Wednesday, 18 September 2013

ਤੰਦ ਨਾ ਤੋੜੀਏ…



ਚਰਖਾ ਪੰਜਾਬੀ ਸੱਭਿਆਚਾਰ ਦਾ ਸਰਵੋਤਮ ਚਿੰਨ੍ਹ ਹੈ ਪਰ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਚਰਖੇ ਦਾ ਜਨਮ ਲਗਪਗ 1273 ਵਿੱਚ ਹੋਇਆ। ਖੋਜ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਚਰਖਾ ਬਗ਼ਦਾਦ ਵਿੱਚ 1237, ਚੀਨ ਵਿੱਚ 1270 ਅਤੇ ਯੂਰਪ ਵਿੱਚ 1280 ’ਚ ਹੋਂਦ ਵਿੱਚ ਆਇਆ। ਇਹ ਅੰਗਰੇਜ਼ੀ ਹਕੂਮਤ ਦੀ ਦੇਣ ਹੈ। ਮਹਾਤਮਾ ਗਾਂਧੀ ਦੇ ਸਮੇਂ ਚਰਖਾ ਲੋਹੇ ਦੇ ਸਾਈਕਲ ਦੇ ਪਹੀਏ ਦਾ ਬਣਿਆ ਹੋਇਆ ਸੀ। ਇਸ ਦਾ ਅੰਗਰੇਜ਼ਾਂ ਨੇ ਨਾਂ (ਸਪਿਨਿੰਗ ਵੀਲ੍ਹ) ਰੱਖਿਆ ਹੋਇਆ ਸੀ। ਆਜ਼ਾਦੀ ਸਮੇਂ ਗਾਂਧੀ ਜੀ ਨੇ ਚਰਖੇ ਨਾਲ ਲਹਿਰ ਵੀ ਚਲਾਈ ਜਿਸ ਨੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਸਮੇਂ ਦੇ ਬੀਤਣ ਨਾਲ ਚਰਖਾ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ’ਤੇ ਘੁੰਮਣ ਲੱਗਿਆ, ਇਹ ਪੰਜਾਬਣਾਂ ਦਾ ਹਰਮਨ ਪਿਆਰਾ ਬਣ ਗਿਆ। ਸਾਉਣ ਦੇ ਮਹੀਨੇ ਚਰਖਾ ਕੱਤਦੀਆਂ ਪੰਜਾਬਣਾਂ ਮੁਟਿਆਰਾਂ ਖ਼ੂਬ ਫੱਬਦੀਆਂ ਹਨ। ਅੱਜ ਤੋਂ ਦੋ-ਢਾਈ ਦਹਾਕੇ ਪਹਿਲਾਂ ਚਰਖੇ ਦੀ ਗੂੰਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਸੁਣਾਈ ਦਿੰਦੀ ਸੀ। ਲੋਕ ਗੀਤ ਵਿੱਚ ਦਰਜ ਹੈ:
ਸੁਣ ਚਰਖੇ ਦੀ ਮਿੱਠੀ-ਮਿੱਠੀ ਕੂਕ,
ਮਾਹੀਆ ਮੈਨੂੰ ਯਾਦ ਆਂਵਦਾ
ਪਹਿਲਾਂ ਪਹਿਲ  ਚਰਖਾ ਮਟਿਆਰਾਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਮੁਟਿਆਰਾਂ ਇਕੱਠੀਆਂ ਹੋ ਕੇ ਖੁੱਲ੍ਹੇ ਘਰਾਂ ਦੇ ਵੱਡੇ ਦਰਵਾਜ਼ਿਆਂ ਵਿੱਚ ਚਰਖੇ  ਕੱਤਦੀਆਂ ਸਨ। ਉਨ੍ਹਾਂ ਵਿੱਚ ਇੱਕ ਸਿਆਣੀ ਔਰਤ ਤਾਈ, ਭੂਆ ਜਾਂ ਬੇਬੇ ਵੀ ਬੈਠੀ ਹੁੰਦੀ ਸੀ, ਜੋ ਕੁੜੀਆਂ ਚਿੜੀਆਂ ਦੇ ਅਨੇਕਾਂ ਮਸਲੇ ਮੌਕੇ ’ਤੇ ਹੀ ਹੱਲ ਕਰ ਦਿੰਦੀ ਹੈ। ਚਰਖੇ ਰਾਹੀਂ ਸਭ ਤੋਂ ਪਹਿਲਾਂ ਤੰਦਾਂ ਰਾਹੀਂ ਗਲੋਟੇ, ਫਿਰ ਉਨ੍ਹਾਂ ਗਲੋਟਿਆਂ ਤੋਂ ਸੂਤ ਤਿਆਰ ਕੀਤਾ ਜਾਂਦਾ ਸੀ। ਸੂਤ ਰੰਗ ਕੇ ਦਰੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਜੋ ਕਿ ਬਾਅਦ ਵਿੱਚ ਮੁਟਿਆਰਾਂ ਦੇ ਦਾਜ ਦਾ ਸ਼ਿੰਗਾਰ ਬਣਦੀਆਂ ਸਨ ਪਰ ਹੁਣ ਤਾਂ ਚਰਖਾ ਸ਼ਹਿਰਾਂ ਵਿੱਚੋਂ ਹੀ ਨਹੀਂ ਸਗੋਂ ਪਿੰਡਾਂ ਵਿੱਚੋਂ ਵੀ  ਚਿੜੀਆਂ ਵਾਂਗ ਕਿਧਰੇ ਉੱਡ ਗਿਆ ਹੈ। ਅੱਜ-ਕੱਲ੍ਹ ਤੁਸੀਂ ਚਰਖੇ ਨੂੰ ਸੱਭਿਆਚਾਰਕ ਗਰੁੱਪਾਂ ਦੀਆ ਸਟੇਜ਼ਾਂ ’ਤੇ ਪਿਆ ਦੇਖ ਸਕਦੇ ਹੋ।
ਕੋਈ ਸਮਾਂ ਸੀ ਹੱਸਦੀਆਂ ਗਾਉਂਦੀਆਂ ਮੁਟਿਆਰਾਂ ਚਰਖਾ ਕੱਤਦੇ ਸਮੇਂ ਬੋਲੀਆਂ ਪਾ ਕੇ ਆਪਣਾ ਸਮਾਂ ਲੰਘਾਉਂਦੀਆਂ ਸਨ।
ਆ ਨੀਂ ਕੁੜੀਏ, ਬਹਿ ਨੀਂ ਕੁੜੀਏ,
ਵਿੱਚ ਤ੍ਰਿੰਞਣਾਂ ਗਾਈਏ,
ਛਿੱਕੂ ਭਰ ਲੈ ਪੂਣੀਆਂ ਦੇ
ਨਾਲ ਜਾ ਚਰਖਾ ਡਾਹੀਏ,
ਤੰਦਾਂ ਨਾਲੋਂ ਤੰਦ ਨਾ ਤੋੜੀਏ,
ਢੇਰ ਗਲੋਟੇ ਲਾਹੀਏ,
ਕੁੜੀਆਂ ਚਿੜੀਆਂ ਹੱਸ ਕੇ ਵਖ਼ਤ ਲੰਘਾਈਏ।
ਸਾਡਾ ਸੱਭਿਆਚਾਰ ਬਦਲ ਗਿਆ ਹੈ। ਕਿਸੇ ਸਮੇਂ ਚਰਖਾ ਮੁਟਿਆਰ ਦੀ ਜਿੰਦਜਾਨ ਸੀ। ਉਹ ਕਈ ਵਾਰ ਚਰਖੇ ਦਾ ਸਹਾਰਾ ਲੈ ਕੇ ਆਪਣੇ ਪਿਆਰ ਨੂੰ ਮਿਲਣ ਲਈ ਉਸ ਦਾ ਇੰਤਜ਼ਾਰ ਕਰਦੀਆਂ। ਜਿਸ ਤਰ੍ਹਾਂ ਚਿੜੀਆਂ, ਗਿਰਝਾਂ ਲੋਪ ਹੋ ਰਹੀਆਂ ਹਨ, ਇਸੇ ਤਰ੍ਹਾਂ ਚਰਖਾ ਵੀ ਲੋਪ ਹੋ ਗਿਆ ਹੈ।  ਹੁਣ ਉਹ ਕੱਤਣ ਵਾਲੀਆਂ ਸੁਆਣੀਆਂ ਵੀ ਨਹੀਂ ਰਹੀਆਂ, ਜਿਨ੍ਹਾਂ ਦੀ ਚਰਖੇ ਨਾਲ ਰੂਹ ਇੱਕ-ਮਿੱਕ ਹੋ ਜਾਂਦੀ ਸੀ। ਇਸ ਲਈ ਸੁੰਞੇ ਪਏ ਘਰਾਂ ’ਚ ਅੱਜ ਚਰਖੇ ਵੀ ਵਿਲਕਦੇ ਹਨ।

-ਨਰਿੰਦਰ ਸਿੰਘ, ਧੂਰੀ
ਮੋਬਾਈਲ:89685-00390


No comments:

Post a Comment