹੌਸਲਾ ਵਧਾਉਣ ਲਈ ਅਤੇ ਲੜਾਈ ਦਾ ਰੁਖ ਵੇਖ ਕੇ ਚਿਤੌੜ ਦੇ ਮਹਿਲਾਂ ਦੀਆਂ ਰਾਣੀਆਂ ਤੇ ਹੋਰ ਰਾਜਪੂਤ ਬੇਟੀਆਂ ਮਰਦਾਵੇਂ ਲਿਬਾਸ ਪਹਿਨ ਕੇ ਹੱਥਾਂ ਵਿੱਚ ਤਲਵਾਰਾਂ, ਬਰਛੀਆਂ ਅਤੇ ਨੇਜ਼ੇ ਚੁੱਕ ਕੇ ਰਣ ਵਿੱਚ ਕੁੱਦ ਪਈਆਂ ਸਨ ਅਤੇ ਲੜਦੀਆਂ ਸ਼ਹੀਦ ਹੋ ਗਈਆਂ ਸਨ। ਉਨ੍ਹਾਂ ਵਿੱਚ ਫੱਤਾ ਦੀ ਠੁਕਰਾਇਣ ਮਾਂ, ਭੈਣ ਕਿਰਨਾਵਤੀ ਅਤੇ ਸਜ ਵਿਆਹੀ 15 ਸਾਲਾ ਕਮਲਾਵਤੀ ਪਤਨੀ ਵੀ ਸੀ।

ਭਾਵੇਂ ਮੈਵਾੜੀ ਰਾਜਪੂਤਾਂ ਦੀ ਹਾਲਤ ਬਹੁਤ ਪਤਲੀ ਪੈ ਚੁੱਕੀ ਸੀ ਪਰ ਉਨ੍ਹਾਂ ਦੇ ਹੌਸਲੇ ਜਿਉਂ ਦੇ ਤਿਉਂ ਚੜ੍ਹਦੀ ਕਲਾ ਵਿੱਚ ਸਨ। ਉਹ ਜਿਉਂਦੇ ਜੀਅ ਚਿਤੌੜ ਗ਼ੈੈਰਾਂ ਦੇ ਹਵਾਲੇ ਕਰਨ ਲਈ ਉੱਕਾ ਹੀ ਤਿਆਰ ਨਹੀਂ ਸਨ।  ਮੁਗਲਾਂ ਦੀਆਂ ਤੋਪਾਂ ਤੇ ਬੰਦੂਕਾਂ ਦਾ ਮੁਕਾਬਲਾ ਕਰਨ ਲਈ ਰਾਜਪੂਤਾਂ ਕੋਲ ਸਿਰਫ ਤੀਰ-ਕਮਾਨ ਹੀ ਸਨ। ਰਾਜਪੂਤਾਂ ਨੇ ਜਿੱਤ ਦੀ ਆਸ ਦਿਲੋਂ ਉੱਕਾ ਹੀ ਲਾਹ ਛੱਡੀ ਸੀ ਪਰ ਹਿੰਮਤ ਨਹੀਂ ਸੀ ਹਾਰੀ।

ਲੜਾਈ ਦਾ ਨਤੀਜਾ ਪੈਰੋਂ-ਪੈਰ ਮੁਗਲਾਂ ਦੇ ਹੱਕ ਵਿੱਚ ਜਾ ਰਿਹਾ ਸੀ। ਇਹ ਸੋਚ ਕੇ ਫੱਤਾ ਅਤੇ ਹੋਰ ਸਰਦਾਰਾਂ ਨੇ ਕਿਲ੍ਹੇ ਅੰਦਰਲੀਆਂ ਰਾਜਪੂਤਨੀਆਂ ਨੂੰ ਜੌਹਰ ਬਰਤ ਧਾਰਨ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਸਿਪਾਹੀਆਂ ਨੂੰ ਅਗਲੇ ਦਿਨ ਦੀ ਲੜਾਈ ਕੇਸਰੀ ਬਾਣੇ ਪਾ ਕੇ ਲੜਨ ਦਾ ਉਦੇਸ਼ ਦੇ ਦਿੱਤਾ।

ਦੂਜੇ ਦਿਨ ਅੰਮ੍ਰਿਤ ਵੇਲੇ ਰਾਜਪੂਤੀ ਪ੍ਰੰਪਰਾ ਅਨੁਸਾਰ ਰਾਜਪੂਤਨੀਆਂ ਤਾਂ ਜੌਹਰ ਬਰਤ ਧਾਰਨ ਕਰਕੇ ਬਦਲੀਆਂ ਲਾਟਾਂ ਵਿੱਚ ਸੜ ਕੇ ਸਵਾਹ ਹੋ ਗਈਆਂ ਅਤੇ ਫੱਤੇ ਨੇ ਅੱਠ ਹਜ਼ਾਰ ਜਾਂਬਾਜ਼ ਰਾਜਪੂਤਾਂ ਨੂੰ ਨਾਲ ਲੈ ਕੇ ਕਿਲ੍ਹੇ ਦਾ ਬੂਹਾ ਖੋਲ੍ਹ ਦਿੱਤਾ। ਦਰਵਾਜ਼ਿਓਂ ਬਾਹਰ ਨਿਕਲ ਕੇ ਹੀ ਰਾਜਪੂਤ, ਭੁੱਖੇ ਬਾਜ਼ਾਂ ਵਾਂਗ ਮੁਗਲ ਸਿਪਾਹੀਆਂ ਨੂੰ ਚਿੜੀਆਂ ਸਮਝ ਟੁੱਟ ਪੈ ਗਏ। ਇਹ ਰਾਜਪੂਤਾਂ ਦਾ ਅੰਤਿਮ ਅਤੇ ਕਹਿਰੀ ਹਮਲਾ ਸੀ। ਮੁਗਲਾਂ ਨੇ ਰਾਜਪੂਤਾਂ ਦੇ ਤੂਫ਼ਾਨੀ ਹੱਲੇ ਨੂੰ ਥੰਮਣ ਲਈ ਤੋਪਾਂ ਨਾਲ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਬਲਦੀਆਂ ਸ਼ਮਾਂ ਤੇ ਸੜ੍ਹਦੇ ਪਰਵਾਨਿਆਂ ਵਾਂਗ ਬਹਾਦਰ ਰਾਜਪੂਤ ਖ਼ੂਨੀ ਕਤਲੇਆਮ ਕਰਦੇ ਹੋਏ ਅੱਗ ਦੇ ਗੋਲਿਆਂ ਨਾਲ ਸੜ-ਸੜ ਕੇ ਡਿੱਗਣੇ ਸ਼ੁਰੂ ਹੋਏ। ਫੱਤੇ ਦੀ ਤਲਵਾਰ ਮੁਗਲਾਂ ’ਤੇ ਕਹਿਰ ਢਾਹ ਰਹੀ ਸੀ। ਫੱਤਾ ਮੁਗਲ ਸਿਪਾਹੀਆਂ ਨੂੰ ਕਮਾਦ ਵਾਂਗ ਟੁੱਕ-ਟੁੱਕ ਸੁੱਟ ਰਿਹਾ ਸੀ। ਇਸ ਭਿਆਨਕ ਕਤਲੇਆਮ ਵਿੱਚ ਸੋਲ੍ਹਾਂ ਸਾਲਾ ਫੱਤੇ ਦਾ ਸਾਰਾ ਸਰੀਰ ਜ਼ਖ਼ਮਾਂ ਨਾਲ ਓਤਪੋਤ ਹੋ ਗਿਆ ਸੀ। ਦਿਨ ਢਲ ਰਿਹਾ ਸੀ। ਰਾਜਪੂਤ ਹਜ਼ਾਰਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਆ ਗਏ ਸਨ, ਪਰ ਮੁਗਲਾਂ ਲਈ ਅਜੇ ਵੀ ਮੌਤ ਦਾ ਪੈਗ਼ਾਮ ਬਣੇ ਹੋਏ ਸਨ। ਅੰਤ ਕਿਸੇ ਮੁਗਲ ਦੀ ਗੋਲੀ ਫੱਤੇ ਲਈ ‘‘ਵਹੀ’’ ਬਣ ਗਈ ਅਤੇ ਇਸ ਬਹਾਦਰ ਰਾਜਪੂਤ ਨੂੰ ਮੌਤ ਦੀ ਗੋਦ ਵਿੱਚ ਲਿਟਾ ਗਈ। ਫੱਤੇ ਦੇ ਡਿੱਗਦੇ ਹੀ ਰਹਿੰਦੇ-ਖੂੰਹਦੇ ਰਾਜਪੂਤਾਂ ਦਾ ਹੌਸਲਾ ਟੁੱਟ ਗਿਆ। ਗਵਾਲੀਅਰ ਦਾ ਤੁੰਵਰ ਰਾਜਾ ਰਣ ਭੂਮੀ ਵਿੱਚੋਂ ਭੱਜ ਗਿਆ। ਲੜਾਈ ਦਾ ਅੰਤ ਹੋ ਗਿਆ, ਰਾਜਪੂਤ ਹਾਰ ਗਏ। ਜੇਤੂ ਅਕਬਰ ਬੜੀ ਸ਼ਾਨ ਨਾਲ ਦੂਸਰੇ ਦਿਨ ਚਿਤੌੜ ਵਿੱਚ ਦਾਖਲ ਹੋਇਆ।

ਇਸ ਯੁੱਧ ਵਿੱਚ 30 ਹਜ਼ਾਰ ਰਾਜਪੂਤਾਂ ਨੇ ਸ਼ਹੀਦੀਆਂ ਪਾਈਆਂ। ਇਨ੍ਹਾਂ ਵਿੱਚੋਂ ਸਤਾਰਾਂ ਸੌ ਮੈਵਾੜ ਦੇ ਸਰਦਾਰ, ਸਾਮੰਤ ਤੇ ਰਾਣੇ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਮਹਿਲਾਂ ਦੀਆਂ ਰਾਣੀਆਂ, ਪੰਜ ਰਾਜਕੁਮਾਰੀਆਂ, ਦੋ ਬੱਚੇ, ਸਾਮੰਤਾਂ, ਸਰਦਾਰਾਂ ਦੀਆਂ ਰਾਜਪੂਤ ਔਰਤਾਂ ਜੌਹਰ ਬਰਤ ਧਾਰਨ ਕਰਕੇ ਸੜ ਮੋਈਆਂ ਸਨ। ਇਸ ਯੁੱਧ ਵਿੱਚ ਅਕਬਰ ਰਾਜਪੂਤਾਂ ਦੀ ਬੀਰਤਾ ਤੇ ਰਣ ਨੀਤੀ ਤੋਂ ਜਿੱਥੇ ਪ੍ਰਭਾਵਿਤ ਹੋਇਆ, ਉੱਥੇ ਉਨ੍ਹਾਂ ਦੇ ਸਿੱਦਕ ਅਤੇ ਸੁਆਮੀ ਭਗਤੀ ਨੂੰ ਵੇਖ ਕੇ ਅੱਸ਼-ਅੱਸ਼ ਕਰ ਉੱਠਿਆ। ਅਕਬਰ ਦੇ ਦਿਲ ਵਿੱਚ ਰਾਜਪੂਤਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਉਹ ਜੈਮਲ ਤੇ ਫੱਤੇ ਦੀ ਬੀਰਤਾ ਤੋਂ ਮਰ ਮਿਟਿਆ। ਉਸ ਨੇ ਉਨ੍ਹਾਂ ਦੋਹਾਂ ਬਹਾਦਰ ਰਾਜਪੂਤਾਂ ਦੀ ਯਾਦਗਾਰ ਕਾਇਮ ਕਰਨ ਲਈ, ਕਿਲ੍ਹੇ ਦੇ ਸਿੰਘ ਦੁਆਰ ਉੱਤੇ ਇਕ ਥੜਾ ਬਣਾ ਕੇ ਉਨ੍ਹਾਂ ਦੇ ਬੁੱਤ ਬਣਾ ਕੇ ਦਿੱਲੀ ਸ਼ਹਿਰ ਵਿੱਚ ਰੱਖਵਾ ਦਿੱਤੇ ਸਨ।

ਇਹੋ ਜਿਹੇ ਸਨ, ਜੈਮਲ ਤੇ ਫੱਤਾ, ਜਿਨ੍ਹਾਂ ਦੀਆਂ ਵਾਰਾਂ ਅੱਜ ਵੀ ਹਿੰਦੁਸਤਾਨ ਦੇ ਕਈ ਸੂਬਿਆਂ ਵਿੱਚ ਬੜੇ ਉਤਸ਼ਾਹ ਤੇ ਜੋਸ਼ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।    


ਸੁਰਿੰਦਰ ਸਿੰਘ ਰਾਜਪੂਤ

* ਸੰਪਰਕ: 98558-47938

No comments:

Post a Comment